ਪਤਰਸ ਦੀ ਦੂਜੀ ਚਿੱਠੀ
2 ਪਰ ਜਿਵੇਂ ਇਜ਼ਰਾਈਲੀਆਂ ਵਿਚ ਝੂਠੇ ਨਬੀ ਸਨ, ਉਸੇ ਤਰ੍ਹਾਂ ਤੁਹਾਡੇ ਵਿਚ ਵੀ ਝੂਠੇ ਸਿੱਖਿਅਕ ਹੋਣਗੇ।+ ਉਹ ਤੁਹਾਡੀ ਨਿਹਚਾ ਨੂੰ ਖ਼ਤਮ ਕਰਨ ਲਈ ਚੋਰੀ-ਛਿਪੇ ਤੁਹਾਡੇ ਵਿਚ ਧੜੇ ਬਣਾਉਣਗੇ ਅਤੇ ਆਪਣੇ ਮਾਲਕ ਨੂੰ ਵੀ ਠੁਕਰਾ ਦੇਣਗੇ ਜਿਸ ਨੇ ਉਨ੍ਹਾਂ ਨੂੰ ਖ਼ਰੀਦਿਆ ਸੀ।+ ਇਸ ਤਰ੍ਹਾਂ ਉਹ ਆਪ ਹੀ ਆਪਣੇ ਨਾਸ਼ ਵੱਲ ਨੂੰ ਭੱਜਣਗੇ। 2 ਇਸ ਤੋਂ ਇਲਾਵਾ, ਬਹੁਤ ਸਾਰੇ ਲੋਕ ਉਨ੍ਹਾਂ ਵਾਂਗ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਨਗੇ+ ਜਿਸ ਕਰਕੇ ਲੋਕ ਸੱਚਾਈ ਦੇ ਰਾਹ ਬਾਰੇ ਬੁਰਾ-ਭਲਾ ਕਹਿਣਗੇ।+ 3 ਨਾਲੇ ਉਹ ਬੰਦੇ ਆਪਣੇ ਲਾਲਚ ਕਰਕੇ ਧੋਖਾ ਦੇਣ ਵਾਲੀਆਂ ਗੱਲਾਂ ਨਾਲ ਤੁਹਾਡਾ ਫ਼ਾਇਦਾ ਉਠਾਉਣਗੇ। ਪਰ ਉਨ੍ਹਾਂ ਨੂੰ ਸਜ਼ਾ ਮਿਲਣ ਵਿਚ ਦੇਰ ਨਹੀਂ ਲੱਗੇਗੀ ਜੋ ਪਰਮੇਸ਼ੁਰ ਨੇ ਬਹੁਤ ਸਮਾਂ ਪਹਿਲਾਂ ਸੁਣਾਈ ਸੀ। ਉਨ੍ਹਾਂ ਦਾ ਨਾਸ਼ ਜ਼ਰੂਰ ਹੋਵੇਗਾ।+
4 ਧਿਆਨ ਦਿਓ ਕਿ ਪਰਮੇਸ਼ੁਰ ਉਨ੍ਹਾਂ ਦੂਤਾਂ ਨੂੰ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ ਜਿਨ੍ਹਾਂ ਨੇ ਪਾਪ ਕੀਤਾ ਸੀ,+ ਸਗੋਂ ਉਨ੍ਹਾਂ ਨੂੰ “ਟਾਰਟਰਸ”* ਦੇ ਘੁੱਪ ਹਨੇਰੇ ਵਿਚ ਬੇੜੀਆਂ ਨਾਲ ਬੰਨ੍ਹ ਕੇ* ਰੱਖਿਆ ਹੋਇਆ ਹੈ+ ਜਿੱਥੇ ਉਹ ਸਜ਼ਾ ਪਾਉਣ ਦੀ ਉਡੀਕ ਕਰ ਰਹੇ ਹਨ।+ 5 ਉਹ ਪੁਰਾਣੇ ਜ਼ਮਾਨੇ ਦੀ ਦੁਨੀਆਂ ਨੂੰ ਵੀ ਸਜ਼ਾ ਦੇਣ ਤੋਂ ਪਿੱਛੇ ਨਹੀਂ ਹਟਿਆ+ ਜਦੋਂ ਉਸ ਨੇ ਦੁਸ਼ਟ ਲੋਕਾਂ ਨੂੰ ਖ਼ਤਮ ਕਰਨ ਲਈ ਜਲ-ਪਰਲੋ ਲਿਆਂਦੀ ਸੀ,+ ਪਰ ਉਸ ਨੇ ਧਾਰਮਿਕਤਾ* ਦੇ ਪ੍ਰਚਾਰਕ ਨੂਹ ਨੂੰ+ ਹੋਰ ਸੱਤ ਜਣਿਆਂ ਸਣੇ ਬਚਾਇਆ ਸੀ।+ 6 ਉਸ ਨੇ ਸਦੂਮ ਅਤੇ ਗਮੋਰਾ ਨਾਂ ਦੇ ਸ਼ਹਿਰਾਂ ਨੂੰ ਅੱਗ ਨਾਲ ਭਸਮ ਕਰ ਕੇ ਸਜ਼ਾ ਦਿੱਤੀ ਸੀ+ ਅਤੇ ਬੁਰੇ ਲੋਕਾਂ ਲਈ ਨਮੂਨਾ ਕਾਇਮ ਕੀਤਾ ਕਿ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਦਾ ਕੀ ਹਸ਼ਰ ਹੋਵੇਗਾ।+ 7 ਉਸ ਨੇ ਧਰਮੀ ਲੂਤ ਨੂੰ ਵੀ ਬਚਾਇਆ+ ਜਿਹੜਾ ਇਸ ਗੱਲੋਂ ਬੜਾ ਦੁਖੀ ਹੁੰਦਾ ਸੀ ਕਿ ਬੁਰੇ ਲੋਕ ਕਿੰਨੇ ਬੇਸ਼ਰਮ* ਹੋ ਕੇ ਗ਼ਲਤ ਕੰਮ ਕਰਦੇ ਸਨ। 8 ਉਨ੍ਹਾਂ ਲੋਕਾਂ ਵਿਚ ਰਹਿੰਦਿਆਂ ਇਹ ਧਰਮੀ ਬੰਦਾ ਬੁਰੇ ਕੰਮ ਦੇਖ ਕੇ ਅਤੇ ਸੁਣ ਕੇ ਰੋਜ਼ ਮਨ ਹੀ ਮਨ ਤੜਫਦਾ ਸੀ। 9 ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ* ਭਗਤੀ ਕਰਨ ਵਾਲੇ ਲੋਕਾਂ ਨੂੰ ਅਜ਼ਮਾਇਸ਼ਾਂ ਵਿੱਚੋਂ ਕੱਢਣਾ ਜਾਣਦਾ ਹੈ,+ ਪਰ ਕੁਧਰਮੀਆਂ ਨੂੰ ਨਿਆਂ ਦੇ ਦਿਨ ਸਜ਼ਾ ਦੇਣ ਵਾਸਤੇ ਰੱਖਣਾ ਜਾਣਦਾ ਹੈ,+ 10 ਖ਼ਾਸ ਕਰਕੇ ਉਨ੍ਹਾਂ ਲੋਕਾਂ ਨੂੰ ਜਿਹੜੇ ਨਾਜਾਇਜ਼ ਸਰੀਰਕ ਸੰਬੰਧਾਂ ਰਾਹੀਂ ਦੂਸਰਿਆਂ ਦੇ ਸਰੀਰਾਂ ਨੂੰ ਭ੍ਰਿਸ਼ਟ ਕਰਨ ਦੀ ਤਾਕ ਵਿਚ ਰਹਿੰਦੇ ਹਨ+ ਅਤੇ ਅਧਿਕਾਰ ਰੱਖਣ ਵਾਲਿਆਂ ਦਾ ਨਿਰਾਦਰ ਕਰਦੇ ਹਨ।*+
ਇਹ ਝੂਠੇ ਸਿੱਖਿਅਕ ਗੁਸਤਾਖ਼ ਅਤੇ ਆਪਣੀ ਮਨ-ਮਰਜ਼ੀ ਕਰਨ ਵਾਲੇ ਹਨ ਤੇ ਮਹਿਮਾਵਾਨ ਭਰਾਵਾਂ* ਦੇ ਖ਼ਿਲਾਫ਼ ਬੁਰਾ-ਭਲਾ ਕਹਿਣ ਤੋਂ ਵੀ ਨਹੀਂ ਡਰਦੇ। 11 ਜਦ ਕਿ ਦੂਤ ਇਨ੍ਹਾਂ ਤੋਂ ਕਿਤੇ ਜ਼ਿਆਦਾ ਤਾਕਤਵਰ ਅਤੇ ਬਲਵਾਨ ਹੋਣ ਦੇ ਬਾਵਜੂਦ ਇਨ੍ਹਾਂ ʼਤੇ ਨਾ ਤਾਂ ਦੋਸ਼ ਲਾਉਂਦੇ ਹਨ ਅਤੇ ਨਾ ਹੀ ਬੁਰਾ-ਭਲਾ ਕਹਿੰਦੇ ਹਨ ਕਿਉਂਕਿ ਉਹ ਯਹੋਵਾਹ* ਦਾ ਆਦਰ ਕਰਦੇ ਹਨ।+ 12 ਜਿਵੇਂ ਬੇਅਕਲ ਜਾਨਵਰ ਆਪਣੇ ਸੁਭਾਅ ਮੁਤਾਬਕ ਚੱਲਦੇ ਹਨ ਅਤੇ ਫੜੇ ਜਾਣ ਅਤੇ ਮਾਰੇ ਜਾਣ ਲਈ ਪੈਦਾ ਹੁੰਦੇ ਹਨ,+ ਉਸੇ ਤਰ੍ਹਾਂ ਇਹ ਆਦਮੀ ਉਨ੍ਹਾਂ ਗੱਲਾਂ ਬਾਰੇ ਬੁਰਾ-ਭਲਾ ਕਹਿੰਦੇ ਹਨ ਜਿਹੜੀਆਂ ਇਹ ਨਹੀਂ ਸਮਝਦੇ। ਇਹ ਆਪਣੇ ਤਬਾਹੀ ਦੇ ਰਾਹ ਉੱਤੇ ਚੱਲਦੇ-ਚੱਲਦੇ ਤਬਾਹ ਹੋ ਜਾਣਗੇ 13 ਅਤੇ ਆਪਣੇ ਗ਼ਲਤ ਰਾਹ ਉੱਤੇ ਚੱਲ ਕੇ ਬੁਰਾ ਅੰਜਾਮ ਭੁਗਤਣਗੇ।
ਇਨ੍ਹਾਂ ਆਦਮੀਆਂ ਨੂੰ ਦਿਨੇ ਹੀ ਅਯਾਸ਼ੀ ਵਿਚ ਮਸਤ ਰਹਿਣਾ ਚੰਗਾ ਲੱਗਦਾ ਹੈ।+ ਇਹ ਦਾਗ਼ ਅਤੇ ਕਲੰਕ ਹਨ ਅਤੇ ਜਦੋਂ ਇਹ ਤੁਹਾਡੇ ਨਾਲ ਦਾਅਵਤਾਂ ਵਿਚ ਹੁੰਦੇ ਹਨ, ਤਾਂ ਇਨ੍ਹਾਂ ਨੂੰ ਆਪਣੀਆਂ ਧੋਖਾ ਦੇਣ ਵਾਲੀਆਂ ਸਿੱਖਿਆਵਾਂ ਫੈਲਾਉਣ ਵਿਚ ਬਹੁਤ ਖ਼ੁਸ਼ੀ ਹੁੰਦੀ ਹੈ।+ 14 ਇਨ੍ਹਾਂ ਦੀਆਂ ਅੱਖਾਂ ਹਵਸ ਨਾਲ ਭਰੀਆਂ ਹੋਈਆਂ ਹਨ+ ਅਤੇ ਇਹ ਆਦਮੀ ਪਾਪ ਕਰਨ ਤੋਂ ਬਾਜ਼ ਨਹੀਂ ਆਉਂਦੇ ਅਤੇ ਡਾਵਾਂ-ਡੋਲ ਲੋਕਾਂ ਨੂੰ ਭਰਮਾਉਂਦੇ ਹਨ। ਇਹ ਆਪਣੇ ਮਨ ਦੀਆਂ ਲਾਲਚੀ ਇੱਛਾਵਾਂ ਪੂਰੀਆਂ ਕਰਨ ਵਿਚ ਮਾਹਰ ਹਨ। ਇਹ ਆਦਮੀ ਸਰਾਪੇ ਹੋਏ ਹਨ। 15 ਇਨ੍ਹਾਂ ਨੇ ਗੁਮਰਾਹ ਹੋ ਕੇ ਸਿੱਧੇ ਰਾਹ ਉੱਤੇ ਚੱਲਣਾ ਛੱਡ ਦਿੱਤਾ ਹੈ। ਇਹ ਬਿਓਰ ਦੇ ਪੁੱਤਰ ਬਿਲਾਮ+ ਦੇ ਰਾਹ ਉੱਤੇ ਚੱਲ ਰਹੇ ਹਨ ਜਿਸ ਨੂੰ ਗ਼ਲਤ ਕੰਮ ਦੀ ਕਮਾਈ ਪਿਆਰੀ ਸੀ।+ 16 ਪਰ ਉਸ ਨੂੰ ਸਹੀ ਗੱਲ* ਦੇ ਖ਼ਿਲਾਫ਼ ਜਾਣ ਕਰਕੇ ਤਾੜਿਆ ਗਿਆ ਸੀ।+ ਉਸ ਦੀ ਬੇਜ਼ਬਾਨ ਗਧੀ ਨੇ ਇਨਸਾਨ ਦੀ ਆਵਾਜ਼ ਵਿਚ ਬੋਲ ਕੇ ਉਸ ਨੂੰ ਪਾਗਲਪੁਣੇ ਵਾਲੇ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।+
17 ਇਹ ਆਦਮੀ ਸੁੱਕੇ ਹੋਏ ਖੂਹ ਵਾਂਗ ਹਨ ਅਤੇ ਤੇਜ਼ ਹਨੇਰੀ ਨਾਲ ਉੱਡਦੇ ਬੱਦਲ ਵਾਂਗ ਹਨ। ਇਨ੍ਹਾਂ ਨੂੰ ਘੁੱਪ ਹਨੇਰੇ ਵਿਚ ਰੱਖਿਆ ਜਾਵੇਗਾ।+ 18 ਇਹ ਆਦਮੀ ਵੱਡੀਆਂ-ਵੱਡੀਆਂ ਗੱਲਾਂ ਤਾਂ ਕਰਦੇ ਹਨ, ਪਰ ਇਹ ਸਾਰੀਆਂ ਫੋਕੀਆਂ ਹਨ। ਇਹ ਸਰੀਰਕ ਇੱਛਾਵਾਂ ਨੂੰ ਪੂਰੀਆਂ ਕਰਨ ਦੀ ਹੱਲਾਸ਼ੇਰੀ ਦੇ ਕੇ+ ਅਤੇ ਬੇਸ਼ਰਮੀ* ਭਰੇ ਕੰਮ ਕਰ ਕੇ ਉਨ੍ਹਾਂ ਲੋਕਾਂ ਨੂੰ ਭਰਮਾਉਂਦੇ ਹਨ ਜਿਹੜੇ ਬੁਰਾਈ ਦੀ ਜ਼ਿੰਦਗੀ ਜੀਉਣ ਵਾਲਿਆਂ ਵਿੱਚੋਂ ਹੁਣੇ-ਹੁਣੇ ਨਿਕਲੇ ਹਨ।+ 19 ਭਾਵੇਂ ਇਹ ਆਦਮੀ ਉਨ੍ਹਾਂ ਨਾਲ ਆਜ਼ਾਦੀ ਦਾ ਵਾਅਦਾ ਕਰਦੇ ਹਨ, ਪਰ ਇਹ ਆਪ ਹੀ ਬੁਰਾਈ ਦੇ ਗ਼ੁਲਾਮ ਹਨ।+ ਜੇ ਕੋਈ ਕਿਸੇ ਇਨਸਾਨ* ਦੇ ਵੱਸ ਵਿਚ ਆ ਜਾਂਦਾ ਹੈ, ਤਾਂ ਉਹ ਉਸ ਇਨਸਾਨ ਦਾ ਗ਼ੁਲਾਮ ਬਣ ਜਾਂਦਾ ਹੈ।+ 20 ਇਸ ਲਈ ਜੇ ਉਹ ਪ੍ਰਭੂ ਅਤੇ ਮੁਕਤੀਦਾਤੇ ਯਿਸੂ ਮਸੀਹ ਦਾ ਸਹੀ ਗਿਆਨ ਲੈ ਕੇ ਦੁਨੀਆਂ ਦੀ ਬਦਕਾਰੀ ਦੇ ਚਿੱਕੜ ਵਿੱਚੋਂ ਨਿਕਲਣ ਤੋਂ ਬਾਅਦ+ ਦੁਬਾਰਾ ਇਹੀ ਕੰਮ ਕਰਨ ਲੱਗ ਪੈਂਦੇ ਹਨ ਅਤੇ ਇਨ੍ਹਾਂ ਕੰਮਾਂ ਦੇ ਗ਼ੁਲਾਮ ਬਣ ਜਾਂਦੇ ਹਨ, ਤਾਂ ਉਨ੍ਹਾਂ ਦਾ ਹਾਲ ਪਹਿਲਾਂ ਨਾਲੋਂ ਵੀ ਬੁਰਾ ਹੋ ਜਾਂਦਾ ਹੈ।+ 21 ਇਨ੍ਹਾਂ ਲਈ ਚੰਗਾ ਹੁੰਦਾ ਕਿ ਇਹ ਧਾਰਮਿਕਤਾ ਦੇ ਰਾਹ ਦਾ ਸਹੀ ਗਿਆਨ ਲੈਂਦੇ ਹੀ ਨਾ ਕਿਉਂਕਿ ਇਨ੍ਹਾਂ ਨੇ ਇਸ ਬਾਰੇ ਸਿੱਖਣ ਤੋਂ ਬਾਅਦ ਪਵਿੱਤਰ ਕਾਨੂੰਨ ਮੁਤਾਬਕ ਚੱਲਣਾ ਛੱਡ ਦਿੱਤਾ ਹੈ ਜੋ ਇਨ੍ਹਾਂ ਨੂੰ ਮਿਲਿਆ ਸੀ।+ 22 ਇਨ੍ਹਾਂ ਉੱਤੇ ਇਹ ਸੱਚੀ ਕਹਾਵਤ ਢੁਕਦੀ ਹੈ: “ਕੁੱਤਾ ਵਾਪਸ ਆ ਕੇ ਆਪਣੀ ਹੀ ਉਲਟੀ ਨੂੰ ਚੱਟ ਲੈਂਦਾ ਹੈ ਅਤੇ ਨਵ੍ਹਾਈ ਹੋਈ ਸੂਰਨੀ ਦੁਬਾਰਾ ਚਿੱਕੜ ਵਿਚ ਲਿਟਣ ਲੱਗ ਪੈਂਦੀ ਹੈ।”+