ਨਹਮਯਾਹ
9 ਇਸ ਮਹੀਨੇ ਦੀ 24 ਤਾਰੀਖ਼ ਨੂੰ ਇਜ਼ਰਾਈਲੀ ਇਕੱਠੇ ਹੋਏ; ਤੱਪੜ ਪਹਿਨੀ ਅਤੇ ਆਪਣੇ ʼਤੇ ਧੂੜ ਪਾਈ ਉਨ੍ਹਾਂ ਨੇ ਵਰਤ ਰੱਖਿਆ।+ 2 ਫਿਰ ਇਜ਼ਰਾਈਲ ਦੀ ਪੀੜ੍ਹੀ ਦੇ ਲੋਕਾਂ ਨੇ ਆਪਣੇ ਆਪ ਨੂੰ ਪਰਦੇਸੀਆਂ ਤੋਂ ਵੱਖ ਕੀਤਾ+ ਤੇ ਉਨ੍ਹਾਂ ਨੇ ਖੜ੍ਹੇ ਹੋ ਕੇ ਆਪਣੇ ਪਾਪਾਂ ਅਤੇ ਆਪਣੇ ਪੂਰਵਜਾਂ ਦੀਆਂ ਗ਼ਲਤੀਆਂ ਨੂੰ ਕਬੂਲ ਕੀਤਾ।+ 3 ਫਿਰ ਉਹ ਆਪੋ-ਆਪਣੀ ਜਗ੍ਹਾ ਖੜ੍ਹੇ ਹੋਏ ਅਤੇ ਉਨ੍ਹਾਂ ਨੇ ਸਵੇਰੇ ਤਿੰਨ ਘੰਟੇ* ਆਪਣੇ ਪਰਮੇਸ਼ੁਰ ਯਹੋਵਾਹ ਦੇ ਕਾਨੂੰਨ ਦੀ ਕਿਤਾਬ ਵਿੱਚੋਂ ਉੱਚੀ ਆਵਾਜ਼ ਵਿਚ ਪੜ੍ਹਿਆ;+ ਅਗਲੇ ਤਿੰਨ ਘੰਟੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਆਪਣੇ ਪਾਪਾਂ ਨੂੰ ਕਬੂਲ ਕਰਦੇ ਰਹੇ ਅਤੇ ਉਸ ਅੱਗੇ ਮੱਥਾ ਟੇਕਿਆ।
4 ਯੇਸ਼ੂਆ, ਬਾਨੀ, ਕਦਮੀਏਲ, ਸ਼ਬਨਯਾਹ, ਬੁੰਨੀ, ਸ਼ੇਰੇਬਯਾਹ,+ ਬਾਨੀ ਅਤੇ ਕੇਨਾਨੀ ਲੇਵੀਆਂ ਦੇ ਮੰਚ ʼਤੇ ਖੜ੍ਹੇ ਹੋਏ+ ਅਤੇ ਉਹ ਆਪਣੇ ਪਰਮੇਸ਼ੁਰ ਯਹੋਵਾਹ ਅੱਗੇ ਉੱਚੀ-ਉੱਚੀ ਦੁਹਾਈ ਦੇਣ ਲੱਗੇ। 5 ਲੇਵੀ ਯੇਸ਼ੂਆ, ਕਦਮੀਏਲ, ਬਾਨੀ, ਹਸ਼ਬਨਯਾਹ, ਸ਼ੇਰੇਬਯਾਹ, ਹੋਦੀਯਾਹ, ਸ਼ਬਨਯਾਹ ਅਤੇ ਪਥਹਯਾਹ ਨੇ ਕਿਹਾ: “ਉੱਠੋ ਅਤੇ ਆਪਣੇ ਪਰਮੇਸ਼ੁਰ ਯਹੋਵਾਹ ਦੀ ਯੁਗਾਂ-ਯੁਗਾਂ ਤਕ* ਮਹਿਮਾ ਕਰੋ।+ ਹੇ ਪਰਮੇਸ਼ੁਰ, ਉਨ੍ਹਾਂ ਨੂੰ ਆਪਣੇ ਸ਼ਾਨਦਾਰ ਨਾਂ ਦਾ ਗੁਣਗਾਨ ਕਰਨ ਦੇ ਜੋ ਕਿਸੇ ਵੀ ਬਰਕਤ ਤੇ ਵਡਿਆਈ ਨਾਲੋਂ ਕਿਤੇ ਉੱਚਾ ਹੈ।
6 “ਤੂੰ ਇਕੱਲਾ ਹੀ ਯਹੋਵਾਹ ਹੈਂ;+ ਤੂੰ ਆਕਾਸ਼ਾਂ ਨੂੰ ਬਣਾਇਆ, ਹਾਂ, ਆਕਾਸ਼ਾਂ ਦੇ ਆਕਾਸ਼ ਤੇ ਉਨ੍ਹਾਂ ਦੀ ਸਾਰੀ ਫ਼ੌਜ ਨੂੰ, ਧਰਤੀ ਅਤੇ ਇਸ ਉੱਤੇ ਜੋ ਕੁਝ ਹੈ, ਸਮੁੰਦਰ ਅਤੇ ਉਨ੍ਹਾਂ ਵਿਚ ਜੋ ਕੁਝ ਹੈ, ਸਭ ਕੁਝ ਤੂੰ ਹੀ ਰਚਿਆ ਹੈ। ਤੂੰ ਇਨ੍ਹਾਂ ਦਾ ਜੀਵਨ ਕਾਇਮ ਰੱਖਦਾ ਹੈਂ ਤੇ ਆਕਾਸ਼ਾਂ ਦੀ ਫ਼ੌਜ ਤੇਰੇ ਅੱਗੇ ਝੁਕਦੀ ਹੈ। 7 ਤੂੰ ਹੀ ਸੱਚਾ ਪਰਮੇਸ਼ੁਰ ਯਹੋਵਾਹ ਹੈਂ ਜਿਸ ਨੇ ਅਬਰਾਮ ਨੂੰ ਚੁਣਿਆ+ ਤੇ ਉਸ ਨੂੰ ਕਸਦੀਆਂ ਦੇ ਊਰ ਵਿੱਚੋਂ ਬਾਹਰ ਲੈ ਆਇਆ+ ਤੇ ਉਸ ਦਾ ਨਾਂ ਅਬਰਾਹਾਮ ਰੱਖਿਆ।+ 8 ਤੂੰ ਦੇਖਿਆ ਕਿ ਉਸ ਦਾ ਦਿਲ ਤੇਰੇ ਪ੍ਰਤੀ ਵਫ਼ਾਦਾਰ ਸੀ,+ ਇਸ ਲਈ ਤੂੰ ਉਸ ਨਾਲ ਇਕਰਾਰ ਕੀਤਾ ਕਿ ਤੂੰ ਉਸ ਨੂੰ ਤੇ ਉਸ ਦੀ ਸੰਤਾਨ* ਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਪਰਿੱਜੀਆਂ, ਯਬੂਸੀਆਂ ਅਤੇ ਗਿਰਗਾਸ਼ੀਆਂ ਦਾ ਦੇਸ਼ ਦੇਵੇਂਗਾ;+ ਤੂੰ ਆਪਣੇ ਵਾਅਦੇ ਨਿਭਾਏ ਕਿਉਂਕਿ ਤੂੰ ਹਮੇਸ਼ਾ ਉਹੀ ਕਰਦਾ ਹੈਂ ਜੋ ਸਹੀ ਹੈ।
9 “ਤੂੰ ਮਿਸਰ ਵਿਚ ਸਾਡੇ ਪਿਉ-ਦਾਦਿਆਂ ਦਾ ਦੁੱਖ ਦੇਖਿਆ+ ਅਤੇ ਲਾਲ ਸਮੁੰਦਰ ʼਤੇ ਉਨ੍ਹਾਂ ਦੀ ਦੁਹਾਈ ਸੁਣੀ। 10 ਫਿਰ ਤੂੰ ਫ਼ਿਰਊਨ, ਉਸ ਦੇ ਸਾਰੇ ਸੇਵਕਾਂ ਅਤੇ ਉਸ ਦੇ ਦੇਸ਼ ਦੇ ਸਾਰੇ ਲੋਕਾਂ ਸਾਮ੍ਹਣੇ ਕਰਾਮਾਤਾਂ ਤੇ ਚਮਤਕਾਰ ਕੀਤੇ+ ਕਿਉਂਕਿ ਤੂੰ ਜਾਣਦਾ ਸੀ ਕਿ ਉਹ ਹੰਕਾਰ ਵਿਚ ਆ ਕੇ ਉਨ੍ਹਾਂ ਨਾਲ ਪੇਸ਼ ਆਏ।+ ਤੂੰ ਆਪਣਾ ਨਾਂ ਉੱਚਾ ਕੀਤਾ ਜੋ ਅੱਜ ਤਕ ਹੈ।+ 11 ਤੂੰ ਉਨ੍ਹਾਂ ਅੱਗੇ ਸਮੁੰਦਰ ਨੂੰ ਪਾੜ ਸੁੱਟਿਆ ਜਿਸ ਕਰਕੇ ਉਹ ਸਮੁੰਦਰ ਵਿਚ ਸੁੱਕੀ ਜ਼ਮੀਨ ਤੋਂ ਦੀ ਲੰਘ ਗਏ।+ ਤੂੰ ਉਨ੍ਹਾਂ ਦਾ ਪਿੱਛਾ ਕਰਨ ਵਾਲਿਆਂ ਨੂੰ ਡੂੰਘਾਈਆਂ ਵਿਚ ਇਵੇਂ ਸੁੱਟਿਆ ਜਿਵੇਂ ਤੂਫ਼ਾਨੀ ਪਾਣੀਆਂ ਵਿਚ ਇਕ ਪੱਥਰ ਸੁੱਟਿਆ ਗਿਆ ਹੋਵੇ।+ 12 ਤੂੰ ਦਿਨੇ ਬੱਦਲ ਦੇ ਥੰਮ੍ਹ ਨਾਲ ਉਨ੍ਹਾਂ ਦੀ ਅਗਵਾਈ ਕਰਦਾ ਸੀ ਅਤੇ ਰਾਤ ਨੂੰ ਅੱਗ ਦੇ ਥੰਮ੍ਹ ਨਾਲ ਉਨ੍ਹਾਂ ਦੇ ਰਾਹ ਨੂੰ ਰੌਸ਼ਨ ਕਰਦਾ ਸੀ ਜਿਸ ਰਾਹ ਥਾਣੀਂ ਉਨ੍ਹਾਂ ਨੇ ਜਾਣਾ ਸੀ।+ 13 ਤੂੰ ਸੀਨਈ ਪਹਾੜ ʼਤੇ ਉਤਰਿਆ+ ਅਤੇ ਉਨ੍ਹਾਂ ਨਾਲ ਸਵਰਗ ਤੋਂ ਗੱਲ ਕੀਤੀ+ ਤੇ ਉਨ੍ਹਾਂ ਨੂੰ ਸਹੀ ਫ਼ੈਸਲੇ ਸੁਣਾਏ ਅਤੇ ਸੱਚਾਈ ਦੇ ਕਾਨੂੰਨ,* ਚੰਗੇ ਨਿਯਮ ਤੇ ਹੁਕਮ ਦਿੱਤੇ।+ 14 ਤੂੰ ਉਨ੍ਹਾਂ ਨੂੰ ਆਪਣੇ ਪਵਿੱਤਰ ਸਬਤ ਬਾਰੇ ਦੱਸਿਆ+ ਤੇ ਉਨ੍ਹਾਂ ਨੂੰ ਆਪਣੇ ਸੇਵਕ ਮੂਸਾ ਦੇ ਜ਼ਰੀਏ ਹੁਕਮ ਤੇ ਨਿਯਮ ਦਿੱਤੇ, ਨਾਲੇ ਕਾਨੂੰਨ ਦਿੱਤਾ। 15 ਜਦੋਂ ਉਹ ਭੁੱਖੇ ਸਨ, ਤਾਂ ਤੂੰ ਉਨ੍ਹਾਂ ਨੂੰ ਆਕਾਸ਼ੋਂ ਰੋਟੀ ਦਿੱਤੀ+ ਅਤੇ ਜਦੋਂ ਉਹ ਪਿਆਸੇ ਸਨ, ਤਾਂ ਤੂੰ ਚਟਾਨ ਵਿੱਚੋਂ ਪਾਣੀ ਕੱਢਿਆ+ ਅਤੇ ਤੂੰ ਉਨ੍ਹਾਂ ਨੂੰ ਉਸ ਦੇਸ਼ ਵਿਚ ਵੜਨ ਤੇ ਉਸ ਉੱਤੇ ਕਬਜ਼ਾ ਕਰਨ ਲਈ ਕਿਹਾ ਜੋ ਤੂੰ ਉਨ੍ਹਾਂ ਨੂੰ ਦੇਣ ਦੀ ਸਹੁੰ ਖਾਧੀ ਸੀ।*
16 “ਪਰ ਉਨ੍ਹਾਂ ਨੇ, ਹਾਂ, ਸਾਡੇ ਪਿਉ-ਦਾਦਿਆਂ ਨੇ ਗੁਸਤਾਖ਼ੀ ਕੀਤੀ+ ਅਤੇ ਉਹ ਢੀਠ ਹੋ ਗਏ*+ ਤੇ ਉਨ੍ਹਾਂ ਨੇ ਤੇਰੇ ਹੁਕਮ ਨਹੀਂ ਮੰਨੇ। 17 ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ+ ਤੇ ਉਨ੍ਹਾਂ ਨੇ ਤੇਰੇ ਸ਼ਾਨਦਾਰ ਕੰਮਾਂ ਨੂੰ ਯਾਦ ਨਹੀਂ ਰੱਖਿਆ ਜੋ ਤੂੰ ਉਨ੍ਹਾਂ ਵਿਚਕਾਰ ਕੀਤੇ ਸਨ, ਸਗੋਂ ਉਹ ਢੀਠ ਹੋ ਗਏ* ਅਤੇ ਉਨ੍ਹਾਂ ਨੇ ਮਿਸਰ ਦੀ ਗ਼ੁਲਾਮੀ ਵਿਚ ਮੁੜ ਜਾਣ ਲਈ ਇਕ ਮੁਖੀ ਠਹਿਰਾਇਆ।+ ਪਰ ਤੂੰ ਅਜਿਹਾ ਪਰਮੇਸ਼ੁਰ ਹੈਂ ਜੋ ਮਾਫ਼ ਕਰਨ ਲਈ ਤਿਆਰ ਰਹਿੰਦਾ, ਜੋ ਰਹਿਮਦਿਲ* ਅਤੇ ਦਇਆਵਾਨ ਹੈ, ਜੋ ਛੇਤੀ ਗੁੱਸਾ ਨਹੀਂ ਕਰਦਾ ਅਤੇ ਅਟੱਲ ਪਿਆਰ ਨਾਲ ਭਰਪੂਰ ਹੈ+ ਤੇ ਤੂੰ ਉਨ੍ਹਾਂ ਨੂੰ ਤਿਆਗਿਆ ਨਹੀਂ।+ 18 ਜਦੋਂ ਉਨ੍ਹਾਂ ਨੇ ਆਪਣੇ ਲਈ ਧਾਤ ਨਾਲ ਵੱਛੇ ਦਾ ਬੁੱਤ* ਬਣਾਇਆ ਤੇ ਕਿਹਾ, ‘ਇਹ ਤੇਰਾ ਪਰਮੇਸ਼ੁਰ ਹੈ ਜੋ ਤੈਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ,’+ ਅਤੇ ਉਨ੍ਹਾਂ ਨੇ ਨਿਰਾਦਰ ਭਰੇ ਵੱਡੇ-ਵੱਡੇ ਕੰਮ ਕੀਤੇ, 19 ਤਾਂ ਵੀ ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਉਜਾੜ ਵਿਚ ਨਹੀਂ ਤਿਆਗਿਆ।+ ਦਿਨੇ ਬੱਦਲ ਦਾ ਥੰਮ੍ਹ ਰਾਹ ਵਿਚ ਉਨ੍ਹਾਂ ਦੀ ਅਗਵਾਈ ਕਰਨ ਤੋਂ ਅਤੇ ਰਾਤ ਨੂੰ ਅੱਗ ਦਾ ਥੰਮ੍ਹ ਉਨ੍ਹਾਂ ਦੇ ਰਾਹ ਨੂੰ ਰੌਸ਼ਨ ਕਰਨ ਤੋਂ ਹਟਿਆ ਨਹੀਂ ਜਿਸ ਰਾਹ ਥਾਣੀਂ ਉਨ੍ਹਾਂ ਨੇ ਜਾਣਾ ਸੀ।+ 20 ਤੂੰ ਉਨ੍ਹਾਂ ਨੂੰ ਡੂੰਘੀ ਸਮਝ ਦੇਣ ਲਈ ਆਪਣੀ ਸ਼ਕਤੀ* ਦਿੱਤੀ+ ਅਤੇ ਉਨ੍ਹਾਂ ਨੂੰ ਮੰਨ ਖੁਆਉਣਾ ਨਹੀਂ ਛੱਡਿਆ+ ਤੇ ਜਦੋਂ ਉਹ ਪਿਆਸੇ ਸਨ, ਤਾਂ ਤੂੰ ਉਨ੍ਹਾਂ ਨੂੰ ਪਾਣੀ ਦਿੱਤਾ।+ 21 ਤੂੰ 40 ਸਾਲਾਂ ਤਕ ਉਨ੍ਹਾਂ ਨੂੰ ਉਜਾੜ ਵਿਚ ਖਾਣਾ ਦਿੰਦਾ ਰਿਹਾ।+ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਈ। ਉਨ੍ਹਾਂ ਦੇ ਕੱਪੜੇ ਨਹੀਂ ਫਟੇ+ ਤੇ ਨਾ ਹੀ ਉਨ੍ਹਾਂ ਦੇ ਪੈਰ ਸੁੱਜੇ।
22 “ਤੂੰ ਰਾਜਾਂ ਅਤੇ ਕੌਮਾਂ ਦੇ ਹਿੱਸੇ ਵੰਡ ਕੇ ਉਨ੍ਹਾਂ ਨੂੰ ਦੇ ਦਿੱਤੇ।+ ਉਨ੍ਹਾਂ ਨੇ ਸੀਹੋਨ+ ਦੇ ਦੇਸ਼ ਯਾਨੀ ਹਸ਼ਬੋਨ+ ਦੇ ਰਾਜੇ ਦੇ ਦੇਸ਼ ਉੱਤੇ ਅਤੇ ਬਾਸ਼ਾਨ ਦੇ ਰਾਜੇ ਓਗ+ ਦੇ ਦੇਸ਼ ਉੱਤੇ ਕਬਜ਼ਾ ਕਰ ਲਿਆ। 23 ਤੂੰ ਉਨ੍ਹਾਂ ਦੇ ਪੁੱਤਰਾਂ ਦੀ ਗਿਣਤੀ ਨੂੰ ਆਕਾਸ਼ ਦੇ ਤਾਰਿਆਂ ਜਿੰਨਾ ਵਧਾਇਆ।+ ਫਿਰ ਤੂੰ ਉਨ੍ਹਾਂ ਨੂੰ ਉਸ ਦੇਸ਼ ਵਿਚ ਲੈ ਆਇਆਂ ਜਿਸ ਦਾ ਵਾਅਦਾ ਤੂੰ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਕੀਤਾ ਸੀ ਕਿ ਉਹ ਉਸ ਵਿਚ ਦਾਖ਼ਲ ਹੋਣਗੇ ਤੇ ਉਸ ʼਤੇ ਕਬਜ਼ਾ ਕਰਨਗੇ।+ 24 ਇਸ ਲਈ ਉਨ੍ਹਾਂ ਦੇ ਪੁੱਤਰ ਉਸ ਦੇਸ਼ ਵਿਚ ਗਏ+ ਤੇ ਉਸ ਉੱਤੇ ਕਬਜ਼ਾ ਕਰ ਲਿਆ ਅਤੇ ਤੂੰ ਕਨਾਨੀਆਂ ਨੂੰ ਉਨ੍ਹਾਂ ਦੇ ਅਧੀਨ ਕਰ ਦਿੱਤਾ+ ਜੋ ਉਸ ਦੇਸ਼ ਦੇ ਵਾਸੀ ਸਨ। ਤੂੰ ਉਨ੍ਹਾਂ ਨੂੰ, ਹਾਂ, ਉਨ੍ਹਾਂ ਦੇ ਰਾਜਿਆਂ ਤੇ ਉਸ ਦੇਸ਼ ਦੀਆਂ ਕੌਮਾਂ ਨੂੰ ਉਨ੍ਹਾਂ ਦੇ ਹੱਥ ਵਿਚ ਦੇ ਦਿੱਤਾ ਤਾਂਕਿ ਉਹ ਉਨ੍ਹਾਂ ਨਾਲ ਜੋ ਚਾਹੁਣ, ਕਰਨ। 25 ਉਨ੍ਹਾਂ ਨੇ ਕਿਲੇਬੰਦ ਸ਼ਹਿਰਾਂ ਅਤੇ ਉਪਜਾਊ ਜ਼ਮੀਨ ਨੂੰ ਕਬਜ਼ੇ ਵਿਚ ਲੈ ਲਿਆ+ ਅਤੇ ਉਨ੍ਹਾਂ ਨੇ ਹਰ ਤਰ੍ਹਾਂ ਦੀਆਂ ਵਧੀਆ ਚੀਜ਼ਾਂ ਨਾਲ ਭਰੇ ਘਰਾਂ, ਪੁੱਟੇ ਹੋਏ ਖੂਹਾਂ, ਅੰਗੂਰਾਂ ਦੇ ਬਾਗ਼ਾਂ, ਜ਼ੈਤੂਨ ਦੇ ਬਾਗ਼ਾਂ ਅਤੇ ਫਲਾਂ ਨਾਲ ਲੱਦੇ ਬਹੁਤ ਸਾਰੇ ਦਰਖ਼ਤਾਂ ʼਤੇ ਕਬਜ਼ਾ ਕਰ ਲਿਆ।+ ਇਸ ਲਈ ਉਹ ਖਾ ਕੇ ਰੱਜ ਗਏ ਤੇ ਮੋਟੇ ਹੋ ਗਏ ਅਤੇ ਉਹ ਤੇਰੀ ਵੱਡੀ ਭਲਾਈ ਦੇ ਕਾਰਨ ਬਹੁਤ ਖ਼ੁਸ਼ ਸਨ।
26 “ਪਰ ਉਹ ਅਣਆਗਿਆਕਾਰ ਹੋ ਗਏ ਤੇ ਉਨ੍ਹਾਂ ਨੇ ਤੇਰੇ ਖ਼ਿਲਾਫ਼ ਬਗਾਵਤ ਕੀਤੀ+ ਅਤੇ ਤੇਰੇ ਕਾਨੂੰਨ ਵੱਲ ਪਿੱਠ ਕਰ ਲਈ।* ਉਨ੍ਹਾਂ ਨੇ ਤੇਰੇ ਨਬੀਆਂ ਨੂੰ ਮਾਰ ਦਿੱਤਾ ਜਿਨ੍ਹਾਂ ਨੇ ਉਨ੍ਹਾਂ ਨੂੰ ਤੇਰੇ ਕੋਲ ਮੋੜ ਲਿਆਉਣ ਲਈ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਸੀ ਅਤੇ ਉਨ੍ਹਾਂ ਨੇ ਨਿਰਾਦਰ ਭਰੇ ਵੱਡੇ-ਵੱਡੇ ਕੰਮ ਕੀਤੇ।+ 27 ਇਸ ਲਈ ਤੂੰ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੱਤਾ+ ਜੋ ਉਨ੍ਹਾਂ ਉੱਤੇ ਅਤਿਆਚਾਰ ਕਰਦੇ ਰਹੇ।+ ਪਰ ਉਹ ਆਪਣੇ ਦੁੱਖ ਦੇ ਵੇਲੇ ਤੇਰੇ ਅੱਗੇ ਦੁਹਾਈ ਦਿੰਦੇ ਸਨ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ; ਤੂੰ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥੋਂ ਛੁਡਾਉਣ ਲਈ ਕਿਸੇ-ਨਾ-ਕਿਸੇ ਨੂੰ ਘੱਲਦਾ ਸੀ।+
28 “ਪਰ ਜਿਉਂ ਹੀ ਉਨ੍ਹਾਂ ਨੂੰ ਰਾਹਤ ਮਿਲਦੀ ਸੀ, ਉਹ ਫਿਰ ਤੋਂ ਉਹੀ ਕਰਨ ਲੱਗ ਪੈਂਦੇ ਸਨ ਜੋ ਤੇਰੀਆਂ ਨਜ਼ਰਾਂ ਵਿਚ ਬੁਰਾ ਸੀ+ ਅਤੇ ਤੂੰ ਉਨ੍ਹਾਂ ਨੂੰ ਤਿਆਗ ਦਿੰਦਾ ਸੀ ਤੇ ਉਨ੍ਹਾਂ ਦੇ ਦੁਸ਼ਮਣਾਂ ਦੇ ਹੱਥ ਵਿਚ ਦੇ ਦਿੰਦਾ ਸੀ ਜੋ ਉਨ੍ਹਾਂ ਉੱਤੇ ਰਾਜ ਕਰਦੇ ਸਨ।*+ ਉਹ ਫਿਰ ਤੋਂ ਤੇਰੇ ਵੱਲ ਮੁੜਦੇ ਸਨ ਤੇ ਮਦਦ ਲਈ ਪੁਕਾਰਦੇ ਸਨ+ ਅਤੇ ਤੂੰ ਸਵਰਗ ਤੋਂ ਉਨ੍ਹਾਂ ਦੀ ਸੁਣਦਾ ਸੀ ਤੇ ਆਪਣੀ ਵੱਡੀ ਦਇਆ ਕਰਕੇ ਉਨ੍ਹਾਂ ਨੂੰ ਵਾਰ-ਵਾਰ ਛੁਡਾਉਂਦਾ ਸੀ।+ 29 ਭਾਵੇਂ ਤੂੰ ਉਨ੍ਹਾਂ ਨੂੰ ਆਪਣੇ ਕਾਨੂੰਨ ਵੱਲ ਵਾਪਸ ਲਿਆਉਣ ਲਈ ਚੇਤਾਵਨੀ ਦਿੰਦਾ ਸੀ, ਪਰ ਉਨ੍ਹਾਂ ਨੇ ਗੁਸਤਾਖ਼ੀ ਕੀਤੀ ਅਤੇ ਤੇਰੇ ਹੁਕਮ ਨਹੀਂ ਮੰਨੇ;+ ਉਨ੍ਹਾਂ ਨੇ ਤੇਰੇ ਨਿਯਮਾਂ ਖ਼ਿਲਾਫ਼ ਜਾ ਕੇ ਪਾਪ ਕੀਤਾ ਜਿਨ੍ਹਾਂ ਨੂੰ ਮੰਨ ਕੇ ਇਨਸਾਨ ਜੀਉਂਦਾ ਰਹਿ ਸਕਦਾ ਹੈ।+ ਪਰ ਉਨ੍ਹਾਂ ਨੇ ਢੀਠ ਹੋ ਕੇ ਤੇਰੇ ਵੱਲ ਪਿੱਠ ਕਰ ਲਈ ਤੇ ਆਪਣੀ ਗਰਦਨ ਅਕੜਾ ਲਈ ਅਤੇ ਸੁਣਨ ਤੋਂ ਇਨਕਾਰ ਕਰ ਦਿੱਤਾ। 30 ਤੂੰ ਕਈ ਸਾਲ ਉਨ੍ਹਾਂ ਨਾਲ ਧੀਰਜ ਰੱਖਿਆ+ ਅਤੇ ਆਪਣੀ ਸ਼ਕਤੀ ਨਾਲ ਨਬੀਆਂ ਰਾਹੀਂ ਉਨ੍ਹਾਂ ਨੂੰ ਚੇਤਾਵਨੀ ਦਿੰਦਾ ਰਿਹਾ, ਪਰ ਉਨ੍ਹਾਂ ਨੇ ਸੁਣਨ ਤੋਂ ਇਨਕਾਰ ਕਰ ਦਿੱਤਾ। ਅਖ਼ੀਰ ਤੂੰ ਉਨ੍ਹਾਂ ਨੂੰ ਦੇਸ਼ਾਂ ਦੀਆਂ ਕੌਮਾਂ ਦੇ ਹੱਥ ਵਿਚ ਦੇ ਦਿੱਤਾ।+ 31 ਤੂੰ ਆਪਣੀ ਵੱਡੀ ਦਇਆ ਦੇ ਕਰਕੇ ਉਨ੍ਹਾਂ ਨੂੰ ਨਾਸ਼ ਨਹੀਂ ਕੀਤਾ+ ਤੇ ਨਾ ਉਨ੍ਹਾਂ ਨੂੰ ਛੱਡਿਆ ਕਿਉਂਕਿ ਤੂੰ ਦਇਆਵਾਨ ਅਤੇ ਰਹਿਮਦਿਲ* ਪਰਮੇਸ਼ੁਰ ਹੈਂ।+
32 “ਹੇ ਸਾਡੇ ਪਰਮੇਸ਼ੁਰ ਤੂੰ ਜੋ ਮਹਾਨ, ਤਾਕਤਵਰ ਅਤੇ ਸ਼ਰਧਾ ਦੇ ਲਾਇਕ ਹੈਂ, ਜਿਸ ਨੇ ਆਪਣਾ ਇਕਰਾਰ ਪੂਰਾ ਕੀਤਾ ਅਤੇ ਅਟੱਲ ਪਿਆਰ ਦਿਖਾਇਆ ਹੈ,+ ਹੁਣ ਤੂੰ ਉਨ੍ਹਾਂ ਸਾਰੇ ਦੁੱਖਾਂ ਨੂੰ ਹਲਕਾ ਨਾ ਸਮਝੀਂ ਜੋ ਅੱਸ਼ੂਰ ਦੇ ਰਾਜਿਆਂ ਦੇ ਦਿਨਾਂ ਤੋਂ+ ਅੱਜ ਤਕ ਸਾਡੇ ਉੱਤੇ, ਸਾਡੇ ਰਾਜਿਆਂ, ਸਾਡੇ ਹਾਕਮਾਂ,+ ਸਾਡੇ ਪੁਜਾਰੀਆਂ,+ ਸਾਡੇ ਨਬੀਆਂ,+ ਸਾਡੇ ਪਿਉ-ਦਾਦਿਆਂ ਅਤੇ ਤੇਰੇ ਸਾਰੇ ਲੋਕਾਂ ʼਤੇ ਆਏ ਹਨ। 33 ਸਾਡੇ ʼਤੇ ਜੋ ਬੀਤੀ, ਤੂੰ ਉਸ ਸਭ ਵਿਚ ਸਹੀ ਠਹਿਰਿਆ ਹੈਂ ਕਿਉਂਕਿ ਤੂੰ ਵਫ਼ਾਦਾਰੀ ਦਿਖਾਈ ਹੈ; ਪਰ ਬੁਰੇ ਕੰਮ ਤਾਂ ਅਸੀਂ ਕੀਤੇ।+ 34 ਜਿੱਥੋਂ ਤਕ ਸਾਡੇ ਰਾਜਿਆਂ, ਸਾਡੇ ਹਾਕਮਾਂ, ਸਾਡੇ ਪੁਜਾਰੀਆਂ ਅਤੇ ਸਾਡੇ ਪਿਉ-ਦਾਦਿਆਂ ਦੀ ਗੱਲ ਹੈ, ਉਨ੍ਹਾਂ ਨੇ ਤੇਰਾ ਕਾਨੂੰਨ ਨਹੀਂ ਮੰਨਿਆ ਤੇ ਨਾ ਹੀ ਤੇਰੇ ਹੁਕਮਾਂ ਅਤੇ ਤੇਰੀਆਂ ਨਸੀਹਤਾਂ* ਵੱਲ ਧਿਆਨ ਦਿੱਤਾ ਜਿਨ੍ਹਾਂ ਰਾਹੀਂ ਤੂੰ ਉਨ੍ਹਾਂ ਨੂੰ ਖ਼ਬਰਦਾਰ ਕੀਤਾ ਸੀ। 35 ਇੱਥੋਂ ਤਕ ਕਿ ਜਦੋਂ ਉਹ ਆਪਣੇ ਰਾਜ ਵਿਚ ਤੇਰੀ ਅਪਾਰ ਭਲਾਈ ਦਾ ਮਜ਼ਾ ਲੈ ਰਹੇ ਸਨ ਅਤੇ ਉਸ ਖੁੱਲ੍ਹੇ ਅਤੇ ਉਪਜਾਊ ਦੇਸ਼ ਵਿਚ ਸਨ ਜੋ ਤੂੰ ਉਨ੍ਹਾਂ ਨੂੰ ਦਿੱਤਾ ਸੀ, ਤਾਂ ਵੀ ਉਨ੍ਹਾਂ ਨੇ ਤੇਰੀ ਸੇਵਾ ਨਹੀਂ ਕੀਤੀ+ ਅਤੇ ਆਪਣੇ ਬੁਰੇ ਕੰਮਾਂ ਤੋਂ ਨਹੀਂ ਮੁੜੇ। 36 ਇਸ ਲਈ ਅੱਜ ਅਸੀਂ ਗ਼ੁਲਾਮ ਹਾਂ,+ ਹਾਂ, ਉਸ ਦੇਸ਼ ਵਿਚ ਗ਼ੁਲਾਮ ਹਾਂ ਜਿਹੜਾ ਤੂੰ ਸਾਡੇ ਪਿਉ-ਦਾਦਿਆਂ ਨੂੰ ਦਿੱਤਾ ਸੀ ਕਿ ਉਹ ਉਸ ਦਾ ਫਲ ਅਤੇ ਚੰਗੀਆਂ ਚੀਜ਼ਾਂ ਖਾਣ। 37 ਇਸ ਦੀ ਢੇਰ ਸਾਰੀ ਪੈਦਾਵਾਰ ਉਨ੍ਹਾਂ ਰਾਜਿਆਂ ਲਈ ਹੈ ਜਿਨ੍ਹਾਂ ਨੂੰ ਤੂੰ ਸਾਡੇ ਪਾਪਾਂ ਕਰਕੇ ਸਾਡੇ ʼਤੇ ਠਹਿਰਾਇਆ ਹੈ।+ ਉਹ ਸਾਡੇ ਸਰੀਰਾਂ ਅਤੇ ਸਾਡੇ ਪਸ਼ੂਆਂ ʼਤੇ ਮਨ-ਮਰਜ਼ੀ ਨਾਲ ਰਾਜ ਕਰਦੇ ਹਨ। ਅਸੀਂ ਬਹੁਤ ਦੁਖੀ ਹਾਂ।
38 “ਇਸ ਸਭ ਕਰਕੇ ਅਸੀਂ ਲਿਖਤੀ ਰੂਪ ਵਿਚ ਇਕ ਪੱਕਾ ਇਕਰਾਰ ਕਰਦੇ ਹਾਂ+ ਅਤੇ ਸਾਡੇ ਹਾਕਮ, ਸਾਡੇ ਲੇਵੀ ਅਤੇ ਸਾਡੇ ਪੁਜਾਰੀ ਇਸ ਉੱਤੇ ਆਪਣੀ ਮੁਹਰ ਲਾ ਕੇ ਇਸ ਨੂੰ ਤਸਦੀਕ ਕਰਨਗੇ।”+