ਦੂਜਾ ਸਮੂਏਲ
6 ਦਾਊਦ ਨੇ ਇਜ਼ਰਾਈਲ ਵਿਚ ਦੁਬਾਰਾ ਆਪਣੀਆਂ ਸਾਰੀਆਂ ਸਭ ਤੋਂ ਵਧੀਆ ਫ਼ੌਜਾਂ ਇਕੱਠੀਆਂ ਕੀਤੀਆਂ ਜਿਨ੍ਹਾਂ ਵਿਚ 30,000 ਆਦਮੀ ਸਨ। 2 ਫਿਰ ਦਾਊਦ ਤੇ ਉਸ ਦੇ ਸਾਰੇ ਆਦਮੀ ਤੁਰ ਪਏ ਤਾਂਕਿ ਬਆਲੇ-ਯਹੂਦਾਹ ਤੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਆਉਣ+ ਜਿਸ ਦੇ ਸਾਮ੍ਹਣੇ ਲੋਕ ਸੈਨਾਵਾਂ ਦੇ ਯਹੋਵਾਹ ਦਾ ਨਾਂ ਲੈਂਦੇ ਸਨ+ ਜੋ ਕਰੂਬੀਆਂ ਤੋਂ ਉੱਚੇ* ਆਪਣੇ ਸਿੰਘਾਸਣ ਉੱਤੇ ਬਿਰਾਜਮਾਨ ਹੈ।+ 3 ਪਰ ਉਨ੍ਹਾਂ ਨੇ ਸੱਚੇ ਪਰਮੇਸ਼ੁਰ ਦਾ ਸੰਦੂਕ ਅਬੀਨਾਦਾਬ ਦੇ ਘਰੋਂ+ ਲਿਆਉਣ ਲਈ ਇਸ ਨੂੰ ਇਕ ਨਵੇਂ ਗੱਡੇ ਉੱਤੇ ਰੱਖ ਦਿੱਤਾ।+ ਇਹ ਘਰ ਪਹਾੜੀ ਉੱਤੇ ਸੀ; ਅਬੀਨਾਦਾਬ ਦੇ ਪੁੱਤਰ ਊਜ਼ਾਹ ਤੇ ਅਹਯੋ ਉਸ ਨਵੇਂ ਗੱਡੇ ਦੇ ਅੱਗੇ-ਅੱਗੇ ਚੱਲ ਰਹੇ ਸਨ।
4 ਉਹ ਪਹਾੜੀ ਉੱਤੇ ਸਥਿਤ ਅਬੀਨਾਦਾਬ ਦੇ ਘਰੋਂ ਸੱਚੇ ਪਰਮੇਸ਼ੁਰ ਦਾ ਸੰਦੂਕ ਲੈ ਕੇ ਤੁਰ ਪਏ ਤੇ ਅਹਯੋ ਸੰਦੂਕ ਦੇ ਅੱਗੇ-ਅੱਗੇ ਚੱਲ ਰਿਹਾ ਸੀ। 5 ਦਾਊਦ ਅਤੇ ਇਜ਼ਰਾਈਲ ਦਾ ਸਾਰਾ ਘਰਾਣਾ ਯਹੋਵਾਹ ਦੇ ਅੱਗੇ ਸਨੋਬਰ ਦੀ ਲੱਕੜ ਦੇ ਬਣੇ ਸਾਜ਼, ਰਬਾਬਾਂ, ਤਾਰਾਂ ਵਾਲੇ ਹੋਰ ਸਾਜ਼,+ ਡਫਲੀਆਂ,+ ਖੰਜਰੀਆਂ ਤੇ ਛੈਣੇ ਵਜਾਉਂਦਾ ਹੋਇਆ ਜਸ਼ਨ ਮਨਾ ਰਿਹਾ ਸੀ।+ 6 ਪਰ ਜਦੋਂ ਉਹ ਨਾਕੋਨ ਦੇ ਪਿੜ* ਕੋਲ ਆਏ, ਤਾਂ ਊਜ਼ਾਹ ਨੇ ਆਪਣਾ ਹੱਥ ਸੱਚੇ ਪਰਮੇਸ਼ੁਰ ਦੇ ਸੰਦੂਕ ਵੱਲ ਵਧਾ ਕੇ ਇਸ ਨੂੰ ਫੜ ਲਿਆ+ ਕਿਉਂਕਿ ਬਲਦ ਇਸ ਨੂੰ ਡੇਗਣ ਲੱਗੇ ਸਨ। 7 ਉਸ ਵੇਲੇ ਯਹੋਵਾਹ ਦਾ ਗੁੱਸਾ ਊਜ਼ਾਹ ʼਤੇ ਭੜਕਿਆ ਅਤੇ ਸੱਚੇ ਪਰਮੇਸ਼ੁਰ ਨੇ ਉਸ ਦੇ ਨਿਰਾਦਰ ਭਰੇ ਕੰਮ ਕਰਕੇ ਉਸ ਨੂੰ ਮਾਰਿਆ+ ਤੇ ਉਹ ਸੱਚੇ ਪਰਮੇਸ਼ੁਰ ਦੇ ਸੰਦੂਕ ਕੋਲ ਉੱਥੇ ਹੀ ਮਰ ਗਿਆ। 8 ਪਰ ਦਾਊਦ ਨੂੰ ਗੁੱਸਾ ਚੜ੍ਹਿਆ* ਕਿਉਂਕਿ ਯਹੋਵਾਹ ਦਾ ਕ੍ਰੋਧ ਊਜ਼ਾਹ ਉੱਤੇ ਭੜਕਿਆ ਸੀ; ਅਤੇ ਉਸ ਜਗ੍ਹਾ ਨੂੰ ਅੱਜ ਤਕ ਪਰਸ-ਉੱਜ਼ਾ* ਕਿਹਾ ਜਾਂਦਾ ਹੈ। 9 ਇਸ ਲਈ ਦਾਊਦ ਉਸ ਦਿਨ ਯਹੋਵਾਹ ਤੋਂ ਡਰ ਗਿਆ+ ਅਤੇ ਉਸ ਨੇ ਕਿਹਾ: “ਯਹੋਵਾਹ ਦਾ ਸੰਦੂਕ ਮੇਰੇ ਕੋਲ ਕਿਵੇਂ ਆ ਸਕਦਾ ਹੈ?”+ 10 ਦਾਊਦ ਯਹੋਵਾਹ ਦੇ ਸੰਦੂਕ ਨੂੰ ਆਪਣੇ ਕੋਲ ਦਾਊਦ ਦੇ ਸ਼ਹਿਰ ਵਿਚ ਨਹੀਂ ਲਿਆਉਣਾ ਚਾਹੁੰਦਾ ਸੀ।+ ਇਸ ਦੀ ਬਜਾਇ, ਦਾਊਦ ਨੇ ਇਸ ਨੂੰ ਗਿੱਤੀ ਓਬੇਦ-ਅਦੋਮ ਦੇ ਘਰ ਪਹੁੰਚਾ ਦਿੱਤਾ।+
11 ਯਹੋਵਾਹ ਦਾ ਸੰਦੂਕ ਗਿੱਤੀ ਓਬੇਦ-ਅਦੋਮ ਦੇ ਘਰ ਤਿੰਨ ਮਹੀਨੇ ਰਿਹਾ ਤੇ ਯਹੋਵਾਹ ਓਬੇਦ-ਅਦੋਮ ਅਤੇ ਉਸ ਦੇ ਸਾਰੇ ਘਰਾਣੇ ʼਤੇ ਬਰਕਤ ਦਿੰਦਾ ਰਿਹਾ।+ 12 ਫਿਰ ਰਾਜਾ ਦਾਊਦ ਨੂੰ ਇਹ ਖ਼ਬਰ ਮਿਲੀ: “ਸੱਚੇ ਪਰਮੇਸ਼ੁਰ ਦੇ ਸੰਦੂਕ ਕਰਕੇ ਯਹੋਵਾਹ ਨੇ ਓਬੇਦ-ਅਦੋਮ ਦੇ ਘਰਾਣੇ ਅਤੇ ਉਸ ਕੋਲ ਜੋ ਕੁਝ ਹੈ, ਉਸ ਉੱਤੇ ਬਰਕਤ ਪਾਈ ਹੈ।” ਇਸ ਲਈ ਦਾਊਦ ਓਬੇਦ-ਅਦੋਮ ਦੇ ਘਰ ਗਿਆ ਤਾਂਕਿ ਸੱਚੇ ਪਰਮੇਸ਼ੁਰ ਦੇ ਸੰਦੂਕ ਨੂੰ ਜਸ਼ਨ ਮਨਾਉਂਦੇ ਹੋਏ ਦਾਊਦ ਦੇ ਸ਼ਹਿਰ ਲਿਆਂਦਾ ਜਾਵੇ।+ 13 ਜਦੋਂ ਯਹੋਵਾਹ ਦੇ ਸੰਦੂਕ ਨੂੰ ਲਿਜਾਣ ਵਾਲੇ+ ਛੇ ਕਦਮ ਅੱਗੇ ਵਧੇ, ਤਾਂ ਉਸ ਨੇ ਇਕ ਬਲਦ ਤੇ ਇਕ ਮੋਟੇ-ਤਾਜ਼ੇ ਜਾਨਵਰ ਦੀ ਬਲ਼ੀ ਚੜ੍ਹਾਈ।
14 ਦਾਊਦ ਸਾਰਾ ਜ਼ੋਰ ਲਾ ਕੇ ਯਹੋਵਾਹ ਅੱਗੇ ਨੱਚ ਰਿਹਾ ਸੀ; ਦਾਊਦ ਨੇ ਮਲਮਲ ਦਾ ਏਫ਼ੋਦ ਪਾਇਆ ਹੋਇਆ ਸੀ।*+ 15 ਦਾਊਦ ਅਤੇ ਇਜ਼ਰਾਈਲ ਦੇ ਘਰਾਣੇ ਦੇ ਸਾਰੇ ਲੋਕ ਖ਼ੁਸ਼ੀ ਨਾਲ ਜੈਕਾਰੇ ਲਾਉਂਦੇ+ ਤੇ ਨਰਸਿੰਗਾ ਵਜਾਉਂਦੇ ਹੋਏ+ ਯਹੋਵਾਹ ਦੇ ਸੰਦੂਕ+ ਨੂੰ ਲਿਆ ਰਹੇ ਸਨ। 16 ਪਰ ਜਦੋਂ ਯਹੋਵਾਹ ਦਾ ਸੰਦੂਕ ਦਾਊਦ ਦੇ ਸ਼ਹਿਰ ਆਇਆ, ਤਾਂ ਸ਼ਾਊਲ ਦੀ ਧੀ ਮੀਕਲ+ ਨੇ ਖਿੜਕੀ ਵਿੱਚੋਂ ਦੀ ਥੱਲੇ ਦੇਖਿਆ ਕਿ ਦਾਊਦ ਯਹੋਵਾਹ ਅੱਗੇ ਨੱਚਦਾ-ਟੱਪਦਾ ਤੇ ਲੁੱਡੀਆਂ ਪਾਉਂਦਾ ਆ ਰਿਹਾ ਸੀ; ਅਤੇ ਉਹ ਦਿਲ ਵਿਚ ਉਸ ਨੂੰ ਤੁੱਛ ਸਮਝਣ ਲੱਗੀ।+ 17 ਉਹ ਯਹੋਵਾਹ ਦਾ ਸੰਦੂਕ ਉਸ ਤੰਬੂ ਵਿਚ ਲੈ ਆਏ ਜੋ ਦਾਊਦ ਨੇ ਇਸ ਵਾਸਤੇ ਲਾਇਆ ਸੀ ਅਤੇ ਉਨ੍ਹਾਂ ਨੇ ਇਸ ਨੂੰ ਠਹਿਰਾਈ ਹੋਈ ਜਗ੍ਹਾ ʼਤੇ ਰੱਖ ਦਿੱਤਾ।+ ਫਿਰ ਦਾਊਦ ਨੇ ਯਹੋਵਾਹ ਅੱਗੇ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾਈਆਂ।+ 18 ਜਦੋਂ ਦਾਊਦ ਹੋਮ-ਬਲ਼ੀਆਂ ਤੇ ਸ਼ਾਂਤੀ-ਬਲ਼ੀਆਂ ਚੜ੍ਹਾ ਚੁੱਕਾ, ਤਾਂ ਉਸ ਨੇ ਸੈਨਾਵਾਂ ਦੇ ਯਹੋਵਾਹ ਦੇ ਨਾਂ ʼਤੇ ਲੋਕਾਂ ਨੂੰ ਅਸੀਸ ਦਿੱਤੀ। 19 ਇਸ ਤੋਂ ਬਾਅਦ ਉਸ ਨੇ ਸਾਰੇ ਲੋਕਾਂ ਯਾਨੀ ਇਜ਼ਰਾਈਲ ਦੀ ਸਾਰੀ ਭੀੜ ਵਿੱਚੋਂ ਹਰੇਕ ਆਦਮੀ ਤੇ ਔਰਤ ਨੂੰ ਛੱਲੇ ਵਰਗੀ ਇਕ ਰੋਟੀ, ਖਜੂਰਾਂ ਦੀ ਇਕ ਟਿੱਕੀ ਤੇ ਸੌਗੀਆਂ ਦੀ ਇਕ ਟਿੱਕੀ ਦਿੱਤੀ ਤੇ ਫਿਰ ਸਾਰੇ ਲੋਕ ਆਪੋ-ਆਪਣੇ ਘਰ ਚਲੇ ਗਏ।
20 ਫਿਰ ਜਦੋਂ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ, ਤਾਂ ਸ਼ਾਊਲ ਦੀ ਧੀ ਮੀਕਲ+ ਉਸ ਨੂੰ ਮਿਲਣ ਲਈ ਬਾਹਰ ਆਈ। ਉਸ ਨੇ ਕਿਹਾ: “ਵਾਹ! ਇਜ਼ਰਾਈਲ ਦੇ ਰਾਜੇ ਨੇ ਅੱਜ ਕਿੰਨੀ ਸ਼ਾਨ ਦਿਖਾਈ ਜਦੋਂ ਉਸ ਨੇ ਆਪਣੇ ਨੌਕਰਾਂ ਦੀਆਂ ਦਾਸੀਆਂ ਸਾਮ੍ਹਣੇ ਆਪਣੇ ਆਪ ਨੂੰ ਨੰਗਾ ਕੀਤਾ ਜਿਵੇਂ ਕੋਈ ਮੂਰਖ ਸ਼ਰੇਆਮ ਆਪਣੇ ਆਪ ਨੂੰ ਨੰਗਾ ਕਰਦਾ ਹੈ!”+ 21 ਇਹ ਸੁਣ ਕੇ ਦਾਊਦ ਨੇ ਮੀਕਲ ਨੂੰ ਕਿਹਾ: “ਮੈਂ ਯਹੋਵਾਹ ਅੱਗੇ ਜਸ਼ਨ ਮਨਾ ਰਿਹਾ ਸੀ ਜਿਸ ਨੇ ਤੇਰੇ ਪਿਤਾ ਅਤੇ ਉਸ ਦੇ ਸਾਰੇ ਘਰਾਣੇ ਦੀ ਜਗ੍ਹਾ ਮੈਨੂੰ ਚੁਣਿਆ ਤੇ ਯਹੋਵਾਹ ਦੀ ਪਰਜਾ ਇਜ਼ਰਾਈਲ ਦਾ ਆਗੂ ਨਿਯੁਕਤ ਕੀਤਾ।+ ਇਸ ਲਈ ਮੈਂ ਯਹੋਵਾਹ ਅੱਗੇ ਜਸ਼ਨ ਮਨਾਵਾਂਗਾ 22 ਅਤੇ ਮੈਂ ਤਾਂ ਇਸ ਤੋਂ ਵੀ ਜ਼ਿਆਦਾ ਨੀਚ ਬਣਾਂਗਾ ਤੇ ਆਪਣੀਆਂ ਨਜ਼ਰਾਂ ਵਿਚ ਵੀ ਨੀਵਾਂ ਬਣਾਂਗਾ। ਪਰ ਜਿਨ੍ਹਾਂ ਦਾਸੀਆਂ ਦਾ ਤੂੰ ਜ਼ਿਕਰ ਕੀਤਾ ਹੈ, ਉਹ ਮੇਰੀ ਵਡਿਆਈ ਕਰਨਗੀਆਂ।” 23 ਇਸ ਲਈ ਸ਼ਾਊਲ ਦੀ ਧੀ ਮੀਕਲ+ ਮਰਨ ਦੇ ਦਿਨ ਤਕ ਮਾਂ ਨਹੀਂ ਬਣੀ।