ਦੂਜਾ ਸਮੂਏਲ
19 ਯੋਆਬ ਨੂੰ ਖ਼ਬਰ ਦਿੱਤੀ ਗਈ: “ਰਾਜਾ ਰੋ ਰਿਹਾ ਹੈ ਅਤੇ ਅਬਸ਼ਾਲੋਮ ਦਾ ਸੋਗ ਮਨਾ ਰਿਹਾ ਹੈ।”+ 2 ਇਸ ਲਈ ਸਾਰੇ ਲੋਕਾਂ ਲਈ ਜਿੱਤ* ਉਸ ਦਿਨ ਮਾਤਮ ਵਿਚ ਬਦਲ ਗਈ ਕਿਉਂਕਿ ਉਨ੍ਹਾਂ ਨੇ ਸੁਣਿਆ ਕਿ ਰਾਜਾ ਆਪਣੇ ਪੁੱਤਰ ਦਾ ਸੋਗ ਮਨਾ ਰਿਹਾ ਸੀ। 3 ਉਸ ਦਿਨ ਲੋਕ ਇਸ ਤਰ੍ਹਾਂ ਚੁੱਪ-ਚੁਪੀਤੇ ਸ਼ਹਿਰ ਨੂੰ ਵਾਪਸ ਚਲੇ ਗਏ+ ਜਿਵੇਂ ਯੁੱਧ ਵਿੱਚੋਂ ਭੱਜੇ ਲੋਕ ਸ਼ਰਮ ਦੇ ਮਾਰੇ ਚਲੇ ਜਾਂਦੇ ਹਨ। 4 ਰਾਜੇ ਨੇ ਆਪਣਾ ਮੂੰਹ ਢਕ ਲਿਆ ਅਤੇ ਉਹ ਰੋਂਦੇ-ਰੋਂਦੇ ਉੱਚੀ ਆਵਾਜ਼ ਵਿਚ ਕਹਿ ਰਿਹਾ ਸੀ: “ਹਾਇ! ਮੇਰੇ ਪੁੱਤਰ ਅਬਸ਼ਾਲੋਮ! ਅਬਸ਼ਾਲੋਮ ਮੇਰੇ ਪੁੱਤਰ, ਮੇਰੇ ਪੁੱਤਰ!”+
5 ਫਿਰ ਯੋਆਬ ਰਾਜੇ ਕੋਲ ਉਸ ਦੇ ਘਰ ਗਿਆ ਅਤੇ ਕਹਿਣ ਲੱਗਾ: “ਅੱਜ ਤੂੰ ਆਪਣੇ ਸਾਰੇ ਸੇਵਕਾਂ ਨੂੰ ਸ਼ਰਮਸਾਰ ਕੀਤਾ ਜਿਨ੍ਹਾਂ ਨੇ ਅੱਜ ਤੇਰੀ, ਤੇਰੇ ਧੀਆਂ-ਪੁੱਤਰਾਂ,+ ਤੇਰੀਆਂ ਪਤਨੀਆਂ ਅਤੇ ਤੇਰੀਆਂ ਰਖੇਲਾਂ ਦੀ ਜਾਨ ਬਚਾਈ।+ 6 ਤੂੰ ਉਨ੍ਹਾਂ ਨੂੰ ਪਿਆਰ ਕਰਦਾ ਹੈਂ ਜੋ ਤੇਰੇ ਨਾਲ ਨਫ਼ਰਤ ਕਰਦੇ ਹਨ ਅਤੇ ਉਨ੍ਹਾਂ ਨਾਲ ਨਫ਼ਰਤ ਕਰਦਾ ਹੈਂ ਜੋ ਤੈਨੂੰ ਪਿਆਰ ਕਰਦੇ ਹਨ। ਅੱਜ ਤੂੰ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਤੇਰੇ ਮੁਖੀ ਅਤੇ ਤੇਰੇ ਸੇਵਕ ਤੇਰੇ ਲਈ ਕੋਈ ਮਾਅਨੇ ਨਹੀਂ ਰੱਖਦੇ। ਮੈਂ ਯਕੀਨ ਨਾਲ ਕਹਿ ਸਕਦਾਂ ਕਿ ਜੇ ਅਬਸ਼ਾਲੋਮ ਅੱਜ ਜੀਉਂਦਾ ਹੁੰਦਾ ਅਤੇ ਅਸੀਂ ਸਾਰੇ ਮਰ ਗਏ ਹੁੰਦੇ, ਤਾਂ ਤੇਰੇ ਲਈ ਠੀਕ ਹੋਣਾ ਸੀ। 7 ਹੁਣ ਉੱਠ, ਬਾਹਰ ਜਾਹ ਅਤੇ ਆਪਣੇ ਸੇਵਕਾਂ ਨੂੰ ਹੌਸਲਾ ਦੇ* ਕਿਉਂਕਿ ਯਹੋਵਾਹ ਦੀ ਸਹੁੰ, ਜੇ ਤੂੰ ਬਾਹਰ ਨਾ ਗਿਆ, ਤਾਂ ਅੱਜ ਰਾਤ ਇਕ ਵੀ ਆਦਮੀ ਤੇਰੇ ਕੋਲ ਨਹੀਂ ਟਿਕਣਾ। ਇਹ ਤੇਰੇ ਲਈ ਉਨ੍ਹਾਂ ਸਾਰੇ ਦੁੱਖਾਂ ਨਾਲੋਂ ਜ਼ਿਆਦਾ ਦੁਖਦਾਈ ਹੋਵੇਗਾ ਜੋ ਤੂੰ ਆਪਣੇ ਬਚਪਨ ਤੋਂ ਲੈ ਕੇ ਹੁਣ ਤਕ ਝੱਲੇ ਹਨ।” 8 ਇਸ ਲਈ ਰਾਜਾ ਉੱਠਿਆ ਅਤੇ ਸ਼ਹਿਰ ਦੇ ਦਰਵਾਜ਼ੇ ਵਿਚ ਬੈਠ ਗਿਆ ਅਤੇ ਸਾਰੇ ਲੋਕਾਂ ਨੂੰ ਇਹ ਦੱਸਿਆ ਗਿਆ: “ਰਾਜਾ ਸ਼ਹਿਰ ਦੇ ਦਰਵਾਜ਼ੇ ਵਿਚ ਬੈਠਾ ਹੈ।” ਫਿਰ ਸਾਰੇ ਲੋਕ ਰਾਜੇ ਅੱਗੇ ਹਾਜ਼ਰ ਹੋਏ।
ਪਰ ਹਾਰੇ ਹੋਏ ਇਜ਼ਰਾਈਲੀ ਆਪੋ-ਆਪਣੇ ਘਰਾਂ ਨੂੰ ਭੱਜ ਗਏ ਸਨ।+ 9 ਇਜ਼ਰਾਈਲ ਦੇ ਸਾਰੇ ਗੋਤਾਂ ਦੇ ਸਭ ਲੋਕ ਝਗੜਾ ਕਰਦੇ ਹੋਏ ਕਹਿ ਰਹੇ ਸਨ: “ਰਾਜੇ ਨੇ ਸਾਨੂੰ ਸਾਡੇ ਦੁਸ਼ਮਣਾਂ ਤੋਂ ਬਚਾਇਆ+ ਅਤੇ ਉਸ ਨੇ ਸਾਨੂੰ ਫਲਿਸਤੀਆਂ ਹੱਥੋਂ ਛੁਡਾਇਆ; ਪਰ ਹੁਣ ਉਹ ਅਬਸ਼ਾਲੋਮ ਕਰਕੇ ਦੇਸ਼ ਵਿੱਚੋਂ ਭੱਜ ਗਿਆ ਹੈ।+ 10 ਅਤੇ ਅਬਸ਼ਾਲੋਮ ਜਿਸ ਨੂੰ ਅਸੀਂ ਆਪਣੇ ਉੱਤੇ ਰਾਜਾ ਨਿਯੁਕਤ* ਕੀਤਾ ਸੀ,+ ਲੜਾਈ ਵਿਚ ਮਾਰਿਆ ਗਿਆ।+ ਤਾਂ ਫਿਰ, ਤੁਸੀਂ ਹੁਣ ਰਾਜੇ ਨੂੰ ਵਾਪਸ ਲਿਆਉਣ ਲਈ ਕੁਝ ਕਰ ਕਿਉਂ ਨਹੀਂ ਰਹੇ?”
11 ਰਾਜੇ ਨੇ ਸਾਦੋਕ+ ਅਤੇ ਅਬਯਾਥਾਰ+ ਪੁਜਾਰੀਆਂ ਨੂੰ ਇਹ ਸੰਦੇਸ਼ ਭੇਜਿਆ: “ਯਹੂਦਾਹ ਦੇ ਬਜ਼ੁਰਗਾਂ ਨਾਲ ਇਹ ਗੱਲ ਕਰੋ,+ ‘ਸਾਰੇ ਇਜ਼ਰਾਈਲ ਵੱਲੋਂ ਰਾਜੇ ਨੂੰ ਸੰਦੇਸ਼ ਆਇਆ ਹੈ, ਤਾਂ ਫਿਰ ਤੁਸੀਂ ਰਾਜੇ ਨੂੰ ਉਸ ਦੇ ਘਰ ਵਾਪਸ ਲਿਆਉਣ ਵਿਚ ਪਿੱਛੇ ਕਿਉਂ ਰਹਿ ਗਏ? 12 ਤੁਸੀਂ ਤਾਂ ਮੇਰੇ ਭਰਾ ਹੋ; ਤੁਸੀਂ ਮੇਰਾ ਆਪਣਾ ਖ਼ੂਨ ਹੋ।* ਫਿਰ ਤੁਸੀਂ ਰਾਜੇ ਨੂੰ ਵਾਪਸ ਲਿਆਉਣ ਵਿਚ ਸਭ ਤੋਂ ਪਿੱਛੇ ਕਿਉਂ ਹੋਵੋ?’ 13 ਅਤੇ ਤੁਸੀਂ ਅਮਾਸਾ+ ਨੂੰ ਕਹਿਓ: ‘ਕੀ ਤੂੰ ਮੇਰਾ ਆਪਣਾ ਖ਼ੂਨ ਨਹੀਂ ਹੈਂ?* ਜੇ ਮੈਂ ਤੈਨੂੰ ਯੋਆਬ ਦੀ ਜਗ੍ਹਾ ਆਪਣੀ ਫ਼ੌਜ ਦਾ ਮੁਖੀ ਨਾ ਬਣਾਇਆ, ਤਾਂ ਪਰਮੇਸ਼ੁਰ ਮੇਰੇ ਨਾਲ ਬੁਰੇ ਤੋਂ ਬੁਰਾ ਕਰੇ।’”+
14 ਇਸ ਤਰ੍ਹਾਂ ਉਸ ਨੇ ਯਹੂਦਾਹ ਦੇ ਸਾਰੇ ਆਦਮੀਆਂ ਦੇ ਦਿਲ ਜਿੱਤ ਲਏ ਅਤੇ ਉਨ੍ਹਾਂ ਨੇ ਰਾਜੇ ਨੂੰ ਸੰਦੇਸ਼ ਭੇਜਿਆ: “ਤੂੰ ਆਪਣੇ ਸਾਰੇ ਸੇਵਕਾਂ ਨਾਲ ਵਾਪਸ ਆ ਜਾਹ।”
15 ਰਾਜਾ ਵਾਪਸ ਜਾਣ ਲਈ ਤੁਰ ਪਿਆ ਤੇ ਯਰਦਨ ਪਹੁੰਚਿਆ ਅਤੇ ਯਹੂਦਾਹ ਦੇ ਲੋਕ ਰਾਜੇ ਨੂੰ ਮਿਲਣ ਤੇ ਉਸ ਨੂੰ ਯਰਦਨ ਪਾਰ ਕਰਾਉਣ ਲਈ ਗਿਲਗਾਲ+ ਨੂੰ ਆਏ। 16 ਫਿਰ ਬਹੁਰੀਮ ਦਾ ਰਹਿਣ ਵਾਲਾ ਬਿਨਯਾਮੀਨੀ ਸ਼ਿਮਈ,+ ਜੋ ਗੇਰਾ ਦਾ ਪੁੱਤਰ ਸੀ, ਯਹੂਦਾਹ ਦੇ ਆਦਮੀਆਂ ਨੂੰ ਨਾਲ ਲੈ ਕੇ ਜਲਦੀ-ਜਲਦੀ ਰਾਜਾ ਦਾਊਦ ਨੂੰ ਮਿਲਣ ਆਇਆ 17 ਅਤੇ ਬਿਨਯਾਮੀਨ ਤੋਂ 1,000 ਆਦਮੀ ਉਸ ਦੇ ਨਾਲ ਸਨ। ਸ਼ਾਊਲ ਦੇ ਘਰਾਣੇ ਦਾ ਸੇਵਾਦਾਰ ਸੀਬਾ+ ਵੀ ਆਪਣੇ 15 ਪੁੱਤਰਾਂ ਅਤੇ 20 ਸੇਵਕਾਂ ਨਾਲ ਰਾਜੇ ਦੇ ਆਉਣ ਤੋਂ ਪਹਿਲਾਂ ਛੇਤੀ-ਛੇਤੀ ਯਰਦਨ ਪਹੁੰਚ ਗਿਆ ਸੀ। 18 ਉਸ* ਨੇ ਘਾਟ ਪਾਰ ਕੀਤਾ ਤਾਂਕਿ ਉਹ ਰਾਜੇ ਦੇ ਘਰਾਣੇ ਨੂੰ ਲਿਆਵੇ ਅਤੇ ਰਾਜੇ ਦੀ ਇੱਛਾ ਮੁਤਾਬਕ ਕੰਮ ਕਰੇ। ਪਰ ਜਦੋਂ ਰਾਜਾ ਯਰਦਨ ਪਾਰ ਕਰਨ ਹੀ ਵਾਲਾ ਸੀ, ਤਾਂ ਗੇਰਾ ਦੇ ਪੁੱਤਰ ਸ਼ਿਮਈ ਨੇ ਗੋਡਿਆਂ ਭਾਰ ਬੈਠ ਕੇ ਉਸ ਅੱਗੇ ਸਿਰ ਨਿਵਾਇਆ। 19 ਉਸ ਨੇ ਰਾਜੇ ਨੂੰ ਕਿਹਾ: “ਮੇਰਾ ਪ੍ਰਭੂ ਅਤੇ ਮਹਾਰਾਜ ਮੈਨੂੰ ਦੋਸ਼ੀ ਨਾ ਸਮਝੇ ਅਤੇ ਆਪਣੇ ਸੇਵਕ ਦੀ ਉਹ ਗ਼ਲਤੀ ਯਾਦ ਨਾ ਕਰੇ ਜੋ ਤੇਰੇ ਸੇਵਕ ਨੇ ਉਸ ਦਿਨ ਕੀਤੀ ਸੀ+ ਜਦੋਂ ਮੇਰਾ ਮਹਾਰਾਜ ਯਰੂਸ਼ਲਮ ਤੋਂ ਬਾਹਰ ਗਿਆ। ਰਾਜਾ ਇਸ ਗੱਲ ਨੂੰ ਦਿਲ ʼਤੇ ਨਾ ਲਾਵੇ 20 ਕਿਉਂਕਿ ਤੇਰਾ ਸੇਵਕ ਚੰਗੀ ਤਰ੍ਹਾਂ ਜਾਣਦਾ ਹੈ ਕਿ ਮੈਂ ਪਾਪ ਕੀਤਾ ਹੈ; ਇਸ ਕਰਕੇ ਯੂਸੁਫ਼ ਦੇ ਘਰਾਣੇ ਵਿੱਚੋਂ ਸਭ ਤੋਂ ਪਹਿਲਾਂ ਮੈਂ ਹੀ ਆਪਣੇ ਪ੍ਰਭੂ ਅਤੇ ਮਹਾਰਾਜ ਨੂੰ ਮਿਲਣ ਲਈ ਆਇਆ ਹਾਂ।”
21 ਸਰੂਯਾਹ ਦੇ ਪੁੱਤਰ ਅਬੀਸ਼ਈ+ ਨੇ ਇਕਦਮ ਕਿਹਾ: “ਕੀ ਸ਼ਿਮਈ ਨੂੰ ਮੌਤ ਦੇ ਘਾਟ ਨਹੀਂ ਉਤਾਰਿਆ ਜਾਣਾ ਚਾਹੀਦਾ ਕਿਉਂਕਿ ਉਸ ਨੇ ਯਹੋਵਾਹ ਦੇ ਚੁਣੇ ਹੋਏ ਨੂੰ ਸਰਾਪ ਦਿੱਤਾ ਸੀ?”+ 22 ਪਰ ਦਾਊਦ ਨੇ ਕਿਹਾ: “ਹੇ ਸਰੂਯਾਹ ਦੇ ਪੁੱਤਰੋ, ਤੁਹਾਡਾ ਇਸ ਨਾਲ ਕੀ ਲੈਣਾ-ਦੇਣਾ+ ਜੋ ਤੁਸੀਂ ਅੱਜ ਮੇਰੇ ਖ਼ਿਲਾਫ਼ ਕੰਮ ਕਰੋ? ਕੀ ਅੱਜ ਦੇ ਦਿਨ ਇਜ਼ਰਾਈਲ ਵਿਚ ਕਿਸੇ ਨੂੰ ਮੌਤ ਦੇ ਘਾਟ ਉਤਾਰਿਆ ਜਾਣਾ ਚਾਹੀਦਾ? ਕੀ ਮੈਂ ਨਹੀਂ ਜਾਣਦਾ ਕਿ ਅੱਜ ਮੈਂ ਇਜ਼ਰਾਈਲ ʼਤੇ ਰਾਜਾ ਹਾਂ?” 23 ਫਿਰ ਰਾਜੇ ਨੇ ਸ਼ਿਮਈ ਨੂੰ ਕਿਹਾ: “ਤੂੰ ਨਹੀਂ ਮਰੇਂਗਾ।” ਅਤੇ ਰਾਜੇ ਨੇ ਉਸ ਨਾਲ ਸਹੁੰ ਖਾਧੀ।+
24 ਸ਼ਾਊਲ ਦਾ ਪੋਤਾ ਮਫੀਬੋਸ਼ਥ+ ਵੀ ਰਾਜੇ ਨੂੰ ਮਿਲਣ ਆਇਆ। ਰਾਜੇ ਦੇ ਜਾਣ ਦੇ ਦਿਨ ਤੋਂ ਲੈ ਕੇ ਉਸ ਦੇ ਸਹੀ-ਸਲਾਮਤ ਵਾਪਸ ਆਉਣ ਦੇ ਦਿਨ ਤਕ ਨਾ ਉਸ ਨੇ ਆਪਣੇ ਪੈਰਾਂ ਦੀ ਦੇਖ-ਭਾਲ ਕੀਤੀ, ਨਾ ਆਪਣੀਆਂ ਮੁੱਛਾਂ ਕੱਟੀਆਂ ਤੇ ਨਾ ਹੀ ਆਪਣੇ ਕੱਪੜੇ ਧੋਤੇ ਸਨ। 25 ਜਦੋਂ ਉਹ ਯਰੂਸ਼ਲਮ ਵਿਚ* ਰਾਜੇ ਨੂੰ ਮਿਲਣ ਆਇਆ, ਤਾਂ ਰਾਜੇ ਨੇ ਉਸ ਨੂੰ ਕਿਹਾ: “ਮਫੀਬੋਸ਼ਥ, ਤੂੰ ਮੇਰੇ ਨਾਲ ਕਿਉਂ ਨਹੀਂ ਗਿਆ ਸੀ?” 26 ਇਹ ਸੁਣ ਕੇ ਉਸ ਨੇ ਕਿਹਾ: “ਹੇ ਮੇਰੇ ਪ੍ਰਭੂ ਅਤੇ ਮਹਾਰਾਜ, ਮੇਰੇ ਸੇਵਕ+ ਨੇ ਮੇਰੇ ਨਾਲ ਚਲਾਕੀ ਖੇਡੀ। ਤੇਰਾ ਸੇਵਕ ਤਾਂ ਅਪਾਹਜ ਹੈ, ਇਸ ਲਈ ਤੇਰੇ ਸੇਵਕ ਨੇ ਕਿਹਾ, ‘ਮੇਰੇ ਲਈ ਗਧੇ ʼਤੇ ਕਾਠੀ ਪਾ ਤਾਂਕਿ ਮੈਂ ਉਸ ਉੱਤੇ ਸਵਾਰ ਹੋ ਕੇ ਰਾਜੇ ਨਾਲ ਜਾਵਾਂ।’+ 27 ਪਰ ਉਸ ਨੇ ਮੇਰੇ ਪ੍ਰਭੂ ਅਤੇ ਮਹਾਰਾਜ ਸਾਮ੍ਹਣੇ ਤੇਰੇ ਸੇਵਕ ʼਤੇ ਤੁਹਮਤ ਲਾਈ।+ ਪਰ ਮੇਰਾ ਮਹਾਰਾਜ ਤਾਂ ਸੱਚੇ ਪਰਮੇਸ਼ੁਰ ਦੇ ਦੂਤ ਵਰਗਾ ਹੈ, ਇਸ ਲਈ ਤੈਨੂੰ ਜੋ ਚੰਗਾ ਲੱਗੇ, ਤੂੰ ਕਰ। 28 ਮੇਰਾ ਪ੍ਰਭੂ ਅਤੇ ਮਹਾਰਾਜ ਮੇਰੇ ਪਿਤਾ ਦੇ ਸਾਰੇ ਘਰਾਣੇ ਨੂੰ ਮੌਤ ਦੇ ਘਾਟ ਉਤਾਰ ਸਕਦਾ ਸੀ, ਪਰ ਤੂੰ ਤਾਂ ਆਪਣੇ ਸੇਵਕ ਨੂੰ ਉਨ੍ਹਾਂ ਵਿਚ ਬਿਠਾਇਆ ਜੋ ਤੇਰੇ ਮੇਜ਼ ਤੋਂ ਖਾਂਦੇ ਹਨ।+ ਇਸ ਲਈ ਮੈਨੂੰ ਕੀ ਹੱਕ ਹੈ ਕਿ ਮੈਂ ਰਾਜੇ ਅੱਗੇ ਹੋਰ ਦੁਹਾਈ ਦਿਆਂ?”
29 ਪਰ ਰਾਜੇ ਨੇ ਉਸ ਨੂੰ ਕਿਹਾ: “ਤੂੰ ਕਿਉਂ ਮੇਰੇ ਨਾਲ ਇਹੀ ਗੱਲ ਕਰੀਂ ਜਾਂਦਾ? ਮੈਂ ਫ਼ੈਸਲਾ ਕਰ ਲਿਆ ਹੈ ਕਿ ਤੂੰ ਅਤੇ ਸੀਬਾ ਜ਼ਮੀਨ ਆਪਸ ਵਿਚ ਵੰਡ ਲਓ।”+ 30 ਇਹ ਸੁਣ ਕੇ ਮਫੀਬੋਸ਼ਥ ਨੇ ਰਾਜੇ ਨੂੰ ਕਿਹਾ: “ਉਹ ਚਾਹੇ ਸਾਰੀ ਜ਼ਮੀਨ ਰੱਖ ਲਵੇ। ਮੇਰੇ ਲਈ ਇੰਨਾ ਹੀ ਬਹੁਤ ਹੈ ਕਿ ਮੇਰਾ ਪ੍ਰਭੂ ਅਤੇ ਮਹਾਰਾਜ ਸਹੀ-ਸਲਾਮਤ ਆਪਣੇ ਘਰ ਵਾਪਸ ਆ ਗਿਆ।”
31 ਫਿਰ ਗਿਲਆਦ ਦਾ ਬਰਜ਼ਿੱਲਈ+ ਰੋਗਲੀਮ ਤੋਂ ਯਰਦਨ ਆਇਆ ਤਾਂਕਿ ਉਹ ਰਾਜੇ ਨੂੰ ਯਰਦਨ ਪਾਰ ਕਰਾਵੇ। 32 ਬਰਜ਼ਿੱਲਈ ਬਹੁਤ ਬੁੱਢਾ ਸੀ ਤੇ ਉਸ ਦੀ ਉਮਰ 80 ਸਾਲ ਸੀ। ਜਦੋਂ ਰਾਜਾ ਮਹਨਾਇਮ ਵਿਚ ਠਹਿਰਿਆ ਹੋਇਆ ਸੀ, ਤਾਂ ਉਸ ਦੌਰਾਨ ਉਹ ਰਾਜੇ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦਿੰਦਾ ਰਿਹਾ+ ਕਿਉਂਕਿ ਉਹ ਬਹੁਤ ਹੀ ਅਮੀਰ ਆਦਮੀ ਸੀ। 33 ਇਸ ਲਈ ਰਾਜੇ ਨੇ ਬਰਜ਼ਿੱਲਈ ਨੂੰ ਕਿਹਾ: “ਮੇਰੇ ਨਾਲ ਦਰਿਆ ਪਾਰ ਚੱਲ ਅਤੇ ਤੂੰ ਯਰੂਸ਼ਲਮ ਵਿਚ ਮੇਰੇ ਨਾਲ ਖਾਇਆ-ਪੀਆ ਕਰੀਂ।”+ 34 ਪਰ ਬਰਜ਼ਿੱਲਈ ਨੇ ਰਾਜੇ ਨੂੰ ਕਿਹਾ: “ਮੇਰੀ ਜ਼ਿੰਦਗੀ ਦੇ ਦਿਨ* ਹੀ ਕਿੰਨੇ ਕੁ ਬਚੇ ਹਨ ਕਿ ਮੈਂ ਰਾਜੇ ਨਾਲ ਯਰੂਸ਼ਲਮ ਜਾਵਾਂ? 35 ਅੱਜ ਮੈਂ 80 ਸਾਲਾਂ ਦਾ ਹਾਂ।+ ਕੀ ਮੈਂ ਚੰਗੇ-ਬੁਰੇ ਵਿਚ ਫ਼ਰਕ ਕਰ ਸਕਦਾ ਹਾਂ? ਕੀ ਤੇਰਾ ਸੇਵਕ ਖਾਣ-ਪੀਣ ਦਾ ਸੁਆਦ ਮਾਣ ਸਕਦਾ ਹੈ? ਕੀ ਮੈਂ ਹੁਣ ਗਾਇਕਾਂ ਅਤੇ ਗਾਇਕਾਵਾਂ ਦੀ ਆਵਾਜ਼ ਸੁਣ ਸਕਦਾ ਹਾਂ?+ ਫਿਰ ਕਿਉਂ ਤੇਰਾ ਸੇਵਕ ਆਪਣੇ ਪ੍ਰਭੂ ਅਤੇ ਮਹਾਰਾਜ ʼਤੇ ਵਾਧੂ ਬੋਝ ਬਣੇ? 36 ਇੰਨਾ ਹੀ ਕਾਫ਼ੀ ਹੈ ਕਿ ਤੇਰਾ ਸੇਵਕ ਰਾਜੇ ਨੂੰ ਯਰਦਨ ਲਿਆ ਸਕਿਆ। ਰਾਜਾ ਮੈਨੂੰ ਬਦਲੇ ਵਿਚ ਇਸ ਇਨਾਮ ਨਾਲ ਕਿਉਂ ਨਿਵਾਜੇ? 37 ਕਿਰਪਾ ਕਰ ਕੇ ਆਪਣੇ ਸੇਵਕ ਨੂੰ ਵਾਪਸ ਜਾਣ ਦੇ ਅਤੇ ਮੈਨੂੰ ਆਪਣੇ ਸ਼ਹਿਰ ਵਿਚ ਮਰਨ ਦੇ ਜਿੱਥੇ ਮੇਰੇ ਪਿਤਾ ਅਤੇ ਮੇਰੀ ਮਾਤਾ ਦੀ ਕਬਰ ਹੈ।+ ਇਹ ਤੇਰਾ ਸੇਵਕ ਕਿਮਹਾਮ ਹੈ।+ ਮੇਰਾ ਪ੍ਰਭੂ ਅਤੇ ਮਹਾਰਾਜ ਇਸ ਨੂੰ ਆਪਣੇ ਨਾਲ ਦਰਿਆ ਪਾਰ ਲੈ ਜਾਵੇ ਅਤੇ ਤੂੰ ਇਸ ਲਈ ਉਹੀ ਕਰੀਂ ਜੋ ਤੈਨੂੰ ਚੰਗਾ ਲੱਗੇ।”
38 ਇਸ ਲਈ ਰਾਜੇ ਨੇ ਕਿਹਾ: “ਕਿਮਹਾਮ ਮੇਰੇ ਨਾਲ ਦਰਿਆ ਪਾਰ ਜਾਵੇਗਾ ਅਤੇ ਮੈਂ ਉਸ ਲਈ ਉਹੀ ਕਰਾਂਗਾ ਜੋ ਤੈਨੂੰ ਚੰਗਾ ਲੱਗੇ; ਤੂੰ ਮੇਰੇ ਤੋਂ ਜੋ ਮੰਗੇਂਗਾ, ਮੈਂ ਤੇਰੇ ਲਈ ਕਰਾਂਗਾ।” 39 ਸਾਰੇ ਲੋਕ ਯਰਦਨ ਪਾਰ ਕਰਨ ਲੱਗੇ ਅਤੇ ਜਦੋਂ ਰਾਜਾ ਪਾਰ ਲੰਘਿਆ, ਤਾਂ ਰਾਜੇ ਨੇ ਬਰਜ਼ਿੱਲਈ ਨੂੰ ਚੁੰਮਿਆ+ ਅਤੇ ਉਸ ਨੂੰ ਅਸੀਸ ਦਿੱਤੀ; ਬਰਜ਼ਿੱਲਈ ਘਰ ਵਾਪਸ ਮੁੜ ਗਿਆ। 40 ਜਦੋਂ ਰਾਜਾ ਉਸ ਪਾਰ ਗਿਲਗਾਲ+ ਪਹੁੰਚਿਆ, ਤਾਂ ਕਿਮਹਾਮ ਵੀ ਉਸ ਨਾਲ ਪਾਰ ਲੰਘਿਆ। ਯਹੂਦਾਹ ਦੇ ਸਾਰੇ ਲੋਕ ਅਤੇ ਇਜ਼ਰਾਈਲ ਦੇ ਅੱਧੇ ਲੋਕ ਰਾਜੇ ਨੂੰ ਪਾਰ ਲੈ ਆਏ।+
41 ਫਿਰ ਇਜ਼ਰਾਈਲ ਦੇ ਸਾਰੇ ਆਦਮੀ ਰਾਜੇ ਕੋਲ ਆਏ ਅਤੇ ਕਹਿਣ ਲੱਗੇ: “ਸਾਡੇ ਭਰਾ ਯਾਨੀ ਯਹੂਦਾਹ ਦੇ ਇਹ ਆਦਮੀ ਤੈਨੂੰ, ਤੇਰੇ ਘਰਾਣੇ ਨੂੰ ਅਤੇ ਦਾਊਦ ਦੇ ਸਾਰੇ ਆਦਮੀਆਂ ਨੂੰ ਕਿਉਂ ਚੋਰੀ-ਛਿਪੇ ਯਰਦਨ ਪਾਰ ਲੈ ਆਏ?”+ 42 ਯਹੂਦਾਹ ਦੇ ਸਾਰੇ ਆਦਮੀਆਂ ਨੇ ਇਜ਼ਰਾਈਲ ਦੇ ਆਦਮੀਆਂ ਨੂੰ ਜਵਾਬ ਦਿੱਤਾ: “ਕਿਉਂਕਿ ਰਾਜਾ ਸਾਡਾ ਰਿਸ਼ਤੇਦਾਰ ਹੈ।+ ਤੁਸੀਂ ਇਸ ਗੱਲ ਕਰਕੇ ਕਿਉਂ ਗੁੱਸੇ ਹੁੰਦੇ ਹੋ? ਅਸੀਂ ਕਿਹੜਾ ਰਾਜੇ ਦਾ ਕੁਝ ਖਾ ਲਿਆ ਜਾਂ ਸਾਨੂੰ ਕਿਹੜਾ ਕੋਈ ਤੋਹਫ਼ਾ ਦਿੱਤਾ ਗਿਆ ਹੈ?”
43 ਪਰ ਇਜ਼ਰਾਈਲ ਦੇ ਆਦਮੀਆਂ ਨੇ ਯਹੂਦਾਹ ਦੇ ਆਦਮੀਆਂ ਨੂੰ ਜਵਾਬ ਦਿੱਤਾ: “ਰਾਜ ਵਿਚ ਸਾਡੇ ਦਸ ਹਿੱਸੇ ਹਨ, ਇਸ ਲਈ ਦਾਊਦ ਉੱਤੇ ਤੁਹਾਡੇ ਨਾਲੋਂ ਜ਼ਿਆਦਾ ਸਾਡਾ ਹੱਕ ਬਣਦਾ ਹੈ। ਫਿਰ ਕਿਉਂ ਤੁਸੀਂ ਸਾਡਾ ਅਪਮਾਨ ਕੀਤਾ? ਕੀ ਇਹ ਸਹੀ ਨਹੀਂ ਸੀ ਹੋਣਾ ਕਿ ਰਾਜੇ ਨੂੰ ਵਾਪਸ ਲਿਆਉਣ ਲਈ ਪਹਿਲਾਂ ਅਸੀਂ ਜਾਂਦੇ?” ਪਰ ਯਹੂਦਾਹ ਦੇ ਆਦਮੀਆਂ ਦੀਆਂ ਗੱਲਾਂ ਵਿਚ ਇਜ਼ਰਾਈਲ ਦੇ ਆਦਮੀਆਂ ਦੀਆਂ ਗੱਲਾਂ ਨਾਲੋਂ ਜ਼ਿਆਦਾ ਵਜ਼ਨ ਸੀ।*