ਝੂਠੇ ਗੁਰੂਆਂ ਤੋਂ ਖ਼ਬਰਦਾਰ ਰਹੋ!
“ਤੁਹਾਡੇ ਵਿੱਚ ਭੀ ਝੂਠੇ ਗੁਰੂ ਹੋਣਗੇ।”—2 ਪਤਰਸ 2:1.
1. ਯਹੂਦਾਹ ਕਿਸ ਚੀਜ਼ ਬਾਰੇ ਲਿਖਣ ਦਾ ਇਰਾਦਾ ਰੱਖਦਾ ਸੀ, ਅਤੇ ਉਸ ਨੇ ਆਪਣਾ ਵਿਸ਼ਾ ਕਿਉਂ ਬਦਲ ਲਿਆ?
ਕਿੰਨੀ ਅਚੰਭੇ ਦੀ ਗੱਲ! ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿਚ ਝੂਠੇ ਗੁਰੂ! (ਮੱਤੀ 7:15; ਰਸੂਲਾਂ ਦੇ ਕਰਤੱਬ 20:29, 30) ਯਿਸੂ ਦਾ ਮਤਰੇਆ ਭਰਾ ਯਹੂਦਾਹ ਇਸ ਵਿਕਾਸ ਬਾਰੇ ਜਾਣਦਾ ਸੀ। ਉਸ ਨੇ ਕਿਹਾ ਕਿ ਉਹ ਸੰਗੀ ਵਿਸ਼ਵਾਸੀਆਂ ਨੂੰ “[ਆਪਣੀ] ਸਾਂਝੀ ਮੁਕਤੀ ਦੇ ਵਿਖੇ” ਲਿਖਣ ਦਾ ਇਰਾਦਾ ਰੱਖਦਾ ਸੀ, ਪਰੰਤੂ ਉਸ ਨੇ ਵਿਆਖਿਆ ਕੀਤੀ: “ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਓਸ ਨਿਹਚਾ ਦੇ ਲਈ . . . ਜਤਨ ਕਰੋ।” ਯਹੂਦਾਹ ਨੇ ਆਪਣਾ ਵਿਸ਼ਾ ਕਿਉਂ ਬਦਲ ਲਿਆ ਸੀ? ਕਿਉਂਕਿ, ਉਸ ਨੇ ਕਿਹਾ, “ਕਈ ਮਨੁੱਖ [ਕਲੀਸਿਯਾਵਾਂ ਵਿਚ] ਚੋਰੀਂ ਆ ਵੜੇ ਹਨ ਜਿਹੜੇ . . . ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ।”—ਯਹੂਦਾਹ 3, 4.
2. ਦੂਜਾ ਪਤਰਸ ਅਧਿਆਇ 2 ਅਤੇ ਯਹੂਦਾਹ ਇੰਨੇ ਮਿਲਦੇ-ਜੁਲਦੇ ਕਿਉਂ ਹਨ?
2 ਜ਼ਾਹਰਾ ਤੌਰ ਤੇ, ਯਹੂਦਾਹ ਨੇ ਆਪਣੀ ਪੱਤਰੀ ਪਤਰਸ ਵੱਲੋਂ ਆਪਣੀ ਦੂਜੀ ਪੱਤਰੀ ਲਿਖਣ ਤੋਂ ਥੋੜ੍ਹੇ ਹੀ ਸਮੇਂ ਬਾਅਦ ਲਿਖੀ ਸੀ। ਬਿਨਾਂ ਸ਼ੱਕ, ਯਹੂਦਾਹ ਇਸ ਪੱਤਰੀ ਤੋਂ ਜਾਣੂ ਸੀ। ਯਕੀਨਨ, ਉਸ ਨੇ ਆਪਣੀ ਖ਼ੁਦ ਦੀ ਉਪਦੇਸ਼ ਭਰੀ ਸ਼ਕਤੀਸ਼ਾਲੀ ਪੱਤਰੀ ਵਿਚ ਅਨੇਕ ਤੁਲਨਾਤਮਕ ਵਿਚਾਰ ਪੇਸ਼ ਕੀਤੇ ਸਨ। ਇਸ ਕਰਕੇ, ਜਿਉਂ-ਜਿਉਂ ਅਸੀਂ 2 ਪਤਰਸ ਦੇ ਅਧਿਆਇ 2 ਦੀ ਜਾਂਚ ਕਰਦੇ ਹਾਂ, ਅਸੀਂ ਦੇਖਾਂਗੇ ਕਿ ਇਹ ਯਹੂਦਾਹ ਦੀ ਪੱਤਰੀ ਨਾਲ ਕਿੰਨੀ ਸਾਮਾਨ ਹੈ।
ਝੂਠੀਆਂ ਸਿੱਖਿਆਵਾਂ ਦੇ ਨਤੀਜੇ
3. ਅਤੀਤ ਵਿਚ ਕੀ ਵਾਪਰਿਆ ਸੀ ਜੋ ਪਤਰਸ ਕਹਿੰਦਾ ਹੈ ਕਿ ਫਿਰ ਤੋਂ ਵਾਪਰੇਗਾ?
3 ਪਤਰਸ ਆਪਣੇ ਭਰਾਵਾਂ ਨੂੰ ਅਗੰਮ ਵਾਕ ਉੱਤੇ ਧਿਆਨ ਦੇਣ ਲਈ ਪ੍ਰੇਰਿਤ ਕਰਨ ਤੋਂ ਬਾਅਦ ਕਹਿੰਦਾ ਹੈ: “ਪਰ [ਪ੍ਰਾਚੀਨ ਇਸਰਾਏਲ] ਵਿੱਚ ਝੂਠੇ ਨਬੀ ਵੀ ਉੱਠੇ ਜਿਵੇਂ ਤੁਹਾਡੇ ਵਿੱਚ ਭੀ ਝੂਠੇ ਗੁਰੂ ਹੋਣਗੇ।” (2 ਪਤਰਸ 1:14–2:1) ਪ੍ਰਾਚੀਨ ਸਮਿਆਂ ਵਿਚ ਪਰਮੇਸ਼ੁਰ ਦੇ ਲੋਕਾਂ ਨੂੰ ਸੱਚੀ ਭਵਿੱਖਬਾਣੀ ਹਾਸਲ ਹੋਈ, ਪਰੰਤੂ ਉਨ੍ਹਾਂ ਨੂੰ ਝੂਠੇ ਨਬੀਆਂ ਦੀਆਂ ਭ੍ਰਿਸ਼ਟ ਸਿੱਖਿਆਵਾਂ ਦਾ ਵੀ ਸਾਮ੍ਹਣਾ ਕਰਨਾ ਪਿਆ ਸੀ। (ਯਿਰਮਿਯਾਹ 6:13, 14; 28:1-3, 15) “ਯਰੂਸ਼ਲਮ ਦੇ ਨਬੀਆਂ ਵਿੱਚ ਮੈਂ ਇੱਕ ਡਰਾਉਣੀ ਗੱਲ ਵੇਖੀ,” ਯਿਰਮਿਯਾਹ ਨੇ ਲਿਖਿਆ, “ਓਹ ਜ਼ਨਾਹ ਕਰਦੇ ਅਤੇ ਮਕਰ ਨਾਲ ਚੱਲਦੇ ਹਨ।”—ਯਿਰਮਿਯਾਹ 23:14.
4. ਝੂਠੇ ਗੁਰੂ ਵਿਨਾਸ਼ ਦੇ ਯੋਗ ਕਿਉਂ ਹਨ?
4 ਇਸ ਦਾ ਵਰਣਨ ਕਰਦੇ ਹੋਏ ਕਿ ਝੂਠੇ ਗੁਰੂ ਮਸੀਹੀ ਕਲੀਸਿਯਾ ਵਿਚ ਕੀ ਕਰਨਗੇ, ਪਤਰਸ ਕਹਿੰਦਾ ਹੈ: “[ਉਹ] ਨਾਸ ਕਰਨ ਵਾਲੀਆਂ ਬਿੱਦਤਾਂ ਚੋਰੀ ਅੰਦਰ ਲਿਆਉਣਗੇ ਅਤੇ ਓਸ ਸੁਆਮੀ [ਯਿਸੂ ਮਸੀਹ] ਦਾ ਜਿਹ ਨੇ ਉਨ੍ਹਾਂ ਨੂੰ ਮੁੱਲ ਲਿਆ ਸੀ ਇਨਕਾਰ ਕਰ ਕੇ ਛੇਤੀ ਆਪਣਾ ਨਾਸ ਕਰਾਉਣਗੇ।” (2 ਪਤਰਸ 2:1; ਯਹੂਦਾਹ 4) ਪਹਿਲੀ ਸਦੀ ਦੀ ਸੰਪ੍ਰਦਾਇਕਤਾ ਦਾ ਅੰਤਲਾ ਨਤੀਜਾ, ਉਹ ਈਸਾਈ-ਜਗਤ ਹੈ ਜਿਸ ਨੂੰ ਅਸੀਂ ਅੱਜ ਜਾਣਦੇ ਹਾਂ। ਪਤਰਸ ਪ੍ਰਦਰਸ਼ਿਤ ਕਰਦਾ ਹੈ ਕਿ ਝੂਠੇ ਗੁਰੂ ਕਿਉਂ ਪੂਰੀ ਤਰ੍ਹਾਂ ਵਿਨਾਸ਼ ਦੇ ਯੋਗ ਹਨ: “ਬਹੁਤੇ ਉਨ੍ਹਾਂ ਦੇ ਲੁੱਚਪੁਣੇ ਦੇ ਮਗਰ ਲੱਗ ਤੁਰਨਗੇ ਅਤੇ ਉਨ੍ਹਾਂ ਦੇ ਕਾਰਨ ਸਚਿਆਈ ਦੇ ਮਾਰਗ ਦੀ ਬਦਨਾਮੀ ਕੀਤੀ ਜਾਵੇਗੀ।”—2 ਪਤਰਸ 2:2.
5. ਝੂਠੇ ਗੁਰੂ ਕਿਨ੍ਹਾਂ ਗੱਲਾਂ ਲਈ ਜ਼ਿੰਮੇਵਾਰ ਸਨ?
5 ਇਸ ਦੇ ਬਾਰੇ ਜ਼ਰਾ ਵਿਚਾਰ ਕਰੋ! ਝੂਠੇ ਗੁਰੂਆਂ ਦੇ ਪ੍ਰਭਾਵ ਕਾਰਨ, ਕਲੀਸਿਯਾਵਾਂ ਵਿਚ ਅਨੇਕ ਲੋਕ ਲੁੱਚਪੁਣੇ ਵਿਚ ਫੱਸ ਜਾਣਗੇ। ‘ਲੁੱਚਪੁਣਾ’ ਤਰਜਮਾ ਕੀਤਾ ਗਿਆ ਯੂਨਾਨੀ ਸ਼ਬਦ—ਬਦਕਾਰੀ, ਪੂਰੀ ਖੁੱਲ੍ਹ, ਅਸ਼ਲੀਲਤਾ, ਕਮਜਾਤ ਅਤੇ ਬੇਸ਼ਰਮ ਆਚਰਣ ਨੂੰ ਸੰਕੇਤ ਕਰਦਾ ਹੈ। ਪਤਰਸ ਨੇ ਪਹਿਲਾਂ ਹੀ ਕਿਹਾ ਸੀ ਕਿ ਮਸੀਹੀ “ਓਸ ਵਿਨਾਸ [“ਬਦਚਲਣੀ,” ਨਿ ਵ] ਤੋਂ ਛੁੱਟ” ਗਏ ਸਨ “ਜੋ ਕਾਮਨਾ ਦੇ ਕਾਰਨ ਜਗਤ ਵਿੱਚ ਹੈ।” (2 ਪਤਰਸ 1:4) ਪਰੰਤੂ ਕੁਝ ਵਿਅਕਤੀ ਉਸ ਭੈੜ ਵਿਚ ਵਾਪਸ ਚਲੇ ਜਾਣਗੇ, ਅਤੇ ਕਲੀਸਿਯਾਵਾਂ ਵਿਚ ਝੂਠੇ ਗੁਰੂ ਜ਼ਿਆਦਾਤਰ ਇਸ ਲਈ ਜ਼ਿੰਮੇਵਾਰ ਹੁੰਦੇ! ਇਸ ਤਰ੍ਹਾਂ ਸੱਚਾਈ ਦੇ ਮਾਰਗ ਦੀ ਬਦਨਾਮੀ ਹੁੰਦੀ। ਕਿੰਨੀ ਅਫ਼ਸੋਸ ਦੀ ਗੱਲ! ਨਿਸ਼ਚੇ ਹੀ, ਇਹ ਇਕ ਅਜਿਹਾ ਮਾਮਲਾ ਹੈ ਜਿਸ ਉੱਤੇ ਯਹੋਵਾਹ ਦੇ ਸਾਰੇ ਗਵਾਹਾਂ ਨੂੰ ਅੱਜ ਡੂੰਘਾ ਧਿਆਨ ਦੇਣਾ ਚਾਹੀਦਾ ਹੈ। ਸਾਨੂੰ ਇਹ ਕਦੇ ਵੀ ਨਹੀਂ ਭੁੱਲਣਾ ਚਾਹੀਦਾ ਹੈ ਕਿ ਅਸੀਂ ਆਪਣੇ ਆਚਰਣ ਦੁਆਰਾ ਜਾਂ ਤਾਂ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦੀ ਪ੍ਰਸ਼ੰਸਾ ਕਰ ਸਕਦੇ ਹਾਂ ਜਾਂ ਉਨ੍ਹਾਂ ਉੱਤੇ ਬਦਨਾਮੀ ਲਿਆ ਸਕਦੇ ਹਾਂ।—ਕਹਾਉਤਾਂ 27:11; ਰੋਮੀਆਂ 2:24.
ਝੂਠੀਆਂ ਸਿੱਖਿਆਵਾਂ ਨੂੰ ਆਰੰਭ ਕਰਨਾ
6. ਝੂਠੇ ਗੁਰੂਆਂ ਨੂੰ ਕੀ ਪ੍ਰੇਰਿਤ ਕਰਦਾ ਹੈ, ਅਤੇ ਜੋ ਉਹ ਚਾਹੁੰਦੇ ਹਨ ਉਸ ਨੂੰ ਉਹ ਕਿਵੇਂ ਭਾਲਦੇ ਹਨ?
6 ਬੁੱਧੀਮਤਾ ਨਾਲ ਅਸੀਂ ਧਿਆਨ ਦਿੰਦੇ ਹਾਂ ਕਿ ਝੂਠੇ ਗੁਰੂ ਆਪਣੀ ਭੈੜੀ ਸੋਚਣੀ ਕਿਵੇਂ ਆਰੰਭ ਕਰਦੇ ਹਨ। ਪਤਰਸ ਪਹਿਲਾਂ ਕਹਿੰਦਾ ਹੈ ਕਿ ਉਹ ਇਹ ਕੰਮ ਚੋਰੀ-ਚੋਰੀ, ਜਾਂ ਇਕ ਅਪ੍ਰਤੱਖ, ਚਲਾਕ ਤਰੀਕੇ ਨਾਲ ਕਰਦੇ ਹਨ। ਉਹ ਅੱਗੇ ਦੱਸਦਾ ਹੈ: “ਲੋਭ ਦੇ ਮਾਰੇ ਓਹ ਬਣਾਉਟ ਦੀਆਂ ਗੱਲਾਂ ਨਾਲ ਤੁਹਾਨੂੰ ਖੱਟੀ ਦਾ ਢੰਗ ਬਣਾ ਛੱਡਣਗੇ।” ਝੂਠੇ ਗੁਰੂਆਂ ਨੂੰ ਸੁਆਰਥੀ ਇੱਛਾਵਾਂ ਪ੍ਰੇਰਿਤ ਕਰਦੀਆਂ ਹਨ, ਜਿਵੇਂ ਦ ਜਰੂਸਲਮ ਬਾਈਬਲ ਦੇ ਤਰਜਮੇ ਵਿਚ ਜ਼ੋਰ ਦਿੱਤਾ ਗਿਆ ਹੈ: “ਉਹ ਕਪਟਪੂਰਣ ਗੱਲਾਂ ਨਾਲ ਤੁਹਾਨੂੰ ਆਪਣੇ ਲਈ ਖ਼ਰੀਦਣ ਲਈ ਬੇਚੈਨੀ ਨਾਲ ਕੋਸ਼ਿਸ਼ ਕਰਨਗੇ।” ਇਸੇ ਤਰ੍ਹਾਂ, ਜੇਮਜ਼ ਮੌਫ਼ਟ ਦਾ ਤਰਜਮਾ ਇੱਥੇ ਕਹਿੰਦਾ ਹੈ: “ਆਪਣੇ ਲਾਲਚ ਵਿਚ, ਉਹ ਮਕਰਭਰੀਆਂ ਦਲੀਲਬਾਜੀਆਂ ਨਾਲ ਤੁਹਾਨੂੰ ਲੁੱਟ ਲੈਣਗੇ।” (2 ਪਤਰਸ 2:1, 3) ਇਨ੍ਹਾਂ ਝੂਠੇ ਗੁਰੂਆਂ ਦੀਆਂ ਦਲੀਲਾਂ ਸ਼ਾਇਦ ਉਸ ਵਿਅਕਤੀ ਨੂੰ ਮੰਨਣਯੋਗ ਜਾਪਣ ਜਿਹੜਾ ਅਧਿਆਤਮਿਕ ਤੌਰ ਤੇ ਸਾਵਧਾਨ ਨਹੀਂ ਹੁੰਦਾ ਹੈ, ਪਰੰਤੂ ਉਨ੍ਹਾਂ ਦੇ ਸ਼ਬਦ ਲੋਕਾਂ ਨੂੰ ‘ਖ਼ਰੀਦਣ ਲਈ’ ਧਿਆਨ ਨਾਲ ਘੜੇ ਗਏ ਹਨ, ਅਤੇ ਧੋਖੇਬਾਜ਼ ਵਿਅਕਤੀਆਂ ਦੇ ਸੁਆਰਥੀ ਇਰਾਦਿਆਂ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਬਹਿਕਾਉਂਦੇ ਹਨ।
7. ਪਹਿਲੀ ਸਦੀ ਵਿਚ ਕਿਹੜਾ ਫ਼ਲਸਫ਼ਾ ਪ੍ਰਚਲਿਤ ਹੋਇਆ ਸੀ?
7 ਬਿਨਾਂ ਸ਼ੱਕ, ਪਹਿਲੀ ਸਦੀ ਦੇ ਝੂਠੇ ਗੁਰੂ ਉਸ ਸਮੇਂ ਦੀ ਵਰਤਮਾਨ ਦੁਨਿਆਵੀ ਸੋਚਣੀ ਤੋਂ ਪ੍ਰਭਾਵਿਤ ਸਨ। ਜਦੋਂ ਪਤਰਸ ਨੇ ਆਪਣੀ ਪੱਤਰੀ ਲਿਖੀ, ਉਦੋਂ ਨੌਸਟਿਕ ਮਤ ਨਾਮਕ ਇਕ ਫ਼ਲਸਫ਼ਾ ਪ੍ਰਚਲਿਤ ਹੋ ਰਿਹਾ ਸੀ। ਨੌਸਟਿਕ ਵਿਸ਼ਵਾਸ ਕਰਦੇ ਸਨ ਕਿ ਸਭ ਪਦਾਰਥ ਦੁਸ਼ਟ ਹਨ ਅਤੇ ਕੇਵਲ ਉਹੀ ਜੋ ਰੂਹਾਨੀ ਹੋਵੇ ਭਲਾ ਹੁੰਦਾ ਹੈ। ਇਸ ਕਰਕੇ, ਉਨ੍ਹਾਂ ਵਿੱਚੋਂ ਕੁਝ ਵਿਅਕਤੀਆਂ ਨੇ ਕਿਹਾ ਕਿ ਕੋਈ ਫ਼ਰਕ ਨਹੀਂ ਪੈਂਦਾ ਹੈ ਕਿ ਇਕ ਵਿਅਕਤੀ ਆਪਣੇ ਜਿਸਮਾਨੀ ਸਰੀਰ ਦੇ ਨਾਲ ਕੀ ਕਰਦਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਸਮਾਂ ਆਉਣ ਤੇ, ਮਾਨਵ ਕੋਲ ਇਹ ਸਰੀਰ ਹੀ ਨਹੀਂ ਰਹੇਗਾ। ਇਸ ਕਰਕੇ, ਉਨ੍ਹਾਂ ਨੇ ਸਿੱਟਾ ਕੱਢਿਆ ਕਿ ਸਰੀਰਕ ਪਾਪ—ਜਿਨ੍ਹਾਂ ਵਿਚ ਲਿੰਗੀ ਪਾਪ ਵੀ ਸ਼ਾਮਲ ਹਨ—ਮਹੱਤਵਪੂਰਣ ਨਹੀਂ ਹਨ। ਜ਼ਾਹਰਾ ਤੌਰ ਤੇ, ਅਜਿਹੇ ਵਿਚਾਰ ਕੁਝ ਵਿਅਕਤੀਆਂ ਉੱਤੇ ਪ੍ਰਭਾਵ ਪਾਉਣ ਲੱਗ ਪਏ ਜੋ ਮਸੀਹੀਅਤ ਦੇ ਪੈਰੋਕਾਰ ਹੋਣ ਦਾ ਦਾਅਵਾ ਕਰਦੇ ਸਨ।
8, 9. (ੳ) ਕਿਹੜੇ ਪੁੱਠੇ ਤਰਕ ਨੇ ਕੁਝ ਮੁਢਲੇ ਮਸੀਹੀਆਂ ਉੱਤੇ ਪ੍ਰਭਾਵ ਪਾਇਆ ਸੀ? (ਅ) ਯਹੂਦਾਹ ਦੇ ਅਨੁਸਾਰ, ਕਲੀਸਿਯਾਵਾਂ ਵਿਚ ਕੁਝ ਵਿਅਕਤੀ ਕੀ ਕਰ ਰਹੇ ਸਨ?
8 ਇਕ ਬਾਈਬਲ ਵਿਦਵਾਨ ਨੇ ਨੋਟ ਕੀਤਾ ਕਿ “ਚਰਚ ਵਿਚ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੇ ਕਿਰਪਾ ਦੇ ਸਿਧਾਂਤ,” ਜਾਂ “ਅਯੋਗ ਦਿਆਲਗੀ” ਦਾ ਗ਼ਲਤ ਪ੍ਰਯੋਗ ਕੀਤਾ। (ਅਫ਼ਸੀਆਂ 1:5-7, ਨਿ ਵ) ਉਸ ਵਿਦਵਾਨ ਦੇ ਅਨੁਸਾਰ, ਕੁਝ ਵਿਅਕਤੀਆਂ ਨੇ ਇਸ ਤਰ੍ਹਾਂ ਦੀ ਦਲੀਲ ਦਿੱਤੀ: “ਕੀ ਤੁਸੀਂ ਇਹ ਕਹਿੰਦੇ ਹੋ ਕਿ ਪਰਮੇਸ਼ੁਰ ਦੀ [ਅਯੋਗ ਦਿਆਲਗੀ] ਹਰੇਕ ਪਾਪ ਨੂੰ ਢਕਣ ਲਈ ਕਾਫ਼ੀ ਹੈ? . . . ਤਾਂ ਫਿਰ ਆਓ ਅਸੀਂ ਪਾਪ ਕਰਨਾ ਜਾਰੀ ਰੱਖੀਏ, ਕਿਉਂਕਿ ਪਰਮੇਸ਼ੁਰ ਦੀ [ਅਯੋਗ ਦਿਆਲਗੀ] ਹਰੇਕ ਪਾਪ ਨੂੰ ਮਿਟਾ ਸਕਦੀ ਹੈ। ਅਸਲ ਵਿਚ ਜਿੰਨਾ ਜ਼ਿਆਦਾ ਅਸੀਂ ਪਾਪ ਕਰਾਂਗੇ, ਪਰਮੇਸ਼ੁਰ ਦੀ [ਅਯੋਗ ਦਿਆਲਗੀ] ਨੂੰ ਕੰਮ ਕਰਨ ਦਾ ਉੱਨਾ ਹੀ ਮੌਕਾ ਮਿਲੇਗਾ।” ਕੀ ਤੁਸੀਂ ਕਦੇ ਵੀ ਅਜਿਹਾ ਪੁੱਠਾ ਤਰਕ ਸੁਣਿਆ ਹੈ?
9 ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਦਇਆ ਬਾਰੇ ਗ਼ਲਤ ਸੋਚਣੀ ਨੂੰ ਰੱਦ ਕਰਦੇ ਹੋਏ ਪੁੱਛਿਆ: “ਕੀ ਪਾਪ ਕਰਨ ਵਿੱਚ ਲੱਗੇ ਰਹੀਏ ਭਈ ਕਿਰਪਾ ਬਾਹਲੀ ਹੋਵੇ?” ਉਸ ਨੇ ਇਹ ਵੀ ਪੁੱਛਿਆ: “[ਕੀ] ਅਸੀਂ ਪਾਪ ਕਰੀਏ ਇਸ ਲਈ ਜੋ ਅਸੀਂ ਸ਼ਰਾ ਦੇ ਹੇਠ ਨਹੀਂ ਸਗੋਂ ਕਿਰਪਾ ਦੇ ਹੇਠ ਹਾਂ?” ਪੌਲੁਸ ਨੇ ਜ਼ੋਰ ਨਾਲ ਦੋਹਾਂ ਸਵਾਲਾਂ ਦਾ ਜਵਾਬ ਦਿੱਤਾ: “ਕਦੇ ਨਹੀਂ!” (ਰੋਮੀਆਂ 6:1, 2, 15) ਸਪੱਸ਼ਟ ਤੌਰ ਤੇ, ਜਿਵੇਂ ਯਹੂਦਾਹ ਟਿੱਪਣੀ ਕਰਦਾ ਹੈ, ਕੁਝ ਵਿਅਕਤੀ “ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ” ਰਹੇ ਸਨ। ਪਰੰਤੂ, ਪਤਰਸ ਕਹਿੰਦਾ ਹੈ ਕਿ ਅਜਿਹੇ ਵਿਅਕਤੀਆਂ ਦਾ “ਨਾਸ ਉਂਘਲਾਉਂਦਾ ਨਹੀਂ” ਹੈ।—ਯਹੂਦਾਹ 4; 2 ਪਤਰਸ 2:3.
ਚੇਤਾਵਨੀ-ਸੂਚਕ ਉਦਾਹਰਣਾਂ
10, 11. ਪਤਰਸ ਕਿਹੜੀਆਂ ਤਿੰਨ ਚੇਤਾਵਨੀ-ਸੂਚਕ ਉਦਾਹਰਣਾਂ ਪੇਸ਼ ਕਰਦਾ ਹੈ?
10 ਇਸ ਗੱਲ ਉੱਤੇ ਜ਼ੋਰ ਪਾਉਣ ਦੇ ਲਈ ਕਿ ਪਰਮੇਸ਼ੁਰ ਹਠੀਲੇ ਅਪਰਾਧੀਆਂ ਵਿਰੁੱਧ ਕਦਮ ਚੁੱਕੇਗਾ, ਪਤਰਸ ਸ਼ਾਸਤਰ ਤੋਂ ਤਿੰਨ ਚੇਤਾਵਨੀ-ਸੂਚਕ ਉਦਾਹਰਣ ਪੇਸ਼ ਕਰਦਾ ਹੈ। ਪਹਿਲਾਂ, ਉਹ ਲਿਖਦਾ ਹੈ: “ਪਰਮੇਸ਼ੁਰ ਨੇ ਦੂਤਾਂ ਨੂੰ ਜਿਸ ਵੇਲੇ ਉਨ੍ਹਾਂ ਪਾਪ ਕੀਤਾ ਨਾ ਛੱਡਿਆ।” ਯਹੂਦਾਹ ਕਹਿੰਦਾ ਹੈ ਕਿ ਇਹ ‘ਦੂਤ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਸਵਰਗ ਵਿਚ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ।’ ਉਨ੍ਹਾਂ ਨੇ ਜਲ-ਪਰਲੋ ਤੋਂ ਪਹਿਲਾਂ ਧਰਤੀ ਉੱਤੇ ਆ ਕੇ ਸਰੀਰਕ ਦੇਹਾਂ ਧਾਰ ਲਈਆਂ ਤਾਂਕਿ ਉਹ ਮਨੁੱਖਾਂ ਦੀਆਂ ਧੀਆਂ ਦੇ ਨਾਲ ਲਿੰਗੀ ਸੰਬੰਧ ਰੱਖ ਸਕਣ। ਉਨ੍ਹਾਂ ਦੇ ਅਨੁਚਿਤ, ਗ਼ੈਰ-ਕੁਦਰਤੀ ਆਚਰਣ ਦੇ ਕਾਰਨ, ਉਹ “ਟਾਰਟਰਸ” (ਨਿ ਵ) ਵਿਚ ਸੁੱਟੇ ਗਏ ਸਨ, ਜਾਂ ਜਿਵੇਂ ਯਹੂਦਾਹ ਦਾ ਬਿਰਤਾਂਤ ਕਹਿੰਦਾ ਹੈ ਕਿ ਉਨ੍ਹਾਂ ਨੂੰ “ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ।”—2 ਪਤਰਸ 2:4; ਯਹੂਦਾਹ 6; ਉਤਪਤ 6:1-3.
11 ਅੱਗੇ, ਪਤਰਸ ਨੂਹ ਦੇ ਸਮੇਂ ਦੇ ਲੋਕਾਂ ਦਾ ਜ਼ਿਕਰ ਕਰਦਾ ਹੈ। (ਉਤਪਤ 7:17-24) ਉਹ ਕਹਿੰਦਾ ਹੈ ਕਿ ਨੂਹ ਦੇ ਸਮੇਂ ਵਿਚ ਪਰਮੇਸ਼ੁਰ ਨੇ “ਨਾ ਪੁਰਾਣੇ ਸੰਸਾਰ ਨੂੰ ਛੱਡਿਆ . . . ਜਿਸ ਵੇਲੇ ਕੁਧਰਮੀਆਂ ਦੇ ਸੰਸਾਰ ਉੱਤੇ ਪਰਲੋ ਆਂਦੀ।” ਆਖ਼ਰਕਾਰ, ਪਤਰਸ ਲਿਖਦਾ ਹੈ ਕਿ ਪਰਮੇਸ਼ੁਰ ਨੇ “ਸਦੂਮ ਅਤੇ ਅਮੂਰਾਹ ਦੇ ਨਗਰਾਂ ਨੂੰ ਸੁਆਹ ਕਰ ਕੇ . . . ਪਿੱਛੋਂ ਦੇ ਕੁਧਰਮੀਆਂ ਲਈ ਇੱਕ ਨਮੂਨਾ ਠਹਿਰਾ ਛੱਡਿਆ।” ਯਹੂਦਾਹ ਵਾਧੂ ਜਾਣਕਾਰੀ ਦਿੰਦਾ ਹੈ ਕਿ ਉਨ੍ਹਾਂ ਵਿਅਕਤੀਆਂ ਨੇ ‘ਹਰਾਮਕਾਰੀ ਕੀਤੀ ਅਤੇ ਪਰਾਏ ਸਰੀਰ ਦੇ ਮਗਰ ਲੱਗੇ।’ (2 ਪਤਰਸ 2:5, 6; ਯਹੂਦਾਹ 7) ਪੁਰਸ਼ਾਂ ਨੇ ਨਾ ਕੇਵਲ ਇਸਤਰੀਆਂ ਦੇ ਨਾਲ ਨਾਜਾਇਜ਼ ਲਿੰਗੀ ਸੰਬੰਧ ਰੱਖੇ, ਪਰੰਤੂ ਉਹ ਦੂਜਿਆਂ ਪੁਰਸ਼ਾਂ ਨਾਲ ਵੀ, ਹੋ ਸਕਦਾ ਹੈ ਕਿ ਵਹਿਸ਼ੀ ਪਸ਼ੂਆਂ ਨਾਲ ਵੀ, ਲਿੰਗੀ ਸੰਬੰਧ ਰੱਖਣ ਲਈ ਉਤਾਵਲੇ ਹੋਏ।—ਉਤਪਤ 19:4, 5; ਲੇਵੀਆਂ 18:22-25.
12. ਪਤਰਸ ਦੇ ਅਨੁਸਾਰ, ਧਰਮੀ ਆਚਰਣ ਦਾ ਕੀ ਪ੍ਰਤਿਫਲ ਮਿਲਦਾ ਹੈ?
12 ਫਿਰ ਵੀ, ਇਸੇ ਸਮੇਂ, ਪਤਰਸ ਟਿੱਪਣੀ ਕਰਦਾ ਹੈ ਕਿ ਯਹੋਵਾਹ ਉਨ੍ਹਾਂ ਦਾ ਫਲ-ਦਾਤਾ ਹੈ ਜੋ ਵਫ਼ਾਦਾਰੀ ਨਾਲ ਉਸ ਦੀ ਸੇਵਾ ਕਰਦੇ ਹਨ। ਮਿਸਾਲ ਲਈ, ਉਹ ਬਿਆਨ ਕਰਦਾ ਹੈ ਕਿ ਕਿਵੇਂ ਪਰਮੇਸ਼ੁਰ ਨੇ “ਨੂਹ ਨੂੰ ਜਿਹੜਾ ਧਰਮ ਦਾ ਪਰਚਾਰਕ ਸੀ ਸੱਤਾਂ ਹੋਰਨਾਂ ਸਣੇ ਬਚਾ ਲਿਆ” ਜਦੋਂ ਉਸ ਨੇ ਜਲ-ਪਰਲੋ ਲਿਆਂਦੀ। ਉਹ ਸਦੂਮ ਦੇ ਸਮੇਂ ਵਿਚ, ‘ਧਰਮੀ ਲੂਤ’ ਦੀ ਯਹੋਵਾਹ ਦੁਆਰਾ ਮੁਕਤੀ ਦੇ ਬਾਰੇ ਵੀ ਦੱਸਦਾ ਹੈ, ਅਤੇ ਇਵੇਂ ਸਮਾਪਤ ਕਰਦਾ ਹੈ: “ਪ੍ਰਭੁ ਭਗਤਾਂ ਨੂੰ ਪਰਤਾਵੇ ਵਿੱਚੋਂ ਕੱਢਣਾ ਅਤੇ ਕੁਧਰਮੀਆਂ ਨੂੰ ਨਿਆਉਂ ਦੇ ਦਿਨ ਤੀਕ ਸਜ਼ਾ ਹੇਠ ਰੱਖਣਾ ਜਾਣਦਾ ਹੈ!”—2 ਪਤਰਸ 2:5, 7-9.
ਸਜ਼ਾ ਯੋਗ ਕਾਰਜ
13. ਨਿਆਉਂ ਦੇ ਲਈ ਕੌਣ ਖ਼ਾਸ ਕਰਕੇ ਅਲੱਗ ਰੱਖੇ ਗਏ ਹਨ, ਅਤੇ ਜ਼ਾਹਰਾ ਤੌਰ ਤੇ ਉਹ ਕਿਹੜੇ ਸੁਪਨਿਆਂ ਵਿਚ ਮਗਨ ਰਹਿੰਦੇ ਹਨ?
13 ਪਤਰਸ ਮੁੱਖ ਰੂਪ ਵਿਚ ਉਨ੍ਹਾਂ ਬਾਰੇ ਗੱਲ ਕਰਦਾ ਹੈ ਜੋ ਪਰਮੇਸ਼ੁਰ ਦੇ ਨਿਆਉਂ ਦੇ ਲਈ ਖ਼ਾਸ ਕਰਕੇ ਅਲੱਗ ਰੱਖੇ ਗਏ ਹਨ, ਅਰਥਾਤ, “ਉਨ੍ਹਾਂ ਨੂੰ ਜਿਹੜੇ ਸਰੀਰ ਦੇ ਅਨੁਸਾਰ ਗੰਦੀ ਕਾਮਨਾ ਵਿੱਚ ਚੱਲਦੇ ਹਨ ਅਤੇ ਹਕੂਮਤ ਨੂੰ ਤੁੱਛ ਜਾਣਦੇ ਹਨ।” ਅਸੀਂ ਪਤਰਸ ਦੇ ਰੋਸ ਨੂੰ ਮਹਿਸੂਸ ਕਰਦੇ ਜਾਪਦੇ ਹਾਂ ਜਿਵੇਂ ਉਹ ਕਹਿੰਦਾ ਹੈ: “ਓਹ ਢੀਠ ਅਤੇ ਮਨ ਮਤੀਏ ਹਨ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਨੋਂ ਨਹੀਂ ਡਰਦੇ।” ਯਹੂਦਾਹ ਲਿਖਦਾ ਹੈ ਕਿ “ਏਹ . . . ਆਪਣੇ ਸੁਫ਼ਨਿਆਂ ਵਿੱਚ ਸਰੀਰ ਨੂੰ ਭ੍ਰਿਸ਼ਟ ਕਰਦੇ . . . ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ।” (2 ਪਤਰਸ 2:10; ਯਹੂਦਾਹ 8) ਉਨ੍ਹਾਂ ਦੇ ਸੁਪਨਿਆਂ ਵਿਚ ਸ਼ਾਇਦ ਗੰਦੇ ਲਿੰਗੀ ਸੁਪਨੇ ਸ਼ਾਮਲ ਹੋਣ ਜੋ ਉਨ੍ਹਾਂ ਦੀ ਅਨੈਤਿਕ ਲਿੰਗੀ ਹਵਸ ਵਧਾਉਂਦੇ ਹਨ। ਪਰੰਤੂ, ਉਹ ਕਿਸ ਅਰਥ ਵਿਚ “ਹਕੂਮਤ ਨੂੰ ਤੁੱਛ ਜਾਣਦੇ ਹਨ” ਅਤੇ “ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ”?
14. ਕਿਸ ਅਰਥ ਵਿਚ ਝੂਠੇ ਗੁਰੂ “ਹਕੂਮਤ ਨੂੰ ਤੁੱਛ ਜਾਣਦੇ ਹਨ” ਅਤੇ “ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ”?
14 ਉਹ ਈਸ਼ਵਰੀ ਤੌਰ ਤੇ ਨਿਯੁਕਤ ਹਕੂਮਤ ਨੂੰ ਤੁੱਛ ਸਮਝਣ ਦੁਆਰਾ ਇਵੇਂ ਕਰਦੇ ਹਨ। ਮਸੀਹੀ ਬਜ਼ੁਰਗ ਪ੍ਰਤਾਪੀ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਪੁੱਤਰ ਦੀ ਪ੍ਰਤਿਨਿਧਤਾ ਕਰਦੇ ਹਨ, ਅਤੇ ਨਤੀਜੇ ਵਜੋਂ, ਉਨ੍ਹਾਂ ਨੂੰ ਥੋੜ੍ਹਾ-ਬਹੁਤਾ ਪ੍ਰਤਾਪ ਹਾਸਲ ਹੁੰਦਾ ਹੈ। ਇਹ ਸੱਚ ਹੈ ਕਿ ਉਹ ਗ਼ਲਤੀਆਂ ਕਰਦੇ ਹਨ, ਜਿਵੇਂ ਪਤਰਸ ਨੇ ਖ਼ੁਦ ਵੀ ਕੀਤੀਆਂ ਸਨ, ਪਰੰਤੂ ਸ਼ਾਸਤਰ ਕਲੀਸਿਯਾ ਦੇ ਸਦੱਸਾਂ ਨੂੰ ਅਜਿਹੇ ਪ੍ਰਤਾਪੀ ਵਿਅਕਤੀਆਂ ਦੇ ਅਧੀਨ ਹੋਣ ਲਈ ਪ੍ਰੇਰਿਤ ਕਰਦਾ ਹੈ। (ਇਬਰਾਨੀਆਂ 13:17) ਉਨ੍ਹਾਂ ਦੀਆਂ ਗ਼ਲਤੀਆਂ ਉਨ੍ਹਾਂ ਦੀ ਨਿੰਦਿਆ ਕਰਨ ਦਾ ਕੋਈ ਕਾਰਨ ਨਹੀਂ ਹੈ। ਪਤਰਸ ਕਹਿੰਦਾ ਹੈ ਕਿ ਦੂਤ “ਮਿਹਣਾ ਮਾਰ ਕੇ . . . ਉਨ੍ਹਾਂ [ਝੂਠੇ ਗੁਰੂਆਂ] ਉੱਤੇ ਦੋਸ਼ ਨਹੀਂ ਲਾਉਂਦੇ ਹਨ,” ਭਾਵੇਂ ਕਿ ਇਹ ਪੂਰੀ ਤਰ੍ਹਾਂ ਯੋਗ ਹੁੰਦਾ ਹੈ। “ਪਰ ਏਹ ਲੋਕ,” ਪਤਰਸ ਅੱਗੇ ਕਹਿੰਦਾ ਹੈ, “ਉਨ੍ਹਾਂ ਪਸੂਆਂ ਦੀ ਨਿਆਈਂ ਜਿਹੜੇ ਅਸਲੋਂ ਬੁੱਧਹੀਨ ਹਨ ਅਤੇ ਸ਼ਿਕਾਰ ਕੀਤੇ ਜਾਣ ਅਤੇ ਨਸ਼ਟ ਹੋਣ ਲਈ ਉਤਪਤ ਹੋਏ ਜਿਨ੍ਹਾਂ ਗੱਲਾਂ ਨੂੰ ਨਹੀਂ ਸਮਝਦੇ ਹਨ ਏਹਨਾਂ ਦੇ ਵਿਖੇ ਕੁਫ਼ਰ ਬਕਦੇ ਹੋਏ . . . ਨਾਸ ਹੋਣਗੇ।”—2 ਪਤਰਸ 2:10-13.
‘ਤੁਹਾਡੇ ਨਾਲ ਖਾਂਦੇ ਪੀਂਦਿਆਂ’
15. ਝੂਠੇ ਗੁਰੂਆਂ ਦੇ ਕਿਹੜੇ ਤਰੀਕੇ ਹਨ, ਅਤੇ ਉਹ ਆਪਣੀਆਂ ਵਰਗਲਾਹਟਾਂ ਨੂੰ ਕਿੱਥੇ ਇਸਤੇਮਾਲ ਕਰਦੇ ਹਨ?
15 ਭਾਵੇਂ ਕਿ ਇਹ ਭ੍ਰਿਸ਼ਟ ਮਨੁੱਖ “ਦਿਨੇ . . . ਭੋਗ ਬਿਲਾਸ ਵਿੱਚ ਖੁਸ਼ ਹੁੰਦੇ ਹਨ” ਅਤੇ “ਕਲੰਕ ਅਤੇ ਦਾਗ ਹਨ,” ਉਹ ਚਾਲਬਾਜ਼ ਵੀ ਹਨ। ਉਹ “ਬਣਾਉਟ ਦੀਆਂ ਗੱਲਾਂ” ਨੂੰ ਇਸਤੇਮਾਲ ਕਰਦੇ ਹੋਏ “ਚੋਰੀ” ਕੰਮ ਕਰਦੇ ਹਨ, ਜਿਵੇਂ ਪਤਰਸ ਨੇ ਪਹਿਲਾਂ ਟਿੱਪਣੀ ਕੀਤੀ ਸੀ। (2 ਪਤਰਸ 2:1, 3, 13) ਇਵੇਂ ਉਹ ਬਜ਼ੁਰਗਾਂ ਵੱਲੋਂ ਪਰਮੇਸ਼ੁਰ ਦੇ ਨੈਤਿਕ ਮਿਆਰਾਂ ਨੂੰ ਸਮਰਥਨ ਦੇਣ ਦੇ ਜਤਨਾਂ ਨੂੰ ਪ੍ਰਤੱਖ ਤੌਰ ਤੇ ਸ਼ਾਇਦ ਚੁਣੌਤੀ ਨਾ ਦੇਣ ਜਾਂ ਖੁੱਲ੍ਹੇ-ਆਮ ਆਪਣੀ ਲਿੰਗੀ ਹਵਸ ਦਾ ਪਿੱਛਾ ਨਾ ਕਰਨ। ਇਸ ਦੀ ਬਜਾਇ, ਪਤਰਸ ਕਹਿੰਦਾ ਹੈ ਕਿ ਉਹ “ਭਾਵੇਂ ਤੁਹਾਡੇ ਨਾਲ ਖਾਂਦੇ ਪੀਂਦੇ ਹਨ ਪਰ ਆਪਣਿਆਂ ਪ੍ਰੇਮ ਭੋਜਨਾਂ ਵਿੱਚ ਭੋਗ ਬਿਲਾਸ ਕਰਦੇ ਹਨ।” ਅਤੇ ਯਹੂਦਾਹ ਲਿਖਦਾ ਹੈ: “[ਉਹ] ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ।” (ਯਹੂਦਾਹ 12) ਜੀ ਹਾਂ, ਜਿਵੇਂ ਪਾਣੀ ਦੇ ਹੇਠ ਨੋਕਦਾਰ ਟਿੱਲੇ ਸ਼ਾਇਦ ਇਕ ਕਿਸ਼ਤੀ ਦਾ ਥੱਲਾ ਦੁਫਾੜ ਕਰ ਦੇਣ, ਜਿਸ ਕਾਰਨ ਅਸਾਵਧਾਨ ਮਲਾਹ ਡੁੱਬ ਸਕਦੇ ਹਨ, ਉਵੇਂ ਹੀ ਝੂਠੇ ਗੁਰੂ ਅਸਾਵਧਾਨ ਵਿਅਕਤੀਆਂ ਨੂੰ ਭ੍ਰਿਸ਼ਟ ਕਰ ਰਹੇ ਸਨ ਜਿਨ੍ਹਾਂ ਦੇ ਪ੍ਰਤੀ ਉਹ “ਪ੍ਰੇਮ ਭੋਜਨਾਂ” ਦੌਰਾਨ ਪਖੰਡੀ ਪ੍ਰੇਮ ਦਾ ਢੌਂਗ ਕਰਦੇ ਸਨ।
16. (ੳ) ‘ਪ੍ਰੇਮ ਭੋਜਨ’ ਕੀ ਸਨ, ਅਤੇ ਅਨੈਤਿਕ ਵਿਅਕਤੀ ਸ਼ਾਇਦ ਕਿਹੜੀਆਂ ਮਿਲਦੀਆਂ-ਜੁਲਦੀਆਂ ਸਥਿਤੀਆਂ ਵਿਚ ਕੰਮ ਕਰਦੇ ਹਨ? (ਅ) ਝੂਠੇ ਗੁਰੂ ਕਿਨ੍ਹਾਂ ਉੱਤੇ ਆਪਣਾ ਧਿਆਨ ਕੇਂਦ੍ਰਿਤ ਕਰਦੇ ਹਨ, ਇਸ ਲਈ ਅਜਿਹੇ ਵਿਅਕਤੀਆਂ ਨੂੰ ਕੀ ਕਰਨਾ ਚਾਹੀਦਾ ਹੈ?
16 ਜ਼ਾਹਰਾ ਤੌਰ ਤੇ ਇਹ ‘ਪ੍ਰੇਮ ਭੋਜਨ’ ਉਹ ਸਮਾਜਕ ਅਵਸਰ ਸਨ ਜਦੋਂ ਪਹਿਲੀ ਸਦੀ ਦੇ ਮਸੀਹੀ ਭੋਜਨ ਅਤੇ ਸੰਗਤ ਦਾ ਆਨੰਦ ਮਾਣਨ ਲਈ ਇਕੱਠੇ ਹੁੰਦੇ ਸਨ। ਅੱਜ ਵੀ ਯਹੋਵਾਹ ਦੇ ਗਵਾਹ ਸਮਾਜਕ ਤੌਰ ਤੇ ਕਦੇ-ਕਦਾਈਂ ਇਕੱਠੇ ਹੁੰਦੇ ਹਨ, ਸ਼ਾਇਦ ਵਿਆਹ ਸਮਾਗਮਾਂ ਵਿਚ, ਪਿਕਨਿਕਾਂ ਤੇ, ਜਾਂ ਸ਼ਾਮ ਦੇ ਇਕੱਠਾਂ ਤੇ। ਭ੍ਰਿਸ਼ਟ ਵਿਅਕਤੀ ਸ਼ਿਕਾਰਾਂ ਨੂੰ ਵਰਗਲਾਉਣ ਲਈ ਅਜਿਹਿਆਂ ਅਵਸਰਾਂ ਨੂੰ ਕਿਵੇਂ ਵਰਤ ਸਕਦੇ ਹਨ? ਪਤਰਸ ਲਿਖਦਾ ਹੈ: “ਉਨ੍ਹਾਂ ਦੀਆਂ ਅੱਖਾਂ ਵਿਭਚਾਰਣ ਵੱਲ ਲੱਗੀਆਂ ਹੋਈਆਂ ਹਨ ਅਤੇ . . . ਓਹ ਡੋਲਣ ਵਾਲੇ ਜੀਵਾਂ ਨੂੰ ਭੁਚਲਾਉਂਦੇ ਹਨ।” ਉਨ੍ਹਾਂ ਦੇ “ਮਨ ਲੋਭ ਵਿੱਚ ਪੱਕੇ ਹੋਏ ਹੋਏ ਹਨ,” ਜਿਨ੍ਹਾਂ ਨੂੰ ਉਹ ਅਧਿਆਤਮਿਕ ਤੌਰ ਤੇ ਅਸਥਿਰ ਵਿਅਕਤੀਆਂ ਉੱਤੇ ਕੇਂਦ੍ਰਿਤ ਕਰਦੇ ਹਨ ਜਿਹੜੇ ਸੱਚਾਈ ਨੂੰ ਪੂਰੀ ਤਰ੍ਹਾਂ ਅਪਣਾਉਣ ਵਿਚ ਅਸਫ਼ਲ ਹੋ ਗਏ ਹਨ। ਇਸ ਲਈ ਜੋ ਪਤਰਸ ਦੇ ਸਮੇਂ ਵਿਚ ਹੋਇਆ, ਉਸ ਤੋਂ ਖ਼ਬਰਦਾਰ ਹੋਵੋ ਅਤੇ ਚੌਕਸ ਰਹੋ! ਗ਼ਲਤ ਹਰਕਤਾਂ ਦਾ ਵਿਰੋਧ ਕਰੋ, ਅਤੇ ਅਨੈਤਿਕ ਹਰਕਤਾਂ ਕਰ ਰਹੇ ਕਿਸੇ ਵਿਅਕਤੀ ਦੀ ਸਰੀਰਕ ਮਨਮੋਹਕਤਾ ਜਾਂ ਖਿੱਚ ਦੁਆਰਾ ਬੇਵਕੂਫ ਨਾ ਬਣੋ।—2 ਪਤਰਸ 2:14
‘ਬਿਲਆਮ ਦਾ ਮਾਰਗ’
17. ‘ਬਿਲਆਮ ਦਾ ਮਾਰਗ’ ਕੀ ਸੀ, ਅਤੇ ਇਸ ਦਾ 24,000 ਇਸਰਾਏਲੀਆਂ ਉੱਤੇ ਕੀ ਅਸਰ ਪਿਆ ਸੀ?
17 ਇਨ੍ਹਾਂ ‘ਸਰਾਪੇ’ ਗਏ ਵਿਅਕਤੀਆਂ ਨੇ ਕਾਫ਼ੀ ਸਮੇਂ ਤੋਂ ਸੱਚਾਈ ਨੂੰ ਜਾਣਿਆ ਹੈ। ਉਹ ਸ਼ਾਇਦ ਹਾਲੇ ਵੀ ਕਲੀਸਿਯਾ ਵਿਚ ਸਰਗਰਮ ਜਾਪਦੇ ਹੋਣ। ਪਰੰਤੂ ਪਤਰਸ ਕਹਿੰਦਾ ਹੈ: “ਓਹ ਸਿੱਧੇ ਰਾਹ ਨੂੰ ਛੱਡ ਕੇ ਕੁਰਾਹ ਪੈ ਗਏ ਅਤੇ ਬਿਓਰ ਦੇ ਪੁੱਤ੍ਰ ਬਿਲਆਮ ਦੇ ਮਾਰਗ ਹੋ ਤੁਰੇ ਜਿਹ ਨੇ ਕੁਧਰਮ ਦੀ ਮਜੂਰੀ ਨੂੰ ਪਿਆਰਾ ਜਾਤਾ।” (2 ਪਤਰਸ 2:14, 15) ਨਬੀ ਬਿਲਆਮ ਦਾ ਮਾਰਗ ਸੀ ਆਪਣੇ ਨਿੱਜੀ ਫ਼ਾਇਦੇ ਲਈ ਅਨੈਤਿਕ ਵਰਗਲਾਹਟ ਦੀ ਸਲਾਹ ਦੇਣਾ। ਉਸ ਨੇ ਮੋਆਬੀ ਰਾਜਾ ਬਾਲਾਕ ਨੂੰ ਦੱਸਿਆ ਕਿ ਪਰਮੇਸ਼ੁਰ ਇਸਰਾਏਲ ਨੂੰ ਸਰਾਪ ਦੇਵੇਗਾ ਜੇਕਰ ਲੋਕਾਂ ਨੂੰ ਵਿਭਚਾਰ ਕਰਨ ਲਈ ਲੁਭਾਇਆ ਜਾ ਸਕੇ। ਨਤੀਜੇ ਵਜੋਂ, ਪਰਮੇਸ਼ੁਰ ਦੇ ਅਨੇਕ ਲੋਕੀ ਮੋਆਬੀ ਔਰਤਾਂ ਦੁਆਰਾ ਵਰਗਲਾਏ ਗਏ, ਅਤੇ ਉਨ੍ਹਾਂ ਦੇ ਅਨੈਤਿਕ ਆਚਰਣ ਕਾਰਨ 24,000 ਮਾਰ ਦਿੱਤੇ ਗਏ ਸਨ।—ਗਿਣਤੀ 25:1-9; 31:15, 16; ਪਰਕਾਸ਼ ਦੀ ਪੋਥੀ 2:14.
18. ਬਿਲਆਮ ਆਪਣੇ ਮਾਰਗ ਵਿਚ ਕਿਸ ਹੱਦ ਤਕ ਲੱਗਿਆ ਰਿਹਾ, ਅਤੇ ਉਸ ਦਾ ਨਤੀਜਾ ਝੂਠੇ ਗੁਰੂਆਂ ਦੇ ਲਈ ਕੀ ਸੂਚਿਤ ਕਰਦਾ ਹੈ?
18 ਪਤਰਸ ਟਿੱਪਣੀ ਕਰਦਾ ਹੈ ਕਿ ਬਿਲਆਮ ਨੂੰ ਰੋਕਿਆ ਗਿਆ ਸੀ ਜਦੋਂ ਉਸ ਦੀ ਗਧੀ ਉਸ ਦੇ ਨਾਲ ਬੋਲੀ, ਪਰੰਤੂ ਬਿਲਆਮ ਨੇ “ਕੁਧਰਮ ਦੀ ਮਜੂਰੀ ਨੂੰ ਪਿਆਰਾ ਜਾਤਾ,” ਅਰਥਾਤ, ਇੰਨਾ ਪਿਆਰਾ ਜਾਣਿਆ ਕਿ ਜਦੋਂ ਇਓਂ ਹੋਇਆ, ਤਾਂ ਵੀ ਉਸ ਨੇ ਆਪਣੇ “ਸ਼ੁਦਾਪੁਣੇ” ਨੂੰ ਨਹੀਂ ਛੱਡਿਆ। (2 ਪਤਰਸ 2:15, 16) ਕਿੰਨਾ ਦੁਸ਼ਟ! ਬਿਲਆਮ ਵਰਗੇ ਕਿਸੇ ਵੀ ਵਿਅਕਤੀਆਂ ਉੱਤੇ ਲਾਨ੍ਹਤ ਹੈ ਜੋ ਪਰਮੇਸ਼ੁਰ ਦੇ ਲੋਕਾਂ ਨੂੰ ਅਨੈਤਿਕ ਕੰਮਾਂ ਲਈ ਲੁਭਾ ਕੇ ਭ੍ਰਿਸ਼ਟ ਕਰਨ ਦੀ ਕੋਸ਼ਿਸ਼ ਕਰਦੇ ਹਨ! ਬਿਲਆਮ ਆਪਣੇ ਭੈੜ ਦੇ ਕਾਰਨ ਮਰ ਗਿਆ, ਅਤੇ ਇਹ ਇਕ ਪੂਰਵ-ਝਲਕ ਹੈ ਕਿ ਜੋ ਉਹ ਦੇ ਮਾਰਗ ਉੱਤੇ ਚੱਲਣ ਵਾਲਿਆਂ ਨਾਲ ਕੀ ਹੋਵੇਗਾ।—ਗਿਣਤੀ 31:8.
ਉਨ੍ਹਾਂ ਦੀਆਂ ਸ਼ਤਾਨੀ ਵਰਗਲਾਹਟਾਂ
19, 20. (ੳ) ਬਿਲਆਮ-ਸਮਾਨ ਲੋਕਾਂ ਦੀ ਕਿਨ੍ਹਾਂ ਨਾਲ ਤੁਲਨਾ ਕੀਤੀ ਜਾਂਦੀ ਹੈ, ਅਤੇ ਕਿਉਂ? (ਅ) ਉਹ ਕਿਨ੍ਹਾਂ ਨੂੰ ਲੁਭਾਉਂਦੇ ਹਨ, ਅਤੇ ਕਿਵੇਂ? (ੲ) ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਉਨ੍ਹਾਂ ਦੀਆਂ ਵਰਗਲਾਹਟਾਂ ਸ਼ਤਾਨੀ ਹਨ, ਅਤੇ ਅਸੀਂ ਖ਼ੁਦ ਨੂੰ ਅਤੇ ਦੂਜਿਆਂ ਨੂੰ ਉਨ੍ਹਾਂ ਤੋਂ ਕਿਵੇਂ ਬਚਾ ਸਕਦੇ ਹਾਂ?
19 ਬਿਲਆਮ-ਸਮਾਨ ਲੋਕਾਂ ਦਾ ਵਰਣਨ ਕਰਦੇ ਹੋਏ, ਪਤਰਸ ਲਿਖਦਾ ਹੈ: “ਓਹ ਸੁੱਕੇ ਖੂਹ ਹਨ। ਓਹ ਅਨ੍ਹੇਰੀ ਦੇ ਉਡਾਏ ਹੋਏ ਬੱਦਲ ਹਨ।” ਰੇਗਿਸਤਾਨ ਵਿਚ ਪਿਆਸੇ ਇਕ ਮੁਸਾਫ਼ਰ ਲਈ ਇਕ ਸੁੱਕੇ ਖੂਹ ਦਾ ਅਰਥ ਸ਼ਾਇਦ ਮੌਤ ਹੋ ਸਕਦਾ ਹੈ। ਤਾਂ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ‘ਅਨ੍ਹੇਰ ਘੁੱਪ ਉਨ੍ਹਾਂ ਦੇ ਲਈ ਰੱਖਿਆ ਹੋਇਆ ਹੈ’ ਜੋ ਅਜਿਹੀਆਂ ਚੀਜ਼ਾਂ ਵਾਂਗ ਹਨ! ਪਤਰਸ ਜਾਰੀ ਰੱਖਦਾ ਹੈ: “ਕਿਉਂ ਜੋ ਓਹ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰ ਕੇ ਉਨ੍ਹਾਂ ਨੂੰ ਜਿਹੜੇ ਭੁੱਲਿਆਂ ਹੋਇਆਂ ਤੋਂ ਹੁਣੇ ਬਚ ਕੇ ਨਿੱਕਲਣ ਲੱਗੇ ਹਨ ਲੁੱਚਪੁਣੇ ਨਾਲ ਸਰੀਰ ਦੀਆਂ ਕਾਮਨਾਂ ਵੱਲ ਭੁਚਲਾ ਲੈਂਦੇ ਹਨ।” ਪਤਰਸ ਕਹਿੰਦਾ ਹੈ ਕਿ ਇਹ ਅਨਾੜੀਆਂ ਨਾਲ ‘ਅਜ਼ਾਦੀ ਦਾ ਵਾਇਦਾ ਕਰ ਕੇ’ ਉਨ੍ਹਾਂ ਨੂੰ ਵਰਗਲਾਉਂਦੇ ਹਨ, ਜਦ ਕਿ “ਓਹ ਆਪ ਵਿਨਾਸ ਦੇ ਗੁਲਾਮ ਹਨ।”—2 ਪਤਰਸ 2:17-19; ਗਲਾਤੀਆਂ 5:13.
20 ਅਜਿਹੇ ਭ੍ਰਿਸ਼ਟ ਗੁਰੂਆਂ ਦੀਆਂ ਵਰਗਲਾਹਟਾਂ ਸ਼ਤਾਨੀ ਹਨ। ਮਿਸਾਲ ਲਈ, ਉਹ ਸ਼ਾਇਦ ਕਹਿਣ: ‘ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਕਮਜ਼ੋਰ ਹਾਂ ਅਤੇ ਕਾਮ-ਵਾਸ਼ਨਾ ਦੇ ਅਧੀਨ ਆ ਸਕਦੇ ਹਾਂ। ਇਸ ਲਈ, ਜੇਕਰ ਅਸੀਂ ਇੱਛਾ ਅਨੁਸਾਰ ਆਪਣੀ ਕਾਮੀ ਹਵਸ ਨੂੰ ਸੰਤੁਸ਼ਟ ਕਰੀਏ, ਤਾਂ ਪਰਮੇਸ਼ੁਰ ਦਇਆਵਾਨ ਹੋਵੇਗਾ। ਜੇਕਰ ਅਸੀਂ ਆਪਣੇ ਪਾਪਾਂ ਨੂੰ ਕਬੂਲ ਕਰੀਏ, ਤਾਂ ਉਹ ਸਾਨੂੰ ਉਵੇਂ ਹੀ ਮਾਫ਼ ਕਰ ਦੇਵੇਗਾ ਜਿਵੇਂ ਉਸ ਨੇ ਸਾਨੂੰ ਸੱਚਾਈ ਵਿਚ ਆਉਣ ਸਮੇਂ ਮਾਫ਼ ਕੀਤਾ ਸੀ।’ ਯਾਦ ਕਰੋ ਕਿ ਇਬਲੀਸ ਨੇ ਕੁਝ ਕੁ ਇਸੇ ਤਰ੍ਹਾਂ ਦਾ ਤਰਕ ਹੱਵਾਹ ਨਾਲ ਵਰਤਿਆ ਸੀ ਅਤੇ ਉਸ ਨੇ ਹੱਵਾਹ ਨਾਲ ਵਾਅਦਾ ਕੀਤਾ ਕਿ ਉਸ ਨੂੰ ਪਾਪ ਦੀ ਸਜ਼ਾ ਨਹੀਂ ਮਿਲੇਗੀ। ਹੱਵਾਹ ਨੂੰ ਉਸ ਨੇ ਕਿਹਾ ਕਿ ਪਰਮੇਸ਼ੁਰ ਦੇ ਵਿਰੁੱਧ ਪਾਪ ਉਸ ਨੂੰ ਗਿਆਨ ਅਤੇ ਆਜ਼ਾਦੀ ਦੇਵੇਗਾ। (ਉਤਪਤ 3:4, 5) ਜੇਕਰ ਅਸੀਂ ਕਲੀਸਿਯਾ ਨਾਲ ਸੰਗਤ ਕਰ ਰਹੇ ਕਿਸੇ ਅਜਿਹੇ ਭ੍ਰਿਸ਼ਟ ਵਿਅਕਤੀ ਨਾਲ ਮਿਲੀਏ, ਤਾਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਮਸੀਹੀ ਕਲੀਸਿਯਾ ਦੇ ਜ਼ਿੰਮੇਵਾਰ ਵਿਅਕਤੀਆਂ ਨੂੰ ਉਸ ਵਿਅਕਤੀ ਬਾਰੇ ਦੱਸ ਕੇ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਬਚਾਈਏ।—ਲੇਵੀਆਂ 5:1.
ਯਥਾਰਥ ਗਿਆਨ ਦੁਆਰਾ ਬਚਾਏ ਗਏ
21-23. (ੳ) ਯਥਾਰਥ ਗਿਆਨ ਨੂੰ ਲਾਗੂ ਨਾ ਕਰਨ ਦੇ ਕੀ ਨਤੀਜੇ ਨਿਕਲਦੇ ਹਨ? (ਅ) ਪਤਰਸ ਕਿਹੜੀ ਇਕ ਹੋਰ ਸਮੱਸਿਆ ਦੀ ਚਰਚਾ ਕਰਦਾ ਹੈ ਜਿਸ ਉੱਤੇ ਅੱਗੇ ਵਿਚਾਰ ਕੀਤਾ ਜਾਵੇਗਾ?
21 ਪਤਰਸ ਇਸ ਗਿਆਨ ਜੋ ਉਸ ਨੇ ਪਹਿਲਾਂ ਕਿਹਾ ਸੀ “ਜੀਵਨ ਅਤੇ ਭਗਤੀ” ਲਈ ਅਤਿ-ਆਵੱਸ਼ਕ ਹੈ, ਨੂੰ ਲਾਗੂ ਨਾ ਕਰਨ ਦੇ ਨਤੀਜਿਆਂ ਦਾ ਵਰਣਨ ਦੇ ਕੇ, ਆਪਣੀ ਪੱਤਰੀ ਦੇ ਇਸ ਭਾਗ ਨੂੰ ਸਮਾਪਤ ਕਰਦਾ ਹੈ। (2 ਪਤਰਸ 1:2, 3, 8) ਉਹ ਲਿਖਦਾ ਹੈ: “ਜੇਕਰ ਓਹ ਪ੍ਰਭੁ ਅਤੇ ਮੁਕਤੀ ਦਾਤਾ ਯਿਸੂ ਮਸੀਹ ਦੇ ਗਿਆਨ [“ਯਥਾਰਥ ਗਿਆਨ,” “ਨਿ ਵ”] ਦੇ ਦੁਆਰਾ ਸੰਸਾਰ ਦੇ ਗੰਦ ਮੰਦ ਤੋਂ ਬਚ ਕੇ ਓਸ ਵਿੱਚ ਮੁੜ ਕੇ ਫਸਣ ਅਤੇ ਹਠਾੜੂ ਹੋ ਜਾਣ ਤਾਂ ਉਨ੍ਹਾਂ ਦਾ ਪਿਛਲਾ ਹਾਲ ਪਹਿਲੇ ਨਾਲੋਂ ਬੁਰਾ ਹੋਇਆ।” (ਟੇਢੇ ਟਾਈਪ ਸਾਡੇ।) (2 ਪਤਰਸ 2:20) ਕਿੰਨੀ ਅਫ਼ਸੋਸ ਦੀ ਗੱਲ! ਪਤਰਸ ਦੇ ਸਮੇਂ ਵਿਚ ਅਜਿਹੇ ਵਿਅਕਤੀਆਂ ਨੇ ਪਲ-ਭਰ ਦੀ ਜਿਨਸੀ ਹਵਸ ਲਈ ਅਮਰ ਸਵਰਗੀ ਜੀਵਨ ਦੀ ਬਹੁਮੁੱਲੀ ਉਮੀਦ ਉੱਤੇ ਪਾਣੀ ਫੇਰ ਦਿੱਤਾ ਸੀ।
22 ਇਸ ਲਈ ਪਤਰਸ ਕਹਿੰਦਾ ਹੈ: “ਕਿਉਂ ਜੋ ਧਰਮ ਦਾ ਮਾਰਗ ਨਾ ਹੀ ਜਾਣਨਾ ਇਸ ਨਾਲੋਂ ਚੰਗਾ ਸੀ ਭਈ ਉਹ ਨੂੰ ਜਾਣ ਕੇ ਓਸ ਪਵਿੱਤਰ ਆਗਿਆ ਤੋਂ ਜੋ ਉਨਾਂ ਨੂੰ ਕੀਤੀ ਗਈ ਸੀ ਫਿਰ ਜਾਣ। ਇਹ ਸੱਚੀ ਕਹਾਉਤ ਉਨ੍ਹਾਂ ਉੱਤੇ ਠੀਕ ਬਹਿੰਦੀ ਹੈ ਭਈ ਕੁੱਤਾ ਆਪਣੀ ਉੱਪਰ ਛਲ ਵੱਲ ਮੁੜਿਆ ਅਤੇ ਨੁਲ੍ਹਾਈ ਹੋਈ ਸੂਰਨੀ ਚਿੱਕੜ ਵਿੱਚ ਲੇਟਣ ਨੂੰ ਮੁੜ ਗਈ।”—2 ਪਤਰਸ 2:21, 22; ਕਹਾਉਤਾਂ 26:11.
23 ਜ਼ਾਹਰਾ ਤੌਰ ਤੇ ਇਕ ਹੋਰ ਸਮੱਸਿਆ ਮੁਢਲੇ ਮਸੀਹੀਆਂ ਉੱਤੇ ਪ੍ਰਭਾਵ ਪਾਉਣ ਲੱਗ ਪਈ ਸੀ, ਜਿਹੜੀ ਉਸ ਸਮੱਸਿਆ ਦੇ ਸਮਾਨ ਸੀ ਜੋ ਅੱਜ ਕੁਝ ਵਿਅਕਤੀਆਂ ਉੱਤੇ ਪ੍ਰਭਾਵ ਪਾਉਂਦੀ ਹੈ। ਉਸ ਵੇਲੇ, ਕੁਝ ਸਪੱਸ਼ਟ ਤੌਰ ਤੇ ਮਸੀਹ ਦੀ ਵਾਅਦਾ ਕੀਤੀ ਹੋਈ ਮੌਜੂਦਗੀ ਵਿਚ ਜਾਪਦੀ ਦੇਰੀ ਬਾਰੇ ਸ਼ਿਕਾਇਤ ਕਰ ਰਹੇ ਸਨ। ਆਓ ਅਸੀਂ ਜਾਂਚ ਕਰੀਏ ਕਿ ਪਤਰਸ ਇਸ ਮਾਮਲੇ ਨਾਲ ਕਿਵੇਂ ਨਜਿੱਠਦਾ ਹੈ।
ਕੀ ਤੁਹਾਨੂੰ ਯਾਦ ਹੈ?
◻ ਪਤਰਸ ਕਿਹੜੀਆਂ ਤਿੰਨ ਚੇਤਾਵਨੀ-ਸੂਚਕ ਉਦਾਹਰਣਾਂ ਦਿੰਦਾ ਹੈ?
◻ ਝੂਠੇ ਗੁਰੂ ਕਿਵੇਂ “ਹਕੂਮਤ ਨੂੰ ਤੁੱਛ ਜਾਣਦੇ ਹਨ”?
◻ ਬਿਲਆਮ ਦਾ ਮਾਰਗ ਕੀ ਹੈ, ਅਤੇ ਇਸ ਦੀ ਪੈਰਵੀ ਕਰਨ ਵਾਲੇ ਸ਼ਾਇਦ ਦੂਜਿਆਂ ਨੂੰ ਕਿਵੇਂ ਵਰਗਲਾਉਣ ਦੀ ਕੋਸ਼ਿਸ਼ ਕਰਨ?
◻ ਯਥਾਰਥ ਗਿਆਨ ਨੂੰ ਲਾਗੂ ਨਾ ਕਰਨ ਦੇ ਨਤੀਜੇ ਕੀ ਨਿਕਲਦੇ ਹਨ?
[ਸਫ਼ੇ 15 ਉੱਤੇ ਤਸਵੀਰ]
ਬਿਲਆਮ ਸਾਡੇ ਲਈ ਇਕ ਚੇਤਾਵਨੀ-ਸੂਚਕ ਉਦਾਹਰਣ ਹੈ