ਮਰਕੁਸ ਮੁਤਾਬਕ ਖ਼ੁਸ਼ ਖ਼ਬਰੀ
12 ਫਿਰ ਉਹ ਲੋਕਾਂ ਨਾਲ ਮਿਸਾਲਾਂ ਰਾਹੀਂ ਗੱਲ ਕਰਨ ਲੱਗਾ: “ਇਕ ਆਦਮੀ ਨੇ ਅੰਗੂਰਾਂ ਦਾ ਬਾਗ਼ ਲਾ ਕੇ+ ਉਸ ਦੇ ਆਲੇ-ਦੁਆਲੇ ਵਾੜ ਲਾਈ ਅਤੇ ਰਸ ਕੱਢਣ ਲਈ ਚੁਬੱਚਾ ਬਣਾਇਆ ਅਤੇ ਇਕ ਬੁਰਜ ਖੜ੍ਹਾ ਕੀਤਾ;+ ਫਿਰ ਉਹ ਬਾਗ਼ ਠੇਕੇ ʼਤੇ ਦੇ ਕੇ ਆਪ ਕਿਸੇ ਹੋਰ ਦੇਸ਼ ਚਲਾ ਗਿਆ।+ 2 ਹੁਣ ਜਦ ਅੰਗੂਰਾਂ ਦਾ ਮੌਸਮ ਆਇਆ, ਤਾਂ ਉਸ ਨੇ ਪੈਦਾਵਾਰ ਵਿੱਚੋਂ ਆਪਣਾ ਹਿੱਸਾ ਲੈਣ ਲਈ ਠੇਕੇਦਾਰਾਂ ਕੋਲ ਆਪਣੇ ਇਕ ਨੌਕਰ ਨੂੰ ਘੱਲਿਆ। 3 ਪਰ ਉਨ੍ਹਾਂ ਨੇ ਉਸ ਨੂੰ ਫੜ ਕੇ ਕੁੱਟਿਆ ਅਤੇ ਖਾਲੀ ਹੱਥ ਮੋੜ ਦਿੱਤਾ। 4 ਫਿਰ ਉਸ ਨੇ ਦੂਸਰੇ ਨੌਕਰ ਨੂੰ ਭੇਜਿਆ। ਉਨ੍ਹਾਂ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਉਸ ਦੀ ਬੇਇੱਜ਼ਤੀ ਕੀਤੀ।+ 5 ਫਿਰ ਉਸ ਨੇ ਇਕ ਹੋਰ ਨੌਕਰ ਨੂੰ ਭੇਜਿਆ ਅਤੇ ਉਨ੍ਹਾਂ ਨੇ ਉਸ ਨੂੰ ਮਾਰ ਸੁੱਟਿਆ। ਉਸ ਨੇ ਹੋਰ ਵੀ ਕਈਆਂ ਨੂੰ ਭੇਜਿਆ ਜਿਨ੍ਹਾਂ ਵਿੱਚੋਂ ਕੁਝ ਨੂੰ ਉਨ੍ਹਾਂ ਨੇ ਕੁੱਟਿਆ ਅਤੇ ਕੁਝ ਨੂੰ ਮਾਰ ਸੁੱਟਿਆ। 6 ਹੁਣ ਉਸ ਕੋਲ ਸਿਰਫ਼ ਇੱਕੋ ਜਣਾ ਰਹਿ ਗਿਆ ਸੀ ਅਤੇ ਉਹ ਸੀ ਉਸ ਦਾ ਪਿਆਰਾ ਪੁੱਤਰ।+ ਅਖ਼ੀਰ ਉਸ ਨੇ ਇਹ ਸੋਚ ਕੇ ਆਪਣੇ ਪੁੱਤਰ ਨੂੰ ਭੇਜਿਆ, ‘ਉਹ ਮੇਰੇ ਪੁੱਤਰ ਦੀ ਜ਼ਰੂਰ ਇੱਜ਼ਤ ਕਰਨਗੇ।’ 7 ਪਰ ਠੇਕੇਦਾਰਾਂ ਨੇ ਇਕ-ਦੂਜੇ ਨੂੰ ਕਿਹਾ, ‘ਇਹੀ ਹੈ ਵਾਰਸ।+ ਆਓ ਆਪਾਂ ਇਸ ਨੂੰ ਮਾਰ ਦੇਈਏ ਅਤੇ ਫਿਰ ਸਾਰੀ ਜ਼ਮੀਨ-ਜਾਇਦਾਦ ਸਾਡੀ ਹੋ ਜਾਵੇਗੀ।’ 8 ਇਸ ਲਈ ਉਨ੍ਹਾਂ ਨੇ ਉਸ ਨੂੰ ਲਿਜਾ ਕੇ ਜਾਨੋਂ ਮਾਰ ਦਿੱਤਾ ਤੇ ਬਾਗ਼ੋਂ ਬਾਹਰ ਸੁੱਟ ਦਿੱਤਾ।+ 9 ਹੁਣ ਬਾਗ਼ ਦਾ ਮਾਲਕ ਕੀ ਕਰੇਗਾ? ਉਹ ਆ ਕੇ ਉਨ੍ਹਾਂ ਠੇਕੇਦਾਰਾਂ ਨੂੰ ਜਾਨੋਂ ਮਾਰ ਦੇਵੇਗਾ ਅਤੇ ਬਾਗ਼ ਦੂਸਰਿਆਂ ਨੂੰ ਠੇਕੇ ʼਤੇ ਦੇ ਦੇਵੇਗਾ।+ 10 ਕੀ ਤੁਸੀਂ ਕਦੇ ਧਰਮ-ਗ੍ਰੰਥ ਵਿਚ ਨਹੀਂ ਪੜ੍ਹਿਆ: ‘ਜਿਸ ਪੱਥਰ ਨੂੰ ਰਾਜ ਮਿਸਤਰੀਆਂ ਨੇ ਨਿਕੰਮਾ ਕਿਹਾ,* ਉਹੀ ਕੋਨੇ ਦਾ ਮੁੱਖ ਪੱਥਰ* ਬਣ ਗਿਆ ਹੈ।+ 11 ਇਹ ਯਹੋਵਾਹ* ਵੱਲੋਂ ਆਇਆ ਹੈ ਅਤੇ ਇਹ ਸਾਡੀਆਂ ਨਜ਼ਰਾਂ ਵਿਚ ਸ਼ਾਨਦਾਰ ਹੈ’?”+
12 ਗ੍ਰੰਥੀ ਅਤੇ ਮੁੱਖ ਪੁਜਾਰੀ ਸਮਝ ਗਏ ਕਿ ਉਸ ਨੇ ਉਨ੍ਹਾਂ ਨੂੰ ਹੀ ਧਿਆਨ ਵਿਚ ਰੱਖ ਕੇ ਇਹ ਮਿਸਾਲ ਦਿੱਤੀ ਸੀ, ਇਸ ਲਈ ਉਹ ਉਸ ਨੂੰ ਕਿਸੇ-ਨਾ-ਕਿਸੇ ਤਰੀਕੇ ਨਾਲ ਫੜਨਾ* ਚਾਹੁੰਦੇ ਸਨ। ਪਰ ਉਹ ਲੋਕਾਂ ਤੋਂ ਡਰਦੇ ਸਨ, ਇਸ ਲਈ ਉਹ ਉਸ ਨੂੰ ਛੱਡ ਕੇ ਚਲੇ ਗਏ।+
13 ਫਿਰ ਉਨ੍ਹਾਂ ਨੇ ਕੁਝ ਫ਼ਰੀਸੀਆਂ ਅਤੇ ਹੇਰੋਦੀਆਂ ਨੂੰ ਯਿਸੂ ਕੋਲ ਭੇਜਿਆ ਤਾਂਕਿ ਉਹ ਉਸ ਨੂੰ ਉਸ ਦੀਆਂ ਗੱਲਾਂ ਵਿਚ ਫਸਾਉਣ।+ 14 ਉਨ੍ਹਾਂ ਨੇ ਉਸ ਕੋਲ ਆ ਕੇ ਕਿਹਾ: “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੂੰ ਸੱਚ ਬੋਲਦਾ ਹੈਂ ਅਤੇ ਤੂੰ ਇਨਸਾਨਾਂ ਨੂੰ ਖ਼ੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਤੂੰ ਕਿਸੇ ਦਾ ਰੁਤਬਾ ਜਾਂ ਬਾਹਰੀ ਰੂਪ ਨਹੀਂ ਦੇਖਦਾ, ਸਗੋਂ ਤੂੰ ਪਰਮੇਸ਼ੁਰ ਦੇ ਰਾਹ ਬਾਰੇ ਸੱਚ-ਸੱਚ ਸਿਖਾਉਂਦਾ ਹੈਂ। ਕੀ ਰਾਜੇ* ਨੂੰ ਟੈਕਸ ਦੇਣਾ ਜਾਇਜ਼ ਹੈ ਜਾਂ ਨਹੀਂ? 15 ਅਸੀਂ ਦੇਈਏ ਜਾਂ ਨਾ ਦੇਈਏ?” ਉਨ੍ਹਾਂ ਦੀ ਮੱਕਾਰੀ ਨੂੰ ਭਾਂਪਦੇ ਹੋਏ ਉਸ ਨੇ ਕਿਹਾ: “ਤੁਸੀਂ ਕਿਉਂ ਮੈਨੂੰ ਅਜ਼ਮਾ ਰਹੇ ਹੋ? ਮੈਨੂੰ ਇਕ ਦੀਨਾਰ* ਲਿਆ ਕੇ ਦਿਖਾਓ।” 16 ਉਨ੍ਹਾਂ ਨੇ ਉਸ ਨੂੰ ਦੀਨਾਰ ਲਿਆ ਕੇ ਦਿੱਤਾ ਅਤੇ ਉਸ ਨੇ ਉਨ੍ਹਾਂ ਨੂੰ ਪੁੱਛਿਆ: “ਇਸ ʼਤੇ ਕਿਸ ਦੀ ਸ਼ਕਲ ਅਤੇ ਕਿਸ ਦੇ ਨਾਂ ਦੀ ਛਾਪ ਹੈ?” ਉਨ੍ਹਾਂ ਨੇ ਕਿਹਾ: “ਰਾਜੇ ਦੀ।” 17 ਫਿਰ ਯਿਸੂ ਨੇ ਕਿਹਾ: “ਰਾਜੇ* ਦੀਆਂ ਚੀਜ਼ਾਂ ਰਾਜੇ ਨੂੰ ਦਿਓ,+ ਪਰ ਪਰਮੇਸ਼ੁਰ ਦੀਆਂ ਚੀਜ਼ਾਂ ਪਰਮੇਸ਼ੁਰ ਨੂੰ ਦਿਓ।”+ ਇਹ ਸੁਣ ਕੇ ਉਹ ਹੈਰਾਨ ਰਹਿ ਗਏ।
18 ਹੁਣ ਸਦੂਕੀ, ਜੋ ਮੰਨਦੇ ਸਨ ਕਿ ਮਰੇ ਹੋਏ ਲੋਕਾਂ ਨੂੰ ਦੁਬਾਰਾ ਜੀਉਂਦਾ ਨਹੀਂ ਕੀਤਾ ਜਾਵੇਗਾ,+ ਯਿਸੂ ਕੋਲ ਆਏ ਅਤੇ ਉਨ੍ਹਾਂ ਨੇ ਉਸ ਨੂੰ ਪੁੱਛਿਆ:+ 19 “ਗੁਰੂ ਜੀ, ਮੂਸਾ ਨੇ ਸਾਡੇ ਲਈ ਲਿਖਿਆ ਸੀ ਕਿ ਜੇ ਕੋਈ ਆਦਮੀ ਬੇਔਲਾਦ ਮਰ ਜਾਵੇ, ਤਾਂ ਉਸ ਦਾ ਭਰਾ ਉਸ ਦੀ ਪਤਨੀ ਨਾਲ ਵਿਆਹ ਕਰਾਵੇ ਅਤੇ ਆਪਣੇ ਮਰ ਚੁੱਕੇ ਭਰਾ ਲਈ ਔਲਾਦ ਪੈਦਾ ਕਰੇ।+ 20 ਇਕ ਪਰਿਵਾਰ ਵਿਚ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕਰਾਇਆ, ਪਰ ਉਹ ਬੇਔਲਾਦ ਮਰ ਗਿਆ। 21 ਦੂਸਰੇ ਨੇ ਉਸ ਦੀ ਤੀਵੀਂ ਨਾਲ ਵਿਆਹ ਕਰਾ ਲਿਆ, ਪਰ ਉਹ ਵੀ ਬੇਔਲਾਦ ਹੀ ਮਰ ਗਿਆ, ਫਿਰ ਤੀਸਰੇ ਨਾਲ ਇਸੇ ਤਰ੍ਹਾਂ ਹੋਇਆ। 22 ਇਸ ਤਰ੍ਹਾਂ ਸੱਤੇ ਭਰਾ ਬੇਔਲਾਦ ਮਰ ਗਏ। ਅਖ਼ੀਰ ਵਿਚ ਉਹ ਤੀਵੀਂ ਵੀ ਮਰ ਗਈ। 23 ਜਦ ਉਨ੍ਹਾਂ ਸਾਰਿਆਂ ਨੂੰ ਦੁਬਾਰਾ ਜੀਉਂਦਾ ਕੀਤਾ ਜਾਵੇਗਾ, ਤਾਂ ਉਹ ਤੀਵੀਂ ਉਨ੍ਹਾਂ ਵਿੱਚੋਂ ਕਿਸ ਦੀ ਪਤਨੀ ਹੋਵੇਗੀ? ਕਿਉਂਕਿ ਸੱਤਾਂ ਨੇ ਹੀ ਉਸ ਨਾਲ ਵਿਆਹ ਕਰਵਾਇਆ ਸੀ।” 24 ਯਿਸੂ ਨੇ ਉਨ੍ਹਾਂ ਨੂੰ ਕਿਹਾ: “ਤੁਸੀਂ ਗ਼ਲਤ ਹੋ ਕਿਉਂਕਿ ਤੁਸੀਂ ਨਾ ਤਾਂ ਧਰਮ-ਗ੍ਰੰਥ ਨੂੰ ਜਾਣਦੇ ਹੋ ਅਤੇ ਨਾ ਹੀ ਪਰਮੇਸ਼ੁਰ ਦੀ ਸ਼ਕਤੀ ਨੂੰ।+ 25 ਕਿਉਂਕਿ ਦੁਬਾਰਾ ਜੀਉਂਦੇ ਹੋਣ ਤੋਂ ਬਾਅਦ ਨਾ ਆਦਮੀ ਵਿਆਹ ਕਰਨਗੇ ਅਤੇ ਨਾ ਹੀ ਤੀਵੀਆਂ ਵਿਆਹੀਆਂ ਜਾਣਗੀਆਂ, ਸਗੋਂ ਉਹ ਦੂਤਾਂ ਵਰਗੇ ਹੋਣਗੇ।+ 26 ਪਰ ਰਹੀ ਮੁਰਦਿਆਂ ਦੇ ਜੀਉਂਦਾ ਹੋਣ ਦੀ ਗੱਲ, ਕੀ ਤੁਸੀਂ ਮੂਸਾ ਦੀ ਕਿਤਾਬ ਵਿਚਲੇ ਬਲ਼ਦੀ ਝਾੜੀ ਦੇ ਬਿਰਤਾਂਤ ਵਿਚ ਨਹੀਂ ਪੜ੍ਹਿਆ ਜਦੋਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ ਸੀ: ‘ਮੈਂ ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ’?+ 27 ਉਹ ਮਰਿਆਂ ਦਾ ਨਹੀਂ, ਸਗੋਂ ਜੀਉਂਦਿਆਂ ਦਾ ਪਰਮੇਸ਼ੁਰ ਹੈ। ਤੁਸੀਂ ਗ਼ਲਤ ਸਮਝਿਆ ਹੈ।”+
28 ਉੱਥੇ ਇਕ ਗ੍ਰੰਥੀ ਵੀ ਆਇਆ ਹੋਇਆ ਸੀ ਅਤੇ ਉਸ ਨੇ ਉਨ੍ਹਾਂ ਨੂੰ ਬਹਿਸ ਕਰਦੇ ਸੁਣਿਆ। ਸਦੂਕੀਆਂ ਨੂੰ ਦਿੱਤੇ ਯਿਸੂ ਦੇ ਵਧੀਆ ਜਵਾਬ ਨੂੰ ਸੁਣ ਕੇ ਗ੍ਰੰਥੀ ਨੇ ਉਸ ਨੂੰ ਪੁੱਛਿਆ: “ਸਾਰੇ ਹੁਕਮਾਂ ਵਿੱਚੋਂ ਸਭ ਤੋਂ ਵੱਡਾ* ਹੁਕਮ ਕਿਹੜਾ ਹੈ?”+ 29 ਯਿਸੂ ਨੇ ਕਿਹਾ: “ਸਭ ਤੋਂ ਵੱਡਾ* ਇਹ ਹੈ, ‘ਹੇ ਇਜ਼ਰਾਈਲ ਦੇ ਲੋਕੋ, ਸੁਣੋ, ਸਾਡਾ ਪਰਮੇਸ਼ੁਰ ਯਹੋਵਾਹ* ਇੱਕੋ ਹੀ ਯਹੋਵਾਹ* ਹੈ 30 ਅਤੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ* ਨੂੰ ਆਪਣੇ ਪੂਰੇ ਦਿਲ ਨਾਲ, ਆਪਣੀ ਪੂਰੀ ਜਾਨ ਨਾਲ, ਆਪਣੀ ਪੂਰੀ ਸਮਝ ਨਾਲ ਅਤੇ ਆਪਣੀ ਪੂਰੀ ਤਾਕਤ ਨਾਲ ਪਿਆਰ ਕਰੋ।’+ 31 ਦੂਸਰਾ ਹੁਕਮ ਇਹ ਹੈ, ‘ਤੂੰ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।’+ ਇਨ੍ਹਾਂ ਤੋਂ ਵੱਡਾ ਹੋਰ ਕੋਈ ਹੁਕਮ ਨਹੀਂ ਹੈ।” 32 ਗ੍ਰੰਥੀ ਨੇ ਉਸ ਨੂੰ ਕਿਹਾ: “ਠੀਕ ਗੁਰੂ ਜੀ, ਤੂੰ ਬਿਲਕੁਲ ਸੱਚ ਕਿਹਾ, ‘ਸਿਰਫ਼ ਉਹੀ ਪਰਮੇਸ਼ੁਰ ਹੈ, ਉਸ ਤੋਂ ਸਿਵਾਇ ਹੋਰ ਕੋਈ ਪਰਮੇਸ਼ੁਰ ਨਹੀਂ’;+ 33 ਉਸ ਨੂੰ ਪੂਰੇ ਦਿਲ ਨਾਲ, ਪੂਰੀ ਸਮਝ ਨਾਲ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਅਤੇ ਆਪਣੇ ਗੁਆਂਢੀ ਨੂੰ ਉਵੇਂ ਪਿਆਰ ਕਰਨਾ ਜਿਵੇਂ ਆਪਣੇ ਆਪ ਨੂੰ ਕਰੀਦਾ ਹੈ, ਸਾਰੀਆਂ ਹੋਮ-ਬਲ਼ੀਆਂ ਅਤੇ ਚੜ੍ਹਾਵਿਆਂ ਨਾਲੋਂ ਜ਼ਿਆਦਾ ਜ਼ਰੂਰੀ ਹੈ।”+ 34 ਯਿਸੂ ਨੇ ਦੇਖਿਆ ਕਿ ਉਸ ਨੇ ਸਮਝਦਾਰੀ ਨਾਲ ਜਵਾਬ ਦਿੱਤਾ, ਇਸ ਲਈ ਉਸ ਨੂੰ ਕਿਹਾ: “ਤੂੰ ਪਰਮੇਸ਼ੁਰ ਦੇ ਰਾਜ ਤੋਂ ਬਹੁਤਾ ਦੂਰ ਨਹੀਂ ਹੈਂ।” ਇਸ ਤੋਂ ਬਾਅਦ ਕਿਸੇ ਨੇ ਵੀ ਉਸ ਨੂੰ ਹੋਰ ਸਵਾਲ ਪੁੱਛਣ ਦੀ ਜੁਰਅਤ ਨਾ ਕੀਤੀ।+
35 ਲੋਕਾਂ ਨੂੰ ਮੰਦਰ ਵਿਚ ਸਿੱਖਿਆ ਦਿੰਦੇ ਹੋਏ ਯਿਸੂ ਨੇ ਉਨ੍ਹਾਂ ਨੂੰ ਪੁੱਛਿਆ: “ਗ੍ਰੰਥੀ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ?+ 36 ਦਾਊਦ ਨੇ ਖ਼ੁਦ ਪਵਿੱਤਰ ਸ਼ਕਤੀ ਦੀ ਮਦਦ ਨਾਲ+ ਇਹ ਕਿਹਾ ਸੀ, ‘ਯਹੋਵਾਹ* ਨੇ ਮੇਰੇ ਪ੍ਰਭੂ ਨੂੰ ਕਿਹਾ: “ਤੂੰ ਉਦੋਂ ਤਕ ਮੇਰੇ ਸੱਜੇ ਹੱਥ ਬੈਠ ਜਦ ਤਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।”’+ 37 ਜੇ ਦਾਊਦ ਖ਼ੁਦ ਮਸੀਹ ਨੂੰ ਪ੍ਰਭੂ ਕਹਿੰਦਾ ਹੈ, ਤਾਂ ਫਿਰ, ਉਹ ਉਸ ਦਾ ਪੁੱਤਰ ਕਿਵੇਂ ਹੋ ਸਕਦਾ ਹੈ?”+
ਸਾਰੀ ਭੀੜ ਨੂੰ ਉਸ ਦੀਆਂ ਗੱਲਾਂ ਸੁਣ ਕੇ ਬੜਾ ਆਨੰਦ ਆ ਰਿਹਾ ਸੀ। 38 ਉਨ੍ਹਾਂ ਨੂੰ ਸਿੱਖਿਆ ਦਿੰਦੇ ਹੋਏ ਉਸ ਨੇ ਕਿਹਾ: “ਗ੍ਰੰਥੀਆਂ ਤੋਂ ਖ਼ਬਰਦਾਰ ਰਹੋ ਜੋ ਲੰਬੇ-ਲੰਬੇ ਚੋਗੇ ਪਾ ਕੇ ਘੁੰਮਣਾ ਪਸੰਦ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਬਾਜ਼ਾਰਾਂ ਵਿਚ ਲੋਕ ਉਨ੍ਹਾਂ ਨੂੰ ਸਲਾਮਾਂ ਕਰਨ।+ 39 ਉਹ ਸਭਾ ਘਰਾਂ ਵਿਚ ਅੱਗੇ ਹੋ-ਹੋ ਕੇ* ਬੈਠਣਾ ਅਤੇ ਦਾਅਵਤਾਂ ਵਿਚ ਖ਼ਾਸ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹਨ।+ 40 ਉਹ ਵਿਧਵਾਵਾਂ ਦੇ ਘਰ* ਹੜੱਪ ਜਾਂਦੇ ਹਨ ਅਤੇ ਦਿਖਾਵੇ ਲਈ ਲੰਬੀਆਂ-ਲੰਬੀਆਂ ਪ੍ਰਾਰਥਨਾਵਾਂ ਕਰਦੇ ਹਨ। ਇਨ੍ਹਾਂ ਨੂੰ ਹੋਰ ਵੀ ਸਖ਼ਤ* ਸਜ਼ਾ ਮਿਲੇਗੀ।”
41 ਫਿਰ ਉਹ ਦਾਨ-ਪੇਟੀਆਂ ਦੇ ਸਾਮ੍ਹਣੇ ਬੈਠ ਗਿਆ+ ਅਤੇ ਭੀੜ ਨੂੰ ਦੇਖਣ ਲੱਗਾ ਜੋ ਦਾਨ-ਪੇਟੀਆਂ ਵਿਚ ਪੈਸੇ ਪਾ ਰਹੀ ਸੀ; ਕਈ ਅਮੀਰ ਲੋਕ ਆ ਕੇ ਬਹੁਤ ਸਿੱਕੇ ਪਾ ਰਹੇ ਸਨ।+ 42 ਉੱਥੇ ਇਕ ਗ਼ਰੀਬ ਵਿਧਵਾ ਵੀ ਆਈ ਅਤੇ ਉਸ ਨੇ ਦੋ ਸਿੱਕੇ* ਪਾਏ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ।+ 43 ਉਸ ਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਦਾਨ-ਪੇਟੀਆਂ ਵਿਚ ਪੈਸੇ ਪਾ ਰਹੇ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਇਸ ਗ਼ਰੀਬ ਵਿਧਵਾ ਨੇ ਪਾਏ।+ 44 ਕਿਉਂਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਾਧੂ ਪੈਸੇ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਗ਼ਰੀਬ ਵਿਧਵਾ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਇਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।”+