ਕੂਚ
1 ਜਦੋਂ ਯਾਕੂਬ ਯਾਨੀ ਇਜ਼ਰਾਈਲ ਮਿਸਰ ਗਿਆ, ਤਾਂ ਉਸ ਦੇ ਸਾਰੇ ਪੁੱਤਰ ਵੀ ਆਪੋ-ਆਪਣੇ ਪਰਿਵਾਰਾਂ ਨਾਲ ਉੱਥੇ ਗਏ। ਇਹ ਯਾਕੂਬ ਦੇ ਪੁੱਤਰਾਂ ਦੇ ਨਾਂ ਹਨ:+ 2 ਰਊਬੇਨ, ਸ਼ਿਮਓਨ, ਲੇਵੀ, ਯਹੂਦਾਹ;+ 3 ਯਿਸਾਕਾਰ, ਜ਼ਬੂਲੁਨ, ਬਿਨਯਾਮੀਨ; 4 ਦਾਨ, ਨਫ਼ਤਾਲੀ, ਗਾਦ ਅਤੇ ਆਸ਼ੇਰ।+ 5 ਯਾਕੂਬ ਤੋਂ ਪੈਦਾ ਹੋਏ ਸਾਰੇ ਜੀਆਂ ਦੀ ਗਿਣਤੀ 70 ਸੀ। ਯੂਸੁਫ਼ ਪਹਿਲਾਂ ਹੀ ਮਿਸਰ ਵਿਚ ਰਹਿੰਦਾ ਸੀ।+ 6 ਅਖ਼ੀਰ ਯੂਸੁਫ਼ ਦੀ ਮੌਤ ਹੋ ਗਈ,+ ਨਾਲੇ ਉਸ ਦੇ ਸਾਰੇ ਭਰਾ ਤੇ ਉਸ ਪੀੜ੍ਹੀ ਦੇ ਸਾਰੇ ਲੋਕ ਵੀ ਮਰ ਗਏ। 7 ਉਸ ਵੇਲੇ ਇਜ਼ਰਾਈਲੀਆਂ* ਦੇ ਬਹੁਤ ਸਾਰੇ ਬੱਚੇ ਹੋਏ ਜਿਸ ਕਰਕੇ ਉਨ੍ਹਾਂ ਦੀ ਗਿਣਤੀ ਬੇਹੱਦ ਵਧਣ ਲੱਗ ਪਈ ਅਤੇ ਉਹ ਤਾਕਤਵਰ ਬਣ ਗਏ। ਉਨ੍ਹਾਂ ਦੀ ਆਬਾਦੀ ਤੇਜ਼ੀ ਨਾਲ ਵਧਣ ਕਰਕੇ ਸਾਰਾ ਦੇਸ਼ ਉਨ੍ਹਾਂ ਨਾਲ ਭਰ ਗਿਆ।+
8 ਸਮੇਂ ਦੇ ਬੀਤਣ ਨਾਲ ਮਿਸਰ ਉੱਤੇ ਇਕ ਨਵਾਂ ਰਾਜਾ ਰਾਜ ਕਰਨ ਲੱਗਾ ਜੋ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9 ਇਸ ਲਈ ਉਸ ਨੇ ਆਪਣੇ ਲੋਕਾਂ ਨੂੰ ਕਿਹਾ: “ਦੇਖੋ! ਇਜ਼ਰਾਈਲੀਆਂ ਦੀ ਗਿਣਤੀ ਸਾਡੇ ਨਾਲੋਂ ਕਿਤੇ ਜ਼ਿਆਦਾ ਹੈ ਅਤੇ ਉਹ ਸਾਡੇ ਤੋਂ ਤਾਕਤਵਰ ਵੀ ਹਨ।+ 10 ਇਸ ਲਈ ਆਓ ਆਪਾਂ ਉਨ੍ਹਾਂ ਨਾਲ ਚਲਾਕੀ ਨਾਲ ਪੇਸ਼ ਆਈਏ। ਨਹੀਂ ਤਾਂ ਉਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾਵੇਗੀ। ਜੇ ਸਾਡੇ ਦੁਸ਼ਮਣਾਂ ਨੇ ਸਾਡੇ ʼਤੇ ਹਮਲਾ ਕਰ ਦਿੱਤਾ, ਤਾਂ ਉਹ ਉਨ੍ਹਾਂ ਨਾਲ ਹੱਥ ਮਿਲਾ ਕੇ ਸਾਡੇ ਖ਼ਿਲਾਫ਼ ਲੜਨਗੇ ਅਤੇ ਦੇਸ਼ ਛੱਡ ਕੇ ਚਲੇ ਜਾਣਗੇ।”
11 ਇਸ ਲਈ ਉਨ੍ਹਾਂ ਨੇ ਗ਼ੁਲਾਮਾਂ ਦੇ ਮੁਖੀਆਂ ਨੂੰ ਨਿਯੁਕਤ ਕੀਤਾ ਤਾਂਕਿ ਉਹ ਜ਼ੁਲਮ ਢਾਹ ਕੇ ਇਜ਼ਰਾਈਲੀਆਂ ਤੋਂ ਜਬਰਨ ਮਜ਼ਦੂਰੀ ਕਰਾਉਣ।+ ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਫ਼ਿਰਊਨ ਲਈ ਗੋਦਾਮਾਂ ਵਾਲੇ ਸ਼ਹਿਰ ਫਿਤੋਮ ਤੇ ਰਾਮਸੇਸ+ ਬਣਵਾਏ। 12 ਪਰ ਮਿਸਰੀਆਂ ਨੇ ਉਨ੍ਹਾਂ ਉੱਤੇ ਜਿੰਨਾ ਜ਼ਿਆਦਾ ਜ਼ੁਲਮ ਢਾਹਿਆ, ਉਨ੍ਹਾਂ ਦੀ ਗਿਣਤੀ ਉੱਨੀ ਜ਼ਿਆਦਾ ਵਧਦੀ ਗਈ ਅਤੇ ਉਹ ਦੇਸ਼ ਦੇ ਹੋਰ ਇਲਾਕਿਆਂ ਵਿਚ ਫੈਲਦੇ ਗਏ। ਇਸ ਕਰਕੇ ਉਹ ਇਜ਼ਰਾਈਲੀਆਂ ਤੋਂ ਖ਼ੌਫ਼ ਖਾਣ ਲੱਗ ਪਏ ਅਤੇ ਉਨ੍ਹਾਂ ਨਾਲ ਨਫ਼ਰਤ ਕਰਨ ਲੱਗੇ।+ 13 ਨਤੀਜੇ ਵਜੋਂ ਮਿਸਰੀਆਂ ਨੇ ਇਜ਼ਰਾਈਲੀਆਂ ਤੋਂ ਬੇਰਹਿਮੀ ਨਾਲ ਗ਼ੁਲਾਮੀ ਕਰਾਈ।+ 14 ਉਨ੍ਹਾਂ ਨੇ ਇਜ਼ਰਾਈਲੀਆਂ ਤੋਂ ਸਖ਼ਤ ਮਜ਼ਦੂਰੀ ਕਰਾ ਕੇ ਉਨ੍ਹਾਂ ਦਾ ਜੀਉਣਾ ਮੁਸ਼ਕਲ ਕਰ ਦਿੱਤਾ ਅਤੇ ਉਨ੍ਹਾਂ ਤੋਂ ਗਾਰਾ ਤੇ ਇੱਟਾਂ ਬਣਵਾਈਆਂ ਅਤੇ ਖੇਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਵਾਈ। ਹਾਂ, ਉਨ੍ਹਾਂ ਨੂੰ ਔਖੇ ਹਾਲਾਤਾਂ ਵਿਚ ਹਰ ਤਰ੍ਹਾਂ ਦੀ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ।+
15 ਬਾਅਦ ਵਿਚ ਮਿਸਰ ਦੇ ਰਾਜੇ ਨੇ ਸਿਫਰਾਹ ਤੇ ਪੁਆਹ ਨਾਂ ਦੀਆਂ ਇਬਰਾਨੀ ਦਾਈਆਂ ਨੂੰ ਕਿਹਾ: 16 “ਜਦੋਂ ਤੁਸੀਂ ਬੱਚਾ ਜਣਨ ਵਿਚ ਇਬਰਾਨੀ ਔਰਤਾਂ ਦੀ ਮਦਦ ਕਰੋਗੀਆਂ,+ ਤਾਂ ਜੇ ਮੁੰਡਾ ਪੈਦਾ ਹੋਵੇ, ਤਾਂ ਉਸ ਨੂੰ ਮਾਰ ਸੁੱਟਿਓ, ਪਰ ਜੇ ਕੁੜੀ ਹੋਵੇ, ਤਾਂ ਉਸ ਨੂੰ ਜੀਉਂਦੀ ਰੱਖਿਓ।” 17 ਪਰ ਦਾਈਆਂ ਸੱਚੇ ਪਰਮੇਸ਼ੁਰ ਦਾ ਡਰ ਮੰਨਦੀਆਂ ਸਨ, ਇਸ ਲਈ ਮਿਸਰ ਦੇ ਰਾਜੇ ਦਾ ਹੁਕਮ ਨਾ ਮੰਨਦੇ ਹੋਏ ਉਹ ਮੁੰਡਿਆਂ ਨੂੰ ਜੀਉਂਦਾ ਰੱਖਦੀਆਂ ਸਨ।+ 18 ਕੁਝ ਸਮੇਂ ਬਾਅਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਬੁਲਾ ਕੇ ਪੁੱਛਿਆ: “ਤੁਸੀਂ ਮੁੰਡਿਆਂ ਨੂੰ ਜੀਉਂਦਾ ਕਿਉਂ ਰਹਿਣ ਦਿੱਤਾ?” 19 ਦਾਈਆਂ ਨੇ ਫ਼ਿਰਊਨ ਨੂੰ ਕਿਹਾ: “ਇਬਰਾਨੀ ਔਰਤਾਂ ਮਿਸਰੀ ਔਰਤਾਂ ਵਰਗੀਆਂ ਨਹੀਂ ਹਨ। ਉਹ ਜਿਗਰੇ ਵਾਲੀਆਂ ਹਨ ਅਤੇ ਦਾਈ ਦੇ ਪਹੁੰਚਣ ਤੋਂ ਪਹਿਲਾਂ ਹੀ ਬੱਚੇ ਨੂੰ ਜਨਮ ਦੇ ਦਿੰਦੀਆਂ ਹਨ।”
20 ਇਸ ਲਈ ਪਰਮੇਸ਼ੁਰ ਨੇ ਦਾਈਆਂ ʼਤੇ ਮਿਹਰ ਕੀਤੀ ਅਤੇ ਇਜ਼ਰਾਈਲੀਆਂ ਦੀ ਗਿਣਤੀ ਵਧਦੀ ਗਈ ਅਤੇ ਉਹ ਬਹੁਤ ਤਾਕਤਵਰ ਹੁੰਦੇ ਗਏ। 21 ਦਾਈਆਂ ਸੱਚੇ ਪਰਮੇਸ਼ੁਰ ਦਾ ਡਰ ਮੰਨਦੀਆਂ ਸਨ, ਇਸ ਲਈ ਬਾਅਦ ਵਿਚ ਉਸ ਨੇ ਉਨ੍ਹਾਂ ਨੂੰ ਔਲਾਦ ਦਾ ਸੁੱਖ ਦਿੱਤਾ। 22 ਆਖ਼ਰਕਾਰ, ਫ਼ਿਰਊਨ ਨੇ ਆਪਣੇ ਸਾਰੇ ਲੋਕਾਂ ਨੂੰ ਹੁਕਮ ਦਿੱਤਾ: “ਜੇ ਇਬਰਾਨੀਆਂ ਦੇ ਘਰ ਮੁੰਡਾ ਪੈਦਾ ਹੋਵੇ, ਤਾਂ ਤੁਸੀਂ ਉਸ ਨੂੰ ਨੀਲ ਦਰਿਆ ਵਿਚ ਸੁੱਟ ਦਿਓ, ਪਰ ਜੇ ਕੁੜੀ ਹੋਵੇ, ਤਾਂ ਉਸ ਨੂੰ ਜੀਉਂਦੀ ਰੱਖਿਓ।”+