ਬਿਵਸਥਾ ਸਾਰ
12 “ਤੁਹਾਡੇ ਪਿਉ-ਦਾਦਿਆਂ ਦਾ ਪਰਮੇਸ਼ੁਰ ਯਹੋਵਾਹ ਜੋ ਦੇਸ਼ ਤੁਹਾਡੇ ਕਬਜ਼ੇ ਹੇਠ ਕਰੇਗਾ, ਉੱਥੇ ਤੁਸੀਂ ਉਮਰ ਭਰ ਧਿਆਨ ਨਾਲ ਇਨ੍ਹਾਂ ਸਾਰੇ ਨਿਯਮਾਂ ਅਤੇ ਕਾਨੂੰਨਾਂ ਦੀ ਪਾਲਣਾ ਕਰਿਓ। 2 ਤੁਸੀਂ ਜਿਨ੍ਹਾਂ ਕੌਮਾਂ ਨੂੰ ਉੱਥੋਂ ਕੱਢੋਗੇ, ਉਨ੍ਹਾਂ ਦੀਆਂ ਉਹ ਸਾਰੀਆਂ ਥਾਵਾਂ ਪੂਰੀ ਤਰ੍ਹਾਂ ਢਾਹ ਦੇਣੀਆਂ ਜਿੱਥੇ ਉਹ ਆਪਣੇ ਦੇਵਤਿਆਂ ਦੀ ਭਗਤੀ ਕਰਦੀਆਂ ਹਨ,+ ਚਾਹੇ ਉਹ ਉੱਚੇ ਪਹਾੜਾਂ ʼਤੇ ਹੋਣ ਜਾਂ ਪਹਾੜੀਆਂ ʼਤੇ ਜਾਂ ਹਰੇ-ਭਰੇ ਦਰਖ਼ਤਾਂ ਥੱਲੇ ਹੋਣ। 3 ਤੁਸੀਂ ਉਨ੍ਹਾਂ ਦੀਆਂ ਵੇਦੀਆਂ ਢਾਹ ਦੇਣੀਆਂ, ਉਨ੍ਹਾਂ ਦੇ ਪੂਜਾ-ਥੰਮ੍ਹ ਚਕਨਾਚੂਰ ਕਰ ਦੇਣੇ,+ ਪੂਜਾ-ਖੰਭੇ* ਅੱਗ ਵਿਚ ਸਾੜ ਦੇਣੇ ਅਤੇ ਉਨ੍ਹਾਂ ਦੇ ਦੇਵਤਿਆਂ ਦੀਆਂ ਘੜੀਆਂ ਹੋਈਆਂ ਮੂਰਤੀਆਂ ਤੋੜ ਦੇਣੀਆਂ।+ ਇਸ ਤਰ੍ਹਾਂ ਤੁਸੀਂ ਉਸ ਜਗ੍ਹਾ ਤੋਂ ਉਨ੍ਹਾਂ ਦੇਵਤਿਆਂ ਦਾ ਨਾਂ ਤਕ ਮਿਟਾ ਦੇਣਾ।+
4 “ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਕਰਦੇ ਹੋਏ ਉਨ੍ਹਾਂ ਕੌਮਾਂ ਦੀ ਰੀਸ ਨਾ ਕਰਿਓ।+ 5 ਇਸ ਦੀ ਬਜਾਇ, ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਸਾਰੇ ਗੋਤਾਂ ਦੇ ਇਲਾਕਿਆਂ ਵਿਚ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਜਿਸ ਨੂੰ ਆਪਣਾ ਨਿਵਾਸ-ਸਥਾਨ ਬਣਾਵੇਗਾ, ਤੁਸੀਂ ਉੱਥੇ ਜਾ ਕੇ ਉਸ ਦੀ ਭਗਤੀ ਕਰਿਓ।+ 6 ਤੁਸੀਂ ਉੱਥੇ ਆਪਣੀਆਂ ਹੋਮ-ਬਲ਼ੀਆਂ,+ ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ,+ ਸੁੱਖਣਾਂ ਦੀਆਂ ਭੇਟਾਂ, ਇੱਛਾ-ਬਲ਼ੀਆਂ+ ਅਤੇ ਆਪਣੇ ਗਾਂਵਾਂ-ਬਲਦਾਂ ਅਤੇ ਭੇਡਾਂ-ਬੱਕਰੀਆਂ ਦੇ ਜੇਠੇ+ ਲੈ ਕੇ ਜਾਇਓ। 7 ਤੁਸੀਂ ਆਪਣੇ ਘਰਾਣਿਆਂ ਸਮੇਤ ਉੱਥੇ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਆਪਣੇ ਚੜ੍ਹਾਵੇ ਖਾਇਓ+ ਅਤੇ ਆਪਣੇ ਸਾਰੇ ਕੰਮਾਂ ਕਰਕੇ ਖ਼ੁਸ਼ ਹੋਇਓ+ ਕਿਉਂਕਿ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਬਰਕਤ ਦਿੱਤੀ ਹੈ।
8 “ਤੁਸੀਂ ਆਪਣੀ ਮਨ-ਮਰਜ਼ੀ ਨਾ ਕਰਿਓ, ਜਿਵੇਂ ਤੁਸੀਂ ਅੱਜ ਇੱਥੇ ਕਰ ਰਹੇ ਹੋ। ਹੁਣ ਤੁਹਾਨੂੰ ਜੋ ਚੰਗਾ ਲੱਗਦਾ ਹੈ, ਤੁਸੀਂ ਉਹੀ ਕਰਦੇ ਹੋ 9 ਕਿਉਂਕਿ ਤੁਸੀਂ ਅਜੇ ਤਕ ਆਰਾਮ ਕਰਨ ਦੀ ਜਗ੍ਹਾ+ ਅਤੇ ਵਿਰਾਸਤ ਵਿਚ ਮਿਲਣ ਵਾਲੀ ਜ਼ਮੀਨ ʼਤੇ ਨਹੀਂ ਪਹੁੰਚੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ। 10 ਜਦੋਂ ਤੁਸੀਂ ਯਰਦਨ ਦਰਿਆ ਪਾਰ+ ਕਰ ਕੇ ਉਸ ਦੇਸ਼ ਵਿਚ ਵੱਸ ਜਾਓਗੇ ਜੋ ਦੇਸ਼ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਕਬਜ਼ੇ ਹੇਠ ਕਰੇਗਾ, ਤਾਂ ਉਹ ਤੁਹਾਡੇ ਆਲੇ-ਦੁਆਲੇ ਰਹਿੰਦੇ ਸਾਰੇ ਦੁਸ਼ਮਣਾਂ ਤੋਂ ਜ਼ਰੂਰ ਤੁਹਾਡੀ ਰੱਖਿਆ ਕਰੇਗਾ ਅਤੇ ਤੁਸੀਂ ਸੁਰੱਖਿਅਤ ਵੱਸੋਗੇ।+ 11 ਤੁਹਾਡਾ ਪਰਮੇਸ਼ੁਰ ਯਹੋਵਾਹ ਜਿਹੜੀ ਜਗ੍ਹਾ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤੁਸੀਂ ਉੱਥੇ ਇਹ ਸਾਰੀਆਂ ਚੀਜ਼ਾਂ ਲੈ ਕੇ ਜਾਇਓ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ: ਹੋਮ-ਬਲ਼ੀਆਂ, ਹੋਰ ਬਲ਼ੀਆਂ, ਦਸਵਾਂ ਹਿੱਸਾ,+ ਦਾਨ, ਯਹੋਵਾਹ ਦੇ ਸਾਮ੍ਹਣੇ ਸੁੱਖੀਆਂ ਸੁੱਖਣਾਂ ਦੀਆਂ ਭੇਟਾਂ। 12 ਤੁਸੀਂ ਅਤੇ ਤੁਹਾਡੇ ਧੀਆਂ-ਪੁੱਤਰ ਅਤੇ ਤੁਹਾਡੇ ਦਾਸ-ਦਾਸੀਆਂ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਉਣ।+ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਲੇਵੀ ਵੀ ਤੁਹਾਡੇ ਨਾਲ ਖ਼ੁਸ਼ੀਆਂ ਮਨਾਉਣ ਜਿਨ੍ਹਾਂ ਨੂੰ ਤੁਹਾਡੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਦਿੱਤੀ ਗਈ ਹੈ।+ 13 ਖ਼ਬਰਦਾਰ ਰਹਿਓ ਕਿ ਤੁਸੀਂ ਉਸ ਜਗ੍ਹਾ ਹੋਮ-ਬਲ਼ੀਆਂ ਨਾ ਚੜ੍ਹਾਇਓ ਜੋ ਤੁਹਾਨੂੰ ਚੰਗੀ ਲੱਗੇ।+ 14 ਪਰ ਤੁਸੀਂ ਉਸ ਜਗ੍ਹਾ ਹੀ ਹੋਮ-ਬਲ਼ੀਆਂ ਚੜਾਇਓ ਜੋ ਯਹੋਵਾਹ ਤੁਹਾਡੇ ਗੋਤਾਂ ਦੇ ਇਲਾਕਿਆਂ ਵਿਚ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ ਅਤੇ ਉੱਥੇ ਹੀ ਤੁਸੀਂ ਉਹ ਸਭ ਕੁਝ ਕਰਿਓ ਜਿਸ ਦਾ ਮੈਂ ਤੁਹਾਨੂੰ ਹੁਕਮ ਦੇ ਰਿਹਾ ਹਾਂ।+
15 “ਪਰ ਜਦੋਂ ਵੀ ਤੁਹਾਡਾ ਦਿਲ ਮੀਟ ਖਾਣ ਨੂੰ ਕਰੇ, ਤਾਂ ਤੁਸੀਂ ਆਪਣੇ ਸਾਰੇ ਸ਼ਹਿਰਾਂ* ਵਿਚ ਜਾਨਵਰ ਵੱਢ ਕੇ ਖਾ ਸਕਦੇ ਹੋ।+ ਤੁਹਾਡੇ ਪਰਮੇਸ਼ੁਰ ਯਹੋਵਾਹ ਦੀ ਬਰਕਤ ਨਾਲ ਤੁਹਾਡੇ ਕੋਲ ਜਿੰਨੇ ਜਾਨਵਰ ਹਨ, ਤੁਸੀਂ ਉਨ੍ਹਾਂ ਵਿੱਚੋਂ ਜਿੰਨੇ ਚਾਹੋ ਖਾ ਸਕਦੇ ਹੋ। ਸ਼ੁੱਧ ਤੇ ਅਸ਼ੁੱਧ ਦੋਵੇਂ ਇਨਸਾਨ ਇਹ ਮੀਟ ਖਾ ਸਕਦੇ ਹਨ ਜਿਵੇਂ ਤੁਸੀਂ ਕਿਸੇ ਚਿਕਾਰੇ* ਜਾਂ ਹਿਰਨ ਦਾ ਖਾਂਦੇ ਹੋ। 16 ਪਰ ਤੁਸੀਂ ਖ਼ੂਨ ਨਾ ਖਾਇਓ,+ ਸਗੋਂ ਇਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦਿਓ।+ 17 ਤੁਹਾਨੂੰ ਆਪਣੇ ਸ਼ਹਿਰਾਂ* ਵਿਚ ਇਹ ਚੀਜ਼ਾਂ ਖਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ: ਅਨਾਜ, ਨਵੇਂ ਦਾਖਰਸ ਅਤੇ ਤੇਲ ਦਾ ਦਸਵਾਂ ਹਿੱਸਾ, ਗਾਂਵਾਂ-ਬਲਦਾਂ ਤੇ ਭੇਡਾਂ-ਬੱਕਰੀਆਂ ਦੇ ਜੇਠੇ ਬੱਚੇ,+ ਆਪਣੀਆਂ ਸੁੱਖਣਾਂ ਦੀਆਂ ਭੇਟਾਂ, ਇੱਛਾ-ਬਲ਼ੀਆਂ ਤੇ ਦਾਨ। 18 ਤੁਸੀਂ ਇਹ ਸਾਰੀਆਂ ਚੀਜ਼ਾਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਸਾਮ੍ਹਣੇ ਉਸ ਜਗ੍ਹਾ ਖਾਣੀਆਂ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਚੁਣੇਗਾ।+ ਤੁਸੀਂ ਅਤੇ ਤੁਹਾਡੇ ਧੀਆਂ-ਪੁੱਤਰ, ਤੁਹਾਡੇ ਦਾਸ-ਦਾਸੀਆਂ ਅਤੇ ਤੁਹਾਡੇ ਸ਼ਹਿਰਾਂ* ਵਿਚ ਰਹਿੰਦੇ ਲੇਵੀ ਇਹ ਸਭ ਕੁਝ ਖਾਣ। ਤੁਸੀਂ ਆਪਣੇ ਸਾਰੇ ਕੰਮਾਂ ਕਰਕੇ ਆਪਣੇ ਪਰਮੇਸ਼ੁਰ ਯਹੋਵਾਹ ਸਾਮ੍ਹਣੇ ਖ਼ੁਸ਼ੀਆਂ ਮਨਾਇਓ। 19 ਧਿਆਨ ਰੱਖਿਓ ਕਿ ਤੁਸੀਂ ਜਿੰਨਾ ਚਿਰ ਆਪਣੇ ਦੇਸ਼ ਵਿਚ ਰਹੋ, ਤੁਸੀਂ ਕਦੀ ਵੀ ਲੇਵੀਆਂ ਨੂੰ ਅਣਗੌਲਿਆਂ ਨਾ ਕਰਿਓ।+
20 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਨਾਲ ਕੀਤੇ ਵਾਅਦੇ ਮੁਤਾਬਕ ਤੁਹਾਡਾ ਇਲਾਕਾ ਵਧਾਵੇਗਾ+ ਅਤੇ ਤੁਹਾਡਾ ਦਿਲ ਮੀਟ ਖਾਣ ਨੂੰ ਕਰੇ ਅਤੇ ਤੁਸੀਂ ਕਹੋ, ‘ਮੈਂ ਮੀਟ ਖਾਣਾ ਚਾਹੁੰਦਾ ਹਾਂ,’ ਤਾਂ ਤੁਸੀਂ ਜਦੋਂ ਚਾਹੋ, ਮੀਟ ਖਾ ਸਕਦੇ ਹੋ।+ 21 ਯਹੋਵਾਹ ਨੇ ਤੁਹਾਨੂੰ ਜੋ ਗਾਂਵਾਂ-ਬਲਦ ਜਾਂ ਭੇਡਾਂ-ਬੱਕਰੀਆਂ ਦਿੱਤੀਆਂ ਹਨ, ਤੁਸੀਂ ਉਨ੍ਹਾਂ ਵਿੱਚੋਂ ਜਦੋਂ ਜੀ ਚਾਹੇ, ਕੁਝ ਜਾਨਵਰ ਵੱਢ ਕੇ ਖਾ ਸਕਦੇ ਹੋ, ਠੀਕ ਜਿਵੇਂ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਜੇ ਉਹ ਜਗ੍ਹਾ ਤੁਹਾਡੇ ਤੋਂ ਦੂਰ ਹੈ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਆਪਣੇ ਨਾਂ ਦੀ ਮਹਿਮਾ ਲਈ ਚੁਣੇਗਾ,+ ਤਾਂ ਤੁਸੀਂ ਉਨ੍ਹਾਂ ਨੂੰ ਆਪਣੇ ਸ਼ਹਿਰਾਂ* ਵਿਚ ਖਾ ਸਕਦੇ ਹੋ। 22 ਤੁਸੀਂ ਉਨ੍ਹਾਂ ਨੂੰ ਉਸੇ ਤਰ੍ਹਾਂ ਖਾ ਸਕਦੇ ਹੋ ਜਿਵੇਂ ਤੁਸੀਂ ਚਿਕਾਰਾ ਅਤੇ ਹਿਰਨ ਖਾਂਦੇ ਹੋ;+ ਸ਼ੁੱਧ ਅਤੇ ਅਸ਼ੁੱਧ ਇਨਸਾਨ ਇਸ ਨੂੰ ਖਾ ਸਕਦੇ ਹਨ। 23 ਪਰ ਤੁਸੀਂ ਪੱਕਾ ਇਰਾਦਾ ਕਰੋ ਕਿ ਤੁਸੀਂ ਖ਼ੂਨ ਨਹੀਂ ਖਾਓਗੇ+ ਕਿਉਂਕਿ ਖ਼ੂਨ ਜੀਵਨ ਹੈ+ ਅਤੇ ਤੁਸੀਂ ਮਾਸ ਦੇ ਨਾਲ ਜੀਵਨ ਨਹੀਂ ਖਾਣਾ। 24 ਤੁਸੀਂ ਹਰਗਿਜ਼ ਖ਼ੂਨ ਨਹੀਂ ਖਾਣਾ, ਸਗੋਂ ਇਸ ਨੂੰ ਜ਼ਮੀਨ ਉੱਤੇ ਪਾਣੀ ਵਾਂਗ ਡੋਲ੍ਹ ਦੇਣਾ।+ 25 ਤੁਸੀਂ ਇਸ ਨੂੰ ਹਰਗਿਜ਼ ਨਹੀਂ ਖਾਣਾ ਤਾਂਕਿ ਤੁਹਾਡਾ ਅਤੇ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਕਿਉਂਕਿ ਤੁਸੀਂ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰ ਰਹੇ ਹੋ। 26 ਤੁਸੀਂ ਜਦੋਂ ਵੀ ਉਸ ਜਗ੍ਹਾ ਜਾਓਗੇ ਜੋ ਯਹੋਵਾਹ ਚੁਣੇਗਾ, ਤਾਂ ਤੁਸੀਂ ਸਿਰਫ਼ ਆਪਣੀਆਂ ਪਵਿੱਤਰ ਚੀਜ਼ਾਂ ਅਤੇ ਸੁੱਖਣਾਂ ਦੀਆਂ ਭੇਟਾਂ ਲੈ ਕੇ ਜਾਣਾ। 27 ਉੱਥੇ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਉੱਤੇ ਹੋਮ-ਬਲ਼ੀਆਂ ਦਾ ਮਾਸ ਅਤੇ ਖ਼ੂਨ ਚੜ੍ਹਾਇਓ+ ਅਤੇ ਆਪਣੀਆਂ ਹੋਰ ਬਲ਼ੀਆਂ ਦਾ ਖ਼ੂਨ ਆਪਣੇ ਪਰਮੇਸ਼ੁਰ ਯਹੋਵਾਹ ਦੀ ਵੇਦੀ ਕੋਲ ਡੋਲ੍ਹ ਦਿਓ,+ ਪਰ ਤੁਸੀਂ ਮਾਸ ਖਾ ਸਕਦੇ ਹੋ।
28 “ਤੁਸੀਂ ਧਿਆਨ ਨਾਲ ਇਨ੍ਹਾਂ ਸਾਰੇ ਹੁਕਮਾਂ ਦੀ ਪਾਲਣਾ ਕਰਿਓ ਜੋ ਅੱਜ ਮੈਂ ਤੁਹਾਨੂੰ ਦੇ ਰਿਹਾ ਹਾਂ ਤਾਂਕਿ ਤੁਹਾਡਾ ਅਤੇ ਤੁਹਾਡੇ ਤੋਂ ਬਾਅਦ ਤੁਹਾਡੇ ਬੱਚਿਆਂ ਦਾ ਹਮੇਸ਼ਾ ਭਲਾ ਹੋਵੇ ਕਿਉਂਕਿ ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਅਤੇ ਚੰਗਾ ਕੰਮ ਕਰ ਰਹੇ ਹੋ।
29 “ਜਦੋਂ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਦਾ ਨਾਮੋ-ਨਿਸ਼ਾਨ ਮਿਟਾ ਦੇਵੇਗਾ ਜਿਨ੍ਹਾਂ ਨੂੰ ਤੁਸੀਂ ਉੱਥੋਂ ਕੱਢ ਦਿਓਗੇ+ ਅਤੇ ਉਨ੍ਹਾਂ ਦੇ ਦੇਸ਼ ਵਿਚ ਰਹਿਣ ਲੱਗ ਪਓਗੇ, 30 ਤਾਂ ਤੁਸੀਂ ਉਨ੍ਹਾਂ ਦੇ ਨਾਸ਼ ਹੋ ਜਾਣ ਤੋਂ ਬਾਅਦ ਉਨ੍ਹਾਂ ਵਾਂਗ ਜਾਲ਼ ਵਿਚ ਨਾ ਫਸ ਜਾਇਓ। ਤੁਸੀਂ ਉਨ੍ਹਾਂ ਦੇ ਦੇਵਤਿਆਂ ਬਾਰੇ ਇਹ ਪੁੱਛ-ਗਿੱਛ ਨਾ ਕਰਿਓ, ‘ਇਹ ਕੌਮਾਂ ਆਪਣੇ ਦੇਵਤਿਆਂ ਦੀ ਭਗਤੀ ਕਿਸ ਤਰ੍ਹਾਂ ਕਰਦੀਆਂ ਸਨ? ਮੈਂ ਵੀ ਉਸੇ ਤਰ੍ਹਾਂ ਭਗਤੀ ਕਰਾਂਗਾ।’+ 31 ਤੁਸੀਂ ਉਨ੍ਹਾਂ ਕੌਮਾਂ ਦੇ ਲੋਕਾਂ ਵਾਂਗ ਆਪਣੇ ਪਰਮੇਸ਼ੁਰ ਯਹੋਵਾਹ ਦੀ ਭਗਤੀ ਨਾ ਕਰਿਓ ਕਿਉਂਕਿ ਉਹ ਆਪਣੇ ਦੇਵਤਿਆਂ ਲਈ ਹਰ ਘਿਣਾਉਣਾ ਕੰਮ ਕਰਦੇ ਹਨ, ਇੱਥੋਂ ਤਕ ਕਿ ਉਹ ਆਪਣੇ ਦੇਵਤਿਆਂ ਦੀ ਖ਼ਾਤਰ ਆਪਣੇ ਧੀਆਂ-ਪੁੱਤਰਾਂ ਨੂੰ ਵੀ ਅੱਗ ਵਿਚ ਸਾੜਦੇ ਹਨ। ਯਹੋਵਾਹ ਅਜਿਹੇ ਕੰਮਾਂ ਤੋਂ ਨਫ਼ਰਤ ਕਰਦਾ ਹੈ।+ 32 ਮੈਂ ਤੁਹਾਨੂੰ ਜਿਹੜੇ ਵੀ ਹੁਕਮ ਦੇ ਰਿਹਾ ਹਾਂ, ਤੁਸੀਂ ਧਿਆਨ ਨਾਲ ਉਨ੍ਹਾਂ ਦੀ ਪਾਲਣਾ ਕਰਿਓ।+ ਤੁਸੀਂ ਉਨ੍ਹਾਂ ਵਿਚ ਨਾ ਤਾਂ ਕੁਝ ਜੋੜਿਓ ਤੇ ਨਾ ਹੀ ਉਨ੍ਹਾਂ ਵਿੱਚੋਂ ਕੁਝ ਕੱਢਿਓ।+