ਯਹੋਸ਼ੁਆ
6 ਹੁਣ ਇਜ਼ਰਾਈਲੀਆਂ ਕਰਕੇ ਯਰੀਹੋ ਦੇ ਦਰਵਾਜ਼ੇ ਕੱਸ ਕੇ ਬੰਦ ਕਰ ਦਿੱਤੇ ਗਏ; ਨਾ ਕੋਈ ਬਾਹਰ ਜਾਂਦਾ ਸੀ ਤੇ ਨਾ ਕੋਈ ਅੰਦਰ ਆਉਂਦਾ ਸੀ।+
2 ਫਿਰ ਯਹੋਵਾਹ ਨੇ ਯਹੋਸ਼ੁਆ ਨੂੰ ਕਿਹਾ: “ਦੇਖ, ਮੈਂ ਯਰੀਹੋ ਨੂੰ ਤੇ ਇਸ ਦੇ ਰਾਜੇ ਨੂੰ ਅਤੇ ਇਸ ਦੇ ਤਾਕਤਵਰ ਯੋਧਿਆਂ ਨੂੰ ਤੇਰੇ ਹਵਾਲੇ ਕਰ ਦਿੱਤਾ ਹੈ।+ 3 ਤੁਸੀਂ ਸਾਰੇ ਯੋਧੇ ਸ਼ਹਿਰ ਦੇ ਦੁਆਲੇ ਚੱਕਰ ਲਾਇਓ, ਹਾਂ, ਸ਼ਹਿਰ ਦਾ ਇਕ ਚੱਕਰ। ਤੁਸੀਂ ਛੇ ਦਿਨ ਇਸੇ ਤਰ੍ਹਾਂ ਕਰਿਓ। 4 ਸੱਤ ਪੁਜਾਰੀਆਂ ਨੂੰ ਸੰਦੂਕ ਦੇ ਅੱਗੇ-ਅੱਗੇ ਭੇਡੂ ਦੇ ਸਿੰਗਾਂ ਦੀਆਂ ਸੱਤ ਤੁਰ੍ਹੀਆਂ ਲੈ ਕੇ ਚੱਲਣ ਲਈ ਕਹੀਂ। ਪਰ ਸੱਤਵੇਂ ਦਿਨ ਤੁਸੀਂ ਸ਼ਹਿਰ ਦੁਆਲੇ ਸੱਤ ਚੱਕਰ ਲਾਇਓ ਅਤੇ ਪੁਜਾਰੀ ਤੁਰ੍ਹੀਆਂ ਵਜਾਉਣ।+ 5 ਜਿਉਂ ਹੀ ਭੇਡੂ ਦੇ ਸਿੰਗ ਦੀ ਬਣੀ ਤੁਰ੍ਹੀ ਵਜਾਈ ਜਾਵੇ ਤੇ ਤੁਸੀਂ ਤੁਰ੍ਹੀ ਦੀ ਆਵਾਜ਼ ਸੁਣੋ, ਤਾਂ ਸਾਰੇ ਲੋਕ ਉੱਚੀ ਆਵਾਜ਼ ਵਿਚ ਯੁੱਧ ਦਾ ਜੈਕਾਰਾ ਲਾਉਣ। ਫਿਰ ਸ਼ਹਿਰ ਦੀ ਕੰਧ ਢਹਿ-ਢੇਰੀ ਹੋ ਜਾਵੇਗੀ।+ ਇਸ ਤੋਂ ਬਾਅਦ, ਸਾਰੇ ਲੋਕ ਅੰਦਰ ਵੜਨ, ਹਾਂ, ਹਰ ਕੋਈ ਸਿੱਧਾ ਸ਼ਹਿਰ ਵਿਚ ਜਾ ਵੜੇ।”
6 ਇਸ ਲਈ ਨੂਨ ਦੇ ਪੁੱਤਰ ਯਹੋਸ਼ੁਆ ਨੇ ਪੁਜਾਰੀਆਂ ਨੂੰ ਬੁਲਾਇਆ ਅਤੇ ਉਨ੍ਹਾਂ ਨੂੰ ਇਕੱਠੇ ਕਰ ਕੇ ਕਿਹਾ: “ਇਕਰਾਰ ਦਾ ਸੰਦੂਕ ਚੁੱਕ ਲਓ ਅਤੇ ਸੱਤ ਪੁਜਾਰੀ ਭੇਡੂ ਦੇ ਸਿੰਗਾਂ ਦੀਆਂ ਸੱਤ ਤੁਰ੍ਹੀਆਂ ਲੈ ਕੇ ਯਹੋਵਾਹ ਦੇ ਸੰਦੂਕ ਦੇ ਅੱਗੇ-ਅੱਗੇ ਜਾਣ।”+ 7 ਫਿਰ ਉਸ ਨੇ ਲੋਕਾਂ ਨੂੰ ਕਿਹਾ: “ਚਲੋ, ਸ਼ਹਿਰ ਦੇ ਦੁਆਲੇ ਚੱਕਰ ਲਾਓ ਅਤੇ ਹਥਿਆਰਬੰਦ ਫ਼ੌਜੀ+ ਯਹੋਵਾਹ ਦੇ ਸੰਦੂਕ ਦੇ ਅੱਗੇ-ਅੱਗੇ ਚੱਲਣ।” 8 ਜਿਵੇਂ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ ਸੀ, ਸੱਤ ਪੁਜਾਰੀ ਯਹੋਵਾਹ ਦੇ ਸਾਮ੍ਹਣੇ ਭੇਡੂ ਦੇ ਸਿੰਗਾਂ ਦੀਆਂ ਸੱਤ ਤੁਰੀਆਂ ਚੁੱਕੀ ਅੱਗੇ-ਅੱਗੇ ਗਏ ਅਤੇ ਉਨ੍ਹਾਂ ਨੇ ਤੁਰ੍ਹੀਆਂ ਵਜਾਈਆਂ ਅਤੇ ਯਹੋਵਾਹ ਦੇ ਇਕਰਾਰ ਦਾ ਸੰਦੂਕ ਉਨ੍ਹਾਂ ਦੇ ਮਗਰ-ਮਗਰ ਸੀ। 9 ਹਥਿਆਰਬੰਦ ਫ਼ੌਜੀ, ਤੁਰ੍ਹੀਆਂ ਵਜਾ ਰਹੇ ਪੁਜਾਰੀਆਂ ਦੇ ਅੱਗੇ-ਅੱਗੇ ਜਾ ਰਹੇ ਸਨ ਤੇ ਦੂਜੇ ਫ਼ੌਜੀ ਸੰਦੂਕ ਦੇ ਮਗਰ-ਮਗਰ ਸਨ ਅਤੇ ਤੁਰ੍ਹੀਆਂ ਲਗਾਤਾਰ ਵਜਾਈਆਂ ਜਾ ਰਹੀਆਂ ਸਨ।
10 ਯਹੋਸ਼ੁਆ ਨੇ ਲੋਕਾਂ ਨੂੰ ਹੁਕਮ ਦਿੱਤਾ ਸੀ: “ਜੈਕਾਰਾ ਨਾ ਲਾਇਓ ਅਤੇ ਨਾ ਹੀ ਤੁਹਾਡੀ ਆਵਾਜ਼ ਸੁਣਾਈ ਦੇਵੇ। ਤੁਹਾਡੇ ਮੂੰਹੋਂ ਇਕ ਵੀ ਸ਼ਬਦ ਨਾ ਨਿਕਲੇ। ਜਿਸ ਦਿਨ ਮੈਂ ਤੁਹਾਨੂੰ ਕਹਾਂ, ‘ਜੈਕਾਰਾ ਲਾਓ!’ ਉਦੋਂ ਜੈਕਾਰਾ ਲਾਇਓ।” 11 ਉਸ ਦੇ ਕਹੇ ਅਨੁਸਾਰ ਯਹੋਵਾਹ ਦੇ ਸੰਦੂਕ ਸਮੇਤ ਸ਼ਹਿਰ ਦੇ ਦੁਆਲੇ ਇਕ ਚੱਕਰ ਲਾਇਆ ਗਿਆ ਜਿਸ ਤੋਂ ਬਾਅਦ ਉਹ ਛਾਉਣੀ ਵਿਚ ਵਾਪਸ ਆ ਗਏ ਅਤੇ ਉੱਥੇ ਰਾਤ ਗੁਜ਼ਾਰੀ।
12 ਅਗਲੀ ਸਵੇਰ ਯਹੋਸ਼ੁਆ ਜਲਦੀ ਉੱਠਿਆ ਅਤੇ ਪੁਜਾਰੀਆਂ ਨੇ ਯਹੋਵਾਹ ਦਾ ਸੰਦੂਕ ਚੁੱਕ ਲਿਆ।+ 13 ਸੱਤ ਪੁਜਾਰੀ ਭੇਡੂ ਦੇ ਸਿੰਗਾਂ ਦੀਆਂ ਸੱਤ ਤੁਰ੍ਹੀਆਂ ਫੜੀ ਯਹੋਵਾਹ ਦੇ ਸੰਦੂਕ ਦੇ ਅੱਗੇ-ਅੱਗੇ ਚੱਲਦੇ ਹੋਏ ਲਗਾਤਾਰ ਤੁਰ੍ਹੀਆਂ ਵਜਾ ਰਹੇ ਸਨ। ਹਥਿਆਰਬੰਦ ਫ਼ੌਜੀ ਉਨ੍ਹਾਂ ਦੇ ਅੱਗੇ-ਅੱਗੇ ਚੱਲ ਰਹੇ ਸਨ ਜਦ ਕਿ ਬਾਕੀ ਫ਼ੌਜੀ ਯਹੋਵਾਹ ਦੇ ਸੰਦੂਕ ਦੇ ਮਗਰ-ਮਗਰ ਚੱਲ ਰਹੇ ਸਨ ਅਤੇ ਲਗਾਤਾਰ ਤੁਰ੍ਹੀਆਂ ਵਜਾਈਆਂ ਜਾ ਰਹੀਆਂ ਸਨ। 14 ਉਨ੍ਹਾਂ ਨੇ ਦੂਜੇ ਦਿਨ ਸ਼ਹਿਰ ਦੁਆਲੇ ਇਕ ਚੱਕਰ ਲਾਇਆ ਜਿਸ ਤੋਂ ਬਾਅਦ ਉਹ ਛਾਉਣੀ ਵਿਚ ਵਾਪਸ ਆ ਗਏ। ਉਨ੍ਹਾਂ ਨੇ ਛੇ ਦਿਨ ਇਸੇ ਤਰ੍ਹਾਂ ਕੀਤਾ।+
15 ਸੱਤਵੇਂ ਦਿਨ ਉਹ ਪਹੁ ਫੁੱਟਦਿਆਂ ਹੀ ਉੱਠੇ ਅਤੇ ਉਨ੍ਹਾਂ ਨੇ ਪਹਿਲਾਂ ਵਾਂਗ ਸ਼ਹਿਰ ਦੁਆਲੇ ਚੱਕਰ ਲਾਇਆ, ਇਕ ਵਾਰ ਨਹੀਂ, ਸਗੋਂ ਸੱਤ ਵਾਰ। ਸਿਰਫ਼ ਉਸ ਦਿਨ ਉਨ੍ਹਾਂ ਨੇ ਸ਼ਹਿਰ ਦੁਆਲੇ ਸੱਤ ਚੱਕਰ ਲਾਏ ਸਨ।+ 16 ਸੱਤਵੇਂ ਚੱਕਰ ਵੇਲੇ ਪੁਜਾਰੀਆਂ ਨੇ ਤੁਰ੍ਹੀਆਂ ਵਜਾਈਆਂ ਅਤੇ ਯਹੋਸ਼ੁਆ ਨੇ ਲੋਕਾਂ ਨੂੰ ਕਿਹਾ: “ਜੈਕਾਰਾ ਲਾਓ+ ਕਿਉਂਕਿ ਯਹੋਵਾਹ ਨੇ ਇਹ ਸ਼ਹਿਰ ਤੁਹਾਨੂੰ ਦੇ ਦਿੱਤਾ ਹੈ! 17 ਇਹ ਸ਼ਹਿਰ ਅਤੇ ਇਸ ਵਿਚਲੀ ਹਰ ਚੀਜ਼ ਨੂੰ ਨਾਸ਼ ਕੀਤਾ ਜਾਣਾ ਹੈ;+ ਇਹ ਸਭ ਯਹੋਵਾਹ ਦਾ ਹੈ। ਸਿਰਫ਼ ਰਾਹਾਬ+ ਵੇਸਵਾ ਜੀਉਂਦੀ ਰਹੇ, ਹਾਂ, ਉਹ ਅਤੇ ਉਹ ਸਾਰੇ ਜੋ ਉਸ ਦੇ ਘਰ ਵਿਚ ਉਸ ਦੇ ਨਾਲ ਹਨ ਕਿਉਂਕਿ ਉਸ ਨੇ ਸਾਡੇ ਭੇਜੇ ਆਦਮੀਆਂ ਨੂੰ ਲੁਕਾਇਆ ਸੀ।+ 18 ਪਰ ਉਨ੍ਹਾਂ ਸਭ ਚੀਜ਼ਾਂ ਤੋਂ ਦੂਰ ਰਹਿਓ ਜਿਨ੍ਹਾਂ ਨੂੰ ਨਾਸ਼ ਕੀਤਾ ਜਾਣਾ ਹੈ+ ਤਾਂਕਿ ਤੁਸੀਂ ਨਾਸ਼ ਕੀਤੀ ਜਾਣ ਵਾਲੀ ਕਿਸੇ ਵੀ ਚੀਜ਼ ਦੀ ਲਾਲਸਾ ਕਰ ਕੇ ਉਸ ਨੂੰ ਲੈ ਨਾ ਲਓ।+ ਜੇ ਤੁਸੀਂ ਇਸ ਤਰ੍ਹਾਂ ਕੀਤਾ, ਤਾਂ ਇਜ਼ਰਾਈਲ ਦੀ ਛਾਉਣੀ ਨਾਸ਼ ਕੀਤੇ ਜਾਣ ਦੇ ਲਾਇਕ ਠਹਿਰੇਗੀ ਅਤੇ ਇਸ ਉੱਤੇ ਬਿਪਤਾ* ਆ ਪਵੇਗੀ।+ 19 ਪਰ ਸਾਰਾ ਸੋਨਾ-ਚਾਂਦੀ, ਤਾਂਬੇ ਤੇ ਲੋਹੇ ਦੀਆਂ ਚੀਜ਼ਾਂ ਯਹੋਵਾਹ ਲਈ ਪਵਿੱਤਰ ਹਨ।+ ਇਹ ਯਹੋਵਾਹ ਦੇ ਖ਼ਜ਼ਾਨੇ ਵਿਚ ਪਾਈਆਂ ਜਾਣ।”+
20 ਜਦੋਂ ਤੁਰ੍ਹੀਆਂ ਵਜਾਈਆਂ ਗਈਆਂ, ਤਾਂ ਲੋਕਾਂ ਨੇ ਜੈਕਾਰਾ ਲਾਇਆ।+ ਜਿਉਂ ਹੀ ਲੋਕਾਂ ਨੇ ਤੁਰ੍ਹੀ ਦੀ ਆਵਾਜ਼ ਸੁਣੀ ਅਤੇ ਯੁੱਧ ਦਾ ਜੈਕਾਰਾ ਲਾਇਆ, ਤਾਂ ਕੰਧ ਢਹਿ-ਢੇਰੀ ਹੋ ਗਈ।+ ਇਸ ਤੋਂ ਬਾਅਦ ਲੋਕ ਸ਼ਹਿਰ ਅੰਦਰ ਵੜ ਗਏ, ਹਾਂ, ਹਰ ਕੋਈ ਸਿੱਧਾ ਜਾ ਵੜਿਆ ਅਤੇ ਉਨ੍ਹਾਂ ਨੇ ਸ਼ਹਿਰ ʼਤੇ ਕਬਜ਼ਾ ਕਰ ਲਿਆ। 21 ਉਨ੍ਹਾਂ ਨੇ ਸ਼ਹਿਰ ਵਿਚ ਸਾਰਿਆਂ ਨੂੰ ਤਲਵਾਰ ਨਾਲ ਮਾਰ ਸੁੱਟਿਆ, ਚਾਹੇ ਉਹ ਆਦਮੀ ਸੀ ਜਾਂ ਔਰਤ, ਜਵਾਨ ਸੀ ਜਾਂ ਬੁੱਢਾ, ਨਾਲੇ ਬਲਦਾਂ, ਭੇਡਾਂ ਤੇ ਗਧਿਆਂ ਨੂੰ ਵੀ।+
22 ਯਹੋਸ਼ੁਆ ਨੇ ਦੋਵਾਂ ਆਦਮੀਆਂ ਨੂੰ, ਜੋ ਦੇਸ਼ ਦੀ ਜਾਸੂਸੀ ਕਰਨ ਗਏ ਸਨ, ਕਿਹਾ: “ਉਸ ਵੇਸਵਾ ਦੇ ਘਰ ਜਾਓ ਅਤੇ ਉਸ ਔਰਤ ਨੂੰ ਅਤੇ ਜਿਹੜੇ ਵੀ ਉਸ ਦੇ ਨਾਲ ਹਨ ਬਾਹਰ ਕੱਢ ਲਿਆਓ, ਠੀਕ ਜਿਵੇਂ ਤੁਸੀਂ ਉਸ ਨਾਲ ਸਹੁੰ ਖਾਧੀ ਸੀ।”+ 23 ਇਸ ਲਈ ਉਹ ਜਵਾਨ ਜਾਸੂਸ ਅੰਦਰ ਗਏ ਅਤੇ ਉਹ ਰਾਹਾਬ, ਉਸ ਦੇ ਪਿਤਾ, ਉਸ ਦੀ ਮਾਤਾ, ਉਸ ਦੇ ਭਰਾਵਾਂ ਅਤੇ ਉਨ੍ਹਾਂ ਸਾਰਿਆਂ ਨੂੰ ਬਾਹਰ ਲੈ ਆਏ ਜਿਹੜੇ ਵੀ ਉਸ ਦੇ ਸਨ; ਹਾਂ, ਉਹ ਉਸ ਦੇ ਸਾਰੇ ਪਰਿਵਾਰ ਨੂੰ ਬਾਹਰ ਲੈ ਆਏ+ ਅਤੇ ਉਹ ਉਨ੍ਹਾਂ ਨੂੰ ਸਹੀ-ਸਲਾਮਤ ਇਜ਼ਰਾਈਲ ਦੀ ਛਾਉਣੀ ਦੇ ਬਾਹਰ ਇਕ ਜਗ੍ਹਾ ਲੈ ਆਏ।
24 ਫਿਰ ਉਨ੍ਹਾਂ ਨੇ ਸ਼ਹਿਰ ਅਤੇ ਇਸ ਵਿਚਲੀ ਹਰ ਚੀਜ਼ ਅੱਗ ਨਾਲ ਸਾੜ ਸੁੱਟੀ। ਪਰ ਸੋਨਾ-ਚਾਂਦੀ, ਤਾਂਬੇ ਤੇ ਲੋਹੇ ਦੀਆਂ ਚੀਜ਼ਾਂ ਉਨ੍ਹਾਂ ਨੇ ਯਹੋਵਾਹ ਦੇ ਘਰ ਦੇ ਖ਼ਜ਼ਾਨੇ ਲਈ ਦੇ ਦਿੱਤੀਆਂ।+ 25 ਯਹੋਸ਼ੁਆ ਨੇ ਸਿਰਫ਼ ਰਾਹਾਬ ਵੇਸਵਾ ਨੂੰ, ਉਸ ਦੇ ਪਿਤਾ ਦੇ ਘਰਾਣੇ ਨੂੰ ਤੇ ਜਿਹੜੇ ਵੀ ਉਸ ਦੇ ਨਾਲ ਸਨ, ਉਨ੍ਹਾਂ ਨੂੰ ਜੀਉਂਦਾ ਛੱਡ ਦਿੱਤਾ;+ ਅਤੇ ਉਹ ਅੱਜ ਤਕ ਇਜ਼ਰਾਈਲ ਵਿਚ ਰਹਿੰਦੀ ਹੈ+ ਕਿਉਂਕਿ ਉਸ ਨੇ ਉਨ੍ਹਾਂ ਆਦਮੀਆਂ ਨੂੰ ਲੁਕਾਇਆ ਸੀ ਜਿਨ੍ਹਾਂ ਨੂੰ ਯਹੋਸ਼ੁਆ ਨੇ ਯਰੀਹੋ ਦੀ ਜਾਸੂਸੀ ਕਰਨ ਭੇਜਿਆ ਸੀ।+
26 ਉਸ ਸਮੇਂ ਯਹੋਸ਼ੁਆ ਨੇ ਇਹ ਸਹੁੰ ਖਾਧੀ:* “ਉਹ ਆਦਮੀ ਯਹੋਵਾਹ ਸਾਮ੍ਹਣੇ ਸਰਾਪੀ ਹੋਵੇ ਜੋ ਇਸ ਯਰੀਹੋ ਸ਼ਹਿਰ ਨੂੰ ਦੁਬਾਰਾ ਬਣਾਉਣ ਦੀ ਕੋਸ਼ਿਸ਼ ਕਰੇ। ਉਸ ਦੀਆਂ ਨੀਂਹਾਂ ਧਰਨ ਵੇਲੇ ਉਸ ਨੂੰ ਆਪਣਾ ਜੇਠਾ ਪੁੱਤਰ ਗੁਆਉਣਾ ਪਵੇਗਾ ਅਤੇ ਉਸ ਦੇ ਦਰਵਾਜ਼ੇ ਲਾਉਣ ਵੇਲੇ ਉਸ ਨੂੰ ਆਪਣਾ ਸਭ ਤੋਂ ਛੋਟਾ ਪੁੱਤਰ ਗੁਆਉਣਾ ਪਵੇਗਾ।”+
27 ਇਸ ਤਰ੍ਹਾਂ ਯਹੋਵਾਹ ਯਹੋਸ਼ੁਆ ਦੇ ਨਾਲ ਸੀ+ ਅਤੇ ਉਹ ਧਰਤੀ ਦੇ ਕੋਨੇ-ਕੋਨੇ ਤਕ ਮਸ਼ਹੂਰ ਹੋ ਗਿਆ।+