ਪਹਿਲਾ ਸਮੂਏਲ
18 ਦਾਊਦ ਤੇ ਸ਼ਾਊਲ ਦੀ ਇਸ ਗੱਲਬਾਤ ਤੋਂ ਬਾਅਦ ਯੋਨਾਥਾਨ+ ਅਤੇ ਦਾਊਦ ਜਿਗਰੀ ਦੋਸਤ ਬਣ ਗਏ ਅਤੇ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਨ ਲੱਗਾ।+ 2 ਉਸ ਦਿਨ ਤੋਂ ਸ਼ਾਊਲ ਦਾਊਦ ਨੂੰ ਆਪਣੇ ਨਾਲ ਰੱਖਦਾ ਸੀ ਅਤੇ ਉਸ ਨੇ ਉਸ ਨੂੰ ਆਪਣੇ ਪਿਤਾ ਦੇ ਘਰ ਮੁੜਨ ਨਹੀਂ ਦਿੱਤਾ।+ 3 ਅਤੇ ਯੋਨਾਥਾਨ ਤੇ ਦਾਊਦ ਨੇ ਆਪਸ ਵਿਚ ਇਕਰਾਰ ਕੀਤਾ+ ਕਿਉਂਕਿ ਯੋਨਾਥਾਨ ਉਸ ਨੂੰ ਆਪਣੀ ਜਾਨ ਜਿੰਨਾ ਪਿਆਰ ਕਰਦਾ ਸੀ।+ 4 ਯੋਨਾਥਾਨ ਨੇ ਆਪਣਾ ਬਿਨਾਂ ਬਾਹਾਂ ਵਾਲਾ ਚੋਗਾ ਲਾਹ ਕੇ ਦਾਊਦ ਨੂੰ ਦੇ ਦਿੱਤਾ ਤੇ ਨਾਲ ਹੀ ਆਪਣਾ ਫ਼ੌਜੀਆਂ ਵਾਲਾ ਲਿਬਾਸ, ਆਪਣੀ ਤਲਵਾਰ, ਕਮਾਨ ਅਤੇ ਕਮਰਬੰਦ ਵੀ ਦੇ ਦਿੱਤਾ। 5 ਦਾਊਦ ਯੁੱਧਾਂ ਵਿਚ ਜਾਣ ਲੱਗਾ ਅਤੇ ਜਿੱਥੇ ਕਿਤੇ ਵੀ ਸ਼ਾਊਲ ਉਸ ਨੂੰ ਭੇਜਦਾ ਸੀ, ਉਹ ਸਫ਼ਲ ਹੁੰਦਾ ਸੀ।*+ ਇਸ ਲਈ ਸ਼ਾਊਲ ਨੇ ਉਸ ਨੂੰ ਯੋਧਿਆਂ ਉੱਤੇ ਅਧਿਕਾਰੀ ਠਹਿਰਾ ਦਿੱਤਾ+ ਤੇ ਇਸ ਗੱਲੋਂ ਸਾਰੇ ਲੋਕ ਅਤੇ ਸ਼ਾਊਲ ਦੇ ਸੇਵਕ ਖ਼ੁਸ਼ ਹੋਏ।
6 ਜਦ ਦਾਊਦ ਅਤੇ ਹੋਰ ਜਣੇ ਫਲਿਸਤੀਆਂ ਨੂੰ ਮਾਰ ਕੇ ਵਾਪਸ ਆਉਂਦੇ ਸਨ, ਤਾਂ ਇਜ਼ਰਾਈਲ ਦੇ ਸਾਰੇ ਸ਼ਹਿਰਾਂ ਤੋਂ ਔਰਤਾਂ ਨੱਚਦੀਆਂ-ਗਾਉਂਦੀਆਂ,+ ਡਫਲੀਆਂ ਤੇ ਤਿੰਨ ਤਾਰਾਂ ਵਾਲੇ ਸਾਜ਼ ਵਜਾਉਂਦੀਆਂ ਖ਼ੁਸ਼ੀ-ਖ਼ੁਸ਼ੀ ਰਾਜਾ ਸ਼ਾਊਲ ਨੂੰ ਮਿਲਣ ਆਉਂਦੀਆਂ ਸਨ।+ 7 ਜਸ਼ਨ ਮਨਾਉਣ ਵਾਲੀਆਂ ਔਰਤਾਂ ਇਹ ਗਾਉਂਦੀਆਂ ਸਨ:
“ਸ਼ਾਊਲ ਨੇ ਮਾਰਿਆ ਹਜ਼ਾਰਾਂ ਨੂੰ,
ਦਾਊਦ ਨੇ ਮਾਰਿਆ ਲੱਖਾਂ ਨੂੰ।”+
8 ਸ਼ਾਊਲ ਨੂੰ ਬਹੁਤ ਗੁੱਸਾ ਚੜ੍ਹਿਆ+ ਤੇ ਉਸ ਨੂੰ ਇਹ ਗੀਤ ਚੰਗਾ ਨਹੀਂ ਲੱਗਾ ਕਿਉਂਕਿ ਉਸ ਨੇ ਕਿਹਾ: “ਉਨ੍ਹਾਂ ਨੇ ਦਾਊਦ ਨੂੰ ਲੱਖਾਂ ਨੂੰ ਮਾਰਨ ਦਾ ਸਿਹਰਾ ਦਿੱਤਾ ਤੇ ਮੈਨੂੰ ਸਿਰਫ਼ ਹਜ਼ਾਰਾਂ ਦਾ। ਹੁਣ ਤਾਂ ਬੱਸ ਉਸ ਨੂੰ ਰਾਜ ਦੇਣਾ ਹੀ ਬਾਕੀ ਰਹਿ ਗਿਆ!”+ 9 ਉਸ ਦਿਨ ਤੋਂ ਸ਼ਾਊਲ ਦਾਊਦ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣ ਲੱਗਾ।
10 ਅਗਲੇ ਦਿਨ ਪਰਮੇਸ਼ੁਰ ਨੇ ਸ਼ਾਊਲ ਦੀ ਬੁਰੀ ਸੋਚ ਨੂੰ ਉਸ ʼਤੇ ਹਾਵੀ ਹੋਣ ਦਿੱਤਾ+ ਜਿਸ ਕਰਕੇ ਸ਼ਾਊਲ ਆਪਣੇ ਘਰ ਵਿਚ ਅਜੀਬ ਜਿਹਾ ਵਰਤਾਅ ਕਰਨ ਲੱਗ ਪਿਆ। ਦਾਊਦ ਪਹਿਲਾਂ ਵਾਂਗ ਰਬਾਬ ਵਜਾ ਰਿਹਾ ਸੀ।+ ਸ਼ਾਊਲ ਦੇ ਹੱਥ ਵਿਚ ਬਰਛਾ ਸੀ+ 11 ਅਤੇ ਉਸ ਨੇ ਇਹ ਸੋਚਦੇ ਹੋਏ ਬਰਛਾ ਵਗਾਹ ਕੇ ਮਾਰਿਆ:+ ‘ਮੈਂ ਦਾਊਦ ਨੂੰ ਕੰਧ ਨਾਲ ਵਿੰਨ੍ਹ ਦਿਆਂਗਾ!’ ਪਰ ਦਾਊਦ ਦੋ ਵਾਰ ਉਸ ਤੋਂ ਬਚ ਗਿਆ। 12 ਫਿਰ ਸ਼ਾਊਲ ਦਾਊਦ ਤੋਂ ਡਰਨ ਲੱਗਾ ਕਿਉਂਕਿ ਯਹੋਵਾਹ ਦਾਊਦ ਦੇ ਨਾਲ ਸੀ,+ ਪਰ ਸ਼ਾਊਲ ਨੂੰ ਛੱਡ ਚੁੱਕਾ ਸੀ।+ 13 ਇਸ ਲਈ ਸ਼ਾਊਲ ਨੇ ਉਸ ਨੂੰ ਆਪਣੀ ਹਜ਼ੂਰੀ ਵਿੱਚੋਂ ਭੇਜ ਦਿੱਤਾ ਤੇ ਉਸ ਨੂੰ ਇਕ ਹਜ਼ਾਰ ਦਾ ਮੁਖੀ ਨਿਯੁਕਤ ਕਰ ਦਿੱਤਾ ਅਤੇ ਦਾਊਦ ਯੁੱਧ ਵਿਚ ਫ਼ੌਜ ਦੀ ਅਗਵਾਈ ਕਰਦਾ ਸੀ।*+ 14 ਦਾਊਦ ਜੋ ਕੁਝ ਵੀ ਕਰਦਾ ਸੀ, ਉਸ ਵਿਚ ਸਫ਼ਲ ਹੁੰਦਾ ਗਿਆ*+ ਅਤੇ ਯਹੋਵਾਹ ਉਸ ਦੇ ਨਾਲ ਸੀ।+ 15 ਜਦ ਸ਼ਾਊਲ ਨੇ ਦੇਖਿਆ ਕਿ ਉਹ ਬਹੁਤ ਕਾਮਯਾਬ ਹੋ ਗਿਆ, ਤਾਂ ਉਹ ਉਸ ਤੋਂ ਡਰਨ ਲੱਗਾ। 16 ਪਰ ਸਾਰਾ ਇਜ਼ਰਾਈਲ ਅਤੇ ਯਹੂਦਾਹ ਦਾਊਦ ਨੂੰ ਪਿਆਰ ਕਰਦਾ ਸੀ ਕਿਉਂਕਿ ਉਹ ਯੁੱਧਾਂ ਵਿਚ ਉਨ੍ਹਾਂ ਦੀ ਅਗਵਾਈ ਕਰਦਾ ਸੀ।
17 ਬਾਅਦ ਵਿਚ ਸ਼ਾਊਲ ਨੇ ਦਾਊਦ ਨੂੰ ਕਿਹਾ: “ਇਹ ਮੇਰੀ ਵੱਡੀ ਧੀ ਮੇਰਬ ਹੈ।+ ਮੈਂ ਇਸ ਦਾ ਵਿਆਹ ਤੇਰੇ ਨਾਲ ਕਰ ਦਿਆਂਗਾ।+ ਬੱਸ ਤੂੰ ਮੇਰੇ ਲਈ ਆਪਣੀ ਦਲੇਰੀ ਦਿਖਾਉਂਦਾ ਰਹੀਂ ਤੇ ਯਹੋਵਾਹ ਦੇ ਯੁੱਧ ਲੜਦਾ ਰਹੀਂ।+ ਕਿਉਂਕਿ ਸ਼ਾਊਲ ਨੇ ਮਨ ਵਿਚ ਸੋਚਿਆ: ‘ਮੇਰਾ ਹੱਥ ਇਸ ਦੇ ਵਿਰੁੱਧ ਨਾ ਉੱਠੇ, ਸਗੋਂ ਇਹ ਫਲਿਸਤੀਆਂ ਹੱਥੋਂ ਮਾਰਿਆ ਜਾਵੇ।’+ 18 ਇਹ ਸੁਣ ਕੇ ਦਾਊਦ ਨੇ ਸ਼ਾਊਲ ਨੂੰ ਕਿਹਾ: “ਮੇਰੀ ਔਕਾਤ ਕੀ ਹੈ, ਨਾਲੇ ਇਜ਼ਰਾਈਲ ਵਿਚ ਮੇਰੇ ਪਰਿਵਾਰ ਤੇ ਮੇਰੇ ਰਿਸ਼ਤੇਦਾਰਾਂ ਦੀ ਹੈਸੀਅਤ ਹੀ ਕੀ ਹੈ ਜੋ ਮੈਂ ਰਾਜੇ ਦਾ ਜਵਾਈ ਬਣਾਂ?”+ 19 ਪਰ ਜਦ ਸ਼ਾਊਲ ਦੀ ਧੀ ਮੇਰਬ ਦਾ ਦਾਊਦ ਨਾਲ ਵਿਆਹ ਕਰਨ ਦਾ ਸਮਾਂ ਆਇਆ, ਤਾਂ ਉਸ ਦਾ ਵਿਆਹ ਪਹਿਲਾਂ ਹੀ ਮਹੋਲਾਹੀ ਅਦਰੀਏਲ+ ਨਾਲ ਕਰ ਦਿੱਤਾ ਗਿਆ ਸੀ।
20 ਸ਼ਾਊਲ ਦੀ ਧੀ ਮੀਕਲ+ ਦਾਊਦ ਨੂੰ ਪਿਆਰ ਕਰਦੀ ਸੀ ਅਤੇ ਜਦੋਂ ਇਹ ਗੱਲ ਸ਼ਾਊਲ ਨੂੰ ਦੱਸੀ ਗਈ, ਤਾਂ ਉਹ ਬਹੁਤ ਖ਼ੁਸ਼ ਹੋਇਆ। 21 ਇਸ ਲਈ ਸ਼ਾਊਲ ਨੇ ਕਿਹਾ: “ਮੈਂ ਆਪਣੀ ਧੀ ਦਾ ਵਿਆਹ ਉਸ ਨਾਲ ਕਰ ਦਿਆਂਗਾ ਤੇ ਅਜਿਹਾ ਜਾਲ਼ ਵਿਛਾਵਾਂਗਾ ਕਿ ਉਹ ਫਲਿਸਤੀਆਂ ਦੇ ਹੱਥੋਂ ਮਾਰਿਆ ਜਾਵੇ।”+ ਫਿਰ ਸ਼ਾਊਲ ਨੇ ਦੂਸਰੀ ਵਾਰ ਦਾਊਦ ਨੂੰ ਕਿਹਾ: “ਤੂੰ ਅੱਜ ਮੇਰੇ ਨਾਲ ਰਿਸ਼ਤੇਦਾਰੀ ਵਿਚ ਬੱਝੇਂਗਾ।”* 22 ਇਸ ਤੋਂ ਬਾਅਦ ਸ਼ਾਊਲ ਨੇ ਆਪਣੇ ਸੇਵਕਾਂ ਨੂੰ ਹੁਕਮ ਦਿੱਤਾ: “ਦਾਊਦ ਨਾਲ ਇਕੱਲਿਆਂ ਵਿਚ ਗੱਲ ਕਰੋ ਤੇ ਉਸ ਨੂੰ ਕਹੋ, ‘ਦੇਖ! ਰਾਜਾ ਤੇਰੇ ਤੋਂ ਖ਼ੁਸ਼ ਹੈ ਤੇ ਉਸ ਦੇ ਸਾਰੇ ਸੇਵਕ ਤੈਨੂੰ ਬਹੁਤ ਪਸੰਦ ਕਰਦੇ ਹਨ। ਇਸ ਲਈ ਹੁਣ ਤੂੰ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝ ਜਾ।’” 23 ਜਦ ਸ਼ਾਊਲ ਦੇ ਸੇਵਕਾਂ ਨੇ ਦਾਊਦ ਨੂੰ ਇਹ ਗੱਲਾਂ ਕਹੀਆਂ, ਤਾਂ ਦਾਊਦ ਨੇ ਕਿਹਾ: “ਕੀ ਤੁਹਾਨੂੰ ਇਹ ਮਾਮੂਲੀ ਜਿਹੀ ਗੱਲ ਲੱਗਦੀ ਹੈ ਕਿ ਮੈਂ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝ ਜਾਵਾਂ? ਮੈਂ ਤਾਂ ਗ਼ਰੀਬ ਜਿਹਾ ਬੰਦਾ ਹਾਂ, ਨਾਲੇ ਮੇਰੀ ਹੈਸੀਅਤ ਹੀ ਕੀ ਹੈ?”+ 24 ਫਿਰ ਸ਼ਾਊਲ ਦੇ ਸੇਵਕਾਂ ਨੇ ਉਸ ਨੂੰ ਖ਼ਬਰ ਦਿੱਤੀ: “ਦਾਊਦ ਨੇ ਇਹ-ਇਹ ਗੱਲਾਂ ਕਹੀਆਂ ਹਨ।”
25 ਇਹ ਸੁਣ ਕੇ ਸ਼ਾਊਲ ਨੇ ਕਿਹਾ: “ਤੁਸੀਂ ਦਾਊਦ ਨੂੰ ਇਹ ਕਹਿਓ, ‘ਰਾਜਾ ਲਾੜੀ ਦੇ ਬਦਲੇ ਕੋਈ ਕੀਮਤ ਨਹੀਂ ਚਾਹੁੰਦਾ,+ ਸਿਰਫ਼ ਫਲਿਸਤੀਆਂ ਦੀਆਂ 100 ਖੱਲੜੀਆਂ ਚਾਹੁੰਦਾ ਹੈ+ ਤਾਂਕਿ ਰਾਜੇ ਦੇ ਦੁਸ਼ਮਣਾਂ ਤੋਂ ਬਦਲਾ ਲਿਆ ਜਾ ਸਕੇ।’” ਦਰਅਸਲ ਸ਼ਾਊਲ ਸਾਜ਼ਸ਼ ਘੜ ਰਿਹਾ ਸੀ ਕਿ ਦਾਊਦ ਫਲਿਸਤੀਆਂ ਦੇ ਹੱਥੋਂ ਮਾਰਿਆ ਜਾਵੇ। 26 ਇਸ ਲਈ ਉਸ ਦੇ ਸੇਵਕਾਂ ਨੇ ਇਹ ਗੱਲਾਂ ਦਾਊਦ ਨੂੰ ਦੱਸੀਆਂ ਅਤੇ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝਣ ਦੀ ਗੱਲ ਤੋਂ ਦਾਊਦ ਖ਼ੁਸ਼ ਹੋਇਆ।+ ਦਿੱਤੇ ਗਏ ਸਮੇਂ ਤੋਂ ਪਹਿਲਾਂ ਹੀ 27 ਦਾਊਦ ਆਪਣੇ ਆਦਮੀਆਂ ਨਾਲ ਗਿਆ ਤੇ 200 ਫਲਿਸਤੀ ਆਦਮੀਆਂ ਨੂੰ ਮਾਰ ਸੁੱਟਿਆ ਅਤੇ ਦਾਊਦ ਨੇ ਉਨ੍ਹਾਂ ਸਾਰਿਆਂ ਦੀਆਂ ਖੱਲੜੀਆਂ ਲਿਆ ਕੇ ਰਾਜੇ ਨੂੰ ਦਿੱਤੀਆਂ ਤਾਂਕਿ ਉਹ ਰਾਜੇ ਨਾਲ ਰਿਸ਼ਤੇਦਾਰੀ ਵਿਚ ਬੱਝੇ। ਇਸ ਲਈ ਸ਼ਾਊਲ ਨੇ ਆਪਣੀ ਧੀ ਮੀਕਲ ਦਾ ਵਿਆਹ ਉਸ ਨਾਲ ਕਰ ਦਿੱਤਾ।+ 28 ਸ਼ਾਊਲ ਨੂੰ ਅਹਿਸਾਸ ਹੋ ਗਿਆ ਕਿ ਯਹੋਵਾਹ ਦਾਊਦ ਦੇ ਨਾਲ ਸੀ+ ਅਤੇ ਉਸ ਦੀ ਧੀ ਮੀਕਲ ਦਾਊਦ ਨੂੰ ਪਿਆਰ ਕਰਦੀ ਸੀ।+ 29 ਇਸ ਕਰਕੇ ਸ਼ਾਊਲ ਦਾਊਦ ਤੋਂ ਹੋਰ ਵੀ ਜ਼ਿਆਦਾ ਡਰਨ ਲੱਗਾ ਅਤੇ ਸ਼ਾਊਲ ਬਾਕੀ ਸਾਰੀ ਜ਼ਿੰਦਗੀ ਦਾਊਦ ਦਾ ਦੁਸ਼ਮਣ ਬਣਿਆ ਰਿਹਾ।+
30 ਫਲਿਸਤੀਆਂ ਦੇ ਮੁਖੀ ਯੁੱਧ ਕਰਨ ਜਾਂਦੇ ਸਨ, ਪਰ ਉਹ ਜਿੰਨੀ ਵਾਰ ਜਾਂਦੇ ਸਨ, ਦਾਊਦ ਸ਼ਾਊਲ ਦੇ ਸਾਰੇ ਸੇਵਕਾਂ ਨਾਲੋਂ ਵੱਧ ਸਫ਼ਲ ਹੁੰਦਾ ਸੀ;+ ਅਤੇ ਉਸ ਦਾ ਨਾਂ ਵਡਿਆਇਆ ਜਾਂਦਾ ਸੀ।+