ਪਹਿਲਾ ਰਾਜਿਆਂ
5 ਜਦੋਂ ਸੋਰ+ ਦੇ ਰਾਜੇ ਹੀਰਾਮ ਨੇ ਸੁਣਿਆ ਕਿ ਸੁਲੇਮਾਨ ਨੂੰ ਆਪਣੇ ਪਿਤਾ ਦੀ ਜਗ੍ਹਾ ਰਾਜਾ ਨਿਯੁਕਤ* ਕੀਤਾ ਗਿਆ ਸੀ, ਤਾਂ ਉਸ ਨੇ ਆਪਣੇ ਸੇਵਕਾਂ ਨੂੰ ਸੁਲੇਮਾਨ ਕੋਲ ਘੱਲਿਆ ਕਿਉਂਕਿ ਹੀਰਾਮ ਹਮੇਸ਼ਾ ਤੋਂ ਦਾਊਦ ਦਾ ਦੋਸਤ ਰਿਹਾ ਸੀ।*+ 2 ਸੁਲੇਮਾਨ ਨੇ ਵੀ ਹੀਰਾਮ ਨੂੰ ਸੰਦੇਸ਼ ਭੇਜਿਆ:+ 3 “ਤੈਨੂੰ ਪਤਾ ਹੀ ਹੈ ਕਿ ਮੇਰਾ ਪਿਤਾ ਦਾਊਦ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਭਵਨ ਨਹੀਂ ਬਣਾ ਸਕਿਆ ਕਿਉਂਕਿ ਹਰ ਪਾਸਿਓਂ ਉਸ ਖ਼ਿਲਾਫ਼ ਯੁੱਧ ਹੁੰਦੇ ਰਹੇ ਜਦ ਤਕ ਯਹੋਵਾਹ ਨੇ ਉਸ ਦੇ ਦੁਸ਼ਮਣਾਂ ਨੂੰ ਉਸ ਦੇ ਪੈਰਾਂ ਹੇਠ ਨਹੀਂ ਕਰ ਦਿੱਤਾ।+ 4 ਪਰ ਹੁਣ ਮੇਰੇ ਪਰਮੇਸ਼ੁਰ ਯਹੋਵਾਹ ਨੇ ਮੈਨੂੰ ਹਰ ਪਾਸਿਓਂ ਆਰਾਮ ਦਿੱਤਾ ਹੈ।+ ਕੋਈ ਵੀ ਮੇਰੇ ਖ਼ਿਲਾਫ਼ ਨਹੀਂ ਤੇ ਕੁਝ ਵੀ ਬੁਰਾ ਨਹੀਂ ਹੋ ਰਿਹਾ।+ 5 ਇਸ ਲਈ ਮੈਂ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਲਈ ਇਕ ਭਵਨ ਬਣਾਉਣਾ ਚਾਹੁੰਦਾ ਹਾਂ ਜਿਵੇਂ ਯਹੋਵਾਹ ਨੇ ਮੇਰੇ ਪਿਤਾ ਦਾਊਦ ਨਾਲ ਇਹ ਵਾਅਦਾ ਕੀਤਾ ਸੀ: ‘ਤੇਰੇ ਜਿਸ ਪੁੱਤਰ ਨੂੰ ਮੈਂ ਤੇਰੀ ਜਗ੍ਹਾ ਤੇਰੇ ਸਿੰਘਾਸਣ ʼਤੇ ਬਿਠਾਵਾਂਗਾ, ਉਹੀ ਮੇਰੇ ਨਾਂ ਲਈ ਭਵਨ ਬਣਾਵੇਗਾ।’+ 6 ਹੁਣ ਆਪਣੇ ਲੋਕਾਂ ਨੂੰ ਹੁਕਮ ਦੇ ਕਿ ਉਹ ਮੇਰੇ ਲਈ ਲਬਾਨੋਨ ਦੇ ਦਿਆਰ ਕੱਟਣ।+ ਮੇਰੇ ਨੌਕਰ ਤੇਰੇ ਨੌਕਰਾਂ ਨਾਲ ਕੰਮ ਕਰਨਗੇ ਅਤੇ ਮੈਂ ਤੇਰੇ ਨੌਕਰਾਂ ਨੂੰ ਉੱਨੀ ਮਜ਼ਦੂਰੀ ਦਿਆਂਗਾ ਜਿੰਨੀ ਤੂੰ ਠਹਿਰਾਵੇਂਗਾ ਕਿਉਂਕਿ ਤੈਨੂੰ ਪਤਾ ਹੈ ਕਿ ਸਾਡੇ ਵਿੱਚੋਂ ਕਿਸੇ ਨੂੰ ਵੀ ਸੀਦੋਨੀਆਂ ਵਾਂਗ ਦਰਖ਼ਤ ਕੱਟਣੇ ਨਹੀਂ ਆਉਂਦੇ।”+
7 ਜਦੋਂ ਹੀਰਾਮ ਨੇ ਸੁਲੇਮਾਨ ਦਾ ਸੰਦੇਸ਼ ਸੁਣਿਆ, ਤਾਂ ਉਹ ਬਹੁਤ ਖ਼ੁਸ਼ ਹੋਇਆ ਤੇ ਉਸ ਨੇ ਕਿਹਾ: “ਅੱਜ ਯਹੋਵਾਹ ਦੀ ਮਹਿਮਾ ਹੋਵੇ ਕਿਉਂਕਿ ਉਸ ਨੇ ਇੰਨੇ ਸਾਰੇ ਲੋਕਾਂ ʼਤੇ ਰਾਜ ਕਰਨ ਲਈ ਦਾਊਦ ਨੂੰ ਇਕ ਬੁੱਧੀਮਾਨ ਪੁੱਤਰ ਦਿੱਤਾ ਹੈ!”+ 8 ਫਿਰ ਹੀਰਾਮ ਨੇ ਸੁਲੇਮਾਨ ਨੂੰ ਸੰਦੇਸ਼ ਘੱਲਿਆ: “ਮੈਨੂੰ ਤੇਰਾ ਸੰਦੇਸ਼ ਮਿਲ ਗਿਆ ਹੈ। ਜਿਵੇਂ ਤੂੰ ਚਾਹੁੰਦਾ ਹੈਂ, ਮੈਂ ਉਵੇਂ ਕਰਾਂਗਾ। ਮੈਂ ਤੈਨੂੰ ਦਿਆਰ ਅਤੇ ਸਨੋਬਰ ਦੀ ਲੱਕੜ+ ਦਿਆਂਗਾ। 9 ਮੇਰੇ ਨੌਕਰ ਲੱਕੜਾਂ ਨੂੰ ਲਬਾਨੋਨ ਤੋਂ ਸਮੁੰਦਰ ਤਕ ਲੈ ਜਾਣਗੇ ਅਤੇ ਮੈਂ ਉਨ੍ਹਾਂ ਲੱਕੜਾਂ ਦੇ ਬੇੜੇ ਬੰਨ੍ਹਵਾ ਕੇ ਸਮੁੰਦਰ ਰਾਹੀਂ ਉਸ ਜਗ੍ਹਾ ਭੇਜ ਦਿਆਂਗਾ ਜਿੱਥੇ ਤੂੰ ਕਹੇਂਗਾ। ਉੱਥੇ ਮੈਂ ਉਨ੍ਹਾਂ ਨੂੰ ਖੁੱਲ੍ਹਵਾ ਦਿਆਂਗਾ ਅਤੇ ਤੂੰ ਉਨ੍ਹਾਂ ਨੂੰ ਉੱਥੋਂ ਲੈ ਜਾਵੀਂ। ਬਦਲੇ ਵਿਚ ਤੂੰ ਮੇਰੀ ਬੇਨਤੀ ਅਨੁਸਾਰ ਮੇਰੇ ਘਰਾਣੇ ਲਈ ਭੋਜਨ ਦੇਈਂ।”+
10 ਇਸ ਲਈ ਹੀਰਾਮ ਨੇ ਦਿਆਰ ਅਤੇ ਸਨੋਬਰ ਦੀ ਉੱਨੀ ਲੱਕੜ ਮੁਹੱਈਆ ਕਰਵਾਈ ਜਿੰਨੀ ਸੁਲੇਮਾਨ ਨੇ ਮੰਗੀ ਸੀ। 11 ਅਤੇ ਸੁਲੇਮਾਨ ਨੇ ਹੀਰਾਮ ਨੂੰ ਉਸ ਦੇ ਘਰਾਣੇ ਦੇ ਖਾਣ ਲਈ 20,000 ਕੋਰ* ਕਣਕ ਅਤੇ 20 ਕੋਰ ਵਧੀਆ ਜ਼ੈਤੂਨ ਦਾ ਤੇਲ* ਦਿੱਤਾ। ਸੁਲੇਮਾਨ ਹਰ ਸਾਲ ਹੀਰਾਮ ਨੂੰ ਇਹ ਚੀਜ਼ਾਂ ਦਿੰਦਾ ਸੀ।+ 12 ਯਹੋਵਾਹ ਨੇ ਸੁਲੇਮਾਨ ਨੂੰ ਬੁੱਧ ਦਿੱਤੀ ਜਿਵੇਂ ਉਸ ਨੇ ਉਸ ਨਾਲ ਵਾਅਦਾ ਕੀਤਾ ਸੀ।+ ਹੀਰਾਮ ਅਤੇ ਸੁਲੇਮਾਨ ਵਿਚਕਾਰ ਸ਼ਾਂਤੀ ਭਰਿਆ ਰਿਸ਼ਤਾ ਸੀ ਅਤੇ ਦੋਹਾਂ ਨੇ ਆਪਸ ਵਿਚ ਇਕ ਸੰਧੀ ਕੀਤੀ।*
13 ਰਾਜਾ ਸੁਲੇਮਾਨ ਨੇ ਜਬਰੀ ਮਜ਼ਦੂਰੀ ਕਰਾਉਣ ਲਈ ਸਾਰੇ ਇਜ਼ਰਾਈਲ ਵਿੱਚੋਂ ਆਦਮੀ ਭਰਤੀ ਕੀਤੇ; 30,000 ਆਦਮੀ ਭਰਤੀ ਕੀਤੇ ਗਏ।+ 14 ਉਹ ਉਨ੍ਹਾਂ ਵਿੱਚੋਂ ਦਸ-ਦਸ ਹਜ਼ਾਰ ਨੂੰ ਵਾਰੀ-ਵਾਰੀ ਲਬਾਨੋਨ ਭੇਜਦਾ ਸੀ। ਉਹ ਇਕ ਮਹੀਨਾ ਲਬਾਨੋਨ ਵਿਚ ਰਹਿੰਦੇ ਸਨ ਤੇ ਦੋ ਮਹੀਨੇ ਆਪਣੇ ਘਰਾਂ ਵਿਚ; ਅਤੇ ਅਦੋਨੀਰਾਮ+ ਉਨ੍ਹਾਂ ʼਤੇ ਨਿਗਰਾਨ ਸੀ ਜਿਨ੍ਹਾਂ ਤੋਂ ਜਬਰੀ ਮਜ਼ਦੂਰੀ ਕਰਾਈ ਜਾਂਦੀ ਸੀ। 15 ਸੁਲੇਮਾਨ ਦੇ 70,000 ਆਮ ਮਜ਼ਦੂਰ* ਅਤੇ ਪਹਾੜਾਂ ਵਿਚ ਪੱਥਰ ਕੱਟਣ ਵਾਲੇ 80,000 ਮਜ਼ਦੂਰ ਸਨ+ 16 ਤੇ ਸੁਲੇਮਾਨ ਦੇ 3,300 ਨਿਗਰਾਨ ਸਨ+ ਜੋ ਕੰਮ ਕਰਨ ਵਾਲਿਆਂ ਉੱਤੇ ਨਿਗਾਹ ਰੱਖਦੇ ਸਨ। 17 ਉਨ੍ਹਾਂ ਨੇ ਰਾਜੇ ਦੇ ਹੁਕਮ ʼਤੇ ਪਹਾੜਾਂ ਵਿੱਚੋਂ ਵੱਡੇ-ਵੱਡੇ ਕੀਮਤੀ ਪੱਥਰ ਕੱਟੇ+ ਤਾਂਕਿ ਤਰਾਸ਼ੇ ਹੋਏ ਪੱਥਰਾਂ+ ਨਾਲ ਭਵਨ ਦੀ ਨੀਂਹ+ ਰੱਖੀ ਜਾ ਸਕੇ। 18 ਸੁਲੇਮਾਨ ਦੇ ਮਿਸਤਰੀਆਂ, ਹੀਰਾਮ ਦੇ ਮਿਸਤਰੀਆਂ ਅਤੇ ਗਬਾਲੀਆਂ+ ਨੇ ਇਹ ਕਟਾਈ ਕੀਤੀ ਅਤੇ ਉਨ੍ਹਾਂ ਨੇ ਭਵਨ ਨੂੰ ਬਣਾਉਣ ਲਈ ਲੱਕੜ ਅਤੇ ਪੱਥਰ ਤਿਆਰ ਕੀਤੇ।