ਪਹਿਲਾ ਰਾਜਿਆਂ
9 ਜਦੋਂ ਸੁਲੇਮਾਨ ਯਹੋਵਾਹ ਦਾ ਭਵਨ, ਆਪਣਾ ਸ਼ਾਹੀ ਮਹਿਲ ਅਤੇ ਜੋ ਕੁਝ ਵੀ ਸੁਲੇਮਾਨ ਬਣਾਉਣਾ ਚਾਹੁੰਦਾ ਸੀ ਬਣਾ ਚੁੱਕਾ,+ ਤਾਂ ਉਸ ਤੋਂ ਤੁਰੰਤ ਬਾਅਦ 2 ਯਹੋਵਾਹ ਸੁਲੇਮਾਨ ਸਾਮ੍ਹਣੇ ਦੂਸਰੀ ਵਾਰ ਪ੍ਰਗਟ ਹੋਇਆ ਜਿਵੇਂ ਉਹ ਗਿਬਓਨ ਵਿਚ ਉਸ ਦੇ ਸਾਮ੍ਹਣੇ ਪ੍ਰਗਟ ਹੋਇਆ ਸੀ।+ 3 ਯਹੋਵਾਹ ਨੇ ਉਸ ਨੂੰ ਕਿਹਾ: “ਮੈਂ ਤੇਰੀ ਪ੍ਰਾਰਥਨਾ ਅਤੇ ਮਿਹਰ ਲਈ ਕੀਤੀ ਤੇਰੀ ਬੇਨਤੀ ਸੁਣ ਲਈ ਹੈ ਜੋ ਤੂੰ ਮੇਰੇ ਅੱਗੇ ਕੀਤੀ ਹੈ। ਜਿਸ ਭਵਨ ਨੂੰ ਤੂੰ ਬਣਾਇਆ ਹੈ, ਮੈਂ ਉੱਥੇ ਸਦਾ ਲਈ ਆਪਣਾ ਨਾਂ ਰੱਖ ਕੇ ਇਸ ਨੂੰ ਪਵਿੱਤਰ ਕੀਤਾ ਹੈ+ ਅਤੇ ਮੇਰੀਆਂ ਨਜ਼ਰਾਂ ਤੇ ਮੇਰਾ ਦਿਲ ਹਮੇਸ਼ਾ ਇਸ ਵੱਲ ਲੱਗਾ ਰਹੇਗਾ।+ 4 ਨਾਲੇ ਜੇ ਤੂੰ ਆਪਣੇ ਪਿਤਾ ਦਾਊਦ ਵਾਂਗ ਮੇਰੇ ਅੱਗੇ ਖਰੇ ਮਨ ਤੇ ਨੇਕੀ ਨਾਲ ਚੱਲੇਂ+ ਅਤੇ ਉਹ ਸਭ ਕੁਝ ਕਰੇਂ ਜੋ ਮੈਂ ਤੈਨੂੰ ਕਰਨ ਦਾ ਹੁਕਮ ਦਿੱਤਾ ਹੈ+ ਤੇ ਮੇਰੇ ਨਿਯਮਾਂ ਅਤੇ ਮੇਰੇ ਕਾਨੂੰਨਾਂ ਦੀ ਪਾਲਣਾ ਕਰੇਂ,+ 5 ਤਾਂ ਮੈਂ ਇਜ਼ਰਾਈਲ ਉੱਤੇ ਤੇਰੀ ਰਾਜ-ਗੱਦੀ ਹਮੇਸ਼ਾ ਲਈ ਕਾਇਮ ਕਰਾਂਗਾ ਜਿਵੇਂ ਮੈਂ ਤੇਰੇ ਪਿਤਾ ਦਾਊਦ ਨਾਲ ਇਹ ਵਾਅਦਾ ਕੀਤਾ ਸੀ, ‘ਇਜ਼ਰਾਈਲ ਦੇ ਸਿੰਘਾਸਣ ʼਤੇ ਬੈਠਣ ਲਈ ਤੇਰੇ ਵੰਸ਼ ਦਾ ਕੋਈ-ਨਾ-ਕੋਈ ਆਦਮੀ ਹਮੇਸ਼ਾ ਹੋਵੇਗਾ।’+ 6 ਪਰ ਜੇ ਤੁਸੀਂ ਅਤੇ ਤੁਹਾਡੇ ਪੁੱਤਰ ਮੇਰੇ ਪਿੱਛੇ ਚੱਲਣੋਂ ਹਟ ਗਏ ਅਤੇ ਤੁਸੀਂ ਮੇਰੇ ਹੁਕਮਾਂ ਤੇ ਮੇਰੇ ਨਿਯਮਾਂ ਦੀ ਪਾਲਣਾ ਕਰਨੀ ਛੱਡ ਦਿੱਤੀ ਜੋ ਮੈਂ ਤੁਹਾਨੂੰ ਦਿੱਤੇ ਹਨ ਅਤੇ ਤੁਸੀਂ ਜਾ ਕੇ ਹੋਰ ਦੇਵਤਿਆਂ ਦੀ ਭਗਤੀ ਕੀਤੀ ਤੇ ਉਨ੍ਹਾਂ ਅੱਗੇ ਮੱਥਾ ਟੇਕਿਆ,+ 7 ਤਾਂ ਮੈਂ ਇਜ਼ਰਾਈਲੀਆਂ ਨੂੰ ਉਸ ਦੇਸ਼ ਵਿੱਚੋਂ ਮਿਟਾ ਦਿਆਂਗਾ ਜੋ ਮੈਂ ਉਨ੍ਹਾਂ ਨੂੰ ਦਿੱਤਾ ਹੈ+ ਅਤੇ ਆਪਣੇ ਨਾਂ ਲਈ ਪਵਿੱਤਰ ਕੀਤੇ ਇਸ ਭਵਨ ਨੂੰ ਮੈਂ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿਆਂਗਾ+ ਅਤੇ ਸਾਰੀਆਂ ਕੌਮਾਂ ਇਜ਼ਰਾਈਲ ਨਾਲ ਘਿਰਣਾ ਕਰਨਗੀਆਂ* ਅਤੇ ਉਸ ਦਾ ਮਜ਼ਾਕ ਉਡਾਉਣਗੀਆਂ।+ 8 ਅਤੇ ਇਹ ਭਵਨ ਢਹਿ-ਢੇਰੀ ਹੋ ਜਾਵੇਗਾ।+ ਇਸ ਕੋਲੋਂ ਲੰਘਣ ਵਾਲਾ ਹਰ ਕੋਈ ਇਸ ਨੂੰ ਦੇਖ ਕੇ ਹੈਰਾਨ ਰਹਿ ਜਾਵੇਗਾ ਅਤੇ ਸੀਟੀ ਵਜਾ ਕੇ ਕਹੇਗਾ, ‘ਯਹੋਵਾਹ ਨੇ ਇਸ ਦੇਸ਼ ਅਤੇ ਇਸ ਭਵਨ ਨਾਲ ਇਸ ਤਰ੍ਹਾਂ ਕਿਉਂ ਕੀਤਾ?’+ 9 ਫਿਰ ਉਹ ਕਹਿਣਗੇ, ‘ਇਸ ਤਰ੍ਹਾਂ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਆਪਣੇ ਪਰਮੇਸ਼ੁਰ ਯਹੋਵਾਹ ਨੂੰ ਛੱਡ ਦਿੱਤਾ ਜੋ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਮਿਸਰ ਵਿੱਚੋਂ ਕੱਢ ਲਿਆਇਆ ਸੀ ਅਤੇ ਉਨ੍ਹਾਂ ਨੇ ਹੋਰ ਦੇਵਤਿਆਂ ਨੂੰ ਅਪਣਾ ਲਿਆ, ਉਨ੍ਹਾਂ ਅੱਗੇ ਮੱਥਾ ਟੇਕਿਆ ਤੇ ਉਨ੍ਹਾਂ ਦੀ ਭਗਤੀ ਕੀਤੀ। ਇਸੇ ਕਰਕੇ ਯਹੋਵਾਹ ਉਨ੍ਹਾਂ ਉੱਤੇ ਇਹ ਸਾਰੀ ਬਿਪਤਾ ਲਿਆਇਆ।’”+
10 ਸੁਲੇਮਾਨ ਨੂੰ ਦੋ ਘਰ ਯਾਨੀ ਯਹੋਵਾਹ ਦਾ ਭਵਨ ਅਤੇ ਆਪਣਾ ਸ਼ਾਹੀ ਮਹਿਲ ਬਣਾਉਣ ਵਿਚ 20 ਸਾਲ ਲੱਗੇ।+ ਇਸ ਤੋਂ ਬਾਅਦ 11 ਰਾਜਾ ਸੁਲੇਮਾਨ ਨੇ ਸੋਰ ਦੇ ਰਾਜੇ ਹੀਰਾਮ+ ਨੂੰ ਗਲੀਲ ਦੇ ਇਲਾਕੇ ਵਿਚ 20 ਸ਼ਹਿਰ ਦਿੱਤੇ ਕਿਉਂਕਿ ਹੀਰਾਮ ਨੇ ਸੁਲੇਮਾਨ ਨੂੰ ਦਿਆਰ ਤੇ ਸਨੋਬਰ ਦੀ ਲੱਕੜ ਅਤੇ ਉੱਨਾ ਸੋਨਾ ਦਿੱਤਾ ਸੀ ਜਿੰਨਾ ਉਸ ਨੂੰ ਚਾਹੀਦਾ ਸੀ।+ 12 ਫਿਰ ਹੀਰਾਮ ਸੋਰ ਤੋਂ ਉਹ ਸ਼ਹਿਰ ਦੇਖਣ ਗਿਆ ਜੋ ਸੁਲੇਮਾਨ ਨੇ ਉਸ ਨੂੰ ਦਿੱਤੇ ਸਨ, ਪਰ ਉਹ ਉਸ ਨੂੰ ਚੰਗੇ ਨਹੀਂ ਲੱਗੇ।* 13 ਉਸ ਨੇ ਕਿਹਾ: “ਭਰਾਵਾ, ਇਹ ਤੂੰ ਮੈਨੂੰ ਕਿੱਦਾਂ ਦੇ ਸ਼ਹਿਰ ਦਿੱਤੇ ਹਨ?” ਇਸ ਲਈ ਉਨ੍ਹਾਂ ਨੂੰ ਅੱਜ ਤਕ ਕਾਬੂਲ ਦੇਸ਼* ਕਿਹਾ ਜਾਂਦਾ ਹੈ। 14 ਇਸ ਦੌਰਾਨ ਹੀਰਾਮ ਨੇ ਰਾਜੇ ਲਈ 120 ਕਿੱਕਾਰ* ਸੋਨਾ ਘੱਲਿਆ।+
15 ਇਹ ਉਨ੍ਹਾਂ ਦੇ ਕੰਮਾਂ ਬਾਰੇ ਜਾਣਕਾਰੀ ਹੈ ਜਿਨ੍ਹਾਂ ਨੂੰ ਰਾਜੇ ਨੇ ਜਬਰੀ ਮਜ਼ਦੂਰੀ ਕਰਨ ਲਾਇਆ ਸੀ।+ ਉਸ ਨੇ ਉਨ੍ਹਾਂ ਤੋਂ ਯਹੋਵਾਹ ਦਾ ਭਵਨ,+ ਆਪਣਾ ਮਹਿਲ, ਟਿੱਲਾ,*+ ਯਰੂਸ਼ਲਮ ਦੀ ਕੰਧ, ਹਾਸੋਰ,+ ਮਗਿੱਦੋ+ ਅਤੇ ਗਜ਼ਰ+ ਬਣਵਾਏ ਸਨ। 16 (ਮਿਸਰ ਦੇ ਰਾਜੇ ਫ਼ਿਰਊਨ ਨੇ ਉਤਾਂਹ ਆ ਕੇ ਗਜ਼ਰ ਉੱਤੇ ਕਬਜ਼ਾ ਕਰ ਲਿਆ ਸੀ ਤੇ ਉਸ ਨੂੰ ਅੱਗ ਨਾਲ ਸਾੜ ਦਿੱਤਾ ਸੀ ਅਤੇ ਸ਼ਹਿਰ ਵਿਚ ਰਹਿੰਦੇ ਕਨਾਨੀਆਂ+ ਨੂੰ ਵੀ ਮਾਰ ਸੁੱਟਿਆ ਸੀ। ਫਿਰ ਉਸ ਨੇ ਇਹ ਸ਼ਹਿਰ ਆਪਣੀ ਧੀ ਯਾਨੀ ਸੁਲੇਮਾਨ ਦੀ ਪਤਨੀ ਨੂੰ ਵਿਦਾਈ ਦੇ ਸਮੇਂ ਤੋਹਫ਼ੇ* ਵਜੋਂ ਦੇ ਦਿੱਤਾ ਸੀ।)+ 17 ਸੁਲੇਮਾਨ ਨੇ ਗਜ਼ਰ ਅਤੇ ਹੇਠਲੇ ਬੈਤ-ਹੋਰੋਨ+ ਨੂੰ ਬਣਾਇਆ,* 18 ਨਾਲੇ ਉਸ ਨੇ ਬਆਲਾਥ+ ਤੇ ਦੇਸ਼ ਦੇ ਅੰਦਰ ਉਜਾੜ ਵਿਚ ਤਾਮਾਰ, 19 ਸੁਲੇਮਾਨ ਦੇ ਗੋਦਾਮਾਂ ਵਾਲੇ ਸਾਰੇ ਸ਼ਹਿਰ, ਰਥਾਂ ਵਾਲੇ ਸ਼ਹਿਰ+ ਤੇ ਘੋੜਸਵਾਰਾਂ ਲਈ ਸ਼ਹਿਰ ਬਣਾਏ। ਸੁਲੇਮਾਨ ਯਰੂਸ਼ਲਮ, ਲਬਾਨੋਨ ਅਤੇ ਆਪਣੇ ਅਧੀਨ ਆਉਂਦੇ ਸਾਰੇ ਇਲਾਕੇ ਵਿਚ ਜੋ ਵੀ ਬਣਾਉਣਾ ਚਾਹੁੰਦਾ ਸੀ, ਉਸ ਨੇ ਬਣਾਇਆ। 20 ਅਤੇ ਅਮੋਰੀਆਂ, ਹਿੱਤੀਆਂ, ਪਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਬਚੇ ਉਹ ਸਾਰੇ ਲੋਕ+ ਜੋ ਇਜ਼ਰਾਈਲ ਦੀ ਪਰਜਾ ਨਹੀਂ ਸਨ+ 21 ਅਤੇ ਜਿਨ੍ਹਾਂ ਨੂੰ ਇਜ਼ਰਾਈਲੀ ਨਾਸ਼ ਨਹੀਂ ਕਰ ਸਕੇ ਸਨ, ਦੇਸ਼ ਵਿਚ ਉਨ੍ਹਾਂ ਦੀ ਬਚੀ ਹੋਈ ਔਲਾਦ ਨੂੰ ਅੱਜ ਦੇ ਦਿਨ ਤਕ ਸੁਲੇਮਾਨ ਨੇ ਗ਼ੁਲਾਮਾਂ ਵਜੋਂ ਜਬਰੀ ਮਜ਼ਦੂਰੀ ਕਰਨ ਲਾਇਆ ਹੋਇਆ ਹੈ।+ 22 ਪਰ ਸੁਲੇਮਾਨ ਨੇ ਕਿਸੇ ਵੀ ਇਜ਼ਰਾਈਲੀ ਨੂੰ ਗ਼ੁਲਾਮ ਨਹੀਂ ਬਣਾਇਆ+ ਕਿਉਂਕਿ ਉਹ ਉਸ ਦੇ ਯੋਧੇ, ਸੇਵਕ, ਪ੍ਰਧਾਨ, ਸਹਾਇਕ ਅਧਿਕਾਰੀ ਅਤੇ ਉਸ ਦੇ ਰਥਵਾਨਾਂ ਤੇ ਘੋੜਸਵਾਰਾਂ ਦੇ ਮੁਖੀ ਸਨ। 23 ਸੁਲੇਮਾਨ ਦੇ ਕੰਮ-ਕਾਰ ਦੀ ਨਿਗਰਾਨੀ ਕਰਨ ਵਾਲਿਆਂ ਉੱਤੇ 550 ਮੁਖੀ ਠਹਿਰਾਏ ਗਏ ਸਨ ਜੋ ਕੰਮ ਕਰਨ ਵਾਲੇ ਲੋਕਾਂ ʼਤੇ ਨਿਗਾਹ ਰੱਖਦੇ ਸਨ।+
24 ਪਰ ਫ਼ਿਰਊਨ ਦੀ ਧੀ+ ਦਾਊਦ ਦੇ ਸ਼ਹਿਰ+ ਤੋਂ ਆਪਣੇ ਘਰ ਆ ਗਈ ਜੋ ਸੁਲੇਮਾਨ ਨੇ ਉਸ ਲਈ ਬਣਾਇਆ ਸੀ; ਫਿਰ ਸੁਲੇਮਾਨ ਨੇ ਟਿੱਲਾ* ਬਣਾਇਆ।+
25 ਸੁਲੇਮਾਨ ਸਾਲ ਵਿਚ ਤਿੰਨ ਵਾਰ+ ਉਸ ਵੇਦੀ ਉੱਤੇ ਹੋਮ-ਬਲ਼ੀਆਂ ਅਤੇ ਸ਼ਾਂਤੀ-ਬਲ਼ੀਆਂ ਚੜ੍ਹਾਉਂਦਾ ਸੀ ਜੋ ਉਸ ਨੇ ਯਹੋਵਾਹ ਲਈ ਬਣਾਈ ਸੀ।+ ਇਸ ਤਰ੍ਹਾਂ ਉਹ ਯਹੋਵਾਹ ਅੱਗੇ ਪਈ ਵੇਦੀ ਉੱਤੇ ਬਲ਼ੀਆਂ ਚੜ੍ਹਾਉਂਦਾ ਸੀ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ। ਉਸ ਨੇ ਭਵਨ ਬਣਾਉਣ ਦਾ ਕੰਮ ਪੂਰਾ ਕੀਤਾ।+
26 ਰਾਜਾ ਸੁਲੇਮਾਨ ਨੇ ਅਸਯੋਨ-ਗਬਰ+ ਵਿਚ ਬਹੁਤ ਸਾਰੇ ਜਹਾਜ਼ ਵੀ ਬਣਾਏ। ਅਸਯੋਨ-ਗਬਰ ਅਦੋਮ ਦੇ ਇਲਾਕੇ ਵਿਚ ਲਾਲ ਸਮੁੰਦਰ ਦੇ ਕੰਢੇ ʼਤੇ ਏਲੋਥ ਦੇ ਨੇੜੇ ਹੈ।+ 27 ਹੀਰਾਮ ਨੇ ਸੁਲੇਮਾਨ ਦੇ ਸੇਵਕਾਂ ਨਾਲ ਕੰਮ ਕਰਨ ਵਾਸਤੇ ਜਹਾਜ਼ਾਂ ਦੇ ਨਾਲ ਆਪਣੇ ਸੇਵਕ ਭੇਜੇ+ ਜੋ ਤਜਰਬੇਕਾਰ ਮਲਾਹ ਸਨ। 28 ਉਹ ਓਫੀਰ+ ਗਏ ਅਤੇ ਉੱਥੋਂ 420 ਕਿੱਕਾਰ* ਸੋਨਾ ਰਾਜਾ ਸੁਲੇਮਾਨ ਕੋਲ ਲੈ ਆਏ।