ਬਿਵਸਥਾ ਸਾਰ
18 “ਲੇਵੀ ਪੁਜਾਰੀਆਂ, ਹਾਂ, ਲੇਵੀ ਦੇ ਪੂਰੇ ਗੋਤ ਨੂੰ ਇਜ਼ਰਾਈਲ ਦੇ ਨਾਲ ਕੋਈ ਹਿੱਸਾ ਜਾਂ ਵਿਰਾਸਤ ਨਹੀਂ ਮਿਲੇਗੀ। ਜਿਹੜੇ ਚੜ੍ਹਾਵੇ ਅੱਗ ਵਿਚ ਸਾੜ ਕੇ ਯਹੋਵਾਹ ਅੱਗੇ ਚੜ੍ਹਾਏ ਜਾਂਦੇ ਹਨ, ਉਹ ਉਨ੍ਹਾਂ ਚੜ੍ਹਾਵਿਆਂ ਵਿੱਚੋਂ ਉਸ ਦਾ ਹਿੱਸਾ ਖਾਣਗੇ।+ 2 ਇਸ ਲਈ ਉਨ੍ਹਾਂ ਨੂੰ ਆਪਣੇ ਭਰਾਵਾਂ ਦੇ ਨਾਲ ਕੋਈ ਵਿਰਾਸਤ ਨਹੀਂ ਮਿਲੇਗੀ। ਯਹੋਵਾਹ ਉਨ੍ਹਾਂ ਦੀ ਵਿਰਾਸਤ ਹੈ, ਠੀਕ ਜਿਵੇਂ ਉਸ ਨੇ ਆਪ ਉਨ੍ਹਾਂ ਨੂੰ ਕਿਹਾ ਸੀ।
3 “ਜਦੋਂ ਲੋਕ ਕਿਸੇ ਜਾਨਵਰ ਦੀ ਬਲ਼ੀ ਚੜ੍ਹਾਉਂਦੇ ਹਨ, ਚਾਹੇ ਉਹ ਬਲਦ ਹੋਵੇ ਜਾਂ ਭੇਡ, ਤਾਂ ਬਲ਼ੀ ਦੇ ਇਨ੍ਹਾਂ ਹਿੱਸਿਆਂ ʼਤੇ ਪੁਜਾਰੀਆਂ ਦਾ ਹੱਕ ਹੋਵੇਗਾ: ਜਾਨਵਰ ਦਾ ਮੋਢਾ, ਜਬਾੜ੍ਹੇ ਅਤੇ ਢਿੱਡ। 4 ਤੁਸੀਂ ਆਪਣੇ ਅਨਾਜ, ਨਵੇਂ ਦਾਖਰਸ, ਤੇਲ ਦਾ ਪਹਿਲਾ ਫਲ ਅਤੇ ਭੇਡਾਂ ਦੀ ਕਤਰੀ ਹੋਈ ਪਹਿਲੀ ਉੱਨ ਲੇਵੀਆਂ ਨੂੰ ਦੇਣੀ।+ 5 ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਡੇ ਸਾਰੇ ਗੋਤਾਂ ਵਿੱਚੋਂ ਲੇਵੀਆਂ ਨੂੰ ਅਤੇ ਉਨ੍ਹਾਂ ਦੇ ਪੁੱਤਰਾਂ ਨੂੰ ਚੁਣਿਆ ਹੈ ਤਾਂਕਿ ਉਹ ਹਮੇਸ਼ਾ ਯਹੋਵਾਹ ਦੇ ਨਾਂ ʼਤੇ ਸੇਵਾ ਕਰਨ।+
6 “ਜੇ ਇਜ਼ਰਾਈਲ ਦੇ ਕਿਸੇ ਸ਼ਹਿਰ ਵਿਚ ਰਹਿੰਦੇ ਕਿਸੇ ਲੇਵੀ+ ਦੇ ਦਿਲ ਵਿਚ ਯਹੋਵਾਹ ਦੀ ਚੁਣੀ ਹੋਈ ਜਗ੍ਹਾ*+ ਜਾਣ ਦੀ ਤਮੰਨਾ ਹੈ ਅਤੇ ਉਹ ਆਪਣਾ ਸ਼ਹਿਰ ਛੱਡ ਕੇ ਉੱਥੇ ਜਾਂਦਾ ਹੈ, 7 ਤਾਂ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ʼਤੇ ਸੇਵਾ ਕਰ ਸਕਦਾ ਹੈ, ਜਿਵੇਂ ਉਸ ਦੇ ਲੇਵੀ ਭਰਾ ਯਹੋਵਾਹ ਦੇ ਸਾਮ੍ਹਣੇ ਸੇਵਾ ਕਰਦੇ ਹਨ।+ 8 ਉਸ ਨੂੰ ਚੜ੍ਹਾਵਿਆਂ ਵਿੱਚੋਂ ਬਰਾਬਰ ਹਿੱਸਾ ਮਿਲੇਗਾ,+ ਚਾਹੇ ਉਸ ਕੋਲ ਆਪਣੀਆਂ ਜੱਦੀ ਚੀਜ਼ਾਂ ਵੇਚਣ ਤੋਂ ਬਾਅਦ ਪੈਸਾ ਕਿਉਂ ਨਾ ਹੋਵੇ।
9 “ਜਦ ਤੁਸੀਂ ਉਸ ਦੇਸ਼ ਵਿਚ ਜਾਓਗੇ ਜੋ ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਨੂੰ ਦੇਣ ਜਾ ਰਿਹਾ ਹੈ, ਤਾਂ ਤੁਸੀਂ ਉੱਥੋਂ ਦੀਆਂ ਕੌਮਾਂ ਵਾਂਗ ਘਿਣਾਉਣੇ ਕੰਮ ਕਰਨੇ ਨਾ ਸਿੱਖਿਓ।+ 10 ਤੁਹਾਡੇ ਵਿੱਚੋਂ ਕੋਈ ਵੀ ਆਪਣੇ ਪੁੱਤਰ ਜਾਂ ਧੀ ਦੀ ਅੱਗ ਵਿਚ ਬਲ਼ੀ ਨਾ ਦੇਵੇ,*+ ਫਾਲ* ਨਾ ਪਾਵੇ,+ ਜਾਦੂਗਰੀ ਨਾ ਕਰੇ+ ਜਾਂ ਸ਼ੁਭ-ਅਸ਼ੁਭ ਨਾ ਵਿਚਾਰੇ*+ ਜਾਂ ਜਾਦੂ-ਟੂਣਾ ਨਾ ਕਰੇ+ 11 ਜਾਂ ਮੰਤਰ ਫੂਕ ਕੇ ਕਿਸੇ ਨੂੰ ਆਪਣੇ ਵੱਸ ਵਿਚ ਨਾ ਕਰੇ ਜਾਂ ਉਹ ਕਿਸੇ ਚੇਲੇ-ਚਾਂਟੇ*+ ਕੋਲ ਜਾਂ ਸਲਾਹ-ਮਸ਼ਵਰੇ ਲਈ ਭਵਿੱਖ ਦੱਸਣ ਵਾਲੇ ਕੋਲ ਨਾ ਜਾਵੇ+ ਜਾਂ ਮਰੇ ਹੋਏ ਲੋਕਾਂ ਤੋਂ ਪੁੱਛ-ਗਿੱਛ ਨਾ ਕਰੇ।+ 12 ਜਿਹੜਾ ਇਨਸਾਨ ਅਜਿਹੇ ਕੰਮ ਕਰਦਾ ਹੈ, ਉਹ ਯਹੋਵਾਹ ਦੀਆਂ ਨਜ਼ਰਾਂ ਵਿਚ ਘਿਣਾਉਣਾ ਹੈ ਅਤੇ ਇਨ੍ਹਾਂ ਘਿਣਾਉਣੇ ਕੰਮਾਂ ਕਰਕੇ ਤੁਹਾਡਾ ਪਰਮੇਸ਼ੁਰ ਯਹੋਵਾਹ ਉਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਕੱਢਣ ਜਾ ਰਿਹਾ ਹੈ। 13 ਤੁਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀਆਂ ਨਜ਼ਰਾਂ ਵਿਚ ਖ਼ੁਦ ਨੂੰ ਨਿਰਦੋਸ਼ ਸਾਬਤ ਕਰੋ।+
14 “ਤੁਸੀਂ ਜਿਨ੍ਹਾਂ ਕੌਮਾਂ ਨੂੰ ਉੱਥੋਂ ਕੱਢੋਗੇ, ਉਹ ਜਾਦੂਗਰੀ ਕਰਨ+ ਅਤੇ ਫਾਲ ਪਾਉਣ ਵਾਲਿਆਂ+ ਦੀ ਗੱਲ ਸੁਣਦੀਆਂ ਹਨ, ਪਰ ਤੁਹਾਡੇ ਪਰਮੇਸ਼ੁਰ ਯਹੋਵਾਹ ਨੇ ਤੁਹਾਨੂੰ ਅਜਿਹਾ ਕੋਈ ਵੀ ਕੰਮ ਕਰਨ ਤੋਂ ਮਨ੍ਹਾ ਕੀਤਾ ਹੈ। 15 ਤੁਹਾਡਾ ਪਰਮੇਸ਼ੁਰ ਯਹੋਵਾਹ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇਕ ਨਬੀ ਖੜ੍ਹਾ ਕਰੇਗਾ ਅਤੇ ਤੁਸੀਂ ਜ਼ਰੂਰ ਉਸ ਦੀ ਗੱਲ ਸੁਣਿਓ।+ 16 ਤੁਹਾਡਾ ਪਰਮੇਸ਼ੁਰ ਯਹੋਵਾਹ ਇਸ ਲਈ ਇਸ ਤਰ੍ਹਾਂ ਕਰੇਗਾ ਕਿਉਂਕਿ ਹੋਰੇਬ ਵਿਚ ਸਾਰੀ ਮੰਡਲੀ ਨੇ ਇਹ ਬੇਨਤੀ ਕੀਤੀ ਸੀ,+ ‘ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਆਵਾਜ਼ ਨਹੀਂ ਸੁਣਨੀ ਚਾਹੁੰਦੇ ਅਤੇ ਅਸੀਂ ਇਹ ਵੱਡੀ ਅੱਗ ਹੋਰ ਨਹੀਂ ਦੇਖਣੀ ਚਾਹੁੰਦੇ, ਕਿਤੇ ਇੱਦਾਂ ਨਾ ਹੋਵੇ ਕਿ ਅਸੀਂ ਮਰ ਜਾਈਏ।’+ 17 ਫਿਰ ਯਹੋਵਾਹ ਨੇ ਮੈਨੂੰ ਕਿਹਾ, ‘ਇਹ ਲੋਕ ਠੀਕ ਕਹਿੰਦੇ ਹਨ। 18 ਮੈਂ ਉਨ੍ਹਾਂ ਦੇ ਭਰਾਵਾਂ ਵਿੱਚੋਂ ਉਨ੍ਹਾਂ ਲਈ ਤੇਰੇ ਵਰਗਾ ਇਕ ਨਬੀ ਖੜ੍ਹਾ ਕਰਾਂਗਾ+ ਅਤੇ ਮੇਰੀਆਂ ਗੱਲਾਂ ਉਸ ਦੀ ਜ਼ਬਾਨ ʼਤੇ ਹੋਣਗੀਆਂ।+ ਉਹ ਉਨ੍ਹਾਂ ਨੂੰ ਉਹ ਸਾਰੀਆਂ ਗੱਲਾਂ ਦੱਸੇਗਾ ਜਿਨ੍ਹਾਂ ਦਾ ਮੈਂ ਉਸ ਨੂੰ ਹੁਕਮ ਦਿਆਂਗਾ।+ 19 ਉਹ ਨਬੀ ਮੇਰੇ ਨਾਂ ʼਤੇ ਗੱਲ ਕਰੇਗਾ। ਜੇ ਕੋਈ ਉਸ ਦੀ ਗੱਲ ਨਹੀਂ ਸੁਣੇਗਾ, ਤਾਂ ਮੈਂ ਉਸ ਇਨਸਾਨ ਤੋਂ ਲੇਖਾ ਲਵਾਂਗਾ।+
20 “‘ਪਰ ਜੇ ਕੋਈ ਨਬੀ ਮੇਰੇ ਨਾਂ ʼਤੇ ਅਜਿਹੀ ਗੱਲ ਕਹਿਣ ਦੀ ਗੁਸਤਾਖ਼ੀ ਕਰਦਾ ਹੈ ਜਿਹੜੀ ਗੱਲ ਕਹਿਣ ਦਾ ਮੈਂ ਉਸ ਨੂੰ ਹੁਕਮ ਨਹੀਂ ਦਿੱਤਾ ਜਾਂ ਉਹ ਦੂਜੇ ਦੇਵਤਿਆਂ ਦੇ ਨਾਂ ʼਤੇ ਕੋਈ ਗੱਲ ਕਹਿੰਦਾ ਹੈ, ਤਾਂ ਉਸ ਨਬੀ ਨੂੰ ਜਾਨੋਂ ਮਾਰ ਦਿੱਤਾ ਜਾਵੇ।+ 21 ਪਰ ਸ਼ਾਇਦ ਤੁਹਾਡੇ ਮਨ ਵਿਚ ਇਹ ਵਿਚਾਰ ਆਵੇ: “ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਇਹ ਗੱਲ ਯਹੋਵਾਹ ਨੇ ਨਹੀਂ ਕਹੀ?” 22 ਜਦ ਉਸ ਨਬੀ ਦੀ ਗੱਲ ਪੂਰੀ ਜਾਂ ਸੱਚ ਸਾਬਤ ਨਹੀਂ ਹੁੰਦੀ ਜੋ ਉਸ ਨੇ ਯਹੋਵਾਹ ਦੇ ਨਾਂ ʼਤੇ ਕਹੀ ਸੀ, ਤਾਂ ਇਸ ਦਾ ਮਤਲਬ ਹੈ ਕਿ ਉਹ ਗੱਲ ਯਹੋਵਾਹ ਨੇ ਨਹੀਂ ਕਹੀ ਸੀ। ਉਸ ਨਬੀ ਨੇ ਇਹ ਗੱਲ ਆਪਣੇ ਵੱਲੋਂ ਬੋਲਣ ਦੀ ਗੁਸਤਾਖ਼ੀ ਕੀਤੀ ਹੈ। ਤੁਸੀਂ ਉਸ ਤੋਂ ਨਾ ਡਰਿਓ।’