ਇੱਕ੍ਹੀਵਾਂ ਅਧਿਆਇ
ਸੱਚੀ ਭਗਤੀ ਦੁਨੀਆਂ ਭਰ ਫੈਲ ਰਹੀ ਹੈ
1. ਯਸਾਯਾਹ ਦੇ 60ਵੇਂ ਅਧਿਆਇ ਵਿਚ ਸਾਡੇ ਲਈ ਕਿਹੜਾ ਉਤਸ਼ਾਹ-ਭਰਿਆ ਸੁਨੇਹਾ ਹੈ?
ਯਸਾਯਾਹ ਦਾ 60ਵਾਂ ਅਧਿਆਇ ਇਕ ਵਧੀਆ ਡਰਾਮੇ ਵਾਂਗ ਲਿਖਿਆ ਗਿਆ ਹੈ। ਇਸ ਦੀਆਂ ਪਹਿਲੀਆਂ ਆਇਤਾਂ ਵਿਚ ਸਾਡਾ ਧਿਆਨ ਇਕ ਅਜਿਹੇ ਦ੍ਰਿਸ਼ ਵੱਲ ਖਿੱਚਿਆ ਜਾਂਦਾ ਹੈ ਜੋ ਸਾਡੇ ਵਿਚ ਬੜੀ ਦਇਆ ਉਕਸਾਉਂਦਾ ਹੈ। ਫਿਰ ਇਕ ਤੋਂ ਬਾਅਦ ਦੂਜੀ ਘਟਨਾ ਜਲਦੀ ਵਾਪਰਦੀ ਹੈ ਜਿਨ੍ਹਾਂ ਦਾ ਵਧੀਆ ਅੰਤ ਹੁੰਦਾ ਹੈ। ਇਹ ਅਧਿਆਇ ਉਦਾਹਰਣਾਂ ਦੇ ਕੇ ਦੱਸਦਾ ਹੈ ਕਿ ਪ੍ਰਾਚੀਨ ਯਰੂਸ਼ਲਮ ਵਿਚ ਸੱਚੀ ਭਗਤੀ ਕਿਵੇਂ ਦੁਬਾਰਾ ਸ਼ੁਰੂ ਹੋਈ ਅਤੇ ਅੱਜ ਦੁਨੀਆਂ ਭਰ ਵਿਚ ਸੱਚੀ ਭਗਤੀ ਕਿਵੇਂ ਵੱਧ ਰਹੀ ਹੈ। ਇਸ ਤੋਂ ਇਲਾਵਾ ਇਹ ਉਨ੍ਹਾਂ ਬਰਕਤਾਂ ਬਾਰੇ ਵੀ ਦੱਸਦਾ ਹੈ ਜੋ ਭਵਿੱਖ ਵਿਚ ਪਰਮੇਸ਼ੁਰ ਦੇ ਸਾਰੇ ਵਫ਼ਾਦਾਰ ਸੇਵਕਾਂ ਨੂੰ ਹਮੇਸ਼ਾ ਲਈ ਮਿਲਣਗੀਆਂ। ਅਸੀਂ ਸਾਰੇ ਜਣੇ ਯਸਾਯਾਹ ਦੀ ਭਵਿੱਖਬਾਣੀ ਦੇ ਇਸ ਦਿਲਚਸਪ ਅਧਿਆਇ ਦੀ ਪੂਰਤੀ ਵਿਚ ਹਿੱਸਾ ਲੈ ਸਕਦੇ ਹਾਂ। ਤਾਂ ਫਿਰ ਆਓ ਆਪਾਂ ਇਸ ਉੱਤੇ ਧਿਆਨ ਨਾਲ ਗੌਰ ਕਰੀਏ।
ਹਨੇਰੇ ਵਿਚ ਚਾਨਣ ਚਮਕਿਆ
2. ਹਨੇਰੇ ਵਿਚ ਲੇਟੀ ਤੀਵੀਂ ਨੂੰ ਕਿਹੜਾ ਹੁਕਮ ਦਿੱਤਾ ਗਿਆ ਸੀ, ਅਤੇ ਇਸ ਨੂੰ ਮੰਨਣਾ ਕਿਉਂ ਜ਼ਰੂਰੀ ਸੀ?
2 ਇਸ ਅਧਿਆਇ ਦੇ ਪਹਿਲੇ ਸ਼ਬਦ ਇਕ ਤੀਵੀਂ ਦੀ ਮਾੜੀ ਹਾਲਤ ਬਾਰੇ ਦੱਸਦੇ ਹਨ। ਉਹ ਹਨੇਰੇ ਵਿਚ ਜ਼ਮੀਨ ਉੱਤੇ ਲੇਟੀ ਹੋਈ ਹੈ। ਅਚਾਨਕ ਚਾਨਣ ਚਮਕ ਉੱਠਦਾ ਹੈ ਅਤੇ ਯਹੋਵਾਹ ਨੇ ਆਵਾਜ਼ ਦੇ ਕੇ ਉਸ ਨੂੰ ਹੁਕਮ ਦਿੱਤਾ: “ਉੱਠ, ਚਮਕ, ਤੇਰਾ ਚਾਨਣ ਜੋ ਆ ਗਿਆ ਹੈ, ਅਤੇ ਯਹੋਵਾਹ ਦਾ ਪਰਤਾਪ ਜੋ ਤੇਰੇ ਉੱਤੇ ਚਮਕਿਆ ਹੈ।” (ਯਸਾਯਾਹ 60:1) ਜੀ ਹਾਂ ਤੀਵੀਂ ਨੂੰ ਉੱਠ ਕੇ ਪਰਮੇਸ਼ੁਰ ਦਾ ਪਰਤਾਪ ਚਮਕਾਉਣ ਲਈ ਕਿਹਾ ਗਿਆ ਸੀ! ਉਸ ਲਈ ਇਸ ਤਰ੍ਹਾਂ ਕਰਨਾ ਜ਼ਰੂਰੀ ਕਿਉਂ ਸੀ? ਇਸ ਦਾ ਜਵਾਬ ਦੂਜੀ ਆਇਤ ਵਿਚ ਮਿਲਦਾ ਹੈ: “ਵੇਖੋ ਤਾਂ, ਅਨ੍ਹੇਰਾ ਧਰਤੀ ਨੂੰ ਢੱਕ ਲਵੇਗਾ, ਅਤੇ ਉੱਮਤਾਂ ਨੂੰ ਘਟਾਂ, ਪਰ ਯਹੋਵਾਹ ਤੇਰੇ ਉੱਤੇ ਚਮਕੇਗਾ, ਅਤੇ ਉਹ ਦਾ ਪਰਤਾਪ ਤੇਰੇ ਉੱਤੇ ਵਿਖਾਈ ਦੇਵੇਗਾ।” (ਯਸਾਯਾਹ 60:2) ਹਨੇਰੇ ਵਿਚ ਉਸ ਦੇ ਆਲੇ-ਦੁਆਲੇ ਦੇ ਲੋਕਾਂ ਦੇ ਫ਼ਾਇਦੇ ਲਈ ਤੀਵੀਂ ਨੂੰ ‘ਚਮਕਣ’ ਦੀ ਲੋੜ ਸੀ। ਇਸ ਦਾ ਨਤੀਜਾ ਕੀ ਨਿਕਲਣਾ ਸੀ? “ਕੌਮਾਂ ਤੇਰੇ ਚਾਨਣ ਵੱਲ ਆਉਣਗੀਆਂ, ਅਤੇ ਰਾਜੇ ਤੇਰੇ ਚੜ੍ਹਾਓ ਦੀ ਚਮਕਾਹਟ ਵੱਲ।” (ਯਸਾਯਾਹ 60:3) ਇਨ੍ਹਾਂ ਤਿੰਨਾਂ ਆਇਤਾਂ ਦਾ ਸਾਰ ਹੈ ਕਿ ਸੱਚੀ ਭਗਤੀ ਸਾਰੀ ਦੁਨੀਆਂ ਵਿਚ ਜ਼ਰੂਰ ਫੈਲੇਗੀ! ਇਹ ਗੱਲ ਬਾਕੀ ਦੇ ਅਧਿਆਇ ਵਿਚ ਪੂਰੀ ਤਰ੍ਹਾਂ ਸਮਝਾਈ ਜਾਵੇਗੀ।
3. (ੳ) ਤੀਵੀਂ ਕੌਣ ਸੀ? (ਅ) ਇਹ ਤੀਵੀਂ ਹਨੇਰੇ ਵਿਚ ਕਿਉਂ ਲੇਟੀ ਹੋਈ ਸੀ?
3 ਭਾਵੇਂ ਕਿ ਯਹੋਵਾਹ ਭਵਿੱਖ ਬਾਰੇ ਦੱਸ ਰਿਹਾ ਸੀ, ਉਸ ਨੇ ਤੀਵੀਂ ਨੂੰ ਦੱਸਿਆ ਕਿ ਉਸ ਦਾ ਚਾਨਣ “ਆ ਗਿਆ ਹੈ।” ਇਸ ਗੱਲ ਨੇ ਜ਼ੋਰ ਦਿੱਤਾ ਕਿ ਭਵਿੱਖਬਾਣੀ ਪੂਰੀ ਹੋ ਕੇ ਰਹਿਣੀ ਸੀ। ਇਹ ਤੀਵੀਂ ਸੀਯੋਨ ਸੀ, ਯਾਨੀ ਯਹੂਦਾਹ ਦੀ ਰਾਜਧਾਨੀ ਯਰੂਸ਼ਲਮ। ਇਹ ਸ਼ਹਿਰ ਸਾਰੀ ਕੌਮ ਨੂੰ ਦਰਸਾਉਂਦਾ ਸੀ। (ਯਸਾਯਾਹ 52:1, 2; 60:14) ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ ਵਿਚ ਇਹ ਤੀਵੀਂ 607 ਸਾ.ਯੁ.ਪੂ. ਤੋਂ ਲੈ ਕੇ ਹਨੇਰੇ ਵਿਚ ਲੇਟੀ ਹੋਈ ਸੀ ਜਿਸ ਸਮੇਂ ਯਰੂਸ਼ਲਮ ਦਾ ਨਾਸ਼ ਕੀਤਾ ਗਿਆ ਸੀ। ਪਰ 537 ਸਾ.ਯੁ.ਪੂ. ਵਿਚ ਯਹੂਦੀ ਗ਼ੁਲਾਮਾਂ ਦਾ ਇਕ ਵਫ਼ਾਦਾਰ ਬਕੀਆ ਯਰੂਸ਼ਲਮ ਨੂੰ ਵਾਪਸ ਮੁੜਿਆ ਅਤੇ ਸ਼ੁੱਧ ਭਗਤੀ ਦੁਬਾਰਾ ਕਰਨ ਲੱਗ ਪਿਆ ਸੀ। ਇਸ ਸਮੇਂ ਯਹੋਵਾਹ ਨੇ ਆਪਣਾ ਚਾਨਣ ਆਪਣੀ ਤੀਵੀਂ ਉੱਤੇ ਚਮਕਾਇਆ ਅਤੇ ਉਸ ਦੇ ਵਾਪਸ ਆਏ ਲੋਕ ਰੂਹਾਨੀ ਤੌਰ ਤੇ ਹਨੇਰੀਆਂ ਕੌਮਾਂ ਦੇ ਵਿਚਕਾਰ ਚਾਨਣ ਚਮਕਾਉਣ ਲੱਗ ਪਏ ਸਨ। ਇੰਨੇ ਸਾਲਾਂ ਬਾਅਦ ਇਹ ਕਿੰਨੀ ਖ਼ੁਸ਼ੀ ਦੀ ਗੱਲ ਸੀ!
ਇਸ ਦੀ ਵੱਡੀ ਪੂਰਤੀ
4. ਅੱਜ ਧਰਤੀ ਉੱਤੇ ਤੀਵੀਂ ਦਾ ਪ੍ਰਤਿਨਿਧ ਕੌਣ ਹੈ, ਅਤੇ ਇਹ ਭਵਿੱਖਬਾਣੀ ਹੋਰ ਕਿਨ੍ਹਾਂ ਨਾਲ ਸੰਬੰਧ ਰੱਖਦੀ ਹੈ?
4 ਇਸ ਭਵਿੱਖਬਾਣੀ ਦੀ ਪੂਰਤੀ ਸਿਰਫ਼ ਪ੍ਰਾਚੀਨ ਯਰੂਸ਼ਲਮ ਉੱਤੇ ਹੀ ਨਹੀਂ ਹੋਈ ਸੀ। ਅੱਜ ਧਰਤੀ ਉੱਤੇ ‘ਪਰਮੇਸ਼ੁਰ ਦਾ ਇਸਰਾਏਲ’ ਯਹੋਵਾਹ ਦੀ ਸਵਰਗੀ ਤੀਵੀਂ ਦਾ ਪ੍ਰਤਿਨਿਧ ਹੈ। (ਗਲਾਤੀਆਂ 6:16) ਪੰਤੇਕੁਸਤ 33 ਸਾ.ਯੁ. ਵਿਚ ਇਸ ਰੂਹਾਨੀ ਕੌਮ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਇਸ ਦੇ ਮਸਹ ਕੀਤੇ ਹੋਏ 1,44,000 ਮੈਂਬਰ ਇਕੱਠੇ ਕੀਤੇ ਗਏ ਹਨ। ਇਹ “ਧਰਤੀਓਂ ਮੁੱਲ ਲਏ ਹੋਏ” ਮਸੀਹੀ ਸਵਰਗ ਵਿਚ ਮਸੀਹ ਨਾਲ ਰਾਜ ਕਰਨ ਦੀ ਆਸ ਰੱਖਦੇ ਹਨ। (ਪਰਕਾਸ਼ ਦੀ ਪੋਥੀ 14:1, 3) ਸਾਡੇ ਜ਼ਮਾਨੇ ਵਿਚ ਯਸਾਯਾਹ ਦੇ 60ਵੇਂ ਅਧਿਆਇ ਦੀ ਪੂਰਤੀ ਇਸ ਰੂਹਾਨੀ ਕੌਮ ਦੇ ਬਕੀਏ ਨਾਲ ਸੰਬੰਧ ਰੱਖਦੀ ਹੈ, ਜੋ “ਅੰਤ ਦਿਆਂ ਦਿਨਾਂ” ਦੌਰਾਨ ਜੀਉਂਦਾ ਹੈ। (2 ਤਿਮੋਥਿਉਸ 3:1) ਇਹ ਭਵਿੱਖਬਾਣੀ ਮਸਹ ਕੀਤੇ ਹੋਏ ਮਸੀਹੀਆਂ ਦਾ ਸਾਥ ਦੇਣ ਵਾਲੀ ‘ਹੋਰ ਭੇਡਾਂ’ ਦੀ “ਵੱਡੀ ਭੀੜ” ਨਾਲ ਵੀ ਸੰਬੰਧ ਰੱਖਦੀ ਹੈ।—ਪਰਕਾਸ਼ ਦੀ ਪੋਥੀ 7:9; ਯੂਹੰਨਾ 10:11, 16.
5. ਪਰਮੇਸ਼ੁਰ ਦੇ ਇਸਰਾਏਲ ਦਾ ਬਕੀਆ ਹਨੇਰੇ ਵਿਚ ਕਦੋਂ ਲੇਟਿਆ ਹੋਇਆ ਸੀ, ਅਤੇ ਯਹੋਵਾਹ ਨੇ ਉਨ੍ਹਾਂ ਉੱਤੇ ਆਪਣਾ ਚਾਨਣ ਕਦੋਂ ਪਾਇਆ ਸੀ?
5 ਕਿਹਾ ਜਾ ਸਕਦਾ ਹੈ ਕਿ 20ਵੀਂ ਸਦੀ ਦੇ ਸ਼ੁਰੂ ਵਿਚ ਥੋੜ੍ਹੇ ਜਿਹੇ ਸਮੇਂ ਲਈ ਧਰਤੀ ਉੱਤੇ ਪਰਮੇਸ਼ੁਰ ਦਾ ਇਸਰਾਏਲ ਹਨੇਰੇ ਵਿਚ ਲੇਟਿਆ ਹੋਇਆ ਸੀ। ਪਰਕਾਸ਼ ਦੀ ਪੋਥੀ ਦੇ ਮੁਤਾਬਕ ਜਦੋਂ ਪਹਿਲਾ ਵਿਸ਼ਵ ਯੁੱਧ ਖ਼ਤਮ ਹੋ ਰਿਹਾ ਸੀ ਉਸ ਸਮੇਂ ਮਸਹ ਕੀਤੇ ਹੋਏ ਮਸੀਹੀਆਂ ਦੀਆਂ ਲਾਸ਼ਾਂ ‘ਓਸ ਵੱਡੀ ਨਗਰੀ ਦੇ ਚੌਂਕ ਵਿੱਚ ਪਈਆਂ ਸਨ ਜਿਹੜੀ ਆਤਮਕ ਬਿਧ ਨਾਲ ਸਦੂਮ ਅਤੇ ਮਿਸਰ ਕਰਕੇ ਸਦਾਉਂਦੀ ਹੈ।’ (ਪਰਕਾਸ਼ ਦੀ ਪੋਥੀ 11:8) ਪਰ 1919 ਵਿਚ ਯਹੋਵਾਹ ਨੇ ਉਨ੍ਹਾਂ ਉੱਤੇ ਆਪਣਾ ਚਾਨਣ ਪਾਇਆ। ਨਤੀਜੇ ਵਜੋਂ ਉਹ ਉੱਠ ਗਏ ਅਤੇ ਉਨ੍ਹਾਂ ਨੇ ਦਲੇਰੀ ਨਾਲ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰ ਕੇ ਪਰਮੇਸ਼ੁਰ ਦਾ ਚਾਨਣ ਚਮਕਾਇਆ।—ਮੱਤੀ 5:14-16; 24:14.
6. ਆਮ ਤੌਰ ਤੇ ਮਨੁੱਖਜਾਤੀ ਨੇ ਯਿਸੂ ਮਸੀਹ ਦੀ ਸ਼ਾਹੀ ਮੌਜੂਦਗੀ ਦੇ ਪ੍ਰਚਾਰ ਬਾਰੇ ਕੀ ਕੀਤਾ ਹੈ, ਪਰ ਯਹੋਵਾਹ ਦੇ ਚਾਨਣ ਵੱਲ ਕੌਣ ਖਿੱਚੇ ਗਏ ਹਨ?
6 ਮਨੁੱਖਜਾਤੀ ਸ਼ਤਾਨ ਅਥਵਾ ‘ਅੰਧਘੋਰ ਦੇ ਮਹਾਰਾਜਿਆਂ’ ਦੇ ਸਰਦਾਰ ਦੇ ਵੱਸ ਵਿਚ ਹੈ। ਇਸ ਲਈ ਲੋਕਾਂ ਨੇ ਆਮ ਤੌਰ ਤੇ ‘ਜਗਤ ਦੇ ਚਾਨਣ,’ ਯਿਸੂ ਮਸੀਹ ਦੀ ਸ਼ਾਹੀ ਮੌਜੂਦਗੀ ਦੇ ਪ੍ਰਚਾਰ ਨੂੰ ਰੱਦ ਕੀਤਾ ਹੈ। (ਅਫ਼ਸੀਆਂ 6:12; ਯੂਹੰਨਾ 8:12; 2 ਕੁਰਿੰਥੀਆਂ 4:3, 4) ਫਿਰ ਵੀ ਲੱਖਾਂ ਹੀ ਲੋਕ ਯਹੋਵਾਹ ਦੇ ਚਾਨਣ ਵੱਲ ਖਿੱਚੇ ਗਏ ਹਨ। ਇਨ੍ਹਾਂ ਵਿਚ “ਰਾਜੇ” (ਜੋ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਮਸੀਹ ਦੇ ਨਾਲ ਰਾਜ ਕਰਨਗੇ) ਅਤੇ “ਕੌਮਾਂ” (ਹੋਰ ਭੇਡਾਂ ਦੀ ਵੱਡੀ ਭੀੜ) ਸ਼ਾਮਲ ਹਨ।
ਵਾਧੇ ਕਾਰਨ ਵੱਡੀ ਖ਼ੁਸ਼ੀ
7. ਤੀਵੀਂ ਕਿਹੜਾ ਨਜ਼ਾਰਾ ਦੇਖ ਕੇ ਬਹੁਤ ਖ਼ੁਸ਼ ਹੋਈ ਸੀ?
7 ਯਸਾਯਾਹ 60:3 ਦੀ ਭਵਿੱਖਬਾਣੀ ਬਾਰੇ ਹੋਰ ਦੱਸਦੇ ਹੋਏ ਯਹੋਵਾਹ ਨੇ ਤੀਵੀਂ ਨੂੰ ਇਕ ਹੋਰ ਹੁਕਮ ਦਿੱਤਾ: “ਆਪਣੀਆਂ ਅੱਖਾਂ ਚੁੱਕ ਕੇ ਆਲੇ ਦੁਆਲੇ ਵੇਖ!” ਤੀਵੀਂ ਨੇ ਇਹ ਹੁਕਮ ਮੰਨਿਆ ਅਤੇ ਨਜ਼ਾਰਾ ਦੇਖ ਕੇ ਉਹ ਬਹੁਤ ਖ਼ੁਸ਼ ਹੋਈ। ਉਸ ਦੇ ਬੱਚੇ ਘਰ ਆ ਰਹੇ ਸਨ। “ਓਹ ਸਭ ਦੇ ਸਭ ਇਕੱਠੇ ਹੁੰਦੇ, ਓਹ ਤੇਰੇ ਕੋਲ ਆਉਂਦੇ, ਤੇਰੇ ਪੁੱਤ੍ਰ ਦੂਰੋਂ ਆਉਣਗੇ, ਅਤੇ ਤੇਰੀਆਂ ਧੀਆਂ ਕੁੱਛੜ ਚੁੱਕੀਆਂ ਜਾਣਗੀਆਂ।” (ਯਸਾਯਾਹ 60:4) ਦੁਨੀਆਂ ਭਰ ਵਿਚ ਰਾਜ ਦਾ ਪ੍ਰਚਾਰ 1919 ਵਿਚ ਦੁਬਾਰਾ ਸ਼ੁਰੂ ਹੋਇਆ ਸੀ। ਨਤੀਜੇ ਵਜੋਂ ਹਜ਼ਾਰਾਂ ਹੀ ਮਸਹ ਕੀਤੇ ਹੋਏ “ਪੁੱਤ੍ਰ” ਅਤੇ “ਧੀਆਂ” ਪਰਮੇਸ਼ੁਰ ਦੇ ਇਸਰਾਏਲ ਨਾਲ ਇਕੱਠੇ ਕੀਤੇ ਗਏ ਹਨ। ਇਸ ਤਰ੍ਹਾਂ ਯਹੋਵਾਹ ਭਵਿੱਖਬਾਣੀ ਅਨੁਸਾਰ ਉਨ੍ਹਾਂ 1,44,000 ਮਸੀਹੀਆਂ ਦੀ ਗਿਣਤੀ ਪੂਰੀ ਕਰਨ ਲੱਗਾ ਜੋ ਮਸੀਹ ਨਾਲ ਰਾਜ ਕਰਨਗੇ।—ਪਰਕਾਸ਼ ਦੀ ਪੋਥੀ 5:9, 10.
8. ਸੰਨ 1919 ਤੋਂ ਲੈ ਕੇ ਪਰਮੇਸ਼ੁਰ ਦੇ ਇਸਰਾਏਲ ਦੀ ਖ਼ੁਸ਼ੀ ਦੇ ਕਿਹੜੇ ਕਾਰਨ ਸਨ?
8 ਇਸ ਵਾਧੇ ਤੋਂ ਬਹੁਤ ਖ਼ੁਸ਼ੀ ਹੋਈ। “ਤੂੰ ਵੇਖੇਂਗੀ ਅਤੇ ਚਮਕੇਂਗੀ, ਅਤੇ ਤੇਰਾ ਦਿਲ ਥਰ ਥਰ ਕੰਬੇਗਾ ਤੇ ਫੁੱਲ ਜਾਵੇਗਾ ਕਿਉਂ ਜੋ ਸਮੁੰਦਰ ਦੀ ਵਾਫਰੀ ਤੇਰੀ ਵੱਲ ਫਿਰੇਗੀ, ਅਤੇ ਕੌਮਾਂ ਦਾ ਧਨ ਤੇਰੀ ਵੱਲ ਆਵੇਗਾ।” (ਯਸਾਯਾਹ 60:5) ਉੱਨੀ ਸੌ ਵੀਹ ਅਤੇ ਤੀਹ ਦੇ ਦਹਾਕਿਆਂ ਦੌਰਾਨ ਮਸਹ ਕੀਤੇ ਹੋਇਆਂ ਦੇ ਇਕੱਠੇ ਕੀਤੇ ਜਾਣ ਤੋਂ ਪਰਮੇਸ਼ੁਰ ਦੇ ਇਸਰਾਏਲ ਨੂੰ ਵੱਡੀ ਖ਼ੁਸ਼ੀ ਹੋਈ ਸੀ। ਪਰ ਉਨ੍ਹਾਂ ਦੀ ਖ਼ੁਸ਼ੀ ਦਾ ਇਕ ਹੋਰ ਵੀ ਕਾਰਨ ਸੀ। ਖ਼ਾਸ ਕਰਕੇ 1930 ਦੇ ਦਹਾਕੇ ਤੋਂ ਲੈ ਕੇ ਪਰਮੇਸ਼ੁਰ ਤੋਂ ਅੱਡ ਹੋਈ ਮਨੁੱਖਜਾਤੀ ਦੇ “ਸਮੁੰਦਰ” ਵਿੱਚੋਂ ਲੋਕ ਸਾਰੀਆਂ ਕੌਮਾਂ ਤੋਂ ਪਰਮੇਸ਼ੁਰ ਦੇ ਇਸਰਾਏਲ ਨਾਲ ਭਗਤੀ ਕਰਨ ਆਉਣ ਲੱਗ ਪਏ ਹਨ। (ਯਸਾਯਾਹ 57:20; ਹੱਜਈ 2:7) ਇਹ ਲੋਕ ਯਹੋਵਾਹ ਦੀ ਸੇਵਾ ਆਪੋ-ਆਪਣੇ ਤਰੀਕੇ ਵਿਚ ਨਹੀਂ ਕਰਦੇ। ਸਗੋਂ ਉਹ ਪਰਮੇਸ਼ੁਰ ਦੀ ਤੀਵੀਂ ਕੋਲ ਆ ਕੇ ਪਰਮੇਸ਼ੁਰ ਦੇ ਇੱਜੜ ਦਾ ਹਿੱਸਾ ਬਣਦੇ ਹਨ। ਨਤੀਜੇ ਵਜੋਂ ਪਰਮੇਸ਼ੁਰ ਦੇ ਸਾਰੇ ਸੇਵਕ ਸੱਚੀ ਭਗਤੀ ਦੇ ਵਾਧੇ ਵਿਚ ਹਿੱਸਾ ਲੈਂਦੇ ਹਨ।
ਕੌਮਾਂ ਯਰੂਸ਼ਲਮ ਵਿਚ ਇਕੱਠੀਆਂ ਹੋਈਆਂ
9, 10. ਯਰੂਸ਼ਲਮ ਵਿਚ ਕੌਣ ਇਕੱਠੇ ਹੋ ਰਹੇ ਸਨ ਅਤੇ ਯਹੋਵਾਹ ਨੇ ਉਨ੍ਹਾਂ ਨੂੰ ਕਿਵੇਂ ਸਵੀਕਾਰ ਕੀਤਾ ਸੀ?
9 ਯਹੋਵਾਹ ਨੇ ਜਾਣੇ-ਪਛਾਣੇ ਉਦਾਹਰਣ ਵਰਤ ਕੇ ਯਹੂਦੀਆਂ ਨੂੰ ਇਸ ਵਾਧੇ ਬਾਰੇ ਦੱਸਿਆ। ਸੀਯੋਨ ਪਰਬਤ ਉੱਤੋਂ ਤੀਵੀਂ ਨੇ ਪਹਿਲਾਂ ਪੂਰਬ ਵੱਲ ਦੇਖਿਆ। ਉਸ ਨੇ ਕੀ ਦੇਖਿਆ? “ਬਹੁਤ ਸਾਰੇ ਊਠ ਤੈਨੂੰ ਢਕ ਲੈਣਗੇ, ਮਿਦਯਾਨ ਅਤੇ ਏਫਾਹ ਦੇ ਜੁਆਨ ਊਠ, ਸਾਰੇ ਸ਼ਬਾ ਤੋਂ ਆਉਣਗੇ, ਓਹ ਸੋਨਾ ਅਤੇ ਲੁਬਾਨ ਚੁੱਕਣਗੇ, ਅਤੇ ਯਹੋਵਾਹ ਦੀ ਉਸਤਤ ਦਾ ਪਰਚਾਰ ਕਰਨਗੇ।” (ਯਸਾਯਾਹ 60:6) ਵਪਾਰੀ ਆਪਣਿਆਂ ਊਠਾਂ ਨਾਲ ਯਰੂਸ਼ਲਮ ਨੂੰ ਜਾ ਰਹੀਆਂ ਸੜਕਾਂ ਉੱਤੇ ਸਫ਼ਰ ਕਰ ਰਹੇ ਸਨ। (ਉਤਪਤ 37:25, 28; ਨਿਆਈਆਂ 6:1, 5; 1 ਰਾਜਿਆਂ 10:1, 2) ਇਹ ਊਠ ਇਕ ਹੜ੍ਹ ਦੀ ਤਰ੍ਹਾਂ ਸਾਰੇ ਦੇਸ਼ ਨੂੰ ਢੱਕ ਰਹੇ ਸਨ! ਇਨ੍ਹਾਂ ਵਪਾਰੀਆਂ ਕੋਲ ਕੀਮਤੀ ਤੋਹਫ਼ੇ ਸਨ ਜਿਨ੍ਹਾਂ ਨੇ ਦਿਖਾਇਆ ਕਿ ਉਹ ਸ਼ਾਂਤੀ ਨਾਲ ਆ ਰਹੇ ਸਨ। ਉਹ ਯਹੋਵਾਹ ਦੀ ਭਗਤੀ ਕਰਨੀ ਅਤੇ ਉਸ ਨੂੰ ਆਪਣੀਆਂ ਸਭ ਤੋਂ ਕੀਮਤੀ ਚੀਜ਼ਾਂ ਦੇਣੀਆਂ ਚਾਹੁੰਦੇ ਸਨ।
10 ਵਪਾਰੀਆਂ ਤੋਂ ਇਲਾਵਾ ਦੂਜੇ ਲੋਕ ਵੀ ਆ ਰਹੇ ਸਨ। “ਕੇਦਾਰ ਦੇ ਸਾਰੇ ਇੱਜੜ ਤੇਰੇ ਕੋਲ ਇਕੱਠੇ ਕੀਤੇ ਜਾਣਗੇ, ਨਬਾਯੋਥ ਦੇ ਛਤ੍ਰੇ ਤੇਰੀ ਸੇਵਾ ਕਰਨਗੇ।” ਜੀ ਹਾਂ, ਭੇਡਾਂ ਚਾਰਨ ਵਾਲੇ ਕਬੀਲੇ ਵੀ ਸੀਯੋਨ ਨੂੰ ਆ ਰਹੇ ਸਨ। ਉਨ੍ਹਾਂ ਨੇ ਆਪਣੇ ਇੱਜੜਾਂ ਵਿੱਚੋਂ ਸਭ ਤੋਂ ਵਧੀਆ ਭੇਡਾਂ ਲਿਆਂਦੀਆਂ ਅਤੇ ਉਨ੍ਹਾਂ ਨੇ ਆਪਣੇ ਆਪ ਨੂੰ ਸੇਵਕਾਂ ਵਜੋਂ ਪੇਸ਼ ਕੀਤਾ। ਕੀ ਯਹੋਵਾਹ ਨੇ ਇਨ੍ਹਾਂ ਨੂੰ ਸਵੀਕਾਰ ਕੀਤਾ ਸੀ? ਉਸ ਨੇ ਕਿਹਾ: “ਓਹ ਕਬੂਲ ਹੋ ਕੇ ਮੇਰੀ ਜਗਵੇਦੀ ਉੱਤੇ ਚੜ੍ਹਾਏ ਜਾਣਗੇ, ਅਤੇ ਮੈਂ ਆਪਣੇ ਸੋਹਣੇ ਭਵਨ ਨੂੰ ਸਜਾਵਾਂਗਾ।” (ਯਸਾਯਾਹ 60:7) ਯਹੋਵਾਹ ਨੇ ਸ਼ੁੱਧ ਭਗਤੀ ਵਿਚ ਵਰਤਣ ਲਈ ਉਨ੍ਹਾਂ ਦੇ ਤੋਹਫ਼ੇ ਕਬੂਲ ਕੀਤੇ ਸਨ।—ਯਸਾਯਾਹ 56:7; ਯਿਰਮਿਯਾਹ 49:28, 29.
11, 12. (ੳ) ਤੀਵੀਂ ਨੇ ਪੱਛਮ ਵੱਲ ਕੀ ਦੇਖਿਆ ਸੀ? (ਅ) ਬਹੁਤ ਸਾਰੇ ਲੋਕ ਯਰੂਸ਼ਲਮ ਨੂੰ ਜਲਦੀ ਕਿਉਂ ਆ ਰਹੇ ਸਨ?
11 ਯਹੋਵਾਹ ਨੇ ਅੱਗੇ ਤੀਵੀਂ ਨੂੰ ਪੱਛਮ ਵੱਲ ਦੇਖਣ ਲਈ ਕਿਹਾ ਅਤੇ ਪੁੱਛਿਆ: “ਏਹ ਕੌਣ ਹਨ ਜਿਹੜੇ ਬੱਦਲ ਵਾਂਙੁ ਉੱਡੇ ਆਉਂਦੇ ਹਨ, ਜਿਵੇਂ ਘੁੱਗੀਆਂ ਆਪਣੇ ਕਾਬੁਕਾਂ ਨੂੰ?” ਫਿਰ ਉਸ ਨੇ ਖ਼ੁਦ ਇਸ ਦਾ ਜਵਾਬ ਦਿੱਤਾ: “ਸੱਚ ਮੁੱਚ ਟਾਪੂ ਮੇਰੀ ਉਡੀਕ ਕਰਨਗੇ, ਨਾਲੇ ਪਹਿਲਾਂ ਤਰਸ਼ੀਸ਼ ਦੇ ਜਹਾਜ਼, ਭਈ ਓਹ ਤੇਰੇ ਪੁੱਤ੍ਰਾਂ ਨੂੰ ਓਹਨਾਂ ਦੀ ਚਾਂਦੀ ਤੇ ਸੋਨੇ ਸਣੇ ਦੂਰੋਂ ਲਿਆਉਣ, ਯਹੋਵਾਹ ਤੇਰੇ ਪਰਮੇਸ਼ੁਰ ਦੇ ਨਾਮ ਲਈ ਅਤੇ ਇਸਰਾਏਲ ਦੇ ਪਵਿੱਤਰ ਪੁਰਖ ਲਈ, ਕਿਉਂ ਜੋ ਓਸ ਤੈਨੂੰ ਸਜਾਇਆ ਹੈ।”—ਯਸਾਯਾਹ 60:8, 9.
12 ਕਲਪਨਾ ਕਰੋ ਕਿ ਤੁਸੀਂ ਸੀਯੋਨ ਪਰਬਤ ਉੱਤੇ ਉਸ ਤੀਵੀਂ ਦੇ ਨਾਲ ਖੜ੍ਹੇ ਹੋ ਅਤੇ ਪੱਛਮ ਵੱਲ ਵੱਡੇ ਸਾਗਰ ਨੂੰ ਦੇਖ ਰਹੇ ਹੋ। ਤੁਹਾਨੂੰ ਕੀ ਦਿੱਸਦਾ ਹੈ? ਬਹੁਤ ਦੂਰੋਂ ਸਮੁੰਦਰ ਦੇ ਉੱਤੇ ਚਿੱਟੇ-ਚਿੱਟੇ ਦਾਣੇ ਬੱਦਲਾਂ ਵਾਂਗ ਨਜ਼ਰ ਆਉਂਦੇ ਹਨ। ਇਹ ਦਾਣੇ ਘੁੱਗੀਆਂ ਵਰਗੇ ਲੱਗਦੇ ਹਨ, ਪਰ ਨੇੜੇ ਆਉਣ ਤੇ ਤੁਸੀਂ ਦੇਖ ਸਕਦੇ ਹੋ ਕਿ ਇਹ ਬਾਦਬਾਨੀ ਜਹਾਜ਼ ਹਨ। ਇਹ ਜਹਾਜ਼ ਬਹੁਤ “ਦੂਰੋਂ” ਆਏ ਹਨ।a (ਯਸਾਯਾਹ 49:12) ਸੀਯੋਨ ਵੱਲ ਜਲਦੀ ਆ ਰਿਹਾ ਸਮੁੰਦਰੀ ਜਹਾਜ਼ਾਂ ਦਾ ਬੇੜਾ ਇੰਨਾ ਵੱਡਾ ਹੈ ਕਿ ਇਹ ਕਾਬੁਕਾਂ ਨੂੰ ਆ ਰਹੀਆਂ ਘੁੱਗੀਆਂ ਵਾਂਗ ਲੱਗਦਾ ਸੀ। ਇਹ ਬੇੜਾ ਇੰਨੀ ਜਲਦੀ ਵਿਚ ਕਿਉਂ ਹੈ? ਇਹ ਦੂਰ ਦੀਆਂ ਬੰਦਰਗਾਹਾਂ ਤੋਂ ਯਹੋਵਾਹ ਦੇ ਸੇਵਕਾਂ ਨੂੰ ਲਿਆ ਰਿਹਾ ਹੈ। ਦਰਅਸਲ ਸਾਰੇ ਲੋਕ, ਕੀ ਇਸਰਾਏਲੀ ਕੀ ਓਪਰੇ, ਪੂਰਬ ਜਾਂ ਪੱਛਮ ਤੋਂ, ਦੂਰੋਂ ਜਾਂ ਨੇੜਿਓਂ, ਯਰੂਸ਼ਲਮ ਨੂੰ ਜਲਦੀ ਆ ਰਹੇ ਹਨ ਤਾਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਦੀ ਸੇਵਾ ਵਿਚ ਆਪਣੇ ਆਪ ਨੂੰ ਦੇ ਸਕਣ।—ਯਸਾਯਾਹ 55:5.
13. ਸਾਡੇ ਜ਼ਮਾਨੇ ਵਿਚ ‘ਧੀ ਪੁੱਤ੍ਰ’ ਕੌਣ ਹਨ, ਅਤੇ “ਕੌਮਾਂ ਦਾ ਧਨ” ਕੀ ਹੈ?
13 ਯਸਾਯਾਹ 60:4-9 ਸੰਸਾਰ ਭਰ ਵਿਚ ਹੋਏ ਉਸ ਵਾਧੇ ਬਾਰੇ ਕਿੰਨੀ ਚੰਗੀ ਤਰ੍ਹਾਂ ਦੱਸਦਾ ਹੈ ਜੋ ਉਸ ਸਮੇਂ ਤੋਂ ਸ਼ੁਰੂ ਹੋਇਆ ਜਦੋਂ ਯਹੋਵਾਹ ਦੀ ਤੀਵੀਂ ਇਸ ਸੰਸਾਰ ਦੇ ਹਨੇਰੇ ਵਿਚ ਆਪਣਾ ਚਾਨਣ ਚਮਕਾਉਣ ਲੱਗੀ! ਪਹਿਲਾਂ ਸਵਰਗੀ ਸੀਯੋਨ ਦੇ ‘ਧੀ ਪੁੱਤ੍ਰ’ ਆਏ ਜੋ ਮਸਹ ਕੀਤੇ ਹੋਏ ਮਸੀਹੀ ਬਣੇ। ਸੰਨ 1931 ਤੋਂ ਇਹ ਯਹੋਵਾਹ ਦੇ ਗਵਾਹਾਂ ਵਜੋਂ ਜਾਣੇ ਜਾਣ ਲੱਗ ਪਏ ਸਨ। ਫਿਰ “ਸਮੁੰਦਰ ਦੀ ਵਾਫਰੀ” ਅਤੇ “ਕੌਮਾਂ ਦਾ ਧਨ” ਯਾਨੀ ਹਲੀਮ ਲੋਕਾਂ ਦਾ ਬੱਦਲ ਜਲਦੀ ਹੀ ਮਸੀਹ ਦੇ ਭਰਾਵਾਂ ਨਾਲ ਇਕੱਠਾ ਹੋਇਆ।b ਅੱਜ ਯਹੋਵਾਹ ਦੇ ਇਹ ਸਾਰੇ ਸੇਵਕ ਦੁਨੀਆਂ ਦੇ ਚਾਰੇ ਕੋਣਿਆਂ ਤੋਂ ਅਤੇ ਹਰ ਪਿਛੋਕੜ ਤੋਂ ਹਨ। ਇਹ ਪਰਮੇਸ਼ੁਰ ਦੇ ਇਸਰਾਏਲ ਨਾਲ ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਦੀ ਉਸਤਤ ਕਰਦੇ ਹਨ ਅਤੇ ਉਸ ਦੇ ਮਹਾਨ ਨਾਂ ਦੀ ਵਡਿਆਈ ਕਰਦੇ ਹਨ।
14. ਇਸ ਦਾ ਮਤਲਬ ਕੀ ਹੈ ਕਿ ਲੋਕ ਪਰਮੇਸ਼ੁਰ ਦੀ “ਜਗਵੇਦੀ ਉੱਤੇ ਚੜ੍ਹਾਏ ਜਾਣਗੇ”?
14 ਪਰ ਇਸ ਦਾ ਕੀ ਮਤਲਬ ਹੈ ਕਿ ਕੌਮਾਂ ਤੋਂ ਆਏ ਲੋਕ ਪਰਮੇਸ਼ੁਰ ਦੀ “ਜਗਵੇਦੀ ਉੱਤੇ ਚੜ੍ਹਾਏ ਜਾਣਗੇ”? ਜਗਵੇਦੀ ਉੱਤੇ ਬਲੀਦਾਨ ਚੜ੍ਹਾਏ ਜਾਂਦੇ ਹਨ। ਪੌਲੁਸ ਰਸੂਲ ਨੇ ਬਲੀਦਾਨ ਬਾਰੇ ਗੱਲ ਕੀਤੀ ਸੀ ਜਦੋਂ ਉਸ ਨੇ ਲਿਖਿਆ ਕਿ “ਮੈਂ . . . ਤੁਹਾਡੇ ਅੱਗੇ ਬੇਨਤੀ ਕਰਦਾ ਹਾਂ ਭਈ ਤੁਸੀਂ ਆਪਣੀਆਂ ਦੇਹੀਆਂ ਨੂੰ ਜੀਉਂਦਾ ਅਤੇ ਪਵਿੱਤਰ ਅਤੇ ਪਰਮੇਸ਼ੁਰ ਨੂੰ ਭਾਉਂਦਾ ਬਲੀਦਾਨ ਕਰਕੇ ਚੜ੍ਹਾਵੋ, ਇਹ ਤੁਹਾਡੀ ਰੂਹਾਨੀ ਬੰਦਗੀ ਹੈ।” (ਰੋਮੀਆਂ 12:1) ਸੱਚੇ ਮਸੀਹੀ ਯਹੋਵਾਹ ਦੀ ਸੇਵਾ ਵਿਚ ਆਪਣੇ ਆਪ ਨੂੰ ਦੇਣ ਲਈ ਤਿਆਰ ਹਨ। (ਲੂਕਾ 9:23, 24) ਉਹ ਆਪਣਾ ਸਮਾਂ, ਬਲ, ਅਤੇ ਧਨ ਸ਼ੁੱਧ ਭਗਤੀ ਨੂੰ ਅੱਗੇ ਵਧਾਉਣ ਲਈ ਵਰਤਦੇ ਹਨ। (ਰੋਮੀਆਂ 6:13) ਇਸ ਤਰ੍ਹਾਂ ਕਰਨ ਨਾਲ ਉਹ ਪਰਮੇਸ਼ੁਰ ਦੇ ਅੱਗੇ ਉਸਤਤ ਦੇ ਬਲੀਦਾਨ ਚੜ੍ਹਾਉਂਦੇ ਹਨ ਅਤੇ ਪਰਮੇਸ਼ੁਰ ਇਨ੍ਹਾਂ ਨਾਲ ਖ਼ੁਸ਼ ਹੈ। (ਇਬਰਾਨੀਆਂ 13:15) ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਅੱਜ ਯਹੋਵਾਹ ਦੇ ਲੱਖਾਂ ਹੀ ਸੇਵਕਾਂ ਨੇ, ਕੀ ਜਵਾਨ ਕੀ ਬੁੱਢੇ, ਪਰਮੇਸ਼ੁਰ ਦੇ ਰਾਜ ਦਿਆਂ ਕੰਮਾਂ-ਕਾਰਾਂ ਨੂੰ ਪਹਿਲਾਂ ਅਤੇ ਆਪਣੀਆਂ ਇੱਛਾਵਾਂ ਨੂੰ ਦੂਜੀ ਥਾਂ ਤੇ ਰੱਖਿਆ ਹੈ! ਉਹ ਸੱਚ-ਮੁੱਚ ਆਪਣੇ ਆਪ ਲਈ ਨਹੀਂ ਪਰ ਪਰਮੇਸ਼ੁਰ ਦੀ ਸੇਵਾ ਕਰਨ ਲਈ ਜੀਉਂਦੇ ਹਨ।—ਮੱਤੀ 6:33; 2 ਕੁਰਿੰਥੀਆਂ 5:15.
ਨਵੇਂ ਆਏ ਲੋਕ ਵਾਧੇ ਵਿਚ ਹਿੱਸਾ ਲੈਂਦੇ ਹਨ
15. (ੳ) ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਓਪਰਿਆਂ ਦੇ ਸੰਬੰਧ ਵਿਚ ਯਰੂਸ਼ਲਮ ਉੱਤੇ ਰਹਿਮ ਕਿਵੇਂ ਕੀਤਾ ਸੀ? (ਅ) ਸਾਡੇ ਜ਼ਮਾਨੇ ਵਿਚ ‘ਓਪਰਿਆਂ’ ਨੇ ਸੱਚੀ ਭਗਤੀ ਨੂੰ ਅੱਗੇ ਕਿਵੇਂ ਵਧਾਇਆ ਅਤੇ ਮਜ਼ਬੂਤ ਕੀਤਾ ਹੈ?
15 ਇਨ੍ਹਾਂ ਨਵੇਂ ਆਏ ਲੋਕਾਂ ਨੇ ਆਪਣੇ ਆਪ ਨੂੰ ਅਤੇ ਆਪਣੀਆਂ ਚੀਜ਼ਾਂ ਨੂੰ ਪਰਮੇਸ਼ੁਰ ਦੀ ਤੀਵੀਂ ਦੀ ਸੇਵਾ ਵਿਚ ਦਿੱਤਾ ਹੈ। “ਓਪਰੇ ਤੇਰੀਆਂ ਕੰਧਾਂ ਨੂੰ ਉਸਾਰਨਗੇ, ਅਤੇ ਓਹਨਾਂ ਦੇ ਰਾਜੇ ਤੇਰੀ ਸੇਵਾ ਕਰਨਗੇ, ਭਾਵੇਂ ਮੈਂ ਤੈਨੂੰ ਆਪਣੇ ਕੋਪ ਵਿੱਚ ਮਾਰਿਆ, ਪਰ ਮੈਂ ਆਪਣੀ ਭਾਉਣੀ ਵਿੱਚ ਤੇਰੇ ਉੱਤੇ ਰਹਮ ਕਰਾਂਗਾ।” (ਯਸਾਯਾਹ 60:10) ਯਹੋਵਾਹ ਨੇ ਛੇਵੀਂ ਸਦੀ ਸਾ.ਯੁ.ਪੂ. ਵਿਚ ਯਰੂਸ਼ਲਮ ਉੱਤੇ ਉਦੋਂ ਰਹਿਮ ਕੀਤਾ ਸੀ ਜਦੋਂ ਉਸ ਨੇ ਓਪਰਿਆਂ ਨੂੰ ਉਸ ਦੀ ਉਸਾਰੀ ਦੇ ਕੰਮ ਵਿਚ ਹਿੱਸਾ ਲੈਣ ਦਿੱਤਾ। (ਅਜ਼ਰਾ 3:7; ਨਹਮਯਾਹ 3:26) ਅੱਜ ਇਸ ਦੀ ਵੱਡੀ ਪੂਰਤੀ ਵਿਚ “ਓਪਰੇ” ਯਾਨੀ ਵੱਡੀ ਭੀੜ ਦੇ ਮਸੀਹੀ ਸੱਚੀ ਭਗਤੀ ਨੂੰ ਅੱਗੇ ਵਧਾਉਣ ਵਿਚ ਮਸਹ ਕੀਤੇ ਹੋਏ ਬਕੀਏ ਨੂੰ ਸਹਾਇਤਾ ਦਿੰਦੇ ਹਨ। ਉਹ ਲੋਕਾਂ ਨਾਲ ਬਾਈਬਲ ਦੀ ਸਟੱਡੀ ਕਰਦੇ ਹੋਏ ਉਨ੍ਹਾਂ ਨੂੰ ਮਸੀਹੀ ਗੁਣ ਪੈਦਾ ਕਰਨ ਵਿਚ ਮਦਦ ਦਿੰਦੇ ਹਨ। ਇਸ ਤਰ੍ਹਾਂ ਉਹ ਮਸੀਹੀ ਕਲੀਸਿਯਾਵਾਂ ਨੂੰ ਮਜ਼ਬੂਤ ਕਰ ਕੇ ਯਹੋਵਾਹ ਦੇ ਸੰਗਠਨ ਦੀਆਂ “ਕੰਧਾਂ” ਉਸਾਰਦੇ ਹਨ। (1 ਕੁਰਿੰਥੀਆਂ 3:10-15) ਇਸ ਤੋਂ ਇਲਾਵਾ ਉਹ ਮਿਹਨਤ ਕਰ ਕੇ ਕਿੰਗਡਮ ਹਾਲਾਂ, ਅਸੈਂਬਲੀ ਹਾਲਾਂ, ਅਤੇ ਬੈਥਲ ਲਈ ਇਮਾਰਤਾਂ ਵੀ ਬਣਾਉਂਦੇ ਹਨ। ਇਨ੍ਹਾਂ ਸਾਰਿਆਂ ਤਰੀਕਿਆਂ ਵਿਚ ਉਹ ਆਪਣੇ ਮਸਹ ਕੀਤੇ ਹੋਏ ਭਰਾਵਾਂ ਨੂੰ ਯਹੋਵਾਹ ਦੇ ਵੱਧ ਰਹੇ ਸੰਗਠਨ ਦੀ ਦੇਖ-ਭਾਲ ਕਰਨ ਵਿਚ ਸਹਾਰਾ ਦਿੰਦੇ ਹਨ।—ਯਸਾਯਾਹ 61:5.
16, 17. (ੳ) ਪਰਮੇਸ਼ੁਰ ਦੇ ਸੰਗਠਨ ਦੇ “ਫਾਟਕ” ਖੁੱਲ੍ਹੇ ਕਿਵੇਂ ਰੱਖੇ ਗਏ ਹਨ? (ਅ) ਰਾਜਿਆਂ ਨੇ ਸੀਯੋਨ ਦੀ ਸੇਵਾ ਕਿਵੇਂ ਕੀਤੀ ਹੈ? (ੲ) ਉਨ੍ਹਾਂ ਲੋਕਾਂ ਨਾਲ ਕੀ ਹੋਵੇਗਾ ਜੋ ਉਨ੍ਹਾਂ ‘ਫਾਟਕਾਂ’ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ ਜੋ ਯਹੋਵਾਹ ਖੁੱਲ੍ਹੇ ਰੱਖਣੇ ਚਾਹੁੰਦਾ ਹੈ?
16 ਇਸ ਰੂਹਾਨੀ ਉਸਾਰੀ ਦੇ ਕੰਮ ਦੇ ਨਤੀਜੇ ਵਜੋਂ ਹਰ ਸਾਲ ਹਜ਼ਾਰਾਂ ਹੀ ਨਵੇਂ “ਓਪਰੇ” ਯਹੋਵਾਹ ਦੇ ਸੰਗਠਨ ਵਿਚ ਆਉਂਦੇ ਹਨ ਅਤੇ ਹੋਰਨਾਂ ਲਈ ਵੀ ਅਜੇ ਰਾਹ ਖੁੱਲ੍ਹਾ ਹੈ। ਯਹੋਵਾਹ ਨੇ ਕਿਹਾ: “ਤੇਰੇ ਫਾਟਕ ਸਦਾ ਖੁਲ੍ਹੇ ਰਹਿਣਗੇ, ਓਹ ਦਿਨ ਰਾਤ ਬੰਦ ਨਾ ਹੋਣਗੇ, ਭਈ ਓਹ ਤੇਰੇ ਕੋਲ ਕੌਮਾਂ ਦਾ ਧਨ, ਅਤੇ ਓਹਨਾਂ ਦੇ ਰਾਜੇ ਜਲੂਸ ਵਿੱਚ ਲੈ ਆਉਣ।” (ਯਸਾਯਾਹ 60:11) ਇਹ “ਰਾਜੇ” ਕੌਣ ਸਨ ਜਿਨ੍ਹਾਂ ਨੇ ਕੌਮਾਂ ਦਾ ਧਨ ਸੀਯੋਨ ਨੂੰ ਲਿਆਂਦਾ ਸੀ? ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਕੁਝ ਹਾਕਮਾਂ ਦੇ ਦਿਲਾਂ ਨੂੰ ਪ੍ਰੇਰਿਆ ਸੀ ਤਾਂਕਿ ਉਹ ਸੀਯੋਨ ਦੀ ‘ਸੇਵਾ ਕਰਨ।’ ਮਿਸਾਲ ਲਈ, ਖੋਰਸ ਨੇ ਯਹੂਦੀ ਲੋਕਾਂ ਨੂੰ ਯਰੂਸ਼ਲਮ ਨੂੰ ਜਾਣ ਦੀ ਇਜਾਜ਼ਤ ਦਿੱਤੀ ਸੀ ਤਾਂਕਿ ਉਹ ਯਹੋਵਾਹ ਦਾ ਭਵਨ ਦੁਬਾਰਾ ਬਣਾ ਸਕਣ। ਬਾਅਦ ਵਿਚ, ਅਰਤਹਸ਼ਸ਼ਤਾ ਨੇ ਸਾਮਾਨ ਦਾਨ ਕਰ ਕੇ ਨਹਮਯਾਹ ਨੂੰ ਯਰੂਸ਼ਲਮ ਦੀਆਂ ਕੰਧਾਂ ਬਣਾਉਣ ਲਈ ਭੇਜਿਆ ਸੀ। (ਅਜ਼ਰਾ 1:2, 3; ਨਹਮਯਾਹ 2:1-8) ਸੱਚ-ਮੁੱਚ “ਪਾਤਸ਼ਾਹ ਦਾ ਮਨ ਯਹੋਵਾਹ ਦੇ ਹੱਥ ਵਿੱਚ ਪਾਣੀ ਦੀਆਂ ਖਾਲਾਂ ਵਾਂਙੁ ਹੈ।” (ਕਹਾਉਤਾਂ 21:1) ਸਾਡਾ ਪਰਮੇਸ਼ੁਰ ਵੱਡੇ-ਵੱਡੇ ਰਾਜਿਆਂ ਨੂੰ ਆਪਣੀ ਇੱਛਾ ਦੇ ਅਨੁਸਾਰ ਚੱਲਣ ਲਈ ਪ੍ਰੇਰਿਤ ਕਰ ਸਕਦਾ ਹੈ।
17 ਸਾਡੇ ਜ਼ਮਾਨੇ ਵਿਚ ਕਈਆਂ ‘ਰਾਜਿਆਂ’ ਜਾਂ ਸਰਕਾਰਾਂ ਨੇ ਯਹੋਵਾਹ ਦੇ ਸੰਗਠਨ ਦੇ ‘ਫਾਟਕਾਂ’ ਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਦੂਸਰਿਆਂ ਨੇ ਆਪਣਾ ਅਧਿਕਾਰ ਚਲਾ ਕੇ ਉਨ੍ਹਾਂ ‘ਫਾਟਕਾਂ’ ਨੂੰ ਖੁੱਲ੍ਹੇ ਰੱਖਿਆ ਹੈ ਅਤੇ ਇਸ ਤਰ੍ਹਾਂ ਸੀਯੋਨ ਦੀ ਸੇਵਾ ਕੀਤੀ ਹੈ। (ਰੋਮੀਆਂ 13:4) ਸੰਨ 1919 ਵਿਚ ਸਰਕਾਰ ਨੇ ਭਰਾ ਜੋਸਫ਼ ਰਦਰਫ਼ਰਡ ਅਤੇ ਉਸ ਦੇ ਨਾਲ ਹੋਰ ਭਰਾਵਾਂ ਨੂੰ ਜੇਲ੍ਹ ਵਿੱਚੋਂ ਕੱਢਿਆ ਕਿਉਂਕਿ ਉਨ੍ਹਾਂ ਉੱਤੇ ਲਾਏ ਗਏ ਇਲਜ਼ਾਮ ਝੂਠੇ ਸਨ। (ਪਰਕਾਸ਼ ਦੀ ਪੋਥੀ 11:13) ਸ਼ਤਾਨ ਨੇ ਸਵਰਗ ਵਿੱਚੋਂ ਕੱਢੇ ਜਾਣ ਤੋਂ ਬਾਅਦ ਸਤਾਹਟ ਦਾ ਹੜ੍ਹ ਵਗਾਇਆ ਸੀ ਪਰ ਮਨੁੱਖੀ ਸਰਕਾਰਾਂ ਨੇ ਇਸ ਨੂੰ “ਪੀ ਲਿਆ।” (ਪਰਕਾਸ਼ ਦੀ ਪੋਥੀ 12:16) ਕੁਝ ਸਰਕਾਰਾਂ ਨੇ ਖ਼ਾਸ ਕਰਕੇ ਯਹੋਵਾਹ ਦੇ ਗਵਾਹਾਂ ਨੂੰ ਧਰਮ ਦੀ ਆਜ਼ਾਦੀ ਦਿੱਤੀ ਹੈ। ਇਸ ਤਰ੍ਹਾਂ ਦੀ ਸੇਵਾ ਨੇ ਬਹੁਤ ਸਾਰੇ ਹਲੀਮ ਲੋਕਾਂ ਲਈ ਯਹੋਵਾਹ ਦੇ ਸੰਗਠਨ ਨੂੰ ਜਾ ਰਹੇ ਖੁੱਲ੍ਹੇ ‘ਫਾਟਕਾਂ’ ਵਿਚ ਦੀ ਵੜਨਾ ਸੌਖਾ ਬਣਾਇਆ ਹੈ। ਉਨ੍ਹਾਂ ਵਿਰੋਧੀਆਂ ਬਾਰੇ ਕੀ ਜੋ ਇਨ੍ਹਾਂ ‘ਫਾਟਕਾਂ’ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦੇ ਹਨ? ਉਹ ਕਦੀ ਵੀ ਸਫ਼ਲ ਨਹੀਂ ਹੋਣਗੇ। ਯਹੋਵਾਹ ਨੇ ਉਨ੍ਹਾਂ ਬਾਰੇ ਕਿਹਾ: “ਜਿਹੜੀ ਕੌਮ ਅਤੇ ਜਿਹੜਾ ਰਾਜ ਤੇਰੀ ਸੇਵਾ ਨਾ ਕਰੇਗਾ, ਉਹ ਨਾਸ ਹੋ ਜਾਵੇਗਾ, ਹਾਂ, ਓਹ ਕੌਮਾਂ ਉੱਕਾ ਹੀ ਬਰਬਾਦ ਹੋ ਜਾਣਗੀਆਂ।” (ਯਸਾਯਾਹ 60:12) ਪਰਮੇਸ਼ੁਰ ਦੀ ਤੀਵੀਂ ਨਾਲ ਲੜਨ ਵਾਲੇ ਲੋਕ ਜਾਂ ਸੰਸਥਾਵਾਂ ਆਰਮਾਗੇਡਨ ਦੇ ਆ ਰਹੇ ਯੁੱਧ ਵਿਚ ਸਾਰੇ ਖ਼ਤਮ ਕੀਤੇ ਜਾਣਗੇ।—ਪਰਕਾਸ਼ ਦੀ ਪੋਥੀ 16:14, 16.
18. (ੳ) ਇਸ ਵਾਅਦੇ ਦਾ ਕੀ ਮਤਲਬ ਹੈ ਕਿ ਇਸਰਾਏਲ ਵਿਚ ਹਰੇ-ਭਰੇ ਦਰਖ਼ਤ ਉੱਗਣਗੇ? (ਅ) ਅੱਜ ਯਹੋਵਾਹ ਦੇ ‘ਪੈਰਾਂ ਦਾ ਅਸਥਾਨ’ ਕੀ ਹੈ?
18 ਇਸ ਸਜ਼ਾ ਬਾਰੇ ਚੇਤਾਵਨੀ ਦੇਣ ਤੋਂ ਬਾਅਦ ਭਵਿੱਖਬਾਣੀ ਨੇ ਫਿਰ ਤੋਂ ਸ਼ਾਨ ਅਤੇ ਖ਼ੁਸ਼ਹਾਲੀ ਦੇ ਵਾਅਦਿਆਂ ਬਾਰੇ ਗੱਲ ਕੀਤੀ। ਯਹੋਵਾਹ ਨੇ ਆਪਣੀ ਤੀਵੀਂ ਨੂੰ ਕਿਹਾ: “ਲਬਾਨੋਨ ਦੀ ਸ਼ਾਨ ਤੇਰੇ ਕੋਲ ਆਵੇਗੀ, ਸਰੂ, ਚੀਲ੍ਹ ਅਤੇ ਚਨਾਰ ਇਕੱਠੇ, ਭਈ ਓਹ ਮੇਰੇ ਪਵਿੱਤ੍ਰ ਅਸਥਾਨ ਨੂੰ ਸਜਾਉਣ, ਇਉਂ ਮੈਂ ਆਪਣੇ ਪੈਰਾਂ ਦੇ ਅਸਥਾਨ ਨੂੰ ਸ਼ਾਨਦਾਰ ਬਣਾਵਾਂਗਾ।” (ਯਸਾਯਾਹ 60:13) ਹਰੇ-ਭਰੇ ਦਰਖ਼ਤ ਸੁੰਦਰਤਾ ਅਤੇ ਫਲ ਦੇ ਨਿਸ਼ਾਨ ਹਨ। (ਯਸਾਯਾਹ 41:19; 55:13) ਇਸ ਆਇਤ ਵਿਚ “ਪਵਿੱਤ੍ਰ ਅਸਥਾਨ” ਅਤੇ ‘ਪੈਰਾਂ ਦਾ ਅਸਥਾਨ’ ਯਰੂਸ਼ਲਮ ਦੀ ਹੈਕਲ ਨੂੰ ਸੰਕੇਤ ਕਰਦੇ ਹਨ। (1 ਇਤਹਾਸ 28:2; ਜ਼ਬੂਰ 99:5) ਪਰ ਪੌਲੁਸ ਰਸੂਲ ਨੇ ਸਮਝਾਇਆ ਸੀ ਕਿ ਯਰੂਸ਼ਲਮ ਦੀ ਹੈਕਲ ਨੇ ਮਹਾਨ ਰੂਹਾਨੀ ਹੈਕਲ ਨੂੰ ਸੰਕੇਤ ਕੀਤਾ, ਯਾਨੀ ਮਸੀਹ ਦੇ ਬਲੀਦਾਨ ਰਾਹੀਂ ਯਹੋਵਾਹ ਦੀ ਭਗਤੀ ਕਰਨ ਦਾ ਪ੍ਰਬੰਧ। (ਇਬਰਾਨੀਆਂ 8:1-5; 9:2-10, 23) ਅੱਜ ਯਹੋਵਾਹ ਆਪਣੇ “ਪੈਰਾਂ ਦੇ ਅਸਥਾਨ” ਮਤਲਬ ਕਿ ਮਹਾਨ ਰੂਹਾਨੀ ਹੈਕਲ ਦੇ ਜ਼ਮੀਨੀ ਵਿਹੜਿਆਂ ਨੂੰ ਸ਼ਾਨਦਾਰ ਬਣਾਉਂਦਾ ਹੈ। ਇਹ ਵਿਹੜੇ ਇੰਨੇ ਸੁੰਦਰ ਹਨ ਕਿ ਸਾਰੀਆਂ ਕੌਮਾਂ ਵਿੱਚੋਂ ਲੋਕ ਉਨ੍ਹਾਂ ਵਿਚ ਭਗਤੀ ਕਰਨ ਲਈ ਆ ਰਹੇ ਹਨ।—ਯਸਾਯਾਹ 2:1-4; ਹੱਜਈ 2:7.
19. ਵਿਰੋਧੀ ਕਿਹੜੀ ਗੱਲ ਮੰਨਣ ਲਈ ਮਜਬੂਰ ਹੋਣਗੇ, ਅਤੇ ਇਹ ਬੜੀ ਹੱਦ ਕਦੋਂ ਹੋਵੇਗਾ?
19 ਅੱਗੇ ਯਹੋਵਾਹ ਨੇ ਫਿਰ ਤੋਂ ਆਪਣੇ ਵਿਰੋਧੀਆਂ ਵੱਲ ਧਿਆਨ ਦਿੱਤਾ। ਉਸ ਨੇ ਕਿਹਾ: “ਤੇਰੇ ਦੋਖੀਆਂ ਦੇ ਪੁੱਤ੍ਰ ਤੇਰੇ ਕੋਲ ਨਿਉਂਦੇ ਹੋਏ ਆਉਣਗੇ, ਤੈਨੂੰ ਸਾਰੇ ਤੁੱਛ ਜਾਣਨ ਵਾਲੇ ਤੇਰੇ ਪੈਰਾਂ ਉੱਤੇ ਮੱਥਾ ਟੇਕਣਗੇ, ਓਹ ਤੈਨੂੰ ਯਹੋਵਾਹ ਦਾ ਸ਼ਹਿਰ, ਇਸਰਾਏਲ ਦੇ ਪਵਿੱਤਰ ਪੁਰਖ ਦਾ ਸੀਯੋਨ ਆਖਣਗੇ।” (ਯਸਾਯਾਹ 60:14) ਜੀ ਹਾਂ, ਇਹ ਵਾਧਾ ਅਤੇ ਪਰਮੇਸ਼ੁਰ ਦੀ ਬਰਕਤ ਤੋਂ ਉਸ ਦੇ ਲੋਕਾਂ ਦਾ ਵਧੀਆ ਜੀਵਨ-ਢੰਗ ਦੇਖ ਕੇ ਕੁਝ ਵਿਰੋਧੀ ਮਜਬੂਰ ਹੋ ਕੇ ਤੀਵੀਂ ਨੂੰ ਮੱਥਾ ਟੇਕਣਗੇ। ਇਸ ਦਾ ਮਤਲਬ ਹੈ ਕਿ ਉਹ ਮਜਬੂਰ ਹੋ ਕੇ ਇਹ ਗੱਲ ਮੰਨਣਗੇ ਕਿ ਮਸਹ ਕੀਤਾ ਹੋਇਆ ਬਕੀਆ ਅਤੇ ਉਸ ਦੇ ਸਾਥੀ ਸੱਚ-ਮੁੱਚ ‘ਯਹੋਵਾਹ ਦੇ ਸ਼ਹਿਰ, ਇਸਰਾਏਲ ਦੇ ਪਵਿੱਤਰ ਪੁਰਖ ਦੇ ਸੀਯੋਨ,’ ਯਾਨੀ ਪਰਮੇਸ਼ੁਰ ਦੇ ਸਵਰਗੀ ਸੰਗਠਨ ਦੇ ਪ੍ਰਤਿਨਿਧ ਹਨ। ਉਹ ਬੜੀ ਹੱਦ ਇਹ ਗੱਲ ਆਰਮਾਗੇਡਨ ਦੇ ਵੇਲੇ ਮੰਨਣਗੇ।
ਕੌਮਾਂ ਦੇ ਸਾਧਨ ਵਰਤਣੇ
20. ਯਹੋਵਾਹ ਦੀ ਤੀਵੀਂ ਦੀ ਹਾਲਤ ਵਿਚ ਕਿਹੜੀ ਵੱਡੀ ਤਬਦੀਲੀ ਬਾਰੇ ਦੱਸਿਆ ਗਿਆ ਸੀ?
20 ਅੱਗੇ ਯਹੋਵਾਹ ਦੀ ਤੀਵੀਂ ਦੀ ਹਾਲਤ ਵਿਚ ਇਕ ਵੱਡੀ ਤਬਦੀਲੀ ਬਾਰੇ ਦੱਸਿਆ ਗਿਆ। ਯਹੋਵਾਹ ਨੇ ਕਿਹਾ: “ਭਾਵੇਂ ਤੂੰ ਤਿਆਗੀ ਹੋਈ ਅਤੇ ਘਿਣਾਉਣੀ ਸੈਂ, ਅਤੇ ਤੇਰੇ ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ, ਪਰ ਮੈਂ ਤੈਨੂੰ ਸਦਾ ਲਈ ਉੱਤਮ, ਪੀੜ੍ਹੀਓਂ ਪੀੜ੍ਹੀ ਖੁਸ਼ ਰੱਖਾਂਗਾ। ਤੂੰ ਕੌਮਾਂ ਦਾ ਦੁੱਧ ਚੁੰਘੇਂਗੀ, ਅਤੇ ਰਾਜਿਆਂ ਦੀ ਛਾਤੀ ਚੁੰਘੇਂਗੀ, ਤੂੰ ਜਾਣੇਂਗੀ ਭਈ ਮੈਂ ਯਹੋਵਾਹ ਤੇਰਾ ਬਚਾਉਣ ਵਾਲਾ ਹਾਂ, ਤੇਰਾ ਛੁਡਾਉਣ ਵਾਲਾ, ਯਾਕੂਬ ਦਾ ਸ਼ਕਤੀਮਾਨ।”—ਯਸਾਯਾਹ 60:15, 16.
21. (ੳ) ਪ੍ਰਾਚੀਨ ਯਰੂਸ਼ਲਮ “ਉੱਤਮ” ਕਿਵੇਂ ਬਣਿਆ ਸੀ? (ਅ) ਸੰਨ 1919 ਤੋਂ ਲੈ ਕੇ ਯਹੋਵਾਹ ਦੇ ਮਸਹ ਕੀਤੇ ਹੋਏ ਸੇਵਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ ਅਤੇ ਉਨ੍ਹਾਂ ਨੇ “ਕੌਮਾਂ ਦਾ ਦੁੱਧ” ਕਿਵੇਂ ਚੁੰਘਿਆ ਹੈ?
21 ਪ੍ਰਾਚੀਨ ਯਰੂਸ਼ਲਮ 70 ਸਾਲਾਂ ਲਈ ਵਿਰਾਨ ਪਿਆ ਹੋਇਆ ਸੀ ਅਤੇ ਉਸ “ਵਿੱਚੋਂ ਦੀ ਕੋਈ ਨਹੀਂ ਸੀ ਲੰਘਦਾ।” ਪਰ 537 ਸਾ.ਯੁ.ਪੂ. ਤੋਂ ਯਹੋਵਾਹ ਨੇ ਸ਼ਹਿਰ ਨੂੰ ਦੁਬਾਰਾ ਆਬਾਦ ਕਰਵਾ ਕੇ ਉਸ ਨੂੰ “ਉੱਤਮ” ਬਣਾਇਆ। ਇਸੇ ਤਰ੍ਹਾਂ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਪਰਮੇਸ਼ੁਰ ਦੇ ਇਸਰਾਏਲ ਨੇ ਦੁਖੀ ਸਮਾਂ ਕੱਟਿਆ ਸੀ ਜਦੋਂ ਉਸ ਨੇ ‘ਤਿਆਗਿਆ ਹੋਇਆ’ ਮਹਿਸੂਸ ਕੀਤਾ ਸੀ। ਪਰ 1919 ਵਿਚ ਯਹੋਵਾਹ ਨੇ ਆਪਣੇ ਮਸਹ ਕੀਤੇ ਹੋਏ ਸੇਵਕਾਂ ਨੂੰ ਗ਼ੁਲਾਮੀ ਵਿੱਚੋਂ ਛੁਡਾਇਆ। ਉਸ ਸਮੇਂ ਤੋਂ ਲੈ ਕੇ ਉਸ ਦੀ ਬਰਕਤ ਨਾਲ ਉਨ੍ਹਾਂ ਨੂੰ ਰੂਹਾਨੀ ਖ਼ੁਸ਼ਹਾਲੀ ਅਤੇ ਵਾਧਾ ਮਿਲਿਆ ਹੈ। ਯਹੋਵਾਹ ਦੇ ਲੋਕਾਂ ਨੇ ‘ਕੌਮਾਂ ਦਾ ਦੁੱਧ ਚੁੰਘਿਆ,’ ਮਤਲਬ ਕਿ ਉਨ੍ਹਾਂ ਨੇ ਕੌਮਾਂ ਦੇ ਸਾਧਨ ਵਰਤ ਕੇ ਸ਼ੁੱਧ ਭਗਤੀ ਨੂੰ ਅੱਗੇ ਵਧਾਇਆ ਹੈ। ਉਦਾਹਰਣ ਲਈ, ਬੁੱਧੀਮਤਾ ਨਾਲ ਨਵੀਂ ਤਕਨਾਲੋਜੀ ਵਰਤ ਕੇ ਉਹ ਬਾਈਬਲਾਂ ਅਤੇ ਬਾਈਬਲ ਦੇ ਪ੍ਰਕਾਸ਼ਨ ਸੈਂਕੜਿਆਂ ਜ਼ਬਾਨਾਂ ਵਿਚ ਛਾਪ ਸਕੇ ਹਨ। ਨਤੀਜੇ ਵਜੋਂ ਹਰ ਸਾਲ ਹਜ਼ਾਰਾਂ ਹੀ ਲੋਕ ਯਹੋਵਾਹ ਦੇ ਗਵਾਹਾਂ ਨਾਲ ਬਾਈਬਲ ਸਟੱਡੀ ਕਰ ਕੇ ਇਹ ਜਾਣ ਲੈਂਦੇ ਹਨ ਕਿ ਮਸੀਹ ਰਾਹੀਂ ਯਹੋਵਾਹ ਉਨ੍ਹਾਂ ਦਾ ਬਚਾਉਣ ਵਾਲਾ ਅਤੇ ਛੁਡਾਉਣ ਵਾਲਾ ਹੈ।—ਰਸੂਲਾਂ ਦੇ ਕਰਤੱਬ 5:31; 1 ਯੂਹੰਨਾ 4:14.
ਯਹੋਵਾਹ ਦੇ ਸੰਗਠਨ ਦੀ ਤਰੱਕੀ
22. ਯਹੋਵਾਹ ਨੇ ਕਿਸ ਤਰ੍ਹਾਂ ਦੀ ਤਰੱਕੀ ਦਾ ਵਾਅਦਾ ਕੀਤਾ ਸੀ?
22 ਯਹੋਵਾਹ ਦੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਣ ਦੇ ਨਾਲ-ਨਾਲ ਉਸ ਦੇ ਸੰਗਠਨ ਵਿਚ ਤਰੱਕੀ ਵੀ ਹੋਈ ਹੈ। ਯਹੋਵਾਹ ਨੇ ਕਿਹਾ: “ਪਿੱਤਲ ਦੇ ਥਾਂ ਮੈਂ ਸੋਨਾ ਲਿਆਵਾਂਗਾ, ਲੋਹੇ ਦੇ ਥਾਂ ਮੈਂ ਚਾਂਦੀ ਲਿਆਵਾਂਗਾ, ਲੱਕੜੀ ਦੇ ਥਾਂ ਪਿੱਤਲ ਅਤੇ ਪੱਥਰਾਂ ਦੇ ਥਾਂ ਲੋਹਾ, ਮੈਂ ਤੇਰੇ ਮੁਹੱਸਲਾਂ ਨੂੰ ਸ਼ਾਂਤੀ, ਅਤੇ ਤੇਰੇ ਬੇਗਾਰ ਕਰਾਉਣ ਵਾਲਿਆਂ ਨੂੰ ਧਰਮ ਬਣਾਵਾਂਗਾ।” (ਯਸਾਯਾਹ 60:17) ਪਿੱਤਲ ਦੇ ਥਾਂ ਸੋਨਾ ਲਿਆਉਣ ਦਾ ਮਤਲਬ ਸੁਧਾਰ ਕਰਨਾ ਹੈ ਅਤੇ ਇਹ ਇੱਥੇ ਬਾਕੀ ਦੀਆਂ ਚੀਜ਼ਾਂ ਬਾਰੇ ਵੀ ਸੱਚ ਹੈ। ਇਸ ਦੇ ਮੁਤਾਬਕ ਪਰਮੇਸ਼ੁਰ ਦੇ ਲੋਕਾਂ ਨੇ ਇਨ੍ਹਾਂ ਅੰਤਿਮ ਦਿਨਾਂ ਦੌਰਾਨ ਸੰਗਠਨ ਵਿਚ ਕਈ ਤਰ੍ਹਾਂ ਦੀ ਤਰੱਕੀ ਦੇਖੀ ਹੈ।
23, 24. ਸੰਨ 1919 ਤੋਂ ਲੈ ਕੇ ਯਹੋਵਾਹ ਦੇ ਲੋਕਾਂ ਨੇ ਸੰਗਠਨ ਵਿਚ ਕਿਹੜੀਆਂ ਤਬਦੀਲੀਆਂ ਦੇਖੀਆਂ ਹਨ?
23 ਸੰਨ 1919 ਤਕ ਪਰਮੇਸ਼ੁਰ ਦੇ ਲੋਕਾਂ ਦੀਆਂ ਕਲੀਸਿਯਾਵਾਂ ਵਿਚ ਬਜ਼ੁਰਗ ਅਤੇ ਡੀਕਨ ਵੋਟਾਂ ਰਾਹੀਂ ਚੁਣੇ ਜਾਂਦੇ ਸਨ। ਇਸੇ ਸਾਲ ਵਿਚ ਸ਼ੁਰੂ ਹੁੰਦੇ ਹੋਏ ਮਾਤਬਰ ਅਤੇ ਬੁੱਧਵਾਨ ਨੌਕਰ ਨੇ ਹਰ ਕਲੀਸਿਯਾ ਵਿਚ ਪ੍ਰਚਾਰ ਦੇ ਕੰਮ ਦੀ ਨਿਗਰਾਨੀ ਕਰਨ ਵਾਸਤੇ ਇਕ ਨਿਗਾਹਬਾਨ ਨਿਯੁਕਤ ਕੀਤਾ। ਲੇਕਿਨ ਕੁਝ ਬਜ਼ੁਰਗ ਇਸ ਨਿਗਾਹਬਾਨ ਦੇ ਨਾਲ ਮਿਲ ਕੇ ਕੰਮ ਨਹੀਂ ਕਰ ਰਹੇ ਸਨ। ਪਰ 1932 ਵਿਚ ਪਹਿਰਾਬੁਰਜ ਦੇ ਰਸਾਲੇ ਰਾਹੀਂ ਕਲੀਸਿਯਾਵਾਂ ਨੂੰ ਹਿਦਾਇਤ ਦਿੱਤੀ ਗਈ ਸੀ ਕਿ ਉਹ ਬਜ਼ੁਰਗ ਅਤੇ ਡੀਕਨ ਚੁਣਨ ਲਈ ਵੋਟਾਂ ਨਾ ਪਾਉਣ ਪਰ ਇਸ ਨਿਗਾਹਬਾਨ ਦੇ ਨਾਲ-ਨਾਲ ਕੰਮ ਕਰਨ ਲਈ ਇਕ ਸੇਵਾ ਸਮਿਤੀ ਚੁਣਨ। ਇਹ ਇਕ ਵੱਡਾ ਸੁਧਾਰ ਸੀ।
24 ਕਿਹਾ ਜਾ ਸਕਦਾ ਹੈ ਕਿ 1938 ਵਿਚ ਹੋਰ ਸੋਨਾ ਲਿਆਂਦਾ ਗਿਆ ਜਦੋਂ ਕਲੀਸਿਯਾ ਦੇ ਸਾਰੇ ਸੇਵਾਦਾਰ ਲੋਕਾਂ ਦੁਆਰਾ ਨਹੀਂ, ਸਗੋਂ ਪਰਮੇਸ਼ੁਰ ਦੁਆਰਾ ਚੁਣੇ ਗਏ ਸਨ। ਕਲੀਸਿਯਾ ਦੀ ਦੇਖ-ਭਾਲ ਕਰਨ ਲਈ ਇਕ ਕੰਪਨੀ ਸੇਵਾਦਾਰ ਅਤੇ ਉਸ ਦੀ ਮਦਦ ਕਰਨ ਲਈ ਹੋਰ ਭਰਾ “ਮਾਤਬਰ ਅਤੇ ਬੁੱਧਵਾਨ ਨੌਕਰ” ਦੀ ਨਿਗਰਾਨੀ ਅਧੀਨ ਨਿਯੁਕਤ ਕੀਤੇ ਗਏ ਸਨ।c (ਮੱਤੀ 24:45-47) ਪਰ 1972 ਵਿਚ ਇਹ ਦੇਖਿਆ ਗਿਆ ਸੀ ਕਿ ਬਾਈਬਲ ਦੇ ਮੁਤਾਬਕ ਇਕ ਕਲੀਸਿਯਾ ਦੀ ਨਿਗਰਾਨੀ ਇਕ ਬੰਦੇ ਦੀ ਬਜਾਇ ਬਜ਼ੁਰਗਾਂ ਦੇ ਸਮੂਹ ਦੁਆਰਾ ਕੀਤੀ ਜਾਣੀ ਚਾਹੀਦੀ ਹੈ। (ਫ਼ਿਲਿੱਪੀਆਂ 1:1) ਕਲੀਸਿਯਾਵਾਂ ਅਤੇ ਪ੍ਰਬੰਧਕ ਸਭਾ ਵਿਚ ਹੋਰ ਵੀ ਤਬਦੀਲੀਆਂ ਕੀਤੀਆਂ ਗਈਆਂ ਹਨ। ਮਿਸਾਲ ਲਈ, ਪ੍ਰਬੰਧਕ ਸਭਾ ਦੇ ਕੁਝ ਮੈਂਬਰ ਪੈਨਸਿਲਵੇਨੀਆ ਦੀ ਵਾਚ ਟਾਵਰ ਸੋਸਾਇਟੀ ਅਤੇ ਹੋਰ ਕਾਰਪੋਰੇਸ਼ਨਾਂ ਦਾ ਨਿਰਦੇਸ਼ਨ ਕਰ ਰਹੇ ਸਨ। ਪਰ 7 ਅਕਤੂਬਰ 2000 ਨੂੰ ਇਹ ਸੂਚਨਾ ਦਿੱਤੀ ਗਈ ਸੀ ਕਿ ਇਨ੍ਹਾਂ ਭਰਾਵਾਂ ਨੇ ਆਪਣੀ ਮਰਜ਼ੀ ਨਾਲ ਅਸਤੀਫ਼ੇ ਦੇ ਦਿੱਤੇ ਸਨ। ਇਸ ਤਰ੍ਹਾਂ ਪ੍ਰਬੰਧਕ ਸਭਾ, ਜੋ ਮਾਤਬਰ ਅਤੇ ਬੁੱਧਵਾਨ ਨੌਕਰ ਦਾ ਪ੍ਰਤਿਨਿਧ ਹੈ, “ਪਰਮੇਸ਼ੁਰ ਦੀ ਕਲੀਸਿਯਾ” ਅਤੇ ਉਸ ਦੇ ਨਾਲ ਸੰਗਤ ਕਰਨ ਵਾਲੀਆਂ ਹੋਰ ਭੇਡਾਂ ਦੀ ਰੂਹਾਨੀ ਦੇਖ-ਭਾਲ ਕਰਨ ਵੱਲ ਜ਼ਿਆਦਾ ਧਿਆਨ ਦੇ ਸਕਦੀ ਹੈ। (ਰਸੂਲਾਂ ਦੇ ਕਰਤੱਬ 20:28) ਅਜਿਹੀਆਂ ਸਾਰੀਆਂ ਤਬਦੀਲੀਆਂ ਰਾਹੀਂ ਸੰਗਠਨ ਸੁਧਾਰਿਆ ਗਿਆ ਹੈ। ਇਨ੍ਹਾਂ ਤਬਦੀਲੀਆਂ ਨੇ ਯਹੋਵਾਹ ਦੇ ਸੰਗਠਨ ਨੂੰ ਮਜ਼ਬੂਤ ਕੀਤਾ ਹੈ ਅਤੇ ਇਸ ਕਰਕੇ ਉਸ ਦੇ ਸੇਵਕਾਂ ਨੂੰ ਬਰਕਤਾਂ ਮਿਲੀਆਂ ਹਨ।
25. ਯਹੋਵਾਹ ਦੇ ਸੰਗਠਨ ਦੀ ਤਰੱਕੀ ਪਿੱਛੇ ਕਿਸ ਦਾ ਹੱਥ ਹੈ ਅਤੇ ਉਸ ਦੇ ਲੋਕਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?
25 ਇਸ ਤਰੱਕੀ ਪਿੱਛੇ ਕਿਸ ਦਾ ਹੱਥ ਹੈ? ਕੀ ਇਨਸਾਨਾਂ ਨੇ ਆਪਣੀ ਯੋਗਤਾ ਜਾਂ ਚਤੁਰਾਈ ਨਾਲ ਇਹ ਸੰਗਠਨ ਚਲਾਇਆ ਹੈ? ਨਹੀਂ, ਕਿਉਂਕਿ ਯਹੋਵਾਹ ਨੇ ਕਿਹਾ ਸੀ ਕਿ “ਮੈਂ ਸੋਨਾ ਲਿਆਵਾਂਗਾ।” ਅਜਿਹੀ ਤਰੱਕੀ ਯਹੋਵਾਹ ਦੀ ਅਗਵਾਈ ਨਾਲ ਹੋਈ ਹੈ। ਯਹੋਵਾਹ ਦੇ ਲੋਕ ਉਸ ਦੀ ਅਗਵਾਈ ਦੇ ਅਨੁਸਾਰ ਚੱਲ ਕੇ ਤਬਦੀਲੀਆਂ ਕਰਦੇ ਹਨ ਅਤੇ ਇਸ ਤਰ੍ਹਾਂ ਉਨ੍ਹਾਂ ਨੂੰ ਬਰਕਤਾਂ ਮਿਲਦੀਆਂ ਹਨ। ਉਨ੍ਹਾਂ ਵਿਚ ਸ਼ਾਂਤੀ ਹੈ, ਅਤੇ ਉਹ ਧਾਰਮਿਕਤਾ ਨਾਲ ਪ੍ਰੇਮ ਕਰਦੇ ਹਨ ਜਿਸ ਕਰਕੇ ਉਹ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ।
26. ਵਿਰੋਧੀ ਵੀ ਸੱਚੇ ਮਸੀਹੀਆਂ ਦਾ ਕਿਹੜਾ ਖ਼ਾਸ ਨਿਸ਼ਾਨ ਪਛਾਣਦੇ ਹਨ?
26 ਪਰਮੇਸ਼ੁਰ ਵੱਲੋਂ ਸ਼ਾਂਤੀ ਤਬਦੀਲੀ ਲਿਆ ਸਕਦੀ ਹੈ। ਯਹੋਵਾਹ ਨੇ ਵਾਅਦਾ ਕੀਤਾ: “ਜ਼ੁਲਮ ਤੇਰੇ ਦੇਸ ਵਿੱਚ ਫੇਰ ਸੁਣਿਆ ਨਾ ਜਾਵੇਗਾ, ਨਾ ਤੇਰੀਆਂ ਹੱਦਾਂ ਵਿੱਚ ਬਰਬਾਦੀ ਯਾ ਤਬਾਹੀ, ਤੂੰ ਆਪਣੀਆਂ ਕੰਧਾਂ ਨੂੰ ਮੁਕਤੀ, ਅਤੇ ਆਪਣਿਆਂ ਫਾਟਕਾਂ ਨੂੰ ਉਸਤਤ ਸੱਦੇਂਗੀ।” (ਯਸਾਯਾਹ 60:18) ਇਹ ਗੱਲ ਕਿੰਨੀ ਸੱਚੀ ਹੈ! ਵਿਰੋਧੀ ਵੀ ਪਛਾਣਦੇ ਹਨ ਕਿ ਸ਼ਾਂਤੀ ਸੱਚੇ ਮਸੀਹੀਆਂ ਦਾ ਇਕ ਖ਼ਾਸ ਨਿਸ਼ਾਨ ਹੈ। (ਮੀਕਾਹ 4:3) ਪਰਮੇਸ਼ੁਰ ਨਾਲ ਅਤੇ ਆਪਸ ਵਿਚ ਅਜਿਹੀ ਸ਼ਾਂਤੀ ਹੋਣ ਕਰਕੇ ਯਹੋਵਾਹ ਦੇ ਗਵਾਹਾਂ ਦੀ ਹਰ ਮਸੀਹੀ ਸਭਾ ਵਿਚ ਜਾ ਕੇ ਇਸ ਹਿੰਸਕ ਦੁਨੀਆਂ ਤੋਂ ਚੈਨ ਮਿਲਦਾ ਹੈ। (1 ਪਤਰਸ 2:17) ਸਾਡੀ ਸ਼ਾਂਤੀ ਦਿਖਾਉਂਦੀ ਹੈ ਕਿ ਨਵੇਂ ਸੰਸਾਰ ਵਿਚ ਸਾਡੀ ਜ਼ਿੰਦਗੀ ਕਿਹੋ ਜਿਹੀ ਹੋਵੇਗੀ ਜਦੋਂ ਧਰਤੀ ਦੇ ਸਾਰੇ ਵਾਸੀ “ਯਹੋਵਾਹ ਵੱਲੋਂ ਸਿੱਖੇ ਹੋਏ ਹੋਣਗੇ।”—ਯਸਾਯਾਹ 11:9; 54:13.
ਯਹੋਵਾਹ ਦੀ ਪ੍ਰਵਾਨਗੀ ਦਾ ਚਾਨਣ
27. ਯਹੋਵਾਹ ਦੀ ਤੀਵੀਂ ਉੱਤੇ ਕਿਹੜਾ ਚਾਨਣ ਚਮਕਦਾ ਰਹਿੰਦਾ ਹੈ?
27 ਯਹੋਵਾਹ ਦੇ ਅਗਲੇ ਸ਼ਬਦਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਯਰੂਸ਼ਲਮ ਉੱਤੇ ਕਿੰਨਾ ਕੁ ਚਾਨਣ ਚਮਕਦਾ ਸੀ: “ਸੂਰਜ ਤੇਰੇ ਲਈ ਫੇਰ ਦਿਨੇ ਚਾਨਣ ਲਈ ਨਾ ਹੋਵੇਗਾ, ਨਾ ਚੰਦ ਉਜਾਲੇ ਲਈ ਤੈਨੂੰ ਚਾਨਣ ਦੇਵੇਗਾ, ਪਰ ਯਹੋਵਾਹ ਤੇਰਾ ਸਦੀਪਕ ਚਾਨਣ ਹੋਵੇਗਾ, ਅਤੇ ਤੇਰਾ ਪਰਮੇਸ਼ੁਰ ਤੇਰੀ ਸਜਾਵਟ ਹੋਵੇਗਾ। ਤੇਰਾ ਸੂਰਜ ਫਿਰ ਨਹੀਂ ਲੱਥੇਗਾ, ਨਾ ਤੇਰਾ ਚੰਦ ਮਿਟ ਜਾਵੇਗਾ, ਯਹੋਵਾਹ ਜੋ ਤੇਰੇ ਲਈ ਸਦੀਪਕ ਚਾਨਣ ਹੋਵੇਗਾ, ਅਤੇ ਤੇਰੇ ਸੋਗ ਦੇ ਦਿਨ ਮੁੱਕ ਜਾਣਗੇ।” (ਯਸਾਯਾਹ 60:19, 20) ਯਹੋਵਾਹ ਹਮੇਸ਼ਾ ਆਪਣੀ ਤੀਵੀਂ ਲਈ “ਸਦੀਪਕ ਚਾਨਣ” ਹੋਵੇਗਾ। ਉਹ ਸੂਰਜ ਵਾਂਗ “ਲੱਥੇਗਾ” ਨਹੀਂ ਜਾਂ ਚੰਦ ਵਾਂਗ “ਮਿਟ” ਨਹੀਂ ਜਾਵੇਗਾ।d ਉਸ ਦੀ ਪ੍ਰਵਾਨਗੀ ਦਾ ਚਾਨਣ ਮਸਹ ਕੀਤੇ ਹੋਏ ਮਸੀਹੀਆਂ ਉੱਤੇ ਹਮੇਸ਼ਾ ਚਮਕਦਾ ਰਹੇਗਾ, ਜੋ ਧਰਤੀ ਉੱਤੇ ਪਰਮੇਸ਼ੁਰ ਦੀ ਤੀਵੀਂ ਦੇ ਪ੍ਰਤਿਨਿਧ ਹਨ। ਵੱਡੀ ਭੀੜ ਦੇ ਨਾਲ-ਨਾਲ ਉਹ ਅਜਿਹੇ ਤੇਜ਼ ਰੂਹਾਨੀ ਚਾਨਣ ਦਾ ਆਨੰਦ ਮਾਣਦੇ ਹਨ ਜਿਸ ਨੂੰ ਦੁਨੀਆਂ ਦਾ ਰਾਜਨੀਤਿਕ ਜਾਂ ਆਰਥਿਕ ਹਨੇਰਾ ਮਿਟਾ ਨਹੀਂ ਸਕਦਾ। ਉਨ੍ਹਾਂ ਨੂੰ ਉਸ ਸ਼ਾਨਦਾਰ ਭਵਿੱਖ ਉੱਤੇ ਭਰੋਸਾ ਹੈ ਜਿਸ ਦਾ ਯਹੋਵਾਹ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ।—ਰੋਮੀਆਂ 2:7; ਪਰਕਾਸ਼ ਦੀ ਪੋਥੀ 21:3-5.
28. (ੳ) ਯਰੂਸ਼ਲਮ ਦੇ ਮੁੜ ਰਹੇ ਵਾਸੀਆਂ ਬਾਰੇ ਕਿਹੜਾ ਵਾਅਦਾ ਕੀਤਾ ਗਿਆ ਸੀ? (ਅ) ਸੰਨ 1919 ਵਿਚ ਮਸਹ ਕੀਤੇ ਹੋਏ ਮਸੀਹੀਆਂ ਨੇ ਕਿਸ ਚੀਜ਼ ਉੱਤੇ ਵੱਸ ਕੀਤਾ ਸੀ? (ੲ) ਧਰਮੀ ਕਿੰਨੇ ਚਿਰ ਲਈ ਧਰਤੀ ਉੱਤੇ ਵੱਸਣਗੇ?
28 ਯਰੂਸ਼ਲਮ ਦੇ ਵਾਸੀਆਂ ਬਾਰੇ ਯੋਹਵਾਹ ਨੇ ਕਿਹਾ: “ਤੇਰੇ ਸਾਰੇ ਲੋਕ ਧਰਮੀ ਹੋਣਗੇ, ਓਹ ਧਰਤੀ ਨੂੰ ਸਦਾ ਲਈ ਵੱਸ ਵਿੱਚ ਰੱਖਣਗੇ, ਮੇਰੀ ਲਾਈ ਹੋਈ ਲਗਰ, ਮੇਰੇ ਹੱਥਾਂ ਦਾ ਕੰਮ, ਭਈ ਮੈਂ ਸਜਾਇਆ ਜਾਵਾਂ।” (ਯਸਾਯਾਹ 60:21) ਜਦੋਂ ਪੈਦਾਇਸ਼ੀ ਇਸਰਾਏਲੀ ਬਾਬਲ ਤੋਂ ਵਾਪਸ ਮੁੜੇ ਸਨ ਉਨ੍ਹਾਂ ਨੇ ‘ਧਰਤੀ ਨੂੰ ਵੱਸ ਵਿਚ ਰੱਖਿਆ’ ਸੀ। ਪਰ ਉਹ “ਸਦਾ ਲਈ” ਆਪਣੇ ਦੇਸ਼ ਨੂੰ ਵੱਸ ਵਿਚ ਨਹੀਂ ਰੱਖ ਸਕੇ ਕਿਉਂਕਿ ਪਹਿਲੀ ਸਦੀ ਸਾ.ਯੁ. ਵਿਚ ਰੋਮੀ ਫ਼ੌਜਾਂ ਨੇ ਯਰੂਸ਼ਲਮ ਅਤੇ ਯਹੂਦੀ ਸੂਬੇ ਦਾ ਨਾਸ਼ ਕਰ ਦਿੱਤਾ ਸੀ। ਸੰਨ 1919 ਵਿਚ ਜਦੋਂ ਮਸਹ ਕੀਤੇ ਹੋਏ ਮਸੀਹੀ ਰੂਹਾਨੀ ਗ਼ੁਲਾਮੀ ਵਿੱਚੋਂ ਨਿਕਲੇ ਸਨ, ਉਹ ਰੂਹਾਨੀ “ਦੇਸ” ਵਿਚ ਵੱਸਣ ਲੱਗੇ। (ਯਸਾਯਾਹ 66:8) ਉਸ ਦੇਸ਼ ਦੀ ਰੂਹਾਨੀ ਸੁੰਦਰਤਾ ਕਦੀ ਵੀ ਨਹੀਂ ਮਿਟੇਗੀ ਕਿਉਂਕਿ ਪ੍ਰਾਚੀਨ ਇਸਰਾਏਲ ਤੋਂ ਉਲਟ ਪਰਮੇਸ਼ੁਰ ਦਾ ਇਸਰਾਏਲ ਇਕ ਸਮੂਹ ਵਜੋਂ ਬੇਵਫ਼ਾ ਨਹੀਂ ਨਿਕਲੇਗਾ। ਇਸ ਤੋਂ ਇਲਾਵਾ, ਯਸਾਯਾਹ ਦੇ ਇਹ ਸ਼ਬਦ ਉਸ ਸਮੇਂ ਅਸਲੀ ਤੌਰ ਤੇ ਪੂਰੇ ਹੋਣਗੇ ਜਦੋਂ ਸਾਰੀ ਧਰਤੀ ਇਕ ਫਿਰਦੌਸ ਬਣੇਗੀ ਜਿਸ ਵਿਚ ‘ਬਹੁਤਾ ਸੁਖ’ ਹੋਵੇਗਾ। ਫਿਰ ਧਰਮੀ ਲੋਕ ਹਮੇਸ਼ਾ ਲਈ ਧਰਤੀ ਉੱਤੇ ਵੱਸਣਗੇ।—ਜ਼ਬੂਰ 37:11, 29.
29, 30. “ਨਿੱਕਾ ਜਿਹਾ ਹਜ਼ਾਰ” ਕਿਵੇਂ ਬਣ ਗਿਆ ਹੈ?
29 ਯਸਾਯਾਹ ਦੇ 60ਵੇਂ ਅਧਿਆਇ ਦੀ ਆਖ਼ਰੀ ਆਇਤ ਵਿਚ ਯਹੋਵਾਹ ਨੇ ਵਾਅਦਾ ਕੀਤਾ ਅਤੇ ਇਸ ਨੂੰ ਪੂਰਾ ਕਰਨ ਲਈ ਆਪਣੇ ਨਾਂ ਦੀ ਸੌਂਹ ਖਾਧੀ। ਉਸ ਨੇ ਕਿਹਾ: “ਨਿੱਕਾ ਜਿਹਾ ਹਜ਼ਾਰ ਹੋ ਜਾਵੇਗਾ ਅਤੇ ਛੋਟਾ ਇੱਕ ਬਲਵੰਤ ਕੌਮ, ਮੈਂ ਯਹੋਵਾਹ ਵੇਲੇ ਸਿਰ ਏਹ ਨੂੰ ਛੇਤੀ ਕਰਾਂਗਾ।” (ਯਸਾਯਾਹ 60:22) ਜਦੋਂ 1919 ਵਿਚ ਮਸਹ ਕੀਤੇ ਹੋਇਆਂ ਨੇ ਪ੍ਰਚਾਰ ਦਾ ਕੰਮ ਦੁਬਾਰਾ ਸ਼ੁਰੂ ਕੀਤਾ ਸੀ ਤਾਂ ਉਨ੍ਹਾਂ ਦੀ ਗਿਣਤੀ ਬਹੁਤ ਥੋੜ੍ਹੀ ਸੀ, ਯਾਨੀ ਉਹ ‘ਿਨੱਕੇ ਜਿਹੇ’ ਸਨ।e ਪਰ ਉਨ੍ਹਾਂ ਦੀ ਗਿਣਤੀ ਉਦੋਂ ਵਧੀ ਜਦੋਂ ਹੋਰ ਰੂਹਾਨੀ ਇਸਰਾਏਲੀ ਇਕੱਠੇ ਕੀਤੇ ਗਏ ਸਨ ਅਤੇ ਫਿਰ ਬਹੁਤ ਸਾਰੀਆਂ ਹੋਰ ਭੇਡਾਂ ਵੀ ਆਉਣ ਲੱਗ ਪਈਆਂ।
30 ਥੋੜ੍ਹੇ ਜਿਹੇ ਸਮੇਂ ਵਿਚ ਪਰਮੇਸ਼ੁਰ ਦੇ ਲੋਕਾਂ ਦੀ ਸ਼ਾਂਤੀ ਅਤੇ ਧਾਰਮਿਕਤਾ ਨੇ ਹੋਰਨਾਂ ਨੇਕਦਿਲ ਲੋਕਾਂ ਨੂੰ ਖਿੱਚਿਆ ਅਤੇ ‘ਨਿੱਕਾ ਜਿਹਾ ਇੱਕ ਬਲਵੰਤ ਕੌਮ’ ਬਣ ਗਿਆ ਹੈ। ਇਸ ਸਮੇਂ ਇਹ ਕੌਮ ਇਸ ਦੁਨੀਆਂ ਦੇ ਕਈਆਂ ਸੂਬਿਆਂ ਨਾਲੋਂ ਵੀ ਵੱਡੀ ਹੈ। ਇਹ ਗੱਲ ਸਾਫ਼ ਹੈ ਕਿ ਯਹੋਵਾਹ ਨੇ ਯਿਸੂ ਮਸੀਹ ਰਾਹੀਂ ਰਾਜ ਦੇ ਪ੍ਰਚਾਰ ਦੀ ਅਗਵਾਈ ਕਰ ਕੇ ਇਸ ਕੰਮ ਨੂੰ ਛੇਤੀ ਕੀਤਾ ਹੈ। ਇਹ ਕਿੰਨੀ ਖ਼ੁਸ਼ੀ ਦੀ ਗੱਲ ਹੈ ਕਿ ਸੱਚੀ ਭਗਤੀ ਸਾਰੀ ਦੁਨੀਆਂ ਵਿਚ ਫੈਲ ਰਹੀ ਹੈ ਅਤੇ ਕਿ ਅਸੀਂ ਇਸ ਕੰਮ ਵਿਚ ਹਿੱਸਾ ਲੈ ਸਕੇ ਹਾਂ! ਜੀ ਹਾਂ, ਇਹ ਜਾਣ ਕੇ ਸਾਨੂੰ ਖ਼ੁਸ਼ੀ ਹੁੰਦੀ ਹੈ ਕਿ ਇਸ ਵਾਧੇ ਕਾਰਨ ਯਹੋਵਾਹ ਦੀ ਵਡਿਆਈ ਹੁੰਦੀ ਹੈ, ਜਿਸ ਨੇ ਸਦੀਆਂ ਪਹਿਲਾਂ ਇਨ੍ਹਾਂ ਗੱਲਾਂ ਦੀ ਭਵਿੱਖਬਾਣੀ ਕੀਤੀ ਸੀ।
[ਫੁਟਨੋਟ]
a ਇਸ ਤਰ੍ਹਾਂ ਲੱਗਦਾ ਹੈ ਕਿ ਤਰਸ਼ੀਸ਼ ਉਹ ਜਗ੍ਹਾ ਸੀ ਜੋ ਅੱਜ ਸਪੇਨ ਹੈ। ਪਰ ਕੁਝ ਵਿਦਵਾਨ ਕਹਿੰਦੇ ਹਨ ਕਿ ਇਹ ਜ਼ਰੂਰੀ ਨਹੀਂ ਕਿ “ਤਰਸ਼ੀਸ਼ ਦੇ ਜਹਾਜ਼” ਤਰਸ਼ੀਸ਼ ਤੋਂ ਆਏ ਸਨ। ਪਰ ਇਨ੍ਹਾਂ ਜਹਾਜ਼ਾਂ ਨੂੰ ਇਹ ਨਾਂ ਦਿੱਤਾ ਗਿਆ ਸੀ ਕਿਉਂਕਿ ਇਹ “ਉੱਚੇ-ਉੱਚੇ ਮਸਤੂਲ ਵਾਲੇ ਸਮੁੰਦਰੀ ਜਹਾਜ਼” ਸਨ ਜੋ ਤਰਸ਼ੀਸ਼ ਤਕ ਸਫ਼ਰ ਕਰਨ ਲਈ ਬਣਾਏ ਗਏ ਸਨ, ਮਤਲਬ ਕਿ ਅਜਿਹੇ ਜਹਾਜ਼ ਜੋ ਦੂਰ ਦੀਆਂ ਬੰਦਰਗਾਹਾਂ ਤਕ ਲੰਬੇ-ਲੰਬੇ ਸਫ਼ਰ ਕਰ ਸਕਦੇ ਸਨ।—1 ਰਾਜਿਆਂ 22:48.
b ਸੰਨ 1930 ਤੋਂ ਪਹਿਲਾਂ ਵੀ ਧਰਤੀ ਉੱਤੇ ਰਹਿਣ ਦੀ ਉਮੀਦ ਰੱਖਣ ਵਾਲੇ ਜੋਸ਼ੀਲੇ ਮਸੀਹੀ ਪਰਮੇਸ਼ੁਰ ਦੇ ਇਸਰਾਏਲ ਨਾਲ ਸੰਗਤ ਰੱਖਦੇ ਸਨ, ਪਰ ਇਸ ਸਮੇਂ ਤੋਂ ਬਾਅਦ ਹੀ ਉਨ੍ਹਾਂ ਦੀ ਗਿਣਤੀ ਵਧਣ ਲੱਗੀ ਸੀ।
c ਉਨ੍ਹੀਂ ਦਿਨੀਂ ਕਲੀਸਿਯਾਵਾਂ ਨੂੰ ਕੰਪਨੀਆਂ ਸੱਦਿਆ ਜਾਂਦਾ ਸੀ।
d ਯੂਹੰਨਾ ਰਸੂਲ ਨੇ “ਨਵੀਂ ਯਰੂਸ਼ਲਮ,” ਯਾਨੀ ਸਵਰਗੀ ਤੇਜ ਵਿਚ 1,44,000 ਬਾਰੇ ਗੱਲ ਕਰਦੇ ਹੋਏ ਵੀ ਅਜਿਹਾ ਕੁਝ ਕਿਹਾ ਸੀ। (ਪਰਕਾਸ਼ ਦੀ ਪੋਥੀ 3:12; 21:10, 22-26) ਇਹ ਢੁਕਵਾਂ ਹੈ ਕਿਉਂਕਿ “ਨਵੀਂ ਯਰੂਸ਼ਲਮ” ਪਰਮੇਸ਼ੁਰ ਦੇ ਇਸਰਾਏਲ ਦੇ ਉਨ੍ਹਾਂ ਸਾਰਿਆਂ ਮੈਂਬਰਾਂ ਨੂੰ ਦਰਸਾਉਂਦੀ ਹੈ ਜਿਨ੍ਹਾਂ ਨੂੰ ਆਪਣਾ ਸਵਰਗੀ ਇਨਾਮ ਮਿਲ ਚੁੱਕਾ ਹੈ। ਉਸ ਸਮੇਂ ਉਹ ਯਿਸੂ ਮਸੀਹ ਨਾਲ ਪਰਮੇਸ਼ੁਰ ਦੀ ਤੀਵੀਂ ਯਾਨੀ ‘ਉਤਾਹਾਂ ਦੇ ਯਰੂਸ਼ਲਮ’ ਦਾ ਮੁੱਖ ਹਿੱਸਾ ਬਣਨਗੇ।—ਗਲਾਤੀਆਂ 4:26.
e ਸੰਨ 1918 ਵਿਚ ਹਰ ਮਹੀਨੇ ਪ੍ਰਚਾਰ ਦੇ ਕੰਮ ਵਿਚ ਹਿੱਸੇ ਲੈਣ ਵਾਲਿਆਂ ਦੀ ਔਸਤ ਗਿਣਤੀ 4,000 ਤੋਂ ਵੀ ਘੱਟ ਸੀ।
[ਸਫ਼ਾ 305 ਉੱਤੇ ਤਸਵੀਰ]
ਤੀਵੀਂ ਨੂੰ ‘ਉੱਠਣ’ ਦਾ ਹੁਕਮ ਦਿੱਤਾ ਗਿਆ ਸੀ
[ਸਫ਼ੇ 312, 313 ਉੱਤੇ ਤਸਵੀਰ]
‘ਤਰਸ਼ੀਸ਼ ਦੇ ਜਹਾਜ਼ਾਂ’ ਨੇ ਯਹੋਵਾਹ ਦੇ ਸੇਵਕਾਂ ਨੂੰ ਲਿਆਂਦਾ ਸੀ