ਬਾਈਵਾਂ ਅਧਿਆਇ
ਸੀਯੋਨ ਵਿਚ ਧਾਰਮਿਕਤਾ ਫੁੱਟੀ
1, 2. ਇਸਰਾਏਲ ਵਿਚ ਕੀ ਹੋਣਾ ਸੀ ਅਤੇ ਇਹ ਕਿਸ ਨੇ ਕਰਨਾ ਸੀ?
ਯਹੋਵਾਹ ਦਾ ਇਰਾਦਾ ਐਲਾਨ ਕੀਤਾ ਗਿਆ ਸੀ ਕਿ ਉਹ ਆਪਣੇ ਲੋਕਾਂ ਨੂੰ ਆਜ਼ਾਦ ਕਰ ਕੇ ਉਨ੍ਹਾਂ ਦੇ ਵਤਨ ਵਾਪਸ ਵਸਾਵੇਗਾ। ਮੀਂਹ ਪੈਣ ਤੋਂ ਬਾਅਦ ਇਕ ਬੀ ਫੁੱਟਣ ਦੀ ਤਰ੍ਹਾਂ ਸੱਚੀ ਭਗਤੀ ਵੀ ਦੁਬਾਰਾ ਕੀਤੀ ਜਾਵੇਗੀ। ਜਿਸ ਦਿਨ ਇਹ ਹੋਣਾ ਸੀ, ਨਿਰਾਸ਼ਾ ਦੀ ਥਾਂ ਜੈਕਾਰਾ ਗਜਾਇਆ ਜਾਣਾ ਸੀ, ਅਤੇ ਸੋਗ ਕਰਕੇ ਸਿਰਾਂ ਉੱਤੇ ਸੁਆਹ ਪਾਈ ਜਾਣ ਦੀ ਥਾਂ ਪਰਮੇਸ਼ੁਰ ਦੀ ਬਰਕਤ ਹੋਣੀ ਸੀ।
2 ਇਹ ਸਭ ਕੁਝ ਕਿਸ ਨੇ ਕਰਨਾ ਸੀ? ਸਿਰਫ਼ ਯਹੋਵਾਹ ਹੀ ਅਜਿਹਾ ਕੁਝ ਕਰ ਸਕਦਾ ਸੀ। (ਜ਼ਬੂਰ 9:19, 20; ਯਸਾਯਾਹ 40:25) ਸਫ਼ਨਯਾਹ ਨਬੀ ਨੇ ਭਵਿੱਖਬਾਣੀ ਵਿਚ ਇਹ ਹੁਕਮ ਦਿੱਤਾ ਸੀ: “ਹੇ ਸੀਯੋਨ ਦੀਏ ਧੀਏ, ਜੈਕਾਰਾ ਗਜਾ, ਹੇ ਇਸਰਾਏਲ, ਨਾਰਾ ਮਾਰ, ਹੇ ਯਰੂਸ਼ਲਮ ਦੀਏ ਧੀਏ, ਸਾਰੇ ਦਿਲ ਨਾਲ ਬਾਗ ਬਾਗ ਹੋ! ਯਹੋਵਾਹ ਨੇ ਤੇਰੇ ਨਿਆਵਾਂ ਨੂੰ ਦੂਰ ਕੀਤਾ।” (ਸਫ਼ਨਯਾਹ 3:14, 15) ਇਸ ਸਮੇਂ ਕਿੰਨੀ ਖ਼ੁਸ਼ੀ ਹੋਣੀ ਸੀ! ਜਦੋਂ ਯਹੋਵਾਹ ਨੇ 537 ਸਾ.ਯੁ.ਪੂ. ਵਿਚ ਬਾਬਲ ਤੋਂ ਯਹੂਦੀਆਂ ਨੂੰ ਇਕੱਠਾ ਕੀਤਾ ਸੀ, ਤਾਂ ਇਹ ਉਨ੍ਹਾਂ ਲਈ ਇਕ ਸੁਫ਼ਨੇ ਵਾਂਗ ਸੀ!—ਜ਼ਬੂਰ 126:1.
3. ਯਸਾਯਾਹ ਦੇ 61ਵੇਂ ਅਧਿਆਇ ਦੀ ਭਵਿੱਖਬਾਣੀ ਦੀਆਂ ਕਿਹੜੀਆਂ ਪੂਰਤੀਆਂ ਹਨ?
3 ਯਸਾਯਾਹ ਦੇ 61ਵੇਂ ਅਧਿਆਇ ਵਿਚ ਯਹੂਦੀ ਬਕੀਏ ਦੀ ਵਾਪਸੀ ਬਾਰੇ ਭਵਿੱਖਬਾਣੀ ਕੀਤੀ ਗਈ ਸੀ। ਇਸ ਭਵਿੱਖਬਾਣੀ ਦੀ ਪਹਿਲੀ ਪੂਰਤੀ 537 ਸਾ.ਯੁ.ਪੂ. ਵਿਚ ਹੋਈ ਸੀ। ਪਰ ਬਾਅਦ ਵਿਚ ਇਸ ਦੀ ਵੱਡੀ ਪੂਰਤੀ ਵੀ ਹੋਣੀ ਸੀ। ਇਹ ਵੱਡੀ ਪੂਰਤੀ ਪਹਿਲੀ ਸਦੀ ਵਿਚ ਯਿਸੂ ਅਤੇ ਉਸ ਦੇ ਚੇਲਿਆਂ ਦੇ ਸੰਬੰਧ ਵਿਚ ਹੋਈ ਸੀ ਅਤੇ ਸਾਡੇ ਜ਼ਮਾਨੇ ਵਿਚ ਯਹੋਵਾਹ ਦੇ ਲੋਕਾਂ ਦੇ ਸੰਬੰਧ ਵਿਚ ਵੀ ਹੁੰਦੀ ਹੈ। ਤਾਂ ਫਿਰ ਇਹ ਸ਼ਬਦ ਸਾਡੇ ਲਈ ਵੀ ਮਹੱਤਵਪੂਰਣ ਹਨ।
‘ਮਨ ਭਾਉਂਦਾ ਵਰ੍ਹਾ’
4. ਯਸਾਯਾਹ 61:1 ਦੀ ਪਹਿਲੀ ਅਤੇ ਦੂਜੀ ਪੂਰਤੀ ਵਿਚ ਖ਼ੁਸ਼ ਖ਼ਬਰੀ ਦੱਸਣ ਦਾ ਕੰਮ ਕਿਸ ਨੂੰ ਸੌਂਪਿਆ ਗਿਆ ਸੀ?
4 ਯਸਾਯਾਹ ਨੇ ਲਿਖਿਆ: “ਪ੍ਰਭੁ ਯਹੋਵਾਹ ਦਾ ਆਤਮਾ ਮੇਰੇ ਉੱਤੇ ਹੈ, ਏਸ ਲਈ ਜੋ ਯਹੋਵਾਹ ਨੇ ਮੈਨੂੰ ਮਸਹ ਕੀਤਾ, ਭਈ ਗਰੀਬਾਂ ਨੂੰ ਖੁਸ਼ ਖਬਰੀ ਸੁਣਾਵਾਂ, ਓਸ ਮੈਨੂੰ ਘੱਲਿਆ ਹੈ, ਭਈ ਮੈਂ ਟੁੱਟੇ ਦਿਲ ਵਾਲਿਆਂ ਦੇ ਪੱਟੀ ਬੰਨ੍ਹਾਂ, ਅਤੇ ਬੰਧੂਆਂ ਨੂੰ ਛੁੱਟਣ ਦਾ ਅਤੇ ਅਸੀਰਾਂ ਨੂੰ ਖੁਲ੍ਹਣ ਦਾ ਪਰਚਾਰ ਕਰਾਂ।” (ਯਸਾਯਾਹ 61:1) ਖ਼ੁਸ਼ ਖ਼ਬਰੀ ਦੱਸਣ ਦਾ ਕੰਮ ਕਿਸ ਨੂੰ ਸੌਂਪਿਆ ਗਿਆ ਸੀ? ਸ਼ਾਇਦ ਯਸਾਯਾਹ ਨੂੰ ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਯਹੂਦੀਆਂ ਲਈ ਖ਼ੁਸ਼ ਖ਼ਬਰੀ ਲਿਖਣ ਲਈ ਪ੍ਰੇਰਿਆ ਸੀ ਜਿਨ੍ਹਾਂ ਨੇ ਬਾਬਲ ਵਿਚ ਗ਼ੁਲਾਮ ਹੋਣਾ ਸੀ। ਪਰ ਇਸ ਭਵਿੱਖਬਾਣੀ ਦੀ ਸਭ ਤੋਂ ਜ਼ਰੂਰੀ ਪੂਰਤੀ ਵਿਚ ਯਿਸੂ ਨੇ ਇਹ ਸ਼ਬਦ ਆਪਣੇ ਆਪ ਉੱਤੇ ਲਾਗੂ ਕੀਤੇ ਸਨ। (ਲੂਕਾ 4:16-21) ਜੀ ਹਾਂ, ਯਿਸੂ ਆਪਣੇ ਬਪਤਿਸਮੇ ਤੇ ਪਵਿੱਤਰ ਆਤਮਾ ਨਾਲ ਮਸਹ ਕੀਤਾ ਗਿਆ ਸੀ ਤਾਂਕਿ ਉਹ ਉਨ੍ਹਾਂ ਹਲੀਮ ਅਤੇ ਨਰਮ-ਦਿਲ ਲੋਕਾਂ ਨੂੰ ਖ਼ੁਸ਼ ਖ਼ਬਰੀ ਦੱਸ ਸਕੇ ਜੋ ਸੁਣਨਾ ਚਾਹੁੰਦੇ ਸਨ।—ਮੱਤੀ 3:16, 17.
5. ਕੁਝ 2,000 ਸਾਲਾਂ ਤੋਂ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੌਣ ਕਰਦੇ ਆਏ ਹਨ?
5 ਯਿਸੂ ਨੇ ਆਪਣੇ ਚੇਲਿਆਂ ਨੂੰ ਵੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨਾ ਸਿਖਾਇਆ ਸੀ। ਪੰਤੇਕੁਸਤ 33 ਸਾ.ਯੁ. ਨੂੰ ਯਿਸੂ ਦੇ 120 ਚੇਲੇ ਪਵਿੱਤਰ ਆਤਮਾ ਨਾਲ ਮਸਹ ਹੋ ਕੇ ਪਰਮੇਸ਼ੁਰ ਦੇ ਰੂਹਾਨੀ ਪੁੱਤਰ ਬਣੇ ਸਨ। (ਰਸੂਲਾਂ ਦੇ ਕਰਤੱਬ 2:1-4, 14-42; ਰੋਮੀਆਂ 8:14-16) ਉਨ੍ਹਾਂ ਨੂੰ ਵੀ ਖ਼ੁਸ਼ ਖ਼ਬਰੀ ਦੱਸਣ ਦਾ ਇਹ ਕੰਮ ਸੌਂਪਿਆ ਗਿਆ ਸੀ। ਇਹ 120 ਚੇਲੇ 1,44,000 ਲੋਕਾਂ ਵਿੱਚੋਂ ਪਹਿਲੇ ਸਨ ਜਿਨ੍ਹਾਂ ਨੂੰ ਇਸ ਤਰ੍ਹਾਂ ਮਸਹ ਕੀਤਾ ਗਿਆ ਸੀ। ਇਸ ਸਮੂਹ ਦੇ ਆਖ਼ਰੀ ਲੋਕ ਅੱਜ ਧਰਤੀ ਉੱਤੇ ਪ੍ਰਚਾਰ ਦਾ ਕੰਮ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਕੁਝ 2,000 ਸਾਲਾਂ ਤੋਂ ਯਿਸੂ ਦੇ ਮਸਹ ਕੀਤੇ ਹੋਏ ਚੇਲੇ ‘ਪਰਮੇਸ਼ੁਰ ਦੇ ਅੱਗੇ ਤੋਬਾ ਕਰਨ ਅਰ ਸਾਡੇ ਪ੍ਰਭੁ ਯਿਸੂ ਮਸੀਹ ਉੱਤੇ ਨਿਹਚਾ ਕਰਨ’ ਬਾਰੇ ਦੱਸਦੇ ਆਏ ਹਨ।—ਰਸੂਲਾਂ ਦੇ ਕਰਤੱਬ 20:21.
6. ਪੁਰਾਣੇ ਜ਼ਮਾਨੇ ਵਿਚ ਖ਼ੁਸ਼ ਖ਼ਬਰੀ ਸੁਣਨ ਤੋਂ ਕਿਨ੍ਹਾਂ ਨੂੰ ਰਾਹਤ ਮਿਲੀ ਸੀ ਅਤੇ ਅੱਜ ਬਾਰੇ ਕੀ ਕਿਹਾ ਜਾ ਸਕਦਾ ਹੈ?
6 ਯਸਾਯਾਹ ਦੀ ਇਸ ਭਵਿੱਖਬਾਣੀ ਨੇ ਬਾਬਲ ਵਿਚ ਤੋਬਾ ਕਰਨ ਵਾਲੇ ਯਹੂਦੀਆਂ ਨੂੰ ਰਾਹਤ ਦਿੱਤੀ ਸੀ। ਪਹਿਲੀ ਸਦੀ ਵਿਚ ਇਸ ਨੇ ਉਨ੍ਹਾਂ ਯਹੂਦੀਆਂ ਨੂੰ ਰਾਹਤ ਦਿੱਤੀ ਸੀ ਜਿਨ੍ਹਾਂ ਦੇ ਦਿਲ ਇਸਰਾਏਲ ਦੀ ਬੁਰਿਆਈ ਕਾਰਨ ਟੁੱਟੇ ਹੋਏ ਸਨ ਅਤੇ ਜੋ ਉਸ ਸਮੇਂ ਯਹੂਦੀ ਧਰਮ ਦੇ ਗ਼ਲਤ ਰੀਤਾਂ-ਰਿਵਾਜਾਂ ਦੇ ਗ਼ੁਲਾਮ ਸਨ। (ਮੱਤੀ 15:3-6) ਅੱਜ ਲੱਖਾਂ ਹੀ ਲੋਕ ਈਸਾਈ-ਜਗਤ ਦੇ ਰੀਤਾਂ-ਰਿਵਾਜਾਂ ਅਤੇ ਪਰਮੇਸ਼ੁਰ ਦਾ ਅਪਮਾਨ ਕਰਨ ਵਾਲੀਆਂ ਸਿੱਖਿਆਵਾਂ ਵਿਚ ਫਸੇ ਹੋਏ ਹਨ। ਉਹ ਉਸ ਦੇ ਘਿਣਾਉਣੇ ਕੰਮਾਂ ਕਾਰਨ “ਆਹਾਂ ਭਰਦੇ, ਅਤੇ ਰੋਂਦੇ ਹਨ।” (ਹਿਜ਼ਕੀਏਲ 9:4) ਖ਼ੁਸ਼ ਖ਼ਬਰੀ ਸਵੀਕਾਰ ਕਰਨ ਵਾਲੇ ਲੋਕ ਇਸ ਬੁਰੀ ਹਾਲਤ ਤੋਂ ਆਜ਼ਾਦ ਹੁੰਦੇ ਹਨ। (ਮੱਤੀ 9:35-38) ਉਨ੍ਹਾਂ ਦੀਆਂ ਅੱਖਾਂ ਪੂਰੀ ਤਰ੍ਹਾਂ ਖੁੱਲ੍ਹ ਜਾਂਦੀਆਂ ਹਨ ਜਦੋਂ ਉਹ ਯਹੋਵਾਹ ਦੀ ਭਗਤੀ “ਆਤਮਾ ਅਤੇ ਸਚਿਆਈ ਨਾਲ” ਕਰਨੀ ਸਿੱਖਦੇ ਹਨ।—ਯੂਹੰਨਾ 4:24.
7, 8. (ੳ) ਦੋ ‘ਮਨ ਭਾਉਂਦੇ ਵਰ੍ਹਿਆਂ’ ਦੇ ਸਮੇਂ ਬਾਰੇ ਦੱਸੋ। (ਅ) ਯਹੋਵਾਹ ਦੇ ‘ਬਦਲਾ ਲੈਣ ਦੇ ਦਿਨਾਂ’ ਬਾਰੇ ਦੱਸੋ।
7 ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਇਕ ਸਮਾਂ ਠਹਿਰਾਇਆ ਗਿਆ ਹੈ। ਯਿਸੂ ਅਤੇ ਉਸ ਦੇ ਚੇਲਿਆਂ ਨੂੰ ਇਹ ਕੰਮ ਸੌਂਪਿਆ ਗਿਆ ਸੀ ਕਿ ‘ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ, ਅਤੇ ਸਾਡੇ ਪਰਮੇਸ਼ੁਰ ਦੇ ਬਦਲਾ ਲੈਣ ਦੇ ਦਿਨ ਦਾ ਪਰਚਾਰ ਕਰੋ, ਅਤੇ ਸਾਰੇ ਸੋਗੀਆਂ ਨੂੰ ਦਿਲਾਸਾ ਦਿਓ।’ (ਯਸਾਯਾਹ 61:2) ਇਕ ਸਾਲ ਕਾਫ਼ੀ ਲੰਬਾ ਸਮਾਂ ਹੁੰਦਾ ਹੈ, ਪਰ ਉਸ ਦਾ ਸ਼ੁਰੂ ਅਤੇ ਅੰਤ ਹੁੰਦਾ ਹੈ। ਯਹੋਵਾਹ ਦਾ ‘ਮਨ ਭਾਉਂਦਾ ਵਰ੍ਹਾ’ ਉਹ ਸਮਾਂ ਹੈ ਜਿਸ ਵਿਚ ਲੋਕਾਂ ਨੂੰ ਉਸ ਦਾ ਆਜ਼ਾਦੀ ਦਾ ਐਲਾਨ ਸਵੀਕਾਰ ਕਰਨ ਦਾ ਮੌਕਾ ਮਿਲਦਾ ਹੈ।
8 ਪਹਿਲੀ ਸਦੀ ਵਿਚ ਯਹੂਦੀ ਕੌਮ ਲਈ ਮਨ ਭਾਉਂਦਾ ਵਰ੍ਹਾ 29 ਸਾ.ਯੁ. ਵਿਚ ਸ਼ੁਰੂ ਹੋਇਆ ਸੀ ਜਦੋਂ ਯਿਸੂ ਨੇ ਧਰਤੀ ਉੱਤੇ ਆਪਣੀ ਸੇਵਕਾਈ ਸ਼ੁਰੂ ਕੀਤੀ ਸੀ। ਉਸ ਨੇ ਯਹੂਦੀਆਂ ਨੂੰ ਕਿਹਾ: “ਤੋਬਾ ਕਰੋ ਕਿਉਂ ਜੋ ਸੁਰਗ ਦਾ ਰਾਜ ਨੇੜੇ ਆਇਆ ਹੈ।” (ਮੱਤੀ 4:17) ਇਹ ਮਨ ਭਾਉਂਦਾ ਵਰ੍ਹਾ ਯਹੋਵਾਹ ਦੇ “ਬਦਲਾ ਲੈਣ ਦੇ ਦਿਨ” ਤਕ ਚੱਲਦਾ ਰਿਹਾ ਜੋ 70 ਸਾ.ਯੁ. ਵਿਚ ਉਦੋਂ ਖ਼ਤਮ ਹੋਇਆ ਜਦੋਂ ਯਹੋਵਾਹ ਨੇ ਰੋਮੀ ਫ਼ੌਜਾਂ ਨੂੰ ਯਰੂਸ਼ਲਮ ਅਤੇ ਉਸ ਦੀ ਹੈਕਲ ਤਬਾਹ ਕਰਨ ਦਿੱਤੀ। (ਮੱਤੀ 24:3-22) ਅੱਜ ਅਸੀਂ ਇਕ ਹੋਰ ਮਨ ਭਾਉਂਦੇ ਵਰ੍ਹੇ ਵਿਚ ਜੀ ਰਹੇ ਹਾਂ। ਇਹ 1914 ਵਿਚ ਸ਼ੁਰੂ ਹੋਇਆ ਸੀ ਜਦੋਂ ਪਰਮੇਸ਼ੁਰ ਦਾ ਰਾਜ ਸਵਰਗ ਵਿਚ ਸਥਾਪਿਤ ਕੀਤਾ ਗਿਆ ਸੀ। ਇਹ ਮਨ ਭਾਉਂਦਾ ਵਰ੍ਹਾ ਵੀ ਇਕ ਬਦਲਾ ਲੈਣ ਦੇ ਦਿਨ ਨਾਲ ਖ਼ਤਮ ਹੋਵੇਗਾ ਜਦੋਂ ਯਹੋਵਾਹ ‘ਵੱਡੇ ਕਸ਼ਟ’ ਵਿਚ ਇਸ ਪੂਰੀ ਦੁਨੀਆਂ ਦਾ ਅੰਤ ਲਿਆਵੇਗਾ।—ਮੱਤੀ 24:21.
9. ਅੱਜ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ ਫ਼ਾਇਦਾ ਕੌਣ ਉਠਾਉਂਦੇ ਹਨ?
9 ਅੱਜ ਪਰਮੇਸ਼ੁਰ ਦੇ ਮਨ ਭਾਉਂਦੇ ਵਰ੍ਹੇ ਤੋਂ ਕੌਣ ਫ਼ਾਇਦਾ ਉਠਾਉਂਦੇ ਹਨ? ਉਹ ਜੋ ਖ਼ੁਸ਼ ਖ਼ਬਰੀ ਸਵੀਕਾਰ ਕਰ ਕੇ ਅਤੇ ਬਾਈਬਲ ਦੀ ਸਿੱਖਿਆ ਉੱਤੇ ਚੱਲ ਕੇ “ਸਾਰੀਆਂ ਕੌਮਾਂ ਦੇ ਅੱਗੇ” ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਵਿਚ ਹਿੱਸਾ ਲੈਂਦੇ ਹਨ। (ਮਰਕੁਸ 13:10) ਅਜਿਹੇ ਲੋਕਾਂ ਨੂੰ ਖ਼ੁਸ਼ ਖ਼ਬਰੀ ਤੋਂ ਬਹੁਤ ਦਿਲਾਸਾ ਮਿਲਦਾ ਹੈ। ਪਰ ਜਿਹੜੇ ਖ਼ੁਸ਼ ਖ਼ਬਰੀ ਰੱਦ ਕਰ ਕੇ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦਾ ਫ਼ਾਇਦਾ ਨਹੀਂ ਉਠਾਉਂਦੇ, ਉਨ੍ਹਾਂ ਨੂੰ ਬਹੁਤ ਜਲਦੀ ਉਸ ਦੇ ਬਦਲੇ ਦੇ ਦਿਨ ਦਾ ਸਾਮ੍ਹਣਾ ਕਰਨਾ ਪਵੇਗਾ।—2 ਥੱਸਲੁਨੀਕੀਆਂ 1:6-9.
ਪਰਮੇਸ਼ੁਰ ਦੀ ਵਡਿਆਈ ਕਰਨ ਵਾਲੇ ਵੱਡੇ ਕੰਮ
10. ਬਾਬਲ ਤੋਂ ਵਾਪਸ ਮੁੜਨ ਵਾਲੇ ਯਹੂਦੀਆਂ ਉੱਤੇ ਯਹੋਵਾਹ ਦੇ ਵੱਡੇ ਕੰਮ ਦਾ ਕੀ ਅਸਰ ਪਿਆ ਸੀ?
10 ਬਾਬਲ ਤੋਂ ਵਾਪਸ ਮੁੜਨ ਵਾਲੇ ਯਹੂਦੀ ਜਾਣਦੇ ਸਨ ਕਿ ਯਹੋਵਾਹ ਨੇ ਉਨ੍ਹਾਂ ਲਈ ਇਕ ਵੱਡਾ ਕੰਮ ਕੀਤਾ ਸੀ। ਗ਼ੁਲਾਮਾਂ ਵਜੋਂ ਉਨ੍ਹਾਂ ਦਾ ਸੋਗ ਖ਼ੁਸ਼ੀ ਵਿਚ ਬਦਲ ਗਿਆ ਸੀ ਅਤੇ ਉਨ੍ਹਾਂ ਨੇ ਯਹੋਵਾਹ ਦੀ ਵਡਿਆਈ ਕੀਤੀ ਕਿਉਂਕਿ ਉਹ ਬਹੁਤ ਚਿਰ ਬਾਅਦ ਆਜ਼ਾਦ ਕੀਤੇ ਗਏ ਸਨ। ਇਸ ਤਰ੍ਹਾਂ ਯਸਾਯਾਹ ਦੀ ਭਵਿੱਖਬਾਣੀ ਪੂਰੀ ਹੋਈ ਸੀ ਕਿਉਂਕਿ ਉਸ ਨੇ ਲਿਖਿਆ ਸੀ ਕਿ ਮੈਂ “ਸੀਯੋਨ ਦੇ ਸੋਗੀਆਂ ਲਈ ਏਹ ਕਰਾਂ,—ਓਹਨਾਂ ਨੂੰ ਸੁਆਹ ਦੇ ਥਾਂ ਸਿਹਰਾ, ਸੋਗ ਦੇ ਥਾਂ ਖੁਸ਼ੀ ਦਾ ਤੇਲ, ਨਿਮ੍ਹੇ ਆਤਮਾ ਦੇ ਥਾਂ ਉਸਤਤ ਦਾ ਸਰੋਪਾ ਬਖ਼ਸ਼ਾਂਗਾ, ਅਤੇ ਓਹ ਧਰਮ ਦੇ ਬਲੂਤ, ਯਹੋਵਾਹ ਦੇ ਲਾਏ ਹੋਏ ਸਦਾਉਣਗੇ, ਭਈ ਉਸ ਦੀ ਸਜਾਵਟ ਹੋਵੇ।”—ਯਸਾਯਾਹ 61:3.
11. ਪਹਿਲੀ ਸਦੀ ਵਿਚ ਕਿਨ੍ਹਾਂ ਕੋਲ ਯਹੋਵਾਹ ਦੀ ਵਡਿਆਈ ਕਰਨ ਦਾ ਚੰਗਾ ਕਾਰਨ ਸੀ?
11 ਪਹਿਲੀ ਸਦੀ ਵਿਚ ਜਿਨ੍ਹਾਂ ਯਹੂਦੀ ਲੋਕਾਂ ਨੇ ਝੂਠੇ ਧਰਮ ਦੀ ਗ਼ੁਲਾਮੀ ਤੋਂ ਛੁਟਕਾਰਾ ਸਵੀਕਾਰ ਕੀਤਾ ਸੀ ਉਨ੍ਹਾਂ ਨੇ ਵੀ ਪਰਮੇਸ਼ੁਰ ਦੇ ਇਸ ਵੱਡੇ ਕੰਮ ਲਈ ਉਸ ਦੀ ਵਡਿਆਈ ਕੀਤੀ ਸੀ। ਉਨ੍ਹਾਂ ਨੂੰ ਨਿਰਾਸ਼ਾ ਦੀ ਥਾਂ “ਉਸਤਤ ਦਾ ਸਰੋਪਾ,” ਯਾਨੀ ਖ਼ੁਸ਼ੀ ਦਾ ਕਾਰਨ ਬਖ਼ਸ਼ਿਆ ਗਿਆ ਸੀ ਜਦੋਂ ਉਹ ਉਸ ਕੌਮ ਤੋਂ ਛੁਡਾਏ ਗਏ ਸਨ ਜੋ ਰੂਹਾਨੀ ਤੌਰ ਤੇ ਮਰੀ ਹੋਈ ਸੀ। ਯਿਸੂ ਦੇ ਚੇਲਿਆਂ ਵਿਚ ਅਜਿਹੀ ਤਬਦੀਲੀ ਉਸ ਦੀ ਮੌਤ ਤੋਂ ਬਾਅਦ ਹੋਈ ਸੀ। ਉਸ ਸਮੇਂ ਉਨ੍ਹਾਂ ਦਾ ਸੋਗ ਖ਼ੁਸ਼ੀ ਵਿਚ ਬਦਲਿਆ ਜਦੋਂ ਯਿਸੂ ਨੇ ਆਪਣੇ ਜੀ ਉਠਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਪਵਿੱਤਰ ਆਤਮਾ ਨਾਲ ਮਸਹ ਕੀਤਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਅਜਿਹੀ ਤਬਦੀਲੀ ਉਨ੍ਹਾਂ 3,000 ਲੋਕਾਂ ਵਿਚ ਹੋਈ ਸੀ ਜਿਨ੍ਹਾਂ ਨੇ ਨਵੇਂ ਮਸਹ ਕੀਤੇ ਹੋਏ ਮਸੀਹੀਆਂ ਦਾ ਪ੍ਰਚਾਰ ਸਵੀਕਾਰ ਕਰ ਕੇ ਪੰਤੇਕੁਸਤ 33 ਸਾ.ਯੁ. ਨੂੰ ਬਪਤਿਸਮਾ ਲਿਆ ਸੀ। (ਰਸੂਲਾਂ ਦੇ ਕਰਤੱਬ 2:41) ਇਹ ਜਾਣ ਕੇ ਉਨ੍ਹਾਂ ਨੂੰ ਕਿੰਨੀ ਖ਼ੁਸ਼ੀ ਹੋਈ ਕਿ ਯਹੋਵਾਹ ਦੀ ਬਰਕਤ ਉਨ੍ਹਾਂ ਉੱਤੇ ਸੀ! ‘ਸੀਯੋਨ ਉੱਤੇ ਸੋਗ’ ਕਰਨ ਦੀ ਬਜਾਇ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲੀ ਅਤੇ ‘ਖੁਸ਼ੀ ਦੇ ਤੇਲ’ ਤੋਂ ਤਾਜ਼ਗੀ ਮਿਲੀ ਕਿਉਂਕਿ ਯਹੋਵਾਹ ਦੀ ਬਰਕਤ ਉਨ੍ਹਾਂ ਉੱਤੇ ਸੀ।—ਇਬਰਾਨੀਆਂ 1:9.
12, 13. (ੳ) ਸੰਨ 537 ਸਾ.ਯੁ.ਪੂ. ਵਿਚ ਵਾਪਸ ਮੁੜਨ ਵਾਲੇ ਯਹੂਦੀਆਂ ਵਿਚਕਾਰ “ਧਰਮ ਦੇ ਬਲੂਤ” ਕੌਣ ਸਨ? (ਅ) ਪੰਤੇਕੁਸਤ 33 ਸਾ.ਯੁ. ਤੋਂ ਲੈ ਕੇ “ਧਰਮ ਦੇ ਬਲੂਤ” ਕੌਣ ਬਣੇ ਹਨ?
12 ਯਹੋਵਾਹ ਨੇ ਆਪਣੇ ਲੋਕਾਂ ਲਈ “ਧਰਮ ਦੇ ਬਲੂਤ” ਲਾਏ ਸਨ। ਇਹ ਬਲੂਤ ਕੌਣ ਸਨ? ਸੰਨ 537 ਸਾ.ਯੁ.ਪੂ. ਤੋਂ ਬਾਅਦ ਇਹ ਉਹ ਲੋਕ ਸਨ ਜੋ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਅਤੇ ਉਸ ਉੱਤੇ ਮਨਨ ਕਰ ਕੇ ਯਹੋਵਾਹ ਦੇ ਧਰਮੀ ਮਿਆਰਾਂ ਉੱਤੇ ਚੱਲੇ ਸਨ। (ਜ਼ਬੂਰ 1:1-3; ਯਸਾਯਾਹ 44:2-4; ਯਿਰਮਿਯਾਹ 17:7, 8) ਅਜ਼ਰਾ, ਹੱਜਈ, ਜ਼ਕਰਯਾਹ, ਅਤੇ ਪ੍ਰਧਾਨ ਜਾਜਕ ਯਹੋਸ਼ੁਆ ਵਰਗੇ ਬੰਦੇ ਸ਼ਾਨਦਾਰ “ਬਲੂਤ” ਸਾਬਤ ਹੋਏ ਸਨ। ਉਹ ਸੱਚਾਈ ਲਈ ਦ੍ਰਿੜ੍ਹ ਅਤੇ ਕੌਮ ਵਿਚ ਰੂਹਾਨੀ ਅਸ਼ੁੱਧਤਾ ਦੇ ਵਿਰੁੱਧ ਸਨ।
13 ਪੰਤੇਕੁਸਤ 33 ਸਾ.ਯੁ. ਤੋਂ ਲੈ ਕੇ ਪਰਮੇਸ਼ੁਰ ਨੇ ਅਜਿਹੇ ਹੋਰ “ਧਰਮ ਦੇ ਬਲੂਤ” ਲਾਏ ਹਨ। ਇਹ ਬਲੂਤ ਉਸ ਦੀ ਰੂਹਾਨੀ ਕੌਮ, ਯਾਨੀ “ਪਰਮੇਸ਼ੁਰ ਦੇ ਇਸਰਾਏਲ” ਵਿਚ ਦਲੇਰ ਮਸਹ ਕੀਤੇ ਹੋਏ ਮਸੀਹੀ ਹਨ। (ਗਲਾਤੀਆਂ 6:16) ਸਦੀਆਂ ਦੌਰਾਨ ਇਨ੍ਹਾਂ ‘ਬਲੂਤਾਂ’ ਦੀ ਕੁੱਲ ਗਿਣਤੀ 1,44,000 ਹੋਈ ਹੈ ਅਤੇ ਇਹ ਧਰਮੀ ਫਲ ਪੈਦਾ ਕਰ ਕੇ ਯਹੋਵਾਹ ਪਰਮੇਸ਼ੁਰ ਨੂੰ ਸਜਾਉਂਦੇ ਹਨ, ਮਤਲਬ ਕਿ ਉਸ ਦੀ ਵਡਿਆਈ ਕਰਦੇ ਹਨ। (ਪਰਕਾਸ਼ ਦੀ ਪੋਥੀ 14:3) ਇਨ੍ਹਾਂ ਸ਼ਾਨਦਾਰ ‘ਬਲੂਤਾਂ’ ਦੇ ਆਖ਼ਰੀ ਮੈਂਬਰ 1919 ਤੋਂ ਵਧੇ-ਫੁੱਲੇ ਹਨ ਜਦੋਂ ਯਹੋਵਾਹ ਨੇ ਆਪਣੇ ਇਸਰਾਏਲ ਦੇ ਬਕੀਏ ਨੂੰ ਉਸ ਦੀ ਸੇਵਾ ਕਰਨ ਲਈ ਫਿਰ ਤੋਂ ਤਾਕਤ ਬਖ਼ਸ਼ੀ ਸੀ। ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਨੂੰ ਬਹੁਤ ਸਾਰਾ ਰੂਹਾਨੀ ਪਾਣੀ ਦਿੱਤਾ ਹੈ ਅਤੇ ਇਸ ਤਰ੍ਹਾਂ ਧਰਮੀ ਤੇ ਫਲਦਾਰ ਦਰਖ਼ਤਾਂ ਦਾ ਬਣ ਪੈਦਾ ਕੀਤਾ ਹੈ।—ਯਸਾਯਾਹ 27:6.
14, 15. ਸੰਨ 537 ਸਾ.ਯੁ.ਪੂ., 33 ਸਾ.ਯੁ., ਅਤੇ 1919 ਵਿਚ ਯਹੋਵਾਹ ਦੇ ਛੁਡਾਏ ਗਏ ਸੇਵਕਾਂ ਨੇ ਉਸਾਰੀ ਦੇ ਕਿਹੜੇ ਕੰਮ ਸ਼ੁਰੂ ਕੀਤੇ ਸਨ?
14 ਇਨ੍ਹਾਂ ‘ਬਲੂਤਾਂ’ ਦੇ ਕੰਮ ਬਾਰੇ ਦੱਸਦੇ ਹੋਏ ਯਸਾਯਾਹ ਨੇ ਅੱਗੇ ਕਿਹਾ: “ਓਹ ਪਰਾਚੀਨ ਬਰਬਾਦੀਆਂ ਨੂੰ ਬਣਾਉਣਗੇ, ਓਹ ਪਹਿਲੇ ਵਿਰਾਨਿਆਂ ਨੂੰ ਉਸਾਰਨਗੇ, ਓਹ ਬਰਬਾਦ ਸ਼ਹਿਰਾਂ ਨੂੰ, ਅਤੇ ਬਹੁਤ ਪੀੜ੍ਹੀਆਂ ਦਿਆਂ ਵਿਰਾਨਿਆਂ ਨੂੰ ਮਰੰਮਤ ਕਰਨਗੇ।” (ਯਸਾਯਾਹ 61:4) ਫ਼ਾਰਸ ਦੇ ਰਾਜਾ ਖੋਰਸ ਦੇ ਫ਼ਰਮਾਨ ਅਨੁਸਾਰ ਬਾਬਲ ਤੋਂ ਮੁੜਨ ਵਾਲੇ ਵਫ਼ਾਦਾਰ ਯਹੂਦੀਆਂ ਨੇ ਯਰੂਸ਼ਲਮ ਅਤੇ ਉਸ ਦੀ ਹੈਕਲ ਨੂੰ ਦੁਬਾਰਾ ਬਣਾਇਆ, ਜੋ ਬਹੁਤ ਸਾਲਾਂ ਲਈ ਵਿਰਾਨ ਪਏ ਸਨ। ਸੰਨ 33 ਅਤੇ 1919 ਤੋਂ ਬਾਅਦ ਵੀ ਉਸਾਰੀ ਦੇ ਕੰਮ ਕੀਤੇ ਗਏ ਸਨ।
15 ਸੰਨ 33 ਵਿਚ ਯਿਸੂ ਦੇ ਚੇਲੇ ਉਸ ਦੀ ਗਿਰਫ਼ਤਾਰੀ, ਮੁਕੱਦਮੇ, ਅਤੇ ਮੌਤ ਕਾਰਨ ਬਹੁਤ ਉਦਾਸ ਸਨ। (ਮੱਤੀ 26:31) ਪਰ ਉਨ੍ਹਾਂ ਨੂੰ ਯਿਸੂ ਨੂੰ ਜੀ ਉੱਠੇ ਦੇਖ ਕੇ ਉਮੀਦ ਮਿਲੀ। ਅਤੇ ਜਦੋਂ ਉਨ੍ਹਾਂ ਉੱਤੇ ਪਵਿੱਤਰ ਆਤਮਾ ਵਹਾਈ ਗਈ ਸੀ, ਤਾਂ ਉਹ “ਯਰੂਸ਼ਲਮ ਅਰ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਬੰਨੇ ਤੀਕੁਰ” ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਿਚ ਰੁੱਝ ਗਏ ਸਨ। (ਰਸੂਲਾਂ ਦੇ ਕਰਤੱਬ 1:8) ਇਸ ਤਰ੍ਹਾਂ ਉਨ੍ਹਾਂ ਨੇ ਸੱਚੀ ਭਗਤੀ ਦੁਬਾਰਾ ਕਰਨੀ ਸ਼ੁਰੂ ਕੀਤੀ ਸੀ। ਇਸੇ ਤਰ੍ਹਾਂ 1919 ਤੋਂ ਲੈ ਕੇ ਯਿਸੂ ਮਸੀਹ ਨੇ ਆਪਣੇ ਮਸਹ ਕੀਤੇ ਹੋਏ ਭਰਾਵਾਂ ਦੇ ਬਕੀਏ ਰਾਹੀਂ “ਬਹੁਤ ਪੀੜ੍ਹੀਆਂ ਦਿਆਂ ਵਿਰਾਨਿਆਂ” ਦੀ ਮੁਰੰਮਤ ਕੀਤੀ। ਸਦੀਆਂ ਲਈ ਈਸਾਈ-ਜਗਤ ਦੇ ਪਾਦਰੀਆਂ ਨੇ ਯਹੋਵਾਹ ਦਾ ਗਿਆਨ ਦੇਣ ਦੀ ਬਜਾਇ ਬੰਦਿਆਂ ਦੀਆਂ ਬਣਾਈਆਂ ਗਈਆਂ ਰੀਤਾਂ ਅਤੇ ਉਹ ਸਿਧਾਂਤ ਸਿਖਾਏ ਹਨ ਜੋ ਬਾਈਬਲ ਦੇ ਖ਼ਿਲਾਫ਼ ਸਨ। ਮਸਹ ਕੀਤੇ ਹੋਏ ਮਸੀਹੀਆਂ ਨੇ ਆਪਣੀਆਂ ਕਲੀਸਿਯਾਵਾਂ ਵਿੱਚੋਂ ਝੂਠੇ ਧਰਮ ਨਾਲ ਸੰਬੰਧ ਰੱਖਣ ਵਾਲੀਆਂ ਰੀਤਾਂ ਨੂੰ ਛੱਡ ਦਿੱਤਾ ਤਾਂਕਿ ਸੱਚੀ ਭਗਤੀ ਅੱਗੇ ਵੱਧ ਸਕੇ। ਉਨ੍ਹਾਂ ਨੇ ਗਵਾਹੀ ਦੇਣ ਦਾ ਉਹ ਕੰਮ ਸ਼ੁਰੂ ਕੀਤਾ ਜੋ ਹੁਣ ਸਾਰੀ ਦੁਨੀਆਂ ਵਿਚ ਕੀਤਾ ਜਾ ਰਿਹਾ ਹੈ।—ਮਰਕੁਸ 13:10.
16. ਮਸਹ ਕੀਤੇ ਹੋਏ ਮਸੀਹੀਆਂ ਦੀ ਕੌਣ ਮਦਦ ਕਰਦੇ ਹਨ, ਅਤੇ ਉਨ੍ਹਾਂ ਨੂੰ ਕਿਹੜੇ ਕੰਮ ਸੌਂਪੇ ਗਏ ਹਨ?
16 ਗਵਾਈ ਦੇਣ ਦਾ ਇਹ ਕੰਮ ਬਹੁਤ ਵੱਡਾ ਸੀ। ਪਰਮੇਸ਼ੁਰ ਦੇ ਇਸਰਾਏਲ ਦੇ ਥੋੜ੍ਹੇ ਜਿਹੇ ਮੈਂਬਰ ਇਹ ਕੰਮ ਕਿਵੇਂ ਕਰ ਸਕਦੇ ਸਨ? ਯਸਾਯਾਹ ਰਾਹੀਂ ਯਹੋਵਾਹ ਨੇ ਕਿਹਾ: “ਪਰਦੇਸੀ ਆ ਖੜੇ ਹੋਣਗੇ ਅਤੇ ਤੁਹਾਡੇ ਇੱਜੜਾਂ ਨੂੰ ਚਾਰਨਗੇ, ਓਪਰੇ ਤੁਹਾਡੇ ਹਾਲੀ ਤੇ ਮਾਲੀ ਹੋਣਗੇ।” (ਯਸਾਯਾਹ 61:5) ਇਹ ਪਰਦੇਸੀ ਅਤੇ ਓਪਰੇ ਯਿਸੂ ਦੀਆਂ ‘ਹੋਰ ਭੇਡਾਂ’ ਦੀ “ਵੱਡੀ ਭੀੜ” ਸਾਬਤ ਹੋਏ ਹਨ।a (ਯੂਹੰਨਾ 10:11, 16; ਪਰਕਾਸ਼ ਦੀ ਪੋਥੀ 7:9) ਇਹ ਲੋਕ ਸਵਰਗ ਨੂੰ ਜਾਣ ਲਈ ਪਵਿੱਤਰ ਆਤਮਾ ਨਾਲ ਮਸਹ ਨਹੀਂ ਕੀਤੇ ਗਏ ਹਨ। ਸਗੋਂ ਇਹ ਫਿਰਦੌਸ ਵਰਗੀ ਧਰਤੀ ਉੱਤੇ ਹਮੇਸ਼ਾ ਲਈ ਰਹਿਣ ਦੀ ਉਮੀਦ ਰੱਖਦੇ ਹਨ। (ਪਰਕਾਸ਼ ਦੀ ਪੋਥੀ 21:3, 4) ਫਿਰ ਵੀ ਇਹ ਯਹੋਵਾਹ ਨੂੰ ਪ੍ਰੇਮ ਕਰਦੇ ਹਨ ਅਤੇ ਇਨ੍ਹਾਂ ਨੂੰ ਭੇਡਾਂ ਚਾਰਨ, ਖੇਤੀ-ਬਾੜੀ ਕਰਨ, ਅਤੇ ਅੰਗੂਰਾਂ ਦੇ ਬਾਗ਼ ਦੇ ਮਾਲੀ ਹੋਣ ਦੇ ਰੂਹਾਨੀ ਕੰਮ ਸੌਂਪੇ ਗਏ ਹਨ। ਅਜਿਹੇ ਕੰਮ ਛੋਟੇ-ਮੋਟੇ ਕੰਮ ਨਹੀਂ ਹਨ। ਪਰਮੇਸ਼ੁਰ ਦੇ ਇਸਰਾਏਲ ਦੀ ਅਗਵਾਈ ਅਧੀਨ ਇਹ ਕਾਮੇ ਲੋਕਾਂ ਦੀ ਦੇਖ-ਭਾਲ ਕਰਦੇ ਹਨ ਅਤੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਸੰਗਠਨ ਵਿਚ ਇਕੱਠਾ ਕਰਦੇ ਹਨ।—ਲੂਕਾ 10:2; ਰਸੂਲਾਂ ਦੇ ਕਰਤੱਬ 20:28; 1 ਪਤਰਸ 5:2; ਪਰਕਾਸ਼ ਦੀ ਪੋਥੀ 14:15, 16.
17. (ੳ) ਪਰਮੇਸ਼ੁਰ ਦੇ ਇਸਰਾਏਲ ਨੂੰ ਕੀ ਸੱਦਿਆ ਗਿਆ ਹੈ? (ਅ) ਪਾਪਾਂ ਦੀ ਮਾਫ਼ੀ ਲਈ ਅੱਜ ਸਿਰਫ਼ ਕਿਹੜੇ ਬਲੀਦਾਨ ਦੀ ਜ਼ਰੂਰਤ ਹੈ?
17 ਪਰਮੇਸ਼ੁਰ ਦੇ ਇਸਰਾਏਲ ਬਾਰੇ ਕੀ? ਯਹੋਵਾਹ ਨੇ ਯਸਾਯਾਹ ਰਾਹੀਂ ਉਨ੍ਹਾਂ ਨੂੰ ਕਿਹਾ: “ਤੁਸੀਂ ਯਹੋਵਾਹ ਦੇ ਜਾਜਕ ਕਹਾਓਗੇ, ਲੋਕ ਤੁਹਾਨੂੰ ਸਾਡੇ ਪਰਮੇਸ਼ੁਰ ਦੇ ਸੇਵਾਦਾਰ ਆਖਣਗੇ, ਤੁਸੀਂ ਕੌਮਾਂ ਦਾ ਧਨ ਖਾਓਗੇ, ਅਤੇ ਓਹਨਾਂ ਦੇ ਮਾਲ ਮਤੇ ਉੱਤੇ ਅਭਮਾਨ ਕਰੋਗੇ।” (ਯਸਾਯਾਹ 61:6) ਪ੍ਰਾਚੀਨ ਇਸਰਾਏਲ ਵਿਚ ਯਹੋਵਾਹ ਨੇ ਜਾਜਕਾਂ ਅਤੇ ਬਾਕੀ ਇਸਰਾਏਲੀਆਂ ਲਈ ਬਲੀਦਾਨ ਚੜ੍ਹਾਉਣ ਲਈ ਲੇਵੀਆਂ ਦੀ ਜਾਜਕਾਈ ਦਾ ਪ੍ਰਬੰਧ ਕੀਤਾ ਸੀ। ਪਰ 33 ਸਾ.ਯੁ. ਵਿਚ ਯਹੋਵਾਹ ਨੇ ਇਸ ਜਾਜਕਾਈ ਦੀ ਥਾਂ ਇਕ ਬਿਹਤਰ ਇੰਤਜ਼ਾਮ ਕੀਤਾ ਸੀ। ਉਸ ਨੇ ਮਨੁੱਖਜਾਤੀ ਦੇ ਪਾਪਾਂ ਲਈ ਯਿਸੂ ਦੀ ਸੰਪੂਰਣ ਜਾਨ ਦਾ ਬਲੀਦਾਨ ਸਵੀਕਾਰ ਕੀਤਾ। ਉਸ ਸਮੇਂ ਤੋਂ ਹੋਰ ਕਿਸੇ ਬਲੀਦਾਨ ਦੀ ਜ਼ਰੂਰਤ ਨਹੀਂ ਪਈ। ਯਿਸੂ ਦਾ ਬਲੀਦਾਨ ਹਮੇਸ਼ਾ ਲਈ ਹੈ।—ਯੂਹੰਨਾ 14:6; ਕੁਲੁੱਸੀਆਂ 2:13, 14; ਇਬਰਾਨੀਆਂ 9:11-14, 24.
18. ਪਰਮੇਸ਼ੁਰ ਦਾ ਇਸਰਾਏਲ ਜਾਜਕਾਂ ਦੀ ਕਿਹੋ ਜਿਹੀ ਮੰਡਲੀ ਬਣਦੇ ਹਨ ਅਤੇ ਉਨ੍ਹਾਂ ਨੂੰ ਕਿਹੜਾ ਕੰਮ ਦਿੱਤਾ ਗਿਆ ਹੈ?
18 ਤਾਂ ਫਿਰ ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰ “ਯਹੋਵਾਹ ਦੇ ਜਾਜਕ” ਕਿਵੇਂ ਹਨ? ਪਤਰਸ ਰਸੂਲ ਨੇ ਆਪਣੇ ਸੰਗੀ ਮਸਹ ਕੀਤੇ ਹੋਏ ਮਸੀਹੀਆਂ ਨੂੰ ਲਿਖਦੇ ਸਮੇਂ ਕਿਹਾ: “ਪਰ ਤੁਸੀਂ ਚੁਣਿਆ ਹੋਇਆ ਵੰਸ, ਜਾਜਕਾਂ ਦੀ ਸ਼ਾਹੀ ਮੰਡਲੀ, ਪਵਿੱਤਰ ਕੌਮ, ਪਰਮੇਸ਼ੁਰ ਦੀ ਖਾਸ ਪਰਜਾ ਹੋ ਭਈ ਤੁਸੀਂ ਉਹ ਦਿਆਂ ਗੁਣਾਂ ਦਾ ਪਰਚਾਰ ਕਰੋ ਜਿਹ ਨੇ ਤੁਹਾਨੂੰ ਅਨ੍ਹੇਰੇ ਤੋਂ ਆਪਣੇ ਅਚਰਜ ਚਾਨਣ ਵਿੱਚ ਸੱਦ ਲਿਆ।” (1 ਪਤਰਸ 2:9) ਇਸ ਲਈ ਇਕ ਸਮੂਹ ਵਜੋਂ ਮਸਹ ਕੀਤੇ ਹੋਏ ਮਸੀਹੀ ਜਾਜਕਾਂ ਦੀ ਮੰਡਲੀ ਬਣਦੇ ਹਨ ਅਤੇ ਉਨ੍ਹਾਂ ਨੂੰ ਇਕ ਖ਼ਾਸ ਕੰਮ ਦਿੱਤਾ ਗਿਆ ਹੈ ਕਿ ਉਹ ਲੋਕਾਂ ਨੂੰ ਯਹੋਵਾਹ ਦੀ ਮਹਿਮਾ ਬਾਰੇ ਦੱਸਣ। ਉਹ ਉਸ ਦੇ ਗਵਾਹ ਹਨ। (ਯਸਾਯਾਹ 43:10-12) ਅੰਤਿਮ ਦਿਨਾਂ ਦੌਰਾਨ ਮਸਹ ਕੀਤੇ ਹੋਏ ਮਸੀਹੀਆਂ ਨੇ ਵਫ਼ਾਦਾਰੀ ਨਾਲ ਇਹ ਖ਼ਾਸ ਕੰਮ ਕੀਤਾ ਹੈ। ਨਤੀਜੇ ਵਜੋਂ, ਲੱਖਾਂ ਹੀ ਲੋਕ ਉਨ੍ਹਾਂ ਦੇ ਨਾਲ-ਨਾਲ ਯਹੋਵਾਹ ਦੇ ਰਾਜ ਦੀ ਗਵਾਹੀ ਦੇਣ ਦੇ ਕੰਮ ਵਿਚ ਹਿੱਸਾ ਲੈ ਰਹੇ ਹਨ।
19. ਮਸਹ ਕੀਤੇ ਹੋਏ ਮਸੀਹੀਆਂ ਨੂੰ ਕਿਹੜੀ ਸੇਵਾ ਕਰਨ ਦਾ ਸਨਮਾਨ ਦਿੱਤਾ ਜਾਵੇਗਾ?
19 ਇਸ ਤੋਂ ਇਲਾਵਾ ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰਾਂ ਕੋਲ ਇਕ ਹੋਰ ਤਰੀਕੇ ਵਿਚ ਵੀ ਜਾਜਕ ਬਣਨ ਦੀ ਉਮੀਦ ਹੈ। ਉਨ੍ਹਾਂ ਦੀ ਮੌਤ ਤੋਂ ਬਾਅਦ ਉਹ ਸਵਰਗ ਵਿਚ ਅਮਰ ਆਤਮਿਕ ਜੀਵਨ ਲਈ ਜੀ ਉਠਾਏ ਜਾਂਦੇ ਹਨ। ਉਹ ਯਿਸੂ ਦੇ ਰਾਜ ਵਿਚ ਉਸ ਨਾਲ ਸਿਰਫ਼ ਰਾਜੇ ਹੀ ਨਹੀਂ ਬਣਦੇ ਪਰ ਪਰਮੇਸ਼ੁਰ ਦੇ ਜਾਜਕ ਵੀ ਬਣਦੇ ਹਨ। (ਪਰਕਾਸ਼ ਦੀ ਪੋਥੀ 5:10; 20:6) ਜਾਜਕਾਂ ਵਜੋਂ ਉਨ੍ਹਾਂ ਨੂੰ ਯਿਸੂ ਮਸੀਹ ਦੇ ਬਲੀਦਾਨ ਦੇ ਲਾਭ ਧਰਤੀ ਉੱਤੇ ਵਫ਼ਾਦਾਰ ਮਨੁੱਖਜਾਤੀ ਉੱਤੇ ਲਾਗੂ ਕਰਨ ਦਾ ਸਨਮਾਨ ਮਿਲੇਗਾ। ਪਰਕਾਸ਼ ਦੀ ਪੋਥੀ ਦੇ 22ਵੇਂ ਅਧਿਆਇ ਵਿਚ ਯੂਹੰਨਾ ਰਸੂਲ ਦੇ ਦਰਸ਼ਨ ਵਿਚ ਉਨ੍ਹਾਂ ਨੂੰ “ਬਿਰਛ” ਸੱਦਿਆ ਗਿਆ ਹੈ। ਸਵਰਗ ਵਿਚ 1,44,000 “ਬਿਰਛ” ਦੇਖੇ ਗਏ ਸਨ ਜਿਨ੍ਹਾਂ ਨੂੰ ‘ਬਾਰਾਂ ਪਰਕਾਰ ਦੇ ਫਲ ਲੱਗਦੇ ਹਨ ਅਤੇ ਓਹ ਆਪਣਾ ਫਲ ਮਹੀਨਾ ਮਹੀਨਾ ਦਿੰਦੇ ਹਨ ਅਤੇ ਉਨ੍ਹਾਂ ਬਿਰਛਾਂ ਦੇ ਪੱਤੇ ਕੌਮਾਂ ਦੇ ਇਲਾਜ ਦੇ ਲਈ ਹਨ।’ (ਪਰਕਾਸ਼ ਦੀ ਪੋਥੀ 22:1, 2) ਜਾਜਕਾਂ ਵਜੋਂ ਇਹ ਸੇਵਾ ਕਿੰਨੀ ਵਧੀਆ ਹੈ!
ਬਦਨਾਮੀ ਤੋਂ ਬਾਅਦ ਖ਼ੁਸ਼ੀ
20. ਵਿਰੋਧਤਾ ਦੇ ਬਾਵਜੂਦ ਜਾਜਕਾਂ ਦੀ ਸ਼ਾਹੀ ਮੰਡਲੀ ਨੂੰ ਕਿਸ ਬਰਕਤ ਦੀ ਉਮੀਦ ਹੈ?
20 ਸੰਨ 1914 ਵਿਚ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦੇ ਸ਼ੁਰੂ ਹੋਣ ਤੋਂ ਜਾਜਕਾਂ ਦੀ ਸ਼ਾਹੀ ਮੰਡਲੀ ਨੂੰ ਈਸਾਈ-ਜਗਤ ਦੇ ਪਾਦਰੀਆਂ ਤੋਂ ਸਿਰਫ਼ ਵਿਰੋਧਤਾ ਮਿਲੀ ਹੈ। (ਪਰਕਾਸ਼ ਦੀ ਪੋਥੀ 12:17) ਫਿਰ ਵੀ ਉਨ੍ਹਾਂ ਦੇ ਸਾਰੇ ਜਤਨਾਂ ਦੇ ਬਾਵਜੂਦ ਉਹ ਖ਼ੁਸ਼ ਖ਼ਬਰੀ ਦਾ ਪ੍ਰਚਾਰ ਰੋਕ ਨਹੀਂ ਸਕੇ ਹਨ। ਯਸਾਯਾਹ ਦੀ ਭਵਿੱਖਬਾਣੀ ਵਿਚ ਇਸ ਬਾਰੇ ਦੱਸਿਆ ਗਿਆ ਸੀ: “ਤੁਹਾਡੀ ਲਾਜ ਦੇ ਥਾਂ, ਦੁਗਣਾ, ਬੇਪਤੀ ਦੇ ਥਾਂ ਓਹ ਆਪਣੇ ਹਿੱਸੇ ਵਿੱਚ ਮੌਜ ਮਾਨਣਗੇ, ਏਸ ਲਈ ਓਹ ਆਪਣੇ ਦੇਸ ਵਿੱਚ ਦੁਗਣੇ ਉੱਤੇ ਕਬਜ਼ਾ ਕਰਨਗੇ, ਓਹਨਾਂ ਨੂੰ ਸਦੀਪਕ ਅਨੰਦ ਹੋਵੇਗਾ।”—ਯਸਾਯਾਹ 61:7.
21. ਮਸਹ ਕੀਤੇ ਹੋਏ ਮਸੀਹੀਆਂ ਨੂੰ ਦੁਗਣੀਆਂ ਬਰਕਤਾਂ ਕਿਵੇਂ ਮਿਲੀਆਂ ਸਨ?
21 ਪਹਿਲੇ ਵਿਸ਼ਵ ਯੁੱਧ ਦੌਰਾਨ ਮਸਹ ਕੀਤੇ ਹੋਏ ਬਕੀਏ ਨੇ ਕੌਮਪਰਸਤ ਈਸਾਈ-ਜਗਤ ਦੇ ਹੱਥੀਂ ਬਦਨਾਮੀ ਸਹੀ ਸੀ। ਕਈ ਪਾਦਰੀ ਉਨ੍ਹਾਂ ਵਿੱਚੋਂ ਸਨ ਜਿਨ੍ਹਾਂ ਨੇ ਬਰੁਕਲਿਨ ਦੇ ਮੁੱਖ ਦਫ਼ਤਰ ਦੇ ਅੱਠ ਵਫ਼ਾਦਾਰ ਭਰਾਵਾਂ ਉੱਤੇ ਵਿਦਰੋਹ ਦਾ ਝੂਠਾ ਇਲਜ਼ਾਮ ਲਾਇਆ ਸੀ। ਇਹ ਭਰਾ ਬੇਇਨਸਾਫ਼ੀ ਨਾਲ ਨੌਂ ਮਹੀਨਿਆਂ ਲਈ ਕੈਦ ਕੀਤੇ ਗਏ ਸਨ। ਪਰ 1919 ਦੀ ਬਸੰਤ ਵਿਚ ਉਹ ਰਿਹਾ ਕੀਤੇ ਗਏ ਸਨ ਅਤੇ ਬਾਅਦ ਵਿਚ ਉਨ੍ਹਾਂ ਨੂੰ ਸਾਰੇ ਇਲਜ਼ਾਮਾਂ ਤੋਂ ਨਿਰਦੋਸ਼ ਠਹਿਰਾਇਆ ਗਿਆ ਸੀ। ਇਸ ਤਰ੍ਹਾਂ ਪ੍ਰਚਾਰ ਦਾ ਕੰਮ ਰੋਕਣ ਦੀ ਜੁਗਤ ਦਾ ਉਲਟਾ ਅਸਰ ਪਿਆ। ਯਹੋਵਾਹ ਨੇ ਆਪਣੇ ਲੋਕਾਂ ਨੂੰ ਹਮੇਸ਼ਾ ਲਈ ਬਦਨਾਮ ਨਹੀਂ ਰਹਿਣ ਦਿੱਤਾ ਪਰ ਉਨ੍ਹਾਂ ਨੂੰ ਆਜ਼ਾਦੀ ਦਿਵਾ ਕੇ ਉਨ੍ਹਾਂ ਦੇ ਰੂਹਾਨੀ “ਦੇਸ” ਵਿਚ ਦੁਬਾਰਾ ਰੱਖਿਆ। ਉੱਥੇ ਉਨ੍ਹਾਂ ਨੂੰ ਦੁਗਣੀਆਂ ਬਰਕਤਾਂ ਮਿਲੀਆਂ। ਯਹੋਵਾਹ ਦੀ ਬਰਕਤ ਪਾ ਕੇ ਉਹ ਇੰਨੇ ਖ਼ੁਸ਼ ਹੋਏ ਕਿ ਜੋ ਕੁਝ ਉਨ੍ਹਾਂ ਨੂੰ ਸਹਿਣਾ ਪਿਆ ਸੀ ਉਹ ਮਾਮੂਲੀ ਗੱਲ ਲੱਗਦੀ ਸੀ!
22, 23. ਮਸਹ ਕੀਤੇ ਹੋਏ ਮਸੀਹੀਆਂ ਨੇ ਯਹੋਵਾਹ ਦੀ ਰੀਸ ਕਿਵੇਂ ਕੀਤੀ ਹੈ, ਅਤੇ ਉਸ ਨੇ ਉਨ੍ਹਾਂ ਨੂੰ ਕਿਹੜਾ ਇਨਾਮ ਦਿੱਤਾ ਹੈ?
22 ਯਹੋਵਾਹ ਦੀ ਅਗਲੀ ਗੱਲ ਅੱਜ ਮਸੀਹੀਆਂ ਨੂੰ ਖ਼ੁਸ਼ੀ ਦਾ ਕਾਰਨ ਦਿੰਦੀ ਹੈ: “ਮੈਂ ਯਹੋਵਾਹ ਇਨਸਾਫ਼ ਨੂੰ ਤਾਂ ਪਿਆਰ ਕਰਦਾ ਹਾਂ, ਲੁੱਟ ਤੋਂ ਬੁਰਿਆਈ ਸਣੇ ਘਿਣ ਕਰਦਾ ਹਾਂ, ਮੈਂ ਓਹਨਾਂ ਨੂੰ ਸਚਿਆਈ ਨਾਲ ਓਹਨਾਂ ਦਾ ਵੱਟਾ ਦਿਆਂਗਾ, ਮੈਂ ਓਹਨਾਂ ਦੇ ਨਾਲ ਇੱਕ ਅਨੰਤ ਨੇਮ ਬੰਨ੍ਹਾਂਗਾ।” (ਯਸਾਯਾਹ 61:8) ਬਾਈਬਲ ਦੀ ਸਟੱਡੀ ਕਰ ਕੇ ਮਸਹ ਕੀਤੇ ਹੋਏ ਬਕੀਏ ਨੇ ਇਨਸਾਫ਼ ਨਾਲ ਪਿਆਰ ਕਰਨਾ ਅਤੇ ਬੁਰਿਆਈ ਨਾਲ ਘਿਣ ਕਰਨੀ ਸਿੱਖੀ ਹੈ। (ਕਹਾਉਤਾਂ 6:12-19; 11:20) ਉਨ੍ਹਾਂ ਨੇ ‘ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਫਾਲੇ ਬਣਾਉਣੇ’ ਸਿੱਖੇ ਹਨ ਮਤਲਬ ਕਿ ਇਨਸਾਨਾਂ ਦੀਆਂ ਲੜਾਈਆਂ ਅਤੇ ਰਾਜਨੀਤਿਕ ਝਗੜਿਆਂ ਵਿਚ ਨਿਰਪੱਖ ਹੋਣਾ ਸਿੱਖਿਆ ਹੈ। (ਯਸਾਯਾਹ 2:4) ਉਨ੍ਹਾਂ ਨੇ ਤੁਹਮਤ ਲਾਉਣ, ਜ਼ਨਾਕਾਰੀ, ਚੋਰੀ, ਅਤੇ ਸ਼ਰਾਬੀ ਹੋਣ ਵਰਗੇ ਬੁਰੇ ਕੰਮ ਵੀ ਛੱਡ ਦਿੱਤੇ ਹਨ ਜੋ ਪਰਮੇਸ਼ੁਰ ਦਾ ਅਪਮਾਨ ਕਰਦੇ ਹਨ।—ਗਲਾਤੀਆਂ 5:19-21.
23 ਮਸਹ ਕੀਤੇ ਹੋਏ ਮਸੀਹੀ ਆਪਣੇ ਸਿਰਜਣਹਾਰ ਵਾਂਗ ਇਨਸਾਫ਼ ਨਾਲ ਪਿਆਰ ਕਰਦੇ ਹਨ, ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ “ਸਚਿਆਈ ਨਾਲ ਓਹਨਾਂ ਦਾ ਵੱਟਾ” ਦਿੱਤਾ ਹੈ। ਅਜਿਹਾ ਇਕ “ਵੱਟਾ” ਜੋ ਯਹੋਵਾਹ ਨੇ ਦਿੱਤਾ ਹੈ ਅਨੰਤ ਨੇਮ ਹੈ, ਯਾਨੀ ਨਵਾਂ ਨੇਮ ਜਿਸ ਬਾਰੇ ਯਿਸੂ ਨੇ ਆਪਣੀ ਮੌਤ ਤੋਂ ਇਕ ਰਾਤ ਪਹਿਲਾਂ ਆਪਣੇ ਚੇਲਿਆਂ ਨਾਲ ਗੱਲ ਕੀਤੀ ਸੀ। ਇਸੇ ਨੇਮ ਕਰਕੇ ਉਹ ਇਕ ਰੂਹਾਨੀ ਕੌਮ ਅਤੇ ਪਰਮੇਸ਼ੁਰ ਦੀ ਖ਼ਾਸ ਪਰਜਾ ਬਣਦੇ ਹਨ। (ਯਿਰਮਿਯਾਹ 31:31-34; ਲੂਕਾ 22:20) ਇਸ ਨੇਮ ਰਾਹੀਂ ਯਹੋਵਾਹ ਯਿਸੂ ਦੇ ਬਲੀਦਾਨ ਦੇ ਸਾਰੇ ਲਾਭ ਲਾਗੂ ਕਰੇਗਾ। ਇਸ ਦਾ ਇਕ ਲਾਭ ਮਸਹ ਕੀਤੇ ਹੋਇਆਂ ਅਤੇ ਬਾਕੀ ਸਾਰੀ ਮਨੁੱਖਜਾਤੀ ਵਿੱਚੋਂ ਵਫ਼ਾਦਾਰ ਲੋਕਾਂ ਦੇ ਪਾਪਾਂ ਲਈ ਮਾਫ਼ੀ ਹੈ।
ਯਹੋਵਾਹ ਦੀਆਂ ਬਰਕਤਾਂ ਤੋਂ ਖ਼ੁਸ਼ੀ
24. ਕੌਮਾਂ ਵਿੱਚੋਂ ਕੌਣ ਮੁਬਾਰਕ “ਅੰਸ” ਬਣਦੇ ਹਨ ਅਤੇ ਕਿਸ ਤਰ੍ਹਾਂ?
24 ਕੌਮਾਂ ਵਿੱਚੋਂ ਕੁਝ ਲੋਕਾਂ ਨੇ ਪਛਾਣਿਆ ਹੈ ਕਿ ਯਹੋਵਾਹ ਦੀ ਬਰਕਤ ਉਸ ਦੇ ਲੋਕਾਂ ਉੱਤੇ ਹੈ। ਇਹ ਗੱਲ ਭਵਿੱਖਬਾਣੀ ਵਿਚ ਯਹੋਵਾਹ ਦੇ ਵਾਅਦੇ ਤੋਂ ਵੀ ਦੇਖੀ ਜਾ ਸਕਦੀ ਹੈ: “ਓਹਨਾਂ ਦੀ ਅੰਸ ਕੌਮਾਂ ਵਿੱਚ, ਅਤੇ ਓਹਨਾਂ ਦੀ ਸੰਤਾਨ ਲੋਕਾਂ ਵਿੱਚ ਜਾਣੀ ਜਾਵੇਗੀ, ਓਹਨਾਂ ਦੇ ਸਾਰੇ ਵੇਖਣ ਵਾਲੇ ਸਿਆਣਨਗੇ ਭਈ ਓਹ ਯਹੋਵਾਹ ਦੀ ਮੁਬਾਰਕ ਅੰਸ ਹੈ।” (ਯਸਾਯਾਹ 61:9) ਪਰਮੇਸ਼ੁਰ ਦੇ ਇਸਰਾਏਲ ਦੇ ਮੈਂਬਰ ਯਹੋਵਾਹ ਦੇ ਮਨ ਭਾਉਂਦੇ ਵਰ੍ਹੇ ਦੌਰਾਨ ਕੌਮਾਂ ਵਿਚਕਾਰ ਪ੍ਰਚਾਰ ਕਰਦੇ ਆਏ ਹਨ। ਅੱਜ ਲੱਖਾਂ ਹੀ ਲੋਕਾਂ ਨੇ ਉਨ੍ਹਾਂ ਦਾ ਸੁਨੇਹਾ ਸਵੀਕਾਰ ਕੀਤਾ ਹੈ। ਪਰਮੇਸ਼ੁਰ ਦੇ ਇਸਰਾਏਲ ਦੇ ਨਾਲ-ਨਾਲ ਕੰਮ ਕਰ ਕੇ ਇਨ੍ਹਾਂ ਲੋਕਾਂ ਨੂੰ “ਯਹੋਵਾਹ ਦੀ ਮੁਬਾਰਕ ਅੰਸ” ਹੋਣ ਦਾ ਸਨਮਾਨ ਮਿਲਿਆ ਹੈ। ਅਤੇ ਸਾਰੀ ਮਨੁੱਖਜਾਤੀ ਉਨ੍ਹਾਂ ਦੀ ਖ਼ੁਸ਼ੀ ਦੇਖ ਸਕਦੀ ਹੈ।
25, 26. ਸਾਰੇ ਮਸੀਹੀ ਯਸਾਯਾਹ 61:10 ਦੀ ਗੱਲ ਨਾਲ ਕਿਵੇਂ ਸਹਿਮਤ ਹਨ?
25 ਸਾਰੇ ਮਸੀਹੀ, ਯਾਨੀ ਮਸਹ ਕੀਤੇ ਹੋਏ ਅਤੇ ਹੋਰ ਭੇਡਾਂ ਵੀ ਹਮੇਸ਼ਾ ਲਈ ਯਹੋਵਾਹ ਦੀ ਵਡਿਆਈ ਕਰਨ ਦੀ ਉਮੀਦ ਰੱਖਦੇ ਹਨ। ਉਹ ਦਿਲੋਂ ਯਸਾਯਾਹ ਨਬੀ ਦੀ ਗੱਲ ਨਾਲ ਸਹਿਮਤ ਹਨ ਜਿਸ ਨੇ ਪ੍ਰੇਰਣਾ ਅਧੀਨ ਕਿਹਾ ਸੀ: “ਮੈਂ ਯਹੋਵਾਹ ਵਿੱਚ ਬਹੁਤ ਖੁਸ਼ ਹੋਵਾਂਗਾ, ਮੇਰਾ ਜੀ ਮੇਰੇ ਪਰਮੇਸ਼ੁਰ ਵਿੱਚ ਮਗਨ ਹੋਵੇਗਾ, ਕਿਉਂ ਜੋ ਓਸ ਮੈਨੂੰ ਮੁਕਤੀ ਦੇ ਬਸਤ੍ਰ ਪਵਾਏ, ਓਸ ਧਰਮ ਦੇ ਚੋਗੇ ਨਾਲ ਮੈਨੂੰ ਕੱਜਿਆ, ਜਿਵੇਂ ਲਾੜਾ ਸਿਹਰੇ ਨਾਲ ਆਪ ਨੂੰ ਸੁਆਰਦਾ, ਅਤੇ ਲਾੜੀ ਆਪਣਿਆਂ ਗਹਿਣਿਆਂ ਨਾਲ ਆਪ ਨੂੰ ਸਿੰਗਾਰਦੀ ਹੈ।”—ਯਸਾਯਾਹ 61:10.
26 ‘ਧਰਮ ਦਾ ਚੋਗਾ’ ਪਹਿਨ ਕੇ ਮਸਹ ਕੀਤੇ ਹੋਏ ਮਸੀਹੀ ਯਹੋਵਾਹ ਦੀਆਂ ਨਜ਼ਰਾਂ ਵਿਚ ਸ਼ੁੱਧ ਅਤੇ ਪਵਿੱਤਰ ਰਹਿਣ ਲਈ ਦ੍ਰਿੜ੍ਹ ਹਨ। (2 ਕੁਰਿੰਥੀਆਂ 11:1, 2) ਯਹੋਵਾਹ ਨੇ ਉਨ੍ਹਾਂ ਨੂੰ ਧਰਮੀ ਠਹਿਰਾਇਆ ਹੈ ਤਾਂਕਿ ਉਹ ਸਵਰਗੀ ਜੀਵਨ ਹਾਸਲ ਕਰ ਸਕਣ, ਇਸ ਲਈ ਉਹ ਵੱਡੀ ਬਾਬੁਲ ਦੀ ਵੀਰਾਨਗੀ ਨੂੰ ਕਦੀ ਵੀ ਵਾਪਸ ਨਹੀਂ ਮੁੜਨਗੇ ਜਿਸ ਤੋਂ ਉਹ ਆਜ਼ਾਦ ਕੀਤੇ ਗਏ ਹਨ। (ਰੋਮੀਆਂ 5:9; 8:30) ਉਹ ਆਪਣੇ ਮੁਕਤੀ ਦੇ ਬਸਤਰਾਂ ਨੂੰ ਅਨਮੋਲ ਸਮਝਦੇ ਹਨ। ਉਨ੍ਹਾਂ ਦਾ ਸਾਥ ਦੇਣ ਵਾਲੀਆਂ ਹੋਰ ਭੇਡਾਂ ਵੀ ਯਹੋਵਾਹ ਪਰਮੇਸ਼ੁਰ ਦੇ ਉੱਚੇ ਅਸੂਲਾਂ ਉੱਤੇ ਚੱਲਣ ਲਈ ਦ੍ਰਿੜ੍ਹ ਹਨ ਜੋ ਅਸੂਲ ਉਸ ਨੇ ਸ਼ੁੱਧ ਭਗਤੀ ਲਈ ਸਥਾਪਿਤ ਕੀਤੇ ਹਨ। ਉਨ੍ਹਾਂ ਨੇ “ਆਪਣੇ ਬਸਤਰ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟਾ ਕੀਤਾ” ਹੈ ਜਿਸ ਕਾਰਨ ਉਹ ਧਰਮੀ ਠਹਿਰਾਏ ਗਏ ਹਨ ਅਤੇ ਉਹ “ਵੱਡੀ ਬਿਪਤਾ” ਵਿੱਚੋਂ ਬਚ ਨਿਕਲਣਗੇ। (ਪਰਕਾਸ਼ ਦੀ ਪੋਥੀ 7:14; ਯਾਕੂਬ 2:23, 25) ਉਸ ਸਮੇਂ ਤਕ ਉਹ ਆਪਣੇ ਮਸਹ ਕੀਤੇ ਹੋਏ ਸਾਥੀਆਂ ਦੀ ਰੀਸ ਕਰ ਕੇ ਵੱਡੀ ਬਾਬੁਲ ਦੀ ਅਸ਼ੁੱਧਤਾ ਤੋਂ ਦੂਰ ਰਹਿਣਗੇ।
27. (ੳ) ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਕੀ ‘ਪੁੰਗਰੇਗਾ’? (ਅ) ਅੱਜ ਧਾਰਮਿਕਤਾ ਮਨੁੱਖਜਾਤੀ ਵਿਚਕਾਰ ਕਿਵੇਂ ਫੁੱਟ ਰਹੀ ਹੈ?
27 ਅੱਜ ਯਹੋਵਾਹ ਦੇ ਸੇਵਕ ਰੂਹਾਨੀ ਫਿਰਦੌਸ ਵਿਚ ਰਹਿ ਕੇ ਬਹੁਤ ਖ਼ੁਸ਼ ਹਨ। ਬਹੁਤ ਜਲਦੀ ਉਹ ਇਕ ਅਸਲੀ ਫਿਰਦੌਸ ਵਿਚ ਵੀ ਰਹਿਣਗੇ। ਅਸੀਂ ਬੜੀ ਚਾਹ ਨਾਲ ਉਸ ਸਮੇਂ ਦੀ ਉਡੀਕ ਕਰਦੇ ਹਾਂ ਜਿਸ ਬਾਰੇ ਯਸਾਯਾਹ ਦੇ 61ਵੇਂ ਅਧਿਆਇ ਦੀ ਆਖ਼ਰੀ ਆਇਤ ਵਿਚ ਦੱਸਿਆ ਗਿਆ ਹੈ: “ਜਿਵੇਂ ਧਰਤੀ ਤਾਂ ਆਪਣਾ ਪੁੰਗਰ ਕੱਢਦੀ ਹੈ, ਅਤੇ ਬਾਗ ਬੀਆਂ ਨੂੰ ਉਪਜਾਉਂਦਾ ਹੈ, ਤਿਵੇਂ ਪ੍ਰਭੁ ਯਹੋਵਾਹ ਧਰਮ ਅਰ ਉਸਤਤ ਨੂੰ ਸਾਰੀਆਂ ਕੌਮਾਂ ਦੇ ਅੱਗੇ ਪੁੰਗਰਾਵੇਗਾ।” (ਯਸਾਯਾਹ 61:11) ਮਸੀਹ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ ਸਾਰੀ ਧਰਤੀ ਉੱਤੇ ‘ਧਰਮ ਪੁੰਗਰੇਗਾ।’ ਇਨਸਾਨ ਖ਼ੁਸ਼ੀ ਨਾਲ ਉੱਚੀ-ਉੱਚੀ ਗੀਤ ਗਾਉਣਗੇ ਅਤੇ ਧਾਰਮਿਕਤਾ ਧਰਤੀ ਦੀਆਂ ਹੱਦਾਂ ਤਕ ਫੈਲੇਗੀ। (ਯਸਾਯਾਹ 26:9) ਪਰ ਸਾਨੂੰ ਸਾਰੀਆਂ ਕੌਮਾਂ ਦੇ ਅੱਗੇ ਵਡਿਆਈ ਕਰਨ ਲਈ ਉਸ ਸ਼ਾਨਦਾਰ ਦਿਨ ਦੀ ਉਡੀਕ ਨਹੀਂ ਕਰਨੀ ਪਵੇਗੀ। ਧਾਰਮਿਕਤਾ ਹੁਣ ਵੀ ਉਨ੍ਹਾਂ ਲੱਖਾਂ ਲੋਕਾਂ ਵਿਚਕਾਰ ਫੁੱਟ ਰਹੀ ਹੈ ਜੋ ਪਰਮੇਸ਼ੁਰ ਦੀ ਵਡਿਆਈ ਕਰਦੇ ਹਨ ਅਤੇ ਉਸ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਹਨ। ਹੁਣ ਵੀ ਸਾਡੀ ਨਿਹਚਾ ਅਤੇ ਉਮੀਦ ਕਾਰਨ ਅਸੀਂ ਆਪਣੇ ਪਰਮੇਸ਼ੁਰ ਦੀਆਂ ਬਰਕਤਾਂ ਤੋਂ ਖ਼ੁਸ਼ ਹੁੰਦੇ ਹਾਂ।
[ਫੁਟਨੋਟ]
a ਹੋ ਸਕਦਾ ਹੈ ਕਿ ਯਸਾਯਾਹ 61:5 ਦੀ ਪੂਰਤੀ ਪੁਰਾਣੇ ਜ਼ਮਾਨੇ ਵਿਚ ਵੀ ਹੋਈ ਸੀ ਕਿਉਂਕਿ ਗ਼ੈਰ-ਯਹੂਦੀ ਲੋਕ ਯਹੂਦੀਆਂ ਨਾਲ ਯਰੂਸ਼ਲਮ ਨੂੰ ਆਏ ਸਨ ਅਤੇ ਉਨ੍ਹਾਂ ਨੇ ਸ਼ਾਇਦ ਉਸਾਰੀ ਦੇ ਕੰਮ ਵਿਚ ਹੱਥ ਵਟਾਇਆ ਹੋਵੇ। (ਅਜ਼ਰਾ 2:43-58) ਪਰ ਇਸ ਤਰ੍ਹਾਂ ਲੱਗਦਾ ਹੈ ਕਿ 6ਵੀਂ ਆਇਤ ਤੋਂ ਇਹ ਭਵਿੱਖਬਾਣੀ ਸਿਰਫ਼ ਪਰਮੇਸ਼ੁਰ ਦੇ ਇਸਰਾਏਲ ਉੱਤੇ ਲਾਗੂ ਹੁੰਦੀ ਹੈ।
[ਸਫ਼ਾ 323 ਉੱਤੇ ਤਸਵੀਰ]
ਯਸਾਯਾਹ ਨੇ ਗ਼ੁਲਾਮ ਯਹੂਦੀਆਂ ਲਈ ਖ਼ੁਸ਼ ਖ਼ਬਰੀ ਦਾ ਐਲਾਨ ਕੀਤਾ ਸੀ
[ਸਫ਼ਾ 331 ਉੱਤੇ ਤਸਵੀਰ]
ਪੰਤੇਕੁਸਤ 33 ਸਾ.ਯੁ. ਤੋਂ ਲੈ ਕੇ ਯਹੋਵਾਹ ਨੇ 1,44,000 “ਧਰਮ ਦੇ ਬਲੂਤ” ਲਾਏ ਹਨ
[ਸਫ਼ਾ 334 ਉੱਤੇ ਤਸਵੀਰ]
ਧਰਤੀ ਉੱਤੇ ਧਾਰਮਿਕਤਾ ਫੁੱਟੇਗੀ