ਤੀਜਾ ਅਧਿਆਇ
‘ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ ਹੈ ਯਹੋਵਾਹ’
1, 2. ਯਸਾਯਾਹ ਨਬੀ ਨੇ ਕਿਹੜਾ ਦਰਸ਼ਣ ਦੇਖਿਆ ਸੀ ਅਤੇ ਉਸ ਤੋਂ ਅਸੀਂ ਯਹੋਵਾਹ ਬਾਰੇ ਕੀ ਸਿੱਖਦੇ ਹਾਂ?
ਯਸਾਯਾਹ ਦਾ ਦਿਲ ਯਹੋਵਾਹ ਦਾ ਦਰਸ਼ਣ ਦੇਖ ਕੇ ਸ਼ਰਧਾ ਅਤੇ ਭੈ ਨਾਲ ਭਰ ਗਿਆ ਸੀ। ਯਸਾਯਾਹ ਨੂੰ ਇਹ ਸਭ ਕੁਝ ਇੰਨਾ ਅਸਲੀ ਲੱਗਿਆ ਕਿ ਉਸ ਨੇ ਬਾਅਦ ਵਿਚ ਲਿਖਿਆ: ‘ਮੈਂ ਪ੍ਰਭੁ ਨੂੰ ਉੱਚੇ ਤੇ ਚੁੱਕੇ ਹੋਏ ਸਿੰਘਾਸਣ ਉੱਤੇ ਬਿਰਾਜਮਾਨ ਵੇਖਿਆ ਸੀ।’ ਯਹੋਵਾਹ ਦੇ ਸ਼ਾਹੀ ਲਿਬਾਸ ਨਾਲ ਯਰੂਸ਼ਲਮ ਦੀ ਹੈਕਲ ਭਰੀ ਹੋਈ ਸੀ।—ਯਸਾਯਾਹ 6:1, 2.
2 ਯਸਾਯਾਹ ਦਾ ਦਿਲ ਸ਼ਰਧਾ ਨਾਲ ਹੋਰ ਵੀ ਭਰ ਗਿਆ ਜਦੋਂ ਉਸ ਨੇ ਗਾਉਣ ਦੀ ਇੰਨੀ ਉੱਚੀ ਆਵਾਜ਼ ਸੁਣੀ ਕਿ ਹੈਕਲ ਦੀਆਂ ਨੀਹਾਂ ਹਿੱਲ ਗਈਆਂ। ਇਹ ਉੱਚੀ ਪਦਵੀ ਉੱਤੇ ਬਿਰਾਜਮਾਨ ਆਤਮਿਕ ਜੰਤੂਆਂ ਯਾਨੀ ਸਰਾਫ਼ੀਮ ਦੇ ਗਾਉਣ ਦੀ ਆਵਾਜ਼ ਸੀ। ਉਨ੍ਹਾਂ ਦੀ ਮਧੁਰ ਆਵਾਜ਼ ਇਨ੍ਹਾਂ ਸਾਦੇ ਲਫ਼ਜ਼ਾਂ ਨਾਲ ਗੂੰਜ ਉੱਠੀ ਸੀ: “ਪਵਿੱਤ੍ਰ, ਪਵਿੱਤ੍ਰ, ਪਵਿੱਤ੍ਰ, ਸੈਨਾਂ ਦਾ ਯਹੋਵਾਹ, ਸਾਰੀ ਧਰਤੀ ਉਹ ਦੇ ਪਰਤਾਪ ਨਾਲ ਭਰੀ ਹੋਈ ਹੈ।” (ਯਸਾਯਾਹ 6:3, 4) ਤਿੰਨ ਵਾਰ “ਪਵਿੱਤ੍ਰ” ਕਹਿ ਕੇ ਉਹ ਇਸ ਤੇ ਜ਼ੋਰ ਦੇ ਰਹੇ ਸਨ ਕਿ ਯਹੋਵਾਹ ਕਿੰਨਾ ਪਵਿੱਤਰ ਹੈ। ਇਸ ਤਰ੍ਹਾਂ ਕਹਿਣਾ ਠੀਕ ਸੀ ਕਿਉਂਕਿ ਯਹੋਵਾਹ ਜਿੰਨਾ ਪਵਿੱਤਰ ਹੋਰ ਕੋਈ ਨਹੀਂ ਹੈ। (ਪਰਕਾਸ਼ ਦੀ ਪੋਥੀ 4:8) ਸਾਰੀ ਬਾਈਬਲ ਵਿਚ ਯਹੋਵਾਹ ਦੀ ਪਵਿੱਤਰਤਾ ਉੱਤੇ ਜ਼ੋਰ ਦਿੱਤਾ ਗਿਆ ਹੈ। ਸੈਂਕੜਿਆਂ ਆਇਤਾਂ ਵਿਚ “ਪਵਿੱਤਰਤਾ” ਨੂੰ ਯਹੋਵਾਹ ਦੇ ਨਾਂ ਨਾਲ ਜੋੜਿਆ ਜਾਂਦਾ ਹੈ।
3. ਯਹੋਵਾਹ ਦੀ ਪਵਿੱਤਰਤਾ ਬਾਰੇ ਗ਼ਲਤਫ਼ਹਿਮੀਆਂ ਹੋਣ ਕਰਕੇ ਕਈ ਲੋਕ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ?
3 ਸੋ ਯਹੋਵਾਹ ਚਾਹੁੰਦਾ ਹੈ ਕਿ ਅਸੀਂ ਉਸ ਬਾਰੇ ਇਹ ਜ਼ਰੂਰੀ ਗੱਲ ਜਾਣੀਏ ਕਿ ਉਹ ਪਵਿੱਤਰ ਹੈ। ਪਰ ਕਈ ਲੋਕ ਪਵਿੱਤਰਤਾ ਦੇ ਵਿਚਾਰ ਨੂੰ ਪਸੰਦ ਨਹੀਂ ਕਰਦੇ ਹਨ। ਉਹ ਸੋਚਦੇ ਹਨ ਕਿ ਜਿਹੜੇ ਲੋਕ ਆਪਣੇ ਆਪ ਨੂੰ ਪਵਿੱਤਰ ਜਾਂ ਧਰਮੀ ਸਮਝਦੇ ਹਨ, ਉਹ ਅਸਲ ਵਿਚ ਪਖੰਡੀ ਹੁੰਦੇ ਹਨ। ਦੂਜੇ ਪਾਸੇ ਜਿਹੜੇ ਲੋਕ ਆਪਣੇ ਆਪ ਨੂੰ ਘਟੀਆ ਸਮਝਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੀ ਪਵਿੱਤਰਤਾ ਚੰਗੀ ਲੱਗਣ ਦੀ ਬਜਾਇ ਸ਼ਾਇਦ ਡਰਾਉਣੀ ਲੱਗੇ। ਉਹ ਸ਼ਾਇਦ ਫ਼ਿਕਰ ਕਰਨ ਕਿ ਉਹ ਪਵਿੱਤਰ ਪਰਮੇਸ਼ੁਰ ਦੇ ਨੇੜੇ ਜਾਣ ਦੇ ਲਾਇਕ ਨਹੀਂ ਹਨ। ਇਸ ਕਰਕੇ ਕਈ ਲੋਕ ਪਰਮੇਸ਼ੁਰ ਦੀ ਪਵਿੱਤਰਤਾ ਕਰਕੇ ਉਸ ਤੋਂ ਦੂਰ ਹੋ ਜਾਂਦੇ ਹਨ। ਇਹ ਅਫ਼ਸੋਸ ਦੀ ਗੱਲ ਹੈ ਕਿਉਂਕਿ ਪਰਮੇਸ਼ੁਰ ਦੇ ਨੇੜੇ ਜਾਣ ਲਈ ਉਸ ਦੀ ਪਵਿੱਤਰਤਾ ਤਾਂ ਇਕ ਬਹੁਤ ਹੀ ਜ਼ੋਰਦਾਰ ਕਾਰਨ ਹੈ। ਕਿਉਂ? ਇਸ ਸਵਾਲ ਦਾ ਜਵਾਬ ਜਾਣਨ ਤੋਂ ਪਹਿਲਾਂ ਆਓ ਆਪਾਂ ਚਰਚਾ ਕਰੀਏ ਕਿ ਪਵਿੱਤਰਤਾ ਹੈ ਕੀ।
ਪਵਿੱਤਰਤਾ ਕੀ ਹੈ?
4, 5. (ੳ) ਪਵਿੱਤਰ ਸ਼ਬਦ ਦਾ ਕੀ ਮਤਲਬ ਹੈ ਅਤੇ ਕੀ ਮਤਲਬ ਨਹੀਂ ਹੈ? (ਅ) ਕਿਨ੍ਹਾਂ ਦੋ ਜ਼ਰੂਰੀ ਤਰੀਕਿਆਂ ਨਾਲ ਯਹੋਵਾਹ “ਵੱਖਰਾ” ਹੈ?
4 ਯਹੋਵਾਹ ਦੇ ਪਵਿੱਤਰ ਹੋਣ ਦਾ ਇਹ ਮਤਲਬ ਨਹੀਂ ਕਿ ਉਹ ਘਮੰਡੀ ਜਾਂ ਮਗਰੂਰ ਹੈ ਅਤੇ ਦੂਸਰਿਆਂ ਨੂੰ ਤੁੱਛ ਸਮਝਦਾ ਹੈ। ਇਸ ਦੀ ਬਜਾਇ ਉਹ ਅਜਿਹੇ ਔਗੁਣਾਂ ਨਾਲ ਨਫ਼ਰਤ ਕਰਦਾ ਹੈ। (ਕਹਾਉਤਾਂ 16:5; ਯਾਕੂਬ 4:6) ਤਾਂ ਫਿਰ ਸ਼ਬਦ “ਪਵਿੱਤਰ” ਦਾ ਕੀ ਮਤਲਬ ਹੈ? ਬਾਈਬਲ ਦੀ ਇਬਰਾਨੀ ਭਾਸ਼ਾ ਵਿਚ ਇਸ ਸ਼ਬਦ ਦਾ ਮੂਲ ਅਰਥ ਹੈ “ਵੱਖਰਾ ਕਰਨਾ।” ਭਗਤੀ ਵਿਚ “ਪਵਿੱਤਰ” ਸ਼ਬਦ ਉਸ ਚੀਜ਼ ਉੱਤੇ ਲਾਗੂ ਕੀਤਾ ਜਾਂਦਾ ਹੈ ਜੋ ਕਿਸੇ ਖ਼ਾਸ ਮਕਸਦ ਲਈ ਵੱਖਰੀ ਕੀਤੀ ਗਈ ਹੁੰਦੀ ਹੈ ਜਾਂ ਜਿਸ ਨੂੰ ਪਾਕ ਗਿਣਿਆ ਜਾਂਦਾ ਹੈ। ਕਿਸੇ ਚੀਜ਼ ਨੂੰ ਪਵਿੱਤਰ ਕਹਿਣ ਦਾ ਮਤਲਬ ਇਹ ਵੀ ਹੈ ਕਿ ਇਹ ਚੀਜ਼ ਸਾਫ਼ ਅਤੇ ਸ਼ੁੱਧ ਹੈ। ਇਹ ਸ਼ਬਦ ਯਹੋਵਾਹ ਉੱਤੇ ਕਿਸ ਤਰ੍ਹਾਂ ਲਾਗੂ ਹੁੰਦਾ ਹੈ? ਕੀ ਇਸ ਦਾ ਇਹ ਮਤਲਬ ਹੈ ਕਿ ਉਹ ਅਪੂਰਣ ਇਨਸਾਨਾਂ ਤੋਂ “ਵੱਖਰਾ” ਅਤੇ ਦੂਰ ਹੈ?
5 ਇਸ ਦਾ ਇਹ ਮਤਲਬ ਨਹੀਂ ਹੈ। “ਇਸਰਾਏਲ ਦਾ ਪਵਿੱਤਰ ਪੁਰਖ” ਹੋਣ ਦੇ ਨਾਤੇ ਯਹੋਵਾਹ ਨੇ ਕਿਹਾ ਕਿ ਉਹ ਆਪਣੇ ਲੋਕਾਂ ਦੇ “ਵਿਚਕਾਰ” ਸੀ, ਭਾਵੇਂ ਉਹ ਪਾਪੀ ਸਨ। (ਯਸਾਯਾਹ 12:6; ਹੋਸ਼ੇਆ 11:9) ਇਸ ਤੋਂ ਪਤਾ ਲੱਗਦਾ ਹੈ ਕਿ ਉਸ ਦੀ ਪਵਿੱਤਰਤਾ ਉਸ ਨੂੰ ਇਨਸਾਨਾਂ ਤੋਂ ਦੂਰ ਨਹੀਂ ਕਰਦੀ। ਤਾਂ ਫਿਰ ਉਹ “ਵੱਖਰਾ” ਕਿਸ ਤਰ੍ਹਾਂ ਹੈ? ਦੋ ਜ਼ਰੂਰੀ ਤਰੀਕਿਆਂ ਨਾਲ। ਪਹਿਲਾ, ਉਹ ਸਾਰੀ ਸ੍ਰਿਸ਼ਟੀ ਤੋਂ ਵੱਖਰਾ ਹੈ ਕਿਉਂਕਿ ਸਿਰਫ਼ ਉਹੀ ਅੱਤ ਮਹਾਨ ਕਹਿਲਾਉਂਦਾ ਹੈ। ਉਹ ਪੂਰੀ ਤਰ੍ਹਾਂ ਸ਼ੁੱਧ ਹੈ ਤੇ ਹਮੇਸ਼ਾ ਰਹੇਗਾ। (ਜ਼ਬੂਰਾਂ ਦੀ ਪੋਥੀ 40:5; 83:18) ਦੂਜਾ, ਯਹੋਵਾਹ ਪਾਪ ਤੋਂ ਬਿਲਕੁਲ ਦੂਰ ਹੈ। ਇਸ ਵਿਚਾਰ ਤੋਂ ਸਾਨੂੰ ਹੌਸਲਾ ਮਿਲਦਾ ਹੈ। ਪਰ ਕਿਉਂ?
6. ਸਾਨੂੰ ਇਹ ਜਾਣ ਕੇ ਹੌਸਲਾ ਕਿਉਂ ਮਿਲਦਾ ਹੈ ਕਿ ਯਹੋਵਾਹ ਪਾਪ ਤੋਂ ਬਿਲਕੁਲ ਦੂਰ ਹੈ?
6 ਅਸੀਂ ਅਜਿਹੇ ਸੰਸਾਰ ਵਿਚ ਰਹਿੰਦੇ ਹਾਂ ਜਿੱਥੇ ਸੱਚੀ ਪਵਿੱਤਰਤਾ ਦੀ ਘਾਟ ਹੈ। ਪਰਮੇਸ਼ੁਰ ਤੋਂ ਅਲੱਗ ਹੋਣ ਕਰਕੇ ਦੁਨੀਆਂ ਪਾਪ ਅਤੇ ਅਪੂਰਣਤਾ ਨਾਲ ਰੰਗੀ ਹੋਈ ਹੈ। ਸਾਨੂੰ ਸਾਰਿਆਂ ਨੂੰ ਆਪਣੇ ਪਾਪੀ ਸੁਭਾਅ ਨਾਲ ਲੜਨਾ ਪੈਂਦਾ ਹੈ। ਜੇ ਅਸੀਂ ਸਾਵਧਾਨ ਨਾ ਰਹੀਏ, ਤਾਂ ਅਸੀਂ ਸ਼ਾਇਦ ਪਾਪ ਦੇ ਰਾਹ ਤੇ ਤੁਰਨ ਲੱਗ ਪਈਏ। (ਰੋਮੀਆਂ 7:15-25; 1 ਕੁਰਿੰਥੀਆਂ 10:12) ਯਹੋਵਾਹ ਇੰਨਾ ਸ਼ੁੱਧ ਹੈ ਕਿ ਉਸ ਨਾਲ ਇਸ ਤਰ੍ਹਾਂ ਕਦੀ ਹੋ ਹੀ ਨਹੀਂ ਸਕਦਾ। ਇਸ ਤਰ੍ਹਾਂ ਸਾਨੂੰ ਇਸ ਗੱਲ ਦਾ ਹੋਰ ਵੀ ਜ਼ਿਆਦਾ ਯਕੀਨ ਹੋ ਜਾਂਦਾ ਹੈ ਕਿ ਯਹੋਵਾਹ ਸਭ ਤੋਂ ਵਧੀਆ ਪਿਤਾ ਹੈ ਅਤੇ ਉਹ ਸਾਡੇ ਭਰੋਸੇ ਦੇ ਲਾਇਕ ਹੈ। ਪਾਪੀ ਮਾਨਵੀ ਪਿਤਾਵਾਂ ਤੋਂ ਉਲਟ, ਯਹੋਵਾਹ ਕਦੇ ਵੀ ਬੇਈਮਾਨ, ਬਦਕਾਰ ਜਾਂ ਨਿਰਦਈ ਨਹੀਂ ਬਣ ਸਕਦਾ। ਉਸ ਦੀ ਪਵਿੱਤਰਤਾ ਕਰਕੇ ਅਜਿਹੀ ਗੱਲ ਨਾਮੁਮਕਿਨ ਹੈ। ਦਰਅਸਲ, ਲੋੜ ਪੈਣ ਤੇ ਯਹੋਵਾਹ ਨੇ ਆਪਣੀ ਪਵਿੱਤਰਤਾ ਦੀ ਸੌਂਹ ਵੀ ਖਾਧੀ ਹੈ ਕਿਉਂਕਿ ਇਸ ਤੋਂ ਪੱਕੀ ਗਾਰੰਟੀ ਹੋਰ ਕੋਈ ਨਹੀਂ ਹੈ। (ਆਮੋਸ 4:2) ਕੀ ਸਾਨੂੰ ਇਹ ਜਾਣ ਕੇ ਹੌਸਲਾ ਨਹੀਂ ਮਿਲਦਾ?
7. ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਪਵਿੱਤਰ ਹੀ ਪਵਿੱਤਰ ਹੈ?
7 ਯਹੋਵਾਹ ਪਵਿੱਤਰ ਹੀ ਪਵਿੱਤਰ ਹੈ। ਅਸੀਂ ਇਸ ਗੱਲ ਨੂੰ ਕਿਸ ਤਰ੍ਹਾਂ ਸਮਝ ਸਕਦੇ ਹਾਂ? ਮਿਸਾਲ ਲਈ ਇਨ੍ਹਾਂ ਦੋ ਸ਼ਬਦਾਂ ਉੱਤੇ ਗੌਰ ਕਰੋ: “ਮਨੁੱਖ” ਅਤੇ “ਅਪੂਰਣ।” ਤੁਸੀਂ ਅਪੂਰਣਤਾ ਬਾਰੇ ਸੋਚਣ ਤੋਂ ਬਗੈਰ ਮਨੁੱਖਾਂ ਬਾਰੇ ਗੱਲ ਨਹੀਂ ਕਰ ਸਕਦੇ। ਅਪੂਰਣਤਾ ਤਾਂ ਸਾਡੇ ਰੋਮ-ਰੋਮ ਵਿਚ ਇੰਨੀ ਸਮਾਈ ਹੋਈ ਹੈ ਕਿ ਇਹ ਸਾਡੇ ਹਰ ਇਕ ਕੰਮ ਉੱਤੇ ਅਸਰ ਪਾਉਂਦੀ ਹੈ। ਹੁਣ ਦੋ ਹੋਰ ਸ਼ਬਦਾਂ ਉੱਤੇ ਗੌਰ ਕਰੋ—“ਯਹੋਵਾਹ” ਅਤੇ “ਪਵਿੱਤਰ।” ਪਵਿੱਤਰਤਾ ਯਹੋਵਾਹ ਵਿਚ ਸਮਾਈ ਹੋਈ ਹੈ। ਉਹ ਬਿਲਕੁਲ ਸਾਫ਼, ਸ਼ੁੱਧ ਅਤੇ ਪਾਕ ਹੈ। ਜੇ ਅਸੀਂ “ਪਵਿੱਤਰ” ਸ਼ਬਦ ਨੂੰ ਚੰਗੀ ਤਰ੍ਹਾਂ ਨਹੀਂ ਸਮਝਦੇ, ਤਾਂ ਅਸੀਂ ਯਹੋਵਾਹ ਨੂੰ ਵੀ ਚੰਗੀ ਤਰ੍ਹਾਂ ਨਹੀਂ ਸਮਝ ਸਕਦੇ।
“ਯਹੋਵਾਹ ਲਈ ਪਵਿੱਤ੍ਰਤਾਈ”
8, 9. ਕੀ ਦਿਖਾਉਂਦਾ ਹੈ ਕਿ ਯਹੋਵਾਹ ਅਪੂਰਣ ਇਨਸਾਨਾਂ ਦੀ ਕੁਝ ਹੱਦ ਤਕ ਪਵਿੱਤਰ ਬਣਨ ਵਿਚ ਮਦਦ ਕਰਦਾ ਹੈ?
8 ਪਵਿੱਤਰਤਾ ਯਹੋਵਾਹ ਵਿਚ ਸਮਾਈ ਹੋਈ ਹੈ, ਇਸ ਕਰਕੇ ਅਸੀਂ ਕਹਿ ਸਕਦੇ ਹਾਂ ਕਿ ਉਹ ਪਵਿੱਤਰਤਾ ਦਾ ਸੋਮਾ ਹੈ। ਉਹ ਲਾਲਚੀ ਬਣ ਕੇ ਇਸ ਨੂੰ ਆਪਣੇ ਕੋਲ ਹੀ ਨਹੀਂ ਰੱਖਦਾ, ਪਰ ਖੁੱਲ੍ਹੇ ਦਿਲ ਨਾਲ ਦੂਸਰਿਆਂ ਨੂੰ ਵੀ ਵੰਡਦਾ ਹੈ। ਮਿਸਾਲ ਲਈ, ਕੀ ਤੁਹਾਨੂੰ ਯਾਦ ਹੈ ਜਦੋਂ ਪਰਮੇਸ਼ੁਰ ਇਕ ਦੂਤ ਦੇ ਰਾਹੀਂ ਮੂਸਾ ਨਾਲ ਬਲ਼ ਰਹੀ ਝਾੜੀ ਵਿੱਚੋਂ ਬੋਲਿਆ ਸੀ? ਹਾਂ, ਉੱਥੇ ਯਹੋਵਾਹ ਦੀ ਮੌਜੂਦਗੀ ਕਰਕੇ ਆਲੇ-ਦੁਆਲੇ ਦੀ ਜ਼ਮੀਨ ਵੀ ਪਵਿੱਤਰ ਬਣ ਗਈ ਸੀ!—ਕੂਚ 3:5.
9 ਕੀ ਅਪੂਰਣ ਇਨਸਾਨ ਯਹੋਵਾਹ ਦੀ ਮਦਦ ਨਾਲ ਪਵਿੱਤਰ ਬਣ ਸਕਦੇ ਹਨ? ਹਾਂ, ਕੁਝ ਹੱਦ ਤਕ ਬਣ ਸਕਦੇ ਹਨ। ਪਰਮੇਸ਼ੁਰ ਨੇ ਇਸਰਾਏਲ ਨੂੰ “ਪਵਿੱਤ੍ਰ ਕੌਮ” ਬਣਨ ਦਾ ਮੌਕਾ ਦਿੱਤਾ ਸੀ। (ਕੂਚ 19:6) ਉਸ ਨੇ ਉਸ ਕੌਮ ਨੂੰ ਭਗਤੀ ਕਰਨ ਦਾ ਪਵਿੱਤਰ, ਸ਼ੁੱਧ ਅਤੇ ਪਾਕ ਤਰੀਕਾ ਸਿਖਾਇਆ ਸੀ। ਇਸ ਕਰਕੇ ਮੂਸਾ ਦੀ ਬਿਵਸਥਾ ਵਿਚ ਪਵਿੱਤਰਤਾ ਦੀ ਵਾਰ-ਵਾਰ ਗੱਲ ਕੀਤੀ ਗਈ ਹੈ। ਦਰਅਸਲ ਪ੍ਰਧਾਨ ਜਾਜਕ ਆਪਣੀ ਪੱਗ ਉੱਪਰ ਸੋਨੇ ਦਾ ਇਕ ਚਮਕਦਾ ਪੱਤ੍ਰਾ ਲਗਾਉਂਦਾ ਸੀ ਜਿਸ ਨੂੰ ਸਭ ਦੇਖ ਸਕਦੇ ਸਨ। ਉਸ ਪੱਤ੍ਰੇ ਉੱਤੇ ਇਹ ਉੱਕਰਿਆ ਹੋਇਆ ਸੀ: “ਯਹੋਵਾਹ ਲਈ ਪਵਿੱਤ੍ਰਤਾਈ।” (ਕੂਚ 28:36) ਇਸ ਤਰ੍ਹਾਂ ਸਫ਼ਾਈ ਅਤੇ ਸ਼ੁੱਧਤਾ ਕਰਕੇ ਉਨ੍ਹਾਂ ਦੀ ਭਗਤੀ ਅਤੇ ਰਹਿਣੀ-ਬਹਿਣੀ ਦੂਸਰਿਆਂ ਤੋਂ ਬਿਲਕੁਲ ਵੱਖਰੀ ਹੋਣੀ ਚਾਹੀਦੀ ਸੀ। ਯਹੋਵਾਹ ਨੇ ਉਨ੍ਹਾਂ ਨੂੰ ਕਿਹਾ ਸੀ: “ਤੁਸੀਂ ਪਵਿੱਤ੍ਰ ਹੋਵੋ ਕਿਉਂ ਜੋ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਪਵਿੱਤ੍ਰ ਹਾਂ।” (ਲੇਵੀਆਂ 19:2) ਜਿੰਨੀ ਦੇਰ ਲਈ ਇਸਰਾਏਲੀ ਆਪਣੀ ਪੂਰੀ ਵਾਹ ਲਾ ਕੇ ਪਰਮੇਸ਼ੁਰ ਦੀ ਸਲਾਹ ਮੁਤਾਬਕ ਰਹਿੰਦੇ ਸਨ, ਉਹ ਅਪੂਰਣ ਹੋਣ ਦੇ ਬਾਵਜੂਦ ਕੁਝ ਹੱਦ ਤਕ ਪਵਿੱਤਰ ਸਨ।
10. ਪਵਿੱਤਰਤਾ ਦੇ ਸੰਬੰਧ ਵਿਚ ਇਸਰਾਏਲ ਅਤੇ ਉਸ ਦੀਆਂ ਗੁਆਂਢੀ ਕੌਮਾਂ ਵਿਚ ਕੀ ਫ਼ਰਕ ਸੀ?
10 ਇਸਰਾਏਲ ਦੀਆਂ ਗੁਆਂਢੀ ਕੌਮਾਂ ਵਿਚ ਪਵਿੱਤਰਤਾ ਉੱਤੇ ਬਿਲਕੁਲ ਜ਼ੋਰ ਨਹੀਂ ਦਿੱਤਾ ਜਾਂਦਾ ਸੀ। ਉਹ ਲੋਕ ਅਜਿਹੇ ਦੇਵਤਿਆਂ ਦੀ ਪੂਜਾ ਕਰਦੇ ਸਨ ਜੋ ਝੂਠੇ ਅਤੇ ਨਕਲੀ ਹੋਣ ਦੇ ਨਾਲ-ਨਾਲ ਹਿੰਸਕ, ਲਾਲਚੀ ਅਤੇ ਬਦਚਲਣ ਸਨ। ਉਹ ਪੂਰੀ ਤਰ੍ਹਾਂ ਅਪਵਿੱਤਰ ਸਨ। ਅਜਿਹਿਆਂ ਦੇਵਤਿਆਂ ਦੀ ਪੂਜਾ ਕਰਨ ਨਾਲ ਉਨ੍ਹਾਂ ਦੇ ਪੁਜਾਰੀ ਵੀ ਅਪਵਿੱਤਰ ਬਣ ਜਾਂਦੇ ਸਨ। ਇਸ ਕਰਕੇ ਯਹੋਵਾਹ ਨੇ ਆਪਣੇ ਭਗਤਾਂ ਨੂੰ ਇਨ੍ਹਾਂ ਲੋਕਾਂ ਅਤੇ ਇਨ੍ਹਾਂ ਦੇ ਧਰਮ ਦੀਆਂ ਗੰਦੀਆਂ ਰੀਤਾਂ ਤੋਂ ਪਰੇ ਰਹਿਣ ਲਈ ਕਿਹਾ ਸੀ।—ਲੇਵੀਆਂ 18:24-28; 1 ਰਾਜਿਆਂ 11:1, 2.
11. ਪਰਮੇਸ਼ੁਰ ਦੇ ਸਵਰਗੀ ਸੰਗਠਨ ਦੀ ਪਵਿੱਤਰਤਾ (ੳ) ਦੂਤਾਂ, (ਅ) ਸਰਾਫ਼ੀਮ, (ੲ) ਅਤੇ ਯਿਸੂ ਵਿਚ ਕਿਸ ਤਰ੍ਹਾਂ ਦੇਖੀ ਜਾਂਦੀ ਹੈ?
11 ਯਹੋਵਾਹ ਦੀ ਚੁਣੀ ਹੋਈ ਕੌਮ ਪੂਰੀ ਵਾਹ ਲਾ ਕੇ ਵੀ ਪਰਮੇਸ਼ੁਰ ਦੇ ਸਵਰਗੀ ਸੰਗਠਨ ਦੀ ਪਵਿੱਤਰਤਾ ਦੀ ਸਿਰਫ਼ ਥੋੜ੍ਹੀ ਜਿਹੀ ਝਲਕ ਦੇ ਸਕਦੀ ਸੀ। ਬਾਈਬਲ ਵਿਚ ਪਰਮੇਸ਼ੁਰ ਦੀ ਸੇਵਾ ਕਰ ਰਹੇ ਅਣਗਿਣਤ ਆਤਮਿਕ ਜੰਤੂਆਂ ਨੂੰ “ਪਵਿੱਤਰ ਜਨ” ਸੱਦਿਆ ਗਿਆ ਹੈ। (ਵਿਵਸਥਾਸਾਰ 33:2; ਯਹੂਦਾਹ 14, ਪਵਿੱਤਰ ਬਾਈਬਲ ਨਵਾਂ ਅਨੁਵਾਦ) ਇਹ ਦੂਤ ਪਰਮੇਸ਼ੁਰ ਦੀ ਪਵਿੱਤਰਤਾ ਦੀ ਝਲਕ ਮੁਕੰਮਲ ਤਰੀਕੇ ਨਾਲ ਦਿੰਦੇ ਹਨ। ਅਤੇ ਉਨ੍ਹਾਂ ਸਰਾਫ਼ੀਮ ਨੂੰ ਯਾਦ ਰੱਖੋ ਜੋ ਯਸਾਯਾਹ ਨੇ ਦਰਸ਼ਣ ਵਿਚ ਦੇਖੇ ਸਨ। ਉਨ੍ਹਾਂ ਦੇ ਭਜਨ ਦੇ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਕਤੀਸ਼ਾਲੀ ਆਤਮਿਕ ਜੰਤੂ ਸਾਰੀ ਦੁਨੀਆਂ ਵਿਚ ਯਹੋਵਾਹ ਦੀ ਪਵਿੱਤਰਤਾ ਨੂੰ ਮਸ਼ਹੂਰ ਕਰਨ ਵਿਚ ਵੱਡਾ ਹਿੱਸਾ ਲੈਂਦੇ ਹਨ। ਇਨ੍ਹਾਂ ਸਾਰੇ ਜੰਤੂਆਂ ਵਿੱਚੋਂ ਪਰਮੇਸ਼ੁਰ ਦਾ ਇਕਲੌਤਾ ਪੁੱਤਰ ਸਭ ਤੋਂ ਉੱਚਾ ਹੈ। ਯਿਸੂ ਯਹੋਵਾਹ ਦੀ ਪਵਿੱਤਰਤਾ ਦੀ ਸਭ ਤੋਂ ਸ਼ਾਨਦਾਰ ਝਲਕ ਦਿੰਦਾ ਹੈ। ਇਸੇ ਕਰਕੇ ਉਸ ਨੂੰ “ਪਰਮੇਸ਼ੁਰ ਦਾ ਪਵਿੱਤ੍ਰ ਪੁਰਖ” ਸੱਦਿਆ ਗਿਆ ਹੈ।—ਯੂਹੰਨਾ 6:68, 69.
ਪਵਿੱਤਰ ਨਾਂ, ਪਵਿੱਤਰ ਆਤਮਾ
12, 13. (ੳ) ਪਰਮੇਸ਼ੁਰ ਦੇ ਨਾਂ ਨੂੰ ਪਵਿੱਤਰ ਸੱਦਣਾ ਕਿਉਂ ਸਹੀ ਹੈ? (ਅ) ਪਰਮੇਸ਼ੁਰ ਦਾ ਨਾਂ ਪਾਕ ਕਿਉਂ ਕੀਤਾ ਜਾਣਾ ਚਾਹੀਦਾ ਹੈ?
12 ਪਰਮੇਸ਼ੁਰ ਦੇ ਨਾਂ ਬਾਰੇ ਕੀ ਕਿਹਾ ਜਾ ਸਕਦਾ ਹੈ? ਜਿਵੇਂ ਅਸੀਂ ਪਹਿਲੇ ਅਧਿਆਇ ਵਿਚ ਦੇਖਿਆ ਸੀ, ਇਹ ਨਾਂ ਸਿਰਫ਼ ਇਕ ਖ਼ਿਤਾਬ ਨਹੀਂ ਹੈ। ਇਹ ਯਹੋਵਾਹ ਪਰਮੇਸ਼ੁਰ ਅਤੇ ਉਸ ਦੇ ਸਾਰੇ ਗੁਣਾਂ ਨੂੰ ਦਰਸਾਉਂਦਾ ਹੈ। ਇਸ ਕਰਕੇ ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਦਾ “ਨਾਮ ਪਵਿੱਤਰ ਹੈ।” (ਯਸਾਯਾਹ 57:15) ਮੂਸਾ ਦੀ ਬਿਵਸਥਾ ਵਿਚ ਕਿਹਾ ਗਿਆ ਸੀ ਕਿ ਜੇ ਕੋਈ ਉਸ ਨਾਂ ਦਾ ਨਿਰਾਦਰ ਕਰੇ, ਤਾਂ ਉਹ ਮੌਤ ਦੀ ਸਜ਼ਾ ਦੇ ਲਾਇਕ ਸੀ। (ਲੇਵੀਆਂ 24:16) ਅਤੇ ਨੋਟ ਕਰੋ ਕਿ ਯਿਸੂ ਨੇ ਆਪਣੀ ਪ੍ਰਾਰਥਨਾ ਵਿਚ ਕਿਸ ਚੀਜ਼ ਨੂੰ ਪਹਿਲ ਦਿੱਤੀ ਸੀ: “ਹੇ ਸਾਡੇ ਪਿਤਾ, ਜਿਹੜਾ ਸੁਰਗ ਵਿੱਚ ਹੈਂ, ਤੇਰਾ ਨਾਮ ਪਾਕ ਮੰਨਿਆ ਜਾਵੇ।” (ਮੱਤੀ 6:9) ਕਿਸੇ ਚੀਜ਼ ਦੇ ਪਾਕ ਮੰਨੇ ਜਾਣ ਦਾ ਮਤਲਬ ਹੈ ਕਿ ਉਸ ਨੂੰ ਸਤਿਕਾਰਯੋਗ ਅਤੇ ਪਵਿੱਤਰ ਸਮਝਿਆ ਜਾਵੇ। ਪਰ ਪਰਮੇਸ਼ੁਰ ਦੇ ਸ਼ੁੱਧ ਅਤੇ ਪਵਿੱਤਰ ਨਾਂ ਨੂੰ ਪਾਕ ਕਰਨ ਦੀ ਕਿਉਂ ਜ਼ਰੂਰਤ ਹੈ?
13 ਪਰਮੇਸ਼ੁਰ ਤੇ ਝੂਠਾ ਦੋਸ਼ ਲਾ ਕੇ ਉਸ ਦੀ ਬਦਨਾਮੀ ਕੀਤੀ ਗਈ ਹੈ। ਅਦਨ ਦੇ ਬਾਗ਼ ਵਿਚ ਸ਼ਤਾਨ ਨੇ ਝੂਠ ਬੋਲ ਕੇ ਮਾਨੋ ਕਿਹਾ ਕਿ ਯਹੋਵਾਹ ਸਹੀ ਤਰੀਕੇ ਨਾਲ ਰਾਜ ਨਹੀਂ ਕਰਦਾ ਹੈ। (ਉਤਪਤ 3:1-5) ਸ਼ਤਾਨ, ਇਸ ਅਪਵਿੱਤਰ ਜਗਤ ਦਾ ਸਰਦਾਰ, ਉਸ ਸਮੇਂ ਤੋਂ ਹੀ ਪਰਮੇਸ਼ੁਰ ਦੇ ਨਾਂ ਨੂੰ ਮਲੀਨ ਕਰਦਾ ਆਇਆ ਹੈ। (ਯੂਹੰਨਾ 8:44; 12:31; ਪਰਕਾਸ਼ ਦੀ ਪੋਥੀ 12:9) ਧਰਮਾਂ ਨੇ ਸਿਖਾਇਆ ਹੈ ਕਿ ਪਰਮੇਸ਼ੁਰ ਇਨਸਾਨਾਂ ਤੋਂ ਦੂਰ ਹੀ ਰਹਿੰਦਾ ਹੈ ਅਤੇ ਉਹ ਨਿਰਦਈ ਤੇ ਕਠੋਰ ਹੈ। ਉਨ੍ਹਾਂ ਨੇ ਦਾਅਵੇ ਕੀਤੇ ਹਨ ਕਿ ਪਰਮੇਸ਼ੁਰ ਉਨ੍ਹਾਂ ਦੀਆਂ ਖ਼ੂਨੀ ਜੰਗਾਂ ਵਿਚ ਉਨ੍ਹਾਂ ਲਈ ਲੜਦਾ ਹੈ। ਉਨ੍ਹਾਂ ਨੇ ਪਰਮੇਸ਼ੁਰ ਦੀ ਸ੍ਰਿਸ਼ਟੀ ਦੀਆਂ ਕਰਾਮਾਤਾਂ ਨੂੰ ਆਪੇ ਹੋਣ ਵਾਲੇ ਵਿਕਾਸ ਜਾਂ ਇਤਫ਼ਾਕ ਦੀ ਗੱਲ ਸੱਦਿਆ ਹੈ। ਜੀ ਹਾਂ, ਪਰਮੇਸ਼ੁਰ ਦਾ ਨਾਂ ਚੰਗਾ ਬਦਨਾਮ ਕੀਤਾ ਗਿਆ ਹੈ। ਉਸ ਨੂੰ ਪਾਕ ਕਰਨਾ ਜ਼ਰੂਰੀ ਹੈ; ਉਸ ਦਾ ਪ੍ਰਤਾਪ ਵਾਪਸ ਕੀਤਾ ਜਾਣਾ ਜ਼ਰੂਰੀ ਹੈ। ਅਸੀਂ ਉਸ ਸਮੇਂ ਦੀ ਉਡੀਕ ਵਿਚ ਹਾਂ ਜਦੋਂ ਉਸ ਦਾ ਨਾਂ ਪਾਕ ਮੰਨਿਆ ਜਾਵੇਗਾ ਅਤੇ ਉਸ ਦਾ ਰਾਜ ਕਰਨ ਦਾ ਹੱਕ ਜਾਇਜ਼ ਸਾਬਤ ਕੀਤਾ ਜਾਵੇਗਾ। ਅਸੀਂ ਕਿੰਨੇ ਖ਼ੁਸ਼ ਹਾਂ ਕਿ ਅਸੀਂ ਇਸ ਮਹਾਨ ਕੰਮ ਵਿਚ ਹਿੱਸਾ ਲੈ ਸਕਦੇ ਹਾਂ।
14. ਪਰਮੇਸ਼ੁਰ ਦੀ ਆਤਮਾ ਨੂੰ ਪਵਿੱਤਰ ਕਿਉਂ ਸੱਦਿਆ ਗਿਆ ਹੈ ਅਤੇ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲਣਾ ਇੰਨਾ ਗੰਭੀਰ ਕਿਉਂ ਹੈ?
14 ਯਹੋਵਾਹ ਦੀ ਇਕ ਹੋਰ ਚੀਜ਼ ਵੀ ਹਮੇਸ਼ਾ ਪਵਿੱਤਰ ਕਹਿਲਾਉਂਦੀ ਹੈ ਯਾਨੀ ਉਸ ਦੀ ਆਤਮਾ। (ਉਤਪਤ 1:2) ਯਹੋਵਾਹ ਆਪਣੇ ਮਕਸਦ ਪੂਰੇ ਕਰਨ ਵਾਸਤੇ ਇਸ ਆਤਮਾ ਯਾਨੀ ਸ਼ਕਤੀ ਨੂੰ ਵਰਤਦਾ ਹੈ। ਪਰਮੇਸ਼ੁਰ ਸਭ ਕੁਝ ਪਵਿੱਤਰ, ਸ਼ੁੱਧ ਅਤੇ ਸਾਫ਼ ਤਰੀਕੇ ਨਾਲ ਕਰਦਾ ਹੈ। ਇਸ ਕਰਕੇ ਉਸ ਦੀ ਆਤਮਾ ਨੂੰ ਪਵਿੱਤਰ ਆਤਮਾ ਜਾਂ ਪਵਿੱਤਰਤਾਈ ਦੀ ਆਤਮਾ ਸੱਦਿਆ ਗਿਆ ਹੈ। (ਲੂਕਾ 11:13; ਰੋਮੀਆਂ 1:4) ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲਣ ਦਾ ਮਤਲਬ ਹੈ ਜਾਣ-ਬੁੱਝ ਕੇ ਯਹੋਵਾਹ ਦੇ ਮਕਸਦਾਂ ਦੇ ਖ਼ਿਲਾਫ਼ ਕੰਮ ਕਰਨਾ ਅਤੇ ਇਸ ਤਰ੍ਹਾਂ ਕਰਨ ਵਾਲੇ ਨੂੰ ਕਦੇ ਮਾਫ਼ੀ ਨਹੀਂ ਮਿਲੇਗੀ।—ਮਰਕੁਸ 3:29.
ਯਹੋਵਾਹ ਦੀ ਪਵਿੱਤਰਤਾ ਸਾਨੂੰ ਉਸ ਵੱਲ ਕਿਉਂ ਖਿੱਚਦੀ ਹੈ?
15. ਪਰਮੇਸ਼ੁਰ ਦੀ ਪਵਿੱਤਰਤਾ ਕਰਕੇ ਪਰਮੇਸ਼ੁਰੀ ਭੈ ਰੱਖਣਾ ਕਿਉਂ ਸਹੀ ਹੈ ਅਤੇ ਇਸ ਭੈ ਦਾ ਕੀ ਮਤਲਬ ਹੈ?
15 ਬਾਈਬਲ ਵਿਚ ਪਰਮੇਸ਼ੁਰ ਦੀ ਪਵਿੱਤਰਤਾ ਦਾ ਸੰਬੰਧ ਭੈ ਨਾਲ ਜੋੜਿਆ ਗਿਆ ਹੈ। ਉਦਾਹਰਣ ਲਈ, ਨਵਾਂ ਅਨੁਵਾਦ ਵਿਚ ਭਜਨ 99:3 ਵਿਚ ਲਿਖਿਆ ਹੈ: “ਲੋਕ ਤੇਰੇ ਮਹਾਨ ਅਤੇ ਭੈ ਵਾਲੇ ਨਾਂ ਦੀ ਮਹਿਮਾ ਕਰਨ, ਉਹ ਪਵਿੱਤਰ ਹੈ।” ਪਰ ਇਹ ਭੈ ਇਸ ਤਰ੍ਹਾਂ ਦਾ ਨਹੀਂ ਕਿ ਪਰਮੇਸ਼ੁਰ ਦਾ ਨਾਂ ਸੁਣ ਕੇ ਕਿਸੇ ਦਾ ਸਾਹ ਹੀ ਸੁੱਕ ਜਾਵੇ। ਇਸ ਦੀ ਬਜਾਇ ਇਹ ਦਿਲ ਵਿਚ ਸ਼ਰਧਾ ਦਾ ਭਾਵ ਅਤੇ ਆਦਰ-ਸਤਿਕਾਰ ਪੈਦਾ ਕਰਦਾ ਹੈ। ਇਸ ਤਰ੍ਹਾਂ ਮਹਿਸੂਸ ਕਰਨਾ ਸਹੀ ਹੈ ਕਿਉਂਕਿ ਅਸੀਂ ਪਰਮੇਸ਼ੁਰ ਦੀ ਪਵਿੱਤਰਤਾ ਦਾ ਅੰਦਾਜ਼ਾ ਨਹੀਂ ਲਗਾ ਸਕਦੇ। ਫਿਰ ਵੀ ਇਹ ਸਾਨੂੰ ਉਸ ਤੋਂ ਦੂਰ ਨਹੀਂ ਕਰਦੀ। ਇਸ ਤੋਂ ਉਲਟ, ਪਰਮੇਸ਼ੁਰ ਦੀ ਪਵਿੱਤਰਤਾ ਬਾਰੇ ਸਹੀ ਨਜ਼ਰੀਆ ਰੱਖ ਕੇ ਅਸੀਂ ਪਰਮੇਸ਼ੁਰ ਵੱਲ ਖਿੱਚੇ ਜਾਂਦੇ ਹਾਂ। ਆਓ ਆਪਾਂ ਦੇਖੀਏ ਕਿਸ ਤਰ੍ਹਾਂ।
ਜਿਸ ਤਰ੍ਹਾਂ ਅਸੀਂ ਸੁੰਦਰਤਾ ਵੱਲ ਖਿੱਚੇ ਜਾਂਦੇ ਹਾਂ ਉਸੇ ਤਰ੍ਹਾਂ ਸਾਨੂੰ ਪਵਿੱਤਰਤਾ ਵੱਲ ਵੀ ਖਿੱਚੇ ਜਾਣਾ ਚਾਹੀਦਾ ਹੈ
16. (ੳ) ਪਵਿੱਤਰਤਾ ਦਾ ਸੰਬੰਧ ਸ਼ਾਨ ਤੇ ਸੁੰਦਰਤਾ ਨਾਲ ਕਿਸ ਤਰ੍ਹਾਂ ਜੋੜਿਆ ਗਿਆ ਹੈ? ਇਸ ਦੀ ਉਦਾਹਰਣ ਦਿਓ। (ਅ) ਦਰਸ਼ਣਾਂ ਵਿਚ ਯਹੋਵਾਹ ਦਾ ਵਰਣਨ ਕਰਦੇ ਹੋਏ ਸਫ਼ਾਈ, ਸ਼ੁੱਧਤਾ ਅਤੇ ਚਾਨਣ ਦੀ ਗੱਲ ਕਿਉਂ ਕੀਤੀ ਗਈ ਹੈ?
16 ਇਕ ਗੱਲ ਇਹ ਹੈ ਕਿ ਬਾਈਬਲ ਪਵਿੱਤਰਤਾ ਦਾ ਸੰਬੰਧ ਸ਼ਾਨ ਅਤੇ ਸੁੰਦਰਤਾ ਨਾਲ ਜੋੜਦੀ ਹੈ। ਯਸਾਯਾਹ 63:15 ਵਿਚ ਸਵਰਗ ਨੂੰ ਪਰਮੇਸ਼ੁਰ ਦਾ “ਪਵਿੱਤ੍ਰ ਅਤੇ ਸ਼ਾਨਦਾਰ ਭਵਨ” ਸੱਦਿਆ ਗਿਆ ਹੈ। ਅਸੀਂ ਸੁੰਦਰ ਤੇ ਸ਼ਾਨਦਾਰ ਚੀਜ਼ਾਂ ਨੂੰ ਪਸੰਦ ਕਰਦੇ ਹਾਂ। ਉਦਾਹਰਣ ਵਜੋਂ 33ਵੇਂ ਸਫ਼ੇ ਉੱਤੇ ਦਿੱਤੀ ਗਈ ਤਸਵੀਰ ਦੇਖੋ। ਕੀ ਇਹ ਤੁਹਾਨੂੰ ਵਧੀਆ ਨਹੀਂ ਲੱਗਦੀ? ਇਹ ਤੁਹਾਨੂੰ ਇੰਨੀ ਪਸੰਦ ਕਿਉਂ ਹੈ? ਨੋਟ ਕਰੋ ਕਿ ਪਾਣੀ ਕਿੰਨਾ ਸਾਫ਼ ਲੱਗਦਾ ਹੈ। ਹਵਾ ਵੀ ਜ਼ਰੂਰ ਸਾਫ਼ ਹੋਵੇਗੀ। ਨੀਲੇ ਆਕਾਸ਼ ਵਿਚ ਰੂੰ ਵਰਗੇ ਫੈਲੇ ਚਿੱਟੇ ਬੱਦਲ ਨਜ਼ਾਰੇ ਦੀ ਸੁੰਦਰਤਾ ਨੂੰ ਚਾਰ ਚੰਨ ਲਾ ਰਹੇ ਹਨ। ਪਰ ਇਸ ਦ੍ਰਿਸ਼ ਨੂੰ ਬਦਲ ਕੇ ਦੇਖੋ। ਕਲਪਨਾ ਕਰੋ ਕਿ ਪਾਣੀ ਕੂੜੇ-ਕਰਕਟ ਨਾਲ ਭਰਿਆ ਹੋਵੇ, ਦਰਖ਼ਤਾਂ ਤੇ ਪੱਥਰਾਂ ਉੱਤੇ ਗੰਦ-ਮੰਦ ਲਿਖਿਆ ਹੋਵੇ, ਹਵਾ ਧੂੰਏ ਨਾਲ ਗੰਦੀ ਹੋਵੇ। ਹਾਂ, ਅਸੀਂ ਇਸ ਜਗ੍ਹਾ ਨੂੰ ਪਸੰਦ ਨਹੀਂ ਕਰਾਂਗੇ ਅਤੇ ਇੱਥੋਂ ਚਲੇ ਜਾਣਾ ਚਾਹਾਂਗੇ। ਅਸੀਂ ਆਮ ਤੌਰ ਤੇ ਸੁੰਦਰਤਾ ਦਾ ਸੰਬੰਧ ਸਫ਼ਾਈ, ਸ਼ੁੱਧਤਾ ਅਤੇ ਚਾਨਣ ਨਾਲ ਜੋੜਦੇ ਹਾਂ। ਇਨ੍ਹਾਂ ਹੀ ਸ਼ਬਦਾਂ ਨਾਲ ਯਹੋਵਾਹ ਦੀ ਪਵਿੱਤਰਤਾ ਦਾ ਜ਼ਿਕਰ ਕੀਤਾ ਜਾ ਸਕਦਾ ਹੈ। ਇਸੇ ਕਰਕੇ ਯਹੋਵਾਹ ਦੇ ਦਰਸ਼ਣਾਂ ਬਾਰੇ ਪੜ੍ਹ ਕੇ ਅਸੀਂ ਇੰਨੇ ਮੋਹਿਤ ਹੁੰਦੇ ਹਾਂ! ਸਾਡੇ ਪਵਿੱਤਰ ਪਰਮੇਸ਼ੁਰ ਦਾ ਚਿਹਰਾ ਲਟ-ਲਟ ਬਲਦਾ, ਰੂਪ ਰਤਨਾਂ ਵਾਂਗ ਲਿਸ਼ਕਦਾ ਤੇ ਉਸ ਦਾ ਸੁਹੱਪਣ ਕਿਸੇ ਖਾਲਸ ਤੇ ਕੀਮਤੀ ਧਾਤ ਵਾਂਗ ਚਮਕਦਾ ਹੈ।—ਹਿਜ਼ਕੀਏਲ 1:25-28; ਪਰਕਾਸ਼ ਦੀ ਪੋਥੀ 4:2, 3.
17, 18. (ੳ) ਦਰਸ਼ਣ ਦਾ ਯਸਾਯਾਹ ਉੱਤੇ ਪਹਿਲਾਂ ਕੀ ਪ੍ਰਭਾਵ ਪਿਆ ਸੀ? (ਅ) ਯਹੋਵਾਹ ਨੇ ਇਕ ਸਰਾਫ਼ੀਮ ਰਾਹੀਂ ਯਸਾਯਾਹ ਨੂੰ ਦਿਲਾਸਾ ਕਿਸ ਤਰ੍ਹਾਂ ਦਿੱਤਾ ਸੀ ਅਤੇ ਸਰਾਫ਼ੀਮ ਨੇ ਜੋ ਕੀਤਾ ਉਸ ਦਾ ਕੀ ਮਤਲਬ ਸੀ?
17 ਪਰ ਕੀ ਸਾਨੂੰ ਪਰਮੇਸ਼ੁਰ ਦੀ ਪਵਿੱਤਰਤਾ ਕਰਕੇ ਆਪਣੇ ਆਪ ਨੂੰ ਨੀਵੇਂ ਮਹਿਸੂਸ ਕਰਨਾ ਚਾਹੀਦਾ ਹੈ? ਜੀ ਹਾਂ ਜ਼ਰੂਰ। ਆਖ਼ਰਕਾਰ ਅਸੀਂ ਹੈ ਹੀ ਨੀਵੇਂ ਅਤੇ ਅਸੀਂ ਕਦੇ ਵੀ ਉਸ ਜਿੰਨੇ ਪਵਿੱਤਰ ਨਹੀਂ ਹੋ ਸਕਦੇ ਕਿਉਂਕਿ ਸਾਡੇ ਅਤੇ ਉਸ ਦਰਮਿਆਨ ਜ਼ਮੀਨ-ਆਸਮਾਨ ਦਾ ਫ਼ਰਕ ਹੈ। ਕੀ ਇਹ ਜਾਣ ਕੇ ਸਾਨੂੰ ਉਸ ਦੇ ਨੇੜੇ ਜਾਣ ਦੀ ਗੱਲ ਭੁਲਾ ਦੇਣੀ ਚਾਹੀਦੀ ਹੈ? ਨਹੀਂ, ਧਿਆਨ ਦਿਓ ਕਿ ਯਸਾਯਾਹ ਨੇ ਕੀ ਕੀਤਾ ਸੀ ਜਦੋਂ ਉਸ ਨੇ ਸਰਾਫ਼ੀਮ ਨੂੰ ਯਹੋਵਾਹ ਦੀ ਪਵਿੱਤਰਤਾ ਦਾ ਐਲਾਨ ਕਰਦੇ ਹੋਏ ਸੁਣਿਆ: “ਤਦ ਮੈਂ ਆਖਿਆ, ਹਾਇ ਮੇਰੇ ਉੱਤੇ! ਮੈਂ ਤਾਂ ਬੱਸ ਹੋ ਗਿਆ! ਮੈਂ ਜੋ ਭਰਿਸ਼ਟ ਬੁੱਲ੍ਹਾਂ ਵਾਲਾ ਹਾਂ, ਅਤੇ ਭਰਿਸ਼ਟ ਬੁੱਲ੍ਹਾਂ ਵਾਲੇ ਲੋਕਾਂ ਵਿੱਚ ਵੱਸਦਾ ਹਾਂ! ਕਿਉਂ ਜੋ ਮੇਰੀਆਂ ਅੱਖਾਂ ਨੇ ਸੈਨਾਂ ਦੇ ਯਹੋਵਾਹ ਅਧੀਰਾਜ ਨੂੰ ਡਿੱਠਾ ਹੈ!” (ਯਸਾਯਾਹ 6:5) ਜੀ ਹਾਂ, ਯਹੋਵਾਹ ਦੀ ਬੇਹੱਦ ਪਵਿੱਤਰਤਾ ਨੇ ਯਸਾਯਾਹ ਨੂੰ ਯਾਦ ਕਰਾਇਆ ਕਿ ਉਹ ਕਿੰਨਾ ਪਾਪੀ ਤੇ ਅਪੂਰਣ ਸੀ। ਇਹ ਵਫ਼ਾਦਾਰ ਬੰਦਾ ਪਹਿਲਾਂ ਤਾਂ ਬੜਾ ਪਰੇਸ਼ਾਨ ਹੋਇਆ ਪਰ ਯਹੋਵਾਹ ਨੇ ਉਸ ਨੂੰ ਹੌਸਲਾ ਦਿੱਤਾ।
18 ਇਕ ਸਰਾਫ਼ੀਮ ਨੇ ਇਕਦਮ ਉਸ ਨੂੰ ਦਿਲਾਸਾ ਦਿੱਤਾ। ਕਿਸ ਤਰ੍ਹਾਂ? ਉਸ ਸ਼ਕਤੀਸ਼ਾਲੀ ਦੂਤ ਨੇ ਉੱਡ ਕੇ ਜਗਵੇਦੀ ਉੱਤੋਂ ਇਕ ਕੋਲਾ ਲੈ ਕੇ ਯਸਾਯਾਹ ਦੇ ਬੁੱਲ੍ਹਾਂ ਨੂੰ ਲਾਇਆ। ਇਸ ਤੋਂ ਸ਼ਾਇਦ ਲੱਗੇ ਕਿ ਉਸ ਨੂੰ ਦਿਲਾਸਾ ਮਿਲਣ ਦੀ ਬਜਾਇ ਦਰਦ ਹੋਇਆ ਹੋਣਾ। ਪਰ ਯਾਦ ਰੱਖੋ ਕਿ ਇਹ ਇਕ ਮਤਲਬ-ਭਰਿਆ ਦਰਸ਼ਣ ਸੀ। ਯਸਾਯਾਹ ਇਕ ਵਫ਼ਾਦਾਰ ਯਹੂਦੀ ਸੀ ਅਤੇ ਉਹ ਜਾਣਦਾ ਸੀ ਕਿ ਹਰ ਰੋਜ਼ ਹੈਕਲ ਦੀ ਜਗਵੇਦੀ ਉੱਤੇ ਪਾਪਾਂ ਦੇ ਪ੍ਰਾਸਚਿਤ ਵਾਸਤੇ ਚੜ੍ਹਾਵੇ ਚੜ੍ਹਾਏ ਜਾਂਦੇ ਸਨ। ਸਰਾਫ਼ੀਮ ਨੇ ਪਿਆਰ ਨਾਲ ਉਸ ਨਬੀ ਨੂੰ ਯਾਦ ਕਰਾਇਆ ਕਿ ਭਾਵੇਂ ਉਹ ਅਪੂਰਣ ਅਤੇ “ਭਰਿਸ਼ਟ ਬੁੱਲ੍ਹਾਂ ਵਾਲਾ” ਸੀ, ਫਿਰ ਵੀ ਉਹ ਪਰਮੇਸ਼ੁਰ ਸਾਮ੍ਹਣੇ ਸ਼ੁੱਧ ਜ਼ਮੀਰ ਨਾਲ ਖੜ੍ਹਾ ਹੋ ਸਕਦਾ ਸੀ।a ਯਹੋਵਾਹ ਇਕ ਅਪੂਰਣ ਤੇ ਪਾਪੀ ਇਨਸਾਨ ਨੂੰ ਕੁਝ ਹੱਦ ਤਕ ਪਵਿੱਤਰ ਸਮਝਣ ਲਈ ਤਿਆਰ ਸੀ।—ਯਸਾਯਾਹ 6:6, 7.
19. ਅਸੀਂ ਅਪੂਰਣ ਹੋਣ ਦੇ ਬਾਵਜੂਦ ਕੁਝ ਹੱਦ ਤਕ ਪਵਿੱਤਰ ਕਿਸ ਤਰ੍ਹਾਂ ਬਣ ਸਕਦੇ ਹਾਂ?
19 ਇਹ ਗੱਲ ਅੱਜ ਵੀ ਸੱਚ ਹੈ। ਯਰੂਸ਼ਲਮ ਦੀ ਜਗਵੇਦੀ ਉੱਤੇ ਚੜ੍ਹਾਏ ਗਏ ਚੜ੍ਹਾਵੇ ਇਕ ਵੱਡੇ ਚੜ੍ਹਾਵੇ ਦਾ ਪਰਛਾਵਾਂ ਹੀ ਸਨ। ਉਹ ਵੱਡਾ ਤੇ ਸੰਪੂਰਣ ਚੜ੍ਹਾਵਾ ਯਿਸੂ ਮਸੀਹ ਨੇ 33 ਸਾ.ਯੁ. ਵਿਚ ਚੜ੍ਹਾਇਆ ਸੀ। (ਇਬਰਾਨੀਆਂ 9:11-14) ਜੇ ਅਸੀਂ ਆਪਣੇ ਪਾਪਾਂ ਤੋਂ ਸੱਚੀ ਤੋਬਾ ਕਰਾਂਗੇ, ਪੁੱਠੇ ਰਾਹ ਤੋਂ ਮੁੜਾਂਗੇ ਅਤੇ ਯਿਸੂ ਦੇ ਬਲੀਦਾਨ ਵਿਚ ਵਿਸ਼ਵਾਸ ਕਰਾਂਗੇ, ਤਾਂ ਸਾਨੂੰ ਮਾਫ਼ੀ ਮਿਲੇਗੀ (1 ਯੂਹੰਨਾ 2:2) ਅਸੀਂ ਵੀ ਯਹੋਵਾਹ ਸਾਮ੍ਹਣੇ ਸ਼ੁੱਧ ਜ਼ਮੀਰ ਨਾਲ ਖੜ੍ਹੇ ਹੋ ਸਕਦੇ ਹਾਂ। ਇਸ ਕਰਕੇ ਪਤਰਸ ਰਸੂਲ ਸਾਨੂੰ ਯਾਦ ਕਰਾਉਂਦਾ ਹੈ: “ਇਹ ਲਿਖਿਆ ਹੋਇਆ ਹੈ ਭਈ ਤੁਸੀਂ ਪਵਿੱਤਰ ਬਣੋ ਇਸ ਲਈ ਜੋ ਮੈਂ ਪਵਿੱਤਰ ਹਾਂ।” (1 ਪਤਰਸ 1:16) ਨੋਟ ਕਰੋ ਕਿ ਯਹੋਵਾਹ ਨੇ ਇਹ ਨਹੀਂ ਕਿਹਾ ਕਿ ਤੁਸੀਂ ਮੇਰੇ ਜਿੰਨੇ ਪਵਿੱਤਰ ਬਣੋ। ਉਹ ਸਾਡੇ ਤੋਂ ਕਦੇ ਐਸੀ ਚੀਜ਼ ਦੀ ਆਸ ਨਹੀਂ ਰੱਖਦਾ ਜੋ ਅਸੀਂ ਨਹੀਂ ਕਰ ਸਕਦੇ। (ਜ਼ਬੂਰ 103:13, 14) ਇਸ ਦੀ ਬਜਾਇ ਯਹੋਵਾਹ ਕਹਿੰਦਾ ਹੈ ਕਿ ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ। “ਪਿਆਰਿਆਂ ਪੁੱਤ੍ਰਾਂ ਵਾਂਙੁ” ਅਸੀਂ ਅਪੂਰਣ ਹੋਣ ਦੇ ਬਾਵਜੂਦ ਆਪਣੀ ਪੂਰੀ ਵਾਹ ਲਾ ਕੇ ਉਸ ਦੀ ਨਕਲ ਕਰਨ ਦੀ ਕੋਸ਼ਿਸ਼ ਕਰਦੇ ਹਾਂ। (ਅਫ਼ਸੀਆਂ 5:1) ਤਾਂ ਫਿਰ ਪਵਿੱਤਰਤਾ ਇੱਕੋ ਵਾਰ ਹੀ ਹਾਸਲ ਨਹੀਂ ਕੀਤੀ ਜਾ ਸਕਦੀ। ਇਸ ਨੂੰ ਪ੍ਰਾਪਤ ਕਰਨ ਲਈ ਲਗਾਤਾਰ ਜਤਨ ਕਰਦੇ ਰਹਿਣ ਦੀ ਲੋੜ ਹੈ। ਜਿਉਂ-ਜਿਉਂ ਅਸੀਂ ਸੱਚਾਈ ਵਿਚ ਤਰੱਕੀ ਕਰਦੇ ਹਾਂ, ਅਸੀਂ ਦਿਨ-ਬ-ਦਿਨ “ਪਵਿੱਤਰਤਾਈ ਨੂੰ ਸੰਪੂਰਨ” ਕਰਨ ਵਿਚ ਲੱਗੇ ਰਹਿੰਦੇ ਹਾਂ।—2 ਕੁਰਿੰਥੀਆਂ 7:1.
20. (ੳ) ਇਹ ਸਮਝਣਾ ਕਿਉਂ ਜ਼ਰੂਰੀ ਹੈ ਕਿ ਅਸੀਂ ਆਪਣੇ ਪਵਿੱਤਰ ਪਰਮੇਸ਼ੁਰ ਦੀ ਨਜ਼ਰ ਵਿਚ ਸ਼ੁੱਧ ਗਿਣੇ ਜਾ ਸਕਦੇ ਹਾਂ? (ਅ) ਯਸਾਯਾਹ ਤੇ ਕੀ ਅਸਰ ਪਿਆ ਸੀ ਜਦੋਂ ਉਸ ਨੇ ਜਾਣਿਆ ਕਿ ਉਸ ਦੇ ਪਾਪ ਬਖ਼ਸ਼ ਦਿੱਤੇ ਗਏ ਸਨ?
20 ਯਹੋਵਾਹ ਈਮਾਨਦਾਰੀ ਅਤੇ ਸ਼ੁੱਧਤਾ ਨਾਲ ਪਿਆਰ ਕਰਦਾ ਹੈ। ਪਾਪ ਨਾਲ ਉਸ ਨੂੰ ਨਫ਼ਰਤ ਹੈ। (ਹਬੱਕੂਕ 1:13) ਪਰ ਉਹ ਸਾਡੇ ਨਾਲ ਨਫ਼ਰਤ ਨਹੀਂ ਕਰਦਾ। ਜਿੰਨੀ ਦੇਰ ਅਸੀਂ ਪਾਪ ਨੂੰ ਯਹੋਵਾਹ ਦੀਆਂ ਨਜ਼ਰਾਂ ਨਾਲ ਦੇਖਦੇ ਹਾਂ ਯਾਨੀ ਬੁਰਾਈ ਨਾਲ ਨਫ਼ਰਤ ਤੇ ਅਛਾਈ ਨਾਲ ਪਿਆਰ ਕਰਦੇ ਹਾਂ ਅਤੇ ਯਿਸੂ ਮਸੀਹ ਦੇ ਸੰਪੂਰਣ ਕਦਮਾਂ ਉੱਤੇ ਚੱਲਦੇ ਰਹਿੰਦੇ ਹਾਂ, ਯਹੋਵਾਹ ਸਾਡੇ ਪਾਪ ਮਾਫ਼ ਕਰੇਗਾ। (ਆਮੋਸ 5:15; 1 ਪਤਰਸ 2:21) ਜਦ ਅਸੀਂ ਸਮਝ ਜਾਂਦੇ ਹਾਂ ਕਿ ਅਸੀਂ ਆਪਣੇ ਪਵਿੱਤਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਾਫ਼ ਗਿਣੇ ਜਾ ਸਕਦੇ ਹਾਂ, ਤਾਂ ਸਾਡੇ ਉੱਤੇ ਡੂੰਘਾ ਅਸਰ ਹੁੰਦਾ ਹੈ। ਯਾਦ ਰੱਖੋ ਕਿ ਯਹੋਵਾਹ ਦੀ ਪਵਿੱਤਰਤਾ ਨੇ ਪਹਿਲਾਂ ਯਸਾਯਾਹ ਨੂੰ ਆਪਣੀ ਅਪਵਿੱਤਰਤਾ ਯਾਦ ਕਰਾਈ ਸੀ। ਉਹ ਪੁਕਾਰ ਉੱਠਿਆ ਸੀ: “ਹਾਇ ਮੇਰੇ ਉੱਤੇ!” ਪਰ ਜਦ ਉਸ ਨੇ ਜਾਣਿਆ ਕਿ ਉਸ ਦੇ ਪਾਪ ਬਖ਼ਸ਼ੇ ਗਏ ਸਨ, ਤਾਂ ਉਸ ਦੀ ਸੋਚਣੀ ਬਦਲ ਗਈ। ਫਿਰ ਜਦ ਯਹੋਵਾਹ ਨੇ ਪੁੱਛਿਆ ਕਿ ਕੌਣ ਇਕ ਖ਼ਾਸ ਕੰਮ ਕਰਨ ਲਈ ਤਿਆਰ ਸੀ, ਤਾਂ ਯਸਾਯਾਹ ਨੇ ਇਹ ਜਾਣੇ ਬਗੈਰ ਕਿ ਉਹ ਕੰਮ ਕੀ ਸੀ ਇਕਦਮ ਜਵਾਬ ਦਿੱਤਾ: “ਮੈਂ ਹਾਜ਼ਰ ਹਾਂ, ਮੈਨੂੰ ਘੱਲੋ।”—ਯਸਾਯਾਹ 6:5-8.
21. ਅਸੀਂ ਕਿਉਂ ਮੰਨ ਸਕਦੇ ਹਾਂ ਕਿ ਅਸੀਂ ਪਵਿੱਤਰ ਬਣ ਸਕਦੇ ਹਾਂ?
21 ਅਸੀਂ ਪਵਿੱਤਰ ਪਰਮੇਸ਼ੁਰ ਦੇ ਸਰੂਪ ਉੱਤੇ ਬਣਾਏ ਗਏ ਹਾਂ। ਸਾਨੂੰ ਨੈਤਿਕ ਗੁਣਾਂ ਨਾਲ ਬਖ਼ਸ਼ਿਆ ਗਿਆ ਹੈ ਅਤੇ ਪਰਮੇਸ਼ੁਰ ਦੀਆਂ ਗੱਲਾਂ ਸਮਝਣ ਦੀ ਸਮਰਥਾ ਦਿੱਤੀ ਗਈ ਹੈ। (ਉਤਪਤ 1:26) ਸਾਡੇ ਸਾਰਿਆਂ ਵਿਚ ਪਵਿੱਤਰ ਬਣਨ ਦੀ ਸੰਭਾਵਨਾ ਹੈ। ਜਿਉਂ-ਜਿਉਂ ਅਸੀਂ ਪਵਿੱਤਰ ਬਣਦੇ ਹਾਂ, ਯਹੋਵਾਹ ਵੀ ਸਾਡੀ ਮਦਦ ਕਰਦਾ ਹੈ। ਇਸ ਤਰ੍ਹਾਂ ਕਰਦੇ ਹੋਏ, ਅਸੀਂ ਆਪਣੇ ਪਵਿੱਤਰ ਪਰਮੇਸ਼ੁਰ ਵੱਲ ਹੋਰ ਖਿੱਚੇ ਜਾਂਦੇ ਹਾਂ। ਇਸ ਤੋਂ ਇਲਾਵਾ ਅਗਲੇ ਅਧਿਆਵਾਂ ਵਿਚ ਯਹੋਵਾਹ ਦੇ ਗੁਣਾਂ ਉੱਤੇ ਚਰਚਾ ਕਰਨ ਨਾਲ ਅਸੀਂ ਸਿੱਖਾਂਗੇ ਕਿ ਯਹੋਵਾਹ ਦੇ ਨੇੜੇ ਹੋਣ ਲਈ ਹੋਰ ਕਈ ਕਾਰਨ ਹਨ!
a ਯਸਾਯਾਹ ਨੂੰ “ਭਰਿਸ਼ਟ ਬੁੱਲ੍ਹਾਂ ਵਾਲਾ” ਕਹਿਣਾ ਸਹੀ ਸੀ ਕਿਉਂਕਿ ਬਾਈਬਲ ਵਿਚ ਕਈ ਵਾਰ ਭਾਸ਼ਾ ਜਾਂ ਬੋਲੀ ਦੀ ਗੱਲ ਕਰਦੇ ਹੋਏ ਬੁੱਲ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਹੈ। ਅਪੂਰਣ ਇਨਸਾਨ ਬਹੁਤ ਸਾਰੇ ਪਾਪ ਆਪਣੀ ਜ਼ਬਾਨ ਨਾਲ ਕਰਦੇ ਹਨ।—ਕਹਾਉਤਾਂ 10:19; ਯਾਕੂਬ 3:2, 6.