ਇਕ ਬਿਹਤਰ ਤਰੀਕਾ
ਯਹੋਵਾਹ ਦੇ ਗਵਾਹ ਸੰਸਾਰ ਵਿਚ ਅਧਿਆਤਮਿਕਤਾ ਦੀ ਖੋਰ ਬਾਰੇ ਅਤੇ ਸਮਾਜ ਵਿਚ ਫੈਲ ਰਹੀ ਅਨੈਤਿਕਤਾ ਅਤੇ ਧਾਰਮਿਕ ਅਨਿਸ਼ਚਿਤਤਾ ਦੇ ਬਾਰੇ ਚਿੰਤਿਤ ਹਨ। ਨਤੀਜੇ ਵਜੋਂ, ਕਈ ਵਾਰ ਉਨ੍ਹਾਂ ਨੂੰ ਮੂਲਵਾਦੀ ਕਿਹਾ ਜਾਂਦਾ ਹੈ। ਪਰੰਤੂ ਕੀ ਉਹ ਮੂਲਵਾਦੀ ਹਨ? ਨਹੀਂ। ਭਾਵੇਂ ਕਿ ਉਨ੍ਹਾਂ ਦੀਆਂ ਦ੍ਰਿੜ੍ਹ ਧਾਰਮਿਕ ਧਾਰਣਾਵਾਂ ਹਨ, ਪਰੰਤੂ ਉਹ ਉਸ ਭਾਵ ਵਿਚ ਮੂਲਵਾਦੀ ਨਹੀਂ ਹਨ ਜਿਸ ਭਾਵ ਵਿਚ ਇਹ ਸ਼ਬਦ ਪ੍ਰਯੋਗ ਕੀਤਾ ਗਿਆ ਹੈ। ਉਹ ਰਾਜਨੀਤਿਕ ਨੇਤਾਵਾਂ ਤੇ ਇਕ ਖ਼ਾਸ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਣ ਲਈ ਜ਼ੋਰ ਨਹੀਂ ਪਾਉਂਦੇ ਹਨ, ਅਤੇ ਉਨ੍ਹਾਂ ਵਿਰੁੱਧ ਜਿਨ੍ਹਾਂ ਨਾਲ ਉਹ ਸਹਿਮਤ ਨਹੀਂ ਹਨ ਵਿਖਾਵੇ ਅਤੇ ਹਿੰਸਾ ਦਾ ਪ੍ਰਯੋਗ ਨਹੀਂ ਕਰਦੇ ਹਨ। ਉਨ੍ਹਾਂ ਨੇ ਇਕ ਬਿਹਤਰ ਤਰੀਕਾ ਲੱਭ ਲਿਆ ਹੈ। ਉਹ ਆਪਣੇ ਆਗੂ, ਯਿਸੂ ਮਸੀਹ ਦੀ ਨਕਲ ਕਰਦੇ ਹਨ।
ਯਹੋਵਾਹ ਦੇ ਗਵਾਹਾਂ ਨੂੰ ਪੱਕਾ ਯਕੀਨ ਹੈ ਕਿ ਧਾਰਮਿਕ ਸੱਚਾਈ ਮੌਜੂਦ ਹੈ, ਅਤੇ ਇਹ ਬਾਈਬਲ ਵਿਚ ਪਾਈ ਜਾਂਦੀ ਹੈ। (ਯੂਹੰਨਾ 8:32; 17:17) ਪਰੰਤੂ ਬਾਈਬਲ ਮਸੀਹੀਆਂ ਨੂੰ ਦਿਆਲੂ, ਭਲੇ, ਹਲੀਮ, ਅਤੇ ਸਿਆਣੇ ਬਣਨ ਦੀ ਸਿੱਖਿਆ ਦਿੰਦੀ ਹੈ—ਗੁਣ ਜੋ ਕੱਟੜਵਾਦ ਦੀ ਇਜਾਜ਼ਤ ਨਹੀਂ ਦਿੰਦੇ ਹਨ। (ਗਲਾਤੀਆਂ 5:22, 23; ਫ਼ਿਲਿੱਪੀਆਂ 4:5) ਬਾਈਬਲ ਦੀ ਯਾਕੂਬ ਨਾਮਕ ਪੋਥੀ ਵਿਚ, ਮਸੀਹੀਆਂ ਨੂੰ “ਜਿਹੜੀ ਬੁੱਧ ਉੱਪਰੋਂ ਹੈ” ਉਸ ਨੂੰ ਆਪਣੇ ਵਿਚ ਪੈਦਾ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਹੈ, ਜਿਸ ਨੂੰ ‘ਪਹਿਲਾਂ ਪਵਿੱਤਰ, ਫੇਰ ਮਿਲਣਸਾਰ, ਸ਼ੀਲ ਸੁਭਾਉ, ਹਠ ਤੋਂ ਰਹਿਤ, ਦਯਾ ਅਤੇ ਚੰਗਿਆਂ ਫਲਾਂ ਨਾਲ ਭਰਪੂਰ,’ ਵਜੋਂ ਵਰਣਿਤ ਕੀਤਾ ਗਿਆ ਹੈ। ਯਾਕੂਬ ਨੇ ਅੱਗੇ ਕਿਹਾ ਹੈ: “ਧਰਮ ਦਾ ਫਲ ਮੇਲ ਕਰਾਉਣ ਵਾਲਿਆਂ ਤੋਂ ਮੇਲ ਨਾਲ ਬੀਜਿਆ ਜਾਂਦਾ ਹੈ।”—ਯਾਕੂਬ 3:17, 18.
ਯਹੋਵਾਹ ਦੇ ਗਵਾਹਾਂ ਨੂੰ ਯਾਦ ਹੈ ਕਿ ਯਿਸੂ ਸੱਚਾਈ ਬਾਰੇ ਬਹੁਤ ਚਿੰਤਿਤ ਸੀ। ਉਸ ਨੇ ਪੁੰਤਿਯੁਸ ਪਿਲਾਤੁਸ ਨੂੰ ਦੱਸਿਆ: “ਮੈਂ ਇਸੇ ਲਈ ਜਨਮ ਧਾਰਿਆ ਅਤੇ ਇਸੇ ਲਈ ਜਗਤ ਵਿੱਚ ਆਇਆ ਹਾਂ ਭਈ ਸਚਿਆਈ ਉੱਤੇ ਸਾਖੀ ਦਿਆਂ।” (ਯੂਹੰਨਾ 18:37) ਭਾਵੇਂ ਕਿ ਉਹ ਸੱਚਾਈ ਦਾ ਇਕ ਨਿਡਰ ਹਿਮਾਇਤੀ ਸੀ, ਉਸ ਨੇ ਆਪਣੀਆਂ ਧਾਰਣਾਵਾਂ ਦੂਸਰਿਆਂ ਤੇ ਠੋਸਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੀ ਬਜਾਇ, ਉਸ ਨੇ ਉਨ੍ਹਾਂ ਦਿਆਂ ਮਨਾਂ ਅਤੇ ਦਿਲਾਂ ਨੂੰ ਛੋਹਣ ਦੀ ਕੋਸ਼ਿਸ਼ ਕੀਤੀ। ਉਹ ਜਾਣਦਾ ਸੀ ਕਿ ਉਸ ਦਾ ਸਵਰਗੀ ਪਿਤਾ, ਇਕ “ਭਲਾ ਅਰ ਸੱਚਾ” ਪਰਮੇਸ਼ੁਰ, ਫ਼ੈਸਲਾ ਕਰੇਗਾ ਕਿ ਧਰਤੀ ਤੋਂ ਕਪਟ ਅਤੇ ਬੇਇਨਸਾਫ਼ੀ ਕਿਸ ਤਰ੍ਹਾਂ ਅਤੇ ਕਦੋਂ ਖ਼ਤਮ ਕਰਨੀ ਹੈ। (ਜ਼ਬੂਰ 25:8) ਇਸ ਲਈ, ਉਸ ਨੇ ਉਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੋ ਉਸ ਨਾਲ ਅਸਹਿਮਤ ਸਨ। ਇਸ ਦੇ ਉਲਟ, ਉਸ ਦੇ ਦਿਨਾਂ ਦੇ ਕੱਟੜਪੰਥੀ ਧਾਰਮਿਕ ਆਗੂ ਸਨ ਜਿਨ੍ਹਾਂ ਨੇ ਯਿਸੂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ।—ਯੂਹੰਨਾ 19:5, 6.
ਯਹੋਵਾਹ ਦੇ ਗਵਾਹ ਧਾਰਮਿਕ ਸਿਧਾਂਤਾਂ ਪ੍ਰਤੀ ਦ੍ਰਿੜ੍ਹ ਧਾਰਣਾਵਾਂ ਰੱਖਦੇ ਹਨ, ਅਤੇ ਉਹ ਨੈਤਿਕਤਾ ਦੇ ਮਾਮਲੇ ਵਿਚ ਮਜ਼ਬੂਤ ਕਦਰਾਂ-ਕੀਮਤਾਂ ਦਾ ਪ੍ਰਗਟਾਵਾ ਕਰਦੇ ਹਨ। ਰਸੂਲ ਪੌਲੁਸ ਦੀ ਤਰ੍ਹਾਂ, ਉਹ ਨਿਸ਼ਚਿਤ ਹਨ ਕਿ ਕੇਵਲ “ਇੱਕੋ ਪ੍ਰਭੁ, ਇੱਕੋ ਨਿਹਚਾ, ਇੱਕੋ ਬਪਤਿਸਮਾ” ਹੈ। (ਅਫ਼ਸੀਆਂ 4:5) ਉਹ ਯਿਸੂ ਦੇ ਸ਼ਬਦਾਂ ਤੋਂ ਵੀ ਜਾਣੂ ਹਨ: “ਭੀੜਾ ਹੈ ਉਹ ਫਾਟਕ ਅਤੇ ਸੌੜਾ ਹੈ ਉਹ ਰਾਹ ਜਿਹੜਾ ਜੀਉਣ ਨੂੰ ਜਾਂਦਾ ਹੈ ਅਤੇ ਜੋ ਉਸ ਨੂੰ ਲੱਭਦੇ ਹਨ ਸੋ ਵਿਰਲੇ ਹਨ।” (ਮੱਤੀ 7:13, 14) ਹੁਣ ਵੀ, ਉਹ ਆਪਣੇ ਵਿਸ਼ਵਾਸਾਂ ਦਾ ਅਨੁਕਰਣ ਕਰਵਾਉਣ ਲਈ ਦੂਜਿਆਂ ਤੇ ਦਬਾਅ ਨਹੀਂ ਪਾਉਂਦੇ ਹਨ। ਇਸ ਦੀ ਬਜਾਇ, ਉਹ ਪੌਲੁਸ ਦੀ ਨਕਲ ਕਰਦੇ ਹਨ ਅਤੇ ਉਨ੍ਹਾਂ ਸਾਰਿਆਂ ਨੂੰ “ਪਰਮੇਸ਼ੁਰ ਨਾਲ ਮੇਲ ਮਿਲਾਪ” ਕਰਨ ਲਈ “ਬੇਨਤੀ” ਕਰਦੇ ਹਨ ਜੋ ਇਸ ਦੀ ਇੱਛਾ ਰੱਖਦੇ ਹਨ। (2 ਕੁਰਿੰਥੀਆਂ 5:20) ਇਹ ਬਿਹਤਰ ਤਰੀਕਾ ਹੈ। ਇਹ ਪਰਮੇਸ਼ੁਰ ਦਾ ਤਰੀਕਾ ਹੈ।
ਧਾਰਮਿਕ ਮੂਲਵਾਦ, ਜਿਸ ਤਰ੍ਹਾਂ ਅੱਜ ਇਹ ਸ਼ਬਦ ਪ੍ਰਯੋਗ ਕੀਤਾ ਜਾਂਦਾ ਹੈ, ਬਹੁਤ ਭਿੰਨ ਹੈ। ਮੂਲਵਾਦੀ ਆਪਣੇ ਸਿਧਾਂਤਾਂ ਨੂੰ ਸਮਾਜ ਉੱਤੇ ਠੋਸਣ ਲਈ ਬਹੁਤ ਸਾਰੇ ਦਾਅ-ਪੇਚ, ਇੱਥੋਂ ਤਕ ਕਿ ਹਿੰਸਾ ਦਾ ਵੀ ਪ੍ਰਯੋਗ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਉਹ ਰਾਜਨੀਤਿਕ ਪ੍ਰਣਾਲੀ ਦਾ ਅਟੁੱਟ ਅੰਗ ਬਣ ਜਾਂਦੇ ਹਨ। ਪਰੰਤੂ, ਯਿਸੂ ਨੇ ਕਿਹਾ ਸੀ ਕਿ ਉਸ ਦੇ ਪੈਰੋਕਾਰ ਇਸ “ਜਗਤ ਦੇ ਨਹੀਂ” ਹੋਣਗੇ। (ਯੂਹੰਨਾ 15:19; 17:16; ਯਾਕੂਬ 4:4) ਇਨ੍ਹਾਂ ਸ਼ਬਦਾਂ ਦੀ ਇਕਸੁਰਤਾ ਵਿਚ, ਯਹੋਵਾਹ ਦੇ ਗਵਾਹ ਰਾਜਨੀਤਿਕ ਝਗੜਿਆਂ ਵਿਚ ਪੱਕੀ ਨਿਰਪੱਖਤਾ ਬਣਾਈ ਰੱਖਦੇ ਹਨ। ਅਤੇ, ਜਿਸ ਤਰ੍ਹਾਂ ਇਤਾਲਵੀ ਅਖ਼ਬਾਰ ਫੁਔਰੀਪਾਜੀਨਾ ਨੇ ਸਵੀਕਾਰ ਕੀਤਾ, ਉਹ “ਕਿਸੇ ਤੇ ਵੀ ਕੋਈ ਚੀਜ਼ ਠੋਸਦੇ ਨਹੀਂ; ਉਹ ਜੋ ਕਹਿੰਦੇ ਹਨ ਉਸ ਨੂੰ ਸਵੀਕਾਰ ਕਰਨ ਲਈ ਜਾਂ ਇਨਕਾਰ ਕਰਨ ਲਈ ਹਰ ਕੋਈ ਆਜ਼ਾਦ ਹੈ।” ਨਤੀਜਾ? ਗਵਾਹਾਂ ਵੱਲੋਂ ਦਿੱਤਾ ਜਾ ਰਿਹਾ ਬਾਈਬਲ ਦਾ ਸ਼ਾਂਤੀਪੂਰਣ ਸੰਦੇਸ਼ ਹਰ ਵਰਗ ਦੇ ਲੋਕਾਂ ਨੂੰ ਖਿੱਚ ਰਿਹਾ ਹੈ, ਉਨ੍ਹਾਂ ਨੂੰ ਵੀ ਜੋ ਇਕ ਸਮੇਂ ਤੇ ਮੂਲਵਾਦੀ ਸਨ।—ਯਸਾਯਾਹ 2:2, 3.
ਮਜ਼ਬੂਤ ਕਦਰਾਂ-ਕੀਮਤਾਂ ਵਾਲਾ ਇਕ ਸੰਸਾਰ
ਗਵਾਹ ਜਾਣਦੇ ਹਨ ਕਿ ਇਨਸਾਨ ਉਨ੍ਹਾਂ ਸਮੱਸਿਆਵਾਂ ਨੂੰ ਹੱਲ ਨਹੀਂ ਕਰ ਸਕਦੇ ਹਨ ਜਿਨ੍ਹਾਂ ਤੋਂ ਮੂਲਵਾਦੀ ਚਿੰਤਿਤ ਹਨ। ਤੁਸੀਂ ਇਕ ਵਿਅਕਤੀ ਉੱਤੇ ਪਰਮੇਸ਼ੁਰ ਨੂੰ ਮੰਨਣ ਅਤੇ ਤੁਹਾਡੇ ਵਿਅਕਤੀਗਤ ਵਿਸ਼ਵਾਸਾਂ ਨੂੰ ਸਵੀਕਾਰ ਕਰਨ ਲਈ ਜ਼ੋਰ ਨਹੀਂ ਪਾ ਸਕਦੇ ਹੋ। ਇਸ ਤਰ੍ਹਾਂ ਦੀ ਕੋਸ਼ਿਸ਼ ਇਤਿਹਾਸ ਦੀਆਂ ਸਭ ਤੋਂ ਖੌਫ਼ਨਾਕ ਘਟਨਾਵਾਂ ਦਾ ਕਾਰਨ ਬਣੀ, ਜਿਵੇਂ ਕਰੂਸ-ਯੁੱਧ, ਮੱਧਕਾਲੀ ਧਰਮ-ਅਧਿਕਰਣ, ਅਤੇ ਅਮਰੀਕਨ ਇੰਡੀਅਨ ਦਾ “ਧਰਮ-ਪਰਿਵਰਤਨ।” ਪਰੰਤੂ, ਜੇ ਤੁਸੀਂ ਪਰਮੇਸ਼ੁਰ ਉੱਤੇ ਭਰੋਸਾ ਰੱਖਦੇ ਹੋ, ਤਾਂ ਤੁਸੀਂ ਹਰ ਗੱਲ ਉਸ ਦੇ ਹੱਥਾਂ ਵਿਚ ਸੌਂਪਣ ਲਈ ਤਿਆਰ ਹੋਵੋਗੇ।
ਬਾਈਬਲ ਅਨੁਸਾਰ, ਪਰਮੇਸ਼ੁਰ ਨੇ ਸਮੇਂ ਦੀ ਇਕ ਸੀਮਾ ਰੱਖੀ ਹੋਈ ਹੈ ਜਿਸ ਵਿਚ ਉਹ ਮਨੁੱਖਾਂ ਨੂੰ ਉਸ ਦੇ ਕਾਨੂੰਨ ਤੋੜਨ ਅਤੇ ਇਸ ਤਰ੍ਹਾਂ ਕਸ਼ਟ ਤੇ ਦੁੱਖ ਪੈਦਾ ਕਰਨ ਦੀ ਇਜਾਜ਼ਤ ਦਿੰਦਾ ਹੈ। ਉਹ ਸਮਾਂ ਲਗਭਗ ਪੂਰਾ ਹੋ ਚੁੱਕਾ ਹੈ। ਪਹਿਲਾਂ ਹੀ, ਯਿਸੂ ਪਰਮੇਸ਼ੁਰ ਦੇ ਸਵਰਗੀ ਰਾਜ ਵਿਚ ਰਾਜਾ ਵਜੋਂ ਰਾਜ ਕਰ ਰਿਹਾ ਹੈ, ਅਤੇ ਜਲਦੀ ਹੀ ਉਹ ਰਾਜ ਮਨੁੱਖੀ ਸਰਕਾਰਾਂ ਨੂੰ ਹਟਾਉਣ ਲਈ ਕਾਰਵਾਈ ਕਰੇਗਾ ਅਤੇ ਮਾਨਵਜਾਤੀ ਉੱਤੇ ਦਿਨ ਪ੍ਰਤਿ ਦਿਨ ਸ਼ਾਸਨ ਕਰਨ ਦੇ ਕੰਮ ਨੂੰ ਆਪਣੇ ਹੱਥ ਵਿਚ ਲੈ ਲਵੇਗਾ। (ਮੱਤੀ 24:3-14; ਪਰਕਾਸ਼ ਦੀ ਪੋਥੀ 11:15, 18) ਨਤੀਜਾ ਵਿਸ਼ਵ-ਵਿਆਪੀ ਪਰਾਦੀਸ ਹੋਵੇਗਾ ਜਿਸ ਵਿਚ ਸ਼ਾਂਤੀ ਅਤੇ ਧਾਰਮਿਕਤਾ ਭਰਪੂਰ ਹੋਵੇਗੀ। ਉਸ ਸਮੇਂ ਕੋਈ ਸੰਦੇਹ ਨਹੀਂ ਹੋਵੇਗਾ ਕਿ ਕਿਸ ਤਰ੍ਹਾਂ ਸੱਚੇ ਪਰਮੇਸ਼ੁਰ ਦੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ। “ਧਰਮੀ ਧਰਤੀ ਦੇ ਵਾਰਸ ਹੋਣਗੇ, ਅਤੇ ਸਦਾ ਉਸ ਉੱਤੇ ਵੱਸਣਗੇ।” (ਜ਼ਬੂਰ 37:29) ਇਸ ਤਰ੍ਹਾਂ ਦੀਆਂ ਸਦੀਵੀ ਕਦਰਾਂ-ਕੀਮਤਾਂ ਜਿਵੇਂ ਦਇਆ, ਸੱਚਾਈ, ਨਿਆਉਂ, ਅਤੇ ਭਲਿਆਈ ਸਾਰੀ ਆਗਿਆਕਾਰ ਮਨੁੱਖਜਾਤੀ ਦੀ ਚੰਗਿਆਈ ਲਈ ਜੇਤੂ ਹੋਣਗੀਆਂ।
ਉਸ ਭਾਵੀ ਸਮੇਂ ਵੱਲ ਤੱਕਦੇ ਹੋਏ, ਜ਼ਬੂਰਾਂ ਦੇ ਲਿਖਾਰੀ ਨੇ ਕਾਵਿਕ ਲਹਿਜੇ ਵਿਚ ਕਿਹਾ: “ਦਯਾ ਅਤੇ ਸਚਿਆਈ ਆਪੋ ਵਿੱਚ ਮਿਲ ਗਈਆਂ, ਧਰਮ ਅਤੇ ਸ਼ਾਂਤੀ ਨੇ ਇੱਕ ਦੂਏ ਨੂੰ ਚੁੰਮਿਆ ਹੈ। ਸਚਿਆਈ ਧਰਤੀ ਵਿੱਚੋਂ ਉੱਗਦੀ ਹੈ, ਅਤੇ ਸੁਰਗ ਤੋਂ ਧਰਮ ਝਾਕਦਾ ਹੈ। ਫੇਰ ਯਹੋਵਾਹ ਉੱਤਮ ਪਦਾਰਥ ਬਖ਼ਸ਼ੇਗਾ, ਅਤੇ ਸਾਡੀ ਧਰਤੀ ਆਪਣੀ ਉਪਜ ਦੇਵੇਗੀ। ਧਰਮ ਉਹ ਦੇ ਅੱਗੇ ਅੱਗੇ ਚੱਲੇਗਾ, ਅਤੇ ਉਹ ਦੇ ਖੁਰਿਆਂ ਨੂੰ ਇੱਕ ਰਸਤਾ ਬਣਾਵੇਗਾ।”—ਜ਼ਬੂਰ 85:10-13.
ਜਦ ਕਿ ਅਸੀਂ ਸੰਸਾਰ ਨੂੰ ਬਦਲ ਨਹੀਂ ਸਕਦੇ, ਅਸੀਂ ਵਿਅਕਤੀਗਤ ਤੌਰ ਤੇ ਅੱਜ ਵੀ ਈਸ਼ਵਰੀ ਕਦਰਾਂ-ਕੀਮਤਾਂ ਨੂੰ ਪੈਦਾ ਕਰ ਸਕਦੇ ਹਾਂ। ਇਸ ਤਰ੍ਹਾਂ, ਅਸੀਂ ਉਸ ਪ੍ਰਕਾਰ ਦੇ ਲੋਕ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ ਜਿਸ ਤਰ੍ਹਾਂ ਦੇ ਪਰਮੇਸ਼ੁਰ ਉਸ ਨਵੇਂ ਸੰਸਾਰ ਵਿਚ ਆਪਣੇ ਉਪਾਸਕਾਂ ਵਜੋਂ ਚਾਹੁੰਦਾ ਹੈ। ਫਿਰ ਅਸੀਂ ਉਨ੍ਹਾਂ ਅਧੀਨ ਲੋਕਾਂ ਵਿਚ ਹੋਵਾਂਗੇ ਜਿਨ੍ਹਾਂ ਦਾ ਜ਼ਿਕਰ ਜ਼ਬੂਰਾਂ ਦੇ ਲਿਖਾਰੀ ਨੇ ਕੀਤਾ: “ਅਧੀਨ ਧਰਤੀ ਦੇ ਵਾਰਸ ਹੋਣਗੇ, ਅਤੇ ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰ 37:11) ਪਰਮੇਸ਼ੁਰ ਉਨ੍ਹਾਂ ਨੂੰ ਸਮਰਥਨ ਅਤੇ ਬਰਕਤਾਂ ਦਿੰਦਾ ਹੈ ਜੋ ਉਸ ਦੀ ਇੱਛਾ ਪੂਰੀ ਕਰਦੇ ਹਨ, ਅਤੇ ਉਹ ਉਨ੍ਹਾਂ ਦੇ ਭਵਿੱਖ ਲਈ ਅਦਭੁਤ ਚੀਜ਼ਾਂ ਦਾ ਵਾਅਦਾ ਕਰਦਾ ਹੈ। ਰਸੂਲ ਯੂਹੰਨਾ ਨੇ ਕਿਹਾ: “ਸੰਸਾਰ ਨਾਲੇ ਉਹ ਦੀ ਕਾਮਨਾ ਬੀਤਦੀ ਜਾਂਦੀ ਹੈ ਪਰ ਜਿਹੜਾ ਪਰਮੇਸ਼ੁਰ ਦੀ ਇੱਛਿਆ ਉੱਤੇ ਚੱਲਦਾ ਹੈ ਉਹ ਸਦਾ ਤੀਕ ਕਾਇਮ ਰਹਿੰਦਾ ਹੈ।”—1 ਯੂਹੰਨਾ 2:17.
[ਸਫ਼ੇ 7 ਉੱਤੇ ਤਸਵੀਰ]
ਯਹੋਵਾਹ ਦੇ ਗਵਾਹ ਸਾਰਿਆਂ ਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਜਾਣਨ ਦਾ ਸੱਦਾ ਦਿੰਦੇ ਹਨ
[ਸਫ਼ੇ 6 ਉੱਤੇ ਤਸਵੀਰ ਦੀ ਕ੍ਰੈਡਿਟ ਲਾਈਨ]
ਸਫ਼ਾ 3, 4, 5, ਅਤੇ 6 ਉੱਤੇ ਦੀਵਾ: Printer’s Ornaments/by Carol Belanger Grafton/Dover Publications, Inc.