ਤੁਹਾਡੀ ਨਿਹਚਾ ਕਿੰਨੀ ਪੱਕੀ ਹੈ?
“ਤੁਸੀਂ ਨਿਹਚਾ ਵਿੱਚ ਦ੍ਰਿੜ੍ਹ ਹੋ।”—2 ਕੁਰਿੰਥੀਆਂ 1:24.
1, 2. ਸਾਨੂੰ ਨਿਹਚਾ ਦੀ ਲੋੜ ਕਿਉਂ ਹੈ ਅਤੇ ਅਸੀਂ ਉਸ ਨੂੰ ਪੱਕੀ ਕਿਵੇਂ ਕਰ ਸਕਦੇ ਹਾਂ?
ਯਹੋਵਾਹ ਦੇ ਸੇਵਕ ਜਾਣਦੇ ਹਨ ਕਿ ਉਨ੍ਹਾਂ ਨੂੰ ਨਿਹਚਾ ਦੀ ਲੋੜ ਹੈ। ਦਰਅਸਲ “ਨਿਹਚਾ ਬਾਝੋਂ [ਪਰਮੇਸ਼ੁਰ] ਦੇ ਮਨ ਨੂੰ ਭਾਉਣਾ ਅਣਹੋਣਾ ਹੈ।” (ਇਬਰਾਨੀਆਂ 11:6) ਇਸ ਲਈ, ਇਹ ਬੁੱਧੀਮਤਾ ਦੀ ਗੱਲ ਹੈ ਕਿ ਅਸੀਂ ਪਵਿੱਤਰ ਆਤਮਾ ਤੇ ਨਿਹਚਾ ਲਈ ਪ੍ਰਾਰਥਨਾ ਕਰੀਏ ਜੋ ਉਸ ਆਤਮਾ ਦਾ ਇਕ ਫਲ ਹੈ। (ਲੂਕਾ 11:13; ਗਲਾਤੀਆਂ 5:22, 23) ਯਹੋਵਾਹ ਦੇ ਹੋਰਨਾਂ ਸੇਵਕਾਂ ਦੀ ਨਿਹਚਾ ਦੀ ਰੀਸ ਕਰਨ ਨਾਲ ਸਾਡੀ ਨਿਹਚਾ ਵੀ ਪੱਕੀ ਹੋਵੇਗੀ।—2 ਤਿਮੋਥਿਉਸ 1:5; ਇਬਰਾਨੀਆਂ 13:7.
2 ਜੇ ਅਸੀਂ ਉਸ ਰਾਹ ਉੱਤੇ ਚੱਲੀਏ ਜੋ ਸਾਰੇ ਮਸੀਹੀਆਂ ਲਈ ਬਾਈਬਲ ਵਿਚ ਦੱਸਿਆ ਗਿਆ ਹੈ, ਤਾਂ ਸਾਡੀ ਨਿਹਚਾ ਹੋਰ ਵੀ ਪੱਕੀ ਹੋਵੇਗੀ। ਜਦੋਂ ਅਸੀਂ ਬਾਈਬਲ ਪੜ੍ਹਦੇ ਹਾਂ ਅਤੇ ‘ਮਾਤਬਰ ਮੁਖ਼ਤਿਆਰ’ ਦੁਆਰਾ ਤਿਆਰ ਕੀਤੇ ਗਏ ਪ੍ਰਕਾਸ਼ਨਾਂ ਨਾਲ ਉਸ ਦਾ ਅਧਿਐਨ ਕਰਦੇ ਹਾਂ, ਤਾਂ ਸਾਡੀ ਨਿਹਚਾ ਵਧਦੀ ਹੈ। (ਲੂਕਾ 12:42-44; ਯਹੋਸ਼ੁਆ 1:7, 8) ਮਸੀਹੀ ਸਭਾਵਾਂ ਅਤੇ ਸੰਮੇਲਨਾਂ ਵਿਚ ਬਾਕਾਇਦਾ ਜਾਣ ਨਾਲ ਅਸੀਂ ਇਕ ਦੂਜੇ ਦੀ ਨਿਹਚਾ ਨੂੰ ਮਜ਼ਬੂਤ ਕਰ ਸਕਦੇ ਹਾਂ। (ਰੋਮੀਆਂ 1:11, 12; ਇਬਰਾਨੀਆਂ 10:24, 25) ਸਾਡੀ ਨਿਹਚਾ ਉਦੋਂ ਵੀ ਪੱਕੀ ਹੁੰਦੀ ਹੈ ਜਦੋਂ ਅਸੀਂ ਪ੍ਰਚਾਰ ਕਰਦੇ ਹਾਂ।—ਜ਼ਬੂਰਾਂ ਦੀ ਪੋਥੀ 145:10-13; ਰੋਮੀਆਂ 10:11-15.
3. ਨਿਹਚਾ ਦੇ ਸੰਬੰਧ ਵਿਚ ਬਜ਼ੁਰਗ ਸਾਡੀ ਮਦਦ ਕਿਵੇਂ ਕਰ ਸਕਦੇ ਹਨ?
3 ਪ੍ਰੇਮਮਈ ਬਜ਼ੁਰਗ ਸਾਨੂੰ ਬਾਈਬਲ ਵਿੱਚੋਂ ਸਲਾਹ ਅਤੇ ਹੌਸਲਾ ਦੇ ਕੇ ਸਾਡੀ ਨਿਹਚਾ ਪੱਕੀ ਕਰ ਸਕਦੇ ਹਨ। ਉਨ੍ਹਾਂ ਦਾ ਰਵੱਈਆ ਪੌਲੁਸ ਵਰਗਾ ਹੈ ਜਿਸ ਨੇ ਕੁਰਿੰਥੀਆਂ ਨੂੰ ਲਿਖਿਆ ਸੀ: ‘ਅਸੀਂ ਤੁਹਾਡੇ ਅਨੰਦ ਦਾ ਉਪਰਾਲਾ ਕਰਨ ਵਾਲੇ ਹਾਂ ਕਿਉਂ ਜੋ ਤੁਸੀਂ ਨਿਹਚਾ ਵਿੱਚ ਦ੍ਰਿੜ੍ਹ ਹੋ।’ (2 ਕੁਰਿੰਥੀਆਂ 1:23, 24) ਬਾਈਬਲ ਦਾ ਇਕ ਹੋਰ ਤਰਜਮਾ ਕਹਿੰਦਾ ਹੈ: “ਤੁਹਾਡਾ ਵਿਸ਼ਵਾਸ ਤਾਂ ਪਹਿਲਾਂ ਹੀ ਬਹੁਤ ਪੱਕਾ ਹੈ। ਅਸੀਂ ਤਾਂ ਤੁਹਾਡੇ ਨਾਲ ਕੇਵਲ ਤੁਹਾਡੀ ਖੁਸ਼ੀ ਦੇ ਲਈ ਹੀ ਕੰਮ ਕਰ ਰਹੇ ਹਾਂ।” (ਪਵਿੱਤਰ ਬਾਈਬਲ ਨਵਾਂ ਅਨੁਵਾਦ) ਧਰਮੀ ਇਨਸਾਨ ਨਿਹਚਾ ਨਾਲ ਜੀਉਂਦੇ ਹਨ। ਕੋਈ ਹੋਰ ਵਿਅਕਤੀ ਸਾਡੇ ਲਈ ਨਿਹਚਾ ਨਹੀਂ ਕਰ ਸਕਦਾ ਅਤੇ ਨਾ ਹੀ ਸਾਨੂੰ ਵਫ਼ਾਦਾਰ ਬਣਾ ਸਕਦਾ ਹੈ। ਇਸ ਵਿਚ ‘ਸਾਨੂੰ ਆਪਣਾ ਹੀ ਭਾਰ ਚੁੱਕਣਾ ਪਵੇਗਾ।’—ਗਲਾਤੀਆਂ 3:11; 6:5.
4. ਬਾਈਬਲ ਵਿਚ ਪਰਮੇਸ਼ੁਰ ਦੇ ਵਫ਼ਾਦਾਰ ਸੇਵਕਾਂ ਦੀਆਂ ਜ਼ਿੰਦਗੀਆਂ ਵੱਲ ਧਿਆਨ ਦੇ ਕੇ ਸਾਡੀ ਨਿਹਚਾ ਹੋਰ ਵੀ ਪੱਕੀ ਕਿਵੇਂ ਹੋ ਸਕਦੀ ਹੈ?
4 ਬਾਈਬਲ ਵਿਚ ਬਹੁਤ ਸਾਰੇ ਲੋਕਾਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਨੇ ਨਿਹਚਾ ਕੀਤੀ ਸੀ। ਅਸੀਂ ਸ਼ਾਇਦ ਜਾਣਦੇ ਹੋਈਏ ਕਿ ਉਨ੍ਹਾਂ ਨੇ ਨਿਹਚਾ ਨਾਲ ਖ਼ਾਸ ਕੰਮ ਕੀਤੇ ਸਨ, ਪਰ ਕੀ ਅਸੀਂ ਜਾਣਦੇ ਹਾਂ ਕਿ ਉਨ੍ਹਾਂ ਨੇ ਆਪਣੀਆਂ ਲੰਬੀਆਂ ਜ਼ਿੰਦਗੀਆਂ ਦੌਰਾਨ ਦਿਨ-ਬ-ਦਿਨ ਨਿਹਚਾ ਕਿਵੇਂ ਕੀਤੀ ਸੀ? ਉਨ੍ਹਾਂ ਦੇ ਹਾਲਾਤ ਸ਼ਾਇਦ ਅੱਜ ਸਾਡੇ ਹਾਲਾਤ ਨਾਲ ਮੇਲ ਖਾਂਦੇ ਹੋਣ। ਆਓ ਆਪਾਂ ਉਨ੍ਹਾਂ ਦੀਆਂ ਜ਼ਿੰਦਗੀਆਂ ਵੱਲ ਧਿਆਨ ਦੇਈਏ ਜਿਸ ਨਾਲ ਸਾਡੀ ਨਿਹਚਾ ਹੋਰ ਵੀ ਪੱਕੀ ਹੋ ਸਕਦੀ ਹੈ।
ਨਿਹਚਾ ਕਰਨ ਨਾਲ ਸਾਨੂੰ ਹਿੰਮਤ ਮਿਲਦੀ ਹੈ
5. ਬਾਈਬਲ ਤੋਂ ਸਾਨੂੰ ਕਿਵੇਂ ਪਤਾ ਲੱਗਦਾ ਹੈ ਕਿ ਨਿਹਚਾ ਸਾਨੂੰ ਪਰਮੇਸ਼ੁਰ ਦੇ ਸੰਦੇਸ਼ ਹਿੰਮਤ ਨਾਲ ਦੱਸਣ ਲਈ ਮਜ਼ਬੂਤ ਕਰਦੀ ਹੈ?
5 ਨਿਹਚਾ ਕਰ ਕੇ ਅਸੀਂ ਹਿੰਮਤ ਨਾਲ ਪਰਮੇਸ਼ੁਰ ਦੇ ਬਚਨ ਦੱਸਣ ਲਈ ਮਜ਼ਬੂਤ ਹੁੰਦੇ ਹਾਂ। ਹਨੋਕ ਜਾਣਦਾ ਸੀ ਕਿ ਯਹੋਵਾਹ ਨੇ ਬੁਰੇ ਲੋਕਾਂ ਦਾ ਨਾਸ਼ ਕਰਨਾ ਸੀ। ਉਸ ਨੇ ਹਿੰਮਤ ਨਾਲ ਕਿਹਾ: “ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰਿਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰੀਆਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ।” (ਯਹੂਦਾਹ 14, 15) ਇਹ ਸ਼ਬਦ ਸੁਣ ਕੇ ਹਨੋਕ ਦੇ ਅਧਰਮੀ ਵੈਰੀ ਉਸ ਨੂੰ ਜ਼ਰੂਰ ਮਾਰ ਦੇਣਾ ਚਾਹੁੰਦੇ ਸਨ। ਫਿਰ ਵੀ, ਉਸ ਨੇ ਦਲੇਰੀ ਤੇ ਨਿਹਚਾ ਨਾਲ ਇਹ ਸੰਦੇਸ਼ ਦਿੱਤਾ ਸੀ। ਪਰਮੇਸ਼ੁਰ ਨੇ ਉਸ ਨੂੰ ਮੌਤ ਦੀ ਨੀਂਦ ਸੁਲ੍ਹਾ ਕੇ “ਲੈ ਲਿਆ” ਤਾਂਕਿ ਉਸ ਨੂੰ ਤੜਫਣਾ ਨਾ ਪਵੇ। (ਉਤਪਤ 5:24; ਇਬਰਾਨੀਆਂ 11:5) ਅੱਜ ਯਹੋਵਾਹ ਅਜਿਹਾ ਕੋਈ ਚਮਤਕਾਰ ਨਹੀਂ ਕਰਦਾ, ਪਰ ਉਹ ਸਾਡੀਆਂ ਪ੍ਰਾਰਥਨਾਵਾਂ ਸੁਣਦਾ ਹੈ ਤਾਂਕਿ ਅਸੀਂ ਉਸ ਦੇ ਸੰਦੇਸ਼ ਨਿਹਚਾ ਤੇ ਹਿੰਮਤ ਨਾਲ ਦੱਸ ਸਕੀਏ।—ਰਸੂਲਾਂ ਦੇ ਕਰਤੱਬ 4:24-31.
6. ਨਿਹਚਾ ਅਤੇ ਹਿੰਮਤ ਨਾਲ ਨੂਹ ਨੇ ਕੀ ਕੀਤਾ ਸੀ?
6 ਨਿਹਚਾ ਨਾਲ ਨੂਹ ਨੇ “ਆਪਣੇ ਘਰ ਦੇ ਬਚਾਉ ਲਈ ਕਿਸ਼ਤੀ ਬਣਾਈ।” (ਇਬਰਾਨੀਆਂ 11:7; ਉਤਪਤ 6:13-22) ਨੂਹ “ਧਰਮ ਦਾ ਪਰਚਾਰਕ” ਵੀ ਸੀ। ਉਸ ਨੇ ਹਿੰਮਤ ਨਾਲ ਪਰਮੇਸ਼ੁਰ ਦੀ ਚੇਤਾਵਨੀ ਲੋਕਾਂ ਨੂੰ ਦਿੱਤੀ। (2 ਪਤਰਸ 2:5) ਉਨ੍ਹਾਂ ਨੇ ਆਉਣ ਵਾਲੀ ਜਲ-ਪਰਲੋ ਬਾਰੇ ਸੁਣ ਕੇ ਉਸ ਦਾ ਹਾਸਾ ਉਡਾਇਆ ਹੋਵੇਗਾ। ਅੱਜ ਵੀ ਲੋਕ ਸਾਡਾ ਹਾਸਾ ਉਡਾਉਂਦੇ ਹਨ ਜਦੋਂ ਅਸੀਂ ਬਾਈਬਲ ਵਿੱਚੋਂ ਸਬੂਤ ਦਿਖਾਉਂਦੇ ਹਾਂ ਕਿ ਇਸ ਦੁਨੀਆਂ ਦਾ ਅੰਤ ਆਉਣ ਵਾਲਾ ਹੈ। (2 ਪਤਰਸ 3:3-12) ਅਸੀਂ ਵੀ ਹਨੋਕ ਅਤੇ ਨੂਹ ਦੀ ਤਰ੍ਹਾਂ ਪਰਮੇਸ਼ੁਰ ਵੱਲੋਂ ਮਿਲੀ ਨਿਹਚਾ ਅਤੇ ਹਿੰਮਤ ਨਾਲ ਲੋਕਾਂ ਨੂੰ ਦੁਨੀਆਂ ਦੇ ਅੰਤ ਬਾਰੇ ਦੱਸ ਸਕਦੇ ਹਾਂ।
ਨਿਹਚਾ ਕਰਨ ਨਾਲ ਧੀਰਜ ਪੈਦਾ ਹੁੰਦਾ ਹੈ
7. ਅਬਰਾਹਾਮ ਅਤੇ ਹੋਰਨਾਂ ਨੇ ਧੀਰਜ ਅਤੇ ਨਿਹਚਾ ਦਾ ਸਬੂਤ ਕਿਵੇਂ ਦਿੱਤਾ ਸੀ?
7 ਸਾਨੂੰ ਇਸ ਦੁਨੀਆਂ ਦੇ ਅੰਤ ਦੀ ਉਡੀਕ ਕਰਦੇ ਹੋਏ ਨਿਹਚਾ ਅਤੇ ਧੀਰਜ ਦੀ ਲੋੜ ਹੈ। ਅਬਰਾਹਾਮ ਅਜਿਹਾ ਇਕ ਬੰਦਾ ਸੀ ਜੋ ‘ਧੀਰਜ ਦੇ ਰਾਹੀਂ ਵਾਇਦਿਆਂ ਦਾ ਅਧਕਾਰੀ ਹੋਇਆ।’ (ਇਬਰਾਨੀਆਂ 6:11, 12) ਨਿਹਚਾ ਨਾਲ ਉਹ ਊਰ ਸ਼ਹਿਰ ਦੇ ਸਾਰੇ ਐਸ਼ੋ-ਆਰਾਮ ਛੱਡ ਕੇ ਉਸ ਪਰਾਈ ਧਰਤੀ ਵਿਚ ਜਾ ਵੱਸਿਆ ਜਿਸ ਦਾ ਵਾਅਦਾ ਪਰਮੇਸ਼ੁਰ ਨੇ ਉਸ ਨਾਲ ਕੀਤਾ ਸੀ। ਇਸਹਾਕ ਅਤੇ ਯਾਕੂਬ ਵੀ ਇਸ ਵਾਅਦੇ ਦੇ ਅਧਿਕਾਰੀ ਸਨ। ਪਰ “ਏਹ ਸੱਭੇ ਨਿਹਚਾ ਵਿੱਚ ਮਰ ਗਏ ਅਤੇ ਉਨ੍ਹਾਂ ਨੂੰ ਦਿੱਤੇ ਹੋਏ ਬਚਨ ਪਰਾਪਤ ਨਾ ਹੋਏ।” ਨਿਹਚਾ ਨਾਲ ਉਨ੍ਹਾਂ ਨੇ ‘ਉੱਤਮ ਅਰਥਾਤ ਸੁਰਗੀ ਦੇਸ ਨੂੰ ਲੋਚਿਆ।’ ਇਸ ਕਰਕੇ ਪਰਮੇਸ਼ੁਰ “ਨੇ ਉਨ੍ਹਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ।” (ਇਬਰਾਨੀਆਂ 11:8-16) ਜੀ ਹਾਂ, ਅਬਰਾਹਾਮ, ਇਸਹਾਕ, ਯਾਕੂਬ ਅਤੇ ਇਨ੍ਹਾਂ ਤਿੰਨਾਂ ਦੀਆਂ ਧਰਮੀ ਪਤਨੀਆਂ ਨੇ ਧੀਰਜ ਨਾਲ ਪਰਮੇਸ਼ੁਰ ਦੇ ਸਵਰਗੀ ਰਾਜ ਦੀ ਉਡੀਕ ਕੀਤੀ ਸੀ। ਉਸ ਰਾਜ ਅਧੀਨ ਉਹ ਧਰਤੀ ਉੱਤੇ ਦੁਬਾਰਾ ਜ਼ਿੰਦਾ ਕੀਤੇ ਜਾਣਗੇ।
8. ਅਬਰਾਹਾਮ, ਇਸਹਾਕ ਅਤੇ ਯਾਕੂਬ ਕਿਹੜੀ ਗੱਲ ਦੇ ਬਾਵਜੂਦ ਧੀਰਜ ਅਤੇ ਨਿਹਚਾ ਕਰਦੇ ਰਹੇ?
8 ਵਾਅਦਾ ਕੀਤਾ ਹੋਇਆ ਦੇਸ਼ ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਵੱਸ ਵਿਚ ਨਹੀਂ ਆਇਆ ਤੇ ਨਾ ਹੀ ਉਨ੍ਹਾਂ ਨੇ ਸਾਰੀਆਂ ਕੌਮਾਂ ਨੂੰ ਅਬਰਾਹਾਮ ਦੀ ਅੰਸ ਰਾਹੀਂ ਬਰਕਤ ਪਾਉਂਦਿਆਂ ਦੇਖਿਆ। ਇਸ ਦੇ ਬਾਵਜੂਦ ਉਨ੍ਹਾਂ ਦੀ ਨਿਹਚਾ ਪੱਕੀ ਰਹੀ। (ਉਤਪਤ 15:5-7; 22:15-18) ਭਾਵੇਂ ਕਿ ਉਹ ‘ਨਗਰ ਜਿਹੜਾ ਪਰਮੇਸ਼ੁਰ ਨੇ ਬਣਾਇਆ’ ਸੀ ਬਹੁਤ ਸਦੀਆਂ ਬਾਅਦ ਸਥਾਪਿਤ ਹੋਇਆ ਸੀ, ਫਿਰ ਵੀ ਇਹ ਮਨੁੱਖ ਆਪਣੀਆਂ ਪੂਰੀਆਂ ਜ਼ਿੰਦਗੀਆਂ ਦੌਰਾਨ ਨਿਹਚਾ ਅਤੇ ਧੀਰਜ ਕਰਦੇ ਰਹੇ। ਸਾਨੂੰ ਵੀ ਅਜਿਹਾ ਕਰਨਾ ਚਾਹੀਦਾ ਹੈ, ਖ਼ਾਸ ਕਰਕੇ ਇਸ ਲਈ ਕਿ ਮਸੀਹ ਦਾ ਰਾਜ ਸਵਰਗ ਵਿਚ ਸਥਾਪਿਤ ਹੋ ਚੁੱਕਾ ਹੈ।—ਜ਼ਬੂਰਾਂ ਦੀ ਪੋਥੀ 42:5, 11; 43:5.
ਨਿਹਚਾ ਕਰਨ ਨਾਲ ਅਸੀਂ ਉੱਚੇ ਟੀਚੇ ਰੱਖਦੇ ਹਾਂ
9. ਨਿਹਚਾ ਨਾਲ ਸਾਡੇ ਟੀਚਿਆਂ ਉੱਤੇ ਕਿਹੋ ਜਿਹਾ ਅਸਰ ਪੈ ਸਕਦਾ ਹੈ?
9 ਯਹੋਵਾਹ ਦੇ ਇਨ੍ਹਾਂ ਵਫ਼ਾਦਾਰ ਸੇਵਕਾਂ ਨੇ ਕਨਾਨੀ ਲੋਕਾਂ ਦਾ ਘਟੀਆ ਚਾਲ-ਚੱਲਣ ਨਹੀਂ ਅਪਣਾਇਆ ਸੀ ਕਿਉਂਕਿ ਇਨ੍ਹਾਂ ਸੇਵਕਾਂ ਦੇ ਟੀਚੇ ਉੱਚੇ ਸਨ। ਨਿਹਚਾ ਨਾਲ ਅਸੀਂ ਯਹੋਵਾਹ ਦੀ ਹੋਰ ਸੇਵਾ ਕਰਨ ਦੇ ਟੀਚੇ ਰੱਖ ਸਕਦੇ ਹਾਂ ਅਤੇ ਸ਼ਤਾਨ ਦੇ ਵੱਸ ਵਿਚ ਪਈ ਇਸ ਦੁਨੀਆਂ ਵਰਗੇ ਹੋਣ ਤੋਂ ਬਚ ਸਕਦੇ ਹਾਂ।—1 ਯੂਹੰਨਾ 2:15-17; 5:19.
10. ਯੂਸੁਫ਼ ਨੇ ਦੁਨੀਆਂ ਵਿਚ ਨਾਂ ਕਮਾਉਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉੱਚੇ ਟੀਚੇ ਕਿਵੇਂ ਰੱਖੇ ਸਨ?
10 ਪਰਮੇਸ਼ੁਰ ਦੀ ਮਦਦ ਨਾਲ ਯਾਕੂਬ ਦਾ ਪੁੱਤਰ ਯੂਸੁਫ਼ ਮਿਸਰ ਦੇ ਸਾਰੇ ਅੰਨ ਦਾ ਪ੍ਰਬੰਧਕ ਬਣਿਆ, ਪਰ ਉਸ ਦਾ ਟੀਚਾ ਇਹ ਨਹੀਂ ਸੀ ਕਿ ਉਹ ਦੁਨੀਆਂ ਵਿਚ ਵੱਡਾ ਬੰਦਾ ਬਣੇ। ਯੂਸੁਫ਼ ਨੂੰ ਪਰਮੇਸ਼ੁਰ ਦੇ ਵਾਅਦਿਆਂ ਉੱਤੇ ਨਿਹਚਾ ਸੀ, ਇਸ ਲਈ 110 ਸਾਲਾਂ ਦੀ ਉਮਰ ਤੇ ਉਸ ਨੇ ਆਪਣੇ ਭਰਾਵਾਂ ਨੂੰ ਕਿਹਾ: “ਮੈਂ ਮਰਨ ਵਾਲਾ ਹਾਂ ਪਰ ਪਰਮੇਸ਼ੁਰ ਜ਼ਰੂਰ ਤੁਹਾਡਾ ਧਿਆਨ ਰੱਖੇਗਾ ਅਤੇ ਉਹ ਤੁਹਾਨੂੰ ਉਸ ਦੇਸ ਵਿੱਚ ਉਤਾਹਾਂ ਲੈ ਜਾਵੇਗਾ ਜਿਸ ਦੀ ਸੌਂਹ ਉਸ ਨੇ ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਨਾਲ ਖਾਧੀ ਸੀ।” ਯੂਸੁਫ਼ ਵਾਅਦਾ ਕੀਤੇ ਹੋਏ ਦੇਸ਼ ਵਿਚ ਦਫ਼ਨਾਇਆ ਜਾਣਾ ਚਾਹੁੰਦਾ ਸੀ। ਜਦੋਂ ਉਸ ਦੀ ਮੌਤ ਹੋਈ, ਤਾਂ ਉਸ ਦੀ ਦੇਹ ਵਿਚ ਸੁਗੰਧੀਆਂ ਭਰੀਆਂ ਗਈਆਂ ਅਤੇ ਉਹ ਮਿਸਰ ਵਿਚ ਇਕ ਸੰਦੂਕ ਵਿਚ ਰੱਖਿਆ ਗਿਆ। ਪਰ ਜਦੋਂ ਇਸਰਾਏਲੀਆਂ ਨੂੰ ਮਿਸਰ ਦੀ ਗ਼ੁਲਾਮੀ ਤੋਂ ਛੁਡਾਇਆ ਗਿਆ, ਤਾਂ ਮੂਸਾ ਨਬੀ ਯੂਸੁਫ਼ ਦੀਆਂ ਹੱਡੀਆਂ ਵਾਅਦਾ ਕੀਤੇ ਗਏ ਦੇਸ਼ ਵਿਚ ਦਫ਼ਨਾਉਣ ਲਈ ਲੈ ਗਿਆ। (ਉਤਪਤ 50:22-26; ਕੂਚ 13:19) ਜੇ ਅਸੀਂ ਯੂਸੁਫ਼ ਵਾਂਗ ਨਿਹਚਾ ਕਰਦੇ ਹਾਂ, ਤਾਂ ਅਸੀਂ ਵੀ ਦੁਨੀਆਂ ਵਿਚ ਨਾਂ ਕਮਾਉਣ ਦੀ ਬਜਾਇ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਉੱਚੇ ਟੀਚੇ ਰੱਖਾਂਗੇ।—1 ਕੁਰਿੰਥੀਆਂ 7:29-31.
11. ਮੂਸਾ ਨੇ ਕਿਸ ਤਰ੍ਹਾਂ ਦਿਖਾਇਆ ਸੀ ਕਿ ਉਹ ਪਰਮੇਸ਼ੁਰ ਦੀ ਸੇਵਾ ਕਰਨੀ ਚਾਹੁੰਦਾ ਸੀ?
11 ਮੂਸਾ ਨੇ “ਪਾਪ ਦੇ ਭੋਗ ਬਿਲਾਸ ਨਾਲੋਂ ਜੋ ਥੋੜੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜਬਰੀ ਝੱਲਣ ਨੂੰ ਬਾਹਲਾ ਪਸੰਦ ਕੀਤਾ।” (ਇਬਰਾਨੀਆਂ 11:23-26; ਰਸੂਲਾਂ ਦੇ ਕਰਤੱਬ 7:20-22) ਇਸ ਕਰਕੇ ਉਸ ਦਾ ਨਾਂ ਦੁਨੀਆਂ ਵਿਚ ਰੌਸ਼ਨ ਨਹੀਂ ਹੋਇਆ ਅਤੇ ਨਾ ਹੀ ਉਹ ਮਿਸਰ ਦੀ ਕਿਸੇ ਮਸ਼ਹੂਰ ਜਗ੍ਹਾ ਵਿਚ ਸਜਾਏ ਹੋਏ ਸੰਦੂਕ ਵਿਚ ਦਫ਼ਨਾਇਆ ਗਿਆ। ਪਰ ਪਰਮੇਸ਼ੁਰ ਦੀ ਸੇਵਾ ਵਿਚ ਜਿਹੜੇ ਵੱਡੇ ਸਨਮਾਨ ਉਸ ਨੂੰ ਮਿਲੇ ਸਨ ਉਨ੍ਹਾਂ ਦੀ ਤੁਲਨਾ ਵਿਚ ਇਹ ਤਾਂ ਕੁਝ ਵੀ ਨਹੀਂ ਹੋਣਾ ਸੀ। ਉਹ “ਪਰਮੇਸ਼ੁਰ ਦੇ ਮਰਦ” ਵਜੋਂ, ਬਿਵਸਥਾ ਨੇਮ ਦੇ ਵਿਚੋਲੇ ਵਜੋਂ, ਯਹੋਵਾਹ ਦੇ ਨਬੀ ਅਤੇ ਬਾਈਬਲ ਦੇ ਲਿਖਾਰੀ ਵਜੋਂ ਮਸ਼ਹੂਰ ਹੋਇਆ ਸੀ। (ਅਜ਼ਰਾ 3:2) ਕੀ ਤੁਸੀਂ ਇਸ ਦੁਨੀਆਂ ਵਿਚ ਤਰੱਕੀ ਕਰਨੀ ਚਾਹੁੰਦੇ ਹੋ ਜਾਂ ਕੀ ਤੁਸੀਂ ਨਿਹਚਾ ਨਾਲ ਪਰਮੇਸ਼ੁਰ ਦੀ ਸੇਵਾ ਵਿਚ ਅੱਗੇ ਵਧਣ ਦਾ ਟੀਚਾ ਰੱਖਦੇ ਹੋ?
ਨਿਹਚਾ ਕਰਨ ਨਾਲ ਜ਼ਿੰਦਗੀ ਵਧੀਆ ਬਣਦੀ ਹੈ
12. ਨਿਹਚਾ ਕਰਨ ਨਾਲ ਰਾਹਾਬ ਦੀ ਜ਼ਿੰਦਗੀ ਉੱਤੇ ਕੀ ਅਸਰ ਪਿਆ ਸੀ?
12 ਨਿਹਚਾ ਕਰਨ ਨਾਲ ਲੋਕ ਸਿਰਫ਼ ਉੱਚੇ ਟੀਚੇ ਹੀ ਨਹੀਂ ਰੱਖਦੇ, ਸਗੋਂ ਇਕ ਵਧੀਆ ਜ਼ਿੰਦਗੀ ਵੀ ਜੀ ਸਕਦੇ ਹਨ। ਮਿਸਾਲ ਲਈ, ਇਕ ਵੇਸਵਾ ਹੋਣ ਦੇ ਨਾਤੇ ਯਰੀਹੋ ਵਿਚ ਰਹਿਣ ਵਾਲੀ ਰਾਹਾਬ ਦੀ ਜ਼ਿੰਦਗੀ ਬੇਮਤਲਬ ਸੀ। ਪਰ ਨਿਹਚਾ ਕਰਨ ਤੋਂ ਬਾਅਦ ਉਸ ਦੀ ਜ਼ਿੰਦਗੀ ਹੀ ਬਦਲ ਗਈ! ਨਿਹਚਾ ਨਾਲ ਉਹ ‘ਧਰਮੀ ਠਹਿਰਾਈ ਗਈ ਜਦੋਂ ਉਹ ਨੇ ਇਸਰਾਏਲੀ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ’ ਤਾਂਕਿ ਉਨ੍ਹਾਂ ਦੇ ਕਨਾਨੀ ਦੁਸ਼ਮਣ ਉਨ੍ਹਾਂ ਨੂੰ ਫੜ ਨਾ ਸਕਣ। (ਯਾਕੂਬ 2:24-26) ਰਾਹਾਬ ਜਾਣ ਗਈ ਸੀ ਕਿ ਯਹੋਵਾਹ ਹੀ ਸੱਚਾ ਪਰਮੇਸ਼ੁਰ ਹੈ ਅਤੇ ਉਸ ਨੇ ਨਿਹਚਾ ਨਾਲ ਵੇਸਵਾ ਦੀ ਜ਼ਿੰਦਗੀ ਛੱਡ ਦਿੱਤੀ। (ਯਹੋਸ਼ੁਆ 2:9-11; ਇਬਰਾਨੀਆਂ 11:30, 31) ਉਸ ਨੇ ਇਕ ਅਵਿਸ਼ਵਾਸੀ ਕਨਾਨੀ ਨਾਲ ਨਹੀਂ, ਸਗੋਂ ਯਹੋਵਾਹ ਦੇ ਇਕ ਸੇਵਕ ਨਾਲ ਵਿਆਹ ਕਰਾਇਆ। (ਬਿਵਸਥਾ ਸਾਰ 7:3, 4; 1 ਕੁਰਿੰਥੀਆਂ 7:39) ਰਾਹਾਬ ਨੂੰ ਮਸੀਹ ਦੀ ਇਕ ਵੱਡੀ-ਵਡੇਰੀ ਹੋਣ ਦਾ ਸਨਮਾਨ ਦਿੱਤਾ ਗਿਆ। (1 ਇਤਹਾਸ 2:3-15; ਰੂਥ 4:20-22; ਮੱਤੀ 1:5, 6) ਉਸ ਵਾਂਗ ਕਈਆਂ ਲੋਕਾਂ ਨੇ ਗ਼ਲਤ ਕੰਮ ਛੱਡ ਕੇ ਆਪਣੀ ਜ਼ਿੰਦਗੀ ਬਦਲ ਲਈ ਹੈ। ਉਹ ਵੀ ਰਾਹਾਬ ਦੀ ਤਰ੍ਹਾਂ ਇਕ ਸੁੰਦਰ ਧਰਤੀ ਉੱਤੇ ਦੁਬਾਰਾ ਜੀਉਣ ਦੀ ਉਮੀਦ ਰੱਖਦੇ ਹਨ।
13. ਦਾਊਦ ਨੇ ਬਥ-ਸ਼ਬਾ ਨਾਲ ਕਿਹੜਾ ਪਾਪ ਕੀਤਾ ਸੀ ਪਰ ਬਾਅਦ ਵਿਚ ਉਸ ਨੇ ਕਿਵੇਂ ਮਹਿਸੂਸ ਕੀਤਾ?
13 ਇਸ ਤਰ੍ਹਾਂ ਲੱਗਦਾ ਹੈ ਕਿ ਵੇਸਵਾ ਦੀ ਬੁਰੀ ਜ਼ਿੰਦਗੀ ਛੱਡ ਕੇ ਰਾਹਾਬ ਸਹੀ ਰਸਤੇ ਚੱਲਦੀ ਰਹੀ। ਪਰ, ਕੁਝ ਲੋਕ ਪਰਮੇਸ਼ੁਰ ਨੂੰ ਆਪਣੀ ਜ਼ਿੰਦਗੀ ਸੌਂਪਣ ਤੋਂ ਬਾਅਦ ਵੀ ਵੱਡੇ ਪਾਪ ਕਰਦੇ ਹਨ। ਰਾਜਾ ਦਾਊਦ ਇਨ੍ਹਾਂ ਵਿੱਚੋਂ ਇਕ ਸੀ। ਉਸ ਨੇ ਬਥ-ਸ਼ਬਾ ਨਾਲ ਜ਼ਨਾਹ ਕੀਤਾ, ਲੜਾਈ ਵਿਚ ਉਸ ਦੇ ਪਤੀ ਨੂੰ ਮਰਵਾਇਆ ਅਤੇ ਫਿਰ ਉਹ ਬਥ-ਸ਼ਬਾ ਨੂੰ ਵਿਆਹ ਲਿਆਇਆ। (2 ਸਮੂਏਲ 11:1-27) ਬਾਅਦ ਵਿਚ ਦਾਊਦ ਬਹੁਤ ਪਛਤਾਇਆ ਅਤੇ ਉਸ ਨੇ ਯਹੋਵਾਹ ਅੱਗੇ ਬੇਨਤੀ ਕੀਤੀ: “ਆਪਣਾ ਪਵਿੱਤਰ ਆਤਮਾ ਮੈਥੋਂ ਨਾ ਲੈ!” ਪਰਮੇਸ਼ੁਰ ਨੇ ਦਾਊਦ ਦੀ ਸੁਣ ਲਈ। ਦਾਊਦ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ ਦਇਆ ਕਰ ਕੇ ਉਸ ਦੇ “ਟੁੱਟੇ ਅਤੇ ਆਜਿਜ਼ ਦਿਲ” ਨੂੰ ਤੁੱਛ ਨਹੀਂ ਜਾਣੇਗਾ। (ਜ਼ਬੂਰਾਂ ਦੀ ਪੋਥੀ 51:11, 17; 103:10-14) ਦਾਊਦ ਅਤੇ ਬਥ-ਸ਼ਬਾ ਦੀ ਨਿਹਚਾ ਕਰਕੇ ਉਹ ਯਿਸੂ ਦੇ ਵੱਡੇ-ਵਡੇਰੇ ਬਣੇ।—1 ਇਤਹਾਸ 3:5; ਮੱਤੀ 1:6, 16; ਲੂਕਾ 3:23, 31.
ਹੌਸਲਾ ਮਿਲਣ ਨਾਲ ਨਿਹਚਾ ਮਜ਼ਬੂਤ ਕੀਤੀ ਜਾਂਦੀ ਹੈ
14. ਗਿਦਾਊਨ ਨੂੰ ਕਿਹੜਾ ਹੌਸਲਾ ਮਿਲਿਆ ਸੀ ਅਤੇ ਇਹ ਬਿਰਤਾਂਤ ਸਾਡੀ ਨਿਹਚਾ ਤੇ ਕੀ ਅਸਰ ਪਾ ਸਕਦਾ ਹੈ?
14 ਭਾਵੇਂ ਅਸੀਂ ਨਿਹਚਾ ਨਾਲ ਚੱਲਦੇ ਹਾਂ, ਕਦੀ-ਕਦੀ ਸਾਨੂੰ ਹੌਸਲੇ ਦੀ ਵੀ ਲੋੜ ਹੁੰਦੀ ਹੈ ਕਿ ਪਰਮੇਸ਼ੁਰ ਸਾਡੀ ਮਦਦ ਕਰੇਗਾ। ਇਹ ਗੱਲ ਇਸਰਾਏਲ ਦੇ ਨਿਆਈ ਗਿਦਾਊਨ ਬਾਰੇ ਸੱਚ ਸੀ ਜੋ ਉਨ੍ਹਾਂ ਵਿਚ ਸੀ “ਜਿਨ੍ਹਾਂ ਨੇ ਨਿਹਚਾ ਦੇ ਰਾਹੀਂ ਪਾਤਸ਼ਾਹੀਆਂ ਨੂੰ ਫਤਹ ਕੀਤਾ।” (ਇਬਰਾਨੀਆਂ 11:32, 33) ਜਦੋਂ ਮਿਦਯਾਨੀਆਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਇਸਰਾਏਲ ਉੱਤੇ ਹਮਲਾ ਕੀਤਾ ਸੀ, ਤਾਂ ਪਰਮੇਸ਼ੁਰ ਦੀ ਆਤਮਾ ਗਿਦਾਊਨ ਉੱਤੇ ਆਈ। ਉਹ ਇਸ ਗੱਲ ਦਾ ਹੌਸਲਾ ਚਾਹੁੰਦਾ ਸੀ ਕਿ ਯਹੋਵਾਹ ਉਸ ਦੇ ਨਾਲ ਸੀ, ਇਸ ਲਈ ਉਸ ਨੇ ਉੱਨ ਦੇ ਫੰਬੇ ਅਤੇ ਪਿੜ ਨਾਲ ਯਹੋਵਾਹ ਨੂੰ ਪਰਤਾ ਕੇ ਦੇਖਿਆ। ਪਹਿਲੇ ਪਰਤਾਵੇ ਵਿਚ ਸਿਰਫ਼ ਫੰਬੇ ਉੱਤੇ ਹੀ ਤ੍ਰੇਲ ਪਈ ਸੀ ਜਦ ਕਿ ਧਰਤੀ ਸੁੱਕੀ ਰਹੀ। ਦੂਜੇ ਪਰਤਾਵੇ ਵਿਚ ਇਸ ਦੇ ਉਲਟ ਹੋਇਆ ਸੀ। ਇਨ੍ਹਾਂ ਚਮਤਕਾਰਾਂ ਤੋਂ ਗਿਦਾਊਨ ਨੂੰ ਯਕੀਨ ਹੋਇਆ ਕਿ ਯਹੋਵਾਹ ਉਸ ਦੀ ਮਦਦ ਕਰੇਗਾ ਅਤੇ ਉਸ ਨੇ ਪੱਕੀ ਨਿਹਚਾ ਨਾਲ ਇਸਰਾਏਲ ਦਿਆਂ ਦੁਸ਼ਮਣਾਂ ਉੱਤੇ ਜਿੱਤ ਪ੍ਰਾਪਤ ਕੀਤੀ। (ਨਿਆਈਆਂ 6:33-40; 7:19-25) ਜੇ ਅਸੀਂ ਕੋਈ ਫ਼ੈਸਲਾ ਕਰਨ ਵੇਲੇ ਚਾਹੁੰਦੇ ਹਾਂ ਕਿ ਸਾਨੂੰ ਹੌਸਲਾ ਮਿਲੇ, ਤਾਂ ਇਸ ਦਾ ਇਹ ਮਤਲਬ ਨਹੀਂ ਕਿ ਸਾਡੀ ਨਿਹਚਾ ਕਮਜ਼ੋਰ ਹੈ। ਦਰਅਸਲ, ਜੇ ਅਸੀਂ ਕੋਈ ਫ਼ੈਸਲਾ ਕਰਨ ਤੋਂ ਪਹਿਲਾਂ ਬਾਈਬਲ ਅਤੇ ਦੂਸਰੇ ਪ੍ਰਕਾਸ਼ਨ ਪੜ੍ਹੀਏ ਅਤੇ ਪਵਿੱਤਰ ਆਤਮਾ ਲਈ ਪ੍ਰਾਰਥਨਾ ਕਰੀਏ, ਤਾਂ ਅਸੀਂ ਨਿਹਚਾ ਨਾਲ ਚੱਲ ਰਹੇ ਹੁੰਦੇ ਹਾਂ।—ਰੋਮੀਆਂ 8:26, 27.
15. ਬਾਰਾਕ ਦੀ ਨਿਹਚਾ ਉੱਤੇ ਵਿਚਾਰ ਕਰਨ ਨਾਲ ਸਾਡੀ ਮਦਦ ਕਿਵੇਂ ਹੋ ਸਕਦੀ ਹੈ?
15 ਇਸਰਾਏਲ ਦੇ ਨਿਆਈ ਬਾਰਾਕ ਦੀ ਨਿਹਚਾ ਉਦੋਂ ਮਜ਼ਬੂਤ ਹੋਈ ਸੀ ਜਦੋਂ ਦਬੋਰਾਹ ਨੇ ਉਸ ਨੂੰ ਹੌਸਲਾ ਦਿੱਤਾ ਸੀ। ਦਬੋਰਾਹ ਨਬੀਆ ਨੇ ਉਸ ਨੂੰ ਕਨਾਨੀ ਰਾਜਾ ਯਾਬੀਨ ਦੇ ਅਤਿਆਚਾਰ ਤੋਂ ਇਸਰਾਏਲੀਆਂ ਨੂੰ ਛੁਟਕਾਰਾ ਦੇਣ ਦਾ ਹੌਸਲਾ ਦਿੱਤਾ ਸੀ। ਨਿਹਚਾ ਨਾਲ ਅਤੇ ਪਰਮੇਸ਼ੁਰ ਦੀ ਮਦਦ ਉੱਤੇ ਭਰੋਸਾ ਰੱਖ ਕੇ ਬਾਰਾਕ 10,000 ਬੰਦਿਆਂ ਦੀ ਆਪਣੀ ਛੋਟੀ ਫ਼ੌਜ ਨੂੰ ਲੜਾਈ ਕਰਨ ਲਈ ਲੈ ਗਿਆ। ਉਨ੍ਹਾਂ ਨੇ ਸੀਸਰਾ ਅਧੀਨ ਰਾਜਾ ਯਾਬੀਨ ਦੀ ਸ਼ਕਤੀਸ਼ਾਲੀ ਫ਼ੌਜ ਨੂੰ ਹਰਾ ਦਿੱਤਾ। ਦਬੋਰਾਹ ਅਤੇ ਬਾਰਾਕ ਨੇ ਇਸ ਜਿੱਤ ਦਾ ਜਸ਼ਨ ਮਨਾਉਣ ਲਈ ਗੀਤ ਗਾਇਆ। (ਨਿਆਈਆਂ 4:1–5:31) ਦਬੋਰਾਹ ਨੇ ਬਾਰਾਕ ਨੂੰ ਹੌਸਲਾ ਦਿੱਤਾ ਸੀ ਕਿ ਉਹ ਇਸਰਾਏਲ ਉੱਤੇ ਪਰਮੇਸ਼ੁਰ ਦੇ ਨਿਯੁਕਤ ਕੀਤੇ ਗਏ ਨਿਆਈ ਹੋਣ ਦੇ ਨਾਤੇ ਕਦਮ ਚੁੱਕੇ ਅਤੇ ਉਹ ਯਹੋਵਾਹ ਦਾ ਇਕ ਅਜਿਹਾ ਸੇਵਕ ਸੀ ਜਿਸ ਨੇ ਨਿਹਚਾ ਨਾਲ “ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ।” (ਇਬਰਾਨੀਆਂ 11:34) ਪਰਮੇਸ਼ੁਰ ਨੇ ਬਾਰਾਕ ਨੂੰ ਨਿਹਚਾ ਨਾਲ ਕੰਮ ਕਰਨ ਲਈ ਬਰਕਤ ਦਿੱਤੀ ਸੀ। ਇਸ ਉੱਤੇ ਵਿਚਾਰ ਕਰ ਕੇ ਸਾਨੂੰ ਵੀ ਕੁਝ ਕਰਨ ਦਾ ਹੌਸਲਾ ਮਿਲ ਸਕਦਾ ਹੈ, ਖ਼ਾਸ ਕਰਕੇ ਜੇ ਅਸੀਂ ਯਹੋਵਾਹ ਦੀ ਸੇਵਾ ਵਿਚ ਕਿਸੇ ਸੌਂਪੇ ਗਏ ਕੰਮ ਨੂੰ ਪੂਰਾ ਕਰਨ ਤੋਂ ਹਿਚਕਚਾਉਂਦੇ ਹਾਂ।
ਨਿਹਚਾ ਕਰਨ ਨਾਲ ਸ਼ਾਂਤੀ ਬਣੀ ਰਹਿ ਸਕਦੀ ਹੈ
16. ਅਬਰਾਹਾਮ ਨੇ ਲੂਤ ਨਾਲ ਸ਼ਾਂਤੀ ਬਣਾਈ ਰੱਖਣ ਵਿਚ ਕਿਹੜੀ ਚੰਗੀ ਮਿਸਾਲ ਕਾਇਮ ਕੀਤੀ ਸੀ?
16 ਨਿਹਚਾ ਨਾਲ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਸੌਂਪੇ ਗਏ ਕੰਮ ਪੂਰੇ ਕਰਨ ਦੇ ਨਾਲ-ਨਾਲ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖ ਸਕਦੇ ਹਾਂ। ਜਦ ਅਬਰਾਹਾਮ ਅਤੇ ਉਸ ਦੇ ਭਤੀਜੇ ਲੂਤ ਦੇ ਪਾਲੀਆਂ ਵਿਚਕਾਰ ਝਗੜਾ ਹੋ ਗਿਆ ਸੀ, ਤਾਂ ਅਬਰਾਹਾਮ ਨੇ ਉਸ ਨੂੰ ਆਪਣੇ ਡੰਗਰ ਚਾਰਨ ਲਈ ਸੋਹਣੀ ਜਗ੍ਹਾ ਚੁਣ ਲੈਣ ਦਿੱਤੀ, ਭਾਵੇਂ ਕਿ ਲੂਤ ਉਸ ਤੋਂ ਉਮਰ ਵਿਚ ਬਹੁਤ ਛੋਟਾ ਸੀ। (ਉਤਪਤ 13:7-12) ਅਬਰਾਹਾਮ ਨੇ ਇਸ ਸਮੱਸਿਆ ਦਾ ਹੱਲ ਕਰਨ ਵਿਚ ਨਿਹਚਾ ਨਾਲ ਪ੍ਰਾਰਥਨਾ ਕਰ ਕੇ ਪਰਮੇਸ਼ੁਰ ਦੀ ਮਦਦ ਜ਼ਰੂਰ ਮੰਗੀ ਹੋਵੇਗੀ। ਉਸ ਨੇ ਆਪਣੇ ਬਾਰੇ ਸੋਚਣ ਦੀ ਬਜਾਇ ਸ਼ਾਂਤੀ ਨਾਲ ਸੁਲ੍ਹਾ ਕੀਤੀ। ਜੇ ਕਿਸੇ ਮਸੀਹੀ ਭਾਈ-ਭੈਣ ਨਾਲ ਸਾਡਾ ਝਗੜਾ ਹੋਇਆ ਹੈ, ਤਾਂ ਆਓ ਆਪਾਂ ਅਬਰਾਹਾਮ ਦੀ ਰੀਸ ਕਰ ਕੇ ਨਿਹਚਾ ਨਾਲ ਪ੍ਰਾਰਥਨਾ ਕਰੀਏ ਅਤੇ ‘ਮਿਲਾਪ ਨੂੰ ਲੱਭੀਏ।’—1 ਪਤਰਸ 3:10-12.
17. ਅਸੀਂ ਕਿਉਂ ਕਹਿ ਸਕਦੇ ਹਾਂ ਕਿ ਪੌਲੁਸ, ਬਰਨਬਾਸ ਤੇ ਮਰਕੁਸ ਨੇ ਸੁਲ੍ਹਾ ਕੀਤੀ ਹੋਵੇਗੀ?
17 ਆਓ ਆਪਾਂ ਧਿਆਨ ਦੇਈਏ ਕਿ ਨਿਹਚਾ ਨਾਲ ਬਾਈਬਲ ਦੇ ਸਿਧਾਂਤਾਂ ਉੱਤੇ ਚੱਲ ਕੇ ਅਸੀਂ ਸ਼ਾਂਤੀ ਕਿਵੇਂ ਪੈਦਾ ਕਰ ਸਕਦੇ ਹਾਂ। ਜਦੋਂ ਪੌਲੁਸ ਆਪਣੀ ਦੂਜੀ ਮਿਸ਼ਨਰੀ ਯਾਤਰਾ ਸ਼ੁਰੂ ਕਰਨ ਵਾਲਾ ਸੀ, ਤਾਂ ਬਰਨਬਾਸ ਇਸ ਗੱਲ ਨਾਲ ਸਹਿਮਤ ਸੀ ਕਿ ਉਹ ਸਾਈਪ੍ਰਸ ਅਤੇ ਏਸ਼ੀਆ ਮਾਈਨਰ ਦੀਆਂ ਕਲੀਸਿਯਾਵਾਂ ਨੂੰ ਦੁਬਾਰਾ ਮਿਲਣ ਜਾਣ। ਬਰਨਬਾਸ ਆਪਣੇ ਰਿਸ਼ਤੇਦਾਰ ਮਰਕੁਸ ਨੂੰ ਨਾਲ ਲਿਜਾਣਾ ਚਾਹੁੰਦਾ ਸੀ। ਪਰ ਪੌਲੁਸ ਇਹ ਨਹੀਂ ਚਾਹੁੰਦਾ ਸੀ ਕਿਉਂਕਿ ਮਰਕੁਸ ਪਮਫ਼ੁਲਿਯਾ ਵਿਚ ਉਨ੍ਹਾਂ ਨੂੰ ਛੱਡ ਕੇ ਚੱਲਿਆ ਗਿਆ ਸੀ। ਇਸ ਕਰਕੇ ਉਨ੍ਹਾਂ ਵਿਚ “ਐੱਨਾ ਵਿਗਾੜ” ਹੋਇਆ ਕਿ ਉਹ ਇਕ ਦੂਜੇ ਤੋਂ ਵੱਖਰੇ ਹੋ ਗਏ। ਬਰਨਬਾਸ ਮਰਕੁਸ ਨੂੰ ਲੈ ਕੇ ਸਾਈਪ੍ਰਸ ਚੱਲਿਆ ਗਿਆ ਅਤੇ ਪੌਲੁਸ ਨੇ ਸੀਲਾਸ ਨੂੰ ਚੁਣਿਆ ਅਤੇ ਉਨ੍ਹਾਂ ਨੇ ‘ਸੁਰਿਯਾ ਅਤੇ ਕਿਲਿਕਿਯਾ ਵਿੱਚ ਫਿਰਦਿਆਂ ਹੋਇਆਂ ਕਲੀਸਿਯਾਂ ਨੂੰ ਤਕੜੇ ਕੀਤਾ।’ (ਰਸੂਲਾਂ ਦੇ ਕਰਤੱਬ 15:36-41) ਇਸ ਤਰ੍ਹਾਂ ਲੱਗਦਾ ਹੈ ਕਿ ਆਖ਼ਰਕਾਰ ਪੌਲੁਸ ਤੇ ਬਰਨਬਾਸ ਨੇ ਸੁਲ੍ਹਾ ਕਰ ਲਈ ਸੀ ਕਿਉਂਕਿ ਜਦੋਂ ਮਰਕੁਸ ਰੋਮ ਵਿਚ ਪੌਲੁਸ ਦੇ ਨਾਲ ਸੀ, ਪੌਲੁਸ ਨੇ ਉਸ ਬਾਰੇ ਚੰਗੀਆਂ ਗੱਲਾਂ ਕਹੀਆਂ ਸਨ। (ਕੁਲੁੱਸੀਆਂ 4:10; ਫਿਲੇਮੋਨ 23, 24) ਲਗਭਗ 65 ਸਾ.ਯੁ. ਵਿਚ ਜਦੋਂ ਪੌਲੁਸ ਰੋਮ ਵਿਚ ਇਕ ਕੈਦੀ ਸੀ, ਤਾਂ ਉਸ ਨੇ ਤਿਮੋਥਿਉਸ ਨੂੰ ਕਿਹਾ: “ਤੂੰ ਮਰਕੁਸ ਨੂੰ ਨਾਲ ਲੈ ਕੇ ਆਵੀਂ ਕਿਉਂ ਜੋ ਉਹ ਸੇਵਾ ਲਈ ਮੇਰੇ ਕੰਮ ਦਾ ਹੈ।” (2 ਤਿਮੋਥਿਉਸ 4:11) ਜ਼ਾਹਰ ਹੁੰਦਾ ਹੈ ਕਿ ਪੌਲੁਸ ਨੇ ਨਿਹਚਾ ਨਾਲ ਬਰਨਬਾਸ ਤੇ ਮਰਕੁਸ ਨਾਲ ਆਪਣੀ ਅਣਬਣ ਬਾਰੇ ਪ੍ਰਾਰਥਨਾ ਕੀਤੀ ਸੀ ਜਿਸ ਕਰਕੇ ਉਸ ਨੂੰ “ਪਰਮੇਸ਼ੁਰ ਦੀ ਸ਼ਾਂਤੀ” ਮਿਲੀ।—ਫ਼ਿਲਿੱਪੀਆਂ 4:6, 7.
18. ਯੂਓਦੀਆ ਅਤੇ ਸੁੰਤੁਖੇ ਨੇ ਆਪਣੀ ਅਣਬਣ ਬਾਰੇ ਕੀ ਕੀਤਾ ਸੀ?
18 ਪਾਪੀ ਇਨਸਾਨ ਹੋਣ ਦੇ ਨਾਤੇ “ਅਸੀਂ ਸੱਭੇ ਬਹੁਤ ਭੁੱਲਣਹਾਰ ਹਾਂ।” (ਯਾਕੂਬ 3:2) ਪੌਲੁਸ ਨੇ ਦੋ ਮਸੀਹੀ ਭੈਣਾਂ ਬਾਰੇ ਲਿਖਿਆ ਜਿਨ੍ਹਾਂ ਵਿਚ ਅਣਬਣ ਹੋ ਗਈ ਸੀ: “ਮੈਂ ਯੂਓਦੀਆ ਦੇ ਅੱਗੇ ਬੇਨਤੀ ਕਰਦਾ ਅਤੇ ਸੁੰਤੁਖੇ ਦੇ ਅੱਗੇ ਬੇਨਤੀ ਕਰਦਾ ਹਾਂ ਭਈ ਓਹ ਪ੍ਰਭੁ ਵਿੱਚ ਇੱਕ ਮਨ ਹੋਣ। . . . ਤੂੰ ਏਹਨਾਂ ਤੀਵੀਆਂ ਦੀ ਸਹਾਇਤਾ ਕਰ ਜਿਨ੍ਹਾਂ ਨੇ . . . ਮੇਰੇ ਨਾਲ ਜਤਨ ਕੀਤਾ ਸੀ।” (ਫ਼ਿਲਿੱਪੀਆਂ 4:1-3) ਇਨ੍ਹਾਂ ਧਰਮੀ ਔਰਤਾਂ ਨੇ ਮੱਤੀ 5:23, 24 ਵਰਗੀ ਸਲਾਹ ਲਾਗੂ ਕਰ ਕੇ ਸ਼ਾਂਤੀ ਨਾਲ ਸੁਲ੍ਹਾ ਜ਼ਰੂਰ ਕਰ ਲਈ ਹੋਵੇਗੀ। ਅੱਜ ਨਿਹਚਾ ਨਾਲ ਬਾਈਬਲ ਦੇ ਸਿਧਾਂਤ ਲਾਗੂ ਕਰ ਕੇ ਅਸੀਂ ਵੀ ਸ਼ਾਂਤੀ ਬਣਾਈ ਰੱਖ ਸਕਦੇ ਹਾਂ।
ਨਿਹਚਾ ਕਰਨ ਨਾਲ ਅਸੀਂ ਮੁਸੀਬਤਾਂ ਪਾਰ ਕਰ ਸਕਦੇ ਹਾਂ
19. ਇਸਹਾਕ ਤੇ ਰਿਬਕਾਹ ਦੀ ਕਿਹੜੀ ਮੁਸੀਬਤ ਦੇ ਬਾਵਜੂਦ ਉਨ੍ਹਾਂ ਦੀ ਨਿਹਚਾ ਪੱਕੀ ਰਹੀ?
19 ਨਿਹਚਾ ਕਰਨ ਨਾਲ ਅਸੀਂ ਮੁਸੀਬਤਾਂ ਦਾ ਸਾਮ੍ਹਣਾ ਕਰ ਸਕਦੇ ਹਾਂ। ਸ਼ਾਇਦ ਅਸੀਂ ਦੁਖੀ ਹੋਈਏ ਕਿਉਂਕਿ ਸਾਡੇ ਪਰਿਵਾਰ ਦੇ ਇਕ ਮੈਂਬਰ ਨੇ ਬਪਤਿਸਮਾ ਲੈਣ ਤੋਂ ਬਾਅਦ ਯਹੋਵਾਹ ਦੇ ਖ਼ਿਲਾਫ਼ ਜਾ ਕੇ ਕਿਸੇ ਅਵਿਸ਼ਵਾਸੀ ਨਾਲ ਵਿਆਹ ਕਰਾ ਲਿਆ ਹੈ। (1 ਕੁਰਿੰਥੀਆਂ 7:39) ਇਸੇ ਤਰ੍ਹਾਂ ਇਸਹਾਕ ਤੇ ਰਿਬਕਾਹ ਨੇ ਕਾਫ਼ੀ ਦੁੱਖ ਝੱਲਿਆ ਸੀ ਕਿਉਂਕਿ ਉਨ੍ਹਾਂ ਦੇ ਪੁੱਤਰ ਏਸਾਓ ਨੇ ਗ਼ੈਰ-ਯਹੂਦੀ ਤੀਵੀਆਂ ਨਾਲ ਵਿਆਹ ਕਰਾਇਆ ਸੀ। ਉਸ ਦੀਆਂ ਹਿੱਤੀ ਪਤਨੀਆਂ ਉਨ੍ਹਾਂ “ਦੇ ਮਨਾਂ ਲਈ ਕੁੜੱਤਣ ਸੀ।” ਰਿਬਕਾਹ ਇੰਨੀ ਦੁਖੀ ਸੀ ਕਿ ਉਸ ਨੇ ਕਿਹਾ: “ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ। ਜੇ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਏਸ ਦੇਸ ਦੀਆਂ ਧੀਆਂ ਹਨ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ?” (ਉਤਪਤ 26:34, 35; 27:46) ਫਿਰ ਵੀ, ਇਸ ਮੁਸੀਬਤ ਦੇ ਬਾਵਜੂਦ ਇਸਹਾਕ ਤੇ ਰਿਬਕਾਹ ਦੀ ਨਿਹਚਾ ਪੱਕੀ ਰਹੀ। ਉਮੀਦ ਹੈ ਕਿ ਅਸੀਂ ਵੀ ਮੁਸੀਬਤਾਂ ਦੌਰਾਨ ਆਪਣੀ ਨਿਹਚਾ ਪੱਕੀ ਰੱਖਾਂਗੇ।
20. ਨਾਓਮੀ ਅਤੇ ਰੂਥ ਨੇ ਨਿਹਚਾ ਦੀ ਕਿਹੜੀ ਮਿਸਾਲ ਕਾਇਮ ਕੀਤੀ ਸੀ?
20 ਨਾਓਮੀ ਯਹੂਦਿਯਾ ਤੋਂ ਸੀ। ਉਹ ਇਕ ਵਿਧਵਾ ਹੋਣ ਦੇ ਨਾਲ-ਨਾਲ ਬੁੱਢੀ ਵੀ ਹੋ ਚੁੱਕੀ ਸੀ। ਉਹ ਜਾਣਦੀ ਸੀ ਕਿ ਯਹੂਦਾਹ ਦੀਆਂ ਕੁਝ ਔਰਤਾਂ ਦੀ ਔਲਾਦ ਵਿੱਚੋਂ ਮਸੀਹਾ ਪੈਦਾ ਹੋਵੇਗਾ। ਪਰ ਕਿਉਂਕਿ ਉਸ ਦੇ ਆਪਣੇ ਪੁੱਤਰ ਬੇਔਲਾਦ ਮਰ ਗਏ ਸਨ ਅਤੇ ਉਸ ਦੀ ਉਮਰ ਹੁਣ ਬੱਚੇ ਪੈਦਾ ਕਰਨ ਦੀ ਨਹੀਂ ਸੀ, ਇਸ ਲਈ ਉਹ ਜਾਣਦੀ ਸੀ ਕਿ ਉਸ ਦੇ ਪਰਿਵਾਰ ਲਈ ਮਸੀਹ ਦੀ ਵੰਸ਼ਾਵਲੀ ਦਾ ਹਿੱਸਾ ਬਣਨਾ ਮੁਸ਼ਕਲ ਸੀ। ਫਿਰ ਵੀ, ਉਸ ਦੀ ਵਿਧਵਾ ਨੂੰਹ ਰੂਥ ਬੁੱਢੇ ਬੋਅਜ਼ ਦੀ ਪਤਨੀ ਬਣੀ ਅਤੇ ਉਸ ਨੇ ਪੁੱਤਰ ਜਣਿਆ ਅਤੇ ਉਹ ਯਿਸੂ ਮਸੀਹ ਦੀ ਵੱਡੀ-ਵਡੇਰੀ ਬਣੀ! (ਉਤਪਤ 49:10, 33; ਰੂਥ 1:3-5; 4:13-22; ਮੱਤੀ 1:1, 5) ਨਾਓਮੀ ਅਤੇ ਰੂਥ ਨੇ ਨਿਹਚਾ ਕਰਨ ਨਾਲ ਮੁਸੀਬਤਾਂ ਪਾਰ ਕੀਤੀਆਂ ਅਤੇ ਉਨ੍ਹਾਂ ਨੂੰ ਖ਼ੁਸ਼ੀ ਮਿਲੀ। ਜੇ ਅਸੀਂ ਵੀ ਨਿਹਚਾ ਨਾਲ ਮੁਸੀਬਤਾਂ ਦਾ ਸਾਮ੍ਹਣਾ ਕਰਾਂਗੇ, ਤਾਂ ਸਾਨੂੰ ਵੀ ਵੱਡੀ ਖ਼ੁਸ਼ੀ ਮਿਲੇਗੀ।
21. ਨਿਹਚਾ ਕਰਨ ਨਾਲ ਅਸੀਂ ਕੀ ਕਰ ਸਕਦੇ ਹਾਂ ਅਤੇ ਸਾਡਾ ਇਰਾਦਾ ਕੀ ਹੋਣਾ ਚਾਹੀਦਾ ਹੈ?
21 ਭਾਵੇਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੱਲ੍ਹ ਨੂੰ ਕੀ ਹੋਵੇਗਾ, ਪਰ ਨਿਹਚਾ ਨਾਲ ਅਸੀਂ ਹਰ ਮੁਸ਼ਕਲ ਦਾ ਸਾਮ੍ਹਣਾ ਕਰ ਸਕਦੇ ਹਾਂ। ਨਿਹਚਾ ਕਰਨ ਨਾਲ ਸਾਨੂੰ ਹਿੰਮਤ ਮਿਲਦੀ ਹੈ ਅਤੇ ਸਾਡੇ ਵਿਚ ਧੀਰਜ ਪੈਦਾ ਹੁੰਦਾ ਹੈ। ਨਿਹਚਾ ਕਰਨ ਨਾਲ ਅਸੀਂ ਉੱਚੇ ਟੀਚੇ ਰੱਖਦੇ ਹਾਂ ਅਤੇ ਸਾਡੀ ਜ਼ਿੰਦਗੀ ਵਧੀਆ ਬਣਦੀ ਹੈ। ਨਿਹਚਾ ਕਰਨ ਨਾਲ ਅਸੀਂ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖ ਸਕਦੇ ਹਾਂ ਅਤੇ ਅਸੀਂ ਮੁਸੀਬਤਾਂ ਪਾਰ ਕਰ ਸਕਦੇ ਹਾਂ। ਤਾਂ ਫਿਰ, ਆਓ ਆਪਾਂ ਉਨ੍ਹਾਂ ਵਿੱਚੋਂ ਹੋਈਏ “ਜਿਹੜੇ ਨਿਹਚਾ ਕਰ ਕੇ ਜਾਨ ਬਚਾ ਰੱਖਦੇ ਹਨ।” (ਇਬਰਾਨੀਆਂ 10:39) ਸਾਡੇ ਪਿਆਰੇ ਪਰਮੇਸ਼ੁਰ ਯਹੋਵਾਹ ਤੋਂ ਤਾਕਤ ਪਾ ਕੇ ਆਓ ਆਪਾਂ ਪੱਕੀ ਨਿਹਚਾ ਨਾਲ ਉਸ ਦੀ ਵਡਿਆਈ ਕਰਦੇ ਰਹੀਏ।
ਤੁਸੀਂ ਕਿਵੇਂ ਜਵਾਬ ਦਿਓਗੇ?
• ਬਾਈਬਲ ਤੋਂ ਸਾਨੂੰ ਕਿਸ ਤਰ੍ਹਾਂ ਪਤਾ ਲੱਗਦਾ ਹੈ ਕਿ ਨਿਹਚਾ ਕਰਨ ਨਾਲ ਸਾਨੂੰ ਹਿੰਮਤ ਮਿਲਦੀ ਹੈ?
• ਅਸੀਂ ਕਿਉਂ ਕਹਿ ਸਕਦੇ ਹਾਂ ਕਿ ਨਿਹਚਾ ਕਰਨ ਨਾਲ ਸਾਡੀ ਜ਼ਿੰਦਗੀ ਵਧੀਆ ਬਣੇਗੀ?
• ਨਿਹਚਾ ਕਰਨ ਨਾਲ ਸ਼ਾਂਤੀ ਕਿਵੇਂ ਬਣੀ ਰਹਿ ਸਕਦੀ ਹੈ?
• ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਨਿਹਚਾ ਕਰਨ ਨਾਲ ਅਸੀਂ ਮੁਸੀਬਤਾਂ ਪਾਰ ਕਰ ਸਕਦੇ ਹਾਂ?
[ਸਫ਼ੇ 16 ਉੱਤੇ ਤਸਵੀਰਾਂ]
ਨਿਹਚਾ ਕਰ ਕੇ ਨੂਹ ਅਤੇ ਹਨੋਕ ਨੇ ਹਿੰਮਤ ਨਾਲ ਯਹੋਵਾਹ ਦੇ ਬਚਨ ਦੱਸੇ
[ਸਫ਼ੇ 17 ਉੱਤੇ ਤਸਵੀਰਾਂ]
ਮੂਸਾ ਵਾਂਗ ਨਿਹਚਾ ਕਰਨ ਨਾਲ ਅਸੀਂ ਪਰਮੇਸ਼ੁਰ ਦੀ ਸੇਵਾ ਵਿਚ ਉੱਚੇ ਟੀਚੇ ਰੱਖਾਂਗੇ
[ਸਫ਼ੇ 18 ਉੱਤੇ ਤਸਵੀਰਾਂ]
ਪਰਮੇਸ਼ੁਰ ਤੋਂ ਮਦਦ ਦਾ ਹੌਸਲਾ ਮਿਲਣ ਨਾਲ ਬਾਰਾਕ, ਦਬੋਰਾਹ ਅਤੇ ਗਿਦਾਊਨ ਦੀ ਨਿਹਚਾ ਪੱਕੀ ਹੋਈ