-
ਕੀ ਸਾਰੇ ਮਸੀਹੀ ਸੱਚੇ ਮਸੀਹੀ ਹਨ?ਪਹਿਰਾਬੁਰਜ: ਸੱਚੇ ਮਸੀਹੀਆਂ ਨੂੰ ਕਿਵੇਂ ਪਛਾਣੀਏ?
-
-
ਕੀ ਸਾਰੇ ਮਸੀਹੀ ਸੱਚੇ ਮਸੀਹੀ ਹਨ?
ਪੂਰੀ ਦੁਨੀਆਂ ਵਿਚ ਕਿੰਨੇ ਮਸੀਹੀ ਹਨ? ਐਟਲਸ ਆਫ਼ ਗਲੋਬਲ ਕ੍ਰਿਸਚਿਏਨੀਟੀ ਦੇ ਮੁਤਾਬਕ 2010 ਵਿਚ ਪੂਰੀ ਦੁਨੀਆਂ ਵਿਚ ਤਕਰੀਬਨ 2 ਅਰਬ 30 ਕਰੋੜ ਮਸੀਹੀ ਸਨ। ਇਸੇ ਪ੍ਰਕਾਸ਼ਨ ਵਿਚ ਦੱਸਿਆ ਗਿਆ ਸੀ ਕਿ ਇਹ ਮਸੀਹੀ 41,000 ਤੋਂ ਜ਼ਿਆਦਾ ਵੱਖੋ-ਵੱਖਰੇ ਪੰਥਾਂ ਵਿਚ ਵੰਡੇ ਹੋਏ ਹਨ ਤੇ ਹਰੇਕ ਪੰਥ ਦੀਆਂ ਆਪੋ-ਆਪਣੀਆਂ ਸਿੱਖਿਆਵਾਂ ਅਤੇ ਚਾਲ-ਚਲਣ ਸੰਬੰਧੀ ਮਿਆਰ ਹਨ। ਮਸੀਹੀਆਂ ਦੇ ਇੰਨੇ ਸਾਰੇ ਵੱਖੋ-ਵੱਖਰੇ ਪੰਥ ਹੋਣ ਕਰਕੇ ਕੁਝ ਲੋਕ ਉਲਝਣ ਵਿਚ ਪੈ ਜਾਂਦੇ ਹਨ ਜਾਂ ਧਰਮ ਤੋਂ ਉਨ੍ਹਾਂ ਦਾ ਭਰੋਸਾ ਉੱਠ ਜਾਂਦਾ ਹੈ। ਉਹ ਸ਼ਾਇਦ ਸੋਚਣ, ‘ਜਿੰਨੇ ਵੀ ਲੋਕ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ, ਕੀ ਉਹ ਸਾਰੇ ਸੱਚੇ ਮਸੀਹੀ ਹਨ?’
ਆਓ ਇਸ ਗੱਲ ਨੂੰ ਸਮਝਣ ਲਈ ਇਕ ਮਿਸਾਲ ʼਤੇ ਗੌਰ ਕਰੀਏ। ਜਦੋਂ ਕੋਈ ਵਿਅਕਤੀ ਦੂਜੇ ਦੇਸ਼ ਵਿਚ ਜਾਂਦਾ ਹੈ, ਤਾਂ ਉਸ ਨੂੰ ਹਵਾਈ ਅੱਡੇ ʼਤੇ ਇਕ ਅਧਿਕਾਰੀ ਨੂੰ ਦੱਸਣਾ ਪੈਂਦਾ ਹੈ ਕਿ ਉਹ ਕਿਸ ਦੇਸ਼ ਦਾ ਨਾਗਰਿਕ ਹੈ। ਪਰ ਕੀ ਇਹ ਕਾਫ਼ੀ ਹੈ? ਨਹੀਂ, ਉਸ ਨੂੰ ਆਪਣੀ ਪਛਾਣ ਲਈ ਪਾਸਪੋਰਟ ਵਰਗੇ ਕੁਝ ਠੋਸ ਸਬੂਤ ਦੇਣੇ ਪੈਣਗੇ। ਇਸੇ ਤਰ੍ਹਾਂ, ਇਕ ਸੱਚੇ ਮਸੀਹੀ ਲਈ ਵੀ ਸਿਰਫ਼ ਮਸੀਹ ʼਤੇ ਨਿਹਚਾ ਕਰਨ ਦਾ ਦਾਅਵਾ ਕਰਨਾ ਹੀ ਕਾਫ਼ੀ ਨਹੀਂ ਹੈ, ਸਗੋਂ ਉਸ ਨੂੰ ਸਬੂਤ ਦੇਣ ਦੀ ਵੀ ਲੋੜ ਹੈ। ਉਹ ਸਬੂਤ ਕੀ ਹੋ ਸਕਦਾ?
“ਮਸੀਹੀ” ਸ਼ਬਦ ਪਹਿਲੀ ਵਾਰ 44 ਈ. ਤੋਂ ਕੁਝ ਸਮੇਂ ਬਾਅਦ ਵਰਤਿਆ ਜਾਣ ਲੱਗਾ। ਬਾਈਬਲ ਦੇ ਇਕ ਇਤਿਹਾਸਕਾਰ ਲੂਕਾ ਨੇ ਦੱਸਿਆ: “ਅੰਤਾਕੀਆ ਹੀ ਪਹਿਲੀ ਜਗ੍ਹਾ ਹੈ ਜਿੱਥੇ ਚੇਲੇ ਪਰਮੇਸ਼ੁਰ ਦੀ ਸੇਧ ਨਾਲ ਮਸੀਹੀ ਕਹਾਏ ਜਾਣ ਲੱਗੇ।” (ਰਸੂਲਾਂ ਦੇ ਕੰਮ 11:26) ਧਿਆਨ ਦਿਓ ਕਿ ਯਿਸੂ ਦੇ ਚੇਲਿਆਂ ਨੂੰ ਮਸੀਹੀ ਕਿਹਾ ਜਾਂਦਾ ਸੀ। ਇਕ ਵਿਅਕਤੀ ਯਿਸੂ ਦਾ ਚੇਲਾ ਕਿਵੇਂ ਬਣਦਾ ਹੈ? ਦ ਨਿਊ ਇੰਟਰਨੈਸ਼ਨਲ ਡਿਕਸ਼ਨਰੀ ਆਫ਼ ਨਿਊ ਟੈਸਟਾਮੈਂਟ ਥੀਓਲਾਜੀ ਵਿਚ ਲਿਖਿਆ ਹੈ: ‘ਯਿਸੂ ਦਾ ਚੇਲਾ ਬਣਨ ਦਾ ਮਤਲਬ ਹੈ ਬਿਨਾਂ ਕਿਸੇ ਸੁਆਰਥ ਦੇ ਸਾਰੀ ਜ਼ਿੰਦਗੀ ਉਸ ਦੇ ਨਕਸ਼ੇ-ਕਦਮਾਂ ʼਤੇ ਚੱਲਣਾ।’ ਇਸ ਲਈ ਇਕ ਸੱਚਾ ਮਸੀਹੀ ਉਹ ਹੁੰਦਾ ਹੈ ਜੋ ਪੂਰੇ ਦਿਲ ਨਾਲ ਅਤੇ ਬਿਨਾਂ ਕਿਸੇ ਸੁਆਰਥ ਦੇ ਯਿਸੂ ਦੀਆਂ ਸਿੱਖਿਆਵਾਂ ਅਤੇ ਹਿਦਾਇਤਾਂ ʼਤੇ ਚੱਲਦਾ ਹੈ।
ਕੀ ਅਸੀਂ ਜਾਣ ਸਕਦੇ ਹਾਂ ਕਿ ਅੱਜ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਸੱਚੇ ਮਸੀਹੀ ਕੌਣ ਹਨ? ਯਿਸੂ ਨੇ ਆਪਣੇ ਚੇਲਿਆਂ ਦੀ ਪਛਾਣ ਕੀ ਦੱਸੀ ਸੀ? ਅਸੀਂ ਤੁਹਾਨੂੰ ਬਾਈਬਲ ਵਿੱਚੋਂ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਨ ਦਾ ਸੱਦਾ ਦਿੰਦੇ ਹਾਂ। ਅਗਲੇ ਲੇਖਾਂ ਵਿਚ ਅਸੀਂ ਯਿਸੂ ਦੀਆਂ ਕਹੀਆਂ ਪੰਜ ਗੱਲਾਂ ʼਤੇ ਗੌਰ ਕਰਾਂਗੇ ਜਿਨ੍ਹਾਂ ਤੋਂ ਅਸੀਂ ਉਸ ਦੇ ਸੱਚੇ ਚੇਲਿਆਂ ਨੂੰ ਪਛਾਣ ਸਕਦੇ ਹਾਂ। ਅਸੀਂ ਦੇਖਾਂਗੇ ਕਿ ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ? ਨਾਲੇ ਅਸੀਂ ਇਹ ਜਾਣਨ ਦੀ ਵੀ ਕੋਸ਼ਿਸ਼ ਕਰਾਂਗੇ ਕਿ ਅੱਜ ਦੁਨੀਆਂ ਭਰ ਵਿਚ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਵਿੱਚੋਂ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ।
-
-
“ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ”ਪਹਿਰਾਬੁਰਜ: ਸੱਚੇ ਮਸੀਹੀਆਂ ਨੂੰ ਕਿਵੇਂ ਪਛਾਣੀਏ?
-
-
“ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ”
“ਜੇ ਤੁਸੀਂ ਮੇਰੀਆਂ ਸਿੱਖਿਆਵਾਂ ਨੂੰ ਮੰਨਦੇ ਰਹੋ, ਤਾਂ ਇਸ ਦਾ ਮਤਲਬ ਹੈ ਕਿ ਤੁਸੀਂ ਮੇਰੇ ਸੱਚੇ ਚੇਲੇ ਹੋ ਅਤੇ ਤੁਸੀਂ ਸੱਚਾਈ ਨੂੰ ਜਾਣੋਗੇ ਤੇ ਸੱਚਾਈ ਤੁਹਾਨੂੰ ਆਜ਼ਾਦ ਕਰੇਗੀ।”—ਯੂਹੰਨਾ 8:31, 32.
ਇਸ ਦਾ ਕੀ ਮਤਲਬ ਹੈ?: ਯਿਸੂ ਜਿਹੜੀਆਂ “ਸਿੱਖਿਆਵਾਂ” ਦਿੰਦਾ ਸੀ, ਉਹ ਪਰਮੇਸ਼ੁਰ ਵੱਲੋਂ ਸਨ। ਇਸ ਲਈ ਉਸ ਨੇ ਕਿਹਾ: “ਪਿਤਾ ਨੇ, ਜਿਸ ਨੇ ਮੈਨੂੰ ਘੱਲਿਆ ਹੈ, ਆਪ ਮੈਨੂੰ ਹੁਕਮ ਦਿੱਤਾ ਹੈ ਕਿ ਮੈਂ ਕੀ-ਕੀ ਦੱਸਣਾ ਹੈ ਤੇ ਕੀ-ਕੀ ਸਿਖਾਉਣਾ ਹੈ।” (ਯੂਹੰਨਾ 12:49) ਆਪਣੇ ਸਵਰਗੀ ਪਿਤਾ ਯਹੋਵਾਹ ਨੂੰ ਪ੍ਰਾਰਥਨਾ ਕਰਦੇ ਵੇਲੇ ਉਸ ਨੇ ਕਿਹਾ: “ਤੇਰਾ ਬਚਨ ਹੀ ਸੱਚਾਈ ਹੈ।” ਉਸ ਨੇ ਸਿੱਖਿਆ ਦਿੰਦੇ ਵੇਲੇ ਕਈ ਵਾਰ ਰੱਬ ਦੇ ਬਚਨ ਵਿੱਚੋਂ ਹਵਾਲੇ ਦਿੱਤੇ। (ਯੂਹੰਨਾ 17:17; ਮੱਤੀ 4:4, 7, 10) ਇਸ ਲਈ ਸੱਚੇ ਮਸੀਹੀ ‘ਉਸ ਦੀਆਂ ਸਿੱਖਿਆਵਾਂ ਨੂੰ ਮੰਨਦੇ’ ਹਨ ਯਾਨੀ ਰੱਬ ਦੇ ਬਚਨ ਬਾਈਬਲ ਨੂੰ “ਸੱਚਾਈ” ਮੰਨਦੇ ਹਨ ਅਤੇ ਇਹ ਬਚਨ ਹੀ ਉਨ੍ਹਾਂ ਦੇ ਵਿਸ਼ਵਾਸਾਂ ਤੇ ਕੰਮਾਂ ਦਾ ਆਧਾਰ ਹੈ।
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਬਾਈਬਲ ਦੇ ਇਕ ਲਿਖਾਰੀ ਪੌਲੁਸ ਰਸੂਲ ਨੇ ਵੀ ਯਿਸੂ ਵਾਂਗ ਰੱਬ ਦੇ ਬਚਨ ਲਈ ਆਦਰ ਦਿਖਾਇਆ। ਉਸ ਨੇ ਲਿਖਿਆ: “ਪੂਰਾ ਧਰਮ-ਗ੍ਰੰਥ ਪਰਮੇਸ਼ੁਰ ਦੀ ਸ਼ਕਤੀ ਦੀ ਪ੍ਰੇਰਣਾ ਨਾਲ ਲਿਖਿਆ ਗਿਆ ਹੈ ਅਤੇ . . . ਫ਼ਾਇਦੇਮੰਦ ਹੈ।” (2 ਤਿਮੋਥਿਉਸ 3:16) ਜਿਨ੍ਹਾਂ ਆਦਮੀਆਂ ਨੂੰ ਮਸੀਹੀਆਂ ਨੂੰ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਨ੍ਹਾਂ ਦੀ ਸਿੱਖਿਆ “ਪੂਰੀ ਤਰ੍ਹਾਂ ਪਰਮੇਸ਼ੁਰ ਦੇ ਸੱਚੇ ਬਚਨ ਉੱਤੇ ਆਧਾਰਿਤ” ਹੋਣੀ ਚਾਹੀਦੀ ਸੀ। (ਤੀਤੁਸ 1:7, 9) ਪਹਿਲੀ ਸਦੀ ਦੇ ਮਸੀਹੀਆਂ ਨੂੰ “ਦੁਨਿਆਵੀ ਗਿਆਨ ਅਤੇ ਧੋਖਾ ਦੇਣ ਵਾਲੀਆਂ ਖੋਖਲੀਆਂ ਗੱਲਾਂ” ਤੋਂ ਦੂਰ ਰਹਿਣ ਲਈ ਕਿਹਾ ਗਿਆ ਸੀ “ਜੋ ਇਨਸਾਨਾਂ ਦੇ ਰੀਤਾਂ-ਰਿਵਾਜਾਂ ਅਤੇ ਦੁਨੀਆਂ ਦੇ ਬੁਨਿਆਦੀ ਅਸੂਲਾਂ ਉੱਤੇ ਆਧਾਰਿਤ ਹਨ, ਨਾ ਕਿ ਮਸੀਹ ਦੀਆਂ ਸਿੱਖਿਆਵਾਂ ਉੱਤੇ।”—ਕੁਲੁੱਸੀਆਂ 2:8.
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: 1965 ਵਿਚ ਵੈਟੀਕਨ ਨੇ ਇਕ ਸੰਵਿਧਾਨਕ ਦਸਤਾਵੇਜ਼ (Dogmatic Constitution on Divine Revelation) ਤਿਆਰ ਕੀਤਾ ਜਿਸ ਵਿਚ ਕਿਹਾ ਗਿਆ ਸੀ ਕਿ ਕੈਥੋਲਿਕ ਚਰਚ ਦੇ ਵਿਸ਼ਵਾਸ ਸਿਰਫ਼ ਪਵਿੱਤਰ ਲਿਖਤਾਂ ਉੱਤੇ ਹੀ ਆਧਾਰਿਤ ਨਹੀਂ ਹਨ, ਸਗੋਂ ਪਵਿੱਤਰ ਪਰੰਪਰਾਵਾਂ ਉੱਤੇ ਵੀ ਆਧਾਰਿਤ ਹਨ। ਇਸ ਲਈ ਪਵਿੱਤਰ ਪਰੰਪਰਾਵਾਂ ਅਤੇ ਪਵਿੱਤਰ ਲਿਖਤਾਂ ਦੋਵਾਂ ਨੂੰ ਬਰਾਬਰ ਸਮਝਿਆ ਜਾਣਾ ਚਾਹੀਦਾ ਹੈ ਤੇ ਇਨ੍ਹਾਂ ਲਈ ਇੱਕੋ ਜਿਹੀ ਸ਼ਰਧਾ ਰੱਖੀ ਜਾਣੀ ਚਾਹੀਦੀ ਹੈ ਅਤੇ ਇਨ੍ਹਾਂ ਨੂੰ ਮੰਨਿਆ ਜਾਣਾ ਚਾਹੀਦਾ ਹੈ। ਇਨ੍ਹਾਂ ਸ਼ਬਦਾਂ ਨੂੰ ਬਾਅਦ ਵਿਚ ਕੈਥੋਲਿਕ ਗਿਰਜੇ ਬਾਰੇ ਸਵਾਲ-ਜਵਾਬ (ਅੰਗ੍ਰੇਜ਼ੀ) ਕਿਤਾਬ ਵਿਚ ਸ਼ਾਮਲ ਕੀਤਾ ਗਿਆ। ਕੈਨੇਡਾ ਦੇ ਟੋਰੌਂਟੋ ਸ਼ਹਿਰ ਵਿਚ ਇਕ ਚਰਚ ਦੀ ਮੋਹਰੀ ਔਰਤ ਨੇ ਮੈਕਲੇਨਸ ਰਸਾਲੇ ਵਿਚ ਕਿਹਾ: “ਸਾਨੂੰ ਦੋ ਹਜ਼ਾਰ ਸਾਲ ਪਹਿਲਾਂ ਦੀ ਕ੍ਰਾਂਤੀਕਾਰੀ ਵਿਚਾਰਧਾਰਾ ʼਤੇ ਚੱਲਣ ਦੀ ਕੀ ਲੋੜ ਹੈ? ਸਾਡੇ ਆਪਣੇ ਵਿਚਾਰ ਹੀ ਇੰਨੇ ਵਧੀਆ ਹਨ। ਪਰ ਜਦੋਂ ਅਸੀਂ ਆਪਣੇ ਵਿਚਾਰਾਂ ਨੂੰ ਯਿਸੂ ਅਤੇ ਬਾਈਬਲ ਮੁਤਾਬਕ ਢਾਲਣ ਦੀ ਕੋਸ਼ਿਸ਼ ਕਰਦੇ ਹਾਂ, ਤਾਂ ਸਾਡੇ ਵਿਚਾਰ ਇਨ੍ਹਾਂ ਅੱਗੇ ਕਮਜ਼ੋਰ ਪੈ ਜਾਂਦੇ ਹਨ।”
ਯਹੋਵਾਹ ਦੇ ਗਵਾਹਾਂ ਬਾਰੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਵਿਚ ਲਿਖਿਆ ਹੈ: “ਉਹ ਆਪਣੇ ਵਿਸ਼ਵਾਸਾਂ ਅਤੇ ਚਾਲ-ਚਲਣ ਸੰਬੰਧੀ ਮਿਆਰਾਂ ਦਾ ਇੱਕੋ-ਇਕ ਆਧਾਰ ਬਾਈਬਲ ਨੂੰ ਮੰਨਦੇ ਹਨ।” ਹਾਲ ਹੀ ਵਿਚ ਕੈਨੇਡਾ ਵਿਚ ਇਕ ਯਹੋਵਾਹ ਦੀ ਗਵਾਹ ਪ੍ਰਚਾਰ ਕਰਦੇ ਵੇਲੇ ਇਕ ਆਦਮੀ ਨੂੰ ਆਪਣੀ ਜਾਣ-ਪਛਾਣ ਕਰਾਉਣ ਹੀ ਵਾਲੀ ਸੀ ਕਿ ਉਸ ਆਦਮੀ ਨੇ ਵਿੱਚੋਂ ਹੀ ਉਸ ਨੂੰ ਟੋਕਿਆ ਅਤੇ ਉਸ ਦੀ ਬਾਈਬਲ ਵੱਲ ਇਸ਼ਾਰਾ ਕਰ ਕੇ ਕਿਹਾ, “ਮੈਨੂੰ ਪਤਾ ਤੁਸੀਂ ਕੌਣ ਹੋ।”
-
-
“ਉਹ ਦੁਨੀਆਂ ਦੇ ਨਹੀਂ ਹਨ”ਪਹਿਰਾਬੁਰਜ: ਸੱਚੇ ਮਸੀਹੀਆਂ ਨੂੰ ਕਿਵੇਂ ਪਛਾਣੀਏ?
-
-
“ਉਹ ਦੁਨੀਆਂ ਦੇ ਨਹੀਂ ਹਨ”
“ਦੁਨੀਆਂ ਨੇ ਉਨ੍ਹਾਂ ਨਾਲ ਨਫ਼ਰਤ ਕੀਤੀ ਹੈ ਕਿਉਂਕਿ ਉਹ ਦੁਨੀਆਂ ਦੇ ਨਹੀਂ ਹਨ।”—ਯੂਹੰਨਾ 17:14.
ਇਸ ਦਾ ਕੀ ਮਤਲਬ ਹੈ?: ਯਿਸੂ ਇਸ ਦੁਨੀਆਂ ਦਾ ਨਹੀਂ ਸੀ ਜਿਸ ਕਰਕੇ ਉਸ ਨੇ ਆਪਣੇ ਜ਼ਮਾਨੇ ਦੇ ਸਮਾਜਕ ਅਤੇ ਰਾਜਨੀਤਿਕ ਮਾਮਲਿਆਂ ਵਿਚ ਹਿੱਸਾ ਨਹੀਂ ਲਿਆ। ਉਸ ਨੇ ਕਿਹਾ: “ਜੇ ਮੇਰਾ ਰਾਜ ਇਸ ਦੁਨੀਆਂ ਦਾ ਹੁੰਦਾ, ਤਾਂ ਮੇਰੇ ਸੇਵਾਦਾਰ ਲੜਦੇ ਤਾਂਕਿ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ। ਪਰ ਸੱਚ ਤਾਂ ਇਹ ਹੈ ਕਿ ਮੇਰਾ ਰਾਜ ਇਸ ਦੁਨੀਆਂ ਦਾ ਨਹੀਂ ਹੈ।” (ਯੂਹੰਨਾ 18:36) ਉਸ ਨੇ ਆਪਣੇ ਚੇਲਿਆਂ ਨੂੰ ਵੀ ਤਾਕੀਦ ਕੀਤੀ ਕਿ ਉਹ ਅਜਿਹਾ ਰਵੱਈਆ, ਬੋਲੀ ਅਤੇ ਚਾਲ-ਚਲਣ ਛੱਡ ਦੇਣ ਜਿਸ ਦੀ ਪਰਮੇਸ਼ੁਰ ਦੇ ਬਚਨ ਵਿਚ ਨਿੰਦਿਆ ਕੀਤੀ ਗਈ ਹੈ।—ਮੱਤੀ 20:25-27.
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਧਰਮਾਂ ਬਾਰੇ ਲਿਖਣ ਵਾਲੇ ਜੋਨਾਥਾਨ ਡਾਇਮੰਡ ਮੁਤਾਬਕ ਪਹਿਲੀ ਸਦੀ ਦੇ ਮਸੀਹੀਆਂ ਨੇ “[ਯੁੱਧਾਂ] ਵਿਚ ਹਿੱਸਾ ਲੈਣ ਤੋਂ ਮਨ੍ਹਾ ਕਰ ਦਿੱਤਾ, ਚਾਹੇ ਇਸ ਦਾ ਅੰਜਾਮ ਬਦਨਾਮੀ ਹੋਵੇ, ਜੇਲ੍ਹ ਹੋਵੇ ਜਾਂ ਮੌਤ ਦੀ ਸਜ਼ਾ।” ਉਹ ਆਪਣੇ ਵਿਸ਼ਵਾਸਾਂ ਨਾਲ ਸਮਝੌਤਾ ਕਰਨ ਦੀ ਬਜਾਇ ਦੁੱਖ ਝੱਲਣ ਲਈ ਤਿਆਰ ਸਨ। ਉਹ ਆਪਣੇ ਚਾਲ-ਚਲਣ ਕਰਕੇ ਵੀ ਬਾਕੀਆਂ ਤੋਂ ਵੱਖਰੇ ਨਜ਼ਰ ਆਉਂਦੇ ਸਨ। ਮਸੀਹੀਆਂ ਨੂੰ ਕਿਹਾ ਗਿਆ ਸੀ: “ਤੁਸੀਂ ਲੋਕਾਂ ਨਾਲ ਅਯਾਸ਼ੀ ਦੇ ਰਾਹ ਉੱਤੇ ਨਹੀਂ ਭੱਜ ਰਹੇ ਹੋ, ਇਸ ਲਈ ਉਹ ਬੌਂਦਲੇ ਹੋਏ ਹਨ ਅਤੇ ਤੁਹਾਡੇ ਖ਼ਿਲਾਫ਼ ਬੁਰਾ-ਭਲਾ ਕਹਿੰਦੇ ਹਨ।” (1 ਪਤਰਸ 4:4) ਇਤਿਹਾਸਕਾਰ ਵਿਲ ਡੁਰੈਂਟ ਨੇ ਲਿਖਿਆ ਕਿ ਮਸੀਹੀ “ਆਪਣੀ ਪਵਿੱਤਰਤਾ ਅਤੇ ਮਾਣ-ਮਰਯਾਦਾ ਕਰਕੇ ਅਯਾਸ਼ੀ ਵਿਚ ਡੁੱਬੇ ਗ਼ੈਰ-ਮਸੀਹੀਆਂ ਨੂੰ ਦੋਸ਼ੀ ਮਹਿਸੂਸ ਕਰਾ ਰਹੇ ਸਨ।”
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: ਮਸੀਹੀਆਂ ਦੀ ਨਿਰਪੱਖਤਾ ਬਾਰੇ ਨਿਊ ਕੈਥੋਲਿਕ ਐਨਸਾਈਕਲੋਪੀਡੀਆ ਕਹਿੰਦਾ ਹੈ: “ਆਪਣੇ ਵਿਸ਼ਵਾਸਾਂ ਕਰਕੇ ਹਥਿਆਰ ਚੁੱਕਣ ਤੋਂ ਮਨ੍ਹਾ ਕਰਨਾ ਨੈਤਿਕ ਤੌਰ ਤੇ ਗ਼ਲਤ ਹੈ।” ਸਵਿਟਜ਼ਰਲੈਂਡ ਦੀ ਇਕ ਅਖ਼ਬਾਰ ਨੇ ਕਿਹਾ ਕਿ ਮਨੁੱਖੀ ਅਧਿਕਾਰਾਂ ਦੇ ਇਕ ਸੰਗਠਨ ਦੀ ਇਕ ਰਿਪੋਰਟ ਮੁਤਾਬਕ 1994 ਵਿਚ ਰਵਾਂਡਾ ਵਿਚ ਹੋਏ ਨਸਲੀ ਕਤਲੇਆਮ ਵਿਚ “ਯਹੋਵਾਹ ਦੇ ਗਵਾਹਾਂ ਨੂੰ ਛੱਡ ਕੇ” ਬਾਕੀ ਸਾਰੇ ਚਰਚਾਂ ਨੇ ਹਿੱਸਾ ਲਿਆ ਸੀ।
ਹਾਈ ਸਕੂਲ ਦੇ ਇਕ ਅਧਿਆਪਕ ਨੇ ਯਹੂਦੀਆਂ ਦੇ ਕਤਲੇਆਮ ਬਾਰੇ ਚਰਚਾ ਕਰਦੇ ਹੋਏ ਅਫ਼ਸੋਸ ਜ਼ਾਹਰ ਕੀਤਾ ਕਿ “ਆਮ ਲੋਕਾਂ ਦੇ ਕਿਸੇ ਵੀ ਸਮੂਹ ਜਾਂ ਸੰਗਠਨ ਨੇ ਉਸ ਸਮੇਂ ਫੈਲੀਆਂ ਅਫ਼ਵਾਹਾਂ, ਜ਼ੁਲਮਾਂ ਅਤੇ ਬੇਰਹਿਮੀ ਖ਼ਿਲਾਫ਼ ਆਵਾਜ਼ ਨਹੀਂ ਉਠਾਈ।” ਯੂਨਾਇਟਿਡ ਸਟੇਟਸ ਹਾਲੋਕਾਸਟ ਮੈਮੋਰੀਅਲ ਮਿਊਜ਼ੀਅਮ ਤੋਂ ਜਾਣਕਾਰੀ ਲੈਣ ਤੋਂ ਬਾਅਦ ਉਸ ਅਧਿਆਪਕ ਨੇ ਲਿਖਿਆ: “ਹੁਣ ਮੈਨੂੰ ਆਪਣੇ ਸਵਾਲ ਦਾ ਜਵਾਬ ਮਿਲ ਗਿਆ।” ਉਸ ਨੂੰ ਪਤਾ ਲੱਗਾ ਕਿ ਯਹੋਵਾਹ ਦੇ ਗਵਾਹ ਸਖ਼ਤ ਅਤਿਆਚਾਰਾਂ ਦੇ ਬਾਵਜੂਦ ਆਪਣੇ ਵਿਸ਼ਵਾਸਾਂ ʼਤੇ ਮਜ਼ਬੂਤੀ ਨਾਲ ਡਟੇ ਰਹੇ।
ਉਨ੍ਹਾਂ ਦਾ ਚਾਲ-ਚਲਣ ਕਿਹੋ ਜਿਹਾ ਹੈ? ਯੂ. ਐੱਸ. ਕੈਥੋਲਿਕ ਰਸਾਲਾ ਕਹਿੰਦਾ ਹੈ: “ਅੱਜ ਜ਼ਿਆਦਾਤਰ ਕੈਥੋਲਿਕ ਨੌਜਵਾਨ ਚਰਚ ਦੀਆਂ ਸਿੱਖਿਆਵਾਂ ਨਾਲ ਸਹਿਮਤ ਨਹੀਂ ਹਨ, ਜਿਵੇਂ ਵਿਆਹ ਤੋਂ ਬਿਨਾਂ ਇਕੱਠੇ ਨਾ ਰਹਿਣਾ ਅਤੇ ਵਿਆਹ ਤੋਂ ਪਹਿਲਾਂ ਸੈਕਸ ਨਾ ਕਰਨਾ।” ਇਸੇ ਰਸਾਲੇ ਵਿਚ ਇਕ ਚਰਚ ਦੇ ਪਾਦਰੀ ਦਾ ਜ਼ਿਕਰ ਕੀਤਾ ਗਿਆ ਸੀ ਜਿਸ ਨੇ ਕਿਹਾ: “ਮੈਂ ਦੇਖਿਆ ਹੈ ਕਿ ਜਿਹੜੇ ਲੋਕ ਚਰਚ ਵਿਚ ਵਿਆਹ ਕਰਾਉਣ ਆਉਂਦੇ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ, ਸ਼ਾਇਦ 50 ਪ੍ਰਤਿਸ਼ਤ ਤੋਂ ਵੀ ਜ਼ਿਆਦਾ ਲੋਕ ਪਹਿਲਾਂ ਹੀ ਵਿਆਹ ਤੋਂ ਬਿਨਾਂ ਇਕੱਠੇ ਰਹਿ ਰਹੇ ਹੁੰਦੇ ਹਨ।” ਦ ਨਿਊ ਐਨਸਾਈਕਲੋਪੀਡੀਆ ਬ੍ਰਿਟੈਨਿਕਾ ਕਹਿੰਦਾ ਹੈ ਕਿ ਯਹੋਵਾਹ ਦੇ ਗਵਾਹ “ਉੱਚੇ ਨੈਤਿਕ ਮਿਆਰਾਂ ਉੱਤੇ ਚੱਲਣ ʼਤੇ ਜ਼ੋਰ ਦਿੰਦੇ ਹਨ।”
-
-
‘ਤੁਸੀਂ ਆਪਸ ਵਿਚ ਪਿਆਰ ਕਰੋ’ਪਹਿਰਾਬੁਰਜ: ਸੱਚੇ ਮਸੀਹੀਆਂ ਨੂੰ ਕਿਵੇਂ ਪਛਾਣੀਏ?
-
-
‘ਤੁਸੀਂ ਆਪਸ ਵਿਚ ਪਿਆਰ ਕਰੋ’
“ਮੈਂ ਤੁਹਾਨੂੰ ਇਕ ਨਵਾਂ ਹੁਕਮ ਦੇ ਰਿਹਾ ਹਾਂ: ਤੁਸੀਂ ਇਕ-ਦੂਜੇ ਨੂੰ ਪਿਆਰ ਕਰੋ; ਜਿਵੇਂ ਮੈਂ ਤੁਹਾਡੇ ਨਾਲ ਪਿਆਰ ਕੀਤਾ, ਤੁਸੀਂ ਵੀ ਉਸੇ ਤਰ੍ਹਾਂ ਇਕ-ਦੂਜੇ ਨਾਲ ਪਿਆਰ ਕਰੋ। ਜੇ ਤੁਸੀਂ ਆਪਸ ਵਿਚ ਪਿਆਰ ਕਰਦੇ ਹੋ, ਤਾਂ ਇਸੇ ਤੋਂ ਸਾਰੇ ਜਾਣਨਗੇ ਕਿ ਤੁਸੀਂ ਮੇਰੇ ਚੇਲੇ ਹੋ।”—ਯੂਹੰਨਾ 13:34, 35.
ਇਸ ਦਾ ਕੀ ਮਤਲਬ ਹੈ?: ਮਸੀਹ ਨੇ ਆਪਣੇ ਚੇਲਿਆਂ ਨੂੰ ਕਿਹਾ ਕਿ ਉਹ ਇਕ-ਦੂਜੇ ਨੂੰ ਉਸੇ ਤਰ੍ਹਾਂ ਪਿਆਰ ਕਰਨ ਜਿਸ ਤਰ੍ਹਾਂ ਉਸ ਨੇ ਉਨ੍ਹਾਂ ਨਾਲ ਕੀਤਾ ਸੀ। ਯਿਸੂ ਨੇ ਉਨ੍ਹਾਂ ਨਾਲ ਪਿਆਰ ਕਿਵੇਂ ਕੀਤਾ? ਉਸ ਦੇ ਜ਼ਮਾਨੇ ਵਿਚ ਨਸਲੀ ਭੇਦ-ਭਾਵ ਅਤੇ ਔਰਤਾਂ ਨਾਲ ਪੱਖਪਾਤ ਹੁੰਦਾ ਸੀ। ਪਰ ਉਸ ਨੇ ਇੱਦਾਂ ਦਾ ਕੋਈ ਭੇਦ-ਭਾਵ ਨਹੀਂ ਕੀਤਾ, ਸਗੋਂ ਸਾਰਿਆਂ ਨਾਲ ਪਿਆਰ ਕੀਤਾ। (ਯੂਹੰਨਾ 4:7-10) ਪਿਆਰ ਹੋਣ ਕਰਕੇ ਯਿਸੂ ਨੇ ਆਪਣਾ ਸਮਾਂ, ਤਾਕਤ ਅਤੇ ਆਰਾਮ ਤਿਆਗਿਆ ਤਾਂਕਿ ਉਹ ਦੂਸਰਿਆਂ ਦੀ ਮਦਦ ਕਰ ਸਕੇ। (ਮਰਕੁਸ 6:30-34) ਅਖ਼ੀਰ ਮਸੀਹ ਨੇ ਇਸ ਤੋਂ ਵੀ ਵੱਡਾ ਪਿਆਰ ਦਿਖਾਇਆ। ਉਸ ਨੇ ਕਿਹਾ: “ਮੈਂ ਵਧੀਆ ਚਰਵਾਹਾ ਹਾਂ; ਵਧੀਆ ਚਰਵਾਹਾ ਭੇਡਾਂ ਲਈ ਆਪਣੀ ਜਾਨ ਦਿੰਦਾ ਹੈ।”—ਯੂਹੰਨਾ 10:11.
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਪਹਿਲੀ ਸਦੀ ਵਿਚ ਮਸੀਹੀ ਇਕ-ਦੂਜੇ ਨੂੰ “ਭਰਾ” ਜਾਂ “ਭੈਣ” ਬੁਲਾਉਂਦੇ ਸਨ। (ਫਿਲੇਮੋਨ 1, 2) ਮਸੀਹੀ ਮੰਡਲੀ ਵਿਚ ਹਰ ਕੌਮ ਦੇ ਲੋਕਾਂ ਦਾ ਸੁਆਗਤ ਕੀਤਾ ਜਾਂਦਾ ਸੀ ਕਿਉਂਕਿ ਉਹ ਮੰਨਦੇ ਸਨ ਕਿ “ਯਹੂਦੀ ਅਤੇ ਯੂਨਾਨੀ ਲੋਕਾਂ ਵਿਚ ਪੱਖਪਾਤ ਨਹੀਂ ਕੀਤਾ ਜਾਂਦਾ ਕਿਉਂਕਿ ਸਾਰਿਆਂ ਦਾ ਇੱਕੋ ਪ੍ਰਭੂ ਹੈ।” (ਰੋਮੀਆਂ 10:11, 12) ਪੰਤੇਕੁਸਤ 33 ਈ. ਤੋਂ ਬਾਅਦ ਯਰੂਸ਼ਲਮ ਵਿਚ ਰਹਿੰਦੇ ਚੇਲੇ “ਆਪਣੀ ਜ਼ਮੀਨ-ਜਾਇਦਾਦ ਤੇ ਚੀਜ਼ਾਂ ਵੇਚ ਕੇ ਪੈਸਾ ਸਾਰਿਆਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਵੰਡ ਦਿੰਦੇ ਸਨ।” ਕਿਉਂ? ਤਾਂਕਿ ਜਿਨ੍ਹਾਂ ਨੇ ਨਵਾਂ-ਨਵਾਂ ਬਪਤਿਸਮਾ ਲਿਆ ਸੀ, ਉਹ ਯਰੂਸ਼ਲਮ ਵਿਚ ਰਹਿ ਕੇ ‘ਰਸੂਲਾਂ ਤੋਂ ਸਿੱਖਿਆ ਲੈਂਦੇ ਰਹਿਣ।’ (ਰਸੂਲਾਂ ਦੇ ਕੰਮ 2:41-45) ਕਿਹੜੀ ਗੱਲ ਨੇ ਉਨ੍ਹਾਂ ਨੂੰ ਇੱਦਾਂ ਕਰਨ ਲਈ ਪ੍ਰੇਰਿਆ? ਰਸੂਲਾਂ ਦੀ ਮੌਤ ਤੋਂ ਤਕਰੀਬਨ 200 ਸਾਲ ਬਾਅਦ ਟਰਟੂਲੀਅਨ ਨੇ ਲਿਖਿਆ ਕਿ ਲੋਕ ਮਸੀਹੀਆਂ ਬਾਰੇ ਕਹਿੰਦੇ ਸਨ: “ਉਹ ਇਕ-ਦੂਜੇ ਨੂੰ ਬਹੁਤ ਪਿਆਰ ਕਰਦੇ ਹਨ, ਇੰਨਾ ਪਿਆਰ ਕਿ ਉਹ ਇਕ-ਦੂਜੇ ਲਈ ਜਾਨ ਵਾਰਨ ਲਈ ਵੀ ਤਿਆਰ ਹਨ।”
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: 1837 ਦੀ ਇਕ ਕਿਤਾਬ ਰੋਮੀ ਸਾਮਰਾਜ ਦੀ ਗਿਰਾਵਟ ਅਤੇ ਇਸ ਦਾ ਪਤਨ (ਅੰਗ੍ਰੇਜ਼ੀ) ਵਿਚ ਦੱਸਿਆ ਹੈ ਕਿ ਮਸੀਹੀ ਹੋਣ ਦਾ ਦਾਅਵਾ ਕਰਨ ਵਾਲਿਆਂ ਨੇ ਸਦੀਆਂ ਤੋਂ “ਇਕ-ਦੂਜੇ ʼਤੇ ਜਿੰਨੇ ਜ਼ੁਲਮ ਕੀਤੇ, ਉੱਨੇ ਤਾਂ ਅਵਿਸ਼ਵਾਸੀ ਲੋਕਾਂ ਨੇ ਵੀ ਉਨ੍ਹਾਂ ʼਤੇ ਨਹੀਂ ਕੀਤੇ।” ਹਾਲ ਹੀ ਵਿਚ ਅਮਰੀਕਾ ਵਿਚ ਹੋਏ ਇਕ ਸਰਵੇ ਤੋਂ ਇਹ ਪਤਾ ਲੱਗਾ ਕਿ ਧਾਰਮਿਕ ਹੋਣ ਦਾ ਦਾਅਵਾ ਕਰਨ ਵਾਲੇ ਲੋਕ ਨਸਲੀ ਭੇਦ-ਭਾਵ ਕਰਦੇ ਹਨ। ਉਨ੍ਹਾਂ ਵਿੱਚੋਂ ਜ਼ਿਆਦਾਤਰ ਆਪਣੇ ਆਪ ਨੂੰ ਮਸੀਹੀ ਕਹਿੰਦੇ ਹਨ। ਇਕ ਦੇਸ਼ ਵਿਚ ਚਰਚ ਜਾਣ ਵਾਲੇ ਲੋਕਾਂ ਨੂੰ ਦੂਸਰੇ ਦੇਸ਼ ਵਿਚ ਉਸੇ ਚਰਚ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੁੰਦਾ ਅਤੇ ਨਾ ਹੀ ਉਹ ਲੋੜ ਵੇਲੇ ਇਕ-ਦੂਜੇ ਦੀ ਮਦਦ ਕਰਨੀ ਚਾਹੁੰਦੇ ਹਨ ਤੇ ਨਾ ਹੀ ਕਰ ਸਕਦੇ ਹਨ।
2004 ਵਿਚ ਜਦੋਂ ਫਲੋਰਿਡਾ ਵਿਚ ਦੋ ਮਹੀਨੇ ਲਗਾਤਾਰ 4 ਤੂਫ਼ਾਨ ਆਏ, ਤਾਂ ਫਲੋਰਿਡਾ ਦੀ ਐਮਰਜੈਂਸੀ ਕਮੇਟੀ ਦੇ ਚੇਅਰਮੈਨ ਨੇ ਪਤਾ ਕੀਤਾ ਕਿ ਉਨ੍ਹਾਂ ਵੱਲੋਂ ਭੇਜੀ ਰਾਹਤ-ਸਾਮੱਗਰੀ ਚੰਗੀ ਤਰ੍ਹਾਂ ਵਰਤੀ ਜਾ ਰਹੀ ਹੈ ਜਾਂ ਨਹੀਂ। ਉਸ ਨੇ ਕਿਹਾ ਕਿ ਕੋਈ ਵੀ ਸਮੂਹ ਯਹੋਵਾਹ ਦੇ ਗਵਾਹਾਂ ਜਿੰਨਾ ਸੰਗਠਿਤ ਨਹੀਂ ਹੈ ਅਤੇ ਉਸ ਨੇ ਕਿਹਾ ਕਿ ਜੇ ਗਵਾਹਾਂ ਨੂੰ ਕਿਸੇ ਚੀਜ਼ ਦੀ ਲੋੜ ਹੈ, ਤਾਂ ਉਹ ਉਸ ਦਾ ਇੰਤਜ਼ਾਮ ਕਰ ਸਕਦਾ ਹੈ। ਇਸ ਤੋਂ ਪਹਿਲਾਂ ਵੀ 1997 ਵਿਚ ਯਹੋਵਾਹ ਦੇ ਗਵਾਹਾਂ ਦੀ ਇਕ ਰਾਹਤ ਟੀਮ ਕਾਂਗੋ ਲੋਕਤੰਤਰੀ ਗਣਰਾਜ ਵਿਚ ਆਪਣੇ ਮਸੀਹੀ ਭੈਣਾਂ-ਭਰਾਵਾਂ ਦੀ ਮਦਦ ਲਈ ਦਵਾਈਆਂ, ਖਾਣ-ਪੀਣ ਦਾ ਸਾਮਾਨ ਅਤੇ ਕੱਪੜੇ ਲੈ ਕੇ ਗਈ ਸੀ। ਯੂਰਪ ਦੇ ਮਸੀਹੀ ਭੈਣਾਂ-ਭਰਾਵਾਂ ਨੇ ਉਨ੍ਹਾਂ ਲਈ ਕੁੱਲ 10 ਲੱਖ ਅਮਰੀਕੀ ਡਾਲਰ ਦੀ ਰਾਹਤ-ਸਾਮੱਗਰੀ ਦਾਨ ਕੀਤੀ ਸੀ।
-
-
‘ਮੈਂ ਤੇਰੇ ਨਾਂ ਬਾਰੇ ਦੱਸਿਆ ਹੈ’ਪਹਿਰਾਬੁਰਜ: ਸੱਚੇ ਮਸੀਹੀਆਂ ਨੂੰ ਕਿਵੇਂ ਪਛਾਣੀਏ?
-
-
‘ਮੈਂ ਤੇਰੇ ਨਾਂ ਬਾਰੇ ਦੱਸਿਆ ਹੈ’
“ਮੈਂ ਉਨ੍ਹਾਂ ਲੋਕਾਂ ਸਾਮ੍ਹਣੇ ਤੇਰਾ ਨਾਂ ਪ੍ਰਗਟ ਕੀਤਾ ਹੈ ਜਿਨ੍ਹਾਂ ਨੂੰ ਤੂੰ ਦੁਨੀਆਂ ਵਿੱਚੋਂ ਮੇਰੇ ਹੱਥ ਸੌਂਪਿਆ ਹੈ। . . . ਮੈਂ ਉਨ੍ਹਾਂ ਨੂੰ ਤੇਰੇ ਨਾਂ ਬਾਰੇ ਦੱਸਿਆ ਹੈ ਅਤੇ ਦੱਸਦਾ ਰਹਾਂਗਾ।”—ਯੂਹੰਨਾ 17:6, 26.
ਇਸ ਦਾ ਕੀ ਮਤਲਬ ਹੈ?: ਯਿਸੂ ਨੇ ਪ੍ਰਚਾਰ ਕਰਦੇ ਵੇਲੇ ਲੋਕਾਂ ਨੂੰ ਪਰਮੇਸ਼ੁਰ ਦਾ ਨਾਂ ਦੱਸਿਆ। ਯਿਸੂ ਅਕਸਰ ਪਵਿੱਤਰ ਲਿਖਤਾਂ ਪੜ੍ਹਦਾ ਸੀ ਅਤੇ ਪੜ੍ਹਦੇ ਵੇਲੇ ਉਹ ਪਰਮੇਸ਼ੁਰ ਦਾ ਨਾਂ ਵੀ ਜ਼ਰੂਰ ਲੈਂਦਾ ਹੋਣਾ। (ਲੂਕਾ 4:16-21) ਉਸ ਨੇ ਆਪਣੇ ਚੇਲਿਆਂ ਨੂੰ ਇਹ ਪ੍ਰਾਰਥਨਾ ਕਰਨੀ ਸਿਖਾਈ: “ਹੇ ਪਿਤਾ, ਤੇਰਾ ਨਾਂ ਪਵਿੱਤਰ ਕੀਤਾ ਜਾਵੇ।”—ਲੂਕਾ 11:2.
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਪਤਰਸ ਰਸੂਲ ਨੇ ਯਰੂਸ਼ਲਮ ਵਿਚ ਬਜ਼ੁਰਗਾਂ ਨੂੰ ਦੱਸਿਆ ਕਿ ਪਰਮੇਸ਼ੁਰ ਨੇ “ਆਪਣੇ ਨਾਂ ਲਈ ਲੋਕਾਂ ਨੂੰ” ਚੁਣਿਆ ਹੈ। (ਰਸੂਲਾਂ ਦੇ ਕੰਮ 15:14) ਰਸੂਲਾਂ ਅਤੇ ਹੋਰਾਂ ਨੇ ਪ੍ਰਚਾਰ ਕੀਤਾ ਕਿ “ਹਰ ਕੋਈ ਜਿਹੜਾ ਯਹੋਵਾਹ ਦਾ ਨਾਂ ਲੈਂਦਾ ਹੈ, ਬਚਾਇਆ ਜਾਵੇਗਾ।” (ਰਸੂਲਾਂ ਦੇ ਕੰਮ 2:21; ਰੋਮੀਆਂ 10:13) ਉਨ੍ਹਾਂ ਨੇ ਆਪਣੀਆਂ ਲਿਖਤਾਂ ਵਿਚ ਵੀ ਇਹ ਨਾਮ ਵਰਤਿਆ। ਯਹੂਦੀਆਂ ਦੇ ਜ਼ਬਾਨੀ ਨਿਯਮਾਂ ਦੀ ਕਿਤਾਬ ਤੋਸੇਫਤਾ ਲਗਭਗ 300 ਈਸਵੀ ਦੇ ਅੰਤ ਤਕ ਪੂਰੀ ਕੀਤੀ ਗਈ ਸੀ। ਵਿਰੋਧੀਆਂ ਦੁਆਰਾ ਮਸੀਹੀ ਲਿਖਤਾਂ ਨੂੰ ਸਾੜਨ ਬਾਰੇ ਇਹ ਕਿਤਾਬ ਕਹਿੰਦੀ ਹੈ: “ਉਹ ਇੰਜੀਲ ਦੇ ਪ੍ਰਚਾਰਕਾਂ ਦੀਆਂ ਕਿਤਾਬਾਂ ਅਤੇ ਮਿਨਿਮ [ਸ਼ਾਇਦ ਯਹੂਦੀ ਮਸੀਹੀ] ਦੀਆਂ ਕਿਤਾਬਾਂ ਨੂੰ ਅੱਗ ਵਿਚ ਸਾੜ ਦਿੰਦੇ ਹਨ। ਉਨ੍ਹਾਂ ਨੂੰ ਜਿੱਥੇ ਕਿਤੇ ਵੀ ਇਹ ਕਿਤਾਬਾਂ ਮਿਲਦੀਆਂ ਹਨ, ਉਨ੍ਹਾਂ ਨੂੰ ਇਹ ਕਿਤਾਬਾਂ ਅਤੇ ਇਨ੍ਹਾਂ ਵਿਚ ਪਾਏ ਜਾਂਦੇ ਪਰਮੇਸ਼ੁਰ ਦੇ ਨਾਂ ਨੂੰ ਸਾੜਨ ਦੀ ਇਜਾਜ਼ਤ ਹੈ।”
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: ਅਮਰੀਕਾ ਵਿਚ ਨੈਸ਼ਨਲ ਕੌਂਸਲ ਆਫ਼ ਦ ਚਰਚਿਜ਼ ਆਫ਼ ਕਰਾਇਸਟ ਦੁਆਰਾ ਪ੍ਰਵਾਨਿਤ ਬਾਈਬਲ ਦੇ ਰਿਵਾਈਜ਼ਡ ਸਟੈਂਡਰਡ ਵਰਯਨ ਦੇ ਮੁਖਬੰਧ ਵਿਚ ਲਿਖਿਆ ਹੈ: “ਯਹੂਦੀ ਧਰਮ ਵਿਚ ਮਸੀਹ ਦੇ ਜ਼ਮਾਨੇ ਤੋਂ ਪਹਿਲਾਂ ਹੀ ਪਰਮੇਸ਼ੁਰ ਲਈ ਇਕ ਖ਼ਾਸ ਨਾਂ ਦੀ ਵਰਤੋਂ ਕਰਨੀ ਬੰਦ ਕਰ ਦਿੱਤੀ, ਜਿਵੇਂ ਕਿ ਹੋਰ ਦੇਵਤਿਆਂ ਤੋਂ ਇੱਕੋ-ਇਕ ਪਰਮੇਸ਼ੁਰ ਦੀ ਵੱਖਰੀ ਪਛਾਣ ਕਰਾਉਣ ਦੀ ਲੋੜ ਹੋਵੇ। ਪੂਰੀ ਦੁਨੀਆਂ ਦੇ ਚਰਚਾਂ ਲਈ ਵੀ ਇਸ ਨਾਂ ਨੂੰ ਵਰਤਣਾ ਬਿਲਕੁਲ ਗ਼ਲਤ ਹੈ।” ਬਾਅਦ ਵਿਚ ਇਸ ਨਾਂ ਦੀ ਜਗ੍ਹਾ “ਪ੍ਰਭੂ” ਵਰਤਿਆ ਜਾਣ ਲੱਗ ਪਿਆ। ਹਾਲ ਹੀ ਵਿਚ ਵੈਟੀਕਨ ਨੇ ਆਪਣੇ ਬਿਸ਼ਪਾਂ ਨੂੰ ਹਿਦਾਇਤ ਦਿੱਤੀ: “ਭਜਨਾਂ ਅਤੇ ਪ੍ਰਾਰਥਨਾਵਾਂ ਵਿਚ ਚਾਰ ਇਬਰਾਨੀ ਅੱਖਰਾਂ ਵਿਚ ਪਰਮੇਸ਼ੁਰ ਦਾ ਨਾਂ ਯ ਹ ਵ ਹa ਵਰਤਿਆ ਜਾਂ ਉਚਾਰਿਆ ਨਹੀਂ ਜਾਣਾ ਚਾਹੀਦਾ।”
ਅੱਜ ਕੌਣ ਪਰਮੇਸ਼ੁਰ ਦਾ ਨਾਂ ਵਰਤਦੇ ਅਤੇ ਲੋਕਾਂ ਨੂੰ ਦੱਸਦੇ ਹਨ? ਕਿਰਗਿਜ਼ਸਤਾਨਵਿਚ 15 ਸਾਲ ਦੇ ਇਕ ਨੌਜਵਾਨ ਸਰਗੇ ਨੇ ਇਕ ਫ਼ਿਲਮ ਦੇਖੀ ਸੀ ਜਿਸ ਵਿਚ ਰੱਬ ਦਾ ਨਾਂ ਯਹੋਵਾਹ ਦੱਸਿਆ ਸੀ। ਉਸ ਤੋਂ ਬਾਅਦ ਤਕਰੀਬਨ ਦਸ ਸਾਲਾਂ ਤਕ ਉਸ ਨੇ ਇਹ ਨਾਂ ਦੁਬਾਰਾ ਨਹੀਂ ਸੁਣਿਆ। ਬਾਅਦ ਵਿਚ ਜਦੋਂ ਸਰਗੇ ਅਮਰੀਕਾ ਰਹਿਣ ਲੱਗਾ, ਤਾਂ ਦੋ ਯਹੋਵਾਹ ਦੀਆਂ ਗਵਾਹਾਂ ਉਸ ਦੇ ਘਰ ਆਈਆਂ ਅਤੇ ਉਸ ਨੂੰ ਬਾਈਬਲ ਵਿੱਚੋਂ ਰੱਬ ਦਾ ਨਾਂ ਦਿਖਾਇਆ। ਸਰਗੇ ਨੂੰ ਉਨ੍ਹਾਂ ਲੋਕਾਂ ਨਾਲ ਮਿਲ ਕੇ ਬਹੁਤ ਖ਼ੁਸ਼ੀ ਹੋਈ ਜੋ ਰੱਬ ਦਾ ਨਾਂ ਯਹੋਵਾਹ ਵਰਤਦੇ ਸਨ। ਦਿਲਚਸਪੀ ਦੀ ਗੱਲ ਹੈ ਕਿ ਵੈਬਸਟਰਸ ਥਰਡ ਨਿਊ ਡਿਕਸ਼ਨਰੀ ਵਿਚ ਯਹੋਵਾਹ ਦੀ ਪਰਿਭਾਸ਼ਾ ਲਿਖੀ ਹੈ: “ਅੱਤ ਮਹਾਨ ਪਰਮੇਸ਼ੁਰ ਅਤੇ ਯਹੋਵਾਹ ਦੇ ਗਵਾਹ ਸਿਰਫ਼ ਉਸ ਦੀ ਹੀ ਭਗਤੀ ਕਰਦੇ ਹਨ।”
[ਫੁਟਨੋਟ]
a ਪੰਜਾਬੀ ਵਿਚ ਆਮ ਤੌਰ ਤੇ ਪਰਮੇਸ਼ੁਰ ਦੇ ਨਾਂ ਦਾ ਉਚਾਰਣ “ਯਹੋਵਾਹ” ਹੈ।
-
-
‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ’ਪਹਿਰਾਬੁਰਜ: ਸੱਚੇ ਮਸੀਹੀਆਂ ਨੂੰ ਕਿਵੇਂ ਪਛਾਣੀਏ?
-
-
‘ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕੀਤਾ ਜਾਵੇਗਾ’
“ਸਾਰੀਆਂ ਕੌਮਾਂ ਨੂੰ ਗਵਾਹੀ ਦੇਣ ਲਈ ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪ੍ਰਚਾਰ ਪੂਰੀ ਦੁਨੀਆਂ ਵਿਚ ਕੀਤਾ ਜਾਵੇਗਾ, ਫਿਰ ਅੰਤ ਆਵੇਗਾ।”—ਮੱਤੀ 24:14.
ਇਸ ਦਾ ਕੀ ਮਤਲਬ ਹੈ?: ਇੰਜੀਲ ਦੇ ਲੇਖਕ ਲੂਕਾ ਨੇ ਦੱਸਿਆ ਕਿ ਯਿਸੂ “ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ।” (ਲੂਕਾ 8:1) ਯਿਸੂ ਨੇ ਆਪਣੇ ਬਾਰੇ ਕਿਹਾ: ‘ਇਹ ਜ਼ਰੂਰੀ ਹੈ ਕਿ ਮੈਂ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਾਂ ਕਿਉਂਕਿ ਮੈਨੂੰ ਇਸੇ ਕੰਮ ਲਈ ਭੇਜਿਆ ਗਿਆ ਹੈ।’ (ਲੂਕਾ 4:43) ਉਸ ਨੇ ਆਪਣੇ ਚੇਲਿਆਂ ਨੂੰ ਪਿੰਡਾਂ ਅਤੇ ਸ਼ਹਿਰਾਂ ਵਿਚ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਭੇਜਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਹੁਕਮ ਦਿੱਤਾ: ‘ਤੁਸੀਂ ਧਰਤੀ ਦੇ ਕੋਨੇ-ਕੋਨੇ ਵਿਚ ਮੇਰੇ ਬਾਰੇ ਗਵਾਹੀ ਦਿਓਗੇ।’—ਰਸੂਲਾਂ ਦੇ ਕੰਮ 1:8; ਲੂਕਾ 10:1.
ਪਹਿਲੀ ਸਦੀ ਦੇ ਮਸੀਹੀਆਂ ਨੇ ਕਿਵੇਂ ਦਿਖਾਇਆ ਕਿ ਉਹ ਸੱਚੇ ਮਸੀਹੀ ਸਨ?: ਯਿਸੂ ਦੇ ਚੇਲਿਆਂ ਨੇ ਬਿਨਾਂ ਸਮਾਂ ਬਰਬਾਦ ਕੀਤਿਆਂ ਉਸ ਦੀ ਗੱਲ ਮੰਨੀ ਅਤੇ “ਉਹ ਹਰ ਰੋਜ਼ ਬਿਨਾਂ ਰੁਕੇ ਮੰਦਰ ਵਿਚ ਤੇ ਘਰ-ਘਰ ਜਾ ਕੇ ਸਿੱਖਿਆ ਦਿੰਦੇ ਰਹੇ ਅਤੇ ਯਿਸੂ ਮਸੀਹ ਬਾਰੇ ਖ਼ੁਸ਼ ਖ਼ਬਰੀ ਦਾ ਐਲਾਨ ਕਰਦੇ ਰਹੇ।” (ਰਸੂਲਾਂ ਦੇ ਕੰਮ 5:42) ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਸਿਰਫ਼ ਕੁਝ ਜਾਣੇ-ਮਾਣੇ ਵਿਅਕਤੀਆਂ ਦੀ ਨਹੀਂ ਸੀ, ਸਗੋਂ ਸਾਰੀ ਮੰਡਲੀ ਦੀ ਸੀ। ਇਤਿਹਾਸਕਾਰ ਨੀਐਂਡਰ ਨੇ ਦੱਸਿਆ ਕਿ “ਮਸੀਹੀ ਧਰਮ ਦੇ ਪਹਿਲੇ ਵਿਰੋਧੀ ਲੇਖਕ ਸੇਲਸਸ ਨੇ ਇਸ ਗੱਲ ਦਾ ਮਜ਼ਾਕ ਉਡਾਇਆ ਕਿ ਉੱਨ ਕੱਤਣ ਵਾਲੇ, ਮੋਚੀ, ਚਮਾਰ, ਅਨਪੜ੍ਹ ਤੇ ਮਾਮੂਲੀ ਲੋਕ ਵੀ ਖ਼ੁਸ਼ ਖ਼ਬਰੀ ਦੇ ਜੋਸ਼ੀਲੇ ਪ੍ਰਚਾਰਕ ਸਨ।” ਜੀਨ ਬਰਨਾਰਡੀ ਨੇ ਆਪਣੀ ਕਿਤਾਬ ਦ ਅਰਲੀ ਸੈਂਚੁਅਰੀਜ਼ ਆਫ਼ ਦ ਚਰਚ ਵਿਚ ਲਿਖਿਆ: “[ਮਸੀਹੀਆਂ] ਨੇ ਹਰ ਜਗ੍ਹਾ ਅਤੇ ਹਰ ਕਿਸੇ ਨੂੰ ਪ੍ਰਚਾਰ ਕਰਨਾ ਸੀ। ਉਨ੍ਹਾਂ ਨੇ ਸੜਕਾਂ ʼਤੇ, ਸ਼ਹਿਰਾਂ ਵਿਚ, ਚੌਂਕਾਂ ਵਿਚ ਅਤੇ ਘਰਾਂ ਵਿਚ ਜਾਣਾ ਸੀ, ਭਾਵੇਂ ਉਨ੍ਹਾਂ ਦਾ ਸੁਆਗਤ ਹੁੰਦਾ ਸੀ ਜਾਂ ਨਹੀਂ। . . . ਉਨ੍ਹਾਂ ਨੇ ਧਰਤੀ ਦੇ ਕੋਨੇ-ਕੋਨੇ ਤਕ ਪ੍ਰਚਾਰ ਕਰਨਾ ਸੀ।”
ਅੱਜ ਕੌਣ ਉਨ੍ਹਾਂ ਦੇ ਨਮੂਨੇ ʼਤੇ ਚੱਲਦੇ ਹਨ?: ਐਂਗਲੀਕਨ ਪਾਦਰੀ ਡੇਵਿਡ ਵਾਟਸਨ ਲਿਖਦਾ ਹੈ: “ਚਰਚ ਨੇ ਪ੍ਰਚਾਰ ਕਰਨ ਅਤੇ ਸਿਖਾਉਣ ਦੇ ਕੰਮ ਨੂੰ ਗੰਭੀਰਤਾ ਨਾਲ ਨਹੀਂ ਲਿਆ। ਇਸੇ ਕਰਕੇ ਅੱਜ ਲੋਕਾਂ ਨੂੰ ਪਰਮੇਸ਼ੁਰ ਦੀ ਸੇਵਾ ਕਰਨ ਵਿਚ ਕੋਈ ਖ਼ਾਸ ਦਿਲਚਸਪੀ ਨਹੀਂ ਹੈ।” ਹੋਜ਼ੇ ਲੂਈਸ ਪੇਰੇਜ਼ ਗੁਆਡਾਲੂਪੇ ਨੇ ਆਪਣੀ ਕਿਤਾਬ ਕੈਥੋਲਿਕ ਕਿਉਂ ਛੱਡ ਕੇ ਜਾ ਰਹੇ ਹਨ? (ਅੰਗ੍ਰੇਜ਼ੀ) ਵਿਚ ਇਵੈਂਜਲੀਕਲ, ਐਡਵੈਨਟਿਸਟ ਅਤੇ ਹੋਰ ਚਰਚਾਂ ਦੇ ਕੰਮਾਂ ਬਾਰੇ ਲਿਖਿਆ ਅਤੇ ਕਿਹਾ ਕਿ “ਉਹ ਘਰ-ਘਰ ਪ੍ਰਚਾਰ ਕਰਨ ਨਹੀਂ ਜਾਂਦੇ।” ਯਹੋਵਾਹ ਦੇ ਗਵਾਹਾਂ ਬਾਰੇ ਉਸ ਨੇ ਲਿਖਿਆ: “ਉਹ ਕਾਇਦੇ ਨਾਲ ਘਰ-ਘਰ ਪ੍ਰਚਾਰ ਕਰਨ ਜਾਂਦੇ ਹਨ।”
ਜੋਨਾਥਾਨ ਟਰਲੀ ਨੇ ਕਾਟੋ ਸੁਪਰੀਮ ਕੋਰਟ ਦੀ ਰਿਪੋਰਟ 2001-2002 ਵਿਚ ਇਕ ਦਿਲਚਸਪ ਟਿੱਪਣੀ ਕੀਤੀ: “ਜੇ ਕੋਈ ਯਹੋਵਾਹ ਦੇ ਗਵਾਹਾਂ ਦਾ ਨਾਂ ਸੁਣਦਾ ਹੈ, ਤਾਂ ਜ਼ਿਆਦਾਤਰ ਲੋਕਾਂ ਦੇ ਦਿਮਾਗ਼ ਵਿਚ ਝੱਟ ਉਹ ਲੋਕ ਆਉਂਦੇ ਹਨ ਜਿਹੜੇ ਘਰ-ਘਰ ਪ੍ਰਚਾਰ ਕਰਦੇ ਹਨ। ਯਹੋਵਾਹ ਦੇ ਗਵਾਹ ਘਰ-ਘਰ ਪ੍ਰਚਾਰ ਕਰ ਕੇ ਨਾ ਸਿਰਫ਼ ਆਪਣੇ ਵਿਸ਼ਵਾਸਾਂ ਬਾਰੇ ਦੱਸਦੇ ਹਨ, ਸਗੋਂ ਇਸ ਨਾਲ ਉਨ੍ਹਾਂ ਦੀ ਆਪਣੀ ਨਿਹਚਾ ਵੀ ਪੱਕੀ ਹੁੰਦੀ ਹੈ।”
[ਡੱਬੀ]
ਕੀ ਤੁਸੀਂ ਸੱਚੇ ਮਸੀਹੀਆਂ ਨੂੰ ਪਛਾਣਦੇ ਹੋ?
ਇਨ੍ਹਾਂ ਲੇਖਾਂ ਵਿਚ ਜਿਨ੍ਹਾਂ ਆਇਤਾਂ ʼਤੇ ਚਰਚਾ ਕੀਤੀ ਗਈ, ਉਨ੍ਹਾਂ ਦੇ ਆਧਾਰ ʼਤੇ ਤੁਹਾਨੂੰ ਕੀ ਲੱਗਦਾ ਕਿ ਸੱਚੇ ਮਸੀਹੀ ਕੌਣ ਹਨ? ਦੁਨੀਆਂ ਭਰ ਵਿਚ ਲੱਖਾਂ ਹੀ ਸਮੂਹ ਅਤੇ ਪੰਥ ਮਸੀਹੀ ਹੋਣ ਦਾ ਦਾਅਵਾ ਕਰਦੇ ਹਨ। ਯਾਦ ਕਰੋ ਕਿ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ: “ਹਰ ਕੋਈ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿਚ ਨਹੀਂ ਜਾਵੇਗਾ, ਸਗੋਂ ਉਹੀ ਜਾਵੇਗਾ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਪੂਰੀ ਕਰਦਾ ਹੈ।” (ਮੱਤੀ 7:21) ਇਸ ਲਈ ਤੁਹਾਡੇ ਵਾਸਤੇ ਇਹ ਪਛਾਣਨਾ ਜ਼ਰੂਰੀ ਹੈ ਕਿ ਅੱਜ ਕੌਣ ਸੱਚੇ ਮਸੀਹੀ ਹੋਣ ਦੇ ਨਾਤੇ ਪਰਮੇਸ਼ੁਰ ਦੀ ਇੱਛਾ ਪੂਰੀ ਕਰ ਰਹੇ ਹਨ। ਉਨ੍ਹਾਂ ਨਾਲ ਸੰਗਤ ਕਰ ਕੇ ਤੁਹਾਨੂੰ ਪਰਮੇਸ਼ੁਰ ਦੇ ਰਾਜ ਵਿਚ ਹਮੇਸ਼ਾ ਲਈ ਬਰਕਤਾਂ ਮਿਲਣਗੀਆਂ। ਅਸੀਂ ਤੁਹਾਨੂੰ ਯਹੋਵਾਹ ਦੇ ਗਵਾਹਾਂ ਨੂੰ ਮਿਲਣ ਦਾ ਸੱਦਾ ਦਿੰਦੇ ਹਾਂ ਜਿਨ੍ਹਾਂ ਨੇ ਤੁਹਾਨੂੰ ਇਹ ਰਸਾਲਾ ਦਿੱਤਾ। ਨਾਲੇ ਉਨ੍ਹਾਂ ਤੋਂ ਪਰਮੇਸ਼ੁਰ ਦੇ ਰਾਜ ਅਤੇ ਇਸ ਵਿਚ ਮਿਲਣ ਵਾਲੀਆਂ ਬਰਕਤਾਂ ਬਾਰੇ ਹੋਰ ਜਾਣਕਾਰੀ ਲਓ।—ਲੂਕਾ 4:43.
-