ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
3-9 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 12-14
“ਇਕ ਇਕਰਾਰ ਜਿਸ ਦਾ ਅਸਰ ਤੁਹਾਡੇ ʼਤੇ ਪੈਂਦਾ ਹੈ”
(ਉਤਪਤ 12:1, 2) ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ। 2 ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ।
it-1 522 ਪੈਰਾ 4
ਇਕਰਾਰ
ਅਬਰਾਹਾਮ ਨਾਲ ਇਕਰਾਰ। ਅਬਰਾਹਾਮ ਨਾਲ ਇਕਰਾਰ ਉਦੋਂ ਲਾਗੂ ਹੋਇਆ ਸੀ ਜਦ ਅਬਰਾਮ (ਅਬਰਾਹਾਮ) ਨੇ ਕਨਾਨ ਦੇਸ਼ ਨੂੰ ਜਾਂਦੇ ਸਮੇਂ ਫਰਾਤ ਦਰਿਆ ਪਾਰ ਕੀਤਾ ਸੀ। ਇਸ ਤੋਂ 430 ਸਾਲ ਬਾਅਦ ਮੂਸਾ ਰਾਹੀਂ ਇਕਰਾਰ ਕੀਤਾ ਗਿਆ ਸੀ। (ਗਲਾ 3:17) ਯਹੋਵਾਹ ਨੇ ਅਬਰਾਹਾਮ ਨਾਲ ਉਦੋਂ ਗੱਲ ਕੀਤੀ ਸੀ ਜਦੋਂ ਉਹ ਮੈਸੋਪੋਟਾਮੀਆ ਦੇ ਊਰ ਸ਼ਹਿਰ ਵਿਚ ਰਹਿ ਰਿਹਾ ਸੀ ਅਤੇ ਉਸ ਨੂੰ ਉਹ ਦੇਸ਼ ਜਾਣ ਲਈ ਕਿਹਾ ਜੋ ਪਰਮੇਸ਼ੁਰ ਨੇ ਉਸ ਨੂੰ ਦਿਖਾਉਣਾ ਸੀ। (ਰਸੂ 7:2, 3; ਉਤ 11:31; 12:1-3) ਕੂਚ 12:40, 41 ਸਾਨੂੰ ਦੱਸਦਾ ਹੈ ਕਿ ਮਿਸਰ ਅਤੇ ਕਨਾਨ ਸ਼ਹਿਰ ਵਿਚ 430 ਸਾਲ ਕੱਟਣ ਤੋਂ ਬਾਅਦ “ਉਸੇ ਦਿਨ” ਇਜ਼ਰਾਈਲੀ, ਜੋ ਕਿ ਮਿਸਰ ਵਿਚ ਗ਼ੁਲਾਮ ਸਨ, ਨਿਕਲ ਤੁਰੇ। ਉਹ 14 ਨੀਸਾਨ 1513 ਈ. ਪੂ. ਨੂੰ ਪਸਾਹ ਦੇ ਦਿਨ ਗ਼ੁਲਾਮੀ ਤੋਂ ਰਿਹਾ ਹੋਏ ਸਨ। (ਕੂਚ 12:2, 6, 7) ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਅਬਰਾਹਾਮ ਨੇ ਕਨਾਨ ਦੇਸ਼ ਨੂੰ ਜਾਂਦੇ ਸਮੇਂ ਫਰਾਤ ਦਰਿਆ 14 ਨੀਸਾਨ 1943 ਈ. ਪੂ. ਨੂੰ ਪਾਰ ਕੀਤਾ ਸੀ ਅਤੇ ਉਸ ਸਮੇਂ ਅਬਰਾਹਾਮ ਨਾਲ ਕੀਤਾ ਇਕਰਾਰ ਲਾਗੂ ਹੋਇਆ ਸੀ। ਜਦੋਂ ਅਬਰਾਹਾਮ ਕਨਾਨ ਦੇਸ਼ ਵਿੱਚੋਂ ਦੀ ਲੰਘਦੇ ਹੋਏ ਸ਼ਕਮ ਤਾਈਂ ਪਹੁੰਚਿਆ, ਤਾਂ ਪਰਮੇਸ਼ੁਰ ਨੇ ਅਬਰਾਹਾਮ ਨਾਲ ਕੀਤੇ ਵਾਅਦੇ ਬਾਰੇ ਅੱਗੇ ਦੱਸਦਿਆਂ ਕਿਹਾ: “ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ” ਤੇ ਇਸ ਤਰ੍ਹਾਂ ਪਰਮੇਸ਼ੁਰ ਨੇ ਅਦਨ ਵਿਚ ਕੀਤੇ ਵਾਅਦੇ ਨੂੰ ਇਸ ਇਕਰਾਰ ਨਾਲ ਜੋੜਿਆ। ਪਰਮੇਸ਼ੁਰ ਨੇ ਇਹ ਵੀ ਦੱਸਿਆ ਕਿ ਇਹ “ਅੰਸ” ਇਨਸਾਨਾਂ ਦੀ ਪੀੜ੍ਹੀ ਤੋਂ ਆਉਣੀ ਸੀ। (ਉਤ 12:4-7) ਯਹੋਵਾਹ ਨੇ ਇਸ ਇਕਰਾਰ ʼਤੇ ਹੋਰ ਰੌਸ਼ਨੀ ਪਾਈ ਜਿਸ ਬਾਰੇ ਉਤਪਤ 13:14-17; 15:18; 17:2-8, 19; 22:15-18 ਵਿਚ ਦੱਸਿਆ ਗਿਆ ਹੈ।
(ਉਤਪਤ 12:3) ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ।
w89 7/1 3 ਪੈਰਾ 4
ਤੁਹਾਨੂੰ ਅਬਰਾਹਾਮ ਬਾਰੇ ਸੱਚਾਈ ਕਿਉਂ ਪਤਾ ਹੋਣੀ ਚਾਹੀਦੀ ਹੈ?
ਇਹ ਬਹੁਤ ਹੀ ਹੈਰਾਨ ਕਰਨ ਵਾਲਾ ਵਾਅਦਾ ਸੀ ਅਤੇ ਅਬਰਾਹਾਮ ਨੇ ਘੱਟੋ-ਘੱਟ ਦੋ ਹੋਰ ਮੌਕਿਆਂ ʼਤੇ ਇਹ ਵਾਅਦਾ ਸੁਣਿਆ ਸੀ। (ਉਤਪਤ 18:18; 22:18) ਇਸ ਵਾਅਦੇ ਨੂੰ ਪੂਰਾ ਕਰਨ ਲਈ ਯਹੋਵਾਹ ਖ਼ਤਮ ਹੋ ਚੁੱਕੇ ਘਰਾਣਿਆਂ ਵਿੱਚੋਂ ਮਰ ਚੁੱਕੇ ਲੋਕਾਂ ਨੂੰ ਵੀ ਦੁਬਾਰਾ ਜੀਉਂਦਾ ਕਰੇਗਾ। ਦੁਬਾਰਾ ਜੀਉਂਦਾ ਕੀਤੇ ਗਏ ਲੋਕਾਂ ਲਈ ਉਹ ਜ਼ਿੰਦਗੀ ਇਕ ਵੱਡੀ ਬਰਕਤ ਹੋਵੇਗੀ ਕਿਉਂਕਿ ਉਨ੍ਹਾਂ ਨੂੰ ਬਾਗ਼ ਵਰਗੀ ਧਰਤੀ ʼਤੇ ਜੀਉਂਦਾ ਕੀਤਾ ਜਾਵੇਗਾ ਜੋ ਇਨਸਾਨਾਂ ਨੇ ਸ਼ੁਰੂ ਵਿਚ ਗੁਆ ਲਈ ਸੀ। ਫਿਰ ਉਨ੍ਹਾਂ ਨੂੰ ਸਿਖਾਇਆ ਜਾਵੇਗਾ ਕਿ ਉਹ ਹਮੇਸ਼ਾ ਦੀ ਜ਼ਿੰਦਗੀ ਦੀ ਬਰਕਤ ਕਿਵੇਂ ਪਾ ਸਕਦੇ ਹਨ।—ਉਤਪਤ 2:8, 9, 15-17; 3:17-23.
(ਉਤਪਤ 13:14-17) ਫੇਰ ਯਹੋਵਾਹ ਨੇ ਅਬਰਾਮ ਨੂੰ ਲੂਤ ਦੇ ਉਸ ਤੋਂ ਵੱਖਰੇ ਹੋਣ ਦੇ ਪਿੱਛੋਂ ਆਖਿਆ ਕਿ ਆਪਣੀਆਂ ਅੱਖੀਆਂ ਹੁਣ ਚੁੱਕੇ ਇਸ ਥਾਂ ਤੋਂ ਜਿੱਥੇ ਤੂੰ ਹੁਣ ਹੈਂ ਉੱਤਰ ਅਰ ਦੱਖਣ, ਪੂਰਬ ਅਰ ਪੱਛਮ ਵੱਲ ਵੇਖ। 15 ਕਿਉਂਕਿ ਏਹ ਸਾਰੀ ਧਰਤੀ ਜੋ ਤੂੰ ਵੇਖਦਾ ਹੈਂ ਤੈਨੂੰ ਅਰ ਤੇਰੀ ਅੰਸ ਨੂੰ ਸਦਾ ਲਈ ਮੈਂ ਦਿਆਂਗਾ। 16 ਅਤੇ ਮੈਂ ਤੇਰੀ ਅੰਸ ਧਰਤੀ ਦੀ ਧੂੜ ਵਰਗੀ ਅਜੇਹੀ ਵਧਾਵਾਂਗਾ ਕਿ ਜੇ ਕੋਈ ਮਨੁੱਖ ਧਰਤੀ ਦੀ ਧੂੜ ਨੂੰ ਗਿਣ ਸਕੇ ਤਾਂ ਉਹ ਤੇਰੀ ਅੰਸ ਨੂੰ ਵੀ ਗਿਣ ਸੱਕੇਗਾ। 17 ਉੱਠ ਅਤੇ ਏਸ ਦੇਸ ਦੀ ਲੰਬਾਈ ਚੌੜਾਈ ਵਿੱਚ ਫਿਰ ਕਿਉਂਜੋ ਮੈਂ ਇਹ ਤੈਨੂੰ ਦਿਆਂਗਾ।
it-2 213 ਪੈਰਾ 3
ਕਾਨੂੰਨ
ਇਤਿਹਾਸ ਵਿੱਚੋਂ ਮਿਲਦੇ ਸਬੂਤਾਂ ਦੇ ਆਧਾਰ ʼਤੇ ਕੁਝ ਵਿਦਵਾਨ ਮੰਨਦੇ ਹਨ ਕਿ ਜਦੋਂ ਕੋਈ ਜਗ੍ਹਾ ਵੇਚੀ ਜਾਂਦੀ ਸੀ, ਤਾਂ ਖ਼ਰੀਦਦਾਰ ਨੂੰ ਉਹ ਜਗ੍ਹਾ ਦਿਖਾਈ ਜਾਂਦੀ ਸੀ ਤੇ ਉਸ ਜਗ੍ਹਾ ਦੀਆਂ ਹੱਦਾਂ ਵੀ ਸਾਫ਼-ਸਾਫ਼ ਦੱਸੀਆਂ ਜਾਂਦੀਆਂ ਸਨ। ਜਦੋਂ ਖ਼ਰੀਦਦਾਰ ਕਹਿੰਦਾ ਸੀ ਕਿ “ਮੈਂ ਦੇਖ ਲਿਆ,” ਤਾਂ ਕਾਨੂੰਨੀ ਤੌਰ ʼਤੇ ਇਹ ਮੰਨਿਆ ਜਾਂਦਾ ਸੀ ਕਿ ਉਸ ਨੂੰ ਇਹ ਸੌਦਾ ਮਨਜ਼ੂਰ ਸੀ। ਜਦੋਂ ਯਹੋਵਾਹ ਨੇ ਅਬਰਾਹਾਮ ਨੂੰ ਕਨਾਨ ਦੇਸ਼ ਦੇਣ ਦਾ ਵਾਅਦਾ ਕੀਤਾ ਸੀ, ਤਾਂ ਪਹਿਲਾਂ ਅਬਰਾਹਾਮ ਨੂੰ ਚਾਰੇ ਦਿਸ਼ਾਵਾਂ ਵੱਲ ਦੇਖਣ ਲਈ ਕਿਹਾ ਗਿਆ ਸੀ। ਅਬਰਾਹਾਮ ਨੇ ਉਦੋਂ “ਮੈਂ ਦੇਖ ਲਿਆ” ਸ਼ਾਇਦ ਇਸ ਲਈ ਨਹੀਂ ਕਿਹਾ ਸੀ ਕਿਉਂਕਿ ਪਰਮੇਸ਼ੁਰ ਨੇ ਕਿਹਾ ਸੀ ਕਿ ਵਾਅਦਾ ਕੀਤਾ ਹੋਇਆ ਦੇਸ਼ ਅਬਰਾਹਾਮ ਦੀ ਸੰਤਾਨ ਨੂੰ ਬਾਅਦ ਵਿਚ ਦਿੱਤਾ ਜਾਵੇਗਾ। (ਉਤ 13:14, 15) ਜੇ ਉੱਪਰ ਦੱਸਿਆ ਗਿਆ ਵਿਦਵਾਨਾਂ ਦਾ ਵਿਚਾਰ ਸਹੀ ਹੈ, ਤਾਂ ਜਦੋਂ ਮੂਸਾ ਨੂੰ ਇਜ਼ਰਾਈਲ ਦੇ ਕਾਨੂੰਨੀ ਪ੍ਰਤਿਨਿਧ ਦੇ ਤੌਰ ʼਤੇ ਉਹ ਦੇਸ਼ “ਦੇਖਣ” ਲਈ ਕਿਹਾ ਗਿਆ ਸੀ, ਤਾਂ ਮਤਲਬ ਸੀ ਕਿ ਉਹ ਦੇਸ਼ ਕਾਨੂੰਨੀ ਤੌਰ ʼਤੇ ਇਜ਼ਰਾਈਲੀਆਂ ਨੂੰ ਦਿੱਤਾ ਜਾ ਰਿਹਾ ਸੀ ਤੇ ਉਨ੍ਹਾਂ ਨੇ ਯਹੋਸ਼ੁਆ ਦੀ ਅਗਵਾਈ ਅਧੀਨ ਉਸ ਨੂੰ ਲੈ ਲੈਣਾ ਸੀ। (ਬਿਵ 3:27, 28; 34:4; ਮੱਤੀ 4:8 ਵਿਚ ਯਿਸੂ ਨੂੰ ਕੀਤੀ ਸ਼ੈਤਾਨ ਦੀ ਪੇਸ਼ਕਸ਼ ਬਾਰੇ ਵੀ ਸੋਚੋ।) ਇਕ ਹੋਰ ਕੰਮ ਕਰਨ ਦਾ ਵੀ ਇਹੋ ਜਿਹਾ ਕਾਨੂੰਨੀ ਮਤਲਬ ਸਮਝਿਆ ਜਾਂਦਾ ਸੀ। ਉਹ ਸੀ ਕਿਸੇ ਦੇਸ਼ ʼਤੇ ਕਬਜ਼ਾ ਕਰਨ ਦੇ ਮਕਸਦ ਨਾਲ ਪੂਰੇ ਦੇਸ਼ ਵਿਚ ਘੁੰਮਣਾ ਜਾਂ ਉਸ ਵਿਚ ਦਾਖ਼ਲ ਹੋਣਾ। (ਉਤ 13:17; 28:13) ਕੁਝ ਪੁਰਾਣੇ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਜਦੋਂ ਕੋਈ ਜ਼ਮੀਨ ਵੇਚੀ ਜਾਂਦੀ ਸੀ, ਤਾਂ ਉਸ ਜ਼ਮੀਨ ʼਤੇ ਲੱਗੇ ਦਰਖ਼ਤਾਂ ਦੀ ਗਿਣਤੀ ਵੀ ਲਿਖੀ ਜਾਂਦੀ ਸੀ।—ਉਤ 23:17, 18 ਨਾਲ ਤੁਲਨਾ ਕਰੋ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 13:8, 9) ਅਬਰਾਮ ਨੇ ਲੂਤ ਨੂੰ ਆਖਿਆ ਮੇਰੇ ਅਰ ਤੇਰੇ ਅਤੇ ਮੇਰੇ ਅਰ ਤੇਰੇ ਪਾਲੀਆਂ ਵਿੱਚ ਝਗੜਾ ਨਹੀਂ ਹੋਣਾ ਚਾਹੀਦਾ ਕਿਉਂਜੋ ਅਸੀਂ ਭਰਾ ਹਾਂ। ਭਲਾ, ਤੇਰੇ ਅੱਗੇ ਸਾਰਾ ਦੇਸ ਨਹੀਂ ਹੈ? 9 ਮੈਥੋਂ ਵੱਖਰਾ ਹੋ ਜਾਹ। ਜੇ ਤੂੰ ਖੱਬੇ ਪਾਸੇ ਜਾਵੇਂ ਤਾਂ ਮੈਂ ਸੱਜੇ ਪਾਸੇ ਜਾਵਾਂਗਾ ਅਤੇ ਜੇ ਤੂੰ ਸੱਜੇ ਪਾਸੇ ਜਾਵੇਂ ਤਾਂ ਮੈਂ ਖੱਬੇ ਪਾਸੇ ਜਾਵਾਂਗਾ।
ਪਿਆਰ ਨਾਲ ਗਿਲੇ-ਸ਼ਿਕਵੇ ਸੁਲਝਾਓ
12 ਪਰਮੇਸ਼ੁਰ ਦੇ ਸੇਵਕ ਆਪਣੇ ਗਿਲੇ-ਸ਼ਿਕਵੇ ਸੁਲਝਾਉਣ ਲਈ ਬਾਈਬਲ ਤੋਂ ਮਦਦ ਲੈ ਸਕਦੇ ਹਨ। ਮਿਸਾਲ ਲਈ, ਅਬਰਾਹਾਮ ਅਤੇ ਉਸ ਦੇ ਭਤੀਜੇ ਲੂਤ ਕੋਲ ਬਹੁਤ ਸਾਰੇ ਪਸ਼ੂ ਸਨ, ਪਰ ਪਸ਼ੂਆਂ ਦੇ ਚਾਰਨ ਲਈ ਜ਼ਮੀਨ ਘੱਟ ਸੀ। ਇਸ ਲਈ ਉਨ੍ਹਾਂ ਦੇ ਚਰਵਾਹਿਆਂ ਵਿਚ ਬਹਿਸ ਹੋ ਗਈ। ਅਬਰਾਹਾਮ ਸ਼ਾਂਤੀ ਬਣਾਈ ਰੱਖਣੀ ਚਾਹੁੰਦਾ ਸੀ, ਇਸ ਲਈ ਉਸ ਨੇ ਪਹਿਲਾਂ ਲੂਤ ਨੂੰ ਆਪਣੇ ਲਈ ਜ਼ਮੀਨ ਚੁਣਨ ਦਿੱਤੀ। (ਉਤ. 13:1, 2, 5-9) ਸਾਡੇ ਲਈ ਕਿੰਨੀ ਹੀ ਵਧੀਆ ਮਿਸਾਲ! ਅਬਰਾਹਾਮ ਨੇ ਆਪਣੇ ਫ਼ਾਇਦੇ ਬਾਰੇ ਨਹੀਂ, ਸਗੋਂ ਦੂਜਿਆਂ ਨਾਲ ਸ਼ਾਂਤੀ ਬਣਾਈ ਰੱਖਣ ਬਾਰੇ ਸੋਚਿਆ। ਕੀ ਉਸ ਨੂੰ ਆਪਣੀ ਖੁੱਲ੍ਹ-ਦਿਲੀ ਕਰਕੇ ਘਾਟਾ ਸਹਿਣਾ ਪਿਆ? ਜ਼ਰਾ ਵੀ ਨਹੀਂ। ਇਸ ਘਟਨਾ ਤੋਂ ਫ਼ੌਰਨ ਬਾਅਦ ਯਹੋਵਾਹ ਨੇ ਅਬਰਾਹਾਮ ਨੂੰ ਬਹੁਤ ਬਰਕਤਾਂ ਦੇਣ ਦਾ ਵਾਅਦਾ ਕੀਤਾ। (ਉਤ. 13:14-17) ਜੇ ਯਹੋਵਾਹ ਦੇ ਸੇਵਕ ਬਾਈਬਲ ਦੇ ਅਸੂਲਾਂ ʼਤੇ ਚੱਲਣਗੇ ਅਤੇ ਪਿਆਰ ਨਾਲ ਆਪਣੇ ਗਿਲੇ-ਸ਼ਿਕਵੇ ਸੁਲਝਾਉਣਗੇ, ਤਾਂ ਯਹੋਵਾਹ ਕਦੀ ਵੀ ਉਨ੍ਹਾਂ ਨੂੰ ਲੰਬੇ ਸਮੇਂ ਤਕ ਘਾਟਾ ਨਹੀਂ ਸਹਿਣ ਦੇਵੇਗਾ।
(ਉਤਪਤ 14:18-20) ਅਤੇ ਮਲਕਿ-ਸਿਦਕ ਸ਼ਾਲੇਮ ਦਾ ਰਾਜਾ ਰੋਟੀ ਅਰ ਮੱਧ ਲੈ ਆਇਆ। ਉਹ ਅੱਤ ਮਹਾਂ ਪਰਮੇਸ਼ੁਰ ਦਾ ਜਾਜਕ ਸੀ। 19 ਤਾਂ ਉਸ ਨੇ ਏਹ ਆਖਕੇ ਉਹ ਨੂੰ ਅਸੀਸ ਦਿੱਤੀ ਕਿ ਅੱਤ ਮਹਾਂ ਪਰਮੇਸ਼ੁਰ ਅਕਾਸ਼ ਅਰ ਧਰਤੀ ਦੇ ਮਾਲਕ ਦਾ ਅਬਰਾਮ ਮੁਬਾਰਕ ਹੋਵੇ। 20 ਅਤੇ ਮੁਬਾਰਕ ਹੈ ਅੱਤ ਮਹਾਂ ਪਰਮੇਸ਼ੁਰ ਜਿਸ ਨੇ ਤੇਰੇ ਵੈਰੀਆਂ ਨੂੰ ਤੇਰੇ ਵੱਸ ਵਿੱਚ ਕਰ ਦਿੱਤਾ ਹੈ ਤਾਂ ਉਸ ਨੇ ਉਹ ਨੂੰ ਸਭ ਕਾਸੇ ਦਾ ਦਸਵੰਧ ਦਿੱਤਾ।
(ਇਬਰਾਨੀਆਂ 7:4-10) ਤਾਂ ਫਿਰ, ਤੁਸੀਂ ਦੇਖਦੇ ਹੋ ਕਿ ਇਹ ਆਦਮੀ ਕਿੰਨਾ ਮਹਾਨ ਸੀ ਜਿਸ ਨੂੰ ਸਾਡੇ ਪੂਰਵਜ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਵਧੀਆ ਤੋਂ ਵਧੀਆ ਚੀਜ਼ਾਂ ਦਾ ਦਸਵਾਂ ਹਿੱਸਾ ਦਿੱਤਾ ਸੀ। 5 ਇਹ ਸੱਚ ਹੈ ਕਿ ਲੇਵੀ ਦੇ ਪੁੱਤਰਾਂ ਨੂੰ, ਜਿਨ੍ਹਾਂ ਨੂੰ ਪੁਜਾਰੀ ਨਿਯੁਕਤ ਕੀਤਾ ਜਾਂਦਾ ਹੈ, ਮੂਸਾ ਦੇ ਕਾਨੂੰਨ ਅਨੁਸਾਰ ਲੋਕਾਂ ਤੋਂ ਯਾਨੀ ਆਪਣੇ ਭਰਾਵਾਂ ਤੋਂ ਦਸਵਾਂ ਹਿੱਸਾ ਲੈਣ ਦਾ ਹੁਕਮ ਦਿੱਤਾ ਗਿਆ ਹੈ, ਭਾਵੇਂ ਇਹ ਲੋਕ ਅਬਰਾਹਾਮ ਦੀ ਸੰਤਾਨ ਹਨ। 6 ਪਰ ਮਲਕਿਸਿਦਕ ਲੇਵੀ ਦੇ ਘਰਾਣੇ ਵਿੱਚੋਂ ਨਹੀਂ ਸੀ, ਫਿਰ ਵੀ ਉਸ ਨੇ ਅਬਰਾਹਾਮ ਤੋਂ, ਜਿਸ ਨਾਲ ਵਾਅਦੇ ਕੀਤੇ ਗਏ ਸਨ, ਦਸਵਾਂ ਹਿੱਸਾ ਲਿਆ ਅਤੇ ਉਸ ਨੂੰ ਅਸੀਸ ਦਿੱਤੀ। 7 ਸੋ ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਵੱਡੇ ਨੇ ਛੋਟੇ ਨੂੰ ਅਸੀਸ ਦਿੱਤੀ ਸੀ। 8 ਦਸਵਾਂ ਹਿੱਸਾ ਲੈਣ ਵਾਲੇ ਲੇਵੀ ਮਰਨਹਾਰ ਇਨਸਾਨ ਹਨ, ਪਰ ਇਸ ਆਦਮੀ ਬਾਰੇ, ਜਿਸ ਨੇ ਦਸਵਾਂ ਹਿੱਸਾ ਲਿਆ ਸੀ, ਧਰਮ-ਗ੍ਰੰਥ ਗਵਾਹੀ ਦਿੰਦਾ ਹੈ ਕਿ ਇਹ ਜੀਉਂਦਾ ਰਹਿੰਦਾ ਹੈ। 9 ਅਤੇ ਇਹ ਕਿਹਾ ਜਾ ਸਕਦਾ ਹੈ ਕਿ ਲੇਵੀ ਨੇ ਵੀ, ਜਿਸ ਨੂੰ ਦਸਵਾਂ ਹਿੱਸਾ ਮਿਲਦਾ ਸੀ, ਅਬਰਾਹਾਮ ਦੇ ਜ਼ਰੀਏ ਇਸ ਆਦਮੀ ਨੂੰ ਦਸਵਾਂ ਹਿੱਸਾ ਦਿੱਤਾ, 10 ਕਿਉਂਕਿ ਲੇਵੀ ਅਜੇ ਆਪਣੇ ਪੂਰਵਜ ਅਬਰਾਹਾਮ ਦੇ ਸਰੀਰ ਵਿਚ ਹੀ ਸੀ ਜਦੋਂ ਮਲਕਿਸਿਦਕ ਉਸ ਨੂੰ ਮਿਲਿਆ ਸੀ।
it-2 683 ਪੈਰਾ 1
ਪੁਜਾਰੀ
ਸ਼ਾਲੇਮ ਦਾ ਰਾਜਾ ਮਲਕਿਸਿਦਕ ਇਕ ਖ਼ਾਸ ਪੁਜਾਰੀ (ਕੋਹੇਨ) ਸੀ। ਬਾਈਬਲ ਉਸ ਦੇ ਪੂਰਵਜਾਂ, ਉਸ ਦੇ ਜਨਮ ਜਾਂ ਮੌਤ ਬਾਰੇ ਕੁਝ ਨਹੀਂ ਦੱਸਦੀ। ਮਲਕਿਸਿਦਕ ਨੂੰ ਪੁਜਾਰੀ ਦੀ ਪਦਵੀ ਵਿਰਾਸਤ ਵਿਚ ਨਹੀਂ ਮਿਲੀ ਸੀ ਤੇ ਉਸ ਤੋਂ ਪਹਿਲਾਂ ਜਾਂ ਬਾਅਦ ਵਿਚ ਕਿਸੇ ਨੇ ਇਸ ਪਦਵੀ ʼਤੇ ਕੰਮ ਨਹੀਂ ਕੀਤਾ। ਮਲਕਿਸਿਦਕ ਨੇ ਰਾਜੇ ਤੇ ਪੁਜਾਰੀ ਵਜੋਂ ਕੰਮ ਕੀਤਾ ਸੀ। ਮਲਕਿਸਿਦਕ ਲੇਵੀ ਗੋਤ ਦੇ ਪੁਜਾਰੀਆਂ ਨਾਲੋਂ ਬਿਹਤਰ ਪੁਜਾਰੀ ਸੀ ਕਿਉਂਕਿ ਲੇਵੀ ਨੇ ਆਪਣੇ ਜਨਮ ਤੋਂ ਪਹਿਲਾਂ ਹੀ ਮਲਕਿਸਿਦਕ ਨੂੰ ਦਸਵਾਂ ਹਿੱਸਾ ਦਿੱਤਾ। ਇਹ ਉਸ ਨੇ ਉਦੋਂ ਕੀਤਾ ਜਦੋਂ ਅਬਰਾਹਾਮ ਨੇ ਮਲਕਿਸਿਦਕ ਨੂੰ ਦਸਵਾਂ ਹਿੱਸਾ ਦਿੱਤਾ ਅਤੇ ਉਸ ਤੋਂ ਅਸੀਸ ਲਈ। (ਉਤ 14:18-20; ਇਬ 7:4-10) ਇਨ੍ਹਾਂ ਤਰੀਕਿਆਂ ਨਾਲ ਮਲਕਿਸਿਦਕ ਯਿਸੂ ਮਸੀਹ ਨੂੰ ਦਰਸਾਉਂਦਾ ਹੈ ਜੋ ‘ਮਲਕਿਸਿਦਕ ਵਾਂਗ ਪੁਜਾਰੀ ਹੈਂ ਤੇ ਹਮੇਸ਼ਾ ਪੁਜਾਰੀ ਰਹੇਗਾ।’—ਇਬ 7:17.
ਬਾਈਬਲ ਪੜ੍ਹਾਈ
(ਉਤਪਤ 12:1-20) ਤਦ ਯਹੋਵਾਹ ਨੇ ਅਬਰਾਮ ਨੂੰ ਆਖਿਆ ਤੂੰ ਆਪਣੇ ਦੇਸ ਤੋਂ ਅਰ ਆਪਣੇ ਸਾਕਾਂ ਤੋਂ ਅਰ ਆਪਣੇ ਪਿਤਾ ਦੇ ਘਰ ਤੋਂ ਉਸ ਦੇਸ ਨੂੰ ਜੋ ਮੈਂ ਤੈਨੂੰ ਵਿਖਾਵਾਂਗਾ ਨਿੱਕਲ ਤੁਰ। 2 ਅਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਅਰ ਮੈਂ ਤੈਨੂੰ ਅਸੀਸ ਦਿਆਂਗਾ ਅਰ ਮੈਂ ਤੇਰਾ ਨਾਉਂ ਵੱਡਾ ਕਰਾਂਗਾ ਅਰ ਤੂੰ ਬਰਕਤ ਦਾ ਕਾਰਨ ਹੋ। 3 ਜੋ ਤੈਨੂੰ ਅਸੀਸ ਦਿੰਦੇ ਹਨ ਮੈਂ ਉਨ੍ਹਾਂ ਨੂੰ ਅਸੀਸ ਦਿਆਂਗਾ ਅਤੇ ਜੋ ਤੈਨੂੰ ਤੁੱਛ ਜਾਣਦਾ ਹੈ ਮੈਂ ਉਹ ਨੂੰ ਸਰਾਪ ਦਿਆਂਗਾ ਅਤੇ ਤੇਰੇ ਕਾਰਨ ਸਰਿਸ਼ਟੀ ਦੇ ਸਾਰੇ ਘਰਾਣੇ ਮੁਬਾਰਕ ਹੋਣਗੇ। 4 ਸੋ ਅਬਰਾਮ ਜਿਵੇਂ ਯਹੋਵਾਹ ਉਹ ਨੂੰ ਬੋਲਿਆ ਸੀ ਚੱਲਿਆ ਅਤੇ ਲੂਤ ਵੀ ਉਹ ਦੇ ਨਾਲ ਚੱਲਿਆ। ਅਬਰਾਮ ਦੀ ਉਮਰ ਪਝੱਤਰਾਂ ਵਰਿਹਾਂ ਦੀ ਸੀ ਜਦ ਉਹ ਹਾਰਾਨ ਤੋਂ ਨਿੱਕਲਿਆ। 5 ਤਾਂ ਅਬਰਾਮ ਸਾਰਈ ਆਪਣੀ ਪਤਨੀ ਨੂੰ ਅਰ ਲੂਤ ਆਪਣੇ ਭਤੀਜੇ ਨੂੰ ਅਰ ਉਨ੍ਹਾਂ ਦੇ ਸਭ ਧਨ ਨੂੰ ਜੋ ਉਨ੍ਹਾਂ ਨੇ ਇਕੱਠਾ ਕੀਤਾ ਅਰ ਉਨ੍ਹਾਂ ਜੀਵਾਂ ਨੂੰ ਜਿਨ੍ਹਾਂ ਨੂੰ ਉਨ੍ਹਾਂ ਨੇ ਹਾਰਾਨ ਵਿੱਚ ਪਰਾਪਤ ਕੀਤਾ ਸੀ ਲੈਕੇ ਕਨਾਨ ਦੇਸ ਨੂੰ ਜਾਣ ਲਈ ਨਿੱਕਲ ਤੁਰਿਆ ਅਤੇ ਓਹ ਕਨਾਨ ਦੇਸ ਵਿੱਚ ਆਏ। 6 ਅਤੇ ਅਬਰਾਮ ਦੇਸ ਦੇ ਵਿੱਚੋਂ ਦੀ ਸ਼ਕਮ ਦੀ ਥਾਂ ਤਾਈਂ ਅਰਥਾਤ ਮੋਰਹ ਦੇ ਬਲੂਤ ਤਾਈਂ ਲੰਘਿਆ ਅਤੇ ਕਨਾਨੀ ਅਜੇ ਉਸ ਦੇਸ ਵਿੱਚ ਹੈ ਸਨ। 7 ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦੇਕੇ ਆਖਿਆ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦਿਆਂਗਾ ਅਤੇ ਉਸ ਨੇ ਉੱਥੇ ਇੱਕ ਜਗਵੇਦੀ ਯਹੋਵਾਹ ਲਈ ਜਿਸ ਨੇ ਉਹ ਨੂੰ ਦਰਸ਼ਨ ਦਿੱਤਾ ਸੀ ਬਣਾਈ। 8 ਤਦ ਉੱਥੋਂ ਉਹ ਨੇ ਇੱਕ ਪਹਾੜ ਨੂੰ ਜੋ ਬੈਤ-ਏਲ ਤੋਂ ਪੂਰਬ ਵੱਲ ਹੈ ਜਾ ਕੇ ਆਪਣਾ ਤੰਬੂ ਲਾਇਆ। ਜਿੱਥੋਂ ਬੈਤ-ਏਲ ਲਹਿੰਦੇ ਪਾਸੇ ਅਰ ਅਈ ਚੜ੍ਹਦੇ ਪਾਸੇ ਸੀ ਉੱਥੇ ਉਸ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਰ ਯਹੋਵਾਹ ਦਾ ਨਾਮ ਲਿਆ। 9 ਤਾਂ ਅਬਰਾਮ ਸਫਰ ਕਰਦਾ ਕਰਦਾ ਦੱਖਣ ਵੱਲ ਤੁਰਿਆ ਗਿਆ। 10 ਫੇਰ ਉਸ ਦੇਸ ਵਿੱਚ ਕਾਲ ਪੈ ਗਿਆ ਅਤੇ ਅਬਰਾਮ ਵਾਸ ਕਰਨ ਲਈ ਮਿਸਰ ਨੂੰ ਗਿਆ ਕਿਉਂਕਿ ਕਾਲ ਧਰਤੀ ਉੱਤੇ ਭਾਰੀ ਸੀ। 11 ਐਉਂ ਹੋਇਆ ਜਦ ਉਹ ਮਿਸਰ ਵਿੱਚ ਵੜਨ ਲਈ ਨੇੜੇ ਆਇਆ ਤਾਂ ਉਸ ਨੇ ਸਾਰਈ ਆਪਣੀ ਪਤਨੀ ਨੂੰ ਆਖਿਆ ਹੁਣ ਵੇਖ ਮੈਂ ਜਾਣਦਾ ਹਾਂ ਕਿ ਤੂੰ ਰੂਪਵੰਤੀ ਇਸਤਰੀ ਹੈਂ। 12 ਸੋ ਐਉਂ ਹੋਊਗਾ ਜਦ ਮਿਸਰੀ ਤੈਨੂੰ ਵੇਖਣਗੇ ਤਦ ਓਹ ਕਹਿਣਗੇ ਕਿ ਇਹ ਉਸ ਦੀ ਤੀਵੀਂ ਹੈ ਅਤੇ ਓਹ ਮੈਨੂੰ ਮਾਰ ਸੁੱਟਣਗੇ ਪਰ ਤੈਨੂੰ ਜੀਉਂਦੀ ਰੱਖ ਲੈਣਗੇ। 13 ਤੂੰ ਆਖੀਂ ਕਿ ਮੈਂ ਉਹ ਦੀ ਭੈਣ ਹਾਂ ਤਾਂ ਜੋ ਤੇਰੇ ਕਾਰਨ ਮੇਰਾ ਭਲਾ ਹੋਵੇ ਅਤੇ ਮੇਰੀ ਜਾਨ ਤੇਰੇ ਕਾਰਨ ਬਚ ਰਹੇ। 14 ਤਾਂ ਐਉਂ ਹੋਇਆ ਜਦ ਅਬਰਾਮ ਮਿਸਰ ਵਿੱਚ ਆਇਆ ਤਾਂ ਮਿਸਰੀਆਂ ਨੇ ਉਹ ਦੀ ਪਤਨੀ ਨੂੰ ਵੇਖਿਆ ਕਿ ਉਹ ਬਹੁਤ ਸੋਹਣੀ ਹੈ। 15 ਅਤੇ ਫ਼ਿਰਾਊਨ ਦੇ ਸਰਦਾਰਾਂ ਨੇ ਉਹ ਨੂੰ ਵੇਖਕੇ ਫ਼ਿਰਾਊਨ ਦੇ ਅੱਗੇ ਉਹ ਦੀ ਵਡਿਆਈ ਕੀਤੀ ਤਾਂ ਉਹ ਤੀਵੀਂ ਫ਼ਿਰਾਊਨ ਦੇ ਘਰ ਵਿੱਚ ਪਹੁੰਚਾਈ ਗਈ। 16 ਅਤੇ ਉਸ ਨੇ ਅਬਰਾਮ ਨਾਲ ਉਹ ਦੇ ਕਾਰਨ ਭਲਿਆਈ ਕੀਤੀ ਸੋ ਉਹ ਦੇ ਕੋਲ ਇੱਜੜ ਅਰ ਗਾਈਆਂ ਬਲਦ ਅਰ ਗਧੇ ਅਰ ਗੋਲੇ ਗੋਲੀਆਂ ਅਰ ਗਧੀਆਂ ਅਰ ਉੱਠ ਹੋ ਗਏ। 17 ਪਰ ਯਹੋਵਾਹ ਨੇ ਫ਼ਿਰਾਊਨ ਅਰ ਉਹ ਦੇ ਘਰਾਣੇ ਉੱਤੇ ਸਾਰਈ ਅਬਰਾਮ ਦੀ ਪਤਨੀ ਦੇ ਕਾਰਨ ਵੱਡੀਆਂ ਬਵਾਂ ਪਾਈਆਂ। 18 ਤਾਂ ਫ਼ਿਰਾਊਨ ਨੇ ਅਬਰਾਮ ਨੂੰ ਬੁਲਵਾਕੇ ਆਖਿਆ, ਤੈਂ ਮੇਰੇ ਨਾਲ ਇਹ ਕੀ ਕੀਤਾ? ਤੈਂ ਮੈਨੂੰ ਕਿਉਂ ਨਹੀਂ ਦੱਸਿਆ ਕਿ ਇਹ ਤੇਰੀ ਤੀਵੀਂ ਹੈ? 19 ਤੈਂ ਮੈਨੂੰ ਕਿਉਂ ਆਖਿਆ ਕਿ ਇਹ ਮੇਰੀ ਭੈਣ ਹੈ? ਤਦ ਹੀ ਮੈਂ ਇਹ ਨੂੰ ਲਿਆ ਕਿ ਆਪਣੀ ਤੀਵੀਂ ਬਣਾਵਾਂ। ਹੁਣ ਵੇਖ ਆਪਣੀ ਤੀਵੀਂ ਨੂੰ ਲੈ ਅਰ ਜਾਹ। 20 ਤਦ ਫ਼ਿਰਾਊਨ ਨੇ ਆਪਣੇ ਆਦਮੀਆਂ ਨੂੰ ਉਸ ਵਿਖੇ ਹੁਕਮ ਦਿੱਤਾ ਸੋ ਉਨ੍ਹਾਂ ਨੇ ਉਸ ਨੂੰ ਅਰ ਉਸ ਦੀ ਪਤਨੀ ਨੂੰ ਅਰ ਉਸ ਦਾ ਸਭ ਕੁਝ ਉੱਥੋਂ ਤੋਰ ਦਿੱਤਾ।
ਪ੍ਰਚਾਰ ਵਿਚ ਮਾਹਰ ਬਣੋ
ਪਰਮੇਸ਼ੁਰ ਤੋਂ ਡਰਨ ਵਾਲੀ ਔਰਤ ਅਤੇ ਇਕ ਅਨਮੋਲ ਪਤਨੀ
ਸਾਰਾਹ ਦਾ ਵਿਆਹ ਇਕ ਅਜਿਹੇ ਆਦਮੀ ਨਾਲ ਹੋਇਆ ਸੀ ਜਿਸ ਵਿਚ ਮਾਅਰਕੇ ਦੀ ਨਿਹਚਾ ਸੀ। ਪਰ ਪਰਮੇਸ਼ੁਰ ਤੋਂ ਡਰਨ ਵਾਲੀ ਇਸ ਔਰਤ ਨੇ ਆਪ ਦੂਜਿਆਂ ਲਈ ਇਕ ਵਧੀਆ ਮਿਸਾਲ ਰੱਖੀ। ਦਰਅਸਲ, ਬਾਈਬਲ ਵਿਚ ਤਿੰਨ ਵਾਰ ਉਸ ਦਾ ਜ਼ਿਕਰ ਕੀਤਾ ਗਿਆ ਜਿਸ ਦੀ ਮਿਸਾਲ ʼਤੇ ਪਰਮੇਸ਼ੁਰ ਤੋਂ ਡਰਨ ਵਾਲੀਆਂ ਔਰਤਾਂ ਨੂੰ ਚੱਲਣਾ ਚਾਹੀਦਾ ਹੈ। (ਯਸਾਯਾਹ 51:1, 2; ਇਬਰਾਨੀਆਂ 11:11; 1 ਪਤਰਸ 3:3-6) ਚਾਹੇ ਆਇਤਾਂ ਵਿਚ ਇਸ ਔਰਤ ਬਾਰੇ ਬਹੁਤ ਥੋੜ੍ਹਾ ਦੱਸਿਆ ਗਿਆ ਹੈ, ਪਰ ਸਾਨੂੰ ਉਸ ਦੀ ਸੋਹਣੀ ਝਲਕ ਮਿਲਦੀ ਹੈ।
ਮਿਸਾਲ ਲਈ, ਜ਼ਰਾ ਸੋਚੋ ਕਿ ਸਾਰਾਹ ਨੇ ਕੀ ਕਿਹਾ ਹੋਣਾ ਜਦੋਂ ਅਬਰਾਹਾਮ ਨੇ ਉਸ ਨੂੰ ਦੱਸਿਆ ਹੋਣਾ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਊਰ ਸ਼ਹਿਰ ਤੋਂ ਜਾਣ ਲਈ ਕਿਹਾ ਸੀ। ਕੀ ਉਸ ਨੇ ਸੋਚਿਆ ਹੋਣਾ ਕਿ ਉਹ ਕਿੱਥੇ ਜਾ ਰਹੇ ਸਨ ਅਤੇ ਕਿਉਂ? ਕੀ ਉਸ ਨੇ ਆਪਣੀਆਂ ਭੌਤਿਕ ਲੋੜਾਂ ਦੀ ਫ਼ਿਕਰ ਕੀਤੀ ਹੋਣੀ? ਕੀ ਉਹ ਇਹ ਸੋਚ ਕੇ ਦੁਖੀ ਹੋਈ ਹੋਣੀ ਕਿ ਉਸ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਨੂੰ ਛੱਡ ਕੇ ਜਾਣਾ ਪੈਣਾ ਅਤੇ ਇਹ ਵੀ ਨਹੀਂ ਪਤਾ ਕਿ ਉਹ ਉਨ੍ਹਾਂ ਨੂੰ ਕਦੇ ਦੁਬਾਰਾ ਮਿਲੇਗੀ ਵੀ ਕਿ ਨਹੀਂ? ਬਿਨਾਂ ਸ਼ੱਕ, ਉਸ ਦੇ ਮਨ ਵਿਚ ਇਹ ਸਾਰੀਆਂ ਗੱਲਾਂ ਆਈਆਂ ਹੋਣੀਆਂ। ਪਰ ਫਿਰ ਵੀ ਉਹ ਖ਼ੁਸ਼ੀ-ਖ਼ੁਸ਼ੀ ਉੱਥੋਂ ਜਾਣ ਲਈ ਤਿਆਰ ਸੀ ਕਿਉਂਕਿ ਉਸ ਨੂੰ ਯਹੋਵਾਹ ʼਤੇ ਭਰੋਸਾ ਸੀ ਕਿ ਪਰਮੇਸ਼ੁਰ ਉਸ ਨੂੰ ਆਗਿਆਕਾਰੀ ਦਾ ਇਨਾਮ ਦੇਵੇਗਾ।—ਰਸੂਲਾਂ ਦੇ ਕੰਮ 7:2, 3.
ਪਰਮੇਸ਼ੁਰ ਦੀ ਆਗਿਆਕਾਰ ਸੇਵਕ ਹੋਣ ਦੇ ਨਾਲ-ਨਾਲ ਉਹ ਇਕ ਵਧੀਆ ਪਤਨੀ ਵੀ ਸੀ। ਪਰਿਵਾਰਕ ਮਾਮਲਿਆਂ ਸੰਬੰਧੀ ਆਪਣੇ ਪਤੀ ਨਾਲ ਮੁਕਾਬਲਾ ਕਰਨ ਦੀ ਬਜਾਇ ਸਾਰਾਹ ਨੇ ਆਪਣੇ ਦਿਲ ਵਿਚ ਆਪਣੇ ਪਤੀ ਲਈ ਇੱਜ਼ਤ ਪੈਦਾ ਕੀਤੀ ਅਤੇ ਉਸ ਨੇ ਆਪਣੇ ਪਤੀ ਦਾ ਸਾਥ ਦਿੱਤਾ ਜਦੋਂ ਉਹ ਆਪਣੇ ਪਰਿਵਾਰ ਦੀ ਅਗਵਾਈ ਕਰਦਾ ਸੀ। ਇਸ ਤਰ੍ਹਾਂ ਕਰ ਕੇ ਉਸ ਨੇ ਆਪਣੇ ਆਪ ਨੂੰ ਚੰਗੇ ਗੁਣਾਂ ਨਾਲ ਅੰਦਰੋਂ ਸ਼ਿੰਗਾਰਿਆ ਜਿਸ ਕਰਕੇ ਉਹ ਵਧੀਆ ਪਤਨੀ ਸਾਬਤ ਹੋਈ।—1 ਪਤਰਸ 3:1-6.
ਕੀ ਇਸ ਤਰ੍ਹਾਂ ਦੇ ਗੁਣਾਂ ਤੋਂ ਅੱਜ ਪਤਨੀਆਂ ਨੂੰ ਫ਼ਾਇਦਾ ਹੁੰਦਾ ਹੈ? ਜਿਲ, ਜਿਸ ਦੇ ਵਿਆਹ ਨੂੰ 30 ਤੋਂ ਜ਼ਿਆਦਾ ਸਾਲ ਹੋ ਗਏ ਹਨ, ਦੱਸਦੀ ਹੈ: “ਸਾਰਾਹ ਦੀ ਮਿਸਾਲ ਤੋਂ ਮੈਂ ਸਿੱਖਿਆ ਕਿ ਮੈਨੂੰ ਆਪਣੇ ਪਤੀ ਨੂੰ ਦਿਲ ਖੋਲ੍ਹ ਕੇ ਆਪਣੇ ਵਿਚਾਰ ਦੱਸਣੇ ਚਾਹੀਦੇ ਹਨ। ਪਰ ਪਰਿਵਾਰ ਦੇ ਮੁਖੀ ਵਜੋਂ ਆਖ਼ਰੀ ਫ਼ੈਸਲਾ ਕਰਨ ਦੀ ਜ਼ਿੰਮੇਵਾਰੀ ਮੇਰੇ ਪਤੀ ਦੀ ਹੈ। ਇਕ ਵਾਰ ਜਦੋਂ ਉਸ ਨੇ ਫ਼ੈਸਲਾ ਕਰ ਲਿਆ, ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਸ ਫ਼ੈਸਲੇ ਮੁਤਾਬਕ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂ।”
ਅਸੀਂ ਸਾਰਾਹ ਤੋਂ ਸਭ ਤੋਂ ਵਧੀਆ ਸਬਕ ਇਹ ਸਿੱਖਦੇ ਹਾਂ: ਭਾਵੇਂ ਕਿ ਉਹ ਬਹੁਤ ਸੋਹਣੀ ਸੀ, ਪਰ ਇਸ ਕਰਕੇ ਉਸ ਨੇ ਆਪਣੇ ਵਿਚ ਘਮੰਡ ਪੈਦਾ ਨਹੀਂ ਹੋਣ ਦਿੱਤਾ। (ਉਤਪਤ 12:10-13) ਇਸ ਦੀ ਬਜਾਇ, ਉਸ ਨੇ ਜ਼ਿੰਦਗੀ ਵਿਚ ਆਏ ਹਰ ਉਤਾਰ-ਚੜ੍ਹਾਅ ਵਿਚ ਨਿਮਰਤਾ ਨਾਲ ਅਬਰਾਹਾਮ ਦਾ ਸਾਥ ਦਿੱਤਾ। ਬਿਨਾਂ ਸ਼ੱਕ, ਅਬਰਾਹਾਮ ਤੇ ਸਾਰਾਹ ਵਫ਼ਾਦਾਰ, ਨਿਮਰ ਅਤੇ ਪਿਆਰ ਕਰਨ ਵਾਲਾ ਅਜਿਹਾ ਜੋੜਾ ਸੀ ਜਿਹੜੇ ਇਕ-ਦੂਜੇ ਲਈ ਬਰਕਤਾਂ ਦਾ ਕਾਰਨ ਬਣੇ।
10-16 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 15-17
“ਯਹੋਵਾਹ ਨੇ ਅਬਰਾਮ ਅਤੇ ਸਾਰਈ ਦਾ ਨਾਂ ਕਿਉਂ ਬਦਲਿਆ?”
(ਉਤਪਤ 17:1) ਜਦ ਅਬਰਾਮ ਨੜਿੰਨਵੇਂ ਵਰਿਹਾਂ ਦਾ ਹੋਇਆ ਤਦ ਯਹੋਵਾਹ ਨੇ ਅਬਰਾਮ ਨੂੰ ਦਰਸ਼ਨ ਦਿੱਤਾ ਅਤੇ ਉਸ ਨੂੰ ਆਖਿਆ ਮੈਂ ਸਰਬਸ਼ਕਤੀਮਾਨ ਪਰਮੇਸ਼ੁਰ ਹਾਂ। ਤੂੰ ਮੇਰੇ ਸਨਮੁਖ ਚੱਲ ਅਰ ਸੰਪੂਰਨ ਹੋ।
it-1 817
ਦੋਸ਼, ਦੋਸ਼ ਲੱਭਣਾ
ਦੂਸਰੇ ਪਾਸੇ, ਇਨਸਾਨਾਂ ਦੇ ਤਰੀਕਿਆਂ ਤੇ ਕੰਮਾਂ ਵਿਚ ਅਕਸਰ ਨੁਕਸ ਹੁੰਦਾ ਹੈ। ਗ਼ਲਤੀਆਂ ਅਤੇ ਪਾਪ ਸਾਰੇ ਇਨਸਾਨਾਂ ਨੂੰ ਆਦਮ ਤੋਂ ਵਿਰਾਸਤ ਵਿਚ ਮਿਲਿਆ ਹੈ। (ਰੋਮੀ 5:12; ਜ਼ਬੂ 51:5) ਪਰ ਯਹੋਵਾਹ, ਜਿਸ ਵਿਚ ਕੋਈ ਦੋਸ਼ ਨਹੀਂ, “ਸਾਡੀ ਸਰਿਸ਼ਟ ਨੂੰ ਜਾਣਦਾ ਹੈ, ਉਹ ਨੂੰ ਚੇਤਾ ਹੈ ਭਈ ਅਸੀਂ ਮਿੱਟੀ ਹੀ ਹਾਂ” ਅਤੇ ਉਹ ਸਾਡੇ ʼਤੇ ਤਰਸ ਖਾਂਦਾ ਹੈ। (ਜ਼ਬੂ 103:13, 14) ਉਸ ਨੇ ਵਫ਼ਾਦਾਰ ਅਤੇ ਆਗਿਆਕਾਰ ਨੂਹ ਨੂੰ “ਆਪਣੀ ਪੀੜ੍ਹੀ ਵਿਚ ਸੰਪੂਰਨ” ਕਿਹਾ। (ਉਤ 6:9) ਉਸ ਨੇ ਅਬਰਾਹਾਮ ਨੂੰ ਕਿਹਾ: “ਤੂੰ ਮੇਰੇ ਸਨਮੁਖ ਚੱਲ ਅਰ ਸੰਪੂਰਨ ਹੋ।” (ਉਤ 17:1) ਚਾਹੇ ਇਹ ਦੋਵੇਂ ਇਨਸਾਨ ਨਾਮੁਕੰਮਲ ਸਨ ਅਤੇ ਮਰ ਗਏ, ਪਰ ਯਹੋਵਾਹ, ‘ਜੋ ਦਿਲ ਨੂੰ ਦੇਖਦਾ ਹੈ,’ ਉਨ੍ਹਾਂ ਨੂੰ ਨਿਰਦੋਸ਼ ਸਮਝਦਾ ਸੀ। (1 ਸਮੂ 16:7; 2 ਰਾਜ 20:3 ਤੇ 2 ਇਤ 16:9 ਵਿਚ ਨੁਕਤਾ ਦੇਖੋ।) ਉਸ ਨੇ ਇਜ਼ਰਾਈਲੀਆਂ ਨੂੰ ਹੁਕਮ ਦਿੱਤਾ ਸੀ: “ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਸੰਪੂਰਨ ਹੋਵੋ।” (ਬਿਵ 18:13; 2 ਸਮੂ 22:24) ਉਸ ਨੇ ਆਪਣੇ ਨਿਰਦੋਸ਼ ਪੁੱਤਰ (ਇਬ 7:26) ਨੂੰ ਰਿਹਾਈ ਦੀ ਕੀਮਤ ਵਜੋਂ ਦੇ ਦਿੱਤਾ ਅਤੇ ਇਸ ਦੇ ਆਧਾਰ ʼਤੇ ਉਹ ਉਨ੍ਹਾਂ ਨੂੰ “ਧਰਮੀ” ਜਾਂ ਨਿਰਦੋਸ਼ ਕਹਿ ਸਕਦਾ ਹੈ ਜੋ ਉਸ ʼਤੇ ਨਿਹਚਾ ਕਰਦੇ ਹਨ ਤੇ ਉਸ ਦੇ ਆਗਿਆਕਾਰ ਰਹਿੰਦੇ ਹਨ। ਇਸ ਤਰ੍ਹਾਂ ਉਹ ਧਰਮੀ ਤੇ ਨਿਰਦੋਸ਼ ਨਿਆਂਕਾਰ ਵੀ ਬਣਿਆ ਰਹਿੰਦਾ ਹੈ।—ਰੋਮੀ 3:25, 26.
(ਉਤਪਤ 17:3-5) ਤਾਂ ਅਬਰਾਮ ਆਪਣੇ ਮੂੰਹ ਦੇ ਭਾਰ ਡਿੱਗਿਆ ਅਰ ਪਰਮੇਸ਼ੁਰ ਨੇ ਉਹ ਦੇ ਨਾਲ ਇਹ ਗੱਲ ਕੀਤੀ। 4 ਭਈ ਵੇਖ ਮੇਰਾ ਨੇਮ ਤੇਰੇ ਨਾਲ ਹੈ ਅਤੇ ਤੂੰ ਬਹੁਤੀਆਂ ਕੌਮਾਂ ਦਾ ਪਿਤਾ ਹੋਵੇਂਗਾ। 5 ਉਪਰੰਤ ਤੇਰਾ ਨਾਉਂ ਫੇਰ ਅਬਰਾਮ ਨਹੀਂ ਸੱਦਿਆ ਜਾਵੇਗਾ ਪਰ ਤੇਰਾ ਨਾਉਂ ਅਬਰਾਹਾਮ ਹੋਵੇਗਾ ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ।
it-1 31 ਪੈਰਾ 1
ਅਬਰਾਹਾਮ
ਬਹੁਤ ਸਮਾਂ ਲੰਘ ਗਿਆ। ਉਨ੍ਹਾਂ ਨੂੰ ਕਨਾਨ ਦੇਸ਼ ਵਿਚ ਆਏ ਦਸ ਸਾਲ ਹੋ ਗਏ ਸਨ, ਪਰ ਸਾਰਾਹ ਅਜੇ ਵੀ ਬਾਂਝ ਸੀ। ਇਸ ਲਈ ਉਸ ਨੇ ਆਪਣੀ ਮਿਸਰੀ ਨੌਕਰਾਣੀ ਹਾਜਰਾ ਨੂੰ ਆਪਣੀ ਜਗ੍ਹਾ ਪੇਸ਼ ਕੀਤਾ ਤਾਂਕਿ ਉਹ ਉਸ ਰਾਹੀਂ ਬੱਚਾ ਪ੍ਰਾਪਤ ਕਰ ਸਕੇ। ਅਬਰਾਹਾਮ ਵੀ ਮੰਨ ਗਿਆ। ਇਸ ਤਰ੍ਹਾਂ 1932 ਈ. ਪੂ. ਵਿਚ ਜਦੋਂ ਅਬਰਾਹਾਮ 86 ਸਾਲਾਂ ਦਾ ਸੀ, ਉਦੋਂ ਇਸਮਾਏਲ ਦਾ ਜਨਮ ਹੋਇਆ। (ਉਤ 16:3, 15, 16) ਹੋਰ ਸਮਾਂ ਬੀਤ ਗਿਆ। ਜਦੋਂ ਅਬਰਾਹਾਮ 99 ਸਾਲਾਂ ਦਾ ਸੀ, ਉਦੋਂ 1919 ਈ. ਪੂ. ਵਿਚ ਯਹੋਵਾਹ ਅਤੇ ਅਬਰਾਹਾਮ ਵਿਚ ਖ਼ਾਸ ਇਕਰਾਰ ਦੀ ਨਿਸ਼ਾਨੀ ਵਜੋਂ ਪਰਮੇਸ਼ੁਰ ਨੇ ਹੁਕਮ ਦਿੱਤਾ ਕਿ ਅਬਰਾਹਾਮ ਦੇ ਘਰ ਦੇ ਸਾਰੇ ਆਦਮੀਆਂ ਦੀ ਸੁੰਨਤ ਕੀਤੀ ਜਾਵੇ। ਉਸੇ ਸਮੇਂ ʼਤੇ ਯਹੋਵਾਹ ਨੇ ਉਸ ਦਾ ਨਾਂ ਅਬਰਾਮ ਤੋਂ ਬਦਲ ਕੇ ਅਬਰਾਹਾਮ ਰੱਖਿਆ “ਕਿਉਂਕਿ ਮੈਂ ਤੈਨੂੰ ਬਹੁਤੀਆਂ ਕੌਮਾਂ ਦਾ ਪਿਤਾ ਠਹਿਰਾ ਦਿੱਤਾ ਹੈ।” (ਉਤ 17:5, 9-27; ਰੋਮੀ 4:11) ਇਸ ਤੋਂ ਜਲਦੀ ਬਾਅਦ, ਅਬਰਾਹਾਮ ਨੇ ਤਿੰਨ ਦੂਤਾਂ ਨੂੰ ਯਹੋਵਾਹ ਦੇ ਨਾਂ ʼਤੇ ਪਰਾਹੁਣਚਾਰੀ ਦਿਖਾਈ ਸੀ ਅਤੇ ਉਨ੍ਹਾਂ ਨੇ ਦੱਸਿਆ ਕੀਤਾ ਕਿ ਸਾਰਾਹ ਅਗਲੇ ਸਾਲ ਵਿਚ ਹੀ ਗਰਭਵਤੀ ਹੋਵੇਗੀ ਅਤੇ ਇਕ ਪੁੱਤਰ ਨੂੰ ਜਨਮ ਦੇਵੇਗੀ!—ਉਤ 18:1-15.
(ਉਤਪਤ 17:15, 16) ਫੇਰ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ, ਸਾਰਈ ਜੋ ਤੇਰੀ ਪਤਨੀ ਹੈ ਤੂੰ ਉਹ ਦਾ ਨਾਉਂ ਸਾਰਈ ਨਾ ਆਖੀਂ ਸਗੋਂ ਉਹ ਦਾ ਨਾਉਂ ਸਾਰਾਹ ਹੋਵੇਗਾ। 16 ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਮੈਂ ਤੈਨੂੰ ਉਸ ਤੋਂ ਇੱਕ ਪੁੱਤ੍ਰ ਵੀ ਦਿਆਂਗਾ। ਮੈਂ ਉਹ ਨੂੰ ਅਸੀਸ ਦਿਆਂਗਾ ਅਤੇ ਉਹ ਕੌਮਾਂ ਦੀ ਮਾਤਾ ਹੋਵੇਗੀ ਅਤੇ ਉੱਮਤਾਂ ਦੇ ਰਾਜੇ ਉਸ ਤੋਂ ਹੋਣਗੇ।
ਨਾਂ ਦੀ ਕੀ ਅਹਿਮੀਅਤ ਹੈ?
ਪਰਮੇਸ਼ੁਰ ਨੇ ਆਪ ਵੀ ਭਵਿੱਖ ਵਿਚ ਹੋਣ ਵਾਲੀਆਂ ਗੱਲਾਂ ਨੂੰ ਦਰਸਾਉਣ ਲਈ ਕੁਝ ਇਨਸਾਨਾਂ ਦੇ ਨਾਂ ਬਦਲੇ ਸਨ। ਮਿਸਾਲ ਲਈ, ਉਸ ਨੇ ਅਬਰਾਮ ਦਾ ਨਾਂ, ਜਿਸ ਦਾ ਮਤਲਬ ਹੈ “ਪਿਤਾ ਮਹਾਨ ਹੈ,” ਬਦਲ ਕੇ ਅਬਰਾਹਾਮ ਰੱਖਿਆ ਜਿਸ ਦਾ ਮਤਲਬ ਹੈ, “ਬਹੁਤਿਆਂ ਦਾ ਪਿਤਾ।” ਇਸ ਨਾਂ ʼਤੇ ਪੂਰਾ ਉੱਤਰਦੇ ਹੋਏ ਅਬਰਾਹਾਮ ਬਹੁਤੀਆਂ ਕੌਮਾਂ ਦਾ ਪਿਤਾ ਬਣਿਆ। (ਉਤਪਤ 17:5, 6) ਨਾਲੇ ਅਬਰਾਹਾਮ ਦੀ ਪਤਨੀ ਸਾਰਈ ਦੇ ਨਾਂ ਦਾ ਮਤਲਬ ਸੀ “ਝਗੜਾਲੂ।” ਉਹ ਕਿੰਨੀ ਖ਼ੁਸ਼ ਹੋਈ ਹੋਣੀ ਜਦੋਂ ਪਰਮੇਸ਼ੁਰ ਨੇ ਉਸ ਦਾ ਨਾਂ ਬਦਲ ਕੇ “ਸਾਰਾਹ” ਰੱਖਿਆ ਜਿਸ ਦਾ ਮਤਲਬ ਹੈ “ਰਾਜਕੁਮਾਰੀ,” ਕਿਉਂਕਿ ਉਸ ਨੇ ਬਾਅਦ ਵਿਚ ਰਾਜਿਆਂ ਦੀ ਪੂਰਵਜ ਬਣਨਾ ਸੀ।—ਉਤਪਤ 17:15, 16.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 15:13, 14) ਉਸ ਨੇ ਅਬਰਾਮ ਨੰ ਆਖਿਆ, ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗ਼ੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ। 14 ਅਤੇ ਉਸ ਕੌਮ ਦਾ ਵੀ ਜਿਹ ਦੀ ਉਹ ਗ਼ੁਲਾਮੀ ਕਰਨਗੇ ਮੈਂ ਨਿਆਉਂ ਕਰਾਂਗਾ ਅਤੇ ਇਹਦੇ ਮਗਰੋਂ ਓਹ ਵੱਡੇ ਮਾਲ ਧਨ ਨਾਲ ਨਿੱਕਲ ਆਉਣਗੇ।
it-1 460-461
ਵੰਸ਼ਾਵਲੀ
ਯਹੋਵਾਹ ਨੇ ਅਬਰਾਮ (ਅਬਰਾਹਾਮ) ਨੂੰ ਕਿਹਾ: “ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗ਼ੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ।” (ਉਤ 15:13; ਰਸੂ. 7:6, 7 ਵੀ ਦੇਖੋ।) ਇਹ ਸ਼ਬਦ ਇਸਹਾਕ ਦੇ ਜਨਮ ਤੋਂ ਪਹਿਲਾਂ ਕਹੇ ਗਏ ਸਨ ਜੋ ਕਿ ਵਾਅਦਾ ਕੀਤਾ ਹੋਇਆ ਵਾਰਸ ਜਾਂ “ਅੰਸ” ਸੀ। ਇਸਮਾਏਲ ਦਾ ਜਨਮ 1932 ਈ. ਪੂ. ਵਿਚ ਮਿਸਰੀ ਨੌਕਰਾਣੀ ਹਾਜਰਾ ਰਾਹੀਂ ਹੋਇਆ ਸੀ ਅਤੇ ਇਸਹਾਕ ਦਾ ਜਨਮ 1918 ਈ. ਪੂ. ਵਿਚ ਹੋਇਆ ਸੀ। (ਉਤ 16:16; 21:5) ਜਦੋਂ ਇਜ਼ਰਾਈਲੀਆਂ ਨੇ ਮਿਸਰ ਛੱਡਿਆ ਸੀ, ਉਦੋਂ ਉਨ੍ਹਾਂ ਦੇ ‘ਦੁਖ’ (ਉਤ. 15:14) ਝੱਲਣ ਦਾ ਸਮਾਂ ਪੂਰਾ ਹੋ ਗਿਆ ਸੀ। ਜੇ ਅਸੀਂ ਇਜ਼ਰਾਈਲੀਆਂ ਦੇ ਮਿਸਰ ਛੱਡਣ ਤੋਂ 400 ਸਾਲ ਪਿੱਛੇ ਗਿਣੀਏ, ਤਾਂ ਅਸੀਂ ਸਾਲ 1913 ਈ. ਪੂ ਤਕ ਪਹੁੰਚਦੇ ਹਾਂ ਅਤੇ ਉਸ ਸਮੇਂ ਇਸਹਾਕ ਤਕਰੀਬਨ ਪੰਜ ਸਾਲਾਂ ਦਾ ਸੀ। ਲੱਗਦਾ ਹੈ ਕਿ ਉਦੋਂ ਇਸਹਾਕ ਦਾ ਦੁੱਧ ਛੁਡਾਇਆ ਗਿਆ ਸੀ ਅਤੇ ਉਹ ਇਕ ਅਜਿਹੇ ਦੇਸ਼ ਵਿਚ “ਪਰਦੇਸੀ” ਸੀ ਜਿਹੜਾ ਉਸ ਦਾ ਨਹੀਂ ਸੀ। ਉਸ ਨੇ ਹੁਣ ਇਸਮਾਏਲ ਦੀ “ਹਿੜ ਹਿੜ” ਕਰਕੇ ਉਹ ਦੁੱਖ ਦਾ ਸਾਮ੍ਹਣਾ ਕੀਤਾ ਜਿਸ ਬਾਰੇ ਪਹਿਲਾਂ ਭਵਿੱਖਬਾਣੀ ਕੀਤੀ ਗਈ ਸੀ। ਉਸ ਵੇਲੇ ਇਸਮਾਏਲ 19 ਸਾਲਾਂ ਦਾ ਸੀ। (ਉਤ 21:8, 9) ਭਾਵੇਂ ਕਿ ਅੱਜ ਇਸਮਾਏਲ ਵੱਲੋਂ ਉਡਾਏ ਗਏ ਮਖੌਲ ਨੂੰ ਸ਼ਾਇਦ ਅਣਗੌਲਿਆਂ ਕਰ ਦਿੱਤਾ ਜਾਵੇ, ਪਰ ਪੁਰਾਣੇ ਸਮਿਆਂ ਵਿਚ ਇਸ ਤਰ੍ਹਾਂ ਨਹੀਂ ਹੁੰਦਾ ਸੀ। ਇਸ ਦਾ ਸਬੂਤ ਸਾਨੂੰ ਸਾਰਾਹ ਦੇ ਰਵੱਈਏ ਅਤੇ ਹਾਜਰਾ ਤੇ ਉਸ ਦੇ ਪੁੱਤਰ ਇਸਮਾਏਲ ਨੂੰ ਦੂਰ ਭੇਜਣ ਲਈ ਪਰਮੇਸ਼ੁਰ ਦੀ ਮਨਜ਼ੂਰੀ ਤੋਂ ਦੇਖ ਸਕਦੇ ਹਾਂ। (ਉਤ 21:10-13) ਬਾਈਬਲ ਵਿਚ ਦਰਜ ਇਸ ਘਟਨਾ ਦੀ ਪੂਰੀ ਜਾਣਕਾਰੀ ਹੋਣ ਨਾਲ ਭਵਿੱਖਬਾਣੀ ਮੁਤਾਬਕ ਦੁੱਖ ਦੇ 400 ਸਾਲਾਂ ਦੀ ਸ਼ੁਰੂਆਤ ਬਾਰੇ ਵੀ ਪਤਾ ਲੱਗਦਾ ਹੈ ਜੋ ਕਿ ਇਜ਼ਰਾਈਲੀਆਂ ਦੇ ਮਿਸਰ ਛੱਡਣ ʼਤੇ ਪੂਰੇ ਹੋਣੇ ਸਨ।—ਗਲਾ 4:29.
(ਉਤਪਤ 15:16) ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਐੱਧਰ ਫੇਰ ਮੁੜਣਗੇ ਕਿਉਂਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ।
it-1 778 ਪੈਰਾ 4
ਕੂਚ
“ਚੌਥੀ ਪੀੜ੍ਹੀ ਵਿਚ।” ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਨੇ ਅਬਰਾਹਾਮ ਨੂੰ ਦੱਸਿਆ ਸੀ ਕਿ ਚੌਥੀ ਪੀੜ੍ਹੀ ਵਿਚ ਉਸ ਦੀ ਸੰਤਾਨ ਕਨਾਨ ਦੇਸ਼ ਨੂੰ ਵਾਪਸ ਜਾਏਗੀ। (ਉਤ 15:16) ਅਬਰਾਹਾਮ ਨਾਲ ਕੀਤੇ ਇਕਰਾਰ ਦੇ ਲਾਗੂ ਹੋਣ ਤੋਂ ਲੈ ਕੇ ਇਜ਼ਰਾਈਲੀਆਂ ਦੇ ਮਿਸਰ ਛੱਡਣ ਤਕ ਪੂਰੇ 430 ਸਾਲਾਂ ਦੌਰਾਨ ਚਾਰ ਤੋਂ ਵੀ ਵੱਧ ਪੀੜ੍ਹੀਆਂ ਸਨ, ਚਾਹੇ ਉਸ ਸਮੇਂ ਦੌਰਾਨ ਉਹ ਕਾਫ਼ੀ ਸਮੇਂ ਤਕ ਜੀਉਂਦੇ ਰਹਿੰਦੇ ਸਨ। ਪਰ ਇਜ਼ਰਾਈਲੀ ਸਿਰਫ਼ 215 ਸਾਲਾਂ ਲਈ ਮਿਸਰ ਵਿਚ ਸਨ। ਮਿਸਰ ਵਿਚ ਜਾਣ ਤੋਂ ਬਾਅਦ ‘ਚਾਰ ਪੀੜ੍ਹੀਆਂ’ ਨੂੰ ਇਜ਼ਰਾਈਲੀਆਂ ਦੇ ਇਕ ਗੋਤ ਦੀ ਮਿਸਾਲ ਵਰਤ ਕੇ ਗਿਣਿਆ ਜਾ ਸਕਦਾ ਹੈ, ਲੇਵੀ ਦਾ ਗੋਤ: (1) ਲੇਵੀ, (2) ਕਹਾਥ, (3) ਅਮਰਾਮ ਅਤੇ (4) ਮੂਸਾ।—ਕੂਚ 6:16, 18, 20.
ਬਾਈਬਲ ਪੜ੍ਹਾਈ
(ਉਤਪਤ 15:1-21) ਇਨ੍ਹਾਂ ਗੱਲਾਂ ਦੇ ਮਗਰੋਂ ਯਹੋਵਾਹ ਦਾ ਬਚਨ ਅਬਰਾਮ ਕੋਲ ਦਰਸ਼ਨ ਵਿੱਚ ਆਇਆ ਕਿ ਨਾ ਡਰ ਅਬਰਾਮ ਮੈਂ ਤੇਰੇ ਲਈ ਢਾਲ ਹਾਂ ਅਤੇ ਤੇਰਾ ਅੱਤ ਵੱਡਾ ਅਜਰ ਹਾਂ। 2 ਉਪਰੰਤ ਅਬਰਾਮ ਨੇ ਆਖਿਆ ਹੇ ਯਹੋਵਾਹ ਪ੍ਰਭੁ ਤੂੰ ਮੈਨੂੰ ਕੀ ਦੇਵੇਂਗਾ? ਕਿਉਂਜੋ ਮੈਂ ਔਤ ਜਾਂਦਾ ਹਾਂ ਅਰ ਮੇਰੇ ਘਰ ਦਾ ਵਾਰਿਸ ਇਹ ਦਮਿਸ਼ਕੀ ਅਲੀਅਜ਼ਰ ਹੈ। 3 ਨਾਲੇ ਅਬਰਾਮ ਨੇ ਆਖਿਆ ਵੇਖ ਤੈਂ ਮੈਨੂੰ ਕੋਈ ਅੰਸ ਨਾ ਦਿੱਤੀ ਅਰ ਵੇਖ ਮੇਰਾ ਘਰਜੰਮ ਮੇਰਾ ਵਾਰਿਸ ਹੋਵੇਗਾ। 4 ਤਾਂ ਵੇਖੋ ਯਹੋਵਾਹ ਦਾ ਬਚਨ ਉਹ ਦੇ ਕੋਲ ਆਇਆ ਕਿ ਇਹ ਤੇਰਾ ਵਾਰਿਸ ਨਾ ਹੋਵੇਗਾ ਪਰ ਉਹ ਜੋ ਤੇਰੇ ਤੁਖ਼ਮ ਵਿੱਚੋਂ ਨਿੱਕਲੇਗਾ ਤੇਰਾ ਵਾਰਿਸ ਹੋਵੇਗਾ। 5 ਤਾਂ ਉਹ ਉਸ ਨੂੰ ਬਾਹਰ ਲੈ ਗਿਆ ਅਰ ਆਖਿਆ ਅਕਾਸ਼ ਵੱਲ ਨਿਗਾਹ ਮਾਰ ਅਤੇ ਤਾਰੇ ਗਿਣ ਜੇ ਤੂੰ ਉਨ੍ਹਾਂ ਨੂੰ ਗਿਣ ਸੱਕੇਂ, ਫੇਰ ਉਸ ਨੇ ਉਹ ਨੂੰ ਆਖਿਆ ਐਂਨੀ ਹੀ ਤੇਰੀ ਅੰਸ ਹੋਵੇਗੀ। 6 ਉਸ ਨੇ ਯਹੋਵਾਹ ਦੀ ਪਰਤੀਤ ਕੀਤੀ ਅਤੇ ਉਸ ਨੇ ਉਹ ਦੇ ਲਈ ਏਸ ਗੱਲ ਨੂੰ ਧਰਮ ਗਿਣਿਆ। 7 ਅਤੇ ਉਸ ਨੇ ਉਹ ਨੂੰ ਆਖਿਆ, ਮੈਂ ਯਹੋਵਾਹ ਹਾਂ ਜੋ ਤੈਨੂੰ ਕਸਦੀਆਂ ਦੇ ਊਰ ਤੋਂ ਕੱਢ ਲੈ ਆਇਆ ਹਾਂ ਤਾਂਜੋ ਮੈਂ ਤੈਨੂੰ ਇਹ ਧਰਤੀ ਤੇਰੀ ਮਿਲਖ ਹੋਣ ਲਈ ਦਿਆਂ। 8 ਤਾਂ ਉਸ ਨੇ ਆਖਿਆ, ਹੇ ਪ੍ਰਭੁ ਯਹੋਵਾਹ ਮੈਂ ਕਿਸ ਤਰਾਂ ਜਾਣਾਂ ਕਿ ਮੈਂ ਉਹ ਨੂੰ ਮਿਲਖ ਵਿੱਚ ਲਵਾਂਗਾ? 9 ਤਾਂ ਉਸ ਨੇ ਉਹ ਨੂੰ ਆਖਿਆ, ਮੇਰੇ ਲਈ ਇੱਕ ਤਿੰਨਾਂ ਵਰਿਹਾਂ ਦੀ ਵਹਿੜ ਅਰ ਇੱਕ ਤਿੰਨਾਂ ਵਰਿਹਾਂ ਦੀ ਬੱਕਰੀ ਅਰ ਇੱਕ ਤਿੰਨਾਂ ਵਰਿਹਾਂ ਦਾ ਛੱਤ੍ਰਾ ਅਰ ਇੱਕ ਘੁੱਗੀ ਅਰ ਇੱਕ ਕਬੂਤਰ ਦਾ ਬੱਚਾ ਲੈ। 10 ਤਾਂ ਉਹ ਉਸ ਦੇ ਲਈ ਏਹ ਸਭ ਲੈ ਆਇਆ ਅਤੇ ਉਨ੍ਹਾਂ ਦੇ ਦੋ ਦੋ ਟੋਟੇ ਕੀਤੇ ਅਤੇ ਉਸ ਨੇ ਇੱਕ ਟੋਟੇ ਨੂੰ ਦੂਜੇ ਦੇ ਸਾਹਮਣੇ ਰੱਖਿਆ ਪਰ ਪੰਛੀਆਂ ਦੇ ਟੋਟੇ ਨਾ ਕੀਤੇ। 11 ਜਦ ਸ਼ਿਕਾਰੀ ਪੰਖੇਰੂ ਉਨ੍ਹਾਂ ਲੋਥਾਂ ਉੱਤੇ ਉਤਰੇ ਤਦ ਅਬਰਾਮ ਨੇ ਉਨ੍ਹਾਂ ਨੂੰ ਹਟਾਇਆ। 12 ਜਾਂ ਸੂਰਜ ਡੁੱਬਣ ਲੱਗਾ ਤਾਂ ਗੂੜੀ ਨੀਂਦਰ ਅਬਰਾਮ ਉੱਤੇ ਆ ਪਈ ਅਤੇ ਵੇਖੋ ਇੱਕ ਵੱਡਾ ਡਰਾਉਣਾ ਅਨ੍ਹੇਰਾ ਉਹ ਦੇ ਉੱਤੇ ਛਾ ਗਿਆ। 13 ਉਸ ਨੇ ਅਬਰਾਮ ਨੰ ਆਖਿਆ, ਤੂੰ ਸੱਚ ਜਾਣ ਭਈ ਤੇਰੀ ਅੰਸ ਇੱਕ ਦੇਸ ਵਿੱਚ ਜਿਹੜਾ ਉਨ੍ਹਾਂ ਦਾ ਨਹੀਂ ਹੈ ਪਰਦੇਸੀ ਹੋਊਗੀ ਅਤੇ ਉਨ੍ਹਾਂ ਦੀ ਗ਼ੁਲਾਮੀ ਕਰੇਗੀ ਅਰ ਓਹ ਉਨ੍ਹਾਂ ਨੂੰ ਚਾਰ ਸੌ ਵਰਿਹਾਂ ਤੀਕ ਦੁਖ ਦੇਣਗੇ। 14 ਅਤੇ ਉਸ ਕੌਮ ਦਾ ਵੀ ਜਿਹ ਦੀ ਉਹ ਗ਼ੁਲਾਮੀ ਕਰਨਗੇ ਮੈਂ ਨਿਆਉਂ ਕਰਾਂਗਾ ਅਤੇ ਇਹਦੇ ਮਗਰੋਂ ਓਹ ਵੱਡੇ ਮਾਲ ਧਨ ਨਾਲ ਨਿੱਕਲ ਆਉਣਗੇ। 15 ਪਰ ਤੂੰ ਆਪਣੇ ਪਿਉ ਦਾਦਿਆਂ ਕੋਲ ਸ਼ਾਂਤੀ ਨਾਲ ਜਾਵੇਂਗਾ 16 ਤੂੰ ਚੰਗੇ ਬਿਰਧਪੁਣੇ ਵਿੱਚ ਦਫ਼ਨਾਇਆ ਜਾਵੇਂਗਾ ਅਤੇ ਚੌਥੀ ਪੀੜ੍ਹੀ ਵਿੱਚ ਓਹ ਐੱਧਰ ਫੇਰ ਮੁੜਣਗੇ ਕਿਉਂਜੋ ਅਮੋਰੀਆਂ ਦੀ ਬੁਰਿਆਈ ਅਜੇ ਪੂਰੀ ਨਹੀਂ ਹੋਈ। 17 ਐਉਂ ਹੋਇਆ ਕਿ ਸੂਰਜ ਆਥਣਿਆ ਅਤੇ ਅਨ੍ਹੇਰਾ ਹੋ ਗਿਆ ਤਾਂ ਵੇਖੋ ਇੱਕ ਧੂੰਏਂ ਵਾਲਾ ਤੰਦੂਰ ਅਰ ਬਲਦੀ ਮਸਾਲ ਇਨ੍ਹਾਂ ਟੋਟਿਆਂ ਵਿੱਚੋਂ ਦੀ ਲੰਘ ਗਈ। 18 ਉਸ ਦਿਨ ਯਹੋਵਾਹ ਨੇ ਇੱਕ ਨੇਮ ਅਬਰਾਮ ਨਾਲ ਬੰਨ੍ਹਿਆ ਕਿ ਤੇਰੀ ਅੰਸ ਨੂੰ ਮੈਂ ਇਹ ਧਰਤੀ ਦੇ ਦਿੱਤੀ ਹੈ ਅਰਥਾਤ ਮਿਸਰ ਦੇ ਦਰਿਆ ਤੋਂ ਲੈਕੇ ਵੱਡੇ ਦਰਿਆ ਫਰਾਤ ਤੀਕ। 19 ਅਤੇ ਕੇਨੀ ਅਰ ਕਨਿੱਜ਼ੀ ਅਰ ਕਦਮੋਨੀ। 20 ਅਰ ਹਿੱਤੀ ਅਰ ਪਰਿੱਜ਼ੀ ਅਰ ਰਫਾਈਮ। 21 ਅਰ ਅਮੋਰੀ ਅਰ ਕਨਾਨੀ ਅਰ ਗਿਰਗਾਸ਼ੀ ਅਰ ਯਬੂਸੀ ਏਹ ਵੀ ਦੇ ਦਿੱਤੇ।
17-23 ਫਰਵਰੀ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 18-19
“‘ਸਾਰੀ ਧਰਤੀ ਦੇ ਨਿਆਈ’ ਨੇ ਸਦੂਮ ਅਤੇ ਗਮੋਰਾ ਦਾ ਨਾਸ਼ ਕੀਤਾ”
(ਉਤਪਤ 18:23-25) ਤਾਂ ਅਬਰਾਹਾਮ ਨੇ ਨੇੜੇ ਹੋਕੇ ਆਖਿਆ, ਕੀ ਤੂੰ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ? 24 ਸ਼ਾਇਤ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ। ਕੀ ਤੂੰ ਜ਼ਰੂਰ ਉਸ ਥਾਂ ਨੂੰ ਮਿਟਾ ਦੇਵੇਂਗਾ ਅਰ ਉਹ ਨੂੰ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ ਛੱਡ ਨਾ ਦੇਵੇਂਗਾ? 25 ਐਉਂ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਤਾਂ ਧਰਮੀ ਕੁਧਰਮੀ ਦੇ ਤੁੱਲ ਹੋ ਜਾਵੇਗਾ। ਇਹ ਤੈਥੋਂ ਦੂਰ ਹੋਵੇ।
“ਸਾਰੀ ਧਰਤੀ ਦਾ ਨਿਆਈ” ਹਮੇਸ਼ਾ ਨਿਆਂ ਕਰਦਾ ਹੈ
“ਕੀ ਸਾਰੀ ਧਰਤੀ ਦਾ ਨਿਆਈ ਨਿਆਉਂ ਨਾ ਕਰੇਗਾ?” (ਉਤ. 18:26) ਵਫ਼ਾਦਾਰ ਅਬਰਾਹਾਮ ਨੇ ਇਹ ਸਵਾਲ ਇਸ ਲਈ ਨਹੀਂ ਪੁੱਛਿਆ ਕਿਉਂਕਿ ਉਸ ਨੂੰ ਪਰਮੇਸ਼ੁਰ ʼਤੇ ਸ਼ੱਕ ਸੀ। ਉਸ ਦੇ ਸਵਾਲ ਤੋਂ ਪਤਾ ਲੱਗਦਾ ਹੈ ਕਿ ਉਸ ਨੂੰ ਪੂਰਾ ਭਰੋਸਾ ਸੀ ਕਿ ਯਹੋਵਾਹ ਸਦੂਮ ਅਤੇ ਗਮੋਰਾ ਦਾ ਨਿਆਂ ਕਰੇਗਾ। ਉਸ ਨੂੰ ਪੂਰਾ ਵਿਸ਼ਵਾਸ ਸੀ ਕਿ ਯਹੋਵਾਹ “ਧਰਮੀ ਨੂੰ ਕੁਧਰਮੀ ਨਾਲ” ਕਦੀ ਨਹੀਂ ਮਾਰੇਗਾ। ਅਬਰਾਹਾਮ ਜਾਣਦਾ ਸੀ ਕਿ ਪਰਮੇਸ਼ੁਰ ਲਈ ਅਨਿਆਂ ਕਰਨਾ ਬਹੁਤ “ਦੂਰ” ਦੀ ਗੱਲ ਸੀ। ਕੁਝ 400 ਸਾਲਾਂ ਬਾਅਦ, ਯਹੋਵਾਹ ਨੇ ਆਪਣੇ ਬਾਰੇ ਕਿਹਾ ਸੀ: “ਉਹ ਚਟਾਨ ਹੈ, ਉਸ ਦੀ ਕਰਨੀ ਪੂਰੀ ਹੈ, ਕਿਉਂ ਜੋ ਉਸ ਦੇ ਸਾਰੇ ਮਾਰਗ ਨਿਆਉਂ ਦੇ ਹਨ। ਉਹ ਸਚਿਆਈ ਦਾ ਪਰਮੇਸ਼ੁਰ ਹੈ, ਉਸ ਵਿੱਚ ਬੁਰਿਆਈ ਹੈ ਨਹੀਂ, ਉਹ ਧਰਮੀ ਅਤੇ ਸਚਿਆਰ ਹੈ।”—ਬਿਵ. 31:19; 32:4.
(ਉਤਪਤ 18:32) ਫੇਰ ਉਸ ਨੇ ਆਖਿਆ, ਪ੍ਰਭੁ ਕਰੋਧਵਾਨ ਨਾ ਹੋਵੇ ਤਾਂ ਮੈਂ ਇੱਕੋਈ ਵਾਰ ਫੇਰ ਗੱਲ ਕਰਾਂਗਾ। ਸ਼ਾਇਤ ਉੱਥੇ ਦਸ ਲੱਭਣ। ਤਾਂ ਉਸ ਨੇ ਆਖਿਆ, ਮੈਂ ਉਨ੍ਹਾਂ ਦਸਾਂ ਦੇ ਕਾਰਨ ਨਸ਼ਟ ਨਹੀਂ ਕਰਾਂਗਾ।
ਧੀਰਜ—ਉਮੀਦ ਕਰਕੇ ਸਹਿਣਾ
ਬਿਨਾਂ ਸ਼ੱਕ, ਯਹੋਵਾਹ ਧੀਰਜ ਦੀ ਸਭ ਤੋਂ ਵਧੀਆ ਮਿਸਾਲ ਹੈ। (2 ਪਤ. 3:15) ਬਾਈਬਲ ਵਿਚ ਅਸੀਂ ਅਕਸਰ ਯਹੋਵਾਹ ਦੇ ਧੀਰਜ ਬਾਰੇ ਪੜ੍ਹਦੇ ਹਾਂ। (ਨਹ. 9:30; ਯਸਾ. 30:18) ਮਿਸਾਲ ਲਈ, ਯਹੋਵਾਹ ਨੇ ਉਦੋਂ ਕੀ ਕੀਤਾ ਜਦੋਂ ਅਬਰਾਹਾਮ ਨੇ ਸਦੂਮ ਨੂੰ ਨਾਸ਼ ਕਰਨ ਬਾਰੇ ਸਵਾਲ ਪੁੱਛੇ? ਯਹੋਵਾਹ ਨੇ ਅਬਰਾਹਾਮ ਨੂੰ ਵਿੱਚੇ ਹੀ ਨਹੀਂ ਟੋਕਿਆ। ਇਸ ਦੀ ਬਜਾਇ, ਯਹੋਵਾਹ ਨੇ ਧੀਰਜ ਨਾਲ ਅਬਰਾਹਾਮ ਦੇ ਸਵਾਲਾਂ ਅਤੇ ਚਿੰਤਾਵਾਂ ਨੂੰ ਧਿਆਨ ਨਾਲ ਸੁਣਿਆ। ਫਿਰ ਯਹੋਵਾਹ ਨੇ ਅਬਰਾਹਾਮ ਦੀਆਂ ਚਿੰਤਾਵਾਂ ਨੂੰ ਦੁਹਰਾਇਆ ਤੇ ਉਸ ਨੂੰ ਭਰੋਸਾ ਦਿਵਾਇਆ ਕਿ ਉਹ ਸਦੂਮ ਦਾ ਨਾਸ਼ ਨਹੀਂ ਕਰੇਗਾ ਜੇ ਸਦੂਮ ਵਿਚ ਸਿਰਫ਼ ਦਸ ਧਰਮੀ ਹੀ ਲੱਭਣ। (ਉਤ. 18:22-33) ਯਹੋਵਾਹ ਹਮੇਸ਼ਾ ਧੀਰਜ ਨਾਲ ਗੱਲ ਸੁਣਦਾ ਹੈ ਅਤੇ ਗੁੱਸੇ ਨਾਲ ਪੇਸ਼ ਨਹੀਂ ਆਉਂਦਾ।
(ਉਤਪਤ 19:24, 25) ਅਤੇ ਯਹੋਵਾਹ ਨੇ ਸਦੂਮ ਅਰ ਅਮੂਰਾਹ ਉੱਤੇ ਗੰਧਕ ਅਰ ਅੱਗ ਯਹੋਵਾਹ ਦੀ ਵੱਲੋਂ ਅਕਾਸ਼ ਤੋਂ ਬਰਸਾਈ। 25 ਅਤੇ ਉਸ ਨੇ ਇਨ੍ਹਾਂ ਨਗਰਾਂ ਨੂੰ ਅਰ ਸਾਰੇ ਦੂਣ ਨੂੰ ਅਰ ਨਗਰਾਂ ਦੇ ਵਸਨੀਕਾਂ ਨੂੰ ਅਰ ਜ਼ਮੀਨ ਦੀ ਅੰਗੂਰੀ ਨੂੰ ਨਸ਼ਟ ਕਰ ਸੁੱਟਿਆ।
ਯਹੋਵਾਹ ਸਾਡਾ ਅੱਤ ਮਹਾਨ ਮਹਾਰਾਜਾ ਹੈ!
12 ਸਾਨੂੰ ਪੂਰਾ ਯਕੀਨ ਹੈ ਕਿ ਯਹੋਵਾਹ ਜਲਦੀ ਹੀ ਆਪਣਾ ਹੱਕ ਜਤਾਵੇਗਾ। ਉਹ ਹਮੇਸ਼ਾ ਲਈ ਬੁਰਾਈ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਸਾਨੂੰ ਇਹ ਵੀ ਪਤਾ ਹੈ ਕਿ ਅਸੀਂ ਅੰਤ ਦੇ ਦਿਨਾਂ ਵਿਚ ਜੀ ਰਹੇ ਹਾਂ। ਜਲ-ਪਰਲੋ ਦੌਰਾਨ ਯਹੋਵਾਹ ਨੇ ਬੁਰੇ ਲੋਕਾਂ ਵਿਰੁੱਧ ਕਾਰਵਾਈ ਕੀਤੀ ਸੀ। ਉਸ ਨੇ ਸਦੂਮ ਤੇ ਅਮੂਰਾਹ ਅਤੇ ਫ਼ਿਰਊਨ ਤੇ ਉਸ ਦੀ ਫ਼ੌਜ ਦਾ ਨਾਸ਼ ਕੀਤਾ ਸੀ। ਸੀਸਰਾ ਤੇ ਉਸ ਦੀ ਸੈਨਾ ਅਤੇ ਸਨਹੇਰੀਬ ਤੇ ਉਸ ਦੀਆਂ ਅੱਸ਼ੂਰੀ ਫ਼ੌਜਾਂ ਅੱਤ ਮਹਾਨ ਦਾ ਮੁਕਾਬਲਾ ਨਹੀਂ ਕਰ ਸਕੀਆਂ। (ਉਤ. 7:1, 23; 19:24, 25; ਕੂਚ 14:30, 31; ਨਿਆ. 4:15, 16; 2 ਰਾਜ. 19:35, 36) ਇਸ ਲਈ ਅਸੀਂ ਯਕੀਨ ਕਰ ਸਕਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਹਮੇਸ਼ਾ ਲਈ ਆਪਣੇ ਨਾਂ ਦਾ ਨਿਰਾਦਰ ਅਤੇ ਆਪਣੇ ਗਵਾਹਾਂ ਨਾਲ ਹੁੰਦਾ ਬੁਰਾ ਸਲੂਕ ਬਰਦਾਸ਼ਤ ਨਹੀਂ ਕਰੇਗਾ। ਇਸ ਦੇ ਨਾਲ-ਨਾਲ ਅਸੀਂ ਇਹ ਲੱਛਣ ਦੇਖਦੇ ਹਾਂ ਕਿ ਯਿਸੂ ਰਾਜ-ਸੱਤਾ ਵਿਚ ਆ ਚੁੱਕਾ ਹੈ ਅਤੇ ਇਸ ਬੁਰੀ ਦੁਨੀਆਂ ਦਾ ਅੰਤ ਨੇੜੇ ਹੈ।—ਮੱਤੀ 24:3.
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 18:1) ਫੇਰ ਯਹੋਵਾਹ ਨੇ ਉਹ ਨੂੰ ਮਮਰੇ ਦਿਆਂ ਬਲੂਤਾਂ ਵਿੱਚ ਦਰਸ਼ਨ ਦਿੱਤਾ ਜਾਂ ਉਹ ਆਪਣੇ ਤੰਬੂ ਦੇ ਬੂਹੇ ਵਿੱਚ ਦਿਨ ਦੀ ਧੁੱਪ ਦੇ ਵੇਲੇ ਬੈਠਾ ਹੋਇਆ ਸੀ।
(ਉਤਪਤ 18:22) ਤਾਂ ਓਹ ਮਨੁੱਖ ਉੱਥੋਂ ਮੁੜਕੇ ਸਦੂਮ ਵੱਲ ਤੁਰ ਪਏ ਪਰ ਅਬਰਾਹਾਮ ਅਜੇ ਤੀਕ ਯਹੋਵਾਹ ਦੇ ਸਨਮੁਖ ਖਲੋਤਾ ਰਿਹਾ।
w88 5/15 23 ਪੈਰੇ 4-5
ਕੀ ਕਿਸੇ ਨੇ ਪਰਮੇਸ਼ੁਰ ਨੂੰ ਦੇਖਿਆ ਹੈ?
ਹੁਣ ਇਹ ਸਮਝਿਆ ਜਾ ਸਕਦਾ ਕਿ ਅਬਰਾਹਾਮ ਨੇ ਪਰਮੇਸ਼ੁਰ ਦੇ ਦੂਤ ਨਾਲ ਇਸ ਤਰ੍ਹਾਂ ਗੱਲ ਕਿਉਂ ਕੀਤੀ ਕਿ ਜਿਵੇਂ ਉਹ ਯਹੋਵਾਹ ਪਰਮੇਸ਼ੁਰ ਨਾਲ ਹੀ ਗੱਲ ਕਰ ਰਿਹਾ ਹੋਵੇ। ਇਸ ਦੂਤ ਨੇ ਬਿਲਕੁਲ ਉਹੀ ਕਿਹਾ ਜੋ ਪਰਮੇਸ਼ੁਰ ਅਬਰਾਹਾਮ ਨੂੰ ਕਹਿਣਾ ਚਾਹੁੰਦਾ ਸੀ ਅਤੇ ਉਹ ਪਰਮੇਸ਼ੁਰ ਵੱਲੋਂ ਗੱਲ ਕਰ ਰਿਹਾ ਸੀ। ਇਸੇ ਲਈ ਬਾਈਬਲ ਵਿਚ ਲਿਖਿਆ ਹੈ ਕਿ ‘ਯਹੋਵਾਹ ਨੇ ਉਹ ਨੂੰ ਦਰਸ਼ਨ ਦਿੱਤਾ।’—ਉਤ 18:1.
ਯਾਦ ਰੱਖੋ ਕਿ ਪਰਮੇਸ਼ੁਰ ਦਾ ਦੂਤ ਉਸ ਦਾ ਸੰਦੇਸ਼ ਬਿਲਕੁਲ ਉਸੇ ਤਰ੍ਹਾਂ ਪਹੁੰਚਾ ਸਕਦਾ ਸੀ ਜਿਵੇਂ ਟੈਲੀਫ਼ੋਨ ਜਾਂ ਰੇਡੀਓ ਸਾਡੇ ਸ਼ਬਦ ਦੂਸਰਿਆਂ ਤਕ ਪਹੁੰਚਾ ਸਕਦੇ। ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਅਬਰਾਹਾਮ, ਮੂਸਾ, ਮਨੋਆਹ ਅਤੇ ਹੋਰ ਦੂਸਰਿਆਂ ਨੇ ਦੂਤਾਂ ਨਾਲ ਇਸ ਤਰ੍ਹਾਂ ਗੱਲ ਕੀਤੀ ਜਿਵੇਂ ਉਹ ਪਰਮੇਸ਼ੁਰ ਨਾਲ ਗੱਲ ਕਰ ਰਹੇ ਹੋਣ। ਚਾਹੇ ਇਨ੍ਹਾਂ ਲੋਕਾਂ ਨੇ ਉਨ੍ਹਾਂ ਦੂਤਾਂ ਅਤੇ ਯਹੋਵਾਹ ਦੀ ਮਹਿਮਾ ਦੇਖੀ ਸੀ ਜੋ ਉਹ ਦੂਤ ਝਲਕਾ ਰਹੇ ਸਨ, ਪਰ ਉਨ੍ਹਾਂ ਨੇ ਪਰਮੇਸ਼ੁਰ ਨੂੰ ਨਹੀਂ ਦੇਖਿਆ ਸੀ। ਇਸ ਲਈ ਇਹ ਯੂਹੰਨਾ ਰਸੂਲ ਦੀ ਗੱਲ ਦੇ ਵਿਰੋਧ ਵਿਚ ਨਹੀਂ ਹੈ ਕਿ “ਕਿਸੇ ਵੀ ਇਨਸਾਨ ਨੇ ਪਰਮੇਸ਼ੁਰ ਨੂੰ ਕਦੀ ਨਹੀਂ ਦੇਖਿਆ।” (ਯੂਹੰ 1:18) ਇਨ੍ਹਾਂ ਆਦਮੀਆਂ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਦੇਖਿਆ ਸੀ, ਨਾ ਕਿ ਖ਼ੁਦ ਪਰਮੇਸ਼ੁਰ ਨੂੰ।
(ਉਤਪਤ 19:26) ਪਰ ਉਸ ਦੀ ਤੀਵੀਂ ਨੇ ਪਿੱਛੇ ਮੁੜਕੇ ਡਿੱਠਾ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ।
ਤਣਾਅ ਦਾ ਸਾਮ੍ਹਣਾ ਕਰਨ ਵਿਚ ਦੂਸਰਿਆਂ ਦੀ ਮਦਦ ਕਰੋ
3 ਸਦੂਮ ਦੇ ਅਨੈਤਿਕ ਲੋਕਾਂ ਵਿਚ ਰਹਿਣ ਦਾ ਲੂਤ ਦਾ ਫ਼ੈਸਲਾ ਗ਼ਲਤ ਸੀ। (2 ਪਤਰਸ 2:7, 8 ਪੜ੍ਹੋ।) ਸਦੂਮ ਬਹੁਤ ਹੀ ਅਮੀਰ ਸ਼ਹਿਰ ਸੀ, ਪਰ ਲੂਤ ਨੂੰ ਇਸ ਸ਼ਹਿਰ ਵਿਚ ਰਹਿਣ ਦੀ ਬਹੁਤ ਹੀ ਵੱਡੀ ਕੀਮਤ ਚੁਕਾਉਣੀ ਪਈ। (ਉਤ. 13:8-13; 14:12) ਲੱਗਦਾ ਹੈ ਕਿ ਉਸ ਦੀ ਪਤਨੀ ਦਾ ਉਸ ਸ਼ਹਿਰ ਜਾਂ ਉੱਥੇ ਰਹਿਣ ਵਾਲੇ ਲੋਕਾਂ ਨਾਲ ਇੰਨਾ ਜ਼ਿਆਦਾ ਲਗਾਅ ਹੋ ਗਿਆ ਕਿ ਉਸ ਨੇ ਯਹੋਵਾਹ ਦੀ ਅਣਆਗਿਆਕਾਰੀ ਕੀਤੀ। ਉਸ ਨੇ ਆਪਣੀ ਜ਼ਿੰਦਗੀ ਗੁਆ ਲਈ ਜਦੋਂ ਪਰਮੇਸ਼ੁਰ ਨੇ ਸਦੂਮ ʼਤੇ ਆਕਾਸ਼ੋਂ ਅੱਗ ਤੇ ਗੰਧਕ ਵਰਸਾਈ ਸੀ। ਨਾਲੇ ਜ਼ਰਾ ਲੂਤ ਦੀਆਂ ਦੋ ਧੀਆਂ ਬਾਰੇ ਸੋਚੋ। ਉਹ ਜਿਨ੍ਹਾਂ ਆਦਮੀਆਂ ਨਾਲ ਮੰਗੀਆਂ ਹੋਈਆਂ ਸਨ, ਉਨ੍ਹਾਂ ਨੇ ਸਦੂਮ ਸ਼ਹਿਰ ਵਿਚ ਆਪਣੀਆਂ ਜਾਨਾਂ ਗੁਆ ਲਈਆਂ। ਲੂਤ ਨੇ ਆਪਣਾ ਘਰ ਤੇ ਆਪਣੀਆਂ ਚੀਜ਼ਾਂ ਗੁਆ ਲਈਆਂ। ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਉਸ ਨੇ ਆਪਣੀ ਪਤਨੀ ਵੀ ਗੁਆ ਲਈ। (ਉਤ. 19:12-14, 17, 26) ਕੀ ਇਸ ਔਖੇ ਸਮੇਂ ਵਿਚ ਯਹੋਵਾਹ ਨੇ ਲੂਤ ਪ੍ਰਤੀ ਆਪਣਾ ਧੀਰਜ ਬਣਾਈ ਰੱਖਿਆ? ਬਿਲਕੁਲ।
ਬਾਈਬਲ ਪੜ੍ਹਾਈ
(ਉਤਪਤ 18:1-19) ਫੇਰ ਯਹੋਵਾਹ ਨੇ ਉਹ ਨੂੰ ਮਮਰੇ ਦਿਆਂ ਬਲੂਤਾਂ ਵਿੱਚ ਦਰਸ਼ਨ ਦਿੱਤਾ ਜਾਂ ਉਹ ਆਪਣੇ ਤੰਬੂ ਦੇ ਬੂਹੇ ਵਿੱਚ ਦਿਨ ਦੀ ਧੁੱਪ ਦੇ ਵੇਲੇ ਬੈਠਾ ਹੋਇਆ ਸੀ। 2 ਉਸ ਨੇ ਆਪਣੀਆਂ ਅੱਖੀਆਂ ਚੁੱਕੇ ਨਿਗਾਹ ਮਾਰੀ ਅਰ ਵੇਖੋ ਤਿੰਨ ਮਨੁੱਖ ਉਹ ਦੇ ਸਾਹਮਣੇ ਖਲੋਤੇ ਸਨ ਅਤੇ ਉਨ੍ਹਾਂ ਨੂੰ ਵੇਖਦੇ ਹੀ ਉਹ ਉਨ੍ਹਾਂ ਦੇ ਮਿਲਣ ਲਈ ਤੰਬੂ ਦੇ ਬੂਹਿਓਂ ਨੱਸਿਆ ਅਤੇ ਧਰਤੀ ਤੀਕ ਝੁਕਿਆ। 3 ਉਸ ਨੇ ਆਖਿਆ, ਹੇ ਪ੍ਰਭੁ ਜੇ ਮੇਰੇ ਉੱਤੇ ਤੇਰੀ ਕਿਰਪਾ ਦੀ ਨਿਗਾਹ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚੱਲਿਆ ਨਾ ਜਾਣਾ। 4 ਥੋਹੜਾ ਜਿਹਾ ਪਾਣੀ ਲਿਆਇਆ ਜਾਵੇ ਤਾਂਜੋ ਤੁਸੀਂ ਆਪਣੇ ਚਰਨ ਧੋਕੇ ਰੁੱਖ ਹੇਠ ਅਰਾਮ ਕਰੋ। 5 ਮੈਂ ਥੋਹੜੀ ਜਿਹੀ ਰੋਟੀ ਵੀ ਲਿਆਉਂਦਾ ਹਾਂ ਸੋ ਆਪਣੇ ਮਨਾਂ ਨੂੰ ਤਰਿਪਤ ਕਰੋ। ਫੇਰ ਤੁਸੀਂ ਅੱਗੇ ਲੰਘ ਜਾਇਓ ਕਿਉਂਕਿ ਏਸੇ ਲਈ ਤੁਸੀਂ ਆਪਣੇ ਦਾਸ ਕੋਲ ਆਏ ਹੋ। ਤਾਂ ਉਨ੍ਹਾਂ ਨੇ ਆਖਿਆ, ਓਵੇਂ ਹੀ ਕਰ ਜਿਵੇਂ ਤੂੰ ਬੋਲਿਆ। 6 ਤਦ ਅਬਰਾਹਾਮ ਨੇ ਸਾਰਾਹ ਕੋਲ ਤੰਬੂ ਵਿੱਚ ਛੇਤੀ ਜਾਕੇ ਆਖਿਆ, ਝੱਟ ਕਰ ਅਰ ਤਿੰਨ ਮਾਪ ਮੈਦਾ ਗੁੰਨ੍ਹਕੇ ਫੁਲਕੇ ਪਕਾ। 7 ਅਤੇ ਅਬਰਾਹਾਮ ਨੱਸਕੇ ਚੌਣੇ ਵਿੱਚ ਗਿਆ ਅਤੇ ਇੱਕ ਵੱਛਾ ਨਰਮ ਅਰ ਚੰਗਾ ਲੈਕੇ ਇੱਕ ਜੁਆਨ ਨੂੰ ਦਿੱਤਾ ਅਤੇ ਉਸ ਨੇ ਛੇਤੀ ਉਹ ਨੂੰ ਤਿਆਰ ਕੀਤਾ। 8 ਫੇਰ ਉਸ ਨੇ ਦਹੀ ਅਰ ਦੁੱਧ ਅਰ ਉਹ ਵੱਛਾ ਜਿਹ ਨੂੰ ਉਸ ਨੇ ਤਿਆਰ ਕਰਵਾਇਆ ਸੀ ਲੈਕੇ ਉਨ੍ਹਾਂ ਦੇ ਅੱਗੇ ਪਰੋਸ ਦਿੱਤਾ ਅਤੇ ਆਪ ਉਨ੍ਹਾਂ ਦੇ ਕੋਲ ਰੁੱਖ ਹੇਠ ਖੜਾ ਰਿਹਾ ਅਤੇ ਉਨ੍ਹਾਂ ਨੇ ਖਾਧਾ। 9 ਫੇਰ ਉਨ੍ਹਾਂ ਨੇ ਉਹ ਨੂੰ ਆਖਿਆ, ਸਾਰਾਹ ਤੇਰੀ ਪਤਨੀ ਕਿੱਥੇ ਹੈ? ਉਸ ਨੇ ਆਖਿਆ, ਵੇਖੋ ਤੰਬੂ ਵਿੱਚ ਹੈ। 10 ਤਾਂ ਓਸ ਨੇ ਆਖਿਆ, ਮੈਂ ਜ਼ਰੂਰ ਬਹਾਰ ਦੀ ਰੁੱਤੇ ਤੇਰੇ ਕੋਲ ਮੁੜ ਆਵਾਂਗਾ ਅਤੇ ਵੇਖ ਸਾਰਾਹ ਤੇਰੀ ਪਤਨੀ ਪੁੱਤ੍ਰ ਜਣੇਗੀ ਅਤੇ ਸਾਰਾਹ ਤੰਬੂ ਦੇ ਬੂਹੇ ਵਿੱਚ ਜਿਹੜਾ ਉਹ ਦੇ ਪਿੱਛੇ ਸੀ ਸੁਣ ਰਹੀ ਸੀ। 11 ਅਬਰਾਹਾਮ ਅਰ ਸਾਰਾਹ ਬੁੱਢੇ ਅਰ ਵੱਡੀ ਉਮਰ ਦੇ ਸਨ ਅਤੇ ਸਾਰਾਹ ਤੋਂ ਤੀਵੀਆਂ ਵਾਲੀ ਹਾਲਤ ਬੰਦ ਹੋ ਗਈ ਸੀ। 12 ਤਾਂ ਸਾਰਾਹ ਆਪਣੇ ਮਨ ਵਿੱਚ ਹੱਸੀ ਤੇ ਆਖਿਆ ਕਿ ਜਦੋਂ ਮੈਂ ਪੁਰਾਣੀ ਪੈ ਗਈ ਹਾਂ ਤਾਂ ਮੈਨੂੰ ਮਜ਼ਾ ਆਵੇਗਾ? ਨਾਲੇ ਮੇਰਾ ਸਵਾਮੀ ਵੀ ਬੁੱਢਾ ਹੈ। 13 ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ ਕਿ ਸਾਰਾਹ ਕਿਉਂ ਇਹ ਆਖਕੇ ਹੱਸੀ ਭਈ ਜਦ ਮੈਂ ਬੁੱਢੀ ਹੋ ਗਈ ਕੀ ਮੈਂ ਸੱਚੀ ਮੁੱਚੀ ਪੁੱਤ੍ਰ ਜਣਾਂਗੀ? ਭਲਾਂ, ਕੋਈ ਗੱਲ ਯਹੋਵਾਹ ਲਈ ਔਖੀ ਹੈ? 14 ਮਿਥੇ ਹੋਏ ਵੇਲੇ ਸਿਰ ਮੈਂ ਤੇਰੇ ਕੋਲ ਮੁੜ ਆਵਾਂਗਾ ਅਰ ਸਾਰਾਹ ਪੁੱਤ੍ਰ ਜਣੇਗੀ। 15 ਪਰ ਸਾਰਾਹ ਇਹ ਆਖਕੇ ਮੁੱਕਰ ਗਈ, ਕਿ ਮੈਂ ਨਹੀਂ ਹੱਸੀ ਕਿਉਂਜੋ ਉਹ ਡਰ ਗਈ ਪਰੰਤੂ ਉਸ ਨੇ ਆਖਿਆ, ਨਹੀਂ ਤੂੰ ਜ਼ਰੂਰ ਹੱਸੀ ਹੈਂ। 16 ਤਦ ਉਨ੍ਹਾਂ ਮਨੁੱਖਾਂ ਨੇ ਉੱਥੋਂ ਉੱਠਕੇ ਸਦੂਮ ਵੱਲ ਮੂੰਹ ਕੀਤਾ ਅਤੇ ਅਬਰਾਹਾਮ ਉਨ੍ਹਾਂ ਨੂੰ ਰਾਹੇ ਪਾਉਣ ਲਈ ਨਾਲ ਤੁਰ ਪਿਆ। 17 ਤਾਂ ਯਹੋਵਾਹ ਨੇ ਆਖਿਆ, ਮੈਂ ਅਬਰਾਹਾਮ ਤੋਂ ਉਹ ਜੋ ਮੈਂ ਕਰਨ ਨੂੰ ਹਾਂ ਕਿਉਂ ਲੁਕਾਵਾਂ? 18 ਅਬਰਾਹਾਮ ਇੱਕ ਵੱਡੀ ਅਰ ਬਲਵੰਤ ਕੌਮ ਹੋਵੇਗਾ ਅਰ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਤੋਂ ਬਰਕਤ ਪਾਉਣਗੀਆਂ। 19 ਕਿਉਂਕਿ ਮੈਂ ਉਹ ਨੂੰ ਜਾਣ ਲਿਆ ਹੈ ਤਾਂਜੋ ਉਹ ਆਪਣੇ ਪੁੱਤ੍ਰਾਂ ਨੂੰ ਅਰ ਆਪਣੇ ਘਰਾਣੇ ਨੂੰ ਆਪਣੇ ਪਿੱਛੇ ਆਗਿਆ ਦੇਵੇ ਅਤੇ ਉਹ ਧਰਮ ਅਰ ਨਿਆਉਂ ਕਰਦੇ ਹੋਏ ਯਹੋਵਾਹ ਦੇ ਰਾਹ ਦੀ ਪਾਲਨਾ ਕਰਨ ਅਤੇ ਯਹੋਵਾਹ ਅਬਰਾਹਾਮ ਲਈ ਜੋ ਕੁਝ ਉਹ ਉਸ ਦੇ ਸੰਬੰਧ ਵਿੱਚ ਬੋਲਿਆ ਹੈ ਪੂਰਾ ਕਰੇ।
24 ਫਰਵਰੀ–1 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਉਤਪਤ 20-21
“ਯਹੋਵਾਹ ਹਮੇਸ਼ਾ ਆਪਣੇ ਵਾਅਦੇ ਨਿਭਾਉਂਦਾ ਹੈ”
(ਉਤਪਤ 21:1-3) ਯਹੋਵਾਹ ਨੇ ਜਿਵੇਂ ਉਹ ਨੇ ਆਖਿਆ ਸੀ ਸਾਰਾਹ ਉੱਤੇ ਨਜ਼ਰ ਕੀਤੀ ਅਰ ਯਹੋਵਾਹ ਨੇ ਸਾਰਾਹ ਲਈ ਉਹ ਕੀਤਾ ਜੋ ਉਹ ਨੇ ਬਚਨ ਕੀਤਾ ਸੀ। 2 ਅਤੇ ਸਾਰਾਹ ਗਰਭਵੰਤੀ ਹੋਈ ਅਰ ਅਬਰਾਹਾਮ ਲਈ ਉਹ ਦੇ ਬੁਢੇਪੇ ਵਿੱਚ ਉਸੇ ਰੁਤੇ ਜੋ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ ਪੁੱਤ੍ਰ ਜਣੀ। 3 ਅਤੇ ਅਬਰਾਹਾਮ ਨੇ ਆਪਣੇ ਪੁੱਤ੍ਰ ਦਾ ਨਾਉਂ ਜੋ ਉਹ ਦੇ ਲਈ ਜੰਮਿਆ ਸੀ ਅਰਥਾਤ ਜਿਹ ਨੂੰ ਸਾਰਾਹ ਨੇ ਉਸ ਲਈ ਜਣਿਆ ਸੀ ਇਸਹਾਕ ਰੱਖਿਆ।
wp17.5 14-15
ਪਰਮੇਸ਼ੁਰ ਨੇ ਉਸ ਨੂੰ “ਰਾਜਕੁਮਾਰੀ” ਕਿਹਾ
ਕੀ ਸਾਰਾਹ ਦਾ ਹਾਸਾ ਉਸ ਦੀ ਕਮਜ਼ੋਰ ਨਿਹਚਾ ਦਾ ਸਬੂਤ ਸੀ? ਬਿਲਕੁਲ ਨਹੀਂ। ਬਾਈਬਲ ਵਿਚ ਲਿਖਿਆ ਹੈ: “ਨਿਹਚਾ ਨਾਲ ਸਾਰਾਹ ਨੇ ਗਰਭਵਤੀ ਹੋਣ ਦੀ ਸ਼ਕਤੀ ਪ੍ਰਾਪਤ ਕੀਤੀ, ਭਾਵੇਂ ਕਿ ਬੱਚੇ ਪੈਦਾ ਕਰਨ ਦੀ ਉਸ ਦੀ ਉਮਰ ਲੰਘ ਚੁੱਕੀ ਸੀ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਵਾਅਦਾ ਕਰਨ ਵਾਲਾ ਵਫ਼ਾਦਾਰ ਹੈ।” (ਇਬਰਾਨੀਆਂ 11:11) ਸਾਰਾਹ ਯਹੋਵਾਹ ਨੂੰ ਜਾਣਦੀ ਸੀ ਅਤੇ ਉਸ ਨੂੰ ਪਤਾ ਸੀ ਕਿ ਯਹੋਵਾਹ ਆਪਣਾ ਹਰ ਵਾਅਦਾ ਪੂਰਾ ਕਰ ਸਕਦਾ ਹੈ। ਸਾਡੇ ਵਿੱਚੋਂ ਕੌਣ ਇਸ ਤਰ੍ਹਾਂ ਦੀ ਨਿਹਚਾ ਨਹੀਂ ਚਾਹੁੰਦਾ? ਅਸੀਂ ਪਰਮੇਸ਼ੁਰ ਨੂੰ ਹੋਰ ਚੰਗੀ ਤਰ੍ਹਾਂ ਜਾਣ ਕੇ ਆਪਣੀ ਨਿਹਚਾ ਵਧਾ ਸਕਦੇ ਹਾਂ। ਇਸ ਤਰ੍ਹਾਂ ਕਰਦੇ ਹੋਏ ਸਾਨੂੰ ਅਹਿਸਾਸ ਹੋਵੇਗਾ ਕਿ ਸਾਰਾਹ ਲਈ ਆਪਣੀ ਨਿਹਚਾ ਰੱਖਣੀ ਸਹੀ ਸੀ। ਯਹੋਵਾਹ ਸੱਚ-ਮੁੱਚ ਵਫ਼ਾਦਾਰ ਹੈ ਅਤੇ ਆਪਣਾ ਹਰ ਇਕ ਵਾਅਦਾ ਪੂਰਾ ਕਰਦਾ ਹੈ। ਕਦੇ-ਕਦੇ ਉਹ ਸ਼ਾਇਦ ਸਾਨੂੰ ਹੈਰਾਨ ਵੀ ਕਰ ਦੇਵੇ!
“ਉਹ ਦੀ ਅਵਾਜ਼ ਸੁਣ”
90 ਸਾਲਾਂ ਦੀ ਉਮਰ ਵਿਚ ਸਾਰਾਹ ਦੀ ਜ਼ਿੰਦਗੀ ਵਿਚ ਅਖ਼ੀਰ ਉਹ ਪਲ ਆ ਹੀ ਗਿਆ ਜਿਸ ਦਾ ਉਹ ਆਪਣੀ ਜਵਾਨੀ ਵਿਚ ਇੰਤਜ਼ਾਰ ਕਰ ਰਹੀ ਸੀ। ਉਸ ਨੇ ਆਪਣੇ ਪਤੀ ਲਈ, ਜਿਸ ਦੀ ਉਮਰ ਹੁਣ 100 ਸਾਲ ਸੀ, ਇਕ ਮੁੰਡਾ ਜੰਮਿਆ। ਅਬਰਾਹਾਮ ਨੇ ਬੱਚੇ ਦਾ ਨਾਮ ਇਸਹਾਕ ਜਾਂ ‘ਹਾਸਾ’ ਰੱਖਿਆ ਜਿੱਦਾਂ ਪਰਮੇਸ਼ੁਰ ਨੇ ਕਿਹਾ ਸੀ। ਜ਼ਰਾ ਕਲਪਨਾ ਕਰੋ ਕਿ ਥੱਕੇ ਹੋਣ ਦੇ ਬਾਵਜੂਦ ਸਾਰਾਹ ਮੁਸਕਰਾਉਂਦਿਆਂ ਕਹਿੰਦੀ ਹੈ: “ਪਰਮੇਸ਼ੁਰ ਨੇ ਮੈਨੂੰ ਹਸਾਇਆ ਹੈ ਅਤੇ ਸਾਰੇ ਸੁਣਨਵਾਲੇ ਮੇਰੇ ਨਾਲ ਹੱਸਣਗੇ।” (ਉਤਪਤ 21:6) ਪਰਮੇਸ਼ੁਰ ਤੋਂ ਚਮਤਕਾਰੀ ਤਰੀਕੇ ਨਾਲ ਮਿਲੇ ਇਸ ਤੋਹਫ਼ੇ ਕਰਕੇ ਸਾਰਾਹ ਨੂੰ ਆਪਣੇ ਆਖ਼ਰੀ ਸਾਹ ਤਕ ਖ਼ੁਸ਼ੀ ਮਿਲੇਗੀ। ਪਰ ਉਸ ʼਤੇ ਕਾਫ਼ੀ ਜ਼ਿੰਮੇਵਾਰੀਆਂ ਵੀ ਆ ਜਾਣਗੀਆਂ।
ਜਦੋਂ ਇਸਹਾਕ ਪੰਜ ਸਾਲਾਂ ਦਾ ਹੋਇਆ, ਤਾਂ ਉਸ ਦੇ ਮਾਤਾ-ਪਿਤਾ ਨੇ ਉਸ ਦੇ ਦੁੱਧ ਛੁਡਾਏ ਜਾਏ ʼਤੇ ਇਕ ਦਾਅਵਤ ਰੱਖੀ। ਪਰ ਸਾਰਾ ਕੁਝ ਠੀਕ ਨਹੀਂ ਚੱਲ ਰਿਹਾ ਸੀ। ਅਸੀਂ ਪੜ੍ਹਦੇ ਹਾਂ ਕਿ ਸਾਰਾਹ ਨੇ “ਡਿੱਠਾ” ਕਿ 19 ਸਾਲਾਂ ਦਾ ਇਸਮਾਏਲ ਲਗਾਤਾਰ ਛੋਟੇ ਇਸਹਾਕ ਦਾ ਮਜ਼ਾਕ ਉਡਾ ਰਿਹਾ ਸੀ। ਇਹ ਕੋਈ ਛੋਟਾ-ਮੋਟਾ ਮਜ਼ਾਕ ਨਹੀਂ ਸੀ। ਸਦੀਆਂ ਬਾਅਦ ਪੌਲੁਸ ਰਸੂਲ ਨੇ ਪਰਮੇਸ਼ੁਰ ਦੀ ਪ੍ਰੇਰਣਾ ਅਧੀਨ ਕਿਹਾ ਕਿ ਇਸਮਾਏਲ ਦਾ ਵਰਤਾਓ ਇਕ ਜ਼ੁਲਮ ਸੀ। ਸਾਰਾਹ ਇਸਮਾਏਲ ਦੇ ਮਜ਼ਾਕ ਦਾ ਮਤਲਬ ਸਮਝ ਗਈ। ਇਸ ਤੋਂ ਉਸ ਦੇ ਮੁੰਡੇ ਨੂੰ ਖ਼ਤਰਾ ਸੀ। ਸਾਰਾਹ ਨੂੰ ਪਤਾ ਸੀ ਕਿ ਇਸਹਾਕ ਸਿਰਫ਼ ਉਸ ਦਾ ਪੁੱਤਰ ਹੀ ਨਹੀਂ ਸੀ, ਸਗੋਂ ਯਹੋਵਾਹ ਦੇ ਮਕਸਦ ਵਿਚ ਉਸ ਨੇ ਇਕ ਅਹਿਮ ਭੂਮਿਕਾ ਨਿਭਾਉਣੀ ਸੀ। ਇਸ ਲਈ ਉਸ ਨੇ ਦਲੇਰ ਹੋ ਕੇ ਅਬਰਾਹਾਮ ਨੂੰ ਸਾਰੀ ਗੱਲ ਦੱਸੀ। ਉਸ ਨੇ ਅਬਰਾਹਾਮ ਨੂੰ ਹਾਜਰਾ ਤੇ ਇਸਮਾਏਲ ਨੂੰ ਘਰੋਂ ਕੱਢਣ ਲਈ ਕਿਹਾ।—ਉਤਪਤ 21:8-10; ਗਲਾਤੀਆਂ 4:22, 23, 29.
ਸਾਰਾਹ ਦੀ ਗੱਲ ਸੁਣ ਕੇ ਅਬਰਾਹਾਮ ਨੂੰ ਕਿਵੇਂ ਲੱਗਾ? ਅਸੀਂ ਪੜ੍ਹਦੇ ਹਾਂ: “ਆਪਣੇ ਪੁੱਤ੍ਰ ਦੇ ਕਾਰਨ ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਅੱਤ ਬੁਰੀ ਸੀ।” ਉਹ ਇਸਮਾਏਲ ਨੂੰ ਪਿਆਰ ਕਰਦਾ ਸੀ ਅਤੇ ਉਸ ਦੇ ਦਿਲ ਵਿਚ ਪਿਤਾ ਦੀਆਂ ਭਾਵਨਾਵਾਂ ਆ ਗਈਆਂ ਜਿਸ ਕਰਕੇ ਉਹ ਮਾਮਲੇ ਨੂੰ ਸਹੀ ਤਰੀਕੇ ਨਾਲ ਨਹੀਂ ਦੇਖ ਪਾਇਆ। ਪਰ ਯਹੋਵਾਹ ਨੇ ਮਾਮਲੇ ਨੂੰ ਸਹੀ ਤਰੀਕੇ ਨਾਲ ਦੇਖਿਆ। ਅਸੀਂ ਪੜ੍ਹਦੇ ਹਾਂ: “ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਏਹ ਗੱਲ ਏਸ ਮੁੰਡੇ ਅਤੇ ਤੇਰੀ ਗੋੱਲੀ ਦੇ ਵਿਖੇ ਤੇਰੀ ਨਿਗਾਹ ਵਿੱਚ ਬੁਰੀ ਨਾ ਲੱਗੇ। ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਅਵਾਜ਼ ਸੁਣ ਕਿਉਂਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ।” ਯਹੋਵਾਹ ਨੇ ਅਬਰਾਹਾਮ ਨੂੰ ਭਰੋਸਾ ਦਿਵਾਇਆ ਕਿ ਉਹ ਹਾਜਰਾ ਤੇ ਇਸਮਾਏਲ ਦਾ ਖ਼ਿਆਲ ਰੱਖੇਗਾ। ਵਫ਼ਾਦਾਰ ਅਬਰਾਹਾਮ ਨੇ ਪਰਮੇਸ਼ੁਰ ਦੀ ਗੱਲ ਮੰਨੀ।—ਉਤਪਤ 21:11-14.
(ਉਤਪਤ 21:5-7) ਅਬਰਾਹਾਮ ਸੌ ਵਰਿਹਾਂ ਦਾ ਸੀ ਜਾਂ ਉਹ ਦਾ ਪੁੱਤ੍ਰ ਇਸਹਾਕ ਉਹ ਦੇ ਲਈ ਜੰਮਿਆ। 6 ਉਪਰੰਤ ਸਾਰਾਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਹਸਾਇਆ ਹੈ ਅਤੇ ਸਾਰੇ ਸੁਣਨਵਾਲੇ ਮੇਰੇ ਨਾਲ ਹੱਸਣਗੇ। 7 ਉਸ ਨੇ ਆਖਿਆ, ਕੌਣ ਅਬਰਾਹਾਮ ਨੂੰ ਆਖਦਾ ਭਈ ਸਾਰਾਹ ਪੁੱਤ੍ਰਾਂ ਨੂੰ ਦੁੱਧ ਚੁੰਘਾਏਗੀ? ਕਿਉਂਕਿ ਮੈਂ ਉਹ ਦੇ ਬੁਢੇਪੇ ਲਈ ਪੁੱਤ੍ਰ ਜਣੀ।
(ਉਤਪਤ 21:10-12) ਏਸ ਲਈ ਉਹ ਨੇ ਅਬਰਾਹਾਮ ਨੂੰ ਆਖਿਆ ਭਈ ਏਸ ਗੋੱਲੀ ਅਰ ਇਹ ਦੇ ਪੁੱਤ੍ਰ ਨੂੰ ਕੱਢ ਛੱਡ ਕਿਉਂਜੋ ਏਸ ਗੋੱਲੀ ਦਾ ਪੁੱਤ੍ਰ ਮੇਰੇ ਪੁੱਤ੍ਰ ਇਸਹਾਕ ਦੇ ਨਾਲ ਵਾਰਸ ਨਹੀਂ ਹੋਵੇਗਾ। 11 ਪਰ ਆਪਣੇ ਪੁੱਤ੍ਰ ਦੇ ਕਾਰਨ ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਅੱਤ ਬੁਰੀ ਸੀ। 12 ਤਾਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਏਹ ਗੱਲ ਏਸ ਮੁੰਡੇ ਅਤੇ ਤੇਰੀ ਗੋੱਲੀ ਦੇ ਵਿਖੇ ਤੇਰੀ ਨਿਗਾਹ ਵਿੱਚ ਬੁਰੀ ਨਾ ਲੱਗੇ। ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਅਵਾਜ਼ ਸੁਣ ਕਿਉਂਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ।
(ਉਤਪਤ 21:14) ਤਦ ਅਬਰਾਹਾਮ ਤੜਕੇ ਉੱਠਿਆ ਅਰ ਰੋਟੀ ਅਰ ਪਾਣੀ ਦੀ ਇੱਕ ਮਸ਼ਕ ਲੈਕੇ ਹਾਜਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ ਤਾਂ ਉਹ ਤੁਰ ਪਈ ਅਤੇ ਬਏਰਸਬਾ ਦੀ ਉਜਾੜ ਵਿੱਚ ਭੌਂਦੀ ਫਿਰਦੀ ਰਹੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਉਤਪਤ 20:12) ਪਰ ਉਹ ਸੱਚ ਮੁੱਚ ਮੇਰੀ ਭੈਣ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ ਫੇਰ ਉਹ ਮੇਰੀ ਪਤਨੀ ਹੋ ਗਈ।
wp17.3 12, ਫੁਟਨੋਟ।
“ਤੂੰ ਰੂਪਵੰਤੀ ਇਸਤਰੀ ਹੈਂ”
ਸਾਰਾਹ ਅਬਰਾਹਾਮ ਦੀ ਮਤਰੇਈ ਭੈਣ ਸੀ। ਉਨ੍ਹਾਂ ਦੋਵਾਂ ਦਾ ਪਿਤਾ ਤਾਰਹ ਸੀ, ਪਰ ਉਨ੍ਹਾਂ ਦੀਆਂ ਮਾਵਾਂ ਅਲੱਗ ਸਨ। (ਉਤਪਤ 20:12) ਭਾਵੇਂ ਅੱਜ ਇੱਦਾਂ ਵਿਆਹ ਕਰਾਉਣਾ ਗ਼ਲਤ ਹੈ, ਪਰ ਅਸੀਂ ਇਹ ਯਾਦ ਰੱਖ ਸਕਦੇ ਹਾਂ ਕਿ ਉਸ ਜ਼ਮਾਨੇ ਵਿਚ ਹਾਲਾਤ ਵੱਖਰੇ ਸਨ। ਉਸ ਵੇਲੇ ਇਨਸਾਨਾਂ ਦੀ ਉਮਰ ਲੰਬੀ ਹੁੰਦੀ ਸੀ ਤੇ ਉਹ ਕਾਫ਼ੀ ਹੱਟੇ-ਕੱਟੇ ਹੁੰਦੇ ਸਨ। ਭਾਵੇਂ ਉਸ ਸਮੇਂ ਇਨਸਾਨ ਮੁਕੰਮਲ ਨਹੀਂ ਸਨ, ਪਰ ਉਨ੍ਹਾਂ ਨੂੰ ਨਾਮੁਕੰਮਲ ਹੋਇਆਂ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ। ਇਸ ਲਈ ਨਜ਼ਦੀਕੀ ਰਿਸ਼ਤਿਆਂ ਵਿਚ ਵਿਆਹ ਕਰਾਉਣ ਕਰਕੇ ਬੱਚਿਆਂ ਨੂੰ ਬੀਮਾਰੀਆਂ ਲੱਗਣ ਜਾਂ ਕੋਈ ਹੋਰ ਖ਼ਤਰਾ ਨਹੀਂ ਹੁੰਦਾ ਸੀ। ਪਰ ਉਸ ਜ਼ਮਾਨੇ ਤੋਂ ਤਕਰੀਬਨ 400 ਸਾਲ ਬਾਅਦ ਲੋਕਾਂ ਦੀ ਸਿਹਤ ਤੇ ਉਮਰ ਪਹਿਲਾਂ ਵਰਗੀ ਨਾ ਰਹੀ। ਇਸ ਲਈ ਉਸ ਵੇਲੇ ਮੂਸਾ ਦੇ ਕਾਨੂੰਨ ਵਿਚ ਇਹ ਹੁਕਮ ਸੀ ਕਿ ਕੋਈ ਵੀ ਆਪਣੇ ਨਜ਼ਦੀਕੀ ਰਿਸ਼ਤੇਦਾਰ ਨਾਲ ਸਰੀਰਕ ਸੰਬੰਧ ਨਾ ਬਣਾਵੇ।—ਲੇਵੀਆਂ 18:6.
(ਉਤਪਤ 21:33) ਉਪਰੰਤ ਉਸ ਨੇ ਬਏਰਸਬਾ ਵਿੱਚ ਝਾਊ ਦਾ ਇੱਕ ਰੁੱਖ ਲਾਇਆ ਅਤੇ ਉੱਥੇ ਯਹੋਵਾਹ ਅਟੱਲ ਪਰਮੇਸ਼ੁਰ ਦਾ ਨਾਮ ਲਿਆ।
w89 7/1 20 ਪੈਰਾ 9
ਅਬਰਾਹਾਮ—ਪਰਮੇਸ਼ੁਰ ਨਾਲ ਦੋਸਤੀ ਕਰਨ ਵਾਲਿਆਂ ਲਈ ਮਿਸਾਲ
9 ਅਬਰਾਮ ਨੇ ਇਕ ਹੋਰ ਕੰਮ ਰਾਹੀਂ ਨਿਹਚਾ ਦਿਖਾਈ। ਜਿੱਦਾਂ ਬਿਰਤਾਂਤ ਦੱਸਦਾ ਹੈ: “ਉਸ ਨੇ ਉੱਥੇ ਇੱਕ ਜਗਵੇਦੀ ਯਹੋਵਾਹ ਲਈ . . . ਬਣਾਈ।” (ਉਤਪਤ 12:7) ਜ਼ਾਹਰ ਹੈ ਕਿ ਇਸ ਵਿਚ ਜਾਨਵਰ ਦੀ ਬਲ਼ੀ ਚੜ੍ਹਾਉਣੀ ਸ਼ਾਮਲ ਸੀ ਕਿਉਂਕਿ “ਜਗਵੇਦੀ” ਲਈ ਇਬਰਾਨੀ ਸ਼ਬਦ ਦਾ ਮਤਲਬ ਹੈ, “ਬਲ਼ੀ ਲਈ ਜਗ੍ਹਾ।” ਬਾਅਦ ਵਿਚ ਉਸ ਨੇ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਨਿਹਚਾ ਦੇ ਇਹ ਕੰਮ ਕੀਤੇ। ਨਾਲੇ ਉਸ ਨੇ “ਯਹੋਵਾਹ ਦਾ ਨਾਮ ਲਿਆ।” (ਉਤਪਤ 12:8; 13:18; 21:33) “ਯਹੋਵਾਹ ਦਾ ਨਾਮ ਲਿਆ” ਵਾਕ ਦਾ ਇਬਰਾਨੀ ਵਿਚ ਮਤਲਬ ਇਹ ਵੀ ਹੈ ਕਿ ਉਸ ਨੇ “ਨਾਮ ਦਾ ਐਲਾਨ (ਪ੍ਰਚਾਰ) ਕੀਤਾ।” ਅਬਰਾਮ ਦੇ ਘਰਾਣੇ ਦੇ ਨਾਲ-ਨਾਲ ਕਨਾਨੀਆਂ ਨੇ ਵੀ ਜ਼ਰੂਰ ਉਸ ਨੂੰ ਦਲੇਰੀ ਨਾਲ ਆਪਣੇ ਪਰਮੇਸ਼ੁਰ ਯਹੋਵਾਹ ਦੇ ਨਾਂ ਦਾ ਐਲਾਨ ਕਰਦਿਆਂ ਸੁਣਿਆ ਹੋਣਾ। (ਉਤਪਤ 14:22-24) ਇਸੇ ਤਰ੍ਹਾਂ ਅੱਜ ਪਰਮੇਸ਼ੁਰ ਨਾਲ ਦੋਸਤੀ ਕਰਨ ਵਾਲਿਆਂ ਨੂੰ ਨਿਹਚਾ ਨਾਲ ਉਸ ਦਾ ਨਾਂ ਲੈਣਾ ਚਾਹੀਦਾ ਹੈ। ਇਸ ਵਿਚ ਜਨਤਕ ਥਾਵਾਂ ʼਤੇ ਗਵਾਹੀ ਦੇਣੀ ਵੀ ਸ਼ਾਮਲ ਹੈ, ਜਿਸ ਰਾਹੀਂ ਅਸੀਂ ‘ਪਰਮੇਸ਼ੁਰ ਨੂੰ ਹਮੇਸ਼ਾ ਉਸਤਤ ਦਾ ਬਲੀਦਾਨ, ਯਾਨੀ ਆਪਣੇ ਬੁੱਲ੍ਹਾਂ ਦਾ ਫਲ ਚੜ੍ਹਾਉਂਦੇ ਹਾਂ। ਅਸੀਂ ਆਪਣੇ ਬੁੱਲ੍ਹਾਂ ਨਾਲ ਉਸ ਦੇ ਨਾਂ ਦਾ ਐਲਾਨ ਕਰਦੇ ਹਾਂ।’—ਇਬਰਾਨੀਆਂ 13:15; ਰੋਮੀਆਂ 10:10.
ਬਾਈਬਲ ਪੜ੍ਹਾਈ
(ਉਤਪਤ 20:1-18) ਤਾਂ ਅਬਰਾਹਾਮ ਨੇ ਉੱਥੋਂ ਦੱਖਣ ਦੇ ਦੇਸ ਵੱਲ ਕੂਚ ਕੀਤਾ ਅਤੇ ਕਾਦੇਸ ਅਰ ਸ਼ੂਰ ਦੇ ਵਿਚਕਾਰ ਟਿਕ ਕੇ ਗਰਾਰ ਵਿੱਚ ਜਾ ਵੱਸਿਆ। 2 ਅਤੇ ਅਬਰਾਹਾਮ ਨੇ ਸਾਰਾਹ ਆਪਣੀ ਪਤਨੀ ਦੇ ਵਿਖੇ ਆਖਿਆ ਭਈ ਏਹ ਮੇਰੀ ਭੈਣ ਹੈ ਸੋ ਅਬੀਮਲਕ ਗਰਾਰ ਦੇ ਰਾਜਾ ਨੇ ਆਦਮੀ ਘੱਲਕੇ ਸਾਰਾਹ ਨੂੰ ਮੰਗਵਾ ਲਿਆ। 3 ਅਤੇ ਪਰਮੇਸ਼ੁਰ ਨੇ ਅਬੀਮਲਕ ਕੋਲ ਰਾਤ ਦੇ ਸੁਫਨੇ ਵਿੱਚ ਆਕੇ ਉਹ ਨੂੰ ਆਖਿਆ, ਵੇਖ ਤੂੰ ਏਸ ਤੀਵੀਂ ਦੇ ਕਾਰਨ ਜਿਹ ਨੂੰ ਤੂੰ ਲਿਆ ਹੈ ਮਰਨ ਵਾਲਾ ਹੈਂ ਕਿਉਂਜੋ ਉਹ ਵਿਆਹੀ ਹੋਈ ਹੈ। 4 ਪਰ ਅਜੇ ਅਬੀਮਲਕ ਉਹ ਦੇ ਨੇੜੇ ਨਹੀਂ ਗਿਆ ਸੀ ਤਾਂ ਉਸ ਨੇ ਆਖਿਆ, ਹੇ ਪ੍ਰਭੁ ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਂਗਾ? 5 ਕੀ ਉਹ ਨੇ ਮੈਨੂੰ ਨਹੀਂ ਆਖਿਆ ਕਿ ਏਹ ਮੇਰੀ ਭੈਣ ਹੈ? ਅਤੇ ਕੀ ਉਸ ਨੇ ਵੀ ਆਪ ਹੀ ਨਹੀਂ ਆਖਿਆ ਕਿ ਉਹ ਮੇਰਾ ਭਰਾ ਹੈ? ਮੈਂ ਤਾਂ ਆਪਣੇ ਦਿਲ ਦੀ ਸਿਧਿਆਈ ਅਰ ਆਪਣੇ ਹੱਥਾਂ ਦੀ ਨਿਰਮਲਤਾਈ ਨਾਲ ਏਹ ਕੀਤਾ ਹੈ। 6 ਤਾਂ ਪਰਮੇਸ਼ੁਰ ਨੇ ਸੁਫਨੇ ਵਿੱਚ ਉਹ ਨੂੰ ਆਖਿਆ, ਮੈਂ ਵੀ ਜਾਣ ਲਿਆ ਹੈ ਕਿ ਤੂੰ ਆਪਣੇ ਦਿਲ ਦੀ ਸਿਧਿਆਈ ਨਾਲ ਇਹ ਕੀਤਾ ਹੈ। ਮੈਂ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਕਿਉਂਕਿ ਮੈਂ ਤੈਨੂੰ ਉਹ ਨੂੰ ਛੋਹਣ ਨਹੀਂ ਦਿੱਤਾ। 7 ਸੋ ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦਿਹ ਕਿਉਂਜੋ ਉਹ ਨਬੀ ਹੈ ਅਰ ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ ਪਰ ਜੇ ਨਾ ਮੋੜੇਂ ਤਾਂ ਜਾਣ ਲੈ ਕਿ ਤੂੰ ਅਰ ਸਾਰੇ ਜੋ ਤੇਰੇ ਹਨ ਜ਼ਰੂਰ ਮਰਨਗੇ। ਤਾਂ ਅਬੀਮਲਕ ਸਵੇਰੇ ਹੀ ਉੱਠਿਆ ਅਰ ਆਪਣੇ ਸਾਰੇ ਟਹਿਲੂਆਂ ਨੂੰ ਬੁਲਾਕੇ ਉਨ੍ਹਾਂ ਦੇ ਕੰਨਾਂ ਵਿੱਚ ਏਹ ਸਾਰੀਆਂ ਗੱਲਾਂ ਪਾਈਆਂ ਤਾਂ ਓਹ ਮਨੁੱਖ ਬਹੁਤ ਹੀ ਡਰ ਗਏ। 9 ਅਬੀਮਲਕ ਨੇ ਅਬਰਾਹਾਮ ਨੂੰ ਬੁਲਵਾਕੇ ਆਖਿਆ, ਤੈਂ ਸਾਡੇ ਨਾਲ ਏਹ ਕੀ ਕੀਤਾ? ਮੈਂ ਤੇਰਾ ਕੀ ਪਾਪ ਕੀਤਾ ਕਿ ਤੂੰ ਮੇਰੇ ਉੱਤੇ ਅਰ ਮੇਰੀ ਬਾਦਸ਼ਾਹੀ ਉੱਤੇ ਇਹ ਵੱਡਾ ਪਾਪ ਲੈ ਆਂਦਾ ਹੈਂ? ਇਹ ਕਰਤੂਤ ਜਿਹੜੀ ਤੈਨੂੰ ਨਹੀਂ ਕਰਨੀ ਚਾਹੀਦੀ ਸੀ ਤੈਂ ਮੇਰੇ ਨਾਲ ਕੀਤੀ। 10 ਤਾਂ ਅਬੀਮਲਕ ਨੇ ਅਬਰਾਹਾਮ ਨੂੰ ਆਖਿਆ ਤੈਂ ਕੀ ਵੇਖਿਆ ਭਈ ਤੈਂ ਇਹ ਗੱਲ ਕੀਤੀ? 11 ਤਾਂ ਅਬਰਾਹਾਮ ਨੇ ਆਖਿਆ ਏਸ ਲਈ ਕਿ ਮੈਂ ਆਖਿਆ ਭਈ ਪਰਮੇਸ਼ੁਰ ਦਾ ਡਰ ੲਸ ਥਾਂ ਜ਼ਰੂਰ ਨਹੀਂ ਹੈ ਅਰ ਓਹ ਮੇਰੀ ਪਤਨੀ ਦੀ ਖ਼ਾਤਰ ਮੈਨੂੰ ਮਾਰ ਸੁੱਟਣਗੇ। 12 ਪਰ ਉਹ ਸੱਚ ਮੁੱਚ ਮੇਰੀ ਭੈਣ ਹੈ। ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ ਫੇਰ ਉਹ ਮੇਰੀ ਪਤਨੀ ਹੋ ਗਈ। 13 ਐਉਂ ਹੋਇਆ ਕਿ ਜਦ ਪਰਮੇਸ਼ੁਰ ਨੇ ਮੇਰੇ ਪਿਤਾ ਦੇ ਘਰ ਤੋਂ ਮੈਨੂੰ ਐਧਰ ਔਧਰ ਘੁਮਾਇਆ ਤਾਂ ਮੈਂ ਏਹ ਨੂੰ ਆਖਿਆ ਭਈ ਏਹ ਤੇਰੀ ਦਯਾ ਹੋਵੇਗੀ ਜੋ ਤੂੰ ਮੇਰੇ ਉੱਤੇ ਕਰੇਂ। ਹਰ ਥਾਂ ਜਿੱਥੇ ਅਸੀਂ ਜਾਈਏ ਤੂੰ ਮੇਰੇ ਵਿਖੇ ਆਖੀਂ ਕਿ ਇਹ ਮੇਰਾ ਭਰਾ ਹੈ। 14 ਉਪਰੰਤ ਅਬੀਮਲਕ ਨੇ ਇੱਜੜ ਅਰ ਪਸੂ ਅਰ ਗੋੱਲੇ ਗੋੱਲੀਆਂ ਲੈਕੇ ਅਬਰਾਹਾਮ ਨੂੰ ਦਿੱਤੇ ਅਰ ਉਹ ਨੂੰ ਸਾਰਾਹ ਉਹ ਦੀ ਪਤਨੀ ਵੀ ਮੋੜ ਦਿੱਤੀ। 15 ਨਾਲੇ ਅਬੀਮਲਕ ਨੇ ਆਖਿਆ, ਵੇਖ ਮੇਰਾ ਦੇਸ ਤੇਰੇ ਅੱਗੇ ਹੈ। ਜਿੱਥੇ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਉੱਥੇ ਵੱਸ। 16 ਅਤੇ ਸਾਰਾਹ ਨੂੰ ਉਸ ਨੇ ਆਖਿਆ, ਵੇਖ ਮੈਂ ਤੇਰੇ ਭਰਾ ਨੂੰ ਇੱਕ ਹਜ਼ਾਰ ਚਾਂਦੀ ਦੇ ਟਕੇ ਦਿੱਤੇ। ਵੇਖ ਓਹ ਤੇਰੇ ਲਈ ਅਰ ਸਾਰਿਆਂ ਲਈ ਜੋ ਤੇਰੇ ਸੰਗ ਹਨ ਅੱਖੀਆਂ ਦਾ ਪੜਦਾ ਹੋਣਗੇ ਅਤੇ ਐਉਂ ਹਰ ਤਰਾਂ ਤੇਰੀ ਦਾਦ ਰਸੀ ਹੋਵੇਗੀ। 17 ਤਾਂ ਅਬਰਾਹਾਮ ਨੇ ਪਰਮੇਸ਼ੁਰ ਅੱਗੇ ਬੇਨਤੀ ਕੀਤੀ ਅਰ ਪਰਮੇਸ਼ੁਰ ਨੇ ਅਬੀਮਲਕ ਅਰ ਉਸ ਦੀ ਤੀਵੀਂ ਅਰ ਉਸ ਦੀਆਂ ਗੋੱਲੀਆਂ ਨੂੰ ਚੰਗਾ ਕਰ ਦਿੱਤਾ ਅਤੇ ਓਹ ਫੇਰ ਜਣਨ ਲੱਗ ਪਈਆਂ। 18 ਕਿਉਂਕਿ ਯਹੋਵਾਹ ਨੇ ਅਬੀਮਲਕ ਦੇ ਘਰਾਣੇ ਦੀ ਹਰ ਕੁੱਖ ਨੂੰ ਸਾਰਾਹ ਅਬਰਾਹਾਮ ਦੀ ਪਤਨੀ ਦੇ ਕਾਰਨ ਸਖ਼ਤੀ ਨਾਲ ਬੰਦ ਕਰ ਛੱਡਿਆ ਸੀ।