ਕੀ ਤੁਹਾਡੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਤੋਂ ਪਰਮੇਸ਼ੁਰ ਦੀ ਮਹਿਮਾ ਹੁੰਦੀ ਹੈ?
“ਸਾਰਾ ਕੁਝ ਪਰਮੇਸ਼ੁਰ ਦੀ ਮਹਿਮਾ ਲਈ ਕਰੋ।”—1 ਕੁਰਿੰ. 10:31.
1, 2. ਯਹੋਵਾਹ ਦੇ ਗਵਾਹਾਂ ਦੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਮਿਆਰ ਉੱਚੇ ਕਿਉਂ ਹਨ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
ਇਕ ਡੱਚ ਅਖ਼ਬਾਰ ਨੇ ਚਰਚ ਦੇ ਆਗੂਆਂ ਦੇ ਸੰਮੇਲਨ ਬਾਰੇ ਲਿਖਿਆ: “ਗਰਮੀ ਕਰਕੇ ਉੱਥੇ ਬਹੁਤ ਸਾਰਿਆਂ ਨੇ ਊਟ-ਪਟਾਂਗ ਕੱਪੜੇ ਪਾਏ ਹੋਏ ਸਨ। ਪਰ ਯਹੋਵਾਹ ਦੇ ਗਵਾਹਾਂ ਦੇ ਸੰਮੇਲਨ ʼਤੇ ਇੱਦਾਂ ਨਹੀਂ ਸੀ। . . . ਮੁੰਡਿਆਂ ਅਤੇ ਆਦਮੀਆਂ ਨੇ ਕੋਟ-ਪੈਂਟ ਪਾਏ ਹੋਏ ਸਨ ਅਤੇ ਟਾਈਆਂ ਲਾਈਆਂ ਹੋਈਆਂ ਸਨ। ਨਾਲੇ ਕੁੜੀਆਂ ਅਤੇ ਔਰਤਾਂ ਨੇ ਲੰਬੀਆਂ, ਪਰ ਫ਼ੈਸ਼ਨ ਅਨੁਸਾਰ ਸਕਰਟਾਂ ਪਾਈਆਂ ਹੋਈਆਂ ਸਨ।” ਵਾਕਈ, ਯਹੋਵਾਹ ਦੇ ਗਵਾਹਾਂ ਦੀ ਅਕਸਰ ਤਾਰੀਫ਼ ਕੀਤੀ ਜਾਂਦੀ ਹੈ ਕਿ ਉਹ ‘ਸੋਚ-ਸਮਝ ਕੇ ਸਲੀਕੇਦਾਰ ਕੱਪੜੇ ਪਾਉਂਦੇ ਹਨ ਅਤੇ ਉਨ੍ਹਾਂ ਦੇ ਪਹਿਰਾਵੇ ਤੋਂ ਸ਼ਰਮ-ਹਯਾ ਝਲਕਦੀ ਹੈ। ਇਹੋ ਜਿਹਾ ਸ਼ਿੰਗਾਰ ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਸ਼ੋਭਾ ਦਿੰਦਾ ਹੈ।’ (1 ਤਿਮੋ. 2:9, 10) ਇੱਥੇ ਪੌਲੁਸ ਰਸੂਲ ਔਰਤਾਂ ਬਾਰੇ ਗੱਲ ਕਰ ਰਿਹਾ ਸੀ, ਪਰ ਇਹ ਗੱਲਾਂ ਮਸੀਹੀ ਭਰਾਵਾਂ ʼਤੇ ਵੀ ਲਾਗੂ ਹੁੰਦੀਆਂ ਹਨ।
2 ਸਾਡੇ ਅਤੇ ਸਾਡੇ ਪਰਮੇਸ਼ੁਰ ਲਈ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਉੱਚੇ ਮਿਆਰ ਬਹੁਤ ਮਾਅਨੇ ਰੱਖਦੇ ਹਨ। (ਉਤ. 3:21) ਬਾਈਬਲ ਵਿਚ ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਜੋ ਵੀ ਲਿਖਿਆ ਗਿਆ ਹੈ, ਉਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਪੂਰੀ ਕਾਇਨਾਤ ਦੇ ਮਾਲਕ ਨੇ ਆਪਣੇ ਸੱਚੇ ਭਗਤਾਂ ਲਈ ਇਨ੍ਹਾਂ ਸੰਬੰਧੀ ਉੱਚੇ ਮਿਆਰ ਦਿੱਤੇ ਹਨ। ਇਸ ਲਈ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੀ ਚੋਣ ਕਰਦਿਆਂ ਸਾਨੂੰ ਸਿਰਫ਼ ਆਪਣੀ ਪਸੰਦ ਬਾਰੇ ਹੀ ਨਹੀਂ, ਸਗੋਂ ਯਹੋਵਾਹ ਦੀ ਪਸੰਦ-ਨਾਪਸੰਦ ਬਾਰੇ ਵੀ ਸੋਚਣਾ ਚਾਹੀਦਾ ਹੈ।
3. ਇਜ਼ਰਾਈਲੀਆਂ ਨੂੰ ਪਰਮੇਸ਼ੁਰ ਵੱਲੋਂ ਮਿਲੇ ਕਾਨੂੰਨ ਤੋਂ ਅਸੀਂ ਕੱਪੜਿਆਂ ਬਾਰੇ ਕੀ ਸਿੱਖ ਸਕਦੇ ਹਾਂ?
3 ਇਜ਼ਰਾਈਲ ਦੇ ਆਲੇ-ਦੁਆਲੇ ਦੀਆਂ ਕੌਮਾਂ ਸ਼ਰੇਆਮ ਗੰਦੇ ਕੰਮ ਕਰ ਰਹੀਆਂ ਸਨ। ਪਰ ਪਰਮੇਸ਼ੁਰ ਵੱਲੋਂ ਦਿੱਤੇ ਕਾਨੂੰਨ ਨੇ ਇਜ਼ਰਾਈਲੀਆਂ ਨੂੰ ਉਸ ਗੰਦੇ ਪ੍ਰਭਾਵ ਤੋਂ ਬਚਾ ਕੇ ਰੱਖਿਆ। ਕਾਨੂੰਨ ਤੋਂ ਸਾਫ਼ ਪਤਾ ਲੱਗਦਾ ਸੀ ਕਿ ਯਹੋਵਾਹ ਨੂੰ ਉਸ ਪਹਿਰਾਵੇ ਤੋਂ ਸਖ਼ਤ ਨਫ਼ਰਤ ਸੀ ਜਿਸ ਕਰਕੇ ਆਦਮੀ ਅਤੇ ਔਰਤ ਵਿਚ ਫ਼ਰਕ ਪਛਾਣਨਾ ਮੁਸ਼ਕਲ ਸੀ। (ਬਿਵਸਥਾ ਸਾਰ 22:5 ਪੜ੍ਹੋ।) ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਦਿੱਤੀਆਂ ਪਰਮੇਸ਼ੁਰ ਦੀਆਂ ਹਿਦਾਇਤਾਂ ਤੋਂ ਜ਼ਾਹਰ ਹੁੰਦਾ ਹੈ ਕਿ ਯਹੋਵਾਹ ਨੂੰ ਉਹ ਕੱਪੜੇ ਬਿਲਕੁਲ ਪਸੰਦ ਨਹੀਂ ਜਿਨ੍ਹਾਂ ਨੂੰ ਪਾ ਕੇ ਇਕ ਆਦਮੀ ਔਰਤ ਲੱਗੇ, ਔਰਤ ਆਦਮੀ ਲੱਗੇ ਜਾਂ ਆਦਮੀ-ਔਰਤ ਵਿਚ ਫ਼ਰਕ ਪਛਾਣਨਾ ਔਖਾ ਹੋਵੇ।
4. ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਮਸੀਹੀ ਸਹੀ ਫ਼ੈਸਲੇ ਕਿਵੇਂ ਕਰ ਸਕਦੇ ਹਨ?
4 ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਅਸੂਲਾਂ ਦੀ ਮਦਦ ਨਾਲ ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਮਸੀਹੀ ਚੰਗੇ ਫ਼ੈਸਲੇ ਕਰ ਸਕਦੇ ਹਨ। ਇਹ ਅਸੂਲ ਸਾਰਿਆਂ ਲਈ ਹਨ ਭਾਵੇਂ ਅਸੀਂ ਕਿਸੇ ਵੀ ਦੇਸ਼ ਵਿਚ ਰਹਿੰਦੇ ਹੋਈਏ, ਸਾਡਾ ਸਭਿਆਚਾਰ ਜਾਂ ਸਾਡੇ ਦੇਸ਼ ਦਾ ਮੌਸਮ ਜਿੱਦਾਂ ਦਾ ਮਰਜ਼ੀ ਹੋਵੇ। ਪਰ ਕਿਸੇ ਨੂੰ ਸਾਨੂੰ ਹਰ ਨਿੱਕੀ-ਨਿੱਕੀ ਗੱਲ ਦੱਸਣ ਦੀ ਲੋੜ ਨਹੀਂ ਕਿ ਕਿਹੜੇ ਕੱਪੜੇ ਅਤੇ ਹਾਰ-ਸ਼ਿੰਗਾਰ ਸਹੀ ਹਨ ਅਤੇ ਕਿਹੜੇ ਨਹੀਂ। ਇਸ ਦੀ ਬਜਾਇ, ਅਸੀਂ ਬਾਈਬਲ ਦੇ ਅਸੂਲਾਂ ਮੁਤਾਬਕ ਫ਼ੈਸਲੇ ਕਰਦੇ ਹਾਂ ਜੋ ਕਾਫ਼ੀ ਹੱਦ ਤਕ ਸਾਨੂੰ ਆਪਣੀ ਪਸੰਦ ਦੇ ਕੱਪੜੇ ਪਾਉਣ ਦੀ ਇਜਾਜ਼ਤ ਦਿੰਦੇ ਹਨ। ਆਓ ਆਪਾਂ ਬਾਈਬਲ ਦੇ ਕੁਝ ਅਸੂਲ ਦੇਖੀਏ ਜੋ ਕੱਪੜਿਆਂ ਦੀ ਚੋਣ ਕਰਦਿਆਂ “ਪਰਮੇਸ਼ੁਰ ਦੀ ਚੰਗੀ, ਮਨਜ਼ੂਰਯੋਗ ਅਤੇ ਪੂਰੀ ਇੱਛਾ” ਜਾਣਨ ਵਿਚ ਸਾਡੀ ਮਦਦ ਕਰਦੇ ਹਨ।—ਰੋਮੀ. 12:1, 2.
‘ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਸੇਵਕ ਹਾਂ’
5, 6. ਸਾਡੇ ਕੱਪੜਿਆਂ ਦਾ ਦੂਜਿਆਂ ʼਤੇ ਕੀ ਅਸਰ ਪੈਣਾ ਚਾਹੀਦਾ ਹੈ?
5 ਪੌਲੁਸ ਰਸੂਲ ਨੂੰ ਪਵਿੱਤਰ ਸ਼ਕਤੀ ਨਾਲ ਪ੍ਰੇਰਿਆ ਗਿਆ ਸੀ ਕਿ ਉਹ 2 ਕੁਰਿੰਥੀਆਂ 6:4 (ਪੜ੍ਹੋ) ਵਿਚ ਦਿੱਤੇ ਅਹਿਮ ਅਸੂਲ ਉੱਤੇ ਜ਼ੋਰ ਦੇਵੇ। ਸਾਡੇ ਕੱਪੜਿਆਂ ਤੋਂ ਦੂਜਿਆਂ ਨੂੰ ਸਾਡੇ ਬਾਰੇ ਬਹੁਤ ਕੁਝ ਪਤਾ ਲੱਗ ਜਾਂਦਾ ਹੈ। ਬਹੁਤ ਸਾਰੇ ਲੋਕ ਸਾਡਾ “ਬਾਹਰਲਾ ਰੂਪ” ਦੇਖ ਕੇ ਹੀ ਸਾਡੇ ਬਾਰੇ ਰਾਇ ਕਾਇਮ ਕਰ ਲੈਂਦੇ ਹਨ। (1 ਸਮੂ. 16:7) ਇਸ ਲਈ ਯਹੋਵਾਹ ਦੇ ਸੇਵਕ ਹੋਣ ਦੇ ਨਾਤੇ, ਅਸੀਂ ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਨੂੰ ਐਵੇਂ ਨਹੀਂ ਸਮਝਦੇ। ਪਰਮੇਸ਼ੁਰ ਦੇ ਬਚਨ ਵਿਚ ਦਿੱਤੇ ਅਸੂਲਾਂ ਤੋਂ ਚੰਗੀ ਤਰ੍ਹਾਂ ਵਾਕਫ਼ ਹੋਣ ਕਰਕੇ ਅਸੀਂ ਤੰਗ, ਪਤਲੇ ਅਤੇ ਕਾਮ-ਉਕਸਾਊ ਕੱਪੜੇ ਨਹੀਂ ਪਾਉਂਦੇ। ਨਾਲੇ ਅਸੀਂ ਉਹ ਵੀ ਕੱਪੜੇ ਨਹੀਂ ਪਾਉਂਦੇ ਜਿਨ੍ਹਾਂ ਵਿਚ ਸਰੀਰ ਦੇ ਅੰਗਾਂ ਦੀ ਨੁਮਾਇਸ਼ ਹੋਵੇ। ਸੋ ਸਾਨੂੰ ਇੱਦਾਂ ਦੇ ਕੱਪੜੇ ਨਹੀਂ ਪਾਉਣੇ ਚਾਹੀਦੇ ਜਿਨ੍ਹਾਂ ਕਰਕੇ ਲੋਕਾਂ ਨੂੰ ਪਤਾ ਹੀ ਨਾ ਲੱਗੇ ਕਿ ਉਹ ਕਿੱਧਰ ਨੂੰ ਦੇਖਣ।
6 ਜਦੋਂ ਅਸੀਂ ਸਾਫ਼-ਸੁਥਰੇ ਤੇ ਸਲੀਕੇਦਾਰ ਕੱਪੜੇ ਪਾਉਂਦੇ ਹਾਂ ਅਤੇ ਵਧੀਆ ਹਾਰ-ਸ਼ਿੰਗਾਰ ਕਰਦੇ ਹਾਂ, ਤਾਂ ਲੋਕ ਸ਼ਾਇਦ ਸਰਬਸ਼ਕਤੀਮਾਨ ਯਹੋਵਾਹ ਪਰਮੇਸ਼ੁਰ ਦੇ ਸੇਵਕਾਂ ਵਜੋਂ ਸਾਡੀ ਇੱਜ਼ਤ ਕਰਨ। ਨਾਲੇ ਉਹ ਸ਼ਾਇਦ ਸਾਡੇ ਪਰਮੇਸ਼ੁਰ ਵੱਲ ਖਿੱਚੇ ਆਉਣ। ਇਸ ਦੇ ਨਾਲ-ਨਾਲ, ਸਾਡੇ ਚੰਗੇ ਪਹਿਰਾਵੇ ਕਰਕੇ ਸੰਗਠਨ ਦੀ ਵੀ ਸ਼ੋਭਾ ਹੋਵੇਗੀ। ਨਤੀਜੇ ਵਜੋਂ, ਸ਼ਾਇਦ ਲੋਕ ਪ੍ਰਚਾਰ ਵਿਚ ਸਾਡੀ ਗੱਲ ਗੰਭੀਰਤਾ ਨਾਲ ਲੈਣ।
7, 8. ਸਾਨੂੰ ਖ਼ਾਸ ਕਰਕੇ ਕਿਹੜੇ ਮੌਕਿਆਂ ʼਤੇ ਢੁਕਵੇਂ ਕੱਪੜੇ ਪਾਉਣੇ ਚਾਹੀਦੇ ਹਨ?
7 ਸਾਡੇ ਹਾਰ-ਸ਼ਿੰਗਾਰ ਅਤੇ ਕੱਪੜਿਆਂ ਦਾ ਅਸਰ ਸਾਡੇ ਪਵਿੱਤਰ ਪਰਮੇਸ਼ੁਰ, ਮਸੀਹੀ ਭੈਣਾਂ-ਭਰਾਵਾਂ ਅਤੇ ਲੋਕਾਂ ਉੱਤੇ ਪੈਂਦਾ ਹੈ। ਇਸ ਲਈ ਸਾਨੂੰ ਉੱਦਾਂ ਦੇ ਕੱਪੜੇ ਪਾਉਣੇ ਚਾਹੀਦੇ ਹਨ ਜਿਨ੍ਹਾਂ ਨਾਲ ਸਾਡੇ ਸੰਦੇਸ਼ ਅਤੇ ਯਹੋਵਾਹ ਦੀ ਸ਼ੋਭਾ ਹੋਵੇ। (ਰੋਮੀ. 13:8-10) ਇਹ ਖ਼ਾਸ ਕਰਕੇ ਉਦੋਂ ਜ਼ਰੂਰੀ ਹੈ, ਜਦੋਂ ਅਸੀਂ ਭਗਤੀ ਦੇ ਕੰਮਾਂ ਵਿਚ ਹਿੱਸਾ ਲੈਂਦੇ ਹਾਂ, ਜਿਵੇਂ ਕਿ ਸਭਾਵਾਂ ਵਿਚ ਜਾਣਾ ਅਤੇ ਪ੍ਰਚਾਰ ਵਿਚ ਹਿੱਸਾ ਲੈਣਾ। ਸਾਡਾ ਪਹਿਰਾਵਾ ਇਹੋ ਜਿਹਾ ਹੋਣਾ ਚਾਹੀਦਾ ਹੈ ਜੋ ‘ਪਰਮੇਸ਼ੁਰ ਦੀ ਭਗਤੀ ਕਰਨ ਦਾ ਦਾਅਵਾ ਕਰਨ ਵਾਲਿਆਂ ਨੂੰ ਸ਼ੋਭਾ ਦਿੰਦਾ ਹੈ।’ (1 ਤਿਮੋ. 2:10) ਇਹ ਸੱਚ ਹੈ ਕਿ ਕੁਝ ਕੱਪੜੇ ਇਕ ਜਗ੍ਹਾ ਲਈ ਸਹੀ ਹੁੰਦੇ ਹਨ, ਪਰ ਸ਼ਾਇਦ ਦੂਜੀ ਜਗ੍ਹਾ ਲਈ ਸਹੀ ਨਾ ਹੋਣ। ਇਸ ਲਈ ਦੁਨੀਆਂ ਭਰ ਵਿਚ ਯਹੋਵਾਹ ਦੇ ਗਵਾਹ ਹਮੇਸ਼ਾ ਆਪਣੇ ਆਲੇ-ਦੁਆਲੇ ਦੇ ਰਹਿਣ-ਸਹਿਣ ਨੂੰ ਧਿਆਨ ਵਿਚ ਰੱਖਦਿਆਂ ਉਹ ਕੱਪੜੇ ਪਾਉਂਦੇ ਹਨ ਜਿਨ੍ਹਾਂ ਕਰਕੇ ਕਿਸੇ ਨੂੰ ਠੇਸ ਨਹੀਂ ਪਹੁੰਚਦੀ।
8 ਪਹਿਲਾ ਕੁਰਿੰਥੀਆਂ 10:31 ਪੜ੍ਹੋ। ਸੰਮੇਲਨਾਂ ਵਿਚ ਸਾਡਾ ਪਹਿਰਾਵਾ ਅਤੇ ਹਾਰ-ਸ਼ਿੰਗਾਰ ਦੁਨੀਆਂ ਵਰਗਾ ਨਹੀਂ ਹੋਣਾ ਚਾਹੀਦਾ ਕਿਉਂਕਿ ਫ਼ੈਸ਼ਨ ਦੇ ਮਾਮਲੇ ਵਿਚ ਦੁਨੀਆਂ ਦੇ ਲੋਕ ਹਰ ਹੱਦ ਪਾਰ ਕਰ ਚੁੱਕੇ ਹਨ। ਇਸ ਦੀ ਬਜਾਇ, ਸਾਨੂੰ ਸਲੀਕੇਦਾਰ ਅਤੇ ਢੁਕਵੇਂ ਕੱਪੜੇ ਪਾਉਣੇ ਚਾਹੀਦੇ ਹਨ। ਇੱਥੋਂ ਤਕ ਕਿ ਹੋਟਲ ਵਿਚ ਕਮਰਾ ਲੈਂਦਿਆਂ, ਉੱਥੋਂ ਜਾਂਦਿਆਂ ਜਾਂ ਸੰਮੇਲਨ ਤੋਂ ਪਹਿਲਾਂ ਅਤੇ ਬਾਅਦ ਵਿਚ ਆਰਾਮ ਕਰਦਿਆਂ ਵੀ ਸਾਨੂੰ ਸਾਫ਼-ਸੁਥਰੇ ਤੇ ਸਲੀਕੇਦਾਰ ਕੱਪੜੇ ਪਾਉਣੇ ਚਾਹੀਦੇ ਹਨ। ਜੇ ਅਸੀਂ ਦੁਨੀਆਂ ਦੇ ਲੋਕਾਂ ਵਾਂਗ ਬੇਢੰਗੇ ਜਾਂ ਤੰਗ ਕੱਪੜੇ ਨਹੀਂ ਪਾਉਂਦੇ, ਤਾਂ ਯਹੋਵਾਹ ਦੇ ਗਵਾਹਾਂ ਵਜੋਂ ਸਾਨੂੰ ਆਪਣੀ ਪਛਾਣ ਕਰਾਉਂਦਿਆਂ ਮਾਣ ਹੋਵੇਗਾ। ਨਾਲੇ ਮੌਕਾ ਮਿਲਣ ʼਤੇ ਅਸੀਂ ਬੇਝਿਜਕ ਹੋ ਕੇ ਗਵਾਹੀ ਦੇ ਸਕਾਂਗੇ।
9, 10. ਕੱਪੜਿਆਂ ਦੀ ਚੋਣ ਕਰਦਿਆਂ ਫ਼ਿਲਿੱਪੀਆਂ 2:4 ਸਾਡੀ ਕਿਵੇਂ ਮਦਦ ਕਰ ਸਕਦਾ ਹੈ?
9 ਫ਼ਿਲਿੱਪੀਆਂ 2:4 ਪੜ੍ਹੋ। ਮਸੀਹੀਆਂ ਨੂੰ ਇਹ ਕਿਉਂ ਸੋਚਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਕੱਪੜਿਆਂ ਦਾ ਭੈਣਾਂ-ਭਰਾਵਾਂ ਉੱਤੇ ਕੀ ਅਸਰ ਪੈ ਸਕਦਾ ਹੈ? ਇਕ ਕਾਰਨ ਇਹ ਹੈ ਕਿ ਪਰਮੇਸ਼ੁਰ ਦੇ ਲੋਕ ਬਾਈਬਲ ਵਿਚ ਦਿੱਤੀ ਇਹ ਸਲਾਹ ਲਾਗੂ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ: “ਇਸ ਲਈ, ਆਪਣੇ ਸਰੀਰ ਦੇ ਅੰਗਾਂ ਨੂੰ ਵੱਢ ਸੁੱਟੋ ਜਿਨ੍ਹਾਂ ਵਿਚ ਇਹ ਲਾਲਸਾਵਾਂ ਪੈਦਾ ਹੁੰਦੀਆਂ ਹਨ: ਹਰਾਮਕਾਰੀ, ਗੰਦ-ਮੰਦ, ਕਾਮ-ਵਾਸ਼ਨਾ।” (ਕੁਲੁ. 3:2, 5) ਅਸੀਂ ਦੂਜਿਆਂ ਲਈ ਇਹ ਸਲਾਹ ਲਾਗੂ ਕਰਨ ਵਿਚ ਕੋਈ ਰੁਕਾਵਟ ਖੜ੍ਹੀ ਨਹੀਂ ਕਰਨੀ ਚਾਹੁੰਦੇ। ਸੱਚਾਈ ਵਿਚ ਆਉਣ ਤੋਂ ਪਹਿਲਾਂ ਜਿਹੜੇ ਭੈਣ-ਭਰਾ ਅਨੈਤਿਕ ਜ਼ਿੰਦਗੀ ਜੀਉਂਦੇ ਸਨ, ਪਰ ਉਹ ਸ਼ਾਇਦ ਅਜੇ ਵੀ ਪਾਪੀ ਇੱਛਾਵਾਂ ਨਾਲ ਲੜ ਰਹੇ ਹੋਣ। (1 ਕੁਰਿੰ. 6:9, 10) ਕੀ ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਕਰਕੇ ਆਪਣੀ ਲੜਾਈ ਹਾਰ ਜਾਣ?
10 ਭਾਵੇਂ ਅਸੀਂ ਸਭਾਵਾਂ ਵਿਚ ਜਾਂ ਆਪਣੇ ਭੈਣਾਂ-ਭਰਾਵਾਂ ਨਾਲ ਕਿਤੇ ਵੀ ਹੋਈਏ, ਸਾਡਾ ਪਹਿਰਾਵਾ ਇੱਦਾਂ ਦਾ ਹੋਣਾ ਚਾਹੀਦਾ ਹੈ ਜਿਸ ਕਰਕੇ ਉਹ ਆਪਣੇ ਖ਼ਿਆਲ ਸ਼ੁੱਧ ਰੱਖ ਸਕਣ। ਹਾਂ, ਇਹ ਸੱਚ ਹੈ ਕਿ ਸਾਡੇ ਕੋਲ ਜੋ ਮਰਜ਼ੀ ਪਾਉਣ ਦੀ ਆਜ਼ਾਦੀ ਹੈ। ਪਰ ਸਾਡਾ ਇਹ ਵੀ ਫ਼ਰਜ਼ ਬਣਦਾ ਹੈ ਕਿ ਅਸੀਂ ਉੱਦਾਂ ਦੇ ਕੱਪੜੇ ਪਾਈਏ ਜਿਨ੍ਹਾਂ ਕਰਕੇ ਦੂਜਿਆਂ ਲਈ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਆਪਣੀ ਸੋਚ, ਬੋਲਚਾਲ ਅਤੇ ਚਾਲ-ਚਲਣ ਸ਼ੁੱਧ ਰੱਖਣਾ ਸੌਖਾ ਹੋਵੇ। (1 ਪਤ. 1:15, 16) ਸੱਚਾ ਪਿਆਰ “ਬਦਤਮੀਜ਼ੀ ਨਾਲ ਪੇਸ਼ ਨਹੀਂ ਆਉਂਦਾ, ਆਪਣੇ ਬਾਰੇ ਹੀ ਨਹੀਂ ਸੋਚਦਾ।”—1 ਕੁਰਿੰ. 13:4, 5.
ਢੁਕਵੇਂ ਸਮੇਂ ʼਤੇ ਢੁਕਵੇਂ ਕੱਪੜੇ
11, 12. ਉਪਦੇਸ਼ਕ ਦੀ ਪੋਥੀ 3:1, 17 ਸਮਝਦਾਰੀ ਨਾਲ ਕੱਪੜਿਆਂ ਦੀ ਚੋਣ ਕਰਨ ਵਿਚ ਸਾਡੀ ਕਿਵੇਂ ਮਦਦ ਕਰਦਾ ਹੈ?
11 ਪਰਮੇਸ਼ੁਰ ਦੇ ਸੇਵਕ ਕੱਪੜਿਆਂ ਦੀ ਚੋਣ ਕਰਦਿਆਂ ਹਮੇਸ਼ਾ ਯਾਦ ਰੱਖਦੇ ਹਨ ਕਿ “ਇੱਕ ਇੱਕ ਗੱਲ ਦਾ ਅਤੇ ਇੱਕ ਇੱਕ ਕੰਮ ਦਾ ਇੱਕ ਵੇਲਾ ਹੈ।” (ਉਪ. 3:1, 17) ਇਹ ਗੱਲ ਸੱਚ ਹੈ ਕਿ ਰੁੱਤ ਬਦਲਣ ਕਰਕੇ, ਅਲੱਗ ਮੌਸਮ, ਵੱਖਰੇ ਹਾਲਾਤ ਅਤੇ ਰਹਿਣ-ਸਹਿਣ ਹੋਣ ਕਰਕੇ ਅਸੀਂ ਅਲੱਗ ਕੱਪੜੇ ਪਾਉਂਦੇ ਹਾਂ। ਪਰ ਯਹੋਵਾਹ ਦੇ ਮਿਆਰ ਮੌਸਮ ਵਾਂਗ ਨਹੀਂ ਬਦਲਦੇ।—ਮਲਾ. 3:6.
12 ਗਰਮ ਦੇਸ਼ਾਂ ਵਿਚ ਸਲੀਕੇਦਾਰ ਅਤੇ ਆਦਰਮਈ ਕੱਪੜਿਆਂ ਦੀ ਚੋਣ ਕਰਨੀ ਇਕ ਚੁਣੌਤੀ ਹੋ ਸਕਦੀ ਹੈ। ਪਰ ਜਦੋਂ ਅਸੀਂ ਉੱਦਾਂ ਦੇ ਕੱਪੜੇ ਨਹੀਂ ਪਾਉਂਦੇ ਜੋ ਇੰਨੇ ਜ਼ਿਆਦਾ ਤੰਗ ਜਾਂ ਖੁੱਲ੍ਹੇ ਹੋਣ ਜਿਨ੍ਹਾਂ ਵਿੱਚੋਂ ਸਾਡਾ ਸਰੀਰ ਦਿਖੇ, ਤਾਂ ਸਾਡੇ ਭੈਣ-ਭਰਾ ਇਸ ਗੱਲ ਦੀ ਕਦਰ ਕਰਦੇ ਹਨ। (ਅੱਯੂ. 31:1) ਨਾਲੇ ਸਮੁੰਦਰ ਕੰਢੇ ʼਤੇ ਆਰਾਮ ਕਰਦਿਆਂ ਜਾਂ ਸਵਿਮਿੰਗ ਪੂਲ ਵਿਚ ਤੈਰਦਿਆਂ ਵੀ ਸਾਡੇ ਕੱਪੜੇ ਸਲੀਕੇਦਾਰ ਹੋਣੇ ਚਾਹੀਦੇ ਹਨ। (ਕਹਾ. 11:2, 20) ਭਾਵੇਂ ਦੁਨੀਆਂ ਦੇ ਬਹੁਤ ਸਾਰੇ ਲੋਕ ਇਨ੍ਹਾਂ ਮੌਕਿਆਂ ʼਤੇ ਅਜਿਹੇ ਕੱਪੜੇ ਪਾਉਂਦੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦਾ ਸਾਰਾ ਸਰੀਰ ਦਿਖਦਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਸਾਡੇ ਕੱਪੜਿਆਂ ਤੋਂ ਸਾਡੇ ਪਵਿੱਤਰ ਪਰਮੇਸ਼ੁਰ ਦੀ ਮਹਿਮਾ ਹੋਵੇ।
13. ਕੱਪੜਿਆਂ ਦੀ ਚੋਣ ਕਰਨ ਵਿਚ 1 ਕੁਰਿੰਥੀਆਂ 10:32, 33 ਸਾਡੀ ਕਿਵੇਂ ਮਦਦ ਕਰ ਸਕਦਾ ਹੈ?
13 ਇਕ ਹੋਰ ਅਹਿਮ ਅਸੂਲ ਦੀ ਮਦਦ ਨਾਲ ਅਸੀਂ ਢੁਕਵੇਂ ਕੱਪੜਿਆਂ ਦੀ ਚੋਣ ਕਰ ਸਕਦੇ ਹਾਂ। ਇਸ ਅਸੂਲ ਦੀ ਮਦਦ ਨਾਲ ਅਸੀਂ ਕਿਸੇ ਨੂੰ ਠੇਸ ਨਹੀਂ ਪਹੁੰਚਾਵਾਂਗੇ ਭਾਵੇਂ ਉਹ ਮੰਡਲੀ ਦੇ ਭੈਣ-ਭਰਾ ਹੋਣ ਜਾਂ ਨਾ। (1 ਕੁਰਿੰਥੀਆਂ 10:32, 33 ਪੜ੍ਹੋ।) ਸਾਨੂੰ ਇਸ ਗੱਲ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ ਕਿ ਸਾਡੇ ਕੱਪੜਿਆਂ ਤੋਂ ਕਿਸੇ ਨੂੰ ਠੇਸ ਨਾ ਪਹੁੰਚੇ। ਪੌਲੁਸ ਨੇ ਲਿਖਿਆ: “ਆਓ ਆਪਾਂ ਦੂਸਰਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਮਜ਼ਬੂਤ ਕਰੀਏ।” ਫਿਰ ਉਸ ਨੇ ਇਸ ਗੱਲ ਦਾ ਕਾਰਨ ਦਿੰਦਿਆਂ ਕਿਹਾ: “ਕਿਉਂਕਿ ਮਸੀਹ ਨੇ ਵੀ ਆਪਣੇ ਬਾਰੇ ਨਹੀਂ ਸੋਚਿਆ ਸੀ।” (ਰੋਮੀ. 15:2, 3) ਸਾਨੂੰ ਯਿਸੂ ਵਾਂਗ ਬਣਨਾ ਚਾਹੀਦਾ ਹੈ ਜਿਸ ਲਈ ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨੀ ਅਤੇ ਦੂਜਿਆਂ ਦੀ ਮਦਦ ਕਰਨੀ ਆਪਣੀਆਂ ਖ਼ਾਹਸ਼ਾਂ ਨਾਲੋਂ ਜ਼ਿਆਦਾ ਜ਼ਰੂਰੀ ਸੀ। ਇਸ ਕਰਕੇ ਅਸੀਂ ਅਜਿਹੇ ਮਨਪਸੰਦ ਦੇ ਕੱਪੜੇ ਨਹੀਂ ਪਾਵਾਂਗੇ ਜਿਨ੍ਹਾਂ ਕਰਕੇ ਲੋਕ ਸਾਡੇ ਸੰਦੇਸ਼ ਨੂੰ ਨਾ ਸੁਣਨ।
14. ਮਾਪੇ ਆਪਣੇ ਬੱਚਿਆਂ ਨੂੰ ਉਹ ਕੱਪੜੇ ਖ਼ਰੀਦਣ ਵਿਚ ਕਿਵੇਂ ਮਦਦ ਕਰ ਸਕਦੇ ਹਨ ਜਿਨ੍ਹਾਂ ਤੋਂ ਪਰਮੇਸ਼ੁਰ ਦੀ ਮਹਿਮਾ ਝਲਕੇ?
14 ਮਸੀਹੀ ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਬਾਈਬਲ ਦੇ ਅਸੂਲਾਂ ʼਤੇ ਚੱਲਣਾ ਸਿਖਾਉਣ। ਇਸ ਵਿਚ ਇਹ ਵੀ ਸ਼ਾਮਲ ਹੈ ਕਿ ਮਾਪੇ ਅਤੇ ਬੱਚੇ ਆਪਣੇ ਪਹਿਰਾਵੇ ਅਤੇ ਹਾਰ-ਸ਼ਿੰਗਾਰ ਨਾਲ ਪਰਮੇਸ਼ੁਰ ਦਾ ਦਿਲ ਖ਼ੁਸ਼ ਕਰਨ। (ਕਹਾ. 22:6; 27:11) ਮਾਪੇ ਆਪਣੇ ਬੱਚਿਆਂ ਨੂੰ ਪਵਿੱਤਰ ਪਰਮੇਸ਼ੁਰ ਅਤੇ ਉਸ ਦੇ ਉੱਚੇ-ਸੁੱਚੇ ਮਿਆਰਾਂ ਪ੍ਰਤੀ ਆਦਰ ਕਰਨਾ ਕਿਵੇਂ ਸਿਖਾ ਸਕਦੇ ਹਨ? ਮਾਪਿਆਂ ਨੂੰ ਆਪਣੇ ਬੱਚਿਆਂ ਲਈ ਵਧੀਆ ਮਿਸਾਲ ਬਣਨਾ ਚਾਹੀਦਾ ਹੈ। ਨਾਲੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਸਿਖਾਉਣ ਕਿ ਉਹ ਸਲੀਕੇਦਾਰ ਕੱਪੜਿਆਂ ਦੀ ਚੋਣ ਕਿਵੇਂ ਕਰ ਸਕਦੇ ਹਨ ਅਤੇ ਕਿੱਥੋਂ ਖ਼ਰੀਦ ਸਕਦੇ ਹਨ। ਕੱਪੜੇ ਖ਼ਰੀਦਦਿਆਂ ਬੱਚਿਆਂ ਨੂੰ ਸਿਰਫ਼ ਆਪਣੀ ਹੀ ਪਸੰਦ ਨਹੀਂ ਦੇਖਣੀ ਚਾਹੀਦੀ, ਸਗੋਂ ਇਹ ਵੀ ਦੇਖਣਾ ਚਾਹੀਦਾ ਕਿ ਕਿਹੜੇ ਕੱਪੜਿਆਂ ਤੋਂ ਉਨ੍ਹਾਂ ਦੇ ਪਰਮੇਸ਼ੁਰ ਯਹੋਵਾਹ ਦੀ ਮਹਿਮਾ ਹੋਵੇਗੀ।
ਆਪਣੀ ਆਜ਼ਾਦ ਮਰਜ਼ੀ ਸਮਝਦਾਰੀ ਨਾਲ ਵਰਤੋ
15. ਪਹਿਰਾਵੇ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਸਾਨੂੰ ਕਿੱਥੋਂ ਸਲਾਹ ਲੈਣੀ ਚਾਹੀਦੀ ਹੈ?
15 ਪਰਮੇਸ਼ੁਰ ਦੇ ਬਚਨ ਵਿਚ ਬਹੁਤ ਵਧੀਆ ਸਲਾਹਾਂ ਹਨ। ਇਨ੍ਹਾਂ ਦੀ ਮਦਦ ਨਾਲ ਅਸੀਂ ਉਹ ਫ਼ੈਸਲੇ ਕਰ ਸਕਾਂਗੇ ਜਿਨ੍ਹਾਂ ਨਾਲ ਪਰਮੇਸ਼ੁਰ ਦੀ ਵਡਿਆਈ ਹੋਵੇਗੀ। ਪਰ ਫਿਰ ਵੀ ਕੱਪੜਿਆਂ ਦੀ ਚੋਣ ਕਰਦਿਆਂ ਅਸੀਂ ਕਾਫ਼ੀ ਹੱਦ ਤਕ ਆਪਣੀ ਮਰਜ਼ੀ ਕਰ ਸਕਦੇ ਹਾਂ। ਸਾਰਿਆਂ ਦੀ ਆਪਣੀ-ਆਪਣੀ ਪਸੰਦ ਹੁੰਦੀ ਹੈ। ਨਾਲੇ ਕਈਆਂ ਕੋਲ ਕੱਪੜੇ ਖ਼ਰੀਦਣ ਲਈ ਜ਼ਿਆਦਾ ਪੈਸੇ ਹੁੰਦੇ ਹਨ ਅਤੇ ਕਈਆਂ ਕੋਲ ਥੋੜ੍ਹੇ। ਪਰ ਜ਼ਰੂਰੀ ਗੱਲ ਇਹ ਹੈ ਕਿ ਸਾਡੇ ਕੱਪੜੇ ਹਮੇਸ਼ਾ ਸਾਫ਼-ਸੁਥਰੇ, ਸਲੀਕੇਦਾਰ, ਢੁਕਵੇਂ ਅਤੇ ਸਾਡੇ ਇਲਾਕੇ ਦੇ ਲੋਕਾਂ ਦੀ ਪਸੰਦ ਮੁਤਾਬਕ ਹੋਣ।
16. ਸਾਨੂੰ ਸਲੀਕੇਦਾਰ ਕੱਪੜੇ ਲੱਭਣ ਵਿਚ ਮਿਹਨਤ ਕਿਉਂ ਕਰਨੀ ਚਾਹੀਦੀ ਹੈ?
16 ਹਾਂ, ਇਹ ਗੱਲ ਸੱਚ ਹੈ ਕਿ ਸਲੀਕੇਦਾਰ ਅਤੇ ਢੁਕਵੇਂ ਕੱਪੜੇ ਹਮੇਸ਼ਾ ਸੌਖਿਆਂ ਨਹੀਂ ਮਿਲਦੇ। ਬਹੁਤ ਸਾਰੀਆਂ ਦੁਕਾਨਾਂ ਵਿਚ ਸਿਰਫ਼ ਅੱਜ-ਕੱਲ੍ਹ ਦੇ ਫ਼ੈਸ਼ਨ ਮੁਤਾਬਕ ਹੀ ਕੱਪੜੇ ਮਿਲਦੇ ਹਨ। ਇਸ ਲਈ ਭੈਣਾਂ ਲਈ ਸਲੀਕੇਦਾਰ ਕੱਪੜੇ ਲੱਭਣੇ ਅਤੇ ਭਰਾਵਾਂ ਲਈ ਉਹ ਕੋਟ-ਪੈਂਟ ਲੱਭਣੇ ਔਖੇ ਹੋ ਸਕਦੇ ਹਨ ਜੋ ਜ਼ਿਆਦਾ ਤੰਗ ਨਾ ਹੋਣ। ਪਰ ਭੈਣ-ਭਰਾ ਇਸ ਗੱਲ ਦੀ ਕਦਰ ਕਰਨਗੇ ਕਿ ਅਸੀਂ ਵਧੀਆ ਅਤੇ ਢੁਕਵੇਂ ਕੱਪੜੇ ਲੱਭਣ ਵਿਚ ਇੰਨੀ ਮਿਹਨਤ ਕੀਤੀ ਹੈ। ਨਾਲੇ ਸਲੀਕੇਦਾਰ ਕੱਪੜੇ ਲੱਭਣ ਦੀਆਂ ਸਾਡੀਆਂ ਕੋਸ਼ਿਸ਼ਾਂ ਸਾਨੂੰ ਬੋਝ ਨਹੀਂ ਲੱਗਦੀਆਂ, ਸਗੋਂ ਸਾਨੂੰ ਖ਼ੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਆਪਣੇ ਕੱਪੜਿਆਂ ਨਾਲ ਆਪਣੇ ਪਿਆਰੇ ਪਿਤਾ ਦੀ ਮਹਿਮਾ ਕਰਦੇ ਹਾਂ।
17. ਕਿਹੜੀਆਂ ਗੱਲਾਂ ਕਰਕੇ ਇਕ ਭਰਾ ਦਾੜ੍ਹੀ ਰੱਖਣ ਜਾਂ ਨਾ ਰੱਖਣ ਦਾ ਫ਼ੈਸਲਾ ਕਰੇ?
17 ਕੀ ਭਰਾਵਾਂ ਲਈ ਦਾੜ੍ਹੀ ਰੱਖਣੀ ਸਹੀ ਹੈ? ਮੂਸਾ ਦੇ ਕਾਨੂੰਨ ਵਿਚ ਲਿਖਿਆ ਸੀ ਕਿ ਆਦਮੀਆਂ ਨੂੰ ਦਾੜ੍ਹੀ ਰੱਖਣੀ ਚਾਹੀਦੀ ਹੈ। ਪਰ ਮਸੀਹੀ ਹੁਣ ਮੂਸਾ ਦੇ ਕਾਨੂੰਨ ਅਧੀਨ ਨਹੀਂ ਹਨ ਤੇ ਨਾ ਹੀ ਇਸ ਨੂੰ ਮੰਨਣ ਦੇ ਪਾਬੰਦ ਹਨ। (ਲੇਵੀ. 19:27; 21:5; ਗਲਾ. 3:24, 25) ਕੁਝ ਦੇਸ਼ਾਂ ਅਤੇ ਸਭਿਆਚਾਰਾਂ ਵਿਚ ਸ਼ਾਇਦ ਛੋਟੀ ਜਿਹੀ ਕਤਰੀ ਹੋਈ ਦਾੜ੍ਹੀ ਰੱਖਣ ਨੂੰ ਬੁਰਾ ਨਾ ਮੰਨਿਆ ਜਾਵੇ ਅਤੇ ਕਈ ਥਾਵਾਂ ʼਤੇ ਸ਼ਾਇਦ ਇਸ ਨੂੰ ਆਦਰ ਦੀ ਗੱਲ ਮੰਨਿਆ ਜਾਵੇ। ਨਾਲੇ ਇਸ ਕਰਕੇ ਲੋਕਾਂ ਦਾ ਧਿਆਨ ਸਾਡੇ ਸੰਦੇਸ਼ ਤੋਂ ਸ਼ਾਇਦ ਨਾ ਭਟਕੇ। ਸੱਚ ਤਾਂ ਇਹ ਹੈ ਕਿ ਕੁਝ ਜ਼ਿੰਮੇਵਾਰ ਭਰਾਵਾਂ ਨੇ ਵੀ ਦਾੜ੍ਹੀ ਰੱਖੀ ਹੋਈ ਹੈ। ਇਨ੍ਹਾਂ ਗੱਲਾਂ ਦੇ ਬਾਵਜੂਦ ਵੀ ਕੁਝ ਭਰਾ ਸ਼ਾਇਦ ਦਾੜ੍ਹੀ ਨਾ ਰੱਖਣ। (1 ਕੁਰਿੰ. 8:9, 13; 10:32) ਕੁਝ ਦੇਸ਼ਾਂ ਅਤੇ ਸਭਿਆਚਾਰਾਂ ਵਿਚ ਦਾੜ੍ਹੀ ਰੱਖਣੀ ਆਮ ਗੱਲ ਨਹੀਂ ਹੈ ਅਤੇ ਉੱਥੇ ਮਸੀਹੀਆਂ ਲਈ ਦਾੜ੍ਹੀ ਰੱਖਣੀ ਸਹੀ ਨਹੀਂ ਸਮਝੀ ਜਾਂਦੀ। ਦਰਅਸਲ ਦਾੜ੍ਹੀ ਰੱਖ ਕੇ ਸ਼ਾਇਦ ਇਕ ਭਰਾ ਨਾ ਹੀ ਨਿਰਦੋਸ਼ ਰਹਿ ਸਕੇ ਤੇ ਨਾ ਹੀ ਪਰਮੇਸ਼ੁਰ ਦੀ ਮਹਿਮਾ ਕਰ ਸਕੇ।—ਰੋਮੀ. 15:1-3; 1 ਤਿਮੋ. 3:2, 7.
18, 19. ਮੀਕਾਹ 6:8 ਸਾਨੂੰ ਉਹ ਹਾਰ-ਸ਼ਿੰਗਾਰ ਚੁਣਨ ਵਿਚ ਕਿਵੇਂ ਮਦਦ ਕਰ ਸਕਦਾ ਹੈ ਜਿਸ ਤੋਂ ਪਰਮੇਸ਼ੁਰ ਨੂੰ ਖ਼ੁਸ਼ੀ ਹੁੰਦੀ ਹੈ?
18 ਅਸੀਂ ਯਹੋਵਾਹ ਦੇ ਕਿੰਨੇ ਸ਼ੁਕਰਗੁਜ਼ਾਰ ਹਾਂ ਕਿ ਉਹ ਸਾਨੂੰ ਪਹਿਰਾਵੇ ਅਤੇ ਹਾਰ-ਸ਼ਿੰਗਾਰ ਬਾਰੇ ਹਰ ਇਕ ਨਿੱਕੀ-ਨਿੱਕੀ ਗੱਲ ਨਹੀਂ ਦੱਸਦਾ। ਇਸ ਦੀ ਬਜਾਇ, ਉਸ ਨੇ ਸਾਨੂੰ ਆਪਣੀ ਆਜ਼ਾਦ ਮਰਜ਼ੀ ਵਰਤਣ ਦੀ ਇਜਾਜ਼ਤ ਦਿੱਤੀ ਹੈ ਤਾਂਕਿ ਅਸੀਂ ਸਮਝਦਾਰੀ ਨਾਲ ਬਾਈਬਲ ਦੇ ਅਸੂਲਾਂ ਮੁਤਾਬਕ ਆਪਣੇ ਫ਼ੈਸਲੇ ਕਰੀਏ। ਸੋ ਅਸੀਂ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦੇ ਮਾਮਲੇ ਵਿਚ ਵੀ ਦਿਖਾ ਸਕਦੇ ਹਾਂ ਕਿ ਅਸੀਂ ‘ਅਧੀਨ ਹੋ ਕੇ ਆਪਣੇ ਪਰਮੇਸ਼ੁਰ ਨਾਲ ਚੱਲਣਾ’ ਚਾਹੁੰਦੇ ਹਾਂ।—ਮੀਕਾ. 6:8.
19 ਅਧੀਨ ਹੋਣ ਕਰਕੇ ਅਸੀਂ ਇਹ ਗੱਲ ਸਮਝਾਂਗੇ ਕਿ ਯਹੋਵਾਹ ਪਵਿੱਤਰ ਹੈ ਅਤੇ ਉਸ ਦੇ ਉੱਚੇ ਮਿਆਰ ਸਾਡੇ ਭਲੇ ਲਈ ਹਨ। ਨਾਲੇ ਇਹ ਵੀ ਸਮਝਾਂਗੇ ਕਿ ਅਸੀਂ ਦੂਜਿਆਂ ਦੇ ਵਿਚਾਰਾਂ ਅਤੇ ਜਜ਼ਬਾਤਾਂ ਪ੍ਰਤੀ ਆਦਰ ਦਿਖਾਈਏ।
20. ਸਾਡੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਦਾ ਦੂਜਿਆਂ ਉੱਤੇ ਕੀ ਅਸਰ ਪੈਣਾ ਚਾਹੀਦਾ ਹੈ?
20 ਸਾਡੇ ਕੱਪੜਿਆਂ ਅਤੇ ਹਾਰ-ਸ਼ਿੰਗਾਰ ਨੂੰ ਦੇਖ ਕੇ ਲੋਕਾਂ ਦੇ ਮਨਾਂ ਵਿਚ ਸਿਰਫ਼ ਇੱਕੋ ਹੀ ਖ਼ਿਆਲ ਆਉਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਦੇ ਗਵਾਹ ਹਾਂ। ਉਸ ਦੇ ਮਿਆਰ ਬਹੁਤ ਉੱਚੇ ਹਨ ਅਤੇ ਅਸੀਂ ਇਨ੍ਹਾਂ ਉੱਤੇ ਚੱਲਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ। ਉਨ੍ਹਾਂ ਭੈਣਾਂ-ਭਰਾਵਾਂ ਦੀ ਤਾਰੀਫ਼ ਕੀਤੀ ਜਾਣੀ ਚਾਹੀਦੀ ਹੈ ਜਿਨ੍ਹਾਂ ਦੇ ਪਹਿਰਾਵੇ, ਹਾਰ-ਸ਼ਿੰਗਾਰ ਅਤੇ ਚੰਗੇ ਚਾਲ-ਚਲਣ ਕਰਕੇ ਲੋਕ ਸੱਚਾਈ ਵੱਲ ਖਿੱਚੇ ਆਉਂਦੇ ਹਨ ਅਤੇ ਯਹੋਵਾਹ ਦੀ ਮਹਿਮਾ ਕਰਦੇ ਹਨ। ਪਹਿਰਾਵੇ ਬਾਰੇ ਸਹੀ ਫ਼ੈਸਲੇ ਕਰ ਕੇ ਅਸੀਂ ਬਿਨਾਂ ਸ਼ੱਕ ਯਹੋਵਾਹ ਦੀ ਮਹਿਮਾ ਕਰਾਂਗੇ ਜਿਸ ਨੇ “ਤੇਜ ਅਤੇ ਉਪਮਾ ਦੀ ਪੁਸ਼ਾਕ ਪਹਿਨੀ ਹੋਈ ਹੈ।”—ਜ਼ਬੂ. 104:1, 2.