ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
6-12 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਬਿਵਸਥਾ ਸਾਰ 33-34
“ਯਹੋਵਾਹ ਦੀਆਂ ਬਾਹਾਂ ਵਿਚ ਪਨਾਹ ਲਓ”
it-2 51
ਯਸ਼ੁਰੂਨ
ਇਹ ਨਾਂ ਇਜ਼ਰਾਈਲ ਕੌਮ ਨੂੰ ਸਨਮਾਨ ਵਜੋਂ ਦਿੱਤਾ ਗਿਆ ਸੀ। ਯੂਨਾਨੀ ਸੈਪਟੁਜਿੰਟ ਵਿਚ “ਯਸ਼ੁਰੂਨ” ਸ਼ਬਦ ਦਾ ਅਨੁਵਾਦ “ਪਿਆਰਾ” ਕੀਤਾ ਗਿਆ ਹੈ। ਇਸ ਦਾ ਮਤਲਬ ਸੀ ਕਿ ਯਹੋਵਾਹ ਇਜ਼ਰਾਈਲ ਕੌਮ ਨੂੰ ਬਹੁਤ ਪਿਆਰ ਕਰਦਾ ਸੀ। ਇਹ ਨਾਂ ਇਜ਼ਰਾਈਲੀਆਂ ਨੂੰ ਯਾਦ ਕਰਾਉਂਦਾ ਸੀ ਕਿ ਯਹੋਵਾਹ ਨੇ ਉਨ੍ਹਾਂ ਨਾਲ ਇਕਰਾਰ ਕੀਤਾ ਹੈ। ਇਸ ਲਈ ਉਨ੍ਹਾਂ ਦਾ ਫ਼ਰਜ਼ ਬਣਦਾ ਸੀ ਕਿ ਉਹ ਨੇਕ ਲੋਕ ਬਣੇ ਰਹਿਣ ਯਾਨੀ ਆਪਣਾ ਚਾਲ-ਚਲਣ ਸ਼ੁੱਧ ਬਣਾਈ ਰੱਖਣ।—ਬਿਵ 33:5, 26; ਯਸਾ 44:2.
rr 120, ਡੱਬੀ
ਆਪਣੇ ਪੈਰਾਂ ʼਤੇ ਖੜ੍ਹੇ ਹੋਣ ਲਈ ਸਹਾਰਾ
ਹਿਜ਼ਕੀਏਲ ਤੋਂ ਸਦੀਆਂ ਪਹਿਲਾਂ ਮੂਸਾ ਨੇ ਦੱਸਿਆ ਸੀ ਕਿ ਯਹੋਵਾਹ ਕੋਲ ਨਾ ਸਿਰਫ਼ ਆਪਣੇ ਲੋਕਾਂ ਨੂੰ ਬਚਾਉਣ ਦੀ ਤਾਕਤ ਹੈ, ਸਗੋਂ ਉਹ ਅਜਿਹਾ ਕਰਨਾ ਵੀ ਚਾਹੁੰਦਾ ਹੈ। ਮੂਸਾ ਨੇ ਲਿਖਿਆ: “ਪਰਮੇਸ਼ੁਰ ਪੁਰਾਣੇ ਸਮਿਆਂ ਤੋਂ ਤੇਰੀ ਪਨਾਹ ਹੈ, ਉਸ ਦੀਆਂ ਬਾਹਾਂ ਹਮੇਸ਼ਾ ਤੈਨੂੰ ਸਹਾਰਾ ਦੇਣਗੀਆਂ।” (ਬਿਵ. 33:27) ਸੱਚ-ਮੁੱਚ, ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਜੇ ਅਸੀਂ ਦੁੱਖ ਦੀ ਘੜੀ ਵਿਚ ਆਪਣੇ ਪਰਮੇਸ਼ੁਰ ਨੂੰ ਪੁਕਾਰਾਂਗੇ, ਤਾਂ ਉਹ ਹੱਥ ਵਧਾ ਕੇ ਸਾਨੂੰ ਸਹਾਰਾ ਦੇਵੇਗਾ, ਪਿਆਰ ਨਾਲ ਸਾਨੂੰ ਉਠਾਵੇਗਾ ਤੇ ਸਾਨੂੰ ਸਾਡੇ ਪੈਰਾਂ ʼਤੇ ਖੜ੍ਹਾ ਕਰੇਗਾ।—ਹਿਜ਼. 37:10.
ਸਬਰ ਨਾਲ ਦੌੜ ਦੌੜੋ
16 ਇਸ ਤੋਂ ਪਹਿਲਾਂ ਕਿ ਪਰਮੇਸ਼ੁਰ ਦੇ ਵਾਅਦੇ ਪੂਰੇ ਹੁੰਦੇ, ਅਬਰਾਹਾਮ ਅਤੇ ਮੂਸਾ ਦੀ ਮੌਤ ਹੋ ਗਈ। ਇਸਰਾਏਲੀਆਂ ਦੇ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਤੋਂ ਪਹਿਲਾਂ ਪਰਮੇਸ਼ੁਰ ਨੇ ਮੂਸਾ ਨੂੰ ਕਿਹਾ: “ਏਸ ਲਈ ਤੂੰ ਉਸ ਦੇਸ ਨੂੰ ਆਪਣੇ ਸਾਹਮਣੇ ਵੇਖੇਂਗਾ ਪਰ ਉੱਥੇ ਉਸ ਦੇਸ ਵਿੱਚ ਜਿਹੜਾ ਮੈਂ ਇਸਰਾਏਲੀਆਂ ਨੂੰ ਦੇਣ ਵਾਲਾ ਹਾਂ ਵੜੇਂਗਾ ਨਾ।” ਮੂਸਾ ਅਤੇ ਹਾਰੂਨ ਵਾਅਦਾ ਕੀਤੇ ਹੋਏ ਦੇਸ਼ ਵਿਚ ਨਹੀਂ ਜਾ ਸਕੇ ਕਿਉਂਕਿ ਉਨ੍ਹਾਂ ਨੇ ਮਰੀਬਾਹ ਦੇ ਪਾਣੀਆਂ ʼਤੇ ਪਰਮੇਸ਼ੁਰ ਦੇ ਨਾਂ ਦੀ ਮਹਿਮਾ ਨਹੀਂ ਕੀਤੀ ਸੀ। ਉਨ੍ਹਾਂ ਨੂੰ ਬਾਗ਼ੀ ਲੋਕਾਂ ਨੇ ਗੁੱਸਾ ਦਿਵਾਇਆ ਜਿਸ ਕਾਰਨ ਉਨ੍ਹਾਂ ਨੇ ਪਰਮੇਸ਼ੁਰ ਦੀ ਸ਼ਾਨ ਦੇ ਖ਼ਿਲਾਫ਼ ਕੰਮ ਕੀਤਾ। ਹਾਲਾਂਕਿ ਮੂਸਾ ਵਾਅਦਾ ਕੀਤੇ ਹੋਏ ਦੇਸ਼ ਵਿਚ ਦਾਖ਼ਲ ਨਹੀਂ ਹੋਇਆ, ਫਿਰ ਵੀ ਉਸ ਨੇ ਹੌਸਲਾ ਨਹੀਂ ਹਾਰਿਆ। (ਬਿਵ. 32:51, 52) ਉਸ ਨੇ ਇਹ ਨਹੀਂ ਸੋਚਿਆ ਕਿ ਪਰਮੇਸ਼ੁਰ ਨੇ ਉਸ ਨਾਲ ਬੇਇਨਸਾਫ਼ੀ ਕੀਤੀ ਸੀ। ਅਸੀਂ ਇਹ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਉਸ ਨੇ ਯਹੋਵਾਹ ਨੂੰ ਇਸਰਾਏਲ ਦੇ ਗੋਤਾਂ ਨੂੰ ਬਰਕਤਾਂ ਦੇਣ ਲਈ ਕਿਹਾ ਸੀ। ਮੂਸਾ ਨੇ ਮਰਨ ਤੋਂ ਪਹਿਲਾਂ ਕਿਹਾ: “ਹੇ ਇਸਰਾਏਲ, ਤੂੰ ਧੰਨ ਹੈਂ, ਤੇਰੇ ਵਰਗਾ ਕੌਣ ਹੈ? ਯਹੋਵਾਹ ਦੀ ਬਚਾਈ ਹੋਈ ਪਰਜਾ, ਤੇਰੀ ਸਹਾਇਤਾ ਦੀ ਢਾਲ, ਅਤੇ ਤੇਰੇ ਪਰਤਾਪ ਦੀ ਤੇਗ” ਹੈ।—ਬਿਵ. 33:29.
ਹੀਰੇ-ਮੋਤੀ
it-2 439 ਪੈਰਾ 3
ਮੂਸਾ
ਯਹੋਵਾਹ ਨੇ ਸ਼ਾਇਦ ਇੱਦਾਂ ਇਸ ਲਈ ਕੀਤਾ ਤਾਂਕਿ ਲੋਕ ਮੂਸਾ ਦੀ ਕਬਰ ਨੂੰ ਧਾਰਮਿਕ ਥਾਂ ਬਣਾ ਕੇ ਉਸ ʼਤੇ ਝੂਠੀ ਭਗਤੀ ਨਾ ਸ਼ੁਰੂ ਕਰ ਦੇਣ। ਇੱਦਾਂ ਲੱਗਦਾ ਹੈ ਕਿ ਸ਼ੈਤਾਨ ਨੇ ਝੂਠੀ ਭਗਤੀ ਕਰਾਉਣ ਲਈ ਮੂਸਾ ਦੀ ਲਾਸ਼ ਲੈਣ ਦੀ ਕੋਸ਼ਿਸ਼ ਕੀਤੀ ਸੀ। ਇਹ ਗੱਲ ਅਸੀਂ ਯਹੂਦਾਹ ਦੇ ਲਿਖੇ ਸ਼ਬਦਾਂ ਤੋਂ ਜਾਣ ਸਕਦੇ ਹਾਂ। “ਪਰ ਜਦੋਂ ਮਹਾਂ ਦੂਤ ਮੀਕਾਏਲ ਅਤੇ ਸ਼ੈਤਾਨ ਵਿਚ ਮੂਸਾ ਦੀ ਲਾਸ਼ ਬਾਰੇ ਬਹਿਸ ਹੋ ਰਹੀ ਸੀ, ਤਾਂ ਮੀਕਾਏਲ ਨੇ ਸ਼ੈਤਾਨ ਨੂੰ ਦੋਸ਼ੀ ਠਹਿਰਾਉਣ ਅਤੇ ਉਸ ਨੂੰ ਬੁਰਾ-ਭਲਾ ਕਹਿਣ ਦੀ ਜੁਰਅਤ ਨਾ ਕੀਤੀ, ਪਰ ਕਿਹਾ: ‘ਯਹੋਵਾਹ ਹੀ ਤੈਨੂੰ ਝਿੜਕੇ।’”—ਯਹੂ 9.
13-19 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 1-2
“ਤੁਸੀਂ ਸਫ਼ਲ ਕਿਵੇਂ ਹੋ ਸਕਦੇ ਹੋ?”
ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!
7 ਦਲੇਰੀ ਨਾਲ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਵਾਸਤੇ ਸਾਨੂੰ ਉਸ ਦੇ ਬਚਨ ਦੀ ਸਟੱਡੀ ਕਰਨ ਤੇ ਇਸ ʼਤੇ ਚੱਲਣ ਦੀ ਲੋੜ ਹੈ। ਮੂਸਾ ਤੋਂ ਬਾਅਦ ਆਗੂ ਬਣਨ ਵੇਲੇ ਯਹੋਸ਼ੁਆ ਨੂੰ ਇਹੀ ਕਰਨ ਲਈ ਕਿਹਾ ਗਿਆ ਸੀ: “ਤੂੰ ਨਿਰਾ ਤਕੜਾ ਹੋ ਅਤੇ ਵੱਡਾ ਹੌਸਲਾ ਰੱਖ ਤਾਂ ਜੋ ਤੂੰ ਉਸ ਸਾਰੀ ਬਿਵਸਥਾ ਅਨੁਸਾਰ ਜਿਸ ਦਾ ਮੇਰੇ ਦਾਸ ਮੂਸਾ ਨੇ ਤੈਨੂੰ ਹੁਕਮ ਦਿੱਤਾ ਹੈ ਪਾਲਨਾ ਕਰ ਕੇ ਪੂਰਾ ਕਰੇਂ, . . . ਏਹ ਬਿਵਸਥਾ ਦੀ ਪੋਥੀ ਤੇਰੇ ਮੂੰਹ ਤੋਂ ਕਦੀ ਵੱਖਰੀ ਨਾ ਹੋਵੇ ਸਗੋਂ ਤੂੰ ਦਿਨ ਰਾਤ ਉਸ ਉੱਤੇ ਧਿਆਨ ਰੱਖ ਤਾਂ ਜੋ ਤੂੰ ਉਸ ਸਾਰੇ ਦੇ ਅਨੁਸਾਰ ਜੋ ਉਸ ਵਿੱਚ ਲਿਖਿਆ ਹੈ ਚੱਲੇਂ ਤੇ ਉਸ ਨੂੰ ਪੂਰਾ ਕਰੇਂ ਤਾਂ ਤੂੰ ਆਪਣੇ ਮਾਰਗ ਨੂੰ ਸੁਫਲ ਬਣਾਵੇਂਗਾ ਅਤੇ ਤੇਰਾ ਬੋਲ ਬਾਲਾ ਹੋਵੇਗਾ।” (ਯਹੋ. 1:7, 8) ਯਹੋਸ਼ੁਆ ਇਸ ਸਲਾਹ ʼਤੇ ਚੱਲਿਆ ਜਿਸ ਕਰਕੇ ‘ਉਸ ਦਾ ਮਾਰਗ ਸੁਫਲ ਬਣਿਆ।’ ਜੇ ਅਸੀਂ ਉਸ ਵਾਂਗ ਕਰਾਂਗੇ, ਤਾਂ ਅਸੀਂ ਵੀ ਪਰਮੇਸ਼ੁਰ ਦੀ ਸੇਵਾ ਦਲੇਰੀ ਨਾਲ ਕਰ ਕੇ ਸਫ਼ਲ ਹੋਵਾਂਗੇ।
ਦਲੇਰ ਬਣੋ—ਯਹੋਵਾਹ ਤੁਹਾਡੇ ਨਾਲ ਹੈ!
20 ਇਸ ਦੁਸ਼ਟ ਦੁਨੀਆਂ ਵਿਚ ਪਰਮੇਸ਼ੁਰ ਦੀ ਇੱਛਾ ਪੂਰੀ ਕਰਦੇ ਰਹਿਣਾ ਸੌਖਾ ਨਹੀਂ ਹੈ। ਪਰ ਅਸੀਂ ਇਕੱਲੇ ਨਹੀਂ ਹਾਂ। ਪਰਮੇਸ਼ੁਰ ਸਾਡੇ ਨਾਲ ਹੈ। ਉਸ ਦਾ ਪੁੱਤਰ ਤੇ ਮੰਡਲੀ ਦਾ ਮੁਖੀ ਯਿਸੂ ਵੀ ਸਾਡੇ ਨਾਲ ਹੈ। ਇਸ ਤੋਂ ਇਲਾਵਾ, ਦੁਨੀਆਂ ਭਰ ਵਿਚ ਸਾਡੇ ਨਾਲ 70 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਵੀ ਹਨ। ਆਓ ਆਪਾਂ ਸਾਰੇ ਨਿਹਚਾ ਰੱਖੀਏ ਤੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦੇ ਰਹੀਏ। ਇਸ ਕੰਮ ਵਿਚ 2013 ਲਈ ਬਾਈਬਲ ਦਾ ਹਵਾਲਾ ਸਾਡੀ ਮਦਦ ਕਰੇਗਾ: ‘ਤਕੜਾ ਹੋ ਅਤੇ ਹੌਸਲਾ ਰੱਖ। ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਸੰਗ ਹੈ।’—ਯਹੋ. 1:9.
ਹੀਰੇ-ਮੋਤੀ
w04 12/1 9 ਪੈਰਾ 1 ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
2:4, 5—ਰਾਹਾਬ ਨੇ ਰਾਜੇ ਦੇ ਆਦਮੀਆਂ ਨੂੰ ਗ਼ਲਤ ਪਾਸੇ ਕਿਉਂ ਭੇਜਿਆ ਸੀ? ਰਾਹਾਬ ਯਹੋਵਾਹ ਵਿਚ ਵਿਸ਼ਵਾਸ ਕਰਨ ਲੱਗ ਪਈ ਸੀ, ਇਸ ਲਈ ਉਸ ਨੇ ਆਪਣੀ ਜਾਨ ਹੱਥ ਵਿਚ ਲੈ ਕੇ ਜਾਸੂਸਾਂ ਦੀ ਮਦਦ ਕੀਤੀ ਸੀ। ਉਹ ਹੁਣ ਆਪਣਾ ਫ਼ਰਜ਼ ਸਮਝਦੀ ਸੀ ਕਿ ਉਸ ਨੂੰ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਨੀ ਚਾਹੀਦੀ ਸੀ, ਨਾ ਕਿ ਉਨ੍ਹਾਂ ਦੀ ਜੋ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਸਨ। (ਮੱਤੀ 7:6; 21:23-27; ਯੂਹੰਨਾ 7:3-10) ਹਾਂ, ਰਾਹਾਬ ਨੇ ਰਾਜੇ ਦੇ ਬੰਦਿਆਂ ਨੂੰ ਕੁਰਾਹੇ ਪਾਇਆ ਸੀ, ਪਰ ਉਹ ਆਪਣੇ ‘ਅਮਲਾਂ ਹੀ ਨਾਲ ਧਰਮੀ ਠਹਿਰਾਈ ਗਈ ਸੀ।’—ਯਾਕੂਬ 2:24-26.
20-26 ਸਤੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 3-5
“ਯਹੋਵਾਹ ਨਿਹਚਾ ਦਿਖਾਉਣ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ”
it-2 105
ਯਰਦਨ
ਯਰਦਨ ਨਦੀ ਦਾ ਜੋ ਹਿੱਸਾ ਗਲੀਲ ਝੀਲ ਦੇ ਥੱਲੇ ਵੱਲ ਹੈ, ਉਹ 3 ਤੋਂ 10 ਫੁੱਟ ਡੂੰਘਾ ਅਤੇ ਲਗਭਗ 90 ਤੋਂ 100 ਫੁੱਟ ਚੌੜਾ ਹੈ। ਪਰ ਬਸੰਤ ਵਿਚ ਪਾਣੀ ਯਰਦਨ ਦੇ ਕੰਢਿਆਂ ਦੇ ਉੱਪਰੋਂ ਦੀ ਵਹਿਣ ਲੱਗਦਾ ਹੈ ਤੇ ਨਦੀ ਹੋਰ ਵੀ ਡੂੰਘੀ ਤੇ ਚੌੜੀ ਹੋ ਜਾਂਦੀ ਹੈ। (ਯਹੋ 3:15) ਅਜਿਹੇ ਸਮੇਂ ਵਿਚ ਇਜ਼ਰਾਈਲੀਆਂ ਲਈ ਯਰਦਨ ਨਦੀ ਪਾਰ ਕਰਨੀ ਖ਼ਤਰਨਾਕ ਹੋ ਸਕਦੀ ਸੀ। ਇਜ਼ਰਾਈਲੀਆਂ ਵਿਚ ਬਹੁਤ ਸਾਰੀਆਂ ਔਰਤਾਂ ਤੇ ਬੱਚੇ ਵੀ ਸਨ ਜਿਸ ਕਰਕੇ ਨਦੀ ਪਾਰ ਕਰਨੀ ਸੌਖੀ ਨਹੀਂ ਹੋਣੀ ਸੀ। ਖ਼ਾਸ ਕਰਕੇ ਯਰੀਹੋ ਦੇ ਨੇੜੇ ਹੋਰ ਵੀ ਜ਼ਿਆਦਾ ਖ਼ਤਰਾ ਸੀ। ਉੱਥੇ ਅੱਜ ਵੀ ਨਦੀ ਦਾ ਪਾਣੀ ਬਹੁਤ ਤੇਜ਼ ਵਹਿੰਦਾ ਹੈ। ਅੱਜ ਦੇ ਜ਼ਮਾਨੇ ਵਿਚ ਜਦੋਂ ਲੋਕ ਉੱਥੇ ਨਹਾਉਣ ਗਏ, ਤਾਂ ਪਾਣੀ ਦੇ ਤੇਜ਼ ਵਹਾਅ ਕਰਕੇ ਉਹ ਪਾਣੀ ਨਾਲ ਵਹਿ ਗਏ। ਪਰ ਇਜ਼ਰਾਈਲੀਆਂ ਦੇ ਜ਼ਮਾਨੇ ਵਿਚ ਯਹੋਵਾਹ ਨੇ ਚਮਤਕਾਰ ਕਰ ਕੇ ਪਾਣੀ ਨੂੰ ਵਹਿਣ ਤੋਂ ਰੋਕ ਦਿੱਤਾ। ਇਸ ਲਈ ਇਜ਼ਰਾਈਲੀ ਨਦੀ ਨੂੰ ਪਾਰ ਕਰ ਕੇ ਸੁੱਖੀ ਜ਼ਮੀਨ ʼਤੇ ਸਹੀ-ਸਲਾਮਤ ਪਹੁੰਚ ਗਏ।—ਯਹੋ 3:14-17.
ਯਹੋਵਾਹ ਦੀ ਸਲਾਹ ਮੰਨਣ ਨਾਲ ਦਿਲੋਂ ਖ਼ੁਸ਼ੀ ਮਿਲਦੀ ਹੈ
17 ਆਪਣੇ ਕੰਮਾਂ ਰਾਹੀਂ ਅਸੀਂ ਆਪਣੀ ਨਿਹਚਾ ਦਾ ਸਬੂਤ ਦਿੰਦੇ ਹਾਂ। ਇੱਦਾਂ ਕਰਨ ਨਾਲ ਯਹੋਵਾਹ ʼਤੇ ਸਾਡਾ ਭਰੋਸਾ ਕਿਵੇਂ ਵਧਦਾ ਹੈ? ਜ਼ਰਾ ਗੌਰ ਕਰੋ ਕਿ ਇਜ਼ਰਾਈਲੀਆਂ ਨਾਲ ਕੀ ਹੋਇਆ ਜਦ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਵਾਲੇ ਸਨ। ਯਹੋਵਾਹ ਨੇ ਇਕਰਾਰ ਦਾ ਸੰਦੂਕ ਚੁੱਕਣ ਵਾਲੇ ਪੁਜਾਰੀਆਂ ਨੂੰ ਹਿਦਾਇਤ ਦਿੱਤੀ ਕਿ ਉਹ ਯਰਦਨ ਨਦੀ ਵਿਚ ਤੁਰਨ। ਪਰ ਨਦੀ ਕਿਨਾਰੇ ਪਹੁੰਚ ਕੇ ਲੋਕਾਂ ਨੇ ਦੇਖਿਆ ਕਿ ਬਸੰਤ ਮੌਸਮ ਦੀ ਬਾਰਸ਼ ਕਰਕੇ ਨਦੀ ਪਾਣੀ ਨਾਲ ਭਰੀ ਹੋਈ ਸੀ ਤੇ ਪਾਣੀ ਬੜੀ ਤੇਜ਼ੀ ਨਾਲ ਵਹਿ ਰਿਹਾ ਸੀ। ਹੁਣ ਇਜ਼ਰਾਈਲੀ ਕੀ ਕਰਦੇ? ਕੀ ਉਹ ਨਦੀ ਕਿਨਾਰੇ ਡੇਰਾ ਲਾ ਕੇ ਹਫ਼ਤਿਆਂ ਤਕ ਪਾਣੀ ਦੇ ਘਟਣ ਦਾ ਇੰਤਜ਼ਾਰ ਕਰਦੇ? ਨਹੀਂ, ਉਨ੍ਹਾਂ ਨੇ ਯਹੋਵਾਹ ʼਤੇ ਪੂਰਾ ਭਰੋਸਾ ਰੱਖਿਆ ਤੇ ਉਸ ਦੀਆਂ ਹਿਦਾਇਤਾਂ ਮੰਨੀਆਂ। ਇਸ ਦਾ ਨਤੀਜਾ ਕੀ ਨਿਕਲਿਆ? ਬਾਈਬਲ ਕਹਿੰਦੀ ਹੈ ਕਿ ਪੁਜਾਰੀਆਂ ਦੇ ‘ਨਦੀ ਵਿੱਚ ਪੈਰ ਪਾਉਣ ਨਾਲ ਫ਼ੌਰਨ ਹੀ ਪਾਣੀ ਵਗਣੋਂ ਰੁਕ ਗਿਆ। ਫਿਰ ਪੁਜਾਰੀ ਨਦੀ ਦੇ ਅੱਧ ਵਿਚਕਾਰ ਜਾ ਕੇ ਖਲੋ ਗਏ ਤੇ ਇਸਰਾਏਲ ਦੇ ਸਾਰੇ ਲੋਕ ਯਰਦਨ ਨਦੀ ਦੀ ਖੁਸ਼ਕ ਥਾਂ ਤੋਂ ਤੁਰਕੇ ਪਾਰ ਹੋ ਗਏ।’ (ਯਹੋ. 3:12-17, ERV) ਜ਼ਰਾ ਸੋਚੋ ਕਿ ਠਾਠਾਂ ਮਾਰਦੇ ਪਾਣੀ ਨੂੰ ਰੁਕਿਆ ਹੋਇਆ ਦੇਖ ਕੇ ਇਜ਼ਰਾਈਲੀਆਂ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ ਹੋਣਾ! ਉਨ੍ਹਾਂ ਦੀ ਨਿਹਚਾ ਯਹੋਵਾਹ ʼਤੇ ਹੋਰ ਵੀ ਪੱਕੀ ਹੋਈ ਕਿਉਂਕਿ ਉਹ ਉਸ ਦੀਆਂ ਹਿਦਾਇਤਾਂ ਮੁਤਾਬਕ ਚੱਲੇ।
ਯਹੋਵਾਹ ਦੀ ਸਲਾਹ ਮੰਨਣ ਨਾਲ ਦਿਲੋਂ ਖ਼ੁਸ਼ੀ ਮਿਲਦੀ ਹੈ
18 ਯਹੋਵਾਹ ਅੱਜ ਆਪਣੇ ਲੋਕਾਂ ਲਈ ਇੱਦਾਂ ਦੇ ਚਮਤਕਾਰ ਨਹੀਂ ਕਰਦਾ। ਪਰ ਉਹ ਸਾਨੂੰ ਬਰਕਤਾਂ ਜ਼ਰੂਰ ਦਿੰਦਾ ਹੈ ਜਦ ਅਸੀਂ ਨਿਹਚਾ ਰੱਖਦਿਆਂ ਉਸ ਦਾ ਕਹਿਣਾ ਮੰਨਦੇ ਹਾਂ। ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਨੂੰ ਪੂਰੀ ਦੁਨੀਆਂ ਵਿਚ ਪ੍ਰਚਾਰ ਦਾ ਕੰਮ ਕਰਨ ਦੀ ਤਾਕਤ ਬਖ਼ਸ਼ਦੀ ਹੈ। ਨਾਲੇ ਯਹੋਵਾਹ ਦੇ ਸਭ ਤੋਂ ਮਹਾਨ ਗਵਾਹ ਯਿਸੂ ਨੇ ਆਪਣੇ ਚੇਲਿਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੀ ਇਸ ਕੰਮ ਵਿਚ ਮਦਦ ਕਰੇਗਾ। ਉਸ ਨੇ ਕਿਹਾ: ‘ਜਾਓ ਅਤੇ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੇਲੇ ਬਣਾਓ। ਮੈਂ ਯੁਗ ਦੇ ਆਖ਼ਰੀ ਸਮੇਂ ਤਕ ਹਰ ਵੇਲੇ ਤੁਹਾਡੇ ਨਾਲ ਰਹਾਂਗਾ।’ (ਮੱਤੀ 28:19, 20) ਯਹੋਵਾਹ ਦੇ ਕਈ ਗਵਾਹ ਸ਼ਾਇਦ ਪਹਿਲਾਂ ਸ਼ਰਮੀਲੇ ਸੁਭਾਅ ਦੇ ਹੋਣ ਕਾਰਨ ਦੂਜਿਆਂ ਨੂੰ ਪ੍ਰਚਾਰ ਕਰਨ ਤੋਂ ਡਰਦੇ ਸਨ। ਪਰ ਹੁਣ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਦੀ ਮਦਦ ਨਾਲ ਉਹ ਦੂਜਿਆਂ ਨੂੰ ਬਿਨਾਂ ਡਰੇ ਪ੍ਰਚਾਰ ਕਰਦੇ ਹਨ।—ਜ਼ਬੂਰਾਂ ਦੀ ਪੋਥੀ 119:46; 2 ਕੁਰਿੰਥੀਆਂ 4:7 ਪੜ੍ਹੋ।
ਹੀਰੇ-ਮੋਤੀ
w04 12/1 9 ਪੈਰਾ 2 ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
5:14, 15—“ਯਹੋਵਾਹ ਦਾ ਸੈਨਾ ਪਤੀ” ਕੌਣ ਹੈ? ਇਹ ਸੈਨਾ ਪਤੀ ਯਹੋਸ਼ੁਆ ਦੀ ਮਦਦ ਕਰਨ ਅਤੇ ਉਸ ਨੂੰ ਸਹਾਰਾ ਦੇਣ ਉਸ ਸਮੇਂ ਆਇਆ ਸੀ ਜਦ ਇਸਰਾਏਲੀ ਵਾਅਦਾ ਕੀਤੇ ਗਏ ਦੇਸ਼ ਉੱਤੇ ਕਬਜ਼ਾ ਕਰਨ ਲੱਗੇ ਸਨ। ਅਸੀਂ ਯਕੀਨ ਕਰ ਸਕਦੇ ਹਾਂ ਕਿ ਇਹ ਆਪਣੇ ਪੂਰਵ-ਮਾਨਵੀ ਰੂਪ ਵਿਚ ਯਿਸੂ ਮਸੀਹ ਹੀ ਸੀ ਜਿਸ ਨੂੰ “ਸ਼ਬਦ” ਵੀ ਕਿਹਾ ਗਿਆ ਹੈ। (ਯੂਹੰਨਾ 1:1; ਦਾਨੀਏਲ 10:13) ਅੱਜ ਅਸੀਂ ਸੱਚਾਈ ਵਿਚ ਟਿਕੇ ਰਹਿਣ ਲਈ ਸੰਘਰਸ਼ ਕਰ ਰਹੇ ਹਾਂ। ਤਾਂ ਫਿਰ ਇਹ ਜਾਣ ਕੇ ਸਾਨੂੰ ਕਿੰਨਾ ਹੌਸਲਾ ਮਿਲਦਾ ਹੈ ਕਿ ਯਿਸੂ ਮਸੀਹ ਸਾਡੀ ਵੀ ਮਦਦ ਕਰਨ ਲਈ ਤਿਆਰ ਹੈ।
27 ਸਤੰਬਰ–3 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 6-7
“ਵਿਅਰਥ ਚੀਜ਼ਾਂ ਤੋਂ ਦੂਰ ਰਹੋ”
ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ!
5 ਸਦੀਆਂ ਬਾਅਦ, ਆਕਾਨ ਨਾਂ ਦੇ ਇਸਰਾਏਲੀ ਬੰਦੇ ਨੇ ਕਬਜ਼ੇ ਵਿਚ ਆਏ ਯਰੀਹੋ ਸ਼ਹਿਰ ਵਿਚ ਕੁਝ ਚੀਜ਼ਾਂ ਦੇਖੀਆਂ ਤੇ ਉਨ੍ਹਾਂ ਨੂੰ ਚੁਰਾ ਲਿਆ। ਪਰਮੇਸ਼ੁਰ ਨੇ ਹੁਕਮ ਦਿੱਤਾ ਸੀ ਕਿ ਉਸ ਸ਼ਹਿਰ ਦੀਆਂ ਸਾਰੀਆਂ ਚੀਜ਼ਾਂ ਤਬਾਹ ਕੀਤੀਆਂ ਜਾਣ, ਪਰ ਕੁਝ ਚੀਜ਼ਾਂ ਯਹੋਵਾਹ ਦੇ ਖ਼ਜ਼ਾਨੇ ਲਈ ਬਚਾ ਕੇ ਰੱਖੀਆਂ ਜਾਣੀਆਂ ਸਨ। ਇਸਰਾਏਲੀਆਂ ਨੂੰ ਖ਼ਬਰਦਾਰ ਕੀਤਾ ਗਿਆ ਸੀ: ‘ਤੁਸੀਂ ਆਪਣੇ ਆਪ ਨੂੰ ਮਣਸੀਆਂ ਹੋਈਆਂ ਚੀਜ਼ਾਂ ਤੋਂ ਬਚਾ ਰੱਖਿਓ ਮਤੇ ਤੁਸੀਂ ਅਰਪਣ ਕੀਤੇ ਹੋਏ ਵਿੱਚੋਂ ਲਓ।’ ਆਕਾਨ ਨੇ ਇਹ ਗੱਲ ਨਹੀਂ ਮੰਨੀ ਜਿਸ ਕਰਕੇ ਇਸਰਾਏਲ ਦੇ ਲੋਕਾਂ ਨੂੰ ਅਈ ਸ਼ਹਿਰ ਤੋਂ ਹਾਰ ਦਾ ਮੂੰਹ ਦੇਖਣਾ ਪਿਆ ਤੇ ਬਹੁਤ ਸਾਰੇ ਲੋਕ ਮਾਰੇ ਗਏ। ਆਕਾਨ ਨੇ ਤਦ ਤਕ ਚੋਰੀ ਕੀਤੀਆਂ ਚੀਜ਼ਾਂ ਬਾਰੇ ਨਹੀਂ ਦੱਸਿਆ ਜਦ ਤਕ ਉਸ ਦੀ ਪੋਲ ਨਾ ਖੁੱਲ੍ਹ ਗਈ। ਫਿਰ ਪਤਾ ਲੱਗਣ ਤੇ ਆਕਾਨ ਨੇ ਕਿਹਾ ਕਿ ਜਦੋਂ ‘ਮੈਂ ਚੀਜ਼ਾਂ ਡਿੱਠੀਆਂ, ਤਾਂ ਮੈਨੂੰ ਲੋਭ ਆ ਗਿਆ ਅਤੇ ਮੈਂ ਓਹਨਾਂ ਨੂੰ ਚੁੱਕ ਲਿਆ।’ ਉਹ ਆਪਣੀਆਂ ਅੱਖਾਂ ਦੇ ਧੋਖੇ ਵਿਚ ਆ ਕੇ ਇਕ ਤਾਂ ਆਪ ਤਬਾਹ ਹੋਇਆ ਤੇ ‘ਉਹ ਦਾ ਸਾਰਾ ਮਾਲ’ ਵੀ ਤਬਾਹ ਕਰ ਦਿੱਤਾ ਗਿਆ। (ਯਹੋ. 6:18, 19; 7:1-26) ਆਕਾਨ ਨੇ ਉਹੀ ਕੁਝ ਚਾਹਿਆ ਜੋ ਕੁਝ ਉਸ ਨੂੰ ਮਨ੍ਹਾ ਕੀਤਾ ਗਿਆ ਸੀ।
w97 8/15 28 ਪੈਰਾ 2
ਕਿਸੇ ਗ਼ਲਤ ਕੰਮ ਦੀ ਰਿਪੋਰਟ ਕਿਉਂ ਕਰੀਏ?
ਪਾਪ ਦੀ ਰਿਪੋਰਟ ਕਰਨ ਦਾ ਇਕ ਕਾਰਨ ਇਹ ਹੈ ਕਿ ਇੱਦਾਂ ਕਰਨ ਨਾਲ ਮੰਡਲੀ ਸ਼ੁੱਧ ਰਹਿੰਦੀ ਹੈ। ਯਹੋਵਾਹ ਸ਼ੁੱਧ ਤੇ ਪਵਿੱਤਰ ਪਰਮੇਸ਼ੁਰ ਹੈ। ਉਹ ਮੰਗ ਕਰਦਾ ਹੈ ਕਿ ਉਸ ਦੀ ਭਗਤੀ ਕਰਨ ਵਾਲੇ ਲੋਕ ਹਰ ਤਰੀਕੇ ਨਾਲ ਸ਼ੁੱਧ ਹੋਣ। ਉਸ ਦਾ ਬਚਨ ਸਲਾਹ ਦਿੰਦਾ ਹੈ: “ਆਗਿਆਕਾਰ ਬੱਚਿਆਂ ਵਾਂਗ ਆਪਣੇ ਆਪ ਨੂੰ ਉਨ੍ਹਾਂ ਪੁਰਾਣੀਆਂ ਇੱਛਾਵਾਂ ਮੁਤਾਬਕ ਢਾਲਣਾ ਛੱਡ ਦਿਓ ਜੋ ਪਰਮੇਸ਼ੁਰ ਦਾ ਗਿਆਨ ਨਾ ਹੋਣ ਕਾਰਨ ਤੁਹਾਡੇ ਵਿਚ ਸਨ, ਪਰ ਪਵਿੱਤਰ ਪਰਮੇਸ਼ੁਰ ਵਾਂਗ ਜਿਸ ਨੇ ਤੁਹਾਨੂੰ ਸੱਦਿਆ ਹੈ, ਤੁਸੀਂ ਵੀ ਆਪਣੇ ਸਾਰੇ ਚਾਲ-ਚਲਣ ਵਿਚ ਪਵਿੱਤਰ ਬਣੋ ਕਿਉਂਕਿ ਲਿਖਿਆ ਹੈ: ‘ਤੁਸੀਂ ਪਵਿੱਤਰ ਬਣੋ ਕਿਉਂਕਿ ਮੈਂ ਪਵਿੱਤਰ ਹਾਂ।’” (1 ਪਤ 1:14-16) ਜਿਹੜੇ ਵਿਅਕਤੀ ਅਸ਼ੁੱਧ ਕੰਮ ਜਾਂ ਪਾਪ ਕਰਦੇ ਰਹਿੰਦੇ ਹਨ, ਉਹ ਮੰਡਲੀ ਨੂੰ ਗੰਦਾ ਕਰਦੇ ਹਨ ਅਤੇ ਪੂਰੀ ਮੰਡਲੀ ʼਤੇ ਯਹੋਵਾਹ ਦੀ ਨਾਰਾਜ਼ਗੀ ਲਿਆਉਂਦੇ ਹਨ ਜਦੋਂ ਉਨ੍ਹਾਂ ਨੂੰ ਸੁਧਾਰਨ ਜਾਂ ਬਾਹਰ ਕੱਢਣ ਲਈ ਕਾਰਵਾਈ ਨਹੀਂ ਕੀਤੀ ਜਾਂਦੀ।—ਯਹੋਸ਼ੁਆ ਅਧਿਆਇ 7 ਵਿਚ ਨੁਕਤਾ ਦੇਖੋ।
ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ!
8 ਨੇਤਰਾਂ ਅਤੇ ਸਰੀਰ ਦੀ ਕਾਮਨਾ ਤਾਂ ਸੱਚੇ ਮਸੀਹੀਆਂ ਨੂੰ ਵੀ ਨਹੀਂ ਛੱਡਦੀ। ਇਸ ਲਈ ਪਰਮੇਸ਼ੁਰ ਦਾ ਬਚਨ ਸਾਨੂੰ ਉਤਸ਼ਾਹ ਦਿੰਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਦੇਖਣ ਅਤੇ ਚਾਹੁਣ ਲੱਗਿਆਂ ਖ਼ੁਦ ʼਤੇ ਕਾਬੂ ਰੱਖੀਏ। (1 ਕੁਰਿੰ. 9:25, 27; 1 ਯੂਹੰਨਾ 2:15-17 ਪੜ੍ਹੋ।) ਧਰਮੀ ਬੰਦਾ ਅੱਯੂਬ ਅੱਖਾਂ ਅਤੇ ਚਾਹਤ ਵਿਚਲੇ ਸੰਬੰਧ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?” (ਅੱਯੂ. 31:1) ਅੱਯੂਬ ਨੇ ਗ਼ਲਤ ਇਰਾਦੇ ਨਾਲ ਕਿਸੇ ਤੀਵੀਂ ਨੂੰ ਨਹੀਂ ਛੋਹਿਆ। ਉਸ ਨੇ ਤਾਂ ਆਪਣੇ ਮਨ ਵਿਚ ਅਜਿਹਾ ਖ਼ਿਆਲ ਵੀ ਨਹੀਂ ਆਉਣ ਦਿੱਤਾ। ਯਿਸੂ ਨੇ ਵੀ ਜ਼ੋਰ ਦਿੱਤਾ ਸੀ ਕਿ ਸਾਨੂੰ ਆਪਣੇ ਮਨਾਂ ਵਿੱਚੋਂ ਗੰਦੇ ਖ਼ਿਆਲ ਕੱਢ ਦੇਣੇ ਚਾਹੀਦੇ ਹਨ। ਉਸ ਨੇ ਕਿਹਾ ਸੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:28.
ਹੀਰੇ-ਮੋਤੀ
ਪਾਠਕਾਂ ਵੱਲੋਂ ਸਵਾਲ
ਪੁਰਾਣੇ ਸਮੇਂ ਵਿਚ ਦੁਸ਼ਮਣ ਸ਼ਹਿਰ ਉੱਤੇ ਹਮਲਾ ਕਰਨ ਲਈ ਉਸ ਦੇ ਆਲੇ-ਦੁਆਲੇ ਘੇਰਾਬੰਦੀ ਕਰ ਲੈਂਦੇ ਸਨ। ਜੇ ਦੁਸ਼ਮਣ ਇਸ ਤਰ੍ਹਾਂ ਲੰਬੇ ਸਮੇਂ ਲਈ ਕਰਦੇ ਸਨ, ਤਾਂ ਸ਼ਹਿਰ ਦੇ ਲੋਕ ਜਮ੍ਹਾ ਕੀਤਾ ਹੋਇਆ ਅਨਾਜ ਖਾ ਲੈਂਦੇ ਸਨ। ਜਦੋਂ ਦੁਸ਼ਮਣ ਸ਼ਹਿਰ ਉੱਤੇ ਹਮਲਾ ਕਰ ਕੇ ਇਸ ਨੂੰ ਜਿੱਤ ਲੈਂਦੇ ਸਨ, ਤਾਂ ਉਹ ਪੂਰੇ ਸ਼ਹਿਰ ਨੂੰ ਲੁੱਟ ਲੈਂਦੇ ਸਨ, ਇੱਥੋਂ ਤਕ ਕਿ ਬਚਿਆ-ਖੁਚਿਆ ਅਨਾਜ ਵੀ। ਪਰ ਯਰੀਹੋ ਦੇ ਖੰਡਰਾਤਾਂ ਵਿਚ ਪੁਰਾਤੱਤਵ-ਵਿਗਿਆਨੀਆਂ ਨੂੰ ਕਾਫ਼ੀ ਮਾਤਰਾ ਵਿਚ ਖਾਣ-ਪੀਣ ਦਾ ਸਮਾਨ ਲੱਭਾ। ਇਸ ਮਾਮਲੇ ਬਾਰੇ ਬਿਬਲੀਕਲ ਆਰਕਿਓਲੋਜੀ ਰਿਵਿਊ ਨਾਂ ਦਾ ਰਸਾਲਾ ਦੱਸਦਾ ਹੈ: “ਯਰੀਹੋ ਦੇ ਖੰਡਰਾਂ ਵਿਚ ਮਿੱਟੀ ਦੇ ਭਾਂਡਿਆਂ ਤੋਂ ਇਲਾਵਾ ਕਾਫ਼ੀ ਮਾਤਰਾ ਵਿਚ ਅਨਾਜ ਵੀ ਮਿਲਿਆ।” ਨਾਲੇ ਰਸਾਲਾ ਇਹ ਵੀ ਦੱਸਦਾ ਹੈ: “ਅਨਾਜ ਨਾਲ ਭਰੇ ਇਕ-ਦੋ ਮਿੱਟੀ ਦੇ ਭਾਂਡੇ ਮਿਲਣੇ ਕੋਈ ਵੱਡੀ ਗੱਲ ਨਹੀਂ, ਪਰ ਇੰਨੀ ਮਾਤਰਾ ਵਿਚ ਅਨਾਜ ਮਿਲਣਾ ਬਹੁਤ ਹੀ ਅਜੀਬ ਗੱਲ ਹੈ।”
ਬਾਈਬਲ ਦੱਸਦੀ ਹੈ ਕਿ ਇਜ਼ਰਾਈਲੀਆਂ ਨੇ ਯਹੋਵਾਹ ਦੇ ਹੁਕਮ ਕਰਕੇ ਯਰੀਹੋ ਵਿੱਚੋਂ ਕੋਈ ਵੀ ਖਾਣ-ਪੀਣ ਦੀ ਚੀਜ਼ ਨਹੀਂ ਲੁੱਟੀ ਸੀ। (ਯਹੋ. 6:17, 18) ਬਾਈਬਲ ਇਹ ਵੀ ਕਹਿੰਦੀ ਹੈ ਕਿ ਇਜ਼ਰਾਈਲੀਆਂ ਨੇ ਵਾਢੀ ਦੇ ਸਮੇਂ ਤੋਂ ਬਾਅਦ ਯਰੀਹੋ ਉੱਤੇ ਹਮਲਾ ਕੀਤਾ ਸੀ, ਇਸ ਕਰਕੇ ਸ਼ਹਿਰ ਵਿਚ ਕਾਫ਼ੀ ਸਾਰਾ ਅਨਾਜ ਜਮ੍ਹਾ ਕੀਤਾ ਗਿਆ ਸੀ। (ਯਹੋ. 3:15-17; 5:10) ਯਰੀਹੋ ʼਤੇ ਕਬਜ਼ਾ ਕਰਨ ਤੋਂ ਬਾਅਦ ਅਨਾਜ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਇਜ਼ਰਾਈਲੀਆਂ ਨੇ ਥੋੜ੍ਹੇ ਸਮੇਂ ਲਈ ਘੇਰਾਬੰਦੀ ਕੀਤੀ ਸੀ, ਬਿਲਕੁਲ ਜਿੱਦਾਂ ਬਾਈਬਲ ਦੱਸਦੀ ਹੈ।
4-10 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 8-9
“ਗਿਬਓਨੀਆਂ ਦੇ ਬਿਰਤਾਂਤ ਤੋਂ ਸਬਕ”
it-1 930-931
ਗਿਬਓਨ
ਯਹੋਸ਼ੁਆ ਦੇ ਜ਼ਮਾਨੇ ਵਿਚ। ਯਹੋਸ਼ੁਆ ਦੇ ਜ਼ਮਾਨੇ ਵਿਚ ਗਿਬਓਨੀ ਸੱਤ ਕਨਾਨੀ ਕੌਮਾਂ ਵਿੱਚੋਂ ਇਕ ਸਨ। ਯਹੋਵਾਹ ਨੇ ਇਨ੍ਹਾਂ ਕਨਾਨੀ ਕੌਮਾਂ ਦਾ ਨਾਸ਼ ਕਰਨ ਦਾ ਹੁਕਮ ਦਿੱਤਾ ਸੀ। (ਬਿਵ 7:1, 2; ਯਹੋ 9:3-7) ਪਰ ਗਿਬਓਨੀ ਕੌਮ ਬਾਕੀ ਕਨਾਨੀ ਕੌਮਾਂ ਤੋਂ ਅਲੱਗ ਸੀ। ਉਨ੍ਹਾਂ ਨੂੰ ਪਤਾ ਸੀ ਕਿ ਉਹ ਇਜ਼ਰਾਈਲੀਆਂ ਨੂੰ ਹਰਾ ਨਹੀਂ ਸਕਦੇ ਕਿਉਂਕਿ ਯਹੋਵਾਹ ਉਨ੍ਹਾਂ ਵੱਲੋਂ ਲੜ ਰਿਹਾ ਸੀ। ਗਿਬਓਨੀ ਕੌਮ ਦੇ ਕੋਲ ਬਹੁਤ ਵੱਡੀ ਫ਼ੌਜ ਸੀ ਅਤੇ ਉਨ੍ਹਾਂ ਦਾ ਸ਼ਹਿਰ ਬਹੁਤ ਵੱਡਾ ਤੇ ਮਜ਼ਬੂਤ ਸੀ, ਪਰ ਫਿਰ ਵੀ ਉਨ੍ਹਾਂ ਨੇ ਮੰਨ ਲਿਆ ਸੀ ਕਿ ਉਹ ਇਜ਼ਰਾਈਲੀਆਂ ਦਾ ਮੁਕਾਬਲਾ ਨਹੀਂ ਕਰ ਸਕਦੇ। ਇਸ ਲਈ ਅਈ ਤੇ ਯਰੀਹੋ ਦੇ ਨਾਸ਼ ਤੋਂ ਬਾਅਦ ਉਨ੍ਹਾਂ ਨੇ ਕੁਝ ਆਦਮੀਆਂ ਨੂੰ ਯਹੋਸ਼ੁਆ ਕੋਲ ਭੇਜਿਆ ਤਾਂਕਿ ਉਹ ਉਸ ਨੂੰ ਬੇਨਤੀ ਕਰੇ ਕਿ ਉਹ ਗਿਬਓਨੀ ਕੌਮ ਨੂੰ ਨਾਸ਼ ਨਾ ਕਰੇ। ਗਿਬਓਨੀ ਆਦਮੀ ਫਟੇ-ਪੁਰਾਣੇ ਕੱਪੜੇ ਤੇ ਘਸੀਆਂ ਹੋਈਆਂ ਜੁੱਤੀਆਂ ਪਾ ਕੇ ਗਏ ਅਤੇ ਆਪਣੇ ਨਾਲ ਪਾਟੀਆਂ ਹੋਈਆਂ ਮਸ਼ਕਾਂ ਅਤੇ ਸੁੱਕੀਆਂ ਤੇ ਭੁਰਭੁਰੀਆਂ ਰੋਟੀਆਂ ਲੈ ਕੇ ਗਏ ਤਾਂਕਿ ਇੱਦਾਂ ਲੱਗੇ ਕਿ ਉਹ ਕਿਸੇ ਦੂਰ ਦੇਸ਼ ਤੋਂ ਆਏ ਹਨ। ਉਨ੍ਹਾਂ ਨੂੰ ਦੇਖ ਕੇ ਤੋਂ ਇੱਦਾਂ ਲੱਗਾ ਜਿਵੇਂ ਉਹ ਵਾਅਦਾ ਕੀਤੇ ਹੋਏ ਦੇਸ਼ ਦੇ ਬਾਹਰ ਤੋਂ ਆਏ ਸਨ ਅਤੇ ਸੱਤ ਕਨਾਨੀ ਕੌਮਾਂ ਵਿੱਚੋਂ ਨਹੀਂ ਸਨ। ਉਨ੍ਹਾਂ ਨੇ ਯਹੋਸ਼ੁਆ ਦੇ ਸਾਮ੍ਹਣੇ ਮੰਨਿਆ ਕਿ ਮਿਸਰ ਅਤੇ ਅਮੋਰੀ ਰਾਜਾ ਸੀਹੋਨ ਤੇ ਓਗ ਨਾਲ ਜੋ ਵੀ ਹੋਇਆ, ਉਹ ਯਹੋਵਾਹ ਕਰਕੇ ਹੋਇਆ ਸੀ। ਪਰ ਉਨ੍ਹਾਂ ਨੇ ਯਰੀਹੋ ਤੇ ਅਈ ਦੇ ਨਾਸ਼ ਬਾਰੇ ਗੱਲ ਨਹੀਂ ਕੀਤੀ ਤਾਂਕਿ ਯਹੋਸ਼ੁਆ ਨੂੰ ਸ਼ੱਕ ਨਾ ਹੋਵੇ ਕਿ ਜੇ ਉਹ “ਬਹੁਤ ਦੂਰ ਦੇਸ਼ ਤੋਂ” ਆਏ ਹਨ, ਤਾਂ ਉਨ੍ਹਾਂ ਨੂੰ ਕਿਵੇਂ ਪਤਾ ਲੱਗਾ ਕਿਉਂਕਿ ਇਹ ਖ਼ਬਰ ਦੂਰ ਦੇਸ਼ ਤਕ ਪਹੁੰਚਣ ਵਿਚ ਕਾਫ਼ੀ ਸਮਾਂ ਲੱਗਦਾ।—ਯਹੋ 9:3-15.
“ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ”
14 ਨਾਮੁਕੰਮਲ ਹੋਣ ਕਰਕੇ ਸਾਨੂੰ ਸਾਰਿਆਂ ਨੂੰ, ਨਾਲੇ ਤਜਰਬੇਕਾਰ ਬਜ਼ੁਰਗਾਂ ਨੂੰ ਵੀ ਫ਼ੈਸਲੇ ਕਰਨ ਲੱਗਿਆਂ ਯਹੋਵਾਹ ਤੋਂ ਸੇਧ ਲੈਣੀ ਨਹੀਂ ਭੁੱਲਣੀ ਚਾਹੀਦੀ। ਧਿਆਨ ਦਿਓ ਕਿ ਮੂਸਾ ਤੋਂ ਬਾਅਦ ਬਣੇ ਆਗੂ ਯਹੋਸ਼ੁਆ ਅਤੇ ਇਸਰਾਏਲ ਦੇ ਬਜ਼ੁਰਗਾਂ ਨੇ ਉਦੋਂ ਕੀ ਕੀਤਾ ਜਦੋਂ ਸਮਝਦਾਰ ਗਿਬਓਨੀਆਂ ਨੇ ਭੇਸ ਬਦਲ ਕੇ ਢੌਂਗ ਕੀਤਾ ਕਿ ਉਹ ਦੂਰ ਦੇਸ਼ ਤੋਂ ਆਏ ਸਨ। ਯਹੋਵਾਹ ਦੀ ਸਲਾਹ ਲਏ ਬਿਨਾਂ ਯਹੋਸ਼ੁਆ ਅਤੇ ਦੂਸਰਿਆਂ ਨੇ ਅੱਗੇ ਵਧ ਕੇ ਗਿਬਓਨੀਆਂ ਨਾਲ ਸ਼ਾਂਤੀ ਕਾਇਮ ਕਰ ਲਈ ਅਤੇ ਉਨ੍ਹਾਂ ਨਾਲ ਇਕਰਾਰ ਕਰ ਲਿਆ। ਯਹੋਵਾਹ ਨੇ ਭਾਵੇਂ ਉਨ੍ਹਾਂ ਦੇ ਇਸ ਸਮਝੌਤੇ ਨੂੰ ਸਵੀਕਾਰ ਕਰ ਲਿਆ ਸੀ, ਪਰ ਉਸ ਨੇ ਪੱਕਾ ਕੀਤਾ ਕਿ ਉਸ ਦੀ ਸਲਾਹ ਨਾ ਲੈਣ ਸੰਬੰਧੀ ਇਹ ਗੱਲ ਸਾਡੇ ਫ਼ਾਇਦੇ ਲਈ ਬਾਈਬਲ ਵਿਚ ਦਰਜ ਕੀਤੀ ਜਾਵੇ।—ਯਹੋ. 9:3-6, 14, 15.
‘ਦੇਸ ਵਿੱਚ ਫਿਰ’
14 ਉਨ੍ਹਾਂ ਬੰਦਿਆਂ ਨੇ ਕਿਹਾ: “ਤੁਹਾਡੇ ਦਾਸ ਇੱਕ ਬਹੁਤ ਦੂਰ ਦੇਸ ਤੋਂ ਤੁਹਾਡੇ ਪਰਮੇਸ਼ੁਰ ਦੇ ਨਾਮ ਦੇ ਕਾਰਨ ਆਏ ਹਨ।” (ਯਹੋਸ਼ੁਆ 9:3-9) ਉਨ੍ਹਾਂ ਦੇ ਕੱਪੜਿਆਂ ਅਤੇ ਰੋਟੀ ਤੋਂ ਇੰਜ ਲੱਗਦਾ ਸੀ ਕਿ ਉਹ ਸੱਚ-ਮੁੱਚ ਦੂਰੋਂ ਆਏ ਹੋਏ ਸਨ, ਪਰ ਅਸਲ ਵਿਚ ਗਿਬਓਨ ਗਿਲਗਾਲ ਤੋਂ ਸਿਰਫ਼ 30 ਕੁ ਕਿਲੋਮੀਟਰ ਦੂਰ ਸੀ। ਯਹੋਸ਼ੁਆ ਅਤੇ ਹੋਰਨਾਂ ਪਰਧਾਨਾਂ ਨੇ ਗਿਬਓਨ ਤੇ ਉਸ ਦੇ ਨੇੜਲੇ ਸ਼ਹਿਰਾਂ ਦੇ ਲੋਕਾਂ ਨਾਲ ਦੋਸਤੀ ਕੀਤੀ। ਕੀ ਗਿਬਓਨੀਆਂ ਨੇ ਸਿਰਫ਼ ਆਪਣੀ ਜਾਨ ਬਚਾਉਣ ਲਈ ਇਹ ਢੌਂਗ ਕੀਤਾ ਸੀ? ਨਹੀਂ, ਉਹ ਸੱਚ-ਮੁੱਚ ਇਸਰਾਏਲ ਦੇ ਪਰਮੇਸ਼ੁਰ ਦੀ ਕਿਰਪਾ ਚਾਹੁੰਦੇ ਸਨ। ਯਹੋਵਾਹ ਨੇ ਗਿਬਓਨੀਆਂ ਨੂੰ ਮਨਜ਼ੂਰ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਜਗਵੇਦੀ ਅਤੇ ਲੋਕਾਂ ਦੀ ਸਭਾ ਲਈ “ਲੱਕੜਾ ਪਾੜਨ ਅਤੇ ਪਾਣੀ ਭਰਨ ਵਾਲੇ” ਠਹਿਰਾਇਆ। (ਯਹੋਸ਼ੁਆ 9:11-27) ਗਿਬਓਨ ਦੇ ਵਾਸੀ ਖ਼ੁਸ਼ੀ ਅਤੇ ਨਿਮਰਤਾ ਨਾਲ ਯਹੋਵਾਹ ਦੀ ਸੇਵਾ ਵਿਚ ਇਹ ਕੰਮ ਕਰਦੇ ਰਹੇ। ਹੋ ਸਕਦਾ ਹੈ ਕਿ ਉਨ੍ਹਾਂ ਵਿੱਚੋਂ ਕਈ ਨਥੀਨੀਮਾਂ ਵਿਚ ਵੀ ਗਿਣੇ ਗਏ ਸਨ ਜਿਨ੍ਹਾਂ ਨੇ ਬਾਬਲ ਤੋਂ ਵਾਪਸ ਆਣ ਕੇ ਦੁਬਾਰਾ ਬਣਾਈ ਗਈ ਹੈਕਲ ਵਿਚ ਸੇਵਾ ਕੀਤੀ ਸੀ। (ਅਜ਼ਰਾ 2:1, 2, 43-54; 8:20) ਸਾਨੂੰ ਵੀ ਉਨ੍ਹਾਂ ਦੀ ਰੀਸ ਕਰ ਕੇ ਪਰਮੇਸ਼ੁਰ ਨਾਲ ਸ਼ਾਂਤੀ ਕਾਇਮ ਰੱਖਣੀ ਚਾਹੀਦੀ ਹੈ ਅਤੇ ਨਿਮਰਤਾ ਨਾਲ ਉਸ ਦੀ ਸੇਵਾ ਵਿਚ ਕੋਈ ਵੀ ਕੰਮ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ।
ਹੀਰੇ-ਮੋਤੀ
it-1 1030
ਸੂਲ਼ੀ ਉੱਤੇ ਟੰਗਿਆ ਜਾਂਦਾ ਸੀ
ਇਜ਼ਰਾਈਲੀਆਂ ਨੂੰ ਦਿੱਤੇ ਕਾਨੂੰਨ ਅਨੁਸਾਰ ਕੁਝ ਅਪਰਾਧੀਆਂ ਨੂੰ ਮਾਰਨ ਤੋਂ ਬਾਅਦ ਉਨ੍ਹਾਂ ਦੀ ਲਾਸ਼ ਨੂੰ ਸੂਲ਼ੀ ʼਤੇ ਟੰਗਿਆ ਜਾਂਦਾ ਸੀ। ਮੰਨਿਆ ਜਾਂਦਾ ਸੀ ਕਿ ਜਿਸ ਨੂੰ ਸੂਲ਼ੀ ʼਤੇ ਟੰਗਿਆ ਜਾਂਦਾ ਸੀ, ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਰਾਪਿਆ ਹੋਇਆ ਸੀ। ਲਾਸ਼ ਨੂੰ ਸੂਲ਼ੀ ʼਤੇ ਟੰਗਣ ਕਰਕੇ ਬਾਕੀ ਲੋਕਾਂ ਨੂੰ ਵੀ ਸਬਕ ਮਿਲਦਾ ਸੀ ਕਿ ਉਹ ਬੁਰੇ ਕੰਮ ਨਾ ਕਰਨ।
ਪ੍ਰਚਾਰ ਵਿਚ ਮਾਹਰ ਬਣੋ
it-1 520; 525 ਪੈਰਾ 1
ਯਹੋਸ਼ੁਆ ਨੇ ਗਿਬਓਨੀਆਂ ਨਾਲ ਜੋ ਇਕਰਾਰ ਕੀਤਾ, ਉਸ ਤੋਂ ਅਸੀਂ ਕੀ ਸਿੱਖਦੇ ਹਾਂ?
ਜਿਸ ਇਬਰਾਨੀ ਸ਼ਬਦ ਦਾ ਅਨੁਵਾਦ “ਇਕਰਾਰ” ਕੀਤਾ ਗਿਆ ਹੈ, ਉਸ ਦੀ ਤੁਲਨਾ “ਕਾਨਟ੍ਰੈਕਟ” ਨਾਲ ਕੀਤੀ ਜਾ ਸਕਦੀ ਹੈ। ਇਸ ਲਈ ਇਕਰਾਰ ਇਕ ਤਰ੍ਹਾਂ ਦਾ ਸਮਝੌਤਾ ਜਾਂ ਕਾਨਟ੍ਰੈਕਟ ਹੁੰਦਾ ਹੈ ਜੋ ਦੋ ਜਾਂ ਜ਼ਿਆਦਾ ਵਿਅਕਤੀਆਂ ਵਿਚ ਕੀਤਾ ਜਾਂਦਾ ਹੈ। ਇਸ ਕਾਨਟ੍ਰੈਕਟ ਵਿਚ ਉਹ ਇਸ ਗੱਲ ʼਤੇ ਸਹਿਮਤ ਹੁੰਦੇ ਹਨ ਕਿ ਉਹ ਕੀ ਕਰਨਗੇ ਜਾਂ ਕੀ ਨਹੀਂ।
ਯਹੋਸ਼ੁਆ ਤੇ ਇਜ਼ਰਾਈਲ ਦੇ ਮੁਖੀਆਂ ਨੇ ਗਿਬਓਨ ਸ਼ਹਿਰ ਦੇ ਲੋਕਾਂ ਨਾਲ ਇਕਰਾਰ ਕੀਤਾ ਸੀ। ਇਸ ਸਮਝੌਤੇ ਵਿਚ ਉਨ੍ਹਾਂ ਨੇ ਗਿਬਓਨੀਆਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਨੂੰ ਨਹੀਂ ਮਾਰਨਗੇ। ਕਨਾਨੀ ਹੋਣ ਕਰਕੇ ਗਿਬਓਨੀ ਸਰਾਪੀ ਸਨ ਅਤੇ ਇਜ਼ਰਾਈਲੀਆਂ ਨੇ ਉਨ੍ਹਾਂ ਦਾ ਨਾਸ਼ ਕਰਨਾ ਸੀ। ਪਰ ਇਸ ਇਕਰਾਰ ਨੂੰ ਅਹਿਮ ਮੰਨਣ ਕਰਕੇ ਗਿਬਓਨੀਆਂ ਦਾ ਨਾਸ਼ ਨਹੀਂ ਕੀਤਾ ਗਿਆ। ਪਰ ਗਿਬਓਨੀ ਸਰਾਪੀ ਹੀ ਰਹੇ: ਉਹ ਇਜ਼ਰਾਈਲ ਦੀ ਮੰਡਲੀ ਲਈ ਲੱਕੜਾਂ ਇਕੱਠੀਆਂ ਕਰਦੇ ਅਤੇ ਪਾਣੀ ਭਰਦੇ ਰਹੇ। (ਯਹੋ 9:15, 16, 23-27)
11-17 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 10-11
“ਯਹੋਵਾਹ ਇਜ਼ਰਾਈਲੀਆਂ ਲਈ ਲੜਿਆ”
it-1 50
ਅਦੋਨੀ-ਸਦਕ
ਅਦੋਨੀ-ਸਦਕ ਉਨ੍ਹਾਂ ਦਿਨਾਂ ਵਿਚ ਯਰੂਸ਼ਲਮ ਦਾ ਰਾਜਾ ਸੀ ਜਦੋਂ ਇਜ਼ਰਾਈਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ʼਤੇ ਹਮਲਾ ਕੀਤਾ। ਜਦੋਂ ਗਿਬਓਨੀਆਂ ਨੇ ਯਹੋਸ਼ੁਆ ਨਾਲ ਮੇਲ-ਮਿਲਾਪ ਕਰ ਲਿਆ, ਤਾਂ ਅਦੋਨੀ-ਸਦਕ ਨੂੰ ਚਿੰਤਾ ਹੋਣ ਲੱਗੀ ਕਿ ਕਿਤੇ ਬਾਕੀ ਕੌਮਾਂ ਵੀ ਇਜ਼ਰਾਈਲੀਆਂ ਵੱਲ ਨਾ ਹੋ ਜਾਣ। ਇਸ ਲਈ ਉਸ ਨੇ ਚਾਰ ਰਾਜਿਆਂ ਨਾਲ ਮਿਲ ਕੇ ਗਿਬਓਨੀਆਂ ਨਾਲ ਲੜਾਈ ਕੀਤੀ।
it-1 1020
ਗੜੇ
ਯਹੋਵਾਹ ਨੇ ਗੜੇ ਵਰਾਏ। ਯਹੋਵਾਹ ਨੇ ਕਦੇ-ਕਦੇ ਆਪਣਾ ਵਾਅਦਾ ਪੂਰਾ ਕਰਨ ਅਤੇ ਆਪਣੀ ਮਹਾਨ ਤਾਕਤ ਦਿਖਾਉਣ ਲਈ ਗੜੇ ਵਰਾਏ। (ਕੂਚ 9:18-26; ਜ਼ਬੂ 78:47, 48; 105:32, 33) ਵਾਅਦਾ ਕੀਤੇ ਹੋਏ ਦੇਸ਼ ਵਿਚ ਜਦੋਂ ਪੰਜ ਅਮੋਰੀ ਰਾਜਿਆਂ ਨੇ ਗਿਬਓਨੀਆਂ ʼਤੇ ਹਮਲਾ ਕੀਤਾ ਅਤੇ ਇਜ਼ਰਾਈਲੀ ਯੁੱਧ ਵਿਚ ਉਨ੍ਹਾਂ ਦਾ ਸਾਥ ਦੇਣ ਆਏ, ਤਾਂ ਯਹੋਵਾਹ ਨੇ ਅਮੋਰੀਆਂ ʼਤੇ ਵੱਡੇ-ਵੱਡੇ ਗੜੇ ਵਰਾਏ। ਗੜਿਆਂ ਕਰਕੇ ਮਰਨ ਵਾਲਿਆਂ ਦੀ ਗਿਣਤੀ ਯੁੱਧ ਵਿਚ ਮਾਰੇ ਗਏ ਲੋਕਾਂ ਨਾਲੋਂ ਜ਼ਿਆਦਾ ਸੀ।
ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
10:13—ਅਜਿਹਾ ਚਮਤਕਾਰ ਕਿਸ ਤਰ੍ਹਾਂ ਹੋ ਸਕਦਾ ਸੀ? “ਭਲਾਂ, ਕੋਈ ਗੱਲ ਯਹੋਵਾਹ ਲਈ ਔਖੀ ਹੈ?” (ਉਤਪਤ 18:13) ਉਹ ਤਾਂ ਧਰਤੀ ਤੇ ਆਸਮਾਨ ਦਾ ਕਰਤਾਰ ਹੈ। ਜੇ ਉਹ ਚਾਹੁੰਦਾ, ਤਾਂ ਉਹ ਧਰਤੀ ਨੂੰ ਗੇੜੇ ਖਾਣ ਤੋਂ ਰੋਕ ਸਕਦਾ ਸੀ ਤਾਂਕਿ ਧਰਤੀ ਤੋਂ ਇਸ ਤਰ੍ਹਾਂ ਲੱਗੇ ਕਿ ਸੂਰਜ ਤੇ ਚੰਦ ਖੜ੍ਹੇ ਹੋ ਗਏ ਸਨ। ਨਹੀਂ ਤਾਂ ਉਹ ਧਰਤੀ ਅਤੇ ਚੰਦ ਦੀ ਰਫ਼ਤਾਰ ਰੋਕਣ ਤੋਂ ਬਿਨਾਂ ਸੂਰਜ ਦੀਆਂ ਕਿਰਨਾਂ ਨੂੰ ਇਸ ਤਰ੍ਹਾਂ ਮੋੜ ਸਕਦਾ ਸੀ ਕਿ ਉਨ੍ਹਾਂ ਤੋਂ ਲੋਅ ਹੁੰਦੀ ਰਹੇ। ਉਸ ਦਿਨ ਉਸ ਨੇ ਭਾਵੇਂ ਜੋ ਮਰਜ਼ੀ ਕੀਤਾ, ਪਰ ਇਕ ਗੱਲ ਜ਼ਰੂਰ ਸੀ ਕਿ ਇਤਿਹਾਸ ਵਿਚ “ਏਸ ਤੋਂ ਅੱਗੇ ਅਥਵਾ ਪਿੱਛੇ ਅਜੇਹਾ ਦਿਨ ਕਦੀ ਨਹੀਂ ਹੋਇਆ।”—ਯਹੋਸ਼ੁਆ 10:14.
ਹੀਰੇ-ਮੋਤੀ
ਪਾਠਕਾਂ ਵੱਲੋਂ ਸਵਾਲ
ਮੁਕਦੀ ਗੱਲ ਤਾਂ ਇਹ ਹੈ ਕਿ ਭਾਵੇਂ ਕੁਝ ਪੋਥੀਆਂ ਦਾ ਜ਼ਿਕਰ ਬਾਈਬਲ ਵਿਚ ਕੀਤਾ ਗਿਆ ਹੈ ਅਤੇ ਕੁਝ ਲਿਖਾਰੀਆਂ ਨੇ ਉਨ੍ਹਾਂ ਵਿੱਚੋਂ ਜਾਣਕਾਰੀ ਲਈ ਵੀ ਹੋਵੇਗੀ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਹ ਪਰਮੇਸ਼ੁਰ ਨੇ ਲਿਖਵਾਈਆਂ ਸਨ। ਲੇਕਿਨ ਯਹੋਵਾਹ ਨੇ ਉਹ ਸਾਰੀਆਂ ਲਿਖਤਾਂ ਬਚਾ ਕੇ ਰੱਖੀਆਂ ਹਨ ਜੋ ‘ਪਰਮੇਸ਼ੁਰ ਦੇ ਬਚਨ’ ਦਾ ਹਿੱਸਾ ਹਨ ਅਤੇ ‘ਸਦਾ ਤੀਕ ਕਾਇਮ ਰਹਿਣਗੀਆਂ।’ (ਯਸਾ. 40:8) ਅਸੀਂ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਬਾਈਬਲ ਦੀਆਂ 66 ਪੋਥੀਆਂ ਵਿਚ ਜੋ ਕੁਝ ਲਿਖਵਾਇਆ ਹੈ, ਸਾਨੂੰ ਉਸੇ ਦੀ ਜ਼ਰੂਰਤ ਹੈ ਤਾਂਕਿ ਅਸੀਂ “ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ” ਹੋ ਸਕੀਏ।—2 ਤਿਮੋ. 3:16, 17.
18-24 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 12-14
“ਪੂਰੇ ਦਿਲ ਨਾਲ ਯਹੋਵਾਹ ਦੇ ਮਗਰ ਚੱਲੋ”
ਯਹੋਸ਼ੁਆ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
14:10-13. ਭਾਵੇਂ ਕਾਲੇਬ 85 ਸਾਲ ਦਾ ਹੋ ਗਿਆ ਸੀ, ਫਿਰ ਵੀ ਉਸ ਨੇ ਇਕ ਮੁਸ਼ਕਲ ਕੰਮ ਮੰਗਿਆ। ਉਹ ਹਬਰੋਨ ਉੱਤੇ ਕਬਜ਼ਾ ਕਰਨਾ ਚਾਹੁੰਦਾ ਸੀ। ਉਸ ਇਲਾਕੇ ਵਿਚ ਉੱਚੇ ਕਦ ਵਾਲੇ ਹੱਟੇ-ਕੱਟੇ ਅਨਾਕੀ ਲੋਕ ਰਹਿੰਦੇ ਸਨ। ਯਹੋਵਾਹ ਦੀ ਮਦਦ ਨਾਲ ਇਸ ਸੂਰਬੀਰ ਕਾਲੇਬ ਨੇ ਹਬਰੋਨ ਨੂੰ ਜਿੱਤ ਲਿਆ ਤੇ ਹਬਰੋਨ ਪਨਾਹ ਦਾ ਇਕ ਨਗਰ ਬਣ ਗਿਆ। (ਯਹੋਸ਼ੁਆ 15:13-19; 21:11-13) ਕਾਲੇਬ ਦੀ ਮਿਸਾਲ ਤੋਂ ਅਸੀਂ ਸਿੱਖਦੇ ਹਾਂ ਕਿ ਜੇ ਸਾਨੂੰ ਯਹੋਵਾਹ ਦੀ ਭਗਤੀ ਵਿਚ ਕੋਈ ਮੁਸ਼ਕਲ ਕੰਮ ਦਿੱਤਾ ਜਾਵੇ, ਤਾਂ ਸਾਨੂੰ ਝਕਣਾ ਨਹੀਂ ਚਾਹੀਦਾ।
ਪਰਮੇਸ਼ੁਰ ਦਾ ਭੈ ਅਤੇ ਨਿਹਚਾ ਰੱਖ ਕੇ ਹਿੰਮਤੀ ਬਣੋ
11 ਜਦੋਂ ਅਸੀਂ ਯਹੋਵਾਹ ਦੇ ਰਾਹਾਂ ਤੇ ਚੱਲਦੇ ਹਾਂ, ਇਸ ਦੇ ਲਾਭਾਂ ਨੂੰ ‘ਚੱਖ ਕੇ ਵੇਖਦੇ ਹਾਂ,’ ਆਪਣੀਆਂ ਪ੍ਰਾਰਥਨਾਵਾਂ ਦਾ ਜਵਾਬ ਪਾਉਂਦੇ ਹਾਂ ਅਤੇ ਹੋਰ ਤਰੀਕਿਆਂ ਨਾਲ ਯਹੋਵਾਹ ਦੀ ਅਗਵਾਈ ‘ਵੇਖਦੇ’ ਹਾਂ, ਤਾਂ ਸਾਡੀ ਨਿਹਚਾ ਹੋਰ ਪੱਕੀ ਹੁੰਦੀ ਹੈ। (ਜ਼ਬੂਰਾਂ ਦੀ ਪੋਥੀ 34:8; 1 ਯੂਹੰਨਾ 5:14, 15) ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਯਹੋਸ਼ੁਆ ਤੇ ਕਾਲੇਬ ਦੀ ਨਿਹਚਾ ਉਦੋਂ ਹੋਰ ਵੀ ਪੱਕੀ ਹੋਈ ਹੋਣੀ ਜਦ ਉਨ੍ਹਾਂ ਨੇ ਯਹੋਵਾਹ ਦੀ ਭਲਾਈ ਦੇਖੀ। (ਯਹੋਸ਼ੁਆ 23:14) ਇਨ੍ਹਾਂ ਗੱਲਾਂ ਉੱਤੇ ਵਿਚਾਰ ਕਰੋ: ਯਹੋਵਾਹ ਦੇ ਵਾਅਦੇ ਮੁਤਾਬਕ 40 ਸਾਲ ਉਜਾੜ ਵਿਚ ਘੁੰਮਣ ਤੋਂ ਬਾਅਦ ਉਹ ਜੀਉਂਦੇ ਰਹੇ। (ਗਿਣਤੀ 14:27-30; 32:11, 12) ਅਗਲੇ ਛੇ ਸਾਲਾਂ ਦੌਰਾਨ ਉਨ੍ਹਾਂ ਨੇ ਕਨਾਨ ਉੱਤੇ ਕਬਜ਼ਾ ਕਰਨ ਵਿਚ ਅਹਿਮ ਭੂਮਿਕਾ ਨਿਭਾਈ। ਅਖ਼ੀਰ ਵਿਚ ਉਨ੍ਹਾਂ ਨੂੰ ਲੰਬੀ ਜ਼ਿੰਦਗੀ, ਤੰਦਰੁਸਤੀ ਅਤੇ ਆਪੋ-ਆਪਣੀ ਵਿਰਾਸਤ ਮਿਲੀ। ਜੀ ਹਾਂ, ਯਹੋਵਾਹ ਉਨ੍ਹਾਂ ਨੂੰ ਬੇਸ਼ੁਮਾਰ ਬਰਕਤਾਂ ਦਿੰਦਾ ਹੈ ਜੋ ਵਫ਼ਾਦਾਰੀ ਤੇ ਹਿੰਮਤ ਨਾਲ ਉਸ ਦੀ ਸੇਵਾ ਕਰਦੇ ਹਨ!—ਯਹੋਸ਼ੁਆ 14:6, 9-14; 19:49, 50; 24:29.
ਹੀਰੇ-ਮੋਤੀ
it-1 902-903
ਗਬਾਲ
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਦੱਸਿਆ ਕਿ ਉਨ੍ਹਾਂ ਨੇ ਹੋਰ ਕਿਹੜੇ-ਕਿਹੜੇ ਇਲਾਕਿਆਂ ʼਤੇ ਕਬਜ਼ਾ ਕਰਨਾ ਸੀ। ਉਨ੍ਹਾਂ ਵਿੱਚੋਂ ਇਕ ਇਲਾਕਾ ਸੀ, “ਗਬਾਲੀਆਂ ਦਾ ਇਲਾਕਾ” (ਯਹੋ 13:1-5) ਕੁਝ ਲੋਕਾਂ ਦਾ ਕਹਿਣਾ ਹੈ ਕਿ ਇਸ ਆਇਤ ਵਿਚ ਗ਼ਲਤੀ ਨਾਲ “ਗਬਾਲੀਆਂ ਦਾ ਇਲਾਕਾ” ਲਿਖਿਆ ਹੈ ਕਿਉਂਕਿ ਗਬਾਲ ਸ਼ਹਿਰ ਇਜ਼ਰਾਈਲ ਦੇਸ਼ ਦੇ ਕਾਫ਼ੀ ਉੱਤਰ ਵਿਚ ਸੀ। (ਦਾਨ ਦੇ ਲਗਭਗ 100 ਕਿਲੋਮੀਟਰ ਉੱਤਰ ਵਿਚ) ਉਹ ਕਹਿੰਦੇ ਹਨ ਕਿ ਇਸੇ ਕਰਕੇ ਇਜ਼ਰਾਈਲੀਆਂ ਨੇ ਗਬਾਲੀਆਂ ਦੇ ਇਲਾਕੇ ʼਤੇ ਕਦੀ ਕਬਜ਼ਾ ਨਹੀਂ ਕੀਤਾ ਸੀ। ਬਾਈਬਲ ਦਾ ਅਧਿਐਨ ਕਰਨ ਵਾਲੇ ਕੁਝ ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਸ਼ੁਰੂ ਵਿਚ ਇਬਰਾਨੀ ਵਿਚ ਇਸ ਆਇਤ ਵਿਚ ਸ਼ਾਇਦ ਲਿਖਿਆ ਸੀ, “ਲਬਾਨੋਨ ਦੇ ਨੇੜੇ ਦਾ ਇਲਾਕਾ” ਜਾਂ “ਗਬਾਲੀਆਂ ਦੇ ਇਲਾਕੇ ਦੀ ਸਰਹੱਦ ਤਕ।” ਬਾਅਦ ਵਿਚ ਇਹ ਸ਼ਬਦ ਮਿਟ ਗਏ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਸ਼ੁਆ 13:2-7 ਵਿਚ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਜੋ ਇਲਾਕਾ ਦੇਣ ਦਾ ਵਾਅਦਾ ਕੀਤਾ ਸੀ, ਉਹ ਤਾਂ ਹੀ ਮਿਲਣਾ ਸੀ ਜੇ ਉਹ ਯਹੋਵਾਹ ਦਾ ਕਹਿਣਾ ਮੰਨਦੇ। ਸੋ ਸ਼ਾਇਦ ਯਹੋਵਾਹ ਦਾ ਕਹਿਣਾ ਨਾ ਮੰਨਣ ਕਰਕੇ ਇਜ਼ਰਾਈਲੀਆਂ ਨੂੰ ਗਬਾਲੀਆਂ ਦਾ ਇਲਾਕਾ ਨਹੀਂ ਮਿਲਿਆ।—ਯਹੋ 23:12, 13 ਵਿਚ ਨੁਕਤਾ ਦੇਖੋ।
25-31 ਅਕਤੂਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਯਹੋਸ਼ੁਆ 15-17
“ਆਪਣੇ ਅਨਮੋਲ ਵਿਰਾਸਤ ਦੀ ਰਾਖੀ ਕਰੋ”
it-1 1083 ਪੈਰਾ 3
ਹਬਰੋਨ
ਇਜ਼ਰਾਈਲੀਆਂ ਨੇ ਯਹੋਸ਼ੁਆ ਦੀ ਅਗਵਾਈ ਅਧੀਨ ਹਬਰੋਨ ʼਤੇ ਕਬਜ਼ਾ ਕਰ ਲਿਆ ਸੀ, ਪਰ ਇੱਦਾਂ ਲੱਗਦਾ ਹੈ ਕਿ ਉਨ੍ਹਾਂ ਨੇ ਉਸ ਇਲਾਕੇ ਦੀ ਰਾਖੀ ਕਰਨ ਲਈ ਉੱਥੇ ਫ਼ੌਜੀ ਤੈਨਾਤ ਨਹੀਂ ਕੀਤੀ ਸਨ। ਸ਼ਾਇਦ ਜਦੋਂ ਇਜ਼ਰਾਈਲੀ ਦੂਸਰੇ ਇਲਾਕਿਆਂ ʼਤੇ ਕਬਜ਼ਾ ਕਰਨ ਲਈ ਯੁੱਧ ਕਰ ਰਹੇ ਸਨ, ਤਾਂ ਅਨਾਕੀਆਂ ਨੇ ਫਿਰ ਤੋਂ ਹਬਰੋਨ ʼਤੇ ਕਬਜ਼ਾ ਕਰ ਲਿਆ। ਸ਼ੁਰੂ ਵਿਚ ਹਬਰੋਨ ਕਾਲੇਬ ਨੂੰ ਵਿਰਾਸਤ ਵਿਚ ਦਿੱਤਾ ਗਿਆ ਸੀ, ਇਸ ਲਈ ਕਾਲੇਬ ਨੂੰ (ਜਾਂ ਕਾਲੇਬ ਦੀ ਅਗਵਾਈ ਅਧੀਨ ਯਹੂਦਾਹ ਦੇ ਪੁੱਤਰਾਂ ਨੂੰ) ਇਹ ਸ਼ਹਿਰ ਅਨਾਕੀਆਂ ਦੇ ਹੱਥੋਂ ਛੁਡਾਉਣਾ ਪਿਆ ਸੀ।—ਯਹੋ 11:21-23; 14:12-15; 15:13, 14; ਨਿਆ 1:10.
it-1 848
ਜਬਰੀ ਮਜ਼ਦੂਰੀ
ਯਹੋਵਾਹ ਨੇ ਇਜ਼ਰਾਈਲੀਆਂ ਨੂੰ ਕਿਹਾ ਸੀ ਕਿ ਜਦੋਂ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣਗੇ, ਤਾਂ ਉਹ ਉੱਥੋਂ ਸਾਰੇ ਕਨਾਨੀਆਂ ਨੂੰ ਭਜਾ ਦੇਣ ਅਤੇ ਉਨ੍ਹਾਂ ਦਾ ਨਾਸ਼ ਕਰ ਦੇਣ। ਪਰ ਇਜ਼ਰਾਈਲੀਆਂ ਨੇ ਯਹੋਵਾਹ ਦਾ ਕਹਿਣਾ ਨਹੀਂ ਮੰਨਿਆ। ਉਨ੍ਹਾਂ ਨੇ ਕੁਝ ਕਨਾਨੀਆਂ ਨੂੰ ਛੱਡ ਦਿੱਤਾ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਲਿਆ। ਇਸ ਦਾ ਭਿਆਨਕ ਨਤੀਜਾ ਨਿਕਲਿਆ। ਕਨਾਨੀਆਂ ਨੇ ਇਜ਼ਰਾਈਲੀਆਂ ਨੂੰ ਝੂਠੀ ਭਗਤੀ ਕਰਨ ਲਈ ਭਰਮਾ ਲਿਆ।—ਯਹੋ 16:10; ਨਿਆ 1:28; 2:3, 11, 12.
it-1 402 ਪੈਰਾ 3
ਕਨਾਨ
ਇਹ ਸੱਚ ਹੈ ਕਿ ਜਦੋਂ ਇਜ਼ਰਾਈਲੀਆਂ ਨੇ ਕਨਾਨੀ ਕੌਮਾਂ ਦਾ ਨਾਸ਼ ਕੀਤਾ, ਤਾਂ ਉਸ ਤੋਂ ਬਾਅਦ ਵੀ ਬਹੁਤ ਸਾਰੇ ਕਨਾਨੀ ਲੋਕ ਬਚ ਗਏ। ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ “ਯਹੋਵਾਹ ਨੇ ਇਜ਼ਰਾਈਲ ਨੂੰ ਉਹ ਸਾਰਾ ਦੇਸ਼ ਦਿੱਤਾ ਜਿਸ ਨੂੰ ਦੇਣ ਦੀ ਸਹੁੰ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਖਾਧੀ ਸੀ।” ਉਸ ਨੇ ਉਨ੍ਹਾਂ ਨੂੰ “ਹਰ ਪਾਸਿਓਂ ਆਰਾਮ ਦਿੱਤਾ” ਅਤੇ “ਇਜ਼ਰਾਈਲ ਦੇ ਘਰਾਣੇ ਨਾਲ ਜਿੰਨੇ ਵੀ ਚੰਗੇ ਵਾਅਦੇ ਕੀਤੇ ਸਨ, ਉਨ੍ਹਾਂ ਵਿੱਚੋਂ ਇਕ ਵੀ ਵਾਅਦਾ ਅਧੂਰਾ ਨਹੀਂ ਰਿਹਾ; ਸਾਰੇ ਦੇ ਸਾਰੇ ਪੂਰੇ ਹੋਏ।” (ਯਹੋ 21:43-45) ਇਜ਼ਰਾਈਲ ਦੇ ਹਰ ਪਾਸੇ ਜਿੰਨੇ ਵੀ ਦੁਸ਼ਮਣ ਸਨ, ਉਹ ਇਜ਼ਰਾਈਲੀਆਂ ਤੋਂ ਡਰਦੇ ਸਨ ਅਤੇ ਜਦੋਂ ਤਕ ਇਜ਼ਰਾਈਲੀ ਯਹੋਵਾਹ ਦੀ ਗੱਲ ਮੰਨਦੇ ਰਹੇ, ਉਦੋਂ ਤਕ ਉਨ੍ਹਾਂ ਨੂੰ ਦੁਸ਼ਮਣਾਂ ਤੋਂ ਕੋਈ ਖ਼ਤਰਾ ਨਹੀਂ ਸੀ। ਕਨਾਨੀਆਂ ਕੋਲ ਯੁੱਧ ਦੇ ਬਹੁਤ ਖ਼ਤਰਨਾਕ ਹਥਿਆਰ ਸਨ। ਉਨ੍ਹਾਂ ਦੇ ਯੁੱਧ ਦੇ ਰਥਾਂ ਨੂੰ ਪਹੀਆ ਵਿਚ ਲੋਹੇ ਦੀਆਂ ਦਾਤੀਆਂ ਲੱਗੀਆਂ ਹੋਈਆਂ ਸਨ। (ਯਹੋ 17:16-18; ਨਿਆ 4:13) ਪਰ ਫਿਰ ਵੀ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਭਰੋਸਾ ਦਿਵਾਇਆ ਕਿ ਜਿੱਤ ਉਨ੍ਹਾਂ ਦੀ ਹੀ ਹੋਵੇਗੀ। ਜਦੋਂ ਵੀ ਇਜ਼ਰਾਈਲੀ ਕਨਾਨੀਆਂ ਤੋਂ ਹਾਰਦੇ ਸਨ, ਤਾਂ ਉਸ ਵਿਚ ਯਹੋਵਾਹ ਦਾ ਕਸੂਰ ਨਹੀਂ ਹੁੰਦਾ ਸੀ। ਯਹੋਵਾਹ ਦਾ ਹੁਕਮ ਤੋੜਨ ਕਰਕੇ ਉਹ ਹਾਰ ਜਾਂਦੇ ਸਨ।—ਗਿਣ 14:44, 45; ਯਹੋ 7:1-12.
ਹੀਰੇ-ਮੋਤੀ
ਕੀ ਤੁਸੀਂ ਜਾਣਦੇ ਹੋ?
ਬਾਈਬਲ ਕਹਿੰਦੀ ਹੈ ਕਿ ਪ੍ਰਾਚੀਨ ਇਜ਼ਰਾਈਲ ਵਿਚ ਜੰਗਲ ਸਨ। ਕੀ ਇਹ ਸੱਚ ਹੈ?
ਬਾਈਬਲ ਦੱਸਦੀ ਹੈ ਕਿ ਵਾਅਦਾ ਕੀਤੇ ਹੋਏ ਦੇਸ਼ ਵਿਚ ਕੁਝ ਇਲਾਕੇ ਜੰਗਲੀ ਸਨ ਜਿੱਥੇ ਦਰਖ਼ਤ ਹੀ ਦਰਖ਼ਤ ਸਨ। (1 ਰਾਜ. 10:27; ਯਹੋ. 17:15, 18) ਪਰ ਕਈ ਲੋਕ ਇਸ ਗੱਲ ʼਤੇ ਸ਼ੱਕ ਕਰਦੇ ਹਨ ਕਿਉਂਕਿ ਅੱਜ ਉਨ੍ਹਾਂ ਇਲਾਕਿਆਂ ਵਿਚ ਦਰਖ਼ਤਾਂ ਦਾ ਕੋਈ ਨਾਮੋ-ਨਿਸ਼ਾਨ ਨਹੀਂ ਹੈ।
ਬਾਈਬਲ ਵਿਚ ਦੱਸੇ ਇਜ਼ਰਾਈਲ ਵਿਚ ਜ਼ਿੰਦਗੀ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਦੱਸਦੀ ਹੈ: “ਅੱਜ ਦੇ ਜੰਗਲਾਂ ਨਾਲੋਂ ਪ੍ਰਾਚੀਨ ਇਜ਼ਰਾਈਲ ਦੇ ਜੰਗਲ ਬਹੁਤ ਵਿਸ਼ਾਲ ਸਨ।” ਉੱਥੇ ਜ਼ਿਆਦਾਤਰ ਅਲੈਪੋ ਪਾਈਨ, ਬਲੂਤ ਅਤੇ ਟੈਰੀਬਿਨਥ ਨਾਂ ਦੇ ਦਰਖ਼ਤ ਹੁੰਦੇ ਸਨ। ਬੇਟ (ਦਰਿਆ ਦੇ ਲਾਗੇ ਦੀ ਨੀਵੀਂ ਜ਼ਮੀਨ) ਵਿਚ ਅੰਜੀਰਾਂ ਦੇ ਵੀ ਬਹੁਤ ਦਰਖ਼ਤ ਹੁੰਦੇ ਸਨ ਜੋ ਪਹਾੜਾਂ ਅਤੇ ਭੂਮੱਧ ਸਾਗਰ ਦੀ ਗੋਦ ਵਿਚ ਹੈ।
ਬਾਈਬਲ ਵਿਚ ਜ਼ਿਕਰ ਕੀਤੇ ਗਏ ਪੌਦੇ (ਅੰਗ੍ਰੇਜ਼ੀ) ਨਾਂ ਦੀ ਕਿਤਾਬ ਵਿਚ ਇਜ਼ਰਾਈਲ ਦੇ ਕੁਝ ਇਲਾਕਿਆਂ ਬਾਰੇ ਦੱਸਿਆ ਗਿਆ ਹੈ ਜਿਨ੍ਹਾਂ ਵਿਚ ਹੁਣ ਦਰਖ਼ਤ ਬਿਲਕੁਲ ਹੀ ਨਹੀਂ ਹਨ। ਇਸ ਤਰ੍ਹਾਂ ਕਿਉਂ ਹੋਇਆ? ਕਿਤਾਬ ਸਮਝਾਉਂਦੀ ਹੈ ਕਿ ਇਸ ਤਰ੍ਹਾਂ ਹੌਲੀ-ਹੌਲੀ ਹੋਇਆ: “ਇਨਸਾਨਾਂ ਨੇ ਲਗਾਤਾਰ ਪੇੜ-ਪੌਦਿਆਂ ਨੂੰ ਕੱਟਿਆ-ਵੱਢਿਆ ਹੈ ਤਾਂਕਿ ਉਹ ਆਪਣੀ ਖੇਤੀ-ਬਾੜੀ ਨੂੰ ਵਧਾ ਸਕਣ ਅਤੇ ਆਪਣੇ ਜਾਨਵਰਾਂ ਨੂੰ ਚਾਰ ਸਕਣ। ਨਾਲੇ ਉਨ੍ਹਾਂ ਨੇ ਘਰ ਬਣਾਉਣ ਤੇ ਬਾਲ਼ਣ ਲਈ ਵੀ ਦਰਖ਼ਤਾਂ ਨੂੰ ਕੱਟਿਆ-ਵੱਢਿਆ ਹੈ।”