ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2023 Watch Tower Bible and Tract Society of Pennsylvania
6-12 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 13-14
“ਜੇ ਆਦਮੀ ਮਰ ਜਾਏ, ਤਾਂ ਕੀ ਉਹ ਦੁਬਾਰਾ ਜੀਉਂਦਾ ਹੋਵੇਗਾ?”
ਲੰਬੀ ਉਮਰ ਲਈ ਖੋਜ
ਭਾਵੇਂ ਕਿ ਇਹ ਸ਼ਬਦ ਕੁਝ 3,500 ਸਾਲ ਪਹਿਲਾਂ ਲਿਖੇ ਗਏ ਸਨ, ਕਾਫ਼ੀ ਲੋਕ ਅੱਜ ਵੀ ਇਨ੍ਹਾਂ ਨਾਲ ਸਹਿਮਤ ਹਨ। ਇਨਸਾਨ ਥੋੜ੍ਹੇ ਚਿਰ ਲਈ ਹੀ ਜਵਾਨੀ ਨੂੰ ਛੋਂਹਦਾ ਹੈ ਅਤੇ ਫਿਰ ਬੁੱਢਾ ਹੋ ਕੇ ਮਰ ਜਾਂਦਾ ਹੈ। ਇਸ ਹਕੀਕਤ ਕਰਕੇ ਲੋਕ ਹਮੇਸ਼ਾ ਇਕ ਘਾਟ ਜਿਹੀ ਮਹਿਸੂਸ ਕਰਦੇ ਆਏ ਹਨ। ਤਾਹੀਂ ਇਤਿਹਾਸ ਦੇ ਦੌਰਾਨ ਇਨਸਾਨ ਨੇ ਉਮਰ ਵਧਾਉਣ ਦੇ ਵੰਨ-ਸੁਵੰਨੇ ਤਰੀਕੇ ਲੱਭਣ ਦੀ ਕੋਸ਼ਿਸ਼ ਕੀਤੀ ਹੈ।
ਅੱਯੂਬ ਦੇ ਜ਼ਮਾਨੇ ਵਿਚ ਮਿਸਰੀ ਲੋਕ ਜਵਾਨੀ ਮੁੜ ਕੇ ਹਾਸਲ ਕਰਨ ਲਈ ਪਸ਼ੂਆਂ ਦੇ ਅੰਡਕੋਸ਼ ਖਾਂਦੇ ਸਨ। ਪਰ ਇਹ ਵਿਅਰਥ ਸਾਬਤ ਹੋਇਆ। ਮੱਧਕਾਲੀ ਨੀਮ-ਹਕੀਮੀ ਦਾ ਇਕ ਮੁੱਖ ਉਦੇਸ਼ ਸੀ ਇਕ ਪ੍ਰਕਾਰ ਦਾ ਅੰਮ੍ਰਿਤ ਬਣਾਉਣਾ ਜੋ ਲੰਬੀ ਉਮਰ ਸੰਭਵ ਕਰ ਸਕੇ। ਕਈ ਨੀਮ-ਹਕੀਮ ਇਹ ਵਿਸ਼ਵਾਸ ਕਰਦੇ ਸੀ ਕਿ ਬਣਾਵਟੀ ਸੋਨਾ ਅਮਰਤਾ ਸੰਭਵ ਕਰਦਾ ਹੈ ਨਾਲੇ ਸੁਨਹਿਰੀ ਥਾਲੀਆਂ ਤੋਂ ਖਾਣ ਨਾਲ ਉਮਰ ਵੱਧ ਸਕਦੀ ਹੈ। ਪ੍ਰਾਚੀਨ ਤਾਓਵਾਦੀ ਚੀਨੇ ਸੋਚਦੇ ਸਨ ਕਿ ਸਮਾਧੀ ਲਾਉਣ, ਸਾਹ ਕੰਟ੍ਰੋਲ ਕਰਨ, ਅਤੇ ਖ਼ੁਰਾਕ ਦੁਆਰਾ ਉਹ ਸਰੀਰ ਦੀ ਬਣਤਰ ਨੂੰ ਬਦਲ ਸਕਦੇ ਸਨ ਅਤੇ ਇਵੇਂ ਇਨਸਾਨ ਅਮਰਤਾ ਹਾਸਲ ਕਰ ਸਕਦੇ ਸਨ।
ਸਪੇਨੀ ਖੋਜਕਾਰ ਹੁਆਨ ਪੌਂਸ ਡ ਲੈਓਨ ਜੀਵਨ ਦੇ ਸੋਮੇ ਦੀ ਖੋਜ ਕਰਨ ਲਈ ਮਸ਼ਹੂਰ ਹੈ। ਅਠਾਰ੍ਹਵੀਂ ਸਦੀ ਦੇ ਇਕ ਡਾਕਟਰ ਨੇ ਹਰਮੀਪਸ ਰੱਡਵਾਈਵਸ ਨਾਂ ਦੀ ਆਪਣੀ ਪੁਸਤਕ ਵਿਚ ਇਹ ਸਲਾਹ ਦਿੱਤੀ ਸੀ ਕਿ ਬਸੰਤ ਦੀ ਰੁੱਤ ਵਿਚ ਛੋਟੀ ਉਮਰ ਦੀਆਂ ਕੁਆਰੀਆਂ ਲੜਕੀਆਂ ਨੂੰ ਇਕ ਕਮਰੇ ਵਿਚ ਰੱਖਿਆ ਜਾਵੇ ਅਤੇ ਉਨ੍ਹਾਂ ਦੇ ਸਾਹ ਬੋਤਲਾਂ ਵਿਚ ਇਕੱਠੇ ਕਰ ਕੇ ਉਮਰ ਵਧਾਉਣ ਦੀ ਦਵਾਈ ਵਜੋਂ ਵਰਤੇ ਜਾਣ। ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਤਰੀਕਾ ਨਹੀਂ ਸਫ਼ਲ ਹੋਇਆ।
ਕੀ ਵੱਢਿਆ ਗਿਆ ਦਰਖ਼ਤ ਦੁਬਾਰਾ ਉੱਗੇਗਾ?
ਲੇਬਨਾਨ ਦੇ ਸ਼ਾਨਦਾਰ ਦਿਆਰ ਦੇ ਦਰਖ਼ਤਾਂ ਦੇ ਮੁਕਾਬਲੇ ਜ਼ੈਤੂਨ ਦੇ ਗੰਢਾਂ ਨਾਲ ਭਰੇ ਵਿੰਗੇ-ਤੜਿੰਗੇ ਦਰਖ਼ਤ ਸ਼ਾਇਦ ਇੰਨੇ ਸੋਹਣੇ ਨਾ ਦਿੱਸਣ। ਪਰ ਜ਼ੈਤੂਨ ਦੇ ਦਰਖ਼ਤ ਖ਼ਰਾਬ ਮੌਸਮ ਦੇ ਬਾਵਜੂਦ ਟਿਕੇ ਰਹਿੰਦੇ ਹਨ। ਕੁਝ ਦਰਖ਼ਤ ਤਕਰੀਬਨ 1,000 ਸਾਲ ਪੁਰਾਣੇ ਹਨ। ਇਨ੍ਹਾਂ ਦੀਆਂ ਜੜ੍ਹਾਂ ਜ਼ਮੀਨ ਦੇ ਧੁਰ ਅੰਦਰ ਤਕ ਫੈਲੀਆਂ ਹੁੰਦੀਆਂ ਹਨ ਅਤੇ ਜੇ ਇਨ੍ਹਾਂ ਦੇ ਤਣੇ ਖ਼ਰਾਬ ਹੋ ਜਾਣ ਜਾਂ ਵੱਢ ਦਿੱਤੇ ਜਾਣ, ਤਾਂ ਵੀ ਇਹ ਦਰਖ਼ਤ ਦੁਬਾਰਾ ਉੱਗ ਜਾਂਦੇ ਹਨ। ਜਦ ਤਕ ਜੜ੍ਹਾਂ ਹਰੀਆਂ ਰਹਿੰਦੀਆਂ ਹਨ, ਇਹ ਦੁਬਾਰਾ ਤੋਂ ਉੱਗ ਜਾਂਦੇ ਹਨ।
ਪਰਮੇਸ਼ੁਰ ਦੇ ਵਫ਼ਾਦਾਰ ਭਗਤ ਅੱਯੂਬ ਨੂੰ ਪੂਰਾ ਯਕੀਨ ਸੀ ਕਿ ਜੇ ਉਹ ਮਰ ਵੀ ਜਾਵੇ, ਤਾਂ ਦੁਬਾਰਾ ਜੀਉਂਦਾ ਹੋ ਜਾਵੇਗਾ। (ਅੱਯੂ. 14:13-15) ਉਸ ਨੇ ਇਕ ਦਰਖ਼ਤ ਦੀ ਮਿਸਾਲ, ਸ਼ਾਇਦ ਜ਼ੈਤੂਨ ਦੇ ਦਰਖ਼ਤ ਦੀ ਮਿਸਾਲ ਦੇ ਕੇ ਦੱਸਿਆ ਕਿ ਪਰਮੇਸ਼ੁਰ ਮੌਤ ਦੀ ਨੀਂਦ ਸੌਂ ਚੁੱਕੇ ਲੋਕਾਂ ਨੂੰ ਦੁਬਾਰਾ ਜੀਉਂਦਾ ਕਰ ਸਕਦਾ ਹੈ। ਅੱਯੂਬ ਨੇ ਕਿਹਾ: “ਰੁੱਖ ਲਈ ਤਾਂ ਆਸਾ ਹੈ, ਭਈ ਜੇ ਉਹ ਕੱਟਿਆ ਜਾਵੇ ਤਾਂ ਉਹ ਫੇਰ ਫੁੱਟੇਗਾ।” ਜਦ ਕਾਲ਼ ਪੈਣ ਤੋਂ ਬਾਅਦ ਬਾਰਸ਼ ਪੈਂਦੀ ਹੈ, ਤਾਂ ਇਕ ਸੁੱਕਿਆ ਜ਼ੈਤੂਨ ਦਾ ਦਰਖ਼ਤ ਦੁਬਾਰਾ ਤੋਂ ਹਰਾ ਹੋ ਜਾਂਦਾ ਹੈ ਅਤੇ ਉਹ ‘ਬੂਟੇ ਵਾਂਙੁ ਟਹਿਣੀਆਂ ਕੱਢਦਾ’ ਹੈ।—ਅੱਯੂ. 14:7-9.
“ਤੂੰ ਆਪਣੇ ਹੱਥਾਂ ਦੇ ਕੰਮ ਨੂੰ ਚਾਹਵੇਂਗਾ”
ਅੱਯੂਬ ਦੇ ਲਫ਼ਜ਼ ਸਾਨੂੰ ਯਹੋਵਾਹ ਬਾਰੇ ਇਕ ਬਹੁਤ ਵਧੀਆ ਸਬਕ ਸਿਖਾਉਂਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਨੂੰ ਬਹੁਤ ਪਿਆਰ ਕਰਦਾ ਹੈ ਜਿਹੜੇ ਅੱਯੂਬ ਵਾਂਗ ਆਪਣੇ ਆਪ ਨੂੰ ਰੱਬ ਦੇ ਹੱਥਾਂ ਵਿਚ ਸੌਂਪ ਦਿੰਦੇ ਹਨ ਅਤੇ ਉਸ ਦੀ ਮਰਜ਼ੀ ਮੁਤਾਬਕ ਚੱਲਦੇ ਹਨ। ਅਜਿਹੇ ਲੋਕਾਂ ਨੂੰ ਦੇਖ ਕੇ ਯਹੋਵਾਹ ਬਹੁਤ ਖ਼ੁਸ਼ ਹੁੰਦਾ ਹੈ। (ਯਸਾਯਾਹ 64:8) ਯਹੋਵਾਹ ਆਪਣੇ ਵਫ਼ਾਦਾਰ ਭਗਤਾਂ ਦੀ ਬਹੁਤ ਕਦਰ ਕਰਦਾ ਹੈ। ਉਹ ਉਨ੍ਹਾਂ ਵਫ਼ਾਦਾਰ ਭਗਤਾਂ ਨੂੰ ‘ਚਾਹੁੰਦਾ’ ਹੈ ਜਿਹੜੇ ਮੌਤ ਦੀ ਨੀਂਦ ਸੌਂ ਗਏ ਹਨ। ਇਕ ਵਿਦਵਾਨ ਕਹਿੰਦਾ ਹੈ ਕਿ ਜਿਸ ਇਬਰਾਨੀ ਸ਼ਬਦ ਦਾ ਤਰਜਮਾ “ਚਾਹਵੇਂਗਾ” ਕੀਤਾ ਗਿਆ ਹੈ “ਉਸ ਸ਼ਬਦ ਨਾਲੋਂ ਚਾਹਤ ਜਾਂ ਤਾਂਘ ਵਰਗੀ ਜ਼ੋਰਦਾਰ ਇੱਛਾ ਨੂੰ ਦਰਸਾਉਣ ਲਈ, ਹੋਰ ਕੋਈ ਵਧੀਆ ਸ਼ਬਦ ਨਹੀਂ ਹੈ।” ਜੀ ਹਾਂ, ਯਹੋਵਾਹ ਨਾ ਸਿਰਫ਼ ਆਪਣੇ ਭਗਤਾਂ ਨੂੰ ਚੇਤੇ ਰੱਖਦਾ ਹੈ, ਸਗੋਂ ਉਹ ਉਨ੍ਹਾਂ ਨੂੰ ਦੁਬਾਰਾ ਜ਼ਿੰਦਗੀ ਵੀ ਦੇਣੀ ਚਾਹੁੰਦਾ ਹੈ।
ਹੀਰੇ-ਮੋਤੀ
it-1 191
ਸੁਆਹ
ਸੁਆਹ ਸ਼ਬਦ ਉਨ੍ਹਾਂ ਚੀਜ਼ਾਂ ਜਾਂ ਲੋਕਾਂ ਨੂੰ ਦਰਸਾਉਂਦਾ ਸੀ ਜਿਨ੍ਹਾਂ ਦੀ ਕੋਈ ਅਹਿਮੀਅਤ ਨਹੀਂ ਸੀ ਜਾਂ ਜੋ ਬੇਕਾਰ ਸਨ। ਉਦਾਹਰਣ ਲਈ, ਅਬਰਾਹਾਮ ਨੇ ਨਿਮਰਤਾ ਨਾਲ ਯਹੋਵਾਹ ਪਰਮੇਸ਼ੁਰ ਨੂੰ ਕਿਹਾ: “ਮੈਂ ਮਿੱਟੀ ਦਾ ਬਣਿਆ ਮਾਮੂਲੀ ਇਨਸਾਨ ਹਾਂ।” (ਉਤ 18:27; ਇਹ ਵੀ ਦੇਖੋ ਯਸਾ 44:20; ਅੱਯੂ 30:19) ਨਾਲੇ ਅੱਯੂਬ ਨੇ ਵੀ ਆਪਣੇ ਝੂਠੇ ਦੋਸਤਾਂ ਦੀਆਂ ਗੱਲਾਂ ਨੂੰ “ਸੁਆਹ ਦੀਆਂ ਕਹਾਵਤਾਂ” ਕਿਹਾ।—ਅੱਯੂ 13:12.
13-19 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 15-17
“ਅਲੀਫ਼ਾਜ਼ ਵਾਂਗ ਦੂਜਿਆਂ ਦਾ ਹੌਸਲਾ ਨਾ ਢਾਹੋ”
ਆਪਣੇ ਮਨ ਵਿਚ ਗ਼ਲਤ ਵਿਚਾਰ ਨਾ ਆਉਣ ਦਿਓ!
ਅਲੀਫ਼ਜ਼ ਨੇ ਅੱਯੂਬ ਨਾਲ ਤਿੰਨ ਵਾਰ ਗੱਲ ਕੀਤੀ ਅਤੇ ਹਰ ਵਾਰ ਉਸ ਨੇ ਇਹੀ ਕਿਹਾ ਕਿ ਪਰਮੇਸ਼ੁਰ ਬਹੁਤ ਪੱਥਰ-ਦਿਲ ਹੈ ਤੇ ਉਸ ਦੇ ਸੇਵਕ ਉਸ ਨੂੰ ਕਿਸੇ ਵੀ ਤਰ੍ਹਾਂ ਖ਼ੁਸ਼ ਨਹੀਂ ਕਰ ਸਕਦੇ। ਅਲੀਫ਼ਜ਼ ਨੇ ਅੱਯੂਬ ਨੂੰ ਕਿਹਾ: “ਉਹ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ ਰੱਖਦਾ ਅਤੇ ਆਪਣੇ ਦੂਤਾਂ ਨੂੰ ਮੂਰਖ ਠਹਿਰਾਉਂਦਾ ਹੈ।” (ਅੱਯੂਬ 4:18) ਬਾਅਦ ਵਿਚ ਅਲੀਫ਼ਜ਼ ਨੇ ਪਰਮੇਸ਼ੁਰ ਬਾਰੇ ਕਿਹਾ: “ਉਹ ਆਪਣੇ ਪਵਿੱਤ੍ਰ ਜਨਾਂ ਉੱਤੇ ਬਿਸਵਾਸ ਨਹੀਂ ਰੱਖਦਾ, ਅਤੇ ਅਕਾਸ਼ ਵੀ ਉਹ ਦੀਆਂ ਅੱਖਾਂ ਵਿੱਚ ਪਾਕ ਨਹੀਂ।” (ਅੱਯੂਬ 15:15) ਉਸ ਨੇ ਅੱਯੂਬ ਨੂੰ ਇਹ ਵੀ ਪੁੱਛਿਆ: “ਤੇਰੇ ਧਰਮੀ ਹੋਣ ਨਾਲ ਸਰਬ ਸ਼ਕਤੀਮਾਨ ਨੂੰ ਕੀ ਖ਼ੁਸ਼ੀ ਹੈ?” (ਅੱਯੂਬ 22:3) ਬਿਲਦਦ ਇਸ ਗੱਲ ਤੇ ਉਸ ਨਾਲ ਸਹਿਮਤ ਹੋਇਆ ਕਿਉਂਕਿ ਉਸ ਨੇ ਕਿਹਾ: “ਚੰਦ ਵਿੱਚ ਵੀ ਚਮਕ ਨਹੀਂ, ਅਤੇ [ਪਰਮੇਸ਼ੁਰ] ਦੀ ਨਿਗਾਹ ਵਿੱਚ ਤਾਰੇ ਵੀ ਨਿਰਮਲ ਨਹੀਂ।”—ਅੱਯੂਬ 25:5.
ਸਾਨੂੰ ਅਜਿਹੀ ਸੋਚ ਤੋਂ ਬਚਣਾ ਚਾਹੀਦਾ ਹੈ, ਵਰਨਾ ਅਸੀਂ ਸੋਚਣ ਲੱਗ ਪਵਾਂਗੇ ਕਿ ਪਰਮੇਸ਼ੁਰ ਦੀਆਂ ਮੰਗਾਂ ਇੰਨੀਆਂ ਔਖੀਆਂ ਹਨ ਕਿ ਅਸੀਂ ਇਨ੍ਹਾਂ ਨੂੰ ਕਦੀ ਵੀ ਪੂਰੀਆਂ ਨਹੀਂ ਕਰ ਸਕਦੇ। ਅਜਿਹੀ ਸੋਚਣੀ ਯਹੋਵਾਹ ਨਾਲ ਸਾਡੇ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਤੋਂ ਇਲਾਵਾ ਜੇ ਅਸੀਂ ਇਸ ਤਰ੍ਹਾਂ ਸੋਚਣ ਲੱਗ ਪਈਏ, ਤਾਂ ਤਾੜਨਾ ਮਿਲਣ ਤੇ ਅਸੀਂ ਕਿਵੇਂ ਮਹਿਸੂਸ ਕਰਾਂਗੇ? ਨਿਮਰ ਹੋ ਕੇ ਤਾੜਨਾ ਕਬੂਲ ਕਰਨ ਦੀ ਬਜਾਇ ਸਾਡਾ ਮਨ “ਯਹੋਵਾਹ ਤੇ ਗੁੱਸੇ” ਹੋਵੇਗਾ। (ਕਹਾਉਤਾਂ 19:3) ਇਸ ਦਾ ਨਤੀਜਾ ਬਹੁਤ ਮਾੜਾ ਨਿਕਲੇਗਾ!
ਯਿਸੂ ਵਾਂਗ ਨਿਮਰ ਅਤੇ ਦਇਆਵਾਨ ਬਣੋ
16 ਸਾਡੇ ਪਿਆਰ ਭਰੇ ਸ਼ਬਦ। ਦਇਆ ਦਾ ਗੁਣ ਸਾਨੂੰ “ਨਿਰਾਸ਼ ਲੋਕਾਂ ਨੂੰ ਦਿਲਾਸਾ” ਦੇਣ ਲਈ ਪ੍ਰੇਰਿਤ ਕਰਦਾ ਹੈ। (1 ਥੱਸ. 5:14) ਅਸੀਂ ਉਨ੍ਹਾਂ ਨੂੰ ਦਿਲਾਸਾ ਦੇਣ ਲਈ ਕੀ ਕਹਿ ਸਕਦੇ ਹਾਂ? ਅਸੀਂ ਉਨ੍ਹਾਂ ਨੂੰ ਦੱਸ ਸਕਦੇ ਹਾਂ ਕਿ ਸਾਨੂੰ ਉਨ੍ਹਾਂ ਦਾ ਕਿੰਨਾ ਫ਼ਿਕਰ ਹੈ। ਅਸੀਂ ਉਨ੍ਹਾਂ ਦੀ ਤਾਰੀਫ਼ ਕਰ ਸਕਦੇ ਹਾਂ ਅਤੇ ਉਨ੍ਹਾਂ ਦੀ ਇਹ ਦੇਖਣ ਵਿਚ ਮਦਦ ਕਰ ਸਕਦੇ ਹਾਂ ਕਿ ਉਨ੍ਹਾਂ ਵਿਚ ਕਿੰਨੀਆਂ ਖੂਬੀਆਂ ਅਤੇ ਕਾਬਲੀਅਤਾਂ ਹਨ। ਅਸੀਂ ਉਨ੍ਹਾਂ ਨੂੰ ਯਾਦ ਕਰਾ ਸਕਦੇ ਹਾਂ ਕਿ ਯਹੋਵਾਹ ਨੇ ਉਨ੍ਹਾਂ ਦੀ ਸੱਚਾਈ ਲੱਭਣ ਵਿਚ ਮਦਦ ਕੀਤੀ ਹੈ, ਇਸ ਲਈ ਉਹ ਉਸ ਦੀਆਂ ਨਜ਼ਰਾਂ ਵਿਚ ਅਨਮੋਲ ਹਨ। (ਯੂਹੰ. 6:44) ਅਸੀਂ ਉਨ੍ਹਾਂ ਨੂੰ ਯਕੀਨ ਦਿਵਾ ਸਕਦੇ ਹਾਂ ਕਿ ਯਹੋਵਾਹ ਨੂੰ ਆਪਣੇ ‘ਟੁੱਟੇ ਦਿਲ ਵਾਲੇ’ ਸੇਵਕਾਂ ਦੀ ਦਿਲੋਂ ਪਰਵਾਹ ਹੈ। (ਜ਼ਬੂ. 34:18) ਵਾਕਈ, ਸਾਡੇ ਲਫ਼ਜ਼ ਨਿਰਾਸ਼ ਭੈਣਾਂ-ਭਰਾਵਾਂ ਨੂੰ ਤਰੋ-ਤਾਜ਼ਾ ਕਰ ਸਕਦੇ ਹਨ।—ਕਹਾ. 16:24.
ਹੀਰੇ-ਮੋਤੀ
ਅੱਯੂਬ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
7:9, 10; 10:21; 16:22—ਕੀ ਇਨ੍ਹਾਂ ਆਇਤਾਂ ਤੋਂ ਇੱਦਾਂ ਲੱਗਦਾ ਹੈ ਕਿ ਅੱਯੂਬ ਨੂੰ ਦੁਬਾਰਾ ਜੀ ਉੱਠਣ ਵਿਚ ਵਿਸ਼ਵਾਸ ਨਹੀਂ ਸੀ? ਇਹ ਗੱਲਾਂ ਅੱਯੂਬ ਨੇ ਆਪਣੇ ਨੇੜਲੇ ਭਵਿੱਖ ਬਾਰੇ ਕਹੀਆਂ ਸਨ। ਉਹ ਇੱਥੇ ਕੀ ਕਹਿ ਰਿਹਾ ਸੀ? ਉਹ ਸ਼ਾਇਦ ਕਹਿ ਰਿਹਾ ਸੀ ਕਿ ਜੇ ਉਹ ਮਰ ਜਾਂਦਾ, ਤਾਂ ਉਸ ਨੇ ਆਪਣੇ ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਦੀਆਂ ਅੱਖਾਂ ਤੋਂ ਓਹਲੇ ਹੋ ਜਾਣਾ ਸੀ। ਉਨ੍ਹਾਂ ਅਨੁਸਾਰ ਉਹ ਨਾ ਤਾਂ ਆਪਣੇ ਘਰ ਵਾਪਸ ਮੁੜੇਗਾ ਅਤੇ ਨਾ ਹੀ ਪਰਮੇਸ਼ੁਰ ਦੇ ਠਹਿਰਾਏ ਹੋਏ ਸਮੇਂ ਤਕ ਕੋਈ ਉਸ ਨੂੰ ਦੇਖ ਸਕੇਗਾ। ਅੱਯੂਬ ਸ਼ਾਇਦ ਇਹ ਵੀ ਕਹਿ ਰਿਹਾ ਸੀ ਕਿ ਕੋਈ ਵੀ ਇਨਸਾਨ ਆਪਣੇ ਆਪ ਮੌਤ ਤੋਂ ਬਾਅਦ ਵਾਪਸ ਨਹੀਂ ਆ ਸਕਦਾ। ਅੱਯੂਬ 14:13-15 ਤੋਂ ਸਾਫ਼ ਪਤਾ ਲੱਗਦਾ ਹੈ ਕਿ ਅੱਯੂਬ ਨੂੰ ਭਵਿੱਖ ਵਿਚ ਹੋਣ ਵਾਲੇ ਪੁਨਰ-ਉਥਾਨ ਵਿਚ ਵਿਸ਼ਵਾਸ ਸੀ।
20-26 ਨਵੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 18-19
“ਆਪਣੇ ਨਾਲ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦਾ ਕਦੇ ਸਾਥ ਨਾ ਛੱਡੋ”
ਯਿਸੂ ਕਿਉਂ ਰੋਇਆ ਅਤੇ ਉਸ ਤੋਂ ਸਬਕ
9 ਤੁਸੀਂ ਸੋਗ ਮਨਾ ਰਹੇ ਲੋਕਾਂ ਨੂੰ ਸਹਾਰਾ ਦੇ ਸਕਦੇ ਹੋ। ਯਿਸੂ ਮਰੀਅਮ ਤੇ ਮਾਰਥਾ ਨਾਲ ਰੋਇਆ ਹੀ ਨਹੀਂ ਸੀ, ਸਗੋਂ ਉਸ ਨੇ ਧਿਆਨ ਨਾਲ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤੇ ਉਨ੍ਹਾਂ ਨੂੰ ਦਿਲਾਸਾ ਵੀ ਦਿੱਤਾ। ਤੁਸੀਂ ਵੀ ਸੋਗ ਮਨਾ ਰਹੇ ਲੋਕਾਂ ਨੂੰ ਦਿਲਾਸਾ ਦੇ ਸਕਦੇ ਹੋ। ਆਸਟ੍ਰੇਲੀਆ ਵਿਚ ਰਹਿੰਦਾ ਭਰਾ ਡੈਨ ਮੰਡਲੀ ਦਾ ਬਜ਼ੁਰਗ ਹੈ, ਉਹ ਦੱਸਦਾ ਹੈ: “ਮੇਰੀ ਪਤਨੀ ਦੀ ਮੌਤ ਤੋਂ ਬਾਅਦ ਮੈਨੂੰ ਸਹਾਰੇ ਦੀ ਲੋੜ ਸੀ। ਬਹੁਤ ਸਾਰੇ ਜੋੜੇ ਜ਼ਿਆਦਾਤਰ ਸਮਾਂ ਮੇਰੇ ਨਾਲ ਬਿਤਾਉਂਦੇ ਸਨ ਤੇ ਮੇਰੀ ਗੱਲ ਸੁਣਦੇ ਸਨ। ਜਦੋਂ ਮੈਂ ਆਪਣਾ ਦਿਲ ਹਲਕਾ ਕਰਨ ਲਈ ਗੱਲਾਂ ਕਰਦਾ ਸੀ ਜਾਂ ਰੋਂਦਾ ਸੀ, ਤਾਂ ਉਨ੍ਹਾਂ ਨੇ ਮੈਨੂੰ ਕਦੇ ਮਹਿਸੂਸ ਨਹੀਂ ਕਰਾਇਆ ਕਿ ਮੈਨੂੰ ਰੋਣਾ ਨਹੀਂ ਚਾਹੀਦਾ ਜਾਂ ਸੋਗ ਨਹੀਂ ਮਨਾਉਣਾ ਚਾਹੀਦਾ, ਸਗੋਂ ਉਹ ਧਿਆਨ ਨਾਲ ਮੇਰੀ ਗੱਲ ਸੁਣਦੇ ਸਨ। ਜਦੋਂ ਮੈਂ ਆਪਣੇ ਕੁਝ ਕੰਮ ਨਹੀਂ ਕਰ ਪਾਉਂਦਾ ਸੀ, ਤਾਂ ਉਹ ਮੇਰੇ ਸਾਰੇ ਕੰਮ ਕਰ ਦਿੰਦੇ ਸਨ, ਜਿਵੇਂ: ਮੇਰੀ ਕਾਰ ਧੋਣੀ, ਰਾਸ਼ਨ-ਪਾਣੀ ਖ਼ਰੀਦਣਾ ਅਤੇ ਖਾਣਾ ਬਣਾਉਣਾ। ਨਾਲੇ ਉਹ ਅਕਸਰ ਮੇਰੇ ਨਾਲ ਪ੍ਰਾਰਥਨਾ ਵੀ ਕਰਦੇ ਸਨ। ਉਹ ਮੇਰੇ ਸੱਚੇ ਦੋਸਤ ਸਾਬਤ ਹੋਏ ਜੋ ‘ਦੁੱਖ ਦੀ ਘੜੀ ਵਿਚ ਮੇਰੇ ਭਰਾ ਬਣ ਗਏ।’”—ਕਹਾ. 17:17.
ਜਦੋਂ ਸਾਡਾ ਕੋਈ ਪਿਆਰਾ ਯਹੋਵਾਹ ਨੂੰ ਛੱਡ ਦਿੰਦਾ ਹੈ
16 ਪਰਿਵਾਰ ਦੇ ਵਫ਼ਾਦਾਰ ਮੈਂਬਰਾਂ ਦੀ ਮਦਦ ਕਰਦੇ ਰਹੋ। ਕਦੇ-ਕਦੇ ਮੰਡਲੀ ਦੇ ਕੁਝ ਭੈਣ-ਭਰਾ ਛੇਕੇ ਗਏ ਵਿਅਕਤੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਬੁਲਾਉਣਾ ਛੱਡ ਦਿੰਦੇ ਹਨ। ਸਾਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਹੁਣ ਤੁਹਾਡੇ ਪਿਆਰ, ਤਾਰੀਫ਼ ਅਤੇ ਹੌਸਲੇ ਦੀ ਲੋੜ ਹੈ। (ਇਬ. 10:24, 25) ਖ਼ਾਸ ਕਰਕੇ ਉਨ੍ਹਾਂ ਬੱਚਿਆਂ ਨੂੰ ਜਿਨ੍ਹਾਂ ਦੇ ਮਾਪਿਆਂ ਨੇ ਸੱਚਾਈ ਛੱਡ ਦਿੱਤੀ ਹੈ। ਭੈਣ ਮਾਰੀਆ, ਜਿਸ ਦਾ ਪਤੀ ਛੇਕਿਆ ਗਿਆ ਸੀ ਅਤੇ ਪਰਿਵਾਰ ਨੂੰ ਛੱਡ ਕੇ ਚਲਾ ਗਿਆ ਸੀ, ਕਹਿੰਦੀ ਹੈ: “ਕੁਝ ਭੈਣ-ਭਰਾ ਮੇਰੇ ਘਰ ਆਏ, ਉਨ੍ਹਾਂ ਨੇ ਸਾਡੇ ਲਈ ਖਾਣਾ ਬਣਾਇਆ ਅਤੇ ਬੱਚਿਆਂ ਨਾਲ ਪਰਿਵਾਰਕ ਸਟੱਡੀ ਕਰਨ ਵਿਚ ਮੇਰੀ ਮਦਦ ਕੀਤੀ। ਉਨ੍ਹਾਂ ਨੇ ਮੇਰੇ ਦਰਦ ਨੂੰ ਸਮਝਿਆ ਅਤੇ ਮੇਰੇ ਨਾਲ ਰੋਏ। ਜਦੋਂ ਲੋਕਾਂ ਨੇ ਮੇਰੇ ਬਾਰੇ ਅਫ਼ਵਾਹਾਂ ਫੈਲਾਈਆਂ, ਤਾਂ ਉਨ੍ਹਾਂ ਨੇ ਮੇਰਾ ਪੱਖ ਲਿਆ। ਸੱਚ-ਮੁੱਚ, ਉਨ੍ਹਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ!”—ਰੋਮੀ. 12:13, 15.
w90 9/1 22 ਪੈਰਾ 20
ਕੀ ਤੁਸੀਂ ਪੂਰੀ ਕੋਸ਼ਿਸ਼ ਕਰ ਰਹੇ ਹੋ?
20 ਬਜ਼ੁਰਗਾਂ ਦੇ ਸਮੂਹ ਨੂੰ ਸਮਝਣਾ ਚਾਹੀਦਾ ਹੈ ਕਿ ਜਦੋਂ ਕਿਸੇ ਬਜ਼ੁਰਗ ਜਾਂ ਸਹਾਇਕ ਸੇਵਕ ਤੋਂ ਜ਼ਿੰਮੇਵਾਰੀ ਲੈ ਲਈ ਜਾਂਦੀ ਹੈ, ਤਾਂ ਉਹ ਪਰੇਸ਼ਾਨ ਹੋ ਸਕਦਾ ਹੈ, ਉਦੋਂ ਵੀ ਜਦੋਂ ਉਸ ਨੇ ਇਹ ਜ਼ਿੰਮੇਵਾਰੀ ਆਪ ਛੱਡੀ ਹੋਵੇ। ਜੇ ਉਸ ਭਰਾ ਨੂੰ ਮੰਡਲੀ ਵਿੱਚੋਂ ਛੇਕਿਆ ਨਹੀਂ ਗਿਆ ਹੈ, ਪਰ ਬਜ਼ੁਰਗ ਦੇਖਦੇ ਹਨ ਕਿ ਉਹ ਭਰਾ ਨਿਰਾਸ਼ ਹੈ, ਤਾਂ ਬਜ਼ੁਰਗ ਪਿਆਰ ਨਾਲ ਉਸ ਭਰਾ ਨੂੰ ਬਾਈਬਲ ਵਿੱਚੋਂ ਹੌਸਲਾ ਦੇ ਸਕਦੇ ਹਨ। (1 ਥੱਸਲੁਨੀਕੀਆਂ 5:14) ਉਸ ਦੀ ਇਹ ਸਮਝਣ ਵਿਚ ਬਜ਼ੁਰਗਾਂ ਨੂੰ ਮਦਦ ਕਰਨੀ ਚਾਹੀਦੀ ਹੈ ਕਿ ਮੰਡਲੀ ਨੂੰ ਉਸ ਦੀ ਲੋੜ ਹੈ। ਉਦੋਂ ਵੀ ਜਦੋਂ ਉਸ ਭਰਾ ਨੂੰ ਤਾੜਨਾ ਦੀ ਲੋੜ ਹੁੰਦੀ ਹੈ ਤਾਂਕਿ ਬਹੁਤ ਜ਼ਿਆਦਾ ਸਮਾਂ ਬੀਤਣ ਤੋਂ ਪਹਿਲਾਂ ਹੀ ਉਹ ਨਿਮਰ ਅਤੇ ਸ਼ੁਕਰਗੁਜ਼ਾਰ ਭਰਾ ਮੰਡਲੀ ਵਿਚ ਫਿਰ ਤੋਂ ਖ਼ਾਸ ਜ਼ਿੰਮੇਵਾਰੀਆਂ ਪ੍ਰਾਪਤ ਕਰ ਸਕੇ।
ਹੀਰੇ-ਮੋਤੀ
w94 10/1 32
ਚੰਗੇ ਬੋਲਾਂ ਦੀ ਤਾਕਤ
ਜਦੋਂ ਅੱਯੂਬ ਨੂੰ ਹੌਸਲੇ ਦੀ ਲੋੜ ਸੀ, ਤਾਂ ਅਲੀਫਾਜ਼ ਅਤੇ ਉਸ ਦੇ ਦੋਸਤਾਂ ਨੇ ਉਸ ਨੂੰ ਹੌਸਲਾ ਦੇਣ ਵਾਲੀਆਂ ਗੱਲਾਂ ਨਹੀਂ ਕਹੀਆਂ। ਇਸ ਦੀ ਬਜਾਇ, ਉਨ੍ਹਾਂ ਨੇ ਅੱਯੂਬ ʼਤੇ ਦੋਸ਼ ਲਾਇਆ ਅਤੇ ਕਿਹਾ ਕਿ ਉਸ ਨੇ ਜ਼ਰੂਰ ਕੁਝ ਗ਼ਲਤ ਕੀਤਾ ਹੋਣਾ ਜਿਸ ਕਰਕੇ ਉਸ ʼਤੇ ਇਹ ਦੁੱਖ ਆਏ। (ਅੱਯੂਬ 4:8) ਬਾਈਬਲ ਬਾਰੇ ਟਿੱਪਣੀਆਂ ਕਰਨ ਵਾਲੀ ਇਕ ਕਿਤਾਬ ਕਹਿੰਦੀ ਹੈ: “ਅੱਯੂਬ ਚਾਹੁੰਦਾ ਸੀ ਕਿ ਕੋਈ ਉਸ ਨੂੰ ਸਮਝੇ ਅਤੇ ਦਿਲੋਂ ਉਸ ਦੀ ਪਰਵਾਹ ਕਰੇ। ਇਸ ਦੀ ਬਜਾਇ, ਉਸ ਨੂੰ ਧਰਮ ਬਾਰੇ ਗੱਲਾਂ ਸੁਣਾਈਆਂ ਗਈਆਂ ਅਤੇ ਨੈਤਿਕ ਮਿਆਰਾਂ ਬਾਰੇ ਬਹੁਤ ਸਾਰੇ ਸੁਝਾਅ ਦਿੱਤੇ ਗਏ। ਇਹ ਗੱਲਾਂ ਸਹੀ ਤਾਂ ਸਨ, ਪਰ ਉਸ ਵੇਲੇ ਇਨ੍ਹਾਂ ਗੱਲਾਂ ਤੋਂ ਉਸ ਨੂੰ ਕੋਈ ਫ਼ਾਇਦਾ ਨਹੀਂ ਹੋਇਆ।” ਅੱਯੂਬ ਅਲੀਫਾਜ਼ ਅਤੇ ਉਸ ਦੇ ਦੋਸਤਾਂ ਦੀਆਂ ਗੱਲਾਂ ਸੁਣ ਕੇ ਇੰਨਾ ਦੁਖੀ ਹੋਇਆ ਕਿ ਉਸ ਨੇ ਕਿਹਾ: “ਤੁਸੀਂ ਕਦ ਤਕ ਮੇਰੀ ਜਾਨ ਖਾਈ ਜਾਓਗੇ ਅਤੇ ਗੱਲਾਂ ਨਾਲ ਮੈਨੂੰ ਚੂਰ-ਚੂਰ ਕਰੋਗੇ?”—ਅੱਯੂ 19:2.
ਸਾਨੂੰ ਕਦੇ ਵੀ ਪਰਮੇਸ਼ੁਰ ਦੇ ਕਿਸੇ ਵੀ ਸੇਵਕ ਨਾਲ ਕਦੇ ਵੀ ਬਿਨਾਂ ਸੋਚੇ ਸਮਝੇ ਗੱਲ ਨਹੀਂ ਕਰਨੀ ਚਾਹੀਦੀ ਤੇ ਨਾ ਹੀ ਕੌੜੀਆਂ ਗੱਲਾਂ ਕਹਿਣੀਆਂ ਚਾਹੀਦੀਆਂ ਜਿਸ ਕਰਕੇ ਉਹ ਦੁੱਖ ਦੇ ਮਾਰੇ ਰੱਬ ਨੂੰ ਦੁਹਾਈ ਦੇਵੇ। (ਬਿਵਸਥਾ ਸਾਰ 24:15 ਵਿਚ ਨੁਕਤਾ ਦੇਖੋ।) ਬਾਈਬਲ ਦੀ ਇਕ ਕਹਾਵਤ ਇਹ ਚੇਤਾਵਨੀ ਦਿੰਦੀ ਹੈ: “ਮੌਤ ਤੇ ਜ਼ਿੰਦਗੀ ਜੀਭ ਦੇ ਵੱਸ ਵਿਚ ਹਨ; ਜੋ ਇਸ ਨੂੰ ਵਰਤਣਾ ਪਸੰਦ ਕਰਦੇ ਹਨ, ਉਹ ਇਸ ਦਾ ਫਲ ਪਾਉਣਗੇ।”—ਕਹਾਉਤਾਂ 18:21.
27 ਨਵੰਬਰ–3 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 20-21
“ਕਿਸੇ ਇਨਸਾਨ ਦਾ ਧਰਮੀ ਹੋਣਾ ਅਮੀਰੀ-ਗ਼ਰੀਬੀ ʼਤੇ ਨਿਰਭਰ ਨਹੀਂ ਕਰਦਾ”
ਕੀ ਤੁਸੀਂ “ਪਰਮੇਸ਼ੁਰ ਦੇ ਅੱਗੇ ਧਨਵਾਨ” ਹੋ?
12 ਯਿਸੂ ਦੇ ਉਪਦੇਸ਼ ਵਿਚ ਆਪਣੇ ਲਈ ਧਨ ਜੋੜਨ ਵਾਲੇ ਇਨਸਾਨ ਅਤੇ ਪਰਮੇਸ਼ੁਰ ਦੇ ਅੱਗੇ ਧਨਵਾਨ ਵਿਅਕਤੀ ਵਿਚ ਸਾਫ਼ ਫ਼ਰਕ ਦਿਖਾਇਆ ਗਿਆ ਹੈ। ਇਸ ਤੋਂ ਅਸੀਂ ਸਿੱਖਦੇ ਹਾਂ ਕਿ ਪੈਸਾ ਕਮਾਉਣਾ ਅਤੇ ਐਸ਼ ਕਰਨਾ ਹੀ ਸਾਡੇ ਜੀਵਨ ਦਾ ਮੁੱਖ ਉਦੇਸ਼ ਨਹੀਂ ਹੋਣਾ ਚਾਹੀਦਾ। ਇਸ ਦੀ ਬਜਾਇ, ਸਾਨੂੰ ਆਪਣਾ ਧਨ ਇਸ ਤਰੀਕੇ ਨਾਲ ਵਰਤਣਾ ਚਾਹੀਦਾ ਹੈ ਕਿ ਅਸੀਂ ਯਹੋਵਾਹ ਨਾਲ ਆਪਣੇ ਰਿਸ਼ਤੇ ਨੂੰ ਹੋਰ ਵੀ ਪੱਕਾ ਕਰ ਸਕੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਪਰਮੇਸ਼ੁਰ ਦੇ ਅੱਗੇ ਧਨੀ ਬਣਾਂਗੇ। ਕਿਉਂ? ਕਿਉਂਕਿ ਬਦਲੇ ਵਿਚ ਉਹ ਸਾਨੂੰ ਬਹੁਤ ਸਾਰੀਆਂ ਅਸੀਸਾਂ ਦੇਵੇਗਾ। ਬਾਈਬਲ ਵਿਚ ਲਿਖਿਆ ਹੈ: “ਯਹੋਵਾਹ ਦੀ ਬਰਕਤ ਧਨੀ ਬਣਾਉਂਦੀ ਹੈ, ਅਤੇ ਉਸ ਦੇ ਨਾਲ ਉਹ ਸੋਗ ਨਹੀਂ ਮਿਲਾਉਂਦਾ।”—ਕਹਾਉਤਾਂ 10:22.
ਹੀਰੇ-ਮੋਤੀ
w95 1/1 9 ਪੈਰਾ 19
ਸ਼ੈਤਾਨ ਅਤੇ ਉਸ ਦੇ ਕੰਮਾਂ ਉੱਤੇ ਜਿੱਤ
19 ਦਿਲਚਸਪੀ ਦੀ ਗੱਲ ਹੈ ਕਿ ਪਰਮੇਸ਼ੁਰ ਦੇ ਸੇਵਕ ਅੱਯੂਬ ਨੂੰ ਉਨ੍ਹਾਂ “ਬੇਚੈਨੀ ਭਰੇ ਖ਼ਿਆਲਾਂ” ਨਾਲ ਲੜਨਾ ਪਿਆ ਜੋ ਸ਼ੈਤਾਨ ਨੇ ਅਲੀਫਾਜ਼ ਅਤੇ ਸੋਫ਼ਰ ਦੇ ਜ਼ਰੀਏ ਜ਼ਾਹਰ ਕੀਤੇ ਸਨ। (ਅੱਯੂਬ 4:13-18; 20:2, 3) ਇਸ ਤਰ੍ਹਾਂ ਅੱਯੂਬ ਨੇ “ਦੁੱਖ” ਸਹਿਆ ਜਿਸ ਕਰਕੇ ਉਸ ਨੇ ਆਪਣੇ ਮਨ ਦੇ “ਖ਼ੌਫ਼” ਬਾਰੇ “ਆਵਾਗੌਣ ਗੱਲਾਂ” ਕੀਤੀਆਂ। (ਅੱਯੂਬ 6:2-4; 30:15, 16) ਅਲੀਹੂ ਨੇ ਚੁੱਪ-ਚਾਪ ਅੱਯੂਬ ਦੀ ਗੱਲ ਸੁਣੀ ਅਤੇ ਮਾਮਲਿਆਂ ਨੂੰ ਸਭ ਤੋਂ ਬੁੱਧੀਮਾਨ ਪਰਮੇਸ਼ੁਰ ਦੇ ਨਜ਼ਰੀਏ ਤੋਂ ਦੇਖਣ ਵਿਚ ਦਿਲੋਂ ਉਸ ਦੀ ਮਦਦ ਕੀਤੀ। ਉਸੇ ਤਰ੍ਹਾਂ ਅੱਜ ਹਮਦਰਦੀ ਰੱਖਣ ਵਾਲੇ ਮੰਡਲੀ ਦੇ ਬਜ਼ੁਰਗ ਵੀ ਦੁੱਖ ਸਹਿ ਰਹੇ ਭੈਣਾਂ-ਭਰਾਵਾਂ ਉੱਤੇ ਹੋਰ “ਦਬਾਅ” ਨਹੀਂ ਪਾਉਂਦੇ ਜਿਸ ਤੋਂ ਪਤਾ ਲੱਗਦਾ ਹੈ ਕਿ ਉਹ ਉਨ੍ਹਾਂ ਦੀ ਪਰਵਾਹ ਕਰਦੇ ਹਨ। ਇਸ ਤੋਂ ਇਲਾਵਾ, ਅਲੀਹੂ ਵਾਂਗ ਉਹ ਧੀਰਜ ਨਾਲ ਉਨ੍ਹਾਂ ਦੀ ਗੱਲ ਸੁਣਦੇ ਹਨ ਅਤੇ ਫਿਰ ਪਰਮੇਸ਼ੁਰ ਦੇ ਬਚਨ ਦਾ ਤੇਲ ਝੱਸ ਕੇ ਉਨ੍ਹਾਂ ਨੂੰ ਆਰਾਮ ਪਹੁੰਚਾਉਂਦੇ ਹਨ। (ਅੱਯੂਬ 33:1-3, 7; ਯਾਕੂਬ 5:13-15) ਇਸ ਲਈ ਜੇ ਕੋਈ ਅਸਲੀ ਜਾਂ ਕਾਲਪਨਿਕ ਸਦਮੇ ਕਰਕੇ ਪਰੇਸ਼ਾਨ ਹੈ ਜਾਂ ਅੱਯੂਬ ਵਾਂਗ ‘ਸੁਪਨਿਆਂ ਤੇ ਦਰਸ਼ਣਾਂ ਕਰਕੇ ਡਰਿਆ’ ਹੋਇਆ ਹੈ, ਤਾਂ ਉਸ ਨੂੰ ਮੰਡਲੀ ਵਿਚ ਬਾਈਬਲ ਤੋਂ ਦਿਲਾਸਾ ਮਿਲ ਸਕਦਾ ਹੈ।—ਅੱਯੂਬ 7:14; ਯਾਕੂਬ 4:7.
4-10 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 22-24
“ਕੀ ਕੋਈ ਇਨਸਾਨ ਪਰਮੇਸ਼ੁਰ ਦੇ ਕੰਮ ਆ ਸਕਦਾ?”
w05 9/15 26 ਪੈਰਾ 6-27 ਪੈਰੇ 1-2
ਆਪਣੇ ਮਨ ਵਿਚ ਗ਼ਲਤ ਵਿਚਾਰ ਨਾ ਆਉਣ ਦਿਓ!
ਕਈ ਲੋਕ ਪਰਮੇਸ਼ੁਰ ਨੂੰ ਪੱਥਰ-ਦਿਲ ਸਮਝਣ ਦੇ ਨਾਲ-ਨਾਲ ਇਹ ਵੀ ਸੋਚਦੇ ਹਨ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਇਨਸਾਨ ਨਿਕੰਮੇ ਹਨ। ਤੀਜੀ ਵਾਰ ਗੱਲ ਕਰਨ ਵੇਲੇ ਅਲੀਫ਼ਜ਼ ਨੇ ਇਹ ਸਵਾਲ ਪੁੱਛਿਆ: “ਭਲਾ, ਕੋਈ ਆਦਮੀ ਪਰਮੇਸ਼ੁਰ ਲਈ ਲਾਭਦਾਇਕ ਹੋ ਸੱਕਦਾ ਹੈ? ਸੱਚ ਮੁੱਚ ਸਿਆਣਾ ਆਦਮੀ ਆਪਣੇ ਜੋਗਾ ਹੀ ਹੈ।” (ਅੱਯੂਬ 22:2) ਅਲੀਫ਼ਜ਼ ਦੇ ਕਹਿਣ ਦਾ ਭਾਵ ਸੀ ਕਿ ਪਰਮੇਸ਼ੁਰ ਦੇ ਸਾਮ੍ਹਣੇ ਇਨਸਾਨ ਕੁਝ ਵੀ ਨਹੀਂ ਹੈ। ਇਸੇ ਤਰ੍ਹਾਂ ਬਿਲਦਦ ਨੇ ਵੀ ਦਲੀਲ ਦਿੱਤੀ: “ਮਨੁੱਖ ਫੇਰ ਪਰਮੇਸ਼ੁਰ ਅੱਗੇ ਕਿਵੇਂ ਧਰਮੀ ਠਹਿਰੂ, ਅਤੇ ਤੀਵੀਂ ਦਾ ਜਣਿਆ ਹੋਇਆ ਕਿਵੇਂ ਨਿਰਮਲ ਹੋਊ?” (ਅੱਯੂਬ 25:4) ਬਿਲਦਦ ਦੇ ਕਹਿਣ ਦਾ ਮਤਲਬ ਸੀ ਕਿ ਅੱਯੂਬ ਇਕ ਮਾਮੂਲੀ ਇਨਸਾਨ ਹੋ ਕੇ ਪਰਮੇਸ਼ੁਰ ਦੇ ਅੱਗੇ ਧਰਮੀ ਕਿਵੇਂ ਠਹਿਰ ਸਕਦਾ ਸੀ। ਉਸ ਦੇ ਭਾਣੇ ਇਹ ਹੋ ਹੀ ਨਹੀਂ ਸਕਦਾ ਸੀ!
ਅੱਜ ਕਈ ਲੋਕ ਹੀਣ-ਭਾਵਨਾ ਦੇ ਸ਼ਿਕਾਰ ਹੋ ਜਾਂਦੇ ਹਨ ਤੇ ਆਪਣੇ ਆਪ ਨੂੰ ਨਿਕੰਮੇ ਸਮਝਦੇ ਹਨ। ਉਹ ਇਸ ਤਰ੍ਹਾਂ ਕਿਉਂ ਮਹਿਸੂਸ ਕਰਦੇ ਹਨ? ਸ਼ਾਇਦ ਉਨ੍ਹਾਂ ਦੇ ਘਰ ਦੇ ਮਾਹੌਲ ਕਰਕੇ ਜਾਂ ਪੱਖਪਾਤ ਤੇ ਨਫ਼ਰਤ ਦੇ ਸ਼ਿਕਾਰ ਹੋਣ ਕਰਕੇ ਉਹ ਇਸ ਤਰ੍ਹਾਂ ਮਹਿਸੂਸ ਕਰਦੇ ਹਨ। ਪਰ ਸ਼ਤਾਨ ਅਤੇ ਉਸ ਦੇ ਬੁਰੇ ਦੂਤ ਵੀ ਇਨਸਾਨਾਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਬਹੁਤ ਖ਼ੁਸ਼ ਹੁੰਦੇ ਹਨ। ਜੇ ਉਹ ਕਿਸੇ ਨੂੰ ਇਹ ਮਹਿਸੂਸ ਕਰਾਉਣ ਵਿਚ ਕਾਮਯਾਬ ਹੋਣ ਕਿ ਉਹ ਸਰਬਸ਼ਕਤੀਮਾਨ ਦੀਆਂ ਨਜ਼ਰਾਂ ਵਿਚ ਕੁਝ ਨਹੀਂ ਹੈ, ਤਾਂ ਉਹ ਇਨਸਾਨ ਜਲਦੀ ਨਿਰਾਸ਼ ਹੋ ਜਾਵੇਗਾ। ਸਮੇਂ ਦੇ ਬੀਤਣ ਨਾਲ ਅਜਿਹਾ ਇਨਸਾਨ ਜੀਉਂਦੇ ਪਰਮੇਸ਼ੁਰ ਤੋਂ ਹੌਲੀ-ਹੌਲੀ ਦੂਰ ਹੁੰਦਾ ਚਲਿਆ ਜਾਵੇਗਾ।—ਇਬਰਾਨੀਆਂ 2:1; 3:12.
ਵਧਦੀ ਉਮਰ ਅਤੇ ਮਾੜੀ ਸਿਹਤ ਕਾਰਨ ਅਸੀਂ ਸ਼ਾਇਦ ਉੱਨਾ ਨਹੀਂ ਕਰ ਪਾਉਂਦੇ ਜਿੰਨਾ ਅਸੀਂ ਕਰਨਾ ਚਾਹੁੰਦੇ ਹਾਂ। ਸ਼ਾਇਦ ਤੁਹਾਨੂੰ ਲੱਗੇ, ‘ਜਵਾਨ ਤੇ ਤੰਦਰੁਸਤ ਹੁੰਦਿਆਂ ਮੈਂ ਜਿੰਨੀ ਪਰਮੇਸ਼ੁਰ ਦੀ ਸੇਵਾ ਕਰਦਾ ਸੀ, ਉਸ ਦੀ ਤੁਲਨਾ ਵਿਚ ਮੇਰੀ ਹੁਣ ਦੀ ਸੇਵਾ ਕੁਝ ਵੀ ਨਹੀਂ।’ ਇਸ ਤਰ੍ਹਾਂ ਦੀ ਸੋਚ ਤੋਂ ਖ਼ਬਰਦਾਰ ਰਹੋ! ਸ਼ਤਾਨ ਇਹੀ ਚਾਹੁੰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਨਿਕੰਮੇ ਸਮਝੋ। ਸਾਨੂੰ ਅਜਿਹੀ ਸੋਚ ਨੂੰ ਆਪਣੇ ਮਨ ਵਿੱਚੋਂ ਕੱਢ ਦੇਣਾ ਚਾਹੀਦਾ ਹੈ।
w95 2/15 27 ਪੈਰਾ 6
ਮੁਸ਼ਕਲਾਂ ਨਾਲ ਨਜਿੱਠਣ ਲਈ ਇਕ ਸਬਕ
ਅੱਯੂਬ ਦੇ ਤਿੰਨ ਦੋਸਤਾਂ ਨੇ ਪਰਮੇਸ਼ੁਰ ਦੀ ਬੁੱਧ ਦੀਆਂ ਗੱਲਾਂ ਕਹਿਣ ਦੀ ਬਜਾਇ ਆਪਣੀਆਂ ਗੱਲਾਂ ਸੁਣਾ ਕੇ ਉਸ ਨੂੰ ਹੋਰ ਨਿਰਾਸ਼ ਕਰ ਦਿੱਤਾ। ਅਲੀਫਾਜ਼ ਨੇ ਤਾਂ ਇਹ ਵੀ ਕਹਿ ਦਿੱਤਾ ਸੀ ਕਿ ‘ਪਰਮੇਸ਼ੁਰ ਨੂੰ ਆਪਣੇ ਸੇਵਕਾਂ ਉੱਤੇ ਭਰੋਸਾ ਨਹੀਂ’ ਹੈ ਅਤੇ ਯਹੋਵਾਹ ਨੂੰ ਅੱਯੂਬ ਦੇ ਧਰਮੀ ਹੋਣ ਜਾਂ ਨਾ ਹੋਣ ਨਾਲ ਕੋਈ ਫ਼ਰਕ ਨਹੀਂ ਪੈਂਦਾ। (ਅੱਯੂਬ 4:18; 22:2, 3) ਇਸ ਤੋਂ ਜ਼ਿਆਦਾ ਨਿਰਾਸ਼ ਜਾਂ ਝੂਠੀ ਗੱਲ ਹੋਰ ਕੀ ਹੋ ਸਕਦੀ ਹੈ! ਕੋਈ ਹੈਰਾਨੀ ਦੀ ਗੱਲ ਨਹੀਂ ਕਿ ਇਸ ਨਿੰਦਿਆ ਕਰਕੇ ਪਰਮੇਸ਼ੁਰ ਨੇ ਅਲੀਫਾਜ਼ ਅਤੇ ਉਸ ਦੇ ਸਾਥੀਆਂ ਨੂੰ ਝਿੜਕਿਆ। ਪਰਮੇਸ਼ੁਰ ਨੇ ਕਿਹਾ: “ਤੁਸੀਂ ਮੇਰੇ ਬਾਰੇ ਸੱਚ ਨਹੀਂ ਬੋਲਿਆ।” (ਅੱਯੂਬ 42:7) ਪਰ ਇਸ ਤੋਂ ਵੀ ਜ਼ਿਆਦਾ ਦੁੱਖ ਪਹੁੰਚਾਉਣ ਵਾਲੀਆਂ ਗੱਲਾਂ ਸੁਣਨੀਆਂ ਹਾਲੇ ਬਾਕੀ ਸਨ।
ਨੌਜਵਾਨ ਜੋ ਯਹੋਵਾਹ ਦੇ ਦਿਲ ਨੂੰ ਖ਼ੁਸ਼ ਕਰਦੇ ਹਨ
10 ਬਾਈਬਲ ਤੋਂ ਅਸੀਂ ਦੇਖਿਆ ਹੈ ਕਿ ਸ਼ਤਾਨ ਨੇ ਨਾ ਸਿਰਫ਼ ਅੱਯੂਬ ਦੀ ਵਫ਼ਾਦਾਰੀ ਤੇ ਸਵਾਲ ਖੜ੍ਹਾ ਕੀਤਾ, ਸਗੋਂ ਉਸ ਨੇ ਪਰਮੇਸ਼ੁਰ ਦੀ ਸੇਵਾ ਕਰਨ ਵਾਲੇ ਸਾਰੇ ਲੋਕਾਂ ਦੀ ਵਫ਼ਾਦਾਰੀ ਤੇ ਸਵਾਲ ਖੜ੍ਹਾ ਕੀਤਾ। ਉਸ ਨੇ ਤੁਹਾਡੀ ਵਫ਼ਾਦਾਰੀ ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਅਸਲ ਵਿਚ, ਸਾਰੀ ਮਨੁੱਖਜਾਤੀ ਬਾਰੇ ਸ਼ਤਾਨ ਨੇ ਯਹੋਵਾਹ ਨੂੰ ਕਿਹਾ ਕਿ “ਮਨੁੱਖ [ਸਿਰਫ਼ ਅੱਯੂਬ ਹੀ ਨਹੀਂ, ਸਗੋਂ ਹਰ ਕੋਈ] ਆਪਣਾ ਸਭ ਕੁਝ ਆਪਣੇ ਪ੍ਰਾਣਾਂ ਲਈ ਦੇ ਦੇਵੇਗਾ।” (ਅੱਯੂਬ 2:4) ਇਸ ਮਹੱਤਵਪੂਰਣ ਵਾਦ-ਵਿਸ਼ੇ ਵਿਚ ਤੁਹਾਡੀ ਕੀ ਭੂਮਿਕਾ ਹੈ? ਕਹਾਉਤਾਂ 27:11 ਵਿਚ ਦੱਸਿਆ ਗਿਆ ਹੈ ਕਿ ਯਹੋਵਾਹ ਤੁਹਾਡੇ ਕੋਲੋਂ ਇਕ ਚੀਜ਼ ਦੀ ਮੰਗ ਕਰ ਰਿਹਾ ਹੈ ਜੋ ਤੁਸੀਂ ਉਸ ਨੂੰ ਦੇ ਸਕਦੇ ਹੋ—ਤੁਹਾਡੀ ਵਫ਼ਾਦਾਰੀ ਜਿਸ ਦੇ ਆਧਾਰ ਤੇ ਉਹ ਸ਼ਤਾਨ ਦੇ ਮੇਹਣੇ ਦਾ ਜਵਾਬ ਦੇ ਸਕੇ। ਜ਼ਰਾ ਸੋਚੋ, ਪੂਰੇ ਜਹਾਨ ਦਾ ਮਹਾਰਾਜਾ ਸਭ ਤੋਂ ਵੱਡੇ ਵਾਦ-ਵਿਸ਼ੇ ਵਿਚ ਉਸ ਦਾ ਸਾਥ ਦੇਣ ਲਈ ਤੁਹਾਨੂੰ ਬੇਨਤੀ ਕਰ ਰਿਹਾ ਹੈ। ਤੁਹਾਡੇ ਲਈ ਇਹ ਕਿੰਨੀ ਵੱਡੀ ਜ਼ਿੰਮੇਵਾਰੀ ਅਤੇ ਕਿੰਨਾ ਵੱਡਾ ਸਨਮਾਨ ਹੈ! ਕੀ ਤੁਸੀਂ ਯਹੋਵਾਹ ਦਾ ਸਾਥ ਦੇਵੋਗੇ? ਅੱਯੂਬ ਨੇ ਯਹੋਵਾਹ ਦਾ ਸਾਥ ਦਿੱਤਾ ਸੀ। (ਅੱਯੂਬ 2:9, 10) ਇਸੇ ਤਰ੍ਹਾਂ ਯਿਸੂ ਅਤੇ ਹੋਰਨਾਂ ਅਣਗਿਣਤ ਲੋਕਾਂ ਨੇ ਵੀ ਕੀਤਾ ਸੀ ਜਿਨ੍ਹਾਂ ਵਿਚ ਕਈ ਨੌਜਵਾਨ ਵੀ ਸਨ। (ਫ਼ਿਲਿੱਪੀਆਂ 2:8; ਪਰਕਾਸ਼ ਦੀ ਪੋਥੀ 6:9) ਤੁਸੀਂ ਵੀ ਇਸੇ ਤਰ੍ਹਾਂ ਕਰ ਸਕਦੇ ਹੋ। ਇਸ ਵਾਦ-ਵਿਸ਼ੇ ਵਿਚ ਤੁਹਾਨੂੰ ਇਕ-ਨਾ-ਇਕ ਦਾ ਸਾਥ ਦੇਣਾ ਹੀ ਪਵੇਗਾ, ਭਾਵੇਂ ਸ਼ਤਾਨ ਦਾ ਭਾਵੇਂ ਯਹੋਵਾਹ ਦਾ। ਤੁਸੀਂ ਇਸ ਮਾਮਲੇ ਤੋਂ ਨਿਆਰੇ ਨਹੀਂ ਰਹਿ ਸਕਦੇ। ਤੁਹਾਡੀ ਜ਼ਿੰਦਗੀ ਦੇ ਤੌਰ-ਤਰੀਕਿਆਂ ਤੋਂ ਪਤਾ ਲੱਗੇਗਾ ਕਿ ਤੁਸੀਂ ਕਿਸ ਦਾ ਸਾਥ ਦਿੰਦੇ ਹੋ। ਫ਼ੈਸਲਾ ਤੁਹਾਡਾ ਹੈ, ਤੁਸੀਂ ਕਿਸ ਦਾ ਸਾਥ ਦੇਣਾ ਚਾਹੁੰਦੇ ਹੋ?
ਯਹੋਵਾਹ ਨੂੰ ਤੁਹਾਡਾ ਫ਼ਿਕਰ ਹੈ!
11 ਕੀ ਤੁਹਾਡੇ ਫ਼ੈਸਲੇ ਦਾ ਯਹੋਵਾਹ ਉੱਤੇ ਸੱਚ-ਮੁੱਚ ਕੋਈ ਅਸਰ ਪੈਂਦਾ ਹੈ? ਪਹਿਲਾਂ ਹੀ ਬਹੁਤ ਸਾਰੇ ਲੋਕ ਵਫ਼ਾਦਾਰ ਰਹਿ ਚੁੱਕੇ ਹਨ। ਕੀ ਇਸ ਤੋਂ ਯਹੋਵਾਹ ਨੂੰ ਸ਼ਤਾਨ ਨੂੰ ਜਵਾਬ ਦੇਣ ਦਾ ਆਧਾਰ ਨਹੀਂ ਮਿਲਿਆ? ਇਹ ਠੀਕ ਹੈ ਕਿ ਸ਼ਤਾਨ ਦਾ ਇਹ ਦਾਅਵਾ ਕਿ ਇਨਸਾਨ ਪਰਮੇਸ਼ੁਰ ਦੀ ਸੇਵਾ ਆਪਣੇ ਸੁਆਰਥ ਲਈ ਕਰਦਾ ਹੈ, ਪਹਿਲਾਂ ਹੀ ਝੂਠਾ ਸਾਬਤ ਹੋ ਚੁੱਕਾ ਹੈ। ਫਿਰ ਵੀ ਯਹੋਵਾਹ ਤੁਹਾਨੂੰ ਹਰੇਕ ਨੂੰ ਕੀਮਤੀ ਸਮਝਦਾ ਹੈ, ਇਸ ਲਈ ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਹਕੂਮਤ ਬਾਰੇ ਖੜ੍ਹੇ ਕੀਤੇ ਸਵਾਲ ਦਾ ਜਵਾਬ ਦੇਣ ਵਿਚ ਉਸ ਦਾ ਸਾਥ ਦਿਓ। ਯਿਸੂ ਨੇ ਕਿਹਾ ਸੀ: “ਤੁਹਾਡੇ ਪਿਤਾ ਦੀ ਜਿਹੜਾ ਸੁਰਗ ਵਿੱਚ ਹੈ ਮਰਜੀ ਨਹੀਂ ਜੋ ਇਨ੍ਹਾਂ ਛੋਟਿਆਂ ਵਿੱਚੋਂ ਇੱਕ ਦਾ ਭੀ ਨਾਸ ਹੋ ਜਾਵੇ।”—ਮੱਤੀ 18:14.
12 ਇਸ ਤੋਂ ਜ਼ਾਹਰ ਹੈ ਕਿ ਯਹੋਵਾਹ ਤੁਹਾਡੇ ਫ਼ੈਸਲੇ ਵਿਚ ਦਿਲਚਸਪੀ ਲੈਂਦਾ ਹੈ। ਤੁਹਾਡੇ ਫ਼ੈਸਲੇ ਦਾ ਉਸ ਉੱਤੇ ਅਸਰ ਪੈਂਦਾ ਹੈ। ਬਾਈਬਲ ਸਾਫ਼-ਸਾਫ਼ ਦੱਸਦੀ ਹੈ ਕਿ ਯਹੋਵਾਹ ਗਹਿਰੀਆਂ ਭਾਵਨਾਵਾਂ ਵਾਲਾ ਪਰਮੇਸ਼ੁਰ ਹੈ ਜੋ ਇਨਸਾਨਾਂ ਦੇ ਚੰਗੇ ਜਾਂ ਬੁਰੇ ਕੰਮਾਂ ਤੋਂ ਖ਼ੁਸ਼ ਜਾਂ ਦੁਖੀ ਹੁੰਦਾ ਹੈ। ਮਿਸਾਲ ਲਈ, ਇਸਰਾਏਲੀਆਂ ਨੇ ਵਾਰ-ਵਾਰ ਯਹੋਵਾਹ ਦੇ ਖ਼ਿਲਾਫ਼ ਬਗਾਵਤ ਕਰ ਕੇ ਯਹੋਵਾਹ ਨੂੰ “ਉਦਾਸ” ਕੀਤਾ। (ਜ਼ਬੂਰਾਂ ਦੀ ਪੋਥੀ 78:40, 41) ਨੂਹ ਦੇ ਦਿਨਾਂ ਵਿਚ ਆਈ ਜਲ-ਪਰਲੋ ਤੋਂ ਪਹਿਲਾਂ, ਜਦੋਂ “ਆਦਮੀ ਦੀ ਬੁਰਿਆਈ ਧਰਤੀ ਉੱਤੇ ਵਧ ਗਈ” ਸੀ, ਤਾਂ ਯਹੋਵਾਹ “ਮਨ ਵਿਚ ਦੁਖੀ ਹੋਇਆ।” (ਉਤਪਤ 6:5, 6) ਜ਼ਰਾ ਸੋਚੋ: ਜੇ ਤੁਸੀਂ ਕੋਈ ਗ਼ਲਤ ਕਦਮ ਚੁੱਕਿਆ, ਤਾਂ ਇਸ ਨਾਲ ਤੁਸੀਂ ਆਪਣੇ ਸਿਰਜਣਹਾਰ ਨੂੰ ਦੁਖੀ ਕਰ ਸਕਦੇ ਹੋ। ਇਸ ਦਾ ਇਹ ਮਤਲਬ ਨਹੀਂ ਹੈ ਕਿ ਪਰਮੇਸ਼ੁਰ ਕਮਜ਼ੋਰ ਹੈ ਜਾਂ ਉਹ ਆਪਣੇ ਜਜ਼ਬਾਤਾਂ ਨੂੰ ਕਾਬੂ ਨਹੀਂ ਕਰ ਸਕਦਾ। ਇਸ ਦੀ ਬਜਾਇ, ਉਹ ਤੁਹਾਨੂੰ ਪਿਆਰ ਕਰਦਾ ਹੈ ਤੇ ਉਸ ਨੂੰ ਤੁਹਾਡੇ ਭਲੇ ਦਾ ਫ਼ਿਕਰ ਹੈ। ਜਦੋਂ ਤੁਸੀਂ ਸਹੀ ਕੰਮ ਕਰਦੇ ਹੋ, ਤਾਂ ਯਹੋਵਾਹ ਬੜਾ ਖ਼ੁਸ਼ ਹੁੰਦਾ ਹੈ। ਉਹ ਸਿਰਫ਼ ਇਸ ਲਈ ਖ਼ੁਸ਼ ਨਹੀਂ ਹੁੰਦਾ ਕਿ ਉਹ ਸ਼ਤਾਨ ਨੂੰ ਜਵਾਬ ਦੇ ਸਕਦਾ ਹੈ, ਪਰ ਇਸ ਲਈ ਵੀ ਖ਼ੁਸ਼ ਹੁੰਦਾ ਹੈ ਕਿ ਉਹ ਹੁਣ ਤੁਹਾਨੂੰ ਬਰਕਤਾਂ ਦੇ ਸਕਦਾ ਹੈ। ਬਰਕਤਾਂ ਦੇਣ ਨਾਲ ਯਹੋਵਾਹ ਨੂੰ ਖ਼ੁਸ਼ੀ ਮਿਲਦੀ ਹੈ। (ਇਬਰਾਨੀਆਂ 11:6) ਪਿਤਾ ਹੋਣ ਦੇ ਨਾਤੇ ਯਹੋਵਾਹ ਤੁਹਾਨੂੰ ਬਹੁਤ ਪਿਆਰ ਕਰਦਾ ਹੈ!
ਹੀਰੇ-ਮੋਤੀ
ਆਪਣੇ ਸਿਰਜਣਹਾਰ ਦੀ ਵਡਿਆਈ ਕਰਨ ਲਈ ਅਧਿਆਤਮਿਕ ਟੀਚੇ ਰੱਖੋ
ਧਿਆਨ ਦਿਓ ਕਿ ਯਹੋਵਾਹ ਨੇ ਦੁਨੀਆਂ ਦੀ ਸਿਰਜਣਾ ਕਿਵੇਂ ਪੂਰੀ ਕੀਤੀ। ‘ਸੰਝ ਤੇ ਸਵੇਰ ਹੋਈ’ ਸ਼ਬਦਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਦੁਨੀਆਂ ਦੀ ਸਿਰਜਣਾ ਨੂੰ ਵੱਖੋ-ਵੱਖਰੇ ਪੜਾਵਾਂ ਵਿਚ ਵੰਡਿਆ ਸੀ। (ਉਤਪਤ 1:5, 8, 13, 19, 23, 31) ਹਰ ਪੜਾਅ ਦੇ ਸ਼ੁਰੂ ਵਿਚ ਉਹ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਹ ਉਸ ਸਮੇਂ ਦੌਰਾਨ ਕੀ ਸਿਰਜੇਗਾ। ਇਸ ਤਰ੍ਹਾਂ ਯਹੋਵਾਹ ਨੇ ਚੀਜ਼ਾਂ ਦੀ ਸ੍ਰਿਸ਼ਟੀ ਕਰਨ ਦਾ ਆਪਣਾ ਟੀਚਾ ਹਾਸਲ ਕੀਤਾ। (ਪਰਕਾਸ਼ ਦੀ ਪੋਥੀ 4:11) ਅੱਯੂਬ ਨੇ ਕਿਹਾ ਸੀ: “ਜੋ [ਯਹੋਵਾਹ] ਦਾ ਜੀ ਚਾਹੇ ਸੋ ਉਹ ਕਰਦਾ ਹੈ।” (ਅੱਯੂਬ 23:13) ਯਹੋਵਾਹ ਨੂੰ ਆਪਣੀਆਂ ਬਣਾਈਆਂ ਚੀਜ਼ਾਂ ਦੇਖ ਕੇ ਇੰਨੀ ਖ਼ੁਸ਼ੀ ਹੋਈ ਕਿ ਉਸ ਨੇ ਉਨ੍ਹਾਂ ਨੂੰ “ਬਹੁਤ ਹੀ ਚੰਗਾ” ਕਿਹਾ।—ਉਤਪਤ 1:31.
ਕੋਈ ਵੀ ਕੰਮ ਪੂਰਾ ਕਰਨ ਲਈ ਦਿਲੀ ਇੱਛਾ ਹੋਣੀ ਬਹੁਤ ਜ਼ਰੂਰੀ ਹੈ। ਕਿਹੜੀ ਚੀਜ਼ ਅਜਿਹੀ ਇੱਛਾ ਪੈਦਾ ਕਰਨ ਵਿਚ ਮਦਦ ਕਰ ਸਕਦੀ ਹੈ? ਜਦੋਂ ਧਰਤੀ ਅਜੇ ਆਕਾਰਹੀਣ ਅਤੇ ਵੀਰਾਨ ਸੀ, ਉਦੋਂ ਹੀ ਯਹੋਵਾਹ ਦੇਖ ਸਕਦਾ ਸੀ ਕਿ ਧਰਤੀ ਅਖ਼ੀਰ ਵਿਚ ਦੇਖਣ ਨੂੰ ਕਿੱਦਾਂ ਦੀ ਲੱਗੇਗੀ—ਬ੍ਰਹਿਮੰਡ ਵਿਚ ਚਮਕਦਾ ਖੂਬਸੂਰਤ ਨਗੀਨਾ ਜਿਸ ਨਾਲ ਉਸ ਦੀ ਵਡਿਆਈ ਅਤੇ ਮਹਿਮਾ ਹੋਣੀ ਸੀ। ਇਸੇ ਤਰ੍ਹਾਂ, ਜੇ ਅਸੀਂ ਆਪਣੇ ਟੀਚੇ ਦੇ ਨਤੀਜਿਆਂ ਅਤੇ ਫ਼ਾਇਦਿਆਂ ਉੱਤੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਵੀ ਆਪਣੇ ਅੰਦਰ ਇਸ ਨੂੰ ਪ੍ਰਾਪਤ ਕਰਨ ਦੀ ਇੱਛਾ ਪੈਦਾ ਕਰ ਸਕਦੇ ਹਾਂ। ਉੱਨੀਆਂ ਸਾਲਾਂ ਦੇ ਟੋਨੀ ਨੇ ਇਸੇ ਤਰ੍ਹਾਂ ਕੀਤਾ। ਉਹ ਪੱਛਮੀ ਯੂਰਪ ਦੇ ਕਿਸੇ ਦੇਸ਼ ਵਿਚ ਯਹੋਵਾਹ ਦੇ ਗਵਾਹਾਂ ਦੇ ਬ੍ਰਾਂਚ ਆਫ਼ਿਸ ਗਿਆ। ਉਸ ਨੂੰ ਇਹ ਆਫ਼ਿਸ ਇੰਨਾ ਸੋਹਣਾ ਲੱਗਾ ਕਿ ਉਹ ਉਸ ਨੂੰ ਭੁਲਾ ਨਹੀਂ ਸਕਿਆ। ਉਸੇ ਸਮੇਂ ਤੋਂ ਟੋਨੀ ਸੋਚਣ ਲੱਗ ਪਿਆ, ‘ਕਾਸ਼ ਮੈਂ ਵੀ ਇੱਥੇ ਰਹਿ ਕੇ ਸੇਵਾ ਕਰ ਸਕਦਾ!’ ਟੋਨੀ ਨੇ ਇਸ ਬਾਰੇ ਸੋਚਣਾ ਨਹੀਂ ਛੱਡਿਆ ਅਤੇ ਉਸ ਨੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ। ਜ਼ਰਾ ਉਸ ਦੀ ਖ਼ੁਸ਼ੀ ਦਾ ਅੰਦਾਜ਼ਾ ਲਗਾਓ ਜਦੋਂ ਕਈ ਸਾਲਾਂ ਬਾਅਦ ਉਸ ਨੂੰ ਬ੍ਰਾਂਚ ਆਫ਼ਿਸ ਵਿਚ ਸੇਵਾ ਕਰਨ ਦਾ ਸੱਦਾ ਮਿਲਿਆ!
11-17 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 25-27
“ਵਫ਼ਾਦਾਰੀ ਬਣਾਈ ਰੱਖਣ ਲਈ ਮੁਕੰਮਲ ਹੋਣਾ ਜ਼ਰੂਰੀ ਨਹੀਂ”
it-1 1210 ਪੈਰਾ 4
ਵਫ਼ਾਦਾਰੀ
ਅੱਯੂਬ। ਅੱਯੂਬ ਬਾਰੇ ਕਿਹਾ ਗਿਆ ਹੈ ਕਿ “ਉਹ ਨੇਕ ਤੇ ਖਰਾ ਇਨਸਾਨ ਸੀ; ਉਹ ਪਰਮੇਸ਼ੁਰ ਤੋਂ ਡਰਦਾ ਤੇ ਬੁਰਾਈ ਤੋਂ ਦੂਰ ਰਹਿੰਦਾ ਸੀ।” (ਅੱਯੂਬ 1:1) ਸ਼ੈਤਾਨ ਨੇ ਅੱਯੂਬ ʼਤੇ ਦੋਸ਼ ਲਾਇਆ ਕਿ ਉਹ ਸੁਆਰਥ ਕਰਕੇ ਪਰਮੇਸ਼ੁਰ ਦੀ ਭਗਤੀ ਕਰਦਾ ਹੈ ਅਤੇ ਉਸ ਦੀ ਭਗਤੀ ਢੌਂਗ ਹੈ। ਪਰਮੇਸ਼ੁਰ ਨੇ ਸ਼ੈਤਾਨ ਨੂੰ ਅੱਯੂਬ ਦੀ ਵਫ਼ਾਦਾਰੀ ਪਰਖਣ ਦੀ ਇਜਾਜ਼ਤ ਦਿੱਤੀ। ਸ਼ੈਤਾਨ ਨੇ ਅੱਯੂਬ ਦਾ ਸਾਰਾ ਮਾਲ-ਧਨ ਖੋਹ ਲਿਆ ਅਤੇ ਉਸ ਦੇ ਬੱਚਿਆਂ ਨੂੰ ਮਾਰ ਦਿੱਤਾ, ਪਰ ਅੱਯੂਬ ਨੇ ਆਪਣੀ ਵਫ਼ਾਦਾਰੀ ਬਣਾਈ ਰੱਖੀ। (ਅੱਯੂਬ 1:6–2:3) ਫਿਰ ਸ਼ੈਤਾਨ ਨੇ ਇਹ ਵੀ ਦੋਸ਼ ਲਾਇਆ ਕਿ ਅੱਯੂਬ ਆਪਣੀ ਜਾਨ ਦੇ ਬਦਲੇ ਆਪਣਾ ਸਭ ਕੁਝ ਦੇ ਸਕਦਾ ਹੈ। (ਅੱਯੂਬ 2:4, 5) ਅੱਯੂਬ ਨੇ ਸ਼ੈਤਾਨ ਵੱਲੋਂ ਲਿਆਂਦੀਆਂ ਮੁਸ਼ਕਲਾਂ ਦੌਰਾਨ ਵੀ ਆਪਣੀ ਵਫ਼ਾਦਾਰੀ ਬਣਾਈ ਰੱਖੀ। ਸ਼ੈਤਾਨ ਨੇ ਅੱਯੂਬ ਨੂੰ ਸਿਰ ਤੋਂ ਪੈਰਾਂ ਤਕ ਦਰਦਨਾਕ ਬੀਮਾਰੀ ਲਾ ਦਿੱਤੀ ਤੇ ਉਸ ਦੀ ਪਤਨੀ ਨੇ ਉਸ ਨੂੰ ਚੁਭਵੀਂ ਗੱਲ ਕਹੀ। ਨਾਲੇ ਉਸ ਦੇ ਦੋਸਤਾਂ ਨੇ ਉਸ ਨੂੰ ਤਾਅਨੇ ਮਾਰੇ ਅਤੇ ਪਰਮੇਸ਼ੁਰ ਦੇ ਮਿਆਰਾਂ ਬਾਰੇ ਗ਼ਲਤ ਗੱਲਾਂ ਕਹੀਆਂ। ਇੰਨਾ ਸਭ ਕੁਝ ਸਹਿਣ ਦੇ ਬਾਵਜੂਦ ਵੀ ਉਸ ਨੇ ਨੇਕੀ ਦੇ ਰਾਹ ʼਤੇ ਚੱਲਣਾ ਨਹੀਂ ਛੱਡਿਆ। ਉਸ ਨੇ ਕਿਹਾ: “ਮਰਦੇ ਦਮ ਤਕ ਮੈਂ ਆਪਣੀ ਵਫ਼ਾਦਾਰੀ ਨਹੀਂ ਛੱਡਾਂਗਾ! ਮੈਂ ਨੇਕੀ ਨੂੰ ਫੜੀ ਰੱਖਾਂਗਾ ਤੇ ਇਸ ਨੂੰ ਕਦੇ ਵੀ ਨਹੀਂ ਛੱਡਾਂਗਾ; ਜਦ ਤਕ ਮੈਂ ਜੀਉਂਦਾ ਹਾਂ, ਮੇਰਾ ਦਿਲ ਮੈਨੂੰ ਫਿਟਕਾਰੇਗਾ ਨਹੀਂ।” (ਅੱਯੂਬ 27:5, 6) ਇਸ ਤੋਂ ਸਾਬਤ ਹੋਇਆ ਕਿ ਸ਼ੈਤਾਨ ਝੂਠਾ ਸੀ ਅਤੇ ਅੱਯੂਬ ਮਰਦੇ ਦਮ ਤਕ ਵਫ਼ਾਦਾਰ ਰਿਹਾ।
ਆਪਣੀ ਖਰਿਆਈ ਬਣਾਈ ਰੱਖੋ!
3 ਜਦੋਂ ਪਰਮੇਸ਼ੁਰ ਪ੍ਰਤੀ ਸਾਡੀ ਖਰਿਆਈ ਦੀ ਗੱਲ ਆਉਂਦੀ ਹੈ, ਤਾਂ ਖਰਿਆਈ ਦਾ ਮਤਲਬ ਹੈ ਕਿ ਯਹੋਵਾਹ ਨੂੰ ਦਿਲੋਂ ਤੇ ਅਟੁੱਟ ਪਿਆਰ ਕਰਨਾ ਤਾਂਕਿ ਅਸੀਂ ਹਰ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਦੀ ਇੱਛਾ ਬਾਰੇ ਸੋਚੀਏ। ਕੁਝ ਜਾਣਕਾਰੀ ʼਤੇ ਗੌਰ ਕਰੋ ਕਿ ਬਾਈਬਲ ਵਿਚ ਖਰਿਆਈ ਸ਼ਬਦ ਕਿਵੇਂ ਵਰਤਿਆ ਗਿਆ ਹੈ। ਬਾਈਬਲ ਵਿਚ ਜਿਸ ਸ਼ਬਦ ਦਾ ਅਨੁਵਾਦ “ਖਰਿਆਈ” ਕੀਤਾ ਗਿਆ ਹੈ, ਉਸ ਦਾ ਮਤਲਬ ਹੈ: ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰਾ। ਮਿਸਾਲ ਲਈ, ਇਜ਼ਰਾਈਲੀ ਯਹੋਵਾਹ ਨੂੰ ਜਾਨਵਰਾਂ ਦੀਆਂ ਬਲ਼ੀਆਂ ਚੜ੍ਹਾਉਂਦੇ ਹੁੰਦੇ ਸਨ। ਕਾਨੂੰਨ ਵਿਚ ਦੱਸਿਆ ਗਿਆ ਸੀ ਕਿ ਜਾਨਵਰਾਂ ਵਿਚ ਕੋਈ ਨੁਕਸ ਨਹੀਂ ਹੋਣਾ ਚਾਹੀਦਾ। (ਲੇਵੀ. 22:21, 22) ਪਰਮੇਸ਼ੁਰ ਦੇ ਲੋਕ ਉਹ ਜਾਨਵਰ ਨਹੀਂ ਚੜ੍ਹਾ ਸਕਦੇ ਸਨ ਜਿਸ ਦੀ ਲੱਤ, ਅੱਖ ਜਾਂ ਕੰਨ ਨਹੀਂ ਸੀ ਹੁੰਦਾ ਤੇ ਨਾ ਹੀ ਕਿਸੇ ਬੀਮਾਰ ਜਾਨਵਰ ਦੀ ਬਲ਼ੀ ਚੜ੍ਹਾ ਸਕਦੇ ਸਨ। ਯਹੋਵਾਹ ਲਈ ਇਹ ਗੱਲ ਜ਼ਰੂਰੀ ਸੀ ਕਿ ਜਾਨਵਰ ਪੂਰਾ ਜਾਂ ਬਿਨਾਂ ਨੁਕਸ ਤੋਂ ਹੋਵੇ। (ਮਲਾ. 1:6-9) ਅਸੀਂ ਸਮਝ ਸਕਦੇ ਹਾਂ ਕਿ ਯਹੋਵਾਹ ਇੱਦਾਂ ਕਿਉਂ ਚਾਹੁੰਦਾ ਸੀ। ਜਦੋਂ ਅਸੀਂ ਕੋਈ ਫਲ, ਕਿਤਾਬ, ਔਜ਼ਾਰ ਜਾਂ ਕੋਈ ਹੋਰ ਚੀਜ਼ ਖ਼ਰੀਦਦੇ ਹਾਂ, ਤਾਂ ਅਸੀਂ ਨਹੀਂ ਚਾਹੁੰਦੇ ਹਾਂ ਕਿ ਉਹ ਖ਼ਰਾਬ ਹੋਵੇ। ਅਸੀਂ ਚਾਹੁੰਦੇ ਹਾਂ ਕਿ ਚੀਜ਼ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਵੇ। ਪਿਆਰ ਤੇ ਵਫ਼ਾਦਾਰੀ ਦੇ ਮਾਮਲੇ ਵਿਚ ਯਹੋਵਾਹ ਵੀ ਇਸੇ ਤਰ੍ਹਾਂ ਚਾਹੁੰਦਾ ਹੈ। ਸਾਡਾ ਪਿਆਰ ਤੇ ਵਫ਼ਾਦਾਰੀ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਣੀ ਚਾਹੀਦੀ ਹੈ।
4 ਕੀ ਇਸ ਤੋਂ ਸਾਨੂੰ ਇਹ ਸਿੱਟਾ ਕੱਢਣਾ ਚਾਹੀਦਾ ਹੈ ਕਿ ਖਰਿਆਈ ਰੱਖਣ ਲਈ ਸਾਨੂੰ ਮੁਕੰਮਲ ਹੋਣ ਦੀ ਲੋੜ ਹੈ? ਅਸੀਂ ਸ਼ਾਇਦ ਸੋਚੀਏ ਕਿ ਅਸੀਂ ਸਾਰੇ ਤਾਂ ਬਹੁਤ ਸਾਰੀਆਂ ਗ਼ਲਤੀਆਂ ਕਰਦੇ ਹਾਂ। ਆਓ ਆਪਾਂ ਦੋ ਕਾਰਨਾਂ ʼਤੇ ਗੌਰ ਕਰੀਏ ਕਿ ਖਰਿਆਈ ਰੱਖਣ ਲਈ ਸਾਨੂੰ ਮੁਕੰਮਲ ਹੋਣ ਦੀ ਲੋੜ ਕਿਉਂ ਨਹੀਂ ਹੈ। ਪਹਿਲਾ, ਯਹੋਵਾਹ ਸਾਡੀਆਂ ਗ਼ਲਤੀਆਂ ʼਤੇ ਧਿਆਨ ਨਹੀਂ ਲਾਉਂਦਾ। ਉਸ ਦਾ ਬਚਨ ਸਾਨੂੰ ਦੱਸਦਾ ਹੈ: “ਹੇ ਯਹੋਵਾਹ, ਜੇ ਤੂੰ ਬਦੀਆਂ ਦਾ ਲੇਖਾ ਕਰਦਾ, ਤਾਂ ਪ੍ਰਭੁ ਜੀ, ਕੌਣ ਖੜਾ ਰਹਿ ਸੱਕਦਾ?” (ਜ਼ਬੂ. 130:3) ਉਹ ਜਾਣਦਾ ਹੈ ਕਿ ਅਸੀਂ ਨਾਮੁਕੰਮਲ, ਪਾਪੀ ਇਨਸਾਨ ਹਾਂ। ਇਸ ਲਈ ਉਹ ਖੁੱਲ੍ਹੇ ਦਿਲ ਨਾਲ ਸਾਨੂੰ ਮਾਫ਼ ਕਰਦਾ ਹੈ। (ਜ਼ਬੂ. 86:5) ਦੂਜਾ, ਯਹੋਵਾਹ ਜਾਣਦਾ ਹੈ ਕਿ ਅਸੀਂ ਕਿੰਨਾ ਕੁ ਕਰ ਸਕਦੇ ਹਾਂ। ਇਸ ਲਈ ਅਸੀਂ ਜਿੰਨਾ ਕਰ ਸਕਦੇ ਹਾਂ, ਉਹ ਸਾਡੇ ਤੋਂ ਉਸ ਤੋਂ ਜ਼ਿਆਦਾ ਦੀ ਉਮੀਦ ਨਹੀਂ ਰੱਖਦਾ। (ਜ਼ਬੂਰਾਂ ਦੀ ਪੋਥੀ 103:12-14 ਪੜ੍ਹੋ।) ਤਾਂ ਫਿਰ ਕਿਸ ਮਾਅਨੇ ਵਿਚ ਅਸੀਂ ਉਸ ਦੀਆਂ ਨਜ਼ਰਾਂ ਵਿਚ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੇ ਹੋ ਸਕਦੇ ਹਾਂ?
5 ਯਹੋਵਾਹ ਦੇ ਸੇਵਕਾਂ ਲਈ ਖਰਿਆਈ ਬਣਾਈ ਰੱਖਣ ਲਈ ਪਿਆਰ ਜ਼ਰੂਰੀ ਹੈ। ਸਵਰਗੀ ਪਿਤਾ ਵਜੋਂ, ਪਰਮੇਸ਼ੁਰ ਲਈ ਸਾਡਾ ਪਿਆਰ ਤੇ ਭਗਤੀ ਮੁਕੰਮਲ, ਬਿਨਾਂ ਨੁਕਸ ਤੋਂ ਜਾਂ ਪੂਰੀ ਹੋਣੀ ਚਾਹੀਦੀ ਹੈ। ਜਦੋਂ ਪਰੀਖਿਆ ਵੇਲੇ ਵੀ ਅਸੀਂ ਆਪਣਾ ਪਿਆਰ ਬਣਾਈ ਰੱਖਦੇ ਹਾਂ, ਤਾਂ ਅਸੀਂ ਖਰਿਆਈ ਬਣਾਈ ਰੱਖਦੇ ਹਾਂ। (1 ਇਤ. 28:9; ਮੱਤੀ 22:37) ਸ਼ੁਰੂ ਵਿਚ ਜ਼ਿਕਰ ਕੀਤੇ ਤਿੰਨ ਗਵਾਹਾਂ ʼਤੇ ਦੁਬਾਰਾ ਗੌਰ ਕਰੋ। ਉਨ੍ਹਾਂ ਨੇ ਜੋ ਕੀਤਾ, ਉਹ ਕਿਉਂ ਕੀਤਾ ਸੀ? ਕੀ ਨੌਜਵਾਨ ਕੁੜੀ ਸਕੂਲ ਵਿਚ ਮਜ਼ਾ ਨਹੀਂ ਲੈਣਾ ਚਾਹੁੰਦੀ, ਕੀ ਨੌਜਵਾਨ ਮੁੰਡਾ ਚਾਹੁੰਦਾ ਹੈ ਕਿ ਉਸ ਨੂੰ ਦਰਵਾਜ਼ੇ ʼਤੇ ਸ਼ਰਮਿੰਦਗੀ ਮਹਿਸੂਸ ਹੋਵੇ ਜਾਂ ਕੀ ਉਹ ਆਦਮੀ ਆਪਣੀ ਨੌਕਰੀ ਗੁਆਉਣਾ ਚਾਹੁੰਦਾ ਹੈ? ਬਿਲਕੁਲ ਨਹੀਂ। ਇਸ ਦੀ ਬਜਾਇ, ਉਹ ਜਾਣਦੇ ਹਨ ਕਿ ਯਹੋਵਾਹ ਦੇ ਧਰਮੀ ਮਿਆਰ ਹਨ ਅਤੇ ਉਨ੍ਹਾਂ ਨੇ ਆਪਣਾ ਧਿਆਨ ਆਪਣੇ ਸਵਰਗੀ ਪਿਤਾ ਨੂੰ ਖ਼ੁਸ਼ ਕਰਨ ʼਤੇ ਲਾਇਆ ਹੋਇਆ ਹੈ। ਪਰਮੇਸ਼ੁਰ ਲਈ ਪਿਆਰ ਹੋਣ ਕਰਕੇ ਉਹ ਕੋਈ ਵੀ ਫ਼ੈਸਲਾ ਕਰਨ ਤੋਂ ਪਹਿਲਾਂ ਉਸ ਬਾਰੇ ਸੋਚਦੇ ਹਨ। ਇਸ ਤਰ੍ਹਾਂ ਉਹ ਆਪਣੀ ਖਰਿਆਈ ਸਾਬਤ ਕਰਦੇ ਹਨ।
ਹੀਰੇ-ਮੋਤੀ
ਪਰਮੇਸ਼ੁਰ ਦੀ ਕਿਤਾਬ ਅਨੁਸਾਰ ਸੰਗਠਿਤ ਕੀਤੇ ਲੋਕ
3 ਯਹੋਵਾਹ ਦੀ ਪੂਰੀ ਸ੍ਰਿਸ਼ਟੀ ਵੱਲ ਦੇਖ ਕੇ ਸਾਨੂੰ ਇਹ ਗੱਲ ਸਾਫ਼ ਨਜ਼ਰ ਆਉਂਦੀ ਹੈ ਕਿ ਪਰਮੇਸ਼ੁਰ ਆਪਣਾ ਹਰ ਕੰਮ ਵਧੀਆ ਢੰਗ ਨਾਲ ਕਰਦਾ ਹੈ। ਉਸ ਨੇ “ਬੁੱਧ ਨਾਲ ਧਰਤੀ ਦੀ ਨਿਉਂ ਧਰੀ, ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ।” (ਕਹਾ. 3:19) ਯਹੋਵਾਹ ਦੀ ਸ੍ਰਿਸ਼ਟੀ ਵਿਚ ਅਜੇ ਵੀ ਬਹੁਤ ਸਾਰੀਆਂ ਗੱਲਾਂ ਭੇਤ ਭਰੀਆਂ ਹਨ। ਅਸੀਂ ਸਿਰਫ਼ “ਉਹ ਦੇ ਰਾਹਾਂ ਦੇ ਕੰਢੇ” ਬਾਰੇ ਹੀ ਜਾਣਦੇ ਹਾਂ ਅਤੇ “ਅਸੀਂ ਉਹ ਦੀ ਕਿੰਨੀ ਹੌਲੀ ਅਵਾਜ਼ ਸੁਣਦੇ ਹਾਂ!” (ਅੱਯੂ. 26:14) ਅਸੀਂ ਜੋ ਵੀ ਬ੍ਰਹਿਮੰਡ ਬਾਰੇ ਥੋੜ੍ਹਾ-ਬਹੁਤਾ ਜਾਣਦੇ ਹਾਂ, ਉਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਇਸ ਵਿਚ ਕਿੰਨਾ ਤਾਲਮੇਲ ਹੈ। (ਜ਼ਬੂ. 8:3, 4) ਜ਼ਰਾ ਗਲੈਕਸੀਆਂ ਵਿਚ ਅਰਬਾਂ-ਖਰਬਾਂ ਤਾਰਿਆਂ ਅਤੇ ਸੂਰਜ ਦੇ ਆਲੇ-ਦੁਆਲੇ ਘੁੰਮਣ ਵਾਲੇ ਗ੍ਰਹਿਆਂ ਬਾਰੇ ਸੋਚੋ। ਇਹ ਕਦੀ ਵੀ ਇਕ-ਦੂਜੇ ਨਾਲ ਨਹੀਂ ਟਕਰਾਉਂਦੇ। ਇਹ ਸਾਰਾ ਕੁਝ ਸਿਰਫ਼ ਇਸ ਕਰਕੇ ਹੀ ਮੁਮਕਿਨ ਹੈ ਕਿਉਂਕਿ ਯਹੋਵਾਹ ਨੇ ਸਾਰੇ ਤਾਰਿਆਂ ਅਤੇ ਗ੍ਰਹਿਆਂ ਨੂੰ ਆਪਣੀ-ਆਪਣੀ ਜਗ੍ਹਾ ʼਤੇ ਰੱਖਿਆ ਹੈ। ਜਦੋਂ ਅਸੀਂ ਸੋਚਦੇ ਹਾਂ ਕਿ ਯਹੋਵਾਹ ਨੇ ਆਕਾਸ਼ ਅਤੇ ਧਰਤੀ ਨੂੰ ਕਿੰਨੀ ਹੀ “ਬੁੱਧ ਨਾਲ ਬਣਾਇਆ ਹੈ,” ਤਾਂ ਅਸੀਂ ਦੰਗ ਰਹਿ ਜਾਂਦੇ ਹਾਂ। ਸਾਡਾ ਦਿਲ ਕਰਦਾ ਹੈ ਕਿ ਅਸੀਂ ਯਹੋਵਾਹ ਦੀ ਮਹਿਮਾ ਅਤੇ ਭਗਤੀ ਕਰੀਏ ਅਤੇ ਹਮੇਸ਼ਾ ਉਸ ਪ੍ਰਤੀ ਵਫ਼ਾਦਾਰ ਰਹੀਏ।—ਜ਼ਬੂ. 136:1, 5-9.
18-24 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 28-29
“ਕੀ ਅੱਯੂਬ ਵਾਂਗ ਤੁਹਾਡੀ ਵੀ ਨੇਕਨਾਮੀ ਹੈ?”
ਲੋੜਵੰਦਾਂ ਨਾਲ ਪ੍ਰੇਮ-ਭਰੀ-ਦਇਆ ਕਰੋ
19 ਬਾਈਬਲ ਦੇ ਜਿਨ੍ਹਾਂ ਬਿਰਤਾਂਤਾਂ ਉੱਤੇ ਅਸੀਂ ਚਰਚਾ ਕੀਤੀ ਹੈ ਉਹ ਇਸ ਗੱਲ ਉੱਤੇ ਵੀ ਜ਼ੋਰ ਦਿੰਦੇ ਹਨ ਕਿ ਪ੍ਰੇਮ-ਭਰੀ-ਦਇਆ ਉਨ੍ਹਾਂ ਉੱਤੇ ਕੀਤੀ ਜਾਣੀ ਚਾਹੀਦੀ ਹੈ ਜੋ ਆਪਣੀ ਕੋਈ ਜ਼ਰੂਰਤ ਖ਼ੁਦ ਪੂਰੀ ਨਹੀਂ ਕਰ ਸਕਦੇ ਹਨ। ਆਪਣੀ ਵੰਸ਼ਾਵਲੀ ਜਾਰੀ ਰੱਖਣ ਲਈ ਅਬਰਾਹਾਮ ਨੂੰ ਬਥੂਏਲ ਦੀ ਮਦਦ ਦੀ ਲੋੜ ਸੀ। ਆਪਣੀ ਲਾਸ਼ ਕਨਾਨ ਵਿਚ ਲੈ ਜਾਣ ਵਾਸਤੇ ਯਾਕੂਬ ਨੂੰ ਯੂਸੁਫ਼ ਦੀ ਮਦਦ ਦੀ ਲੋੜ ਸੀ। ਅਤੇ ਇਕ ਵਾਰਸ ਪੈਦਾ ਕਰਨ ਲਈ ਨਾਓਮੀ ਨੂੰ ਰੂਥ ਦੀ ਲੋੜ ਸੀ। ਅਬਰਾਹਾਮ, ਯਾਕੂਬ, ਅਤੇ ਨਾਓਮੀ ਮਦਦ ਤੋਂ ਬਿਨਾਂ ਇਹ ਕੰਮ ਪੂਰੇ ਨਹੀਂ ਕਰ ਸਕਦੇ ਸਨ। ਅੱਜ ਵੀ ਪ੍ਰੇਮ-ਭਰੀ-ਦਇਆ ਖ਼ਾਸ ਕਰਕੇ ਲੋੜਵੰਦਾਂ ਉੱਤੇ ਕੀਤੀ ਜਾਣੀ ਚਾਹੀਦੀ ਹੈ। (ਕਹਾਉਤਾਂ 19:17) ਸਾਨੂੰ ਅੱਯੂਬ ਦੀ ਰੀਸ ਕਰਨੀ ਚਾਹੀਦੀ ਹੈ ਜਿਸ ਨੇ ‘ਮਸਕੀਨ ਨੂੰ ਛੁਡਾਇਆ ਜਦ ਉਹ ਨੇ ਦੁਹਾਈ ਦਿੱਤੀ, ਅਤੇ ਯਤੀਮ ਨੂੰ ਜਦ ਉਹ ਦਾ ਕੋਈ ਸਹਾਇਕ ਨਹੀਂ ਸੀ,’ ਅਤੇ ਜਿਸ ਨੇ “ਨਾਸ ਹੋਣ ਵਾਲੇ ਦੀ” ਮਦਦ ਕੀਤੀ। ਅੱਯੂਬ ਦੇ ਕਾਰਨ ‘ਵਿਧਵਾ ਦਾ ਦਿਲ ਵੀ ਜੈਕਾਰਾ ਗਜਾਉਂਦਾ ਸੀ’ ਅਤੇ ਉਹ ‘ਅੰਨ੍ਹਿਆਂ ਲਈ ਅੱਖਾਂ, ਅਤੇ ਲੰਗੜਿਆਂ ਲਈ ਲੱਤਾਂ’ ਵੀ ਸਾਬਤ ਹੋਇਆ ਸੀ।—ਅੱਯੂਬ 29:12-15.
it-1 655 ਪੈਰਾ 10
ਪਹਿਰਾਵਾ
ਬਾਈਬਲ ਵਿਚ ਕਈ ਵਾਰ ਕੱਪੜੇ ਜਾਂ ਪਹਿਰਾਵੇ ਸ਼ਬਦਾਂ ਦਾ ਇਸਤੇਮਾਲ ਇਕ ਵਿਅਕਤੀ ਦੀ ਪਛਾਣ ਅਤੇ ਉਸ ਦੇ ਕੰਮਾਂ ਨੂੰ ਦਰਸਾਉਣ ਲਈ ਕੀਤਾ ਗਿਆ ਹੈ। ਉਦਾਹਰਣ ਲਈ, ਅੱਜ ਕਿਸੇ ਦੀ ਵਰਦੀ ਜਾਂ ਖ਼ਾਸ ਤਰ੍ਹਾਂ ਦੇ ਕੱਪੜਿਆਂ ਤੋਂ ਪਤਾ ਲੱਗਦਾ ਹੈ ਕਿ ਉਹ ਕਿਸ ਸੰਗਠਨ ਦਾ ਹਿੱਸਾ ਹੈ ਜਾਂ ਕਿਸ ਅੰਦੋਲਨ ਵਿਚ ਸ਼ਾਮਲ ਹੈ। ਇਸ ਲਈ ਕਈ ਵਾਰ ਜਦੋਂ ਕਿਸੇ ਵਿਅਕਤੀ ਦੇ ਕੱਪੜਿਆਂ ਦੀ ਗੱਲ ਕੀਤੀ ਗਈ ਹੁੰਦੀ ਹੈ, ਤਾਂ ਉਸ ਦਾ ਮਤਲਬ ਹੁੰਦਾ ਹੈ ਉਸ ਦੀ ਪਛਾਣ। ਨਾਲੇ ਉਸ ਦੀ ਪਛਾਣ ਇਸ ਗੱਲ ਤੋਂ ਹੁੰਦੀ ਹੈ ਕਿ ਉਹ ਕੀ ਮੰਨਦਾ ਹੈ ਅਤੇ ਉਸ ਦੇ ਮੁਤਾਬਕ ਕੀ ਕੰਮ ਕਰਦਾ ਹੈ।—ਮੱਤੀ 22:11, 12; ਪ੍ਰਕਾਸ਼ ਦੀ ਕਿਤਾਬ 16:14, 15.
w09 2/1 15 ਪੈਰੇ 3-4
ਨਾਂ ਵਿਚ ਕੀ ਰੱਖਿਆ?
ਜਦੋਂ ਅਸੀਂ ਪੈਦਾ ਹੁੰਦੇ ਹਾਂ, ਤਾਂ ਅਸੀਂ ਆਪਣਾ ਨਾਂ ਖ਼ੁਦ ਨਹੀਂ ਰੱਖ ਸਕਦੇ। ਪਰ ਅਸੀਂ ਕਿਹੋ ਜਿਹਾ ਨਾਂ ਕਮਾਵਾਂਗੇ, ਇਹ ਸਾਡੇ ਹੱਥ ਵਿਚ ਹੁੰਦਾ ਹੈ। (ਕਹਾਉਤਾਂ 20:11) ਜ਼ਰਾ ਸੋਚੋ, ‘ਜੇ ਯਿਸੂ ਜਾਂ ਉਸ ਦੇ ਰਸੂਲਾਂ ਨੂੰ ਮੇਰਾ ਨਾਂ ਰੱਖਣ ਦਾ ਮੌਕਾ ਮਿਲਦਾ, ਤਾਂ ਉਹ ਕੀ ਰੱਖਦੇ? ਮੇਰੇ ਲਈ ਕਿਹੜਾ ਨਾਂ ਬਿਲਕੁਲ ਸਹੀ ਹੁੰਦਾ ਜਿਸ ਤੋਂ ਪਤਾ ਲੱਗਦਾ ਕਿ ਮੇਰੇ ਵਿਚ ਕਿਹੜਾ ਖ਼ਾਸ ਗੁਣ ਹੈ ਜਾਂ ਮੈਂ ਕਿਸ ਗੱਲ ਲਈ ਜਾਣਿਆ ਜਾਂਦਾ ਹਾਂ?’
ਇਸ ਸਵਾਲ ʼਤੇ ਸੋਚ-ਵਿਚਾਰ ਕਰਨਾ ਜ਼ਰੂਰੀ ਹੈ। ਕਿਉਂ? ਕਿਉਂਕਿ ਬੁੱਧੀਮਾਨ ਰਾਜਾ ਸੁਲੇਮਾਨ ਨੇ ਲਿਖਿਆ: “ਬਹੁਤੀ ਧਨ-ਦੌਲਤ ਨਾਲੋਂ ਚੰਗਾ ਨਾਂ ਚੁਣਨਾ ਚਾਹੀਦਾ ਹੈ।” (ਕਹਾਉਤਾਂ 22:1) ਸਮਾਜ ਵਿਚ ਚੰਗਾ ਨਾਂ ਹੋਣਾ ਬਹੁਤ ਅਹਿਮੀਅਤ ਰੱਖਦਾ ਹੈ। ਪਰ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਚੰਗਾ ਨਾਂ ਕਮਾਉਣਾ ਇਸ ਤੋਂ ਵੀ ਕਿਤੇ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਚੰਗਾ ਨਾਂ ਹਮੇਸ਼ਾ ਤਕ ਰਹੇਗਾ। ਅਸੀਂ ਇਹ ਕਿਉਂ ਕਹਿ ਸਕਦੇ ਹਾਂ? ਪਰਮੇਸ਼ੁਰ ਨੇ ਵਾਅਦਾ ਕੀਤਾ ਹੈ ਕਿ ਜਿਹੜੇ ਲੋਕ ਉਸ ਦਾ ਡਰ ਮੰਨਦੇ ਹਨ, ਉਹ ਉਨ੍ਹਾਂ “ਲੋਕਾਂ ਨੂੰ ਯਾਦ ਰੱਖਣ ਲਈ” ਉਨ੍ਹਾਂ ਦੇ ਨਾਂ “ਇਕ ਕਿਤਾਬ” ਵਿਚ ਲਿਖੇਗਾ ਅਤੇ ਉਨ੍ਹਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਦੇਵੇਗਾ।—ਮਲਾਕੀ 3:16; ਪ੍ਰਕਾਸ਼ ਦੀ ਕਿਤਾਬ 3:5; 20:12-15.
ਹੀਰੇ-ਮੋਤੀ
g00 7/8 18 ਪੈਰਾ 3
ਮੁਸਕਰਾਓ ਇਹ ਤੁਹਾਡੇ ਲਈ ਚੰਗਾ ਹੈ!
ਕੀ ਮੁਸਕਰਾਉਣ ਜਾਂ ਨਾ ਮੁਸਕਰਾਉਣ ਨਾਲ ਕੋਈ ਫ਼ਰਕ ਪੈਂਦਾ ਹੈ? ਕੀ ਤੁਸੀਂ ਅਜਿਹਾ ਕੋਈ ਮੌਕਾ ਯਾਦ ਕਰ ਸਕਦੇ ਹੋ ਜਦੋਂ ਕਿਸੇ ਦੀ ਮੁਸਕਰਾਹਟ ਤੋਂ ਤੁਹਾਨੂੰ ਤਸੱਲੀ ਮਿਲੀ ਸੀ? ਜਾਂ ਜਦੋਂ ਕਿਸੇ ਦੇ ਨਾ ਮੁਸਕਰਾਉਣ ਦੇ ਕਾਰਨ ਤੁਸੀਂ ਘਬਰਾ ਗਏ ਸੀ ਜਾਂ ਤੁਹਾਨੂੰ ਇਸ ਤਰ੍ਹਾਂ ਲੱਗਾ ਸੀ ਕਿ ਤੁਸੀਂ ਠੁਕਰਾਏ ਜਾ ਰਹੇ ਹੋ? ਜੀ ਹਾਂ, ਮੁਸਕਰਾਉਣ ਨਾਲ ਕਾਫ਼ੀ ਫ਼ਰਕ ਪੈ ਸਕਦਾ ਹੈ। ਇਹ ਸਿਰਫ਼ ਮੁਸਕਰਾਉਣ ਵਾਲੇ ਉੱਤੇ ਹੀ ਅਸਰ ਨਹੀਂ ਪਾਉਂਦਾ ਪਰ ਉਸ ਉੱਤੇ ਵੀ ਜਿਸ ਲਈ ਕੋਈ ਮੁਸਕਰਾ ਰਿਹਾ ਹੈ। ਬਾਈਬਲ ਵਿਚ ਅੱਯੂਬ ਨਾਂ ਦੇ ਮਨੁੱਖ ਨੇ ਆਪਣੇ ਵੈਰੀਆਂ ਬਾਰੇ ਕਿਹਾ: “ਜਦ ਓਹ ਬੇਦਿਲ ਹੁੰਦੇ ਤਾਂ ਮੈਂ ਉਨ੍ਹਾਂ ਉੱਤੇ ਮੁਸਕਰਾਉਂਦਾ, ਅਤੇ ਮੇਰੇ ਮੁੱਖ ਦਾ ਚਾਨਣ ਉਨ੍ਹਾਂ ਨੇ ਕਦੀ ਰੱਦ ਨਾ ਕੀਤਾ।” (ਅੱਯੂਬ 29:24) ਅੱਯੂਬ ਦੇ ਚਿਹਰੇ ਦਾ “ਚਾਨਣ” ਸ਼ਾਇਦ ਉਸ ਦੀ ਖ਼ੁਸ਼ੀ ਦਿਖਾਉਂਦਾ ਸੀ।
25-31 ਦਸੰਬਰ
ਰੱਬ ਦਾ ਬਚਨ ਖ਼ਜ਼ਾਨਾ ਹੈ | ਅੱਯੂਬ 30-31
“ਅੱਯੂਬ ਨੇ ਆਪਣਾ ਚਾਲ-ਚਲਣ ਸ਼ੁੱਧ ਕਿਵੇਂ ਬਣਾਈ ਰੱਖਿਆ?”
ਅੱਖਾਂ ਨੂੰ ਵਿਅਰਥ ਚੀਜ਼ਾਂ ਤੋਂ ਮੋੜੋ!
8 ਨੇਤਰਾਂ ਅਤੇ ਸਰੀਰ ਦੀ ਕਾਮਨਾ ਤਾਂ ਸੱਚੇ ਮਸੀਹੀਆਂ ਨੂੰ ਵੀ ਨਹੀਂ ਛੱਡਦੀ। ਇਸ ਲਈ ਪਰਮੇਸ਼ੁਰ ਦਾ ਬਚਨ ਸਾਨੂੰ ਉਤਸ਼ਾਹ ਦਿੰਦਾ ਹੈ ਕਿ ਅਸੀਂ ਕਿਸੇ ਚੀਜ਼ ਨੂੰ ਦੇਖਣ ਅਤੇ ਚਾਹੁਣ ਲੱਗਿਆਂ ਖ਼ੁਦ ʼਤੇ ਕਾਬੂ ਰੱਖੀਏ। (1 ਕੁਰਿੰ. 9:25, 27; 1 ਯੂਹੰਨਾ 2:15-17 ਪੜ੍ਹੋ।) ਧਰਮੀ ਬੰਦਾ ਅੱਯੂਬ ਅੱਖਾਂ ਅਤੇ ਚਾਹਤ ਵਿਚਲੇ ਸੰਬੰਧ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਉਸ ਨੇ ਕਿਹਾ: “ਮੈਂ ਆਪਣੀਆਂ ਅੱਖਾਂ ਨਾਲ ਨੇਮ ਕੀਤਾ ਹੈ, ਤਾਂ ਮੈਂ ਕੁਆਰੀ ਉੱਤੇ ਕਿਸ ਤਰਾਂ ਅੱਖ ਮਟਕਾਵਾਂ?” (ਅੱਯੂ. 31:1) ਅੱਯੂਬ ਨੇ ਗ਼ਲਤ ਇਰਾਦੇ ਨਾਲ ਕਿਸੇ ਤੀਵੀਂ ਨੂੰ ਨਹੀਂ ਛੋਹਿਆ। ਉਸ ਨੇ ਤਾਂ ਆਪਣੇ ਮਨ ਵਿਚ ਅਜਿਹਾ ਖ਼ਿਆਲ ਵੀ ਨਹੀਂ ਆਉਣ ਦਿੱਤਾ। ਯਿਸੂ ਨੇ ਵੀ ਜ਼ੋਰ ਦਿੱਤਾ ਸੀ ਕਿ ਸਾਨੂੰ ਆਪਣੇ ਮਨਾਂ ਵਿੱਚੋਂ ਗੰਦੇ ਖ਼ਿਆਲ ਕੱਢ ਦੇਣੇ ਚਾਹੀਦੇ ਹਨ। ਉਸ ਨੇ ਕਿਹਾ ਸੀ: “ਜੋ ਕੋਈ ਤੀਵੀਂ ਨੂੰ ਬੁਰੀ ਇੱਛਿਆ ਕਰ ਕੇ ਵੇਖਦਾ ਹੈ ਸੋ ਤਦੋਂ ਹੀ ਆਪਣੇ ਮਨੋਂ ਉਹ ਦੇ ਨਾਲ ਜ਼ਨਾਹ ਕਰ ਚੁੱਕਿਆ।”—ਮੱਤੀ 5:28.
ਅੰਜਾਮ ਬਾਰੇ ਸੋਚੋ
ਅਜਿਹੇ ਗ਼ਲਤ ਰਾਹ ʼਤੇ ਜਾਣ ਤੋਂ ਪਹਿਲਾਂ ਆਪਣੇ ਆਪ ਤੋਂ ਇਹ ਸਵਾਲ ਪੁੱਛੋ: ‘ਇਹ ਰਾਹ ਮੈਨੂੰ ਕਿੱਥੇ ਲੈ ਕੇ ਜਾਵੇਗਾ?’ ਅੰਜਾਮ ਬਾਰੇ ਸੋਚ-ਵਿਚਾਰ ਕਰਨ ਨਾਲ ਅਸੀਂ ਗ਼ਲਤ ਕਦਮ ਨਹੀਂ ਚੁੱਕਾਂਗੇ। ਜ਼ਰਾ ਸੋਚੋ ਕਿ ਉਨ੍ਹਾਂ ਦੇ ਪੱਲੇ ਕੀ ਪੈਂਦਾ ਹੈ ਜੋ ਪਰਮੇਸ਼ੁਰ ਦੀਆਂ ਚੇਤਾਵਨੀਆਂ ਨਹੀਂ ਮੰਨਦੇ। ਉਨ੍ਹਾਂ ਨੂੰ ਏਡਜ਼ ਜਾਂ ਹੋਰ ਜਿਨਸੀ ਬੀਮਾਰੀਆਂ ਲੱਗਦੀਆਂ ਹਨ, ਅਣਚਾਹੇ ਬੱਚੇ ਅਤੇ ਗਰਭਪਾਤ ਹੁੰਦੇ ਹਨ, ਪਰਿਵਾਰ ਟੁੱਟ ਜਾਂਦੇ ਹਨ ਅਤੇ ਜ਼ਮੀਰ ਲਾਨ੍ਹਤਾਂ ਪਾਉਂਦੀ ਹੈ। ਇਸ ਤਰ੍ਹਾਂ ਦੇ ਰਾਹ ʼਤੇ ਚੱਲਣ ਵਾਲਿਆਂ ਬਾਰੇ ਪੌਲੁਸ ਰਸੂਲ ਨੇ ਸਾਫ਼-ਸਾਫ਼ ਦੱਸਿਆ ਕਿ ਉਹ “ਪਰਮੇਸ਼ੁਰ ਦੇ ਰਾਜ ਦੇ ਅਧਕਾਰੀ ਨਹੀਂ ਹੋਣਗੇ।”—1 ਕੁਰਿੰਥੀਆਂ 6:9, 10.
ਨੌਜਵਾਨੋ—ਪਰਮੇਸ਼ੁਰ ਦੇ ਬਚਨ ਦੀ ਸੇਧ ਨਾਲ ਚੱਲੋ
15 ਤੁਹਾਡੇ ਖ਼ਿਆਲ ਵਿਚ ਪਰਮੇਸ਼ੁਰ ਪ੍ਰਤਿ ਤੁਹਾਡੀ ਵਫ਼ਾਦਾਰੀ ਦੀ ਸਭ ਤੋਂ ਜ਼ਿਆਦਾ ਪਰਖ ਕਦੋਂ ਹੁੰਦੀ ਹੈ? ਕੀ ਉਦੋਂ ਜਦ ਤੁਸੀਂ ਦੂਜਿਆਂ ਨਾਲ ਹੁੰਦੇ ਹੋ ਜਾਂ ਜਦੋਂ ਤੁਸੀਂ ਇਕੱਲੇ ਹੁੰਦੇ ਹੋ? ਜਦ ਤੁਸੀਂ ਸਕੂਲ ਵਿਚ ਜਾਂ ਕੰਮ ਤੇ ਹੁੰਦੇ ਹੋ, ਤਾਂ ਤੁਸੀਂ ਚੁਕੰਨੇ ਹੁੰਦੇ ਹੋ। ਤੁਸੀਂ ਉਨ੍ਹਾਂ ਗੱਲਾਂ ਤੋਂ ਚੁਕੰਨੇ ਰਹਿੰਦੇ ਹੋ ਜੋ ਪਰਮੇਸ਼ੁਰ ਨਾਲ ਤੁਹਾਡੇ ਰਿਸ਼ਤੇ ਨੂੰ ਵਿਗਾੜ ਸਕਦੀਆਂ ਹਨ। ਜ਼ਿਆਦਾ ਪਰਖ ਉਦੋਂ ਹੁੰਦੀ ਹੈ ਜਦ ਤੁਸੀਂ ਮਨੋਰੰਜਨ ਕਰ ਰਹੇ ਹੁੰਦੇ ਹੋ। ਉਸ ਵੇਲੇ ਤੁਸੀਂ ਇੰਨੇ ਚੁਕੰਨੇ ਨਹੀਂ ਹੁੰਦੇ ਜਿਸ ਕਰਕੇ ਤੁਹਾਡੇ ਤੋਂ ਆਸਾਨੀ ਨਾਲ ਨੈਤਿਕ ਮਿਆਰਾਂ ਦੀ ਉਲੰਘਣਾ ਹੋ ਸਕਦੀ ਹੈ।
16 ਜਦੋਂ ਤੁਸੀਂ ਇਕੱਲੇ ਹੁੰਦੇ ਹੋ, ਉਦੋਂ ਵੀ ਤੁਹਾਨੂੰ ਯਹੋਵਾਹ ਦਾ ਕਹਿਣਾ ਕਿਉਂ ਮੰਨਣਾ ਚਾਹੀਦਾ ਹੈ? ਯਾਦ ਰੱਖੋ: ਤੁਸੀਂ ਜਾਂ ਤਾਂ ਯਹੋਵਾਹ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦੇ ਹੋ ਜਾਂ ਉਸ ਦੇ ਦਿਲ ਨੂੰ ਖ਼ੁਸ਼ ਕਰ ਸਕਦੇ ਹੋ। (ਉਤ. 6:5, 6; ਕਹਾ. 27:11) ਯਹੋਵਾਹ ਤੁਹਾਡੇ ਕੰਮਾਂ ਤੋਂ ਪ੍ਰਭਾਵਿਤ ਹੁੰਦਾ ਹੈ ਕਿਉਂਕਿ “ਉਹ ਨੂੰ ਤੁਹਾਡਾ ਫ਼ਿਕਰ ਹੈ।” (1 ਪਤ. 5:7) ਉਹ ਚਾਹੁੰਦਾ ਹੈ ਕਿ ਤੁਸੀਂ ਉਸ ਦੀ ਸੁਣੋ ਤਾਂਕਿ ਤੁਹਾਨੂੰ ਫ਼ਾਇਦਾ ਹੋਵੇ। (ਯਸਾ. 48:17, 18) ਪ੍ਰਾਚੀਨ ਇਸਰਾਏਲ ਵਿਚ ਜਦੋਂ ਯਹੋਵਾਹ ਦੇ ਕੁਝ ਸੇਵਕਾਂ ਨੇ ਉਸ ਦੀ ਸਲਾਹ ਨੂੰ ਨਜ਼ਰਅੰਦਾਜ਼ ਕੀਤਾ ਸੀ, ਤਾਂ ਉਨ੍ਹਾਂ ਨੇ ਯਹੋਵਾਹ ਨੂੰ ਦੁੱਖ ਪਹੁੰਚਾਇਆ ਸੀ। (ਜ਼ਬੂ. 78:40, 41) ਦੂਜੇ ਪਾਸੇ, ਯਹੋਵਾਹ ਦਾਨੀਏਲ ਨਬੀ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਇਕ ਦੂਤ ਨੇ ਉਸ ਨੂੰ ‘ਅੱਤ ਪਿਆਰਾ ਮਨੁੱਖ’ ਕਿਹਾ ਸੀ। (ਦਾਨੀ. 10:11) ਕਿਉਂ? ਦਾਨੀਏਲ ਨਾ ਸਿਰਫ਼ ਲੋਕਾਂ ਸਾਮ੍ਹਣੇ ਪਰਮੇਸ਼ੁਰ ਪ੍ਰਤਿ ਵਫ਼ਾਦਾਰ ਰਿਹਾ, ਬਲਕਿ ਇਕੱਲੇ ਹੁੰਦਿਆਂ ਵੀ ਵਫ਼ਾਦਾਰ ਰਿਹਾ।—ਦਾਨੀਏਲ 6:10 ਪੜ੍ਹੋ।
ਹੀਰੇ-ਮੋਤੀ
ਧਿਆਨ ਨਾਲ ਗੱਲ ਸੁਣਨ ਦੀ ਕਲਾ
ਪੁਰਾਣੇ ਜ਼ਮਾਨੇ ਵਿਚ ਪਰਮੇਸ਼ੁਰ ਦੇ ਇਕ ਭਗਤ ਅੱਯੂਬ ਦੇ ਸਾਥੀਆਂ ਨੇ ਘੱਟੋ-ਘੱਟ ਅੱਯੂਬ ਦੇ ਦਸ ਭਾਸ਼ਣ ਸੁਣੇ ਹੋਣੇ। ਫਿਰ ਵੀ ਅੱਯੂਬ ਦੀ ਇਹ ਸ਼ਿਕਾਇਤ ਰਹੀ: “ਕਾਸ਼ ਕਿ ਕੋਈ ਮੇਰੀ ਸੁਣਦਾ!” (ਅੱਯੂਬ 31:35) ਉਸ ਨੇ ਇਹ ਕਿਉਂ ਕਿਹਾ? ਕਿਉਂਕਿ ਉਸ ਦੇ ਸਾਥੀਆਂ ਨੇ ਅੱਯੂਬ ਦੀ ਗੱਲ ਅਣਸੁਣੀ ਕਰ ਦਿੱਤੀ ਤੇ ਉਸ ਨੂੰ ਕੋਈ ਦਿਲਾਸਾ ਨਹੀਂ ਦਿੱਤਾ। ਉਨ੍ਹਾਂ ਨੂੰ ਨਾ ਅੱਯੂਬ ਦੀ ਅਤੇ ਨਾ ਹੀ ਉਸ ਦੇ ਜਜ਼ਬਾਤਾਂ ਦੀ ਕੋਈ ਪਰਵਾਹ ਸੀ। ਉਨ੍ਹਾਂ ਦੇ ਰਵੱਈਆ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਉਹ ਹਮਦਰਦ ਬਿਲਕੁਲ ਨਹੀਂ ਸਨ। ਪਰ ਪਤਰਸ ਰਸੂਲ ਨੇ ਸਲਾਹ ਦਿੱਤੀ: “ਤੁਸੀਂ ਸੱਭੇ ਇੱਕ ਮਨ ਹੋਵੋ, ਆਪੋ ਵਿੱਚੀਂ ਦਰਦੀ ਬਣੋ, ਭਰੱਪਣ ਦਾ ਪ੍ਰੇਮ ਰੱਖੋ, ਤਰਸਵਾਨ ਅਤੇ ਮਨ ਦੇ ਹਲੀਮ ਹੋਵੋ।” (1 ਪਤਰਸ 3:8) ਤਾਂ ਫਿਰ ਅਸੀਂ ਹਮਦਰਦ ਕਿਵੇਂ ਬਣ ਸਕਦੇ ਹਾਂ? ਇਕ ਤਰੀਕਾ ਹੈ ਕਿ ਦੂਸਰਿਆਂ ਦੀ ਗੱਲ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ਦੇ ਜਜ਼ਬਾਤਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਉਨ੍ਹਾਂ ਨਾਲ ਹਮਦਰਦੀ ਦੇ ਦੋ ਬੋਲ ਬੋਲੋ, ਜਿਵੇਂ ਕਿ “ਇਸ ਤੋਂ ਤੁਹਾਨੂੰ ਕਾਫ਼ੀ ਧੱਕਾ ਲੱਗਾ ਹੋਣਾ” ਜਾਂ “ਉਹ ਤੁਹਾਡੀ ਗੱਲ ਨੂੰ ਗ਼ਲਤ ਸਮਝ ਬੈਠੇ ਹੋਣੇ।” ਇਕ ਹੋਰ ਤਰੀਕਾ ਹੈ ਦੂਸਰੇ ਦੀਆਂ ਕਹੀਆਂ ਗੱਲਾਂ ਨੂੰ ਆਪਣੇ ਲਫ਼ਜ਼ਾਂ ਵਿਚ ਕਹਿਣਾ। ਇਸ ਤਰ੍ਹਾਂ ਉਸ ਨੂੰ ਅਹਿਸਾਸ ਹੋਵੇਗਾ ਕਿ ਤੁਸੀਂ ਉਸ ਦੇ ਜਜ਼ਬਾਤਾਂ ਨੂੰ ਸਮਝ ਰਹੇ ਹੋ। ਜੇ ਅਸੀਂ ਦੂਸਰਿਆਂ ਨਾਲ ਦਿਲੋਂ ਪਿਆਰ ਕਰਦੇ ਹਾਂ, ਤਾਂ ਅਸੀਂ ਉਨ੍ਹਾਂ ਦੇ ਸ਼ਬਦਾਂ ਨੂੰ ਹੀ ਨਹੀਂ ਬਲਕਿ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਵੀ ਸਮਝਾਂਗੇ।