ਨਿਸ਼ਠਾ ਨਾਲ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਦਾ ਸਮਰਥਨ ਕਰਨਾ
“ਸਗੋਂ ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ ਨਾ ਪਰਮੇਸ਼ੁਰ ਦੇ ਬਚਨ ਵਿੱਚ ਰਲਾ ਪਾਉਂਦੇ ਹਾਂ।”—2 ਕੁਰਿੰਥੀਆਂ 4:2.
1. (ੳ) ਮੱਤੀ 24:14 ਅਤੇ 28:19, 20 ਵਿਚ ਦੱਸੇ ਗਏ ਕੰਮ ਨੂੰ ਪੂਰਾ ਕਰਨ ਲਈ ਕੀ ਜ਼ਰੂਰੀ ਰਿਹਾ ਹੈ? (ਅ) ਜਦੋਂ ਅੰਤ ਦੇ ਦਿਨ ਸ਼ੁਰੂ ਹੋਏ, ਉਦੋਂ ਲੋਕਾਂ ਦੀਆਂ ਭਾਸ਼ਾਵਾਂ ਵਿਚ ਕਿਸ ਹੱਦ ਤਕ ਬਾਈਬਲ ਉਪਲਬਧ ਸੀ?
ਆਪਣੀ ਸ਼ਾਹੀ ਮੌਜੂਦਗੀ ਅਤੇ ਪੁਰਾਣੀ ਰੀਤੀ-ਵਿਵਸਥਾ ਦੀ ਸਮਾਪਤੀ ਦੇ ਸਮੇਂ ਬਾਰੇ ਆਪਣੀ ਮਹਾਨ ਭਵਿੱਖਬਾਣੀ ਵਿਚ, ਯਿਸੂ ਮਸੀਹ ਨੇ ਪਹਿਲਾਂ ਹੀ ਦੱਸਿਆ ਸੀ: “ਰਾਜ ਦੀ ਇਸ ਖ਼ੁਸ਼ ਖ਼ਬਰੀ ਦਾ ਪਰਚਾਰ ਸਾਰੀ ਦੁਨੀਆ ਵਿੱਚ ਕੀਤਾ ਜਾਵੇਗਾ ਜੋ ਸਭ ਕੌਮਾਂ ਉੱਤੇ ਸਾਖੀ ਹੋਵੇ ਤਦ ਅੰਤ ਆਵੇਗਾ।” ਉਸ ਨੇ ਆਪਣੇ ਪੈਰੋਕਾਰਾਂ ਨੂੰ ਇਹ ਹਿਦਾਇਤ ਵੀ ਦਿੱਤੀ: “ਸਾਰੀਆਂ ਕੌਮਾਂ ਨੂੰ ਚੇਲੇ ਬਣਾਓ . . . ਅਰ ਉਨ੍ਹਾਂ ਨੂੰ ਸਿਖਾਓ ਭਈ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ।” (ਮੱਤੀ 24:14; 28:19, 20) ਇਨ੍ਹਾਂ ਭਵਿੱਖਬਾਣੀਆਂ ਦੀ ਪੂਰਤੀ ਵਿਚ ਬਾਈਬਲ ਦਾ ਅਨੁਵਾਦ ਕਰਨ ਅਤੇ ਇਸ ਨੂੰ ਛਾਪਣ, ਇਸ ਦੇ ਅਰਥ ਬਾਰੇ ਲੋਕਾਂ ਨੂੰ ਸਿਖਾਉਣ, ਅਤੇ ਉਨ੍ਹਾਂ ਨੂੰ ਆਪਣੇ ਜੀਵਨਾਂ ਵਿਚ ਇਸ ਨੂੰ ਲਾਗੂ ਕਰਨ ਲਈ ਮਦਦ ਦੇਣ ਵਿਚ ਕਾਫ਼ੀ ਸਾਰਾ ਕੰਮ ਸ਼ਾਮਲ ਹੈ। ਅਜਿਹੀ ਸਰਗਰਮੀ ਵਿਚ ਹਿੱਸਾ ਲੈਣਾ ਕਿੰਨਾ ਵੱਡਾ ਵਿਸ਼ੇਸ਼-ਸਨਮਾਨ ਹੈ! 1914 ਤਕ ਪੂਰੀ ਬਾਈਬਲ ਜਾਂ ਇਸ ਦੇ ਕੁਝ ਭਾਗ ਪਹਿਲਾਂ ਹੀ 570 ਭਾਸ਼ਾਵਾਂ ਵਿਚ ਛੱਪ ਚੁੱਕੇ ਸਨ। ਪਰੰਤੂ ਉਦੋਂ ਤੋਂ ਸੈਂਕੜਿਆਂ ਦੀ ਗਿਣਤੀ ਵਿਚ ਹੋਰ ਭਾਸ਼ਾਵਾਂ ਜਾਂ ਅਨੇਕਾਂ ਉਪ-ਭਾਸ਼ਾਵਾਂ ਸ਼ਾਮਲ ਕੀਤੀਆਂ ਗਈਆਂ ਹਨ, ਅਤੇ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਇਕ ਤੋਂ ਜ਼ਿਆਦਾ ਅਨੁਵਾਦ ਉਪਲਬਧ ਹਨ।a
2. ਬਾਈਬਲ ਅਨੁਵਾਦਕਾਂ ਅਤੇ ਪ੍ਰਕਾਸ਼ਕਾਂ ਦੇ ਕੰਮ ਨੂੰ ਕਿਹੜੇ ਵੱਖ-ਵੱਖ ਮਨੋਰਥਾਂ ਨੇ ਪ੍ਰਭਾਵਿਤ ਕੀਤਾ ਹੈ?
2 ਕਿਸੇ ਵੀ ਅਨੁਵਾਦਕ ਲਈ ਇਕ ਭਾਸ਼ਾ ਵਿਚ ਸਾਮੱਗਰੀ ਲੈ ਕੇ ਦੂਸਰੀ ਭਾਸ਼ਾ ਪੜ੍ਹਨ ਅਤੇ ਸੁਣਨ ਵਾਲੇ ਲੋਕਾਂ ਲਈ ਸਮਝਣਯੋਗ ਬਣਾਉਣਾ ਇਕ ਚੁਣੌਤੀ ਹੈ। ਕੁਝ ਬਾਈਬਲ ਅਨੁਵਾਦਕਾਂ ਨੇ ਇਸ ਸਚੇਤਤਾ ਨਾਲ ਆਪਣਾ ਕੰਮ ਕੀਤਾ ਕਿ ਜੋ ਉਹ ਅਨੁਵਾਦ ਕਰ ਰਹੇ ਸਨ ਉਹ ਪਰਮੇਸ਼ੁਰ ਦਾ ਬਚਨ ਸੀ। ਦੂਸਰੇ ਅਨੁਵਾਦਕ ਮਹਿਜ਼ ਪ੍ਰਾਜੈਕਟ ਦੀ ਵਿਦਿਅਕ ਚੁਣੌਤੀ ਤੋਂ ਆਕਰਸ਼ਿਤ ਹੋਏ ਹਨ। ਸ਼ਾਇਦ ਉਨ੍ਹਾਂ ਨੇ ਬਾਈਬਲ ਦੀ ਸਾਮੱਗਰੀ ਨੂੰ ਮਹਿਜ਼ ਇਕ ਬਹੁਮੁੱਲੀ ਸਭਿਆਚਾਰਕ ਵਿਰਾਸਤ ਸਮਝਿਆ ਹੋਵੇ। ਕੁਝ ਲਈ, ਧਰਮ ਉਨ੍ਹਾਂ ਦਾ ਵਪਾਰ ਹੈ, ਅਤੇ ਅਜਿਹੀ ਪੁਸਤਕ ਨੂੰ ਛਾਪਣਾ ਜਿਸ ਵਿਚ ਅਨੁਵਾਦਕ ਜਾਂ ਪ੍ਰਕਾਸ਼ਕ ਵਜੋਂ ਉਨ੍ਹਾਂ ਦਾ ਨਾਂ ਹੈ, ਉਨ੍ਹਾਂ ਦੀ ਰੋਜ਼ੀ ਕਮਾਉਣ ਦਾ ਸਾਧਨ ਹੈ। ਸਪੱਸ਼ਟ ਤੌਰ ਤੇ ਉਨ੍ਹਾਂ ਦੇ ਮਨੋਰਥ ਇਸ ਗੱਲ ਨੂੰ ਪ੍ਰਭਾਵਿਤ ਕਰਦੇ ਹਨ ਕਿ ਉਹ ਆਪਣਾ ਕੰਮ ਕਿਸ ਤਰ੍ਹਾਂ ਕਰਦੇ ਹਨ।
3. ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਨੇ ਆਪਣੇ ਕੰਮ ਨੂੰ ਕਿਸ ਤਰ੍ਹਾਂ ਵਿਚਾਰਿਆ ਸੀ?
3 ਨਿਊ ਵਰਲਡ ਬਾਈਬਲ ਟ੍ਰਾਂਸਲੇਸ਼ਨ ਕਮੇਟੀ ਦੁਆਰਾ ਕੀਤਾ ਗਿਆ ਇਹ ਕਥਨ ਧਿਆਨਯੋਗ ਹੈ: “ਪਵਿੱਤਰ ਸ਼ਾਸਤਰ ਦਾ ਅਨੁਵਾਦ ਕਰਨ ਦਾ ਅਰਥ ਹੈ ਯਹੋਵਾਹ ਪਰਮੇਸ਼ੁਰ ਦੇ ਵਿਚਾਰਾਂ ਅਤੇ ਕਥਨਾਂ ਨੂੰ ਦੂਸਰੀ ਭਾਸ਼ਾ ਵਿਚ ਪ੍ਰਗਟ ਕਰਨਾ . . . ਇਹ ਬਹੁਤ ਹੀ ਸੰਜੀਦਾ ਵਿਚਾਰ ਹੈ। ਇਸ ਕੰਮ ਦੇ ਅਨੁਵਾਦਕ, ਜੋ ਪਵਿੱਤਰ ਸ਼ਾਸਤਰ ਦੇ ਈਸ਼ਵਰੀ ਲੇਖਕ ਤੋਂ ਡਰਦੇ ਅਤੇ ਉਸ ਨੂੰ ਪ੍ਰੇਮ ਕਰਦੇ ਹਨ, ਉਸ ਦੇ ਵਿਚਾਰਾਂ ਅਤੇ ਐਲਾਨਾਂ ਨੂੰ ਜਿੰਨਾ ਵੀ ਸੰਭਵ ਹੋ ਸਕੇ ਉੱਨਾ ਹੀ ਸਹੀ-ਸਹੀ ਵਿਅਕਤ ਕਰਨ ਲਈ ਉਸ ਪ੍ਰਤੀ ਇਕ ਖ਼ਾਸ ਜ਼ਿੰਮੇਵਾਰੀ ਮਹਿਸੂਸ ਕਰਦੇ ਹਨ। ਉਹ ਉਨ੍ਹਾਂ ਭਾਲ ਕਰਨ ਵਾਲੇ ਪਾਠਕਾਂ ਪ੍ਰਤੀ ਵੀ ਜ਼ਿੰਮੇਵਾਰੀ ਮਹਿਸੂਸ ਕਰਦੇ ਹਨ ਜੋ ਆਪਣੀ ਸਦੀਵੀ ਮੁਕਤੀ ਲਈ ਅੱਤ ਮਹਾਨ ਪਰਮੇਸ਼ੁਰ ਦੇ ਪ੍ਰੇਰਿਤ ਬਚਨ ਦੇ ਅਨੁਵਾਦ ਉੱਤੇ ਨਿਰਭਰ ਕਰਦੇ ਹਨ। ਗੰਭੀਰ ਜ਼ਿੰਮੇਵਾਰੀ ਦੀ ਅਜਿਹੀ ਭਾਵਨਾ ਦੇ ਨਾਲ ਹੀ ਸਮਰਪਿਤ ਆਦਮੀਆਂ ਦੀ ਇਸ ਕਮੇਟੀ ਨੇ ਕਈ ਸਾਲਾਂ ਦੇ ਦੌਰ ਵਿਚ ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੋਲੀ ਸਕ੍ਰਿਪਚਰਸ ਉਤਪੰਨ ਕੀਤੀ ਹੈ।” ਇਸ ਕਮੇਟੀ ਦਾ ਟੀਚਾ ਬਾਈਬਲ ਦਾ ਅਜਿਹਾ ਅਨੁਵਾਦ ਤਿਆਰ ਕਰਨਾ ਸੀ ਜੋ ਸਪੱਸ਼ਟ ਅਤੇ ਸਮਝਣਯੋਗ ਹੁੰਦਾ ਅਤੇ ਜੋ ਮੁਢਲੀ ਇਬਰਾਨੀ ਅਤੇ ਯੂਨਾਨੀ ਸ਼ਾਸਤਰ ਨੂੰ ਇੰਨੀ ਨੇੜਤਾ ਨਾਲ ਫੜੀ ਰੱਖਦਾ ਕਿ ਇਹ ਯਥਾਰਥ ਗਿਆਨ ਵਿਚ ਲਗਾਤਾਰ ਵਾਧੇ ਲਈ ਇਕ ਨੀਂਹ ਬਣਦਾ।
ਪਰਮੇਸ਼ੁਰ ਦੇ ਨਾਂ ਦਾ ਕੀ ਹੋਇਆ ਹੈ?
4. ਬਾਈਬਲ ਵਿਚ ਪਰਮੇਸ਼ੁਰ ਦਾ ਨਾਂ ਕਿੰਨਾ ਜ਼ਰੂਰੀ ਹੈ?
4 ਬਾਈਬਲ ਦਾ ਇਕ ਮੁੱਖ ਉਦੇਸ਼ ਲੋਕਾਂ ਦੀ ਸੱਚੇ ਪਰਮੇਸ਼ੁਰ ਨੂੰ ਜਾਣਨ ਵਿਚ ਮਦਦ ਕਰਨਾ ਹੈ। (ਕੂਚ 20:2-7; 34:1-7; ਯਸਾਯਾਹ 52:6) ਯਿਸੂ ਮਸੀਹ ਨੇ ਆਪਣੇ ਪੈਰੋਕਾਰਾਂ ਨੂੰ ਪ੍ਰਾਰਥਨਾ ਕਰਨੀ ਸਿਖਾਈ ਕਿ ਉਸ ਦੇ ਪਿਤਾ ਦਾ ਨਾਂ “ਪਾਕ ਮੰਨਿਆ ਜਾਵੇ,” ਪਵਿੱਤਰ ਠਹਿਰੇ, ਜਾਂ ਪਵਿੱਤਰ ਮੰਨਿਆ ਜਾਵੇ। (ਮੱਤੀ 6:9) ਪਰਮੇਸ਼ੁਰ ਨੇ ਆਪਣਾ ਨਿੱਜੀ ਨਾਂ ਬਾਈਬਲ ਵਿਚ 7,000 ਤੋਂ ਵੱਧ ਵਾਰ ਦਰਜ ਕਰਵਾਇਆ ਸੀ। ਉਹ ਚਾਹੁੰਦਾ ਹੈ ਕਿ ਲੋਕ ਇਸ ਨਾਂ ਨੂੰ ਜਾਣਨ ਅਤੇ ਉਸ ਦੇ ਗੁਣਾਂ ਨੂੰ ਜਾਣਨ ਜਿਸ ਦਾ ਇਹ ਨਾਂ ਹੈ।—ਮਲਾਕੀ 1:11.
5. ਵੱਖ-ਵੱਖ ਅਨੁਵਾਦਕਾਂ ਨੇ ਈਸ਼ਵਰੀ ਨਾਂ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਹੈ?
5 ਬਹੁਤ ਸਾਰੇ ਬਾਈਬਲ ਅਨੁਵਾਦਕਾਂ ਨੇ ਈਸ਼ਵਰੀ ਨਾਂ ਲਈ ਸੱਚਾ ਆਦਰ ਦਿਖਾਇਆ ਹੈ ਅਤੇ ਆਪਣੇ ਅਨੁਵਾਦ ਵਿਚ ਇਸ ਦਾ ਲਗਾਤਾਰ ਪ੍ਰਯੋਗ ਕੀਤਾ ਹੈ। ਕੁਝ ਅਨੁਵਾਦਕ ਯਾਹਵੇਹ ਇਸਤੇਮਾਲ ਕਰਨਾ ਪਸੰਦ ਕਰਦੇ ਹਨ। ਦੂਸਰਿਆਂ ਨੇ ਈਸ਼ਵਰੀ ਨਾਂ ਦਾ ਇਕ ਅਜਿਹਾ ਰੂਪ ਚੁਣਿਆ ਹੈ ਜੋ ਉਨ੍ਹਾਂ ਦੀ ਆਪਣੀ ਭਾਸ਼ਾ ਦੇ ਅਨੁਕੂਲ ਹੈ ਪਰੰਤੂ ਜਿਸ ਦੀ ਪਛਾਣ ਅਜੇ ਵੀ ਸਪੱਸ਼ਟ ਤੌਰ ਤੇ ਇਬਰਾਨੀ ਮੂਲ-ਪਾਠ ਵਿਚ ਦਿੱਤੇ ਗਏ ਨਾਂ ਨਾਲ ਕੀਤੀ ਜਾ ਸਕਦੀ ਹੈ, ਸੰਭਵ ਤੌਰ ਤੇ ਅਜਿਹਾ ਰੂਪ ਜੋ ਕਿ ਲੰਮੇ ਸਮੇਂ ਤੋਂ ਵਰਤੋਂ ਵਿਚ ਹੋਣ ਕਰਕੇ ਚੰਗੀ ਤਰ੍ਹਾਂ ਜਾਣਿਆ-ਪਛਾਣਿਆ ਹੈ। ਨਿਊ ਵਰਲਡ ਟ੍ਰਾਂਸਲੇਸ਼ਨ ਆਫ਼ ਦ ਹੌਲੀ ਸਕ੍ਰਿਪਚਰਸ ਆਪਣੇ ਮੁੱਖ ਮੂਲ-ਪਾਠ ਵਿਚ ਯਹੋਵਾਹ ਨਾਂ ਨੂੰ 7,210 ਵਾਰੀ ਪ੍ਰਯੋਗ ਕਰਦੀ ਹੈ।
6. (ੳ) ਹਾਲ ਹੀ ਦੇ ਸਾਲਾਂ ਵਿਚ, ਅਨੁਵਾਦਕਾਂ ਨੇ ਈਸ਼ਵਰੀ ਨਾਂ ਨਾਲ ਸੰਬੰਧਿਤ ਹਵਾਲਿਆਂ ਨਾਲ ਕੀ ਕੀਤਾ ਹੈ? (ਅ) ਇਹ ਅਭਿਆਸ ਕਿੰਨਾ ਕੁ ਵਿਆਪਕ ਹੈ?
6 ਹਾਲ ਹੀ ਦੇ ਸਾਲਾਂ ਵਿਚ, ਭਾਵੇਂ ਕਿ ਬਾਈਬਲ ਅਨੁਵਾਦਕ ਬਆਲ ਅਤੇ ਮੋਲਕ ਵਰਗੇ ਝੂਠੇ ਦੇਵੀ-ਦੇਵਤਿਆਂ ਦੇ ਨਾਂ ਦਾ ਪ੍ਰਯੋਗ ਕਰਦੇ ਹਨ, ਪਰੰਤੂ ਉਹ ਤੇਜ਼ੀ ਨਾਲ ਸੱਚੇ ਪਰਮੇਸ਼ੁਰ ਦਾ ਨਿੱਜੀ ਨਾਂ ਉਸ ਦੇ ਪ੍ਰੇਰਿਤ ਬਚਨ ਦੇ ਅਨੁਵਾਦਾਂ ਵਿੱਚੋਂ ਕੱਢ ਰਹੇ ਹਨ। (ਕੂਚ 3:15; ਯਿਰਮਿਯਾਹ 32:35) ਮੱਤੀ 6:9 ਅਤੇ ਯੂਹੰਨਾ 17:6, 26 ਵਰਗੀਆਂ ਆਇਤਾਂ ਵਿਚ, ਵਿਆਪਕ ਰੂਪ ਵਿਚ ਵੰਡਿਆ ਗਿਆ ਅਲਬਾਨੀ ਅਨੁਵਾਦ ਯੂਨਾਨੀ ਅਭਿਵਿਅਕਤੀ “ਤੇਰਾ ਨਾਂ” (ਅਰਥਾਤ ਪਰਮੇਸ਼ੁਰ ਦਾ ਨਾਂ) ਲਈ ਸਿਰਫ਼ “ਤੂੰ/ਤੈਨੂੰ” ਪ੍ਰਯੋਗ ਕਰਦਾ ਹੈ, ਜਿਵੇਂ ਕਿ ਉਨ੍ਹਾਂ ਮੂਲ-ਪਾਠਾਂ ਵਿਚ ਨਾਂ ਦਾ ਕੋਈ ਜ਼ਿਕਰ ਹੀ ਨਹੀਂ ਆਉਂਦਾ। ਜ਼ਬੂਰ 83:18 ਵਿਚ, ਦ ਨਿਊ ਇੰਗਲਿਸ਼ ਬਾਈਬਲ ਅਤੇ ਟੂਡੇਜ਼ ਇੰਗਲਿਸ਼ ਵਰਯਨ ਪਰਮੇਸ਼ੁਰ ਦੇ ਨਿੱਜੀ ਨਾਂ ਅਤੇ ਇਸ ਤੱਥ ਪ੍ਰਤੀ ਕੋਈ ਵੀ ਹਵਾਲਾ ਕਿ ਪਰਮੇਸ਼ੁਰ ਦਾ ਇਕ ਨਾਂ ਹੈ, ਦੋਵਾਂ ਨੂੰ ਕੱਢ ਦਿੰਦੇ ਹਨ। ਭਾਵੇਂ ਕਿ ਜ਼ਿਆਦਾਤਰ ਭਾਸ਼ਾਵਾਂ ਵਿਚ ਇਬਰਾਨੀ ਸ਼ਾਸਤਰ ਦੇ ਪੁਰਾਣੇ ਅਨੁਵਾਦਾਂ ਵਿਚ ਈਸ਼ਵਰੀ ਨਾਂ ਸੀ, ਨਵੇਂ ਅਨੁਵਾਦ ਅਕਸਰ ਇਸ ਨੂੰ ਕੱਢ ਦਿੰਦੇ ਹਨ ਜਾਂ ਸਿਰਫ਼ ਹਾਸ਼ੀਏ ਵਿਚ ਇਸ ਦਾ ਜ਼ਿਕਰ ਕਰਦੇ ਹਨ। ਅੰਗ੍ਰੇਜ਼ੀ ਵਿਚ, ਅਤੇ ਨਾਲ ਹੀ ਯੂਰਪ, ਅਫ਼ਰੀਕਾ, ਦੱਖਣੀ ਅਮਰੀਕਾ, ਭਾਰਤ, ਅਤੇ ਸ਼ਾਂਤ ਮਹਾਂਸਾਗਰ ਦੇ ਟਾਪੂਆਂ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਵੀ ਇਹੋ ਹੀ ਕੀਤਾ ਗਿਆ ਹੈ।
7. (ੳ) ਕੁਝ ਅਫ਼ਰੀਕੀ ਬਾਈਬਲਾਂ ਦੇ ਅਨੁਵਾਦਕ ਈਸ਼ਵਰੀ ਨਾਂ ਨਾਲ ਕੀ ਕਰ ਰਹੇ ਹਨ? (ਅ) ਤੁਸੀਂ ਇਸ ਬਾਰੇ ਕਿਵੇਂ ਮਹਿਸੂਸ ਕਰਦੇ ਹੋ?
7 ਅਫ਼ਰੀਕਾ ਦੀਆਂ ਕੁਝ ਭਾਸ਼ਾਵਾਂ ਵਿਚ ਬਾਈਬਲ ਦੇ ਅਨੁਵਾਦਕ ਇਕ ਕਦਮ ਅੱਗੇ ਨਿਕਲ ਗਏ ਹਨ। ਈਸ਼ਵਰੀ ਨਾਂ ਨੂੰ ਮਹਿਜ਼ ਸ਼ਾਸਤਰ-ਸੰਬੰਧੀ ਖ਼ਿਤਾਬ ਨਾਲ ਬਦਲਣ ਦੀ ਬਜਾਇ, ਜਿਵੇਂ ਕਿ ਪਰਮੇਸ਼ੁਰ ਜਾਂ ਪ੍ਰਭੂ, ਉਹ ਸਥਾਨਕ ਧਾਰਮਿਕ ਵਿਸ਼ਵਾਸਾਂ ਵਿੱਚੋਂ ਲਏ ਗਏ ਨਾਵਾਂ ਨੂੰ ਸ਼ਾਮਲ ਕਰ ਰਹੇ ਹਨ। ਜ਼ੂਲੂ ਵਿਚ ਨਵਾਂ ਨੇਮ ਅਤੇ ਜ਼ਬੂਰਾਂ ਦੀ ਪੋਥੀ (1986 ਵਰਯਨ) ਵਿਚ, ਖ਼ਿਤਾਬ ਪਰਮੇਸ਼ੁਰ (ਨਕੂਲੂਨਕੂਲੂ) ਨੂੰ ਅਤੇ ਨਿੱਜੀ ਨਾਂ (ਮਵੇਲੀਨਗਾਂਗੀ) ਜੋ ਜ਼ੁਲੂ ਲੋਕਾਂ ਦੇ ਅਨੁਸਾਰ ਉਹ ‘ਮਹਾਨ ਪੂਰਵਜ ਹੈ ਜਿਸ ਦੀ ਉਪਾਸਨਾ ਮਨੁੱਖੀ ਪੂਰਵਜਾਂ ਰਾਹੀਂ ਕੀਤੀ ਜਾਂਦੀ ਹੈ,’ ਨੂੰ ਅਦਲ-ਬਦਲ ਕੇ ਪ੍ਰਯੋਗ ਕੀਤਾ। ਅਕਤੂਬਰ 1992 ਦੇ ਬਾਈਬਲ ਅਨੁਵਾਦਕ (ਅੰਗ੍ਰੇਜ਼ੀ) ਰਸਾਲੇ ਵਿਚ ਇਕ ਲੇਖ ਨੇ ਰਿਪੋਰਟ ਕੀਤਾ ਕਿ ਚਿਚੇਵਾ ਬਾਈਬਲ ਜਿਸ ਨੂੰ ਬੂਕੂ ਲੋਯੇਰਾ ਸੱਦਿਆ ਜਾਵੇਗਾ, ਨੂੰ ਤਿਆਰ ਕਰਨ ਵਿਚ, ਅਨੁਵਾਦਕ ਯਹੋਵਾਹ ਦੀ ਜਗ੍ਹਾ ਤੇ ਨਿੱਜੀ ਨਾਂ ਵਜੋਂ ਚਾਉਟਾ ਦਾ ਪ੍ਰਯੋਗ ਕਰ ਰਹੇ ਸਨ। ਲੇਖ ਵਿਆਖਿਆ ਕਰਦਾ ਹੈ ਕਿ ਚਾਉਟਾ “ਉਹ ਪਰਮੇਸ਼ੁਰ ਹੈ ਜਿਸ ਨੂੰ ਉਨ੍ਹਾਂ ਨੇ ਹਮੇਸ਼ਾ ਤੋਂ ਜਾਣਿਆ ਹੈ ਅਤੇ ਜਿਸ ਦੀ ਉਹ ਉਪਾਸਨਾ ਕਰਦੇ ਆਏ ਹਨ।” ਫਿਰ ਵੀ, ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਉਨ੍ਹਾਂ ਦੀ ਵੀ ਉਪਾਸਨਾ ਕਰਦੇ ਹਨ ਜਿਨ੍ਹਾਂ ਨੂੰ ਉਹ ਮਰੇ ਲੋਕਾਂ ਦੀਆਂ ਆਤਮਾਵਾਂ ਮੰਨਦੇ ਹਨ। ਕੀ ਇਹ ਸੱਚ ਹੈ ਕਿ ਜੇ ਲੋਕ ਇਕ “ਪਰਮਾਤਮਾ” ਨੂੰ ਪ੍ਰਾਰਥਨਾ ਕਰਦੇ ਹਨ, ਤਾਂ ਭਾਵੇਂ ਉਹ “ਪਰਮਾਤਮਾ” ਲਈ ਕਿਸੇ ਵੀ ਨਾਂ ਦਾ ਪ੍ਰਯੋਗ ਕਰਨ, ਉਹ ਨਿੱਜੀ ਨਾਂ ਯਹੋਵਾਹ ਦਾ ਯੋਗ ਸਮਾਨਾਰਥੀ ਰੂਪ ਹੈ ਭਾਵੇਂ ਉਨ੍ਹਾਂ ਦੀ ਉਪਾਸਨਾ ਵਿਚ ਕੁਝ ਵੀ ਸ਼ਾਮਲ ਹੋਵੇ? ਬਿਲਕੁਲ ਨਹੀਂ! (ਯਸਾਯਾਹ 42:8; 1 ਕੁਰਿੰਥੀਆਂ 10:20) ਪਰਮੇਸ਼ੁਰ ਦੇ ਨਿੱਜੀ ਨਾਂ ਨੂੰ ਕਿਸੇ ਅਜਿਹੇ ਨਾਂ ਨਾਲ ਬਦਲਣਾ, ਜੋ ਲੋਕਾਂ ਨੂੰ ਮਹਿਸੂਸ ਕਰਾਉਂਦਾ ਹੈ ਕਿ ਉਨ੍ਹਾਂ ਦੇ ਪਿਤਾ-ਪੁਰਖੀ ਵਿਸ਼ਵਾਸ ਅਸਲ ਵਿਚ ਠੀਕ ਹਨ, ਉਨ੍ਹਾਂ ਦੀ ਸੱਚੇ ਪਰਮੇਸ਼ੁਰ ਦੇ ਨੇੜੇ ਜਾਣ ਵਿਚ ਮਦਦ ਨਹੀਂ ਕਰਦਾ ਹੈ।
8. ਆਪਣੇ ਨਾਂ ਨੂੰ ਜਾਣੂ ਕਰਾਉਣ ਦਾ ਪਰਮੇਸ਼ੁਰ ਦਾ ਮਕਸਦ ਕਿਉਂ ਨਿਸਫਲ ਨਹੀਂ ਹੋਇਆ ਹੈ?
8 ਇਨ੍ਹਾਂ ਸਾਰੀਆਂ ਤਬਦੀਲੀਆਂ ਨੇ ਯਹੋਵਾਹ ਦੇ ਆਪਣੇ ਨਾਂ ਨੂੰ ਜਾਣੂ ਕਰਾਉਣ ਦੇ ਮਕਸਦ ਨੂੰ ਨਾ ਬਦਲਿਆ ਹੈ ਅਤੇ ਨਾ ਹੀ ਨਿਸਫਲ ਕੀਤਾ ਹੈ। ਯੂਰਪ, ਅਫ਼ਰੀਕਾ, ਅਮਰੀਕੀ ਦੇਸ਼ਾਂ, ਪੂਰਬੀ ਦੇਸ਼ਾਂ, ਅਤੇ ਸਮੁੰਦਰ ਦੇ ਟਾਪੂਆਂ ਦੀਆਂ ਭਾਸ਼ਾਵਾਂ ਵਿਚ ਅਜੇ ਵੀ ਵੰਡੀਆਂ ਜਾ ਰਹੀਆਂ ਬਹੁਤ ਸਾਰੀਆਂ ਬਾਈਬਲਾਂ ਵਿਚ ਈਸ਼ਵਰੀ ਨਾਂ ਹੈ। ਨਾਲੇ 233 ਦੇਸ਼ਾਂ ਵਿਚ 54,00,000 ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਹਨ ਜੋ ਇਕ ਸਮੂਹ ਵਜੋਂ ਸੱਚੇ ਪਰਮੇਸ਼ੁਰ ਦੇ ਨਾਂ ਅਤੇ ਮਕਸਦ ਬਾਰੇ ਦੂਸਰਿਆਂ ਨੂੰ ਦੱਸਣ ਲਈ ਇਕ ਸਾਲ ਵਿਚ ਇਕ ਅਰਬ ਤੋਂ ਜ਼ਿਆਦਾ ਘੰਟੇ ਬਿਤਾਉਂਦੇ ਹਨ। ਉਹ ਦੁਨੀਆਂ ਦੀ ਆਬਾਦੀ ਵਿੱਚੋਂ ਕੁਝ 3,60,00,00,000 ਲੋਕਾਂ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਂ, ਜਿਨ੍ਹਾਂ ਵਿਚ ਅੰਗ੍ਰੇਜ਼ੀ, ਚੀਨੀ, ਰੂਸੀ, ਸਪੇਨੀ, ਪੁਰਤਗਾਲੀ, ਫਰਾਂਸੀਸੀ, ਅਤੇ ਡੱਚ ਸ਼ਾਮਲ ਹਨ, ਵਿਚ ਬਾਈਬਲਾਂ ਨੂੰ ਛਾਪਦੇ ਅਤੇ ਵੰਡਦੇ ਹਨ ਜੋ ਈਸ਼ਵਰੀ ਨਾਂ ਦਾ ਪ੍ਰਯੋਗ ਕਰਦੀਆਂ ਹਨ। ਉਹ ਬਾਈਬਲ ਅਧਿਐਨ ਲਈ ਦੁਨੀਆਂ ਦੀ ਵੱਡੀ ਆਬਾਦੀ ਦੁਆਰਾ ਬੋਲੀਆਂ ਜਾਂਦੀਆਂ ਭਾਸ਼ਾਵਾਂ ਵਿਚ ਸਹਾਇਕ ਪੁਸਤਕਾਂ ਵੀ ਪ੍ਰਕਾਸ਼ਿਤ ਕਰਦੇ ਹਨ। ਜਲਦੀ ਹੀ ਪਰਮੇਸ਼ੁਰ ਖ਼ੁਦ ਅਜਿਹੇ ਤਰੀਕੇ ਨਾਲ ਕਾਰਵਾਈ ਕਰੇਗਾ ਜੋ ਪੱਕੇ ਤੌਰ ਤੇ ਉਸ ਦੇ ਇਸ ਐਲਾਨ ਨੂੰ ਪੂਰਾ ਕਰੇਗੀ ਕਿ ਕੌਮਾਂ ‘ਜਾਣਨਗੀਆਂ ਕਿ ਉਹ ਯਹੋਵਾਹ ਹੈ।’—ਹਿਜ਼ਕੀਏਲ 38:23.
ਜਦੋਂ ਵਿਅਕਤੀਗਤ ਵਿਸ਼ਵਾਸ ਅਨੁਵਾਦ ਨੂੰ ਪ੍ਰਭਾਵਿਤ ਕਰਦੇ ਹਨ
9. ਪਰਮੇਸ਼ੁਰ ਦੇ ਬਚਨ ਨੂੰ ਇਸਤੇਮਾਲ ਕਰਨ ਵਾਲਿਆਂ ਉੱਤੇ ਗੰਭੀਰ ਜ਼ਿੰਮੇਵਾਰੀ ਬਾਰੇ ਬਾਈਬਲ ਕਿਸ ਤਰ੍ਹਾਂ ਸੰਕੇਤ ਕਰਦੀ ਹੈ?
9 ਪਰਮੇਸ਼ੁਰ ਦੇ ਬਚਨ ਦਾ ਅਨੁਵਾਦ ਕਰਨ ਵਾਲਿਆਂ ਤੇ ਉਸ ਨੂੰ ਸਿਖਾਉਣ ਵਾਲਿਆਂ ਤੇ ਵੀ ਗੰਭੀਰ ਜ਼ਿੰਮੇਵਾਰੀ ਹੈ। ਪੌਲੁਸ ਰਸੂਲ ਨੇ ਆਪਣੀ ਸੇਵਕਾਈ ਬਾਰੇ ਅਤੇ ਆਪਣੇ ਸਾਥੀਆਂ ਦੀ ਸੇਵਕਾਈ ਬਾਰੇ ਕਿਹਾ: “ਅਸਾਂ ਸ਼ਰਮ ਦੀਆਂ ਗੁਪਤ ਗੱਲਾਂ ਨੂੰ ਛੱਡਿਆ ਹੋਇਆ ਹੈ ਅਤੇ ਨਾ ਚਤਰਾਈ ਦੀ ਚਾਲ ਚੱਲਦੇ ਨਾ ਪਰਮੇਸ਼ੁਰ ਦੇ ਬਚਨ ਵਿੱਚ ਰਲਾ ਪਾਉਂਦੇ ਹਾਂ ਸਗੋਂ ਸਤ ਨੂੰ ਪਰਗਟ ਕਰ ਕੇ ਹਰੇਕ ਮਨੁੱਖ ਦੇ ਅੰਤਹਕਰਨ ਵਿੱਚ ਪਰਮੇਸ਼ੁਰ ਦੇ ਅੱਗੇ ਆਪਣਾ ਪਰਮਾਣ ਦਿੰਦੇ ਹਾਂ।” (2 ਕੁਰਿੰਥੀਆਂ 4:2) ਰਲਾ ਪਾਉਣ ਦਾ ਅਰਥ ਹੈ ਕੋਈ ਬੇਮੇਲ ਜਾਂ ਘਟੀਆ ਚੀਜ਼ ਰਲਾ ਕੇ ਭ੍ਰਿਸ਼ਟ ਕਰਨਾ। ਪੌਲੁਸ ਰਸੂਲ ਯਿਰਮਿਯਾਹ ਦੇ ਦਿਨਾਂ ਵਿਚ ਇਸਰਾਏਲ ਦੇ ਬੇਵਫ਼ਾ ਚਰਵਾਹਿਆਂ ਵਰਗਾ ਨਹੀਂ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਫਿਟਕਾਰਿਆ ਸੀ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਵੱਲੋਂ ਦੱਸੀਆਂ ਗਈਆਂ ਗੱਲਾਂ ਦਾ ਪ੍ਰਚਾਰ ਕਰਨ ਦੀ ਬਜਾਇ ਆਪਣੇ ਖ਼ੁਦ ਦੇ ਖ਼ਿਆਲਾਂ ਦਾ ਪ੍ਰਚਾਰ ਕੀਤਾ। (ਯਿਰਮਿਯਾਹ 23:16, 22) ਪਰੰਤੂ ਆਧੁਨਿਕ ਸਮਿਆਂ ਵਿਚ ਕੀ ਵਾਪਰਿਆ ਹੈ?
10. (ੳ) ਆਧੁਨਿਕ ਦਿਨਾਂ ਵਿਚ ਪਰਮੇਸ਼ੁਰ ਪ੍ਰਤੀ ਨਿਸ਼ਠਾ ਦੀ ਬਜਾਇ ਦੂਸਰੇ ਮਨੋਰਥਾਂ ਨੇ ਕਿਵੇਂ ਕੁਝ ਅਨੁਵਾਦਕਾਂ ਨੂੰ ਪ੍ਰਭਾਵਿਤ ਕੀਤਾ ਹੈ? (ਅ) ਉਨ੍ਹਾਂ ਨੇ ਅਨੁਚਿਤ ਢੰਗ ਨਾਲ ਕਿਹੜੀ ਭੂਮਿਕਾ ਗ੍ਰਹਿਣ ਕੀਤੀ?
10 ਵਿਸ਼ਵ ਯੁੱਧ II ਦੌਰਾਨ, ਜਰਮਨੀ ਵਿਚ ਧਰਮ-ਸ਼ਾਸਤਰੀਆਂ ਅਤੇ ਪਾਦਰੀਆਂ ਦੀ ਇਕ ਕਮੇਟੀ ਨੇ ਸੰਸ਼ੋਧਿਤ “ਨਵਾਂ ਨੇਮ” ਉਤਪੰਨ ਕਰਨ ਲਈ ਨਾਜ਼ੀ ਸਰਕਾਰ ਦਾ ਸਾਥ ਦਿੱਤਾ ਅਤੇ ਇਸ ਅਨੁਵਾਦ ਨੇ ਯਹੂਦੀਆਂ ਦੇ ਪੱਖ ਵਿਚ ਸਾਰੇ ਹਵਾਲਿਆਂ ਨੂੰ ਅਤੇ ਯਿਸੂ ਮਸੀਹ ਦੇ ਯਹੂਦੀ ਵੰਸ ਵਿੱਚੋਂ ਹੋਣ ਸੰਬੰਧੀ ਸਾਰੇ ਸੰਕੇਤਾਂ ਨੂੰ ਕੱਢ ਦਿੱਤਾ। ਹਾਲ ਹੀ ਵਿਚ, ਨਵਾਂ ਨੇਮ ਅਤੇ ਜ਼ਬੂਰਾਂ ਦੀ ਪੋਥੀ: ਇਕ ਸਮੁੱਚਾ ਅਨੁਵਾਦ (ਅੰਗ੍ਰੇਜ਼ੀ) ਉਤਪੰਨ ਕਰਨ ਵਾਲੇ ਅਨੁਵਾਦਕ ਵੱਖਰੀ ਦਿਸ਼ਾ ਵੱਲ ਚੱਲੇ ਗਏ, ਅਤੇ ਉਨ੍ਹਾਂ ਨੇ ਉਨ੍ਹਾਂ ਸਾਰੇ ਸੰਕੇਤਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਕਿ ਮਸੀਹ ਦੀ ਮੌਤ ਲਈ ਯਹੂਦੀ ਜ਼ਿੰਮੇਵਾਰ ਸਨ। ਉਨ੍ਹਾਂ ਅਨੁਵਾਦਕਾਂ ਨੇ ਇਹ ਵੀ ਸੋਚਿਆ ਕਿ ਮਹਿਲਾ-ਪੱਖੀ ਪਾਠਕ ਜ਼ਿਆਦਾ ਖ਼ੁਸ਼ ਹੋਣਗੇ ਜੇਕਰ ਪਰਮੇਸ਼ੁਰ ਦਾ ਪਿਤਾ ਵਜੋਂ ਨਹੀਂ, ਪਰੰਤੂ ਪਿਤਾ-ਮਾਤਾ ਵਜੋਂ ਜ਼ਿਕਰ ਕੀਤਾ ਜਾਂਦਾ ਅਤੇ ਜੇਕਰ ਯਿਸੂ ਨੂੰ, ਪਰਮੇਸ਼ੁਰ ਦਾ ਪੁੱਤਰ ਨਹੀਂ, ਸਗੋਂ ਉਸ ਦੀ ਸੰਤਾਨ ਕਿਹਾ ਜਾਂਦਾ। (ਮੱਤੀ 11:27) ਜਦੋਂ ਉਹ ਇਹ ਅਨੁਵਾਦ ਕਰ ਰਹੇ ਸਨ, ਤਾਂ ਉਨ੍ਹਾਂ ਨੇ ਪਤੀ ਪ੍ਰਤੀ ਪਤਨੀ ਦੀ ਅਧੀਨਗੀ ਅਤੇ ਬੱਚਿਆਂ ਦੀ ਮਾਪਿਆਂ ਪ੍ਰਤੀ ਆਗਿਆਕਾਰਤਾ ਦੇ ਸਿਧਾਂਤ ਨੂੰ ਕੱਢ ਦਿੱਤਾ। (ਕੁਲੁੱਸੀਆਂ 3:18, 20) ਇਨ੍ਹਾਂ ਅਨੁਵਾਦਾਂ ਦੇ ਉਤਪੰਨ ਕਰਨ ਵਾਲੇ ਸਪੱਸ਼ਟ ਰੂਪ ਵਿਚ “ਪਰਮੇਸ਼ੁਰ ਦੇ ਬਚਨ ਵਿੱਚ ਰਲਾ” ਨਾ ਪਾਉਣ ਦਾ ਪੌਲੁਸ ਦਾ ਦ੍ਰਿੜ੍ਹ ਇਰਾਦਾ ਨਹੀਂ ਰੱਖਦੇ ਸਨ। ਉਹ ਅਨੁਵਾਦਕ ਦੀ ਭੂਮਿਕਾ ਨੂੰ ਭੁੱਲ ਰਹੇ ਸਨ, ਅਤੇ ਲੇਖਕ ਦੀ ਪਦਵੀ ਗ੍ਰਹਿਣ ਕਰਦੇ ਹੋਏ ਉਨ੍ਹਾਂ ਪੁਸਤਕਾਂ ਨੂੰ ਉਤਪੰਨ ਕਰ ਰਹੇ ਸਨ ਜੋ ਬਾਈਬਲ ਦਾ ਨਾਂ ਇਸਤੇਮਾਲ ਕਰਦੇ ਹੋਏ ਉਨ੍ਹਾਂ ਦੇ ਖ਼ੁਦ ਦੇ ਵਿਚਾਰਾਂ ਨੂੰ ਉਤਸ਼ਾਹਿਤ ਕਰਦੀਆਂ ਸਨ।
11. ਪ੍ਰਾਣ ਅਤੇ ਮੌਤ ਬਾਰੇ ਬਾਈਬਲ ਜੋ ਕਹਿੰਦੀ ਹੈ ਉਸ ਵਿਚ ਅਤੇ ਈਸਾਈ-ਜਗਤ ਦੀਆਂ ਸਿੱਖਿਆਵਾਂ ਵਿਚ ਕੀ ਵਿਰੋਧਤਾ ਹੈ?
11 ਈਸਾਈ-ਜਗਤ ਦੇ ਗਿਰਜੇ ਆਮ ਤੌਰ ਤੇ ਸਿਖਾਉਂਦੇ ਹਨ ਕਿ ਪ੍ਰਾਣ ਅਨੁਵਾਦਿਤ ਕੀਤਾ ਗਿਆ ਮੂਲ-ਭਾਸ਼ਾ ਦਾ ਸ਼ਬਦ ਆਤਮਾ ਵੱਲ ਸੰਕੇਤ ਕਰਦਾ ਹੈ, ਕਿ ਇਹ ਮੌਤ ਵੇਲੇ ਸਰੀਰ ਨੂੰ ਛੱਡ ਜਾਂਦਾ ਹੈ, ਅਤੇ ਕਿ ਇਹ ਅਮਰ ਹੈ। ਇਸ ਦੇ ਉਲਟ, ਜ਼ਿਆਦਾਤਰ ਭਾਸ਼ਾਵਾਂ ਵਿਚ ਪੁਰਾਣੇ ਬਾਈਬਲ ਅਨੁਵਾਦ ਸਪੱਸ਼ਟ ਤੌਰ ਤੇ ਬਿਆਨ ਕਰਦੇ ਹਨ ਕਿ ਮਨੁੱਖ ਪ੍ਰਾਣੀ ਹਨ, ਕਿ ਜਾਨਵਰ ਪ੍ਰਾਣੀ ਹਨ, ਅਤੇ ਕਿ ਪ੍ਰਾਣੀ ਮਰਦੇ ਹਨ। (ਉਤਪਤ 12:5; 36:6; ਗਿਣਤੀ 31:28; ਯਾਕੂਬ 5:20) ਇਸ ਨੇ ਪਾਦਰੀਆਂ ਨੂੰ ਸ਼ਰਮਿੰਦਾ ਕੀਤਾ ਹੈ।
12. ਹਾਲ ਹੀ ਦੇ ਕੁਝ ਅਨੁਵਾਦ ਕਿਸ ਤਰੀਕੇ ਨਾਲ ਮੂਲ ਬਾਈਬਲ ਸੱਚਾਈਆਂ ਨੂੰ ਲੁਕਾਉਂਦੇ ਹਨ?
12 ਹੁਣ ਕੁਝ ਨਵੇਂ ਅਨੁਵਾਦ ਇਨ੍ਹਾਂ ਸੱਚਾਈਆਂ ਨੂੰ ਲੁਕਾਉਂਦੇ ਹਨ। ਕਿਸ ਤਰ੍ਹਾਂ? ਉਹ ਕੁਝ ਮੂਲ-ਪਾਠਾਂ ਵਿਚ ਇਬਰਾਨੀ ਨਾਂਵ ਨੀਫ਼ੇਸ਼ (ਪ੍ਰਾਣ) ਦਾ ਸਿੱਧਾ ਅਨੁਵਾਦ ਨਹੀਂ ਕਰਦੇ ਹਨ। ਉਤਪਤ 2:7 ਵਿਚ, ਉਹ ਸ਼ਾਇਦ ਕਹਿਣ ਕਿ ਪਹਿਲਾ ਆਦਮੀ (“ਜੀਉਂਦਾ ਪ੍ਰਾਣੀ ਬਣ ਗਿਆ” [ਨਿ ਵ] ਦੀ ਬਜਾਇ) “ਜੀਉਣ ਲੱਗ ਪਿਆ।” ਜਾਂ ਉਹ ਸ਼ਾਇਦ ਪਸ਼ੂ ਜੀਵਨ ਦੇ ਮਾਮਲੇ ਵਿਚ “ਪ੍ਰਾਣ” ਦੀ ਬਜਾਇ “ਜੀਵ-ਜੰਤੂ” ਸ਼ਬਦ ਇਸਤੇਮਾਲ ਕਰਨ। (ਉਤਪਤ 1:21) ਹਿਜ਼ਕੀਏਲ 18:4, 20 ਵਰਗੇ ਸ਼ਾਸਤਰਵਚਨਾਂ ਵਿਚ, ਉਹ (“ਪ੍ਰਾਣ” ਦੀ ਬਜਾਇ) “ਵਿਅਕਤੀ” ਜਾਂ “ਮਾਨਵ” ਦੇ ਮਰਨ ਦੀ ਗੱਲ ਕਰਦੇ ਹਨ। ਸ਼ਾਇਦ ਅਜਿਹੇ ਅਨੁਵਾਦ ਅਨੁਵਾਦਕ ਲਈ ਠੀਕ ਸਿੱਧ ਹੋਣ। ਪਰੰਤੂ ਸੱਚਾਈ ਦੀ ਗੰਭੀਰਤਾ ਨਾਲ ਭਾਲ ਕਰਨ ਵਾਲਿਆਂ ਨੂੰ ਇਹ ਕਿੰਨੀ ਕੁ ਮਦਦ ਪ੍ਰਦਾਨ ਕਰਦੇ ਹਨ ਜਿਨ੍ਹਾਂ ਦੀ ਸੋਚ ਪਹਿਲਾਂ ਹੀ ਈਸਾਈ-ਜਗਤ ਦੀਆਂ ਸ਼ਾਸਤਰ-ਵਿਰੋਧੀ ਸਿੱਖਿਆਵਾਂ ਅਨੁਸਾਰ ਢਲੀ ਹੋਈ ਹੈ?b
13. ਕੁਝ ਬਾਈਬਲ ਅਨੁਵਾਦਾਂ ਨੇ ਧਰਤੀ ਲਈ ਪਰਮੇਸ਼ੁਰ ਦੇ ਮਕਸਦ ਨੂੰ ਕਿਨ੍ਹਾਂ ਤਰੀਕਿਆਂ ਨਾਲ ਲੁਕਾਇਆ ਹੈ?
13 ਆਪਣੇ ਵਿਸ਼ਵਾਸ ਦੇ ਸਮਰਥਨ ਵਿਚ ਕਿ ਸਾਰੇ ਚੰਗੇ ਲੋਕ ਸਵਰਗ ਜਾਂਦੇ ਹਨ, ਅਨੁਵਾਦਕ—ਜਾਂ ਧਰਮ-ਸ਼ਾਸਤਰੀ ਜੋ ਉਨ੍ਹਾਂ ਦੇ ਕੰਮ ਦਾ ਪੁਨਰ-ਵਿਚਾਰ ਕਰਦੇ ਹਨ—ਧਰਤੀ ਲਈ ਪਰਮੇਸ਼ੁਰ ਦੇ ਮਕਸਦ ਬਾਰੇ ਬਾਈਬਲ ਜੋ ਕਹਿੰਦੀ ਹੈ ਉਸ ਨੂੰ ਸ਼ਾਇਦ ਲੁਕਾਉਣ ਦੀ ਵੀ ਕੋਸ਼ਿਸ਼ ਕਰਨ। ਜ਼ਬੂਰ 37:11 ਵਿਚ, ਕਈ ਅਨੁਵਾਦ ਕਹਿੰਦੇ ਹਨ ਕਿ ਨਿਮਰ ਲੋਕ “ਭੂਮੀ” ਦੇ ਵਾਰਸ ਹੋਣਗੇ। “ਭੂਮੀ” ਸੰਭਵ ਤੌਰ ਤੇ ਇਬਰਾਨੀ ਮੂਲ-ਪਾਠ ਵਿਚ ਸ਼ਬਦ (ਈਰੈਟਸ) ਦਾ ਅਨੁਵਾਦ ਹੈ। ਪਰੰਤੂ, ਟੂਡੇਜ਼ ਇੰਗਲਿਸ਼ ਵਰਯਨ (ਜਿਸ ਨੇ ਬਹੁਤ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦਾਂ ਲਈ ਆਧਾਰ ਪ੍ਰਦਾਨ ਕੀਤਾ ਹੈ) ਇਸ ਤੋਂ ਇਕ ਕਦਮ ਅੱਗੇ ਜਾਂਦਾ ਹੈ। ਭਾਵੇਂ ਕਿ ਇਹ ਅਨੁਵਾਦ ਮੱਤੀ ਦੀ ਇੰਜੀਲ ਵਿਚ ਯੂਨਾਨੀ ਸ਼ਬਦ ਗੇ ਦਾ 17 ਵਾਰੀ “ਧਰਤੀ” ਅਨੁਵਾਦ ਕਰਦਾ ਹੈ, ਫਿਰ ਵੀ, ਮੱਤੀ 5:5 ਵਿਚ ਇਹ “ਧਰਤੀ” ਦੀ ਜਗ੍ਹਾ ਤੇ ਵਾਕਾਂਸ਼ “ਪਰਮੇਸ਼ੁਰ ਨੇ ਜੋ ਵਾਅਦਾ ਕੀਤਾ ਹੈ” ਦਾ ਪ੍ਰਯੋਗ ਕਰਦਾ ਹੈ। ਗਿਰਜੇ ਦੇ ਮੈਂਬਰਾਂ ਦੇ ਮਨ ਵਿਚ ਸੁਭਾਵਕ ਤੌਰ ਤੇ ਸਵਰਗ ਦਾ ਹੀ ਵਿਚਾਰ ਆਉਂਦਾ ਹੈ। ਉਨ੍ਹਾਂ ਨੂੰ ਈਮਾਨਦਾਰੀ ਨਾਲ ਇਹ ਨਹੀਂ ਦੱਸਿਆ ਜਾਂਦਾ ਹੈ ਕਿ ਯਿਸੂ ਨੇ ਆਪਣੇ ਪਹਾੜੀ ਉਪਦੇਸ਼ ਵਿਚ ਕਿਹਾ ਸੀ ਕਿ ਹਲੀਮ, ਨਿਮਰ, ਜਾਂ ਮਸਕੀਨ “ਧਰਤੀ ਦੇ ਵਾਰਸ” ਹੋਣਗੇ।
14. ਕੁਝ ਬਾਈਬਲ ਅਨੁਵਾਦਾਂ ਵਿਚ ਕਿਹੜੀ ਸੁਆਰਥੀ ਪ੍ਰੇਰਣਾ-ਸ਼ਕਤੀ ਪ੍ਰਤੱਖ ਹੈ?
14 ਸ਼ਾਸਤਰ ਦੇ ਕੁਝ ਅਨੁਵਾਦਾਂ ਵਿਚ ਪ੍ਰਚਾਰਕਾਂ ਦੀ ਚੰਗੀ ਤਨਖ਼ਾਹ ਪ੍ਰਾਪਤ ਕਰਨ ਵਿਚ ਮਦਦ ਕਰਨ ਦੇ ਮਨੋਰਥ ਨਾਲ ਸਪੱਸ਼ਟ ਤੌਰ ਤੇ ਸ਼ਬਦਾਂ ਨੂੰ ਬਦਲਿਆ ਗਿਆ ਹੈ। ਇਹ ਸੱਚ ਹੈ ਕਿ ਬਾਈਬਲ ਬਿਆਨ ਕਰਦੀ ਹੈ: “ਕਾਮਾ ਆਪਣੀ ਮਜੂਰੀ ਦਾ ਹੱਕਦਾਰ ਹੈ।” (1 ਤਿਮੋਥਿਉਸ 5:18) ਪਰੰਤੂ 1 ਤਿਮੋਥਿਉਸ 5:17 ਵਿਚ, ਜਿੱਥੇ ਇਹ ਕਹਿੰਦੀ ਹੈ ਕਿ ਉਹ ਬਜ਼ੁਰਗ ਜਿਹੜੇ ਚੰਗਾ ਪ੍ਰਬੰਧ ਕਰਦੇ ਹਨ, “ਦੂਣੇ ਆਦਰ ਦੇ ਜੋਗ ਸਮਝੇ” ਜਾਣੇ ਚਾਹੀਦੇ ਹਨ, ਉੱਥੇ ਕੁਝ ਵਿਅਕਤੀ ਕੇਵਲ ਆਰਥਿਕ ਆਦਰ ਦਾ ਜ਼ਿਕਰ ਕਰਨਾ ਯੋਗ ਸਮਝਦੇ ਹਨ। (ਤੁਲਨਾ ਕਰੋ 1 ਪਤਰਸ 5:2.) ਇਸ ਤਰ੍ਹਾਂ, ਦ ਨਿਊ ਇੰਗਲਿਸ਼ ਬਾਈਬਲ ਕਹਿੰਦੀ ਹੈ ਕਿ ਇਨ੍ਹਾਂ ਬਜ਼ੁਰਗਾਂ ਨੂੰ “ਦੂਣੀ ਤਨਖ਼ਾਹ ਦੇ ਯੋਗ ਸਮਝਿਆ ਜਾਣਾ ਚਾਹੀਦਾ ਹੈ,” ਅਤੇ ਕੰਟੈਪੋਰਰੀ ਇੰਗਲਿਸ਼ ਵਰਯਨ ਕਹਿੰਦੀ ਹੈ ਕਿ ਉਹ “ਦੂਣੀ ਤਨਖ਼ਾਹ ਦੇ ਯੋਗ ਹਨ।”
ਨਿਸ਼ਠਾ ਨਾਲ ਪਰਮੇਸ਼ੁਰ ਦੇ ਬਚਨ ਦਾ ਸਮਰਥਨ ਕਰਨਾ
15. ਅਸੀਂ ਕਿਸ ਤਰ੍ਹਾਂ ਨਿਸ਼ਚਿਤ ਕਰ ਸਕਦੇ ਹਾਂ ਕਿ ਕਿਹੜੇ ਬਾਈਬਲ ਅਨੁਵਾਦ ਪ੍ਰਯੋਗ ਕਰਨੇ ਚਾਹੀਦੇ ਹਨ?
15 ਹਰੇਕ ਬਾਈਬਲ ਪਾਠਕ ਲਈ ਅਤੇ ਉਨ੍ਹਾਂ ਲਈ ਜਿਹੜੇ ਦੂਸਰਿਆਂ ਨੂੰ ਸਿਖਾਉਣ ਲਈ ਬਾਈਬਲ ਦਾ ਪ੍ਰਯੋਗ ਕਰਦੇ ਹਨ, ਇਸ ਸਾਰੇ ਦਾ ਕੀ ਅਰਥ ਹੈ? ਵਿਆਪਕ ਤੌਰ ਤੇ ਵਰਤੀਆਂ ਜਾਂਦੀਆਂ ਜ਼ਿਆਦਾਤਰ ਭਾਸ਼ਾਵਾਂ ਵਿਚ, ਚੋਣ ਕਰਨ ਲਈ ਇਕ ਤੋਂ ਜ਼ਿਆਦਾ ਬਾਈਬਲ ਅਨੁਵਾਦ ਹਨ। ਜਿਹੜੀ ਬਾਈਬਲ ਤੁਸੀਂ ਪ੍ਰਯੋਗ ਕਰਦੇ ਹੋ ਉਸ ਦੀ ਚੋਣ ਕਰਨ ਵਿਚ ਸਮਝ ਦਿਖਾਓ। (ਕਹਾਉਤਾਂ 19:8) ਜੇਕਰ ਇਕ ਅਨੁਵਾਦ ਪਰਮੇਸ਼ੁਰ ਦੀ ਪਛਾਣ ਬਾਰੇ ਈਮਾਨਦਾਰ ਨਹੀਂ ਹੈ—ਕਿਸੇ ਵੀ ਬਹਾਨੇ ਉਸ ਦਾ ਨਾਂ ਉਸ ਦੇ ਪ੍ਰੇਰਿਤ ਬਚਨ ਵਿੱਚੋਂ ਹਟਾਉਂਦਾ ਹੈ—ਤਾਂ ਕੀ ਇਹ ਸੰਭਵ ਨਹੀਂ ਕਿ ਅਨੁਵਾਦਕ ਨੇ ਬਾਈਬਲ ਮੂਲ-ਪਾਠ ਦੇ ਦੂਸਰੇ ਹਿੱਸਿਆਂ ਵਿਚ ਵੀ ਫੇਰ-ਬਦਲ ਕੀਤਾ ਹੋਵੇ? ਜਦੋਂ ਕਿਸੇ ਅਨੁਵਾਦ ਦੀ ਪ੍ਰਮਾਣਕਤਾ ਬਾਰੇ ਸ਼ੱਕ ਹੁੰਦਾ ਹੈ, ਤਾਂ ਇਸ ਦੀ ਤੁਲਨਾ ਪੁਰਾਣੇ ਅਨੁਵਾਦਾਂ ਨਾਲ ਕਰਨ ਦੀ ਕੋਸ਼ਿਸ਼ ਕਰੋ। ਜੇਕਰ ਤੁਸੀਂ ਪਰਮੇਸ਼ੁਰ ਦੇ ਬਚਨ ਦੇ ਸਿੱਖਿਅਕ ਹੋ, ਤਾਂ ਉਨ੍ਹਾਂ ਅਨੁਵਾਦਾਂ ਨੂੰ ਚੁਣੋ ਜੋ ਮੁਢਲੇ ਇਬਰਾਨੀ ਅਤੇ ਯੂਨਾਨੀ ਮੂਲ-ਪਾਠ ਨਾਲ ਸਭ ਤੋਂ ਜ਼ਿਆਦਾ ਮੇਲ ਖਾਂਦੇ ਹਨ।
16. ਪਰਮੇਸ਼ੁਰ ਦੇ ਪ੍ਰੇਰਿਤ ਬਚਨ ਨੂੰ ਪ੍ਰਯੋਗ ਕਰਨ ਵਿਚ ਅਸੀਂ ਕਿਸ ਤਰ੍ਹਾਂ ਵਿਅਕਤੀਗਤ ਤੌਰ ਤੇ ਨਿਸ਼ਠਾ ਪ੍ਰਦਰਸ਼ਿਤ ਕਰ ਸਕਦੇ ਹਾਂ?
16 ਸਾਨੂੰ ਸਾਰਿਆਂ ਨੂੰ ਵਿਅਕਤੀਗਤ ਤੌਰ ਤੇ ਪਰਮੇਸ਼ੁਰ ਦੇ ਬਚਨ ਪ੍ਰਤੀ ਨਿਸ਼ਠਾਵਾਨ ਹੋਣਾ ਚਾਹੀਦਾ ਹੈ। ਅਸੀਂ ਨਿਸ਼ਠਾ ਦਿਖਾਉਂਦੇ ਹਾਂ ਜਦੋਂ ਅਸੀਂ ਇਸ ਵਿਚ ਲਿਖੀਆਂ ਗਈਆਂ ਗੱਲਾਂ ਦੀ ਇੰਨੀ ਕਦਰ ਕਰਦੇ ਹਾਂ ਕਿ ਅਸੀਂ, ਜੇ ਸੰਭਵ ਹੋਵੇ, ਹਰ ਰੋਜ਼ ਕੁਝ ਸਮਾਂ ਬਾਈਬਲ ਨੂੰ ਪੜ੍ਹਨ ਵਿਚ ਲਗਾਉਂਦੇ ਹਾਂ। (ਜ਼ਬੂਰ 1:1-3) ਅਸੀਂ ਨਿਸ਼ਠਾ ਦਿਖਾਉਂਦੇ ਹਾਂ ਜਦੋਂ ਅਸੀਂ ਇਸ ਵਿਚ ਲਿਖੀਆਂ ਗੱਲਾਂ ਨੂੰ ਆਪਣੇ ਜੀਵਨ ਉੱਤੇ ਪੂਰੀ ਤਰ੍ਹਾਂ ਲਾਗੂ ਕਰਦੇ ਹਾਂ, ਅਤੇ ਸਹੀ ਫ਼ੈਸਲੇ ਕਰਨ ਲਈ ਇਸ ਦੇ ਸਿਧਾਂਤਾਂ ਅਤੇ ਉਦਾਹਰਣਾਂ ਨੂੰ ਪ੍ਰਯੋਗ ਕਰਨਾ ਸਿੱਖਦੇ ਹਾਂ। (ਰੋਮੀਆਂ 12:2; ਇਬਰਾਨੀਆਂ 5:14) ਜੋਸ਼ ਨਾਲ ਦੂਸਰਿਆਂ ਨੂੰ ਪਰਮੇਸ਼ੁਰ ਦੇ ਬਚਨ ਦਾ ਪ੍ਰਚਾਰ ਕਰਨ ਦੁਆਰਾ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਪਰਮੇਸ਼ੁਰ ਦੇ ਬਚਨ ਦੇ ਨਿਸ਼ਠਾਵਾਨ ਸਮਰਥਕ ਹਾਂ। ਅਸੀਂ ਬਾਈਬਲ ਦਾ ਧਿਆਨਪੂਰਵਕ ਪ੍ਰਯੋਗ ਕਰਨ, ਅਤੇ ਕਦੇ ਵੀ ਇਸ ਵਿਚ ਲਿਖੀਆਂ ਗੱਲਾਂ ਨੂੰ ਆਪਣੇ ਵਿਚਾਰਾਂ ਅਨੁਸਾਰ ਢਾਲਣ ਲਈ ਤੋੜ-ਮਰੋੜ ਕਰਨ ਜਾਂ ਵਧਾ-ਚੜ੍ਹਾ ਕੇ ਦੱਸਣ ਤੋਂ ਪਰਹੇਜ਼ ਕਰਨ ਦੁਆਰਾ ਵੀ ਨਿਸ਼ਠਾ ਦਿਖਾਉਂਦੇ ਹਾਂ। (2 ਤਿਮੋਥਿਉਸ 2:15) ਪਰਮੇਸ਼ੁਰ ਨੇ ਜੋ ਪਹਿਲਾਂ ਹੀ ਦੱਸਿਆ ਹੈ ਉਹ ਯਕੀਨਨ ਪੂਰਾ ਹੋਵੇਗਾ। ਉਹ ਆਪਣੇ ਬਚਨ ਨੂੰ ਪੂਰਾ ਕਰਨ ਵਿਚ ਨਿਸ਼ਠਾਵਾਨ ਹੈ। ਆਓ ਅਸੀਂ ਨਿਸ਼ਠਾ ਨਾਲ ਇਸ ਬਚਨ ਦਾ ਸਮਰਥਨ ਕਰੀਏ।
[ਫੁਟਨੋਟ]
a ਯੂਨਾਇਟਿਡ ਬਾਈਬਲ ਸੋਸਾਇਟੀਆਂ ਨੇ 1997 ਵਿਚ 2,167 ਭਾਸ਼ਾਵਾਂ ਅਤੇ ਉਪ-ਭਾਸ਼ਾਵਾਂ ਨੂੰ ਸੂਚੀਬੱਧ ਕੀਤਾ ਜਿਨ੍ਹਾਂ ਵਿਚ ਬਾਈਬਲ, ਪੂਰੀ ਜਾਂ ਹਿੱਸਿਆਂ ਵਿਚ, ਪ੍ਰਕਾਸ਼ਿਤ ਹੋ ਚੁੱਕੀ ਹੈ। ਇਸ ਅੰਕੜੇ ਵਿਚ ਕੁਝ ਭਾਸ਼ਾਵਾਂ ਦੀਆਂ ਬਹੁਤ ਸਾਰੀਆਂ ਉਪ-ਭਾਸ਼ਾਵਾਂ ਵੀ ਸ਼ਾਮਲ ਹਨ।
b ਇਹ ਚਰਚਾ ਉਨ੍ਹਾਂ ਭਾਸ਼ਾਵਾਂ ਉੱਤੇ ਧਿਆਨ ਕੇਂਦ੍ਰਿਤ ਕਰਦੀ ਹੈ ਜਿਨ੍ਹਾਂ ਵਿਚ ਇਸ ਵਿਸ਼ੇ ਨੂੰ ਸਪੱਸ਼ਟ ਕਰਨ ਦੀ ਯੋਗਤਾ ਹੈ ਪਰੰਤੂ ਜਿਨ੍ਹਾਂ ਵਿਚ ਅਨੁਵਾਦਕ ਅਜਿਹਾ ਕਰਨ ਦੀ ਚੋਣ ਨਹੀਂ ਕਰਦੇ ਹਨ। ਕੁਝ ਭਾਸ਼ਾਵਾਂ ਵਿਚ ਉਪਲਬਧ ਸ਼ਬਦਾਵਲੀ ਦੇ ਕਾਰਨ ਅਨੁਵਾਦਕ ਆਪਣੇ ਕੰਮ ਵਿਚ ਬੇਹੱਦ ਸੀਮਿਤ ਹੁੰਦੇ ਹਨ। ਤਾਂ ਫਿਰ, ਈਮਾਨਦਾਰ ਧਾਰਮਿਕ ਉਪਦੇਸ਼ਕ ਵਿਆਖਿਆ ਕਰਨਗੇ ਕਿ ਭਾਵੇਂ ਅਨੁਵਾਦਕ ਵੱਖ-ਵੱਖ ਸ਼ਬਦ ਵਰਤਦਾ ਹੈ ਜਾਂ ਜੇ ਉਹ ਸ਼ਾਸਤਰ ਵਿਰੋਧੀ ਸ਼ਬਦ ਦਾ ਪ੍ਰਯੋਗ ਵੀ ਕਰਦਾ ਹੈ, ਮੁਢਲੀ-ਭਾਸ਼ਾ ਦਾ ਸ਼ਬਦ, ਨੀਫ਼ੇਸ਼ ਮਾਨਵ ਅਤੇ ਜਾਨਵਰਾਂ ਦੋਵਾਂ ਤੇ ਲਾਗੂ ਹੁੰਦਾ ਹੈ ਅਤੇ ਉਸ ਨੂੰ ਚਿੱਤ੍ਰਿਤ ਕਰਦਾ ਹੈ ਜੋ ਸਾਹ ਲੈਂਦਾ ਹੈ, ਖਾਂਦਾ ਹੈ, ਅਤੇ ਮਰ ਸਕਦਾ ਹੈ।
ਕੀ ਤੁਹਾਨੂੰ ਯਾਦ ਹੈ?
◻ ਆਧੁਨਿਕ ਦਿਨਾਂ ਵਿਚ ਕਿਹੜੇ ਮਨੋਰਥਾਂ ਨੇ ਬਾਈਬਲ ਅਨੁਵਾਦਕਾਂ ਦੇ ਕੰਮ ਨੂੰ ਪ੍ਰਭਾਵਿਤ ਕੀਤਾ ਹੈ?
◻ ਅਨੁਵਾਦ ਕਰਨ ਦੇ ਆਧੁਨਿਕ ਰੁਝਾਨਾਂ ਨੇ ਕਿਉਂ ਪਰਮੇਸ਼ੁਰ ਦੇ ਆਪਣੇ ਨਾਂ ਪ੍ਰਤੀ ਮਕਸਦ ਨੂੰ ਨਿਸਫਲ ਨਹੀਂ ਕੀਤਾ ਹੈ?
◻ ਕੁਝ ਅਨੁਵਾਦ ਪ੍ਰਾਣ, ਮੌਤ, ਅਤੇ ਧਰਤੀ ਬਾਰੇ ਬਾਈਬਲ ਸੱਚਾਈਆਂ ਨੂੰ ਕਿਸ ਤਰ੍ਹਾਂ ਲੁਕਾਉਂਦੇ ਹਨ?
◻ ਅਸੀਂ ਕਿਨ੍ਹਾਂ ਤਰੀਕਿਆਂ ਨਾਲ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਬਚਨ ਦਾ ਨਿਸ਼ਠਾ ਨਾਲ ਸਮਰਥਨ ਕਰਦੇ ਹਾਂ?
[ਸਫ਼ੇ 15 ਉੱਤੇ ਤਸਵੀਰ]
ਤੁਹਾਨੂੰ ਕਿਹੜੇ ਬਾਈਬਲ ਅਨੁਵਾਦ ਦਾ ਪ੍ਰਯੋਗ ਕਰਨਾ ਚਾਹੀਦਾ ਹੈ?