ਅਧਿਆਇ 2
ਉਹ ਪੁਸਤਕ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ
1, 2. ਸਾਨੂੰ ਆਪਣੇ ਸ੍ਰਿਸ਼ਟੀਕਰਤਾ ਦੇ ਨਿਰਦੇਸ਼ਨ ਦੀ ਕਿਉਂ ਜ਼ਰੂਰਤ ਹੈ?
ਇਹ ਕੇਵਲ ਤਰਕਸੰਗਤ ਹੀ ਹੈ ਕਿ ਸਾਡਾ ਪ੍ਰੇਮਪੂਰਣ ਸ੍ਰਿਸ਼ਟੀਕਰਤਾ ਮਨੁੱਖਜਾਤੀ ਲਈ ਹਿਦਾਇਤਾਂ ਅਤੇ ਨਿਰਦੇਸ਼ਨ ਦੀ ਇਕ ਪੁਸਤਕ ਮੁਹੱਈਆ ਕਰੇ। ਅਤੇ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਨਹੀਂ ਹੋ ਕਿ ਮਨੁੱਖਾਂ ਨੂੰ ਨਿਰਦੇਸ਼ਨ ਦੀ ਜ਼ਰੂਰਤ ਹੈ?
2 ਕੁਝ 2,500 ਤੋਂ ਜ਼ਿਆਦਾ ਸਾਲ ਪਹਿਲਾਂ ਇਕ ਨਬੀ ਅਤੇ ਇਤਿਹਾਸਕਾਰ ਨੇ ਲਿਖਿਆ: “ਏਹ ਮਨੁੱਖ ਦੇ ਵੱਸ ਨਹੀਂ ਕਿ ਤੁਰਨ ਲਈ ਆਪਣੇ ਕਦਮਾਂ ਨੂੰ ਕਾਇਮ ਕਰੇ।” (ਯਿਰਮਿਯਾਹ 10:23) ਅੱਜ, ਇਸ ਕਥਨ ਦੀ ਸੱਚਾਈ ਅੱਗੇ ਨਾਲੋਂ ਕਿਤੇ ਜ਼ਿਆਦਾ ਜ਼ਾਹਰ ਹੈ। ਇਸ ਕਾਰਨ, ਇਤਿਹਾਸਕਾਰ ਵਿਲੀਅਮ ਏਚ. ਮਕਨੀਲ ਕਹਿੰਦਾ ਹੈ: “ਇਸ ਗ੍ਰਹਿ ਉੱਤੇ ਮਾਨਵ ਤਜਰਬਾ, ਸੰਕਟਾਂ ਦੀ ਅਤੇ ਸਮਾਜ ਦੀ ਸਥਾਪਿਤ ਵਿਵਸਥਾ ਵਿਚ ਵਿਘਨਾਂ ਦੀ ਇਕ ਤਕਰੀਬਨ ਅਟੁੱਟ ਲੜੀ ਰਹੀ ਹੈ।”
3, 4. (ੳ) ਸਾਨੂੰ ਕਿਸ ਰਵੱਈਏ ਦੇ ਨਾਲ ਬਾਈਬਲ ਦਾ ਅਧਿਐਨ ਕਰਨਾ ਚਾਹੀਦਾ ਹੈ? (ਅ) ਅਸੀਂ ਬਾਈਬਲ ਦੀ ਜਾਂਚ ਕਿਸ ਤਰਤੀਬ ਦੇ ਨਾਲ ਕਰਾਂਗੇ?
3 ਬਾਈਬਲ, ਬੁੱਧੀਮਾਨ ਨਿਰਦੇਸ਼ਨ ਲਈ ਸਾਡੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਦੀ ਹੈ। ਇਹ ਗੱਲ ਸੱਚ ਹੈ ਕਿ ਅਨੇਕ ਵਿਅਕਤੀ ਘਬਰਾ ਜਾਂਦੇ ਹਨ ਜਦੋਂ ਉਹ ਪਹਿਲਾਂ-ਪਹਿਲ ਬਾਈਬਲ ਦੀ ਜਾਂਚ ਕਰਦੇ ਹਨ। ਇਹ ਇਕ ਵੱਡੀ ਪੁਸਤਕ ਹੈ, ਅਤੇ ਇਸ ਦੇ ਕੁਝ ਹਿੱਸੇ ਸਮਝਣ ਲਈ ਸੌਖੇ ਨਹੀਂ ਹਨ। ਪਰੰਤੂ ਅਗਰ ਤੁਹਾਨੂੰ ਇਕ ਅਜਿਹਾ ਕਾਨੂੰਨੀ ਦਸਤਾਵੇਜ਼ ਦਿੱਤਾ ਜਾਵੇ ਜੋ ਤੁਹਾਨੂੰ ਦੱਸੇ ਕਿ ਇਕ ਕੀਮਤੀ ਵਿਰਾਸਤ ਪ੍ਰਾਪਤ ਕਰਨ ਲਈ ਤੁਹਾਨੂੰ ਕੀ ਕਰਨਾ ਚਾਹੀਦਾ ਹੈ, ਤਾਂ ਕੀ ਤੁਸੀਂ ਉਸ ਨੂੰ ਧਿਆਨ ਨਾਲ ਵਾਚਣ ਲਈ ਸਮਾਂ ਨਹੀਂ ਕੱਢੋਗੇ? ਅਗਰ ਤੁਹਾਨੂੰ ਉਸ ਦਸਤਾਵੇਜ਼ ਦੇ ਕੁਝ ਹਿੱਸੇ ਸਮਝਣੇ ਔਖੇ ਲੱਗਣ, ਤਾਂ ਇਹ ਸੰਭਵ ਹੈ ਕਿ ਤੁਸੀਂ ਕਿਸੇ ਵਿਅਕਤੀ ਦੀ ਸਹਾਇਤਾ ਲਵੋਗੇ ਜੋ ਅਜਿਹਿਆਂ ਮਾਮਲਿਆਂ ਵਿਚ ਤਜਰਬੇਕਾਰ ਹੈ। ਕਿਉਂ-ਨ ਬਾਈਬਲ ਦੇ ਪ੍ਰਤੀ ਇਕ ਸਮਾਨ ਰਵੱਈਆ ਅਪਣਾਓ? (ਰਸੂਲਾਂ ਦੇ ਕਰਤੱਬ 17:11) ਕੇਵਲ ਇਕ ਭੌਤਿਕ ਵਿਰਾਸਤ ਦਾ ਹੀ ਸਵਾਲ ਨਹੀਂ ਹੈ। ਜਿਵੇਂ ਅਸੀਂ ਪਿਛਲੇ ਅਧਿਆਇ ਵਿਚ ਸਿੱਖਿਆ ਸੀ, ਪਰਮੇਸ਼ੁਰ ਦਾ ਗਿਆਨ ਸਦੀਪਕ ਜੀਵਨ ਵੱਲ ਲੈ ਜਾ ਸਕਦਾ ਹੈ।
4 ਆਓ ਅਸੀਂ ਉਸ ਪੁਸਤਕ ਦੀ ਜਾਂਚ ਕਰੀਏ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ। ਅਸੀਂ ਪਹਿਲਾਂ ਸੰਖੇਪ ਵਿਚ ਬਾਈਬਲ ਦਾ ਸਾਰਾਂਸ਼ ਦਿਆਂਗੇ। ਫਿਰ ਅਸੀਂ ਉਨ੍ਹਾਂ ਕਾਰਨਾਂ ਦੀ ਚਰਚਾ ਕਰਾਂਗੇ ਕਿ ਬਹੁਤੇਰੇ ਜਾਣੂ ਲੋਕ ਕਿਉਂ ਵਿਸ਼ਵਾਸ ਕਰਦੇ ਹਨ ਕਿ ਇਹ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ।
ਬਾਈਬਲ ਵਿਚ ਕੀ ਦਰਜ ਹੈ
5. (ੳ) ਇਬਰਾਨੀ ਸ਼ਾਸਤਰਾਂ ਵਿਚ ਕੀ ਦਰਜ ਹੈ? (ਅ) ਯੂਨਾਨੀ ਸ਼ਾਸਤਰਾਂ ਵਿਚ ਕੀ ਦਰਜ ਹੈ?
5 ਬਾਈਬਲ ਵਿਚ 66 ਪੁਸਤਕਾਂ, ਦੋ ਹਿੱਸਿਆਂ ਵਿਚ ਪਾਈਆਂ ਜਾਂਦੀਆਂ ਹਨ, ਜੋ ਅਕਸਰ ਪੁਰਾਣਾ ਨੇਮ ਅਤੇ ਨਵਾਂ ਨੇਮ ਕਹਾਉਂਦੀਆਂ ਹਨ। ਬਾਈਬਲ ਦੀਆਂ 39 ਪੁਸਤਕਾਂ ਮੁੱਖ ਤੌਰ ਤੇ ਇਬਰਾਨੀ ਵਿਚ ਅਤੇ 27 ਯੂਨਾਨੀ ਵਿਚ ਲਿਖੀਆਂ ਗਈਆਂ ਸਨ। ਇਬਰਾਨੀ ਸ਼ਾਸਤਰ, ਜਿਨ੍ਹਾਂ ਵਿਚ ਉਤਪਤ ਤੋਂ ਮਲਾਕੀ ਨਾਮਕ ਪੁਸਤਕਾਂ ਦਰਜ ਹਨ, ਸ੍ਰਿਸ਼ਟੀ ਦੇ ਨਾਲ-ਨਾਲ ਮਾਨਵ ਇਤਿਹਾਸ ਦੇ ਪਹਿਲੇ 3,500 ਸਾਲਾਂ ਦਾ ਬਿਰਤਾਂਤ ਦਿੰਦੇ ਹਨ। ਬਾਈਬਲ ਦੇ ਇਸ ਹਿੱਸੇ ਦੀ ਜਾਂਚ ਕਰਦੇ ਹੋਏ, ਅਸੀਂ ਇਸਰਾਏਲੀਆਂ ਨਾਲ ਪਰਮੇਸ਼ੁਰ ਦੇ ਵਰਤਾਉ ਬਾਰੇ ਸਿੱਖਦੇ ਹਾਂ—16ਵੀਂ ਸਦੀ ਸਾ.ਯੁ.ਪੂ. ਵਿਚ ਉਨ੍ਹਾਂ ਦੇ ਇਕ ਕੌਮ ਦੇ ਰੂਪ ਵਿਚ ਜਨਮ ਤੋਂ ਲੈ ਕੇ 5ਵੀਂ ਸਦੀ ਸਾ.ਯੁ.ਪੂ. ਤਕ।a ਯੂਨਾਨੀ ਸ਼ਾਸਤਰ, ਜਿਨ੍ਹਾਂ ਵਿਚ ਮੱਤੀ ਤੋਂ ਪਰਕਾਸ਼ ਦੀ ਪੋਥੀ ਨਾਮਕ ਪੁਸਤਕਾਂ ਦਰਜ ਹਨ, ਪਹਿਲੀ ਸਦੀ ਸਾ.ਯੁ. ਦੇ ਦੌਰਾਨ ਯਿਸੂ ਮਸੀਹ ਅਤੇ ਉਸ ਦੇ ਚੇਲਿਆਂ ਦੀਆਂ ਸਿੱਖਿਆਵਾਂ ਅਤੇ ਗਤੀਵਿਧੀਆਂ ਉੱਤੇ ਧਿਆਨ ਕੇਂਦ੍ਰਿਤ ਕਰਦੇ ਹਨ।
6. ਸਾਨੂੰ ਪੂਰੀ ਬਾਈਬਲ ਦਾ ਅਧਿਐਨ ਕਿਉਂ ਕਰਨਾ ਚਾਹੀਦਾ ਹੈ?
6 ਕੁਝ ਵਿਅਕਤੀ ਦਾਅਵਾ ਕਰਦੇ ਹਨ ਕਿ “ਪੁਰਾਣਾ ਨੇਮ” ਯਹੂਦੀਆਂ ਲਈ ਹੈ ਅਤੇ “ਨਵਾਂ ਨੇਮ” ਮਸੀਹੀਆਂ ਲਈ ਹੈ। ਪਰੰਤੂ 2 ਤਿਮੋਥਿਉਸ 3:16 ਦੇ ਅਨੁਸਾਰ, “ਸਾਰੀ ਲਿਖਤ ਪਰਮੇਸ਼ੁਰ ਦੇ ਆਤਮਾ ਤੋਂ ਹੈ ਅਤੇ . . . ਗੁਣਕਾਰ ਹੈ।” (ਟੇਢੇ ਟਾਈਪ ਸਾਡੇ।) ਇਸ ਕਰਕੇ ਸ਼ਾਸਤਰ ਦੇ ਉਚਿਤ ਅਧਿਐਨ ਲਈ ਸਾਰੀ ਬਾਈਬਲ ਸ਼ਾਮਲ ਹੋਣੀ ਚਾਹੀਦੀ ਹੈ। ਅਸਲ ਵਿਚ, ਬਾਈਬਲ ਦੇ ਇਹ ਦੋ ਹਿੱਸੇ, ਇਕਸਾਰਤਾ ਨਾਲ ਇੱਕੋ ਵਿਸ਼ਾ ਵਿਕਸਿਤ ਕਰਦੇ ਹੋਏ, ਇਕ ਦੂਜੇ ਨੂੰ ਪੂਰਾ ਕਰਦੇ ਹਨ।
7. ਬਾਈਬਲ ਦਾ ਵਿਸ਼ਾ ਕੀ ਹੈ?
7 ਸ਼ਾਇਦ ਤੁਸੀਂ ਕਿੰਨੇ ਸਾਲਾਂ ਤੋਂ ਧਾਰਮਿਕ ਸੇਵਾਵਾਂ ਵਿਚ ਹਾਜ਼ਰ ਹੋ ਕੇ ਬਾਈਬਲ ਦੇ ਕੁਝ ਹਿੱਸੇ ਉੱਚੀ ਆਵਾਜ਼ ਵਿਚ ਪੜ੍ਹੇ ਜਾਂਦੇ ਸੁਣੇ ਹੋਣ। ਜਾਂ ਤੁਸੀਂ ਸ਼ਾਇਦ ਆਪ ਹੀ ਉਸ ਵਿੱਚੋਂ ਟੂਕਾਂ ਪੜ੍ਹੀਆਂ ਹੋਣ। ਕੀ ਤੁਸੀਂ ਜਾਣਦੇ ਸੀ ਕਿ ਬਾਈਬਲ ਵਿਚ ਉਤਪਤ ਤੋਂ ਲੈ ਕੇ ਪਰਕਾਸ਼ ਦੀ ਪੋਥੀ ਤਕ ਇਕ ਸਾਂਝੀ ਵਿਚਾਰਧਾਰਾ ਪਾਈ ਜਾਂਦੀ ਹੈ? ਜੀ ਹਾਂ, ਪੂਰੀ ਬਾਈਬਲ ਵਿਚ ਇੱਕੋ ਸੁਸੰਗਤ ਵਿਸ਼ਾ ਸਮਾਉਂਦਾ ਹੈ। ਉਹ ਵਿਸ਼ਾ ਕੀ ਹੈ? ਇਹ ਹੈ ਪਰਮੇਸ਼ੁਰ ਦੇ ਮਨੁੱਖਜਾਤੀ ਉੱਤੇ ਸ਼ਾਸਨ ਕਰਨ ਦੇ ਅਧਿਕਾਰ ਦਾ ਦੋਸ਼-ਨਿਵਾਰਣ ਅਤੇ ਉਸ ਦੇ ਰਾਜ ਦੇ ਜ਼ਰੀਏ ਉਸ ਦੇ ਪ੍ਰੇਮਪੂਰਣ ਮਕਸਦ ਦੀ ਪੂਰਤੀ। ਬਾਅਦ ਵਿਚ, ਅਸੀਂ ਦੇਖਾਂਗੇ ਕਿ ਅਸਲ ਵਿਚ ਪਰਮੇਸ਼ੁਰ ਕਿਵੇਂ ਇਸ ਮਕਸਦ ਨੂੰ ਪੂਰਾ ਕਰੇਗਾ।
8. ਬਾਈਬਲ ਪਰਮੇਸ਼ੁਰ ਦੇ ਵਿਅਕਤਿੱਤਵ ਬਾਰੇ ਕੀ ਪ੍ਰਗਟ ਕਰਦੀ ਹੈ?
8 ਪਰਮੇਸ਼ੁਰ ਦੇ ਮਕਸਦ ਦੀ ਰੂਪ-ਰੇਖਾ ਦੇਣ ਤੋਂ ਇਲਾਵਾ, ਬਾਈਬਲ ਉਸ ਦੇ ਵਿਅਕਤਿੱਤਵ ਨੂੰ ਪ੍ਰਗਟ ਕਰਦੀ ਹੈ। ਉਦਾਹਰਣ ਦੇ ਲਈ, ਅਸੀਂ ਬਾਈਬਲ ਤੋਂ ਸਿੱਖਦੇ ਹਾਂ ਕਿ ਪਰਮੇਸ਼ੁਰ ਦੀਆਂ ਭਾਵਨਾਵਾਂ ਹਨ ਅਤੇ ਜੋ ਚੋਣਾਂ ਅਸੀਂ ਕਰਦੇ ਹਾਂ, ਉਹ ਉਸ ਨੂੰ ਪ੍ਰਭਾਵਿਤ ਕਰਦੀਆਂ ਹਨ। (ਜ਼ਬੂਰ 78:40, 41; ਕਹਾਉਤਾਂ 27:11; ਹਿਜ਼ਕੀਏਲ 33:11) ਜ਼ਬੂਰ 103:8-14 ਕਹਿੰਦਾ ਹੈ ਕਿ ਪਰਮੇਸ਼ੁਰ “ਦਯਾਲੂ ਤੇ ਕਿਰਪਾਲੂ ਹੈ, ਗੁੱਸੇ ਵਿੱਚ ਧੀਰਜੀ ਅਤੇ ਦਯਾ ਨਾਲ ਭਰਪੂਰ।” ਉਹ ਸਾਡੇ ਨਾਲ ਦਇਆਪੂਰਵਕ ਵਰਤਾਉ ਕਰਦਾ ਹੈ, ਇਹ ‘ਚੇਤੇ ਰੱਖਦੇ ਹੋਏ ਕਿ ਅਸੀਂ ਮਿੱਟੀ ਹੀ ਤੋਂ ਬਣੇ ਹਾਂ’ ਅਤੇ ਮੌਤ ਹੋਣ ਤੇ ਇਸ ਵਿਚ ਹੀ ਵਾਪਸ ਮੁੜ ਜਾਂਦੇ ਹਾਂ। (ਉਤਪਤ 2:7; 3:19) ਉਹ ਕਿੰਨੇ ਅਦਭੁਤ ਗੁਣ ਪ੍ਰਦਰਸ਼ਿਤ ਕਰਦਾ ਹੈ! ਕੀ ਉਹ ਉਸ ਤਰ੍ਹਾਂ ਦਾ ਪਰਮੇਸ਼ੁਰ ਨਹੀਂ ਹੈ ਜਿਸ ਦੀ ਉਪਾਸਨਾ ਤੁਸੀਂ ਕਰਨੀ ਚਾਹੁੰਦੇ ਹੋ?
9. ਬਾਈਬਲ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਦੀ ਇਕ ਸਪੱਸ਼ਟ ਦ੍ਰਿਸ਼ਟੀ ਕਿਸ ਤਰ੍ਹਾਂ ਦਿੰਦੀ ਹੈ, ਅਤੇ ਅਸੀਂ ਅਜਿਹੇ ਗਿਆਨ ਤੋਂ ਕਿਵੇਂ ਲਾਭ ਉਠਾ ਸਕਦੇ ਹਾਂ?
9 ਬਾਈਬਲ ਸਾਨੂੰ ਪਰਮੇਸ਼ੁਰ ਦੇ ਮਿਆਰਾਂ ਦੀ ਇਕ ਸਪੱਸ਼ਟ ਦ੍ਰਿਸ਼ਟੀ ਦਿੰਦੀ ਹੈ। ਕਈ ਵਾਰ ਇਨ੍ਹਾਂ ਨੂੰ ਨਿਯਮਾਂ ਦੇ ਤੌਰ ਤੇ ਬਿਆਨ ਕੀਤਾ ਜਾਂਦਾ ਹੈ। ਪਰ ਫਿਰ, ਜ਼ਿਆਦਾ ਵਾਰ ਇਹ ਸਿੱਖਿਆਦਾਇਕ ਉਦਾਹਰਣਾਂ ਦੇ ਜ਼ਰੀਏ ਸਿਖਾਏ ਗਏ ਸਿਧਾਂਤਾਂ ਵਿਚ ਪ੍ਰਤਿਬਿੰਬਤ ਕੀਤੇ ਜਾਂਦੇ ਹਨ। ਪਰਮੇਸ਼ੁਰ ਨੇ ਪ੍ਰਾਚੀਨ ਇਸਰਾਏਲੀ ਇਤਿਹਾਸ ਵਿਚ ਵਾਪਰੀਆਂ ਖ਼ਾਸ ਘਟਨਾਵਾਂ ਸਾਡੇ ਭਲੇ ਲਈ ਲਿਖਵਾਈਆਂ ਸਨ। ਇਹ ਨਿਰਪੱਖ ਬਿਰਤਾਂਤ ਸਾਨੂੰ ਦਿਖਾਉਂਦੇ ਹਨ ਕਿ ਉਦੋਂ ਕੀ ਹੁੰਦਾ ਹੈ ਜਦੋਂ ਲੋਕ ਪਰਮੇਸ਼ੁਰ ਦੇ ਮਕਸਦ ਦੇ ਅਨੁਸਾਰ ਕੰਮ ਕਰਦੇ ਹਨ, ਨਾਲੇ ਕਿਹੜਾ ਬੁਰਾ ਨਤੀਜਾ ਹੁੰਦਾ ਹੈ ਜਦੋਂ ਉਹ ਆਪਣੀ ਮਨ ਮਰਜ਼ੀ ਕਰਦੇ ਹਨ। (1 ਰਾਜਿਆਂ 5:4; 11:4-6; 2 ਇਤਹਾਸ 15:8-15) ਨਿਰਸੰਦੇਹ, ਅਜਿਹੀਆਂ ਸੱਚੀਆਂ-ਜੀਵਨੀਆਂ ਸਾਡੇ ਦਿਲਾਂ ਨੂੰ ਪ੍ਰਭਾਵਿਤ ਕਰਨਗੀਆਂ। ਅਗਰ ਅਸੀਂ ਉਨ੍ਹਾਂ ਉਲਿਖਤ ਘਟਨਾਵਾਂ ਨੂੰ ਦ੍ਰਿਸ਼ਟੀਗੋਚਰ ਕਰਨ ਦੀ ਕੋਸ਼ਿਸ਼ ਕਰਾਂਗੇ, ਤਾਂ ਅਸੀਂ ਉਨ੍ਹਾਂ ਵਿਚ ਸ਼ਾਮਲ ਲੋਕਾਂ ਦੀ ਸਥਿਤੀ ਨੂੰ ਸਮਝ ਸਕਾਂਗੇ। ਇਸ ਤਰ੍ਹਾਂ, ਅਸੀਂ ਅੱਛੇ ਉਦਾਹਰਣਾਂ ਤੋਂ ਲਾਭ ਉਠਾ ਸਕਦੇ ਹਾਂ ਅਤੇ ਉਨ੍ਹਾਂ ਖ਼ਤਰਿਆਂ ਤੋਂ ਪਰੇ ਰਹਿ ਸਕਦੇ ਹਾਂ ਜਿਨ੍ਹਾਂ ਵਿਚ ਕੁਕਰਮੀ ਫਸ ਗਏ ਸਨ। ਪਰ ਫਿਰ, ਇਹ ਅਤਿ-ਮਹੱਤਵਪੂਰਣ ਸਵਾਲ ਇਕ ਜਵਾਬ ਲੋੜਦਾ ਹੈ: ਅਸੀਂ ਕਿਸ ਤਰ੍ਹਾਂ ਨਿਸ਼ਚਿਤ ਹੋ ਸਕਦੇ ਹਾਂ ਕਿ ਜੋ ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਉਹ ਅਸਲ ਵਿਚ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੈ?
ਕੀ ਤੁਸੀਂ ਬਾਈਬਲ ਉੱਤੇ ਭਰੋਸਾ ਕਰ ਸਕਦੇ ਹੋ?
10. (ੳ) ਕਈ ਵਿਅਕਤੀ ਕਿਉਂ ਮਹਿਸੂਸ ਕਰਦੇ ਹਨ ਕਿ ਬਾਈਬਲ ਅਪ੍ਰਚਲਿਤ ਹੈ? (ਅ) ਬਾਈਬਲ ਬਾਰੇ 2 ਤਿਮੋਥਿਉਸ 3:16, 17 ਸਾਨੂੰ ਕੀ ਦੱਸਦਾ ਹੈ?
10 ਸ਼ਾਇਦ ਤੁਸੀਂ ਇਸ ਗੱਲ ਉੱਤੇ ਧਿਆਨ ਦਿੱਤਾ ਹੋਵੇ ਕਿ ਸਲਾਹ ਦੇਣ ਵਾਲੀਆਂ ਅਨੇਕ ਪੁਸਤਕਾਂ ਕੁਝ ਹੀ ਸਾਲਾਂ ਵਿਚ ਅਪ੍ਰਚਲਿਤ ਬਣ ਜਾਂਦੀਆਂ ਹਨ। ਬਾਈਬਲ ਬਾਰੇ ਕੀ? ਇਹ ਬਹੁਤ ਪੁਰਾਣੀ ਹੈ, ਅਤੇ ਇਸ ਦੇ ਆਖਰੀ ਸ਼ਬਦ ਲਿਖੇ ਜਾਣ ਦੇ ਸਮੇਂ ਤੋਂ ਤਕਰੀਬਨ 2,000 ਸਾਲ ਬੀਤ ਗਏ ਹਨ। ਇਸ ਕਰਕੇ ਕਈ ਮਹਿਸੂਸ ਕਰਦੇ ਹਨ ਕਿ ਇਹ ਸਾਡੇ ਆਧੁਨਿਕ ਸਮੇਂ ਨੂੰ ਲਾਗੂ ਨਹੀਂ ਹੁੰਦੀ ਹੈ। ਪਰੰਤੂ ਅਗਰ ਬਾਈਬਲ ਪਰਮੇਸ਼ੁਰ ਵੱਲੋਂ ਪ੍ਰੇਰਿਤ ਹੈ, ਤਾਂ ਕਿੰਨੀ ਵੀ ਪੁਰਾਣੀ ਹੋਣ ਦੇ ਬਾਵਜੂਦ, ਇਸ ਦੀ ਸਲਾਹ ਹਮੇਸ਼ਾ ਤਤਕਾਲੀਨ ਹੋਣੀ ਚਾਹੀਦੀ ਹੈ। ਸ਼ਾਸਤਰ ਨੂੰ ਅਜੇ ਵੀ “ਸਿੱਖਿਆ, ਤਾੜਨ, ਸੁਧਾਰਨ ਅਤੇ ਧਰਮ ਦੇ ਗਿਝਾਉਣ ਲਈ ਗੁਣਕਾਰ [ਹੋਣਾ ਚਾਹੀਦਾ] ਹੈ, ਭਈ ਪਰਮੇਸ਼ੁਰ ਦਾ ਬੰਦਾ ਕਾਬਲ ਅਤੇ ਹਰੇਕ ਭਲੇ ਕੰਮ ਲਈ ਤਿਆਰ ਕੀਤਾ ਹੋਇਆ ਹੋਵੇ।”—2 ਤਿਮੋਥਿਉਸ 3:16, 17.
11-13. ਅਸੀਂ ਇਹ ਕਿਉਂ ਕਹਿ ਸਕਦੇ ਹਾਂ ਕਿ ਬਾਈਬਲ ਸਾਡੇ ਦਿਨਾਂ ਲਈ ਵਿਵਹਾਰਕ ਹੈ?
11 ਇਸ ਦੀ ਨਜ਼ਦੀਕੀ ਜਾਂਚ ਪ੍ਰਗਟ ਕਰਦੀ ਹੈ ਕਿ ਬਾਈਬਲ ਸਿਧਾਂਤ ਅੱਜ ਵੀ ਉੱਨੇ ਹੀ ਲਾਗੂ ਹੁੰਦੇ ਹਨ ਜਿੰਨੇ ਉਦੋਂ ਹੁੰਦੇ ਸਨ ਜਦੋਂ ਉਹ ਪਹਿਲਾਂ ਲਿਖੇ ਗਏ ਸਨ। ਉਦਾਹਰਣ ਦੇ ਲਈ, ਮਾਨਵ ਸੁਭਾਉ ਦੇ ਸੰਬੰਧ ਵਿਚ ਬਾਈਬਲ ਉਸ ਤੀਬਰ ਸਮਝ ਨੂੰ ਪ੍ਰਤਿਬਿੰਬਤ ਕਰਦੀ ਹੈ ਜੋ ਮਨੁੱਖਜਾਤੀ ਦੀ ਹਰੇਕ ਪੀੜ੍ਹੀ ਨੂੰ ਲਾਗੂ ਹੁੰਦੀ ਹੈ। ਅਸੀਂ ਇਹ ਸੌਖਿਆਂ ਹੀ ਯਿਸੂ ਦੇ ਪਹਾੜੀ ਉਪਦੇਸ਼ ਤੋਂ ਦੇਖ ਸਕਦੇ ਹਾਂ, ਜੋ ਮੱਤੀ ਦੀ ਪੁਸਤਕ, ਅਧਿਆਇ 5 ਤੋਂ 7 ਵਿਚ ਪਾਇਆ ਜਾਂਦਾ ਹੈ। ਸਾਬਕਾ ਭਾਰਤੀ ਨੇਤਾ ਮੋਹਨਦਾਸ ਕੇ. ਗਾਂਧੀ ਇਸ ਉਪਦੇਸ਼ ਨਾਲ ਇੰਨਾ ਪ੍ਰਭਾਵਿਤ ਹੋਇਆ ਕਿ ਕਿਹਾ ਜਾਂਦਾ ਹੈ ਕਿ ਉਸ ਨੇ ਇਕ ਬਰਤਾਨਵੀ ਅਫ਼ਸਰ ਨੂੰ ਦੱਸਿਆ: “ਜਦੋਂ ਤੁਹਾਡਾ ਅਤੇ ਮੇਰਾ ਦੇਸ਼ ਉਨ੍ਹਾਂ ਸਿੱਖਿਆਵਾਂ ਤੇ ਏਕਤਾ ਪ੍ਰਗਟ ਕਰਨਗੇ ਜੋ ਮਸੀਹ ਰਾਹੀਂ ਪਹਾੜੀ ਉਪਦੇਸ਼ ਵਿਚ ਦਿੱਤੀਆਂ ਗਈਆਂ ਸੀ, ਤਦ ਅਸੀਂ ਨਾ ਸਿਰਫ਼ ਆਪਣੇ ਦੇਸ਼ਾਂ ਦੀਆਂ ਬਲਕਿ ਪੂਰੇ ਸੰਸਾਰ ਦੀਆਂ ਸਮੱਸਿਆਵਾਂ ਨੂੰ ਸੁਲਝਾ ਲਵਾਂਗੇ।”
12 ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਲੋਕ ਯਿਸੂ ਦੀਆਂ ਸਿੱਖਿਆਵਾਂ ਦੇ ਨਾਲ ਪ੍ਰਭਾਵਿਤ ਹੋਏ ਹਨ! ਪਹਾੜੀ ਉਪਦੇਸ਼ ਵਿਚ ਉਸ ਨੇ ਸਾਨੂੰ ਸੱਚੀ ਖ਼ੁਸ਼ੀ ਦਾ ਰਾਹ ਦਿਖਾਇਆ। ਉਸ ਨੇ ਵਿਆਖਿਆ ਕੀਤੀ ਕਿ ਝਗੜੇ ਕਿਵੇਂ ਨਿਪਟਾਈਦੇ ਹਨ। ਯਿਸੂ ਨੇ ਹਿਦਾਇਤ ਦਿੱਤੀ ਕਿ ਪ੍ਰਾਰਥਨਾ ਕਿਵੇਂ ਕਰੀਦੀ ਹੈ। ਉਹ ਨੇ ਭੌਤਿਕ ਜ਼ਰੂਰਤਾਂ ਦੇ ਪ੍ਰਤੀ ਸਭ ਤੋਂ ਬੁੱਧੀਮਾਨ ਰਵੱਈਆ ਪੇਸ਼ ਕੀਤਾ ਅਤੇ ਦੂਜੇ ਵਿਅਕਤੀਆਂ ਨਾਲ ਉਚਿਤ ਰਿਸ਼ਤਿਆਂ ਲਈ ਸੁਨਹਿਰਾ ਅਸੂਲ ਦਿੱਤਾ। ਧਾਰਮਿਕ ਫਰੇਬੀਆਂ ਨੂੰ ਕਿਵੇਂ ਪਛਾਣੀਦਾ ਹੈ ਅਤੇ ਇਕ ਸੁਰੱਖਿਅਕ ਭਵਿੱਖ ਕਿਵੇਂ ਪਾਈਦਾ ਹੈ, ਵੀ ਉਨ੍ਹਾਂ ਗੱਲਾਂ ਵਿਚ ਸ਼ਾਮਲ ਸਨ ਜੋ ਇਸ ਉਪਦੇਸ਼ ਵਿਚ ਦੱਸੀਆਂ ਗਈਆਂ ਸਨ।
13 ਪਹਾੜੀ ਉਪਦੇਸ਼ ਵਿਚ ਅਤੇ ਉਸ ਦੇ ਬਾਕੀ ਸਾਰੇ ਸਫ਼ਿਆਂ ਵਿਚ, ਬਾਈਬਲ ਸਪੱਸ਼ਟ ਤੌਰ ਤੇ ਸਾਨੂੰ ਦੱਸਦੀ ਹੈ ਕਿ ਸਾਨੂੰ ਆਪਣੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ ਹੈ। ਇਸ ਦੀ ਸਲਾਹ ਇੰਨੀ ਵਿਵਹਾਰਕ ਹੈ ਕਿ ਇਕ ਸਿੱਖਿਅਕ ਇਹ ਕਹਿਣ ਲਈ ਪ੍ਰੇਰਿਤ ਹੋਇਆ: “ਭਾਵੇਂ ਕਿ ਮੈਂ ਬੀ. ਏ. ਅਤੇ ਐੱਮ. ਏ. ਡਿਗਰੀ-ਪ੍ਰਾਪਤ, ਇਕ ਹਾਈ-ਸਕੂਲ ਵਿਚ ਸਲਾਹਕਾਰ ਹਾਂ, ਅਤੇ ਮੈਂ ਮਾਨਸਿਕ ਸਿਹਤ ਅਤੇ ਮਨੋਵਿਗਿਆਨ ਬਾਰੇ ਕਾਫ਼ੀ ਤਾਦਾਦ ਵਿਚ ਕਿਤਾਬਾਂ ਪੜ੍ਹੀਆਂ ਹਨ, ਪਰੰਤੂ ਮੈਂ ਦੇਖਿਆ ਹੈ ਕਿ ਬਾਈਬਲ ਦੀ ਸਲਾਹ ਅਜਿਹਿਆਂ ਮਾਮਲਿਆਂ ਵਿਚ ਜਿਵੇਂ ਕਿ ਇਕ ਸਫਲ ਵਿਆਹ ਬਣਾਉਣਾ, ਬਾਲ ਅਪਚਾਰ ਨੂੰ ਰੋਕਣਾ ਅਤੇ ਮਿੱਤਰ ਕਿਵੇਂ ਹਾਸਲ ਕਰ ਕੇ ਕਾਇਮ ਰੱਖਣਾ, ਉਨ੍ਹਾਂ ਸਲਾਹਾਂ ਨਾਲੋਂ ਕਿਤੇ ਹੀ ਉੱਤਮ ਹੈ ਜੋ ਮੈਂ ਕਾਲਜ ਵਿਚ ਪੜ੍ਹੀਆਂ ਜਾਂ ਅਧਿਐਨ ਕੀਤੀਆਂ” ਵਿਵਹਾਰਕ ਅਤੇ ਤਤਕਾਲੀਨ ਹੋਣ ਤੋਂ ਇਲਾਵਾ, ਬਾਈਬਲ ਭਰੋਸੇਯੋਗ ਹੈ।
ਯਥਾਰਥ ਅਤੇ ਭਰੋਸੇਯੋਗ
14. ਕੀ ਦਿਖਾਉਂਦਾ ਹੈ ਕਿ ਬਾਈਬਲ ਵਿਗਿਆਨਕ ਤੌਰ ਤੇ ਯਥਾਰਥ ਹੈ?
14 ਭਾਵੇਂ ਕਿ ਬਾਈਬਲ ਵਿਗਿਆਨ ਦੀ ਇਕ ਪਾਠ-ਪੁਸਤਕ ਨਹੀਂ ਹੈ, ਇਹ ਵਿਗਿਆਨਕ ਤੌਰ ਤੇ ਯਥਾਰਥ ਹੈ। ਮਿਸਾਲ ਲਈ, ਇਕ ਸਮੇਂ ਜਦੋਂ ਜ਼ਿਆਦਾਤਰ ਲੋਕ ਇਹ ਵਿਸ਼ਵਾਸ ਰੱਖਦੇ ਸਨ ਕਿ ਧਰਤੀ ਚਪਟੀ ਹੈ, ਨਬੀ ਯਸਾਯਾਹ ਨੇ ਇਸ ਨੂੰ ਇਕ “ਕੁੰਡਲ” (ਇਬਰਾਨੀ ਸ਼ਬਦ ਛੱਗ, ਇੱਥੇ “ਗੋਲੇ” ਦਾ ਵਿਚਾਰ ਰੱਖਦਾ ਹੈ) ਦੇ ਤੌਰ ਤੇ ਜ਼ਿਕਰ ਕੀਤਾ। (ਯਸਾਯਾਹ 40:22) ਇਕ ਗੋਲਾਕਾਰ ਧਰਤੀ ਦਾ ਵਿਚਾਰ ਯਸਾਯਾਹ ਦੇ ਦਿਨਾਂ ਤੋਂ ਬਾਅਦ ਹਜ਼ਾਰਾਂ ਹੀ ਸਾਲਾਂ ਤਾਈਂ ਵਿਆਪਕ ਤੌਰ ਤੇ ਸਵੀਕਾਰ ਨਹੀਂ ਕੀਤਾ ਗਿਆ ਸੀ। ਇਸ ਤੋਂ ਇਲਾਵਾ, ਅੱਯੂਬ 26:7—ਜੋ 3,000 ਤੋਂ ਵੱਧ ਸਾਲ ਪਹਿਲਾਂ ਲਿਖਿਆ ਗਿਆ ਸੀ—ਬਿਆਨ ਕਰਦਾ ਹੈ ਕਿ ਪਰਮੇਸ਼ੁਰ “ਧਰਤੀ ਨੂੰ ਬਿਨਾ ਸਹਾਰੇ ਦੇ ਲਟਕਾਉਂਦਾ ਹੈ।” ਇਕ ਬਾਈਬਲ ਵਿਦਵਾਨ ਕਹਿੰਦਾ ਹੈ: “ਅੱਯੂਬ ਖਗੋਲ-ਵਿਗਿਆਨ ਦੁਆਰਾ ਪ੍ਰਦਰਸ਼ਿਤ ਕੀਤੀ ਗਈ ਸੱਚਾਈ ਕਿਵੇਂ ਜਾਣਦਾ ਸੀ ਕਿ ਇਹ ਧਰਤੀ ਖਾਲੀ ਪੁਲਾੜ ਵਿਚ ਸਵੈ-ਟਿਕੀ ਹੋਈ ਹੈ, ਇਹ ਇਕ ਸਵਾਲ ਹੈ ਜੋ ਉਨ੍ਹਾਂ ਦੁਆਰਾ ਸੌਖੀ ਤਰ੍ਹਾਂ ਨਹੀਂ ਸੁਲਝਾਇਆ ਜਾਂਦਾ ਹੈ ਜਿਹੜੇ ਪਵਿੱਤਰ ਸ਼ਾਸਤਰਾਂ ਦੀ ਪ੍ਰੇਰਣਾ ਦਾ ਇਨਕਾਰ ਕਰਦੇ ਹਨ।”
15. ਇਸ ਦੀ ਰਿਪੋਰਟ ਲੇਖਣ ਸ਼ੈਲੀ ਤੋਂ ਬਾਈਬਲ ਵਿਚ ਵਿਸ਼ਵਾਸ ਕਿਵੇਂ ਮਜ਼ਬੂਤ ਹੁੰਦਾ ਹੈ?
15 ਬਾਈਬਲ ਵਿਚ ਪਾਈ ਜਾਂਦੀ ਰਿਪੋਰਟ ਲੇਖਣ ਸ਼ੈਲੀ ਵੀ ਇਸ ਪ੍ਰਾਚੀਨ ਪੁਸਤਕ ਵਿਚ ਸਾਡਾ ਵਿਸ਼ਵਾਸ ਮਜ਼ਬੂਤ ਬਣਾਉਂਦੀ ਹੈ। ਪੌਰਾਣਿਕ ਕਥਾਵਾਂ ਦੇ ਉਲਟ, ਬਾਈਬਲ ਵਿਚ ਵਰਣਿਤ ਘਟਨਾਵਾਂ ਵਿਸ਼ੇਸ਼ ਲੋਕਾਂ ਅਤੇ ਤਾਰੀਖ਼ਾਂ ਨਾਲ ਸੰਬੰਧਿਤ ਹਨ। (1 ਰਾਜਿਆਂ 14:25; ਯਸਾਯਾਹ 36:1; ਲੂਕਾ 3:1, 2) ਅਤੇ ਜਿੱਥੇ ਕਿ ਪ੍ਰਾਚੀਨ ਇਤਿਹਾਸਕਾਰਾਂ ਨੇ ਤਕਰੀਬਨ ਹਮੇਸ਼ਾ ਹੀ ਆਪਣਿਆਂ ਸ਼ਾਸਕਾਂ ਦੀਆਂ ਜਿੱਤਾਂ ਨੂੰ ਵਧਾ-ਚੜ੍ਹਾ ਕੇ ਦੱਸਿਆ ਅਤੇ ਆਪਣੀਆਂ ਹਾਰਾਂ ਅਤੇ ਗ਼ਲਤੀਆਂ ਨੂੰ ਲੁਕਾਇਆ, ਉੱਥੇ ਬਾਈਬਲ ਲੇਖਕ ਨਿਰਪੱਖ ਅਤੇ ਈਮਾਨਦਾਰ ਸਨ—ਇੱਥੋਂ ਤਕ ਕਿ ਆਪਣੇ ਗੰਭੀਰ ਪਾਪਾਂ ਬਾਰੇ ਵੀ।—ਗਿਣਤੀ 20:7-13; 2 ਸਮੂਏਲ 12:7-14; 24:10.
ਭਵਿੱਖਬਾਣੀ ਦੀ ਇਕ ਪੁਸਤਕ
16. ਸਭ ਤੋਂ ਜ਼ੋਰਦਾਰ ਸਬੂਤ ਕੀ ਹੈ ਕਿ ਬਾਈਬਲ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੈ?
16 ਪੂਰੀ ਹੋਈ ਭਵਿੱਖਬਾਣੀ ਨਿਰਣਾਇਕ ਸਬੂਤ ਦਿੰਦੀ ਹੈ ਕਿ ਬਾਈਬਲ ਪਰਮੇਸ਼ੁਰ ਦੁਆਰਾ ਪ੍ਰੇਰਿਤ ਹੈ। ਬਾਈਬਲ ਵਿਚ ਅਨੇਕ ਭਵਿੱਖਬਾਣੀਆਂ ਦਰਜ ਹਨ ਜੋ ਵੇਰਵੇ-ਸਹਿਤ ਪੂਰੀਆਂ ਹੋ ਚੁੱਕੀਆਂ ਹਨ। ਸਪੱਸ਼ਟ ਤੌਰ ਤੇ, ਸਿਰਫ਼ ਮਨੁੱਖ ਹੀ ਇਸ ਦੇ ਜ਼ਿੰਮੇਵਾਰ ਨਹੀਂ ਹੋ ਸਕਦੇ ਹਨ। ਫਿਰ, ਇਨ੍ਹਾਂ ਭਵਿੱਖਬਾਣੀਆਂ ਲਈ ਕਿਹੜੀ ਚੀਜ਼ ਜ਼ਿੰਮੇਵਾਰ ਹੈ? ਬਾਈਬਲ ਆਪ ਹੀ ਕਹਿੰਦੀ ਹੈ ਕਿ “ਕੋਈ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਾਸਣ ਨਾਲ ਪਰਮੇਸ਼ੁਰ ਦੀ ਵੱਲੋਂ ਬੋਲਦੇ ਸਨ,” ਜਾਂ ਪਰਮੇਸ਼ੁਰ ਦੀ ਕ੍ਰਿਆਸ਼ੀਲ ਸ਼ਕਤੀ ਨਾਲ ਬੋਲਦੇ ਸਨ। (2 ਪਤਰਸ 1:21) ਕੁਝ ਉਦਾਹਰਣਾਂ ਉੱਤੇ ਧਿਆਨ ਦਿਓ।
17. ਕਿਹੜੀਆਂ ਭਵਿੱਖਬਾਣੀਆਂ ਨੇ ਬਾਬੁਲ ਦੇ ਪਤਨ ਦੀ ਪੂਰਵ-ਸੂਚਨਾ ਦਿੱਤੀ ਸੀ, ਅਤੇ ਇਹ ਕਿਸ ਤਰ੍ਹਾਂ ਪੂਰੀਆਂ ਹੋਈਆਂ?
17 ਬਾਬੁਲ ਦਾ ਪਤਨ। ਯਸਾਯਾਹ ਅਤੇ ਯਿਰਮਿਯਾਹ ਦੋਹਾਂ ਨੇ ਮਾਦੀਆਂ ਅਤੇ ਫਾਰਸੀਆਂ ਦੁਆਰਾ ਬਾਬੁਲ ਦੇ ਪਤਨ ਬਾਰੇ ਪੂਰਵ-ਸੂਚਨਾ ਦਿੱਤੀ ਸੀ। ਮਾਅਰਕੇ ਦੀ ਗੱਲ ਹੈ ਕਿ ਇਸ ਘਟਨਾ ਦੇ ਬਾਰੇ ਯਸਾਯਾਹ ਦੀ ਭਵਿੱਖਬਾਣੀ ਉਸ ਸਮੇਂ ਦਰਜ ਕੀਤੀ ਗਈ ਸੀ ਜਦੋਂ ਬਾਬੁਲ ਆਪਣੀ ਸ਼ਕਤੀ ਦੇ ਸਿਖਰ ਤੇ ਸੀ, ਉਸ ਦੇ ਵਿਨਾਸ਼ ਹੋਣ ਤੋਂ ਕੁਝ 200 ਸਾਲ ਪਹਿਲਾਂ! ਉਸ ਭਵਿੱਖਬਾਣੀ ਦੇ ਨਿਮਨਲਿਖਿਤ ਪਹਿਲੂ ਹੁਣ ਇਤਿਹਾਸਕ ਰਿਕਾਰਡ ਬਣ ਚੁੱਕੇ ਹਨ: ਪਾਣੀਆਂ ਨੂੰ ਇਕ ਬਣਾਉਟੀ ਝੀਲ ਵਿਚ ਮੋੜ ਕੇ ਫਰਾਤ ਦਰਿਆ ਦਾ ਸੁਕਾਇਆ ਜਾਣਾ (ਯਸਾਯਾਹ 44:27; ਯਿਰਮਿਯਾਹ 50:38); ਬਾਬੁਲ ਦੇ ਦਰਿਆ ਫਾਟਕਾਂ ਵਿਖੇ ਸੁਰੱਖਿਆ ਵਿਚ ਲਾਪਰਵਾਹੀ (ਯਸਾਯਾਹ 45:1); ਅਤੇ ਖੋਰੁਸ ਨਾਮਕ ਇਕ ਸ਼ਾਸਕ ਦੁਆਰਾ ਵਿਜੈ।—ਯਸਾਯਾਹ 44:28.
18. ‘ਯੂਨਾਨ ਦੇ ਰਾਜਾ’ ਦੇ ਉਤਰਾਅ-ਚੜ੍ਹਾਅ ਵਿਚ ਬਾਈਬਲ ਭਵਿੱਖਬਾਣੀ ਕਿਵੇਂ ਪੂਰੀ ਹੋਈ ਸੀ?
18 ‘ਯੂਨਾਨ ਦੇ ਰਾਜੇ’ ਦਾ ਉਤਰਾਅ-ਚੜ੍ਹਾਅ। ਇਕ ਦਰਸ਼ਣ ਵਿਚ ਦਾਨੀਏਲ ਨੇ ਇਕ ਮੇਢੇ ਨੂੰ, ਇਕ ਬੱਕਰੇ ਨੂੰ ਮਾਰ ਸੁੱਟਦੇ, ਅਤੇ ਉਸ ਦੇ ਦੋਨੋਂ ਸਿੰਙ ਭੰਨਦੇ ਹੋਏ ਦੇਖਿਆ। ਫਿਰ, ਬੱਕਰੇ ਦਾ ਵੱਡਾ ਸਿੰਙ ਤੋੜਿਆ ਗਿਆ, ਅਤੇ ਉਸ ਦੀ ਥਾਂ ਤੇ ਚਾਰ ਸਿੰਙ ਨਿਕਲੇ। (ਦਾਨੀਏਲ 8:1-8) ਦਾਨੀਏਲ ਨੂੰ ਇਹ ਵਿਆਖਿਆ ਦਿੱਤੀ ਗਈ: “ਉਹ ਮੇਢਾ ਜਿਹ ਨੂੰ ਤੈਂ ਡਿੱਠਾ ਕਿ ਉਸ ਦੇ ਦੋ ਸਿੰਙ ਹਨ ਸੋ ਮਾਦਾ ਅਤੇ ਫਾਰਸ ਦੇ ਰਾਜੇ ਹਨ। ਅਤੇ ਉਹ ਬਲਵਾਨ ਬੱਕਰਾ ਯੂਨਾਨ ਦਾ ਰਾਜਾ ਅਤੇ ਉਹ ਵੱਡਾ ਸਿੰਙ ਜੋ ਉਸ ਦੀਆਂ ਅੱਖੀਆਂ ਦੇ ਵਿਚਕਾਰ ਹੈ ਸੋ ਉਹ ਪਹਿਲਾ ਰਾਜਾ ਹੈ। ਅਤੇ ਏਸ ਕਰਕੇ ਕਿ ਉਹ ਦੇ ਟੁੱਟਣ ਦੇ ਪਿੱਛੋਂ ਉਹ ਦੇ ਥਾਂ ਵਿੱਚ ਚਾਰ ਹੋਰ ਨਿੱਕਲੇ ਸੋ ਇਹ ਚਾਰ ਰਾਜੇ ਹਨ ਜਿਹੜੇ ਉਸ ਦੇਸ ਦੇ ਵਿਚਕਾਰ ਉੱਠਣਗੇ ਪਰ ਉਨ੍ਹਾਂ ਦਾ ਵਸ ਉਹ ਦੇ ਵਰਗਾ ਨਾ ਹੋਵੇਗਾ।” (ਦਾਨੀਏਲ 8:20-22) ਇਸ ਭਵਿੱਖਬਾਣੀ ਦੇ ਅਨੁਸਾਰ, ਕੁਝ ਦੋ ਸਦੀਆਂ ਬਾਅਦ, ‘ਯੂਨਾਨ ਦੇ ਰਾਜਾ,’ ਸਿਕੰਦਰ ਮਹਾਨ, ਨੇ ਦੋ-ਸਿੰਙੇ ਮਾਦੀ-ਫਾਰਸੀ ਸਾਮਰਾਜ ਉੱਤੇ ਵਿਜੈ ਪ੍ਰਾਪਤ ਕੀਤੀ। ਸਿਕੰਦਰ 323 ਸਾ.ਯੁ.ਪੂ. ਵਿਚ ਮਰ ਗਿਆ ਅਤੇ ਆਖ਼ਰਕਾਰ ਉਸ ਦੇ ਚਾਰ ਸੈਨਾਪਤੀਆਂ ਨੇ ਉਸ ਦੀ ਥਾਂ ਲਈ। ਫਿਰ ਵੀ, ਇਨ੍ਹਾਂ ਮਗਰਲੀਆਂ ਬਾਦਸ਼ਾਹੀਆਂ ਵਿੱਚੋਂ ਕੋਈ ਵੀ ਸਿਕੰਦਰ ਦੇ ਸਾਮਰਾਜ ਦੀ ਸ਼ਕਤੀ ਦੇ ਬਰਾਬਰ ਨਾ ਪਹੁੰਚੀ।
19. ਯਿਸੂ ਮਸੀਹ ਵਿਚ ਕਿਹੜੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਸੀ?
19 ਯਿਸੂ ਮਸੀਹ ਦਾ ਜੀਵਨ। ਇਬਰਾਨੀ ਸ਼ਾਸਤਰ ਵਿਚ ਯਿਸੂ ਦੇ ਜਨਮ, ਸੇਵਕਾਈ, ਮੌਤ, ਅਤੇ ਪੁਨਰ-ਉਥਾਨ ਦੇ ਸੰਬੰਧ ਵਿਚ ਪੂਰੀਆਂ ਹੋਈਆਂ ਅਨੇਕ ਭਵਿੱਖਬਾਣੀਆਂ ਦਰਜ ਹਨ। ਉਦਾਹਰਣ ਦੇ ਲਈ, 700 ਤੋਂ ਜ਼ਿਆਦਾ ਸਾਲ ਅਗਾਊਂ, ਮੀਕਾਹ ਨੇ ਪੂਰਵ-ਸੂਚਨਾ ਦਿੱਤੀ ਸੀ ਕਿ ਮਸੀਹਾ, ਜਾਂ ਮਸੀਹ ਬੈਤਲਹਮ ਵਿਚ ਪੈਦਾ ਹੋਵੇਗਾ। (ਮੀਕਾਹ 5:2; ਲੂਕਾ 2:4-7) ਮੀਕਾਹ ਦਾ ਸਮਕਾਲੀ ਨਬੀ, ਯਸਾਯਾਹ ਨੇ ਪੂਰਵ-ਸੂਚਨਾ ਦਿੱਤੀ ਸੀ ਕਿ ਮਸੀਹਾ ਨੂੰ ਮਾਰਿਆ ਜਾਵੇਗਾ ਅਤੇ ਉਸ ਉੱਤੇ ਥੁੱਕਿਆ ਜਾਵੇਗਾ। (ਯਸਾਯਾਹ 50:6; ਮੱਤੀ 26:67) ਪੰਜ ਸੌ ਸਾਲ ਅਗਾਊਂ, ਜ਼ਕਰਯਾਹ ਨੇ ਭਵਿੱਖਬਾਣੀ ਕੀਤੀ ਸੀ ਕਿ ਮਸੀਹਾ ਚਾਂਦੀ ਦੇ 30 ਸਿੱਕਿਆਂ ਲਈ ਫੜਵਾਇਆ ਜਾਵੇਗਾ। (ਜ਼ਕਰਯਾਹ 11:12; ਮੱਤੀ 26:15) ਇਕ ਹਜ਼ਾਰ ਤੋਂ ਵੱਧ ਵਰ੍ਹਿਆਂ ਪਹਿਲਾਂ, ਦਾਊਦ ਨੇ ਮਸੀਹਾ ਦੀ ਮੌਤ ਨਾਲ ਸੰਬੰਧਿਤ ਹਾਲਾਤਾਂ ਨੂੰ ਪੂਰਵ-ਸੂਚਿਤ ਕੀਤਾ ਸੀ। (ਜ਼ਬੂਰ 22:7, 8, 18; ਮੱਤੀ 27:35, 39-43) ਅਤੇ ਕੁਝ ਪੰਜ ਸਦੀਆਂ ਅਗਾਊਂ, ਦਾਨੀਏਲ ਦੀ ਭਵਿੱਖਬਾਣੀ ਨੇ ਪ੍ਰਗਟ ਕੀਤਾ ਸੀ ਕਿ ਮਸੀਹਾ ਕਦੋਂ ਆਵੇਗਾ, ਨਾਲੇ ਉਸ ਦੀ ਸੇਵਕਾਈ ਦੀ ਲੰਬਾਈ ਕੀ ਹੋਵੇਗੀ ਅਤੇ ਉਸ ਦੀ ਮੌਤ ਕਦੋਂ ਹੋਵੇਗੀ। (ਦਾਨੀਏਲ 9:24-27) ਯਿਸੂ ਮਸੀਹ ਵਿਚ ਪੂਰੀਆਂ ਹੋਈਆਂ ਭਵਿੱਖਬਾਣੀਆਂ ਦਾ ਇਹ ਕੇਵਲ ਇਕ ਨਮੂਨਾ ਹੈ। ਤੁਹਾਨੂੰ ਉਸ ਦੇ ਬਾਰੇ ਬਾਅਦ ਵਿਚ ਹੋਰ ਜ਼ਿਆਦਾ ਪੜ੍ਹਨਾ ਲਾਭਕਾਰੀ ਲੱਗੇਗਾ।
20. ਬਾਈਬਲ ਦੇ ਪੂਰੀ ਹੋਈ ਭਵਿੱਖਬਾਣੀ ਦੇ ਸੰਪੂਰਣ ਰਿਕਾਰਡ ਨੂੰ ਸਾਨੂੰ ਕੀ ਭਰੋਸਾ ਦੇਣਾ ਚਾਹੀਦਾ ਹੈ?
20 ਬਹੁਤੇਰੀਆਂ ਦੀਰਘ-ਕਾਲੀ ਬਾਈਬਲ ਭਵਿੱਖਬਾਣੀਆਂ ਪਹਿਲਾਂ ਹੀ ਪੂਰੀਆਂ ਹੋ ਚੁੱਕੀਆਂ ਹਨ। ‘ਪਰੰਤੂ,’ ਤੁਸੀਂ ਸ਼ਾਇਦ ਪੁੱਛੋ, ‘ਇਹ ਮੇਰੇ ਜੀਵਨ ਉੱਤੇ ਕਿਸ ਤਰ੍ਹਾਂ ਅਸਰ ਪਾਉਂਦਾ ਹੈ?’ ਖ਼ੈਰ, ਅਗਰ ਤੁਹਾਨੂੰ ਕਿਸੇ ਨੇ ਬਹੁਤ ਸਾਲਾਂ ਤੋਂ ਸੱਚਾਈ ਹੀ ਦੱਸੀ ਹੋਵੇ, ਤਾਂ ਕੀ ਤੁਸੀਂ ਅਚਾਨਕ ਉਸ ਉੱਤੇ ਸ਼ੱਕ ਕਰੋਗੇ, ਜਦੋਂ ਉਹ ਤੁਹਾਨੂੰ ਇਕ ਨਵੀਂ ਗੱਲ ਦੱਸੇ? ਨਹੀਂ! ਪਰਮੇਸ਼ੁਰ ਨੇ ਪੂਰੀ ਬਾਈਬਲ ਦੇ ਵਿਚ ਸੱਚਾਈ ਦੱਸੀ ਹੈ। ਕੀ ਇਸ ਤੋਂ ਤੁਹਾਡਾ ਉਨ੍ਹਾਂ ਗੱਲਾਂ ਉੱਤੇ ਵਿਸ਼ਵਾਸ ਨਹੀਂ ਵਧਣਾ ਚਾਹੀਦਾ ਹੈ ਜੋ ਬਾਈਬਲ ਵਾਅਦਾ ਕਰਦੀ ਹੈ, ਜਿਵੇਂ ਕਿ ਆਗਾਮੀ ਪਾਰਥਿਵ ਪਰਾਦੀਸ ਦੇ ਸੰਬੰਧ ਵਿਚ ਇਸ ਦੀਆਂ ਭਵਿੱਖਬਾਣੀਆਂ? ਯਕੀਨਨ, ਅਸੀਂ ਉਹੀ ਭਰੋਸਾ ਰੱਖ ਸਕਦੇ ਹਾਂ ਜੋ ਯਿਸੂ ਦੇ ਪਹਿਲੀ-ਸਦੀ ਦੇ ਚੇਲਿਆਂ ਵਿੱਚੋਂ ਇਕ, ਪੌਲੁਸ ਨੇ ਰੱਖਿਆ ਸੀ, ਜਿਸ ਨੇ ਲਿਖਿਆ ਕਿ ‘ਪਰਮੇਸ਼ੁਰ ਝੂਠ ਬੋਲ ਨਹੀਂ ਸੱਕਦਾ।’ (ਤੀਤੁਸ 1:2) ਇਸ ਤੋਂ ਇਲਾਵਾ, ਜਦੋਂ ਅਸੀਂ ਸ਼ਾਸਤਰ ਪੜ੍ਹਦੇ ਹਾਂ ਅਤੇ ਉਸ ਦੀ ਸਲਾਹ ਨੂੰ ਲਾਗੂ ਕਰਦੇ ਹਾਂ, ਤਾਂ ਅਸੀਂ ਉਸ ਬੁੱਧ ਦਾ ਅਭਿਆਸ ਕਰ ਰਹੇ ਹਾਂ ਜੋ ਮਨੁੱਖ ਆਪਣੇ ਆਪ ਨਹੀਂ ਪ੍ਰਾਪਤ ਕਰ ਸਕਦੇ ਹਨ, ਕਿਉਂਕਿ ਬਾਈਬਲ ਹੀ ਉਹ ਪੁਸਤਕ ਹੈ ਜੋ ਪਰਮੇਸ਼ੁਰ ਦਾ ਗਿਆਨ ਪ੍ਰਗਟ ਕਰਦੀ ਹੈ ਜੋ ਸਦੀਪਕ ਜੀਵਨ ਵੱਲ ਲੈ ਜਾਂਦਾ ਹੈ।
ਪਰਮੇਸ਼ੁਰ ਦੇ ਗਿਆਨ ਲਈ “ਲੋਚ ਕਰੋ”
21. ਤੁਹਾਨੂੰ ਕੀ ਕਰਨਾ ਚਾਹੀਦਾ ਹੈ ਅਗਰ ਕੁਝ ਚੀਜ਼ਾਂ ਜੋ ਤੁਸੀਂ ਬਾਈਬਲ ਤੋਂ ਸਿੱਖਦੇ ਹੋ, ਤੁਹਾਨੂੰ ਘਬਰਾ ਦਿੰਦੀਆਂ ਹਨ?
21 ਜਿਉਂ-ਜਿਉਂ ਤੁਸੀਂ ਬਾਈਬਲ ਦਾ ਅਧਿਐਨ ਕਰੋਗੇ, ਸੰਭਵ ਹੈ ਕਿ ਤੁਸੀਂ ਉਹ ਚੀਜ਼ਾਂ ਸਿੱਖੋਗੇ ਜੋ ਤੁਹਾਨੂੰ ਪਹਿਲਾਂ ਸਿਖਾਈਆਂ ਗਈਆਂ ਗੱਲਾਂ ਤੋਂ ਵੱਖਰੀਆਂ ਹਨ। ਤੁਹਾਨੂੰ ਸ਼ਾਇਦ ਇਹ ਵੀ ਪਤਾ ਚਲੇ ਕਿ ਤੁਹਾਡੇ ਕੁਝ ਮਨ-ਪਸੰਦ ਧਾਰਮਿਕ ਰਿਵਾਜ ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰਦੇ ਹਨ। ਤੁਸੀਂ ਇਹ ਸਿੱਖੋਗੇ ਕਿ ਇਸ ਇਜਾਜ਼ਤੀ ਦੁਨੀਆਂ ਦੇ ਆਮ ਮਿਆਰਾਂ ਨਾਲੋਂ ਪਰਮੇਸ਼ੁਰ ਦੇ ਸਹੀ ਅਤੇ ਗ਼ਲਤ ਦੇ ਮਿਆਰ ਜ਼ਿਆਦਾ ਉੱਚੇ ਹਨ। ਤੁਹਾਨੂੰ ਸ਼ਾਇਦ ਪਹਿਲਾਂ-ਪਹਿਲ ਇਹ ਘਬਰਾ ਦੇਣ। ਪਰੰਤੂ ਧੀਰਜ ਰੱਖੋ! ਪਰਮੇਸ਼ੁਰ ਦਾ ਗਿਆਨ ਹਾਸਲ ਕਰਨ ਲਈ ਧਿਆਨ ਨਾਲ ਸ਼ਾਸਤਰ ਦੀ ਜਾਂਚ ਕਰੋ। ਇਸ ਸੰਭਾਵਨਾ ਲਈ ਤਿਆਰ ਰਹੋ ਕਿ ਬਾਈਬਲ ਦੀ ਸਲਾਹ ਸ਼ਾਇਦ ਤੁਹਾਡੀ ਸੋਚ ਅਤੇ ਕ੍ਰਿਆਵਾਂ ਵਿਚ ਤਬਦੀਲੀ ਦੀ ਮੰਗ ਕਰੇ।
22. ਤੁਸੀਂ ਬਾਈਬਲ ਦਾ ਅਧਿਐਨ ਕਿਉਂ ਕਰ ਰਹੇ ਹੋ, ਅਤੇ ਤੁਸੀਂ ਦੂਜਿਆਂ ਨੂੰ ਇਹ ਸਮਝਣ ਵਿਚ ਕਿਸ ਤਰ੍ਹਾਂ ਮਦਦ ਕਰ ਸਕਦੇ ਹੋ?
22 ਸੁਹਿਰਦ ਮਿੱਤਰ ਅਤੇ ਰਿਸ਼ਤੇਦਾਰ ਸ਼ਾਇਦ ਤੁਹਾਡਾ ਬਾਈਬਲ ਦਾ ਅਧਿਐਨ ਕਰਨ ਦਾ ਵਿਰੋਧ ਕਰਨ, ਪਰੰਤੂ ਯਿਸੂ ਨੇ ਕਿਹਾ: “ਉਪਰੰਤ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਕਰਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਵਿੱਚ ਹੈ ਉਹ ਦਾ ਇਕਰਾਰ ਕਰਾਂਗਾ। ਪਰ ਜੋ ਕੋਈ ਮਨੁੱਖਾਂ ਦੇ ਅੱਗੇ ਮੇਰਾ ਇਨਕਾਰ ਕਰੇਗਾ ਮੈਂ ਵੀ ਆਪਣੇ ਪਿਤਾ ਦੇ ਅੱਗੇ ਜਿਹੜਾ ਸੁਰਗ ਵਿੱਚ ਹੈ ਉਹ ਦਾ ਇਨਕਾਰ ਕਰਾਂਗਾ।” (ਮੱਤੀ 10:32, 33) ਕਈਆਂ ਨੂੰ ਇਹ ਡਰ ਹੋ ਸਕਦਾ ਹੈ ਕਿ ਤੁਸੀਂ ਇਕ ਸੰਪ੍ਰਦਾਇ ਵਿਚ ਅੰਤਰਗ੍ਰਸਤ ਹੋ ਜਾਓਗੇ ਜਾਂ ਤੁਸੀਂ ਇਕ ਹਠ-ਧਰਮੀ ਬਣ ਜਾਓਗੇ। ਪਰੰਤੂ, ਵਾਸਤਵ ਵਿਚ, ਤੁਸੀਂ ਸਿਰਫ਼ ਪਰਮੇਸ਼ੁਰ ਅਤੇ ਉਸ ਦੀ ਸੱਚਾਈ ਦਾ ਯਥਾਰਥ ਗਿਆਨ ਹਾਸਲ ਕਰਨ ਲਈ ਜਤਨ ਕਰ ਰਹੇ ਹੋ। (1 ਤਿਮੋਥਿਉਸ 2:3, 4) ਦੂਜਿਆਂ ਨੂੰ ਇਹ ਸਮਝਣ ਵਿਚ ਮਦਦ ਕਰਨ ਲਈ, ਜਦੋਂ ਤੁਸੀਂ ਉਨ੍ਹਾਂ ਦੇ ਨਾਲ ਉਸ ਬਾਰੇ ਗੱਲਾਂ ਕਰਦੇ ਹੋ ਜੋ ਤੁਸੀਂ ਸਿੱਖ ਰਹੇ ਹੋ, ਤਾਂ ਬਹਿਸ ਕਰਨ ਦੀ ਬਜਾਇ, ਤਰਕਸੰਗਤ ਹੋਵੋ। (ਫ਼ਿਲਿੱਪੀਆਂ 4:5) ਯਾਦ ਰੱਖੋ ਕਿ ਅਨੇਕ ਲੋਕ “ਬਚਨ ਤੋਂ ਬਿਨਾ . . . ਖਿੱਚੇ” ਜਾਂਦੇ ਹਨ ਜਦੋਂ ਉਹ ਸਬੂਤ ਦੇਖਦੇ ਹਨ ਕਿ ਬਾਈਬਲ ਗਿਆਨ ਵਾਸਤਵ ਵਿਚ ਲੋਕਾਂ ਲਈ ਲਾਭਦਾਇਕ ਹੈ।—1 ਪਤਰਸ 3:1, 2.
23. ਤੁਸੀਂ ਪਰਮੇਸ਼ੁਰ ਦੇ ਗਿਆਨ ਨੂੰ ਕਿਸ ਤਰ੍ਹਾਂ ‘ਲੋਚ’ ਸਕਦੇ ਹੋ?
23 ਬਾਈਬਲ ਸਾਨੂੰ ਜ਼ੋਰ ਦਿੰਦੀ ਹੈ: “ਨਵਿਆਂ ਜੰਮਿਆਂ ਹੋਇਆਂ ਬੱਚਿਆਂ ਵਾਂਗਰ ਆਤਮਕ ਅਤੇ ਖਾਲਸ ਦੁੱਧ ਦੀ ਲੋਚ ਕਰੋ।” (1 ਪਤਰਸ 2:2) ਇਕ ਬੱਚਾ ਆਪਣੇ ਪੌਸ਼ਟਿਕ ਆਹਾਰ ਲਈ ਆਪਣੀ ਮਾਂ ਉੱਤੇ ਨਿਰਭਰ ਕਰਦਾ ਹੈ ਅਤੇ ਉਹ ਉਸ ਜ਼ਰੂਰਤ ਦੇ ਪੂਰਿਆਂ ਹੋਣ ਵਾਸਤੇ ਜ਼ਿੱਦ ਕਰਦਾ ਹੈ। ਇਸੇ ਹੀ ਤਰ੍ਹਾਂ, ਅਸੀਂ ਪਰਮੇਸ਼ੁਰ ਵੱਲੋਂ ਦਿੱਤੇ ਗਏ ਗਿਆਨ ਉੱਤੇ ਨਿਰਭਰ ਕਰਦੇ ਹਾਂ। ਆਪਣਾ ਅਧਿਐਨ ਜਾਰੀ ਰੱਖ ਕੇ, ਉਸ ਦੇ ਬਚਨ ਲਈ “ਲੋਚ ਕਰੋ।” ਜੀ ਹਾਂ, ਬਾਈਬਲ ਨੂੰ ਰੋਜ਼ਾਨਾ ਪੜ੍ਹਨ ਦਾ ਆਪਣਾ ਟੀਚਾ ਬਣਾਓ। (ਜ਼ਬੂਰ 1:1-3) ਇਹ ਤੁਹਾਡੇ ਲਈ ਭਰਪੂਰ ਬਰਕਤਾਂ ਲਿਆਵੇਗਾ, ਕਿਉਂਕਿ ਜ਼ਬੂਰ 19:11 ਪਰਮੇਸ਼ੁਰ ਦੇ ਨਿਯਮਾਂ ਬਾਰੇ ਕਹਿੰਦਾ ਹੈ: “ਉਨ੍ਹਾਂ ਦੇ ਮੰਨਣ ਵਿੱਚ ਵੱਡਾ ਲਾਭ ਹੈ।”
[ਫੁਟਨੋਟ]
a ਸਾ.ਯੁ.ਪੂ. ਦਾ ਅਰਥ “ਸਾਧਾਰਣ ਯੁਗ ਪੂਰਵ” ਹੈ, ਜੋ ਕਿ ਈ.ਪੂ. (“ਈਸਾ ਪੂਰਵ”) ਤੋਂ ਜ਼ਿਆਦਾ ਯਥਾਰਥ ਹੈ। ਸਾ.ਯੁ. “ਸਾਧਾਰਣ ਯੁਗ” ਨੂੰ ਸੰਕੇਤ ਕਰਦਾ ਹੈ, ਜਿਸ ਨੂੰ ਸੰਨ-ਈਸਵੀ ਦੇ ਸੰਖਿਪਤ ਰੂਪ ਵਿਚ ਅਕਸਰ ਸੰ.ਈ. ਆਖਿਆ ਜਾਂਦਾ ਹੈ, ਜਿਸ ਦਾ ਅਰਥ “ਸਾਡੇ ਪ੍ਰਭੂ ਦੇ ਸਾਲ ਵਿਚ” ਹੈ।
ਆਪਣੇ ਗਿਆਨ ਨੂੰ ਪਰਖੋ
ਬਾਈਬਲ ਕਿਹੜੇ ਪਹਿਲੂਆਂ ਵਿਚ ਦੂਸਰੀ ਕਿਸੇ ਵੀ ਪੁਸਤਕ ਤੋਂ ਭਿੰਨ ਹੈ?
ਤੁਸੀਂ ਬਾਈਬਲ ਉੱਤੇ ਕਿਉਂ ਭਰੋਸਾ ਰੱਖ ਸਕਦੇ ਹੋ?
ਤੁਹਾਨੂੰ ਕਿਹੜੀ ਚੀਜ਼ ਸਾਬਤ ਕਰਦੀ ਹੈ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਤ ਬਚਨ ਹੈ?
[ਸਫ਼ੇ 14 ਉੱਤੇ ਡੱਬੀ]
ਆਪਣੀ ਬਾਈਬਲ ਦਾ ਅੱਛਾ ਪ੍ਰਯੋਗ ਕਰੋ
ਬਾਈਬਲ ਨਾਲ ਪਰਿਚਿਤ ਹੋਣਾ ਸੌਖਾ ਹੋ ਸਕਦਾ ਹੈ। ਬਾਈਬਲ ਪੁਸਤਕਾਂ ਦੀ ਤਰਤੀਬ ਅਤੇ ਸਥਾਨ ਸਿੱਖਣ ਲਈ ਉਸ ਦੇ ਵਿਸ਼ਿਆਂ ਦੀ ਸੂਚੀ ਨੂੰ ਇਸਤੇਮਾਲ ਕਰੋ।
ਹਵਾਲਿਆਂ ਨੂੰ ਸੌਖਿਆਂ ਲੱਭਣ ਲਈ ਬਾਈਬਲ ਦੀਆਂ ਪੁਸਤਕਾਂ ਵਿਚ ਅਧਿਆਇ ਅਤੇ ਆਇਤਾਂ ਹਨ। ਅਧਿਆਇ ਵੰਡ 13ਵੀਂ ਸਦੀ ਦੇ ਦੌਰਾਨ ਸ਼ਾਮਲ ਕੀਤੇ ਗਏ ਸਨ, ਅਤੇ ਜ਼ਾਹਰ ਹੈ ਕਿ 16ਵੀਂ ਸਦੀ ਦੇ ਇਕ ਫਰਾਂਸੀਸੀ ਛਾਪਕ ਨੇ ਯੂਨਾਨੀ ਸ਼ਾਸਤਰਾਂ ਨੂੰ ਆਧੁਨਿਕ-ਸਮੇਂ ਦੀਆਂ ਆਇਤਾਂ ਵਿਚ ਵੰਡਿਆ ਸੀ। ਪਹਿਲੀ ਪੂਰੀ ਬਾਈਬਲ ਜਿਸ ਵਿਚ ਅਧਿਆਇ ਅਤੇ ਆਇਤਾਂ ਦੋਵੇਂ ਸਨ, ਇਕ ਫਰਾਂਸੀਸੀ ਸੰਸਕਰਣ ਸੀ, ਜੋ 1553 ਵਿਚ ਪ੍ਰਕਾਸ਼ਿਤ ਕੀਤੀ ਗਈ ਸੀ।
ਇਸ ਪੁਸਤਕ ਵਿਚ ਜਦੋਂ ਸ਼ਾਸਤਰ ਬਚਨ ਉਤਕਥਨ ਕੀਤੇ ਜਾਂਦੇ ਹਨ, ਤਾਂ ਪਹਿਲਾ ਨੰਬਰ ਅਧਿਆਇ ਨੂੰ, ਅਤੇ ਅਗਲਾ ਨੰਬਰ ਆਇਤ ਨੂੰ ਸੰਕੇਤ ਕਰਦਾ ਹੈ। ਉਦਾਹਰਣ ਦੇ ਲਈ, “ਕਹਾਉਤਾਂ 2:5” ਉਤਕਥਨ ਦਾ ਅਰਥ ਕਹਾਉਤਾਂ ਦੀ ਪੁਸਤਕ, ਅਧਿਆਇ 2, ਆਇਤ 5 ਹੈ। ਉਤਕਥਿਤ ਸ਼ਾਸਤਰ ਬਚਨਾਂ ਨੂੰ ਖੋਲ੍ਹ ਕੇ ਪੜ੍ਹਨ ਦੁਆਰਾ, ਜਲਦੀ ਹੀ ਤੁਹਾਨੂੰ ਬਾਈਬਲ ਪਾਠ ਲੱਭਣੇ ਸੌਖੇ ਲੱਗਣਗੇ।
ਬਾਈਬਲ ਦੇ ਨਾਲ ਪਰਿਚਿਤ ਹੋਣ ਦਾ ਸਭ ਤੋਂ ਵਧੀਆ ਤਰੀਕਾ ਉਸ ਨੂੰ ਰੋਜ਼ਾਨਾ ਪੜ੍ਹਨਾ ਹੈ। ਪਹਿਲਾਂ-ਪਹਿਲ, ਇਹ ਸ਼ਾਇਦ ਚੁਣੌਤੀਜਨਕ ਲੱਗੇ। ਪਰੰਤੂ ਅਗਰ ਤੁਸੀਂ ਰੋਜ਼ਾਨਾ ਤਿੰਨ ਤੋਂ ਪੰਜ ਅਧਿਆਇ ਪੜ੍ਹੋ, ਉਨ੍ਹਾਂ ਦੀ ਲੰਬਾਈ ਉੱਤੇ ਨਿਰਭਰ ਕਰਦੇ ਹੋਏ, ਤਾਂ ਤੁਸੀਂ ਪੂਰੀ ਬਾਈਬਲ ਦਾ ਪਠਨ ਇਕ ਸਾਲ ਵਿਚ ਪੂਰਾ ਕਰ ਲਵੋਗੇ। ਕਿਉਂ-ਨ ਅੱਜ ਹੀ ਸ਼ੁਰੂ ਕਰੋ?
[ਸਫ਼ੇ 19 ਉੱਤੇ ਡੱਬੀ]
ਬਾਈਬਲ—ਇਕ ਵਿਲੱਖਣ ਪੁਸਤਕ
• ਬਾਈਬਲ “ਪਰਮੇਸ਼ੁਰ ਦੇ ਆਤਮਾ ਤੋਂ ਹੈ।” (2 ਤਿਮੋਥਿਉਸ 3:16) ਭਾਵੇਂ ਕਿ ਮਨੁੱਖਾਂ ਨੇ ਉਸ ਦੇ ਸ਼ਬਦ ਲਿਖੇ, ਪਰਮੇਸ਼ੁਰ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਨਿਰਦੇਸ਼ਿਤ ਕੀਤਾ, ਇਸ ਲਈ ਬਾਈਬਲ ਵਾਸਤਵ ਵਿਚ “ਪਰਮੇਸ਼ੁਰ ਦਾ ਬਚਨ” ਹੈ।—1 ਥੱਸਲੁਨੀਕੀਆਂ 2:13.
• ਬਾਈਬਲ, 16 ਸਦੀਆਂ ਦੇ ਦੌਰਾਨ, ਭਾਂਤ-ਭਾਂਤ ਦੇ ਪਿਛੋਕੜ ਦੇ ਕੁਝ 40 ਲਿਖਾਰੀਆਂ ਦੁਆਰਾ ਲਿਖੀ ਗਈ ਸੀ। ਪਰ ਫਿਰ ਵੀ, ਸੰਪੂਰਣ ਬਾਈਬਲ ਸ਼ੁਰੂ ਤੋਂ ਲੈ ਕੇ ਅੰਤ ਤਕ ਇਕਸਾਰ ਹੈ।
• ਬਾਈਬਲ ਦੂਸਰੀ ਕਿਸੇ ਵੀ ਪੁਸਤਕ ਨਾਲੋਂ ਜ਼ਿਆਦਾ ਵਾਦ-ਵਿਵਾਦਾਂ ਉੱਤੇ ਪ੍ਰਬਲ ਹੋਈ ਹੈ। ਮੱਧਕਾਲ ਦੇ ਦੌਰਾਨ, ਲੋਕਾਂ ਨੂੰ ਸਿਰਫ਼ ਸ਼ਾਸਤਰ ਦੀ ਇਕ ਕਾਪੀ ਰੱਖਣ ਦੇ ਕਾਰਨ ਸੂਲੀ ਤੇ ਜਲਾ ਦਿੱਤਾ ਜਾਂਦਾ ਸੀ।
• ਦੁਨੀਆਂ ਦੀਆਂ ਹਰਮਨਪਿਆਰੀਆਂ ਪੁਸਤਕਾਂ ਵਿੱਚੋਂ ਬਾਈਬਲ ਅੱਵਲ ਹੈ। ਪੂਰੀ-ਦੀ-ਪੂਰੀ ਜਾਂ ਕੁਝ ਹਿੱਸਿਆਂ ਵਿਚ, ਇਹ 2,000 ਤੋਂ ਵਧ ਭਾਸ਼ਾਵਾਂ ਵਿਚ ਅਨੁਵਾਦ ਕੀਤੀ ਜਾ ਚੁੱਕੀ ਹੈ। ਇਸ ਦੀਆਂ ਅਰਬਾਂ ਹੀ ਕਾਪੀਆਂ ਛਾਪੀਆਂ ਜਾ ਚੁੱਕੀਆਂ ਹਨ, ਅਤੇ ਧਰਤੀ ਉੱਤੇ ਮੁਸ਼ਕਲ ਹੀ ਕੋਈ ਅਜਿਹਾ ਸਥਾਨ ਹੈ ਜਿੱਥੇ ਇਸ ਦੀ ਇਕ ਕਾਪੀ ਨਾ ਪਾਈ ਜਾ ਸਕੇ।
• ਬਾਈਬਲ ਦਾ ਸਭ ਤੋਂ ਪੁਰਾਣਾ ਹਿੱਸਾ 16ਵੀਂ ਸਦੀ ਸਾ.ਯੁ.ਪੂ. ਦੀ ਤਾਰੀਖ਼ ਰੱਖਦਾ ਹੈ। ਇਹ ਹਿੰਦੂ ਰਿਗ-ਵੇਦ (ਕਰੀਬ 1300 ਸਾ.ਯੁ.ਪੂ. ਵਿਚ), ਜਾਂ ਬੋਧੀ “ਤਿੰਨ ਟੋਕਰੀਆਂ ਦਾ ਗ੍ਰੰਥ,” (ਪੰਜਵੀਂ ਸਦੀ ਸਾ.ਯੁ.ਪੂ.), ਜਾਂ ਇਸਲਾਮੀ ਕੁਰਾਨ (ਸੱਤਵੀਂ ਸਦੀ ਸਾ.ਯੁ.), ਅਤੇ ਨਾਲ ਹੀ ਸ਼ਿੰਟੋ ਨਿਹੌਂਗੀ (720 ਸਾ.ਯੁ.) ਦੇ ਪ੍ਰਗਟਾਉ ਤੋਂ ਪਹਿਲਾਂ ਹੋਂਦ ਵਿਚ ਸੀ।
[ਪੂਰੇ ਸਫ਼ੇ 20 ਉੱਤੇ ਤਸਵੀਰ]