ਯਹੋਵਾਹ ਦਾ ਬਚਨ ਜੀਉਂਦਾ ਹੈ
ਹੋਸ਼ੇਆ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
ਸੱਚੀ ਭਗਤੀ ਇਸਰਾਏਲ ਦੇ ਉੱਤਰੀ ਦਸ-ਗੋਤੀ ਰਾਜ ਵਿੱਚੋਂ ਅਲੋਪ ਹੋ ਚੁੱਕੀ ਸੀ। ਯਾਰਾਬੁਆਮ ਦੂਜੇ ਦੀ ਹਕੂਮਤ ਅਧੀਨ ਇਸਰਾਏਲ ਆਰਥਿਕ ਪੱਖੋਂ ਕਾਫ਼ੀ ਖ਼ੁਸ਼ਹਾਲ ਸੀ। ਪਰ ਯਾਰਾਬੁਆਮ ਦੀ ਮੌਤ ਤੋਂ ਬਾਅਦ ਸਭ ਕੁਝ ਬਦਲ ਗਿਆ। ਅਸ਼ਾਂਤੀ ਅਤੇ ਸਿਆਸੀ ਉਥਲ-ਪੁਥਲ ਦਾ ਦੌਰ ਸ਼ੁਰੂ ਹੋ ਗਿਆ। ਛੇ ਰਾਜਿਆਂ ਵਿੱਚੋਂ ਚਾਰਾਂ ਦਾ ਕਤਲ ਕਰ ਦਿੱਤਾ ਗਿਆ। (2 ਰਾਜਿਆਂ 14:29; 15:8-30; 17:1-6) ਹੋਸ਼ੇਆ ਨੇ 804 ਈ. ਪੂ. ਵਿਚ ਭਵਿੱਖਬਾਣੀਆਂ ਕਰਨ ਦਾ ਕੰਮ ਸ਼ੁਰੂ ਕੀਤਾ ਸੀ ਜੋ 59 ਸਾਲਾਂ ਤਕ ਇਸ ਉਥਲ-ਪੁਥਲ ਦੇ ਦੌਰ ਵਿਚ ਵੀ ਜਾਰੀ ਰਿਹਾ।
ਹੋਸ਼ੇਆ ਦੀ ਵਿਆਹੁਤਾ ਜ਼ਿੰਦਗੀ ਵਿਚ ਜੋ ਕੁਝ ਹੋਇਆ, ਉਸ ਤੋਂ ਜ਼ਿੱਦੀ ਕੌਮ ਇਸਰਾਏਲ ਪ੍ਰਤੀ ਯਹੋਵਾਹ ਦੀਆਂ ਭਾਵਨਾਵਾਂ ਬਾਰੇ ਪਤਾ ਲੱਗਦਾ ਹੈ। ਹੋਸ਼ੇਆ ਨੇ ਆਪਣੇ ਸੰਦੇਸ਼ ਵਿਚ ਇਸਰਾਏਲ ਦੀ ਗ਼ਲਤੀ ਦਾ ਪਰਦਾ ਫ਼ਾਸ਼ ਕੀਤਾ ਤੇ ਉਸ ਖ਼ਿਲਾਫ਼ ਤੇ ਯਹੂਦਾਹ ਦੇ ਰਾਜ ਖ਼ਿਲਾਫ਼ ਸਜ਼ਾ ਸੁਣਾਈ। ਇਹ ਸਭ ਹੋਸ਼ੇਆ ਨੇ ਆਪਣੀ ਕਿਤਾਬ ਵਿਚ ਮਿੱਠੇ, ਕੋਮਲ, ਪ੍ਰਭਾਵਸ਼ਾਲੀ ਤੇ ਅਰਥ-ਭਰਪੂਰ ਸ਼ਬਦਾਂ ਵਿਚ ਬਿਆਨ ਕੀਤਾ। ਪਰਮੇਸ਼ੁਰ ਦੇ ਬਚਨ ਦਾ ਹਿੱਸਾ ਹੋਣ ਕਰਕੇ ਹੋਸ਼ੇਆ ਦੀ ਪੋਥੀ ਦਾ ਸੰਦੇਸ਼ ਜੀਉਂਦਾ ਅਤੇ ਗੁਣਕਾਰ ਹੈ।—ਇਬਰਾਨੀਆਂ 4:12.
‘ਆਪਣੇ ਲਈ ਇੱਕ ਜ਼ਾਨੀ ਤੀਵੀਂ ਲੈ’
ਯਹੋਵਾਹ ਨੇ ਹੋਸ਼ੇਆ ਨੂੰ ਕਿਹਾ: ‘ਜਾਹ, ਆਪਣੇ ਲਈ ਇੱਕ ਜ਼ਾਨੀ ਤੀਵੀਂ ਲੈ।’ (ਹੋਸ਼ੇਆ 1:2) ਯਹੋਵਾਹ ਦੀ ਗੱਲ ਮੰਨ ਕੇ ਹੋਸ਼ੇਆ ਨੇ ਗੋਮਰ ਨਾਲ ਵਿਆਹ ਕਰ ਲਿਆ ਜਿਸ ਤੋਂ ਇਕ ਪੁੱਤਰ ਹੋਇਆ। ਅਗਲੇ ਦੋ ਬੱਚੇ ਨਾਜਾਇਜ਼ ਔਲਾਦ ਸਨ। ਕੁੜੀ ਦਾ ਨਾਂ “ਲੋ-ਰੁਹਾਮਾਹ” ਸੀ ਅਤੇ ਮੁੰਡੇ ਦਾ ਨਾਂ “ਲੋ-ਅੰਮੀ।” ਇਨ੍ਹਾਂ ਨਾਵਾਂ ਦਾ ਮਤਲਬ ਹੈ “ਉਸ ਉੱਤੇ ਰਹਿਮ ਨਹੀਂ ਕੀਤਾ ਗਿਆ” ਅਤੇ “ਮੇਰੀ ਪਰਜਾ ਨਹੀਂ।”
ਯਹੋਵਾਹ ਆਪਣੇ ਵਿਦਰੋਹੀ ਲੋਕਾਂ ਬਾਰੇ ਕਿਵੇਂ ਮਹਿਸੂਸ ਕਰਦਾ ਸੀ? ਉਸ ਨੇ ਹੋਸ਼ੇਆ ਨੂੰ ਆਖਿਆ: “ਫੇਰ ਜਾਹ, ਇੱਕ ਤੀਵੀਂ ਨਾਲ ਪ੍ਰੀਤ ਲਾ ਜਿਹੜੀ ਆਪਣੇ ਯਾਰ ਦੀ ਪਿਆਰੀ ਹੈ, ਜਿਹੜੀ ਵਿਭਚਾਰਣ ਹੈ, ਜਿਵੇਂ ਯਹੋਵਾਹ ਵੀ ਇਸਰਾਏਲੀਆਂ ਨਾਲ ਪ੍ਰੇਮ ਕਰਦਾ ਹੈ, ਭਾਵੇਂ ਓਹ ਦੂਜੇ ਦਿਓਤਿਆਂ ਵੱਲ ਮੁੜਦੇ ਹਨ।”—ਹੋਸ਼ੇਆ 3:1.
ਕੁਝ ਸਵਾਲਾਂ ਦੇ ਜਵਾਬ:
1:1—ਹੋਸ਼ੇਆ ਨੇ ਆਪਣੀ ਸੇਵਕਾਈ ਦੌਰਾਨ ਯਹੂਦਾਹ ਉੱਤੇ ਰਾਜ ਕਰਨ ਵਾਲੇ ਚਾਰਾਂ ਪਾਤਸ਼ਾਹਾਂ ਦਾ ਜ਼ਿਕਰ ਕਿਉਂ ਕੀਤਾ, ਜਦ ਕਿ ਇਸਰਾਏਲ ਦੇ ਸਿਰਫ਼ ਇਕ ਰਾਜੇ ਦਾ ਨਾਂ ਦੱਸਿਆ? ਕਿਉਂਕਿ ਸਿਰਫ਼ ਦਾਊਦ ਦੇ ਘਰਾਣੇ ਦੇ ਰਾਜਿਆਂ ਨੂੰ ਹੀ ਪਰਮੇਸ਼ੁਰ ਦੀ ਪਰਜਾ ਦੇ ਜਾਇਜ਼ ਸ਼ਾਸਕ ਮੰਨਿਆ ਜਾਂਦਾ ਸੀ। ਯਹੂਦਾਹ ਦੇ ਰਾਜਿਆਂ ਤੋਂ ਉਲਟ, ਉੱਤਰੀ ਰਾਜ ਇਸਰਾਏਲ ਦੇ ਰਾਜੇ ਦਾਊਦ ਦੇ ਘਰਾਣੇ ਵਿੱਚੋਂ ਨਹੀਂ ਸਨ।
1:2-9—ਕੀ ਹੋਸ਼ੇਆ ਨੇ ਸੱਚ-ਮੁੱਚ ਵਿਭਚਾਰਣ ਤੀਵੀਂ ਨਾਲ ਵਿਆਹ ਕੀਤਾ ਸੀ? ਜੀ ਹਾਂ, ਹੋਸ਼ੇਆ ਨੇ ਸੱਚ-ਮੁੱਚ ਇਕ ਤੀਵੀਂ ਨਾਲ ਵਿਆਹ ਕੀਤਾ ਸੀ ਜੋ ਵਿਆਹ ਤੋਂ ਬਾਅਦ ਵਿਭਚਾਰਣ ਬਣ ਗਈ। ਨਬੀ ਦੀ ਕਿਸੇ ਵੀ ਗੱਲ ਤੋਂ ਇਹ ਸੰਕੇਤ ਨਹੀਂ ਮਿਲਦਾ ਕਿ ਉਸ ਨੇ ਆਪਣੀ ਘਰੇਲੂ ਜ਼ਿੰਦਗੀ ਬਾਰੇ ਜੋ ਦੱਸਿਆ ਸੀ, ਉਹ ਕੋਈ ਸੁਪਨਾ ਜਾਂ ਦਰਸ਼ਣ ਸੀ।
1:7—ਯਹੋਵਾਹ ਨੇ ਕਦੋਂ ਯਹੂਦਾਹ ਦੇ ਘਰਾਣੇ ਉੱਤੇ ਰਹਮ ਕਰ ਕੇ ਉਸ ਨੂੰ ਬਚਾਇਆ ਸੀ? ਇਹ ਗੱਲ 732 ਈ. ਪੂ. ਵਿਚ ਰਾਜਾ ਹਿਜ਼ਕੀਯਾਹ ਦੇ ਦਿਨਾਂ ਵਿਚ ਹੋਈ ਸੀ। ਉਸ ਸਮੇਂ ਯਹੋਵਾਹ ਨੇ ਯਰੂਸ਼ਲਮ ਉੱਤੇ ਮੰਡਰਾ ਰਹੇ ਅੱਸ਼ੂਰੀਆਂ ਦੇ ਖ਼ਤਰੇ ਨੂੰ ਮਿਟਾ ਦਿੱਤਾ ਸੀ ਜਦ ਇਕ ਦੂਤ ਨੇ ਇਕ ਰਾਤ ਵਿਚ ਹੀ 1,85,000 ਸੈਨਿਕਾਂ ਨੂੰ ਮਾਰ ਮੁਕਾਇਆ ਸੀ। (2 ਰਾਜਿਆਂ 19:34, 35) ਇਸ ਤਰ੍ਹਾਂ ਯਹੋਵਾਹ ਨੇ ਯਹੂਦਾਹ ਨੂੰ “ਧਣੁਖ ਨਾਲ, ਤਲਵਾਰ ਨਾਲ, ਲੜਾਈ ਨਾਲ, ਘੋੜਿਆਂ ਨਾਲ ਯਾ ਸਵਾਰਾਂ ਨਾਲ” ਨਹੀਂ, ਸਗੋਂ ਆਪਣੇ ਇਕ ਦੂਤ ਦੇ ਜ਼ਰੀਏ ਬਚਾਇਆ ਸੀ।
1:10, 11—ਇਸਰਾਏਲ ਦਾ ਉੱਤਰੀ ਰਾਜ 740 ਈ. ਪੂ. ਵਿਚ ਅੱਸ਼ੂਰੀਆਂ ਦੇ ਕਬਜ਼ੇ ਵਿਚ ਆ ਗਿਆ ਸੀ। ਤਾਂ ਫਿਰ “ਯਹੂਦੀ ਅਤੇ ਇਸਰਾਏਲੀ ਫੇਰ ਇਕੱਠੇ” ਕਿਵੇਂ ਹੋਏ ਸਨ? 607 ਈ. ਪੂ. ਵਿਚ ਯਹੂਦਾਹ ਦੇ ਵਾਸੀਆਂ ਨੂੰ ਬਾਬਲ ਦੀ ਗ਼ੁਲਾਮੀ ਵਿਚ ਲਿਜਾਏ ਜਾਣ ਤੋਂ ਪਹਿਲਾਂ ਇਸਰਾਏਲ ਦੇ ਉੱਤਰੀ ਰਾਜ ਦੇ ਬਹੁਤ ਸਾਰੇ ਲੋਕ ਯਹੂਦਾਹ ਵਿਚ ਆ ਕੇ ਵੱਸ ਗਏ ਸਨ। (2 ਇਤਹਾਸ 11:13-17; 30:6-12, 18-20, 25) 537 ਈ. ਪੂ. ਵਿਚ ਜਦ ਯਹੂਦੀ ਵਾਪਸ ਆਪਣੇ ਦੇਸ਼ ਪਰਤੇ, ਤਾਂ ਉਨ੍ਹਾਂ ਵਿਚ ਉੱਤਰੀ ਰਾਜ ਇਸਰਾਏਲ ਦੇ ਲੋਕ ਵੀ ਸਨ।—ਅਜ਼ਰਾ 2:70.
2:21-23—ਯਹੋਵਾਹ ਦੇ ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਸੀ ਕਿ “ਮੈਂ [ਯਿਜ਼ਰਏਲ] ਨੂੰ ਆਪਣੇ ਲਈ ਧਰਤੀ ਵਿੱਚ ਬੀਜਾਂਗਾ, ਮੈਂ ਲੋ-ਰੁਹਾਮਾਹ ਉੱਤੇ ਰਹਮ ਕਰਾਂਗਾ”? ਹੋਸ਼ੇਆ ਦੇ ਪਹਿਲੇ ਪੁੱਤਰ ਦਾ ਨਾਂ ਯਿਜ਼ਰਏਲ ਸੀ। (ਹੋਸ਼ੇਆ 1:2-4) ਇਸ ਨਾਂ ਦਾ ਮਤਲਬ ਹੈ “ਪਰਮੇਸ਼ੁਰ ਬੀਜਦਾ ਹੈ।” ਇਹ ਨਾਂ ਇਸ ਗੱਲ ਵੱਲ ਸੰਕੇਤ ਕਰਦਾ ਸੀ ਕਿ ਯਹੋਵਾਹ 537 ਈ. ਪੂ. ਵਿਚ ਵਫ਼ਾਦਾਰ ਯਹੂਦੀਆਂ ਨੂੰ ਇਕੱਠਾ ਕਰੇਗਾ ਅਤੇ ਉਨ੍ਹਾਂ ਨੂੰ ਯਹੂਦਾਹ ਵਿਚ ਬੀਜ ਦੀ ਤਰ੍ਹਾਂ ਬੀਜੇਗਾ। ਉਦੋਂ 70 ਸਾਲਾਂ ਤੋਂ ਵਿਰਾਨ ਪਏ ਦੇਸ਼ ਵਿਚ ਅਨਾਜ, ਮਿੱਠੀ ਸ਼ਰਾਬ ਅਤੇ ਤੇਲ ਪੈਦਾ ਕਰਨ ਦੀ ਲੋੜ ਪਵੇਗੀ। ਕਵਿਤਾ ਦੇ ਰੂਪ ਵਿਚ ਲਿਖੀ ਭਵਿੱਖਬਾਣੀ ਵਿਚ ਯਹੋਵਾਹ ਨੇ ਕਿਹਾ ਕਿ ਇਹ ਚੰਗੀਆਂ ਚੀਜ਼ਾਂ ਧਰਤੀ ਨੂੰ ਬੇਨਤੀ ਕਰਨਗੀਆਂ ਕਿ ਉਹ ਆਪਣੇ ਪੌਸ਼ਟਿਕ ਤੱਤਾਂ ਨੂੰ ਛੱਡੇ ਅਤੇ ਧਰਤੀ ਮੀਂਹ ਵਰਸਾਉਣ ਲਈ ਆਕਾਸ਼ ਨੂੰ ਕਹੇਗੀ। ਫਿਰ ਆਕਾਸ਼ ਪਰਮੇਸ਼ੁਰ ਨੂੰ ਵਰਖਾ ਵਾਸਤੇ ਅਰਜ਼ ਕਰੇਗਾ। ਇਹ ਸਾਰਾ ਕੁਝ ਵਤਨ ਪਰਤੇ ਵਫ਼ਾਦਾਰ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਕੀਤਾ ਜਾਵੇਗਾ। ਪੌਲੁਸ ਅਤੇ ਪਤਰਸ ਨੇ ਹੋਸ਼ੇਆ 2:23 ਨੂੰ ਅਧਿਆਤਮਿਕ ਇਸਰਾਏਲ ਦੇ ਵਫ਼ਾਦਾਰ ਮੈਂਬਰਾਂ ਨੂੰ ਇਕੱਠਾ ਕਰਨ ਤੇ ਲਾਗੂ ਕੀਤਾ ਸੀ।—ਰੋਮੀਆਂ 9:25, 26; 1 ਪਤਰਸ 2:10.
ਸਾਡੇ ਲਈ ਸਬਕ:
1:2-9; 3:1, 2. ਜ਼ਰਾ ਸੋਚੋ ਕਿ ਹੋਸ਼ੇਆ ਨੇ ਪਰਮੇਸ਼ੁਰ ਦੀ ਆਗਿਆ ਮੰਨਣ ਖ਼ਾਤਰ ਇਕ ਵਿਭਚਾਰਣ ਤੀਵੀਂ ਨੂੰ ਫਿਰ ਤੋਂ ਅਪਣਾ ਕੇ ਕਿੰਨੀ ਵੱਡੀ ਕੁਰਬਾਨੀ ਕੀਤੀ! ਪਰਮੇਸ਼ੁਰ ਦੀ ਮਰਜ਼ੀ ਪੂਰੀ ਕਰਨ ਵਾਸਤੇ ਅਸੀਂ ਕਿਸ ਹੱਦ ਤਕ ਆਪਣੀਆਂ ਖ਼ਾਹਸ਼ਾਂ ਕੁਰਬਾਨ ਕਰਨ ਲਈ ਤਿਆਰ ਹੁੰਦੇ ਹਾਂ?
1:6-9. ਯਹੋਵਾਹ ਆਪਣੇ ਲੋਕਾਂ ਨੂੰ ਝੂਠੇ ਦੇਵੀ-ਦੇਵਤਿਆਂ ਮਗਰ ਲੱਗਦੇ ਦੇਖ ਕੇ ਉਸੇ ਤਰ੍ਹਾਂ ਮਹਿਸੂਸ ਕਰਦਾ ਹੈ ਜਿਵੇਂ ਉਹ ਉਸ ਪਤੀ ਜਾਂ ਪਤਨੀ ਬਾਰੇ ਮਹਿਸੂਸ ਕਰਦਾ ਜੋ ਆਪਣੇ ਜੀਵਨ-ਸਾਥੀ ਨੂੰ ਛੱਡ ਕੇ ਕਿਸੇ ਹੋਰ ਨਾਲ ਨਾਜਾਇਜ਼ ਸੰਬੰਧ ਬਣਾ ਲੈਂਦੇ ਹਨ।
1:7, 10, 11; 2:14-23. ਯਹੋਵਾਹ ਨੇ ਇਸਰਾਏਲ ਅਤੇ ਯਹੂਦਾਹ ਬਾਰੇ ਜੋ ਕੁਝ ਕਿਹਾ ਸੀ, ਉਹ ਸਭ ਪੂਰਾ ਹੋਇਆ। ਯਹੋਵਾਹ ਦਾ ਵਚਨ ਹਮੇਸ਼ਾ ਸੱਚ ਹੁੰਦਾ ਹੈ।
2:16, 19, 21-23; 3:1-4. ਯਹੋਵਾਹ ਉਨ੍ਹਾਂ ਲੋਕਾਂ ਨੂੰ ਮਾਫ਼ ਕਰਨ ਲਈ ਤਿਆਰ ਹੈ ਜੋ ਦਿਲੋਂ ਤੋਬਾ ਕਰਦੇ ਹਨ। (ਨਹਮਯਾਹ 9:17) ਯਹੋਵਾਹ ਦੀ ਤਰ੍ਹਾਂ ਸਾਨੂੰ ਵੀ ਦੂਜਿਆਂ ਨਾਲ ਹਮਦਰਦੀ ਤੇ ਦਿਆਲਤਾ ਨਾਲ ਪੇਸ਼ ਆਉਣਾ ਚਾਹੀਦਾ ਹੈ।
“ਯਹੋਵਾਹ ਦਾ ਝਗੜਾ ਹੈ”
“ਏਸ ਦੇਸ ਦੇ ਵਾਸੀਆਂ ਨਾਲ ਤਾਂ ਯਹੋਵਾਹ ਦਾ ਝਗੜਾ ਹੈ।” ਕਿਉਂ? ਕਿਉਂਕਿ “ਦੇਸ ਵਿੱਚ ਨਾ ਵਫ਼ਾਦਾਰੀ, ਨਾ ਦਯਾ, ਨਾ ਪਰਮੇਸ਼ੁਰ ਦਾ ਗਿਆਨ ਹੈ!” (ਹੋਸ਼ੇਆ 4:1) ਇਸਰਾਏਲ ਦੇ ਲੋਕ ਠੱਗੀਆਂ ਮਾਰ ਰਹੇ ਸਨ, ਖ਼ੂਨ-ਖ਼ਰਾਬਾ ਕਰ ਰਹੇ ਸਨ ਅਤੇ ਹਰਾਮਕਾਰੀ ਤੇ ਦੂਜੇ ਦੇਵੀ-ਦੇਵਤਿਆਂ ਦੀ ਪੂਜਾ ਕਰ ਰਹੇ ਸਨ। ਪਰਮੇਸ਼ੁਰ ਦੀ ਮਦਦ ਲੈਣ ਦੀ ਬਜਾਇ ‘ਓਹ ਮਿਸਰ ਨੂੰ ਪੁਕਾਰਦੇ ਸਨ, ਅੱਸ਼ੂਰ ਨੂੰ ਜਾਂਦੇ ਸਨ।’—ਹੋਸ਼ੇਆ 7:11.
ਯਹੋਵਾਹ ਨੇ ਆਪਣਾ ਨਿਆਂ ਸੁਣਾਉਂਦੇ ਹੋਏ ਕਿਹਾ: “ਇਸਰਾਏਲ ਨਿਗਲਿਆ ਗਿਆ।” (ਹੋਸ਼ੇਆ 8:8) ਯਹੂਦਾਹ ਦਾ ਰਾਜ ਵੀ ਗੁਨਾਹਗਾਰ ਸੀ। ਹੋਸ਼ੇਆ 12:2 ਦੱਸਦਾ ਹੈ: “ਯਹੋਵਾਹ ਦਾ ਯਹੂਦਾਹ ਨਾਲ ਝਗੜਾ ਹੈ, ਉਹ ਯਾਕੂਬ ਨੂੰ ਉਸ ਦੀਆਂ ਚਾਲਾਂ ਅਨੁਸਾਰ ਸਜ਼ਾ ਦੇਵੇਗਾ, ਉਹ ਉਸ ਦੀਆਂ ਕਰਨੀਆਂ ਅਨੁਸਾਰ ਉਸ ਨੂੰ ਬਦਲਾ ਦੇਵੇਗਾ।” ਪਰ ਯਹੋਵਾਹ ਉਨ੍ਹਾਂ ਨੂੰ ਬਾਬਲ ਦੀ ਗ਼ੁਲਾਮੀ ਤੋਂ ਜ਼ਰੂਰ ਛੁਡਾਵੇਗਾ ਕਿਉਂਕਿ ਉਸ ਨੇ ਵਾਅਦਾ ਕੀਤਾ ਸੀ: ‘ਮੈਂ ਪਤਾਲ ਦੇ ਕਾਬੂ ਤੋਂ ਓਹਨਾਂ ਦੇ ਛੁਟਕਾਰੇ ਦਾ ਮੁੱਲ ਭਰਾਂਗਾ। ਮੈਂ ਮੌਤ ਤੋਂ ਓਹਨਾਂ ਦਾ ਨਿਸਤਾਰਾ ਦਿਆਂਗਾ।’—ਹੋਸ਼ੇਆ 13:14.
ਕੁਝ ਸਵਾਲਾਂ ਦੇ ਜਵਾਬ:
6:1-3—ਕੌਣ ਕਹਿ ਰਿਹਾ ਸੀ ਕਿ “ਆਓ, ਅਸੀਂ ਯਹੋਵਾਹ ਵੱਲ ਮੁੜੀਏ”? ਸ਼ਾਇਦ ਬੇਵਫ਼ਾ ਇਸਰਾਏਲੀ ਇਕ-ਦੂਜੇ ਨੂੰ ਯਹੋਵਾਹ ਵੱਲ ਮੁੜਨ ਦੀ ਹੱਲਾਸ਼ੇਰੀ ਦੇ ਰਹੇ ਸਨ। ਜੇ ਇਸ ਤਰ੍ਹਾਂ ਸੀ, ਤਾਂ ਉਹ ਬਸ ਤੋਬਾ ਕਰਨ ਦਾ ਢੌਂਗ ਕਰ ਰਹੇ ਸਨ। ਉਨ੍ਹਾਂ ਦਾ ਪਿਆਰ ਸਿਰਫ਼ ਥੋੜ੍ਹੇ ਚਿਰ ਦਾ ਸੀ, ‘ਸਵੇਰ ਦੇ ਬੱਦਲ ਵਾਂਙੁ, ਅਤੇ ਤ੍ਰੇਲ ਵਾਂਙੁ ਜਿਹੜੀ ਸਵੇਰੇ ਹੀ ਉੱਡ ਜਾਂਦੀ ਹੈ।’ (ਹੋਸ਼ੇਆ 6:4) ਇਹ ਵੀ ਹੋ ਸਕਦਾ ਹੈ ਕਿ ਹੋਸ਼ੇਆ ਲੋਕਾਂ ਨੂੰ ਯਹੋਵਾਹ ਵੱਲ ਮੁੜਨ ਲਈ ਬੇਨਤੀ ਕਰ ਰਿਹਾ ਸੀ। ਜੋ ਵੀ ਸੀ, ਇਸਰਾਏਲ ਦੇ ਦਸ-ਗੋਤੀ ਰਾਜ ਦੇ ਜ਼ਿੱਦੀ ਵਾਸੀਆਂ ਨੂੰ ਦਿਲੋਂ ਤੋਬਾ ਕਰ ਕੇ ਯਹੋਵਾਹ ਵੱਲ ਮੁੜਨ ਦੀ ਲੋੜ ਸੀ।
7:4—ਵਿਭਚਾਰ ਕਰਨ ਵਾਲੇ ਇਸਰਾਏਲੀ ‘ਗਰਮ ਕੀਤੇ ਗਏ ਤੰਦੂਰ’ ਵਾਂਗ ਕਿਵੇਂ ਸਨ? ਇਹ ਤੁਲਨਾ ਉਨ੍ਹਾਂ ਦੇ ਦਿਲਾਂ ਵਿਚ ਬਲ਼ ਰਹੀਆਂ ਬੁਰੀਆਂ ਇੱਛਾਵਾਂ ਦੀ ਤੀਬਰਤਾ ਨੂੰ ਦਰਸਾਉਂਦੀ ਹੈ।
ਸਾਡੇ ਲਈ ਸਬਕ:
4:1, 6. ਜੇ ਅਸੀਂ ਚਾਹੁੰਦੇ ਹਾਂ ਕਿ ਯਹੋਵਾਹ ਦੀ ਮਿਹਰ ਸਾਡੇ ਤੇ ਰਹੇ, ਤਾਂ ਸਾਨੂੰ ਉਸ ਦਾ ਗਿਆਨ ਲੈਂਦੇ ਰਹਿਣਾ ਚਾਹੀਦਾ ਹੈ ਤੇ ਸਿੱਖੀਆਂ ਗੱਲਾਂ ਮੁਤਾਬਕ ਚੱਲਣਾ ਚਾਹੀਦਾ ਹੈ।
4:9-13. ਯਹੋਵਾਹ ਵਿਭਚਾਰ ਕਰਨ ਵਾਲਿਆਂ ਅਤੇ ਝੂਠੇ ਦੇਵੀ-ਦੇਵਤਿਆਂ ਦੀ ਪੂਜਾ ਕਰਨ ਵਾਲਿਆਂ ਨੂੰ ਸਜ਼ਾ ਦੇਵੇਗਾ।—ਹੋਸ਼ੇਆ 1:4.
5:1. ਪਰਮੇਸ਼ੁਰ ਦੇ ਲੋਕਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਉਨ੍ਹਾਂ ਸਿੱਖਿਆਵਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜੋ ਪਰਮੇਸ਼ੁਰ ਦੇ ਬਚਨ ਦੇ ਉਲਟ ਹਨ। ਨਹੀਂ ਤਾਂ ਉਹ ਦੂਸਰਿਆਂ ਨੂੰ ਵੀ ਭਰਮਾ ਕੇ ਗ਼ਲਤ ਤਰੀਕੇ ਨਾਲ ਭਗਤੀ ਕਰਨ ਲਾ ਦੇਣਗੇ। ਇਸ ਤਰ੍ਹਾਂ ਉਹ ਉਨ੍ਹਾਂ ਲੋਕਾਂ ਲਈ ‘ਫੰਦਾ ਅਤੇ ਜਾਲ’ ਸਾਬਤ ਹੋਣਗੇ।
6:1-4; 7:14, 16. ਸਿਰਫ਼ ਲਫ਼ਜ਼ਾਂ ਵਿਚ ਤੋਬਾ ਕਰਨੀ ਪਖੰਡਪੁਣਾ ਅਤੇ ਫ਼ਜ਼ੂਲ ਹੈ। ਪਰਮੇਸ਼ੁਰ ਦੀ ਦਇਆ ਪਾਉਣ ਲਈ ਗ਼ਲਤੀ ਕਰਨ ਵਾਲੇ ਨੂੰ ਦਿਲੋਂ ਤੋਬਾ ਕਰਨੀ ਚਾਹੀਦੀ ਹੈ। ਤੋਬਾ ਜ਼ਾਹਰ ਕਰਨ ਲਈ ਉਸ ਨੂੰ “ਅੱਤ ਮਹਾਨ” ਵੱਲ ਮੁੜ ਕੇ ਉੱਚੀ-ਸੁੱਚੀ ਭਗਤੀ ਕਰਨੀ ਚਾਹੀਦੀ ਹੈ। ਉਸ ਦੇ ਕੰਮ ਪਰਮੇਸ਼ੁਰ ਦੇ ਉੱਚੇ ਮਿਆਰਾਂ ਅਨੁਸਾਰ ਹੋਣੇ ਚਾਹੀਦੇ ਹਨ।—ਹੋਸ਼ੇਆ 7:16.
6:6. ਵਾਰ-ਵਾਰ ਪਾਪ ਕਰਨਾ ਪਰਮੇਸ਼ੁਰ ਲਈ ਪਿਆਰ ਦੀ ਘਾਟ ਨੂੰ ਦਰਸਾਉਂਦਾ ਹੈ। ਜਿਹੜਾ ਵਿਅਕਤੀ ਪਾਪ ਕਰਦਾ ਰਹਿੰਦਾ ਹੈ, ਉਹ ਭਾਵੇਂ ਪਰਮੇਸ਼ੁਰ ਦੀ ਸੇਵਾ ਵਿਚ ਜਿੰਨਾ ਮਰਜ਼ੀ ਕਰੇ, ਇਹ ਕਿਸੇ ਕੰਮ ਦਾ ਨਹੀਂ ਹੋਵੇਗਾ।
8:7, 13; 10:13. ਮੂਰਤੀ-ਪੂਜਕ ਇਸਰਾਏਲੀਆਂ ਨਾਲ ਇਸ ਸਿਧਾਂਤ ਅਨੁਸਾਰ ਹੀ ਹੋਇਆ ਕਿ “ਮਨੁੱਖ ਜੋ ਕੁਝ ਬੀਜਦਾ ਹੈ ਸੋਈਓ ਵੱਢੇਗਾ ਭੀ।”—ਗਲਾਤੀਆਂ 6:7.
8:8; 9:17; 13:16. ਉੱਤਰੀ ਰਾਜ ਬਾਰੇ ਕੀਤੀਆਂ ਭਵਿੱਖਬਾਣੀਆਂ ਪੂਰੀਆਂ ਹੋਈਆਂ ਜਦ ਇਸ ਦੀ ਰਾਜਧਾਨੀ ਸਾਮਰਿਯਾ ਨੂੰ ਅੱਸ਼ੂਰ ਨੇ ਆਪਣੇ ਕਬਜ਼ੇ ਵਿਚ ਕਰ ਲਿਆ। (2 ਰਾਜਿਆਂ 17:3-6) ਸੋ ਅਸੀਂ ਭਰੋਸਾ ਰੱਖ ਸਕਦੇ ਹਾਂ ਕਿ ਯਹੋਵਾਹ ਨੇ ਜੋ ਕੁਝ ਕਿਹਾ ਹੈ, ਉਹ ਜ਼ਰੂਰ ਪੂਰਾ ਹੋਵੇਗਾ।—ਗਿਣਤੀ 23:19.
8:14. ਯਹੋਵਾਹ ਨੇ 607 ਈ. ਪੂ. ਵਿਚ ਬਾਬਲੀਆਂ ਨੂੰ ਵਰਤ ਕੇ ‘ਯਹੂਦਾਹ ਦੇ ਸ਼ਹਿਰਾਂ ਵਿਚ ਅੱਗ ਘੱਲੀ’ ਤੇ ਭਵਿੱਖਬਾਣੀ ਮੁਤਾਬਕ ਯਰੂਸ਼ਲਮ ਅਤੇ ਯਹੂਦਾਹ ਨੂੰ ਨਾਸ਼ ਕਰ ਦਿੱਤਾ। (2 ਇਤਹਾਸ 36:19) ਯਹੋਵਾਹ ਦਾ ਵਚਨ ਪੂਰਾ ਹੋਏ ਬਿਨਾਂ ਨਹੀਂ ਰਹਿੰਦਾ।—ਯਹੋਸ਼ੁਆ 23:14.
9:10. ਸੱਚੇ ਪਰਮੇਸ਼ੁਰ ਦੇ ਸਮਰਪਿਤ ਲੋਕ ਹੋਣ ਦੇ ਬਾਵਜੂਦ ਇਸਰਾਏਲੀ “ਬਆਲ-ਪਓਰ ਨੂੰ ਗਏ, ਅਤੇ ਓਹਨਾਂ ਨੇ ਆਪਣੇ ਆਪ ਨੂੰ ਸ਼ਰਮ ਲਈ ਅਰਪਣ ਕੀਤਾ।” ਉਨ੍ਹਾਂ ਦੀ ਬੁਰੀ ਮਿਸਾਲ ਸਾਡੇ ਲਈ ਚੇਤਾਵਨੀ ਹੋਣੀ ਚਾਹੀਦੀ ਹੈ ਤੇ ਸਾਨੂੰ ਯਹੋਵਾਹ ਪ੍ਰਤੀ ਆਪਣੇ ਸਮਰਪਣ ਤੇ ਖਰੇ ਉਤਰਨਾ ਚਾਹੀਦਾ ਹੈ।—1 ਕੁਰਿੰਥੀਆਂ 10:11.
10:1, 2, 12. ਸਾਨੂੰ ਸੱਚੇ ਦਿਲੋਂ ਪਰਮੇਸ਼ੁਰ ਦੀ ਭਗਤੀ ਕਰਨੀ ਚਾਹੀਦੀ ਹੈ। ਜਦ ਅਸੀਂ ‘ਆਪਣੇ ਲਈ ਧਰਮ ਬੀਜਦੇ ਹਾਂ, ਤਾਂ ਅਸੀਂ ਦਯਾ ਅਨੁਸਾਰ ਫ਼ਸਲ ਵੱਢਾਂਗੇ।’
10:5. ਬੈਤ-ਆਵਨ (ਜਿਸ ਦਾ ਅਰਥ ਹੈ “ਹਾਨੀ ਦਾ ਘਰ”) ਅਪਮਾਨਜਨਕ ਨਾਂ ਹੈ ਜੋ ਬੈਤਏਲ (ਮਤਲਬ “ਪਰਮੇਸ਼ੁਰ ਦਾ ਘਰ”) ਨੂੰ ਦਿੱਤਾ ਗਿਆ ਸੀ। ਜਦ ਬੈਤ-ਆਵਨ ਵਿੱਚੋਂ ਵੱਛੇ ਦੇ ਬੁੱਤ ਨੂੰ ਅੱਸ਼ੂਰੀ ਲੈ ਗਏ, ਤਾਂ ਸਾਮਰਿਯਾ ਦੇ ਵਾਸੀਆਂ ਨੇ ਸੋਗ ਕੀਤਾ ਕਿਉਂਕਿ ਉਹ ਇਸ ਨੂੰ ਪੂਜਦੇ ਸਨ। ਬੇਜਾਨ ਬੁੱਤ ਤੇ ਭਰੋਸਾ ਕਰਨਾ ਕਿੰਨੀ ਮੂਰਖਤਾ ਦੀ ਗੱਲ ਹੈ ਜੋ ਆਪਣੀ ਹੀ ਰਾਖੀ ਨਹੀਂ ਕਰ ਸਕਦਾ!—ਜ਼ਬੂਰਾਂ ਦੀ ਪੋਥੀ 135:15-18; ਯਿਰਮਿਯਾਹ 10:3-5.
11:1-4. ਯਹੋਵਾਹ ਹਮੇਸ਼ਾ ਪਿਆਰ ਨਾਲ ਆਪਣੇ ਲੋਕਾਂ ਨਾਲ ਪੇਸ਼ ਆਉਂਦਾ ਹੈ। ਪਰਮੇਸ਼ੁਰ ਦੇ ਅਧੀਨ ਰਹਿਣਾ ਬੋਝ ਨਹੀਂ।
11:8-11; 13:14. ਸੱਚੀ ਭਗਤੀ ਮੁੜ ਸ਼ੁਰੂ ਹੋਣ ਸੰਬੰਧੀ ਯਹੋਵਾਹ ਦਾ ਬੋਲਿਆ ਵਚਨ ਉਸ ਵੱਲ ‘ਅਵਿਰਥਾ ਨਹੀਂ ਮੁੜਿਆ।’ (ਯਸਾਯਾਹ 55:11) 537 ਈ. ਪੂ. ਵਿਚ ਵਫ਼ਾਦਾਰ ਯਹੂਦੀ ਬਾਬਲ ਦੀ ਗ਼ੁਲਾਮੀ ਤੋਂ ਛੁੱਟ ਕੇ ਯਰੂਸ਼ਲਮ ਵਾਪਸ ਆ ਗਏ ਸਨ। (ਅਜ਼ਰਾ 2:1; 3:1-3) ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਆਪਣੇ ਨਬੀਆਂ ਦੁਆਰਾ ਜੋ ਕੁਝ ਵੀ ਬੋਲਿਆ ਹੈ, ਉਹ ਜ਼ਰੂਰ ਪੂਰਾ ਹੋਵੇਗਾ।
12:6. ਸਾਨੂੰ ਪੱਕੇ ਇਰਾਦੇ ਨਾਲ ਦਇਆ ਅਤੇ ਨਿਆਉਂ ਦੀ ਪਾਲਣਾ ਕਰਨੀ ਅਤੇ ਯਹੋਵਾਹ ਦੀ ਉਡੀਕ ਕਰਦੇ ਰਹਿਣਾ ਚਾਹੀਦਾ ਹੈ।
13:6. ਇਸਰਾਏਲੀ “ਰੱਜ ਗਏ ਅਤੇ ਓਹਨਾਂ ਦਾ ਦਿਲ ਉੱਚਾ ਹੋ ਗਿਆ, ਏਸ ਲਈ ਓਹ [ਯਹੋਵਾਹ ਨੂੰ] ਭੁੱਲ ਗਏ।” ਸਾਨੂੰ ਆਪਣੇ ਆਪ ਨੂੰ ਉੱਚਾ ਚੁੱਕਣ ਦੇ ਝੁਕਾਅ ਤੋਂ ਬਚਣ ਦੀ ਲੋੜ ਹੈ।
“ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ”
ਹੋਸ਼ੇਆ ਨੇ ਬੇਨਤੀ ਕੀਤੀ: “ਹੇ ਇਸਰਾਏਲ, ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜ, ਕਿਉਂ ਜੋ ਤੈਂ ਆਪਣੀ ਬਦੀ ਦੇ ਕਾਰਨ ਠੋਕਰ ਖਾਧੀ।” ਉਸ ਨੇ ਲੋਕਾਂ ਨੂੰ ਯਹੋਵਾਹ ਅੱਗੇ ਇਹ ਬੇਨਤੀ ਕਰਨ ਲਈ ਕਿਹਾ: “ਸਾਰੀ ਬਦੀ ਨੂੰ ਚੁੱਕ ਅਤੇ ਨੇਕੀ ਨੂੰ ਕਬੂਲ ਕਰ, ਅਤੇ ਅਸੀਂ ਵਹਿੜਕਿਆਂ ਦੇ ਥਾਂ ਆਪਣਿਆਂ ਬੁੱਲ੍ਹਾਂ ਨੂੰ ਪੇਸ਼ ਕਰਾਂਗੇ।”—ਹੋਸ਼ੇਆ 14:1, 2.
ਤੋਬਾ ਕਰਨ ਵਾਲੇ ਨੂੰ ਯਹੋਵਾਹ ਵੱਲ ਮੁੜ ਕੇ ਉਸ ਦੇ ਰਾਹਾਂ ਨੂੰ ਕਬੂਲ ਕਰਨ ਅਤੇ ਉਸਤਤ ਦੇ ਬਲੀਦਾਨ ਚੜ੍ਹਾਉਣ ਦੀ ਲੋੜ ਹੈ। ਕਿਉਂ? ਕਿਉਂਕਿ “ਯਹੋਵਾਹ ਦੇ ਮਾਰਗ ਤਾਂ ਸਿੱਧੇ ਹਨ, ਅਤੇ ਧਰਮੀ ਓਹਨਾਂ ਦੇ ਵਿੱਚ ਚੱਲਣਗੇ।” (ਹੋਸ਼ੇਆ 14:9) ਅਸੀਂ ਖ਼ੁਸ਼ ਹੋ ਸਕਦੇ ਹਾਂ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਕੋਲ ‘ਆਖਰੀ ਦਿਨਾਂ ਵਿੱਚ ਯਹੋਵਾਹ ਅਤੇ ਉਹ ਦੀ ਭਲਿਆਈ ਵੱਲ ਭੈ ਮੰਨ ਕੇ ਮੁੜਨ’ ਦਾ ਮੌਕਾ ਹੈ।—ਹੋਸ਼ੇਆ 3:5.
[ਸਫ਼ਾ 15 ਉੱਤੇ ਤਸਵੀਰ]
ਹੋਸ਼ੇਆ ਦੀ ਘਰੇਲੂ ਜ਼ਿੰਦਗੀ ਨੇ ਇਸਰਾਏਲ ਨਾਲ ਯਹੋਵਾਹ ਦੇ ਸਲੂਕ ਨੂੰ ਦਰਸਾਇਆ
[ਸਫ਼ਾ 17 ਉੱਤੇ ਤਸਵੀਰ]
740 ਈ. ਪੂ. ਵਿਚ ਸਾਮਰਿਯਾ ਅੱਸ਼ੂਰ ਦੇ ਕਬਜ਼ੇ ਵਿਚ ਆ ਗਿਆ ਸੀ ਜਿਸ ਨਾਲ ਇਸਰਾਏਲ ਦੇ ਉੱਤਰੀ ਰਾਜ ਦਾ ਅੰਤ ਹੋ ਗਿਆ