ਅਧਿਐਨ ਲੇਖ 12
ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ
“‘ਮੇਰੀ ਸ਼ਕਤੀ ਨਾਲ ਹੋਵੇਗਾ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।” —ਜ਼ਕ. 4:6.
ਗੀਤ 55 ਉਨ੍ਹਾਂ ਤੋਂ ਨਾ ਡਰੋ!
ਖ਼ਾਸ ਗੱਲਾਂa
1. ਯਹੂਦੀ ਕਿਹੜੀ ਖ਼ਬਰ ਸੁਣ ਕੇ ਖ਼ੁਸ਼ੀ ਨਾਲ ਝੂਮ ਉੱਠੇ?
ਯਹੂਦੀ ਕਈ ਸਾਲਾਂ ਤੋਂ ਬਾਬਲ ਵਿਚ ਗ਼ੁਲਾਮ ਸਨ। ਪਰ ਹੁਣ ਯਹੋਵਾਹ ਪਰਮੇਸ਼ੁਰ ਨੇ ‘ਫ਼ਾਰਸ ਦੇ ਰਾਜੇ ਖੋਰਸ ਦੇ ਮਨ ਨੂੰ ਉਭਾਰਿਆ’ ਕਿ ਉਹ ਯਹੂਦੀਆਂ ਨੂੰ ਛੱਡ ਦੇਵੇ। ਇਸ ਲਈ ਰਾਜੇ ਨੇ ਐਲਾਨ ਕੀਤਾ ਕਿ ਯਹੂਦੀ ਆਪਣੇ ਦੇਸ਼ ਵਾਪਸ ਜਾ ਸਕਦੇ ਸਨ ਅਤੇ “ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਭਵਨ ਦੁਬਾਰਾ” ਬਣਾ ਸਕਦੇ ਸਨ। (ਅਜ਼. 1:1, 3) ਕਿੰਨੀ ਹੀ ਵਧੀਆ ਖ਼ਬਰ! ਇਹ ਖ਼ਬਰ ਸੁਣ ਕੇ ਸਾਰੇ ਯਹੂਦੀ ਖ਼ੁਸ਼ੀ ਨਾਲ ਝੂਮ ਉੱਠੇ। ਇਸ ਦਾ ਮਤਲਬ ਸੀ ਕਿ ਹੁਣ ਉਹ ਉਸ ਦੇਸ਼ ਵਿਚ ਦੁਬਾਰਾ ਤੋਂ ਪਰਮੇਸ਼ੁਰ ਦੀ ਸੱਚੀ ਭਗਤੀ ਸ਼ੁਰੂ ਕਰ ਸਕਦੇ ਸਨ ਜੋ ਦੇਸ਼ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਦਿੱਤਾ ਸੀ।
2. ਯਰੂਸ਼ਲਮ ਵਾਪਸ ਆ ਕੇ ਯਹੂਦੀਆਂ ਨੇ ਸਭ ਤੋਂ ਪਹਿਲਾਂ ਕੀ ਕੀਤਾ?
2 ਸਾਲ 537 ਈਸਵੀ ਪੂਰਵ ਵਿਚ ਯਹੂਦੀਆਂ ਦਾ ਪਹਿਲਾ ਸਮੂਹ ਯਰੂਸ਼ਲਮ ਵਾਪਸ ਆਇਆ। ਯਰੂਸ਼ਲਮ ਪਹਿਲਾਂ ਦੱਖਣੀ ਰਾਜ ਯਹੂਦਾਹ ਦੀ ਰਾਜਧਾਨੀ ਹੁੰਦਾ ਸੀ। ਯਹੂਦੀਆਂ ਨੇ ਛੇਤੀ ਹੀ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ 536 ਈਸਵੀ ਪੂਰਵ ਤਕ ਮੰਦਰ ਦੀ ਨੀਂਹ ਰੱਖ ਦਿੱਤੀ।
3. ਕਿਨ੍ਹਾਂ ਨੇ ਯਹੂਦੀਆਂ ਦਾ ਵਿਰੋਧ ਕੀਤਾ ਅਤੇ ਕਿਵੇਂ?
3 ਜਦੋਂ ਉਨ੍ਹਾਂ ਯਹੂਦੀਆਂ ਨੇ ਮੰਦਰ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ, ਤਾਂ ਆਲੇ-ਦੁਆਲੇ ਦੀਆਂ ਕੌਮਾਂ ਨੇ ਉਨ੍ਹਾਂ ਦਾ ਸਖ਼ਤ ਵਿਰੋਧ ਕੀਤਾ। “ਉਹ ਲਗਾਤਾਰ ਯਹੂਦਾਹ ਦੇ ਲੋਕਾਂ ਦਾ ਹੌਸਲਾ ਢਾਹੁੰਦੇ ਰਹੇ ਤੇ ਉਨ੍ਹਾਂ ਨੂੰ ਡਰਾਉਂਦੇ ਰਹੇ ਤਾਂਕਿ ਉਹ ਉਸਾਰੀ ਦਾ ਕੰਮ ਕਰਨਾ ਬੰਦ ਕਰ ਦੇਣ।” (ਅਜ਼. 4:4) ਯਹੂਦੀਆਂ ਨੂੰ ਇਸ ਔਖੀ ਘੜੀ ਵਿੱਚੋਂ ਲੰਘਣਾ ਹੀ ਪਿਆ, ਪਰ ਅੱਗੇ ਜਾ ਕੇ ਉਨ੍ਹਾਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ। 522 ਈਸਵੀ ਪੂਰਵ ਵਿਚ ਰਾਜਾ ਅਰਤਹਸ਼ਸ਼ਤਾ ਫ਼ਾਰਸ ਦਾ ਨਵਾਂ ਰਾਜਾ ਬਣਿਆ।b ਵਿਰੋਧੀਆਂ ਨੇ ਇਸ ਮੌਕੇ ਦਾ ਪੂਰਾ ਫ਼ਾਇਦਾ ਚੁੱਕਿਆ। ਉਨ੍ਹਾਂ ਨੇ ‘ਕਾਨੂੰਨ ਦਾ ਸਹਾਰਾ ਲੈ ਕੇ ਸਾਜ਼ਸ਼’ ਘੜੀ ਤਾਂਕਿ ਮੰਦਰ ਦੀ ਉਸਾਰੀ ਦਾ ਕੰਮ ਪੂਰੀ ਤਰ੍ਹਾਂ ਬੰਦ ਹੋ ਜਾਵੇ। (ਜ਼ਬੂ. 94:20) ਉਨ੍ਹਾਂ ਨੇ ਰਾਜਾ ਅਰਤਹਸ਼ਸ਼ਤਾ ਨੂੰ ਚਿੱਠੀ ਲਿਖ ਕੇ ਯਹੂਦੀਆਂ ਦੀ ਸ਼ਿਕਾਇਤ ਕੀਤੀ। ਉਨ੍ਹਾਂ ਨੇ ਲਿਖਿਆ ਕਿ ਯਹੂਦੀ ਲੋਕ ਰਾਜੇ ਖ਼ਿਲਾਫ਼ ਬਗਾਵਤ ਕਰਨ ਦੀ ਸਾਜ਼ਸ਼ ਘੜ ਰਹੇ ਸਨ। (ਅਜ਼. 4:11-16) ਰਾਜੇ ਨੇ ਉਨ੍ਹਾਂ ਦੇ ਝੂਠ ʼਤੇ ਯਕੀਨ ਕਰ ਲਿਆ ਅਤੇ ਮੰਦਰ ਦੀ ਉਸਾਰੀ ʼਤੇ ਰੋਕ ਲਗਾ ਦਿੱਤੀ। (ਅਜ਼. 4:17-23) ਇਸ ਕਰਕੇ ਯਹੂਦੀਆਂ ਨੇ ਉਸਾਰੀ ਦਾ ਕੰਮ ਕਰਨਾ ਬੰਦ ਕਰ ਦਿੱਤਾ।—ਅਜ਼. 4:24.
4. ਯਹੋਵਾਹ ਨੇ ਉਦੋਂ ਕੀ ਕੀਤਾ ਜਦੋਂ ਵਿਰੋਧੀਆਂ ਨੇ ਠਾਣ ਲਿਆ ਕਿ ਉਹ ਦੁਬਾਰਾ ਮੰਦਰ ਬਣਨ ਹੀ ਨਹੀਂ ਦੇਣਗੇ? (ਯਸਾਯਾਹ 55:11)
4 ਆਲੇ-ਦੁਆਲੇ ਦੀਆਂ ਕੌਮਾਂ ਅਤੇ ਫ਼ਾਰਸ ਦੇ ਕੁਝ ਅਧਿਕਾਰੀਆਂ ਨੇ ਠਾਣ ਲਿਆ ਸੀ ਕਿ ਉਹ ਦੁਬਾਰਾ ਮੰਦਰ ਬਣਨ ਹੀ ਨਹੀਂ ਦੇਣਗੇ, ਪਰ ਯਹੋਵਾਹ ਨੇ ਵੀ ਠਾਣ ਲਿਆ ਸੀ ਕਿ ਉਹ ਆਪਣੇ ਮੰਦਰ ਨੂੰ ਬਣਵਾ ਕੇ ਹੀ ਰਹੇਗਾ ਕਿਉਂਕਿ ਕੋਈ ਵੀ ਚੀਜ਼ ਯਹੋਵਾਹ ਨੂੰ ਆਪਣਾ ਮਕਸਦ ਪੂਰਾ ਕਰਨ ਤੋਂ ਰੋਕ ਨਹੀਂ ਸਕਦੀ। (ਯਸਾਯਾਹ 55:11 ਪੜ੍ਹੋ।) ਉਸ ਨੇ ਦਲੇਰ ਨਬੀ ਜ਼ਕਰਯਾਹ ਨੂੰ ਅੱਠ ਸ਼ਾਨਦਾਰ ਦਰਸ਼ਣ ਦਿਖਾਏ। ਉਸ ਨੇ ਜ਼ਕਰਯਾਹ ਨੂੰ ਕਿਹਾ ਕਿ ਉਹ ਇਨ੍ਹਾਂ ਦਰਸ਼ਣਾਂ ਬਾਰੇ ਯਹੂਦੀਆਂ ਨੂੰ ਦੱਸੇ ਤਾਂਕਿ ਉਨ੍ਹਾਂ ਦੀ ਹਿੰਮਤ ਵਧੇ। ਇਨ੍ਹਾਂ ਦਰਸ਼ਣਾਂ ਤੋਂ ਯਹੂਦੀ ਸਮਝ ਸਕੇ ਕਿ ਉਨ੍ਹਾਂ ਨੂੰ ਆਪਣੇ ਵੈਰੀਆਂ ਤੋਂ ਡਰਨ ਦੀ ਬਜਾਇ ਯਹੋਵਾਹ ਦੇ ਕੰਮਾਂ ਵਿਚ ਲੱਗੇ ਰਹਿਣਾ ਚਾਹੀਦਾ ਸੀ। ਇਨ੍ਹਾਂ ਦਰਸ਼ਣਾਂ ਵਿੱਚੋਂ ਪੰਜਵੇਂ ਦਰਸ਼ਣ ਵਿਚ ਜ਼ਕਰਯਾਹ ਨੇ ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤ ਦੇਖੇ।
5. ਇਸ ਲੇਖ ਵਿਚ ਅਸੀਂ ਕੀ ਸਿੱਖਾਂਗੇ?
5 ਯਹੋਵਾਹ ਨੇ ਜ਼ਕਰਯਾਹ ਦੇ ਪੰਜਵੇਂ ਦਰਸ਼ਣ ਰਾਹੀਂ ਯਹੂਦੀਆਂ ਨੂੰ ਹਿੰਮਤ ਦਿੱਤੀ ਸੀ। ਇਸ ਲੇਖ ਵਿਚ ਅਸੀਂ ਦੇਖਾਂਗੇ ਕਿ ਜਦੋਂ ਅਸੀਂ ਵੀ ਨਿਰਾਸ਼ ਅਤੇ ਪਰੇਸ਼ਾਨ ਹੋ ਜਾਂਦੇ ਹਾਂ, ਤਾਂ ਇਸ ਦਰਸ਼ਣ ʼਤੇ ਗੌਰ ਕਰ ਕੇ ਸਾਨੂੰ ਵੀ ਹਿੰਮਤ ਮਿਲ ਸਕਦੀ ਹੈ। ਇਸ ਦਰਸ਼ਣ ਨੂੰ ਸਮਝਣ ਨਾਲ ਸਾਡੀ ਮਦਦ ਹੋਵੇਗੀ ਕਿ ਅਸੀਂ ਉਦੋਂ ਵੀ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ ਜਦੋਂ ਸਾਡਾ ਵਿਰੋਧ ਹੁੰਦਾ ਹੈ, ਸਾਡੇ ਹਾਲਾਤ ਬਦਲ ਜਾਂਦੇ ਹਨ ਅਤੇ ਸਾਨੂੰ ਕੋਈ ਅਜਿਹੀ ਹਿਦਾਇਤ ਮਿਲਦੀ ਹੈ ਜੋ ਸਾਨੂੰ ਮੰਨਣੀ ਔਖੀ ਲੱਗਦੀ ਹੈ।
ਜਦੋਂ ਸਾਡਾ ਵਿਰੋਧ ਹੁੰਦਾ ਹੈ
6. ਜ਼ਕਰਯਾਹ 4:1-3 ਵਿਚ ਦੱਸੇ ਦਰਸ਼ਣ ਤੋਂ ਯਹੂਦੀਆਂ ਨੂੰ ਹਿੰਮਤ ਕਿਵੇਂ ਮਿਲੀ? (ਮੁੱਖ ਸਫ਼ੇ ʼਤੇ ਦਿੱਤੀ ਤਸਵੀਰ ਦੇਖੋ।)
6 ਜ਼ਕਰਯਾਹ 4:1-3 ਪੜ੍ਹੋ। ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤਾਂ ਦੇ ਦਰਸ਼ਣ ਤੋਂ ਯਹੂਦੀਆਂ ਨੂੰ ਵਿਰੋਧ ਸਹਿਣ ਦੀ ਹਿੰਮਤ ਕਿਵੇਂ ਮਿਲੀ? ਕੀ ਤੁਸੀਂ ਗੌਰ ਕੀਤਾ ਕਿ ਸ਼ਮਾਦਾਨ ਵਿਚ ਲਗਾਤਾਰ ਤੇਲ ਕਿੱਥੋਂ ਪੈ ਰਿਹਾ ਸੀ? ਜ਼ੈਤੂਨ ਦੇ ਦੋ ਦਰਖ਼ਤਾਂ ਤੋਂ ਸ਼ਮਾਦਾਨ ਦੇ ਸਿਰੇ ʼਤੇ ਕਟੋਰੇ ਵਿਚ ਲਗਾਤਾਰ ਤੇਲ ਪੈ ਰਿਹਾ ਸੀ ਅਤੇ ਇਹ ਤੇਲ ਸ਼ਮਾਦਾਨ ਦੇ ਸੱਤ ਦੀਵਿਆਂ ਵਿਚ ਜਾ ਰਿਹਾ ਸੀ। ਇਸ ਤੇਲ ਕਰਕੇ ਦੀਵੇ ਲਗਾਤਾਰ ਬਲ਼ ਰਹੇ ਸਨ। ਇਹ ਦਰਸ਼ਣ ਦੇਖ ਕੇ ਜ਼ਕਰਯਾਹ ਨੇ ਪੁੱਛਿਆ: “ਇਨ੍ਹਾਂ ਚੀਜ਼ਾਂ ਦਾ ਕੀ ਮਤਲਬ ਹੈ?” ਦੂਤ ਨੇ ਉਸ ਨੂੰ ਜਵਾਬ ਦਿੱਤਾ: “‘ਇਹ ਸਭ ਨਾ ਤਾਂ ਫ਼ੌਜੀ ਤਾਕਤ ਨਾਲ ਤੇ ਨਾ ਹੀ ਇਨਸਾਨੀ ਤਾਕਤ ਨਾਲ, ਸਗੋਂ ਮੇਰੀ ਸ਼ਕਤੀ ਨਾਲ ਹੋਵੇਗਾ,’ ਸੈਨਾਵਾਂ ਦਾ ਯਹੋਵਾਹ ਕਹਿੰਦਾ ਹੈ।” (ਜ਼ਕ. 4:4, 6) ਦਰਖ਼ਤਾਂ ਦਾ ਤੇਲ ਯਹੋਵਾਹ ਦੀ ਜ਼ਬਰਦਸਤ ਪਵਿੱਤਰ ਸ਼ਕਤੀ ਨੂੰ ਦਰਸਾਉਂਦਾ ਹੈ ਜੋ ਕਦੇ ਵੀ ਖ਼ਤਮ ਨਹੀਂ ਹੁੰਦੀ। ਇਸ ਦਰਸ਼ਣ ਰਾਹੀਂ ਯਹੋਵਾਹ ਯਹੂਦੀਆਂ ਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਉਸ ਦੀ ਪਵਿੱਤਰ ਸ਼ਕਤੀ ਸਾਮ੍ਹਣੇ ਫ਼ਾਰਸ ਦੇ ਸਾਮਰਾਜ ਦੀ ਫ਼ੌਜੀ ਤਾਕਤ ਕੁਝ ਵੀ ਨਹੀਂ ਸੀ। ਯਹੋਵਾਹ ਉਨ੍ਹਾਂ ਦੇ ਨਾਲ ਸੀ, ਇਸ ਲਈ ਉਨ੍ਹਾਂ ਨੂੰ ਵਿਰੋਧੀਆਂ ਤੋਂ ਡਰਨ ਦੀ ਬਜਾਇ ਆਪਣੇ ਕੰਮਾਂ ਵਿਚ ਲੱਗੇ ਰਹਿਣਾ ਚਾਹੀਦਾ ਸੀ। ਇਹ ਸੰਦੇਸ਼ ਸੁਣ ਕੇ ਯਹੂਦੀਆਂ ਨੂੰ ਕਿੰਨੀ ਹਿੰਮਤ ਮਿਲੀ ਹੋਣੀ! ਭਾਵੇਂ ਕਿ ਅਧਿਕਾਰੀਆਂ ਨੇ ਮੰਦਰ ਬਣਾਉਣ ਦੇ ਕੰਮ ʼਤੇ ਰੋਕ ਲਾ ਦਿੱਤੀ ਸੀ, ਫਿਰ ਵੀ ਯਹੂਦੀਆਂ ਨੇ ਯਹੋਵਾਹ ʼਤੇ ਭਰੋਸਾ ਰੱਖਿਆ ਅਤੇ ਉਸਾਰੀ ਦਾ ਕੰਮ ਜਾਰੀ ਰੱਖਿਆ।
7. ਕਿਹੜਾ ਬਦਲਾਅ ਹੋਣ ਕਰਕੇ ਯਹੂਦੀਆਂ ਨੂੰ ਰਾਹਤ ਮਿਲੀ?
7 ਇਕ ਹੋਰ ਬਦਲਾਅ ਹੋਣ ਕਰਕੇ ਯਹੂਦੀਆਂ ਨੂੰ ਬਹੁਤ ਰਾਹਤ ਮਿਲੀ। 520 ਈਸਵੀ ਪੂਰਵ ਵਿਚ ਦਾਰਾ ਪਹਿਲਾ ਫ਼ਾਰਸ ਵਿਚ ਰਾਜ ਕਰਨ ਲੱਗ ਪਿਆ। ਰਾਜਾ ਦਾਰਾ ਨੂੰ ਆਪਣੇ ਰਾਜ ਦੇ ਦੂਜੇ ਸਾਲ ਪਤਾ ਲੱਗਾ ਕਿ ਮੰਦਰ ਦੀ ਉਸਾਰੀ ʼਤੇ ਲਾਈ ਰੋਕ ਗ਼ੈਰ-ਕਾਨੂੰਨੀ ਸੀ। ਇਸ ਲਈ ਰਾਜੇ ਨੇ ਉਸਾਰੀ ਦੇ ਕੰਮ ʼਤੇ ਲੱਗੀ ਰੋਕ ਹਟਾ ਦਿੱਤੀ। (ਅਜ਼. 6:1-3) ਇਹ ਖ਼ਬਰ ਸੁਣ ਕੇ ਸਾਰੇ ਬਹੁਤ ਹੈਰਾਨ ਹੋਏ। ਇਸ ਤੋਂ ਇਲਾਵਾ, ਰਾਜਾ ਦਾਰਾ ਨੇ ਇਹ ਵੀ ਹੁਕਮ ਦਿੱਤਾ ਕਿ ਆਲੇ-ਦੁਆਲੇ ਦੀਆਂ ਕੌਮਾਂ ਯਹੂਦੀਆਂ ਲਈ ਹੋਰ ਮੁਸ਼ਕਲਾਂ ਖੜ੍ਹੀਆਂ ਕਰਨ ਦੀ ਬਜਾਇ ਉਨ੍ਹਾਂ ਨੂੰ ਪੈਸੇ ਅਤੇ ਹੋਰ ਜ਼ਰੂਰੀ ਚੀਜ਼ਾਂ ਦੇਣ। (ਅਜ਼. 6:7-12) ਇਸ ਕਰਕੇ ਯਹੂਦੀਆਂ ਨੇ ਪੰਜ ਸਾਲਾਂ ਦੇ ਅੰਦਰ-ਅੰਦਰ ਯਾਨੀ 515 ਈਸਵੀ ਪੂਰਵ ਵਿਚ ਮੰਦਰ ਦੀ ਉਸਾਰੀ ਦਾ ਕੰਮ ਪੂਰਾ ਕਰ ਲਿਆ।—ਅਜ਼. 6:15.
8. ਵਿਰੋਧ ਹੋਣ ʼਤੇ ਤੁਸੀਂ ਹਿੰਮਤ ਕਿਵੇਂ ਰੱਖ ਸਕਦੇ ਹੋ?
8 ਅੱਜ ਵੀ ਯਹੋਵਾਹ ਦੇ ਬਹੁਤ ਸਾਰੇ ਸੇਵਕਾਂ ਦਾ ਵਿਰੋਧ ਹੁੰਦਾ ਹੈ। ਉਦਾਹਰਣ ਲਈ, ਕੁਝ ਭੈਣ-ਭਰਾ ਅਜਿਹੇ ਦੇਸ਼ਾਂ ਵਿਚ ਰਹਿੰਦੇ ਹਨ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲਾਈ ਗਈ ਹੈ। ਉਨ੍ਹਾਂ ਦੇਸ਼ਾਂ ਵਿਚ ਸ਼ਾਇਦ ਸਾਡੇ ਭੈਣਾਂ-ਭਰਾਵਾਂ ਨੂੰ ਗਿਰਫ਼ਤਾਰ ਕੀਤਾ ਜਾਵੇ ਅਤੇ “ਸਰਕਾਰੀ ਅਧਿਕਾਰੀਆਂ ਅਤੇ ਰਾਜਿਆਂ ਦੇ ਸਾਮ੍ਹਣੇ ਪੇਸ਼” ਕੀਤਾ ਜਾਵੇ ਜਿੱਥੇ ਉਨ੍ਹਾਂ ਨੂੰ ਗਵਾਹੀ ਦੇਣ ਦਾ ਮੌਕਾ ਮਿਲੇ। (ਮੱਤੀ 10:17, 18) ਪਰ ਹੋ ਸਕਦਾ ਹੈ ਕਿ ਕੁਝ ਸਮੇਂ ਬਾਅਦ ਸਰਕਾਰ ਹੀ ਬਦਲ ਜਾਵੇ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ-ਟੋਕ ਦੇ ਭਗਤੀ ਕਰਨ ਦੀ ਆਜ਼ਾਦੀ ਮਿਲ ਜਾਵੇ। ਜਾਂ ਫਿਰ ਹੋ ਸਕਦਾ ਹੈ ਕਿ ਕੋਈ ਜੱਜ ਸਾਡੇ ਭੈਣਾਂ-ਭਰਾਵਾਂ ਦੇ ਪੱਖ ਵਿਚ ਫ਼ੈਸਲਾ ਸੁਣਾਵੇ। ਇਸ ਤੋਂ ਇਲਾਵਾ, ਕਈ ਦੇਸ਼ਾਂ ਵਿਚ ਸਾਡੇ ਭੈਣਾਂ-ਭਰਾਵਾਂ ਨੂੰ ਯਹੋਵਾਹ ਦੀ ਭਗਤੀ ਕਰਨ ਦੀ ਆਜ਼ਾਦੀ ਹੈ, ਪਰ ਉਨ੍ਹਾਂ ਦੇ ਘਰਦੇ ਉਨ੍ਹਾਂ ਦਾ ਵਿਰੋਧ ਕਰਦੇ ਹਨ। (ਮੱਤੀ 10:32-36) ਫਿਰ ਵੀ ਉਹ ਹਿੰਮਤ ਨਹੀਂ ਹਾਰਦੇ ਅਤੇ ਯਹੋਵਾਹ ਦੀ ਸੇਵਾ ਕਰਨ ਵਿਚ ਲੱਗੇ ਰਹਿੰਦੇ ਹਨ। ਇਹ ਦੇਖ ਕੇ ਕਈ ਵਾਰ ਉਨ੍ਹਾਂ ਦੇ ਘਰਦੇ ਵਿਰੋਧ ਕਰਨਾ ਛੱਡ ਦਿੰਦੇ ਹਨ। ਨਾਲੇ ਕਈ ਵਾਰ ਇਹ ਵੀ ਦੇਖਿਆ ਗਿਆ ਹੈ ਕਿ ਜਿਨ੍ਹਾਂ ਭੈਣਾਂ-ਭਰਾਵਾਂ ਦਾ ਸਖ਼ਤ ਵਿਰੋਧ ਕੀਤਾ ਗਿਆ, ਬਾਅਦ ਵਿਚ ਉਹ ਜੋਸ਼ੀਲੇ ਪ੍ਰਚਾਰਕ ਬਣ ਗਏ। ਇਸ ਲਈ ਜਦੋਂ ਤੁਹਾਡਾ ਵਿਰੋਧ ਹੁੰਦਾ ਹੈ, ਤਾਂ ਹਾਰ ਨਾ ਮੰਨੋ, ਹੌਸਲਾ ਰੱਖੋ! ਯਹੋਵਾਹ ਤੁਹਾਡੇ ਨਾਲ ਹੈ ਅਤੇ ਉਹ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਨਾਲ ਤੁਹਾਡੀ ਮਦਦ ਕਰਦਾ ਹੈ। ਇਸ ਲਈ ਤੁਹਾਨੂੰ ਬਿਲਕੁਲ ਵੀ ਡਰਨ ਦੀ ਲੋੜ ਨਹੀਂ ਹੈ।
ਜਦੋਂ ਸਾਡੇ ਹਾਲਾਤ ਬਦਲ ਜਾਂਦੇ ਹਨ
9. ਜਦੋਂ ਨਵੇਂ ਮੰਦਰ ਦੀ ਨੀਂਹ ਰੱਖੀ ਗਈ, ਤਾਂ ਕੁਝ ਯਹੂਦੀ ਨਿਰਾਸ਼ ਕਿਉਂ ਹੋਏ?
9 ਜਦੋਂ ਨਵੇਂ ਮੰਦਰ ਦੀ ਨੀਂਹ ਰੱਖੀ ਗਈ, ਤਾਂ ਕੁਝ ਸਿਆਣੀ ਉਮਰ ਦੇ ਯਹੂਦੀ ਰੋਏ। (ਅਜ਼. 3:12) ਉਨ੍ਹਾਂ ਨੇ ਸੁਲੇਮਾਨ ਦੁਆਰਾ ਬਣਾਏ ਮੰਦਰ ਦੀ ਸ਼ਾਨੋ-ਸ਼ੌਕਤ ਦੇਖੀ ਸੀ, ਇਸ ਲਈ ਉਨ੍ਹਾਂ ਨੂੰ ਲੱਗਾ ਕਿ ਨਵਾਂ ਮੰਦਰ ਤਾਂ ਉਸ ਦੇ “ਮੁਕਾਬਲੇ ਕੁਝ ਵੀ ਨਹੀਂ” ਹੋਵੇਗਾ। (ਹੱਜ. 2:2, 3) ਇਸ ਨਵੇਂ ਮੰਦਰ ਦੀ ਪੁਰਾਣੇ ਮੰਦਰ ਨਾਲ ਤੁਲਨਾ ਕਰਨ ਕਰਕੇ ਉਹ ਬਹੁਤ ਜ਼ਿਆਦਾ ਨਿਰਾਸ਼ ਹੋ ਗਏ। ਜ਼ਕਰਯਾਹ ਦੇ ਦਰਸ਼ਣ ਨੇ ਇਸ ਨਿਰਾਸ਼ਾ ਵਿੱਚੋਂ ਨਿਕਲਣ ਵਿਚ ਉਨ੍ਹਾਂ ਦੀ ਮਦਦ ਕਰਨੀ ਸੀ। ਕਿਵੇਂ?
10. ਜ਼ਕਰਯਾਹ 4:8-10 ਵਿਚ ਦਰਜ ਦੂਤ ਦੇ ਸ਼ਬਦਾਂ ਤੋਂ ਯਹੂਦੀਆਂ ਨੂੰ ਭਰੋਸਾ ਕਿਵੇਂ ਮਿਲਿਆ?
10 ਜ਼ਕਰਯਾਹ 4:8-10 ਪੜ੍ਹੋ। ਦਰਸ਼ਣ ਵਿਚ ਦੂਤ ਨੇ ਕਿਹਾ ਕਿ ਯਹੂਦੀ ਖ਼ੁਸ਼ ਹੋਣਗੇ ਅਤੇ ਰਾਜਪਾਲ “ਜ਼ਰੁਬਾਬਲ ਦੇ ਹੱਥ ਵਿਚ ਸਾਹਲ ਦੇਖਣਗੇ।” ਦੂਤ ਦੇ ਕਹਿਣ ਦਾ ਕੀ ਮਤਲਬ ਸੀ? ਸਾਹਲ ਦੀ ਮਦਦ ਨਾਲ ਰਾਜ ਮਿਸਤਰੀ ਦੇਖਦਾ ਹੈ ਕਿ ਕੰਧ ਸਿੱਧੀ ਬਣੀ ਹੈ ਜਾਂ ਟੇਢੀ। ਦੂਤ ਯਹੂਦੀਆਂ ਨੂੰ ਭਰੋਸਾ ਦਿਵਾ ਰਿਹਾ ਸੀ ਕਿ ਭਾਵੇਂ ਨਵੇਂ ਮੰਦਰ ਦੀ ਸ਼ਾਨੋ-ਸ਼ੌਕਤ ਸੁਲੇਮਾਨ ਦੇ ਮੰਦਰ ਜਿੰਨੀ ਨਹੀਂ ਹੋਵੇਗੀ, ਫਿਰ ਵੀ ਉਹ ਯਹੋਵਾਹ ਦੇ ਮਿਆਰਾਂ ਮੁਤਾਬਕ ਬਣੇਗਾ ਅਤੇ ਯਹੋਵਾਹ ਉਸ ਮੰਦਰ ਤੋਂ ਖ਼ੁਸ਼ ਹੋਵੇਗਾ। ਇਸ ਲਈ ਉਨ੍ਹਾਂ ਨੂੰ ਵੀ ਖ਼ੁਸ਼ ਹੋਣਾ ਚਾਹੀਦਾ। ਯਹੋਵਾਹ ਲਈ ਇਹ ਗੱਲ ਮਾਅਨੇ ਨਹੀਂ ਰੱਖਦੀ ਸੀ ਕਿ ਨਵਾਂ ਮੰਦਰ ਦਿਸਣ ਵਿਚ ਕਿਹੋ ਜਿਹਾ ਹੋਣਾ ਸੀ, ਸਗੋਂ ਇਹ ਗੱਲ ਮਾਅਨੇ ਰੱਖਦੀ ਸੀ ਕਿ ਨਵੇਂ ਮੰਦਰ ਵਿਚ ਉਸ ਦੀ ਮਰਜ਼ੀ ਮੁਤਾਬਕ ਭਗਤੀ ਕੀਤੀ ਜਾਣੀ ਸੀ। ਇਸ ਲਈ ਜੇ ਯਹੂਦੀ ਆਪਣਾ ਪੂਰਾ ਧਿਆਨ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਅਤੇ ਉਸ ਦੀ ਮਨਜ਼ੂਰੀ ਪਾਉਣ ʼਤੇ ਲਾਉਂਦੇ, ਤਾਂ ਉਨ੍ਹਾਂ ਨੂੰ ਦੁਬਾਰਾ ਖ਼ੁਸ਼ੀ ਮਿਲਣੀ ਸੀ।
11. ਅੱਜ ਯਹੋਵਾਹ ਦੇ ਕੁਝ ਸੇਵਕ ਨਿਰਾਸ਼ ਕਿਉਂ ਹੋ ਸਕਦੇ ਹਨ?
11 ਹਾਲਾਤ ਬਦਲਣ ਕਰਕੇ ਸਾਡੇ ਵਿੱਚੋਂ ਕਈ ਜਣੇ ਨਿਰਾਸ਼ ਹੋ ਸਕਦੇ ਹਨ। ਸ਼ਾਇਦ ਲੰਬੇ ਸਮੇਂ ਤੋਂ ਖ਼ਾਸ ਪੂਰੇ ਸਮੇਂ ਦੀ ਸੇਵਾ ਕਰ ਰਹੇ ਭੈਣਾਂ-ਭਰਾਵਾਂ ਦੀ ਜ਼ਿੰਮੇਵਾਰੀ ਬਦਲ ਜਾਵੇ। ਜਾਂ ਕੁਝ ਭੈਣਾਂ-ਭਰਾਵਾਂ ਨੂੰ ਵਧਦੀ ਉਮਰ ਕਰਕੇ ਉਹ ਜ਼ਿੰਮੇਵਾਰੀ ਛੱਡਣੀ ਪਵੇ ਜੋ ਉਨ੍ਹਾਂ ਨੂੰ ਬਹੁਤ ਪਸੰਦ ਹੋਵੇ। ਇਸ ਤਰ੍ਹਾਂ ਹੋਣ ਤੇ ਨਿਰਾਸ਼ ਹੋਣਾ ਸੁਭਾਵਕ ਹੈ। ਸ਼ੁਰੂ-ਸ਼ੁਰੂ ਵਿਚ ਸ਼ਾਇਦ ਸਾਨੂੰ ਇਹ ਸਮਝ ਨਾ ਆਵੇ ਕਿ ਇਹ ਫ਼ੈਸਲਾ ਕਿਉਂ ਲਿਆ ਗਿਆ ਹੈ ਜਾਂ ਅਸੀਂ ਇਸ ਫ਼ੈਸਲੇ ਨਾਲ ਸਹਿਮਤ ਨਾ ਹੋਈਏ। ਨਾਲੇ ਇਹ ਵੀ ਹੋ ਸਕਦਾ ਹੈ ਕਿ ਅਸੀਂ ਜਿਸ ਤਰੀਕੇ ਨਾਲ ਆਪਣਾ ਕੰਮ ਕਰਦੇ ਸੀ, ਸਾਨੂੰ ਉਹ ਸਭ ਕੁਝ ਯਾਦ ਆਵੇ। ਇਸ ਕਰਕੇ ਸ਼ਾਇਦ ਅਸੀਂ ਨਿਰਾਸ਼ ਹੋ ਜਾਈਏ ਅਤੇ ਸੋਚੀਏ ਕਿ ਹੁਣ ਅਸੀਂ ਯਹੋਵਾਹ ਲਈ ਕਿਸੇ ਕੰਮ ਦੇ ਨਹੀਂ ਰਹੇ। (ਕਹਾ. 24:10) ਅਜਿਹੇ ਹਾਲਾਤਾਂ ਵਿਚ ਜ਼ਕਰਯਾਹ ਦਾ ਦਰਸ਼ਣ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨ ਵਿਚ ਕਿਵੇਂ ਸਾਡੀ ਮਦਦ ਕਰ ਸਕਦਾ ਹੈ? ਆਓ ਦੇਖੀਏ।
12. ਜਦੋਂ ਬਦਲਦੇ ਹਾਲਾਤਾਂ ਕਰਕੇ ਅਸੀਂ ਨਿਰਾਸ਼ ਹੁੰਦੇ ਹਾਂ, ਤਾਂ ਜ਼ਕਰਯਾਹ ਦਾ ਦਰਸ਼ਣ ਕਿਵੇਂ ਸਾਡੀ ਮਦਦ ਕਰ ਸਕਦਾ ਹੈ?
12 ਜਦੋਂ ਅਸੀਂ ਹਾਲਾਤਾਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹਾਂ, ਤਾਂ ਅਸੀਂ ਬਦਲਦੇ ਹਾਲਾਤਾਂ ਵਿਚ ਚੰਗੀ ਤਰ੍ਹਾਂ ਢਲ਼ ਪਾਉਂਦੇ ਹਾਂ। ਅੱਜ ਯਹੋਵਾਹ ਵੱਡੇ-ਵੱਡੇ ਕੰਮ ਕਰ ਰਿਹਾ ਹੈ ਅਤੇ ਸਾਡੇ ਕੋਲ ਉਸ ਨਾਲ ਮਿਲ ਕੇ ਕੰਮ ਕਰਨ ਦਾ ਖ਼ਾਸ ਸਨਮਾਨ ਹੈ। (1 ਕੁਰਿੰ. 3:9) ਸ਼ਾਇਦ ਸਾਡੀਆਂ ਜ਼ਿੰਮੇਵਾਰੀਆਂ ਬਦਲ ਜਾਣ, ਪਰ ਸਾਡੇ ਲਈ ਯਹੋਵਾਹ ਦਾ ਪਿਆਰ ਕਦੇ ਨਹੀਂ ਬਦਲਦਾ। ਇਸ ਲਈ ਜੇ ਸੰਗਠਨ ਵਿਚ ਹੋਏ ਕਿਸੇ ਬਦਲਾਅ ਕਰਕੇ ਤੁਹਾਡੀ ਜ਼ਿੰਦਗੀ ਬਦਲ ਗਈ ਹੈ, ਤਾਂ ਇਹ ਸੋਚ-ਸੋਚ ਕੇ ਪਰੇਸ਼ਾਨ ਨਾ ਹੋਵੋ ਕਿ ਇਹ ਬਦਲਾਅ ਕਿਉਂ ਹੋਇਆ ਅਤੇ ਨਾ ਹੀ ਇਹ ਸੋਚੋ ਕਿ “ਬੀਤ ਚੁੱਕਾ ਸਮਾਂ” ਜ਼ਿਆਦਾ ਵਧੀਆ ਸੀ। (ਉਪ. 7:10) ਇਸ ਦੀ ਬਜਾਇ, ਯਹੋਵਾਹ ਨੂੰ ਪ੍ਰਾਰਥਨਾ ਕਰੋ ਕਿ ਉਹ ਬਦਲਦੇ ਹਾਲਾਤਾਂ ਵਿਚ ਵੀ ਤੁਹਾਡੀ ਖ਼ੁਸ਼ ਰਹਿਣ ਵਿਚ ਮਦਦ ਕਰੇ। ਨਾਲੇ ਇਹ ਨਾ ਸੋਚੋ ਕਿ ਤੁਸੀਂ ਕੀ ਨਹੀਂ ਕਰ ਸਕਦੇ, ਸਗੋਂ ਇਹ ਸੋਚੋ ਕਿ ਤੁਸੀਂ ਹੁਣ ਕੀ ਕਰ ਸਕਦੇ ਹੋ। ਜ਼ਕਰਯਾਹ ਦੇ ਦਰਸ਼ਣ ਤੋਂ ਅਸੀਂ ਸਿੱਖਦੇ ਹਾਂ ਕਿ ਸਾਡੇ ਲਈ ਚੰਗਾ ਰਵੱਈਆ ਬਣਾਈ ਰੱਖਣਾ ਕਿੰਨਾ ਜ਼ਰੂਰੀ ਹੈ। ਇਸ ਤਰ੍ਹਾਂ ਅਸੀਂ ਆਪਣੀ ਖ਼ੁਸ਼ੀ ਬਣਾਈ ਰੱਖਾਂਗੇ ਅਤੇ ਬਦਲਦੇ ਹਾਲਾਤਾਂ ਵਿਚ ਵੀ ਯਹੋਵਾਹ ਦੇ ਵਫ਼ਾਦਾਰ ਰਹਾਂਗੇ।
ਜਦੋਂ ਹਿਦਾਇਤਾਂ ਮੰਨਣੀਆਂ ਔਖੀਆਂ ਲੱਗਦੀਆਂ ਹਨ
13. ਕੁਝ ਯਹੂਦੀਆਂ ਨੂੰ ਸ਼ਾਇਦ ਕਿਉਂ ਲੱਗਾ ਕਿ ਮੰਦਰ ਨੂੰ ਦੁਬਾਰਾ ਬਣਾਉਣ ਦੀ ਹਿਦਾਇਤ ਗ਼ਲਤ ਸੀ?
13 ਮੰਦਰ ਦੇ ਕੰਮ ʼਤੇ ਰੋਕ ਲੱਗੀ ਹੋਈ ਸੀ। ਪਰ ਯਹੂਦੀਆਂ ਦੇ ਦੋਵੇਂ ਆਗੂ ਮਹਾਂ ਪੁਜਾਰੀ ਯੇਸ਼ੂਆ (ਯਹੋਸ਼ੁਆ) ਅਤੇ ਰਾਜਪਾਲ ਜ਼ਰੁਬਾਬਲ ਨੇ “ਪਰਮੇਸ਼ੁਰ ਦਾ ਭਵਨ ਦੁਬਾਰਾ ਬਣਾਉਣਾ ਸ਼ੁਰੂ ਕੀਤਾ।” (ਅਜ਼. 5:1, 2) ਉਨ੍ਹਾਂ ਨੂੰ ਇੱਦਾਂ ਕਰਦਿਆਂ ਦੇਖ ਕੇ ਕੁਝ ਯਹੂਦੀਆਂ ਨੂੰ ਲੱਗਾ ਕਿ ਉਹ ਗ਼ਲਤ ਕਰ ਰਹੇ ਸਨ। ਕਿਉਂ? ਕਿਉਂਕਿ ਮੰਦਰ ਦਾ ਕੰਮ ਲੁਕ-ਛਿਪ ਕੇ ਨਹੀਂ ਕੀਤਾ ਜਾ ਸਕਦਾ ਸੀ ਅਤੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਰੋਕਣ ਲਈ ਕਿਸੇ ਵੀ ਹੱਦ ਤਕ ਜਾ ਸਕਦੇ ਸਨ। ਯਹੋਸ਼ੁਆ ਅਤੇ ਜ਼ਰੁਬਾਬਲ ਨੂੰ ਭਰੋਸੇ ਦੀ ਲੋੜ ਸੀ ਕਿ ਯਹੋਵਾਹ ਉਨ੍ਹਾਂ ਦੋਹਾਂ ਦੇ ਨਾਲ ਸੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਇਆ। ਆਓ ਦੇਖੀਏ ਕਿਵੇਂ।
14. ਜ਼ਕਰਯਾਹ 4:12, 14 ਮੁਤਾਬਕ ਮਹਾਂ ਪੁਜਾਰੀ ਯਹੋਸ਼ੁਆ ਅਤੇ ਰਾਜਪਾਲ ਜ਼ਰੁਬਾਬਲ ਨੂੰ ਕਿਸ ਗੱਲ ਦਾ ਭਰੋਸਾ ਦਿਵਾਇਆ ਗਿਆ?
14 ਜ਼ਕਰਯਾਹ 4:12, 14 ਪੜ੍ਹੋ। ਜ਼ਕਰਯਾਹ ਦੇ ਦਰਸ਼ਣ ਦੇ ਇਸ ਹਿੱਸੇ ਵਿਚ ਦੂਤ ਨੇ ਦੱਸਿਆ ਕਿ ਜ਼ੈਤੂਨ ਦੇ ਦੋ ਦਰਖ਼ਤ ‘ਦੋ ਚੁਣੇ ਹੋਏ ਸੇਵਕਾਂ’ ਯਹੋਸ਼ੁਆ ਅਤੇ ਜ਼ਰੁਬਾਬਲ ਨੂੰ ਦਰਸਾਉਂਦੇ ਸਨ। ਦਰਸ਼ਣ ਮੁਤਾਬਕ ਉਹ ਦੋਵੇਂ ਆਦਮੀ “ਸਾਰੀ ਧਰਤੀ ਦੇ ਮਾਲਕ [ਯਹੋਵਾਹ] ਨਾਲ ਖੜ੍ਹੇ” ਸਨ। ਇਹ ਉਨ੍ਹਾਂ ਲਈ ਕਿੰਨਾ ਹੀ ਵੱਡਾ ਸਨਮਾਨ ਸੀ! ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੂੰ ਉਨ੍ਹਾਂ ʼਤੇ ਪੂਰਾ ਭਰੋਸਾ ਸੀ। ਇਸ ਲਈ ਇਜ਼ਰਾਈਲੀਆਂ ਨੂੰ ਉਨ੍ਹਾਂ ਦੋਹਾਂ ਆਦਮੀਆਂ ਦੀ ਹਰ ਗੱਲ ਮੰਨਣੀ ਚਾਹੀਦੀ ਸੀ ਕਿਉਂਕਿ ਯਹੋਵਾਹ ਨੇ ਹੀ ਉਨ੍ਹਾਂ ਦੋਹਾਂ ਨੂੰ ਅਗਵਾਈ ਕਰਨ ਲਈ ਚੁਣਿਆ ਸੀ।
15. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਯਹੋਵਾਹ ਦੇ ਬਚਨ ਵਿੱਚੋਂ ਮਿਲਦੀਆਂ ਹਿਦਾਇਤਾਂ ਦੀ ਕਦਰ ਕਰਦੇ ਹਾਂ?
15 ਯਹੋਵਾਹ ਅੱਜ ਕਈ ਤਰੀਕਿਆਂ ਨਾਲ ਆਪਣੇ ਲੋਕਾਂ ਨੂੰ ਹਿਦਾਇਤਾਂ ਦਿੰਦਾ ਹੈ। ਇਸ ਤਰ੍ਹਾਂ ਕਰਨ ਦਾ ਇਕ ਤਰੀਕਾ ਹੈ, ਉਸ ਦਾ ਬਚਨ ਬਾਈਬਲ। ਇਸ ਪਵਿੱਤਰ ਗ੍ਰੰਥ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅਸੀਂ ਉਸ ਦੀ ਭਗਤੀ ਕਿਸ ਤਰੀਕੇ ਨਾਲ ਕਰ ਸਕਦੇ ਹਾਂ। ਜਦੋਂ ਅਸੀਂ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਨੂੰ ਧਿਆਨ ਨਾਲ ਪੜ੍ਹਦੇ ਅਤੇ ਸਮਝਦੇ ਹਾਂ, ਤਾਂ ਅਸੀਂ ਦਿਖਾਉਂਦੇ ਹਾਂ ਕਿ ਅਸੀਂ ਇਸ ਵਿੱਚੋਂ ਮਿਲਦੀਆਂ ਹਿਦਾਇਤਾਂ ਦੀ ਕਦਰ ਕਰਦੇ ਹਾਂ। ਆਪਣੇ ਆਪ ਤੋਂ ਪੁੱਛੋ: ‘ਜਦੋਂ ਮੈਂ ਬਾਈਬਲ ਜਾਂ ਕੋਈ ਪ੍ਰਕਾਸ਼ਨ ਪੜ੍ਹਦਾ ਹਾਂ, ਤਾਂ ਕੀ ਮੈਂ ਰੁਕ ਕੇ ਇਸ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਦਾ ਹਾਂ? ਜਦੋਂ ਮੈਨੂੰ ਬਾਈਬਲ ਦੀਆਂ ਕੁਝ ਸੱਚਾਈਆਂ “ਸਮਝਣੀਆਂ ਔਖੀਆਂ” ਲੱਗਦੀਆਂ ਹਨ, ਤਾਂ ਕੀ ਮੈਂ ਉਨ੍ਹਾਂ ਬਾਰੇ ਖੋਜਬੀਨ ਕਰਦਾ ਹਾਂ? ਜਾਂ ਕੀ ਮੈਂ ਸਾਰਾ ਕੁਝ ਫਟਾਫਟ ਪੜ੍ਹ ਕੇ ਖ਼ਤਮ ਕਰ ਦਿੰਦਾ ਹਾਂ?’ (2 ਪਤ. 3:16) ਜੇ ਅਸੀਂ ਯਹੋਵਾਹ ਦੁਆਰਾ ਸਿਖਾਈਆਂ ਸਾਰੀਆਂ ਗੱਲਾਂ ਬਾਰੇ ਸਮਾਂ ਕੱਢ ਕੇ ਸੋਚ-ਵਿਚਾਰ ਕਰਾਂਗੇ, ਤਾਂ ਅਸੀਂ ਉਸ ਦੀਆਂ ਹਿਦਾਇਤਾਂ ਨੂੰ ਮੰਨ ਸਕਾਂਗੇ ਅਤੇ ਪ੍ਰਚਾਰ ਦਾ ਆਪਣਾ ਕੰਮ ਪੂਰਾ ਕਰ ਸਕਾਂਗੇ।—1 ਤਿਮੋ. 4:15, 16.
16. ਜਦੋਂ ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਵੱਲੋਂ ਮਿਲਦੀਆਂ ਹਿਦਾਇਤਾਂ ਪੂਰੀ ਤਰ੍ਹਾਂ ਸਮਝ ਨਹੀਂ ਆਉਂਦੀਆਂ, ਤਾਂ ਅਸੀਂ ਕੀ ਕਰ ਸਕਦੇ ਹਾਂ?
16 ਯਹੋਵਾਹ ਸਾਨੂੰ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਰਾਹੀਂ ਵੀ ਹਿਦਾਇਤਾਂ ਦਿੰਦਾ ਹੈ। (ਮੱਤੀ 24:45) ਇਸ ਨੌਕਰ ਵੱਲੋਂ ਮਿਲਦੀਆਂ ਹਿਦਾਇਤਾਂ ਕਈ ਵਾਰੀ ਸ਼ਾਇਦ ਸਾਨੂੰ ਪੂਰੀ ਤਰ੍ਹਾਂ ਸਮਝ ਨਾ ਆਉਣ। ਉਦਾਹਰਣ ਲਈ, ਉਹ ਸਾਨੂੰ ਕੁਦਰਤੀ ਆਫ਼ਤਾਂ ਤੋਂ ਬਚਣ ਦੀ ਤਿਆਰੀ ਕਰਨ ਲਈ ਕੁਝ ਖ਼ਾਸ ਹਿਦਾਇਤਾਂ ਦਿੰਦਾ ਹੈ। ਅਸੀਂ ਸ਼ਾਇਦ ਸੋਚੀਏ ਕਿ ਸਾਡੇ ਇਲਾਕੇ ਵਿਚ ਇਹ ਆਫ਼ਤਾਂ ਨਹੀਂ ਆਉਣਗੀਆਂ। ਜਾਂ ਕਿਸੇ ਮਹਾਂਮਾਰੀ ਬਾਰੇ ਇਸ ਨੌਕਰ ਦੀਆਂ ਹਿਦਾਇਤਾਂ ਸੁਣ ਕੇ ਸ਼ਾਇਦ ਲੱਗੇ ਕਿ ਉਹ ਸਾਨੂੰ ਹੱਦੋਂ ਵੱਧ ਸਾਵਧਾਨੀ ਵਰਤਣ ਲਈ ਕਹਿ ਰਿਹਾ ਹੈ। ਜੇ ਸਾਨੂੰ ਲੱਗਦਾ ਹੈ ਕਿ ਉਸ ਦੀਆਂ ਹਿਦਾਇਤਾਂ ਮੰਨਣੀਆਂ ਸਮਝਦਾਰੀ ਦੀ ਗੱਲ ਨਹੀਂ ਹੈ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਅਸੀਂ ਸੋਚ ਸਕਦੇ ਹਾਂ ਕਿ ਜਦੋਂ ਇਜ਼ਰਾਈਲੀਆਂ ਨੇ ਯਹੋਸ਼ੁਆ ਅਤੇ ਜ਼ਰੁਬਾਬਲ ਦੀ ਸਲਾਹ ਮੰਨੀ, ਤਾਂ ਉਨ੍ਹਾਂ ਨੂੰ ਕੀ ਫ਼ਾਇਦਾ ਹੋਇਆ। ਨਾਲੇ ਅਸੀਂ ਬਾਈਬਲ ਵਿਚ ਪੜ੍ਹੇ ਹੋਰ ਬਿਰਤਾਂਤਾਂ ਬਾਰੇ ਵੀ ਸੋਚ-ਵਿਚਾਰ ਕਰ ਸਕਦੇ ਹਾਂ। ਕਈ ਵਾਰ ਪਰਮੇਸ਼ੁਰ ਦੇ ਲੋਕਾਂ ਨੂੰ ਅਜਿਹੀਆਂ ਹਿਦਾਇਤਾਂ ਮਿਲੀਆਂ ਜੋ ਇਨਸਾਨੀ ਨਜ਼ਰੀਏ ਤੋਂ ਸਮਝਦਾਰੀ ਵਾਲੀਆਂ ਨਹੀਂ ਲੱਗ ਰਹੀਆਂ ਸਨ। ਪਰ ਉਨ੍ਹਾਂ ਨੂੰ ਮੰਨ ਕੇ ਉਨ੍ਹਾਂ ਦੀਆਂ ਜਾਨਾਂ ਬਚੀਆਂ।—ਨਿਆ. 7:7; 8:10.
ਜ਼ਕਰਯਾਹ ਦਾ ਦਰਸ਼ਣ ਯਾਦ ਰੱਖੋ
17. ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤਾਂ ਦੇ ਦਰਸ਼ਣ ਦਾ ਯਹੂਦੀਆਂ ʼਤੇ ਕੀ ਅਸਰ ਪਿਆ?
17 ਭਾਵੇਂ ਕਿ ਜ਼ਕਰਯਾਹ ਦਾ ਪੰਜਵਾਂ ਦਰਸ਼ਣ ਬਹੁਤ ਛੋਟਾ ਸੀ, ਪਰ ਇਸ ਦਰਸ਼ਣ ਨੇ ਯਹੂਦੀਆਂ ਵਿਚ ਜੋਸ਼ ਭਰ ਦਿੱਤਾ। ਉਹ ਯਹੋਵਾਹ ਦੀ ਭਗਤੀ ਕਰਦੇ ਰਹੇ ਅਤੇ ਮੰਦਰ ਬਣਾਉਣ ਵਿਚ ਲੱਗੇ ਰਹੇ। ਨਾਲੇ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਯਹੋਵਾਹ ਉਨ੍ਹਾਂ ਦੇ ਨਾਲ ਸੀ ਅਤੇ ਉਨ੍ਹਾਂ ਨੂੰ ਹਿਦਾਇਤਾਂ ਦੇ ਰਿਹਾ ਸੀ। ਯਹੋਵਾਹ ਨੇ ਆਪਣੀ ਜ਼ਬਰਦਸਤ ਪਵਿੱਤਰ ਸ਼ਕਤੀ ਰਾਹੀਂ ਉਨ੍ਹਾਂ ਦੀ ਮਦਦ ਕੀਤੀ। ਇਸ ਕਰਕੇ ਯਹੂਦੀ ਆਪਣਾ ਕੰਮ ਪੂਰਾ ਕਰ ਸਕੇ ਅਤੇ ਉਨ੍ਹਾਂ ਨੂੰ ਦੁਬਾਰਾ ਖ਼ੁਸ਼ੀ ਮਿਲੀ।—ਅਜ਼. 6:16.
18. ਜ਼ਕਰਯਾਹ ਦੇ ਦਰਸ਼ਣ ਦਾ ਤੁਹਾਡੀ ਜ਼ਿੰਦਗੀ ʼਤੇ ਕੀ ਅਸਰ ਪੈ ਸਕਦਾ ਹੈ?
18 ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤਾਂ ਦੇ ਦਰਸ਼ਣ ਦਾ ਤੁਹਾਡੀ ਜ਼ਿੰਦਗੀ ʼਤੇ ਜ਼ਬਰਦਸਤ ਅਸਰ ਪੈ ਸਕਦਾ ਹੈ। ਅਸੀਂ ਇਸ ਪੂਰੇ ਲੇਖ ਵਿਚ ਦੇਖਿਆ ਕਿ ਇਸ ਦਰਸ਼ਣ ਦੀ ਮਦਦ ਨਾਲ ਤੁਸੀਂ ਵਿਰੋਧ ਦੇ ਬਾਵਜੂਦ ਹਿੰਮਤ ਰੱਖ ਸਕਦੇ ਹੋ, ਬਦਲਦੇ ਹਾਲਾਤਾਂ ਵਿਚ ਵੀ ਖ਼ੁਸ਼ ਰਹਿ ਸਕਦੇ ਹੋ ਅਤੇ ਕੋਈ ਹਿਦਾਇਤ ਸਮਝ ਨਾ ਆਉਣ ʼਤੇ ਵੀ ਤੁਸੀਂ ਯਹੋਵਾਹ ਉੱਤੇ ਭਰੋਸਾ ਰੱਖ ਕੇ ਉਸ ਨੂੰ ਮੰਨ ਸਕਦੇ ਹੋ। ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿਚ ਕਿਸੇ ਮੁਸ਼ਕਲ ਵਿੱਚੋਂ ਲੰਘਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ? ਪਹਿਲੀ ਗੱਲ, ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜ਼ਕਰਯਾਹ ਦਾ ਦਰਸ਼ਣ ਇਸ ਗੱਲ ਦਾ ਸਬੂਤ ਹੈ ਕਿ ਯਹੋਵਾਹ ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ। ਫਿਰ ਤੁਹਾਨੂੰ ਯਹੋਵਾਹ ʼਤੇ ਭਰੋਸਾ ਰੱਖਦਿਆਂ ਪੂਰੇ ਦਿਲ ਨਾਲ ਉਸ ਦੀ ਭਗਤੀ ਕਰਦੇ ਰਹਿਣਾ ਚਾਹੀਦਾ ਹੈ। (ਮੱਤੀ 22:37) ਜੇ ਤੁਸੀਂ ਇੱਦਾਂ ਕਰੋਗੇ, ਤਾਂ ਯਹੋਵਾਹ ਤੁਹਾਡੀ ਮਦਦ ਕਰੇਗਾ ਕਿ ਤੁਸੀਂ ਹਮੇਸ਼ਾ ਖ਼ੁਸ਼ੀ ਨਾਲ ਉਸ ਦੀ ਸੇਵਾ ਕਰਦੇ ਰਹਿ ਸਕੋ।—ਕੁਲੁ. 1:10, 11.
ਗੀਤ 7 ਯਹੋਵਾਹ ਸਾਡਾ ਬਲ
a ਯਹੋਵਾਹ ਨੇ ਜ਼ਕਰਯਾਹ ਨਬੀ ਨੂੰ ਕਈ ਸ਼ਾਨਦਾਰ ਦਰਸ਼ਣ ਦਿਖਾਏ ਸਨ। ਇਨ੍ਹਾਂ ਦਰਸ਼ਣਾਂ ਰਾਹੀਂ ਜ਼ਕਰਯਾਹ ਦੀ ਅਤੇ ਯਹੋਵਾਹ ਦੇ ਲੋਕਾਂ ਦੀ ਹਿੰਮਤ ਵਧੀ ਤਾਂਕਿ ਉਹ ਮੁਸ਼ਕਲਾਂ ਦੇ ਬਾਵਜੂਦ ਵੀ ਸੱਚੀ ਭਗਤੀ ਦੁਬਾਰਾ ਕਰ ਸਕਣ। ਨਾਲੇ ਇਨ੍ਹਾਂ ਦਰਸ਼ਣਾਂ ਤੋਂ ਸਾਨੂੰ ਵੀ ਹੱਲਾਸ਼ੇਰੀ ਮਿਲਦੀ ਹੈ ਕਿ ਅਸੀਂ ਮੁਸ਼ਕਲਾਂ ਦੇ ਬਾਵਜੂਦ ਵਫ਼ਾਦਾਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹੀਏ। ਇਸ ਲੇਖ ਵਿਚ ਅਸੀਂ ਜ਼ਕਰਯਾਹ ਨੂੰ ਦਿਖਾਏ ਇਕ ਸ਼ਮਾਦਾਨ ਅਤੇ ਜ਼ੈਤੂਨ ਦੇ ਦੋ ਦਰਖ਼ਤਾਂ ਵਾਲੇ ਦਰਸ਼ਣ ʼਤੇ ਚਰਚਾ ਕਰ ਕੇ ਅਹਿਮ ਸਬਕ ਸਿੱਖਾਂਗੇ।
b ਸਾਲਾਂ ਬਾਅਦ ਰਾਜਪਾਲ ਨਹਮਯਾਹ ਦੇ ਦਿਨਾਂ ਵਿਚ ਜਿਹੜਾ ਰਾਜਾ ਰਾਜ ਕਰਦਾ ਸੀ, ਉਸ ਦਾ ਨਾਂ ਵੀ ਅਰਤਹਸ਼ਸ਼ਤਾ ਸੀ, ਪਰ ਉਸ ਨੇ ਯਹੂਦੀਆਂ ਦੀ ਬਹੁਤ ਮਦਦ ਕੀਤੀ।
c ਤਸਵੀਰ ਬਾਰੇ ਜਾਣਕਾਰੀ: ਇਕ ਭਰਾ ਸੋਚਦਾ ਹੋਇਆ ਕਿ ਵਧਦੀ ਉਮਰ ਅਤੇ ਖ਼ਰਾਬ ਸਿਹਤ ਕਰਕੇ ਉਸ ਨੂੰ ਬਦਲਦੇ ਹਾਲਾਤਾਂ ਅਨੁਸਾਰ ਢਲ਼ਣ ਦੀ ਲੋੜ ਹੈ।
d ਤਸਵੀਰ ਬਾਰੇ ਜਾਣਕਾਰੀ: ਇਕ ਭੈਣ ਸੋਚਦੀ ਹੋਈ ਕਿ ਜਿਵੇਂ ਯਹੋਵਾਹ ਨੇ ਯਹੋਸ਼ੁਆ ਅਤੇ ਜ਼ਰੁਬਾਬਲ ਦਾ ਸਾਥ ਦਿੱਤਾ ਸੀ, ਉਸੇ ਤਰ੍ਹਾਂ ਅੱਜ ਯਹੋਵਾਹ “ਵਫ਼ਾਦਾਰ ਅਤੇ ਸਮਝਦਾਰ ਨੌਕਰ” ਦਾ ਸਾਥ ਦੇ ਰਿਹਾ ਹੈ।