ਪਰਮੇਸ਼ੁਰ ਵੱਲੋਂ ਮਿਲੇ ਖ਼ਜ਼ਾਨੇ ਸਾਂਭ ਕੇ ਰੱਖੋ
“ਜਿੱਥੇ ਤੁਹਾਡਾ ਧਨ ਹੈ ਉੱਥੇ ਹੀ ਤੁਹਾਡਾ ਮਨ ਹੈ।”—ਲੂਕਾ 12:34.
1, 2. (ੳ) ਯਹੋਵਾਹ ਨੇ ਸਾਨੂੰ ਕਿਹੜੇ ਤਿੰਨ ਖ਼ਜ਼ਾਨੇ ਦਿੱਤੇ ਹਨ? (ਅ) ਅਸੀਂ ਇਸ ਲੇਖ ਵਿਚ ਕੀ ਦੇਖਾਂਗੇ?
ਯਹੋਵਾਹ ਪੂਰੀ ਕਾਇਨਾਤ ਦੇ ਖ਼ਜ਼ਾਨੇ ਦਾ ਮਾਲਕ ਹੈ। ਦੁਨੀਆਂ ਦੀਆਂ ਸਾਰੀਆਂ ਚੀਜ਼ਾਂ ਉਸ ਦੀਆਂ ਹੀ ਹਨ। (1 ਇਤ. 29:11, 12) ਉਹ ਖੁੱਲ੍ਹੇ ਦਿਲ ਨਾਲ ਸਾਰਿਆਂ ਨੂੰ ਦਿੰਦਾ ਹੈ। ਅਸੀਂ ਯਹੋਵਾਹ ਦੇ ਬਹੁਤ ਧੰਨਵਾਦੀ ਹਾਂ ਕਿ ਉਸ ਨੇ ਆਪਣੇ ਖ਼ਜ਼ਾਨੇ ਵਿੱਚੋਂ ਕੁਝ ਚੀਜ਼ਾਂ ਸਾਨੂੰ ਦਿੱਤੀਆਂ ਹਨ ਜਿਵੇਂ ਕਿ, (1) ਪਰਮੇਸ਼ੁਰ ਦਾ ਰਾਜ, (2) ਪ੍ਰਚਾਰ ਦਾ ਕੰਮ ਅਤੇ (3) ਉਸ ਦੇ ਬਚਨ ਦੀ ਅਨਮੋਲ ਸੱਚਾਈ। ਪਰ ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਸਮੇਂ ਦੇ ਬੀਤਣ ਨਾਲ ਸਾਡੀਆਂ ਨਜ਼ਰਾਂ ਵਿਚ ਇਨ੍ਹਾਂ ਦੀ ਕੀਮਤ ਘੱਟ ਸਕਦੀ ਹੈ। ਸਾਨੂੰ ਆਪਣੇ ਆਪ ਨੂੰ ਲਗਾਤਾਰ ਯਾਦ ਕਰਾਉਣ ਦੀ ਲੋੜ ਹੈ ਕਿ ਇਹ ਖ਼ਜ਼ਾਨੇ ਸਾਡੇ ਲਈ ਕਿੰਨੇ ਕੀਮਤੀ ਹਨ ਅਤੇ ਅਸੀਂ ਇਨ੍ਹਾਂ ਨੂੰ ਕਦੀ ਵੀ ਨਹੀਂ ਗੁਆਉਣਾ ਚਾਹੁੰਦੇ। ਯਿਸੂ ਨੇ ਕਿਹਾ: “ਜਿੱਥੇ ਤੁਹਾਡਾ ਧਨ ਹੈ ਉੱਥੇ ਹੀ ਤੁਹਾਡਾ ਮਨ ਹੈ।”—ਲੂਕਾ 12:34.
2 ਆਓ ਆਪਾਂ ਦੇਖੀਏ ਕਿ ਅਸੀਂ ਪਰਮੇਸ਼ੁਰ ਦੇ ਰਾਜ, ਪ੍ਰਚਾਰ ਅਤੇ ਸੱਚਾਈ ਲਈ ਆਪਣਾ ਪਿਆਰ ਕਿਵੇਂ ਬਰਕਰਾਰ ਰੱਖ ਸਕਦੇ ਹਾਂ ਤਾਂਕਿ ਇਨ੍ਹਾਂ ਲਈ ਸਾਡੀ ਕਦਰ ਕਦੇ ਨਾ ਘਟੇ। ਇਸ ਅਧਿਐਨ ਦੌਰਾਨ ਇਸ ਗੱਲ ʼਤੇ ਸੋਚ-ਵਿਚਾਰ ਕਰਿਓ ਕਿ ‘ਮੈਂ ਪਰਮੇਸ਼ੁਰ ਵੱਲੋਂ ਮਿਲੇ ਖ਼ਜ਼ਾਨੇ ਲਈ ਆਪਣੀ ਕਦਰ ਕਿਵੇਂ ਵਧਾ ਸਕਦਾ ਹਾਂ।’
ਪਰਮੇਸ਼ੁਰ ਦਾ ਰਾਜ ਕੀਮਤੀ ਮੋਤੀ ਵਾਂਗ ਹੈ
3. ਯਿਸੂ ਦੀ ਕਹਾਣੀ ਵਿਚ ਇਕ ਵਪਾਰੀ ਨੇ ਮੋਤੀ ਨੂੰ ਖ਼ਰੀਦਣ ਲਈ ਕੀ ਕੀਤਾ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
3 ਮੱਤੀ 13:45, 46 ਪੜ੍ਹੋ। ਯਿਸੂ ਨੇ ਇਕ ਵਪਾਰੀ ਦੀ ਕਹਾਣੀ ਸੁਣਾਈ ਜੋ ਮੋਤੀਆਂ ਦੀ ਭਾਲ ਕਰਦਾ ਸੀ। ਇਕ ਦਿਨ ਉਸ ਵਪਾਰੀ ਨੂੰ ਬਹੁਤ ਹੀ ਕੀਮਤੀ ਮੋਤੀ ਮਿਲਿਆ। ਉਸ ਨੇ ਇੱਦਾਂ ਦਾ ਮੋਤੀ ਕਦੇ ਨਹੀਂ ਸੀ ਦੇਖਿਆ। ਉਸ ਨੂੰ ਇਹ ਮੋਤੀ ਇੰਨਾ ਪਸੰਦ ਆਇਆ ਕਿ ਉਸ ਨੇ ਇਸ ਨੂੰ ਖ਼ਰੀਦਣ ਲਈ ਆਪਣਾ ਸਭ ਕੁਝ ਵੇਚ ਦਿੱਤਾ। ਜ਼ਰਾ ਸੋਚੋ, ਉਸ ਲਈ ਇਹ ਮੋਤੀ ਕਿੰਨਾ ਕੀਮਤੀ ਸੀ!
4. ਰਾਜ ਦੀ ਖ਼ਾਤਰ ਅਸੀਂ ਕੀ ਕਰਨ ਲਈ ਤਿਆਰ ਰਹਾਂਗੇ?
4 ਅਸੀਂ ਯਿਸੂ ਦੀ ਕਹਾਣੀ ਤੋਂ ਕੀ ਸਿੱਖਦੇ ਹਾਂ? ਪਰਮੇਸ਼ੁਰ ਦੇ ਰਾਜ ਦੀ ਸੱਚਾਈ ਇਕ ਕੀਮਤੀ ਮੋਤੀ ਵਾਂਗ ਹੈ। ਜਿੰਨਾ ਕੀਮਤੀ ਵਪਾਰੀ ਲਈ ਉਹ ਮੋਤੀ ਸੀ, ਕੀ ਪਰਮੇਸ਼ੁਰ ਦਾ ਰਾਜ ਸਾਡੇ ਲਈ ਉੱਨਾ ਹੀ ਕੀਮਤੀ ਹੈ? ਜੇ ਹਾਂ, ਤਾਂ ਅਸੀਂ ਰਾਜ ਦੀ ਖ਼ਾਤਰ ਵੱਡੀਆਂ-ਵੱਡੀਆਂ ਕੁਰਬਾਨੀਆਂ ਕਰਨ ਲਈ ਤਿਆਰ ਰਹਾਂਗੇ। ਇਸ ਤਰ੍ਹਾਂ ਕਰਨ ਨਾਲ ਅਸੀਂ ਹਮੇਸ਼ਾ ਬਰਕਤਾਂ ਪਾਉਣ ਦੇ ਲਾਇਕ ਬਣੇ ਰਹਾਂਗੇ। (ਮਰਕੁਸ 10:28-30 ਪੜ੍ਹੋ।) ਆਓ ਆਪਾਂ ਦੋ ਜਣਿਆਂ ਦੀ ਮਿਸਾਲ ਦੇਖੀਏ ਜਿਨ੍ਹਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ।
5. ਜ਼ੱਕੀ ਰਾਜ ਦੀ ਖ਼ਾਤਰ ਕੀ ਕਰਨ ਲਈ ਤਿਆਰ ਸੀ?
5 ਜ਼ੱਕੀ ਟੈਕਸ ਵਸੂਲਣ ਵਾਲਿਆਂ ਦਾ ਮੁਖੀ ਸੀ। ਉਹ ਲੋਕਾਂ ਨੂੰ ਲੁੱਟ ਕੇ ਮਾਲੋ-ਮਾਲ ਹੋ ਗਿਆ ਸੀ। (ਲੂਕਾ 19:1-9) ਪਰ ਇਕ ਦਿਨ ਜ਼ੱਕੀ ਨੇ ਯਿਸੂ ਨੂੰ ਰਾਜ ਬਾਰੇ ਗੱਲ ਕਰਦਿਆਂ ਸੁਣਿਆ। ਯਿਸੂ ਦੀਆਂ ਗੱਲਾਂ ਨੇ ਉਸ ਉੱਤੇ ਇੰਨਾ ਡੂੰਘਾ ਅਸਰ ਪਾਇਆ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਬਦਲਣ ਲਈ ਤਿਆਰ ਹੋ ਗਿਆ। ਉਸ ਨੇ ਕਿਹਾ: “ਸੁਣੋ! ਪ੍ਰਭੂ, ਮੈਂ ਆਪਣੀ ਅੱਧੀ ਧਨ-ਦੌਲਤ ਗ਼ਰੀਬਾਂ ਨੂੰ ਦੇ ਰਿਹਾ ਹਾਂ ਅਤੇ ਮੈਂ ਜਿਨ੍ਹਾਂ ਨੂੰ ਝੂਠਾ ਦੋਸ਼ ਲਾ ਕੇ ਲੁੱਟਿਆ ਹੈ, ਉਨ੍ਹਾਂ ਨੂੰ ਚਾਰ ਗੁਣਾ ਵਾਪਸ ਦੇ ਰਿਹਾ ਹਾਂ।” ਜਿੰਨੇ ਪੈਸੇ ਉਸ ਨੇ ਲੋਕਾਂ ਤੋਂ ਠੱਗੇ ਸੀ ਉਸ ਨੇ ਸਾਰੇ ਵਾਪਸ ਕੀਤੇ ਅਤੇ ਲਾਲਚ ਕਰਨਾ ਛੱਡ ਦਿੱਤਾ।
6. ਇਕ ਔਰਤ ਨੇ ਕਿਹੜੇ ਬਦਲਾਅ ਕੀਤੇ ਅਤੇ ਕਿਉਂ?
6 ਇਕ ਮਿਸਾਲ ʼਤੇ ਗੌਰ ਕਰੋ। ਕੁਝ ਸਾਲ ਪਹਿਲਾਂ ਇਕ ਔਰਤ ਨੂੰ ਰਾਜ ਬਾਰੇ ਪਤਾ ਲੱਗਾ। ਉਸ ਵੇਲੇ ਉਹ ਇਕ ਔਰਤ ਨਾਲ ਸਰੀਰਕ ਸੰਬੰਧ ਰੱਖਦੀ ਸੀ। ਉਹ ਇਕ ਸਮਲਿੰਗੀ ਸਮੂਹ ਦੀ ਪ੍ਰਧਾਨ ਸੀ ਅਤੇ ਉਨ੍ਹਾਂ ਦੇ ਹੱਕਾਂ ਲਈ ਲੜਦੀ ਸੀ। ਪਰ ਜਦੋਂ ਉਸ ਨੇ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ ਅਤੇ ਪਰਮੇਸ਼ੁਰ ਦੇ ਰਾਜ ਦੀ ਕੀਮਤ ਨੂੰ ਪਛਾਣਿਆ, ਤਾਂ ਉਹ ਆਪਣੀ ਜ਼ਿੰਦਗੀ ਵਿਚ ਵੱਡੇ ਬਦਲਾਅ ਕਰਨ ਲਈ ਤਿਆਰ ਹੋ ਗਈ। (1 ਕੁਰਿੰ. 6:9, 10) ਉਸ ਦਾ ਯਹੋਵਾਹ ਨਾਲ ਪਿਆਰ ਇੰਨਾ ਗੂੜ੍ਹਾ ਹੋ ਗਿਆ ਕਿ ਉਸ ਨੇ ਉਸ ਸਮੂਹ ਅਤੇ ਔਰਤ ਨਾਲੋਂ ਆਪਣਾ ਨਾਤਾ ਤੋੜ ਲਿਆ। 2009 ਵਿਚ ਉਸ ਨੇ ਬਪਤਿਸਮਾ ਲੈ ਲਿਆ ਅਤੇ ਅਗਲੇ ਸਾਲ ਪਾਇਨੀਅਰਿੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਨੇ ਆਪਣੀ ਜ਼ਿੰਦਗੀ ਵਿਚ ਇੰਨੇ ਵੱਡੇ ਬਦਲਾਅ ਕਿਉਂ ਕੀਤੇ? ਕਿਉਂਕਿ ਗ਼ਲਤ ਇੱਛਾਵਾਂ ਨਾਲੋਂ ਯਹੋਵਾਹ ਲਈ ਉਸ ਦਾ ਪਿਆਰ ਬਹੁਤ ਡੂੰਘਾ ਸੀ।—ਮਰ. 12:29, 30.
7. ਕਿਨ੍ਹਾਂ ਕਾਰਨਾਂ ਕਰਕੇ ਅਸੀਂ ਰਾਜ ਪ੍ਰਤੀ ਆਪਣੇ ਪਿਆਰ ਨੂੰ ਫਿੱਕਾ ਨਹੀਂ ਪੈਣ ਦੇਵੇਗਾ?
7 ਪਰਮੇਸ਼ੁਰ ਦੇ ਰਾਜ ਦੀ ਪਰਜਾ ਬਣਨ ਲਈ ਕਈਆਂ ਨੇ ਆਪਣੀ ਜ਼ਿੰਦਗੀ ਪੂਰੀ ਤਰ੍ਹਾਂ ਬਦਲੀ ਹੈ। (ਰੋਮੀ. 12:2) ਪਰ ਇਨ੍ਹਾਂ ਹੀ ਕਾਫ਼ੀ ਨਹੀਂ ਹੈ। ਸਾਨੂੰ ਕਿਸੇ ਵੀ ਚੀਜ਼ ਕਰਕੇ ਰਾਜ ਲਈ ਆਪਣੇ ਪਿਆਰ ਨੂੰ ਫਿੱਕਾ ਨਹੀਂ ਪੈਣ ਦੇਣਾ ਚਾਹੀਦਾ। ਇਨ੍ਹਾਂ ਚੀਜ਼ਾਂ ਵਿਚ ਧਨ-ਦੌਲਤ ਦੀ ਲਾਲਸਾ ਅਤੇ ਸਾਡੀਆਂ ਗ਼ਲਤ ਇੱਛਾਵਾਂ ਵੀ ਹੋ ਸਕਦੀਆਂ ਹਨ। (ਕਹਾ. 4:23; ਮੱਤੀ 5:27-29) ਯਹੋਵਾਹ ਨੇ ਆਪਣੇ ਖ਼ਜ਼ਾਨੇ ਵਿੱਚੋਂ ਸਾਨੂੰ ਇਕ ਹੋਰ ਵੀ ਬੇਸ਼ਕੀਮਤੀ ਚੀਜ਼ ਦਿੱਤੀ ਹੈ ਜਿਸ ਕਰਕੇ ਰਾਜ ਪ੍ਰਤੀ ਸਾਡੀ ਕਦਰ ਬਣੀ ਰਹੇਗੀ।
ਜਾਨਾਂ ਬਚਾਉਣ ਵਾਲਾ ਕੰਮ
8. (ੳ) ਪੌਲੁਸ ਨੇ ਪ੍ਰਚਾਰ ਦੇ ਕੰਮ ਨੂੰ “ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ” ਕਿਉਂ ਕਿਹਾ? (ਅ) ਪੌਲੁਸ ਨੇ ਕਿਵੇਂ ਦਿਖਾਇਆ ਕਿ ਉਸ ਲਈ ਖ਼ੁਸ਼ ਖ਼ਬਰੀ ਦਾ ਕੰਮ ਬਹੁਤ ਅਨਮੋਲ ਸੀ?
8 ਯਿਸੂ ਨੇ ਸਾਨੂੰ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਅਤੇ ਸੱਚਾਈ ਸਿਖਾਉਣ ਦੀ ਜ਼ਿੰਮੇਵਾਰੀ ਦਿੱਤੀ ਹੈ। (ਮੱਤੀ 28:19, 20) ਇਸ ਅਨਮੋਲ ਜ਼ਿੰਮੇਵਾਰੀ ਬਾਰੇ ਪੌਲੁਸ ਨੇ ਕਿਹਾ: “ਸਾਡੇ ਕੋਲ ਸੇਵਾ ਦਾ ਇਹ ਖ਼ਾਸ ਕੰਮ ਹੈ, ਜਿਵੇਂ ਮਿੱਟੀ ਦੇ ਭਾਂਡਿਆਂ ਵਿਚ ਖ਼ਜ਼ਾਨਾ।” (2 ਕੁਰਿੰ. 4:7; 1 ਤਿਮੋ. 1:12) ਪਾਪੀ ਹੋਣ ਕਰਕੇ ਅਸੀਂ ਮਿੱਟੀ ਦੇ ਭਾਂਡਿਆਂ ਵਾਂਗ ਹਾਂ। ਪਰ ਜਿਹੜੀ ਸੱਚਾਈ ਅਸੀਂ ਲੋਕਾਂ ਨੂੰ ਦੱਸਦੇ ਹਾਂ ਉਹ ਇਕ ਕੀਮਤੀ ਖ਼ਜ਼ਾਨੇ ਵਾਂਗ ਹੈ। ਇਸ ਸੱਚਾਈ ਕਰਕੇ ਨਾ ਸਿਰਫ਼ ਸਾਡੀਆਂ ਜਾਨਾਂ ਸਗੋਂ ਸੁਣਨ ਵਾਲਿਆਂ ਦੀਆਂ ਜਾਨਾਂ ਵੀ ਬਚ ਸਕਦੀਆਂ ਹਨ। ਇਸ ਲਈ ਪੌਲੁਸ ਨੇ ਕਿਹਾ: “ਮੈਂ ਸਭ ਕੁਝ ਖ਼ੁਸ਼ ਖ਼ਬਰੀ ਦੀ ਖ਼ਾਤਰ ਕਰਦਾ ਹਾਂ ਤਾਂਕਿ ਮੈਂ ਇਹ ਖ਼ੁਸ਼ ਖ਼ਬਰੀ ਦੂਸਰਿਆਂ ਨੂੰ ਸੁਣਾ ਸਕਾਂ।” (1 ਕੁਰਿੰ. 9:23) ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿਖਾਉਣ ਵਿਚ ਪੌਲੁਸ ਨੇ ਕੋਈ ਕਸਰ ਨਹੀਂ ਛੱਡੀ ਸੀ। (ਰੋਮੀਆਂ 1:14, 15; 2 ਤਿਮੋਥਿਉਸ 4:2 ਪੜ੍ਹੋ।) ਉਸ ਲਈ ਖ਼ੁਸ਼ ਖ਼ਬਰੀ ਦਾ ਕੰਮ ਬਹੁਤ ਅਨਮੋਲ ਸੀ, ਇਸ ਲਈ ਸਖ਼ਤ ਵਿਰੋਧ ਦੇ ਬਾਵਜੂਦ ਵੀ ਉਹ ਪ੍ਰਚਾਰ ਕਰਦਾ ਰਿਹਾ। (1 ਥੱਸ. 2:2) ਅਸੀਂ ਪੌਲੁਸ ਦੀ ਰੀਸ ਕਿਵੇਂ ਕਰ ਸਕਦੇ ਹਾਂ?
9. ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਸਾਡੇ ਲਈ ਪ੍ਰਚਾਰ ਦਾ ਕੰਮ ਅਨਮੋਲ ਹੈ?
9 ਹਰ ਮੌਕੇ ʼਤੇ ਦੂਸਰਿਆਂ ਨੂੰ ਪ੍ਰਚਾਰ ਕਰ ਕੇ ਪੌਲੁਸ ਨੇ ਦਿਖਾਇਆ ਕਿ ਉਸ ਲਈ ਇਹ ਕੰਮ ਕਿੰਨਾ ਅਨਮੋਲ ਸੀ। ਪੌਲੁਸ ਅਤੇ ਪਹਿਲੀ ਸਦੀ ਦੇ ਮਸੀਹੀਆਂ ਵਾਂਗ ਅਸੀਂ ਵੀ ਘਰ-ਘਰ, ਖੁੱਲ੍ਹੇ-ਆਮ ਅਤੇ ਜਿੱਥੇ-ਕਿਤੇ ਵੀ ਸਾਨੂੰ ਲੋਕ ਮਿਲਦੇ ਹਨ ਉਨ੍ਹਾਂ ਨਾਲ ਖ਼ੁਸ਼ ਖ਼ਬਰੀ ਸਾਂਝੀ ਕਰਦੇ ਹਾਂ। (ਰਸੂ. 5:42; 20:20) ਅਸੀਂ ਵੱਧ ਤੋਂ ਵੱਧ ਲੋਕਾਂ ਨੂੰ ਮਿਲਣ ਲਈ ਅਲੱਗ-ਅਲੱਗ ਤਰੀਕੇ ਵਰਤਦੇ ਹਾਂ। ਜੇ ਸਾਡੇ ਹਾਲਾਤ ਇਜਾਜ਼ਤ ਦੇਣ, ਤਾਂ ਅਸੀਂ ਔਗਜ਼ੀਲਰੀ ਜਾਂ ਰੈਗੂਲਰ ਪਾਇਨੀਅਰਿੰਗ ਕਰ ਸਕਦੇ ਹਾਂ ਜਾਂ ਕੋਈ ਨਵੀਂ ਭਾਸ਼ਾ ਸਿੱਖ ਸਕਦੇ ਹਾਂ। ਅਸੀਂ ਹੋਰ ਦੇਸ਼ ਵਿਚ ਜਾ ਕੇ ਜਾਂ ਆਪਣੇ ਦੇਸ਼ ਵਿਚ ਹੀ ਕਿਸੇ ਹੋਰ ਜਗ੍ਹਾ ʼਤੇ ਪ੍ਰਚਾਰ ਕਰ ਸਕਦੇ ਹਾਂ।—ਰਸੂ. 16:9, 10.
10. ਦੂਸਰਿਆਂ ਨੂੰ ਸੱਚਾਈ ਸਿਖਾਉਣ ਵਿਚ ਸਖ਼ਤ ਮਿਹਨਤ ਕਰਨ ਕਰਕੇ ਆਇਰੀਨ ਨੂੰ ਕਿਹੜੀਆਂ ਬਰਕਤਾਂ ਮਿਲੀਆਂ?
10 ਅਮਰੀਕਾ ਵਿਚ ਰਹਿਣ ਵਾਲੀ ਆਇਰੀਨ ਨਾਂ ਦੀ ਕੁਆਰੀ ਭੈਣ ਰੂਸੀ ਭਾਸ਼ਾ ਬੋਲਣ ਵਾਲੇ ਲੋਕਾਂ ਨੂੰ ਰਾਜ ਦੀ ਖ਼ੁਸ਼ ਖ਼ਬਰੀ ਸੁਣਾਉਣਾ ਚਾਹੁੰਦੀ ਸੀ। ਇਸ ਲਈ 1993 ਵਿਚ ਉਹ ਨਿਊਯਾਰਕ ਸ਼ਹਿਰ ਦੇ ਰੂਸੀ ਭਾਸ਼ਾ ਦੇ ਇਕ ਗਰੁੱਪ ਵਿਚ ਜਾਣ ਲੱਗੀ। ਉਸ ਵੇਲੇ ਉਸ ਗਰੁੱਪ ਵਿਚ ਸਿਰਫ਼ 20 ਕੁ ਜਣੇ ਸਨ। 20 ਸਾਲ ਬਾਅਦ ਆਇਰੀਨ ਕਹਿੰਦੀ ਹੈ: “ਮੈਂ ਹਾਲੇ ਵੀ ਚੰਗੀ ਤਰ੍ਹਾਂ ਰੂਸੀ ਭਾਸ਼ਾ ਨਹੀਂ ਬੋਲ ਸਕਦੀ।” ਫਿਰ ਵੀ ਯਹੋਵਾਹ ਨੇ ਉਸ ਦੀ ਅਤੇ ਬਾਕੀ ਭੈਣਾਂ-ਭਰਾਵਾਂ ਦੀ ਰੂਸੀ ਭਾਸ਼ਾ ਵਿਚ ਪ੍ਰਚਾਰ ਕਰਨ ਵਿਚ ਬਹੁਤ ਮਦਦ ਕੀਤੀ। ਨਤੀਜੇ ਵਜੋਂ, ਅੱਜ ਨਿਊਯਾਰਕ ਵਿਚ ਰੂਸੀ ਭਾਸ਼ਾ ਦੀਆਂ ਛੇ ਮੰਡਲੀਆਂ ਹਨ। ਆਇਰੀਨ ਨੇ ਕਈ ਲੋਕਾਂ ਨਾਲ ਬਾਈਬਲ ਅਧਿਐਨ ਕੀਤਾ ਅਤੇ ਉਨ੍ਹਾਂ ਵਿੱਚੋਂ 15 ਨੇ ਬਪਤਿਸਮਾ ਲੈ ਲਿਆ। ਉਨ੍ਹਾਂ ਵਿੱਚੋਂ ਕੁਝ ਬੈਥਲ ਵਿਚ ਸੇਵਾ ਕਰਦੇ, ਕੁਝ ਪਾਇਨੀਅਰਿੰਗ ਕਰਦੇ ਅਤੇ ਕੁਝ ਮੰਡਲੀ ਦੇ ਬਜ਼ੁਰਗ ਹਨ। ਆਇਰੀਨ ਕਹਿੰਦੀ ਹੈ: “ਮੈਂ ਦੁਨੀਆਂ ਵਿਚ ਹੋਰ ਵੀ ਕੰਮ ਕਰ ਸਕਦੀ ਸੀ। ਪਰ ਮੈਨੂੰ ਨਹੀਂ ਲੱਗਦਾ ਕਿ ਮੈਨੂੰ ਉੱਨੀ ਖ਼ੁਸ਼ੀ ਮਿਲਣੀ ਸੀ ਜਿੰਨੀ ਮੈਨੂੰ ਅੱਜ ਮਿਲੀ ਹੈ।” ਸੱਚ-ਮੁੱਚ ਆਇਰੀਨ ਆਪਣੇ ਪ੍ਰਚਾਰ ਦੇ ਕੰਮ ਨੂੰ ਅਨਮੋਲ ਸਮਝਦੀ ਹੈ।
11. ਅਤਿਆਚਾਰ ਸਹਿਣ ਦੇ ਬਾਵਜੂਦ ਵੀ ਪ੍ਰਚਾਰ ਕਰਨ ਦੇ ਕਿਹੜੇ ਵਧੀਆ ਨਤੀਜੇ ਨਿਕਲਦੇ ਹਨ?
11 ਜੇ ਅਸੀਂ ਆਪਣੇ ਪ੍ਰਚਾਰ ਦੇ ਕੰਮ ਨੂੰ ਅਨਮੋਲ ਸਮਝਦੇ ਹਾਂ, ਤਾਂ ਅਸੀਂ ਪੌਲੁਸ ਰਸੂਲ ਵਾਂਗ ਸਤਾਏ ਜਾਣ ਤੇ ਵੀ ਲਗਾਤਾਰ ਪ੍ਰਚਾਰ ਕਰਦੇ ਰਹਾਂਗੇ। (ਰਸੂ. 14:19-22) ਮਿਸਾਲ ਲਈ, 1930-1944 ਦੌਰਾਨ ਅਮਰੀਕਾ ਵਿਚ ਸਾਡੇ ਭੈਣਾਂ-ਭਰਾਵਾਂ ʼਤੇ ਡਾਢਾ ਅਤਿਆਚਾਰ ਕੀਤਾ ਗਿਆ। ਪਰ ਫਿਰ ਵੀ ਉਹ ਪ੍ਰਚਾਰ ਕਰਨ ਵਿਚ ਲੱਗੇ ਰਹੇ। ਜਦੋਂ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਸਾਡੇ ਭਰਾਵਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਿਆ। 1943 ਵਿਚ ਭਰਾ ਨੌਰ ਨੇ ਇਕ ਮੁਕੱਦਮੇ ਦਾ ਜ਼ਿਕਰ ਕੀਤਾ ਜੋ ਯਹੋਵਾਹ ਦੇ ਗਵਾਹਾਂ ਨੇ ਅਮਰੀਕਾ ਦੀ ਸੁਪਰੀਮ ਕੋਰਟ ਵਿਚ ਜਿੱਤਿਆ ਸੀ। ਭਰਾ ਨੌਰ ਨੇ ਭੈਣਾਂ-ਭਰਾਵਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਨੇ ਦੱਸਿਆ ਕਿ ਜੇ ਭੈਣ-ਭਰਾ ਵਿਰੋਧ ਕਰਕੇ ਹਾਰ ਮੰਨ ਕੇ ਪ੍ਰਚਾਰ ਕਰਨਾ ਛੱਡ ਦਿੰਦੇ, ਤਾਂ ਗੱਲ ਅਦਾਲਤ ਤਕ ਜਾਣੀ ਹੀ ਨਹੀਂ ਸੀ ਅਤੇ ਨਾ ਹੀ ਅਸੀਂ ਕੋਈ ਮੁਕੱਦਮਾ ਜਿੱਤਣਾ ਸੀ। ਪਰ ਉਨ੍ਹਾਂ ਦੀ ਵਫ਼ਾਦਾਰੀ ਕਰਕੇ ਅਸੀਂ ਹਿੰਮਤ ਨਾਲ ਲੜੇ, ਜਿਸ ਕਰਕੇ ਅੱਜ ਦੁਨੀਆਂ ਭਰ ਦੇ ਭੈਣ-ਭਰਾ ਬਿਨਾਂ ਰੋਕ-ਟੋਕ ਪ੍ਰਚਾਰ ਕਰ ਸਕਦੇ ਹਨ। ਦੂਸਰੇ ਦੇਸ਼ਾਂ ਵਿਚ ਵੀ ਭੈਣਾਂ-ਭਰਾਵਾਂ ਨੇ ਇਸ ਤਰ੍ਹਾਂ ਦੇ ਹੀ ਕਈ ਮੁਕੱਦਮੇ ਜਿੱਤੇ ਹਨ। ਅਤਿਆਚਾਰ ਹੋਣ ਦੇ ਬਾਵਜੂਦ ਵੀ ਅਸੀਂ ਪ੍ਰਚਾਰ ਕਰਦੇ ਰਹਿੰਦੇ ਹਾਂ ਕਿਉਂਕਿ ਸਾਡੇ ਲਈ ਇਹ ਕੰਮ ਬਹੁਤ ਕੀਮਤੀ ਹੈ।
12. ਪ੍ਰਚਾਰ ਵਿਚ ਤੁਸੀਂ ਕੀ ਕਰਨ ਦੀ ਠਾਣੀ ਹੈ?
12 ਪ੍ਰਚਾਰ ਦੇ ਕੰਮ ਨੂੰ ਅਨਮੋਲ ਸਮਝਣ ਕਰਕੇ ਅਸੀਂ ਆਪਣਾ ਧਿਆਨ ਸਿਰਫ਼ ਘੰਟੇ ਬਣਾਉਣ ਵਿਚ ਹੀ ਨਹੀਂ ਲਾਵਾਂਗੇ, ਸਗੋਂ ਅਸੀਂ “ਖ਼ੁਸ਼ ਖ਼ਬਰੀ ਦੀ ਚੰਗੀ ਤਰ੍ਹਾਂ ਗਵਾਹੀ” ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। (ਰਸੂ. 20:24; 2 ਤਿਮੋ. 4:5) ਪਰ ਅਸੀਂ ਲੋਕਾਂ ਨੂੰ ਕੀ ਸਿਖਾਉਣਾ ਹੈ? ਆਓ ਆਪਾਂ ਪਰਮੇਸ਼ੁਰ ਵੱਲੋਂ ਮਿਲੇ ਇਕ ਹੋਰ ਖ਼ਜ਼ਾਨੇ ʼਤੇ ਗੌਰ ਕਰੀਏ।
ਸੱਚਾਈ ਦਾ ਖ਼ਜ਼ਾਨਾ
13, 14. ਮੱਤੀ 13:52 ਵਿਚ ਦੱਸਿਆ ਖ਼ਜ਼ਾਨਾ ਕੀ ਹੈ? ਅਸੀਂ ਆਪਣੇ ਖ਼ਜ਼ਾਨੇ ਨੂੰ ਹੋਰ ਕਿਵੇਂ ਭਰ ਸਕਦੇ ਹਾਂ?
13 ਯਹੋਵਾਹ ਵੱਲੋਂ ਮਿਲਿਆ ਤੀਜਾ ਖ਼ਜ਼ਾਨਾ ਹੈ, ਬਾਈਬਲ ਦੀਆਂ ਸੱਚਾਈਆਂ। ਯਹੋਵਾਹ ਸੱਚਾਈ ਦਾ ਪਰਮੇਸ਼ੁਰ ਹੈ। (2 ਸਮੂ. 7:28; ਜ਼ਬੂ. 31:5) ਇਕ ਦਿਆਲੂ ਪਿਤਾ ਵਾਂਗ ਉਹ ਸਾਡੇ ਨਾਲ ਸੱਚਾਈਆਂ ਸਾਂਝੀਆਂ ਕਰਦਾ ਹੈ। ਉਹ ਆਪਣੇ ਬਚਨ, ਪ੍ਰਕਾਸ਼ਨਾਂ, ਸੰਮੇਲਨਾਂ ਅਤੇ ਹਫ਼ਤੇ ਦੀਆਂ ਸਭਾਵਾਂ ਰਾਹੀਂ ਸਾਨੂੰ ਬਹੁਤ ਕੁਝ ਸਿਖਾਉਂਦਾ ਹੈ। ਜਿੱਦਾਂ-ਜਿੱਦਾਂ ਅਸੀਂ ਸੱਚਾਈ ਦੇ ਹੀਰੇ-ਮੋਤੀ ਇਕੱਠੇ ਕਰਾਂਗੇ, ਉੱਦਾਂ-ਉੱਦਾਂ ਯਿਸੂ ਦੇ ਕਹੇ ਮੁਤਾਬਕ ਸਾਡਾ ਖ਼ਜ਼ਾਨਾ “ਨਵੀਆਂ ਅਤੇ ਪੁਰਾਣੀਆਂ ਚੀਜ਼ਾਂ” ਨਾਲ ਭਰਦਾ ਜਾਵੇਗਾ। (ਮੱਤੀ 13:52 ਪੜ੍ਹੋ।) ਯਹੋਵਾਹ ਸਾਡੇ “ਖ਼ਜ਼ਾਨੇ” ਵਿਚ ਹੀਰੇ-ਮੋਤੀ ਅਤੇ ਜਵਾਹਰ ਭਰ ਦੇਵੇਗਾ, ਜੇ ਅਸੀਂ ਦੱਬੇ ਹੋਏ ਖ਼ਜ਼ਾਨੇ ਵਾਂਗ ਸੱਚਾਈ ਦੀ ਭਾਲ ਕਰਦੇ ਰਹਾਂਗੇ। (ਕਹਾਉਤਾਂ 2:4-7 ਪੜ੍ਹੋ।) ਅਸੀਂ ਸੱਚਾਈ ਦੀ ਭਾਲ ਕਿਵੇਂ ਕਰ ਸਕਦੇ ਹਾਂ?
14 ਸਾਨੂੰ ਲਗਾਤਾਰ ਬਾਈਬਲ ਅਤੇ ਪ੍ਰਕਾਸ਼ਨਾਂ ਦਾ ਅਧਿਐਨ ਕਰਨ ਦੇ ਨਾਲ-ਨਾਲ ਚੰਗੀ ਤਰ੍ਹਾਂ ਖੋਜਬੀਨ ਕਰਨ ਦੀ ਵੀ ਲੋੜ ਹੈ। ਇਸ ਤਰ੍ਹਾਂ ਕਰਕੇ ਅਸੀਂ “ਨਵੀਆਂ” ਚੀਜ਼ਾਂ ਯਾਨੀ ਉਹ ਸੱਚਾਈਆਂ ਸਿੱਖਾਂਗੇ ਜੋ ਅਸੀਂ ਪਹਿਲਾਂ ਕਦੀ ਨਹੀਂ ਸੀ ਸਿੱਖੀਆਂ। (ਯਹੋ. 1:8, 9; ਜ਼ਬੂ. 1:2, 3) ਪਹਿਰਾਬੁਰਜ ਰਸਾਲੇ ਦਾ ਸਭ ਤੋਂ ਪਹਿਲਾਂ ਅੰਕ 1879 ਵਿਚ ਛਪਿਆ ਸੀ। ਉਸ ਵਿਚ ਸੱਚਾਈ ਦੀ ਤੁਲਨਾ ਇਕ ਖ਼ੂਬਸੂਰਤ ਫੁੱਲ ਨਾਲ ਕੀਤੀ ਗਈ ਜੋ ਜੰਗਲੀ ਝਾੜੀਆਂ ਵਿਚ ਲੁਕਿਆ ਹੋਇਆ ਹੈ। ਅਜਿਹਾ ਖ਼ੂਬਸੂਰਤ ਫੁੱਲ ਸੌਖਿਆਂ ਹੀ ਨਹੀਂ ਲੱਭਦਾ, ਪਰ ਧਿਆਨ ਨਾਲ ਖੋਜ ਕਰਕੇ ਹੀ ਮਿਲਦਾ ਹੈ। ਜੇ ਸਾਨੂੰ ਅਜਿਹਾ ਫੁੱਲ ਕਦੇ ਮਿਲੇ, ਤਾਂ ਕੀ ਅਸੀਂ ਇਕ ਨਾਲ ਹੀ ਸੰਤੁਸ਼ਟ ਹੋ ਜਾਵਾਂਗੇ? ਨਹੀਂ। ਅਸੀਂ ਹੋਰ ਖ਼ੂਬਸੂਰਤ ਫੁੱਲ ਲੱਭਣ ਲਈ ਪੂਰੀ ਵਾਹ ਲਾਵਾਂਗੇ। ਇਸੇ ਤਰ੍ਹਾਂ ਸੱਚਾਈ ਦਾ ਇਕ ਹੀਰਾ ਲੱਭ ਕੇ ਬਹਿ ਨਾ ਜਾਓ, ਸਗੋਂ ਸੱਚਾਈ ਦੀ ਖੋਜ ਵਿਚ ਲੱਗੇ ਰਹੋ।
15. ਅਸੀਂ ਕੁਝ ਸੱਚਾਈਆਂ ਨੂੰ “ਪੁਰਾਣੀਆਂ” ਕਿਉਂ ਕਹਿ ਸਕਦੇ ਹਾਂ? ਉਨ੍ਹਾਂ ਵਿੱਚੋਂ ਕਿਹੜੀ ਸੱਚਾਈ ਤੁਹਾਡੇ ਲਈ ਅਨਮੋਲ ਹੈ?
15 ਜਦੋਂ ਅਸੀਂ ਬਾਈਬਲ ਸਟੱਡੀ ਕਰਨੀ ਸ਼ੁਰੂ ਕੀਤੀ, ਤਾਂ ਜ਼ਾਹਰ ਹੈ ਕਿ ਅਸੀਂ ਬਹੁਤ ਸਾਰੀਆਂ ਸੱਚਾਈਆਂ ਸਿੱਖੀਆਂ ਸਨ। ਅਸੀਂ ਇਨ੍ਹਾਂ ਨੂੰ “ਪੁਰਾਣੀਆਂ” ਸੱਚਾਈਆਂ ਕਹਿ ਸਕਦੇ ਹਾਂ ਕਿਉਂਕਿ ਅਸੀਂ ਇਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਸਿੱਖਿਆ ਸੀ। ਅਸੀਂ ਸ਼ੁਰੂ-ਸ਼ੁਰੂ ਵਿਚ ਸਿੱਖਿਆ ਸੀ ਕਿ ਯਹੋਵਾਹ ਸਾਡਾ ਸ੍ਰਿਸ਼ਟੀਕਰਤਾ ਹੈ ਅਤੇ ਉਸ ਨੇ ਇਨਸਾਨਾਂ ਨੂੰ ਕਿਸੇ ਮਕਸਦ ਲਈ ਬਣਾਇਆ ਸੀ। ਅਸੀਂ ਇਹ ਵੀ ਸਿੱਖਿਆ ਕਿ ਇਨਸਾਨਾਂ ਨੂੰ ਪਾਪ ਅਤੇ ਮੌਤ ਤੋਂ ਛੁਟਕਾਰਾ ਦੇਣ ਲਈ ਪਰਮੇਸ਼ੁਰ ਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ। ਨਾਲੇ ਅਸੀਂ ਸਿੱਖਿਆ ਸੀ ਕਿ ਪਰਮੇਸ਼ੁਰ ਦਾ ਰਾਜ ਸਾਰੇ ਦੁੱਖ-ਤਕਲੀਫ਼ਾਂ ਨੂੰ ਖ਼ਤਮ ਕਰੇਗਾ ਅਤੇ ਅਸੀਂ ਧਰਤੀ ʼਤੇ ਹਮੇਸ਼ਾ ਲਈ ਸੁੱਖ-ਸਾਂਦ ਨਾਲ ਜੀ ਸਕਾਂਗੇ।—ਯੂਹੰ. 3:16; ਪ੍ਰਕਾ. 4:11; 21:3, 4.
16. ਬਾਈਬਲ ਦੀਆਂ ਸੱਚਾਈਆਂ ਦੀ ਨਵੀਂ ਸਮਝ ਮਿਲਣ ʼਤੇ ਸਾਨੂੰ ਕੀ ਕਰਨਾ ਚਾਹੀਦਾ ਹੈ?
16 ਕਦੀ-ਕਦੀ ਸਾਡਾ ਸੰਗਠਨ ਸਾਨੂੰ ਭਵਿੱਖਬਾਣੀਆਂ ਜਾਂ ਆਇਤਾਂ ਦੀ ਨਵੀਂ ਸਮਝ ਦਿੰਦਾ ਹੈ। ਨਵੀਂ ਸਮਝ ਮਿਲਣ ʼਤੇ ਜ਼ਰੂਰੀ ਹੈ ਕਿ ਅਸੀਂ ਇਸ ਦੀ ਚੰਗੀ ਤਰ੍ਹਾਂ ਸਟੱਡੀ ਕਰੀਏ ਅਤੇ ʼਤੇ ਸੋਚ-ਵਿਚਾਰ ਕਰੀਏ। (ਰਸੂ. 17:11; 1 ਤਿਮੋ. 4:15) ਸਿਰਫ਼ ਮੋਟੀਆਂ-ਮੋਟੀਆਂ ਗੱਲਾਂ ਹੀ ਨਾ ਸਮਝੋ, ਸਗੋਂ ਨਵੀਂ ਸਮਝ ਦੀਆਂ ਛੋਟੀਆਂ-ਛੋਟੀਆਂ ਤੇ ਬਾਰੀਕ ਗੱਲਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰੋ। ਨਵੀਂ ਸਮਝ ਦਾ ਧਿਆਨ ਨਾਲ ਅਧਿਐਨ ਕਰ ਕੇ ਅਸੀਂ ਆਪਣੇ ਖ਼ਜ਼ਾਨੇ ਵਿਚ ਹੋਰ ਜਵਾਹਰ ਭਰ ਰਹੇ ਹੋਵਾਂਗੇ। ਪਰ ਸਾਨੂੰ ਇੰਨੀ ਜ਼ਿਆਦਾ ਮਿਹਨਤ ਕਰਨ ਦੀ ਕਿਉਂ ਲੋੜ ਹੈ?
17, 18. ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ?
17 ਯਿਸੂ ਨੇ ਕਿਹਾ ਕਿ ਪਰਮੇਸ਼ੁਰ ਦੀ ਪਵਿੱਤਰ ਸ਼ਕਤੀ ਸਾਨੂੰ ਸਿੱਖੀਆਂ ਗੱਲਾਂ ਚੇਤੇ ਕਰਾਉਣ ਵਿਚ ਮਦਦ ਕਰ ਸਕਦੀ ਹੈ। (ਯੂਹੰ. 14:25, 26) ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਦਿਆਂ ਪਵਿੱਤਰ ਸ਼ਕਤੀ ਸਾਡੀ ਕਿਵੇਂ ਮਦਦ ਕਰ ਸਕਦੀ ਹੈ? ਭਰਾ ਪੀਟਰ ਦਾ ਤਜਰਬਾ ਦੇਖੋ। 1970 ਵਿਚ ਉਹ 19 ਸਾਲਾਂ ਦਾ ਸੀ ਅਤੇ ਉਸ ਨੂੰ ਇੰਗਲੈਂਡ ਦੇ ਬੈਥਲ ਵਿਚ ਸੇਵਾ ਕਰਦਿਆਂ ਬੱਸ ਥੋੜ੍ਹੇ ਹੀ ਦਿਨ ਹੋਏ ਸਨ। ਘਰ-ਘਰ ਪ੍ਰਚਾਰ ਕਰਦਿਆਂ ਪੀਟਰ ਨੂੰ ਇਕ 50 ਕੁ ਸਾਲਾਂ ਦਾ ਆਦਮੀ ਮਿਲਿਆ। ਉਸ ਆਦਮੀ ਨੇ ਲੰਬੀ ਜਿਹੀ ਦਾੜ੍ਹੀ ਰੱਖੀ ਹੋਈ ਸੀ ਕਿਉਂਕਿ ਉਹ ਯਹੂਦੀ ਲੋਕਾਂ ਦਾ ਇਕ ਗੁਰੂ ਸੀ। ਪੀਟਰ ਨੇ ਉਸ ਨੂੰ ਪੁੱਛਿਆ ਕਿ ਕੀ ਉਹ ਬਾਈਬਲ ਬਾਰੇ ਜਾਣਨਾ ਚਾਹੁੰਦਾ ਹੈ। ਉਸ ਗੁਰੂ ਨੂੰ ਬਹੁਤ ਹੈਰਾਨੀ ਹੋਈ, ਕਿ ਇਕ ਨਿੱਕਾ ਜਿਹਾ ਮੁੰਡਾ ਉਸ ਨੂੰ ਬਾਈਬਲ ਦਾ ਗਿਆਨ ਦੇਣ ਆਇਆ ਸੀ। ਪੀਟਰ ਨੂੰ ਪਰਖਣ ਲਈ ਉਸ ਨੇ ਪੁੱਛਿਆ: “ਚੱਲ, ਮੁੰਡਿਆਂ ਦੱਸ ਫਿਰ, ਦਾਨੀਏਲ ਦੀ ਕਿਤਾਬ ਕਿਹੜੀ ਭਾਸ਼ਾ ਵਿਚ ਲਿਖੀ ਗਈ ਸੀ?” ਪੀਟਰ ਨੇ ਕਿਹਾ: “ਉਸ ਦਾ ਕੁਝ ਹਿੱਸਾ ਅਰਾਮੀ ਭਾਸ਼ਾ ਵਿਚ ਲਿਖਿਆ ਗਿਆ ਸੀ।” ਪੀਟਰ ਕਹਿੰਦਾ ਹੈ: “ਮੇਰਾ ਜਵਾਬ ਸੁਣ ਕੇ ਉਹ ਹੱਕਾ-ਬੱਕਾ ਰਹਿ ਗਿਆ। ਪਰ ਉਹ ਦੇ ਨਾਲੋਂ ਮੈਨੂੰ ਜ਼ਿਆਦਾ ਹੈਰਾਨੀ ਹੋਈ, ਕਿ ਮੈਂ ਸਹੀ ਜਵਾਬ ਕਿਵੇਂ ਦੇ ਦਿੱਤਾ। ਜਦੋਂ ਮੈਂ ਘਰ ਗਿਆ ਤਾਂ ਮੈਂ ਪਿਛਲੇ ਮਹੀਨਿਆਂ ਦੇ ਪਹਿਰਾਬੁਰਜ ਅਤੇ ਜਾਗਰੂਕ ਬਣੋ! ਰਸਾਲੇ ਦੁਬਾਰਾ ਦੇਖੇ।a ਇਕ ਲੇਖ ਵਿਚ ਲਿਖਿਆ ਸੀ ਕਿ ਦਾਨੀਏਲ ਦੀ ਕਿਤਾਬ ਅਰਾਮੀ ਭਾਸ਼ਾ ਵਿਚ ਲਿਖੀ ਗਈ ਸੀ।” (ਦਾਨੀ. 2:4) ਇਹ ਗੱਲ ਕਿੰਨੀ ਸੱਚ ਹੈ ਕਿ ਜਿਹੜੀਆਂ ਗੱਲਾਂ ਅਸੀਂ ਪੜ੍ਹ ਕੇ ਆਪਣੇ ਖ਼ਜ਼ਾਨੇ ਵਿਚ ਜਮ੍ਹਾ ਕੀਤੀਆਂ ਹਨ, ਪਵਿੱਤਰ ਸ਼ਕਤੀ ਉਹ ਗੱਲਾਂ ਸਾਨੂੰ ਯਾਦ ਕਰਾ ਸਕਦੀ ਹੈ।—ਲੂਕਾ 12:11, 12; 21:13-15.
18 ਜੇ ਅਸੀਂ ਯਹੋਵਾਹ ਵੱਲੋਂ ਮਿਲੇ ਸੱਚਾਈ ਦੇ ਖ਼ਜ਼ਾਨੇ ਨੂੰ ਅਨਮੋਲ ਸਮਝਾਂਗੇ, ਤਾਂ ਸਾਡਾ ਦਿਲ ਆਪ ਕਰੇਗਾ ਕਿ ਅਸੀਂ ਆਪਣੇ ਖ਼ਜ਼ਾਨੇ ਵਿਚ ਹੋਰ ਨਵੀਆਂ ਅਤੇ ਪੁਰਾਣੀਆਂ ਚੀਜ਼ਾਂ ਭਰੀਏ। ਇੱਦਾਂ ਕਰਨ ਨਾਲ ਅਸੀਂ ਹੋਰ ਵੀ ਵਧੀਆ ਪ੍ਰਚਾਰਕ ਬਣ ਸਕਦੇ ਹਾਂ।
ਆਪਣਾ ਖ਼ਜ਼ਾਨਾ ਸਾਂਭ ਕੇ ਰੱਖੋ
19. ਸਾਨੂੰ ਪਰਮੇਸ਼ੁਰ ਵੱਲੋਂ ਮਿਲੇ ਖ਼ਜ਼ਾਨੇ ਨੂੰ ਕਿਉਂ ਸਾਂਭ ਕੇ ਰੱਖਣਾ ਚਾਹੀਦਾ ਹੈ?
19 ਇਸ ਲੇਖ ਵਿਚ ਅਸੀਂ ਸਿੱਖਿਆ ਹੈ ਕਿ ਸਾਨੂੰ ਯਹੋਵਾਹ ਵੱਲੋਂ ਮਿਲੇ ਖ਼ਜ਼ਾਨੇ ਦੀ ਕਦਰ ਕਰਨੀ ਚਾਹੀਦੀ ਹੈ। ਪਰ ਸਾਰਿਆਂ ਨੂੰ ਸ਼ੈਤਾਨ ਅਤੇ ਇਸ ਦੁਨੀਆਂ ਤੋਂ ਖ਼ਬਰਦਾਰ ਰਹਿਣ ਦੀ ਲੋੜ ਹੈ ਕਿਉਂਕਿ ਉਹ ਸਾਡੇ ਦਿਲਾਂ ਵਿਚ ਇਸ ਖ਼ਜ਼ਾਨੇ ਲਈ ਕਦਰ ਘਟਾ ਸਕਦੇ ਹਨ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਕਈ ਗੱਲਾਂ ਸਾਡੇ ਲਈ ਫੰਦਾ ਬਣ ਸਕਦੀਆਂ ਹਨ, ਜਿਵੇਂ ਕਿ ਮੋਟੀ ਤਨਖ਼ਾਹ ਵਾਲੀ ਨੌਕਰੀ, ਆਲੀਸ਼ਾਨ ਜ਼ਿੰਦਗੀ ਜਾਂ ਧਨ-ਦੌਲਤ ਦਾ ਦਿਖਾਵਾ। ਯੂਹੰਨਾ ਰਸੂਲ ਨੇ ਸਾਨੂੰ ਖ਼ਬਰਦਾਰ ਕੀਤਾ ਕਿ ਇਸ ਦੁਨੀਆਂ ਅਤੇ ਇਸ ਦੀਆਂ ਚੀਜ਼ਾਂ ਜਲਦੀ ਹੀ ਖ਼ਤਮ ਹੋ ਜਾਣਗੀਆਂ। (1 ਯੂਹੰ. 2:15-17) ਇਸ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਆਪਣੇ ਖ਼ਜ਼ਾਨੇ ਨੂੰ ਅਨਮੋਲ ਸਮਝੀਏ ਅਤੇ ਸਾਂਭ ਕੇ ਰੱਖੀਏ।
20. ਆਪਣੇ ਖ਼ਜ਼ਾਨੇ ਨੂੰ ਸਾਂਭ ਕੇ ਰੱਖਣ ਲਈ ਤੁਸੀਂ ਕੀ ਕਰਨ ਦਾ ਪੱਕਾ ਇਰਾਦਾ ਕੀਤਾ ਹੈ?
20 ਸਾਨੂੰ ਰਾਜ ਦੀ ਖ਼ਾਤਰ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਕਰਕੇ ਸਾਡਾ ਪਿਆਰ ਠੰਢਾ ਪੈ ਸਕਦਾ ਹੈ। ਜੋਸ਼ ਨਾਲ ਪ੍ਰਚਾਰ ਕਰਦੇ ਰਹੋ ਅਤੇ ਹਮੇਸ਼ਾ ਯਾਦ ਰੱਖੋ ਕਿ ਤੁਸੀਂ ਲੋਕਾਂ ਦੀਆਂ ਜਾਨਾਂ ਬਚਾ ਰਹੇ ਹੋ। ਬਾਈਬਲ ਦੀਆਂ ਸੱਚਾਈਆਂ ਦੀ ਖੋਜ ਵਿਚ ਲੱਗੇ ਰਹੋ। ਇਸ ਤਰ੍ਹਾਂ ਕਰ ਕੇ “ਧਨ ਸਵਰਗ ਵਿਚ ਜੋੜੋ; ਉੱਥੇ ਨਾ ਕੋਈ ਚੋਰ ਆਉਂਦਾ ਹੈ ਅਤੇ ਨਾ ਹੀ ਧਨ ਨੂੰ ਕੀੜਾ ਲੱਗਦਾ ਹੈ। ਕਿਉਂਕਿ ਜਿੱਥੇ ਤੁਹਾਡਾ ਧਨ ਹੈ ਉੱਥੇ ਹੀ ਤੁਹਾਡਾ ਮਨ ਹੈ।”—ਲੂਕਾ 12:33, 34.
a ਦਾਨੀਏਲ 2:4ਅ–7:28 ਅਰਾਮੀ ਭਾਸ਼ਾ ਵਿਚ ਲਿਖੀ ਗਈ ਸੀ।