ਤੁਸੀਂ ਪਰਮੇਸ਼ੁਰ ਦੀਆਂ ਅੱਖਾਂ ਵਿਚ ਕੀਮਤੀ ਹੋ!
“ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਏਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।”—ਯਿਰਮਿਯਾਹ 31:3.
1. ਆਪਣੇ ਦਿਨਾਂ ਦੇ ਸਾਧਾਰਣ ਲੋਕਾਂ ਦੇ ਪ੍ਰਤੀ ਯਿਸੂ ਦਾ ਰਵੱਈਆ ਫ਼ਰੀਸੀਆਂ ਨਾਲੋਂ ਕਿਸ ਤਰ੍ਹਾਂ ਭਿੰਨ ਸੀ?
ਉਹ ਇਸ ਨੂੰ ਉਹ ਦੀਆਂ ਅੱਖਾਂ ਵਿਚ ਦੇਖ ਸਕਦੇ ਸਨ। ਇਹ ਮਨੁੱਖ, ਯਿਸੂ, ਬਿਲਕੁਲ ਉਨ੍ਹਾਂ ਦੇ ਧਾਰਮਿਕ ਆਗੂਆਂ ਵਰਗਾ ਨਹੀਂ ਸੀ; ਉਹ ਪਰਵਾਹ ਕਰਦਾ ਸੀ। ਉਹ ਨੂੰ ਇਨ੍ਹਾਂ ਲੋਕਾਂ ਉੱਤੇ ਤਰਸ ਆਉਂਦਾ ਸੀ ਕਿਉਂਕਿ “ਉਨ੍ਹਾਂ ਭੇਡਾਂ ਵਾਂਙੁ ਜਿਨ੍ਹਾਂ ਦਾ ਅਯਾਲੀ ਨਾ ਹੋਵੇ ਓਹ ਲੋਕ ਮਾੜੇ ਹਾਲ ਅਤੇ ਡਾਵਾਂ ਡੋਲ ਫਿਰਦੇ ਸਨ।” (ਮੱਤੀ 9:36) ਉਨ੍ਹਾਂ ਦੇ ਧਾਰਮਿਕ ਆਗੂਆਂ ਨੂੰ, ਇਕ ਪ੍ਰੇਮਪੂਰਣ, ਦਿਆਲੂ ਪਰਮੇਸ਼ੁਰ ਨੂੰ ਦਰਸਾਉਣ ਵਾਲੇ ਪ੍ਰੇਮਪੂਰਣ ਅਯਾਲੀ ਹੋਣਾ ਚਾਹੀਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਸਾਧਾਰਣ ਲੋਕਾਂ ਨੂੰ ਨਿਮਨ ਵਰਗ ਦੇ ਤੌਰ ਤੇ ਤੁੱਛ—ਅਤੇ ਘਿਰਣਿਤ ਸਮਝਿਆ!a (ਯੂਹੰਨਾ 7:47-49; ਤੁਲਨਾ ਕਰੋ ਹਿਜ਼ਕੀਏਲ 34:4.) ਸਪੱਸ਼ਟ ਤੌਰ ਤੇ, ਅਜਿਹੀ ਵਿਗੜੀ, ਗ਼ੈਰ-ਸ਼ਾਸਤਰੀ ਦ੍ਰਿਸ਼ਟੀ, ਯਹੋਵਾਹ ਦੇ ਆਪਣੇ ਲੋਕਾਂ ਬਾਰੇ ਵਿਚਾਰ ਤੋਂ ਬਹੁਤ ਹੀ ਭਿੰਨ ਸੀ। ਉਹ ਆਪਣੀ ਕੌਮ, ਇਸਰਾਏਲ ਨੂੰ ਦੱਸ ਚੁੱਕਾ ਸੀ: “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ।”—ਯਿਰਮਿਯਾਹ 31:3.
2. ਅੱਯੂਬ ਦੇ ਤਿੰਨ ਸਾਥੀਆਂ ਨੇ ਕਿਸ ਤਰ੍ਹਾਂ ਉਹ ਨੂੰ ਯਕੀਨ ਦਿਲਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਵਿਅਰਥ ਹੈ?
2 ਪਰੰਤੂ ਫ਼ਰੀਸੀ ਲੋਕ, ਯਹੋਵਾਹ ਦੀਆਂ ਪਿਆਰੀਆਂ ਭੇਡਾਂ ਨੂੰ ਇਹ ਯਕੀਨ ਦਿਲਾਉਣ ਦੀ ਕੋਸ਼ਿਸ਼ ਵਿਚ ਕਿ ਉਹ ਵਿਅਰਥ ਹਨ, ਨਿਸ਼ਚੇ ਹੀ ਪਹਿਲੇ ਵਿਅਕਤੀ ਨਹੀਂ ਸਨ। ਅੱਯੂਬ ਦੇ ਉਦਾਹਰਣ ਤੇ ਵਿਚਾਰ ਕਰੋ। ਯਹੋਵਾਹ ਦੇ ਲਈ ਉਹ ਧਰਮੀ ਅਤੇ ਖਰਾ ਸੀ, ਪਰੰਤੂ ਉਨ੍ਹਾਂ ਤਿੰਨ “ਤਸੱਲੀ ਦੇਣ ਵਾਲਿਆਂ” ਨੇ ਸੰਕੇਤ ਕੀਤਾ ਕਿ ਅੱਯੂਬ ਇਕ ਅਨੈਤਿਕ, ਦੁਸ਼ਟ ਧਰਮ-ਤਿਆਗੀ ਸੀ ਜੋ ਆਪਣੇ ਪਿੱਛੇ ਬਿਨਾਂ ਕੋਈ ਨਿਸ਼ਾਨ ਛੱਡੇ ਮਰ ਜਾਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਰਮੇਸ਼ੁਰ ਅੱਯੂਬ ਦੀ ਧਾਰਮਿਕਤਾ ਦੀ ਕੋਈ ਵੀ ਕੀਮਤ ਨਹੀਂ ਰੱਖੇਗਾ, ਇਹ ਵੇਖਦੇ ਹੋਏ ਕਿ ਪਰਮੇਸ਼ੁਰ ਨੇ ਆਪਣੇ ਦੂਤਾਂ ਉੱਤੇ ਵੀ ਭਰੋਸਾ ਨਹੀਂ ਕੀਤਾ ਅਤੇ ਖ਼ੁਦ ਸਵਰਗ ਨੂੰ ਵੀ ਅਸ਼ੁੱਧ ਸਮਝਿਆ!—ਅੱਯੂਬ 1:8; 4:18; 15:15, 16; 18:17-19; 22:3.
3. ਲੋਕਾਂ ਨੂੰ ਇਹ ਯਕੀਨ ਦਿਲਾਉਣ ਦੀ ਕੋਸ਼ਿਸ਼ ਵਿਚ ਕਿ ਉਹ ਵਿਅਰਥ ਅਤੇ ਦੁਪਿਆਰੇ ਹਨ, ਸ਼ਤਾਨ ਅੱਜ ਕਿਹੜੇ ਜ਼ਰੀਏ ਇਸਤੇਮਾਲ ਕਰਦਾ ਹੈ?
3 ਅੱਜਕਲ੍ਹ, ਸ਼ਤਾਨ ਹਾਲੇ ਵੀ ਲੋਕਾਂ ਨੂੰ ਇਹ ਯਕੀਨ ਦਿਲਾਉਣ ਦੀ ਕੋਸ਼ਿਸ਼ ਵਿਚ ਕਿ ਉਹ ਦੁਪਿਆਰੇ ਅਤੇ ਵਿਅਰਥ ਹਨ, ਇਸ ‘ਛਲ ਛਿੱਦ੍ਰ’ ਨੂੰ ਇਸਤੇਮਾਲ ਕਰ ਰਿਹਾ ਹੈ। (ਅਫ਼ਸੀਆਂ 6:11) ਇਹ ਸੱਚ ਹੈ ਕਿ ਉਹ ਅਕਸਰ ਲੋਕਾਂ ਨੂੰ ਉਨ੍ਹਾਂ ਦੀ ਖੁਦਪਸੰਦੀ ਅਤੇ ਅਭਿਮਾਨ ਨੂੰ ਇਸਤੇਮਾਲ ਕਰ ਕੇ ਭਰਮਾਉਂਦਾ ਹੈ। (2 ਕੁਰਿੰਥੀਆਂ 11:3) ਪਰੰਤੂ ਉਹ ਨਾਜ਼ੁਕ ਵਿਅਕਤੀਆਂ ਦੇ ਆਤਮ-ਸਨਮਾਨ ਨੂੰ ਨਾਸ਼ ਕਰ ਕੇ ਵੀ ਖ਼ੁਸ਼ ਹੁੰਦਾ ਹੈ। ਇਹ ਖ਼ਾਸ ਤੌਰ ਤੇ ਇਨ੍ਹਾਂ ਭੈੜੇ “ਅੰਤ ਦਿਆਂ ਦਿਨਾਂ” ਵਿਚ ਹੈ। ਅੱਜ ਅਨੇਕਾਂ ਅਜਿਹੇ ਪਰਿਵਾਰਾਂ ਵਿਚ ਪਲਦੇ ਹਨ ਜਿੱਥੇ “ਨਿਰਮੋਹ” ਹੈ; ਕਈਆਂ ਨੂੰ ਰੋਜ਼ਾਨਾ ਉਨ੍ਹਾਂ ਵਿਅਕਤੀਆਂ ਨਾਲ ਸੰਬੰਧ ਰੱਖਣਾ ਪੈਂਦਾ ਹੈ ਜੋ ਕਰੜੇ, ਸੁਆਰਥੀ, ਅਤੇ ਹੱਠੀ ਹਨ। (2 ਤਿਮੋਥਿਉਸ 3:1-5) ਸਾਲਾਂ ਤੋਂ ਚੱਲ ਰਹੇ ਦੁਰਵਿਹਾਰ, ਨਸਲਵਾਦ, ਨਫ਼ਰਤ, ਜਾਂ ਦੁਰਾਚਾਰ ਨੇ ਅਜਿਹੇ ਵਿਅਕ-ਤੀਆਂ ਨੂੰ ਸ਼ਾਇਦ ਵਿਸ਼ਵਾਸ ਦਿਲਾ ਦਿੱਤਾ ਹੋਵੇ ਕਿ ਉਹ ਵਿਅਰਥ ਅਤੇ ਦੁਪਿਆਰੇ ਹਨ। ਇਕ ਆਦਮੀ ਨੇ ਲਿਖਿਆ: “ਮੈਂ ਕਿਸੇ ਲਈ ਪਿਆਰ ਜਾਂ ਕਿਸੇ ਵਿਅਕਤੀ ਵੱਲੋਂ ਪਿਆਰ ਮਹਿਸੂਸ ਨਹੀਂ ਕਰਦਾ ਹਾਂ। ਮੈਨੂੰ ਇਹ ਵਿਸ਼ਵਾਸ ਕਰਨ ਵਿਚ ਬਹੁਤ ਮੁਸ਼ਕਲ ਹੁੰਦੀ ਹੈ ਕਿ ਪਰਮੇਸ਼ੁਰ ਮੇਰੇ ਬਾਰੇ ਕੋਈ ਵੀ ਚਿੰਤਾ ਕਰਦਾ ਹੈ।”
4, 5. (ੳ) ਨਿੱਜੀ ਵਿਅਰਥਤਾ ਦਾ ਵਿਚਾਰ ਸ਼ਾਸਤਰ ਦੇ ਵਿਰੁੱਧ ਕਿਉਂ ਹੈ? (ਅ) ਸਾਡਾ ਇਹ ਯਕੀਨ ਕਰਨਾ ਕਿ ਸਾਡੇ ਕੋਈ ਵੀ ਯਤਨ ਕਿਸੇ ਕੀਮਤ ਦੇ ਨਹੀਂ ਹਨ, ਦਾ ਇਕ ਖ਼ਤਰਨਾਕ ਨਤੀਜਾ ਕੀ ਹੈ?
4 ਨਿੱਜੀ ਵਿਅਰਥਤਾ ਦਾ ਵਿਚਾਰ, ਪਰਮੇਸ਼ੁਰ ਦੇ ਬਚਨ ਦੀ ਸੱਚਾਈ, ਯਾਨੀ ਕਿ ਰਿਹਾਈ-ਕੀਮਤ ਦੀ ਸਿੱਖਿਆ ਦੀ ਅਸਲੀਅਤ ਨੂੰ ਰੱਦ ਕਰਦਾ ਹੈ। (ਯੂਹੰਨਾ 3:16) ਅਗਰ ਪਰਮੇਸ਼ੁਰ ਸਾਨੂੰ ਸਦਾ ਦੇ ਜੀਵਨ ਦਾ ਮੌਕਾ ਦੇਣ ਲਈ ਇੰਨੀ ਵੱਡੀ ਕੀਮਤ—ਆਪਣੇ ਪੁੱਤਰ ਦੀ ਕੀਮਤੀ ਜ਼ਿੰਦਗੀ—ਦੇਵੇ, ਤਾਂ ਯਕੀਕਨ ਹੀ ਉਹ ਸਾਡੇ ਨਾਲ ਪਿਆਰ ਕਰਦਾ ਹੋਵੇਗਾ; ਯਕੀਕਨ ਹੀ ਅਸੀਂ ਉਸ ਦੀਆਂ ਅੱਖਾਂ ਵਿਚ ਕੁਝ ਅਰਥ ਰੱਖਦੇ ਹੋਵਾਂਗੇ!
5 ਇਸ ਤੋਂ ਇਲਾਵਾ, ਇਹ ਮਹਿਸੂਸ ਕਰਨਾ ਕਿੰਨਾ ਹੀ ਨਿਰਾਸ਼ਾਜਨਕ ਹੋਵੇਗਾ ਕਿ ਅਸੀਂ ਪਰਮੇਸ਼ੁਰ ਨੂੰ ਨਾਖ਼ੁਸ਼ਗਵਾਰ ਹਾਂ, ਕਿ ਸਾਡੇ ਕੋਈ ਵੀ ਯਤਨ ਕਿਸੇ ਕੀਮਤ ਦੇ ਨਹੀਂ ਹਨ! (ਤੁਲਨਾ ਕਰੋ ਕਹਾਉਤਾਂ 24:10.) ਇਸ ਨਕਾਰਾਤਮਕ ਦ੍ਰਿਸ਼ਟੀਕੋਣ ਤੋਂ, ਨੇਕ-ਖਿਆਲੀ ਹੌਸਲਾ ਵੀ ਸ਼ਾਇਦ ਕਈਆਂ ਨੂੰ ਨਿੰਦਿਆ ਦੇ ਤੌਰ ਤੇ ਲੱਗੇ, ਭਾਵੇਂ ਇਹ ਸਾਨੂੰ ਪਰਮੇਸ਼ੁਰ ਦੀ ਸੇਵਾ ਵਿਚ ਜਿੱਥੇ ਮੁਮਕਿਨ ਹੋਵੇ, ਅੱਗੇ ਵਧਣ ਦੇ ਇਰਾਦੇ ਨਾਲ ਦਿੱਤਾ ਜਾਂਦਾ ਹੈ। ਇਹ ਸ਼ਾਇਦ ਸਾਡੇ ਆਪਣੇ ਅੰਦਰ ਦੀ ਧਾਰਨਾ ਦੀ ਗੂੰਜ ਜਾਪੇ ਕਿ ਜੋ ਕੁਝ ਅਸੀਂ ਕਰਦੇ ਹਾਂ ਚੋਖਾ ਨਹੀਂ ਹੈ।
6. ਆਪਣੇ ਬਾਰੇ ਅਤਿ ਨਕਾਰਾਤਮਕ ਵਿਚਾਰਾਂ ਦਾ ਸਭ ਤੋਂ ਵਧੀਆ ਇਲਾਜ ਕੀ ਹੈ?
6 ਜੇਕਰ ਤੁਸੀਂ ਆਪਣੇ ਵਿਚ ਅਜਿਹੀਆਂ ਨਕਾਰਾਤਮਕ ਭਾਵਨਾਵਾਂ ਮਹਿਸੂਸ ਕਰੋ ਤਾਂ ਨਿਰਾਸ਼ ਨਾ ਹੋਵੋ। ਸਾਡੇ ਵਿੱਚੋਂ ਸਮੇਂ-ਸਮੇਂ ਤੇ ਅਨੇਕ ਲੋਕ ਆਪਣੇ ਆਪ ਨਾਲ ਕਠੋਰ ਹੁੰਦੇ ਹਨ। ਅਤੇ ਯਾਦ ਰੱਖੋ, ਪਰਮੇਸ਼ੁਰ ਦਾ ਬਚਨ “ਸੁਧਾਰਨ” ਲਈ ਅਤੇ “ਕਿਲ੍ਹਿਆਂ ਦੇ ਢਾਹ ਦੇਣ” ਲਈ ਰੂਪਾਂਕਿਤ ਕੀਤਾ ਗਿਆ ਹੈ। (2 ਤਿਮੋਥਿਉਸ 3:16; 2 ਕੁਰਿੰਥੀਆਂ 10:4) ਰਸੂਲ ਯੂਹੰਨਾ ਨੇ ਲਿੱਖਿਆ: “ਇਸ ਤੋਂ ਅਸੀਂ ਜਾਣਾਂਗੇ ਜੋ ਅਸੀਂ ਸਤ ਤੋਂ ਹਾਂ ਅਤੇ ਜਿਸ ਗੱਲ ਵਿੱਚ ਸਾਡਾ ਮਨ ਸਾਨੂੰ ਦੋਸ਼ ਲਾਉਂਦਾ ਹੈ ਓਸ ਵਿੱਚ ਆਪਣੇ ਮਨ ਨੂੰ ਉਹ ਦੇ ਅੱਗੇ ਪੱਕਾ ਕਰਾਂਗੇ। ਇਸ ਲਈ ਜੋ ਪਰਮੇਸ਼ੁਰ ਸਾਡੇ ਮਨ ਨਾਲੋਂ ਵੱਡਾ ਹੈ ਅਤੇ ਜਾਣੀਜਾਣ ਹੈ।” (1 ਯੂਹੰਨਾ 3:19, 20) ਫਿਰ, ਆਓ ਅਸੀਂ ਤਿੰਨ ਤਰੀਕਿਆਂ ਉੱਤੇ ਵਿਚਾਰ ਕਰੀਏ, ਜਿਨ੍ਹਾਂ ਦੁਆਰਾ ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਅਸੀਂ ਯਹੋਵਾਹ ਲਈ ਕੀਮਤੀ ਹਾਂ।
ਯਹੋਵਾਹ ਤੁਹਾਨੂੰ ਕੀਮਤੀ ਸਮਝਦਾ ਹੈ
7. ਯਿਸੂ ਨੇ ਸਾਰੇ ਮਸੀਹੀਆਂ ਨੂੰ ਕਿਸ ਤਰ੍ਹਾਂ ਸਿਖਾਈਆ ਸੀ ਕਿ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੀ ਕੀ ਕੀਮਤ ਹੈ?
7 ਪਹਿਲਾ, ਬਾਈਬਲ ਸਿੱਧੇ ਤੌਰ ਤੇ ਸਿਖਾਉਂਦੀ ਹੈ ਕਿ ਪਰਮੇਸ਼ੁਰ ਦੀਆਂ ਅੱਖਾਂ ਵਿਚ ਸਾਡੇ ਵਿੱਚੋਂ ਹਰ ਇਕ ਵਿਅਕਤੀ ਕੀਮਤੀ ਹੈ। ਯਿਸੂ ਨੇ ਕਿਹਾ: “ਭਲਾ, ਦੋ ਪੈਸਿਆਂ ਨੂੰ ਪੰਜ ਚਿੜੀਆਂ [“ਪਾਰਸੀਨ ਪੰਛੀ,” ਨਿ ਵ] ਨਹੀਂ ਵਿਕਦੀਆਂ? ਪਰ ਇਨ੍ਹਾਂ ਵਿੱਚੋਂ ਇੱਕ ਵੀ ਪਰਮੇਸ਼ੁਰ ਦੇ ਅੱਗੇ ਵਿਸਰੀ ਹੋਈ ਨਹੀਂ। ਤੁਹਾਡੇ ਸਿਰ ਦੇ ਵਾਲ ਵੀ ਸਭ ਗਿਣੇ ਹੋਏ ਹਨ। ਨਾ ਡਰੋ, ਤੁਸੀਂ ਬਹੁਤੀਆਂ ਚਿੜੀਆਂ ਨਾਲੋਂ ਉੱਤਮ ਹੋ।” (ਲੂਕਾ 12:6, 7) ਉਨ੍ਹਾਂ ਦਿਨਾਂ ਵਿਚ, ਭੋਜਨ ਦੇ ਤੌਰ ਤੇ ਵੇਚੇ ਜਾਣ ਵਾਲੇ ਪੰਛੀਆਂ ਵਿੱਚੋਂ ਸੱਭ ਤੋਂ ਸੱਸਤੇ ਪਾਰਸੀਨ ਪੰਛੀ ਸਨ, ਫਿਰ ਵੀ ਇਨ੍ਹਾਂ ਵਿੱਚੋਂ ਇਕ ਵੀ ਆਪਣੇ ਸ੍ਰਿਸ਼ਟੀਕਰਤਾ ਵੱਲੋਂ ਅਣਗੌਲਾ ਨਹੀਂ ਮਰਿਆ। ਇਸ ਤਰ੍ਹਾਂ ਇਕ ਹੈਰਾਨੀਜਨਕ ਭਿੰਨਤਾ ਲਈ ਬੁਨਿਆਦ ਰੱਖੀ ਜਾਂਦੀ ਹੈ: ਮਨੁੱਖ—ਜੋ ਬਹੁਤ ਜ਼ਿਆਦਾ ਕੀਮਤ ਰੱਖਦੇ ਹਨ—ਦੇ ਸੰਬੰਧ ਵਿਚ, ਪਰਮੇਸ਼ੁਰ ਹਰੇਕ ਵੇਰਵਾ ਜਾਣਦਾ ਹੈ। ਇਹ ਇਸ ਤਰ੍ਹਾਂ ਹੈ ਜਿਵੇਂ ਕਿ ਸਾਡੇ ਸਿਰਾਂ ਦਾ ਇਕ-ਇਕ ਵਾਲ ਗਿਣਿਆ ਹੋਇਆ ਹੋਵੇ!
8. ਇਹ ਸੋਚਣਾ ਕਿਉਂ ਵਾਸਤਵਿਕ ਹੈ ਕਿ ਯਹੋਵਾਹ ਸਾਡੇ ਸਿਰਾਂ ਦੇ ਵਾਲਾਂ ਨੂੰ ਗਿਣ ਸਕਦਾ ਹੈ?
8 ਵਾਲ ਗਿਣੇ ਹੋਏ ਹਨ? ਜੇ ਤੁਹਾਨੂੰ ਸ਼ੱਕ ਹੈ ਕਿ ਯਿਸੂ ਦੇ ਦ੍ਰਿਸ਼ਟਾਂਤ ਦਾ ਇਹ ਪਹਿਲੂ ਕਾਲਪਨਿਕ ਹੈ, ਤਾਂ ਵਿਚਾਰ ਕਰੋ: ਪਰਮੇਸ਼ੁਰ ਆਪਣੇ ਵਫ਼ਾਦਾਰ ਸੇਵਕਾਂ ਨੂੰ ਇੰਨੀ ਪੂਰੀ ਤਰ੍ਹਾਂ ਨਾਲ ਯਾਦ ਰੱਖਦਾ ਹੈ ਕਿ ਉਹ ਉਨ੍ਹਾਂ ਨੂੰ ਪੁਨਰ-ਉਥਿਤ ਕਰ ਸਕਦਾ ਹੈ—ਉਨ੍ਹਾਂ ਦੇ ਗੁੰਝਲਦਾਰ ਜਨੈਟਿਕ ਕੋਡਾਂ ਅਤੇ ਉਨ੍ਹਾਂ ਦੇ ਸਾਰੇ ਸਾਲਾਂ ਦੀ ਯਾਦਾਸ਼ਤ ਅਤੇ ਅਨੁਭਵ ਸਮੇਤ, ਉਨ੍ਹਾਂ ਨੂੰ ਹਰੇਕ ਵੇਰਵੇ ਨਾਲ ਦੁਬਾਰਾ ਰਚ ਸਕਦਾ ਹੈ। ਸਾਡੇ ਵਾਲਾਂ ਦੀ ਗਿਣਤੀ ਕਰਨੀ (ਜੋ ਇਕ ਔਸਤ ਸਿਰ ਲਗਭਗ 1,00,000 ਉਗਾਉਂਦਾ ਹੈ) ਤੁਲਨਾ ਵਿਚ ਇਕ ਆਮ ਕਾਰਨਾਮਾ ਹੋਵੇਗਾ!—ਲੂਕਾ 20:37, 38.
ਯਹੋਵਾਹ ਸਾਡੇ ਵਿਚ ਕੀ ਦੇਖਦਾ ਹੈ?
9. (ੳ) ਕਿਹੜੇ ਕੁਝ ਗੁਣ ਹਨ ਜਿਨ੍ਹਾਂ ਦੀ ਯਹੋਵਾਹ ਕਦਰ ਪਾਉਂਦਾ ਹੈ? (ਅ) ਤੁਹਾਡੇ ਵਿਚਾਰ ਵਿਚ ਅਜਿਹੇ ਗੁਣ ਉਸ ਲਈ ਕਿਉਂ ਕੀਮਤੀ ਹਨ?
9 ਦੂਜਾ, ਬਾਈਬਲ ਸਾਨੂੰ ਸਿਖਾਉਂਦੀ ਹੈ ਕਿ ਯਹੋਵਾਹ ਸਾਡੇ ਵਿਚ ਕਿਹੜੀ ਚੀਜ਼ ਦੀ ਕਦਰ ਪਾਉਂਦਾ ਹੈ। ਸਾਧਾਰਣ ਸ਼ਬਦਾਂ ਵਿਚ, ਉਹ ਸਾਡਿਆਂ ਸਕਾਰਾਤਮਕ ਗੁਣਾਂ ਅਤੇ ਸਾਡੇ ਯਤਨਾਂ ਨਾਲ ਖ਼ੁਸ਼ ਹੁੰਦਾ ਹੈ। ਰਾਜਾ ਦਾਊਦ ਨੇ ਆਪਣੇ ਪੁੱਤਰ ਸੁਲੇਮਾਨ ਨੂੰ ਦੱਸਿਆ: “ਯਹੋਵਾਹ ਸਾਰਿਆਂ ਮਨਾਂ ਦੀ ਪਰੀਛਾ ਕਰਦਾ ਹੈ ਅਰ ਧਿਆਨ ਦੇ ਸਾਰੇ ਫੁਰਨਿਆਂ ਦਾ ਗਿਆਤਾ ਹੈ।” (1 ਇਤਹਾਸ 28:9) ਜਿਵੇਂ-ਜਿਵੇਂ ਪਰਮੇਸ਼ੁਰ ਇਸ ਹਿੰਸਕ, ਨਫ਼ਰਤ-ਭਰੇ ਸੰਸਾਰ ਵਿਚ ਅਰਬਾਂ ਹੀ ਮਾਨਵ ਦਿਲਾਂ ਦੀ ਪਰੀਖਿਆ ਕਰਦਾ ਹੈ, ਉਹ ਕਿੰਨਾ ਖ਼ੁਸ਼ ਹੁੰਦਾ ਹੋਵੇਗਾ ਜਦੋਂ ਉਹ ਇਕ ਅਜਿਹਾ ਦਿਲ ਲੱਭਦਾ ਹੈ ਜੋ ਸ਼ਾਂਤੀ, ਸੱਚਾਈ, ਅਤੇ ਧਾਰਮਿਕਤਾ ਨੂੰ ਪਿਆਰ ਕਰਦਾ ਹੈ! (ਤੁਲਨਾ ਕਰੋ ਯੂਹੰਨਾ 1:47; 1 ਪਤਰਸ 3:4.) ਉੱਦੋਂ ਕੀ ਹੁੰਦਾ ਹੈ ਜਦੋਂ ਪਰਮੇਸ਼ੁਰ ਇਕ ਅਜਿਹਾ ਦਿਲ ਲੱਭਦਾ ਹੈ ਜੋ ਉਸ ਦੇ ਪ੍ਰਤੀ ਪਿਆਰ ਨਾਲ ਭਰਿਆ ਹੋਇਆ ਹੈ, ਜੋ ਉਸ ਦੇ ਬਾਰੇ ਜਾਣਨ ਦੀ ਭਾਲ ਕਰਦਾ ਅਤੇ ਅਜਿਹਾ ਗਿਆਨ ਦੂਜਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ? ਮਲਾਕੀ 3:16 ਵਿਖੇ, ਯਹੋਵਾਹ ਸਾਨੂੰ ਦੱਸਦਾ ਹੈ ਕਿ ਉਹ ਉਨ੍ਹਾਂ ਦੀ ਸੁਣਦਾ ਹੈ ਜੋ ਉਸ ਦੇ ਬਾਰੇ ਦੂਜਿਆਂ ਨਾਲ ਗੱਲਾਂ ਕਰਦੇ ਹਨ ਅਤੇ ਉਸ ਕੋਲ ਸਾਰੇ “ਯਹੋਵਾਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ” ਇਕ “ਯਾਦਗੀਰੀ ਦੀ ਪੁਸਤਕ” ਵੀ ਹੈ। ਅਜਿਹੇ ਗੁਣ ਉਸ ਲਈ ਕੀਮਤੀ ਹਨ!
10, 11. (ੳ) ਯਹੋਵਾਹ ਉਨ੍ਹਾਂ ਦੇ ਚੰਗੇ ਗੁਣਾਂ ਨੂੰ ਕੀਮਤੀ ਸਮਝਦਾ ਹੈ, ਇਸ ਗੱਲ ਦੇ ਸਬੂਤ ਨੂੰ ਘਟਾਉਣ ਦੇ ਪ੍ਰਤੀ ਕਈ ਸ਼ਾਇਦ ਕਿਸ ਤਰ੍ਹਾਂ ਝੁਕਾਉ ਹੋ ਸਕਦੇ ਹਨ? (ਅ) ਅਬੀਯਾਹ ਦਾ ਉਦਾਹਰਣ ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਯਹੋਵਾਹ ਸਾਰੇ ਦਰਜਿਆਂ ਦੇ ਚੰਗੇ ਗੁਣਾਂ ਦੀ ਕਦਰ ਕਰਦਾ ਹੈ?
10 ਪਰੰਤੂ, ਆਤਮ-ਨਿੰਦਕ ਦਿਲ ਸ਼ਾਇਦ ਪਰਮੇਸ਼ੁਰ ਦੀਆਂ ਅੱਖਾਂ ਵਿਚ ਸਾਡੇ ਕੀਮਤੀ ਹੋਣ ਦੇ ਅਜਿਹੇ ਸਬੂਤ ਦਾ ਵਿਰੋਧ ਕਰੇ। ਇਸ ਦੀ ਧੀਮੀ ਆਵਾਜ਼ ਸ਼ਾਇਦ ਕਹਿੰਦੀ ਹੀ ਰਹੇ, ‘ਪਰੰਤੂ ਅਨੇਕ ਹੋਰ ਵਿਅਕਤੀ ਹਨ ਜੋ ਮੇਰੇ ਨਾਲੋਂ ਇਨ੍ਹਾਂ ਗੁਣਾਂ ਵਿਚ ਜ਼ਿਆਦਾ ਆਦਰਸ਼ ਨਮੂਨਾ ਹਨ। ਯਹੋਵਾਹ ਕਿੰਨਾ ਨਿਰਾਸ਼ ਹੁੰਦਾ ਹੋਵੇਗਾ ਜਦੋਂ ਉਹ ਉਨ੍ਹਾਂ ਨਾਲ ਮੇਰੀ ਤੁਲਨਾ ਕਰਦਾ ਹੈ!’ ਯਹੋਵਾਹ ਤੁਲਨਾ ਨਹੀਂ ਕਰਦਾ ਹੈ, ਨਾ ਹੀ ਉਹ ਇਕ ਕਠੋਰ, ਸਭ-ਕੁਝ ਜਾਂ ਬਿਲਕੁਲ-ਹੀ-ਨਹੀਂ ਵਿਚਾਰ ਵਾਲਾ ਵਿਅਕਤੀ ਹੈ। (ਗਲਾਤੀਆਂ 6:4) ਉਹ ਵੱਡੀ ਸੂਖਮਤਾ ਨਾਲ ਦਿਲਾਂ ਨੂੰ ਪੜ੍ਹਦਾ ਹੈ, ਅਤੇ ਉਹ ਸਾਰੇ ਦਰਜਿਆਂ ਦੇ ਚੰਗੇ ਗੁਣਾਂ ਦੀ ਕਦਰ ਕਰਦਾ ਹੈ।
11 ਉਦਾਹਰਣ ਲਈ, ਜਦੋਂ ਯਹੋਵਾਹ ਨੇ ਫ਼ਰਮਾਨ ਜਾਰੀ ਕੀਤਾ ਕਿ ਰਾਜਾ ਯਾਰਾਬੁਆਮ ਦੇ ਪੂਰੇ ਧਰਮ-ਤਿਆਗੀ ਰਾਜ-ਘਰਾਣੇ ਨੂੰ ਨਾਸ਼ ਕੀਤਾ ਜਾਵੇ, “ਗੰਦ,” ਦੀ ਤਰ੍ਹਾਂ ਸਾਫ਼ ਕੀਤਾ ਜਾਵੇ, ਉਸ ਨੇ ਹੁਕਮ ਦਿੱਤਾ ਕਿ ਰਾਜੇ ਦੇ ਪੁੱਤਰਾਂ ਵਿੱਚੋਂ ਸਿਰਫ਼ ਇਕ ਅਬੀਯਾਹ, ਨੂੰ ਹੀ ਚੰਗੀ ਤਰ੍ਹਾਂ ਦਫ਼ਨਾਇਆ ਜਾਵੇ। ਕਿਉਂ? “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੂੰ ਉਸ ਵਿੱਚ ਹੀ ਕੁਝ ਚੰਗੀ ਗੱਲ ਲੱਭੀ।” (1 ਰਾਜਿਆਂ 14:10, 13) ਕੀ ਇਸ ਦਾ ਮਤਲਬ ਸੀ ਕਿ ਅਬੀਯਾਹ, ਯਹੋਵਾਹ ਦਾ ਇਕ ਵਫ਼ਾਦਾਰ ਉਪਾਸਕ ਸੀ? ਜ਼ਰੂਰੀ ਨਹੀਂ, ਕਿਉਂਕਿ ਉਹ ਵੀ ਮਰ ਗਿਆ, ਜਿਵੇਂ ਉਹ ਦਾ ਦੁਸ਼ਟ ਘਰਾਣਾ ਮਰਿਆ। (ਬਿਵਸਥਾ ਸਾਰ 24:16) ਫਿਰ ਵੀ, ਯਹੋਵਾਹ ਨੇ ਉਸ “ਕੁਝ ਚੰਗੀ ਗੱਲ” ਦੀ ਕਦਰ ਪਾਈ ਜੋ ਉਹ ਨੇ ਅਬੀਯਾਹ ਦੇ ਦਿਲ ਵਿਚ ਦੇਖੀ ਅਤੇ ਉਸੇ ਅਨੁਸਾਰ ਵਰਤਾਉ ਕੀਤਾ। ਮੈਥੀਉ ਹੈਨਰੀਸ ਕੌਮੈਂਟਰੀ ਔਨ ਦ ਹੋਲ ਬਾਈਬਲ ਨੋਟ ਕਰਦੀ ਹੈ: “ਜਿੱਥੇ ਕਿਤੇ ਵੀ ਉਸ ਪਰਕਾਰ ਦੀ ਕੁਝ ਚੰਗੀ ਗੱਲ ਹੈ, ਇਹ ਲੱਭ ਲਈ ਜਾਵੇਗੀ: ਪਰਮੇਸ਼ੁਰ ਜੋ ਇਸ ਨੂੰ ਭਾਲਦਾ ਹੈ, ਉਸ ਨੂੰ ਦੇਖ ਲੈਂਦਾ ਹੈ, ਭਾਵੇਂ ਕਿ ਇਹ ਬਹੁਤ ਹੀ ਛੋਟੀ ਕਿਉਂ ਨਾ ਹੋਵੇ, ਅਤੇ ਉਹ ਇਸ ਨਾਲ ਖ਼ੁਸ਼ ਹੁੰਦਾ ਹੈ।” ਅਤੇ ਇਹ ਨਾ ਭੁੱਲੋ ਕਿ ਜੇਕਰ ਪਰਮੇਸ਼ੁਰ ਤੁਹਾਡੇ ਵਿਚ ਛੋਟੇ ਦਰਜੇ ਦਾ ਵੀ ਕੋਈ ਚੰਗਾ ਗੁਣ ਲੱਭ ਲੈਂਦਾ ਹੈ, ਉਹ ਇਸ ਨੂੰ ਵਧਾ ਸਕਦਾ ਹੈ, ਇਸ ਸ਼ਰਤ ਤੇ ਕਿ ਤੁਸੀਂ ਵਫ਼ਾਦਾਰੀ ਨਾਲ ਉਸ ਦੀ ਸੇਵਾ ਵਿਚ ਕੋਸ਼ਿਸ਼ ਕਰਦੇ ਰਹੋ।
12, 13. (ੳ) ਜ਼ਬੂਰ 139:3 ਕਿਸ ਤਰ੍ਹਾਂ ਦਿਖਾਉਂਦਾ ਹੈ ਕਿ ਯਹੋਵਾਹ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਪਾਉਂਦਾ ਹੈ? (ਅ) ਕਿਸ ਅਰਥ ਵਿਚ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਸਾਡੀਆਂ ਕ੍ਰਿਆਵਾਂ ਨੂੰ ਛਾਣਦਾ ਹੈ?
12 ਯਹੋਵਾਹ ਸਾਡੀਆਂ ਕੋਸ਼ਿਸ਼ਾਂ ਦੀ ਇਸੇ ਤਰੀਕੇ ਨਾਲ ਕਦਰ ਪਾਉਂਦਾ ਹੈ। ਜ਼ਬੂਰ 139:1-3 ਵਿਖੇ, ਅਸੀਂ ਪੜ੍ਹਦੇ ਹਾਂ: “ਹੇ ਯਹੋਵਾਹ, ਤੈਂ ਮੈਨੂੰ ਪਰਖ ਲਿਆ ਤੇ ਜਾਣ ਲਿਆ, ਤੂੰ ਮੇਰਾ ਬੈਠਣਾ ਉੱਠਣਾ ਜਾਣਦਾ ਹੈਂ, ਤੂੰ ਮੇਰੀ ਵਿਚਾਰ ਨੂੰ ਦੂਰ ਤੋਂ ਹੀ ਸਮਝ ਲੈਂਦਾ ਹੈਂ, ਤੂੰ ਮੇਰੇ ਚੱਲਣੇ ਤੇ ਮੇਰੇ ਲੇਟਣੇ ਦੀ ਛਾਨਬੀਨ ਕਰਦਾ ਹੈਂ, ਅਤੇ ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ।” ਸੋ ਯਹੋਵਾਹ ਸਾਡਿਆਂ ਸਾਰਿਆਂ ਕੰਮਾਂ ਤੋਂ ਜਾਣੂ ਹੈ। ਪਰੰਤੂ ਉਹ ਸਿਰਫ਼ ਜਾਣੂ ਹੋਣ ਤੋਂ ਕਿਤੇ ਹੀ ਜ਼ਿਆਦਾ ਜਾਣਦਾ ਹੈ। ਇਬਰਾਨੀ ਵਿਚ ਇਹ ਵਾਕਾਂਸ਼, “ਮੇਰੀਆਂ ਸਾਰੀਆਂ ਚਾਲਾਂ ਤੋਂ ਵਾਕਫ਼ ਹੈਂ” ਸ਼ਾਇਦ ਇਹ ਵੀ ਅਰਥ ਦੇਵੇ “ਤੂੰ ਮੇਰੇ ਸਾਰਿਆਂ ਰਾਹਾਂ ਨੂੰ ਕੀਮਤੀ ਵਸਤੂ ਵਜੋਂ ਸਾਂਭ ਰੱਖਦਾ ਹੈਂ” ਜਾਂ “ਤੂੰ ਮੇਰੇ ਸਾਰਿਆਂ ਰਾਹਾਂ ਨਾਲ ਹਿਤ ਕਰਦਾ ਹੈਂ।” (ਤੁਲਨਾ ਕਰੋ ਮੱਤੀ 6:19, 20.) ਪਰ, ਕਿਸ ਤਰ੍ਹਾਂ ਯਹੋਵਾਹ ਸਾਡੇ ਰਾਹਾਂ ਨਾਲ ਹਿਤ ਕਰ ਸਕਦਾ ਹੈ ਜਦੋਂ ਕਿ ਅਸੀਂ ਇੰਨੇ ਅਪੂਰਣ ਅਤੇ ਪਾਪੀ ਹਾਂ?
13 ਦਿਲਚਸਪੀ ਨਾਲ, ਕੁਝ ਵਿਦਵਾਨਾਂ ਦੇ ਅਨੁਸਾਰ, ਜਦੋਂ ਦਾਊਦ ਨੇ ਲਿਖਿਆ ਕਿ ਯਹੋਵਾਹ ਨੇ ਉਸ ਦੇ ਚੱਲਣ ਦੀ ਅਤੇ ਆਰਾਮ ਦੇ ਸਮੇਂ ਦੀ “ਛਾਨਬੀਨ” ਕੀਤੀ ਹੈ, ਇਸ ਦਾ ਇਬਰਾਨੀ ਵਿਚ ਸ਼ਾਬਦਿਕ ਅਰਥ “ਛਾਣਨਾ” ਜਾਂ “ਛਾਂਟੀ ਕਰਨੀ” ਸੀ। ਇਕ ਸੰਦਰਭ-ਰਚਨਾ ਨੇ ਕਿਹਾ: “ਇਸ ਦਾ ਮਤਲਬ ਹੈ . . . ਸਾਰੀ ਤੁੜੀ ਦੀ ਛਾਂਟੀ ਕਰ ਕੇ ਸਾਰੇ ਦਾਣੇ ਇਕੱਠੇ ਕਰਨਾ—ਉਹ ਸਭ ਕੁਝ ਸਾਂਭਣਾ ਜੋ ਕੀਮਤੀ ਹੈ। ਸੋ ਇੱਥੇ ਇਸ ਦਾ ਅਰਥ ਹੈ ਕਿ ਪਰਮੇਸ਼ੁਰ ਨੇ, ਮਾਨੋ ਉਹ ਨੂੰ ਛਾਣਿਆ। . . . ਉਸ ਨੇ ਉਹ ਸਭ ਕੁਝ ਜੋ ਤੁੜੀ ਸੀ ਜਾਂ ਉਹ ਸਭ ਕੁਝ ਜੋ ਮੁੱਲਹੀਣ ਸੀ ਖਿਲਾਰਿਆ, ਅਤੇ ਦੇਖਿਆ ਕਿ ਜੋ ਕੁਝ ਬਾਕੀ ਰਿਹਾ ਉਹ ਅਸਲੀ ਅਤੇ ਮੁੱਲਵਾਨ ਸੀ।” ਆਤਮ-ਨਿੰਦਕ ਦਿਲ ਸ਼ਾਇਦ ਸਾਡਿਆਂ ਕੰਮਾਂ ਦੀ ਉਲਟੇ ਢੰਗ ਨਾਲ ਛਾਂਟੀ ਕਰੇ, ਸਾਨੂੰ ਪਿੱਛਲੀਆਂ ਗਲਤੀਆਂ ਲਈ ਬੇਰਹਿਮੀ ਨਾਲ ਫਿਟਕਾਰੇ ਅਤੇ ਸਾਡੀਆਂ ਕਾਮਯਾਬੀਆਂ ਨੂੰ ਨਾਚੀਜ਼ ਵਜੋਂ ਨਕਾਰੇ। ਪਰੰਤੂ ਯਹੋਵਾਹ ਸਾਡੇ ਪਾਪਾਂ ਨੂੰ ਮਾਫ਼ ਕਰਦਾ ਹੈ ਜੇਕਰ ਅਸੀਂ ਨਿਸ਼ਕਪਟਤਾ ਨਾਲ ਤੋਬਾ ਕਰ ਕੇ ਸਖ਼ਤ ਮਿਹਨਤ ਕਰੀਏ ਕਿ ਆਪਣੀਆਂ ਗਲਤੀਆਂ ਨੂੰ ਨਾ ਦੁਹਰਾਈਏ। (ਜ਼ਬੂਰ 103:10-14; ਰਸੂਲਾਂ ਦੇ ਕਰਤੱਬ 3:19) ਉਹ ਸਾਡੇ ਚੰਗੇ ਕੰਮਾਂ ਨੂੰ ਛਾਣਦਾ ਅਤੇ ਯਾਦ ਰੱਖਦਾ ਹੈ। ਅਸਲ ਵਿਚ, ਉਹ ਉਨ੍ਹਾਂ ਨੂੰ ਹਮੇਸ਼ਾ ਤਾਈਂ ਯਾਦ ਰੱਖਦਾ ਹੈ ਜਦ ਤਕ ਅਸੀਂ ਉਸ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹਾਂ। ਇਨ੍ਹਾਂ ਨੂੰ ਭੁੱਲਣਾ ਉਸ ਦੇ ਲਈ ਕੁਨਿਆਂ ਦੇ ਬਰਾਬਰ ਹੋਵੇਗਾ, ਅਤੇ ਉਹ ਕਦੀ ਵੀ ਕੁਨਿਆਈ ਨਹੀਂ ਹੁੰਦਾ ਹੈ!—ਇਬਰਾਨੀਆਂ 6:10.
14. ਕੀ ਦਿਖਾਉਂਦਾ ਹੈ ਕਿ ਮਸੀਹੀ ਸੇਵਕਾਈ ਵਿਚ ਯਹੋਵਾਹ ਸਾਡੀਆਂ ਕ੍ਰਿਆਵਾਂ ਨੂੰ ਕੀਮਤੀ ਸਮਝਦਾ ਹੈ?
14 ਕੁਝ ਚੰਗੇ ਕੰਮ ਕਿਹੜੇ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਕੀਮਤੀ ਸਮਝਦਾ ਹੈ? ਅਸਲ ਵਿਚ ਕੋਈ ਵੀ ਕੰਮ ਜੋ ਅਸੀਂ ਉਸ ਦੇ ਪੁੱਤਰ, ਯਿਸੂ ਮਸੀਹ ਦੇ ਨਮੂਨੇ ਅਨੁਸਾਰ ਕਰਦੇ ਹਾਂ। (1 ਪਤਰਸ 2:21) ਯਕੀਨਨ ਫਿਰ, ਇਕ ਬਹੁਤ ਜ਼ਰੂਰੀ ਕੰਮ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਨੂੰ ਫ਼ੈਲਾਉਣਾ ਹੈ। ਰੋਮੀਆਂ 10:15 ਵਿਖੇ, ਅਸੀਂ ਪੜ੍ਹਦੇ ਹਾਂ: “ਜਿਹੜੇ ਚੰਗੀਆਂ ਗੱਲਾਂ ਦੀ ਖੁਸ਼ ਖਬਰੀ ਸੁਣਾਉਂਦੇ ਹਨ ਓਹਨਾਂ ਦੇ ਚਰਨ ਕਿਹੇ ਸੁੰਦਰ ਹਨ!” ਭਾਵੇਂ ਕਿ ਸ਼ਾਇਦ ਅਸੀਂ ਆਮ ਤੌਰ ਤੇ ਆਪਣੇ ਸਾਧਾਰਣ ਪੈਰਾਂ ਨੂੰ “ਸੁੰਦਰ” ਨਾ ਸਮਝੀਏ, ਪੌਲੁਸ ਨੇ ਇੱਥੇ ਉਹੀ ਸ਼ਬਦ ਇਸਤੇਮਾਲ ਕੀਤਾ ਸੀ ਜੋ ਯੂਨਾਨੀ ਸੈਪਟੁਅਜ਼ਿੰਟ ਤਰਜਮੇ ਵਿਚ ਰਿਬਕਾਹ, ਰਾਖੇਲ, ਅਤੇ ਯੂਸੁਫ਼ ਨੂੰ ਵਰਣਨ ਕਰਨ ਲਈ ਇਸਤੇਮਾਲ ਕੀਤਾ ਗਿਆ ਸੀ—ਉਹ ਤਿੰਨ ਜਿਨ੍ਹਾਂ ਨੂੰ ਉਨ੍ਹਾਂ ਦੀ ਸੁੰਦਰਤਾ ਲਈ ਜਾਣਿਆ ਜਾਂਦਾ ਸੀ। (ਉਤਪਤ 26:7; 29:17; 39:6) ਸੋ ਸਾਡਾ ਆਪਣੇ ਪਰਮੇਸ਼ੁਰ, ਯਹੋਵਾਹ ਦੀ ਸੇਵਾ ਵਿਚ ਲੱਗੇ ਰਹਿਣਾ ਉਸ ਦੀਆਂ ਅੱਖਾਂ ਵਿਚ ਬਹੁਤ ਸੁੰਦਰ ਅਤੇ ਕੀਮਤੀ ਹੈ।—ਮੱਤੀ 24:14; 28:19, 20.
15, 16. ਯਹੋਵਾਹ ਸਾਡੇ ਧੀਰਜ ਦੀ ਕਿਉਂ ਕਦਰ ਪਾਉਂਦਾ ਹੈ, ਅਤੇ ਜ਼ਬੂਰ 56:8 ਵਿਚ ਰਾਜਾ ਦਾਊਦ ਦੇ ਸ਼ਬਦ ਇਸ ਹਕੀਕਤ ਉੱਤੇ ਕਿਸ ਤਰ੍ਹਾਂ ਜ਼ੋਰ ਦਿੰਦੇ ਹਨ?
15 ਇਕ ਹੋਰ ਗੁਣ ਜਿਹੜਾ ਪਰਮੇਸ਼ੁਰ ਲਈ ਕੀਮਤ ਰੱਖਦਾ ਹੈ ਉਹ ਸਾਡਾ ਧੀਰਜ ਹੈ। (ਮੱਤੀ 24:13) ਯਾਦ ਰੱਖੋ, ਸ਼ਤਾਨ ਚਾਹੁੰਦਾ ਹੈ ਕਿ ਤੁਸੀਂ ਯਹੋਵਾਹ ਤੋਂ ਮੂੰਹ ਮੋੜ ਲਵੋ। ਹਰ ਦਿਨ ਜਿਸ ਵਿਚ ਤੁਸੀਂ ਯਹੋਵਾਹ ਦੇ ਪ੍ਰਤੀ ਵਫ਼ਾਦਾਰ ਰਹਿੰਦੇ ਹੋ, ਇਕ ਹੋਰ ਦਿਨ ਹੈ ਜਿਸ ਵਿਚ ਤੁਸੀਂ ਸ਼ਤਾਨ ਦੇ ਤਾਅਨੇ ਦਾ ਜਵਾਬ ਦੇਣ ਵਿਚ ਮਦਦ ਕੀਤੀ ਹੈ। (ਕਹਾਉਤਾਂ 27:11) ਕਈ ਵਾਰ ਧੀਰਜ ਰੱਖਣਾ ਆਸਾਨ ਨਹੀਂ ਹੁੰਦਾ ਹੈ। ਸਿਹਤ ਦੀਆਂ ਸਮੱਸਿਆਵਾਂ, ਆਰਥਿਕ ਮੁਸੀਬਤਾਂ, ਭਾਵਾਤਮਕ ਦਬਾਉ, ਅਤੇ ਹੋਰ ਰੁਕਾਵਟਾਂ ਹਰ ਗੁਜ਼ਰਦੇ ਦਿਨ ਨੂੰ ਇਕ ਪਰਤਾਵਾ ਬਣਾ ਸਕਦੀਆਂ ਹਨ। ਅਜਿਹਿਆਂ ਪਰਤਾਵਿਆਂ ਦੇ ਬਾਵਜੂਦ ਧੀਰਜ ਰੱਖਣਾ ਯਹੋਵਾਹ ਲਈ ਹੋਰ ਵੀ ਕੀਮਤੀ ਹੈ। ਇਸੇ ਲਈ ਤਾਂ ਰਾਜਾ ਦਾਊਦ ਨੇ ਆਪਣੇ ਅੰਝੂਆਂ ਨੂੰ ਇਕ ਅਲੰਕਾਰਕ “ਕੁੱਪੀ” ਵਿਚ ਰੱਖਣ ਲਈ ਯਹੋਵਾਹ ਨੂੰ ਭਰੋਸੇ ਨਾਲ ਪੁੱਛਿਆ, “ਭਲਾ, ਓਹ ਤੇਰੀ ਵਹੀ ਵਿੱਚ ਨਹੀਂ ਹਨ?” (ਜ਼ਬੂਰ 56:8) ਜੀ ਹਾਂ, ਯਹੋਵਾਹ ਸਾਰੇ ਅੰਝੂਆਂ ਅਤੇ ਦੁੱਖਾਂ ਨੂੰ ਜੋ ਅਸੀਂ ਉਸ ਦੇ ਪ੍ਰਤੀ ਆਪਣੀ ਵਫ਼ਾਦਾਰੀ ਕਾਇਮ ਰੱਖਣ ਵਿਚ ਝੱਲਦੇ ਹਾਂ, ਕੀਮਤੀ ਸਮਝਦਾ ਅਤੇ ਯਾਦ ਰੱਖਦਾ ਹੈ। ਉਹ ਵੀ ਉਸ ਦੀਆਂ ਅੱਖਾਂ ਵਿਚ ਕੀਮਤੀ ਹਨ।
16 ਸਾਡੇ ਹੋਰ ਉੱਤਮ ਗੁਣਾਂ ਨੂੰ ਅਤੇ ਸਾਡੀਆਂ ਕੋਸ਼ਿਸ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ, ਇਹ ਕਿੰਨਾ ਸਪੱਸ਼ਟ ਹੈ ਕਿ ਯਹੋਵਾਹ ਸਾਡੇ ਵਿੱਚੋਂ ਹਰੇਕ ਦੇ ਅੰਦਰ ਕਾਫ਼ੀ ਕੁਝ ਕੀਮਤੀ ਪਾਉਂਦਾ ਹੈ! ਭਾਵੇਂ ਸ਼ਤਾਨ ਦੇ ਸੰਸਾਰ ਨੇ ਸਾਡੇ ਨਾਲ ਜਿਵੇਂ ਵੀ ਵਰਤਾਉ ਕੀਤਾ ਹੈ, ਯਹੋਵਾਹ ਸਾਨੂੰ ਕੀਮਤੀ ਅਤੇ “ਸਾਰੀਆਂ ਕੌਮਾਂ ਦੇ [“ਮਨਭਾਉਂਦੇ,” ਨਿ ਵ] ਪਦਾਰਥ,” ਦਾ ਇਕ ਭਾਗ ਸਮਝਦਾ ਹੈ।—ਹੱਜਈ 2:7.
ਯਹੋਵਾਹ ਨੇ ਆਪਣਾ ਪਿਆਰ ਪ੍ਰਦਰਸ਼ਿਤ ਕਰਨ ਲਈ ਕੀ ਕੀਤਾ ਹੈ
17. ਯਿਸੂ ਦੇ ਰਿਹਾਈ-ਕੀਮਤ ਦੇ ਬਲੀਦਾਨ ਤੋਂ ਸਾਨੂੰ ਕਿਉਂ ਯਕੀਨ ਹੋਣਾ ਚੀਹੀਦਾ ਹੈ ਕਿ ਯਹੋਵਾਹ ਅਤੇ ਯਿਸੂ ਸਾਨੂੰ ਵਿਅਕਤੀਗਤ ਤੌਰ ਦੇ ਪਿਆਰ ਕਰਦੇ ਹਨ?
17 ਤੀਜਾ, ਯਹੋਵਾਹ ਸਾਡੇ ਲਈ ਆਪਣਾ ਪਿਆਰ ਸਾਬਤ ਕਰਨ ਲਈ ਬਹੁਤ ਕੁਝ ਕਰਦਾ ਹੈ। ਨਿਸ਼ਚੇ ਹੀ, ਮਸੀਹ ਦੇ ਰਿਹਾਈ-ਕੀਮਤ ਦਾ ਬਲੀਦਾਨ, ਉਸ ਸ਼ਤਾਨੀ ਝੂਠ ਕਿ ਅਸੀਂ ਵਿਅਰਥ ਅਤੇ ਦੁਪਿਆਰੇ ਹਾਂ, ਦਾ ਬਹੁਤ ਤਾਕਤਵਰ ਜਵਾਬ ਹੈ। ਸਾਨੂੰ ਕਦੇ ਵੀ ਭੁੱਲਣਾ ਨਹੀਂ ਚਾਹੀਦਾ ਹੈ ਕਿ ਯਿਸੂ ਨੇ ਤਸੀਹੇ ਦੀ ਸੂਲੀ ਉੱਤੇ ਜੋ ਕਸ਼ਟਦਾਇਕ ਮੌਤ ਝੱਲੀ ਹੈ ਅਤੇ ਇਸ ਤੋਂ ਵੀ ਵੱਡਾ ਕਸ਼ਟ ਜੋ ਯਹੋਵਾਹ ਨੇ ਆਪਣੇ ਪਿਆਰੇ ਪੁੱਤਰ ਦੀ ਮੌਤ ਨੂੰ ਦੇਖਦੇ ਹੋਏ ਝੱਲਿਆ, ਸਾਡੇ ਲਈ ਉਨ੍ਹਾਂ ਦੇ ਪਿਆਰ ਦਾ ਸਬੂਤ ਸੀ। ਇਸ ਤੋਂ ਇਲਾਵਾ, ਉਹ ਪਿਆਰ ਸਾਨੂੰ ਨਿੱਜੀ ਤੌਰ ਤੇ ਲਾਗੂ ਹੁੰਦਾ ਹੈ। ਰਸੂਲ ਪੌਲੁਸ ਨੇ ਇਹ ਨੂੰ ਇਸੇ ਤਰ੍ਹਾਂ ਦੇਖਿਆ, ਕਿਉਂਜੋ ਉਸ ਨੇ ਲਿਖਿਆ: “ਪਰਮੇਸ਼ੁਰ ਦੇ ਪੁੱਤਰ . . . ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ।”—ਗਲਾਤੀਆਂ 2:20.
18. ਯਹੋਵਾਹ ਸਾਨੂੰ ਕਿਸ ਅਰਥ ਵਿਚ ਮਸੀਹ ਵੱਲ ਖਿੱਚਦਾ ਹੈ?
18 ਯਹੋਵਾਹ ਨੇ ਸਾਨੂੰ ਮਸੀਹ ਦੇ ਬਲੀਦਾਨ ਦੇ ਲਾਭ ਤੋਂ ਫਾਇਦਾ ਉਠਾਉਣ ਲਈ ਨਿੱਜੀ ਤੌਰ ਤੇ ਸਹਾਇਤਾ ਦੇ ਕੇ ਸਾਡੇ ਲਈ ਆਪਣੇ ਪਿਆਰ ਦਾ ਸਬੂਤ ਦਿੱਤਾ ਹੈ। ਯਿਸੂ ਨੇ ਯੂਹੰਨਾ 6:44 ਵਿਖੇ ਕਿਹਾ ਸੀ: “ਕੋਈ ਮੇਰੇ ਕੋਲ ਆ ਨਹੀਂ ਸੱਕਦਾ ਜੇ ਪਿਤਾ ਜਿਹ ਨੇ ਮੈਨੂੰ ਘੱਲਿਆ ਉਹ ਨੂੰ ਨਾ ਖਿੱਚੇ।” ਪ੍ਰਚਾਰ ਕੰਮ ਦੇ ਜ਼ਰੀਏ, ਜੋ ਵਿਅਕਤੀਗਤ ਤੌਰ ਤੇ ਸਾਡੇ ਤਕ ਪਹੁੰਚਦਾ ਹੈ, ਅਤੇ ਆਪਣੀ ਪਵਿੱਤਰ ਆਤਮਾ ਦੇ ਜ਼ਰੀਏ, ਜੋ ਯਹੋਵਾਹ ਸਾਡੀਆਂ ਸੀਮਾਵਾਂ ਅਤੇ ਅਪੂਰਣਤਾ ਦੇ ਬਾਵਜੂਦ ਵੀ ਅਧਿਆਤਮਿਕ ਸੱਚਾਈਆਂ ਨੂੰ ਸਮਝਣ ਅਤੇ ਲਾਗੂ ਕਰਨ ਵਿਚ ਸਾਡੀ ਮਦਦ ਕਰਨ ਲਈ ਇਸਤੇਮਾਲ ਕਰਦਾ ਹੈ, ਯਹੋਵਾਹ ਨਿੱਜੀ ਤੌਰ ਤੇ ਸਾਨੂੰ ਆਪਣੇ ਪੁੱਤਰ ਅਤੇ ਸਦੀਪਕ ਜੀਵਨ ਦੀ ਉਮੀਦ ਦੇ ਵੱਲ ਖਿੱਚਦਾ ਹੈ। ਇਸ ਕਰਕੇ ਯਹੋਵਾਹ ਸਾਡੇ ਬਾਰੇ ਕਹਿ ਸਕਦਾ ਹੈ ਜਿਵੇਂ ਉਸ ਨੇ ਇਸਰਾਏਲ ਬਾਰੇ ਕਿਹਾ ਸੀ: “ਮੈਂ ਤੇਰੇ ਨਾਲ ਸਦਾ ਦੇ ਪ੍ਰੇਮ ਨਾਲ ਪ੍ਰੇਮ ਕੀਤਾ, ਏਸ ਲਈ ਮੈਂ ਦਯਾ ਨਾਲ ਤੈਨੂੰ ਖਿੱਚਿਆ ਹੈ।”—ਯਿਰਮਿਯਾਹ 31:3.
19. ਪ੍ਰਾਰਥਨਾ ਦੇ ਵਿਸ਼ੇਸ਼-ਸਨਮਾਨ ਤੋਂ ਸਾਨੂੰ ਕਿਉਂ ਯਕੀਨ ਹੋਣਾ ਚਾਹੀਦਾ ਹੈ ਕਿ ਯਹੋਵਾਹ ਸਾਡੇ ਲਈ ਵਿਅਕਤੀਗਤ ਪਿਆਰ ਰੱਖਦਾ ਹੈ?
19 ਪਰੰਤੂ, ਸ਼ਾਇਦ ਇਹ ਪ੍ਰਾਰਥਨਾ ਦੇ ਵਿਸ਼ੇਸ਼-ਸਨਮਾਨ ਦੁਆਰਾ ਹੈ, ਕਿ ਅਸੀਂ ਯਹੋਵਾਹ ਦੇ ਪਿਆਰ ਨੂੰ ਸਭ ਤੋਂ ਨੇੜਲੇ ਢੰਗ ਨਾਲ ਅਨੁਭਵ ਕਰਦੇ ਹਾਂ। ਉਹ ਸਾਨੂੰ ਹਰੇਕ ਨੂੰ ਸੱਦਾ ਦਿੰਦਾ ਹੈ ਕਿ ਅਸੀਂ ਉਸ ਨੂੰ “ਨਿੱਤ ਪ੍ਰਾਰਥਨਾ” ਕਰੀਏ। (1 ਥੱਸਲੁਨੀਕੀਆਂ 5:17) ਉਹ ਸੁਣਦਾ ਹੈ! ਉਹ ‘ਪ੍ਰਾਰਥਨਾ ਦਾ ਸੁਣਨ ਵਾਲਾ’ ਵੀ ਅਖਵਾਉਂਦਾ ਹੈ। (ਜ਼ਬੂਰ 65:2) ਉਸ ਨੇ ਇਹ ਅਧਿਕਾਰ ਕਿਸੇ ਹੋਰ ਵਿਅਕਤੀ ਨੂੰ, ਇੱਥੋ ਤਕ ਕਿ ਆਪਣੇ ਪੁੱਤਰ ਨੂੰ ਵੀ ਨਹੀਂ ਸੌਂਪਿਆ ਹੈ। ਜ਼ਰਾ ਸੋਚੋ: ਵਿਸ਼ਵ ਦਾ ਸ੍ਰਿਸ਼ਟੀਕਰਤਾ ਸਾਨੂੰ ਬੋਲਣ ਦੀ ਆਜ਼ਾਦੀ ਨਾਲ ਪ੍ਰਾਰਥਨਾ ਵਿਚ ਉਸ ਕੋਲ ਆਉਣ ਲਈ ਉਤੇਜਿਤ ਕਰਦਾ ਹੈ। ਤੁਹਾਡੀਆਂ ਬੇਨਤੀਆਂ ਸ਼ਾਇਦ ਯਹੋਵਾਹ ਨੂੰ ਉਹ ਵੀ ਕਰਨ ਲਈ ਉਤੇਜਿਤ ਕਰਨ ਜੋ ਉਹ ਵਰਨਾ ਸ਼ਾਇਦ ਨਾ ਕਰਦਾ।—ਇਬਰਾਨੀਆਂ 4:16; ਯਾਕੂਬ 5:16; ਦੇਖੋ ਯਸਾਯਾਹ 38:1-16.
20. ਪਰਮੇਸ਼ੁਰ ਦਾ ਸਾਡੇ ਵਾਸਤੇ ਪਿਆਰ, ਸਵੈ-ਮਹੱਤਤਾ ਯਾ ਹੰਕਾਰ ਲਈ ਇਕ ਬਹਾਨਾ ਕਿਉਂ ਨਹੀਂ ਹੈ?
20 ਕੋਈ ਵੀ ਸੰਤੁਲਿਤ ਮਸੀਹੀ, ਪਰਮੇਸ਼ੁਰ ਦੇ ਪਿਆਰ ਅਤੇ ਆਦਰ ਦੇ ਅਜਿਹੇ ਸਬੂਤ ਨੂੰ ਬਹਾਨਾ ਬਣਾ ਕੇ ਆਪਣੇ ਆਪ ਨੂੰ ਉਸ ਨਾਲੋਂ ਜ਼ਿਆਦਾ ਮਹੱਤਵਪੂਰਣ ਨਹੀਂ ਸਮਝੇਗਾ ਜਿੰਨਾ ਵਾਸਤਵ ਵਿਚ ਉਹ ਹੈ। ਪੌਲੁਸ ਨੇ ਲਿਖਿਆ: “ਮੈਂ ਤਾਂ ਓਸ ਕਿਰਪਾ ਤੋਂ ਜਿਹੜੀ ਮੈਨੂੰ ਦਾਨ ਹੋਈ ਤੁਹਾਡੇ ਵਿੱਚੋਂ ਹਰੇਕ ਨੂੰ ਆਖਦਾ ਹਾਂ ਭਈ ਉਹ ਆਪਣੇ ਆਪ ਨੂੰ ਜਿੰਨਾ ਚਾਹੀਦਾ ਹੈ ਉਸ ਨਾਲੋਂ ਵੱਧ ਨਾ ਸਮਝੇ ਸਗੋਂ ਸੁਰਤ ਨਾਲ ਸਮਝੇ ਜਿੱਕੁਰ ਪਰਮੇਸ਼ੁਰ ਨੇ ਮਿਣ ਕੇ ਹਰੇਕ ਨੂੰ ਨਿਹਚਾ ਵੰਡ ਦਿੱਤੀ ਹੈ।” (ਰੋਮੀਆਂ 12:3) ਸੋ ਜਦੋਂ ਅਸੀਂ ਆਪਣੇ ਸਵਰਗੀ ਪਿਤਾ ਦੇ ਪਿਆਰ ਦੇ ਨਿੱਘ ਦਾ ਆਨੰਦ ਮਾਣਦੇ ਹਾਂ, ਤਾਂ ਆਓ ਅਸੀਂ ਸੁਰਤ ਵਾਲੇ ਹੋਈਏ ਅਤੇ ਯਾਦ ਰੱਖੀਏ ਕਿ ਅਸੀਂ ਪਰਮੇਸ਼ੁਰ ਦੀ ਪ੍ਰੇਮਪੂਰਣ-ਦਿਆਲਗੀ ਦੇ ਅਯੋਗ ਹਾਂ।—ਤੁਲਨਾ ਕਰੋ ਲੂਕਾ 17:10.
21. ਕਿਹੜੇ ਸ਼ਤਾਨੀ ਝੂਠ ਸਾਨੂੰ ਲਗਾਤਾਰ ਰੱਦ ਕਰਨੇ ਚਾਹੀਦੇ ਹਨ, ਅਤੇ ਕਿਹੜੀ ਈਸ਼ਵਰੀ ਸੱਚਾਈ ਉੱਤੇ ਹਮੇਸ਼ਾ ਸਾਨੂੰ ਗੌਰ ਕਰਨਾ ਚਾਹੀਦਾ ਹੈ?
21 ਆਓ ਸਾਡੇ ਵਿੱਚੋਂ ਹਰੇਕ ਜਣਾ ਉਨ੍ਹਾਂ ਸਾਰੇ ਵਿਚਾਰਾਂ ਨੂੰ ਜੋ ਸ਼ਤਾਨ ਇਸ ਸਮਾਪਤ ਹੋ ਰਹੇ ਸੰਸਾਰ ਵਿਚ ਵਧਾਉਂਦਾ ਹੈ, ਰੱਦ ਕਰਨ ਲਈ ਹਰ ਮੁਮਕਿਨ ਕੋਸ਼ਿਸ਼ ਕਰੀਏ। ਇਸ ਵਿਚ ਉਸ ਵਿਚਾਰ ਨੂੰ ਰੱਦ ਕਰਨਾ ਸ਼ਾਮਲ ਹੈ ਕਿ ਅਸੀਂ ਵਿਅਰਥ ਜਾਂ ਦੁਪਿਆਰੇ ਹਾਂ। ਜੇਕਰ ਇਸ ਵਿਵਸਥਾ ਵਿਚ ਜੀਵਨ ਨੇ ਤੁਹਾਨੂੰ ਅਜਿਹੀ ਸਿੱਖਿਆ ਦਿੱਤੀ ਹੈ ਕਿ ਤੁਸੀਂ ਆਪਣੇ ਆਪ ਨੂੰ ਇਕ ਅੜਚਣ ਦੇ ਰੂਪ ਵਿਚ ਦੇਖਦੇ ਹੋ ਜੋ ਇੰਨੀ ਵੱਡੀ ਹੈ ਕਿ ਪਰਮੇਸ਼ੁਰ ਦਾ ਅਸੀਮ ਪਿਆਰ ਵੀ ਉਸ ਤੇ ਜੇਤੂ ਨਹੀਂ ਹੋ ਸਕਦਾ ਹੈ, ਜਾਂ ਆਪਣੇ ਚੰਗੇ ਕੰਮਾਂ ਨੂੰ ਇੰਨੇ ਮਹੱਤਵਹੀਣ ਸਮਝਦੇ ਹੋ ਕਿ ਉਸ ਦੀਆਂ ਸਰਬ-ਦ੍ਰਿਸ਼ਟੀ ਅੱਖਾਂ ਵੀ ਇਨ੍ਹਾਂ ਨੂੰ ਦੇਖ ਨਹੀਂ ਸਕਦੀਆਂ ਹਨ, ਜਾਂ ਆਪਣੇ ਪਾਪਾਂ ਨੂੰ ਇੰਨੇ ਵਿਸ਼ਾਲ ਸਮਝਦੇ ਹੋ ਕਿ ਉਸ ਦੇ ਪਿਆਰੇ ਪੁੱਤਰ ਦੀ ਮੌਤ ਵੀ ਉਨ੍ਹਾਂ ਨੂੰ ਢੱਕ ਨਹੀਂ ਸਕਦੀ ਹੈ, ਤਾਂ ਤੁਹਾਨੂੰ ਇਕ ਝੂਠ ਸਿਖਾਇਆ ਗਿਆ ਹੈ। ਅਜਿਹੇ ਝੂਠ ਨੂੰ ਉਸ ਪੂਰੀ ਘਿਰਣਾ ਨਾਲ ਰੱਦ ਕਰੋ ਜਿਸ ਦੇ ਉਹ ਲਾਇਕ ਹਨ! ਆਓ ਅਸੀਂ ਰੋਮੀਆਂ 8:38, 39 ਵਿਖੇ ਰਸੂਲ ਪੌਲੁਸ ਦੇ ਪ੍ਰੇਰਿਤ ਸ਼ਬਦਾਂ ਨੂੰ ਹਮੇਸ਼ਾ ਮਨ ਵਿਚ ਰੱਖੀਏ: “ਮੈਨੂੰ ਪਰਤੀਤ ਹੈ ਭਈ ਨਾ ਮੌਤ, ਨਾ ਜੀਵਨ, ਨਾ ਦੂਤ, ਨਾ ਹਕੂਮਤਾਂ, ਨਾ ਵਰਤਮਾਨ ਵਸਤਾਂ, ਨਾ ਹੋਣ ਵਾਲੀਆਂ ਵਸਤਾਂ, ਨਾ ਸ਼ਕਤੀਆਂ, ਨਾ ਉਚਿਆਈ, ਨਾ ਡੁੰਘਿਆਈ, ਨਾ ਕੋਈ ਹੋਰ ਸਿਰਸ਼ਟੀ ਪਰਮੇਸ਼ੁਰ ਦੇ ਓਸ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੁ ਵਿੱਚ ਹੈ ਸਾਨੂੰ ਅੱਡ ਕਰ ਸੱਕੇਗੀ।” (w95 4/1)
[ਫੁਟਨੋਟ]
a ਅਸਲ ਵਿਚ, ਉਹ ਗਰੀਬਾਂ ਨੂੰ ਤਿਰਸਕਾਰਕ ਸ਼ਬਦ “ਐਮਹੇਅਰੈੱਟਸ,” ਜਾਂ “ਜ਼ਮੀਨ ਦੇ ਲੋਕ,” ਨਾਲ ਰੱਦ ਕਰ ਦਿੰਦੇ ਸਨ। ਇਕ ਵਿਦਵਾਨ ਦੇ ਅਨੁਸਾਰ, ਫ਼ਰੀਸੀ ਸਿਖਾਉਂਦੇ ਸਨ ਕਿ ਇਕ ਵਿਅਕਤੀ ਨੂੰ ਨਾ ਹੀ ਇਨ੍ਹਾਂ ਗਰੀਬਾਂ ਉੱਤੇ ਬਹੁਮੁੱਲੀਆਂ ਵਸਤਾਂ ਦੇ ਸੰਬੰਧ ਵਿਚ ਭਰੋਸਾ ਕਰਨਾ, ਨਾ ਹੀ ਉਨ੍ਹਾਂ ਦੀ ਸਾਖੀ ਤੇ ਭਰੋਸਾ ਕਰਨਾ, ਨਾ ਹੀ ਉਨ੍ਹਾਂ ਨੂੰ ਮਹਿਮਾਨਾਂ ਦੇ ਤੌਰ ਤੇ ਸਵਾਗਤ ਕਰਨਾ, ਨਾ ਹੀ ਉਨ੍ਹਾਂ ਦੇ ਮਹਿਮਾਨ ਹੋਣਾ, ਅਤੇ ਨਾ ਹੀ ਉਨ੍ਹਾਂ ਤੋਂ ਕੁਝ ਖਰੀਦਣਾ ਚਾਹੀਦਾ ਹੈ। ਧਾਰਮਿਕ ਆਗੂਆਂ ਨੇ ਕਿਹਾ ਕਿ ਇਕ ਵਿਅਕਤੀ ਦੇ ਲਈ ਆਪਣੀ ਧੀ ਨੂੰ ਇਨ੍ਹਾਂ ਲੋਕਾਂ ਵਿੱਚੋਂ ਇਕ ਦੇ ਨਾਲ ਵਿਆਹੁਣਾ, ਉਸ ਨੂੰ ਬੰਨ੍ਹ ਕੇ ਇਕ ਪਸ਼ੂ ਦੇ ਸਾਮ੍ਹਣੇ ਬੇਬੱਸ ਛੱਡਣ ਦੇ ਬਰਾਬਰ ਹੋਵੇਗਾ।
ਤੁਹਾਡਾ ਕੀ ਵਿਚਾਰ ਹੈ?
◻ ਸ਼ਤਾਨ ਸਾਨੂੰ ਕਿਉਂ ਯਕੀਨ ਦਿਲਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਅਸੀਂ ਵਿਅਰਥ ਅਤੇ ਦੁਪਿਆਰੇ ਹਾਂ?
◻ ਯਿਸੂ ਨੇ ਕਿਸ ਤਰ੍ਹਾਂ ਸਿਖਾਇਆ ਕਿ ਯਹੋਵਾਹ ਸਾਡੇ ਹਰੇਕ ਦੀ ਕਦਰ ਪਾਉਂਦਾ ਹੈ?
◻ ਅਸੀਂ ਕਿਸ ਤਰ੍ਹਾਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਚੰਗੇ ਗੁਣਾਂ ਦੀ ਕਦਰ ਪਾਉਂਦਾ ਹੈ?
◻ ਅਸੀਂ ਕਿਸ ਤਰ੍ਹਾਂ ਨਿਸ਼ਚਿਤ ਹੋ ਸਕਦੇ ਹਾਂ ਕਿ ਯਹੋਵਾਹ ਸਾਡੀਆਂ ਕੋਸ਼ਿਸ਼ਾਂ ਦੀ ਕਦਰ ਪਾਉਂਦਾ ਹੈ?
◻ ਯਹੋਵਾਹ ਨੇ ਸਾਨੂੰ ਵਿਅਕਤੀਗਤ ਤੌਰ ਤੇ ਆਪਣਾ ਪਿਆਰ ਕਿਸ ਤਰ੍ਹਾਂ ਸਾਬਤ ਕੀਤਾ ਹੈ?
[ਸਫ਼ੇ 12 ਉੱਤੇ ਤਸਵੀਰ]
ਯਹੋਵਾਹ ਉਨ੍ਹਾਂ ਸਾਰਿਆਂ ਨੂੰ ਧਿਆਨ ਦਿੰਦਾ ਅਤੇ ਯਾਦ ਰੱਖਦਾ ਹੈ ਜੋ ਉਹ ਦੇ ਨਾਂ ਉੱਤੇ ਵਿਚਾਰ ਕਰਦੇ ਹਨ