ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
1-7 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 7-8
“ਇਜ਼ਰਾਈਲੀਆਂ ਦੇ ਡੇਰੇ ਤੋਂ ਸਬਕ”
it-1 497 ਪੈਰਾ 3
ਮੰਡਲੀ
ਇਜ਼ਰਾਈਲ ਵਿਚ ਜ਼ਿੰਮੇਵਾਰ ਆਗੂ ਅਕਸਰ ਲੋਕਾਂ ਦੀ ਖ਼ਾਤਰ ਕੰਮ ਕਰਦੇ ਸਨ। (ਅਜ਼ 10:14) ਇਸ ਲਈ ਇਜ਼ਰਾਈਲ ਦੇ ਮੁਖੀ ਡੇਰਾ ਬਣਨ ਤੋਂ ਬਾਅਦ ਭੇਟ ਲੈ ਕੇ ਆਏ। (ਗਿਣ 7:1-11) ਨਾਲੇ ਨਹਮਯਾਹ ਦੇ ਦਿਨਾਂ ਵਿਚ ਉਹ ਲਿਖਤੀ ਰੂਪ ਵਿਚ “ਇੱਕ ਸੱਚਾ ਇਕਰਾਰ” ਕਰਦੇ ਸਨ ਅਤੇ “ਹਾਕਮ,” ਲੇਵੀ ਅਤੇ ਪੁਜਾਰੀ ਇਸ ਉੱਤੇ ਆਪਣੀ ਮੁਹਰ ਲਾ ਕੇ ਇਸ ਨੂੰ ਤਸਦੀਕ ਕਰਦੇ ਸਨ। (ਨਹ 9:38–10:27) ਜਦੋਂ ਇਜ਼ਰਾਈਲੀ ਉਜਾੜ ਵਿਚ ਸਨ, ਤਾਂ 250 “ਮਨੁੱਖ ਜਿਹੜੇ ਮੰਡਲੀ ਦੇ ਪਰਧਾਨ ਅਤੇ ਮੰਡਲੀ ਦੇ ਚੁਣਵੇਂ ਅਤੇ ਨਾਮੀ ਸਨ” ਕੋਰਹ, ਦਾਥਾਨ ਤੇ ਅਬੀਰਾਮ ਨਾਲ ਰਲ਼ ਕੇ ਮੂਸਾ ਅਤੇ ਹਾਰੂਨ ਦੇ ਵਿਰੁੱਧ ਖੜ੍ਹੇ ਹੋ ਗਏ। (ਗਿਣ 16:1-3) ਪਰਮੇਸ਼ੁਰ ਦੇ ਨਿਰਦੇਸ਼ਨ ਅਨੁਸਾਰ ਮੂਸਾ ਨੇ ਇਜ਼ਰਾਈਲ ਦੇ 70 ਬਜ਼ੁਰਗਾਂ ਨੂੰ ਚੁਣਿਆ ਤਾਂਕਿ ਉਹ ਲੋਕਾਂ ਦਾ ਭਾਰ ਚੁੱਕਣ ਵਿਚ ਉਸ ਦੀ ਮਦਦ ਕਰਨ ਅਤੇ ਉਸ ਨੂੰ ਇਕੱਲੇ ਨੂੰ ਇਹ ਭਾਰ ਨਾ ਚੁੱਕਣਾ ਪਵੇ। (ਗਿਣ 11:16, 17, 24, 25) ਲੇਵੀਆਂ 4:15 ਵਿਚ ਮੰਡਲੀ ਦੇ ਬਜ਼ੁਰਗਾਂ ਬਾਰੇ ਦੱਸਿਆ ਗਿਆ ਹੈ ਕਿ ਅਤੇ ਲੱਗਦਾ ਹੈ ਕਿ ਇਜ਼ਰਾਈਲੀਆਂ ਦੀ ਅਗਵਾਈ ਦੇ ਬਜ਼ੁਰਗ, ਇਸ ਦੇ ਮੁਖੀ, ਇਸ ਦੇ ਨਿਆਂਕਾਰ ਤੇ ਇਸ ਦੇ ਅਧਿਕਾਰੀ ਕਰਦੇ ਸਨ।—ਗਿਣ 1:4, 16; ਯਹੋ 23:2; 24:1.
it-2 796 ਪੈਰਾ 1
ਰਊਬੇਨ
ਇਜ਼ਰਾਈਲੀਆਂ ਦੇ ਡੇਰੇ ਵਿਚ ਰਊਬੇਨੀਆਂ ਨੇ ਤੰਬੂ ਦੇ ਦੱਖਣੀ ਪਾਸੇ ਆਪਣਾ ਡੇਰਾ ਲਾਇਆ ਜਿਨ੍ਹਾਂ ਦੇ ਇਕ ਪਾਸੇ ਸ਼ਿਮਓਨ ਦਾ ਗੋਤ ਅਤੇ ਦੂਜੇ ਪਾਸੇ ਗਾਦ ਦਾ ਗੋਤ ਸੀ। ਜਦੋਂ ਉਹ ਤਿੰਨ ਗੋਤ ਤੁਰਦੇ ਸਨ, ਤਾਂ ਰਊਬੇਨ ਦੇ ਪਿੱਛੇ ਯਹੂਦਾਹ, ਯਿਸਾਕਾਰ ਅਤੇ ਜ਼ਬੂਲੁਨ ਜਾਂਦਾ ਸੀ। (ਗਿਣ 2:10-16; 10:14-20) ਤੰਬੂ ਦੇ ਉਦਘਾਟਨ ਵਾਲੇ ਦਿਨ ਇਸੇ ਤਰਤੀਬ ਵਿਚ ਗੋਤਾਂ ਨੇ ਪਰਮੇਸ਼ੁਰ ਨੂੰ ਬਲ਼ੀਆਂ ਚੜ੍ਹਾਈਆਂ।—ਗਿਣ 7:1, 2, 10-47.
ਗਿਣਤੀ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
8:25, 26. ਲੇਵੀਆਂ ਦੀਆਂ ਕਈ ਖ਼ਾਸ ਜ਼ਿੰਮੇਵਾਰੀਆਂ ਸਨ। ਇਨ੍ਹਾਂ ਨੂੰ ਸਹੀ ਤਰ੍ਹਾਂ ਨਿਭਾਉਂਦੇ ਰਹਿਣ ਲਈ ਜ਼ਰੂਰੀ ਸੀ ਕਿ ਉਹ ਜ਼ਿਆਦਾ ਬੁਢਾਪੇ ਦੀ ਉਮਰ ਤਕ ਸੇਵਾ ਨਾ ਕਰਨ। ਇਸ ਲਈ ਉਨ੍ਹਾਂ ਤੋਂ ਸਮੇਂ ਸਿਰ ਰੀਟਾਇਰ ਹੋਣ ਦੀ ਮੰਗ ਕੀਤੀ ਜਾਂਦੀ ਸੀ। ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਉਹ ਦੂਸਰੇ ਲੇਵੀਆਂ ਦੀ ਮਦਦ ਨਹੀਂ ਕਰ ਸਕਦੇ ਸਨ। ਭਾਵੇਂ ਅੱਜ ਅਸੀਂ ਪਰਮੇਸ਼ੁਰ ਦੇ ਰਾਜ ਦਾ ਪ੍ਰਚਾਰ ਕਰਨ ਤੋਂ ਰੀਟਾਇਰ ਨਹੀਂ ਹੁੰਦੇ, ਪਰ ਅਸੀਂ ਇਸ ਸਿਧਾਂਤ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਜੇ ਬੁਢਾਪੇ ਕਾਰਨ ਇਕ ਮਸੀਹੀ ਯਹੋਵਾਹ ਦੀ ਸੇਵਾ ਵਿਚ ਕੋਈ ਖ਼ਾਸ ਜ਼ਿੰਮੇਵਾਰੀ ਪੂਰੀ ਨਹੀਂ ਕਰ ਸਕਦਾ, ਤਾਂ ਉਹ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕੋਈ ਕੰਮ ਕਰ ਸਕਦਾ ਹੈ ਜੋ ਉਸ ਦੇ ਵੱਸ ਵਿਚ ਹੈ।
ਹੀਰੇ-ਮੋਤੀ
it-1 835
ਜੇਠਾ
ਇਜ਼ਰਾਈਲੀਆਂ ਦੇ ਜੇਠੇ ਆਪੋ-ਆਪਣੇ ਘਰਾਣੇ ਦੇ ਮੁਖੀ ਬਣਦੇ ਸਨ। ਇਸ ਕਰਕੇ ਉਹ ਪੂਰੀ ਕੌਮ ਨੂੰ ਦਰਸਾਉਂਦੇ ਸਨ। ਦਰਅਸਲ ਯਹੋਵਾਹ ਨੇ ਪੂਰੀ ਕੌਮ ਨੂੰ ਆਪਣੇ “ਪਲੋਠਾ” ਕਿਹਾ ਯਾਨੀ ਅਬਰਾਹਾਮ ਨਾਲ ਕੀਤੇ ਇਕਰਾਰ ਕਰਕੇ ਉਹ ਉਸ ਦੀ ਪਹਿਲੀ ਕੌਮ ਸੀ। (ਕੂਚ 4:22) ਯਹੋਵਾਹ ਨੇ ਇਜ਼ਰਾਈਲੀਆਂ ਦੀ ਜਾਨ ਬਚਾਈ ਸੀ। ਇਸ ਲਈ ਯਹੋਵਾਹ ਨੇ ਉਨ੍ਹਾਂ ਨੂੰ ਹੁਕਮ ਦਿੱਤਾ ਕਿ “ਸਾਰੇ ਪਲੋਠੇ ਜਿਹੜੇ ਇਸਰਾਏਲੀਆਂ ਵਿੱਚ ਕੁੱਖ ਨੂੰ ਖੋਲ੍ਹਦੇ ਹਨ ਮੇਰੇ ਲਈ [ਅਰਪਿਤ, NW] ਹੋਣ ਭਾਵੇਂ ਆਦਮੀ ਦੇ ਭਾਵੇਂ ਡੰਗਰ ਦੇ ਓਹ ਮੇਰੇ ਹਨ।” (ਕੂਚ 13:2) ਇਸ ਲਈ ਜੇਠੇ ਮੁੰਡੇ ਪਰਮੇਸ਼ੁਰ ਦੇ ਸਨ।
8-14 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 9-10
“ਯਹੋਵਾਹ ਆਪਣੇ ਲੋਕਾਂ ਦੀ ਅਗਵਾਈ ਕਿਵੇਂ ਕਰ ਰਿਹਾ ਹੈ?”
it-1 398 ਪੈਰਾ 3
ਡੇਰਾ
ਡੇਰੇ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾਣਾ ਇਸ ਗੱਲ ਦਾ ਸਬੂਤ ਸੀ ਕਿ ਕੌਮ ਨੂੰ ਪੂਰੀ ਤਰ੍ਹਾਂ ਸੰਗਠਿਤ ਕੀਤਾ ਗਿਆ ਸੀ। ਗਿਣਤੀ ਅਧਿਆਇ 33 ਵਿਚ ਮੂਸਾ ਨੇ ਲਗਭਗ 40 ਥਾਵਾਂ ਦਾ ਜ਼ਿਕਰ ਕੀਤਾ ਜਿੱਥੇ ਇਜ਼ਰਾਈਲੀਆਂ ਨੇ ਡੇਰੇ ਲਾਏ ਸਨ। ਜਦੋਂ ਤਕ ਬੱਦਲ ਤੰਬੂ ʼਤੇ ਰਹਿੰਦਾ ਸੀ, ਡੇਰੇ ਆਪਣੀ ਜਗ੍ਹਾ ʼਤੇ ਰਹਿੰਦੇ ਸਨ। ਜਦੋਂ ਬੱਦਲ ਉੱਠਦਾ ਸੀ, ਤਾਂ ਇਜ਼ਰਾਈਲੀ ਵੀ ਤੁਰ ਪੈਂਦੇ ਸਨ। “ਯਹੋਵਾਹ ਦੇ ਹੁਕਮ ਉੱਤੇ ਇਸਰਾਏਲੀ ਕੂਚ ਕਰਦੇ ਸਨ ਅਤੇ ਯਹੋਵਾਹ ਦੇ ਹੁਕਮ ਨਾਲ ਡੇਰੇ ਲਾਉਂਦੇ ਸਨ।” (ਗਿਣ 9:15-23) ਜਦੋਂ ਯਹੋਵਾਹ ਮੰਡਲੀ ਨੂੰ ਕੂਚ ਕਰਨ ਦਾ ਹੁਕਮ ਦਿੰਦਾ ਸੀ, ਤਾਂ ਚਾਂਦੀ ਦੀਆਂ ਦੋ ਤੁਰ੍ਹੀਆਂ ਵਜਾਈਆਂ ਜਾਂਦੀਆਂ ਸਨ। (ਗਿਣ 10:2, 5, 6) ਜਦੋਂ ਖ਼ਾਸ ਤਰੀਕੇ ਨਾਲ ਤੁਰ੍ਹੀ ਵਜਾਈ ਜਾਂਦੀ ਸੀ, ਤਾਂ ਉਨ੍ਹਾਂ ਨੂੰ ਪਤਾ ਲੱਗ ਜਾਂਦਾ ਸੀ ਕਿ ਹੁਣ ਉਨ੍ਹਾਂ ਨੇ ਕੂਚ ਕਰਨਾ ਹੈ। ਇਸ ਤਰ੍ਹਾਂ ਪਹਿਲੀ ਵਾਰ “ਦੂਜੇ ਵਰਹੇ [1512 ਈ.ਪੂ.] ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ” ਹੋਇਆ ਸੀ। ਜਦੋਂ ਵੀ ਡੇਰਾ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਂਦਾ ਸੀ, ਤਾਂ ਸਭ ਤੋਂ ਅੱਗੇ ਨੇਮ ਦੇ ਸੰਦੂਕ ਲਿਜਾਇਆ ਜਾਂਦਾ ਸੀ। ਉਸ ਦੇ ਪਿੱਛੇ ਯਹੂਦਾਹ, ਯਿਸਾਕਾਰ ਅਤੇ ਜ਼ਬੂਲੁਨ ਦੇ ਗੋਤ ਜਾਂਦੇ ਸਨ। ਉਨ੍ਹਾਂ ਤੋਂ ਬਾਅਦ ਗੇਰਸ਼ੋਨੀ ਅਤੇ ਮਰਾਰੀ ਜਾਂਦੇ ਸਨ ਅਤੇ ਤੰਬੂ ਦੇ ਉਹ ਹਿੱਸੇ ਚੁੱਕਦੇ ਸਨ ਜਿਹੜੇ ਉਨ੍ਹਾਂ ਨੂੰ ਚੁੱਕਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਫਿਰ ਰਊਬੇਨ, ਸ਼ਿਮਓਨ ਅਤੇ ਗਾਦ ਦੇ ਗੋਤ ਕੂਚ ਕਰਦੇ ਸਨ। ਇਸ ਤੋਂ ਬਾਅਦ ਕਹਾਥੀ ਪਵਿੱਤਰ ਸਥਾਨ ਦੀਆਂ ਚੀਜ਼ਾਂ ਚੁੱਕ ਕੇ ਕੂਚ ਕਰਦੇ ਸਨ। ਫਿਰ ਇਫ਼ਰਾਈਮ, ਮਨੱਸ਼ਹ ਅਤੇ ਬਿਨਯਾਮੀਨ ਤੁਰਦੇ ਸਨ। ਫਿਰ ਦਾਨ, ਆਸ਼ੇਰ ਅਤੇ ਨਫ਼ਤਾਲੀ ਦਾ ਤਿੰਨ ਗੋਤਾਂ ਦਾ ਦਲ ਕੂਚ ਕਰਦਾ ਸੀ। ਸੋ ਸਭ ਤੋਂ ਅੱਗੇ ਯਹੂਦਾਹ ਦਾ ਤਿੰਨ ਗੋਤਾਂ ਵਾਲਾ ਦਲ ਹੁੰਦਾ ਸੀ ਅਤੇ ਸਭ ਤੋਂ ਪਿੱਛੇ ਦਾਨ ਦਾ ਤਿੰਨ ਗੋਤਾਂ ਵਾਲਾ ਦਲ ਹੁੰਦਾ ਸੀ। ਇਹ ਦੋ ਸਭ ਤੋਂ ਵੱਡੇ ਅਤੇ ਸ਼ਕਤੀਸ਼ਾਲੀ ਦਲ ਅੱਗਿਓਂ ਅਤੇ ਪਿੱਛਿਓਂ ਹੋਣ ਵਾਲੇ ਹਮਲੇ ਤੋਂ ਰਾਖੀ ਕਰਦੇ ਸਨ।—ਗਿਣ 10:11-28.
ਕੀ ਤੁਸੀਂ ਪਰਮੇਸ਼ੁਰ ਦੀ ਸੇਧ ਦਾ ਸਬੂਤ ਦੇਖਦੇ ਹੋ?
ਅਸੀਂ ਕਿਵੇਂ ਦਿਖਾ ਸਕਦੇ ਹਾਂ ਕਿ ਅਸੀਂ ਪਰਮੇਸ਼ੁਰ ਦੀ ਸੇਧ ਦੀ ਕਦਰ ਕਰਦੇ ਹਾਂ? ਪੌਲੁਸ ਰਸੂਲ ਨੇ ਕਿਹਾ: “ਤੁਸੀਂ ਆਪਣੇ ਆਗੂਆਂ ਦੀ ਆਗਿਆਕਾਰੀ ਕਰੋ ਅਤੇ ਓਹਨਾਂ ਦੇ ਅਧੀਨ ਰਹੋ।” (ਇਬ. 13:17) ਸ਼ਾਇਦ ਇਸ ਤਰ੍ਹਾਂ ਕਰਨਾ ਹਮੇਸ਼ਾ ਸੌਖਾ ਨਾ ਹੋਵੇ। ਮਿਸਾਲ ਲਈ: ਫ਼ਰਜ਼ ਕਰੋ ਕਿ ਤੁਸੀਂ ਮੂਸਾ ਦੇ ਜ਼ਮਾਨੇ ਦੇ ਇਕ ਇਸਰਾਏਲੀ ਹੋ। ਕਲਪਨਾ ਕਰੋ ਕਿ ਤੁਸੀਂ ਕੁਝ ਦੇਰ ਤੋਂ ਤੁਰੇ ਜਾ ਰਹੇ ਹੋ ਤੇ ਫਿਰ ਥੰਮ੍ਹ ਰੁਕ ਜਾਂਦਾ ਹੈ। ਤੁਸੀਂ ਉਸ ਜਗ੍ਹਾ ਤੇ ਕਿੰਨਾ ਚਿਰ ਰੁਕੋਗੇ? ਇਕ ਦਿਨ? ਇਕ ਹਫ਼ਤਾ? ਕਈ ਮਹੀਨੇ? ਤੁਸੀਂ ਸੋਚਦੇ ਹੋ, ‘ਕੀ ਸਾਰਾ ਸਾਮਾਨ ਬਾਹਰ ਕੱਢਣ ਦੀ ਲੋੜ ਹੈ?’ ਪਹਿਲਾਂ-ਪਹਿਲਾਂ ਤੁਸੀਂ ਸ਼ਾਇਦ ਸਿਰਫ਼ ਜ਼ਰੂਰੀ ਚੀਜ਼ਾਂ ਬਾਹਰ ਕੱਢੋ। ਫਿਰ ਕੁਝ ਦਿਨਾਂ ਬਾਅਦ ਤੁਸੀਂ ਅੱਕ ਕੇ ਆਪਣੇ ਸਾਮਾਨ ਦੀ ਫਰੋਲਾ-ਫਰਾਲੀ ਕਰਦਿਆਂ ਸਾਰੀਆਂ ਚੀਜ਼ਾਂ ਹੀ ਬਾਹਰ ਕੱਢਣ ਲੱਗ ਪੈਂਦੇ ਹੋ। ਪਰ ਜਿਉਂ ਹੀ ਤੁਸੀਂ ਸਾਰਾ ਕੁਝ ਬਾਹਰ ਕੱਢ ਲੈਂਦੇ ਹੋ, ਤਾਂ ਤੁਸੀਂ ਥੰਮ੍ਹ ਨੂੰ ਉੱਠਦਿਆਂ ਦੇਖਦੇ ਹੋ ਅਤੇ ਫਿਰ ਤੋਂ ਤੁਹਾਨੂੰ ਸਾਰਾ ਸਾਮਾਨ ਬੰਨ੍ਹਣਾ ਪੈਣਾ ਹੈ! ਇਸ ਤਰ੍ਹਾਂ ਕਰਨਾ ਤੁਹਾਡੇ ਲਈ ਇੰਨਾ ਸੌਖਾ ਨਹੀਂ ਹੋਵੇਗਾ। ਪਰ ਇਸਰਾਏਲੀਆਂ ਨੂੰ ਉਸੇ ਵੇਲੇ ‘ਕੂਚ ਕਰਨਾ’ ਪੈਂਦਾ ਸੀ।—ਗਿਣ. 9:17-22.
ਤਾਂ ਫਿਰ ਪਰਮੇਸ਼ੁਰ ਦੀ ਸੇਧ ਮਿਲਣ ਤੇ ਅਸੀਂ ਕੀ ਕਰਦੇ ਹਾਂ? ਕੀ ਅਸੀਂ ਉਸੇ ਸਮੇਂ ਇਸ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹਾਂ? ਜਾਂ ਕੀ ਅਸੀਂ ਉਸੇ ਤਰ੍ਹਾਂ ਕਰਦੇ ਰਹਿੰਦੇ ਹਾਂ ਜਿਸ ਤਰ੍ਹਾਂ ਸਾਨੂੰ ਕਰਨ ਦੀ ਆਦਤ ਹੈ? ਕੀ ਅਸੀਂ ਅੱਗੇ ਦੱਸੀਆਂ ਗੱਲਾਂ ਸੰਬੰਧੀ ਨਵੀਆਂ ਹਿਦਾਇਤਾਂ ਤੋਂ ਵਾਕਫ਼ ਹਾਂ, ਜਿਵੇਂ ਬਾਈਬਲ ਸਟੱਡੀਆਂ ਕਰਾਉਣੀਆਂ, ਹੋਰ ਭਾਸ਼ਾ ਦੇ ਲੋਕਾਂ ਨੂੰ ਪ੍ਰਚਾਰ ਕਰਨਾ, ਬਾਕਾਇਦਾ ਪਰਿਵਾਰਕ ਸਟੱਡੀ ਕਰਨੀ, ਹਸਪਤਾਲ ਸੰਪਰਕ ਕਮੇਟੀ ਦਾ ਸਮਰਥਨ ਕਰਨਾ ਅਤੇ ਸੰਮੇਲਨਾਂ ਵਿਚ ਢੰਗ ਨਾਲ ਪੇਸ਼ ਆਉਣਾ ਆਦਿ? ਅਸੀਂ ਤਾੜਨਾ ਸਵੀਕਾਰ ਕਰਨ ਨਾਲ ਵੀ ਪਰਮੇਸ਼ੁਰ ਦੀ ਸੇਧ ਅਨੁਸਾਰ ਚੱਲਦੇ ਹਾਂ। ਜਦੋਂ ਅਸੀਂ ਮਹੱਤਵਪੂਰਣ ਫ਼ੈਸਲੇ ਕਰਦੇ ਹਾਂ, ਤਾਂ ਅਸੀਂ ਆਪਣੀ ਸਮਝ ਉੱਤੇ ਭਰੋਸਾ ਨਹੀਂ ਰੱਖਦੇ, ਸਗੋਂ ਯਹੋਵਾਹ ਅਤੇ ਉਸ ਦੇ ਸੰਗਠਨ ਦੀ ਸੇਧ ਭਾਲਦੇ ਹਾਂ। ਜਿਵੇਂ ਬੱਚਾ ਤੂਫ਼ਾਨ ਆਉਣ ਤੇ ਆਪਣੇ ਮਾਪਿਆਂ ਤੋਂ ਸੁਰੱਖਿਆ ਭਾਲਦਾ ਹੈ, ਉਸੇ ਤਰ੍ਹਾਂ ਅਸੀਂ ਇਸ ਦੁਨੀਆਂ ਵਿਚ ਤੂਫ਼ਾਨ ਵਰਗੀਆਂ ਮੁਸ਼ਕਲਾਂ ਆਉਣ ਤੇ ਯਹੋਵਾਹ ਦੇ ਸੰਗਠਨ ਵਿਚ ਸੁਰੱਖਿਆ ਭਾਲਦੇ ਹਾਂ।
ਹੀਰੇ-ਮੋਤੀ
it-1 199 ਪੈਰਾ 3
ਮੰਡਲੀ
ਇਕੱਠੇ ਹੋਣ ਦੀ ਅਹਿਮੀਅਤ। ਇਕੱਠੇ ਹੋ ਕੇ ਯਹੋਵਾਹ ਦੇ ਪ੍ਰਬੰਧਾਂ ਤੋਂ ਫ਼ਾਇਦਾ ਲੈਣ ਦੀ ਅਹਿਮੀਅਤ ʼਤੇ ਜ਼ੋਰ ਦੇਣ ਲਈ ਸਾਲਾਨਾ ਮਨਾਏ ਜਾਂਦੇ ਪਸਾਹ ਦੇ ਤਿਉਹਾਰ ਦਾ ਜ਼ਿਕਰ ਕੀਤਾ ਗਿਆ। ਜੇ ਕੋਈ ਆਦਮੀ ਸ਼ੁੱਧ ਹੁੰਦਾ ਸੀ ਅਤੇ ਸਫ਼ਰ ਨਹੀਂ ਕਰ ਰਿਹਾ ਹੁੰਦਾ ਸੀ, ਪਰ ਪਸਾਹ ਦਾ ਤਿਉਹਾਰ ਨਹੀਂ ਮਨਾਉਂਦਾ ਸੀ, ਤਾਂ ਉਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਸੀ। (ਗਿਣ 9:9-14) ਜਦੋਂ ਰਾਜਾ ਹਿਜ਼ਕੀਯਾਹ ਨੇ ਯਹੂਦਾਹ ਅਤੇ ਇਜ਼ਰਾਈਲ ਦੇ ਲੋਕਾਂ ਨੂੰ ਯਰੂਸ਼ਲਮ ਵਿਚ ਪਸਾਹ ਦਾ ਤਿਉਹਾਰ ਮਨਾਉਣ ਲਈ ਬੁਲਾਇਆ, ਤਾਂ ਉਸ ਨੇ ਕਿਹਾ: ‘ਹੇ ਇਸਰਾਏਲੀਓ, ਤੁਸੀਂ ਯਹੋਵਾਹ ਵੱਲ ਮੁੜੋ ਅਤੇ ਤੁਸੀਂ ਆਪਣੇ ਪਿਉ ਦਾਦਿਆਂ ਵਰਗੇ ਨਾ ਬਣੋ। ਯਹੋਵਾਹ ਦੇ ਅਧੀਨ ਹੋ ਜਾਓ ਅਤੇ ਉਸ ਦੇ ਪਵਿੱਤਰ ਅਸਥਾਨ ਵਿੱਚ ਆਓ ਜਿਸ ਨੂੰ ਉਸ ਨੇ ਸਦਾ ਲਈ ਪਵਿੱਤਰ ਕੀਤਾ ਹੈ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਭਗਤੀ ਕਰੋ ਤਾਂ ਜੋ ਉਸ ਦਾ ਭਾਰੀ ਕਹਿਰ ਤੁਸਾਂ ਉੱਤੋਂ ਟਲ ਜਾਵੇ। ਯਹੋਵਾਹ ਤੁਹਾਡਾ ਪਰਮੇਸ਼ੁਰ ਦਿਆਲੂ ਤੇ ਕਿਰਪਾਲੂ ਹੈ, ਉਹ ਆਪਣਾ ਮੂੰਹ ਤੁਹਾਥੋਂ ਨਹੀਂ ਫੇਰੇਗਾ ਜੇ ਤੁਸੀਂ ਉਹ ਦੀ ਵੱਲ ਮੁੜੋ।’ (2 ਇਤ 30:6-9) ਜਾਣ-ਬੁੱਝ ਕੇ ਇਸ ਤਿਉਹਾਰ ਨੂੰ ਨਾ ਮਨਾਉਣ ਦਾ ਮਤਲਬ ਸੀ, ਪਰਮੇਸ਼ੁਰ ਨੂੰ ਨਜ਼ਰਅੰਦਾਜ਼ ਕਰਨਾ। ਭਾਵੇਂ ਮਸੀਹੀ ਪਸਾਹ ਵਰਗੇ ਤਿਉਹਾਰ ਨਹੀਂ ਮਨਾਉਂਦੇ ਹਨ, ਪਰ ਪੌਲੁਸ ਨੇ ਪਰਮੇਸ਼ੁਰ ਦੇ ਲੋਕਾਂ ਨੂੰ ਸਭਾਵਾਂ ਵਿਚ ਜਾਣ ਦੀ ਹੱਲਾਸ਼ੇਰੀ ਦਿੱਤੀ। ਉਸ ਨੇ ਕਿਹਾ: “ਆਓ ਆਪਾਂ ਇਕ-ਦੂਜੇ ਦਾ ਧਿਆਨ ਰੱਖੀਏ ਅਤੇ ਇਕ-ਦੂਜੇ ਨੂੰ ਪਿਆਰ ਤੇ ਚੰਗੇ ਕੰਮ ਕਰਨ ਦੀ ਹੱਲਾਸ਼ੇਰੀ ਦੇਈਏ ਅਤੇ ਇਕ-ਦੂਜੇ ਨਾਲ ਇਕੱਠੇ ਹੋਣਾ ਨਾ ਛੱਡੀਏ, ਜਿਵੇਂ ਕਈਆਂ ਦੀ ਆਦਤ ਹੈ, ਸਗੋਂ ਇਕ-ਦੂਜੇ ਨੂੰ ਹੌਸਲਾ ਦਿੰਦੇ ਰਹੀਏ ਅਤੇ ਉਸ ਦਿਨ ਨੂੰ ਨੇੜੇ ਆਉਂਦਾ ਦੇਖ ਕੇ ਇਸ ਤਰ੍ਹਾਂ ਹੋਰ ਵੀ ਜ਼ਿਆਦਾ ਕਰੀਏ।”—ਇਬ 10:24, 25.
15-21 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 11-12
“ਸਾਨੂੰ ਬੁੜ-ਬੁੜ ਕਿਉਂ ਨਹੀਂ ਕਰਨੀ ਚਾਹੀਦੀ?”
ਗੱਲ ਸੁਣ ਕੇ ਭੁੱਲਣ ਵਾਲੇ ਨਾ ਬਣੋ
20 ਬਹੁਤ ਸਾਰੇ ਮਸੀਹੀ ਕਦੀ ਵੀ ਲਿੰਗੀ ਗੰਦ-ਮੰਦ ਦੇ ਸ਼ਿਕਾਰ ਨਹੀਂ ਬਣਦੇ। ਲੇਕਿਨ ਫਿਰ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਦੀ ਵੀ ਬੁੜ ਬੁੜਾਉਣ ਦੀ ਆਦਤ ਨਾ ਪਾਈਏ ਜਿਸ ਕਰਕੇ ਅਸੀਂ ਪਰਮੇਸ਼ੁਰ ਦੀ ਕਿਰਪਾ ਗੁਆ ਸਕਦੇ ਹਾਂ। ਪੌਲੁਸ ਨੇ ਸਾਨੂੰ ਚੇਤਾਵਨੀ ਦਿੱਤੀ ਸੀ ਕਿ “ਨਾ ਅਸੀਂ ਪ੍ਰਭੁ ਨੂੰ ਪਰਤਾਈਏ ਜਿਵੇਂ ਓਹਨਾਂ ਵਿੱਚੋਂ ਕਈਆਂ [ਇਸਰਾਏਲੀਆਂ] ਨੇ ਪਰਤਾਇਆ ਸੀ ਅਤੇ ਸੱਪਾਂ ਤੋਂ ਨਾਸ ਹੋਏ। ਅਤੇ ਨਾ ਤੁਸੀਂ ਬੁੜ ਬੁੜ ਕਰੋ ਜਿਵੇਂ ਓਹਨਾਂ ਵਿੱਚੋਂ ਕਈਆਂ ਨੇ ਬੁੜ ਬੁੜ ਕੀਤੀ ਅਤੇ ਨਾਸ ਕਰਨ ਵਾਲੇ ਤੋਂ ਨਾਸ ਹੋਏ।” (1 ਕੁਰਿੰਥੀਆਂ 10:9, 10) ਇਸਰਾਏਲੀ ਚਮਤਕਾਰੀ ਤਰੀਕੇ ਵਿਚ ਦਿੱਤੀ ਗਈ ਰੋਟੀ, ਯਾਨੀ ਮੰਨ ਬਾਰੇ ਸ਼ਿਕਾਇਤ ਕਰਦੇ ਹੋਏ, ਮੂਸਾ ਅਤੇ ਹਾਰੂਨ ਦੇ ਵਿਰੁੱਧ ਬੁੜ ਬੁੜਾਏ ਸਨ। ਉਹ ਤਾਂ ਖ਼ੁਦ ਪਰਮੇਸ਼ੁਰ ਵਿਰੁੱਧ ਵੀ ਬੁੜ ਬੁੜਾਏ ਸਨ। (ਗਿਣਤੀ 16:41; 21:5) ਕੀ ਯਹੋਵਾਹ ਬੁੜ ਬੁੜਾਉਣ ਨੂੰ ਹਰਾਮਕਾਰੀ ਨਾਲੋਂ ਘੱਟ ਗੰਭੀਰ ਸਮਝਦਾ ਸੀ? ਬਾਈਬਲ ਦੱਸਦੀ ਹੈ ਕਿ ਬਹੁਤ ਸਾਰੇ ਬੁੜ ਬੁੜਾਉਣ ਵਾਲੇ ਇਸਰਾਏਲੀ ਸੱਪਾਂ ਦੁਆਰਾ ਮਾਰੇ ਗਏ ਸਨ। (ਗਿਣਤੀ 21:6) ਇਸ ਤੋਂ ਵੀ ਪਹਿਲਾਂ ਇਕ ਮੌਕੇ ਤੇ 14,700 ਤੋਂ ਜ਼ਿਆਦਾ ਬੁੜ ਬੁੜਾਉਣ ਵਾਲੇ ਇਸਰਾਏਲੀ ਨਾਸ ਕੀਤੇ ਗਏ ਸਨ। (ਗਿਣਤੀ 16:49) ਤਾਂ ਫਿਰ ਆਓ ਆਪਾਂ ਯਹੋਵਾਹ ਦੇ ਪ੍ਰਬੰਧਾਂ ਦਾ ਨਿਰਾਦਰ ਕਰ ਕੇ ਉਸ ਦੇ ਧੀਰਜ ਨੂੰ ਨਾ ਪਰਖੀਏ।
ਬੁੜ-ਬੁੜ ਕਰਨ ਤੋਂ ਬਚੋ
7 ਇਸਰਾਏਲੀ ਕਿੰਨੇ ਬਦਲ ਗਏ ਸਨ! ਪਹਿਲਾਂ ਉਹ ਮਿਸਰ ਤੋਂ ਛੁਡਾਏ ਜਾਣ ਅਤੇ ਲਾਲ ਸਮੁੰਦਰ ਪਾਰ ਕਰਾਉਣ ਲਈ ਯਹੋਵਾਹ ਦੇ ਇੰਨੇ ਧੰਨਵਾਦੀ ਸਨ ਕਿ ਉਨ੍ਹਾਂ ਨੇ ਯਹੋਵਾਹ ਦੇ ਜਸ ਗਾਏ। (ਕੂਚ 15:1-21) ਪਰ ਉਜਾੜ ਵਿਚ ਥੋੜ੍ਹੀ ਤਕਲੀਫ਼ ਹੋਣ ਕਰਕੇ ਅਤੇ ਕਨਾਨੀ ਲੋਕਾਂ ਤੋਂ ਡਰਨ ਕਰਕੇ ਪਰਮੇਸ਼ੁਰ ਦੇ ਲੋਕ ਬੁੜਬੁੜਾਉਣ ਲੱਗ ਪਏ। ਆਜ਼ਾਦੀ ਲਈ ਪਰਮੇਸ਼ੁਰ ਦਾ ਧੰਨਵਾਦ ਕਰਨ ਦੀ ਬਜਾਇ ਉਨ੍ਹਾਂ ਨੇ ਆਪਣੀਆਂ ਮੁਸੀਬਤਾਂ ਦਾ ਸਾਰਾ ਕਸੂਰ ਉਸ ਦੇ ਮੱਥੇ ਲਾਇਆ। ਇਸ ਤਰ੍ਹਾਂ ਕਰ ਕੇ ਉਨ੍ਹਾਂ ਨੇ ਯਹੋਵਾਹ ਦੇ ਪ੍ਰਬੰਧਾਂ ਦੀ ਕਦਰ ਨਹੀਂ ਕੀਤੀ। ਇਸੇ ਲਈ ਯਹੋਵਾਹ ਨੇ ਕਿਹਾ: “ਕਦ ਤੀਕ ਮੈਂ ਏਸ ਦੁਸ਼ਟ ਮੰਡਲੀ ਨੂੰ ਝੱਲਾਂ ਜਿਹੜੀ ਮੇਰੇ ਵਿਰੁੱਧ ਬੁੜ ਬੁੜਾਉਂਦੀ ਹੈ?”—ਗਿਣਤੀ 14:27; 21:5.
it-2 719 ਪੈਰਾ 4
ਝਗੜਾ
ਬੁੜ-ਬੁੜ। ਬੁੜ-ਬੁੜ ਕਰਨ ਨਾਲ ਹੌਸਲਾ ਢਹਿ-ਢੇਰੀ ਹੋ ਜਾਂਦਾ ਹੈ। ਮਿਸਰ ਵਿੱਚੋਂ ਨਿਕਲਣ ਤੋਂ ਜਲਦੀ ਬਾਅਦ ਇਜ਼ਰਾਈਲੀ ਯਹੋਵਾਹ ਖ਼ਿਲਾਫ਼ ਬੁੜ-ਬੁੜ ਕਰਨ ਲੱਗ ਪਏ। ਉਨ੍ਹਾਂ ਨੇ ਪਰਮੇਸ਼ੁਰ ਦੇ ਸੇਵਕਾਂ ਹਾਰੂਨ ਅਤੇ ਮੂਸਾ ਵਿਚ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੀ ਅਗਵਾਈ ਕਰਨ ਲਈ ਚੁਣਿਆ। (ਕੂਚ 16:2, 7) ਬਾਅਦ ਵਿਚ ਮੂਸਾ ʼਤੇ ਇਸ ਬੁੜ-ਬੁੜ ਦਾ ਇੰਨਾ ਅਸਰ ਪਿਆ ਕਿ ਉਸ ਨੇ ਆਪਣੇ ਲਈ ਮੌਤ ਮੰਗੀ। (ਗਿਣ 11:13-15) ਬੁੜ-ਬੁੜ ਕਰਨ ਵਾਲਿਆਂ ਲਈ ਇਸ ਤਰ੍ਹਾਂ ਕਰਨਾ ਖ਼ਤਰਨਾਕ ਹੋ ਸਕਦਾ ਹੈ। ਯਹੋਵਾਹ ਨੇ ਸੋਚਿਆ ਕਿ ਇਜ਼ਰਾਈਲੀਆਂ ਨੇ ਮੂਸਾ ਖ਼ਿਲਾਫ਼ ਨਹੀਂ, ਸਗੋਂ ਉਸ ਦੇ ਖ਼ਿਲਾਫ਼ ਬੁੜ-ਬੁੜ ਕੀਤੀ ਸੀ। (ਗਿਣ 14:26-30) ਬੁੜ-ਬੁੜ ਕਰਨ ਕਰਕੇ ਬਹੁਤ ਸਾਰੇ ਲੋਕਾਂ ਨੂੰ ਆਪਣੀਆਂ ਜਾਨਾਂ ਤੋਂ ਹੱਥ ਧੋਣੇ ਪਏ।
ਹੀਰੇ-ਮੋਤੀ
it-2 309
ਮੰਨ
ਜਾਣਕਾਰੀ। ਮੰਨ “ਧਨੀਏ ਵਰਗਾ” ਸੀ ਅਤੇ ਦੇਖਣ ਨੂੰ ਗੁੱਗਲ ਦੇ ਦਰਖ਼ਤ ਦੀ ਗੁੰਦ ਅਤੇ ਮੋਮ ਵਰਗਾ ਪਾਰਦਰਸ਼ੀ ਸੀ ਅਤੇ ਇਹ ਇਕ ਮੋਤੀ ਵਰਗਾ ਲੱਗਦਾ ਸੀ। ਇਸ ਦਾ ਸੁਆਦ ਸ਼ਹਿਦ ਵਿਚ ਪਕਾਏ ਹੋਏ ਪੂੜਿਆਂ ਵਰਗਾ ਸੀ। ਚੱਕੀ ਜਾਂ ਕੂੰਡੇ ਵਿਚ ਪੀਹਣ ਤੋਂ ਬਾਅਦ ਮੰਨ ਨੂੰ ਉਬਾਲਿਆ ਜਾਂਦਾ ਸੀ ਅਤੇ ਫਿਰ ਇਸ ਦੀਆਂ ਰੋਟੀਆਂ ਪਕਾਈਆਂ ਜਾਂਦੀਆਂ ਸਨ।—ਕੂਚ 16:23, 31; ਗਿਣ 11:7, 8.
22-28 ਮਾਰਚ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 13-14
“ਨਿਹਚਾ ਸਾਨੂੰ ਦਲੇਰ ਕਿਵੇਂ ਬਣਾਉਂਦੀ ਹੈ?”
ਪਰਮੇਸ਼ੁਰ ਦਾ ਭੈ ਅਤੇ ਨਿਹਚਾ ਰੱਖ ਕੇ ਹਿੰਮਤੀ ਬਣੋ
5 ਪਰ ਬਾਕੀ ਦੋ ਜਾਸੂਸ ਯਹੋਸ਼ੁਆ ਤੇ ਕਾਲੇਬ ਵਾਅਦਾ ਕੀਤੇ ਹੋਏ ਦੇਸ਼ ਵਿਚ ਵੜਨ ਲਈ ਉਤਾਵਲੇ ਸਨ। ਉਨ੍ਹਾਂ ਨੇ ਕਿਹਾ ਕਿ ਕਨਾਨੀ “ਤਾਂ ਸਾਡੀ ਇੱਕ ਬੁਰਕੀ ਹੀ ਹਨ। ਓਹਨਾਂ ਦੀ ਰੱਛਿਆ ਓਹਨਾਂ ਦੇ ਉੱਤੋਂ ਜਾਂਦੀ ਰਹੀ ਹੈ ਅਤੇ ਯਹੋਵਾਹ ਸਾਡੇ ਨਾਲ ਹੈ। ਓਹਨਾਂ ਤੋਂ ਤੁਸੀਂ ਨਾ ਡਰੋ!” (ਗਿਣਤੀ 14:9) ਕੀ ਯਹੋਸ਼ੁਆ ਤੇ ਕਾਲੇਬ ਉਨ੍ਹਾਂ ਨੂੰ ਝੂਠੇ ਧਰਵਾਸੇ ਦੇ ਰਹੇ ਸਨ? ਬਿਲਕੁਲ ਨਹੀਂ! ਉਨ੍ਹਾਂ ਨੇ ਦੇਖਿਆ ਸੀ ਕਿ ਯਹੋਵਾਹ ਨੇ ਦਸ ਬਵਾਂ ਲਿਆ ਕੇ ਮਿਸਰ ਦੇ ਦੇਵੀ-ਦੇਵਤਿਆਂ ਦਾ ਅਪਮਾਨ ਕਿਵੇਂ ਕੀਤਾ ਸੀ। ਉਨ੍ਹਾਂ ਨੇ ਦੇਖਿਆ ਸੀ ਕਿ ਯਹੋਵਾਹ ਨੇ ਫ਼ਿਰਊਨ ਤੇ ਉਸ ਦੀ ਵੱਡੀ ਫ਼ੌਜ ਨੂੰ ਲਾਲ ਸਮੁੰਦਰ ਵਿਚ ਕਿਵੇਂ ਖ਼ਤਮ ਕੀਤਾ ਸੀ। (ਜ਼ਬੂਰਾਂ ਦੀ ਪੋਥੀ 136:15) ਇਹੋ ਗੱਲਾਂ ਬਾਕੀ ਇਸਰਾਏਲੀਆਂ ਨੇ ਵੀ ਆਪਣੀ ਅੱਖੀਂ ਦੇਖੀਆਂ ਸੀ। ਤਾਂ ਫਿਰ ਦਸ ਜਾਸੂਸਾਂ ਅਤੇ ਉਨ੍ਹਾਂ ਦੀਆਂ ਗੱਲਾਂ ਵਿਚ ਆਉਣ ਵਾਲੇ ਲੋਕਾਂ ਦੇ ਡਰਨ ਦਾ ਕੋਈ ਬਹਾਨਾ ਨਹੀਂ ਸੀ। ਉਨ੍ਹਾਂ ਦੀ ਬੇਪਰਤੀਤੀ ਦੇਖ ਕੇ ਯਹੋਵਾਹ ਨੂੰ ਬਹੁਤ ਦੁੱਖ ਹੋਇਆ ਅਤੇ ਉਸ ਨੇ ਮੂਸਾ ਨੂੰ ਕਿਹਾ ਕਿ ਇਹ ਪਰਜਾ “ਕਦ ਤੀਕ ਮੇਰੇ ਉੱਤੇ ਉਨ੍ਹਾਂ ਸਾਰਿਆਂ ਨਿਸ਼ਾਨਾਂ ਦੇ ਹੁੰਦਿਆਂ ਹੋਇਆਂ ਵੀ ਜਿਹੜੇ ਮੈਂ ਉਨ੍ਹਾਂ ਵਿੱਚ ਕੀਤੇ ਪਰਤੀਤ ਨਾ ਕਰੇਗੀ?”—ਗਿਣਤੀ 14:11.
6 ਯਹੋਵਾਹ ਦੇ ਸ਼ਬਦਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਸਰਾਏਲੀਆਂ ਦੀ ਬੁਜ਼ਦਿਲੀ ਦਾ ਕਾਰਨ ਉਨ੍ਹਾਂ ਵਿਚ ਨਿਹਚਾ ਦੀ ਘਾਟ ਸੀ। ਜੀ ਹਾਂ, ਨਿਹਚਾ ਅਤੇ ਹਿੰਮਤ ਦਾ ਆਪਸ ਵਿਚ ਗਹਿਰਾ ਸੰਬੰਧ ਹੈ। ਯੂਹੰਨਾ ਰਸੂਲ ਨੇ ਸੱਚੇ ਮਸੀਹੀਆਂ ਦੀ ਸੰਸਾਰ ਨਾਲ ਲੜਾਈ ਬਾਰੇ ਲਿਖਿਆ: “ਫ਼ਤਹ ਇਹ ਹੈ ਜਿਹ ਨੇ ਸੰਸਾਰ ਉੱਤੇ ਫ਼ਤਹ ਪਾਈ ਅਰਥਾਤ ਸਾਡੀ ਨਿਹਚਾ।” (1 ਯੂਹੰਨਾ 5:4) ਅੱਜ ਯਹੋਸ਼ੁਆ ਤੇ ਕਾਲੇਬ ਵਰਗੀ ਨਿਹਚਾ ਹੋਣ ਕਰਕੇ 60 ਲੱਖ ਤੋਂ ਜ਼ਿਆਦਾ ਯਹੋਵਾਹ ਦੇ ਗਵਾਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਸੁਣਾ ਰਹੇ ਹਨ, ਚਾਹੇ ਉਹ ਜਵਾਨ ਹੋਣ ਜਾਂ ਬੁੱਢੇ, ਤਕੜੇ ਹੋਣ ਜਾਂ ਕਮਜ਼ੋਰ। ਕੋਈ ਵੀ ਦੁਸ਼ਮਣ ਇਸ ਬਲਵਾਨ ਤੇ ਦਲੇਰ ਫ਼ੌਜ ਨੂੰ ਰੋਕ ਨਹੀਂ ਸਕਿਆ ਹੈ।—ਰੋਮੀਆਂ 8:31.
ਹੀਰੇ-ਮੋਤੀ
it-1 740
ਪਰਮੇਸ਼ੁਰ ਨੇ ਜੋ ਦੇਸ਼ ਇਜ਼ਰਾਈਲ ਨੂੰ ਦਿੱਤਾ
ਪਰਮੇਸ਼ੁਰ ਨੇ ਇਜ਼ਰਾਈਲ ਨੂੰ ਜੋ ਦੇਸ਼ ਦਿੱਤਾ ਸੀ, ਉਹ ਵਾਕਈ ਵਧੀਆ ਦੇਸ਼ ਸੀ। ਮੂਸਾ ਨੇ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਸੂਸ ਭੇਜੇ ਅਤੇ ਉਨ੍ਹਾਂ ਨੂੰ ਉੱਥੋਂ ਦੇ ਫਲ ਲਿਆਉਣ ਲਈ ਘੱਲਿਆ। ਉਹ ਉੱਥੋਂ ਹੰਜੀਰਾਂ, ਅਨਾਰ ਅਤੇ ਅੰਗੂਰਾਂ ਦਾ ਗੁੱਛਾ ਲੈ ਕੇ ਆਏ। ਅੰਗੂਰਾਂ ਦੇ ਗੁੱਛਾ ਇੰਨਾ ਵੱਡਾ ਸੀ ਕਿ ਇਸ ਨੂੰ ਦੋ ਆਦਮੀਆਂ ਨੂੰ ਇਕ ਡੰਡੇ ʼਤੇ ਚੁੱਕਣਾ ਪਿਆ। ਭਾਵੇਂ ਕਿ ਨਿਹਚਾ ਦੀ ਘਾਟ ਹੋਣ ਕਰਕੇ ਉਹ ਡਰ ਗਏ ਸਨ, ਪਰ ਉਨ੍ਹਾਂ ਨੇ ਕਿਹਾ ਕਿ “ਉੱਥੇ ਸੱਚ ਮੁੱਚ ਦੁੱਧ ਅਤੇ ਸ਼ਹਿਤ ਵਗਦਾ ਹੈ।”—ਗਿਣ 13:23, 27.
29 ਮਾਰਚ–4 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 15-16
“ਘਮੰਡ ਅਤੇ ਆਪਣੇ ʼਤੇ ਹੱਦੋਂ ਵੱਧ ਭਰੋਸਾ ਕਰਨ ਤੋਂ ਬਚੋ”
ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?
12 ਵਾਅਦਾ ਕੀਤੇ ਹੋਏ ਦੇਸ਼ ਜਾਂਦੇ ਸਮੇਂ ਕੋਰਹ ਨੇ ਸੋਚਿਆ ਕਿ ਜਿਸ ਤਰੀਕੇ ਨਾਲ ਯਹੋਵਾਹ ਕੌਮ ਦੀ ਅਗਵਾਈ ਕਰ ਰਿਹਾ ਸੀ ਉਹ ਗ਼ਲਤ ਸੀ। ਇਸ ਲਈ ਉਹ ਤਬਦੀਲੀਆਂ ਲਿਆਉਣੀਆਂ ਚਾਹੁੰਦਾ ਸੀ। ਫਿਰ ਕੌਮ ਦੇ 250 ਬੰਦੇ ਕੋਰਹ ਨਾਲ ਰਲ ਗਏ। ਉਨ੍ਹਾਂ ਨੂੰ ਯਕੀਨ ਸੀ ਕਿ ਯਹੋਵਾਹ ਉਨ੍ਹਾਂ ਨੂੰ ਜਾਣਦਾ ਸੀ ਅਤੇ ਉਸ ਦੀ ਮਿਹਰ ਉਨ੍ਹਾਂ ਉੱਤੇ ਸੀ। ਉਨ੍ਹਾਂ ਨੇ ਮੂਸਾ ਨੂੰ ਕਿਹਾ: “ਹੁਣ ਤਾਂ ਬੱਸ ਕਰੋ ਕਿਉਂ ਜੋ ਸਾਰੀ ਮੰਡਲੀ ਦੇ ਲੋਕ ਪਵਿੱਤ੍ਰ ਹਨ ਅਤੇ ਯਹੋਵਾਹ ਉਨ੍ਹਾਂ ਦੇ ਵਿੱਚ ਹੈ।” (ਗਿਣ. 16:1-3) ਕਿੰਨਾ ਘਮੰਡੀ ਰਵੱਈਆ! ਉਨ੍ਹਾਂ ਨੂੰ ਆਪਣੇ ਕੰਮ ਕਰਨ ਦੇ ਤਰੀਕੇ ʼਤੇ ਹੱਦੋਂ ਵਧ ਭਰੋਸਾ ਸੀ। ਮੂਸਾ ਨੇ ਉਨ੍ਹਾਂ ਨੂੰ ਦੱਸਿਆ: “ਯਹੋਵਾਹ ਦੱਸੇਗਾ ਭਈ ਕੌਣ ਉਹ ਦਾ ਹੈ।” (ਗਿਣਤੀ 16:5 ਪੜ੍ਹੋ।) ਅਗਲੇ ਦਿਨ ਦੇ ਅਖ਼ੀਰ ਵਿਚ ਕੋਰਹ ਅਤੇ ਉਸ ਦੇ ਸਾਥੀ ਮਾਰੇ ਗਏ ਸਨ।—ਗਿਣ. 16:31-35.
ਕੀ ਯਹੋਵਾਹ ਤੁਹਾਨੂੰ ਜਾਣਦਾ ਹੈ?
11 ਯਹੋਵਾਹ ਦੇ ਪ੍ਰਬੰਧਾਂ ਅਤੇ ਫ਼ੈਸਲਿਆਂ ਲਈ ਕਦਰ ਦਿਖਾਉਣ ਸੰਬੰਧੀ ਮੂਸਾ ਤੇ ਕੋਰਹ ਵਿਚ ਜ਼ਮੀਨ-ਆਸਮਾਨ ਦਾ ਫ਼ਰਕ ਸੀ। ਉਨ੍ਹਾਂ ਨੇ ਜੋ ਕੁਝ ਕੀਤਾ ਉਸ ਤੋਂ ਪਤਾ ਲੱਗਿਆ ਕਿ ਯਹੋਵਾਹ ਉਨ੍ਹਾਂ ਬਾਰੇ ਕੀ ਸੋਚਦਾ ਸੀ। ਕੋਰਹ ਕਹਾਥੀ ਘਰਾਣੇ ਦਾ ਇਕ ਲੇਵੀ ਸੀ। ਸ਼ਾਇਦ ਉਸ ਨੇ ਯਹੋਵਾਹ ਨੂੰ ਇਸਰਾਏਲੀਆਂ ਨੂੰ ਲਾਲ ਸਮੁੰਦਰ ਪਾਰ ਕਰਾਉਂਦਿਆ ਦੇਖਿਆ ਹੋਵੇਗਾ। ਜਦੋਂ ਯਹੋਵਾਹ ਨੇ ਸੀਨਈ ਪਹਾੜ ʼਤੇ ਅਣਆਗਿਆਕਾਰ ਇਸਰਾਏਲੀਆਂ ਨੂੰ ਸਜ਼ਾ ਦਿੱਤੀ, ਉਦੋਂ ਕੋਰਹ ਨੇ ਯਹੋਵਾਹ ਦੇ ਇਸ ਫ਼ੈਸਲੇ ਦਾ ਸਮਰਥਨ ਕੀਤਾ ਅਤੇ ਉਸ ਨੇ ਨੇਮ ਦਾ ਸੰਦੂਕ ਲਿਜਾਣ ਵਿਚ ਵੀ ਮਦਦ ਕੀਤੀ ਸੀ। (ਕੂਚ 32:26-29; ਗਿਣ. 3:30, 31) ਲੱਗਦਾ ਹੈ ਕਿ ਉਹ ਕਈ ਸਾਲਾਂ ਤਾਈਂ ਯਹੋਵਾਹ ਦਾ ਵਫ਼ਾਦਾਰ ਰਿਹਾ ਸੀ ਜਿਸ ਕਰਕੇ ਬਹੁਤ ਸਾਰੇ ਇਸਰਾਏਲੀ ਉਸ ਦੀ ਇੱਜ਼ਤ ਕਰਦੇ ਸਨ।
ਹੀਰੇ-ਮੋਤੀ
ਜ਼ਰੂਰੀ ਗੱਲਾਂ ਨੂੰ ਪਹਿਲੀ ਥਾਂ ʼਤੇ ਰੱਖੋ!
ਯਹੋਵਾਹ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ। ਬਾਈਬਲ ਦੱਸਦੀ ਹੈ: “ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ ਉਹ ਮਨੁੱਖ ਜਰੂਰ ਮਾਰਿਆ ਜਾਵੇ।” (ਗਿਣਤੀ 15:35) ਉਸ ਵਿਅਕਤੀ ਨੇ ਜੋ ਕੀਤਾ ਯਹੋਵਾਹ ਨੇ ਉਸ ਨੂੰ ਇੰਨੀ ਗੰਭੀਰਤਾ ਨਾਲ ਕਿਉਂ ਲਿਆ?
ਲੋਕਾਂ ਕੋਲ ਲੱਕੜੀਆਂ ਇਕੱਠੀਆਂ ਕਰਨ, ਰੋਟੀ, ਕੱਪੜਾ ਅਤੇ ਮਕਾਨ ਦੀਆਂ ਆਪਣੀਆਂ ਲੋੜਾਂ ਪੂਰੀਆਂ ਕਰਨ ਲਈ ਛੇ ਦਿਨ ਹੁੰਦੇ ਸਨ। ਪਰ ਸੱਤਵੇਂ ਦਿਨ ਉਨ੍ਹਾਂ ਨੇ ਯਹੋਵਾਹ ਦੀ ਸੇਵਾ ਵੱਲ ਪੂਰਾ-ਪੂਰਾ ਧਿਆਨ ਦੇਣਾ ਸੀ। ਭਾਵੇਂ ਕਿ ਲੱਕੜੀਆਂ ਇਕੱਠੀਆਂ ਕਰਨੀਆਂ ਗ਼ਲਤ ਨਹੀਂ ਸਨ, ਪਰ ਯਹੋਵਾਹ ਦੀ ਭਗਤੀ ਲਈ ਰੱਖੇ ਗਏ ਸਮੇਂ ਵਿਚ ਹੋਰ ਕੰਮ ਕਰਨੇ ਗ਼ਲਤ ਸਨ। ਭਾਵੇਂ ਕਿ ਮਸੀਹੀ ਮੂਸਾ ਦੇ ਕਾਨੂੰਨ ਦੇ ਅਧੀਨ ਨਹੀਂ ਹਨ, ਪਰ ਕੀ ਅਸੀਂ ਇਸ ਬਿਰਤਾਂਤ ਤੋਂ ਇਹ ਨਹੀਂ ਸਿੱਖਦੇ ਕਿ ਸਾਨੂੰ “ਜ਼ਿਆਦਾ ਜ਼ਰੂਰੀ ਗੱਲਾਂ ਨੂੰ” ਪਹਿਲ ਦੇਣੀ ਚਾਹੀਦੀ ਹੈ?—ਫ਼ਿਲਿੱਪੀਆਂ 1:10.
5-11 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 17-19
“ਤੇਰਾ ਵਿਰਸਾ . . . ਮੈਂ ਹਾਂ”
ਕੀ ਤੁਸੀਂ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ ਹੋ?
9 ਜ਼ਰਾ ਲੇਵੀਆਂ ਬਾਰੇ ਸੋਚੋ ਜਿਨ੍ਹਾਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ ਮਿਲੀ। ਉਨ੍ਹਾਂ ਨੇ ਬਾਕੀ ਸਾਰੀ ਕੌਮ ਨੂੰ ਯਹੋਵਾਹ ਦੀ ਭਗਤੀ ਕਰਨੀ ਸਿਖਾਉਣੀ ਸੀ। ਇਸ ਲਈ ਜੇ ਉਹ ਯਹੋਵਾਹ ਨੂੰ ਆਪਣਾ ਸਭ ਕੁਝ ਮੰਨਦੇ, ਤਾਂ ਉਹ ਉਨ੍ਹਾਂ ਦੀ ਹਰ ਲੋੜ ਪੂਰੀ ਕਰਦਾ। (ਗਿਣ. 18:20) ਭਾਵੇਂ ਕਿ ਅੱਜ ਅਸੀਂ ਸੱਚੀ-ਮੁੱਚੀ ਦੇ ਮੰਦਰ ਵਿਚ ਯਹੋਵਾਹ ਦੀ ਸੇਵਾ ਨਹੀਂ ਕਰਦੇ ਜਿਵੇਂ ਕਿ ਜਾਜਕ ਅਤੇ ਲੇਵੀ ਕਰਦੇ ਸਨ, ਫਿਰ ਵੀ ਅਸੀਂ ਉਨ੍ਹਾਂ ਵਾਂਗ ਉਸ ਉੱਤੇ ਪੂਰਾ-ਪੂਰਾ ਭਰੋਸਾ ਰੱਖ ਸਕਦੇ ਹਾਂ। ਜਿਉਂ-ਜਿਉਂ ਇਸ ਦੁਨੀਆਂ ਦਾ ਅੰਤ ਨੇੜੇ ਆਉਂਦਾ ਜਾਂਦਾ ਹੈ, ਸਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ੁਰ ʼਤੇ ਜ਼ਿਆਦਾ ਤੋਂ ਜ਼ਿਆਦਾ ਭਰੋਸਾ ਰੱਖੀਏ।—ਪਰ. 13:17.
ਯਹੋਵਾਹ ਮੇਰਾ ਹਿੱਸਾ ਹੈ
4 ਜਦੋਂ ਲੇਵੀਆਂ ਨੂੰ ਪਰਮੇਸ਼ੁਰ ਨੇ ਆਪਣੀ ਸੇਵਾ ਕਰਨ ਲਈ ਚੁਣਿਆ, ਤਾਂ ਉਹ ਉਨ੍ਹਾਂ ਦਾ ਹਿੱਸਾ ਕਿਵੇਂ ਬਣਿਆ? ਯਹੋਵਾਹ ਨੇ ਉਨ੍ਹਾਂ ਨੂੰ ਵਿਰਾਸਤ ਵਿਚ ਕੋਈ ਜ਼ਮੀਨ ਨਹੀਂ, ਸਗੋਂ ਉਸ ਦੀ ਸੇਵਾ ਕਰਨ ਦਾ ਇਕ ਖ਼ਾਸ ਸਨਮਾਨ ਬਖ਼ਸ਼ਿਆ। ਉਨ੍ਹਾਂ ਨੂੰ ਵਿਰਾਸਤ ਵਿਚ “ਯਹੋਵਾਹ ਦੀ ਜਾਜਕਾਈ” ਦਿੱਤੀ ਗਈ। (ਯਹੋ. 18:7) ਗਿਣਤੀ ਦਾ 18ਵਾਂ ਅਧਿਆਇ ਦੱਸਦਾ ਹੈ ਕਿ ਉਨ੍ਹਾਂ ਦੀ ਹਰੇਕ ਲੋੜ ਪੂਰੀ ਕੀਤੀ ਜਾਣੀ ਸੀ ਯਾਨੀ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਣੀ ਸੀ। (ਗਿਣਤੀ 18:19, 21, 24 ਪੜ੍ਹੋ।) ਯਹੋਵਾਹ ਨੇ ਕਿਹਾ ਕਿ ਉਸ ਨੇ ਲੇਵੀਆਂ ਨੂੰ ‘ਇਸਰਾਏਲੀਆਂ ਦੇ ਸਾਰਿਆਂ ਦਸਵੰਧਾਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ ਉਸ ਦੀ ਟਹਿਲ ਸੇਵਾ ਦੇ ਬਦਲੇ ਦੇ ਦਿੱਤਾ ਹੈ।’ ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਇਸਰਾਏਲ ਦੀ ਹਰ ਚੀਜ਼ ਦਾ 10ਵਾਂ ਹਿੱਸਾ ਮਿਲਣਾ ਸੀ। ਲੇਵੀਆਂ ਨੂੰ ਜੋ ਕੁਝ ਮਿਲਦਾ ਸੀ, ਉਨ੍ਹਾਂ ਨੂੰ ਉਸ ਦਾ 10ਵਾਂ ਹਿੱਸਾ “ਥਿੰਧਿਆਈ” ਵਜੋਂ ਜਾਜਕਾਂ ਦੀ ਮਦਦ ਲਈ ਦੇਣਾ ਪੈਣਾ ਸੀ। (ਗਿਣ. 18:25-29) ਨਾਲੇ ਇਸਰਾਏਲੀਆਂ ਵੱਲੋਂ ਪਰਮੇਸ਼ੁਰ ਨੂੰ ਚੜ੍ਹਾਏ ਜਾਂਦੇ ‘ਪਵਿੱਤ੍ਰ ਹਿੱਸੇ’ ਵੀ ਜਾਜਕਾਂ ਨੂੰ ਦਿੱਤੇ ਜਾਂਦੇ ਸਨ। ਇੱਦਾਂ ਜਾਜਕ ਯਹੋਵਾਹ ʼਤੇ ਭਰੋਸਾ ਰੱਖ ਸਕਦੇ ਸਨ ਕਿ ਯਹੋਵਾਹ ਉਨ੍ਹਾਂ ਦੀ ਹਰੇਕ ਲੋੜ ਪੂਰੀ ਕਰੇਗਾ।
ਹੀਰੇ-ਮੋਤੀ
g02 7/8 14 ਪੈਰਾ 2
ਲੂਣ—ਇਕ ਬਹੁਮੁੱਲੀ ਚੀਜ਼
ਲੂਣ ਸਥਿਰਤਾ ਅਤੇ ਸਥਾਈਪਣ ਨੂੰ ਵੀ ਸੰਕੇਤ ਕਰਨ ਲੱਗ ਪਿਆ। ਇਸ ਲਈ, ਬਾਈਬਲ ਵਿਚ ਕਿਸੇ ਇਕਰਾਰਨਾਮੇ ਨੂੰ ‘ਲੂਣ ਦਾ ਨੇਮ’ ਸੱਦਿਆ ਗਿਆ ਸੀ, ਅਤੇ ਇਸ ਨੂੰ ਬੰਨ੍ਹਣ ਲਈ ਅਕਸਰ ਦੋਵੇਂ ਹਿੱਸੇਦਾਰ ਲੂਣ ਲਾ ਕੇ ਭੋਜਨ ਖਾਂਦੇ ਸਨ। (ਗਿਣਤੀ 18:19) ਬਿਵਸਥਾ ਨੇਮ ਦੇ ਅਨੁਸਾਰ, ਬਲੀਆਂ ਨੂੰ ਲੂਣ ਸਮੇਤ ਵੇਦੀ ਉੱਤੇ ਚੜ੍ਹਾਇਆ ਜਾਣਾ ਸੀ। ਇਸ ਨੇ ਮਲੀਨਤਾ ਤੇ ਵਿਗਾੜ ਤੋਂ ਸ਼ੁੱਧ ਹੋਣ ਦਾ ਸੰਕੇਤ ਕੀਤਾ ਹੋਣਾ।
12-18 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 20-21
“ਦਬਾਅ ਆਉਣ ʼਤੇ ਵੀ ਨਿਮਰ ਰਹੋ”
ਨਿਮਰ ਬਣੋ ਅਤੇ ਯਹੋਵਾਹ ਨੂੰ ਖ਼ੁਸ਼ ਕਰੋ
19 ਅਸੀਂ ਗ਼ਲਤੀਆਂ ਕਰਨ ਤੋਂ ਬਚਾਂਗੇ। ਦੁਬਾਰਾ ਮੂਸਾ ਬਾਰੇ ਸੋਚੋ। ਕਈ ਦਹਾਕਿਆਂ ਤਕ ਉਹ ਨਿਮਰ ਰਿਹਾ ਅਤੇ ਯਹੋਵਾਹ ਨੂੰ ਖ਼ੁਸ਼ ਕਰਦਾ ਰਿਹਾ। ਪਰ ਜਦੋਂ ਇਜ਼ਰਾਈਲੀਆਂ ਦਾ ਉਜਾੜ ਵਿਚ 40 ਸਾਲ ਦਾ ਸਫ਼ਰ ਲਗਭਗ ਮੁੱਕਣ ਹੀ ਵਾਲਾ ਸੀ, ਉਦੋਂ ਮੂਸਾ ਨਿਮਰਤਾ ਦਿਖਾਉਣ ਵਿਚ ਨਾਕਾਮ ਰਿਹਾ। ਮਿਸਰ ਵਿਚ ਸ਼ਾਇਦ ਜਿਸ ਭੈਣ ਨੇ ਮੂਸਾ ਦੀ ਜਾਨ ਬਚਾਈ ਸੀ, ਉਸ ਦੀ ਅਜੇ ਮੌਤ ਹੋਈ ਹੀ ਸੀ ਅਤੇ ਉਸ ਨੂੰ ਕਾਦੇਸ਼ ਵਿਚ ਦਫ਼ਨਾਇਆ ਗਿਆ ਸੀ। ਹੁਣ ਫਿਰ ਤੋਂ ਇਜ਼ਰਾਈਲੀ ਕਹਿਣ ਲੱਗ ਪਏ ਕਿ ਉਨ੍ਹਾਂ ਦੀ ਸਹੀ ਤਰੀਕੇ ਨਾਲ ਦੇਖ-ਭਾਲ ਨਹੀਂ ਕੀਤੀ ਜਾ ਰਹੀ। ਇਸ ਸਮੇਂ ਉਹ ਪਾਣੀ ਦੀ ਕਮੀ ਕਰਕੇ “ਮੂਸਾ ਨਾਲ ਝਗੜਨ” ਲੱਗੇ। ਭਾਵੇਂ ਕਿ ਯਹੋਵਾਹ ਨੇ ਮੂਸਾ ਨੂੰ ਬਹੁਤ ਸਾਰੇ ਚਮਤਕਾਰ ਕਰਨ ਦੀ ਤਾਕਤ ਦਿੱਤੀ ਸੀ ਅਤੇ ਭਾਵੇਂ ਮੂਸਾ ਇੰਨੇ ਸਮੇਂ ਤੋਂ ਬਿਨਾਂ ਸੁਆਰਥ ਤੋਂ ਉਨ੍ਹਾਂ ਦੀ ਅਗਵਾਈ ਕਰ ਰਿਹਾ ਸੀ, ਪਰ ਫਿਰ ਵੀ ਉਹ ਬੁੜਬੁੜਾਉਣ ਲੱਗੇ। ਉਨ੍ਹਾਂ ਨੇ ਸਿਰਫ਼ ਪਾਣੀ ਦੀ ਕਮੀ ਬਾਰੇ ਹੀ ਨਹੀਂ, ਸਗੋਂ ਮੂਸਾ ਬਾਰੇ ਵੀ ਸ਼ਿਕਾਇਤ ਕੀਤੀ ਜਿਵੇਂ ਉਹ ਮੂਸਾ ਕਰਕੇ ਪਿਆਸੇ ਸਨ।—ਗਿਣ. 20:1-5, 9-11.
ਨਿਮਰ ਬਣੋ ਅਤੇ ਯਹੋਵਾਹ ਨੂੰ ਖ਼ੁਸ਼ ਕਰੋ
20 ਗੁੱਸੇ ਵਿਚ ਆ ਕੇ ਮੂਸਾ ਨਿਮਰ ਨਹੀਂ ਰਿਹਾ। ਭਾਵੇਂ ਯਹੋਵਾਹ ਨੇ ਮੂਸਾ ਨੂੰ ਚਟਾਨ ਨਾਲ ਗੱਲ ਕਰਨ ਦਾ ਹੁਕਮ ਦਿੱਤਾ ਸੀ, ਪਰ ਉਸ ਨੇ ਕਠੋਰਤਾ ਨਾਲ ਲੋਕਾਂ ਨਾਲ ਗੱਲ ਕੀਤੀ ਤੇ ਕਿਹਾ ਕਿ ਉਹ ਚਮਤਕਾਰ ਕਰੇਗਾ। ਫਿਰ ਉਸ ਨੇ ਚਟਾਨ ਨੂੰ ਦੋ ਵਾਰ ਮਾਰਿਆ ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ। ਘਮੰਡ ਤੇ ਗੁੱਸੇ ਕਰਕੇ ਉਹ ਗੰਭੀਰ ਗ਼ਲਤੀ ਕਰ ਬੈਠਾ। (ਜ਼ਬੂ. 106:32, 33) ਉਸ ਸਮੇਂ ਨਿਮਰਤਾ ਨਾ ਦਿਖਾਉਣ ਕਰਕੇ ਮੂਸਾ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ।—ਗਿਣ. 20:12.
21 ਇਸ ਮਿਸਾਲ ਤੋਂ ਅਸੀਂ ਅਹਿਮ ਸਬਕ ਸਿੱਖਦੇ ਹਾਂ। ਪਹਿਲਾ, ਸਾਨੂੰ ਨਿਮਰਤਾ ਬਣਾਈ ਰੱਖਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਜੇ ਅਸੀਂ ਨਿਮਰਤਾ ਦਿਖਾਉਣੀ ਛੱਡ ਦਿੰਦੇ ਹਾਂ, ਤਾਂ ਸ਼ਾਇਦ ਅਸੀਂ ਛੇਤੀ ਹੀ ਘਮੰਡੀ ਬਣ ਜਾਈਏ ਜਿਸ ਕਰਕੇ ਅਸੀਂ ਨਾਸਮਝੀ ਵਿਚ ਬੋਲਣ ਅਤੇ ਕੰਮ ਕਰਨ ਲੱਗ ਪਈਏ। ਦੂਜਾ, ਤਣਾਅ ਵਿਚ ਹੁੰਦਿਆਂ ਨਿਮਰ ਰਹਿਣਾ ਔਖਾ ਹੋ ਸਕਦਾ ਹੈ। ਇਸ ਲਈ ਦਬਾਅ ਵਿਚ ਹੁੰਦਿਆਂ ਵੀ ਸਾਨੂੰ ਨਿਮਰ ਬਣੇ ਰਹਿਣ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ।
ਨਿਆਂਕਾਰ ਜੋ ਹਮੇਸ਼ਾ ਇਨਸਾਫ਼ ਕਰਦਾ ਹੈ
ਪਹਿਲੀ ਗੱਲ ਹੈ ਕਿ ਪਰਮੇਸ਼ੁਰ ਨੇ ਮੂਸਾ ਨੂੰ ਲੋਕਾਂ ਨਾਲ ਗੱਲ ਕਰਨ ਲਈ ਨਹੀਂ ਕਿਹਾ ਸੀ, ਤਾਂ ਫਿਰ ਉਨ੍ਹਾਂ ਨੂੰ ਝਗੜਾਲੂ ਕਹਿਣਾ ਤਾਂ ਦੂਰ ਦੀ ਗੱਲ ਸੀ। ਦੂਜੀ ਗੱਲ ਹੈ ਕਿ ਮੂਸਾ ਤੇ ਹਾਰੂਨ ਨੇ ਪਰਮੇਸ਼ੁਰ ਨੂੰ ਮਾਣ ਨਹੀਂ ਦਿੱਤਾ। ਇਸੇ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਕਿਹਾ: ‘ਤੁਸਾਂ ਮੈਨੂੰ ਪਵਿੱਤ੍ਰ ਨਹੀਂ ਠਹਿਰਾਇਆ।’ (ਆਇਤ 12) ਜਦ ਮੂਸਾ ਨੇ ਕਿਹਾ, “ਕੀ ਅਸੀਂ ਤੁਹਾਡੇ ਲਈ ਏਸ ਢਿੱਗ ਤੋਂ ਪਾਣੀ ਕੱਢੀਏ?” ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਉਹ ਤੇ ਹਾਰੂਨ ਆਪ ਚਮਤਕਾਰ ਕਰ ਰਹੇ ਸਨ ਨਾ ਕਿ ਪਰਮੇਸ਼ੁਰ। ਤੀਜੀ ਗੱਲ ਹੈ ਕਿ ਪਰਮੇਸ਼ੁਰ ਨੇ ਉਹੀ ਸਜ਼ਾ ਦਿੱਤੀ ਜੋ ਉਸ ਨੇ ਪਹਿਲਾਂ ਬਾਗ਼ੀ ਪੀੜ੍ਹੀ ਨੂੰ ਦਿੱਤੀ ਸੀ। ਜਿਸ ਤਰ੍ਹਾਂ ਉਸ ਨੇ ਬੁੜਬੁੜਾਉਂਦੇ ਲੋਕਾਂ ਨੂੰ ਕਨਾਨ ਦੇਸ਼ ਵਿਚ ਨਹੀਂ ਸੀ ਵੜਨ ਦਿੱਤਾ ਉਸੇ ਤਰ੍ਹਾਂ ਉਸ ਨੇ ਮੂਸਾ ਤੇ ਹਾਰੂਨ ਨੂੰ ਵੀ ਨਾ ਵੜਨ ਦਿੱਤਾ। (ਗਿਣਤੀ 14:22, 23) ਚੌਥੀ ਗੱਲ ਹੈ ਕਿ ਮੂਸਾ ਤੇ ਹਾਰੂਨ ਇਸਰਾਏਲ ਦੇ ਆਗੂ ਸਨ। ਜਿਸ ਨੂੰ ਜ਼ਿਆਦਾ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਉਸ ਤੋਂ ਰੱਬ ਉੱਨਾ ਹੀ ਲੇਖਾ ਲੈਂਦਾ ਹੈ।—ਲੂਕਾ 12:48.
ਹੀਰੇ-ਮੋਤੀ
ਕੀ ਤੁਸੀਂ ਇਨਸਾਨੀ ਕਮਜ਼ੋਰੀਆਂ ਨੂੰ ਯਹੋਵਾਹ ਦੇ ਨਜ਼ਰੀਏ ਤੋਂ ਦੇਖਦੇ ਹੋ?
12 ਯਹੋਵਾਹ ਉਸੇ ਵੇਲੇ ਹਾਰੂਨ ਨੂੰ ਇਨ੍ਹਾਂ ਸਾਰੀਆਂ ਗ਼ਲਤੀਆਂ ਦੀ ਸਜ਼ਾ ਦੇ ਸਕਦਾ ਸੀ। ਪਰ ਉਹ ਜਾਣਦਾ ਸੀ ਕਿ ਹਾਰੂਨ ਬੁਰਾ ਇਨਸਾਨ ਨਹੀਂ ਸੀ। ਪਰ ਲੱਗਦਾ ਹੈ ਕਿ ਹਾਲਾਤਾਂ ਜਾਂ ਦੂਜਿਆਂ ਦੇ ਪ੍ਰਭਾਵ ਕਰਕੇ ਉਹ ਸਹੀ ਕੰਮ ਕਰਨ ਤੋਂ ਪਿੱਛੇ ਹਟ ਗਿਆ। ਉਸ ਨੇ ਹਰ ਵਾਰ ਆਪਣੀ ਗ਼ਲਤੀ ਮੰਨੀ ਤੇ ਯਹੋਵਾਹ ਦੀ ਸਲਾਹ ਕਬੂਲ ਕੀਤੀ। (ਕੂਚ 32:26; ਗਿਣ. 12:11; 20:23-27) ਯਹੋਵਾਹ ਨੇ ਇਸ ਗੱਲ ʼਤੇ ਧਿਆਨ ਲਾਇਆ ਕਿ ਹਾਰੂਨ ਨਿਹਚਾ ਕਰਦਾ ਸੀ ਅਤੇ ਉਸ ਨੇ ਤੋਬਾ ਕੀਤੀ ਸੀ। ਸਦੀਆਂ ਬਾਅਦ ਵੀ ਹਾਰੂਨ ਤੇ ਉਸ ਦੀ ਸੰਤਾਨ ਨੂੰ ਯਹੋਵਾਹ ਤੋਂ ਡਰਨ ਵਾਲਿਆਂ ਵਜੋਂ ਯਾਦ ਕੀਤਾ ਜਾਂਦਾ ਸੀ।—ਜ਼ਬੂ. 115:10-12; 135:19, 20.
19-25 ਅਪ੍ਰੈਲ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 22-24
“ਯਹੋਵਾਹ ਨੇ ਸਰਾਪ ਨੂੰ ਬਰਕਤ ਵਿਚ ਬਦਲਿਆ”
bt 53 ਪੈਰਾ 5
‘ਯਿਸੂ ਬਾਰੇ ਖ਼ੁਸ਼ ਖ਼ਬਰੀ’ ਸੁਣਾਉਣੀ
5 ਪਹਿਲੀ ਸਦੀ ਵਾਂਗ ਅੱਜ ਵੀ ਅਤਿਆਚਾਰ ਪਰਮੇਸ਼ੁਰ ਦੇ ਲੋਕਾਂ ਨੂੰ ਪ੍ਰਚਾਰ ਕਰਨ ਤੋਂ ਨਹੀਂ ਰੋਕ ਸਕੇ ਹਨ। ਅਕਸਰ ਇੱਦਾਂ ਹੋਇਆ ਹੈ ਕਿ ਜਦੋਂ ਵੀ ਮਸੀਹੀਆਂ ਨੂੰ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣ ਲਈ ਮਜਬੂਰ ਕੀਤਾ ਗਿਆ ਜਾਂ ਜੇਲ੍ਹਾਂ ਵਿਚ ਸੁੱਟਿਆ ਗਿਆ, ਤਾਂ ਉਨ੍ਹਾਂ ਨੇ ਨਵੀਂ ਜਗ੍ਹਾ ਜਾ ਕੇ ਲੋਕਾਂ ਨੂੰ ਰਾਜ ਦਾ ਸੰਦੇਸ਼ ਸੁਣਾਇਆ ਹੈ। ਉਦਾਹਰਣ ਲਈ, ਦੂਸਰੇ ਵਿਸ਼ਵ ਯੁੱਧ ਦੌਰਾਨ ਯਹੋਵਾਹ ਦੇ ਗਵਾਹਾਂ ਨੇ ਨਾਜ਼ੀ ਤਸ਼ੱਦਦ ਕੈਂਪਾਂ ਵਿਚ ਜੋਸ਼ ਨਾਲ ਗਵਾਹੀ ਦਿੱਤੀ। ਇਕ ਕੈਂਪ ਵਿਚ ਗਵਾਹਾਂ ਨੂੰ ਮਿਲਣ ਵਾਲੇ ਇਕ ਯਹੂਦੀ ਨੇ ਕਿਹਾ: “ਜਿਹੜੇ ਕੈਦੀ ਯਹੋਵਾਹ ਦੇ ਗਵਾਹ ਸਨ, ਉਨ੍ਹਾਂ ਦੇ ਬੁਲੰਦ ਹੌਸਲੇ ਦੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਉਨ੍ਹਾਂ ਦੀ ਨਿਹਚਾ ਬਾਈਬਲ ʼਤੇ ਆਧਾਰਿਤ ਹੈ ਤੇ ਮੈਂ ਵੀ ਗਵਾਹ ਬਣ ਗਿਆ।”
it-2 291
ਪਾਗਲਪਣ
ਯਹੋਵਾਹ ਦੇ ਵਿਰੋਧ ਵਿਚ ਜਾਣ ਦਾ ਪਾਗਲਪਣ। ਬਿਲਆਮ ਨਬੀ ਮੋਆਬੀਆਂ ਦੇ ਰਾਜੇ ਬਾਲਾਕ ਤੋਂ ਪੈਸੇ ਲੈਣ ਦੀ ਖ਼ਾਤਰ ਇਜ਼ਰਾਈਲੀਆਂ ਦੇ ਵਿਰੁੱਧ ਭਵਿੱਖਬਾਣੀ ਕਰਨੀ ਚਾਹੁੰਦਾ ਸੀ, ਪਰ ਯਹੋਵਾਹ ਨੇ ਉਸ ਦੀਆਂ ਕੋਸ਼ਿਸ਼ਾਂ ਨਾਕਾਮ ਕਰ ਦਿੱਤੀਆਂ। ਪਤਰਸ ਰਸੂਲ ਨੇ ਬਿਲਆਮ ਬਾਰੇ ਲਿਖਿਆ ਕਿ “ਬੇਜ਼ਬਾਨ ਗਧੀ ਨੇ ਇਨਸਾਨ ਦੀ ਆਵਾਜ਼ ਵਿਚ ਬੋਲ ਕੇ ਉਸ ਨੂੰ ਪਾਗਲਪੁਣੇ ਵਾਲੇ ਕੰਮ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਸੀ।” ਰਸੂਲ ਨੇ ਬਿਲਆਮ ਦੇ ਪਾਗਲਪੁਣੇ ਲਈ ਯੂਨਾਨੀ ਸ਼ਬਦ ਪਾਰਾਫੋਰੋਨੀਆ ਵਰਤਿਆ ਜਿਸ ਦਾ ਮਤਲਬ ਹੈ, “ਆਪਣੇ ਹੋਸ਼ ਵਿਚ ਨਾ ਹੋਣਾ।”—2 ਪਤ 2:15, 16; ਗਿਣ 22:26-31.
ਹੀਰੇ-ਮੋਤੀ
ਗਿਣਤੀ ਦੀ ਕਿਤਾਬ ਦੇ ਕੁਝ ਖ਼ਾਸ ਨੁਕਤੇ
22:20-22—ਯਹੋਵਾਹ ਦਾ ਕ੍ਰੋਧ ਬਿਲਆਮ ਉੱਤੇ ਕਿਉਂ ਭੜਕਿਆ ਸੀ? ਯਹੋਵਾਹ ਨੇ ਬਿਲਆਮ ਨਬੀ ਨੂੰ ਕਿਹਾ ਸੀ ਕਿ ਉਹ ਇਸਰਾਏਲੀਆਂ ਨੂੰ ਸਰਾਪ ਨਾ ਦੇਵੇ। (ਗਿਣਤੀ 22:12) ਪਰ ਉਹ ਬਾਲਾਕ ਦੇ ਆਦਮੀਆਂ ਨਾਲ ਇਸਰਾਏਲ ਨੂੰ ਸਰਾਪ ਦੇਣ ਦੇ ਉਦੇਸ਼ ਨਾਲ ਨਿਕਲ ਤੁਰਿਆ। ਬਿਲਆਮ ਮੋਆਬੀ ਰਾਜੇ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ ਅਤੇ ਉਸ ਤੋਂ ਪੈਸਾ ਤੇ ਇਨਾਮ ਹਾਸਲ ਕਰਨਾ ਚਾਹੁੰਦਾ ਸੀ। (2 ਪਤਰਸ 2:15, 16; ਯਹੂਦਾਹ 11) ਇਸਰਾਏਲੀਆਂ ਨੂੰ ਬਰਕਤ ਦੇਣ ਲਈ ਮਜਬੂਰ ਕੀਤੇ ਜਾਣ ਤੋਂ ਬਾਅਦ ਵੀ ਬਿਲਆਮ ਜਾਣ-ਬੁੱਝ ਕੇ ਰਾਜਾ ਬਾਲਾਕ ਨੂੰ ਪ੍ਰਸੰਨ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਉਸ ਨੇ ਰਾਜੇ ਨੂੰ ਬਆਲ ਦੀ ਪੂਜਾ ਕਰਨ ਵਾਲੀਆਂ ਔਰਤਾਂ ਨੂੰ ਇਸਤੇਮਾਲ ਕਰ ਕੇ ਇਸਰਾਏਲੀ ਆਦਮੀਆਂ ਨੂੰ ਭਰਮਾਉਣ ਦੀ ਸਲਾਹ ਦਿੱਤੀ ਸੀ। (ਗਿਣਤੀ 31:15, 16) ਤਾਂ ਫਿਰ, ਪਰਮੇਸ਼ੁਰ ਦੇ ਕ੍ਰੋਧ ਦਾ ਕਾਰਨ ਸੀ ਬਿਲਆਮ ਦਾ ਲੋਭ।
26 ਅਪ੍ਰੈਲ–2 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਗਿਣਤੀ 25-26
“ਇਕ ਵਿਅਕਤੀ ਦੇ ਕੰਮਾਂ ਤੋਂ ਕਈਆਂ ਨੂੰ ਫ਼ਾਇਦਾ ਹੋ ਸਕਦਾ ਹੈ”
ਇਕ ਮਛੇਰਾ ਮੱਛੀਆਂ ਫੜਨ ਲਈ ਦਰਿਆ ʼਤੇ ਜਾਂਦਾ ਹੈ। ਉਹ ਮੱਛੀ ਨੂੰ ਲਲਚਾਉਣ ਲਈ ਕੁੰਡੀ ਉੱਤੇ ਸੁੰਡੀ ਲਾ ਕੇ ਪਾਣੀ ਵਿਚ ਸੁੱਟ ਦਿੰਦਾ ਹੈ। ਉਸ ਨੂੰ ਪਤਾ ਹੈ ਕਿ ਨਜ਼ਰ ਪੈਂਦਿਆਂ ਹੀ ਮੱਛੀ ਸੁੰਡੀ ਖਾਣ ਲਈ ਜ਼ਰੂਰ ਆਵੇਗੀ। ਥੋੜ੍ਹੀ ਦੇਰ ਬਾਅਦ ਡੋਰੀ ਨੂੰ ਖਿੱਚ ਪੈਣ ʼਤੇ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਮੱਛੀ ਕੁੰਡੀ ਵਿਚ ਫੱਸ ਗਈ ਹੈ। ਉਹ ਫਟਾਫਟ ਮੱਛੀ ਨੂੰ ਬਾਹਰ ਖਿੱਚ ਲੈਂਦਾ ਹੈ। ਮੱਛੀ ਨੂੰ ਦੇਖ ਕੇ ਉਸ ਦੇ ਚਿਹਰੇ ʼਤੇ ਮੁਸਕਾਨ ਆ ਜਾਂਦੀ ਹੈ।
2 ਇਸੇ ਤਰ੍ਹਾਂ ਦਾ ਇਕ ਮਛੇਰਾ ਸੀ ਬਿਲਆਮ। ਪਰ ਉਹ ਮੱਛੀਆਂ ਦਾ ਨਹੀਂ, ਸਗੋਂ ਪਰਮੇਸ਼ੁਰ ਦੇ ਲੋਕਾਂ ਦਾ ਸ਼ਿਕਾਰ ਕਰਨ ਆਇਆ ਸੀ। ਇਹ ਗੱਲ ਤਕਰੀਬਨ 3,500 ਸਾਲ ਪਹਿਲਾਂ ਦੀ ਹੈ। ਉਸ ਵੇਲੇ ਇਜ਼ਰਾਈਲੀਆਂ ਨੇ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਉੱਤੇ ਮੋਆਬ ਦੇ ਮੈਦਾਨ ਵਿਚ ਡੇਰਾ ਲਾਇਆ ਹੋਇਆ ਸੀ। ਮੋਆਬ ਦੇ ਰਾਜੇ ਨੇ ਉਨ੍ਹਾਂ ਨੂੰ ਸਰਾਪ ਦੇਣ ਲਈ ਲਾਲਚੀ ਬਿਲਆਮ ਨੂੰ ਸੱਦਿਆ ਸੀ। ਬਿਲਆਮ ਆਪਣੇ ਆਪ ਨੂੰ ਯਹੋਵਾਹ ਦਾ ਨਬੀ ਕਹਿੰਦਾ ਸੀ। ਉਸ ਨੇ ਇਜ਼ਰਾਈਲੀਆਂ ਨੂੰ ਕਈ ਵਾਰ ਸਰਾਪ ਦਿੱਤਾ, ਪਰ ਯਹੋਵਾਹ ਨੇ ਉਨ੍ਹਾਂ ਸਰਾਪਾਂ ਨੂੰ ਬਰਕਤਾਂ ਵਿਚ ਬਦਲ ਦਿੱਤਾ। ਇਨਾਮ ਦੇ ਲਾਲਚ ਵਿਚ ਉਸ ਨੇ ਇਹ ਚਾਲ ਸੋਚੀ ਕਿ ਜੇ ਉਹ ਇਜ਼ਰਾਈਲੀਆਂ ਕੋਲੋਂ ਗੰਭੀਰ ਗ਼ਲਤੀ ਕਰਵਾ ਲਵੇ, ਤਾਂ ਪਰਮੇਸ਼ੁਰ ਆਪ ਹੀ ਆਪਣੇ ਲੋਕਾਂ ਨੂੰ ਸਰਾਪ ਦੇ ਦੇਵੇਗਾ। ਇਜ਼ਰਾਈਲੀਆਂ ਨੂੰ ਆਪਣੇ ਜਾਲ ਵਿਚ ਫਸਾਉਣ ਲਈ ਉਸ ਨੇ ਮੋਆਬ ਦੀਆਂ ਦਿਲਫਰੇਬ ਕੁੜੀਆਂ ਨੂੰ ਵਰਤਿਆ।—ਗਿਣਤੀ 22:1-7; 31:15, 16; ਪ੍ਰਕਾਸ਼ ਦੀ ਕਿਤਾਬ 2:14.
4 ਇਹ ਅਨਰਥ ਹੋਇਆ ਕਿਉਂ? ਬਹੁਤ ਸਾਰੇ ਇਜ਼ਰਾਈਲੀਆਂ ਦੇ ਦਿਲਾਂ ਵਿਚ ਬਦਕਾਰੀ ਆ ਗਈ ਸੀ ਕਿਉਂਕਿ ਉਹ ਆਪਣੇ ਪਰਮੇਸ਼ੁਰ ਯਹੋਵਾਹ ਤੋਂ ਦੂਰ ਚਲੇ ਗਏ ਸਨ ਜਿਸ ਨੇ ਉਨ੍ਹਾਂ ਨੂੰ ਮਿਸਰ ਤੋਂ ਛੁਡਾਇਆ ਸੀ, ਉਜਾੜ ਵਿਚ ਸੰਭਾਲਿਆ ਸੀ ਅਤੇ ਵਾਅਦਾ ਕੀਤੇ ਹੋਏ ਦੇਸ਼ ਦੀ ਸਰਹੱਦ ਤਕ ਸਹੀ-ਸਲਾਮਤ ਲਿਆਇਆ ਸੀ। (ਇਬਰਾਨੀਆਂ 3:12) ਇਸ ਮਾਮਲੇ ʼਤੇ ਵਿਚਾਰ ਕਰਦੇ ਹੋਏ ਪੌਲੁਸ ਰਸੂਲ ਨੇ ਲਿਖਿਆ: “ਨਾ ਹੀ ਅਸੀਂ ਹਰਾਮਕਾਰੀ ਕਰੀਏ, ਜਿਵੇਂ ਉਨ੍ਹਾਂ ਵਿੱਚੋਂ ਕਈਆਂ ਨੇ ਹਰਾਮਕਾਰੀ ਕੀਤੀ ਸੀ ਜਿਸ ਕਰਕੇ ਇਕ ਦਿਨ ਵਿਚ 23,000 ਲੋਕ ਮਾਰੇ ਗਏ।”—1 ਕੁਰਿੰਥੀਆਂ 10:8.
ਹੀਰੇ-ਮੋਤੀ
it-1 359 ਪੈਰੇ 1-2
ਹੱਦ
ਇਜ਼ਰਾਈਲ ਵਿਚ ਗੋਤਾਂ ਨੂੰ ਜ਼ਮੀਨ ਵੰਡਣ ਲਈ ਦੋ ਕੰਮ ਕੀਤੇ ਗਏ। ਪਹਿਲਾ ਗੁਣੇ ਪਾਏ ਗਏ ਅਤੇ ਫਿਰ ਦੇਖਿਆ ਗਿਆ ਕਿ ਕਿਹੜਾ ਗੋਤ ਕਿੰਨਾ ਵੱਡਾ ਹੈ। ਸ਼ਾਇਦ ਗੁਣੇ ਪਾ ਕੇ ਇਹ ਤੈਅ ਕੀਤਾ ਗਿਆ ਕਿ ਕਿਹੜੇ ਗੋਤ ਨੂੰ ਦੇਸ਼ ਵਿਚ ਕਿੱਥੇ ਜ਼ਮੀਨ ਦਿੱਤੀ ਜਾਣੀ ਚਾਹੀਦੀ ਹੈ—ਉੱਤਰ, ਦੱਖਣ, ਪੂਰਬ, ਪੱਛਮ, ਸਮੁੰਦਰ ਕਿਨਾਰੇ ਦੇ ਮੈਦਾਨੀ ਇਲਾਕੇ ਜਾਂ ਪਹਾੜੀ ਇਲਾਕੇ ਵਿਚ। ਗੁਣੇ ਇਸ ਲਈ ਪਾਏ ਗਏ ਸਨ ਤਾਂਕਿ ਜੋ ਵੀ ਫ਼ੈਸਲਾ ਹੋਵੇਂ ਉਸ ਨੂੰ ਯਹੋਵਾਹ ਦਾ ਫ਼ੈਸਲਾ ਮੰਨਿਆ ਜਾਏ ਅਤੇ ਗੋਤ ਇਕ-ਦੂਜੇ ਤੋਂ ਨਫ਼ਰਤ ਨਾ ਕਰਨ ਅਤੇ ਉਨ੍ਹਾਂ ਵਿਚ ਝਗੜੇ ਨਾ ਹੋਣ। (ਕਹਾ 16:33) ਯਹੋਵਾਹ ਨੇ ਗੁਣਿਆਂ ਰਾਹੀਂ ਆਪਣਾ ਫ਼ੈਸਲਾ ਦੱਸਦਿਆਂ ਇਸ ਗੱਲ ਦਾ ਵੀ ਧਿਆਨ ਰੱਖਿਆ ਕਿ ਹਰ ਗੋਤ ਨੂੰ ਇਲਾਕਾ ਯਾਕੂਬ ਦੀ ਭਵਿੱਖਬਾਣੀ ਅਨੁਸਾਰ ਮਿਲੇ। ਇਹ ਭਵਿੱਖਬਾਣੀ ਉਸ ਨੇ ਆਪਣੀ ਮੌਤ ਤੋਂ ਪਹਿਲਾਂ ਕੀਤੀ ਸੀ ਜੋ ਉਤਪਤ 49:1-33 ਵਿਚ ਲਿਖੀ ਹੋਈ ਹੈ।
ਜਦੋਂ ਇਹ ਫ਼ੈਸਲਾ ਲਿਆ ਗਿਆ ਕਿ ਗੋਤਾਂ ਨੂੰ ਕਿੱਥੇ-ਕਿੱਥੇ ਜ਼ਮੀਨ ਮਿਲਣੀ ਚਾਹੀਦੀ ਸੀ, ਤਾਂ ਇਹ ਤੈਅ ਕੀਤਾ ਗਿਆ ਕਿ ਹਰ ਗੋਤ ਨੂੰ ਕਿੰਨੀ-ਕਿੰਨੀ ਜ਼ਮੀਨ ਮਿਲਣੀ ਚਾਹੀਦੀ ਸੀ। ਇਸ ਲਈ ਇਹ ਦੇਖਿਆ ਗਿਆ ਕਿ ਹਰ ਗੋਤ ਕਿੰਨਾ ਵੱਡਾ ਹੈ। ਯਹੋਵਾਹ ਨੇ ਇਹ ਹਿਦਾਇਤ ਦਿੱਤੀ: “ਤੁਸੀਂ ਗੁਣਾ ਪਾ ਕੇ ਉਸ ਦੇਸ ਨੂੰ ਆਪਣੇ ਟੱਬਰਾਂ ਅਨੁਸਾਰ ਮਿਲਖ ਕਰ ਲਓ। ਬਹੁਤਿਆਂ ਲਈ ਤੁਸੀਂ ਵੱਡੀ ਮਿਲਖ ਦਿਓ ਅਤੇ ਥੋੜਿਆਂ ਲਈ ਛੋਟੀ ਮਿਲਖ ਦਿਓ। ਜਿੱਥੇ ਕਿਸੇ ਦਾ ਗੁਣਾ ਪਵੇ ਉੱਥੇ ਉਸ ਦੀ ਮਿਲਖ ਹੋਵੇ।” (ਗਿਣ 33:54) ਹਰ ਗੋਤ ਨੂੰ ਦੇਸ਼ ਵਿਚ ਉੱਥੇ ਹੀ ਜ਼ਮੀਨ ਦਿੱਤੀ ਜਾਣੀ ਸੀ ਜੋ ਗੁਣੇ ਪਾ ਕੇ ਨਿਕਲੀ ਸੀ। ਇਸ ਵਿਚ ਕੋਈ ਫੇਰ-ਬਦਲ ਨਹੀਂ ਕੀਤਾ ਜਾਣਾ ਸੀ। ਪਰ ਗੋਤ ਵੱਡਾ ਹੈ ਜਾਂ ਛੋਟਾ ਇਹ ਦੇਖ ਕੇ ਉਸ ਨੂੰ ਹੋਰ ਜ਼ਮੀਨ ਦਿੱਤੀ ਜਾ ਸਕਦੀ ਸੀ ਜਾਂ ਵਾਪਸ ਲਈ ਜਾ ਸਕਦੀ ਸੀ। ਇਸ ਕਰਕੇ ਜਦੋਂ ਇਹ ਦੇਖਿਆ ਗਿਆ ਕਿ ਯਹੂਦਾਹ ਨੂੰ ਜ਼ਿਆਦਾ ਜ਼ਮੀਨ ਮਿਲਣੀ ਹੈ, ਤਾਂ ਉਸ ਦੀ ਜ਼ਮੀਨ ਨੂੰ ਘਟਾ ਦਿੱਤਾ ਗਿਆ। ਫਿਰ ਉਸ ਦੇ ਇਲਾਕੇ ਵਿਚ ਸ਼ਿਮਓਨ ਗੋਤ ਨੂੰ ਕਿਤੇ-ਕਿਤੇ ਜ਼ਮੀਨ ਦਿੱਤੀ ਗਈ।—ਯਹੋ 19:9.