ਅਧਿਆਇ 18
“ਮੇਰੇ ਡਾਢੇ ਗੁੱਸੇ ਦੀ ਅੱਗ ਭੜਕ ਉੱਠੇਗੀ”
ਮੁੱਖ ਗੱਲ: ਗੋਗ ਦੇ ਹਮਲੇ ਨਾਲ ਯਹੋਵਾਹ ਦਾ ਗੁੱਸਾ ਭੜਕ ਉੱਠੇਗਾ ਅਤੇ ਯਹੋਵਾਹ ਆਰਮਾਗੇਡਨ ਦੇ ਯੁੱਧ ਵਿਚ ਆਪਣੇ ਲੋਕਾਂ ਨੂੰ ਬਚਾਵੇਗਾ
1-3. (ੳ) ਯਹੋਵਾਹ ਦੇ “ਡਾਢੇ ਗੁੱਸੇ ਦੀ ਅੱਗ” ਭੜਕਣ ਤੇ ਕੀ ਹੋਵੇਗਾ? (ਪਹਿਲੀ ਤਸਵੀਰ ਦੇਖੋ।) (ਅ) ਅਸੀਂ ਇਸ ਅਧਿਆਇ ਵਿਚ ਕਿਸ ਗੱਲ ʼਤੇ ਚਰਚਾ ਕਰਾਂਗੇ?
ਕਲਪਨਾ ਕਰੋ ਕਿ ਆਦਮੀ, ਔਰਤਾਂ ਅਤੇ ਬੱਚੇ ਮਿਲ ਕੇ ਯਹੋਵਾਹ ਲਈ ਗੀਤ ਗਾ ਰਹੇ ਹਨ। ਫਿਰ ਮੰਡਲੀ ਦਾ ਇਕ ਬਜ਼ੁਰਗ ਯਹੋਵਾਹ ਅੱਗੇ ਤਰਲੇ ਕਰਦਾ ਹੈ ਕਿ ਉਹ ਉਨ੍ਹਾਂ ਦੀ ਰਾਖੀ ਕਰੇ। ਮੰਡਲੀ ਦੇ ਭੈਣਾਂ-ਭਰਾਵਾਂ ਨੂੰ ਯਕੀਨ ਹੈ ਕਿ ਯਹੋਵਾਹ ਉਨ੍ਹਾਂ ਦੀ ਰਾਖੀ ਕਰੇਗਾ, ਫਿਰ ਵੀ ਉਨ੍ਹਾਂ ਨੂੰ ਤਸੱਲੀ ਤੇ ਦਿਲਾਸੇ ਦੀ ਲੋੜ ਹੈ। ਉਨ੍ਹਾਂ ਨੂੰ ਬਾਹਰੋਂ ਲੋਕਾਂ ਦਾ ਚੀਕ-ਚਿਹਾੜਾ ਸੁਣਾਈ ਦੇ ਰਿਹਾ ਹੈ। ਆਖ਼ਰ ਹੋ ਕੀ ਰਿਹਾ ਹੈ? ਆਰਮਾਗੇਡਨ ਦਾ ਯੁੱਧ ਸ਼ੁਰੂ ਹੋ ਚੁੱਕਾ ਹੈ!—ਪ੍ਰਕਾ. 16:14, 16.
2 ਆਰਮਾਗੇਡਨ ਦੀ ਲੜਾਈ ਵਿਚ ਚਾਹੇ ਯਹੋਵਾਹ “ਡਾਢੇ ਗੁੱਸੇ” ਵਿਚ ਆ ਕੇ ਲੋਕਾਂ ਦਾ ਨਾਸ਼ ਕਰੇਗਾ, ਪਰ ਉਹ ਅੰਨ੍ਹੇਵਾਹ ਨਾਸ਼ ਨਹੀਂ ਕਰੇਗਾ। (ਹਿਜ਼ਕੀਏਲ 38:18 ਪੜ੍ਹੋ।) ਯਹੋਵਾਹ ਦਾ ਡਾਢਾ ਗੁੱਸਾ ਇਕ ਫ਼ੌਜ ਜਾਂ ਇਕ ਕੌਮ ਉੱਤੇ ਨਹੀਂ, ਸਗੋਂ ਦੁਨੀਆਂ ਭਰ ਵਿਚ ਰਹਿਣ ਵਾਲੇ ਅਣਗਿਣਤ ਲੋਕਾਂ ਉੱਤੇ ਭੜਕੇਗਾ। ਉਸ ਦਿਨ ਯਹੋਵਾਹ ਦੇ ਹੱਥੋਂ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ “ਧਰਤੀ ਦੇ ਇਕ ਕੋਨੇ ਤੋਂ ਲੈ ਕੇ ਦੂਜੇ ਕੋਨੇ ਤਕ ਪਈਆਂ” ਹੋਣਗੀਆਂ।—ਯਿਰ. 25:29, 33.
3 ਯਹੋਵਾਹ ਪਿਆਰ ਕਰਨ ਵਾਲਾ ਪਰਮੇਸ਼ੁਰ ਹੈ। ਉਹ ‘ਦਇਆਵਾਨ ਅਤੇ ਰਹਿਮਦਿਲ ਪਰਮੇਸ਼ੁਰ ਹੈ ਜੋ ਛੇਤੀ ਗੁੱਸਾ ਨਹੀਂ ਕਰਦਾ।’ ਤਾਂ ਫਿਰ, ਕਿਹੜੇ ਕਾਰਨ ਕਰਕੇ ਉਸ ਦੇ “ਡਾਢੇ ਗੁੱਸੇ ਦੀ ਅੱਗ” ਭੜਕ ਉੱਠੇਗੀ? (ਕੂਚ 34:6; 1 ਯੂਹੰ. 4:16) ਇਸ ਸਵਾਲ ਦਾ ਜਵਾਬ ਜਾਣ ਕੇ ਸਾਨੂੰ ਦਿਲਾਸਾ ਤੇ ਹਿੰਮਤ ਮਿਲੇਗੀ ਅਤੇ ਅਸੀਂ ਹੋਰ ਵੀ ਜੋਸ਼ ਨਾਲ ਪ੍ਰਚਾਰ ਕਰਾਂਗੇ।
ਯਹੋਵਾਹ ਦਾ ‘ਡਾਢਾ ਗੁੱਸਾ’ ਕਿਉਂ ਭੜਕੇਗਾ?
4, 5. ਯਹੋਵਾਹ ਅਤੇ ਇਨਸਾਨਾਂ ਦੇ ਗੁੱਸੇ ਵਿਚ ਕੀ ਫ਼ਰਕ ਹੈ?
4 ਸਾਨੂੰ ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਯਹੋਵਾਹ ਦਾ ਗੁੱਸਾ ਪਾਪੀ ਇਨਸਾਨਾਂ ਨਾਲੋਂ ਬਹੁਤ ਵੱਖਰਾ ਹੈ। ਜਦੋਂ ਇਕ ਇਨਸਾਨ ਗੁੱਸੇ ਵਿਚ ਭੜਕ ਉੱਠਦਾ ਹੈ, ਤਾਂ ਉਹ ਆਪੇ ਤੋਂ ਬਾਹਰ ਹੋ ਜਾਂਦਾ ਹੈ ਅਤੇ ਕੁਝ-ਨਾ-ਕੁਝ ਕਰ ਬੈਠਦਾ ਹੈ ਜਿਸ ਦੇ ਨਤੀਜੇ ਹਮੇਸ਼ਾ ਬੁਰੇ ਹੁੰਦੇ ਹਨ। ਮਿਸਾਲ ਲਈ, ਆਦਮ ਦਾ ਪਹਿਲਾ ਮੁੰਡਾ ਕਾਇਨ ਗੁੱਸੇ ਵਿਚ “ਲਾਲ-ਪੀਲ਼ਾ” ਹੋ ਗਿਆ ਜਦੋਂ ਯਹੋਵਾਹ ਨੇ ਉਸ ਦੀ ਭੇਟ ਸਵੀਕਾਰ ਨਹੀਂ ਕੀਤੀ, ਪਰ ਉਸ ਦੇ ਭਰਾ ਹਾਬਲ ਦੀ ਭੇਟ ਸਵੀਕਾਰ ਕੀਤੀ। ਇਸ ਦਾ ਕੀ ਨਤੀਜਾ ਨਿਕਲਿਆ? ਕਾਇਨ ਨੇ ਆਪਣੇ ਭਰਾ ਹਾਬਲ ਨੂੰ ਮਾਰ ਸੁੱਟਿਆ। (ਉਤ. 4:3-8; ਇਬ. 11:4) ਜ਼ਰਾ ਦਾਊਦ ਬਾਰੇ ਵੀ ਸੋਚੋ। ਉਸ ਬਾਰੇ ਬਾਈਬਲ ਵਿਚ ਲਿਖਿਆ ਹੈ ਕਿ ਉਹ ਪਰਮੇਸ਼ੁਰ ਦੇ ਦਿਲ ਨੂੰ ਭਾਉਂਦਾ ਸੀ। (ਰਸੂ. 13:22) ਉਹ ਚੰਗਾ ਇਨਸਾਨ ਸੀ, ਪਰ ਇਕ ਵਾਰ ਉਹ ਵੀ ਗੁੱਸੇ ਦੀ ਅੱਗ ਵਿਚ ਘੋਰ ਅਪਰਾਧ ਕਰਨ ਜਾ ਰਿਹਾ ਸੀ। ਜਦੋਂ ਦਾਊਦ ਨੇ ਸੁਣਿਆ ਕਿ ਅਮੀਰ ਆਦਮੀ ਨਾਬਾਲ ਨੇ ਉਸ ਨੂੰ ਅਤੇ ਉਸ ਦੇ ਆਦਮੀਆਂ ਨੂੰ ਬੁਰਾ-ਭਲਾ ਕਿਹਾ ਹੈ, ਤਾਂ ਉਸ ਨੇ ਅਤੇ ਉਸ ਦੇ ਆਦਮੀਆਂ ਨੇ “ਆਪਣੀਆਂ ਤਲਵਾਰਾਂ ਕੱਸ ਲਈਆਂ” ਤਾਂਕਿ ਨਾਬਾਲ ਅਤੇ ਉਸ ਦੇ ਘਰਾਣੇ ਦੇ ਹਰੇਕ ਆਦਮੀ ਨੂੰ ਜਾਨੋਂ ਮਾਰ ਮੁਕਾਉਣ। ਪਰ ਨਾਬਾਲ ਦੀ ਪਤਨੀ ਅਬੀਗੈਲ ਨੇ ਦਾਊਦ ਅਤੇ ਉਸ ਦੇ ਆਦਮੀਆਂ ਨੂੰ ਮਨਾ ਲਿਆ ਕਿ ਉਹ ਬਦਲਾ ਨਾ ਲੈਣ। (1 ਸਮੂ. 25:9-14, 32, 33) ਇਸ ਲਈ ਪਰਮੇਸ਼ੁਰ ਨੇ ਯਾਕੂਬ ਨੂੰ ਇਹ ਲਿਖਣ ਲਈ ਪ੍ਰੇਰਿਤ ਕੀਤਾ: “ਗੁੱਸੇ ਵਿਚ ਇਨਸਾਨ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਕੰਮ ਨਹੀਂ ਕਰਦਾ।”—ਯਾਕੂ. 1:20.
ਯਹੋਵਾਹ ਹਮੇਸ਼ਾ ਆਪਣੇ ਗੁੱਸੇ ʼਤੇ ਕਾਬੂ ਰੱਖਦਾ ਹੈ ਅਤੇ ਕਿਸੇ ਜਾਇਜ਼ ਕਾਰਨ ਕਰਕੇ ਹੀ ਉਸ ਨੂੰ ਗੁੱਸਾ ਆਉਂਦਾ ਹੈ
5 ਪਰ ਯਹੋਵਾਹ ਹਮੇਸ਼ਾ ਆਪਣੇ ਗੁੱਸੇ ʼਤੇ ਕਾਬੂ ਰੱਖਦਾ ਹੈ ਅਤੇ ਕਿਸੇ ਜਾਇਜ਼ ਕਾਰਨ ਕਰਕੇ ਹੀ ਉਸ ਨੂੰ ਗੁੱਸਾ ਆਉਂਦਾ ਹੈ। ਯਹੋਵਾਹ ਗੁੱਸੇ ਦੀ ਅੱਗ ਵਿਚ ਭੜਕਣ ਤੇ ਵੀ ਹਮੇਸ਼ਾ ਸਹੀ ਕੰਮ ਕਰਦਾ ਹੈ। ਜਦੋਂ ਉਹ ਆਪਣੇ ਦੁਸ਼ਮਣਾਂ ਨਾਲ ਲੜਦਾ ਹੈ, ਉਦੋਂ ਵੀ ਉਹ “ਦੁਸ਼ਟ ਲੋਕਾਂ ਦੇ ਨਾਲ ਧਰਮੀਆਂ ਨੂੰ ਵੀ ਖ਼ਤਮ” ਨਹੀਂ ਕਰਦਾ। (ਉਤ. 18:22-25) ਯਹੋਵਾਹ ਨੂੰ ਸਹੀ ਕਾਰਨਾਂ ਕਰਕੇ ਹੀ ਗੁੱਸਾ ਆਉਂਦਾ ਹੈ। ਆਓ ਆਪਾਂ ਦੋ ਕਾਰਨਾਂ ʼਤੇ ਗੌਰ ਕਰੀਏ ਅਤੇ ਦੇਖੀਏ ਕਿ ਅਸੀਂ ਇਸ ਤੋਂ ਕੀ ਸਿੱਖ ਸਕਦੇ ਹਾਂ।
6. ਯਹੋਵਾਹ ਉਦੋਂ ਕੀ ਕਰਦਾ ਹੈ ਜਦੋਂ ਉਸ ਦੇ ਨਾਂ ਨੂੰ ਬਦਨਾਮ ਕੀਤਾ ਜਾਂਦਾ ਹੈ?
6 ਕਾਰਨ: ਯਹੋਵਾਹ ਦੇ ਨਾਂ ਦੀ ਬਦਨਾਮੀ। ਜਿਹੜੇ ਯਹੋਵਾਹ ਦੇ ਲੋਕ ਹੋਣ ਦਾ ਦਾਅਵਾ ਕਰਦੇ ਹਨ, ਪਰ ਦੁਸ਼ਟ ਕੰਮਾਂ ਵਿਚ ਲੱਗੇ ਰਹਿੰਦੇ ਹਨ, ਉਹ ਪਰਮੇਸ਼ੁਰ ਦਾ ਨਾਂ ਬਦਨਾਮ ਕਰਦੇ ਹਨ। ਇਸ ਲਈ ਉਨ੍ਹਾਂ ʼਤੇ ਯਹੋਵਾਹ ਦਾ ਗੁੱਸਾ ਭੜਕਣਾ ਜਾਇਜ਼ ਹੈ। (ਹਿਜ਼. 36:23) ਅਸੀਂ ਇਸ ਕਿਤਾਬ ਦੇ ਪਿਛਲੇ ਕੁਝ ਅਧਿਆਵਾਂ ਵਿਚ ਦੇਖਿਆ ਸੀ ਕਿ ਇਜ਼ਰਾਈਲ ਕੌਮ ਨੇ ਬੁਰੇ ਕੰਮ ਕਰ ਕੇ ਯਹੋਵਾਹ ਦੇ ਨਾਂ ਨੂੰ ਬਦਨਾਮ ਕੀਤਾ ਸੀ। ਉਨ੍ਹਾਂ ਦੇ ਬੁਰੇ ਰਵੱਈਏ ਅਤੇ ਦੁਸ਼ਟ ਕੰਮਾਂ ਕਰਕੇ ਹੀ ਯਹੋਵਾਹ ਦਾ ਗੁੱਸਾ ਭੜਕਿਆ ਸੀ। ਯਹੋਵਾਹ ਕਦੇ ਵੀ ਗੁੱਸੇ ਵਿਚ ਆਪੇ ਤੋਂ ਬਾਹਰ ਨਹੀਂ ਹੁੰਦਾ। ਉਸ ਨੇ ਆਪਣੇ ਲੋਕਾਂ ਨੂੰ ਉੱਨੀ ਹੀ ਸਜ਼ਾ ਦਿੱਤੀ ਜਿੰਨੀ ਦੇਣੀ ਚਾਹੀਦੀ ਸੀ। (ਯਿਰ. 30:11) ਆਪਣੀ ਕੌਮ ਨੂੰ ਸਜ਼ਾ ਦੇਣ ਤੋਂ ਬਾਅਦ ਯਹੋਵਾਹ ਹਮੇਸ਼ਾ ਲਈ ਉਨ੍ਹਾਂ ਨਾਲ ਗੁੱਸੇ ਨਹੀਂ ਰਿਹਾ।—ਜ਼ਬੂ. 103:9.
7, 8. ਇਜ਼ਰਾਈਲੀਆਂ ਨਾਲ ਯਹੋਵਾਹ ਦੇ ਪੇਸ਼ ਆਉਣ ਦੇ ਤਰੀਕੇ ਤੋਂ ਅਸੀਂ ਕੀ ਸਿੱਖਦੇ ਹਾਂ?
7 ਸਬਕ: ਇਜ਼ਰਾਈਲੀਆਂ ਨਾਲ ਯਹੋਵਾਹ ਜਿਸ ਤਰੀਕੇ ਨਾਲ ਪੇਸ਼ ਆਇਆ, ਉਸ ਤੋਂ ਸਾਨੂੰ ਇਕ ਚੇਤਾਵਨੀ ਮਿਲਦੀ ਹੈ। ਪੁਰਾਣੇ ਸਮੇਂ ਦੇ ਇਜ਼ਰਾਈਲੀਆਂ ਵਾਂਗ ਅੱਜ ਸਾਡੇ ਕੋਲ ਵੀ ਯਹੋਵਾਹ ਦੇ ਨਾਂ ਤੋਂ ਜਾਣੇ ਜਾਣ ਦਾ ਸਨਮਾਨ ਹੈ। ਅਸੀਂ ਯਹੋਵਾਹ ਦੇ ਗਵਾਹ ਹਾਂ। (ਯਸਾ. 43:10) ਇਸ ਲਈ ਸਾਡੀ ਕਹਿਣੀ ਤੇ ਕਰਨੀ ਤੋਂ ਜਾਂ ਤਾਂ ਯਹੋਵਾਹ ਦੇ ਨਾਂ ਦੀ ਮਹਿਮਾ ਹੋਵੇਗੀ ਜਾਂ ਬਦਨਾਮੀ। ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਜਾਣ-ਬੁੱਝ ਕੇ ਬੁਰੇ ਕੰਮ ਨਾ ਕਰੀਏ ਕਿਉਂਕਿ ਇਸ ਨਾਲ ਯਹੋਵਾਹ ਦਾ ਨਾਂ ਬਦਨਾਮ ਹੁੰਦਾ ਹੈ। ਜੇ ਅਸੀਂ ਯਹੋਵਾਹ ਦੀ ਸੇਵਾ ਕਰਨ ਦੇ ਨਾਲ-ਨਾਲ ਬੁਰੇ ਕੰਮ ਵੀ ਕਰਾਂਗੇ, ਤਾਂ ਯਹੋਵਾਹ ਦਾ ਕ੍ਰੋਧ ਜ਼ਰੂਰ ਭੜਕੇਗਾ। ਉਹ ਅੱਜ ਨਹੀਂ ਤਾਂ ਕੱਲ੍ਹ ਆਪਣੇ ਨਾਂ ਦੀ ਖ਼ਾਤਰ ਜ਼ਰੂਰ ਕਦਮ ਚੁੱਕੇਗਾ।—ਇਬ. 3:13, 15; 2 ਪਤ. 2:1, 2.
8 ਕੀ ਸਾਨੂੰ ਇਹ ਸੋਚ ਕੇ ਯਹੋਵਾਹ ਤੋਂ ਡਰਨਾ ਚਾਹੀਦਾ ਹੈ ਕਿ ਉਸ ਦੇ “ਡਾਢੇ ਗੁੱਸੇ ਦੀ ਅੱਗ” ਸਾਡੇ ʼਤੇ ਭੜਕ ਸਕਦੀ ਹੈ? ਜੀ ਨਹੀਂ, ਕਿਉਂਕਿ ਅਸੀਂ ਜਾਣਦੇ ਹਾਂ ਕਿ ਯਹੋਵਾਹ ਧੀਰਜ ਰੱਖਦਾ ਹੈ ਅਤੇ ਮਾਫ਼ ਕਰਨ ਵਾਲਾ ਪਰਮੇਸ਼ੁਰ ਹੈ। (ਯਸਾ. 55:7; ਰੋਮੀ. 2:4) ਪਰ ਅਸੀਂ ਇਹ ਵੀ ਸਮਝਦੇ ਹਾਂ ਕਿ ਯਹੋਵਾਹ ਲੋੜ ਪੈਣ ਤੇ ਅਨੁਸ਼ਾਸਨ ਵੀ ਦਿੰਦਾ ਹੈ। ਸਾਡੇ ਦਿਲ ਵਿਚ ਉਸ ਲਈ ਆਦਰ ਹੋਰ ਵੀ ਵਧ ਜਾਂਦਾ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਯਹੋਵਾਹ ਦਾ ਗੁੱਸਾ ਉਨ੍ਹਾਂ ਲੋਕਾਂ ʼਤੇ ਭੜਕਦਾ ਹੈ ਜਿਹੜੇ ਢੀਠ ਹੋ ਕੇ ਪਾਪ ਕਰਦੇ ਰਹਿੰਦੇ ਹਨ। ਅਜਿਹੇ ਦੁਸ਼ਟਾਂ ਨੂੰ ਉਹ ਆਪਣੇ ਲੋਕਾਂ ਵਿਚ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। (1 ਕੁਰਿੰ. 5:11-13) ਯਹੋਵਾਹ ਨੇ ਸਾਫ਼-ਸਾਫ਼ ਦੱਸਿਆ ਹੈ ਕਿ ਉਸ ਨੂੰ ਕਿਹੜੀਆਂ ਗੱਲਾਂ ਤੋਂ ਗੁੱਸਾ ਆਉਂਦਾ ਹੈ। ਇਸ ਲਈ ਸਾਨੂੰ ਅਜਿਹੇ ਰਵੱਈਏ ਅਤੇ ਕੰਮਾਂ ਤੋਂ ਦੂਰ ਰਹਿਣਾ ਚਾਹੀਦਾ ਹੈ ਜਿਨ੍ਹਾਂ ਕਰਕੇ ਉਸ ਦਾ ਗੁੱਸਾ ਭੜਕ ਸਕਦਾ ਹੈ।—ਯੂਹੰ. 3:36; ਰੋਮੀ. 1:26-32; ਯਾਕੂ. 4:8.
9, 10. ਯਹੋਵਾਹ ਨੂੰ ਕਿਵੇਂ ਲੱਗਦਾ ਹੈ ਜਦੋਂ ਉਸ ਦੇ ਲੋਕਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ? ਮਿਸਾਲਾਂ ਦਿਓ।
9 ਕਾਰਨ: ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ। ਯਹੋਵਾਹ ਦਾ ਗੁੱਸਾ ਉਦੋਂ ਭੜਕ ਉੱਠਦਾ ਹੈ ਜਦੋਂ ਉਸ ਦੇ ਦੁਸ਼ਮਣ ਉਨ੍ਹਾਂ ਵਫ਼ਾਦਾਰ ਲੋਕਾਂ ʼਤੇ ਹਮਲਾ ਕਰਦੇ ਹਨ ਜੋ ਉਸ ਦੀ ਪਨਾਹ ਲੈਂਦੇ ਹਨ। ਮਿਸਾਲ ਲਈ, ਜਦੋਂ ਇਜ਼ਰਾਈਲੀ ਮਿਸਰ ਵਿੱਚੋਂ ਨਿਕਲੇ ਸਨ, ਤਾਂ ਫ਼ਿਰਊਨ ਅਤੇ ਉਸ ਦੀ ਤਾਕਤਵਰ ਫ਼ੌਜ ਉਨ੍ਹਾਂ ʼਤੇ ਹਮਲਾ ਕਰਨ ਲਈ ਉਨ੍ਹਾਂ ਦੇ ਪਿੱਛੇ-ਪਿੱਛੇ ਆ ਗਈ। ਉਨ੍ਹਾਂ ਨੂੰ ਲੱਗਾ ਕਿ ਲਾਲ ਸਮੁੰਦਰ ਦੇ ਕੰਢੇ ਖੜ੍ਹੇ ਇਜ਼ਰਾਈਲੀ ਉਨ੍ਹਾਂ ਦੇ ਹੱਥੋਂ ਬਚ ਨਹੀਂ ਸਕਣਗੇ। ਫਿਰ ਜਦੋਂ ਮਿਸਰ ਦੀ ਤਾਕਤਵਰ ਫ਼ੌਜ ਨੇ ਲਾਲ ਸਮੁੰਦਰ ਵਿਚ ਬਣੇ ਸੁੱਕੇ ਰਸਤੇ ʼਤੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ, ਤਾਂ ਯਹੋਵਾਹ ਨੇ ਉਨ੍ਹਾਂ ਦੇ ਰਥਾਂ ਦੇ ਪਹੀਏ ਲਾਹ ਦਿੱਤੇ ਅਤੇ ਉਨ੍ਹਾਂ ਨੂੰ ਲਾਲ ਸਮੁੰਦਰ ਵਿਚ ਡੁਬੋ ਕੇ ਮਾਰ ਸੁੱਟਿਆ। “ਇਨ੍ਹਾਂ ਵਿੱਚੋਂ ਇਕ ਵੀ ਨਾ ਬਚਿਆ।” (ਕੂਚ 14:25-28) ਯਹੋਵਾਹ ਦਾ ਗੁੱਸਾ ਮਿਸਰੀਆਂ ʼਤੇ ਇਸ ਕਰਕੇ ਭੜਕਿਆ ਕਿਉਂਕਿ ਉਹ ਆਪਣੇ ਲੋਕਾਂ ਨੂੰ “ਅਟੱਲ ਪਿਆਰ” ਕਰਦਾ ਸੀ।—ਕੂਚ 15:9-13 ਪੜ੍ਹੋ।
10 ਇਸੇ ਤਰ੍ਹਾਂ ਹਿਜ਼ਕੀਯਾਹ ਦੇ ਦਿਨਾਂ ਵਿਚ ਆਪਣੇ ਲੋਕਾਂ ਨਾਲ ਪਿਆਰ ਹੋਣ ਕਰਕੇ ਯਹੋਵਾਹ ਨੇ ਉਨ੍ਹਾਂ ਲਈ ਕਦਮ ਚੁੱਕਿਆ ਸੀ। ਉਸ ਸਮੇਂ ਦੀ ਸਭ ਤੋਂ ਤਾਕਤਵਰ ਅਤੇ ਬੇਰਹਿਮ ਅੱਸ਼ੂਰੀ ਫ਼ੌਜ ਨੇ ਯਰੂਸ਼ਲਮ ਦੀ ਘੇਰਾਬੰਦੀ ਕਰ ਲਈ। ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਧਮਕਾਇਆ ਗਿਆ ਕਿ ਘੇਰਾਬੰਦੀ ਕਰਕੇ ਉਨ੍ਹਾਂ ਨੇ ਹੌਲੀ-ਹੌਲੀ ਬਹੁਤ ਭਿਆਨਕ ਮੌਤ ਮਰਨਾ ਸੀ। (2 ਰਾਜ. 18:27) ਪਰ ਯਹੋਵਾਹ ਨੇ ਆਪਣਾ ਸਿਰਫ਼ ਇਕ ਦੂਤ ਭੇਜ ਕੇ ਇੱਕੋ ਰਾਤ ਵਿਚ 1,85,000 ਫ਼ੌਜੀਆਂ ਨੂੰ ਮਾਰ ਮੁਕਾਇਆ। (2 ਰਾਜ. 19:34, 35) ਕਲਪਨਾ ਕਰੋ ਕਿ ਅੱਸ਼ੂਰੀਆਂ ਦੇ ਡੇਰੇ ਵਿਚ ਅਗਲੇ ਦਿਨ ਕਿਹੋ ਜਿਹਾ ਨਜ਼ਾਰਾ ਹੋਣਾ। ਅੱਸ਼ੂਰੀਆਂ ਦੇ ਡੇਰੇ ਵਿਚ ਬਰਛੇ, ਢਾਲਾਂ ਅਤੇ ਤਲਵਾਰਾਂ ਜਿਉਂ ਦੀਆਂ ਤਿਉਂ ਹੀ ਪਈਆਂ ਸਨ। ਫ਼ੌਜੀਆਂ ਨੂੰ ਜਗਾਉਣ ਲਈ ਨਾ ਹੀ ਤੁਰ੍ਹੀ ਵਜਾਈ ਗਈ ਤੇ ਨਾ ਹੀ ਉਨ੍ਹਾਂ ਨੂੰ ਲੜਾਈ ਲਈ ਕੋਈ ਹੁਕਮ ਦਿੱਤਾ ਗਿਆ। ਪੂਰੇ ਡੇਰੇ ਵਿਚ ਅਜੀਬ ਜਿਹਾ ਸੰਨਾਟਾ ਸੀ। ਹਰ ਪਾਸੇ ਲਾਸ਼ਾਂ ਹੀ ਲਾਸ਼ਾਂ ਸਨ।
11. ਪੁਰਾਣੇ ਸਮੇਂ ਵਿਚ ਹੋਈਆਂ ਘਟਨਾਵਾਂ ਤੋਂ ਸਾਨੂੰ ਕਿਵੇਂ ਹਿੰਮਤ ਤੇ ਦਿਲਾਸਾ ਮਿਲਦਾ ਹੈ?
11 ਸਬਕ: ਇਨ੍ਹਾਂ ਮਿਸਾਲਾਂ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਉਦੋਂ ਕਿਵੇਂ ਆਪਣੇ ਲੋਕਾਂ ਨੂੰ ਬਚਾਉਂਦਾ ਹੈ ਜਦੋਂ ਉਸ ਦੇ ਲੋਕਾਂ ਨੂੰ ਡਰਾਇਆ-ਧਮਕਾਇਆ ਜਾਂਦਾ ਹੈ। ਇਹ ਸਾਡੇ ਦੁਸ਼ਮਣਾਂ ਲਈ ਸਖ਼ਤ ਚੇਤਾਵਨੀ ਹੈ ਕਿ ਜੇ ਉਹ ਸਾਡੇ ਪਰਮੇਸ਼ੁਰ ਨੂੰ ਗੁੱਸਾ ਚੜ੍ਹਾਉਣਗੇ, ਤਾਂ ਉਨ੍ਹਾਂ ਦਾ ਕੀ ਹਾਲ ਹੋਵੇਗਾ। “ਜੀਉਂਦੇ ਪਰਮੇਸ਼ੁਰ ਦੇ ਹੱਥੋਂ ਸਜ਼ਾ ਪਾਉਣੀ ਕਿੰਨੀ ਖ਼ੌਫ਼ਨਾਕ ਗੱਲ ਹੈ!” (ਇਬ. 10:31) ਇਨ੍ਹਾਂ ਮਿਸਾਲਾਂ ਤੋਂ ਨਾ ਸਿਰਫ਼ ਸਾਨੂੰ ਹੌਸਲਾ ਮਿਲਦਾ ਹੈ, ਸਗੋਂ ਸਾਡੀ ਹਿੰਮਤ ਵੀ ਵਧਦੀ ਹੈ। ਸਾਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਸ਼ੈਤਾਨ ਕਦੇ ਕਾਮਯਾਬ ਨਹੀਂ ਹੋਵੇਗਾ। ਉਸ ਦੀ ਹਕੂਮਤ ਦਾ ਬੱਸ “ਥੋੜ੍ਹਾ ਹੀ ਸਮਾਂ” ਰਹਿ ਗਿਆ ਹੈ। (ਪ੍ਰਕਾ. 12:12) ਅਸੀਂ ਪੂਰੀ ਦਲੇਰੀ ਨਾਲ ਯਹੋਵਾਹ ਦੀ ਸੇਵਾ ਕਰਦੇ ਰਹਿ ਸਕਦੇ ਹਾਂ। ਸਾਨੂੰ ਪੂਰਾ ਭਰੋਸਾ ਹੈ ਕਿ ਨਾ ਕੋਈ ਇਨਸਾਨ, ਨਾ ਸੰਗਠਨ ਤੇ ਨਾ ਹੀ ਕੋਈ ਸਰਕਾਰ ਸਾਨੂੰ ਆਪਣੇ ਪਰਮੇਸ਼ੁਰ ਦੀ ਇੱਛਾ ਪੂਰੀ ਕਰਨ ਤੋਂ ਰੋਕ ਸਕਦੀ ਹੈ। (ਜ਼ਬੂਰ 118:6-9 ਪੜ੍ਹੋ।) ਸਾਡੇ ਵਾਂਗ ਪੌਲੁਸ ਰਸੂਲ ਨੂੰ ਵੀ ਇਸ ਗੱਲ ਦਾ ਯਕੀਨ ਸੀ: “ਜੇ ਪਰਮੇਸ਼ੁਰ ਸਾਡੇ ਨਾਲ ਹੈ, ਤਾਂ ਕੌਣ ਸਾਡੇ ਖ਼ਿਲਾਫ਼ ਹੋਵੇਗਾ?”—ਰੋਮੀ. 8:31.
12. ਮਹਾਂਕਸ਼ਟ ਦੌਰਾਨ ਯਹੋਵਾਹ ਦਾ ਗੁੱਸਾ ਕਿਉਂ ਭੜਕੇਗਾ?
12 ਮਹਾਂਕਸ਼ਟ ਦੌਰਾਨ ਵੀ ਯਹੋਵਾਹ ਸਾਨੂੰ ਬਿਲਕੁਲ ਉਸੇ ਤਰ੍ਹਾਂ ਬਚਾਵੇਗਾ ਜਿਸ ਤਰ੍ਹਾਂ ਉਸ ਨੇ ਪੁਰਾਣੇ ਸਮੇਂ ਵਿਚ ਆਪਣੇ ਲੋਕਾਂ ਨੂੰ ਬਚਾਇਆ ਸੀ। ਜਦੋਂ ਮਿਸਰੀਆਂ ਨੇ ਇਜ਼ਰਾਈਲੀਆਂ ਦਾ ਪਿੱਛਾ ਕੀਤਾ ਅਤੇ ਇਜ਼ਰਾਈਲੀ ਬੁਰੀ ਤਰ੍ਹਾਂ ਫਸ ਗਏ, ਤਾਂ ਯਹੋਵਾਹ ਨੇ ਇਜ਼ਰਾਈਲੀਆਂ ਨੂੰ ਬਚਾਇਆ ਸੀ। ਬਾਅਦ ਵਿਚ ਯਹੋਵਾਹ ਨੇ ਯਹੂਦੀਆਂ ਨੂੰ ਵੀ ਬਚਾਇਆ ਸੀ ਜਦੋਂ ਅੱਸ਼ੂਰੀਆਂ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ ਸੀ। ਜਦੋਂ ਸਾਡੇ ਦੁਸ਼ਮਣ ਸਾਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ, ਤਾਂ ਸਾਡੇ ਨਾਲ ਗਹਿਰਾ ਪਿਆਰ ਹੋਣ ਕਰਕੇ ਯਹੋਵਾਹ ਦਾ ਗੁੱਸਾ ਭੜਕ ਉੱਠੇਗਾ। ਸਾਡੇ ʼਤੇ ਹਮਲਾ ਕਰਨ ਵਾਲੇ ਇਕ ਤਰ੍ਹਾਂ ਨਾਲ ਯਹੋਵਾਹ ਦੀ ਅੱਖ ਦੀ ਪੁਤਲੀ ਨੂੰ ਛੂਹ ਰਹੇ ਹੋਣਗੇ। ਪਰਮੇਸ਼ੁਰ ਦੇ ਲੋਕਾਂ ʼਤੇ ਹਮਲਾ ਕਰਨਾ ਕਿੰਨੀ ਵੱਡੀ ਬੇਵਕੂਫ਼ੀ ਹੋਵੇਗੀ! ਇਸ ਕਰਕੇ ਯਹੋਵਾਹ ਫ਼ੌਰਨ ਕਦਮ ਚੁੱਕੇਗਾ ਅਤੇ ਉਨ੍ਹਾਂ ਦਾ ਨਾਸ਼ ਕਰ ਦੇਵੇਗਾ। (ਜ਼ਕ. 2:8, 9) ਉਸ ਸਮੇਂ ਇੰਨਾ ਜ਼ਿਆਦਾ ਖ਼ੂਨ-ਖ਼ਰਾਬਾ ਹੋਵੇਗਾ ਕਿ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ। ਉਸ ਸਮੇਂ ਪਰਮੇਸ਼ੁਰ ਦਾ ਗੁੱਸਾ ਦੇਖ ਕੇ ਦੁਸ਼ਮਣ ਇਹ ਨਹੀਂ ਕਹਿ ਸਕਣਗੇ ਕਿ ਉਨ੍ਹਾਂ ਨਾਲ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਉਹ ਕਿਉਂ?
ਯਹੋਵਾਹ ਨੇ ਕਿਹੜੀਆਂ ਚੇਤਾਵਨੀਆਂ ਦਿੱਤੀਆਂ ਹਨ?
13. ਯਹੋਵਾਹ ਨੇ ਕਿਹੜੀਆਂ ਚੇਤਾਵਨੀਆਂ ਦਿੱਤੀਆਂ ਹਨ?
13 ਯਹੋਵਾਹ “ਛੇਤੀ ਗੁੱਸਾ ਨਹੀਂ ਕਰਦਾ” ਅਤੇ ਉਸ ਨੇ ਬਹੁਤ ਵਾਰ ਚੇਤਾਵਨੀਆਂ ਦਿੱਤੀਆਂ ਹਨ ਕਿ ਉਹ ਉਨ੍ਹਾਂ ਲੋਕਾਂ ਦਾ ਨਾਸ਼ ਕਰ ਦੇਵੇਗਾ ਜੋ ਉਸ ਦਾ ਵਿਰੋਧ ਕਰਦੇ ਹਨ ਤੇ ਉਸ ਦੇ ਲੋਕਾਂ ਨੂੰ ਡਰਾਉਂਦੇ-ਧਮਕਾਉਂਦੇ ਹਨ। (ਕੂਚ 34:6, 7) ਯਹੋਵਾਹ ਨੇ ਆਪਣੇ ਨਬੀਆਂ ਰਾਹੀਂ ਭਵਿੱਖ ਵਿਚ ਹੋਣ ਵਾਲੇ ਮਹਾਨ ਯੁੱਧ ਬਾਰੇ ਚੇਤਾਵਨੀਆਂ ਦਿੱਤੀਆਂ ਹਨ। ਇਨ੍ਹਾਂ ਨਬੀਆਂ ਵਿਚ ਯਿਰਮਿਯਾਹ, ਹਿਜ਼ਕੀਏਲ, ਦਾਨੀਏਲ, ਯਿਸੂ ਮਸੀਹ ਅਤੇ ਰਸੂਲ ਪਤਰਸ, ਪੌਲੁਸ ਤੇ ਯੂਹੰਨਾ ਵੀ ਸ਼ਾਮਲ ਹਨ।—“ਯਹੋਵਾਹ ਨੇ ਮਹਾਨ ਯੁੱਧ ਬਾਰੇ ਚੇਤਾਵਨੀ ਦਿੱਤੀ” ਨਾਂ ਦੀ ਡੱਬੀ ਦੇਖੋ।
14, 15. ਯਹੋਵਾਹ ਨੇ ਕਿਹੜੇ ਕੰਮ ਕਰਵਾਏ ਅਤੇ ਕਿਉਂ?
14 ਯਹੋਵਾਹ ਨੇ ਇਹ ਚੇਤਾਵਨੀਆਂ ਬਾਈਬਲ ਵਿਚ ਦਰਜ ਕਰਵਾਈਆਂ ਹਨ। ਯਹੋਵਾਹ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਬਾਈਬਲ ਦਾ ਜ਼ਿਆਦਾ ਤੋਂ ਜ਼ਿਆਦਾ ਭਾਸ਼ਾਵਾਂ ਵਿਚ ਅਨੁਵਾਦ ਕੀਤਾ ਜਾਵੇ ਅਤੇ ਇਹ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਵਿਚ ਵੰਡੀ ਜਾਵੇ। ਯਹੋਵਾਹ ਨੇ ਦੁਨੀਆਂ ਭਰ ਵਿਚ ਆਪਣੇ ਸੇਵਕਾਂ ਦੀ ਇਕ ਫ਼ੌਜ ਬਣਾਈ ਹੈ ਜੋ ਆਪਣੀ ਇੱਛਾ ਨਾਲ ਲੋਕਾਂ ਨੂੰ ਸਿਖਾਉਂਦੇ ਹਨ ਕਿ ਉਹ ਪਰਮੇਸ਼ੁਰ ਨਾਲ ਸੁਲ੍ਹਾ ਕਿਵੇਂ ਕਰ ਸਕਦੇ ਹਨ ਅਤੇ ਉਹ “ਯਹੋਵਾਹ ਦੇ ਮਹਾਨ” ਦਿਨ ਦੀ ਚੇਤਾਵਨੀ ਵੀ ਦਿੰਦੇ ਹਨ। (ਸਫ਼. 1:14; ਜ਼ਬੂ. 2:10-12; 110:3) ਯਹੋਵਾਹ ਨੇ ਆਪਣੇ ਸੇਵਕਾਂ ਨੂੰ ਪ੍ਰੇਰਿਆ ਹੈ ਕਿ ਉਹ ਸੈਂਕੜੇ ਹੀ ਭਾਸ਼ਾਵਾਂ ਵਿਚ ਬਾਈਬਲ-ਆਧਾਰਿਤ ਪ੍ਰਕਾਸ਼ਨਾਂ ਦਾ ਅਨੁਵਾਦ ਕਰਨ। ਨਾਲੇ ਉਹ ਬਾਈਬਲ ਵਿੱਚੋਂ ਯਹੋਵਾਹ ਦੇ ਵਾਅਦਿਆਂ ਬਾਰੇ ਦੱਸਣ ਅਤੇ ਉਸ ਦੀਆਂ ਚੇਤਾਵਨੀਆਂ ਦੇਣ ਵਿਚ ਹਰ ਸਾਲ ਲੱਖਾਂ ਹੀ ਘੰਟੇ ਬਿਤਾਉਂਦੇ ਹਨ।
15 ਯਹੋਵਾਹ ਨੇ ਇਹ ਸਾਰੇ ਕੰਮ ਇਸ ਲਈ ਕਰਵਾਏ ਹਨ “ਕਿਉਂਕਿ ਉਹ ਨਹੀਂ ਚਾਹੁੰਦਾ ਕਿ ਕਿਸੇ ਦਾ ਨਾਸ਼ ਹੋਵੇ, ਸਗੋਂ ਚਾਹੁੰਦਾ ਹੈ ਕਿ ਸਾਰਿਆਂ ਨੂੰ ਤੋਬਾ ਕਰਨ ਦਾ ਮੌਕਾ ਮਿਲੇ।” (2 ਪਤ. 3:9) ਸਾਡੇ ਲਈ ਕਿੰਨੇ ਸਨਮਾਨ ਦੀ ਗੱਲ ਹੈ ਕਿ ਅਸੀਂ ਪਿਆਰ ਕਰਨ ਵਾਲੇ ਅਤੇ ਧੀਰਜ ਰੱਖਣ ਵਾਲੇ ਪਰਮੇਸ਼ੁਰ ਦਾ ਸੰਦੇਸ਼ ਦੂਰ-ਦੂਰ ਤਕ ਫੈਲਾਉਣ ਵਿਚ ਇਕ ਛੋਟੀ ਜਿਹੀ ਭੂਮਿਕਾ ਨਿਭਾਉਂਦੇ ਹਾਂ। ਪਰ ਜੋ ਲੋਕ ਅੱਜ ਪਰਮੇਸ਼ੁਰ ਦੀਆਂ ਚੇਤਾਵਨੀਆਂ ਵੱਲ ਧਿਆਨ ਨਹੀਂ ਦਿੰਦੇ, ਬਹੁਤ ਜਲਦ ਉਨ੍ਹਾਂ ਦੇ ਹੱਥੋਂ ਆਪਣੇ ਆਪ ਨੂੰ ਬਦਲਣ ਦਾ ਮੌਕਾ ਨਿਕਲ ਜਾਵੇਗਾ।
ਯਹੋਵਾਹ ਦਾ ਗੁੱਸਾ ਕਦੋਂ ‘ਭੜਕ ਉੱਠੇਗਾ’?
16, 17. ਕੀ ਯਹੋਵਾਹ ਨੇ ਆਖ਼ਰੀ ਯੁੱਧ ਦਾ ਦਿਨ ਤੈਅ ਕੀਤਾ ਹੈ? ਸਮਝਾਓ।
16 ਯਹੋਵਾਹ ਨੇ ਹੋਣ ਵਾਲੇ ਆਖ਼ਰੀ ਯੁੱਧ ਦਾ ਦਿਨ ਤੈਅ ਕੀਤਾ ਹੈ। ਉਸ ਨੂੰ ਪਤਾ ਹੈ ਕਿ ਉਸ ਦੇ ਲੋਕਾਂ ʼਤੇ ਹਮਲਾ ਕਦੋਂ ਹੋਵੇਗਾ। (ਮੱਤੀ 24:36) ਯਹੋਵਾਹ ਕਿਵੇਂ ਜਾਣਦਾ ਹੈ ਕਿ ਉਸ ਦੇ ਦੁਸ਼ਮਣ ਹਮਲਾ ਕਦੋਂ ਕਰਨਗੇ?
17 ਜਿਵੇਂ ਅਸੀਂ ਇਸ ਕਿਤਾਬ ਦੇ ਪਿਛਲੇ ਅਧਿਆਇ ਵਿਚ ਦੇਖਿਆ ਸੀ, ਯਹੋਵਾਹ ਨੇ ਗੋਗ ਨੂੰ ਕਿਹਾ ਕਿ ਮੈਂ “ਤੇਰੇ ਜਬਾੜ੍ਹਿਆਂ ਵਿਚ ਕੁੰਡੀਆਂ” ਪਾਵਾਂਗਾ। ਯਹੋਵਾਹ ਘਟਨਾਵਾਂ ਦਾ ਰੁਖ ਇਸ ਤਰ੍ਹਾਂ ਮੋੜ ਦੇਵੇਗਾ ਕਿ ਕੌਮਾਂ ਉਸ ਦੇ ਲੋਕਾਂ ʼਤੇ ਹਮਲਾ ਕਰਨਗੀਆਂ ਜਿਸ ਤੋਂ ਬਾਅਦ ਆਰਮਾਗੇਡਨ ਦਾ ਯੁੱਧ ਸ਼ੁਰੂ ਹੋਵੇਗਾ। (ਹਿਜ਼. 38:4) ਇਸ ਦਾ ਇਹ ਮਤਲਬ ਨਹੀਂ ਹੈ ਕਿ ਯਹੋਵਾਹ ਉਨ੍ਹਾਂ ਨੂੰ ਹਮਲਾ ਕਰਨ ਲਈ ਉਕਸਾਵੇਗਾ ਜਾਂ ਉਨ੍ਹਾਂ ਤੋਂ ਜ਼ਬਰਦਸਤੀ ਹਮਲਾ ਕਰਾਏਗਾ। ਯਹੋਵਾਹ ਜਾਣਦਾ ਹੈ ਕਿ ਉਸ ਦੇ ਦੁਸ਼ਮਣਾਂ ਦੇ ਦਿਲਾਂ ਵਿਚ ਕੀ ਹੈ ਅਤੇ ਉਹ ਉਸ ਸਮੇਂ ਦੇ ਹਾਲਾਤਾਂ ਵਿਚ ਕੀ ਕਰਨਗੇ।—ਜ਼ਬੂ. 94:11; ਯਸਾ. 46:9, 10; ਯਿਰ. 17:10.
18. ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਕਿਉਂ ਲੜਨਗੇ?
18 ਜੇ ਯਹੋਵਾਹ ਆਪਣੇ ਦੁਸ਼ਮਣਾਂ ਨੂੰ ਨਹੀਂ ਉਕਸਾਵੇਗਾ ਅਤੇ ਨਾ ਹੀ ਉਨ੍ਹਾਂ ਤੋਂ ਜ਼ਬਰਦਸਤੀ ਹਮਲਾ ਕਰਾਏਗਾ, ਤਾਂ ਫਿਰ ਉਹ ਮਾਮੂਲੀ ਜਿਹੇ ਇਨਸਾਨ ਸਰਬਸ਼ਕਤੀਮਾਨ ਪਰਮੇਸ਼ੁਰ ਨਾਲ ਲੜਨ ਦੀ ਹਿੰਮਤ ਕਿਉਂ ਕਰਨਗੇ? ਇਸ ਦਾ ਇਕ ਕਾਰਨ ਹੈ ਕਿ ਸ਼ਾਇਦ ਉਸ ਸਮੇਂ ਤਕ ਪਰਮੇਸ਼ੁਰ ਦੇ ਦੁਸ਼ਮਣ ਮੰਨਣ ਲੱਗ ਪੈਣਗੇ ਕਿ ਰੱਬ ਹੈ ਹੀ ਨਹੀਂ ਅਤੇ ਜੇ ਉਹ ਹੈ ਵੀ, ਤਾਂ ਉਹ ਇਨਸਾਨਾਂ ਦੇ ਕੰਮਾਂ ਵਿਚ ਦਖ਼ਲ ਨਹੀਂ ਦਿੰਦਾ। ਇਸ ਤਰ੍ਹਾਂ ਸੋਚਣ ਦੀ ਵਜ੍ਹਾ ਸ਼ਾਇਦ ਇਹ ਹੋਵੇਗੀ ਕਿ ਉਸ ਸਮੇਂ ਤਕ ਉਨ੍ਹਾਂ ਨੇ ਸਾਰੇ ਝੂਠੇ ਧਰਮਾਂ ਨੂੰ ਖ਼ਤਮ ਕਰ ਦਿੱਤਾ ਹੋਵੇਗਾ। ਉਹ ਸ਼ਾਇਦ ਸੋਚਣਗੇ ਕਿ ਜੇ ਰੱਬ ਹੁੰਦਾ, ਤਾਂ ਉਹ ਇਨ੍ਹਾਂ ਧਰਮਾਂ ਨੂੰ ਨਾਸ਼ ਹੋਣ ਤੋਂ ਜ਼ਰੂਰ ਬਚਾਉਂਦਾ ਜੋ ਉਸ ਨੂੰ ਮੰਨਣ ਦਾ ਦਾਅਵਾ ਕਰਦੇ ਹਨ। ਉਹ ਇਹ ਗੱਲ ਨਹੀਂ ਸਮਝਣਗੇ ਕਿ ਯਹੋਵਾਹ ਨੇ ਹੀ ਉਨ੍ਹਾਂ ਦੇ ਮਨ ਵਿਚ ਇਹ ਗੱਲ ਪਾਈ ਕਿ ਉਹ ਉਨ੍ਹਾਂ ਧਰਮਾਂ ਨੂੰ ਨਾਸ਼ ਕਰ ਦੇਣ ਜੋ ਉਸ ਦੇ ਨਾਂ ਨੂੰ ਬਦਨਾਮ ਕਰਦੇ ਹਨ।—ਪ੍ਰਕਾ. 17:16, 17.
19. ਝੂਠੇ ਧਰਮਾਂ ਦਾ ਨਾਸ਼ ਹੋਣ ਤੋਂ ਬਾਅਦ ਕੀ ਹੋ ਸਕਦਾ ਹੈ?
19 ਝੂਠੇ ਧਰਮਾਂ ਦੇ ਨਾਸ਼ ਤੋਂ ਕੁਝ ਸਮਾਂ ਬਾਅਦ ਯਹੋਵਾਹ ਸ਼ਾਇਦ ਆਪਣੇ ਲੋਕਾਂ ਨੂੰ ਇਕ ਸਖ਼ਤ ਸੰਦੇਸ਼ ਸੁਣਾਉਣ ਲਈ ਕਹੇਗਾ। ਪ੍ਰਕਾਸ਼ ਦੀ ਕਿਤਾਬ ਵਿਚ ਇਸ ਸੰਦੇਸ਼ ਦੀ ਤੁਲਨਾ ਆਕਾਸ਼ੋਂ ਪੈਣ ਵਾਲੇ 20-20 ਕਿਲੋ ਦੇ ਗੜਿਆਂ ਨਾਲ ਕੀਤੀ ਗਈ ਹੈ। (ਪ੍ਰਕਾ. 16:21) ਇਸ ਸੰਦੇਸ਼ ਵਿਚ ਸ਼ਾਇਦ ਇਹ ਐਲਾਨ ਕੀਤਾ ਜਾਵੇਗਾ ਕਿ ਰਾਜਨੀਤੀ ਅਤੇ ਵਪਾਰ ਜਗਤ ਦਾ ਅੰਤ ਹੋਣ ਵਾਲਾ ਹੈ। ਦੁਸ਼ਮਣ ਇਸ ਸੰਦੇਸ਼ ਨੂੰ ਬਰਦਾਸ਼ਤ ਨਹੀਂ ਕਰ ਪਾਉਣਗੇ ਜਿਸ ਕਰਕੇ ਉਹ ਪਰਮੇਸ਼ੁਰ ਦੀ ਨਿੰਦਿਆ ਕਰਨੀ ਸ਼ੁਰੂ ਕਰ ਦੇਣਗੇ। ਸ਼ਾਇਦ ਇਸੇ ਸੰਦੇਸ਼ ਕਰਕੇ ਕੌਮਾਂ ਦਾ ਗੁੱਸਾ ਭੜਕੇਗਾ ਅਤੇ ਉਹ ਪਰਮੇਸ਼ੁਰ ਦੇ ਲੋਕਾਂ ਦਾ ਨਾਮੋ-ਨਿਸ਼ਾਨ ਮਿਟਾਉਣ ਲਈ ਉਨ੍ਹਾਂ ʼਤੇ ਹਮਲਾ ਕਰਨਗੀਆਂ। ਉਹ ਸੋਚਣਗੀਆਂ ਕਿ ਪਰਮੇਸ਼ੁਰ ਦੇ ਲੋਕ ਬੇਸਹਾਰਾ ਹਨ ਤੇ ਉਨ੍ਹਾਂ ਨੂੰ ਆਸਾਨੀ ਨਾਲ ਨਾਸ਼ ਕੀਤਾ ਜਾ ਸਕਦਾ ਹੈ। ਪਰ ਉਹ ਬਹੁਤ ਵੱਡੀ ਗ਼ਲਤੀ ਕਰ ਰਹੀਆਂ ਹੋਣਗੀਆਂ!
ਯਹੋਵਾਹ ਆਪਣਾ ਗੁੱਸਾ ਕਿਵੇਂ ਦਿਖਾਵੇਗਾ?
20, 21. ਗੋਗ ਕੌਣ ਹੈ ਅਤੇ ਉਸ ਨਾਲ ਕੀ ਹੋਵੇਗਾ?
20 ਅਸੀਂ ਇਸ ਕਿਤਾਬ ਦੇ ਅਧਿਆਇ 17 ਵਿਚ ਦੇਖਿਆ ਸੀ ਕਿ ਹਿਜ਼ਕੀਏਲ ਨੇ “ਮਾਗੋਗ ਦੇਸ਼ ਦੇ ਗੋਗ” ਦੀ ਗੱਲ ਕੀਤੀ ਸੀ। ਇਹ ਕੌਮਾਂ ਦਾ ਗਠਜੋੜ ਹੈ ਜੋ ਸਾਡੇ ʼਤੇ ਹਮਲਾ ਕਰੇਗਾ। (ਹਿਜ਼. 38:2) ਇਨ੍ਹਾਂ ਕੌਮਾਂ ਵਿਚ ਏਕਤਾ ਕੱਚੇ ਧਾਗੇ ਵਰਗੀ ਹੋਵੇਗੀ। ਚਾਹੇ ਦੇਖਣ ਨੂੰ ਲੱਗੇਗਾ ਕਿ ਇਨ੍ਹਾਂ ਕੌਮਾਂ ਦਾ ਗਠਜੋੜ ਬਹੁਤ ਮਜ਼ਬੂਤ ਹੈ, ਪਰ ਇਨ੍ਹਾਂ ਕੌਮਾਂ ਵਿਚ ਘਮੰਡ, ਮੁਕਾਬਲੇਬਾਜ਼ੀ ਅਤੇ ਆਪਣੇ ਦੇਸ਼ ਨੂੰ ਉੱਚਾ ਚੁੱਕਣ ਵਰਗੀਆਂ ਭਾਵਨਾਵਾਂ ਬਰਕਰਾਰ ਰਹਿਣਗੀਆਂ। ਇਸ ਲਈ ਯਹੋਵਾਹ ਬੜੀ ਆਸਾਨੀ ਨਾਲ ਉਨ੍ਹਾਂ ਨੂੰ ਇਕ-ਦੂਜੇ ਦੇ ਖ਼ਿਲਾਫ਼ ਕਰ ਦੇਵੇਗਾ। ਉਦੋਂ ਹਰ ਕੋਈ “ਆਪਣੇ ਭਰਾ ਦੇ ਖ਼ਿਲਾਫ਼” ਤਲਵਾਰ ਚੁੱਕੇਗਾ। (ਹਿਜ਼. 38:21) ਪਰ ਕੌਮਾਂ ਦਾ ਨਾਸ਼ ਇਨਸਾਨਾਂ ਦੇ ਹੱਥੋਂ ਨਹੀਂ ਹੋਵੇਗਾ।
21 ਸਾਡੇ ਦੁਸ਼ਮਣ ਆਪਣੇ ਨਾਸ਼ ਤੋਂ ਪਹਿਲਾਂ ਮਨੁੱਖ ਦੇ ਪੁੱਤਰ ਦੀ ਨਿਸ਼ਾਨੀ ਦੇਖਣਗੇ। ਸ਼ਾਇਦ ਇਸ ਦਾ ਮਤਲਬ ਇਹ ਹੈ ਕਿ ਉਹ ਯਹੋਵਾਹ ਅਤੇ ਯਿਸੂ ਦੀ ਸ਼ਕਤੀ ਦਾ ਇਕ ਜ਼ਬਰਦਸਤ ਨਜ਼ਾਰਾ ਦੇਖਣਗੇ। ਇਹ ਨਜ਼ਾਰਾ ਦੇਖ ਕੇ ਦੁਸ਼ਮਣ ਪੂਰੀ ਤਰ੍ਹਾਂ ਹਿਲ ਜਾਣਗੇ। ਯਿਸੂ ਨੇ ਕਿਹਾ ਸੀ ਕਿ ਉਸ ਸਮੇਂ “ਇਸ ਦੁਨੀਆਂ ਉੱਤੇ ਜੋ ਬੀਤੇਗੀ, ਉਸ ਬਾਰੇ ਸੋਚ ਕੇ ਲੋਕ ਡਰ ਤੇ ਚਿੰਤਾ ਨਾਲ ਚਕਰਾ ਜਾਣਗੇ।” (ਲੂਕਾ 21:25-27) ਉਹ ਡਰ ਜਾਣਗੇ ਅਤੇ ਉਨ੍ਹਾਂ ਨੂੰ ਅਹਿਸਾਸ ਹੋਵੇਗਾ ਕਿ ਉਨ੍ਹਾਂ ਨੇ ਯਹੋਵਾਹ ਦੇ ਲੋਕਾਂ ʼਤੇ ਹਮਲਾ ਕਰ ਕੇ ਕਿੰਨੀ ਵੱਡੀ ਗ਼ਲਤੀ ਕੀਤੀ! ਉਨ੍ਹਾਂ ਨੂੰ ਜਾਣਨਾ ਹੀ ਪਵੇਗਾ ਕਿ ਸ੍ਰਿਸ਼ਟੀਕਰਤਾ ਯਹੋਵਾਹ ਸੈਨਾਵਾਂ ਦਾ ਪਰਮੇਸ਼ੁਰ ਵੀ ਹੈ। (ਜ਼ਬੂ. 46:6-11; ਹਿਜ਼. 38:23) ਉਸ ਵੇਲੇ ਯਹੋਵਾਹ ਸਵਰਗ ਦੀਆਂ ਫ਼ੌਜਾਂ ਅਤੇ ਕੁਦਰਤੀ ਤਾਕਤਾਂ ਨੂੰ ਇਸ ਤਰ੍ਹਾਂ ਵਰਤੇਗਾ ਕਿ ਉਸ ਦੇ ਵਫ਼ਾਦਾਰ ਲੋਕਾਂ ਦੀ ਜਾਨ ਬਚ ਜਾਵੇ ਅਤੇ ਉਸ ਦੇ ਦੁਸ਼ਮਣਾਂ ਦਾ ਨਾਮੋ-ਨਿਸ਼ਾਨ ਮਿਟ ਜਾਵੇ।—2 ਪਤਰਸ 2:9 ਪੜ੍ਹੋ।
22, 23. ਯਹੋਵਾਹ ਦੇ ਲੋਕਾਂ ਨੂੰ ਕੌਣ ਬਚਾਵੇਗਾ ਅਤੇ ਉਹ ਇਸ ਕੰਮ ਬਾਰੇ ਕਿਵੇਂ ਮਹਿਸੂਸ ਕਰਨਗੇ?
ਯਹੋਵਾਹ ਦੇ ਦਿਨ ਬਾਰੇ ਜਾਣ ਕੇ ਅਸੀਂ ਕੀ ਕਰਨ ਲਈ ਪ੍ਰੇਰਿਤ ਹੁੰਦੇ ਹਾਂ?
22 ਜ਼ਰਾ ਸੋਚੋ ਕਿ ਯਿਸੂ ਪਰਮੇਸ਼ੁਰ ਦੇ ਦੁਸ਼ਮਣਾਂ ਨੂੰ ਨਾਸ਼ ਕਰਨ ਅਤੇ ਉਸ ਦੇ ਲੋਕਾਂ ਨੂੰ ਬਚਾਉਣ ਲਈ ਕਿੰਨਾ ਉਤਾਵਲਾ ਹੋਵੇਗਾ। ਇਹ ਵੀ ਸੋਚੋ ਕਿ ਉਸ ਵੇਲੇ ਚੁਣੇ ਹੋਏ ਮਸੀਹੀ ਕਿੰਨੇ ਖ਼ੁਸ਼ ਤੇ ਜੋਸ਼ ਨਾਲ ਭਰੇ ਹੋਏ ਹੋਣਗੇ। ਧਰਤੀ ਉੱਤੇ ਬਾਕੀ ਬਚੇ ਚੁਣੇ ਹੋਏ ਮਸੀਹੀਆਂ ਨੂੰ ਆਰਮਾਗੇਡਨ ਦਾ ਯੁੱਧ ਸ਼ੁਰੂ ਹੋਣ ਤੋਂ ਥੋੜ੍ਹਾ ਸਮਾਂ ਪਹਿਲਾਂ ਸਵਰਗ ਲਿਜਾਇਆ ਜਾਵੇਗਾ ਤਾਂਕਿ ਸਾਰੇ 1,44,000 ਜਣੇ ਯਿਸੂ ਨਾਲ ਮਿਲ ਕੇ ਆਰਮਾਗੇਡਨ ਦਾ ਯੁੱਧ ਲੜ ਸਕਣ। (ਪ੍ਰਕਾ. 17:12-14) ਉਦੋਂ ਤਕ ਚੁਣੇ ਹੋਏ ਮਸੀਹੀਆਂ ਦੀ ਹੋਰ ਭੇਡਾਂ ਨਾਲ ਗੂੜ੍ਹੀ ਦੋਸਤੀ ਹੋ ਚੁੱਕੀ ਹੋਵੇਗੀ ਕਿਉਂਕਿ ਉਨ੍ਹਾਂ ਨੇ ਆਖ਼ਰੀ ਦਿਨਾਂ ਦੌਰਾਨ ਮਿਲ ਕੇ ਸੇਵਾ ਕੀਤੀ। ਸਵਰਗ ਜਾਣ ਤੋਂ ਬਾਅਦ ਉਨ੍ਹਾਂ ਕੋਲ ਅਧਿਕਾਰ ਤੇ ਤਾਕਤ ਹੋਵੇਗੀ। ਇਸ ਕਰਕੇ ਉਹ ਉਨ੍ਹਾਂ ਲੋਕਾਂ ਨੂੰ ਬਚਾ ਸਕਣਗੇ ਜਿਨ੍ਹਾਂ ਨੇ ਮੁਸੀਬਤਾਂ ਵਿਚ ਉਨ੍ਹਾਂ ਦਾ ਸਾਥ ਦਿੱਤਾ ਸੀ।—ਮੱਤੀ 25:31-40.
23 ਯਿਸੂ ਦੀ ਫ਼ੌਜ ਵਿਚ ਦੂਤ ਵੀ ਸ਼ਾਮਲ ਹੋਣਗੇ। (2 ਥੱਸ. 1:7; ਪ੍ਰਕਾ. 19:14) ਉਨ੍ਹਾਂ ਨੇ ਪਹਿਲਾਂ ਵੀ ਸਵਰਗ ਵਿੱਚੋਂ ਸ਼ੈਤਾਨ ਤੇ ਉਸ ਦੇ ਦੁਸ਼ਟ ਦੂਤਾਂ ਨੂੰ ਕੱਢਣ ਵਿਚ ਯਿਸੂ ਦਾ ਸਾਥ ਦਿੱਤਾ ਸੀ। (ਪ੍ਰਕਾ. 12:7-9) ਉਨ੍ਹਾਂ ਨੇ ਧਰਤੀ ʼਤੇ ਉਨ੍ਹਾਂ ਲੋਕਾਂ ਨੂੰ ਇਕੱਠਾ ਕਰਨ ਵਿਚ ਮਦਦ ਕੀਤੀ ਹੈ ਜੋ ਯਹੋਵਾਹ ਦੀ ਸੇਵਾ ਕਰਨੀ ਚਾਹੁੰਦੇ ਹਨ। (ਪ੍ਰਕਾ. 14:6, 7) ਇਸ ਲਈ ਜ਼ਾਹਰ ਹੈ ਕਿ ਯਹੋਵਾਹ ਆਪਣੇ ਵਫ਼ਾਦਾਰ ਲੋਕਾਂ ਨੂੰ ਬਚਾਉਣ ਲਈ ਇਨ੍ਹਾਂ ਦੂਤਾਂ ਨੂੰ ਵੀ ਭੇਜੇਗਾ। ਯਹੋਵਾਹ ਦੀ ਪੂਰੀ ਫ਼ੌਜ ਨੂੰ ਮਾਣ ਹੋਵੇਗਾ ਕਿ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਕਿ ਉਹ ਯਹੋਵਾਹ ਦੇ ਦੁਸ਼ਮਣਾਂ ਦਾ ਨਾਸ਼ ਕਰ ਕੇ ਉਸ ਦੇ ਨਾਂ ਨੂੰ ਬੁਲੰਦ ਅਤੇ ਪਵਿੱਤਰ ਕਰਨ।—ਮੱਤੀ 6:9, 10.
24. ਵੱਡੀ ਭੀੜ ਦੇ ਲੋਕ ਕਿਵੇਂ ਮਹਿਸੂਸ ਕਰਨਗੇ?
24 ਵੱਡੀ ਭੀੜ ਦੇ ਲੋਕਾਂ ਕੋਲ ਉਸ ਵੇਲੇ ਡਰਨ ਦਾ ਕੋਈ ਕਾਰਨ ਨਹੀਂ ਹੋਵੇਗਾ ਕਿਉਂਕਿ ਇੰਨੀ ਤਾਕਤਵਰ ਸਵਰਗੀ ਫ਼ੌਜ ਪੂਰੇ ਜੋਸ਼ ਨਾਲ ਉਨ੍ਹਾਂ ਨੂੰ ਬਚਾਉਣ ਲਈ ਤਿਆਰ ਖੜ੍ਹੀ ਹੋਵੇਗੀ। ਉਸ ਵੇਲੇ ਉਹ ‘ਸਿਰ ਉੱਪਰ ਚੁੱਕ ਕੇ ਖੜ੍ਹੇ ਹੋ ਜਾਣਗੇ ਕਿਉਂਕਿ ਉਨ੍ਹਾਂ ਦਾ ਛੁਟਕਾਰਾ ਹੋਣ ਵਾਲਾ’ ਹੋਵੇਗਾ। (ਲੂਕਾ 21:28) ਇਸ ਲਈ ਕਿੰਨਾ ਜ਼ਰੂਰੀ ਹੈ ਕਿ ਯਹੋਵਾਹ ਦਾ ਦਿਨ ਆਉਣ ਤੋਂ ਪਹਿਲਾਂ ਅਸੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਉਸ ਬਾਰੇ ਸਿਖਾਈਏ ਤਾਂਕਿ ਉਹ ਵੀ ਸਾਡੇ ਦਿਆਲੂ ਪਿਤਾ ਨੂੰ ਜਾਣਨ ਅਤੇ ਉਸ ਨਾਲ ਪਿਆਰ ਕਰਨ ਜੋ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ।—ਸਫ਼ਨਯਾਹ 2:2, 3 ਪੜ੍ਹੋ।
25. ਅਸੀਂ ਅਗਲੇ ਅਧਿਆਇ ਵਿਚ ਕਿਸ ਗੱਲ ʼਤੇ ਚਰਚਾ ਕਰਾਂਗੇ?
25 ਜਦੋਂ ਇਨਸਾਨ ਯੁੱਧ ਕਰਦੇ ਹਨ, ਤਾਂ ਉਸ ਤੋਂ ਬਾਅਦ ਹਰ ਪਾਸੇ ਉਥਲ-ਪੁਥਲ ਮੱਚ ਜਾਂਦੀ ਹੈ ਅਤੇ ਮਾਤਮ ਛਾ ਜਾਂਦਾ ਹੈ। ਇਸ ਤੋਂ ਉਲਟ, ਆਰਮਾਗੇਡਨ ਦੇ ਯੁੱਧ ਤੋਂ ਬਾਅਦ ਸਭ ਕੁਝ ਕਾਇਦੇ ਨਾਲ ਹੋਵੇਗਾ ਅਤੇ ਹਰ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਹੋਣਗੀਆਂ। ਜਦੋਂ ਯਹੋਵਾਹ ਦਾ ਕ੍ਰੋਧ ਸ਼ਾਂਤ ਹੋ ਜਾਵੇਗਾ, ਉਸ ਦੇ ਯੋਧੇ ਆਪਣੀਆਂ ਤਲਵਾਰਾਂ ਮਿਆਨ ਵਿਚ ਰੱਖ ਲੈਣਗੇ ਅਤੇ ਆਰਮਾਗੇਡਨ ਦੇ ਯੁੱਧ ਦਾ ਰੌਲ਼ਾ ਥੰਮ੍ਹ ਜਾਵੇਗਾ, ਤਾਂ ਧਰਤੀ ਦਾ ਨਜ਼ਾਰਾ ਕਿਹੋ ਜਿਹਾ ਹੋਵੇਗਾ? ਅਗਲੇ ਅਧਿਆਇ ਵਿਚ ਅਸੀਂ ਉਸ ਸੁਨਹਿਰੇ ਭਵਿੱਖ ਬਾਰੇ ਚਰਚਾ ਕਰਾਂਗੇ।