ਇਬਰਾਨੀਆਂ ਨੂੰ ਚਿੱਠੀ
11 ਨਿਹਚਾ ਇਸ ਗੱਲ ਦਾ ਪੱਕਾ ਭਰੋਸਾ ਹੈ ਕਿ ਜਿਨ੍ਹਾਂ ਚੀਜ਼ਾਂ ਦੀ ਉਮੀਦ ਰੱਖੀ ਗਈ ਹੈ, ਉਹ ਜ਼ਰੂਰ ਮਿਲਣਗੀਆਂ।+ ਇਹ ਇਸ ਗੱਲ ਦਾ ਪੱਕਾ ਸਬੂਤ ਵੀ ਹੈ ਕਿ ਤੁਸੀਂ ਜਿਸ ਚੀਜ਼ ʼਤੇ ਵਿਸ਼ਵਾਸ ਕਰਦੇ ਹੋ, ਉਹ ਸੱਚ-ਮੁੱਚ ਹੈ, ਭਾਵੇਂ ਤੁਸੀਂ ਉਸ ਨੂੰ ਦੇਖ ਨਹੀਂ ਸਕਦੇ। 2 ਨਿਹਚਾ ਕਰਨ ਕਰਕੇ ਪੁਰਾਣੇ ਸਮੇਂ ਦੇ ਸੇਵਕਾਂ* ਨੂੰ ਦਿਖਾਇਆ ਗਿਆ ਸੀ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਸੀ।
3 ਨਿਹਚਾ ਨਾਲ ਅਸੀਂ ਇਹ ਗੱਲ ਸਮਝਦੇ ਹਾਂ ਕਿ ਪਰਮੇਸ਼ੁਰ ਦੇ ਬਚਨ ਨਾਲ ਹੀ ਯੁਗ* ਕਾਇਮ ਕੀਤੇ ਗਏ ਸਨ, ਇਸ ਲਈ ਨਾ ਦਿਸਣ ਵਾਲੀਆਂ ਚੀਜ਼ਾਂ ਤੋਂ ਦਿਸਣ ਵਾਲੀਆਂ ਚੀਜ਼ਾਂ ਹੋਂਦ ਵਿਚ ਆਈਆਂ।
4 ਨਿਹਚਾ ਨਾਲ ਹਾਬਲ ਨੇ ਪਰਮੇਸ਼ੁਰ ਨੂੰ ਕਾਇਨ ਦੇ ਬਲੀਦਾਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ+ ਅਤੇ ਉਸ ਦੀ ਨਿਹਚਾ ਕਰਕੇ ਪਰਮੇਸ਼ੁਰ ਨੇ ਉਸ ਦੀਆਂ ਭੇਟਾਂ ਸਵੀਕਾਰ ਕਰ ਕੇ ਉਸ ਨੂੰ ਗਵਾਹੀ ਦਿੱਤੀ ਕਿ ਉਹ ਧਰਮੀ ਸੀ।+ ਭਾਵੇਂ ਉਹ ਮਰ ਚੁੱਕਾ ਹੈ, ਫਿਰ ਵੀ ਉਹ ਆਪਣੀ ਨਿਹਚਾ ਦੇ ਰਾਹੀਂ ਗੱਲ ਕਰਦਾ ਹੈ।+
5 ਨਿਹਚਾ ਕਰਨ ਕਰਕੇ ਹਨੋਕ+ ਨੂੰ ਦੂਸਰੀ ਜਗ੍ਹਾ ਲਿਜਾਇਆ ਗਿਆ ਤਾਂਕਿ ਮਰਨ ਵੇਲੇ ਉਹ ਤੜਫੇ ਨਾ ਅਤੇ ਉਹ ਕਿਤੇ ਨਾ ਲੱਭਾ ਕਿਉਂਕਿ ਪਰਮੇਸ਼ੁਰ ਉਸ ਨੂੰ ਦੂਸਰੀ ਜਗ੍ਹਾ ਲੈ ਗਿਆ ਸੀ;+ ਪਰ ਦੂਸਰੀ ਜਗ੍ਹਾ ਲਿਜਾਏ ਜਾਣ ਤੋਂ ਪਹਿਲਾਂ ਉਸ ਨੂੰ ਗਵਾਹੀ ਦਿੱਤੀ ਗਈ ਸੀ ਕਿ ਉਸ ਨੇ ਪਰਮੇਸ਼ੁਰ ਨੂੰ ਖ਼ੁਸ਼ ਕੀਤਾ ਸੀ। 6 ਅਸਲ ਵਿਚ, ਨਿਹਚਾ ਤੋਂ ਬਿਨਾਂ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਨਾਮੁਮਕਿਨ ਹੈ ਕਿਉਂਕਿ ਜਿਹੜਾ ਪਰਮੇਸ਼ੁਰ ਦੇ ਹਜ਼ੂਰ ਆਉਂਦਾ ਹੈ, ਉਸ ਲਈ ਵਿਸ਼ਵਾਸ ਕਰਨਾ ਜ਼ਰੂਰੀ ਹੈ ਕਿ ਪਰਮੇਸ਼ੁਰ ਸੱਚ-ਮੁੱਚ ਹੈ ਅਤੇ ਉਹ ਉਨ੍ਹਾਂ ਸਾਰਿਆਂ ਨੂੰ ਇਨਾਮ ਦਿੰਦਾ ਹੈ ਜਿਹੜੇ ਜੀ-ਜਾਨ ਨਾਲ ਉਸ ਦੀ ਇੱਛਾ ਪੂਰੀ ਕਰਨ ਦੀ ਕੋਸ਼ਿਸ਼ ਕਰਦੇ ਹਨ।+
7 ਨਿਹਚਾ ਨਾਲ ਨੂਹ+ ਨੇ ਪਰਮੇਸ਼ੁਰ ਦਾ ਡਰ ਰੱਖਦੇ ਹੋਏ ਆਪਣੇ ਪਰਿਵਾਰ ਦੇ ਬਚਾਅ ਲਈ ਕਿਸ਼ਤੀ* ਬਣਾਈ+ ਜਦੋਂ ਪਰਮੇਸ਼ੁਰ ਨੇ ਉਸ ਨੂੰ ਉਨ੍ਹਾਂ ਘਟਨਾਵਾਂ ਦੀ ਚੇਤਾਵਨੀ ਦਿੱਤੀ ਜੋ ਅਜੇ ਦਿਖਾਈ ਨਹੀਂ ਦੇ ਰਹੀਆਂ ਸਨ।+ ਉਸ ਨੇ ਆਪਣੀ ਨਿਹਚਾ ਦੇ ਰਾਹੀਂ ਦਿਖਾਇਆ ਕਿ ਉਸ ਸਮੇਂ ਦੀ ਦੁਨੀਆਂ ਸਜ਼ਾ ਦੇ ਲਾਇਕ ਸੀ+ ਅਤੇ ਉਸ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਗਿਆ।
8 ਨਿਹਚਾ ਨਾਲ ਅਬਰਾਹਾਮ+ ਨੇ ਸੱਦੇ ਜਾਣ ਤੋਂ ਬਾਅਦ ਕਹਿਣਾ ਮੰਨਿਆ ਅਤੇ ਉਸ ਜਗ੍ਹਾ ਨੂੰ ਤੁਰ ਪਿਆ ਜੋ ਉਸ ਨੂੰ ਵਿਰਾਸਤ ਦੇ ਤੌਰ ਤੇ ਮਿਲਣੀ ਸੀ; ਉਹ ਆਪਣਾ ਦੇਸ਼ ਛੱਡ ਕੇ ਤੁਰ ਪਿਆ ਭਾਵੇਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਜਾ ਰਿਹਾ ਸੀ।+ 9 ਨਿਹਚਾ ਨਾਲ ਉਹ ਵਾਅਦਾ ਕੀਤੇ ਹੋਏ ਦੇਸ਼ ਵਿਚ ਇਸਹਾਕ ਅਤੇ ਯਾਕੂਬ ਨਾਲ ਤੰਬੂਆਂ ਵਿਚ+ ਪਰਦੇਸੀਆਂ ਵਜੋਂ ਰਿਹਾ।+ ਪਰਮੇਸ਼ੁਰ ਨੇ ਇਸਹਾਕ ਅਤੇ ਯਾਕੂਬ ਨਾਲ ਵੀ ਇਹੋ ਵਾਅਦਾ ਕੀਤਾ ਸੀ।+ 10 ਅਬਰਾਹਾਮ ਉਸ ਸ਼ਹਿਰ ਦੀ ਉਡੀਕ ਕਰ ਰਿਹਾ ਸੀ ਜਿਸ ਦੀਆਂ ਨੀਂਹਾਂ ਪੱਕੀਆਂ ਸਨ ਅਤੇ ਜਿਸ ਦਾ ਨਕਸ਼ਾ ਬਣਾਉਣ ਵਾਲਾ ਅਤੇ ਰਾਜ ਮਿਸਤਰੀ ਪਰਮੇਸ਼ੁਰ ਹੈ।+
11 ਨਿਹਚਾ ਨਾਲ ਸਾਰਾਹ ਨੇ ਗਰਭਵਤੀ ਹੋਣ ਦੀ ਸ਼ਕਤੀ ਪ੍ਰਾਪਤ ਕੀਤੀ, ਭਾਵੇਂ ਕਿ ਬੱਚੇ ਪੈਦਾ ਕਰਨ ਦੀ ਉਸ ਦੀ ਉਮਰ ਲੰਘ ਚੁੱਕੀ ਸੀ+ ਕਿਉਂਕਿ ਉਸ ਨੂੰ ਭਰੋਸਾ ਸੀ ਕਿ ਵਾਅਦਾ ਕਰਨ ਵਾਲਾ ਵਫ਼ਾਦਾਰ* ਹੈ। 12 ਇਸੇ ਕਰਕੇ ਭਾਵੇਂ ਅਬਰਾਹਾਮ ਬੱਚੇ ਪੈਦਾ ਨਹੀਂ ਕਰ ਸਕਦਾ ਸੀ,*+ ਫਿਰ ਵੀ ਉਸੇ ਇੱਕੋ ਆਦਮੀ ਤੋਂ ਇੰਨੇ ਬੱਚੇ ਹੋਏ+ ਜਿੰਨੇ ਆਕਾਸ਼ ਵਿਚ ਤਾਰੇ ਹਨ ਅਤੇ ਜਿਹੜੇ ਸਮੁੰਦਰ ਦੇ ਕੰਢੇ ਦੀ ਰੇਤ ਦੇ ਕਿਣਕਿਆਂ ਵਾਂਗ ਅਣਗਿਣਤ ਹਨ।+
13 ਇਨ੍ਹਾਂ ਸਾਰਿਆਂ ਨੇ ਮਰਦੇ ਦਮ ਤਕ ਨਿਹਚਾ ਕਰਨੀ ਨਹੀਂ ਛੱਡੀ, ਭਾਵੇਂ ਕਿ ਇਨ੍ਹਾਂ ਦੇ ਜੀਉਂਦੇ-ਜੀ ਵਾਅਦੇ ਪੂਰੇ ਨਹੀਂ ਹੋਏ ਸਨ,+ ਪਰ ਇਨ੍ਹਾਂ ਨੇ ਵਾਅਦਿਆਂ ਨੂੰ ਦੂਰੋਂ ਦੇਖ ਕੇ ਖ਼ੁਸ਼ੀ ਮਨਾਈ।+ ਇਨ੍ਹਾਂ ਨੇ ਸਾਰਿਆਂ ਸਾਮ੍ਹਣੇ ਐਲਾਨ ਕੀਤਾ ਕਿ ਉਹ ਉਸ ਦੇਸ਼ ਵਿਚ ਅਜਨਬੀ ਅਤੇ ਪਰਦੇਸੀ ਸਨ। 14 ਇਸ ਗੱਲ ਦਾ ਐਲਾਨ ਕਰਨ ਵਾਲੇ ਦਿਖਾਉਂਦੇ ਹਨ ਕਿ ਉਹ ਜੀ-ਜਾਨ ਨਾਲ ਉਸ ਜਗ੍ਹਾ ਦੀ ਉਡੀਕ ਕਰ ਰਹੇ ਹਨ ਜੋ ਉਨ੍ਹਾਂ ਦੀ ਆਪਣੀ ਹੋਵੇਗੀ। 15 ਪਰ ਜੇ ਉਹ ਆਪਣੀ ਉਸ ਜਗ੍ਹਾ ਨੂੰ ਯਾਦ ਕਰਦੇ ਰਹਿੰਦੇ ਜਿੱਥੋਂ ਉਹ ਆਏ ਸਨ,+ ਤਾਂ ਉਨ੍ਹਾਂ ਕੋਲ ਵਾਪਸ ਮੁੜ ਜਾਣ ਦਾ ਮੌਕਾ ਹੁੰਦਾ। 16 ਪਰ ਉਹ ਇਸ ਤੋਂ ਵੀ ਬਿਹਤਰ ਜਗ੍ਹਾ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਜਿਸ ਦਾ ਸੰਬੰਧ ਸਵਰਗ ਨਾਲ ਹੈ। ਇਸ ਲਈ ਪਰਮੇਸ਼ੁਰ ਨੂੰ ਉਨ੍ਹਾਂ ਦਾ ਪਰਮੇਸ਼ੁਰ ਕਹਾ ਕੇ ਕੋਈ ਸ਼ਰਮਿੰਦਗੀ ਨਹੀਂ ਹੈ।+ ਉਸ ਨੇ ਤਾਂ ਉਨ੍ਹਾਂ ਲਈ ਇਕ ਸ਼ਹਿਰ ਤਿਆਰ ਕੀਤਾ ਹੋਇਆ ਹੈ।+
17 ਨਿਹਚਾ ਨਾਲ ਅਬਰਾਹਾਮ ਨੇ, ਜਦੋਂ ਪਰਮੇਸ਼ੁਰ ਨੇ ਉਸ ਦੀ ਪਰੀਖਿਆ ਲਈ ਸੀ,+ ਆਪਣੇ ਵੱਲੋਂ ਤਾਂ ਇਸਹਾਕ ਦੀ ਬਲ਼ੀ ਦੇ ਹੀ ਦਿੱਤੀ ਸੀ। ਅਬਰਾਹਾਮ ਨੇ ਖ਼ੁਸ਼ੀ-ਖ਼ੁਸ਼ੀ ਵਾਅਦਿਆਂ ʼਤੇ ਵਿਸ਼ਵਾਸ ਕੀਤਾ ਸੀ ਜਿਸ ਕਰਕੇ ਉਹ ਆਪਣੇ ਇਕਲੌਤੇ ਪੁੱਤਰ ਦੀ ਬਲ਼ੀ ਦੇਣ ਲਈ ਤਿਆਰ ਹੋ ਗਿਆ ਸੀ,+ 18 ਭਾਵੇਂ ਉਸ ਨੂੰ ਇਹ ਕਿਹਾ ਗਿਆ ਸੀ: “ਜਿਹੜੇ ਲੋਕ ਤੇਰੀ ਸੰਤਾਨ* ਕਹਾਏ ਜਾਣਗੇ, ਉਹ ਇਸਹਾਕ ਰਾਹੀਂ ਪੈਦਾ ਹੋਣਗੇ।”+ 19 ਪਰ ਉਸ ਨੂੰ ਭਰੋਸਾ ਸੀ ਕਿ ਪਰਮੇਸ਼ੁਰ ਉਸ ਦੇ ਪੁੱਤਰ ਨੂੰ ਮਰੇ ਹੋਏ ਲੋਕਾਂ ਵਿੱਚੋਂ ਦੁਬਾਰਾ ਜੀਉਂਦਾ ਕਰ ਸਕਦਾ ਸੀ; ਉਸ ਨੂੰ ਆਪਣਾ ਪੁੱਤਰ ਮੌਤ ਦੇ ਮੂੰਹੋਂ ਮਿਲਿਆ ਜੋ ਕਿ ਆਉਣ ਵਾਲੀਆਂ ਗੱਲਾਂ ਦੀ ਇਕ ਮਿਸਾਲ ਸੀ।+
20 ਨਿਹਚਾ ਨਾਲ ਇਸਹਾਕ ਨੇ ਆਉਣ ਵਾਲੀਆਂ ਚੀਜ਼ਾਂ ਦੇ ਸੰਬੰਧ ਵਿਚ ਯਾਕੂਬ+ ਅਤੇ ਏਸਾਓ ਨੂੰ ਅਸੀਸ ਦਿੱਤੀ।+
21 ਨਿਹਚਾ ਨਾਲ ਯਾਕੂਬ ਨੇ, ਜਦੋਂ ਉਹ ਮਰਨ ਕਿਨਾਰੇ ਸੀ,+ ਯੂਸੁਫ਼ ਦੇ ਸਾਰੇ ਪੁੱਤਰਾਂ ਨੂੰ ਅਸੀਸ ਦਿੱਤੀ+ ਅਤੇ ਆਪਣੀ ਸੋਟੀ ਦਾ ਸਹਾਰਾ ਲੈ ਕੇ ਪਰਮੇਸ਼ੁਰ ਨੂੰ ਮੱਥਾ ਟੇਕਿਆ।+
22 ਨਿਹਚਾ ਨਾਲ ਯੂਸੁਫ਼ ਨੇ ਆਪਣੀ ਮੌਤ ਤੋਂ ਪਹਿਲਾਂ ਦੱਸਿਆ ਸੀ ਕਿ ਇਜ਼ਰਾਈਲ ਦੇ ਪੁੱਤਰ ਮਿਸਰ ਵਿੱਚੋਂ ਨਿਕਲਣਗੇ। ਨਾਲੇ ਉਸ ਨੇ ਆਪਣੀਆਂ ਹੱਡੀਆਂ* ਦੇ ਸੰਬੰਧ ਵਿਚ ਹਿਦਾਇਤਾਂ* ਦਿੱਤੀਆਂ ਸਨ।+
23 ਨਿਹਚਾ ਨਾਲ ਮੂਸਾ ਦੇ ਮਾਤਾ-ਪਿਤਾ ਨੇ ਉਸ ਦੇ ਜਨਮ ਤੋਂ ਬਾਅਦ ਉਸ ਨੂੰ ਤਿੰਨ ਮਹੀਨੇ ਲੁਕਾਈ ਰੱਖਿਆ+ ਕਿਉਂਕਿ ਉਨ੍ਹਾਂ ਨੇ ਦੇਖਿਆ ਕਿ ਬੱਚਾ ਸੋਹਣਾ ਸੀ+ ਅਤੇ ਉਹ ਰਾਜੇ ਦਾ ਹੁਕਮ ਤੋੜਨ ਤੋਂ ਵੀ ਨਹੀਂ ਡਰੇ।+ 24 ਨਿਹਚਾ ਨਾਲ ਮੂਸਾ ਨੇ ਵੱਡਾ ਹੋ ਕੇ+ ਫ਼ਿਰਊਨ ਦੀ ਧੀ ਦਾ ਪੁੱਤਰ ਕਹਾਉਣ ਤੋਂ ਇਨਕਾਰ ਕੀਤਾ+ 25 ਅਤੇ ਥੋੜ੍ਹੇ ਚਿਰ ਲਈ ਪਾਪ ਦਾ ਮਜ਼ਾ ਲੈਣ ਨਾਲੋਂ ਪਰਮੇਸ਼ੁਰ ਦੇ ਲੋਕਾਂ ਨਾਲ ਬਦਸਲੂਕੀ ਝੱਲਣੀ ਚੰਗੀ ਸਮਝੀ 26 ਕਿਉਂਕਿ ਉਸ ਨੇ ਪਰਮੇਸ਼ੁਰ ਦੇ ਚੁਣੇ ਹੋਏ ਸੇਵਕ* ਦੇ ਤੌਰ ਤੇ ਬੇਇੱਜ਼ਤੀ ਸਹਾਰਨ ਨੂੰ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਜ਼ਿਆਦਾ ਕੀਮਤੀ ਸਮਝਿਆ ਅਤੇ ਉਸ ਨੇ ਆਪਣਾ ਧਿਆਨ ਇਨਾਮ ਪਾਉਣ ਉੱਤੇ ਲਾਇਆ ਹੋਇਆ ਸੀ। 27 ਨਿਹਚਾ ਨਾਲ ਉਸ ਨੇ ਮਿਸਰ ਛੱਡਿਆ,+ ਪਰ ਰਾਜੇ ਦੇ ਕ੍ਰੋਧ ਦੇ ਡਰੋਂ ਨਹੀਂ+ ਕਿਉਂਕਿ ਉਹ ਅਦਿੱਖ ਪਰਮੇਸ਼ੁਰ ਨੂੰ ਦੇਖਦਾ ਹੋਇਆ ਆਪਣੀ ਨਿਹਚਾ ਵਿਚ ਪੱਕਾ ਰਿਹਾ।+ 28 ਨਿਹਚਾ ਨਾਲ ਉਸ ਨੇ ਪਸਾਹ ਦਾ ਤਿਉਹਾਰ ਮਨਾਇਆ ਅਤੇ ਦਰਵਾਜ਼ੇ ਦੀਆਂ ਚੁਗਾਠਾਂ ʼਤੇ ਖ਼ੂਨ ਛਿੜਕਿਆ ਤਾਂਕਿ ਪਰਮੇਸ਼ੁਰ ਦਾ ਦੂਤ ਉਨ੍ਹਾਂ ਦੇ ਜੇਠੇ ਬੱਚਿਆਂ ਨੂੰ ਜਾਨੋਂ ਨਾ ਮਾਰੇ।*+
29 ਨਿਹਚਾ ਨਾਲ ਇਜ਼ਰਾਈਲੀ ਲਾਲ ਸਮੁੰਦਰ ਵਿੱਚੋਂ ਦੀ ਇੱਦਾਂ ਲੰਘੇ ਜਿਵੇਂ ਸੁੱਕੀ ਜ਼ਮੀਨ ਉੱਤੇ ਤੁਰ ਰਹੇ ਹੋਣ,+ ਪਰ ਜਦੋਂ ਮਿਸਰੀਆਂ ਨੇ ਲੰਘਣ ਦੀ ਕੋਸ਼ਿਸ਼ ਕੀਤੀ, ਤਾਂ ਉਹ ਡੁੱਬ ਕੇ ਮਰ ਗਏ।+
30 ਨਿਹਚਾ ਨਾਲ ਇਜ਼ਰਾਈਲੀਆਂ ਨੇ ਸੱਤ ਦਿਨ ਯਰੀਹੋ ਦੀਆਂ ਕੰਧਾਂ ਦੇ ਆਲੇ-ਦੁਆਲੇ ਚੱਕਰ ਲਾਏ ਅਤੇ ਫਿਰ ਕੰਧਾਂ ਡਿਗ ਗਈਆਂ।+ 31 ਨਿਹਚਾ ਕਰਨ ਕਰਕੇ ਰਾਹਾਬ ਵੇਸਵਾ ਅਣਆਗਿਆਕਾਰ ਲੋਕਾਂ ਨਾਲ ਨਾਸ਼ ਨਹੀਂ ਹੋਈ ਕਿਉਂਕਿ ਉਸ ਨੇ ਜਾਸੂਸਾਂ ਦਾ ਸੁਆਗਤ ਕੀਤਾ ਸੀ।+
32 ਮੈਂ ਹੋਰ ਕਿਨ੍ਹਾਂ-ਕਿਨ੍ਹਾਂ ਬਾਰੇ ਦੱਸਾਂ? ਜੇ ਮੈਂ ਗਿਦਾਊਨ,+ ਬਾਰਾਕ,+ ਸਮਸੂਨ,+ ਯਿਫਤਾਹ,+ ਦਾਊਦ,+ ਸਮੂਏਲ+ ਅਤੇ ਹੋਰ ਨਬੀਆਂ ਬਾਰੇ ਗੱਲ ਕਰਾਂ, ਤਾਂ ਸਮਾਂ ਘੱਟ ਪੈ ਜਾਵੇਗਾ। 33 ਨਿਹਚਾ ਨਾਲ ਉਨ੍ਹਾਂ ਨੇ ਰਾਜਿਆਂ ਨੂੰ ਜਿੱਤਿਆ,+ ਉਨ੍ਹਾਂ ਨੇ ਧਾਰਮਿਕਤਾ ਦਾ ਰਾਹ ਦਿਖਾਇਆ, ਉਨ੍ਹਾਂ ਨਾਲ ਵਾਅਦੇ ਕੀਤੇ ਗਏ,+ ਉਨ੍ਹਾਂ ਨੇ ਸ਼ੇਰਾਂ ਦੇ ਮੂੰਹ ਬੰਦ ਕੀਤੇ,+ 34 ਅੱਗ ਦੇ ਸੇਕ ਨੂੰ ਠੰਢਾ ਕੀਤਾ,+ ਉਹ ਤਲਵਾਰ ਦੇ ਵਾਰ ਤੋਂ ਬਚੇ,+ ਉਨ੍ਹਾਂ ਨੂੰ ਕਮਜ਼ੋਰ ਘੜੀਆਂ ਵਿਚ ਤਾਕਤਵਰ ਬਣਾਇਆ ਗਿਆ,+ ਉਨ੍ਹਾਂ ਨੇ ਬਹਾਦਰੀ ਨਾਲ ਲੜਾਈਆਂ ਲੜੀਆਂ+ ਅਤੇ ਹਮਲਾਵਰ ਫ਼ੌਜਾਂ ਨੂੰ ਭਜਾ ਦਿੱਤਾ।+ 35 ਤੀਵੀਆਂ ਦੇ ਰਿਸ਼ਤੇਦਾਰਾਂ ਨੂੰ ਦੁਬਾਰਾ ਜੀਉਂਦਾ ਕੀਤਾ ਗਿਆ;+ ਪਰ ਹੋਰਨਾਂ ਆਦਮੀਆਂ ਨੂੰ ਤੜਫਾ-ਤੜਫਾ ਕੇ ਮਾਰਿਆ ਗਿਆ ਕਿਉਂਕਿ ਉਨ੍ਹਾਂ ਨੇ ਆਪਣੀ ਨਿਹਚਾ ਛੱਡ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਤਾਂਕਿ ਉਨ੍ਹਾਂ ਨੂੰ ਜੀਉਂਦਾ ਹੋਣ ਤੋਂ ਬਾਅਦ ਬਿਹਤਰ ਜ਼ਿੰਦਗੀ ਮਿਲੇ। 36 ਜੀ ਹਾਂ, ਹੋਰਨਾਂ ਦਾ ਮਜ਼ਾਕ ਉਡਾਇਆ ਗਿਆ, ਕਈਆਂ ਦੇ ਕੋਰੜੇ ਮਾਰੇ ਗਏ ਅਤੇ ਇਸ ਤੋਂ ਵੀ ਵੱਧ ਕਈਆਂ ਨੂੰ ਬੇੜੀਆਂ ਨਾਲ ਜਕੜਿਆ ਗਿਆ+ ਅਤੇ ਜੇਲ੍ਹਾਂ ਵਿਚ ਸੁੱਟਿਆ ਗਿਆ।+ ਇਸ ਤਰ੍ਹਾਂ ਉਨ੍ਹਾਂ ਦੀ ਪਰਖ ਹੋਈ। 37 ਕਈਆਂ ਨੂੰ ਪੱਥਰ ਮਾਰ-ਮਾਰ ਕੇ ਜਾਨੋਂ ਮਾਰ ਦਿੱਤਾ ਗਿਆ,+ ਕਈਆਂ ਦੀ ਪਰੀਖਿਆ ਲਈ ਗਈ, ਕਈਆਂ ਨੂੰ ਆਰਿਆਂ ਨਾਲ ਚੀਰਿਆ ਗਿਆ, ਕਈਆਂ ਨੂੰ ਤਲਵਾਰ ਨਾਲ ਵੱਢਿਆ ਗਿਆ,+ ਕਈਆਂ ਨੇ ਭੇਡਾਂ-ਬੱਕਰੀਆਂ ਦੀ ਖੱਲ ਪਹਿਨੀ।+ ਕਈਆਂ ਨੇ ਤੰਗੀਆਂ ਝੱਲੀਆਂ, ਕਸ਼ਟ ਸਹੇ ਅਤੇ+ ਬਦਸਲੂਕੀ ਬਰਦਾਸ਼ਤ ਕੀਤੀ।+ 38 ਇਹ ਦੁਨੀਆਂ ਉਨ੍ਹਾਂ ਦੇ ਲਾਇਕ ਨਹੀਂ ਸੀ। ਉਹ ਉਜਾੜ ਥਾਵਾਂ ਅਤੇ ਪਹਾੜਾਂ ਵਿਚ ਭਟਕਦੇ ਰਹੇ ਅਤੇ ਗੁਫ਼ਾਵਾਂ+ ਅਤੇ ਖੁੰਦਰਾਂ ਵਿਚ ਲੁਕੇ ਰਹੇ।
39 ਭਾਵੇਂ ਉਨ੍ਹਾਂ ਦੀ ਨਿਹਚਾ ਕਰਕੇ ਉਨ੍ਹਾਂ ਨੂੰ ਗਵਾਹੀ ਦਿੱਤੀ ਗਈ ਸੀ ਕਿ ਪਰਮੇਸ਼ੁਰ ਉਨ੍ਹਾਂ ਤੋਂ ਖ਼ੁਸ਼ ਸੀ, ਫਿਰ ਵੀ ਉਨ੍ਹਾਂ ਸਾਰਿਆਂ ਨੂੰ ਵਾਅਦਾ ਕੀਤੀ ਚੀਜ਼ ਨਹੀਂ ਮਿਲੀ 40 ਕਿਉਂਕਿ ਪਰਮੇਸ਼ੁਰ ਨੇ ਸਾਡੇ ਲਈ ਪਹਿਲਾਂ ਹੀ ਕੁਝ ਚੰਗਾ ਸੋਚ ਰੱਖਿਆ ਸੀ+ ਤਾਂਕਿ ਉਹ ਸਾਡੇ ਤੋਂ ਪਹਿਲਾਂ* ਮੁਕੰਮਲ ਨਾ ਬਣਾਏ ਜਾਣ।