ਨੌਜਵਾਨੋ, ਸਹੀ ਫ਼ੈਸਲੇ ਕਰੋ
‘ਗਭਰੂ ਤੇ ਕੁਆਰੀਆਂ ਯਹੋਵਾਹ ਦੇ ਨਾਮ ਦੀ ਉਸਤਤ ਕਰਨ।’—ਜ਼ਬੂ. 148:12, 13.
ਕੀ ਤੁਸੀਂ ਸਮਝਾ ਸਕਦੇ ਹੋ?
ਨੌਜਵਾਨੋ, ਤੁਸੀਂ ਕਿਹੜੇ ਫ਼ੈਸਲੇ ਕਰੋਗੇ ਜਿਸ ਨਾਲ ਬਾਅਦ ਵਿਚ ਤੁਹਾਨੂੰ ਯਹੋਵਾਹ ਦੀ ਸੇਵਾ ਵਿਚ ਹੋਰ ਮੌਕੇ ਮਿਲਣਗੇ?
ਕਈ ਜਵਾਨ ਭੈਣਾਂ-ਭਰਾਵਾਂ ਨੇ ਖ਼ੁਸ਼ੀ-ਖ਼ੁਸ਼ੀ ਯਹੋਵਾਹ ਦੀ ਸੇਵਾ ਕਿਵੇਂ ਕੀਤੀ?
ਬਾਈਬਲ ਦੇ ਕਿਹੜੇ ਅਸੂਲ ਤੁਹਾਨੂੰ ਸਹੀ ਫ਼ੈਸਲੇ ਕਰਨ ਵਿਚ ਮਦਦ ਦੇ ਸਕਦੇ ਹਨ?
1. ਬਹੁਤ ਸਾਰੇ ਨੌਜਵਾਨ ਕਿਹੜੇ ਵਧੀਆ ਮੌਕਿਆਂ ਦਾ ਮਜ਼ਾ ਉਠਾ ਰਹੇ ਹਨ?
ਅਸੀਂ ਅੱਜ ਅਹਿਮ ਸਮਿਆਂ ਵਿਚ ਜੀ ਰਹੇ ਹਾਂ। ਇਤਿਹਾਸ ਵਿਚ ਇਹ ਪਹਿਲੀ ਵਾਰੀ ਹੋਇਆ ਹੈ ਕਿ ਸਾਰੀਆਂ ਕੌਮਾਂ ਵਿੱਚੋਂ ਲੱਖਾਂ ਹੀ ਲੋਕ ਯਹੋਵਾਹ ਦੀ ਭਗਤੀ ਕਰ ਰਹੇ ਹਨ। (ਪ੍ਰਕਾ. 7:9, 10) ਬਹੁਤ ਸਾਰੇ ਨੌਜਵਾਨਾਂ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਮਜ਼ਾ ਆ ਰਿਹਾ ਹੈ ਕਿਉਂਕਿ ਉਹ ਦੂਜਿਆਂ ਨੂੰ ਬਾਈਬਲ ਦੀਆਂ ਸੱਚਾਈਆਂ ਸਿਖਾ ਰਹੇ ਹਨ। (ਪ੍ਰਕਾ. 22:17) ਕਈ ਬਾਈਬਲ ਸਟੱਡੀਆਂ ਕਰਾ ਰਹੇ ਹਨ ਅਤੇ ਲੋਕਾਂ ਨੂੰ ਜ਼ਿੰਦਗੀ ਜੀਣ ਦਾ ਸਹੀ ਰਾਹ ਦਿਖਾ ਰਹੇ ਹਨ। ਦੂਜੇ ਕਿਸੇ ਹੋਰ ਭਾਸ਼ਾ ਬੋਲਣ ਵਾਲੇ ਇਲਾਕਿਆਂ ਵਿਚ ਬੜੇ ਜੋਸ਼ ਨਾਲ ਖ਼ੁਸ਼ ਖ਼ਬਰੀ ਸੁਣਾ ਰਹੇ ਹਨ। (ਜ਼ਬੂ. 110:3; ਯਸਾ. 52:7) ਜੇ ਤੁਸੀਂ ਇਸ ਵਧੀਆ ਕੰਮ ਵਿਚ ਹਿੱਸਾ ਲੈਣਾ ਚਾਹੁੰਦੇ ਹੋ, ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
2. ਤਿਮੋਥਿਉਸ ਦੀ ਮਿਸਾਲ ਕਿਵੇਂ ਦਿਖਾਉਂਦੀ ਹੈ ਕਿ ਯਹੋਵਾਹ ਨੌਜਵਾਨਾਂ ਨੂੰ ਜ਼ਿੰਮੇਵਾਰੀਆਂ ਦੇਣੀਆਂ ਚਾਹੁੰਦਾ ਹੈ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
2 ਨੌਜਵਾਨੋ, ਤੁਸੀਂ ਹੁਣ ਅਜਿਹੇ ਫ਼ੈਸਲੇ ਕਰ ਸਕਦੇ ਹੋ ਜਿਸ ਨਾਲ ਤੁਹਾਨੂੰ ਬਾਅਦ ਵਿਚ ਪਰਮੇਸ਼ੁਰ ਦੀ ਸੇਵਾ ਕਰਨ ਦੇ ਹੋਰ ਮੌਕੇ ਮਿਲਣਗੇ। ਮਿਸਾਲ ਲਈ, ਲੁਸਤ੍ਰਾ ਦੇ ਰਹਿਣ ਵਾਲੇ ਤਿਮੋਥਿਉਸ ਨੇ ਸਹੀ ਫ਼ੈਸਲੇ ਕੀਤੇ ਜਿਸ ਨਾਲ ਉਸ ਨੂੰ 20 ਕੁ ਸਾਲਾਂ ਦੀ ਉਮਰ ਵਿਚ ਮਿਸ਼ਨਰੀ ਸੇਵਾ ਕਰਨ ਦਾ ਮੌਕਾ ਮਿਲਿਆ। (ਰਸੂ. 16:1-3) ਇੱਦਾਂ ਲੱਗਦਾ ਹੈ ਕਿ ਇਸ ਤੋਂ ਕੁਝ ਹੀ ਮਹੀਨਿਆਂ ਬਾਅਦ ਪੌਲੁਸ ਨੂੰ ਅਤਿਆਚਾਰ ਸਹਿਣ ਕਰਕੇ ਥੱਸਲੁਨੀਕਾ ਇਲਾਕਾ ਛੱਡਣਾ ਪਿਆ। ਪਰ ਉਸ ਨੇ ਤਿਮੋਥਿਉਸ ਨੂੰ ਇਹ ਜ਼ਿੰਮੇਵਾਰੀ ਦਿੱਤੀ ਕਿ ਉਹ ਇਸ ਨਵੀਂ ਮੰਡਲੀ ਨੂੰ ਜਾਵੇ ਤਾਂਕਿ ਉਹ ਸਤਾਹਟ ਸਹਿ ਰਹੇ ਭੈਣਾਂ-ਭਰਾਵਾਂ ਨੂੰ ਤਕੜਿਆਂ ਕਰ ਸਕੇ। (ਰਸੂ. 17:5-15; 1 ਥੱਸ. 3:1, 2, 6) ਜ਼ਰਾ ਸੋਚੋ ਕਿ ਇਸ ਉਮਰ ਵਿਚ ਤਿਮੋਥਿਉਸ ਨੇ ਇਸ ਜ਼ਿੰਮੇਵਾਰੀ ਬਾਰੇ ਕਿਵੇਂ ਮਹਿਸੂਸ ਕੀਤਾ ਹੋਣਾ!
ਤੁਹਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ
3. ਤੁਹਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਫ਼ੈਸਲਾ ਕੀ ਹੈ ਅਤੇ ਤੁਸੀਂ ਇਹ ਕਦੋਂ ਕਰੋਗੇ?
3 ਨੌਜਵਾਨੋ, ਇਹੀ ਉਮਰ ਹੈ ਜਦ ਤੁਸੀਂ ਅਹਿਮ ਫ਼ੈਸਲੇ ਕਰ ਸਕਦੇ ਹੋ। ਪਰ ਤੁਹਾਡਾ ਸਭ ਤੋਂ ਅਹਿਮ ਫ਼ੈਸਲਾ ਕੀ ਹੈ? ਯਹੋਵਾਹ ਦੀ ਸੇਵਾ ਕਰਨੀ। ਪਰ ਤੁਸੀਂ ਇਹ ਫ਼ੈਸਲਾ ਕਦੋਂ ਕਰੋਗੇ? ਯਹੋਵਾਹ ਕਹਿੰਦਾ ਹੈ: “ਆਪਣੀ ਜੁਆਨੀ ਦੇ ਦਿਨੀਂ ਆਪਣੇ ਕਰਤਾਰ ਨੂੰ ਚੇਤੇ ਰੱਖ।” (ਉਪ. 12:1) ਯਹੋਵਾਹ ਨੂੰ ਚੇਤੇ ਰੱਖਣ ਦਾ ਇਹੀ ਤਰੀਕਾ ਹੈ ਕਿ ਤੁਸੀਂ ਜੀ-ਜਾਨ ਨਾਲ ਉਸ ਦੀ ਸੇਵਾ ਕਰੋ। (ਬਿਵ. 10:12) ਹਾਂ, ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰਨ ਦਾ ਫ਼ੈਸਲਾ ਹੀ ਸਭ ਤੋਂ ਅਹਿਮ ਹੈ ਕਿਉਂਕਿ ਤੁਹਾਡਾ ਆਉਣ ਵਾਲਾ ਕੱਲ੍ਹ ਇਸੇ ʼਤੇ ਟਿਕਿਆ ਹੈ।—ਜ਼ਬੂ. 71:5.
4. ਹੋਰ ਕਿਹੜੇ ਫ਼ੈਸਲੇ ਇਸ ਗੱਲ ʼਤੇ ਅਸਰ ਪਾਉਂਦੇ ਹਨ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਿਸ ਹੱਦ ਤਕ ਕਰੋਗੇ?
4 ਯਹੋਵਾਹ ਪਰਮੇਸ਼ੁਰ ਦੀ ਸੇਵਾ ਕਰਨ ਤੋਂ ਇਲਾਵਾ ਹੋਰ ਫ਼ੈਸਲਿਆਂ ਦਾ ਵੀ ਤੁਹਾਡੀ ਜ਼ਿੰਦਗੀ ʼਤੇ ਅਸਰ ਪੈਂਦਾ ਹੈ। ਮਿਸਾਲ ਲਈ, ਤੁਹਾਨੂੰ ਫ਼ੈਸਲਾ ਕਰਨਾ ਪਵੇਗਾ ਕਿ ਤੁਸੀਂ ਵਿਆਹ ਕਰਾਓਗੇ ਜਾਂ ਨਹੀਂ। ਜੇ ਕਰਾਓਗੇ, ਤਾਂ ਕਿਸ ਨਾਲ ਅਤੇ ਤੁਸੀਂ ਆਪਣੀ ਰੋਜ਼ੀ-ਰੋਟੀ ਕਿਵੇਂ ਤੋਰੋਗੇ। ਇਹ ਜ਼ਿੰਦਗੀ ਦੇ ਜ਼ਰੂਰੀ ਫ਼ੈਸਲੇ ਹਨ, ਪਰ ਤੁਹਾਨੂੰ ਸਭ ਤੋਂ ਪਹਿਲਾਂ ਯਹੋਵਾਹ ਦੀ ਸੇਵਾ ਪੂਰੇ ਦਿਲ ਨਾਲ ਕਰਨ ਦਾ ਫ਼ੈਸਲਾ ਲੈਣਾ ਚਾਹੀਦਾ ਹੈ। (ਬਿਵ. 30:19, 20) ਕਿਉਂ? ਕਿਉਂਕਿ ਇਹ ਸਾਰੇ ਫ਼ੈਸਲੇ ਤੁਹਾਡੀ ਜ਼ਿੰਦਗੀ ʼਤੇ ਅਸਰ ਪਾਉਂਦੇ ਹਨ। ਤੁਸੀਂ ਵਿਆਹ ਅਤੇ ਨੌਕਰੀ ਬਾਰੇ ਜੋ ਵੀ ਫ਼ੈਸਲਾ ਕਰੋਗੇ, ਇਸ ਦਾ ਅਸਰ ਇਸ ਗੱਲ ʼਤੇ ਪਵੇਗਾ ਕਿ ਤੁਸੀਂ ਪਰਮੇਸ਼ੁਰ ਦੀ ਸੇਵਾ ਕਿੰਨੀ ਕਰ ਸਕੋਗੇ। (ਲੂਕਾ 14:16-20 ਵਿਚ ਨੁਕਤਾ ਦੇਖੋ।) ਪਰ ਜੇ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਫ਼ੈਸਲਾ ਲਿਆ ਹੈ, ਤਾਂ ਇਸ ਦਾ ਅਸਰ ਤੁਹਾਡੇ ਵਿਆਹ ਅਤੇ ਨੌਕਰੀ ਕਰਨ ਦੇ ਫ਼ੈਸਲਿਆਂ ʼਤੇ ਪਵੇਗਾ। ਇਸ ਲਈ ਸੋਚ-ਸਮਝ ਕੇ ਫ਼ੈਸਲਾ ਕਰੋ ਕਿ ਤੁਹਾਡੀ ਜ਼ਿੰਦਗੀ ਵਿਚ ਸਭ ਤੋਂ ਅਹਿਮ ਗੱਲ ਕੀ ਹੈ।—ਫ਼ਿਲਿ. 1:10.
ਤੁਸੀਂ ਆਪਣੀ ਜਵਾਨੀ ਵਿਚ ਕੀ ਕਰੋਗੇ?
5, 6. ਯੂਚਿਰੋ ਨੇ ਕਿਹੜੇ ਫ਼ੈਸਲੇ ਕੀਤੇ ਤੇ ਉਸ ਨੂੰ ਪਰਮੇਸ਼ੁਰ ਦੀ ਸੇਵਾ ਵਿਚ ਹੋਰ ਕਿਹੜੇ ਮੌਕੇ ਮਿਲੇ? (ਇਸ ਮੈਗਜ਼ੀਨ ਵਿਚ “ਬਚਪਨ ਵਿਚ ਮੇਰਾ ਫ਼ੈਸਲਾ” ਨਾਂ ਦਾ ਲੇਖ ਵੀ ਦੇਖੋ।)
5 ਜਦ ਇਕ ਵਾਰ ਤੁਸੀਂ ਪਰਮੇਸ਼ੁਰ ਦੀ ਸੇਵਾ ਕਰਨ ਦਾ ਮਨ ਬਣਾ ਲੈਂਦੇ ਹੋ, ਤਾਂ ਇਹ ਜਾਣੋ ਕਿ ਯਹੋਵਾਹ ਤੁਹਾਡੇ ਤੋਂ ਕੀ ਚਾਹੁੰਦਾ ਹੈ ਅਤੇ ਫਿਰ ਫ਼ੈਸਲਾ ਕਰੋ ਕਿ ਤੁਸੀਂ ਉਸ ਦੀ ਸੇਵਾ ਕਿਵੇਂ ਕਰੋਗੇ। ਜਪਾਨ ਤੋਂ ਇਕ ਭਰਾ ਲਿਖਦਾ ਹੈ: “ਜਦ ਮੈਂ 14 ਸਾਲਾਂ ਦਾ ਸੀ, ਤਾਂ ਮੈਂ ਮੰਡਲੀ ਦੇ ਇਕ ਬਜ਼ੁਰਗ ਨਾਲ ਪ੍ਰਚਾਰ ʼਤੇ ਗਿਆ। ਉਸ ਨੇ ਦੇਖਿਆ ਕਿ ਮੈਂ ਦਿਲ ਲਾ ਕੇ ਪ੍ਰਚਾਰ ਨਹੀਂ ਕਰ ਰਿਹਾ ਸੀ। ਉਸ ਨੇ ਬੜੇ ਪਿਆਰ ਨਾਲ ਕਿਹਾ: ‘ਯੂਚਿਰੋ ਘਰ ਜਾ ਅਤੇ ਬੈਠ ਕੇ ਧਿਆਨ ਨਾਲ ਸੋਚ ਕਿ ਯਹੋਵਾਹ ਨੇ ਤੇਰੇ ਲਈ ਕੀ ਕੁਝ ਕੀਤਾ ਹੈ।’ ਮੈਂ ਉਸ ਦੇ ਕਹੇ ਮੁਤਾਬਕ ਕੀਤਾ ਅਤੇ ਕੁਝ ਦਿਨਾਂ ਤਕ ਇਸ ਬਾਰੇ ਸੋਚਦਾ ਰਿਹਾ ਤੇ ਪ੍ਰਾਰਥਨਾ ਵੀ ਕੀਤੀ। ਹੌਲੀ-ਹੌਲੀ ਮੇਰਾ ਰਵੱਈਆ ਬਦਲਣ ਲੱਗਾ। ਫਿਰ ਮੈਨੂੰ ਯਹੋਵਾਹ ਦੀ ਸੇਵਾ ਕਰ ਕੇ ਮਜ਼ਾ ਆਉਣ ਲੱਗਾ। ਮੈਂ ਮਿਸ਼ਨਰੀਆਂ ਬਾਰੇ ਪੜ੍ਹ ਕੇ ਸੋਚਣ ਲੱਗਾ ਕਿ ਮੈ ਪਰਮੇਸ਼ੁਰ ਦੀ ਸੇਵਾ ਹੋਰ ਵੀ ਵਧ-ਚੜ੍ਹ ਕੇ ਕਿਵੇਂ ਕਰ ਸਕਦਾ ਹਾਂ।”
6 ਯੂਚਿਰੋ ਅੱਗੇ ਕਹਿੰਦਾ ਹੈ: “ਮੈਂ ਅਜਿਹੇ ਫ਼ੈਸਲੇ ਲੈਣੇ ਸ਼ੁਰੂ ਕੀਤੇ ਤਾਂਕਿ ਇਕ ਦਿਨ ਮੈਂ ਯਹੋਵਾਹ ਦੀ ਸੇਵਾ ਕਿਸੇ ਹੋਰ ਦੇਸ਼ ਵਿਚ ਜਾ ਕੇ ਕਰ ਸਕਾਂ। ਮਿਸਾਲ ਲਈ, ਮੈਂ ਇੰਗਲਿਸ਼ ਭਾਸ਼ਾ ਸਿੱਖਣ ਲੱਗਾ। ਸਕੂਲ ਛੱਡਣ ਤੋਂ ਬਾਅਦ ਮੈਂ ਪਾਰਟ-ਟਾਈਮ ਇੰਗਲਿਸ਼ ਪੜ੍ਹਾਉਣ ਲੱਗ ਪਿਆ ਤਾਂਕਿ ਮੈਂ ਪਾਇਨੀਅਰਿੰਗ ਕਰ ਸਕਾਂ। 20 ਸਾਲਾਂ ਦੀ ਉਮਰ ਵਿਚ ਮੈਂ ਮੰਗੋਲੀਆਈ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਅਤੇ ਮੈਨੂੰ ਇਕ ਮੰਗੋਲੀਆਈ ਗਰੁੱਪ ਵਿਚ ਜਾਣ ਦਾ ਮੌਕਾ ਮਿਲਿਆ। ਦੋ ਸਾਲਾਂ ਬਾਅਦ 2007 ਵਿਚ ਮੈਂ ਮੰਗੋਲੀਆ ਦੇਸ਼ ਗਿਆ। ਜਦ ਮੈਂ ਉੱਥੇ ਕੁਝ ਪਾਇਨੀਅਰਾਂ ਨਾਲ ਪ੍ਰਚਾਰ ʼਤੇ ਜਾ ਕੇ ਦੇਖਿਆ ਕਿ ਬਹੁਤ ਸਾਰੇ ਲੋਕ ਸੱਚਾਈ ਦੀ ਤਲਾਸ਼ ਵਿਚ ਹਨ, ਤਾਂ ਮੈਂ ਉਨ੍ਹਾਂ ਦੀ ਮਦਦ ਲਈ ਉੱਥੇ ਹੀ ਰਹਿਣਾ ਚਾਹੁੰਦਾ ਸੀ। ਸੋ ਜਪਾਨ ਵਾਪਸ ਆ ਕੇ ਮੈਂ ਮੰਗੋਲੀਆ ਜਾਣ ਦੀਆਂ ਤਿਆਰੀਆਂ ਸ਼ੁਰੂ ਕੀਤੀਆਂ। ਮੈਂ ਅਪ੍ਰੈਲ 2008 ਤੋਂ ਮੰਗੋਲੀਆ ਵਿਚ ਪਾਇਨੀਅਰਿੰਗ ਕਰ ਰਿਹਾ ਹਾਂ। ਹਾਲਾਂਕਿ ਇੱਥੇ ਜ਼ਿੰਦਗੀ ਜੀਣੀ ਆਸਾਨ ਨਹੀਂ ਹੈ, ਪਰ ਲੋਕ ਸੱਚਾਈ ਵਿਚ ਆ ਰਹੇ ਹਨ ਅਤੇ ਮੈਂ ਉਨ੍ਹਾਂ ਦੀ ਮਦਦ ਕਰ ਰਿਹਾ ਹਾਂ ਤਾਂਕਿ ਉਹ ਯਹੋਵਾਹ ਦੇ ਨੇੜੇ ਆ ਸਕਣ। ਮੈਨੂੰ ਲੱਗਦਾ ਹੈ ਕਿ ਮੈਂ ਜ਼ਿੰਦਗੀ ਜੀਣ ਦਾ ਸਭ ਤੋਂ ਵਧੀਆ ਰਾਹ ਚੁਣਿਆ ਹੈ।”
7. ਤੁਹਾਨੂੰ ਕਿਹੜੇ ਫ਼ੈਸਲੇ ਕਰਨੇ ਪੈਣਗੇ ਤੇ ਅਸੀਂ ਮੂਸਾ ਤੋਂ ਕੀ ਸਿੱਖਦੇ ਹਾਂ?
7 ਹਰ ਕਿਸੇ ਨੇ ਆਪ ਫ਼ੈਸਲਾ ਕਰਨਾ ਹੈ ਕਿ ਉਹ ਯਹੋਵਾਹ ਦੀ ਸੇਵਾ ਵਿਚ ਆਪਣੀ ਜ਼ਿੰਦਗੀ ਕਿਵੇਂ ਬਿਤਾਏਗਾ। (ਯਹੋ. 24:15) ਅਸੀਂ ਤੁਹਾਨੂੰ ਇਹ ਨਹੀਂ ਕਹਿ ਸਕਦੇ ਕਿ ਤੁਹਾਨੂੰ ਵਿਆਹ ਕਰਾਉਣਾ ਚਾਹੀਦਾ ਹੈ ਜਾਂ ਨਹੀਂ, ਕਿਸ ਨਾਲ ਕਰਾਉਣਾ ਚਾਹੀਦਾ ਹੈ ਜਾਂ ਕਿਸ ਤਰ੍ਹਾਂ ਦੀ ਨੌਕਰੀ ਕਰਨੀ ਚਾਹੀਦੀ ਹੈ। ਕੀ ਤੁਸੀਂ ਅਜਿਹੀ ਨੌਕਰੀ ਕਰੋਗੇ ਜਿਸ ਵਿਚ ਸਿਰਫ਼ ਥੋੜ੍ਹੀ-ਬਹੁਤੀ ਟ੍ਰੇਨਿੰਗ ਦੀ ਲੋੜ ਪਵੇ? ਤੁਹਾਡੇ ਵਿੱਚੋਂ ਕੁਝ ਨੌਜਵਾਨ ਗ਼ਰੀਬ ਪਿੰਡਾਂ ਵਿਚ ਰਹਿੰਦੇ ਹਨ ਤੇ ਦੂਜੇ ਵੱਡੇ ਸ਼ਹਿਰਾਂ ਵਿਚ। ਤੁਹਾਡੇ ਸਾਰਿਆਂ ਦੇ ਸੁਭਾਅ, ਕਾਬਲੀਅਤਾਂ, ਤਜਰਬੇ, ਸ਼ੌਂਕ ਅਤੇ ਨਿਹਚਾ ਵੱਖੋ-ਵੱਖਰੀ ਹੈ। ਤੁਹਾਡੀ ਜ਼ਿੰਦਗੀ ਸ਼ਾਇਦ ਇਕ-ਦੂਜੇ ਤੋਂ ਇੰਨੀ ਵੱਖਰੀ ਹੋਵੇ ਜਿੰਨੀ ਮਿਸਰ ਵਿਚ ਮੂਸਾ ਦੀ ਜ਼ਿੰਦਗੀ ਉਸ ਸਮੇਂ ਦੇ ਇਬਰਾਨੀ ਨੌਜਵਾਨਾਂ ਤੋਂ ਵੱਖਰੀ ਸੀ। ਮੂਸਾ ਰਾਜੇ ਦੀ ਧੀ ਦਾ ਬੇਟਾ ਸੀ ਅਤੇ ਬਹੁਤ ਅਮੀਰ ਸੀ, ਪਰ ਦੂਜੇ ਇਬਰਾਨੀ ਨੌਜਵਾਨ ਉਸ ਵੇਲੇ ਗ਼ੁਲਾਮ ਸਨ। (ਕੂਚ 1:13, 14; ਰਸੂ. 7:21, 22) ਤੁਹਾਡੇ ਵਾਂਗ ਉਹ ਵੀ ਅਹਿਮ ਸਮਿਆਂ ਵਿਚ ਜੀ ਰਹੇ ਸਨ। (ਕੂਚ 19:4-6) ਸੋ ਉਨ੍ਹਾਂ ਨੇ ਆਪ ਫ਼ੈਸਲਾ ਕਰਨਾ ਸੀ ਕਿ ਉਹ ਆਪਣੀ ਜ਼ਿੰਦਗੀ ਕਿਵੇਂ ਜੀਣਗੇ, ਪਰ ਮੂਸਾ ਨੇ ਯਹੋਵਾਹ ਦੀ ਮਰਜ਼ੀ ਪੂਰੀ ਕਰਨ ਦਾ ਸਹੀ ਫ਼ੈਸਲਾ ਕੀਤਾ।—ਇਬਰਾਨੀਆਂ 11:24-27 ਪੜ੍ਹੋ।
8. ਸਹੀ ਫ਼ੈਸਲੇ ਕਰਨ ਵਿਚ ਤੁਹਾਨੂੰ ਮਦਦ ਕਿੱਥੋਂ ਮਿਲੇਗੀ?
8 ਸਹੀ ਫ਼ੈਸਲੇ ਕਰਨ ਵਿਚ ਯਹੋਵਾਹ ਤੁਹਾਡੀ ਮਦਦ ਕਰੇਗਾ। ਉਹ ਤੁਹਾਨੂੰ ਬਾਈਬਲ ਦੇ ਅਸੂਲ ਸਿਖਾਉਂਦਾ ਹੈ ਤਾਂਕਿ ਤੁਸੀਂ ਇਨ੍ਹਾਂ ਨੂੰ ਆਪੋ-ਆਪਣੇ ਹਾਲਾਤਾਂ ਵਿਚ ਲਾਗੂ ਕਰ ਸਕੋ। (ਜ਼ਬੂ. 32:8) ਜੇ ਤੁਹਾਨੂੰ ਨਹੀਂ ਪਤਾ ਕਿ ਤੁਸੀਂ ਜ਼ਿੰਦਗੀ ਵਿਚ ਬਾਈਬਲ ਅਸੂਲ ਕਿਵੇਂ ਲਾਗੂ ਕਰੋਗੇ, ਤਾਂ ਆਪਣੇ ਮਾਪਿਆਂ ਜਾਂ ਮੰਡਲੀ ਦੇ ਬਜ਼ੁਰਗਾਂ ਤੋਂ ਮਦਦ ਮੰਗੋ। (ਕਹਾ. 1:8, 9) ਆਓ ਆਪਾਂ ਬਾਈਬਲ ਦੇ ਤਿੰਨ ਅਸੂਲਾਂ ʼਤੇ ਗੌਰ ਕਰੀਏ ਜੋ ਸਹੀ ਫ਼ੈਸਲੇ ਕਰਨ ਵਿਚ ਤੁਹਾਡੀ ਮਦਦ ਕਰਨਗੇ।
ਬਾਈਬਲ ਦੇ ਤਿੰਨ ਅਸੂਲ
9. (ੳ) ਯਹੋਵਾਹ ਨੇ ਸਾਨੂੰ ਕਿਹੋ ਜਿਹੀ ਆਜ਼ਾਦੀ ਦਿੱਤੀ ਹੈ? (ਅ) ‘ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ’ ਦੇਣ ਨਾਲ ਕਿਹੜੇ ਮੌਕੇ ਮਿਲਦੇ ਹਨ?
9 ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਪਹਿਲ ਦਿਓ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰੋ। (ਮੱਤੀ 6:19-21, 24-26, 31-34 ਪੜ੍ਹੋ।) ਯਹੋਵਾਹ ਇਹ ਨਹੀਂ ਦੱਸਦਾ ਕਿ ਤੁਹਾਨੂੰ ਪ੍ਰਚਾਰ ਵਿਚ ਕਿੰਨਾ ਸਮਾਂ ਲਾਉਣਾ ਚਾਹੀਦਾ ਹੈ ਕਿਉਂਕਿ ਉਸ ਨੇ ਸਾਨੂੰ ਫ਼ੈਸਲੇ ਕਰਨ ਦੀ ਆਜ਼ਾਦੀ ਦਿੱਤੀ ਹੈ। ਪਰ ਯਿਸੂ ਨੇ ਸਿਖਾਇਆ ਕਿ ਸਾਨੂੰ ਆਪਣੀ ਜ਼ਿੰਦਗੀ ਵਿਚ ਰਾਜ ਨੂੰ ਪਹਿਲੀ ਥਾਂ ਦੇਣੀ ਚਾਹੀਦੀ ਹੈ। ਜਦ ਤੁਸੀਂ ਇਸ ਅਸੂਲ ਮੁਤਾਬਕ ਚੱਲਦੇ ਹੋ, ਤਾਂ ਤੁਹਾਡੇ ਲਈ ਪਰਮੇਸ਼ੁਰ ਦੀ ਸੇਵਾ ਵਿਚ ਕਈ ਦਰਵਾਜ਼ੇ ਖੁੱਲ੍ਹਣਗੇ। ਫਿਰ ਤੁਸੀਂ ਯਹੋਵਾਹ ਤੇ ਲੋਕਾਂ ਲਈ ਆਪਣਾ ਪਿਆਰ ਜ਼ਾਹਰ ਕਰ ਸਕੋਗੇ ਅਤੇ ਤੁਸੀਂ ਹਮੇਸ਼ਾ ਦੀ ਜ਼ਿੰਦਗੀ ਦੀ ਉਮੀਦ ਲਈ ਸ਼ੁਕਰਗੁਜ਼ਾਰੀ ਦਿਖਾ ਸਕੋਗੇ। ਵਿਆਹ ਤੇ ਨੌਕਰੀ ਬਾਰੇ ਤੁਹਾਡੇ ਫ਼ੈਸਲਿਆਂ ਤੋਂ ਕੀ ਪਤਾ ਲੱਗਦਾ ਹੈ? ਕੀ ਤੁਹਾਨੂੰ ਚੀਜ਼ਾਂ ਇਕੱਠੀਆਂ ਕਰਨ ਦੀ ਜ਼ਿਆਦਾ ਚਿੰਤਾ ਹੈ? ਜਾਂ ਕੀ ਤੁਸੀਂ ‘ਪਰਮੇਸ਼ੁਰ ਦੇ ਰਾਜ ਨੂੰ ਆਪਣੀ ਜ਼ਿੰਦਗੀ ਵਿਚ ਹਮੇਸ਼ਾ ਪਹਿਲ ਦਿੰਦੇ ਹੋ ਅਤੇ ਉਸ ਦੀਆਂ ਨਜ਼ਰਾਂ ਵਿਚ ਸਹੀ ਕੰਮ ਕਰਦੇ’ ਹੋ?
10. ਯਿਸੂ ਕਿਉਂ ਖ਼ੁਸ਼ ਸੀ ਅਤੇ ਤੁਸੀਂ ਕਿਵੇਂ ਖ਼ੁਸ਼ੀ ਪਾ ਸਕਦੇ ਹੋ?
10 ਦੂਜਿਆਂ ਦੀ ਸੇਵਾ ਕਰ ਕੇ ਖ਼ੁਸ਼ੀ ਪਾਓ। (ਰਸੂਲਾਂ ਦੀ ਕਿਤਾਬ 20:20, 21, 24, 35 ਪੜ੍ਹੋ।) ਯਿਸੂ ਨੇ ਆਪਣੇ ਚੇਲਿਆਂ ਨੂੰ ਸਿਖਾਇਆ ਕਿ ਇਹ ਗੱਲ ਬਿਲਕੁਲ ਸੱਚ ਹੈ। ਯਿਸੂ ਬਹੁਤ ਖ਼ੁਸ਼ ਸੀ ਕਿਉਂਕਿ ਉਸ ਨੇ ਆਪਣੀ ਮਰਜ਼ੀ ਪੂਰੀ ਕਰਨ ਦੀ ਬਜਾਇ ਆਪਣੇ ਪਿਤਾ ਦੀ ਮਰਜ਼ੀ ਪੂਰੀ ਕੀਤੀ ਤੇ ਦੂਜਿਆਂ ਨੂੰ ਖ਼ੁਸ਼ ਖ਼ਬਰੀ ਸੁਣਾ ਕੇ ਉਨ੍ਹਾਂ ਦੀ ਮਦਦ ਕੀਤੀ। (ਲੂਕਾ 10:21; ਯੂਹੰ. 4:34) ਸ਼ਾਇਦ ਤੁਹਾਨੂੰ ਵੀ ਦੂਜਿਆਂ ਦੀ ਸੇਵਾ ਕਰਨ ਵਿਚ ਅਜਿਹੀ ਖ਼ੁਸ਼ੀ ਮਿਲੀ ਹੋਵੇ। ਜੇ ਤੁਸੀਂ ਯਿਸੂ ਦੇ ਸਿਖਾਏ ਅਸੂਲਾਂ ਮੁਤਾਬਕ ਫ਼ੈਸਲੇ ਕਰੋਗੇ, ਤਾਂ ਇਸ ਨਾਲ ਸਿਰਫ਼ ਤੁਹਾਨੂੰ ਹੀ ਨਹੀਂ, ਸਗੋਂ ਯਹੋਵਾਹ ਨੂੰ ਵੀ ਖ਼ੁਸ਼ੀ ਮਿਲੇਗੀ।—ਕਹਾ. 27:11.
11. ਬਾਰੂਕ ਖ਼ੁਸ਼ ਕਿਉਂ ਨਹੀਂ ਸੀ ਅਤੇ ਯਹੋਵਾਹ ਨੇ ਉਸ ਨੂੰ ਕਿਹੜੀ ਸਲਾਹ ਦਿੱਤੀ?
11 ਯਾਦ ਰੱਖੋ ਕਿ ਸਭ ਤੋਂ ਜ਼ਿਆਦਾ ਖ਼ੁਸ਼ੀ ਸਿਰਫ਼ ਯਹੋਵਾਹ ਦੀ ਸੇਵਾ ਕਰ ਕੇ ਮਿਲਦੀ ਹੈ। (ਕਹਾ. 16:20) ਯਿਰਮਿਯਾਹ ਦਾ ਸੈਕਟਰੀ ਬਾਰੂਕ ਇਹ ਗੱਲ ਭੁੱਲ ਗਿਆ ਸੀ। ਇਕ ਸਮੇਂ ʼਤੇ ਉਹ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ ਨਹੀਂ ਸੀ। ਪਰ ਜੇ ਉਹ ਪਰਮੇਸ਼ੁਰ ਦਾ ਕਹਿਣਾ ਮੰਨਦਾ, ਤਾਂ ਯਰੂਸ਼ਲਮ ਦੇ ਨਾਸ਼ ਵਿੱਚੋਂ ਬਚ ਸਕਦਾ ਸੀ। ਸੋ ਯਹੋਵਾਹ ਨੇ ਉਸ ਨੂੰ ਕਿਹਾ: ‘ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ? ਤੂੰ ਨਾ ਲੱਭ ਕਿਉਂ ਜੋ ਵੇਖ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ।’ (ਯਿਰ. 45:3, 5) ਕੀ ਬਾਰੂਕ ਨੂੰ ਆਪਣੇ ਲਈ ਵੱਡੀਆਂ ਚੀਜ਼ਾਂ ਇਕੱਠੀਆਂ ਕਰ ਕੇ ਖ਼ੁਸ਼ੀ ਮਿਲਣੀ ਸੀ? ਜਾਂ ਫਿਰ ਪਰਮੇਸ਼ੁਰ ਦਾ ਵਫ਼ਾਦਾਰ ਰਹਿ ਕੇ ਯਰੂਸ਼ਲਮ ਦੀ ਤਬਾਹੀ ਵਿੱਚੋਂ ਬਚ ਨਿਕਲਣ ਦੀ ਖ਼ੁਸ਼ੀ ਹੋਣੀ ਸੀ?—ਯਾਕੂ. 1:12.
12. ਰਾਮੀਰੋ ਨੂੰ ਕਿਹੜਾ ਫ਼ੈਸਲਾ ਕਰ ਕੇ ਖ਼ੁਸ਼ੀ ਮਿਲੀ ਹੈ?
12 ਰਾਮੀਰੋ ਨਾਂ ਦੇ ਭਰਾ ਨੇ ਦੇਖਿਆ ਹੈ ਕਿ ਦੂਜਿਆਂ ਦੀ ਸੇਵਾ ਕਰਨ ਨਾਲ ਬੇਹੱਦ ਖ਼ੁਸ਼ੀ ਮਿਲਦੀ ਹੈ। ਉਹ ਕਹਿੰਦਾ ਹੈ: ‘ਮੇਰੀ ਪਰਵਰਿਸ਼ ਐਂਡੀਜ਼ ਪਰਬਤਾਂ ਦੇ ਇਕ ਪਿੰਡ ਵਿਚ ਹੋਈ ਤੇ ਸਾਡਾ ਪਰਿਵਾਰ ਗ਼ਰੀਬ ਸੀ। ਸੋ ਜਦ ਮੇਰੇ ਵੱਡੇ ਭਰਾ ਨੇ ਕਿਹਾ ਕਿ ਉਹ ਮੇਰੇ ਯੂਨੀਵਰਸਿਟੀ ਜਾਣ ਦਾ ਖ਼ਰਚਾ ਚੁੱਕੇਗਾ, ਤਾਂ ਇਹ ਮੇਰੇ ਲਈ ਇਕ ਬਹੁਤ ਵੱਡਾ ਮੌਕਾ ਸੀ। ਪਰ ਉਸ ਵਕਤ ਮੈਂ ਨਵਾਂ-ਨਵਾਂ ਬਪਤਿਸਮਾ ਲਿਆ ਸੀ ਅਤੇ ਮੈਨੂੰ ਇਕ ਪਾਇਨੀਅਰ ਨੇ ਆਪਣੇ ਨਾਲ ਇਕ ਛੋਟੇ ਜਿਹੇ ਇਲਾਕੇ ਵਿਚ ਪ੍ਰਚਾਰ ਕਰਨ ਦਾ ਸੱਦਾ ਦਿੱਤਾ। ਸੋ ਮੈਂ ਉਸ ਪਾਇਨੀਅਰ ਨਾਲ ਉੱਥੇ ਗਿਆ ਅਤੇ ਆਪਣਾ ਗੁਜ਼ਾਰਾ ਤੋਰਨ ਲਈ ਵਾਲ਼ ਕੱਟਣੇ ਸਿੱਖੇ ਅਤੇ ਬਾਅਦ ਵਿਚ ਮੈਂ ਨਾਈ ਦੀ ਦੁਕਾਨ ਖੋਲ੍ਹੀ। ਇਸ ਜਗ੍ਹਾ ਬਹੁਤ ਸਾਰੇ ਲੋਕ ਬਾਈਬਲ ਦੀ ਸਟੱਡੀ ਕਰਨ ਲਈ ਤਿਆਰ ਸਨ। ਬਾਅਦ ਵਿਚ ਉੱਥੇ ਉਸ ਇਲਾਕੇ ਦੀ ਭਾਸ਼ਾ ਵਿਚ ਇਕ ਨਵੀਂ ਮੰਡਲੀ ਬਣੀ ਅਤੇ ਮੈਂ ਇਸ ਮੰਡਲੀ ਨੂੰ ਜਾਣ ਲੱਗਾ।’ ਉਹ ਅੱਗੇ ਕਹਿੰਦਾ ਹੈ: “ਮੈਂ ਇੱਥੇ 10 ਸਾਲਾਂ ਤੋਂ ਪੂਰੇ ਸਮੇਂ ਦੀ ਸੇਵਾ ਕਰ ਰਿਹਾ ਹਾਂ। ਦੂਜਿਆਂ ਨੂੰ ਉਨ੍ਹਾਂ ਦੀ ਭਾਸ਼ਾ ਵਿਚ ਖ਼ੁਸ਼ ਖ਼ਬਰੀ ਸੁਣਾ ਕੇ ਜੋ ਖ਼ੁਸ਼ੀ ਮੈਨੂੰ ਮਿਲੀ ਹੈ ਉਹ ਹੋਰ ਕੋਈ ਕੰਮ ਕਰ ਕੇ ਨਹੀਂ ਮਿਲ ਸਕਦੀ ਸੀ!”
13. ਪਰਮੇਸ਼ੁਰ ਦੀ ਸੇਵਾ ਕਰਨ ਦਾ ਸਭ ਤੋਂ ਵਧੀਆ ਸਮਾਂ ਕਿਹੜਾ ਹੈ ਤੇ ਕਿਉਂ?
13 ਆਪਣੀ ਜਵਾਨੀ ਵਿਚ ਯਹੋਵਾਹ ਦੀ ਸੇਵਾ ਕਰ ਕੇ ਖ਼ੁਸ਼ੀ ਪਾਓ। (ਉਪਦੇਸ਼ਕ ਦੀ ਪੋਥੀ 12:1 ਪੜ੍ਹੋ।) ਇੱਦਾਂ ਨਾ ਸੋਚੋ ਕਿ ਪਾਇਨੀਅਰਿੰਗ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਇਕ ਚੰਗੀ ਨੌਕਰੀ ਹੋਣੀ ਚਾਹੀਦੀ ਹੈ। ਇਹੀ ਸਮਾਂ ਹੈ ਕਿ ਤੁਸੀਂ ਪੂਰੇ ਦਿਲ ਨਾਲ ਯਹੋਵਾਹ ਦੀ ਸੇਵਾ ਕਰੋ। ਬਹੁਤ ਸਾਰੇ ਨੌਜਵਾਨਾਂ ਕੋਲ ਪਰਿਵਾਰ ਦੀਆਂ ਘੱਟ ਜ਼ਿੰਮੇਵਾਰੀਆਂ ਹੁੰਦੀਆਂ ਹਨ। ਨਾਲੇ ਯਹੋਵਾਹ ਦੀ ਸੇਵਾ ਵਿਚ ਔਖੇ ਤੋਂ ਔਖਾ ਕੰਮ ਕਰਨ ਲਈ ਉਨ੍ਹਾਂ ਕੋਲ ਚੰਗੀ ਸਿਹਤ ਤੇ ਤਾਕਤ ਹੁੰਦੀ ਹੈ। ਤੁਸੀਂ ਯਹੋਵਾਹ ਦੀ ਸੇਵਾ ਵਿਚ ਕੀ ਕਰਨ ਦਾ ਠਾਣਿਆ ਹੈ? ਸ਼ਾਇਦ ਤੁਸੀਂ ਪਾਇਨੀਅਰ ਬਣਨ ਦਾ ਟੀਚਾ ਰੱਖਿਆ ਹੈ ਜਾਂ ਤੁਸੀਂ ਕਿਸੇ ਹੋਰ ਭਾਸ਼ਾ ਬੋਲਣ ਵਾਲੇ ਇਲਾਕੇ ਵਿਚ ਸੇਵਾ ਕਰਨੀ ਚਾਹੁੰਦੇ ਹੋ। ਜਾਂ ਤੁਸੀਂ ਆਪਣੀ ਹੀ ਮੰਡਲੀ ਵਿਚ ਹੋਰ ਜ਼ਿੰਮੇਵਾਰੀਆਂ ਸੰਭਾਲ ਸਕਦੇ ਹੋ। ਪਰਮੇਸ਼ੁਰ ਦੀ ਸੇਵਾ ਵਿਚ ਭਾਵੇਂ ਤੁਸੀਂ ਜੋ ਵੀ ਟੀਚਾ ਰੱਖਿਆ ਹੋਵੇ, ਤੁਹਾਨੂੰ ਆਪਣਾ ਗੁਜ਼ਾਰਾ ਤੋਰਨਾ ਵੀ ਆਉਣਾ ਚਾਹੀਦਾ ਹੈ। ਸੋ ਖ਼ੁਦ ਨੂੰ ਪੁੱਛੋ: ‘ਮੈਂ ਕਿਹੜੀ ਨੌਕਰੀ ਚੁਣਾਂਗਾ ਅਤੇ ਉਸ ਲਈ ਮੈਨੂੰ ਕਿੰਨੀ ਕੁ ਟ੍ਰੇਨਿੰਗ ਦੀ ਲੋੜ ਹੈ?’
ਬਾਈਬਲ ਅਸੂਲਾਂ ਦੀ ਮਦਦ ਨਾਲ ਸਹੀ ਫ਼ੈਸਲੇ ਕਰੋ
14. ਨੌਕਰੀ ਲੱਭਦਿਆਂ ਤੁਹਾਨੂੰ ਕਿਸ ਗੱਲ ਦਾ ਖ਼ਿਆਲ ਰੱਖਣਾ ਚਾਹੀਦਾ ਹੈ?
14 ਅਸੀਂ ਬਾਈਬਲ ਦੇ ਜੋ ਤਿੰਨ ਅਸੂਲ ਦੇਖੇ ਹਨ, ਉਨ੍ਹਾਂ ਨੂੰ ਧਿਆਨ ਵਿਚ ਰੱਖਦਿਆਂ ਫ਼ੈਸਲਾ ਕਰੋ ਕਿ ਤੁਸੀਂ ਕਿਹੜੀ ਨੌਕਰੀ ਚੁਣੋਗੇ। ਹੋ ਸਕਦਾ ਹੈ ਕਿ ਤੁਹਾਡੇ ਸਕੂਲ ਦੇ ਟੀਚਰ ਜਾਂ ਸਰਕਾਰੀ ਅਦਾਰੇ ਜਾਣਦੇ ਹੋਣ ਕਿ ਤੁਹਾਡੇ ਇਲਾਕੇ ਵਿਚ ਕਿਹੜੀਆਂ ਨੌਕਰੀਆਂ ਦੀ ਮੰਗ ਹੈ। ਜਾਂ ਸ਼ਾਇਦ ਤੁਸੀਂ ਇਨ੍ਹਾਂ ਅਦਾਰਿਆਂ ਨੂੰ ਪੁੱਛ ਸਕਦੇ ਹੋ ਕਿ ਜਿਸ ਜਗ੍ਹਾ ਤੁਸੀਂ ਸੇਵਾ ਕਰਨੀ ਚਾਹੁੰਦੇ ਹੋ, ਉੱਥੇ ਤੁਹਾਨੂੰ ਕਿਸ ਤਰ੍ਹਾਂ ਦਾ ਕੰਮ ਮਿਲ ਸਕਦਾ ਹੈ। ਇਹ ਸੱਚ ਹੈ ਕਿ ਇਨ੍ਹਾਂ ਲੋਕਾਂ ਦੀ ਸਲਾਹ ਤੁਹਾਡੀ ਮਦਦ ਕਰ ਸਕਦੀ ਹੈ। ਪਰ ਧਿਆਨ ਰੱਖੋ ਕਿ ਇਹ ਲੋਕ ਯਹੋਵਾਹ ਨੂੰ ਪਿਆਰ ਨਹੀਂ ਕਰਦੇ ਅਤੇ ਉਹ ਤੁਹਾਡੇ ਦਿਲ ਵਿਚ ਦੁਨੀਆਂ ਦੀਆਂ ਚੀਜ਼ਾਂ ਲਈ ਪਿਆਰ ਪੈਦਾ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। (1 ਯੂਹੰ. 2:15-17) ਦੁਨੀਆਂ ਦੀ ਚਮਕ-ਦਮਕ ਦੇਖ ਕੇ ਤੁਹਾਡਾ ਦਿਲ ਆਸਾਨੀ ਨਾਲ ਬੇਈਮਾਨ ਹੋ ਸਕਦਾ ਹੈ।—ਕਹਾਉਤਾਂ 14:15 ਪੜ੍ਹੋ; ਯਿਰ. 17:9.
15, 16. ਤੁਹਾਨੂੰ ਨੌਕਰੀ ਬਾਰੇ ਸਹੀ ਸਲਾਹ ਕੌਣ ਦੇ ਸਕਦੇ ਹਨ?
15 ਜਦ ਤੁਹਾਨੂੰ ਇਕ ਵਾਰ ਪਤਾ ਲੱਗ ਜਾਂਦਾ ਹੈ ਕਿ ਤੁਹਾਡੇ ਇਲਾਕੇ ਵਿਚ ਕਿਹੜੀ ਨੌਕਰੀ ਮਿਲ ਸਕਦੀ ਹੈ, ਤਾਂ ਤੁਹਾਨੂੰ ਸਹੀ ਸਲਾਹ ਦੀ ਲੋੜ ਹੈ। (ਕਹਾ. 1:5) ਬਾਈਬਲ ਦੇ ਅਸੂਲਾਂ ਮੁਤਾਬਕ ਨੌਕਰੀ ਚੁਣਨ ਵਿਚ ਤੁਹਾਡੀ ਕੌਣ ਮਦਦ ਕਰ ਸਕਦੇ ਹਨ? ਉਹ ਲੋਕ ਜੋ ਯਹੋਵਾਹ ਨੂੰ ਅਤੇ ਤੁਹਾਨੂੰ ਪਿਆਰ ਕਰਦੇ ਹਨ। ਉਹ ਤੁਹਾਨੂੰ ਅਤੇ ਤੁਹਾਡੇ ਹਾਲਾਤਾਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ, ਇਸ ਲਈ ਉਨ੍ਹਾਂ ਦੀ ਸੁਣੋ। ਉਹ ਤੁਹਾਡੀ ਕਾਬਲੀਅਤ ਅਤੇ ਤੁਹਾਡੇ ਇਰਾਦਿਆਂ ਤੋਂ ਵਾਕਫ਼ ਹਨ ਅਤੇ ਇਨ੍ਹਾਂ ਨੂੰ ਸਮਝਣ ਵਿਚ ਤੁਹਾਡੀ ਮਦਦ ਕਰਨਗੇ। ਸ਼ਾਇਦ ਉਨ੍ਹਾਂ ਦੀ ਗੱਲ ਸੁਣ ਕੇ ਤੁਸੀਂ ਆਪਣੇ ਟੀਚਿਆਂ ਬਾਰੇ ਦੁਬਾਰਾ ਤੋਂ ਸੋਚ-ਵਿਚਾਰ ਕਰੋ। ਜੇ ਤੁਹਾਡੇ ਮਾਪੇ ਯਹੋਵਾਹ ਨੂੰ ਪਿਆਰ ਕਰਦੇ ਹਨ, ਤਾਂ ਇਹ ਕਿੰਨੀ ਵੱਡੀ ਬਰਕਤ ਹੈ! ਨਾਲੇ ਮੰਡਲੀ ਦੇ ਬਜ਼ੁਰਗ ਤੁਹਾਨੂੰ ਸਹੀ ਸਲਾਹ ਦੇ ਸਕਦੇ ਹਨ। ਇਸ ਤੋਂ ਇਲਾਵਾ, ਪਾਇਨੀਅਰਾਂ ਤੇ ਸਫ਼ਰੀ ਨਿਗਾਹਬਾਨਾਂ ਨਾਲ ਗੱਲ ਕਰੋ। ਉਨ੍ਹਾਂ ਨੂੰ ਪੁੱਛੋ ਕਿ ਉਨ੍ਹਾਂ ਨੇ ਪੂਰੇ ਸਮੇਂ ਦੀ ਸੇਵਾ ਕਰਨ ਦਾ ਫ਼ੈਸਲਾ ਕਿਉਂ ਕੀਤਾ? ਉਨ੍ਹਾਂ ਨੇ ਪਾਇਨੀਅਰਿੰਗ ਕਿਵੇਂ ਸ਼ੁਰੂ ਕੀਤੀ ਅਤੇ ਉਹ ਆਪਣਾ ਗੁਜ਼ਾਰਾ ਕਿਵੇਂ ਤੋਰਦੇ ਹਨ? ਇਸ ਸਦਕਾ ਉਨ੍ਹਾਂ ਨੂੰ ਕਿਹੜੀਆਂ ਬਰਕਤਾਂ ਮਿਲੀਆਂ ਹਨ?—ਕਹਾ. 15:22.
16 ਜੋ ਤੁਹਾਨੂੰ ਚੰਗੀ ਤਰ੍ਹਾਂ ਜਾਣਦੇ ਹਨ ਉਹ ਤੁਹਾਨੂੰ ਸੋਚ-ਸਮਝ ਕੇ ਸਲਾਹ ਦੇ ਸਕਦੇ ਹਨ। ਫ਼ਰਜ਼ ਕਰੋ ਕਿ ਤੁਸੀਂ ਸਕੂਲ ਛੱਡ ਕੇ ਪਾਇਨੀਅਰਿੰਗ ਸ਼ੁਰੂ ਕਰਨੀ ਚਾਹੁੰਦੇ ਹੋ ਕਿਉਂਕਿ ਸਕੂਲ ਦੀ ਪੜ੍ਹਾਈ-ਲਿਖਾਈ ਵਿਚ ਮਿਹਨਤ ਕਰਨੀ ਪੈਂਦੀ ਹੈ। ਜੋ ਤੁਹਾਨੂੰ ਪਿਆਰ ਕਰਦੇ ਹਨ ਸ਼ਾਇਦ ਉਹ ਤੁਹਾਡੇ ਇਰਾਦਿਆਂ ਨੂੰ ਜਾਣਦੇ ਹੋਏ ਤੁਹਾਡੀ ਇਹ ਸਮਝਣ ਵਿਚ ਮਦਦ ਕਰਨ ਕਿ ਸਕੂਲ ਛੱਡਣ ਦੀ ਬਜਾਇ ਤੁਸੀਂ ਮਿਹਨਤ ਕਰਨੀ ਸਿੱਖੋ। ਇਹ ਖੂਬੀ ਯਹੋਵਾਹ ਦੀ ਸੇਵਾ ਜੀ-ਜਾਨ ਨਾਲ ਕਰਨ ਲਈ ਬੜੀ ਜ਼ਰੂਰੀ ਹੈ।—ਜ਼ਬੂ. 141:5; ਕਹਾ. 6:6-10.
17. ਸਾਨੂੰ ਕਿਸ ਤਰ੍ਹਾਂ ਦੇ ਫ਼ੈਸਲੇ ਨਹੀਂ ਕਰਨੇ ਚਾਹੀਦੇ?
17 ਪਰਮੇਸ਼ੁਰ ਦੇ ਸਾਰੇ ਸੇਵਕਾਂ ਨੂੰ ਅਜਿਹੇ ਹਾਲਾਤਾਂ ਦਾ ਸਾਮ੍ਹਣਾ ਕਰਨਾ ਪਵੇਗਾ ਜੋ ਉਨ੍ਹਾਂ ਦੀ ਨਿਹਚਾ ਨੂੰ ਕਮਜ਼ੋਰ ਕਰ ਸਕਦੇ ਹਨ ਅਤੇ ਉਨ੍ਹਾਂ ਨੂੰ ਯਹੋਵਾਹ ਤੋਂ ਦੂਰ ਲਿਜਾ ਸਕਦੇ ਹਨ। (1 ਕੁਰਿੰ. 15:33; ਕੁਲੁ. 2:8) ਕੁਝ ਅਜਿਹੀਆਂ ਨੌਕਰੀਆਂ ਹਨ ਜੋ ਤੁਹਾਡੀ ਨਿਹਚਾ ਲਈ ਖ਼ਤਰਾ ਸਾਬਤ ਹੋ ਸਕਦੀਆਂ ਹਨ। ਕੀ ਤੁਸੀਂ ਦੇਖਿਆ ਹੈ ਕਿ ਕੁਝ ਭੈਣਾਂ-ਭਰਾਵਾਂ ਦੀ “ਨਿਹਚਾ ਦੀ ਬੇੜੀ ਡੁੱਬ ਗਈ” ਕਿਉਂਕਿ ਉਨ੍ਹਾਂ ਨੇ ਸੋਚ-ਸਮਝ ਕੇ ਨੌਕਰੀ ਨਹੀਂ ਚੁਣੀ? (1 ਤਿਮੋ. 1:19) ਸੋ ਅਕਲਮੰਦੀ ਇਸੇ ਵਿਚ ਹੈ ਕਿ ਤੁਸੀਂ ਅਜਿਹਾ ਕੋਈ ਫ਼ੈਸਲਾ ਨਾ ਕਰੋ ਜੋ ਤੁਹਾਡਾ ਰਿਸ਼ਤਾ ਪਰਮੇਸ਼ੁਰ ਨਾਲ ਕਮਜ਼ੋਰ ਕਰ ਸਕਦਾ ਹੈ।—ਕਹਾ. 22:3.
ਨੌਜਵਾਨੋ ਖ਼ੁਸ਼ੀ-ਖ਼ੁਸ਼ੀ ਪਰਮੇਸ਼ੁਰ ਦੀ ਸੇਵਾ ਕਰੋ
18, 19. ਜੇ ਪਰਮੇਸ਼ੁਰ ਦੀ ਸੇਵਾ ਕਰਨ ਦਾ ਤੁਹਾਡਾ ਮਨ ਨਹੀਂ ਕਰਦਾ, ਤਾਂ ਤੁਹਾਨੂੰ ਕੀ ਕਰਨ ਦੀ ਲੋੜ ਹੈ?
18 ਜੇ ਤੁਹਾਡੇ ਦਿਲ ਵਿਚ ਯਹੋਵਾਹ ਦੀ ਸੇਵਾ ਕਰਨ ਦੀ ਤਮੰਨਾ ਹੈ, ਤਾਂ ਉਹ ਤੁਹਾਨੂੰ ਆਪਣੀ ਸੇਵਾ ਵਿਚ ਜੋ ਵੀ ਮੌਕੇ ਦਿੰਦਾ ਹੈ ਉਨ੍ਹਾਂ ਨੂੰ ਹੱਥੋਂ ਨਾ ਜਾਣ ਦਿਓ। ਅਜਿਹੇ ਫ਼ੈਸਲੇ ਕਰੋ ਤਾਂਕਿ ਤੁਸੀਂ ਇਨ੍ਹਾਂ ਅਹਿਮ ਸਮਿਆਂ ਵਿਚ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਸਕੋ।—ਜ਼ਬੂ. 148:12, 13.
19 ਫਿਰ ਕੀ ਜੇ ਯਹੋਵਾਹ ਦੀ ਸੇਵਾ ਕਰਨ ਦਾ ਤੁਹਾਡਾ ਮਨ ਨਹੀਂ ਕਰਦਾ? ਹਾਰ ਨਾ ਮੰਨੋ ਤੇ ਆਪਣੀ ਨਿਹਚਾ ਪੱਕੀ ਕਰਦੇ ਰਹੋ। ਪੌਲੁਸ ਰਸੂਲ ਨੇ ਸਮਝਾਇਆ ਕਿ ਉਸ ਨੇ ਪਰਮੇਸ਼ੁਰ ਦੀ ਸੇਵਾ ਵਿਚ ਅੱਡੀ ਚੋਟੀ ਦਾ ਜ਼ੋਰ ਲਾਇਆ ਜਿਸ ਕਰਕੇ ਪਰਮੇਸ਼ੁਰ ਨੇ ਉਸ ਨੂੰ ਬਰਕਤਾਂ ਦਿੱਤੀਆਂ। ਫਿਰ ਉਸ ਨੇ ਕਿਹਾ: “ਜੇ ਕਿਸੇ ਗੱਲ ਵਿਚ ਤੁਹਾਡੇ ਮਨ ਦਾ ਸੁਭਾਅ ਹੋਰ ਹੈ, ਤਾਂ ਉੱਪਰ ਜਿਸ ਸੁਭਾਅ ਦੀ ਗੱਲ ਕੀਤੀ ਹੈ, ਉਸ ਬਾਰੇ ਪਰਮੇਸ਼ੁਰ ਤੁਹਾਨੂੰ ਦੱਸੇਗਾ। ਜੋ ਵੀ ਹੈ, ਜਿੱਥੋਂ ਤਕ ਅਸੀਂ ਤਰੱਕੀ ਕੀਤੀ ਹੈ, ਆਓ ਆਪਾਂ ਹੋਰ ਤਰੱਕੀ ਕਰਦੇ ਜਾਈਏ।” (ਫ਼ਿਲਿ. 3:15, 16) ਯਾਦ ਰੱਖੋ ਕਿ ਯਹੋਵਾਹ ਤੁਹਾਨੂੰ ਪਿਆਰ ਕਰਦਾ ਹੈ ਅਤੇ ਸਿਰਫ਼ ਉਸੇ ਦੀ ਸਲਾਹ ਵਧੀਆ ਹੈ। ਇਸ ਲਈ ਨੌਜਵਾਨੋ, ਸਾਡੀ ਦਿਲੀ ਖ਼ਾਹਸ਼ ਹੈ ਕਿ ਸਹੀ ਫ਼ੈਸਲੇ ਲੈਣ ਵਿਚ ਤੁਸੀਂ ਉਸ ਤੋਂ ਮਦਦ ਲਓਗੇ।