ਅਨੁਸ਼ਾਸਨ ਨੂੰ ਕਬੂਲ ਕਰੋ ਤੇ ਬੁੱਧਵਾਨ ਬਣੋ
“ਹੇ ਮੇਰੇ ਪੁੱਤ੍ਰੋ . . . ਸਿੱਖਿਆ [ਅਨੁਸ਼ਾਸਨ, NW] ਨੂੰ ਸੁਣੋ ਤੇ ਬੁੱਧਵਾਨ ਬਣੋ।”—ਕਹਾ. 8:32, 33.
1. ਅਸੀਂ ਬੁੱਧ ਕਿਵੇਂ ਪਾ ਸਕਦੇ ਹਾਂ ਅਤੇ ਇਸ ਦਾ ਸਾਨੂੰ ਕੀ ਫ਼ਾਇਦਾ ਹੋਵੇਗਾ?
ਯਹੋਵਾਹ ਬੁੱਧ ਦਾ ਸੋਮਾ ਹੈ। ਇਸ ਕਰਕੇ ਉਹ ਖੁੱਲ੍ਹ-ਦਿਲੀ ਨਾਲ ਸਾਰਿਆਂ ਨੂੰ ਬੁੱਧ ਦਿੰਦਾ ਹੈ। ਅਸੀਂ ਯਾਕੂਬ 1:5 ਵਿਚ ਪੜ੍ਹਦੇ ਹਾਂ: “ਜੇ ਤੁਹਾਡੇ ਵਿੱਚੋਂ ਕਿਸੇ ਵਿਚ ਬੁੱਧ ਦੀ ਕਮੀ ਹੈ, ਤਾਂ ਉਹ ਪਰਮੇਸ਼ੁਰ ਤੋਂ ਮੰਗਦਾ ਰਹੇ . . . ਕਿਉਂਕਿ ਪਰਮੇਸ਼ੁਰ ਸਾਰਿਆਂ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ ਅਤੇ ਮੰਗਣ ਵਾਲਿਆਂ ਨਾਲ ਗੁੱਸੇ ਨਹੀਂ ਹੁੰਦਾ।” ਪਰਮੇਸ਼ੁਰ ਦਾ ਅਨੁਸ਼ਾਸਨ ਕਬੂਲ ਕਰ ਕੇ ਅਸੀਂ ਬੁੱਧ ਪਾ ਸਕਦੇ ਹਾਂ। ਇਹ ਸਾਡੀ ਰਾਖੀ ਕਰੇਗੀ ਕਿ ਅਸੀਂ ਬੁਰੇ ਕੰਮ ਨਾ ਕਰੀਏ ਅਤੇ ਇਹ ਯਹੋਵਾਹ ਦੇ ਨੇੜੇ ਰਹਿਣ ਵਿਚ ਵੀ ਸਾਡੀ ਮਦਦ ਕਰੇਗੀ। (ਕਹਾ. 2:10-12) ਨਤੀਜੇ ਵਜੋਂ, ਅਸੀਂ ਆਪਣੇ ਆਪ ਨੂੰ ‘ਪਰਮੇਸ਼ੁਰ ਦੇ ਪਿਆਰ ਦੇ ਲਾਇਕ ਬਣਾਈ ਰੱਖਾਂਗੇ’ ਅਤੇ ਸਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ।’—ਯਹੂ. 21.
2. ਪਰਮੇਸ਼ੁਰ ਵੱਲੋਂ ਦਿੱਤੇ ਜਾਂਦੇ ਅਨੁਸ਼ਾਸਨ ਲਈ ਅਸੀਂ ਕਦਰ ਕਿਵੇਂ ਪੈਦਾ ਕਰ ਸਕਦੇ ਹਾਂ?
2 ਪਾਪੀ ਹੋਣ ਕਰਕੇ ਜਾਂ ਅਲੱਗ-ਅਲੱਗ ਤਰੀਕੇ ਨਾਲ ਪਰਵਰਿਸ਼ ਹੋਣ ਕਰਕੇ ਕਈ ਵਾਰ ਸਾਡੇ ਲਈ ਅਨੁਸ਼ਾਸਨ ਕਬੂਲ ਕਰਨਾ ਜਾਂ ਇਸ ਪ੍ਰਤੀ ਸਹੀ ਨਜ਼ਰੀਆ ਰੱਖਣਾ ਔਖਾ ਹੁੰਦਾ ਹੈ। ਪਰ ਜਦੋਂ ਅਸੀਂ ਆਪਣੀ ਜ਼ਿੰਦਗੀ ਵਿਚ ਅਨੁਸ਼ਾਸਨ ਕਬੂਲ ਕਰਨ ਦੇ ਫ਼ਾਇਦੇ ਦੇਖਦੇ ਹਾਂ, ਤਾਂ ਅਸੀਂ ਸਮਝਦੇ ਹਾਂ ਕਿ ਪਰਮੇਸ਼ੁਰ ਸਾਨੂੰ ਕਿੰਨਾ ਪਿਆਰ ਕਰਦਾ ਹੈ। ਕਹਾਉਤਾਂ 3:11, 12 ਦੱਸਦਾ ਹੈ: “ਹੇ ਮੇਰੇ ਪੁੱਤ੍ਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ।” ਫਿਰ ਅੱਗੇ ਦੱਸਦਾ ਹੈ: “ਯਹੋਵਾਹ ਓਸੇ ਨੂੰ ਤਾੜਦਾ ਹੈ ਜਿਹ ਦੇ ਨਾਲ ਪਿਆਰ ਕਰਦਾ ਹੈ।” ਅਸੀਂ ਪੱਕਾ ਯਕੀਨ ਰੱਖ ਸਕਦੇ ਹਾਂ ਕਿ ਯਹੋਵਾਹ ਸਾਡਾ ਭਲਾ ਚਾਹੁੰਦਾ ਹੈ। (ਇਬਰਾਨੀਆਂ 12:5-11 ਪੜ੍ਹੋ।) ਪਰਮੇਸ਼ੁਰ ਸਾਨੂੰ ਚੰਗੀ ਤਰ੍ਹਾਂ ਜਾਣਦਾ ਹੈ। ਇਸ ਲਈ ਉਹ ਸਾਨੂੰ ਹਮੇਸ਼ਾ ਜਾਇਜ਼ ਅਤੇ ਲੋੜ ਪੈਣ ʼਤੇ ਅਨੁਸ਼ਾਸਨ ਦਿੰਦਾ ਹੈ। ਇਸ ਲੇਖ ਵਿਚ ਅਸੀਂ ਅਨੁਸ਼ਾਸਨ ਦੇ ਚਾਰ ਪਹਿਲੂਆਂ ʼਤੇ ਗੌਰ ਕਰਾਂਗੇ: (1) ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣਾ, (2) ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਅਨੁਸ਼ਾਸਨ, (3) ਮੰਡਲੀ ਵੱਲੋਂ ਅਨੁਸ਼ਾਸਨ ਅਤੇ (4) ਅਨੁਸ਼ਾਸਨ ਨਾ ਮੰਨਣ ਦੇ ਬੁਰੇ ਅੰਜਾਮ।
ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣਾ ਬੁੱਧੀਮਾਨੀ ਕਿਉਂ ਹੈ?
3. ਇਕ ਬੱਚਾ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣਾ ਕਿਵੇਂ ਸਿੱਖਦਾ ਹੈ? ਇਕ ਮਿਸਾਲ ਦਿਓ।
3 ਜੇ ਅਸੀਂ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਦੇ ਹਾਂ, ਤਾਂ ਅਸੀਂ ਆਪਣੀ ਸੋਚ ਤੇ ਪੇਸ਼ ਆਉਣ ਦੇ ਤਰੀਕੇ ʼਤੇ ਕਾਬੂ ਪਾ ਸਕਦੇ ਹਾਂ। ਜਨਮ ਤੋਂ ਹੀ ਸਾਡੇ ਵਿਚ ਅਨੁਸ਼ਾਸਨ ਨਹੀਂ ਹੁੰਦਾ, ਪਰ ਸਾਨੂੰ ਅਨੁਸ਼ਾਸਨ ਵਿਚ ਰਹਿਣਾ ਸਿੱਖਣਾ ਪੈਂਦਾ ਹੈ। ਮਿਸਾਲ ਲਈ, ਜਦੋਂ ਇਕ ਬੱਚਾ ਸਾਈਕਲ ਚਲਾਉਣਾ ਸਿੱਖਦਾ ਹੈ, ਤਾਂ ਉਸ ਦਾ ਡੈਡੀ ਸਾਈਕਲ ਨੂੰ ਫੜ੍ਹ ਕੇ ਰੱਖਦਾ ਹੈ ਤਾਂਕਿ ਸਾਈਕਲ ਡਿਗੇ ਨਾ। ਪਰ ਸਮੇਂ ਦੇ ਬੀਤਣ ਨਾਲ ਬੱਚਾ ਸਾਈਕਲ ਨੂੰ ਸੰਭਾਲਣਾ ਸਿੱਖ ਲੈਂਦਾ ਹੈ। ਇਸ ਕਰਕੇ ਉਸ ਦਾ ਡੈਡੀ ਕੁਝ ਸਕਿੰਟਾਂ ਲਈ ਸਾਈਕਲ ਨੂੰ ਛੱਡ ਦਿੰਦਾ ਹੈ। ਜਦੋਂ ਡੈਡੀ ਨੂੰ ਯਕੀਨ ਹੋ ਜਾਂਦਾ ਹੈ ਕਿ ਬੱਚਾ ਸਾਈਕਲ ਨੂੰ ਸੰਭਾਲ ਲਵੇਗਾ, ਤਾਂ ਉਹ ਪੂਰੀ ਤਰ੍ਹਾਂ ਸਾਈਕਲ ਨੂੰ ਛੱਡ ਦਿੰਦਾ ਹੈ। ਇਸੇ ਤਰ੍ਹਾਂ, ਜਦੋਂ ਮਾਪੇ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦੇ ਕੇ ਆਪਣੇ ਬੱਚਿਆਂ ਨੂੰ ਧੀਰਜ ਨਾਲ ਸਿਖਾਉਂਦੇ ਹਨ, ਤਾਂ ਉਹ ਆਪਣੇ ਬੱਚਿਆਂ ਦੀ ਅਨੁਸ਼ਾਸਨ ਵਿਚ ਰਹਿਣ ਅਤੇ ਬੁੱਧ ਹਾਸਲ ਕਰਨ ਵਿਚ ਮਦਦ ਕਰਦੇ ਹਨ।—ਅਫ਼. 6:4.
4, 5. (ੳ) ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣਾ “ਨਵੇਂ ਸੁਭਾਅ” ਦਾ ਅਹਿਮ ਹਿੱਸਾ ਕਿਉਂ ਹੈ? (ਅ) ਗ਼ਲਤੀਆਂ ਹੋਣ ʼਤੇ ਵੀ ਸਾਨੂੰ ਨਿਰਾਸ਼ ਕਿਉਂ ਨਹੀਂ ਹੋਣਾ ਚਾਹੀਦਾ?
4 ਇਹ ਗੱਲ ਉਨ੍ਹਾਂ ʼਤੇ ਵੀ ਲਾਗੂ ਹੁੰਦੀ ਹੈ ਜੋ ਵੱਡੇ ਹੋ ਕੇ ਯਹੋਵਾਹ ਬਾਰੇ ਸਿੱਖਦੇ ਹਨ। ਭਾਵੇਂ ਕਿ ਉਨ੍ਹਾਂ ਨੇ ਸ਼ਾਇਦ ਆਪਣੇ ਆਪ ਨੂੰ ਥੋੜ੍ਹਾ-ਬਹੁਤਾ ਅਨੁਸ਼ਾਸਨ ਵਿਚ ਰਹਿਣਾ ਸਿਖਾਇਆ ਹੋਵੇ, ਪਰ ਉਹ ਸਮਝਦਾਰ ਮਸੀਹੀ ਨਹੀਂ ਹੁੰਦੇ। ਪਰ ਜਦੋਂ ਉਹ “ਨਵੇਂ ਸੁਭਾਅ” ਨੂੰ ਕੱਪੜਿਆਂ ਵਾਂਗ ਪਾਉਣ ਅਤੇ ਮਸੀਹ ਦੇ ਗੁਣਾਂ ਦੀ ਰੀਸ ਕਰਨ ਦੀ ਕੋਸ਼ਿਸ਼ ਕਰਦੇ ਹਨ, ਤਾਂ ਉਹ ਸਮਝਦਾਰ ਬਣਦੇ ਹਨ। (ਅਫ਼. 4:23, 24) ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖ ਕੇ ਅਸੀਂ “ਬੁਰਾਈ ਅਤੇ ਦੁਨਿਆਵੀ ਇੱਛਾਵਾਂ ਨੂੰ ਤਿਆਗਣਾ ਅਤੇ ਇਸ ਦੁਨੀਆਂ ਵਿਚ ਸਮਝਦਾਰੀ, ਨੇਕੀ ਤੇ ਭਗਤੀ ਨਾਲ ਜੀਵਨ ਗੁਜ਼ਾਰਨਾ” ਸਿੱਖ ਸਕਦੇ ਹਾਂ।—ਤੀਤੁ. 2:12.
5 ਪਰ ਅਸੀਂ ਸਾਰੇ ਪਾਪੀ ਹਾਂ। (ਉਪ. 7:20) ਸੋ ਜੇ ਸਾਡੇ ਤੋਂ ਕੋਈ ਗ਼ਲਤੀ ਹੋ ਜਾਂਦੀ ਹੈ, ਤਾਂ ਕੀ ਇਸ ਦਾ ਇਹ ਮਤਲਬ ਹੈ ਕਿ ਸਾਡੇ ਵਿਚ ਅਨੁਸ਼ਾਸਨ ਦੀ ਘਾਟ ਹੈ ਜਾਂ ਸਾਡੇ ਵਿਚ ਬਿਲਕੁਲ ਵੀ ਅਨੁਸ਼ਾਸਨ ਨਹੀਂ ਹੈ? ਜ਼ਰੂਰੀ ਨਹੀਂ। ਸਾਨੂੰ ਕਹਾਉਤਾਂ 24:16 ਤੋਂ ਪਤਾ ਲੱਗਦਾ ਹੈ: “ਧਰਮੀ ਸੱਤ ਵਾਰੀ ਡਿੱਗ ਕੇ ਉੱਠ ਖਲੋਂਦਾ ਹੈ।” ਕਿਹੜੀ ਗੱਲ ਸਾਡੀ ਦੁਬਾਰਾ “ਉੱਠ” ਖੜ੍ਹੇ ਹੋਣ ਵਿਚ ਮਦਦ ਕਰੇਗੀ? ਅਸੀਂ ਆਪਣੀ ਤਾਕਤ ਨਾਲ ਨਹੀਂ, ਸਗੋਂ ਪਰਮੇਸ਼ੁਰ ਦੀ ਸ਼ਕਤੀ ਨਾਲ ਉੱਠ ਖੜ੍ਹੇ ਹੋ ਸਕਦੇ ਹਾਂ। (ਫ਼ਿਲਿੱਪੀਆਂ 4:13 ਪੜ੍ਹੋ।) ਪਵਿੱਤਰ ਸ਼ਕਤੀ ਦਾ ਇਕ ਗੁਣ ਹੈ, ਸੰਜਮ ਅਤੇ ਇਹ ਗੁਣ ਆਪਣੇ ਆਪ ਨੂੰ ਅਨੁਸ਼ਾਸਨ ਵਿਚ ਰੱਖਣ ਨਾਲ ਮਿਲਦਾ-ਜੁਲਦਾ ਹੈ।
6. ਅਸੀਂ ਪਰਮੇਸ਼ੁਰ ਦੇ ਬਚਨ ਦੇ ਵਧੀਆ ਵਿਦਿਆਰਥੀ ਕਿਵੇਂ ਬਣ ਸਕਦੇ ਹਾਂ? (ਇਸ ਲੇਖ ਦੀ ਪਹਿਲੀ ਤਸਵੀਰ ਦੇਖੋ।)
6 ਪ੍ਰਾਰਥਨਾ, ਬਾਈਬਲ ਅਧਿਐਨ ਅਤੇ ਸੋਚ-ਵਿਚਾਰ ਕਰ ਕੇ ਵੀ ਅਸੀਂ ਅਨੁਸ਼ਾਸਨ ਵਿਚ ਰਹਿਣਾ ਸਿੱਖ ਸਕਦੇ ਹਾਂ। ਪਰ ਉਦੋਂ ਕੀ ਜੇ ਤੁਹਾਨੂੰ ਬਾਈਬਲ ਅਧਿਐਨ ਕਰਨਾ ਔਖਾ ਲੱਗਦਾ ਹੈ ਜਾਂ ਤੁਹਾਨੂੰ ਪੜ੍ਹਨਾ ਹੀ ਪਸੰਦ ਨਹੀਂ ਹੈ? ਨਿਰਾਸ਼ ਨਾ ਹੋਵੋ। ਜੇ ਤੁਸੀਂ ਯਹੋਵਾਹ ਤੋਂ ਮਦਦ ਮੰਗੋਗੇ, ਤਾਂ ਉਹ ਆਪਣੇ ਬਚਨ ਲਈ “ਭੁੱਖ ਪੈਦਾ” ਕਰਨ ਵਿਚ ਤੁਹਾਡੀ ਮਦਦ ਕਰੇਗਾ। (1 ਪਤ. 2:2) ਯਹੋਵਾਹ ਤੋਂ ਮਦਦ ਮੰਗੋ ਕਿ ਉਹ ਅਨੁਸ਼ਾਸਨ ਵਿਚ ਰਹਿਣ ਵਿਚ ਤੁਹਾਡੀ ਮਦਦ ਕਰੇ ਤਾਂਕਿ ਤੁਸੀਂ ਅਧਿਐਨ ਕਰਨ ਲਈ ਸਮਾਂ ਕੱਢ ਸਕੋ। ਸ਼ੁਰੂ-ਸ਼ੁਰੂ ਵਿਚ ਤੁਸੀਂ ਕੁਝ ਮਿੰਟਾਂ ਲਈ ਹੀ ਅਧਿਐਨ ਕਰ ਸਕਦੇ ਹੋ। ਹੌਲੀ-ਹੌਲੀ ਤੁਹਾਡੇ ਲਈ ਅਧਿਐਨ ਕਰਨਾ ਸੌਖਾ ਹੋ ਜਾਵੇਗਾ ਅਤੇ ਤੁਹਾਨੂੰ ਅਧਿਐਨ ਕਰ ਕੇ ਮਜ਼ਾ ਆਵੇਗਾ। ਤੁਹਾਨੂੰ ਉਹ ਸਮਾਂ ਵਧੀਆ ਲੱਗੇਗਾ ਜੋ ਤੁਸੀਂ ਇਕੱਲਿਆਂ ਯਹੋਵਾਹ ਦੀਆਂ ਅਨਮੋਲ ਗੱਲਾਂ ʼਤੇ ਸੋਚ-ਵਿਚਾਰ ਕਰਨ ਵਿਚ ਲਾਉਂਦੇ ਹੋ।—1 ਤਿਮੋ. 4:15.
7. ਅਨੁਸ਼ਾਸਨ ਵਿਚ ਰਹਿਣ ਕਰਕੇ ਸਾਡੀ ਯਹੋਵਾਹ ਦੇ ਸੇਵਾ ਵਿਚ ਰੱਖੇ ਟੀਚਿਆਂ ਨੂੰ ਹਾਸਲ ਕਰਨ ਵਿਚ ਕਿਵੇਂ ਮਦਦ ਹੁੰਦੀ ਹੈ?
7 ਅਨੁਸ਼ਾਸਨ ਵਿਚ ਰਹਿਣ ਕਰਕੇ ਸਾਡੀ ਮਦਦ ਹੁੰਦੀ ਹੈ ਕਿ ਅਸੀਂ ਯਹੋਵਾਹ ਦੀ ਸੇਵਾ ਵਿਚ ਰੱਖੇ ਟੀਚਿਆਂ ਨੂੰ ਹਾਸਲ ਕਰ ਸਕੀਏ। ਮਿਸਾਲ ਲਈ, ਇਕ ਪਿਤਾ ਨੂੰ ਲੱਗਾ ਕਿ ਯਹੋਵਾਹ ਦੀ ਸੇਵਾ ਵਿਚ ਉਸ ਦਾ ਜੋਸ਼ ਠੰਢਾ ਪੈ ਰਿਹਾ ਸੀ। ਇਸ ਲਈ ਉਸ ਨੇ ਰੈਗੂਲਰ ਪਾਇਨੀਅਰਿੰਗ ਕਰਨ ਦਾ ਟੀਚਾ ਰੱਖਿਆ। ਅਨੁਸ਼ਾਸਨ ਵਿਚ ਰਹਿਣ ਨਾਲ ਉਸ ਦੀ ਕਿਵੇਂ ਮਦਦ ਹੋਈ? ਉਸ ਨੇ ਸਾਡੇ ਰਸਾਲਿਆਂ ਵਿੱਚੋਂ ਪਾਇਨੀਅਰਿੰਗ ਬਾਰੇ ਲੇਖ ਪੜ੍ਹੇ ਅਤੇ ਇਸ ਬਾਰੇ ਪ੍ਰਾਰਥਨਾ ਕੀਤੀ। ਇਸ ਤਰ੍ਹਾਂ ਕਰਨ ਕਰਕੇ ਉਸ ਦੀ ਨਿਹਚਾ ਮਜ਼ਬੂਤ ਹੋਈ ਅਤੇ ਯਹੋਵਾਹ ਨਾਲ ਉਸ ਦਾ ਰਿਸ਼ਤਾ ਹੋਰ ਗੂੜ੍ਹਾ ਹੋਇਆ। ਉਹ ਸਮੇਂ-ਸਮੇਂ ʼਤੇ ਔਗਜ਼ੀਲਰੀ ਪਾਇਨੀਅਰਿੰਗ ਵੀ ਕਰਦਾ ਸੀ। ਰੁਕਾਵਟਾਂ ਦੇ ਬਾਵਜੂਦ ਵੀ, ਉਸ ਨੇ ਆਪਣਾ ਧਿਆਨ ਆਪਣੇ ਟੀਚੇ ʼਤੇ ਲਾਈ ਰੱਖਿਆ। ਕੁਝ ਸਮੇਂ ਬਾਅਦ, ਉਹ ਰੈਗੂਲਰ ਪਾਇਨੀਅਰਿੰਗ ਕਰਨ ਲੱਗ ਪਿਆ।
ਯਹੋਵਾਹ ਦਾ ਅਨੁਸ਼ਾਸਨ ਦੇ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰੋ
8-10. ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਕਿਹੜੀ ਗੱਲ ਮਾਪਿਆਂ ਦੀ ਮਦਦ ਕਰ ਸਕਦੀ ਹੈ ਤਾਂਕਿ ਉਨ੍ਹਾਂ ਦੇ ਬੱਚੇ ਯਹੋਵਾਹ ਦੀ ਸੇਵਾ ਕਰਨ? ਇਕ ਮਿਸਾਲ ਦਿਓ।
8 ਯਹੋਵਾਹ ਨੇ ਮਾਪਿਆਂ ਨੂੰ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ “ਯਹੋਵਾਹ ਦੀ ਤਾੜਨਾ ਅਤੇ ਸਿੱਖਿਆ” ਦੇ ਕੇ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨ। (ਅਫ਼. 6:4) ਅੱਜ ਦੇ ਜ਼ਮਾਨੇ ਵਿਚ ਇੱਦਾਂ ਕਰਨਾ ਬਹੁਤ ਹੀ ਔਖਾ ਹੈ। (2 ਤਿਮੋ. 3:1-5) ਜਦੋਂ ਬੱਚਿਆਂ ਦਾ ਜਨਮ ਹੁੰਦਾ ਹੈ, ਤਾਂ ਉਨ੍ਹਾਂ ਨੂੰ ਸਹੀ-ਗ਼ਲਤ ਵਿਚ ਫ਼ਰਕ ਪਤਾ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਦੀ ਜ਼ਮੀਰ ਨੂੰ ਸਿਖਲਾਈ ਮਿਲੀ ਹੁੰਦੀ ਹੈ। ਇਸ ਲਈ ਉਨ੍ਹਾਂ ਨੂੰ ਸਿੱਖਿਆ ਜਾਂ ਅਨੁਸ਼ਾਸਨ ਦੇਣ ਦੀ ਲੋੜ ਹੁੰਦੀ ਹੈ। (ਰੋਮੀ. 2:14, 15) ਇਕ ਬਾਈਬਲ ਵਿਦਵਾਨ ਨੇ ਸਮਝਾਇਆ ਕਿ “ਅਨੁਸ਼ਾਸਨ” ਲਈ ਵਰਤੇ ਗਏ ਯੂਨਾਨੀ ਸ਼ਬਦ ਦਾ ਮਤਲਬ ਹੋ ਸਕਦਾ ਹੈ, “ਬੱਚੇ ਦਾ ਵਿਕਾਸ” ਜਾਂ ਇਕ ਬੱਚੇ ਨੂੰ ਜ਼ਿੰਮੇਵਾਰ ਵਿਅਕਤੀ ਬਣਾਉਣ ਲਈ ਦੀ ਉਸ ਪਰਵਰਿਸ਼ ਕਰਨੀ।
9 ਜਦੋਂ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਨਾਲ ਅਨੁਸ਼ਾਸਨ ਦਿੰਦੇ ਹਨ, ਤਾਂ ਉਹ ਪਿਆਰ ਅਤੇ ਸੁਰੱਖਿਅਤ ਮਹਿਸੂਸ ਕਰਦੇ ਹਨ। ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਆਜ਼ਾਦੀ ਦੀ ਵੀ ਇਕ ਹੱਦ ਹੁੰਦੀ ਹੈ ਅਤੇ ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚ ਹਰ ਕੰਮ ਦੇ ਨਤੀਜੇ ਭੁਗਤਣੇ ਪੈਣਗੇ। ਇਸ ਲਈ ਮਸੀਹੀ ਮਾਪਿਆਂ ਲਈ ਜ਼ਰੂਰੀ ਹੈ ਕਿ ਉਹ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਿਆਂ ਯਹੋਵਾਹ ਦੀ ਬੁੱਧ ʼਤੇ ਭਰੋਸਾ ਰੱਖਣ। ਬੱਚਿਆਂ ਦੀ ਪਰਵਰਿਸ਼ ਸੰਬੰਧੀ ਅਲੱਗ-ਅਲੱਗ ਸਭਿਆਚਾਰਾਂ ਵਿਚ ਵਿਚਾਰ ਵੱਖੋ-ਵੱਖਰੇ ਹੁੰਦੇ ਹਨ ਅਤੇ ਇਹ ਵਿਚਾਰ ਸਮੇਂ ਦੇ ਨਾਲ ਬਦਲਦੇ ਰਹਿੰਦੇ ਹਨ। ਪਰ ਪਰਮੇਸ਼ੁਰ ਦੀ ਬੁੱਧ ʼਤੇ ਭਰੋਸਾ ਰੱਖਣ ਵਾਲੇ ਮਾਪਿਆਂ ਨੂੰ ਇਹ ਅੰਦਾਜ਼ੇ ਲਾਉਣ ਦੀ ਲੋੜ ਨਹੀਂ ਹੁੰਦੀ ਕਿ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ। ਨਾਲੇ ਉਨ੍ਹਾਂ ਨੂੰ ਨਾ ਹੀ ਆਪਣੇ ਤਜਰਬੇ ਉੱਤੇ ਤੇ ਨਾ ਹੀ ਇਨਸਾਨੀ ਸੋਚ ਉੱਤੇ ਭਰੋਸਾ ਰੱਖਣ ਲੋੜ ਹੁੰਦੀ ਹੈ।
10 ਅਸੀਂ ਨੂਹ ਦੀ ਮਿਸਾਲ ਤੋਂ ਸਿੱਖ ਸਕਦੇ ਹਾਂ। ਜਦੋਂ ਯਹੋਵਾਹ ਨੇ ਨੂਹ ਨੂੰ ਕਿਸ਼ਤੀ ਬਣਾਉਣ ਲਈ ਕਿਹਾ, ਤਾਂ ਨੂਹ ਨੂੰ ਕਿਸ਼ਤੀ ਬਣਾਉਣੀ ਨਹੀਂ ਆਉਂਦੀ ਸੀ। ਉਸ ਨੂੰ ਯਹੋਵਾਹ ʼਤੇ ਭਰੋਸਾ ਰੱਖਣ ਦੀ ਲੋੜ ਸੀ। ਅਸੀਂ ਬਾਈਬਲ ਵਿਚ ਪੜ੍ਹਦੇ ਹਾਂ ਕਿ ਉਸ ਨੇ “ਤਿਵੇਂ” ਹੀ ਕੀਤਾ ਜਿਵੇਂ ਯਹੋਵਾਹ ਨੇ ਉਸ ਨੂੰ ਆਗਿਆ ਦਿੱਤੀ ਸੀ। (ਉਤ. 6:22) ਇਸ ਦਾ ਨਤੀਜਾ ਕੀ ਨਿਕਲਿਆ? ਕਿਸ਼ਤੀ ਕਰਕੇ ਨੂਹ ਅਤੇ ਉਸ ਦੇ ਪਰਿਵਾਰ ਦੀ ਜਾਨ ਬਚ ਗਈ। ਨੂਹ ਇਕ ਚੰਗਾ ਪਿਤਾ ਵੀ ਸੀ। ਕਿਉਂ? ਕਿਉਂਕਿ ਉਸ ਨੇ ਪਰਮੇਸ਼ੁਰ ਦੀ ਬੁੱਧ ʼਤੇ ਭਰੋਸਾ ਰੱਖਿਆ। ਨੂਹ ਨੇ ਆਪਣੇ ਬੱਚਿਆਂ ਨੂੰ ਵਧੀਆ ਸਿਖਲਾਈ ਦਿੱਤੀ ਸੀ ਅਤੇ ਉਨ੍ਹਾਂ ਲਈ ਇਕ ਵਧੀਆ ਮਿਸਾਲ ਰੱਖੀ ਸੀ। ਜਲ-ਪਰਲੋ ਤੋਂ ਪਹਿਲਾਂ ਦੇ ਦੁਸ਼ਟ ਮਾਹੌਲ ਵਿਚ ਇੱਦਾਂ ਕਰਨਾ ਸੌਖਾ ਨਹੀਂ ਸੀ।—ਉਤ. 6:5.
11. ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਦੀ ਪੂਰੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ?
11 ਮਾਪਿਆਂ ਵਜੋਂ, ਤੁਸੀਂ ਉਹ ਕੰਮ ਕਿਵੇਂ ਕਰ ਸਕਦੇ ਹੋ ਜੋ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਸਹੀ ਹਨ? ਯਹੋਵਾਹ ਦੀ ਸੁਣੋ। ਬੱਚਿਆਂ ਦੀ ਪਰਵਰਿਸ਼ ਕਰਨ ਵਿਚ ਉਸ ਨੂੰ ਆਪਣੀ ਮਦਦ ਕਰਨ ਦਿਓ। ਉਸ ਦੇ ਬਚਨ ਅਤੇ ਸੰਗਠਨ ਦੀ ਸਲਾਹ ਲਾਗੂ ਕਰੋ। ਬਾਅਦ ਵਿਚ, ਤੁਹਾਡੇ ਬੱਚੇ ਇਸ ਗੱਲ ਲਈ ਤੁਹਾਡਾ ਜ਼ਰੂਰ ਧੰਨਵਾਦ ਕਰਨਗੇ। ਇਕ ਭਰਾ ਨੇ ਲਿਖਿਆ: “ਮੇਰੇ ਮਾਪਿਆਂ ਨੇ ਜਿਸ ਤਰੀਕੇ ਨਾਲ ਮੇਰੀ ਪਰਵਰਿਸ਼ ਕੀਤੀ, ਉਸ ਲਈ ਮੈਂ ਉਨ੍ਹਾਂ ਦਾ ਦਿਲੋਂ ਧੰਨਵਾਦੀ ਹਾਂ। ਉਨ੍ਹਾਂ ਨੇ ਮੇਰੇ ਦਿਲ ਦੀ ਗੱਲ ਜਾਣਨ ਦੀ ਪੂਰੀ ਕੋਸ਼ਿਸ਼ ਕੀਤੀ।” ਉਸ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ ਯਹੋਵਾਹ ਦੇ ਨੇੜੇ ਜਾਣ ਵਿਚ ਉਸ ਦੀ ਮਦਦ ਕੀਤੀ। ਭਾਵੇਂ ਮਾਪੇ ਆਪਣੇ ਬੱਚੇ ਨੂੰ ਸੱਚਾਈ ਸਿਖਾਉਣ ਦੀ ਪੂਰੀ ਕੋਸ਼ਿਸ਼ ਕਰਦੇ ਹਨ, ਫਿਰ ਵੀ ਬੱਚਾ ਯਹੋਵਾਹ ਤੋਂ ਦੂਰ ਹੋ ਸਕਦਾ ਹੈ। ਪਰ ਜਿਹੜੇ ਮਾਪਿਆਂ ਨੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੁੰਦੀ ਹੈ, ਉਨ੍ਹਾਂ ਦੀ ਜ਼ਮੀਰ ਸ਼ੁੱਧ ਹੁੰਦੀ ਹੈ ਅਤੇ ਉਹ ਉਮੀਦ ਰੱਖ ਸਕਦੇ ਹਨ ਕਿ ਇਕ-ਨਾ-ਇਕ ਦਿਨ ਉਨ੍ਹਾਂ ਦਾ ਬੱਚਾ ਯਹੋਵਾਹ ਵੱਲ ਮੁੜ ਆਵੇਗਾ।
12, 13. (ੳ) ਬੱਚੇ ਦੇ ਛੇਕੇ ਜਾਣ ʼਤੇ ਮਾਪੇ ਆਗਿਆਕਾਰੀ ਕਿਵੇਂ ਦਿਖਾ ਸਕਦੇ ਹਨ? (ਅ) ਇਕ ਪਰਿਵਾਰ ਨੂੰ ਯਹੋਵਾਹ ਦੇ ਆਗਿਆਕਾਰ ਰਹਿਣ ਦਾ ਕੀ ਫ਼ਾਇਦਾ ਹੋਇਆ?
12 ਜਦੋਂ ਇਕ ਬੱਚੇ ਨੂੰ ਛੇਕਿਆ ਜਾਂਦਾ ਹੈ, ਤਾਂ ਕੁਝ ਮਾਪਿਆਂ ਲਈ ਆਗਿਆਕਾਰ ਰਹਿਣਾ ਸਭ ਤੋਂ ਔਖਾ ਹੋ ਸਕਦਾ ਹੈ। ਜ਼ਰਾ ਇਕ ਮਾਂ ਦੀ ਮਿਸਾਲ ʼਤੇ ਗੌਰ ਕਰੋ ਜਿਸ ਦੀ ਕੁੜੀ ਛੇਕੇ ਜਾਣ ਤੋਂ ਬਾਅਦ ਘਰ ਛੱਡ ਕੇ ਚਲੀ ਗਈ ਸੀ। ਉਹ ਮਾਂ ਦੱਸਦੀ ਹੈ: “ਮੈਂ ਪ੍ਰਕਾਸ਼ਨ ਪੜ੍ਹਦੀ ਸੀ ਤਾਂਕਿ ਮੈਨੂੰ ਆਪਣੀ ਧੀ ਤੇ ਦੋਹਤੀ ਨੂੰ ਮਿਲਣ ਦਾ ਕੋਈ ਬਹਾਨਾ ਮਿਲ ਜਾਵੇ।” ਪਰ ਉਸ ਦੇ ਪਤੀ ਨੇ ਪਿਆਰ ਨਾਲ ਉਸ ਦੀ ਮਦਦ ਕੀਤੀ ਕਿ ਉਨ੍ਹਾਂ ਨੂੰ ਪਰਮੇਸ਼ੁਰ ਦੇ ਅਨੁਸ਼ਾਸਨ ਵਿਚ ਦਖ਼ਲ-ਅੰਦਾਜ਼ੀ ਨਹੀਂ ਕਰਨੀ ਚਾਹੀਦੀ ਅਤੇ ਉਨ੍ਹਾਂ ਨੂੰ ਯਹੋਵਾਹ ਦੇ ਵਫ਼ਾਦਾਰ ਰਹਿਣ ਦੀ ਲੋੜ ਹੈ।
13 ਕੁਝ ਸਾਲਾਂ ਬਾਅਦ, ਉਨ੍ਹਾਂ ਦੀ ਧੀ ਨੂੰ ਮੁੜ ਬਹਾਲ ਕਰ ਦਿੱਤਾ ਗਿਆ। ਮਾਂ ਦੱਸਦੀ ਹੈ: “ਹੁਣ ਉਹ ਹਰ ਰੋਜ਼ ਮੈਨੂੰ ਫ਼ੋਨ ਜਾਂ ਮੈਸਿਜ ਕਰਦੀ ਹੈ। ਨਾਲੇ ਉਹ ਮੇਰਾ ਤੇ ਆਪਣੇ ਡੈਡੀ ਦਾ ਦਿਲੋਂ ਆਦਰ ਕਰਦੀ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਅਸੀਂ ਪਰਮੇਸ਼ੁਰ ਦਾ ਕਹਿਣਾ ਮੰਨਿਆ ਸੀ। ਸਾਡੇ ਵਿਚ ਬਹੁਤ ਵਧੀਆ ਰਿਸ਼ਤਾ ਹੈ।” ਜੇ ਤੁਹਾਡੀ ਧੀ ਜਾਂ ਪੁੱਤ ਨੂੰ ਛੇਕਿਆ ਜਾਂਦਾ ਹੈ, ਤਾਂ ਕੀ ਤੁਸੀਂ ‘ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖੋਗੇ?’ ਕੀ ਤੁਸੀਂ ਪਰਮੇਸ਼ੁਰ ਨੂੰ ਦਿਖਾਓਗੇ ਕਿ ਤੁਸੀਂ ‘ਆਪਣੀ ਹੀ ਸਮਝ ਉੱਤੇ ਅਤਬਾਰ ਨਹੀਂ ਕਰਦੇ?’ (ਕਹਾ. 3:5, 6) ਯਾਦ ਰੱਖੋ ਕਿ ਯਹੋਵਾਹ ਦੇ ਅਨੁਸ਼ਾਸਨ ਤੋਂ ਜ਼ਾਹਰ ਹੁੰਦਾ ਹੈ ਕਿ ਉਹ ਕਿੰਨਾ ਬੁੱਧੀਮਾਨ ਹੈ ਅਤੇ ਸਾਨੂੰ ਕਿੰਨਾ ਪਿਆਰ ਕਰਦਾ ਹੈ। ਇਹ ਗੱਲ ਕਦੇ ਨਾ ਭੁੱਲੋ ਕਿ ਉਸ ਨੇ ਆਪਣੇ ਪੁੱਤਰ ਦੀ ਕੁਰਬਾਨੀ ਸਾਰਿਆਂ ਲਈ ਦਿੱਤੀ ਸੀ ਜਿਨ੍ਹਾਂ ਵਿਚ ਤੁਹਾਡੀ ਧੀ ਜਾਂ ਪੁੱਤ ਵੀ ਸ਼ਾਮਲ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਹਰ ਕੋਈ ਹਮੇਸ਼ਾ ਦੀ ਜ਼ਿੰਦਗੀ ਪਾਵੇ। (2 ਪਤਰਸ 3:9 ਪੜ੍ਹੋ।) ਇਸ ਲਈ ਮਾਪਿਓ, ਭਰੋਸਾ ਰੱਖੋ ਕਿ ਯਹੋਵਾਹ ਵੱਲੋਂ ਮਿਲਦਾ ਅਨੁਸ਼ਾਸਨ ਅਤੇ ਸੇਧ ਹਮੇਸ਼ਾ ਸਹੀ ਹੁੰਦੀ ਹੈ। ਉਦੋਂ ਵੀ ਇਹ ਭਰੋਸਾ ਰੱਖੋ ਜਦੋਂ ਇੱਦਾਂ ਕਰਨਾ ਤੁਹਾਨੂੰ ਬਹੁਤ ਔਖਾ ਲੱਗਦਾ ਹੈ। ਪਰਮੇਸ਼ੁਰ ਦੇ ਅਨੁਸ਼ਾਸਨ ਵੱਲ ਕੰਨ ਲਾਓ ਅਤੇ ਇਸ ਦੇ ਖ਼ਿਲਾਫ਼ ਨਾ ਜਾਓ।
ਮੰਡਲੀ ਵਿਚ
14. ਅਸੀਂ ਯਹੋਵਾਹ ਵੱਲੋਂ ਮਿਲਦੀਆਂ ਹਿਦਾਇਤਾਂ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ ਜੋ ਉਹ “ਵਫ਼ਾਦਾਰ ਤੇ ਸਮਝਦਾਰ ਪ੍ਰਬੰਧਕ” ਦੇ ਜ਼ਰੀਏ ਦਿੰਦਾ ਹੈ?
14 ਯਹੋਵਾਹ ਨੇ ਮਸੀਹੀ ਮੰਡਲੀ ਦੀ ਦੇਖ-ਭਾਲ ਕਰਨ, ਰਾਖੀ ਕਰਨ ਅਤੇ ਸਿਖਾਉਣ ਦਾ ਵਾਅਦਾ ਕੀਤਾ ਹੈ। ਉਹ ਇਹ ਕਈ ਤਰੀਕਿਆਂ ਨਾਲ ਕਰਦਾ ਹੈ। ਮਿਸਾਲ ਲਈ, ਉਸ ਨੇ ਮੰਡਲੀ ਦੀ ਦੇਖ-ਭਾਲ ਕਰਨ ਲਈ ਆਪਣੇ ਪੁੱਤਰ ਨੂੰ ਚੁਣਿਆ ਹੈ ਜਿਸ ਨੇ ਸਮੇਂ ਸਿਰ ਪਰਮੇਸ਼ੁਰ ਦਾ ਗਿਆਨ ਦੇਣ ਦੀ ਜ਼ਿੰਮੇਵਾਰੀ “ਵਫ਼ਾਦਾਰ ਤੇ ਸਮਝਦਾਰ ਪ੍ਰਬੰਧਕ” ਨੂੰ ਸੌਂਪੀ ਹੈ। (ਲੂਕਾ 12:42) ਇਹ “ਪ੍ਰਬੰਧਕ” ਸਾਨੂੰ ਬਹੁਤ ਸਾਰੇ ਤਰੀਕਿਆਂ ਨਾਲ ਹਿਦਾਇਤਾਂ ਜਾਂ ਅਨੁਸ਼ਾਸਨ ਦਿੰਦਾ ਹੈ। ਕੀ ਤੁਸੀਂ ਕਦੇ ਕੋਈ ਭਾਸ਼ਣ ਸੁਣਿਆ ਹੈ ਜਾਂ ਕਿਸੇ ਰਸਾਲੇ ਵਿੱਚੋਂ ਕੋਈ ਲੇਖ ਪੜ੍ਹਿਆ ਹੈ ਜਿਸ ਨੇ ਤੁਹਾਨੂੰ ਆਪਣੀ ਸੋਚ ਜਾਂ ਚਾਲ-ਚਲਣ ਵਿਚ ਤਬਦੀਲੀਆਂ ਕਰਨ ਲਈ ਪ੍ਰੇਰਿਤ ਕੀਤਾ ਹੋਵੇ? ਜੇ ਤੁਸੀਂ ਤਬਦੀਲੀਆਂ ਕੀਤੀਆਂ ਹਨ, ਤਾਂ ਖ਼ੁਸ਼ ਹੋਵੋ ਕਿਉਂਕਿ ਤੁਸੀਂ ਯਹੋਵਾਹ ਨੂੰ ਅਨੁਸ਼ਾਸਨ ਦੇਣ ਦਾ ਮੌਕਾ ਦੇ ਰਹੇ ਹੋ।—ਕਹਾ. 2:1-5.
15, 16. (ੳ) ਅਸੀਂ ਬਜ਼ੁਰਗਾਂ ਦੇ ਕੰਮਾਂ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ? (ਅ) ਅਸੀਂ ਕੀ ਕਰ ਸਕਦੇ ਹਾਂ ਤਾਂਕਿ ਬਜ਼ੁਰਗ ਖ਼ੁਸ਼ੀ-ਖ਼ੁਸ਼ੀ ਆਪਣਾ ਕੰਮ ਕਰ ਸਕਣ?
15 ਮਸੀਹ ਨੇ ਬਜ਼ੁਰਗਾਂ ਦਾ ਵੀ ਪ੍ਰਬੰਧ ਕੀਤਾ ਹੈ ਜੋ ਪਿਆਰ ਨਾਲ ਮੰਡਲੀ ਦੀ ਦੇਖ-ਭਾਲ ਕਰਦੇ ਹਨ। ਬਾਈਬਲ ਕਹਿੰਦੀ ਹੈ ਕਿ ਇਨ੍ਹਾਂ “ਆਦਮੀਆਂ ਨੂੰ ਤੋਹਫ਼ਿਆਂ ਵਜੋਂ” ਦਿੱਤਾ ਗਿਆ ਹੈ। (ਅਫ਼. 4:8, 11-13) ਅਸੀਂ ਬਜ਼ੁਰਗਾਂ ਦੇ ਕੰਮਾਂ ਤੋਂ ਫ਼ਾਇਦਾ ਕਿਵੇਂ ਲੈ ਸਕਦੇ ਹਾਂ? ਅਸੀਂ ਉਨ੍ਹਾਂ ਦੀ ਨਿਹਚਾ ਅਤੇ ਵਧੀਆ ਮਿਸਾਲ ਦੀ ਰੀਸ ਕਰ ਸਕਦੇ ਹਾਂ। ਨਾਲੇ ਅਸੀਂ ਬਾਈਬਲ ਵਿੱਚੋਂ ਦਿੱਤੀ ਉਨ੍ਹਾਂ ਦੀ ਸਲਾਹ ʼਤੇ ਵੀ ਚੱਲ ਸਕਦੇ ਹਾਂ। (ਇਬਰਾਨੀਆਂ 13:7, 17 ਪੜ੍ਹੋ।) ਬਜ਼ੁਰਗ ਸਾਨੂੰ ਪਿਆਰ ਕਰਦੇ ਹਨ ਅਤੇ ਚਾਹੁੰਦੇ ਹਨ ਕਿ ਅਸੀਂ ਪਰਮੇਸ਼ੁਰ ਦੇ ਹੋਰ ਨੇੜੇ ਜਾਈਏ। ਜੇ ਉਹ ਦੇਖਣਗੇ ਕਿ ਅਸੀਂ ਘੱਟ-ਵੱਧ ਹੀ ਸਭਾਵਾਂ ʼਤੇ ਆਉਂਦੇ ਹਾਂ ਜਾਂ ਪਰਮੇਸ਼ੁਰ ਦੀ ਸੇਵਾ ਵਿਚ ਸਾਡਾ ਜੋਸ਼ ਠੰਢਾ ਪੈ ਰਿਹਾ ਹੈ, ਤਾਂ ਉਹ ਸਾਡੀ ਮਦਦ ਕਰਨ ਵਿਚ ਢਿੱਲ-ਮੱਠ ਨਹੀਂ ਕਰਨਗੇ। ਉਹ ਸਾਡੀ ਗੱਲ ਧਿਆਨ ਨਾਲ ਸੁਣਨਗੇ ਅਤੇ ਸਾਨੂੰ ਬਾਈਬਲ ਵਿੱਚੋਂ ਪਿਆਰ ਨਾਲ ਹੱਲਾਸ਼ੇਰੀ ਅਤੇ ਵਧੀਆ ਸਲਾਹ ਦੇਣਗੇ। ਕੀ ਤੁਸੀਂ ਮੰਨਦੇ ਹੋ ਕਿ ਉਨ੍ਹਾਂ ਦੀ ਮਦਦ ਯਹੋਵਾਹ ਦੇ ਪਿਆਰ ਦਾ ਸਬੂਤ ਹੈ?
16 ਯਾਦ ਰੱਖੋ ਕਿ ਸ਼ਾਇਦ ਬਜ਼ੁਰਗਾਂ ਲਈ ਸਲਾਹ ਦੇਣੀ ਸੌਖੀ ਨਾ ਹੋਵੇ। ਜ਼ਰਾ ਸੋਚੋ, ਨਾਥਾਨ ਨਬੀ ਨੂੰ ਰਾਜਾ ਦਾਊਦ ਨਾਲ ਗੱਲ ਕਰਨੀ ਕਿੰਨੀ ਔਖੀ ਲੱਗੀ ਹੋਣੀ ਜਦੋਂ ਦਾਊਦ ਨੇ ਆਪਣਾ ਗੰਭੀਰ ਪਾਪ ਛੁਪਾਉਣ ਦੀ ਕੋਸ਼ਿਸ਼ ਕੀਤੀ ਸੀ। (2 ਸਮੂ. 12:1-14) ਇਸੇ ਤਰ੍ਹਾਂ ਪੌਲੁਸ ਰਸੂਲ ਨੂੰ ਕਿੰਨੀ ਦਲੇਰੀ ਦੀ ਲੋੜ ਪਈ ਹੋਣੀ ਜਦੋਂ ਉਸ ਨੂੰ ਪਤਰਸ, ਜੋ 12 ਰਸੂਲਾਂ ਵਿੱਚੋਂ ਇਕ ਸੀ, ਨੂੰ ਸੁਧਾਰਨਾ ਪਿਆ ਜੋ ਗ਼ੈਰ-ਯਹੂਦੀ ਭਰਾਵਾਂ ਨਾਲ ਪੱਖਪਾਤ ਕਰ ਰਿਹਾ ਸੀ। (ਗਲਾ. 2:11-14) ਸੋ ਤੁਸੀਂ ਕੀ ਕਰ ਸਕਦੇ ਹੋ ਤਾਂਕਿ ਬਜ਼ੁਰਗ ਖ਼ੁਸ਼ੀ-ਖ਼ੁਸ਼ੀ ਆਪਣਾ ਕੰਮ ਕਰ ਸਕਣ? ਨਿਮਰ ਬਣੋ, ਸ਼ੁਕਰਗੁਜ਼ਾਰ ਹੋਵੋ ਅਤੇ ਉੱਦਾਂ ਦੇ ਵਿਅਕਤੀ ਬਣੋ ਜਿਸ ਨਾਲ ਗੱਲ ਕਰਨੀ ਸੌਖੀ ਹੋਵੇ। ਸੋਚੋ ਕਿ ਉਨ੍ਹਾਂ ਵੱਲੋਂ ਮਿਲਦੀ ਮਦਦ ਪਰਮੇਸ਼ੁਰ ਦੇ ਪਿਆਰ ਦਾ ਸਬੂਤ ਹੈ। ਇਸ ਨਾਲ ਸਿਰਫ਼ ਤੁਹਾਡਾ ਹੀ ਫ਼ਾਇਦਾ ਨਹੀਂ ਹੋਵੇਗਾ, ਸਗੋਂ ਬਜ਼ੁਰਗ ਵੀ ਆਪਣਾ ਕੰਮ ਖ਼ੁਸ਼ੀ-ਖ਼ੁਸ਼ੀ ਕਰ ਸਕਣਗੇ।
17. ਬਜ਼ੁਰਗਾਂ ਨੇ ਇਕ ਭੈਣ ਦੀ ਕਿਵੇਂ ਮਦਦ ਕੀਤੀ?
17 ਆਪਣੇ ਪੁਰਾਣੇ ਤਜਰਬੇ ਕਰਕੇ ਇਕ ਭੈਣ ਨੂੰ ਪਰਮੇਸ਼ੁਰ ਨਾਲ ਪਿਆਰ ਕਰਨਾ ਬਹੁਤ ਔਖਾ ਲੱਗ ਰਿਹਾ ਸੀ ਜਿਸ ਕਰਕੇ ਉਹ ਬਹੁਤ ਨਿਰਾਸ਼ ਹੋ ਗਈ। ਉਸ ਨੇ ਕਿਹਾ: “ਮੈਨੂੰ ਪਤਾ ਸੀ ਕਿ ਮੈਨੂੰ ਬਜ਼ੁਰਗਾਂ ਨਾਲ ਗੱਲ ਕਰਨੀ ਪੈਣੀ। ਉਨ੍ਹਾਂ ਨੇ ਨਾ ਤਾਂ ਮੈਨੂੰ ਨਿਕੰਮਾ ਮਹਿਸੂਸ ਕਰਾਇਆ ਤੇ ਨਾ ਹੀ ਮੇਰੀ ਨੁਕਤਾਚੀਨੀ ਕੀਤੀ। ਪਰ ਉਨ੍ਹਾਂ ਨੇ ਮੇਰਾ ਹੌਸਲਾ ਵਧਾਇਆ ਤੇ ਮੇਰੀ ਨਿਹਚਾ ਮਜ਼ਬੂਤ ਕੀਤੀ। ਭਾਵੇਂ ਬਜ਼ੁਰਗ ਜਿੰਨੇ ਮਰਜ਼ੀ ਰੁੱਝੇ ਹੁੰਦੇ ਸਨ, ਪਰ ਹਰ ਸਭਾ ਤੋਂ ਬਾਅਦ ਕੋਈ-ਨਾ-ਕੋਈ ਬਜ਼ੁਰਗ ਮੇਰਾ ਹਾਲ-ਚਾਲ ਜ਼ਰੂਰ ਪੁੱਛਦਾ ਸੀ। ਆਪਣੇ ਪੁਰਾਣੇ ਤਜਰਬੇ ਕਰਕੇ ਮੈਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਪਿਆਰ ਦੇ ਲਾਇਕ ਨਹੀਂ ਸਮਝਦੀ ਸੀ। ਪਰ ਸਮੇਂ-ਸਮੇਂ ʼਤੇ, ਯਹੋਵਾਹ ਨੇ ਮੰਡਲੀ ਅਤੇ ਬਜ਼ੁਰਗਾਂ ਦੀ ਮਦਦ ਨਾਲ ਮੈਨੂੰ ਆਪਣੇ ਪਿਆਰ ਦਾ ਯਕੀਨ ਦਿਵਾਇਆ। ਮੈਂ ਪ੍ਰਾਰਥਨਾ ਕੀਤੀ ਕਿ ਮੈਂ ਯਹੋਵਾਹ ਨੂੰ ਕਦੇ ਨਹੀਂ ਛੱਡਾਂਗੀ।”
ਅਨੁਸ਼ਾਸਨ ਨਾ ਮੰਨਣ ਦੇ ਬੁਰੇ ਅੰਜਾਮ
18, 19. ਅਨੁਸ਼ਾਸਨ ਨਾ ਮੰਨਣ ਦੇ ਕਿਹੜੇ ਬੁਰੇ ਅੰਜਾਮ ਭੁਗਤਣੇ ਪੈ ਸਕਦੇ ਹਨ? ਮਿਸਾਲ ਦਿਓ।
18 ਅਨੁਸ਼ਾਸਨ ਮਿਲਣ ʼਤੇ ਸਾਨੂੰ ਖ਼ੁਸ਼ੀ ਨਹੀਂ ਹੁੰਦੀ, ਪਰ ਅਨੁਸ਼ਾਸਨ ਨਾ ਮੰਨਣ ਕਰਕੇ ਸਾਨੂੰ ਬਹੁਤ ਬੁਰੇ ਅੰਜਾਮ ਭੁਗਤਣੇ ਪੈਂਦੇ ਹਨ। (ਇਬ. 12:11) ਅਸੀਂ ਕਾਇਨ ਅਤੇ ਰਾਜਾ ਸਿਦਕੀਯਾਹ ਦੀਆਂ ਬੁਰੀਆਂ ਮਿਸਾਲਾਂ ਤੋਂ ਸਿੱਖ ਸਕਦੇ ਹਾਂ। ਜਦੋਂ ਪਰਮੇਸ਼ੁਰ ਨੇ ਦੇਖਿਆ ਕਿ ਕਾਇਨ ਆਪਣੇ ਭਰਾ ਨੂੰ ਨਫ਼ਰਤ ਕਰਕੇ ਮਾਰਨਾ ਚਾਹੁੰਦਾ ਸੀ, ਤਾਂ ਉਸ ਨੇ ਕਾਇਨ ਨੂੰ ਸਲਾਹ ਦਿੱਤੀ: “ਤੂੰ ਕਿਉਂ ਕਰੋਧਵਾਨ ਹੈਂ ਅਤੇ ਤੇਰਾ ਮੂੰਹ ਨੀਵਾਂ ਕਿਉਂ ਹੋ ਗਿਆ? ਜੇ ਤੂੰ ਭਲਾ ਕਰੇਂ ਕੀ ਉਹ ਉਤਾਹਾਂ ਨਾ ਕੀਤਾ ਜਾਵੇ? ਜੇ ਤੂੰ ਭਲਾ ਨਾ ਕਰੇਂ ਤਾਂ ਪਾਪ ਬੂਹੇ ਉੱਤੇ ਛੈਹ ਵਿੱਚ ਬੈਠਾ ਹੈ ਅਤੇ ਉਹ ਤੈਨੂੰ ਲੋਚਦਾ ਹੈ ਪਰ ਤੂੰ ਉਹ ਦੇ ਉੱਤੇ ਪਰਬਲ ਹੋ।” (ਉਤ. 4:6, 7) ਕਾਇਨ ਨੇ ਯਹੋਵਾਹ ਵੱਲੋਂ ਮਿਲੇ ਅਨੁਸ਼ਾਸਨ ਨੂੰ ਸਵੀਕਾਰ ਨਹੀਂ ਕੀਤਾ ਤੇ ਆਪਣੇ ਭਰਾ ਨੂੰ ਮਾਰ ਦਿੱਤਾ ਜਿਸ ਕਰਕੇ ਉਸ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਇਸ ਦੇ ਬਹੁਤ ਬੁਰੇ ਅੰਜਾਮ ਭੁਗਤਣੇ ਪਏ। (ਉਤ. 4:11, 12) ਜੇ ਕਾਇਨ ਨੇ ਪਰਮੇਸ਼ੁਰ ਦੀ ਗੱਲ ਸੁਣੀ ਹੁੰਦੀ, ਤਾਂ ਉਸ ਨੂੰ ਇੰਨਾ ਦੁੱਖ ਨਹੀਂ ਸਹਿਣਾ ਪੈਣਾ ਸੀ।
19 ਸਿਦਕੀਯਾਹ ਇਕ ਮਾਮੂਲੀ ਤੇ ਦੁਸ਼ਟ ਰਾਜਾ ਸੀ। ਉਸ ਦੇ ਰਾਜ ਅਧੀਨ ਯਰੂਸ਼ਲਮ ਦੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਸਨ। ਯਿਰਮਿਯਾਹ ਨਬੀ ਨੇ ਸਿਦਕੀਯਾਹ ਨੂੰ ਵਾਰ-ਵਾਰ ਕਿਹਾ ਕਿ ਉਹ ਆਪਣੇ ਬੁਰੇ ਰਾਹ ਛੱਡ ਦੇਵੇ। ਪਰ ਰਾਜੇ ਨੇ ਯਹੋਵਾਹ ਦੇ ਅਨੁਸ਼ਾਸਨ ਨੂੰ ਸਵੀਕਾਰ ਨਹੀਂ ਕੀਤਾ ਜਿਸ ਕਰਕੇ ਉਸ ਨੂੰ ਬੁਰੇ ਅੰਜਾਮ ਭੁਗਤਣੇ ਪਏ। (ਯਿਰ. 52:8-11) ਯਹੋਵਾਹ ਨਹੀਂ ਚਾਹੁੰਦਾ ਕਿ ਅਸੀਂ ਇਸ ਤਰ੍ਹਾਂ ਦੇ ਅੰਜਾਮ ਭੁਗਤੀਏ।—ਯਸਾਯਾਹ 48:17, 18 ਪੜ੍ਹੋ।
20. ਪਰਮੇਸ਼ੁਰ ਵੱਲੋਂ ਦਿੱਤੇ ਜਾਂਦੇ ਅਨੁਸ਼ਾਸਨ ਨੂੰ ਮੰਨਣ ਵਾਲਿਆਂ ਅਤੇ ਨਾ ਮੰਨਣ ਵਾਲਿਆਂ ਨਾਲ ਕੀ ਹੋਵੇਗਾ?
20 ਅੱਜ ਦੁਨੀਆਂ ਵਿਚ ਬਹੁਤ ਸਾਰੇ ਲੋਕ ਪਰਮੇਸ਼ੁਰ ਵੱਲੋਂ ਦਿੱਤੇ ਜਾਂਦੇ ਅਨੁਸ਼ਾਸਨ ਦਾ ਮਜ਼ਾਕ ਉਡਾਉਂਦੇ ਹਨ ਅਤੇ ਇਸ ਨੂੰ ਨਜ਼ਰ-ਅੰਦਾਜ਼ ਕਰਦੇ ਹਨ। ਪਰ ਜਿਹੜੇ ਲੋਕ ਪਰਮੇਸ਼ੁਰ ਦੇ ਅਨੁਸ਼ਾਸਨ ਨੂੰ ਸਵੀਕਾਰ ਨਹੀਂ ਕਰਦੇ, ਉਹ ਜਲਦੀ ਹੀ ਇਸ ਦੇ ਬੁਰੇ ਅੰਜਾਮ ਭੁਗਤਣਗੇ। (ਕਹਾ. 1:24-31) ਇਸ ਲਈ ਆਓ ਆਪਾਂ ਅਨੁਸ਼ਾਸਨ ਵੱਲ ਕੰਨ ਲਾਈਏ ਤੇ ਬੁੱਧੀਮਾਨ ਬਣੀਏ। ਜਿੱਦਾਂ ਕਹਾਉਤਾਂ 4:13 ਵਿਚ ਲਿਖਿਆ ਹੈ: “ਸਿੱਖਿਆ ਨੂੰ ਫੜੀ ਰੱਖ, ਉਹ ਨੂੰ ਛੱਡੀਂ ਨਾ ਉਹ ਨੂੰ ਸਾਂਭ ਕੇ ਰੱਖ, ਓਹੋ ਤੇਰਾ ਜੀਉਣ ਹੈ।”