ਲੂਕਾ
8 ਫਿਰ ਇਸ ਤੋਂ ਜਲਦੀ ਬਾਅਦ ਉਹ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਲਈ ਸ਼ਹਿਰੋ-ਸ਼ਹਿਰ ਤੇ ਪਿੰਡੋ-ਪਿੰਡ ਗਿਆ ਅਤੇ ਬਾਰਾਂ ਰਸੂਲ ਉਸ ਦੇ ਨਾਲ ਸਨ। 2 ਅਤੇ ਉਸ ਨਾਲ ਕੁਝ ਤੀਵੀਆਂ ਵੀ ਗਈਆਂ ਜਿਨ੍ਹਾਂ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ ਅਤੇ ਜਿਨ੍ਹਾਂ ਨੂੰ ਬੀਮਾਰੀਆਂ ਤੋਂ ਠੀਕ ਕੀਤਾ ਗਿਆ ਸੀ: ਮਰੀਅਮ ਮਗਦਲੀਨੀ ਜਿਸ ਵਿੱਚੋਂ ਸੱਤ ਦੁਸ਼ਟ ਦੂਤ ਕੱਢੇ ਗਏ ਸਨ, 3 ਹੇਰੋਦੇਸ ਦੇ ਘਰ ਦੇ ਨਿਗਰਾਨ ਖੂਜ਼ਾਹ ਦੀ ਪਤਨੀ ਯੋਆਨਾ, ਸੁਸੰਨਾ ਅਤੇ ਕਈ ਹੋਰ ਤੀਵੀਆਂ। ਇਹ ਸਾਰੀਆਂ ਤੀਵੀਆਂ ਆਪਣੇ ਪੈਸੇ ਨਾਲ ਯਿਸੂ ਅਤੇ ਰਸੂਲਾਂ ਦੀ ਸੇਵਾ ਕਰਦੀਆਂ ਸਨ।
4 ਜਿਹੜੇ ਲੋਕ ਉਸ ਨਾਲ ਆਮ ਤੌਰ ਤੇ ਸ਼ਹਿਰੋ-ਸ਼ਹਿਰ ਜਾਂਦੇ ਹੁੰਦੇ ਸਨ, ਉਨ੍ਹਾਂ ਨਾਲ ਵੱਡੀ ਭੀੜ ਆ ਰਲ਼ੀ। ਉਸ ਨੇ ਉਨ੍ਹਾਂ ਨੂੰ ਸਿਖਾਉਂਦੇ ਹੋਏ ਇਹ ਮਿਸਾਲ ਦਿੱਤੀ: 5 “ਇਕ ਆਦਮੀ ਖੇਤਾਂ ਵਿਚ ਬੀ ਬੀਜਣ ਗਿਆ। ਜਦੋਂ ਉਹ ਬੀ ਬੀਜ ਰਿਹਾ ਸੀ, ਤਾਂ ਕੁਝ ਬੀ ਰਾਹ ਵਿਚ ਡਿਗੇ। ਇਹ ਬੀ ਲੋਕਾਂ ਦੇ ਪੈਰਾਂ ਹੇਠ ਮਿੱਧੇ ਗਏ ਅਤੇ ਆਕਾਸ਼ ਦੇ ਪੰਛੀਆਂ ਨੇ ਆ ਕੇ ਇਨ੍ਹਾਂ ਨੂੰ ਚੁਗ ਲਿਆ। 6 ਕੁਝ ਬੀ ਪਥਰੀਲੀ ਜ਼ਮੀਨ ਉੱਤੇ ਡਿਗੇ ਅਤੇ ਉੱਗ ਪਏ, ਪਰ ਪਾਣੀ ਨਾ ਹੋਣ ਕਰਕੇ ਸੁੱਕ ਗਏ। 7 ਕੁਝ ਬੀ ਕੰਡਿਆਲ਼ੀਆਂ ਝਾੜੀਆਂ ਵਿਚ ਡਿਗੇ ਅਤੇ ਝਾੜੀਆਂ ਨੇ ਵਧ ਕੇ ਪੌਦਿਆਂ ਨੂੰ ਦਬਾ ਲਿਆ। 8 ਕੁਝ ਬੀ ਚੰਗੀ ਜ਼ਮੀਨ ਉੱਤੇ ਡਿਗੇ ਅਤੇ ਉੱਗਣ ਤੋਂ ਬਾਅਦ ਉਨ੍ਹਾਂ ਨੇ ਸੌ ਗੁਣਾ ਫਲ ਦਿੱਤਾ।” ਇਹ ਗੱਲਾਂ ਕਹਿਣ ਤੋਂ ਬਾਅਦ ਉਸ ਨੇ ਉੱਚੀ ਆਵਾਜ਼ ਵਿਚ ਕਿਹਾ: “ਧਿਆਨ ਨਾਲ ਮੇਰੀ ਗੱਲ ਸੁਣੋ।”
9 ਫਿਰ ਚੇਲਿਆਂ ਨੇ ਉਸ ਤੋਂ ਇਸ ਮਿਸਾਲ ਦਾ ਮਤਲਬ ਪੁੱਛਿਆ। 10 ਉਸ ਨੇ ਕਿਹਾ: “ਪਰਮੇਸ਼ੁਰ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ, ਪਰ ਬਾਕੀਆਂ ਲਈ ਇਹ ਸਿਰਫ਼ ਮਿਸਾਲਾਂ ਹੀ ਹਨ। ਉਹ ਮੇਰੇ ਕੰਮ ਤਾਂ ਦੇਖਦੇ ਹਨ ਤੇ ਮੇਰੀਆਂ ਗੱਲਾਂ ਤਾਂ ਸੁਣਦੇ ਹਨ, ਪਰ ਇਸ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਉਹ ਇਨ੍ਹਾਂ ਦਾ ਮਤਲਬ ਨਹੀਂ ਸਮਝਦੇ। 11 ਇਸ ਮਿਸਾਲ ਦਾ ਮਤਲਬ ਇਹ ਹੈ: ਬੀ ਪਰਮੇਸ਼ੁਰ ਦਾ ਬਚਨ ਹੈ। 12 ਰਾਹ ਵਿਚ ਬੀਆਂ ਦੇ ਡਿਗਣ ਦਾ ਮਤਲਬ ਹੈ ਕਿ ਕੁਝ ਲੋਕ ਬਚਨ ਨੂੰ ਸੁਣਦੇ ਹਨ, ਪਰ ਫਿਰ ਸ਼ੈਤਾਨ ਆ ਕੇ ਉਨ੍ਹਾਂ ਦੇ ਦਿਲਾਂ ਵਿੱਚੋਂ ਬਚਨ ਕੱਢ ਕੇ ਲੈ ਜਾਂਦਾ ਹੈ ਤਾਂਕਿ ਉਹ ਬਚਨ ਉੱਤੇ ਨਿਹਚਾ ਕਰ ਕੇ ਬਚ ਨਾ ਜਾਣ। 13 ਪਥਰੀਲੀ ਜ਼ਮੀਨ ਉੱਤੇ ਬੀਆਂ ਦੇ ਡਿਗਣ ਦਾ ਮਤਲਬ ਹੈ ਕਿ ਕੁਝ ਲੋਕ ਬਚਨ ਨੂੰ ਸੁਣ ਕੇ ਇਸ ਨੂੰ ਖ਼ੁਸ਼ੀ-ਖ਼ੁਸ਼ੀ ਮੰਨ ਤਾਂ ਲੈਂਦੇ ਹਨ, ਪਰ ਬਚਨ ਉਨ੍ਹਾਂ ਦੇ ਦਿਲਾਂ ਵਿਚ ਜੜ੍ਹ ਨਹੀਂ ਫੜਦਾ। ਉਹ ਥੋੜ੍ਹੇ ਸਮੇਂ ਲਈ ਨਿਹਚਾ ਕਰਦੇ ਹਨ, ਫਿਰ ਮੁਸੀਬਤਾਂ ਆਉਣ ʼਤੇ ਨਿਹਚਾ ਕਰਨੀ ਛੱਡ ਦਿੰਦੇ ਹਨ। 14 ਕੰਡਿਆਲ਼ੀਆਂ ਝਾੜੀਆਂ ਵਿਚ ਬੀਆਂ ਦੇ ਡਿਗਣ ਦਾ ਮਤਲਬ ਹੈ ਕਿ ਕੋਈ ਇਨਸਾਨ ਬਚਨ ਨੂੰ ਸੁਣਦਾ ਤਾਂ ਹੈ, ਪਰ ਜ਼ਿੰਦਗੀ ਦੀਆਂ ਚਿੰਤਾਵਾਂ, ਧਨ-ਦੌਲਤ ਤੇ ਐਸ਼ਪਰਸਤੀ ਕਰਕੇ ਉਸ ਦਾ ਧਿਆਨ ਭਟਕ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਬਚਨ ਨੂੰ ਦਬਾ ਲੈਂਦੀਆਂ ਹਨ ਜਿਸ ਕਰਕੇ ਉਸ ਦੇ ਫਲ ਕਦੀ ਨਹੀਂ ਪੱਕਦੇ। 15 ਚੰਗੀ ਜ਼ਮੀਨ ਉੱਤੇ ਬੀਆਂ ਦੇ ਡਿਗਣ ਦਾ ਮਤਲਬ ਹੈ ਕਿ ਕੁਝ ਲੋਕ ਬਚਨ ਨੂੰ ਸੁਣਦੇ ਹਨ ਅਤੇ ਆਪਣੇ ਨੇਕਦਿਲਾਂ ਵਿਚ ਇਸ ਨੂੰ ਜੜ੍ਹ ਫੜਨ ਦਿੰਦੇ ਹਨ ਅਤੇ ਧੀਰਜ ਰੱਖਦੇ ਹੋਏ ਫਲ ਦਿੰਦੇ ਹਨ।
16 “ਕੋਈ ਵੀ ਇਨਸਾਨ ਦੀਵਾ ਬਾਲ਼ ਕੇ ਭਾਂਡੇ ਜਾਂ ਮੰਜੇ ਹੇਠਾਂ ਨਹੀਂ ਰੱਖਦਾ, ਸਗੋਂ ਉੱਚੀ ਜਗ੍ਹਾ ਰੱਖਦਾ ਹੈ ਤਾਂਕਿ ਕਮਰੇ ਵਿਚ ਆਉਣ ਵਾਲੇ ਲੋਕ ਚਾਨਣ ਨੂੰ ਦੇਖ ਸਕਣ। 17 ਕਿਉਂਕਿ ਅਜਿਹੀ ਕੋਈ ਵੀ ਗੁਪਤ ਗੱਲ ਨਹੀਂ ਹੈ ਜੋ ਜ਼ਾਹਰ ਨਾ ਕੀਤੀ ਜਾਵੇਗੀ। ਅਤੇ ਚਾਹੇ ਕੋਈ ਚੀਜ਼ ਜਿੰਨੀ ਮਰਜ਼ੀ ਧਿਆਨ ਨਾਲ ਲੁਕੋ ਕੇ ਰੱਖੀ ਗਈ ਹੋਵੇ, ਉਸ ਬਾਰੇ ਕਦੇ-ਨਾ-ਕਦੇ ਪਤਾ ਲੱਗ ਜਾਵੇਗਾ ਅਤੇ ਉਹ ਕਦੇ-ਨਾ-ਕਦੇ ਸਾਮ੍ਹਣੇ ਆ ਜਾਵੇਗੀ। 18 ਇਸ ਲਈ ਧਿਆਨ ਨਾਲ ਸੁਣੋ ਕਿਉਂਕਿ ਜਿਸ ਕੋਲ ਹੈ, ਉਸ ਨੂੰ ਹੋਰ ਦਿੱਤਾ ਜਾਵੇਗਾ, ਪਰ ਜਿਸ ਕੋਲ ਨਹੀਂ ਹੈ, ਉਸ ਕੋਲੋਂ ਉਹ ਵੀ ਲੈ ਲਿਆ ਜਾਵੇਗਾ ਜੋ ਉਹ ਸੋਚਦਾ ਹੈ ਕਿ ਉਸ ਕੋਲ ਹੈ।”
19 ਹੁਣ ਉਸ ਦੀ ਮਾਤਾ ਅਤੇ ਭਰਾ ਉਸ ਨੂੰ ਮਿਲਣ ਆਏ, ਪਰ ਭੀੜ ਹੋਣ ਕਰਕੇ ਉਸ ਕੋਲ ਅੰਦਰ ਨਾ ਜਾ ਸਕੇ। 20 ਇਸ ਲਈ, ਕਿਸੇ ਨੇ ਉਸ ਨੂੰ ਦੱਸਿਆ: “ਤੇਰੀ ਮਾਤਾ ਅਤੇ ਭਰਾ ਬਾਹਰ ਖੜ੍ਹੇ ਹਨ ਅਤੇ ਤੈਨੂੰ ਮਿਲਣਾ ਚਾਹੁੰਦੇ ਹਨ।” 21 ਉਸ ਨੇ ਉਨ੍ਹਾਂ ਨੂੰ ਕਿਹਾ: “ਇਹ ਲੋਕ ਹੀ ਮੇਰੀ ਮਾਤਾ ਅਤੇ ਮੇਰੇ ਭਰਾ ਹਨ ਕਿਉਂਕਿ ਇਹ ਮੇਰੇ ਪਿਤਾ ਦਾ ਬਚਨ ਸੁਣਦੇ ਅਤੇ ਇਸ ਮੁਤਾਬਕ ਚੱਲਦੇ ਹਨ।”
22 ਫਿਰ ਇਕ ਦਿਨ ਉਹ ਅਤੇ ਉਸ ਦੇ ਚੇਲੇ ਕਿਸ਼ਤੀ ਵਿਚ ਸਨ ਅਤੇ ਉਸ ਨੇ ਉਨ੍ਹਾਂ ਨੂੰ ਕਿਹਾ: “ਆਓ ਆਪਾਂ ਝੀਲ ਦੇ ਦੂਜੇ ਪਾਸੇ ਚੱਲੀਏ।” ਇਸ ਲਈ ਉਹ ਉੱਧਰ ਨੂੰ ਚੱਲ ਪਏ। 23 ਪਰ ਜਦੋਂ ਉਹ ਜਾ ਰਹੇ ਸਨ, ਤਾਂ ਯਿਸੂ ਸੌਂ ਗਿਆ। ਉਸ ਵੇਲੇ ਝੀਲ ਵਿਚ ਜ਼ਬਰਦਸਤ ਤੂਫ਼ਾਨ ਆਇਆ ਅਤੇ ਕਿਸ਼ਤੀ ਪਾਣੀ ਨਾਲ ਭਰਨ ਲੱਗ ਪਈ। ਇਸ ਕਰਕੇ ਉਨ੍ਹਾਂ ਦੀ ਜਾਨ ਖ਼ਤਰੇ ਵਿਚ ਪੈ ਗਈ। 24 ਅਖ਼ੀਰ ਵਿਚ ਉਨ੍ਹਾਂ ਨੇ ਜਾ ਕੇ ਉਸ ਨੂੰ ਜਗਾਇਆ ਅਤੇ ਕਿਹਾ: “ਗੁਰੂ ਜੀ, ਗੁਰੂ ਜੀ, ਅਸੀਂ ਡੁੱਬਣ ਲੱਗੇ ਹਾਂ!” ਇਹ ਸੁਣ ਕੇ ਉਹ ਉੱਠ ਖੜ੍ਹਿਆ ਅਤੇ ਉਸ ਨੇ ਹਨੇਰੀ ਅਤੇ ਠਾਠਾਂ ਮਾਰਦੇ ਪਾਣੀ ਨੂੰ ਝਿੜਕਿਆ। ਤੂਫ਼ਾਨ ਥੰਮ੍ਹ ਗਿਆ ਅਤੇ ਸਭ ਕੁਝ ਸ਼ਾਂਤ ਹੋ ਗਿਆ। 25 ਫਿਰ ਉਸ ਨੇ ਉਨ੍ਹਾਂ ਨੂੰ ਕਿਹਾ: “ਤੁਹਾਡੀ ਨਿਹਚਾ ਕਿੱਥੇ ਗਈ?” ਪਰ ਉਹ ਸਾਰੇ ਡਰ ਗਏ ਸਨ ਅਤੇ ਹੈਰਾਨ ਹੋ ਕੇ ਇਕ-ਦੂਜੇ ਨੂੰ ਪੁੱਛ ਰਹੇ ਸਨ: “ਇਹ ਕੌਣ ਹੈ ਜਿਹੜਾ ਹਨੇਰੀ ਅਤੇ ਪਾਣੀ ਨੂੰ ਵੀ ਹੁਕਮ ਦਿੰਦਾ ਹੈ ਤੇ ਇਹ ਇਸ ਦਾ ਹੁਕਮ ਮੰਨਦੇ ਹਨ?”
26 ਅਤੇ ਉਹ ਝੀਲ ਪਾਰ ਕਰ ਕੇ ਗਿਰਸੇਨੀਆਂ ਦੇ ਇਲਾਕੇ ਵਿਚ ਪਹੁੰਚੇ ਜਿਹੜਾ ਗਲੀਲ ਦੇ ਸਾਮ੍ਹਣੇ ਝੀਲ ਦੇ ਦੂਜੇ ਪਾਸੇ ਹੈ। 27 ਪਰ ਜਦੋਂ ਉਹ ਕਿਸ਼ਤੀ ਤੋਂ ਉੱਤਰਿਆ, ਤਾਂ ਲਾਗਲੇ ਸ਼ਹਿਰ ਦਾ ਇਕ ਆਦਮੀ ਜਿਸ ਨੂੰ ਦੁਸ਼ਟ ਦੂਤ ਚਿੰਬੜੇ ਹੋਏ ਸਨ, ਉਸ ਵੱਲ ਆਇਆ। ਉਸ ਆਦਮੀ ਨੇ ਕਾਫ਼ੀ ਸਮੇਂ ਤੋਂ ਕੱਪੜੇ ਨਹੀਂ ਪਾਏ ਸਨ ਅਤੇ ਉਹ ਆਪਣੇ ਘਰ ਨਹੀਂ, ਸਗੋਂ ਕਬਰਸਤਾਨ ਵਿਚ ਰਹਿੰਦਾ ਸੀ। 28 ਯਿਸੂ ਨੂੰ ਦੇਖ ਕੇ ਉਸ ਨੇ ਚੀਕ ਮਾਰੀ ਅਤੇ ਉਸ ਦੇ ਸਾਮ੍ਹਣੇ ਗੋਡੇ ਟੇਕ ਕੇ ਬੈਠ ਗਿਆ ਅਤੇ ਉੱਚੀ ਆਵਾਜ਼ ਵਿਚ ਕਿਹਾ: “ਹੇ ਯਿਸੂ ਅੱਤ ਮਹਾਨ ਪਰਮੇਸ਼ੁਰ ਦੇ ਪੁੱਤਰ, ਤੇਰਾ ਮੇਰੇ ਨਾਲ ਕੀ ਵਾਸਤਾ? ਮੇਰੀ ਮਿੰਨਤ ਹੈ, ਮੈਨੂੰ ਨਾ ਸਤਾ।” 29 (ਕਿਉਂਕਿ ਯਿਸੂ ਦੁਸ਼ਟ ਦੂਤਾਂ ਨੂੰ ਉਸ ਆਦਮੀ ਵਿੱਚੋਂ ਨਿਕਲ ਜਾਣ ਦਾ ਹੁਕਮ ਦੇ ਰਿਹਾ ਸੀ। ਉਨ੍ਹਾਂ ਦੁਸ਼ਟ ਦੂਤਾਂ ਨੇ ਉਸ ਆਦਮੀ ਨੂੰ ਲੰਬੇ ਸਮੇਂ ਤੋਂ ਆਪਣੇ ਵੱਸ ਵਿਚ ਕੀਤਾ ਹੋਇਆ ਸੀ। ਉਸ ਨੂੰ ਵਾਰ-ਵਾਰ ਸੰਗਲ਼ਾਂ ਤੇ ਬੇੜੀਆਂ ਨਾਲ ਬੰਨ੍ਹਿਆ ਜਾਂਦਾ ਸੀ ਅਤੇ ਉਸ ਉੱਤੇ ਨਿਗਰਾਨੀ ਰੱਖੀ ਜਾਂਦੀ ਸੀ, ਪਰ ਉਹ ਸੰਗਲ਼ਾਂ ਤੇ ਬੇੜੀਆਂ ਨੂੰ ਤੋੜ ਦਿੰਦਾ ਸੀ ਅਤੇ ਦੁਸ਼ਟ ਦੂਤ ਉਸ ਨੂੰ ਉਜਾੜ ਥਾਵਾਂ ਵਿਚ ਲੈ ਜਾਂਦੇ ਸਨ।) 30 ਯਿਸੂ ਨੇ ਉਸ ਨੂੰ ਪੁੱਛਿਆ: “ਤੇਰਾ ਨਾਂ ਕੀ ਹੈ?” ਉਸ ਨੇ ਕਿਹਾ: “ਪਲਟਣ,” ਕਿਉਂਕਿ ਉਸ ਨੂੰ ਕਈ ਦੁਸ਼ਟ ਦੂਤ ਚਿੰਬੜੇ ਹੋਏ ਸਨ। 31 ਅਤੇ ਉਹ ਉਸ ਅੱਗੇ ਮਿੰਨਤਾਂ ਕਰਦੇ ਰਹੇ ਕਿ ਉਹ ਉਨ੍ਹਾਂ ਨੂੰ ਅਥਾਹ ਕੁੰਡ ਵਿਚ ਜਾਣ ਦਾ ਹੁਕਮ ਨਾ ਦੇਵੇ। 32 ਉਸ ਵੇਲੇ ਪਹਾੜ ਉੱਤੇ ਸੂਰਾਂ ਦਾ ਕਾਫ਼ੀ ਵੱਡਾ ਝੁੰਡ ਚਰ ਰਿਹਾ ਸੀ, ਇਸ ਲਈ ਉਨ੍ਹਾਂ ਨੇ ਉਸ ਅੱਗੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਸੂਰਾਂ ਵਿਚ ਜਾਣ ਦੀ ਇਜਾਜ਼ਤ ਦੇਵੇ। ਉਸ ਨੇ ਉਨ੍ਹਾਂ ਨੂੰ ਇਜਾਜ਼ਤ ਦੇ ਦਿੱਤੀ। 33 ਫਿਰ ਦੁਸ਼ਟ ਦੂਤ ਉਸ ਆਦਮੀ ਵਿੱਚੋਂ ਨਿਕਲ ਕੇ ਸੂਰਾਂ ਨੂੰ ਜਾ ਚਿੰਬੜੇ। ਪੂਰਾ ਝੁੰਡ ਤੇਜ਼-ਤੇਜ਼ ਭੱਜਿਆ ਅਤੇ ਉਨ੍ਹਾਂ ਨੇ ਪਹਾੜੋਂ ਝੀਲ ਵਿਚ ਛਾਲ ਮਾਰੀ ਅਤੇ ਸਾਰੇ ਸੂਰ ਡੁੱਬ ਕੇ ਮਰ ਗਏ। 34 ਚਰਵਾਹੇ ਇਹ ਸਭ ਕੁਝ ਦੇਖ ਕੇ ਭੱਜ ਗਏ ਅਤੇ ਉਨ੍ਹਾਂ ਨੇ ਸ਼ਹਿਰ ਅਤੇ ਪਿੰਡ ਵਿਚ ਜਾ ਕੇ ਲੋਕਾਂ ਨੂੰ ਸਾਰਾ ਕੁਝ ਦੱਸਿਆ।
35 ਫਿਰ ਲੋਕ ਦੇਖਣ ਆਏ ਕਿ ਕੀ ਹੋਇਆ ਸੀ। ਉਨ੍ਹਾਂ ਨੇ ਯਿਸੂ ਅਤੇ ਉਸ ਆਦਮੀ ਨੂੰ ਦੇਖਿਆ ਜਿਸ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ। ਉਸ ਆਦਮੀ ਨੇ ਕੱਪੜੇ ਪਾਏ ਹੋਏ ਸਨ ਅਤੇ ਉਹ ਪੂਰੇ ਹੋਸ਼-ਹਵਾਸ ਵਿਚ ਸੀ ਤੇ ਯਿਸੂ ਦੇ ਪੈਰੀਂ ਬੈਠਾ ਹੋਇਆ ਸੀ; ਅਤੇ ਲੋਕ ਬਹੁਤ ਡਰ ਗਏ। 36 ਜਿਨ੍ਹਾਂ ਨੇ ਸਭ ਕੁਝ ਦੇਖਿਆ ਸੀ ਉਨ੍ਹਾਂ ਨੇ ਲੋਕਾਂ ਨੂੰ ਦੱਸਿਆ ਕਿ ਉਸ ਆਦਮੀ ਵਿੱਚੋਂ ਦੁਸ਼ਟ ਦੂਤ ਕਿਵੇਂ ਕੱਢੇ ਗਏ ਸਨ। 37 ਇਸ ਲਈ ਗਿਰਸੇਨੀਆਂ ਦੇ ਆਲੇ-ਦੁਆਲੇ ਦੇ ਇਲਾਕੇ ਦੇ ਲੋਕਾਂ ਨੇ ਯਿਸੂ ਨੂੰ ਉੱਥੋਂ ਚਲੇ ਜਾਣ ਲਈ ਕਿਹਾ ਕਿਉਂਕਿ ਉਨ੍ਹਾਂ ਸਾਰਿਆਂ ਦੇ ਡਰ ਨਾਲ ਸਾਹ ਸੁੱਕੇ ਹੋਏ ਸਨ। ਉਹ ਕਿਸ਼ਤੀ ਵਿਚ ਬੈਠ ਕੇ ਜਾਣ ਲਈ ਤਿਆਰ ਹੋ ਗਿਆ। 38 ਪਰ ਜਿਸ ਆਦਮੀ ਵਿੱਚੋਂ ਦੁਸ਼ਟ ਦੂਤ ਕੱਢੇ ਗਏ ਸਨ, ਉਹ ਯਿਸੂ ਨੂੰ ਵਾਰ-ਵਾਰ ਬੇਨਤੀ ਕਰਨ ਲੱਗਾ ਕਿ ਯਿਸੂ ਉਸ ਨੂੰ ਆਪਣੇ ਨਾਲ ਲੈ ਜਾਵੇ। ਪਰ ਯਿਸੂ ਨੇ ਉਸ ਨੂੰ ਨਾਂਹ ਕਰਦਿਆਂ ਕਿਹਾ: 39 “ਆਪਣੇ ਘਰ ਜਾਹ ਅਤੇ ਉਨ੍ਹਾਂ ਨੂੰ ਦੱਸ ਕਿ ਪਰਮੇਸ਼ੁਰ ਨੇ ਤੇਰੇ ਲਈ ਕੀ ਕੁਝ ਕੀਤਾ ਹੈ।” ਇਸ ਲਈ ਉਹ ਚਲਾ ਗਿਆ ਅਤੇ ਪੂਰੇ ਸ਼ਹਿਰ ਵਿਚ ਦੱਸਦਾ ਰਿਹਾ ਕਿ ਯਿਸੂ ਨੇ ਉਸ ਲਈ ਕੀ ਕੀਤਾ ਸੀ।
40 ਜਦੋਂ ਯਿਸੂ ਵਾਪਸ ਗਲੀਲ ਪਹੁੰਚਿਆ, ਤਾਂ ਭੀੜ ਨੇ ਉਸ ਦਾ ਬੜੇ ਪਿਆਰ ਨਾਲ ਸੁਆਗਤ ਕੀਤਾ ਕਿਉਂਕਿ ਉਹ ਸਾਰੇ ਉਸ ਨੂੰ ਉਡੀਕ ਰਹੇ ਸਨ। 41 ਪਰ, ਦੇਖੋ! ਉੱਥੇ ਜੈਰੁਸ ਨਾਂ ਦਾ ਇਕ ਆਦਮੀ ਆਇਆ। ਉਹ ਸਭਾ ਘਰ ਦਾ ਨਿਗਾਹਬਾਨ ਸੀ। ਉਹ ਯਿਸੂ ਦੇ ਪੈਰੀਂ ਪੈ ਗਿਆ ਅਤੇ ਉਸ ਦੀਆਂ ਮਿੰਨਤਾਂ ਕਰਨ ਲੱਗਾ ਕਿ ਉਹ ਉਸ ਦੇ ਘਰ ਆਵੇ, 42 ਕਿਉਂਕਿ ਉਸ ਦੀ ਬਾਰਾਂ ਕੁ ਸਾਲਾਂ ਦੀ ਇਕਲੌਤੀ ਧੀ ਆਖ਼ਰੀ ਸਾਹਾਂ ʼਤੇ ਸੀ।
ਜਦੋਂ ਯਿਸੂ ਜਾ ਰਿਹਾ ਸੀ, ਤਾਂ ਭੀੜ ਉਸ ਦੇ ਨਾਲ-ਨਾਲ ਤੁਰਦੀ ਹੋਈ ਉਸ ʼਤੇ ਚੜ੍ਹੀ ਜਾ ਰਹੀ ਸੀ। 43 ਭੀੜ ਵਿਚ ਇਕ ਤੀਵੀਂ ਸੀ ਜਿਸ ਦੇ ਬਾਰਾਂ ਸਾਲਾਂ ਤੋਂ ਲਹੂ ਵਹਿ ਰਿਹਾ ਸੀ ਅਤੇ ਉਸ ਨੇ ਬਹੁਤਿਆਂ ਤੋਂ ਇਲਾਜ ਕਰਵਾਇਆ ਸੀ, ਪਰ ਉਸ ਨੂੰ ਕਿਸੇ ਤੋਂ ਵੀ ਆਰਾਮ ਨਹੀਂ ਆਇਆ ਸੀ। 44 ਉਹ ਪਿੱਛਿਓਂ ਦੀ ਆਈ ਅਤੇ ਉਸ ਨੇ ਯਿਸੂ ਦੇ ਕੱਪੜੇ ਦੀ ਝਾਲਰ ਨੂੰ ਛੂਹਿਆ ਅਤੇ ਉਸੇ ਵੇਲੇ ਉਸ ਦੇ ਲਹੂ ਦਾ ਵਹਾਅ ਰੁਕ ਗਿਆ। 45 ਇਸ ਲਈ ਯਿਸੂ ਨੇ ਕਿਹਾ: “ਮੈਨੂੰ ਕਿਸ ਨੇ ਛੂਹਿਆ?” ਜਦੋਂ ਸਾਰੇ ਕਹਿਣ ਲੱਗੇ ਕਿ ਉਨ੍ਹਾਂ ਨੇ ਉਸ ਨੂੰ ਨਹੀਂ ਛੂਹਿਆ, ਤਾਂ ਪਤਰਸ ਨੇ ਕਿਹਾ: “ਗੁਰੂ ਜੀ, ਦੇਖ, ਭੀੜ ਤਾਂ ਤੇਰੇ ਉੱਤੇ ਚੜ੍ਹੀ ਜਾ ਰਹੀ ਹੈ ਅਤੇ ਤੈਨੂੰ ਦਬਾਈ ਜਾਂਦੀ ਹੈ।” 46 ਪਰ ਯਿਸੂ ਨੇ ਕਿਹਾ: “ਕਿਸੇ ਨੇ ਤਾਂ ਮੈਨੂੰ ਛੂਹਿਆ ਹੈ ਕਿਉਂਕਿ ਮੈਂ ਜਾਣਦਾ ਹਾਂ ਕਿ ਮੇਰੇ ਵਿੱਚੋਂ ਸ਼ਕਤੀ ਨਿਕਲੀ ਹੈ।” 47 ਉਹ ਤੀਵੀਂ ਜਾਣ ਗਈ ਕਿ ਉਹ ਹੁਣ ਲੁਕੀ ਨਹੀਂ ਰਹਿ ਸਕਦੀ, ਇਸ ਲਈ ਉਹ ਕੰਬਦੀ-ਕੰਬਦੀ ਅੱਗੇ ਆਈ ਅਤੇ ਯਿਸੂ ਦੇ ਪੈਰੀਂ ਪੈ ਕੇ ਸਾਰੇ ਲੋਕਾਂ ਸਾਮ੍ਹਣੇ ਦੱਸਿਆ ਕਿ ਉਸ ਨੇ ਯਿਸੂ ਨੂੰ ਕਿਉਂ ਛੂਹਿਆ ਸੀ ਅਤੇ ਉਹ ਕਿਵੇਂ ਉਸੇ ਵੇਲੇ ਠੀਕ ਹੋ ਗਈ ਸੀ। 48 ਪਰ ਯਿਸੂ ਨੇ ਉਸ ਨੂੰ ਕਿਹਾ: “ਧੀਏ, ਤੂੰ ਆਪਣੀ ਨਿਹਚਾ ਕਰਕੇ ਚੰਗੀ ਹੋਈ ਹੈਂ। ਸ਼ਾਂਤੀ ਨਾਲ ਜਾਹ।”
49 ਜਦੋਂ ਉਹ ਅਜੇ ਗੱਲਾਂ ਕਰ ਹੀ ਰਿਹਾ ਸੀ, ਤਾਂ ਸਭਾ ਘਰ ਦੇ ਨਿਗਾਹਬਾਨ ਜੈਰੁਸ ਦੇ ਘਰੋਂ ਕਿਸੇ ਨੇ ਆ ਕੇ ਦੱਸਿਆ: “ਤੇਰੀ ਧੀ ਮਰ ਗਈ ਹੈ; ਹੁਣ ਗੁਰੂ ਜੀ ਨੂੰ ਖੇਚਲ਼ ਨਾ ਦੇ।” 50 ਇਹ ਸੁਣ ਕੇ ਯਿਸੂ ਨੇ ਉਸ ਨੂੰ ਕਿਹਾ: “ਫ਼ਿਕਰ ਨਾ ਕਰ, ਨਿਹਚਾ ਰੱਖ। ਉਹ ਬਚ ਜਾਵੇਗੀ।” 51 ਜਦੋਂ ਉਹ ਘਰ ਪਹੁੰਚੇ, ਤਾਂ ਉਸ ਨੇ ਪਤਰਸ, ਯੂਹੰਨਾ, ਯਾਕੂਬ ਤੇ ਕੁੜੀ ਦੇ ਮਾਤਾ-ਪਿਤਾ ਤੋਂ ਸਿਵਾਇ ਹੋਰ ਕਿਸੇ ਨੂੰ ਵੀ ਆਪਣੇ ਨਾਲ ਅੰਦਰ ਨਾ ਆਉਣ ਦਿੱਤਾ। 52 ਲੋਕ ਰੋ ਰਹੇ ਸਨ ਅਤੇ ਗਮ ਦੇ ਮਾਰੇ ਆਪਣੀ ਛਾਤੀ ਪਿੱਟ ਰਹੇ ਸਨ। ਇਸ ਲਈ ਉਸ ਨੇ ਉਨ੍ਹਾਂ ਨੂੰ ਕਿਹਾ: “ਰੋਣਾ ਬੰਦ ਕਰੋ, ਕਿਉਂਕਿ ਕੁੜੀ ਮਰੀ ਨਹੀਂ, ਸੁੱਤੀ ਪਈ ਹੈ।” 53 ਇਹ ਸੁਣ ਕੇ ਉਹ ਉਸ ਦਾ ਮਜ਼ਾਕ ਉਡਾਉਂਦੇ ਹੋਏ ਹੱਸਣ ਲੱਗੇ ਕਿਉਂਕਿ ਉਹ ਜਾਣਦੇ ਸਨ ਕਿ ਕੁੜੀ ਮਰ ਗਈ ਸੀ। 54 ਪਰ ਉਸ ਨੇ ਕੁੜੀ ਦਾ ਹੱਥ ਫੜ ਕੇ ਕਿਹਾ: “ਬੇਟੀ, ਉੱਠ!” 55 ਅਤੇ ਕੁੜੀ ਵਿਚ ਜਾਨ* ਪੈ ਗਈ ਅਤੇ ਉਹ ਉਸੇ ਵੇਲੇ ਉੱਠ ਖੜ੍ਹੀ ਹੋਈ ਅਤੇ ਯਿਸੂ ਨੇ ਕਿਹਾ ਕਿ ਕੁੜੀ ਨੂੰ ਕੁਝ ਖਾਣ ਲਈ ਦਿੱਤਾ ਜਾਵੇ। 56 ਕੁੜੀ ਦੇ ਮਾਤਾ-ਪਿਤਾ ਤੋਂ ਆਪਣੀ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ ਸੀ; ਪਰ ਉਸ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸਣ।