ਪਹਿਲਾ ਰਾਜਿਆਂ
22 ਤਿੰਨ ਸਾਲਾਂ ਤਕ ਸੀਰੀਆ ਅਤੇ ਇਜ਼ਰਾਈਲ ਦਰਮਿਆਨ ਕੋਈ ਯੁੱਧ ਨਹੀਂ ਹੋਇਆ। 2 ਤੀਜੇ ਸਾਲ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ+ ਇਜ਼ਰਾਈਲ ਦੇ ਰਾਜੇ ਕੋਲ ਗਿਆ।+ 3 ਫਿਰ ਇਜ਼ਰਾਈਲ ਦੇ ਰਾਜੇ ਨੇ ਆਪਣੇ ਸੇਵਕਾਂ ਨੂੰ ਕਿਹਾ: “ਕੀ ਰਾਮੋਥ-ਗਿਲਆਦ+ ਸਾਡਾ ਨਹੀਂ ਹੈ? ਫਿਰ ਵੀ ਅਸੀਂ ਇਸ ਨੂੰ ਸੀਰੀਆ ਦੇ ਰਾਜੇ ਕੋਲੋਂ ਵਾਪਸ ਲੈਣ ਤੋਂ ਹਿਚਕਿਚਾ ਰਹੇ ਹਾਂ।” 4 ਉਸ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਤੂੰ ਮੇਰੇ ਨਾਲ ਰਾਮੋਥ-ਗਿਲਆਦ ਵਿਚ ਲੜਨ ਚੱਲੇਂਗਾ?” ਯਹੋਸ਼ਾਫ਼ਾਟ ਨੇ ਜਵਾਬ ਦਿੱਤਾ: “ਮੈਂ ਵੀ ਤੇਰੇ ਵਰਗਾ ਹੀ ਹਾਂ। ਮੇਰੇ ਲੋਕ ਵੀ ਤੇਰੇ ਲੋਕਾਂ ਵਰਗੇ ਹਨ। ਮੇਰੇ ਘੋੜੇ ਵੀ ਤੇਰੇ ਘੋੜਿਆਂ ਵਰਗੇ ਹਨ।”+
5 ਪਰ ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਨੂੰ ਕਿਹਾ: “ਕਿਰਪਾ ਕਰ ਕੇ ਪਹਿਲਾਂ ਯਹੋਵਾਹ ਤੋਂ ਪੁੱਛ ਲੈ।”+ 6 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਸਾਰੇ ਨਬੀਆਂ ਨੂੰ ਇਕੱਠਾ ਕੀਤਾ ਜੋ ਤਕਰੀਬਨ 400 ਆਦਮੀ ਸਨ ਅਤੇ ਉਨ੍ਹਾਂ ਤੋਂ ਪੁੱਛਿਆ: “ਕੀ ਮੈਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਵਾਂ ਜਾਂ ਮੈਂ ਰਹਿਣ ਦਿਆਂ?” ਉਨ੍ਹਾਂ ਨੇ ਕਿਹਾ: “ਜਾਹ, ਅਤੇ ਯਹੋਵਾਹ ਉਸ ਨੂੰ ਰਾਜੇ ਦੇ ਹੱਥ ਦੇ ਵਿਚ ਦੇ ਦੇਵੇਗਾ।”
7 ਫਿਰ ਯਹੋਸ਼ਾਫ਼ਾਟ ਨੇ ਕਿਹਾ: “ਕੀ ਇੱਥੇ ਯਹੋਵਾਹ ਦਾ ਕੋਈ ਨਬੀ ਨਹੀਂ ਹੈ? ਆਪਾਂ ਉਸ ਦੇ ਜ਼ਰੀਏ ਵੀ ਪੁੱਛ ਲੈਂਦੇ ਹਾਂ।”+ 8 ਇਹ ਸੁਣ ਕੇ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਇਕ ਹੋਰ ਆਦਮੀ ਹੈ ਜਿਸ ਦੇ ਜ਼ਰੀਏ ਅਸੀਂ ਯਹੋਵਾਹ ਤੋਂ ਪੁੱਛ ਸਕਦੇ ਹਾਂ;+ ਪਰ ਮੈਨੂੰ ਉਸ ਨਾਲ ਨਫ਼ਰਤ ਹੈ+ ਕਿਉਂਕਿ ਉਹ ਮੇਰੇ ਬਾਰੇ ਕਦੇ ਵੀ ਚੰਗੀਆਂ ਗੱਲਾਂ ਦੀ ਭਵਿੱਖਬਾਣੀ ਨਹੀਂ ਕਰਦਾ, ਸਗੋਂ ਬੁਰੀਆਂ ਗੱਲਾਂ ਹੀ ਦੱਸਦਾ ਹੈ।+ ਉਹ ਯਿਮਲਾਹ ਦਾ ਪੁੱਤਰ ਮੀਕਾਯਾਹ ਹੈ।” ਪਰ ਯਹੋਸ਼ਾਫ਼ਾਟ ਨੇ ਕਿਹਾ: “ਰਾਜੇ ਨੂੰ ਇਸ ਤਰ੍ਹਾਂ ਦੀ ਗੱਲ ਨਹੀਂ ਕਹਿਣੀ ਚਾਹੀਦੀ।”
9 ਇਸ ਲਈ ਇਜ਼ਰਾਈਲ ਦੇ ਰਾਜੇ ਨੇ ਇਕ ਦਰਬਾਰੀ ਨੂੰ ਬੁਲਾ ਕੇ ਕਿਹਾ: “ਯਿਮਲਾਹ ਦੇ ਪੁੱਤਰ ਮੀਕਾਯਾਹ ਨੂੰ ਹੁਣੇ ਹਾਜ਼ਰ ਕਰੋ।”+ 10 ਹੁਣ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਸ਼ਾਹੀ ਕੱਪੜੇ ਪਹਿਨੀ ਸਾਮਰਿਯਾ ਦੇ ਦਰਵਾਜ਼ੇ ਦੇ ਲਾਂਘੇ ਕੋਲ ਪਿੜ* ਵਿਚ ਆਪੋ-ਆਪਣੇ ਸਿੰਘਾਸਣ ʼਤੇ ਬੈਠੇ ਸਨ ਤੇ ਸਾਰੇ ਨਬੀ ਉਨ੍ਹਾਂ ਅੱਗੇ ਭਵਿੱਖਬਾਣੀ ਕਰ ਰਹੇ ਸਨ।+ 11 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਆਪਣੇ ਲਈ ਲੋਹੇ ਦੇ ਸਿੰਗ ਬਣਾਏ ਅਤੇ ਉਸ ਨੇ ਕਿਹਾ: “ਯਹੋਵਾਹ ਇਹ ਕਹਿੰਦਾ ਹੈ, ‘ਇਨ੍ਹਾਂ ਨਾਲ ਤੂੰ ਸੀਰੀਆਈ ਫ਼ੌਜ ਨੂੰ ਉਦੋਂ ਤਕ ਮਾਰਦਾ* ਰਹੇਂਗਾ ਜਦ ਤਕ ਤੂੰ ਉਨ੍ਹਾਂ ਦਾ ਨਾਮੋ-ਨਿਸ਼ਾਨ ਨਾ ਮਿਟਾ ਦੇਵੇਂ।’” 12 ਬਾਕੀ ਸਾਰੇ ਨਬੀ ਵੀ ਇਹੀ ਭਵਿੱਖਬਾਣੀ ਕਰਦੇ ਹੋਏ ਕਹਿ ਰਹੇ ਸਨ: “ਰਾਮੋਥ-ਗਿਲਆਦ ਨੂੰ ਜਾਹ ਅਤੇ ਤੂੰ ਸਫ਼ਲ ਹੋਵੇਂਗਾ; ਯਹੋਵਾਹ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।”
13 ਇਸ ਲਈ ਜਿਹੜਾ ਬੰਦਾ ਮੀਕਾਯਾਹ ਨੂੰ ਬੁਲਾਉਣ ਗਿਆ ਸੀ, ਉਸ ਨੇ ਉਸ ਨੂੰ ਕਿਹਾ: “ਦੇਖ! ਸਾਰੇ ਨਬੀ ਰਾਜੇ ਦੇ ਪੱਖ ਵਿਚ ਇੱਕੋ ਜਿਹੀਆਂ ਗੱਲਾਂ ਕਹਿ ਰਹੇ ਹਨ। ਕਿਰਪਾ ਕਰ ਕੇ ਤੂੰ ਵੀ ਉਨ੍ਹਾਂ ਵਾਂਗ ਕੋਈ ਚੰਗੀ ਗੱਲ ਕਹੀਂ।”+ 14 ਪਰ ਮੀਕਾਯਾਹ ਨੇ ਕਿਹਾ: “ਜੀਉਂਦੇ ਪਰਮੇਸ਼ੁਰ ਯਹੋਵਾਹ ਦੀ ਸਹੁੰ, ਮੈਂ ਤਾਂ ਉਹੀ ਬੋਲਾਂਗਾ ਜੋ ਯਹੋਵਾਹ ਮੈਨੂੰ ਦੱਸਦਾ ਹੈ।” 15 ਫਿਰ ਉਹ ਰਾਜੇ ਕੋਲ ਆਇਆ ਅਤੇ ਰਾਜੇ ਨੇ ਉਸ ਨੂੰ ਪੁੱਛਿਆ: “ਮੀਕਾਯਾਹ, ਕੀ ਅਸੀਂ ਰਾਮੋਥ-ਗਿਲਆਦ ਖ਼ਿਲਾਫ਼ ਯੁੱਧ ਲੜਨ ਜਾਈਏ ਜਾਂ ਰਹਿਣ ਦੇਈਏ?” ਉਸ ਨੇ ਤੁਰੰਤ ਜਵਾਬ ਦਿੱਤਾ: “ਜਾਹ ਅਤੇ ਤੂੰ ਸਫ਼ਲ ਹੋਵੇਂਗਾ; ਯਹੋਵਾਹ ਉਸ ਨੂੰ ਰਾਜੇ ਦੇ ਹੱਥ ਵਿਚ ਦੇ ਦੇਵੇਗਾ।” 16 ਇਹ ਸੁਣ ਕੇ ਰਾਜੇ ਨੇ ਉਸ ਨੂੰ ਕਿਹਾ: “ਮੈਂ ਤੈਨੂੰ ਕਿੰਨੀ ਵਾਰ ਸਹੁੰ ਚੁਕਾਵਾਂ ਕਿ ਤੂੰ ਮੇਰੇ ਨਾਲ ਯਹੋਵਾਹ ਦੇ ਨਾਂ ʼਤੇ ਸੱਚ ਤੋਂ ਸਿਵਾਇ ਕੁਝ ਹੋਰ ਨਾ ਬੋਲੀਂ?” 17 ਇਸ ਲਈ ਉਸ ਨੇ ਕਿਹਾ: “ਮੈਂ ਸਾਰੇ ਇਜ਼ਰਾਈਲੀਆਂ ਨੂੰ ਪਹਾੜਾਂ ਉੱਤੇ ਉਨ੍ਹਾਂ ਭੇਡਾਂ ਵਾਂਗ ਖਿੰਡੇ ਹੋਏ ਦੇਖਦਾ ਹਾਂ ਜਿਨ੍ਹਾਂ ਦਾ ਕੋਈ ਚਰਵਾਹਾ ਨਾ ਹੋਵੇ।+ ਯਹੋਵਾਹ ਕਹਿੰਦਾ ਹੈ: ‘ਉਨ੍ਹਾਂ ਦਾ ਕੋਈ ਮਾਲਕ ਨਹੀਂ ਹੈ। ਹਰ ਕੋਈ ਸ਼ਾਂਤੀ ਨਾਲ ਆਪੋ-ਆਪਣੇ ਘਰ ਮੁੜ ਜਾਵੇ।’”
18 ਫਿਰ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਕੀ ਮੈਂ ਤੈਨੂੰ ਨਹੀਂ ਕਿਹਾ ਸੀ, ‘ਉਹ ਮੇਰੇ ਬਾਰੇ ਚੰਗੀਆਂ ਗੱਲਾਂ ਦੀ ਨਹੀਂ, ਸਗੋਂ ਬੁਰੀਆਂ ਗੱਲਾਂ ਦੀ ਹੀ ਭਵਿੱਖਬਾਣੀ ਕਰੇਗਾ’?”+
19 ਇਸ ਤੋਂ ਬਾਅਦ ਮੀਕਾਯਾਹ ਨੇ ਕਿਹਾ: “ਤਾਂ ਫਿਰ ਸੁਣ ਯਹੋਵਾਹ ਦਾ ਬਚਨ: ਮੈਂ ਯਹੋਵਾਹ ਨੂੰ ਆਪਣੇ ਸਿੰਘਾਸਣ ʼਤੇ ਬਿਰਾਜਮਾਨ ਦੇਖਿਆ+ ਅਤੇ ਸਵਰਗ ਦੀ ਸਾਰੀ ਫ਼ੌਜ ਉਸ ਦੇ ਸੱਜੇ ਤੇ ਖੱਬੇ ਪਾਸੇ ਖੜ੍ਹੀ ਸੀ।+ 20 ਫਿਰ ਯਹੋਵਾਹ ਨੇ ਕਿਹਾ: ‘ਕੌਣ ਅਹਾਬ ਨੂੰ ਮੂਰਖ ਬਣਾਵੇਗਾ ਤਾਂਕਿ ਉਹ ਜਾਵੇ ਅਤੇ ਰਾਮੋਥ-ਗਿਲਆਦ ਵਿਚ ਮਾਰਿਆ ਜਾਵੇ?’ ਅਤੇ ਇਕ ਜਣਾ ਕੁਝ ਕਹਿ ਰਿਹਾ ਸੀ ਅਤੇ ਦੂਜਾ ਕੁਝ ਹੋਰ। 21 ਫਿਰ ਇਕ ਦੂਤ*+ ਅੱਗੇ ਆਇਆ ਅਤੇ ਯਹੋਵਾਹ ਅੱਗੇ ਖੜ੍ਹ ਕੇ ਕਹਿਣ ਲੱਗਾ, ‘ਮੈਂ ਉਸ ਨੂੰ ਮੂਰਖ ਬਣਾਵਾਂਗਾ।’ ਯਹੋਵਾਹ ਨੇ ਉਸ ਨੂੰ ਪੁੱਛਿਆ, ‘ਤੂੰ ਇਹ ਕਿਵੇਂ ਕਰੇਂਗਾ?’ 22 ਉਸ ਨੇ ਜਵਾਬ ਦਿੱਤਾ, ‘ਮੈਂ ਜਾਵਾਂਗਾ ਅਤੇ ਉਸ ਦੇ ਸਾਰੇ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਵਾਂਗਾ।’*+ ਇਸ ਲਈ ਉਸ ਨੇ ਕਿਹਾ, ‘ਤੂੰ ਜ਼ਰੂਰ ਉਸ ਨੂੰ ਮੂਰਖ ਬਣਾਵੇਂਗਾ, ਹੋਰ ਤਾਂ ਹੋਰ, ਤੂੰ ਸਫ਼ਲ ਵੀ ਹੋਵੇਂਗਾ। ਜਾਹ ਅਤੇ ਇਸੇ ਤਰ੍ਹਾਂ ਕਰ।’ 23 ਇਸੇ ਕਰਕੇ ਹੁਣ ਯਹੋਵਾਹ ਨੇ ਤੇਰੇ ਇਨ੍ਹਾਂ ਸਾਰਿਆਂ ਨਬੀਆਂ ਦੇ ਮੂੰਹਾਂ ਵਿਚ ਝੂਠੀਆਂ ਗੱਲਾਂ ਪਾਈਆਂ ਹਨ,*+ ਪਰ ਯਹੋਵਾਹ ਨੇ ਤੇਰੇ ʼਤੇ ਬਿਪਤਾ ਲਿਆਉਣ ਦਾ ਐਲਾਨ ਕੀਤਾ ਹੈ।”+
24 ਫਿਰ ਕਨਾਨਾਹ ਦੇ ਪੁੱਤਰ ਸਿਦਕੀਯਾਹ ਨੇ ਮੀਕਾਯਾਹ ਕੋਲ ਜਾ ਕੇ ਉਸ ਦੀ ਗੱਲ੍ਹ ʼਤੇ ਚਪੇੜ ਮਾਰੀ ਅਤੇ ਕਿਹਾ: “ਯਹੋਵਾਹ ਦੀ ਸ਼ਕਤੀ ਮੇਰੇ ਕੋਲੋਂ ਕਿੱਧਰੋਂ ਦੀ ਲੰਘ ਕੇ ਤੇਰੇ ਨਾਲ ਗੱਲ ਕਰਨ ਗਈ?”+ 25 ਮੀਕਾਯਾਹ ਨੇ ਜਵਾਬ ਦਿੱਤਾ: “ਕਿੱਧਰੋਂ ਦੀ ਲੰਘ ਕੇ ਗਈ ਤਾਂ ਤੈਨੂੰ ਉਸ ਦਿਨ ਪਤਾ ਲੱਗੂ ਜਿਸ ਦਿਨ ਤੂੰ ਕੋਠੜੀ ਅੰਦਰ ਜਾ ਕੇ ਲੁਕੇਂਗਾ।” 26 ਫਿਰ ਇਜ਼ਰਾਈਲ ਦੇ ਰਾਜੇ ਨੇ ਕਿਹਾ: “ਲੈ ਜਾਓ ਮੀਕਾਯਾਹ ਨੂੰ ਅਤੇ ਇਹਨੂੰ ਸ਼ਹਿਰ ਦੇ ਮੁਖੀ ਆਮੋਨ ਅਤੇ ਰਾਜੇ ਦੇ ਪੁੱਤਰ ਯੋਆਸ਼ ਦੇ ਹਵਾਲੇ ਕਰ ਦਿਓ। 27 ਉਨ੍ਹਾਂ ਨੂੰ ਕਹੋ, ‘ਰਾਜਾ ਇਹ ਕਹਿੰਦਾ ਹੈ: “ਇਸ ਆਦਮੀ ਨੂੰ ਕੈਦ ਵਿਚ ਸੁੱਟ ਦਿਓ+ ਅਤੇ ਜਦ ਤਕ ਮੈਂ ਸਹੀ-ਸਲਾਮਤ ਵਾਪਸ ਨਹੀਂ ਆ ਜਾਂਦਾ, ਤਦ ਤਕ ਇਹਨੂੰ ਮਾੜਾ-ਮੋਟਾ ਰੋਟੀ-ਪਾਣੀ ਦਿੰਦੇ ਰਹਿਓ।”’” 28 ਪਰ ਮੀਕਾਯਾਹ ਨੇ ਕਿਹਾ: “ਜੇ ਤੂੰ ਸਹੀ-ਸਲਾਮਤ ਮੁੜ ਆਇਆ, ਤਾਂ ਇਸ ਦਾ ਮਤਲਬ ਹੋਵੇਗਾ ਯਹੋਵਾਹ ਨੇ ਮੇਰੇ ਨਾਲ ਗੱਲ ਨਹੀਂ ਕੀਤੀ।”+ ਉਸ ਨੇ ਅੱਗੇ ਕਿਹਾ: “ਹੇ ਲੋਕੋ, ਤੁਸੀਂ ਸਾਰੇ ਇਹ ਗੱਲ ਯਾਦ ਰੱਖਿਓ।”
29 ਇਸ ਲਈ ਇਜ਼ਰਾਈਲ ਦਾ ਰਾਜਾ ਅਤੇ ਯਹੂਦਾਹ ਦਾ ਰਾਜਾ ਯਹੋਸ਼ਾਫ਼ਾਟ ਰਾਮੋਥ-ਗਿਲਆਦ ਨੂੰ ਗਏ।+ 30 ਹੁਣ ਇਜ਼ਰਾਈਲ ਦੇ ਰਾਜੇ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਮੈਂ ਆਪਣਾ ਭੇਸ ਬਦਲ ਕੇ ਯੁੱਧ ਵਿਚ ਜਾਵਾਂਗਾ, ਪਰ ਤੂੰ ਆਪਣਾ ਸ਼ਾਹੀ ਲਿਬਾਸ ਪਾਈਂ।” ਇਸ ਲਈ ਇਜ਼ਰਾਈਲ ਦੇ ਰਾਜੇ ਨੇ ਆਪਣਾ ਭੇਸ ਬਦਲਿਆ+ ਅਤੇ ਯੁੱਧ ਵਿਚ ਗਿਆ। 31 ਸੀਰੀਆ ਦੇ ਰਾਜੇ ਨੇ ਆਪਣੇ ਰਥਾਂ ਦੇ 32 ਸੈਨਾਪਤੀਆਂ ਨੂੰ ਹੁਕਮ ਦਿੱਤਾ ਸੀ:+ “ਤੁਸੀਂ ਇਜ਼ਰਾਈਲ ਦੇ ਰਾਜੇ ਤੋਂ ਛੁੱਟ ਕਿਸੇ ਹੋਰ ਨਾਲ ਲੜਾਈ ਨਾ ਕਰਿਓ, ਚਾਹੇ ਉਹ ਆਮ ਹੋਵੇ ਜਾਂ ਖ਼ਾਸ।” 32 ਜਿਉਂ ਹੀ ਰਥਾਂ ਦੇ ਸੈਨਾਪਤੀਆਂ ਨੇ ਯਹੋਸ਼ਾਫ਼ਾਟ ਨੂੰ ਦੇਖਿਆ, ਤਾਂ ਉਨ੍ਹਾਂ ਨੇ ਸੋਚਿਆ: “ਇਹੀ ਇਜ਼ਰਾਈਲ ਦਾ ਰਾਜਾ ਹੈ।” ਇਸ ਲਈ ਉਹ ਲੜਨ ਲਈ ਉਸ ਵੱਲ ਮੁੜੇ; ਯਹੋਸ਼ਾਫ਼ਾਟ ਮਦਦ ਲਈ ਦੁਹਾਈ ਦੇਣ ਲੱਗਾ। 33 ਜਦੋਂ ਰਥਾਂ ਦੇ ਸੈਨਾਪਤੀਆਂ ਨੇ ਦੇਖਿਆ ਕਿ ਉਹ ਇਜ਼ਰਾਈਲ ਦਾ ਰਾਜਾ ਨਹੀਂ ਸੀ, ਤਾਂ ਉਸੇ ਵੇਲੇ ਉਨ੍ਹਾਂ ਨੇ ਉਸ ਦਾ ਪਿੱਛਾ ਕਰਨਾ ਛੱਡ ਦਿੱਤਾ।
34 ਪਰ ਇਕ ਆਦਮੀ ਨੇ ਐਵੇਂ* ਹੀ ਤੀਰ ਚਲਾ ਦਿੱਤਾ ਅਤੇ ਉਹ ਇਜ਼ਰਾਈਲ ਦੇ ਰਾਜੇ ਦੀ ਸੰਜੋਅ ਦੇ ਜੋੜਾਂ ਵਿਚਕਾਰ ਦੀ ਉਸ ਦੇ ਜਾ ਲੱਗਾ। ਇਸ ਲਈ ਰਾਜੇ ਨੇ ਆਪਣੇ ਰਥਵਾਨ ਨੂੰ ਕਿਹਾ: “ਪਿੱਛੇ ਮੁੜ ਅਤੇ ਮੈਨੂੰ ਯੁੱਧ* ਵਿੱਚੋਂ ਬਾਹਰ ਲੈ ਚੱਲ ਕਿਉਂਕਿ ਮੈਂ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹਾਂ।”+ 35 ਪੂਰਾ ਦਿਨ ਘਮਸਾਣ ਯੁੱਧ ਚੱਲਦਾ ਰਿਹਾ ਅਤੇ ਸੀਰੀਆਈ ਫ਼ੌਜ ਸਾਮ੍ਹਣੇ ਰਾਜੇ ਨੂੰ ਰਥ ਵਿਚ ਸਹਾਰਾ ਦੇ ਕੇ ਖੜ੍ਹਾ ਰੱਖਣਾ ਪਿਆ। ਰਥ ਦੇ ਅੰਦਰ ਉਸ ਦੇ ਜ਼ਖ਼ਮ ਵਿੱਚੋਂ ਖ਼ੂਨ ਵਹਿੰਦਾ ਰਿਹਾ ਅਤੇ ਸ਼ਾਮ ਨੂੰ ਉਹ ਮਰ ਗਿਆ।+ 36 ਜਦੋਂ ਸੂਰਜ ਡੁੱਬਣ ਵਾਲਾ ਸੀ, ਤਾਂ ਛਾਉਣੀ ਵਿਚ ਇਹ ਐਲਾਨ ਕੀਤਾ ਗਿਆ: “ਹਰ ਕੋਈ ਆਪੋ-ਆਪਣੇ ਸ਼ਹਿਰ ਚਲਾ ਜਾਵੇ! ਹਰ ਕੋਈ ਆਪੋ-ਆਪਣੇ ਦੇਸ਼ ਚਲਾ ਜਾਵੇ!”+ 37 ਇਸ ਤਰ੍ਹਾਂ ਰਾਜਾ ਮਰ ਗਿਆ ਅਤੇ ਉਸ ਨੂੰ ਸਾਮਰਿਯਾ ਵਿਚ ਲਿਆਂਦਾ ਗਿਆ; ਉਨ੍ਹਾਂ ਨੇ ਰਾਜੇ ਨੂੰ ਸਾਮਰਿਯਾ ਵਿਚ ਦਫ਼ਨਾ ਦਿੱਤਾ। 38 ਜਦੋਂ ਉਨ੍ਹਾਂ ਨੇ ਸਾਮਰਿਯਾ ਦੇ ਸਰੋਵਰ ਕੋਲ ਰਥ ਨੂੰ ਧੋਤਾ, ਤਾਂ ਯਹੋਵਾਹ ਦੇ ਕਹੇ ਬਚਨ ਅਨੁਸਾਰ ਕੁੱਤਿਆਂ ਨੇ ਉਸ ਦਾ ਖ਼ੂਨ ਚੱਟਿਆ ਅਤੇ ਵੇਸਵਾਵਾਂ ਨੇ ਉੱਥੇ* ਨਹਾਤਾ।+
39 ਅਹਾਬ ਦੀ ਬਾਕੀ ਕਹਾਣੀ, ਉਸ ਦੇ ਸਾਰੇ ਕੰਮਾਂ ਅਤੇ ਹਾਥੀ-ਦੰਦ+ ਦੇ ਬਣਾਏ ਉਸ ਦੇ ਮਹਿਲ ਅਤੇ ਉਸ ਦੇ ਬਣਾਏ ਸਾਰੇ ਸ਼ਹਿਰਾਂ ਬਾਰੇ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 40 ਫਿਰ ਅਹਾਬ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ+ ਅਤੇ ਉਸ ਦਾ ਪੁੱਤਰ ਅਹਜ਼ਯਾਹ+ ਉਸ ਦੀ ਜਗ੍ਹਾ ਰਾਜਾ ਬਣ ਗਿਆ।
41 ਆਸਾ ਦਾ ਪੁੱਤਰ ਯਹੋਸ਼ਾਫ਼ਾਟ+ ਇਜ਼ਰਾਈਲ ਦੇ ਰਾਜੇ ਅਹਾਬ ਦੇ ਰਾਜ ਦੇ ਚੌਥੇ ਸਾਲ ਯਹੂਦਾਹ ਦਾ ਰਾਜਾ ਬਣਿਆ ਸੀ। 42 ਯਹੋਸ਼ਾਫ਼ਾਟ 35 ਸਾਲਾਂ ਦੀ ਉਮਰ ਵਿਚ ਰਾਜਾ ਬਣਿਆ ਅਤੇ ਉਸ ਨੇ 25 ਸਾਲ ਯਰੂਸ਼ਲਮ ਵਿਚ ਰਾਜ ਕੀਤਾ। ਉਸ ਦੀ ਮਾਤਾ ਦਾ ਨਾਂ ਅਜ਼ੂਬਾਹ ਸੀ ਜੋ ਸ਼ਿਲਹੀ ਦੀ ਧੀ ਸੀ। 43 ਉਹ ਆਪਣੇ ਪਿਤਾ ਆਸਾ+ ਦੇ ਰਾਹ ʼਤੇ ਚੱਲਦਾ ਰਿਹਾ। ਉਹ ਉਸ ਰਾਹ ਤੋਂ ਭਟਕਿਆ ਨਹੀਂ ਅਤੇ ਉਸ ਨੇ ਉਹੀ ਕੀਤਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਸਹੀ ਸੀ।+ ਪਰ ਉੱਚੀਆਂ ਥਾਵਾਂ ਢਾਹੀਆਂ ਨਹੀਂ ਗਈਆਂ ਅਤੇ ਲੋਕ ਹਾਲੇ ਵੀ ਇਨ੍ਹਾਂ ਉੱਚੀਆਂ ਥਾਵਾਂ ʼਤੇ ਬਲ਼ੀਆਂ ਚੜ੍ਹਾਉਂਦੇ ਸਨ ਤਾਂਕਿ ਉਨ੍ਹਾਂ ਦਾ ਧੂੰਆਂ ਉੱਠੇ।+ 44 ਯਹੋਸ਼ਾਫ਼ਾਟ ਨੇ ਇਜ਼ਰਾਈਲ ਦੇ ਰਾਜੇ ਨਾਲ ਸ਼ਾਂਤੀ ਬਣਾਈ ਰੱਖੀ।+ 45 ਯਹੋਸ਼ਾਫ਼ਾਟ ਦੀ ਬਾਕੀ ਕਹਾਣੀ, ਉਸ ਦੀ ਤਾਕਤ ਅਤੇ ਉਹ ਕਿਵੇਂ ਯੁੱਧ ਲੜਿਆ, ਇਹ ਸਭ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 46 ਨਾਲੇ ਉਸ ਨੇ ਮੰਦਰਾਂ ਵਿਚ ਵੇਸਵਾਗਿਰੀ ਕਰਨ ਵਾਲੇ ਉਨ੍ਹਾਂ ਆਦਮੀਆਂ ਨੂੰ ਦੇਸ਼ ਵਿੱਚੋਂ ਬਾਹਰ ਕੱਢ ਦਿੱਤਾ+ ਜੋ ਉਸ ਦੇ ਪਿਤਾ ਆਸਾ ਦੇ ਦਿਨਾਂ ਵਿਚ ਬਚ ਗਏ ਸਨ।+
47 ਉਸ ਸਮੇਂ ਅਦੋਮ+ ਵਿਚ ਕੋਈ ਰਾਜਾ ਨਹੀਂ ਸੀ; ਉੱਥੇ ਇਕ ਨਿਗਰਾਨ ਰਾਜ ਕਰਦਾ ਸੀ।+
48 ਯਹੋਸ਼ਾਫ਼ਾਟ ਨੇ ਤਰਸ਼ੀਸ਼ ਦੇ ਜਹਾਜ਼ ਵੀ ਬਣਾਏ ਤਾਂਕਿ ਉਹ ਸੋਨਾ ਲਿਆਉਣ ਲਈ ਓਫੀਰ ਨੂੰ ਜਾਣ,+ ਪਰ ਉਹ ਨਹੀਂ ਗਏ ਕਿਉਂਕਿ ਜਹਾਜ਼ ਅਸਯੋਨ-ਗਬਰ ਵਿਚ ਤਬਾਹ ਹੋ ਗਏ।+ 49 ਉਸ ਵੇਲੇ ਅਹਾਬ ਦੇ ਪੁੱਤਰ ਅਹਜ਼ਯਾਹ ਨੇ ਯਹੋਸ਼ਾਫ਼ਾਟ ਨੂੰ ਕਿਹਾ: “ਮੇਰੇ ਸੇਵਕਾਂ ਨੂੰ ਆਪਣੇ ਸੇਵਕਾਂ ਨਾਲ ਜਹਾਜ਼ਾਂ ਵਿਚ ਜਾਣ ਦੀ ਇਜਾਜ਼ਤ ਦੇ,” ਪਰ ਯਹੋਸ਼ਾਫ਼ਾਟ ਰਾਜ਼ੀ ਨਾ ਹੋਇਆ।
50 ਫਿਰ ਯਹੋਸ਼ਾਫ਼ਾਟ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ+ ਅਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਉਸ ਦੇ ਵੱਡ-ਵਡੇਰੇ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ; ਅਤੇ ਉਸ ਦਾ ਪੁੱਤਰ ਯਹੋਰਾਮ+ ਉਸ ਦੀ ਜਗ੍ਹਾ ਰਾਜਾ ਬਣ ਗਿਆ।
51 ਯਹੂਦਾਹ ਦੇ ਰਾਜਾ ਯਹੋਸ਼ਾਫ਼ਾਟ ਦੇ ਰਾਜ ਦੇ 17ਵੇਂ ਸਾਲ ਅਹਾਬ ਦਾ ਪੁੱਤਰ ਅਹਜ਼ਯਾਹ+ ਸਾਮਰਿਯਾ ਵਿਚ ਇਜ਼ਰਾਈਲ ਦਾ ਰਾਜਾ ਬਣਿਆ ਅਤੇ ਉਸ ਨੇ ਇਜ਼ਰਾਈਲ ਉੱਤੇ ਦੋ ਸਾਲ ਰਾਜ ਕੀਤਾ। 52 ਉਹ ਉਹੀ ਕਰਦਾ ਰਿਹਾ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਸੀ ਅਤੇ ਉਹ ਆਪਣੇ ਮਾਤਾ-ਪਿਤਾ+ ਦੇ ਰਾਹ ʼਤੇ ਚੱਲਿਆ ਅਤੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਰਾਹ ʼਤੇ ਤੁਰਿਆ ਜਿਸ ਨੇ ਇਜ਼ਰਾਈਲ ਤੋਂ ਪਾਪ ਕਰਾਇਆ ਸੀ।+ 53 ਉਹ ਬਆਲ ਦੀ ਭਗਤੀ ਕਰਦਾ ਰਿਹਾ+ ਤੇ ਉਸ ਅੱਗੇ ਮੱਥਾ ਟੇਕਦਾ ਰਿਹਾ ਅਤੇ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਦਾ ਕ੍ਰੋਧ ਭੜਕਾਉਂਦਾ ਰਿਹਾ,+ ਜਿਵੇਂ ਉਸ ਦੇ ਪਿਤਾ ਨੇ ਕੀਤਾ ਸੀ।