ਪਹਿਲਾ ਰਾਜਿਆਂ
21 ਇਨ੍ਹਾਂ ਗੱਲਾਂ ਤੋਂ ਬਾਅਦ ਨਾਬੋਥ ਯਿਜ਼ਰਾਏਲੀ ਦੇ ਅੰਗੂਰਾਂ ਦੇ ਬਾਗ਼ ਦੇ ਸੰਬੰਧ ਵਿਚ ਇਕ ਘਟਨਾ ਘਟੀ; ਇਹ ਬਾਗ਼ ਯਿਜ਼ਰਾਏਲ+ ਵਿਚ ਸੀ ਜੋ ਸਾਮਰਿਯਾ ਦੇ ਰਾਜੇ ਅਹਾਬ ਦੇ ਮਹਿਲ ਦੇ ਨਾਲ ਲੱਗਦਾ ਸੀ। 2 ਅਹਾਬ ਨੇ ਨਾਬੋਥ ਨੂੰ ਕਿਹਾ: “ਮੈਨੂੰ ਆਪਣਾ ਅੰਗੂਰਾਂ ਦਾ ਬਾਗ਼ ਦੇ। ਇਹ ਮੇਰੇ ਮਹਿਲ ਦੇ ਲਾਗੇ ਹੈ। ਮੈਂ ਉਸ ਨੂੰ ਸਬਜ਼ੀਆਂ ਦਾ ਬਾਗ਼ ਬਣਾਵਾਂਗਾ। ਉਸ ਦੇ ਬਦਲੇ ਵਿਚ ਮੈਂ ਤੈਨੂੰ ਹੋਰ ਵੀ ਵਧੀਆ ਅੰਗੂਰਾਂ ਦਾ ਬਾਗ਼ ਦਿਆਂਗਾ। ਜਾਂ ਜੇ ਤੂੰ ਚਾਹੇਂ, ਤਾਂ ਮੈਂ ਤੈਨੂੰ ਇਸ ਦੀ ਕੀਮਤ ਅਦਾ ਕਰ ਦਿਆਂਗਾ।” 3 ਪਰ ਨਾਬੋਥ ਨੇ ਅਹਾਬ ਨੂੰ ਕਿਹਾ: “ਯਹੋਵਾਹ ਦੀਆਂ ਨਜ਼ਰਾਂ ਵਿਚ ਇਸ ਤਰ੍ਹਾਂ ਸੋਚਣਾ ਵੀ ਗ਼ਲਤ ਹੈ ਕਿ ਮੈਂ ਆਪਣੇ ਪਿਉ-ਦਾਦਿਆਂ ਦੀ ਵਿਰਾਸਤ ਤੈਨੂੰ ਦੇ ਦਿਆਂ।”+ 4 ਜਦੋਂ ਨਾਬੋਥ ਯਿਜ਼ਰਾਏਲੀ ਨੇ ਉਸ ਨੂੰ ਇਹ ਜਵਾਬ ਦਿੱਤਾ: “ਮੈਂ ਤੈਨੂੰ ਆਪਣੇ ਪਿਉ-ਦਾਦਿਆਂ ਦੀ ਵਿਰਾਸਤ ਨਹੀਂ ਦਿਆਂਗਾ,” ਤਾਂ ਅਹਾਬ ਉਦਾਸ ਹੋ ਗਿਆ ਅਤੇ ਮੂੰਹ ਲਟਕਾਈ ਆਪਣੇ ਮਹਿਲ ਆ ਗਿਆ। ਫਿਰ ਉਹ ਆਪਣੇ ਪਲੰਘ ਉੱਤੇ ਲੰਮਾ ਪੈ ਗਿਆ, ਉਸ ਨੇ ਪਾਸਾ ਵੱਟ ਲਿਆ ਅਤੇ ਖਾਣਾ ਖਾਣ ਤੋਂ ਇਨਕਾਰ ਕਰ ਦਿੱਤਾ।
5 ਉਸ ਦੀ ਪਤਨੀ ਈਜ਼ਬਲ+ ਉਸ ਕੋਲ ਆਈ ਅਤੇ ਉਸ ਨੂੰ ਪੁੱਛਣ ਲੱਗੀ: “ਤੂੰ* ਇੰਨਾ ਉਦਾਸ ਕਿਉਂ ਹੈਂ ਕਿ ਤੂੰ ਖਾਣਾ ਵੀ ਨਹੀਂ ਖਾ ਰਿਹਾ?” 6 ਉਸ ਨੇ ਉਸ ਨੂੰ ਜਵਾਬ ਦਿੱਤਾ: “ਕਿਉਂਕਿ ਮੈਂ ਨਾਬੋਥ ਯਿਜ਼ਰਾਏਲੀ ਨੂੰ ਕਿਹਾ, ‘ਮੈਨੂੰ ਪੈਸਿਆਂ ਬਦਲੇ ਆਪਣਾ ਅੰਗੂਰਾਂ ਦਾ ਬਾਗ਼ ਦੇ ਦੇ। ਜਾਂ ਜੇ ਤੂੰ ਚਾਹੇਂ, ਤਾਂ ਮੈਂ ਤੈਨੂੰ ਇਸ ਦੀ ਜਗ੍ਹਾ ਕੋਈ ਦੂਜਾ ਅੰਗੂਰਾਂ ਦਾ ਬਾਗ਼ ਦੇ ਦਿਆਂਗਾ।’ ਪਰ ਉਸ ਨੇ ਕਿਹਾ, ‘ਮੈਂ ਤੈਨੂੰ ਆਪਣਾ ਅੰਗੂਰਾਂ ਦਾ ਬਾਗ਼ ਨਹੀਂ ਦਿਆਂਗਾ।’” 7 ਉਸ ਦੀ ਪਤਨੀ ਈਜ਼ਬਲ ਨੇ ਉਸ ਨੂੰ ਕਿਹਾ: “ਕੀ ਤੂੰ ਇਜ਼ਰਾਈਲ ਉੱਤੇ ਰਾਜ ਨਹੀਂ ਕਰ ਰਿਹਾਂ? ਉੱਠ, ਕੁਝ ਖਾ-ਪੀ ਅਤੇ ਤੇਰਾ ਦਿਲ ਖ਼ੁਸ਼ ਹੋਵੇ। ਮੈਂ ਤੈਨੂੰ ਨਾਬੋਥ ਯਿਜ਼ਰਾਏਲੀ ਦਾ ਅੰਗੂਰਾਂ ਦਾ ਬਾਗ਼ ਲੈ ਕੇ ਦੇਵਾਂਗੀ।”+ 8 ਇਸ ਲਈ ਉਸ ਨੇ ਅਹਾਬ ਦੇ ਨਾਂ ʼਤੇ ਚਿੱਠੀਆਂ ਲਿਖੀਆਂ ਅਤੇ ਉਸ ਦੀ ਮੁਹਰ ਇਨ੍ਹਾਂ ਉੱਤੇ ਲਾਈ+ ਅਤੇ ਇਹ ਚਿੱਠੀਆਂ ਨਾਬੋਥ ਦੇ ਸ਼ਹਿਰ ਵਿਚ ਰਹਿਣ ਵਾਲੇ ਬਜ਼ੁਰਗਾਂ+ ਅਤੇ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੀਆਂ। 9 ਉਸ ਨੇ ਚਿੱਠੀਆਂ ਵਿਚ ਲਿਖਿਆ: “ਵਰਤ ਰੱਖਣ ਦਾ ਐਲਾਨ ਕਰੋ ਅਤੇ ਨਾਬੋਥ ਨੂੰ ਲੋਕਾਂ ਦੇ ਅੱਗੇ ਬਿਠਾਓ। 10 ਅਤੇ ਦੋ ਨਿਕੰਮੇ ਆਦਮੀਆਂ ਨੂੰ ਉਸ ਦੇ ਸਾਮ੍ਹਣੇ ਬਿਠਾ ਕੇ ਉਸ ਖ਼ਿਲਾਫ਼ ਇਹ ਗਵਾਹੀ ਦੇਣ ਲਈ ਕਹੋ,+ ‘ਤੂੰ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!’+ ਫਿਰ ਉਸ ਨੂੰ ਬਾਹਰ ਲਿਆਇਓ ਅਤੇ ਪੱਥਰ ਮਾਰ-ਮਾਰ ਕੇ ਮਾਰ ਸੁੱਟਿਓ।”+
11 ਇਸ ਲਈ ਉਸ ਦੇ ਸ਼ਹਿਰ ਦੇ ਆਦਮੀਆਂ ਯਾਨੀ ਉਸ ਦੇ ਸ਼ਹਿਰ ਵਿਚ ਰਹਿੰਦੇ ਬਜ਼ੁਰਗਾਂ ਅਤੇ ਉੱਚ ਅਧਿਕਾਰੀਆਂ ਨੇ ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਈਜ਼ਬਲ ਵੱਲੋਂ ਭੇਜੀਆਂ ਚਿੱਠੀਆਂ ਵਿਚ ਲਿਖਿਆ ਸੀ। 12 ਉਨ੍ਹਾਂ ਨੇ ਵਰਤ ਰੱਖਣ ਦਾ ਐਲਾਨ ਕੀਤਾ ਅਤੇ ਨਾਬੋਥ ਨੂੰ ਲੋਕਾਂ ਦੇ ਅੱਗੇ ਬਿਠਾਇਆ। 13 ਫਿਰ ਦੋ ਨਿਕੰਮੇ ਆਦਮੀ ਆਏ ਅਤੇ ਨਾਬੋਥ ਦੇ ਸਾਮ੍ਹਣੇ ਬੈਠ ਕੇ ਉਸ ਖ਼ਿਲਾਫ਼ ਲੋਕਾਂ ਅੱਗੇ ਇਹ ਗਵਾਹੀ ਦੇਣ ਲੱਗੇ: “ਨਾਬੋਥ ਨੇ ਪਰਮੇਸ਼ੁਰ ਅਤੇ ਰਾਜੇ ਦੀ ਨਿੰਦਿਆ ਕੀਤੀ ਹੈ!”+ ਇਸ ਤੋਂ ਬਾਅਦ ਉਹ ਉਸ ਨੂੰ ਸ਼ਹਿਰ ਦੇ ਬਾਹਰ ਲਿਆਏ ਅਤੇ ਉਸ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ।+ 14 ਫਿਰ ਉਨ੍ਹਾਂ ਨੇ ਈਜ਼ਬਲ ਨੂੰ ਇਹ ਸੰਦੇਸ਼ ਭੇਜਿਆ: “ਨਾਬੋਥ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਗਿਆ ਹੈ।”+
15 ਜਿਉਂ ਹੀ ਈਜ਼ਬਲ ਨੇ ਸੁਣਿਆ ਕਿ ਨਾਬੋਥ ਨੂੰ ਪੱਥਰ ਮਾਰ-ਮਾਰ ਕੇ ਮਾਰ ਦਿੱਤਾ ਗਿਆ ਹੈ, ਤਾਂ ਉਸ ਨੇ ਅਹਾਬ ਨੂੰ ਕਿਹਾ: “ਉੱਠ, ਨਾਬੋਥ ਯਿਜ਼ਰਾਏਲੀ+ ਦੇ ਅੰਗੂਰਾਂ ਦੇ ਬਾਗ਼ ʼਤੇ ਕਬਜ਼ਾ ਕਰ ਲੈ ਜਿਸ ਨੇ ਪੈਸਿਆਂ ਬਦਲੇ ਤੈਨੂੰ ਉਹ ਬਾਗ਼ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਨਾਬੋਥ ਹੁਣ ਨਹੀਂ ਰਿਹਾ, ਉਹ ਮਰ ਚੁੱਕਾ ਹੈ।” 16 ਨਾਬੋਥ ਦੇ ਮਰਨ ਦੀ ਖ਼ਬਰ ਸੁਣਦਿਆਂ ਸਾਰ ਅਹਾਬ ਉੱਠਿਆ ਅਤੇ ਹੇਠਾਂ ਨਾਬੋਥ ਯਿਜ਼ਰਾਏਲੀ ਦੇ ਅੰਗੂਰਾਂ ਦੇ ਬਾਗ਼ ਨੂੰ ਗਿਆ ਤਾਂਕਿ ਉਸ ਉੱਤੇ ਕਬਜ਼ਾ ਕਰ ਲਵੇ।
17 ਪਰ ਤਿਸ਼ਬੀ ਏਲੀਯਾਹ+ ਨੂੰ ਯਹੋਵਾਹ ਦਾ ਇਹ ਬਚਨ ਆਇਆ: 18 “ਉੱਠ, ਹੇਠਾਂ ਇਜ਼ਰਾਈਲ ਦੇ ਰਾਜੇ ਅਹਾਬ ਕੋਲ ਜਾਹ ਜੋ ਸਾਮਰਿਯਾ+ ਵਿਚ ਹੈ। ਉੱਥੇ ਉਹ ਨਾਬੋਥ ਦੇ ਅੰਗੂਰਾਂ ਦੇ ਬਾਗ਼ ਵਿਚ ਹੈ ਜਿਸ ਉੱਤੇ ਉਹ ਕਬਜ਼ਾ ਕਰਨ ਗਿਆ ਹੈ। 19 ਉਸ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਕੀ ਤੂੰ ਇਕ ਆਦਮੀ ਦਾ ਕਤਲ ਕੀਤਾ ਹੈ+ ਅਤੇ ਉਸ ਦੀ ਜਾਇਦਾਦ ਵੀ ਹੜੱਪ ਲਈ ਹੈ?”’*+ ਫਿਰ ਉਸ ਨੂੰ ਕਹੀਂ, ‘ਯਹੋਵਾਹ ਇਹ ਕਹਿੰਦਾ ਹੈ: “ਜਿਸ ਜਗ੍ਹਾ ਕੁੱਤਿਆਂ ਨੇ ਨਾਬੋਥ ਦਾ ਖ਼ੂਨ ਚੱਟਿਆ ਸੀ, ਉਸੇ ਜਗ੍ਹਾ ਕੁੱਤੇ ਤੇਰਾ ਵੀ ਖ਼ੂਨ ਚੱਟਣਗੇ।”’”+
20 ਅਹਾਬ ਨੇ ਏਲੀਯਾਹ ਨੂੰ ਕਿਹਾ: “ਓਏ ਮੇਰਿਆ ਦੁਸ਼ਮਣਾ, ਤੂੰ ਮੈਨੂੰ ਫੜ ਹੀ ਲਿਆ!”+ ਉਸ ਨੇ ਜਵਾਬ ਦਿੱਤਾ: “ਹਾਂ, ਮੈਂ ਤੈਨੂੰ ਫੜ ਲਿਆ। ਪਰਮੇਸ਼ੁਰ ਨੇ ਕਿਹਾ ਹੈ, ‘ਕਿਉਂਕਿ ਤੂੰ ਉਹੀ ਕਰਨ ਦੀ ਠਾਣੀ ਹੋਈ ਹੈ* ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਹੈ,+ 21 ਇਸ ਲਈ ਮੈਂ ਤੇਰੇ ਉੱਤੇ ਬਿਪਤਾ ਲਿਆਉਣ ਵਾਲਾ ਹਾਂ ਅਤੇ ਮੈਂ ਤੇਰਾ ਸਫ਼ਾਇਆ ਕਰ ਦਿਆਂਗਾ ਅਤੇ ਅਹਾਬ ਦੇ ਘਰਾਣੇ ਦੇ ਹਰ ਨਰ* ਨੂੰ ਮਿਟਾ ਦਿਆਂਗਾ,+ ਇੱਥੋਂ ਤਕ ਕਿ ਇਜ਼ਰਾਈਲ ਦੇ ਬੇਸਹਾਰਾ ਅਤੇ ਕਮਜ਼ੋਰ ਲੋਕਾਂ ਨੂੰ ਵੀ।+ 22 ਮੈਂ ਤੇਰੇ ਘਰਾਣੇ ਨੂੰ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਘਰਾਣੇ+ ਅਤੇ ਅਹੀਯਾਹ ਦੇ ਪੁੱਤਰ ਬਾਸ਼ਾ ਦੇ ਘਰਾਣੇ+ ਵਾਂਗ ਕਰ ਦਿਆਂਗਾ ਕਿਉਂਕਿ ਤੂੰ ਮੇਰਾ ਕ੍ਰੋਧ ਭੜਕਾਇਆ ਅਤੇ ਇਜ਼ਰਾਈਲ ਤੋਂ ਪਾਪ ਕਰਾਇਆ।’ 23 ਨਾਲੇ ਈਜ਼ਬਲ ਦੇ ਸੰਬੰਧ ਵਿਚ ਯਹੋਵਾਹ ਨੇ ਕਿਹਾ ਹੈ: ‘ਯਿਜ਼ਰਾਏਲ ਦੀ ਜ਼ਮੀਨ ʼਤੇ ਕੁੱਤੇ ਈਜ਼ਬਲ ਨੂੰ ਖਾ ਜਾਣਗੇ।+ 24 ਅਹਾਬ ਦੇ ਘਰਾਣੇ ਦਾ ਜਿਹੜਾ ਵੀ ਸ਼ਹਿਰ ਵਿਚ ਮਰੇਗਾ, ਉਸ ਨੂੰ ਕੁੱਤੇ ਖਾ ਜਾਣਗੇ; ਅਤੇ ਉਸ ਦੇ ਘਰਾਣੇ ਦਾ ਜਿਹੜਾ ਵੀ ਮੈਦਾਨ ਵਿਚ ਮਰੇਗਾ, ਉਸ ਨੂੰ ਆਕਾਸ਼ ਦੇ ਪੰਛੀ ਖਾ ਜਾਣਗੇ।”+ 25 ਸੱਚ-ਮੁੱਚ, ਅਹਾਬ+ ਵਰਗਾ ਅੱਜ ਤਕ ਕੋਈ ਨਹੀਂ ਹੋਇਆ ਜਿਸ ਨੇ ਆਪਣੀ ਪਤਨੀ ਈਜ਼ਬਲ+ ਦੀ ਚੁੱਕ ਵਿਚ ਆ ਕੇ ਉਹੀ ਕਰਨ ਦੀ ਪੱਕੀ ਠਾਣੀ ਹੋਈ ਸੀ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰਾ ਹੈ। 26 ਉਸ ਨੇ ਘਿਣਾਉਣੀਆਂ ਮੂਰਤਾਂ* ਪਿੱਛੇ ਲੱਗ ਕੇ ਸਭ ਤੋਂ ਭੈੜਾ ਕੰਮ ਕੀਤਾ, ਠੀਕ ਜਿਵੇਂ ਸਾਰੇ ਅਮੋਰੀਆਂ ਨੇ ਕੀਤਾ ਸੀ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਦੇ ਅੱਗਿਓਂ ਭਜਾ ਦਿੱਤਾ ਸੀ।’”+
27 ਇਹ ਸ਼ਬਦ ਸੁਣਦੇ ਸਾਰ ਅਹਾਬ ਨੇ ਆਪਣੇ ਕੱਪੜੇ ਪਾੜੇ ਅਤੇ ਆਪਣੇ ਸਰੀਰ ਉੱਤੇ ਤੱਪੜ ਪਾ ਲਿਆ; ਅਤੇ ਉਸ ਨੇ ਵਰਤ ਰੱਖਿਆ ਤੇ ਉਹ ਤੱਪੜ ਪਾ ਕੇ ਥੱਲੇ ਲੰਮਾ ਪਿਆ ਰਹਿੰਦਾ ਸੀ ਅਤੇ ਨਿਰਾਸ਼ ਹੋ ਕੇ ਇੱਧਰ-ਉੱਧਰ ਘੁੰਮਦਾ ਰਹਿੰਦਾ ਸੀ। 28 ਫਿਰ ਯਹੋਵਾਹ ਦਾ ਬਚਨ ਤਿਸ਼ਬੀ ਏਲੀਯਾਹ ਨੂੰ ਆਇਆ: 29 “ਕੀ ਤੂੰ ਦੇਖਿਆ ਕਿ ਕਿਵੇਂ ਅਹਾਬ ਨੇ ਮੇਰੇ ਕਰਕੇ ਆਪਣੇ ਆਪ ਨੂੰ ਨਿਮਰ ਕੀਤਾ?+ ਕਿਉਂਕਿ ਉਸ ਨੇ ਮੇਰੇ ਅੱਗੇ ਆਪਣੇ ਆਪ ਨੂੰ ਨਿਮਰ ਕੀਤਾ ਹੈ, ਇਸ ਲਈ ਮੈਂ ਉਸ ਦੇ ਜੀਉਂਦੇ-ਜੀ ਬਿਪਤਾ ਨਹੀਂ ਲਿਆਵਾਂਗਾ। ਮੈਂ ਉਸ ਦੇ ਘਰਾਣੇ ʼਤੇ ਬਿਪਤਾ ਉਸ ਦੇ ਪੁੱਤਰ ਦੇ ਦਿਨਾਂ ਵਿਚ ਲਿਆਵਾਂਗਾ।”+