ਯਾਕੂਬ ਦੀ ਚਿੱਠੀ
4 ਤੁਸੀਂ ਆਪਸ ਵਿਚ ਲੜਾਈ-ਝਗੜੇ ਕਿਉਂ ਕਰਦੇ ਹੋ? ਕੀ ਇਨ੍ਹਾਂ ਦਾ ਕਾਰਨ ਤੁਹਾਡੀਆਂ ਸਰੀਰਕ ਇੱਛਾਵਾਂ ਨਹੀਂ ਹਨ ਜੋ ਤੁਹਾਨੂੰ ਵੱਸ ਵਿਚ ਕਰਨ ਲਈ ਤੁਹਾਡੇ ਅੰਦਰ* ਲੜਦੀਆਂ ਰਹਿੰਦੀਆਂ ਹਨ?+ 2 ਤੁਸੀਂ ਕਿਸੇ ਚੀਜ਼ ਦੀ ਇੱਛਾ ਰੱਖਦੇ ਹੋ, ਪਰ ਤੁਹਾਨੂੰ ਨਹੀਂ ਮਿਲਦੀ। ਤੁਸੀਂ ਨਫ਼ਰਤ* ਅਤੇ ਲਾਲਚ ਕਰਦੇ ਹੋ, ਪਰ ਤੁਹਾਡੇ ਹੱਥ ਕੁਝ ਨਹੀਂ ਆਉਂਦਾ। ਤੁਸੀਂ ਲੜਦੇ-ਝਗੜਦੇ ਰਹਿੰਦੇ ਹੋ।+ ਤੁਹਾਨੂੰ ਕੁਝ ਨਹੀਂ ਮਿਲਦਾ ਕਿਉਂਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। 3 ਜਦੋਂ ਤੁਸੀਂ ਮੰਗਦੇ ਵੀ ਹੋ, ਤਾਂ ਤੁਹਾਨੂੰ ਮਿਲਦਾ ਨਹੀਂ ਕਿਉਂਕਿ ਤੁਸੀਂ ਮਾੜੀ ਨੀਅਤ ਨਾਲ ਮੰਗਦੇ ਹੋ ਤਾਂਕਿ ਤੁਸੀਂ ਇਸ ਨਾਲ ਆਪਣੀਆਂ ਸਰੀਰਕ ਇੱਛਾਵਾਂ ਪੂਰੀਆਂ ਕਰ ਸਕੋ।
4 ਬਦਚਲਣ ਲੋਕੋ,* ਕੀ ਤੁਹਾਨੂੰ ਪਤਾ ਨਹੀਂ ਕਿ ਦੁਨੀਆਂ ਨਾਲ ਦੋਸਤੀ ਕਰਨ ਦਾ ਮਤਲਬ ਹੈ ਪਰਮੇਸ਼ੁਰ ਨਾਲ ਦੁਸ਼ਮਣੀ ਕਰਨੀ? ਇਸ ਲਈ ਜਿਹੜਾ ਵੀ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ, ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾਉਂਦਾ ਹੈ।+ 5 ਜਾਂ ਕੀ ਤੁਹਾਡੇ ਖ਼ਿਆਲ ਵਿਚ ਧਰਮ-ਗ੍ਰੰਥ ਐਵੇਂ ਹੀ ਕਹਿੰਦਾ ਹੈ: “ਸਾਡਾ ਈਰਖਾਲੂ ਸੁਭਾਅ ਸਾਡੇ ਅੰਦਰ ਵੱਖੋ-ਵੱਖਰੀਆਂ ਚੀਜ਼ਾਂ ਦੀ ਲਾਲਸਾ ਪੈਦਾ ਕਰਦਾ ਹੈ”?+ 6 ਪਰ ਪਰਮੇਸ਼ੁਰ ਦੀ ਅਪਾਰ ਕਿਰਪਾ ਦੀ ਮਦਦ ਨਾਲ ਅਸੀਂ ਆਪਣੇ ਇਸ ਸੁਭਾਅ ਨੂੰ ਕਾਬੂ ਵਿਚ ਰੱਖਦੇ ਹਾਂ। ਇਸ ਲਈ ਧਰਮ-ਗ੍ਰੰਥ ਕਹਿੰਦਾ ਹੈ: “ਪਰਮੇਸ਼ੁਰ ਹੰਕਾਰੀਆਂ ਦਾ ਵਿਰੋਧ ਕਰਦਾ ਹੈ,+ ਪਰ ਨਿਮਰ ਲੋਕਾਂ ਉੱਤੇ ਅਪਾਰ ਕਿਰਪਾ ਕਰਦਾ ਹੈ।”+
7 ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਦੇ ਅਧੀਨ ਕਰੋ;+ ਪਰ ਸ਼ੈਤਾਨ ਦਾ ਵਿਰੋਧ ਕਰੋ+ ਅਤੇ ਉਹ ਤੁਹਾਡੇ ਤੋਂ ਭੱਜ ਜਾਵੇਗਾ।+ 8 ਪਰਮੇਸ਼ੁਰ ਦੇ ਨੇੜੇ ਆਓ ਅਤੇ ਉਹ ਤੁਹਾਡੇ ਨੇੜੇ ਆਵੇਗਾ।+ ਪਾਪੀਓ, ਆਪਣੇ ਹੱਥਾਂ ਨੂੰ ਸਾਫ਼ ਕਰੋ+ ਅਤੇ ਦੁਚਿੱਤਿਓ, ਆਪਣੇ ਦਿਲਾਂ ਨੂੰ ਸ਼ੁੱਧ ਕਰੋ।+ 9 ਦੁਖੀ ਹੋਵੋ, ਸੋਗ ਮਨਾਓ ਅਤੇ ਰੋਵੋ।+ ਤੁਸੀਂ ਆਪਣੇ ਹਾਸੇ ਨੂੰ ਸੋਗ ਵਿਚ ਅਤੇ ਆਪਣੀ ਖ਼ੁਸ਼ੀ ਨੂੰ ਉਦਾਸੀ ਵਿਚ ਬਦਲ ਦਿਓ। 10 ਆਪਣੇ ਆਪ ਨੂੰ ਯਹੋਵਾਹ* ਦੀਆਂ ਨਜ਼ਰਾਂ ਵਿਚ ਨਿਮਰ ਕਰੋ+ ਅਤੇ ਉਹ ਤੁਹਾਨੂੰ ਉੱਚਾ ਕਰੇਗਾ।+
11 ਭਰਾਵੋ, ਇਕ-ਦੂਜੇ ਦੇ ਵਿਰੁੱਧ ਬੋਲਣੋਂ ਹਟ ਜਾਓ।+ ਜਿਹੜਾ ਆਪਣੇ ਭਰਾ ਦੇ ਖ਼ਿਲਾਫ਼ ਬੋਲਦਾ ਹੈ ਜਾਂ ਆਪਣੇ ਭਰਾ ਨੂੰ ਦੋਸ਼ੀ ਠਹਿਰਾਉਂਦਾ ਹੈ, ਉਹ ਕਾਨੂੰਨ* ਦੇ ਖ਼ਿਲਾਫ਼ ਬੋਲਦਾ ਹੈ ਅਤੇ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈ। ਜੇ ਤੂੰ ਕਾਨੂੰਨ ਉੱਤੇ ਦੋਸ਼ ਲਾਉਂਦਾ ਹੈਂ, ਤਾਂ ਤੂੰ ਕਾਨੂੰਨ ਉੱਤੇ ਨਹੀਂ ਚੱਲਦਾ, ਸਗੋਂ ਇਸ ਵਿਚ ਨੁਕਸ ਕੱਢਦਾ ਹੈਂ। 12 ਇਕ ਹੈ ਜਿਹੜਾ ਕਾਨੂੰਨ ਬਣਾਉਂਦਾ ਹੈ ਅਤੇ ਸਾਰਿਆਂ ਦਾ ਨਿਆਂ ਕਰਦਾ ਹੈ।+ ਉਹ ਲੋਕਾਂ ਨੂੰ ਬਚਾ ਵੀ ਸਕਦਾ ਹੈ ਅਤੇ ਖ਼ਤਮ ਵੀ ਕਰ ਸਕਦਾ ਹੈ।+ ਪਰ ਤੂੰ ਕੌਣ ਹੁੰਦਾ ਆਪਣੇ ਗੁਆਂਢੀ ਦਾ ਨਿਆਂ ਕਰਨ ਵਾਲਾ?+
13 ਹੁਣ ਮੇਰੀ ਗੱਲ ਸੁਣੋ। ਤੁਸੀਂ ਕਹਿੰਦੇ ਹੋ: “ਅਸੀਂ ਅੱਜ-ਕੱਲ੍ਹ ਵਿਚ ਉਸ ਸ਼ਹਿਰ ਜਾਵਾਂਗੇ ਅਤੇ ਉੱਥੇ ਸਾਲ ਭਰ ਰਹਾਂਗੇ ਅਤੇ ਕਾਰੋਬਾਰ ਕਰ ਕੇ ਪੈਸਾ ਕਮਾਵਾਂਗੇ,”+ 14 ਜਦ ਕਿ ਤੁਸੀਂ ਨਹੀਂ ਜਾਣਦੇ ਕਿ ਕੱਲ੍ਹ ਨੂੰ ਤੁਹਾਡੇ ਨਾਲ ਕੀ ਹੋਵੇਗਾ।+ ਤੁਹਾਡੀ ਜ਼ਿੰਦਗੀ ਤਾਂ ਧੁੰਦ ਵਰਗੀ ਹੈ ਜੋ ਥੋੜ੍ਹੇ ਚਿਰ ਲਈ ਪੈਂਦੀ ਹੈ ਅਤੇ ਫਿਰ ਉੱਡ ਜਾਂਦੀ ਹੈ।+ 15 ਇਸ ਦੀ ਬਜਾਇ, ਤੁਹਾਨੂੰ ਕਹਿਣਾ ਚਾਹੀਦਾ ਹੈ: “ਜੇ ਯਹੋਵਾਹ* ਨੇ ਚਾਹਿਆ,+ ਤਾਂ ਅਸੀਂ ਜੀਉਂਦੇ ਰਹਾਂਗੇ ਅਤੇ ਇਹ ਕਰਾਂਗੇ ਜਾਂ ਉਹ ਕਰਾਂਗੇ।” 16 ਪਰ ਤੁਸੀਂ ਆਪਣੇ ਬਾਰੇ ਸ਼ੇਖ਼ੀਆਂ ਮਾਰਦੇ ਹੋ, ਉੱਪਰੋਂ ਦੀ ਇਸ ਗੱਲ ʼਤੇ ਘਮੰਡ ਕਰਦੇ ਹੋ! ਸ਼ੇਖ਼ੀਆਂ ਮਾਰਨੀਆਂ ਬਹੁਤ ਹੀ ਬੁਰੀ ਗੱਲ ਹੈ। 17 ਇਸ ਲਈ ਜੇ ਕੋਈ ਸਹੀ ਕੰਮ ਕਰਨਾ ਜਾਣਦਾ ਹੈ, ਪਰ ਨਹੀਂ ਕਰਦਾ, ਤਾਂ ਉਹ ਪਾਪ ਕਰਦਾ ਹੈ।+