ਰੋਮੀਆਂ ਨੂੰ ਚਿੱਠੀ
3 ਤਾਂ ਫਿਰ, ਕੀ ਯਹੂਦੀ ਹੋਣ ਦਾ ਜਾਂ ਸੁੰਨਤ ਕਰਾਉਣ ਦਾ ਕੋਈ ਫ਼ਾਇਦਾ ਹੈ? 2 ਹਾਂ, ਬਹੁਤ ਫ਼ਾਇਦੇ ਹਨ। ਪਹਿਲਾਂ ਤਾਂ ਇਹ ਕਿ ਯਹੂਦੀਆਂ ਨੂੰ ਪਰਮੇਸ਼ੁਰ ਦੇ ਪਵਿੱਤਰ ਬਚਨ ਸੌਂਪੇ ਗਏ ਸਨ।+ 3 ਪਰ ਜੇ ਕੁਝ ਯਹੂਦੀਆਂ ਨੇ ਨਿਹਚਾ ਨਹੀਂ ਕੀਤੀ, ਤਾਂ ਕੀ ਹੋਇਆ? ਕੀ ਇਸ ਦਾ ਇਹ ਮਤਲਬ ਹੈ ਕਿ ਪਰਮੇਸ਼ੁਰ ਉੱਤੇ ਭਰੋਸਾ ਨਹੀਂ ਕੀਤਾ ਜਾ ਸਕਦਾ? 4 ਨਹੀਂ, ਇਸ ਦਾ ਇਹ ਮਤਲਬ ਨਹੀਂ ਹੈ! ਪਰਮੇਸ਼ੁਰ ਹਮੇਸ਼ਾ ਸੱਚਾ ਸਾਬਤ ਹੁੰਦਾ ਹੈ,+ ਭਾਵੇਂ ਹਰ ਇਨਸਾਨ ਝੂਠਾ ਨਿਕਲੇ+ ਕਿਉਂਕਿ ਇਹ ਲਿਖਿਆ ਹੈ: “ਇਸ ਲਈ ਤੂੰ ਜੋ ਕਹਿੰਦਾ ਹੈਂ, ਉਹ ਸਹੀ ਸਾਬਤ ਹੋਵੇ ਅਤੇ ਤੂੰ ਆਪਣਾ ਮੁਕੱਦਮਾ ਜਿੱਤੇਂ।”+ 5 ਪਰ ਕੁਝ ਲੋਕ ਕਹਿੰਦੇ ਹਨ, ‘ਸਾਡੇ ਗ਼ਲਤ ਕੰਮਾਂ ਤੋਂ ਜ਼ਾਹਰ ਹੁੰਦਾ ਹੈ ਕਿ ਪਰਮੇਸ਼ੁਰ ਜੋ ਵੀ ਕਰਦਾ, ਸਹੀ ਕਰਦਾ। ਤਾਂ ਕੀ ਇਸ ਦਾ ਇਹ ਮਤਲਬ ਨਹੀਂ ਕਿ ਪਰਮੇਸ਼ੁਰ ਸਾਨੂੰ ਸਜ਼ਾ ਦੇ ਕੇ ਸਾਡੇ ਨਾਲ ਅਨਿਆਂ ਕਰਦਾ ਹੈ?’ 6 ਬਿਲਕੁਲ ਨਹੀਂ! ਜੇ ਪਰਮੇਸ਼ੁਰ ਅਨਿਆਂ ਕਰਦਾ ਹੈ, ਤਾਂ ਉਹ ਦੁਨੀਆਂ ਦਾ ਨਿਆਂ ਕਿਵੇਂ ਕਰੇਗਾ?+
7 ਪਰ ਜੇ ਮੇਰੇ ਝੂਠ ਬੋਲਣ ਕਰਕੇ ਸਾਫ਼ ਦਿਖਾਈ ਦਿੰਦਾ ਹੈ ਕਿ ਪਰਮੇਸ਼ੁਰ ਸੱਚਾ ਹੈ ਅਤੇ ਉਸ ਦੀ ਵਡਿਆਈ ਹੁੰਦੀ ਹੈ, ਤਾਂ ਫਿਰ, ਮੈਨੂੰ ਪਾਪੀ ਕਿਉਂ ਠਹਿਰਾਇਆ ਜਾਂਦਾ ਹੈ? 8 ਅਤੇ ਅਸੀਂ ਇਹ ਕਿਉਂ ਨਾ ਕਹੀਏ, “ਆਓ ਆਪਾਂ ਬੁਰੇ ਕੰਮ ਕਰੀਏ, ਇਸ ਦੇ ਚੰਗੇ ਨਤੀਜੇ ਹੀ ਨਿਕਲਣਗੇ”? ਕੁਝ ਲੋਕ ਸਾਨੂੰ ਬਦਨਾਮ ਕਰਨ ਲਈ ਸਾਡੇ ਉੱਤੇ ਇਹੀ ਕਹਿਣ ਦਾ ਇਲਜ਼ਾਮ ਲਾਉਂਦੇ ਹਨ। ਇਨ੍ਹਾਂ ਲੋਕਾਂ ਨੂੰ ਜਾਇਜ਼ ਸਜ਼ਾ ਮਿਲੇਗੀ।+
9 ਤਾਂ ਫਿਰ, ਕੀ ਅਸੀਂ ਇਹ ਸੋਚਦੇ ਹਾਂ ਕਿ ਅਸੀਂ ਯਹੂਦੀ ਬਾਕੀਆਂ ਨਾਲੋਂ ਵੱਡੇ ਹਾਂ? ਬਿਲਕੁਲ ਨਹੀਂ! ਕਿਉਂਕਿ ਅਸੀਂ ਪਹਿਲਾਂ ਹੀ ਕਹਿ ਚੁੱਕੇ ਹਾਂ ਕਿ ਯਹੂਦੀ ਅਤੇ ਯੂਨਾਨੀ* ਦੋਵੇਂ ਪਾਪ ਦੇ ਵੱਸ ਵਿਚ ਹਨ;+ 10 ਠੀਕ ਜਿਵੇਂ ਲਿਖਿਆ ਹੈ: “ਕੋਈ ਵੀ ਇਨਸਾਨ ਸਹੀ ਕੰਮ ਨਹੀਂ ਕਰਦਾ, ਹਾਂ, ਇਕ ਵੀ ਨਹੀਂ;+ 11 ਕਿਸੇ ਕੋਲ ਵੀ ਡੂੰਘੀ ਸਮਝ ਨਹੀਂ ਹੈ, ਕੋਈ ਵੀ ਪਰਮੇਸ਼ੁਰ ਦੀ ਭਾਲ ਨਹੀਂ ਕਰ ਰਿਹਾ। 12 ਸਾਰੇ ਭਟਕ ਗਏ ਹਨ ਅਤੇ ਸਾਰੇ ਦੇ ਸਾਰੇ ਨਿਕੰਮੇ ਹੋ ਚੁੱਕੇ ਹਨ; ਕੋਈ ਵੀ ਇਨਸਾਨ ਭਲਾਈ ਨਹੀਂ ਕਰਦਾ, ਇਕ ਵੀ ਨਹੀਂ।”+ 13 “ਉਨ੍ਹਾਂ ਦੇ ਗਲ਼ੇ ਖੁੱਲ੍ਹੀ ਕਬਰ ਹਨ; ਉਹ ਆਪਣੀ ਜ਼ਬਾਨ ਨਾਲ ਛਲ-ਕਪਟ ਕਰਦੇ ਹਨ।”+ “ਉਨ੍ਹਾਂ ਦੇ ਬੁੱਲ੍ਹਾਂ ʼਤੇ ਸੱਪਾਂ ਦਾ ਜ਼ਹਿਰ ਹੈ।”+ 14 “ਉਨ੍ਹਾਂ ਦੇ ਮੂੰਹੋਂ ਸਰਾਪ ਤੇ ਕੌੜੇ ਸ਼ਬਦ ਹੀ ਨਿਕਲਦੇ ਹਨ।”+ 15 “ਉਨ੍ਹਾਂ ਦੇ ਪੈਰ ਖ਼ੂਨ ਵਹਾਉਣ ਲਈ ਤੇਜ਼ੀ ਨਾਲ ਭੱਜਦੇ ਹਨ।”+ 16 “ਉਹ ਲੋਕਾਂ ਨੂੰ ਬਰਬਾਦ ਕਰਦੇ ਹਨ ਅਤੇ ਦੁੱਖ ਦਿੰਦੇ ਹਨ 17 ਅਤੇ ਉਹ ਸ਼ਾਂਤੀ ਦੇ ਰਾਹ ਉੱਤੇ ਤੁਰਨਾ ਨਹੀਂ ਜਾਣਦੇ।”+ 18 “ਉਨ੍ਹਾਂ ਦੀਆਂ ਨਜ਼ਰਾਂ ਵਿਚ ਪਰਮੇਸ਼ੁਰ ਦਾ ਡਰ ਨਹੀਂ ਹੁੰਦਾ।”+
19 ਅਸੀਂ ਜਾਣਦੇ ਹਾਂ ਕਿ ਮੂਸਾ ਦੇ ਕਾਨੂੰਨ ਦੀਆਂ ਗੱਲਾਂ ਉਨ੍ਹਾਂ ਲੋਕਾਂ ਨੂੰ ਕਹੀਆਂ ਗਈਆਂ ਹਨ ਜਿਹੜੇ ਇਸ ਕਾਨੂੰਨ ਦੇ ਅਧੀਨ ਹਨ। ਇਸ ਲਈ ਜੇ ਕੋਈ ਆਪਣੇ ਆਪ ਨੂੰ ਨਿਰਦੋਸ਼ ਕਹਿੰਦਾ ਹੈ, ਤਾਂ ਇਹ ਕਾਨੂੰਨ ਉਸ ਦਾ ਮੂੰਹ ਬੰਦ ਕਰ ਦੇਵੇਗਾ। ਨਾਲੇ ਸਾਰੀ ਦੁਨੀਆਂ ਪਰਮੇਸ਼ੁਰ ਤੋਂ ਸਜ਼ਾ ਪਾਉਣ ਦੇ ਲਾਇਕ ਹੈ।+ 20 ਇਸ ਲਈ ਕਿਸੇ ਵੀ ਇਨਸਾਨ ਨੂੰ ਇਸ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ ਪਰਮੇਸ਼ੁਰ ਸਾਮ੍ਹਣੇ ਧਰਮੀ ਨਹੀਂ ਠਹਿਰਾਇਆ ਜਾਵੇਗਾ+ ਕਿਉਂਕਿ ਇਸ ਕਾਨੂੰਨ ਰਾਹੀਂ ਸਾਨੂੰ ਸਾਫ਼ ਪਤਾ ਲੱਗਦਾ ਹੈ ਕਿ ਪਾਪ ਅਸਲ ਵਿਚ ਕੀ ਹੈ।+
21 ਪਰ ਹੁਣ ਇਹ ਗੱਲ ਸਾਫ਼ ਹੋ ਚੁੱਕੀ ਹੈ ਕਿ ਮੂਸਾ ਦੇ ਕਾਨੂੰਨ ਉੱਤੇ ਚੱਲੇ ਬਿਨਾਂ ਵੀ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰਿਆ ਜਾ ਸਕਦਾ ਹੈ।+ ਇਹ ਗੱਲ ਮੂਸਾ ਦੇ ਕਾਨੂੰਨ ਅਤੇ ਨਬੀਆਂ ਦੀਆਂ ਲਿਖਤਾਂ ਵਿਚ ਵੀ ਦੱਸੀ ਗਈ ਹੈ,+ 22 ਜੀ ਹਾਂ, ਜਿਹੜੇ ਵੀ ਲੋਕ ਨਿਹਚਾ ਕਰਦੇ ਹਨ, ਉਹ ਸਾਰੇ ਯਿਸੂ ਉੱਤੇ ਨਿਹਚਾ ਕਰਕੇ ਪਰਮੇਸ਼ੁਰ ਦੀਆਂ ਨਜ਼ਰਾਂ ਵਿਚ ਧਰਮੀ ਠਹਿਰ ਸਕਦੇ ਹਨ। ਕਿਸੇ ਨਾਲ ਕੋਈ ਪੱਖਪਾਤ ਨਹੀਂ ਕੀਤਾ ਜਾਂਦਾ।+ 23 ਸਾਰਿਆਂ ਨੇ ਪਾਪ ਕੀਤਾ ਹੈ ਅਤੇ ਸਾਰੇ ਪਰਮੇਸ਼ੁਰ ਦੇ ਸ਼ਾਨਦਾਰ ਗੁਣ ਜ਼ਾਹਰ ਕਰਨ ਵਿਚ ਨਾਕਾਮਯਾਬ ਹੋਏ ਹਨ,+ 24 ਪਰ ਪਰਮੇਸ਼ੁਰ ਉਨ੍ਹਾਂ ਨੂੰ ਮਸੀਹ ਯਿਸੂ ਦੁਆਰਾ ਦਿੱਤੀ ਰਿਹਾਈ ਦੀ ਕੀਮਤ ਦੇ ਆਧਾਰ ʼਤੇ ਧਰਮੀ ਠਹਿਰਾਉਂਦਾ ਹੈ।+ ਉਹ ਆਪਣੀ ਅਪਾਰ ਕਿਰਪਾ ਸਦਕਾ+ ਉਨ੍ਹਾਂ ਨੂੰ ਇਹ ਵਰਦਾਨ ਦਿੰਦਾ ਹੈ।+ 25 ਪਰਮੇਸ਼ੁਰ ਨੇ ਮਸੀਹ ਦੀ ਕੁਰਬਾਨੀ ਦਿੱਤੀ ਤਾਂਕਿ ਉਸ ਦੇ ਖ਼ੂਨ ʼਤੇ ਨਿਹਚਾ ਕਰ ਕੇ+ ਇਨਸਾਨ ਪਰਮੇਸ਼ੁਰ ਨਾਲ ਸੁਲ੍ਹਾ ਕਰ ਸਕਣ।+ ਇਸ ਤਰ੍ਹਾਂ ਕਰ ਕੇ ਉਸ ਨੇ ਦਿਖਾਇਆ ਕਿ ਜਦੋਂ ਉਸ ਨੇ ਧੀਰਜ ਰੱਖਦੇ ਹੋਏ ਬੀਤੇ ਸਮੇਂ ਵਿਚ ਲੋਕਾਂ ਦੇ ਪਾਪ ਮਾਫ਼ ਕੀਤੇ ਸਨ, ਤਾਂ ਉਹ ਆਪਣੇ ਨਿਆਂ ਦੇ ਅਸੂਲਾਂ ਮੁਤਾਬਕ ਚੱਲਿਆ ਸੀ। 26 ਯਿਸੂ ਉੱਤੇ ਨਿਹਚਾ ਕਰਨ ਵਾਲੇ ਲੋਕਾਂ ਨੂੰ ਧਰਮੀ ਠਹਿਰਾ ਕੇ ਪਰਮੇਸ਼ੁਰ ਇਸ ਸਮੇਂ ਵੀ ਦਿਖਾਉਂਦਾ ਹੈ ਕਿ ਉਹ ਆਪਣੇ ਨਿਆਂ ਦੇ ਅਸੂਲਾਂ ਮੁਤਾਬਕ ਚੱਲਦਾ ਹੈ।+
27 ਤਾਂ ਫਿਰ, ਕੀ ਘਮੰਡ ਕਰਨ ਦਾ ਕੋਈ ਕਾਰਨ ਹੈ? ਬਿਲਕੁਲ ਨਹੀਂ। ਕਿਹੜੇ ਕਾਨੂੰਨ ʼਤੇ ਘਮੰਡ ਕਰੀਏ? ਕੀ ਉਸ ਕਾਨੂੰਨ ʼਤੇ ਜੋ ਕੰਮਾਂ ਨੂੰ ਅਹਿਮੀਅਤ ਦਿੰਦਾ ਹੈ?+ ਨਹੀਂ, ਸਗੋਂ ਉਸ ਕਾਨੂੰਨ ʼਤੇ ਜੋ ਨਿਹਚਾ ਨੂੰ ਅਹਿਮੀਅਤ ਦਿੰਦਾ ਹੈ। 28 ਅਸੀਂ ਮੰਨਦੇ ਹਾਂ ਕਿ ਇਨਸਾਨ ਨਿਹਚਾ ਕਰਨ ਕਰਕੇ ਧਰਮੀ ਠਹਿਰਾਇਆ ਜਾਂਦਾ ਹੈ, ਨਾ ਕਿ ਮੂਸਾ ਦੇ ਕਾਨੂੰਨ ਅਨੁਸਾਰ ਕੰਮ ਕਰਨ ਕਰਕੇ।+ 29 ਜਾਂ ਕੀ ਉਹ ਸਿਰਫ਼ ਯਹੂਦੀਆਂ ਦਾ ਪਰਮੇਸ਼ੁਰ ਹੈ?+ ਕੀ ਉਹ ਦੁਨੀਆਂ ਦੇ ਬਾਕੀ ਲੋਕਾਂ ਦਾ ਵੀ ਪਰਮੇਸ਼ੁਰ ਨਹੀਂ ਹੈ?+ ਹਾਂ, ਉਹ ਦੁਨੀਆਂ ਦੇ ਲੋਕਾਂ ਦਾ ਵੀ ਪਰਮੇਸ਼ੁਰ ਹੈ।+ 30 ਇੱਕੋ ਪਰਮੇਸ਼ੁਰ ਹੈ,+ ਇਸ ਲਈ ਉਹ ਲੋਕਾਂ ਨੂੰ ਨਿਹਚਾ ਕਰਨ ਕਰਕੇ ਧਰਮੀ ਠਹਿਰਾਵੇਗਾ,+ ਭਾਵੇਂ ਉਨ੍ਹਾਂ ਨੇ ਸੁੰਨਤ ਕਰਾਈ ਹੈ ਜਾਂ ਨਹੀਂ।+ 31 ਤਾਂ ਫਿਰ, ਕੀ ਅਸੀਂ ਨਿਹਚਾ ਕਰ ਕੇ ਕਾਨੂੰਨ ਨੂੰ ਰੱਦ ਕਰਦੇ ਹਾਂ? ਬਿਲਕੁਲ ਨਹੀਂ, ਸਗੋਂ ਅਸੀਂ ਜ਼ਾਹਰ ਕਰਦੇ ਹਾਂ ਕਿ ਕਾਨੂੰਨ ਜ਼ਰੂਰੀ ਹੈ।+