ਲੂਕਾ ਮੁਤਾਬਕ ਖ਼ੁਸ਼ ਖ਼ਬਰੀ
21 ਫਿਰ ਉਸ ਨੇ ਨਜ਼ਰ ਚੁੱਕ ਕੇ ਦੇਖਿਆ ਕਿ ਅਮੀਰ ਲੋਕ ਦਾਨ-ਪੇਟੀਆਂ ਵਿਚ ਪੈਸੇ ਪਾ ਰਹੇ ਸਨ।+ 2 ਫਿਰ ਉਸ ਨੇ ਇਕ ਗ਼ਰੀਬ ਵਿਧਵਾ ਨੂੰ ਦੋ ਸਿੱਕੇ* ਪਾਉਂਦਿਆਂ ਦੇਖਿਆ ਜਿਨ੍ਹਾਂ ਦੀ ਕੀਮਤ ਬਹੁਤ ਹੀ ਥੋੜ੍ਹੀ ਸੀ+ 3 ਅਤੇ ਉਸ ਨੇ ਕਿਹਾ: “ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਸਭ ਲੋਕਾਂ ਨਾਲੋਂ ਜ਼ਿਆਦਾ ਪੈਸੇ ਇਸ ਗ਼ਰੀਬ ਵਿਧਵਾ ਨੇ ਪਾਏ।+ 4 ਕਿਉਂਕਿ ਉਨ੍ਹਾਂ ਸਾਰਿਆਂ ਨੇ ਆਪਣੇ ਵਾਧੂ ਪੈਸਿਆਂ ਵਿੱਚੋਂ ਕੁਝ ਪੈਸਾ ਪਾਇਆ, ਪਰ ਇਸ ਗ਼ਰੀਬ ਵਿਧਵਾ ਕੋਲ ਆਪਣੇ ਗੁਜ਼ਾਰੇ ਲਈ ਜੋ ਵੀ ਸੀ, ਇਸ ਨੇ ਉਹ ਸਾਰੇ ਦਾ ਸਾਰਾ ਦਾਨ-ਪੇਟੀ ਵਿਚ ਪਾ ਦਿੱਤਾ।”+
5 ਬਾਅਦ ਵਿਚ ਕੁਝ ਲੋਕ ਮੰਦਰ ਬਾਰੇ ਗੱਲਾਂ ਕਰ ਰਹੇ ਸਨ ਕਿ ਇਸ ਨੂੰ ਕਿੰਨੇ ਸੋਹਣੇ-ਸੋਹਣੇ ਪੱਥਰਾਂ ਅਤੇ ਦਾਨ ਕੀਤੀਆਂ ਸੁਗਾਤਾਂ ਨਾਲ ਸਜਾਇਆ ਗਿਆ ਸੀ।+ 6 ਪਰ ਉਸ ਨੇ ਕਿਹਾ: “ਤੁਸੀਂ ਇਹ ਜੋ ਇਮਾਰਤਾਂ ਦੇਖਦੇ ਹੋ, ਉਹ ਦਿਨ ਵੀ ਆਉਣਗੇ ਜਦੋਂ ਇੱਥੇ ਪੱਥਰ ʼਤੇ ਪੱਥਰ ਨਹੀਂ ਛੱਡਿਆ ਜਾਵੇਗਾ ਜਿਹੜਾ ਡੇਗਿਆ ਨਾ ਜਾਵੇ।”+ 7 ਫਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ: “ਗੁਰੂ ਜੀ, ਇਹ ਘਟਨਾਵਾਂ ਕਦੋਂ ਵਾਪਰਨਗੀਆਂ ਅਤੇ ਉਸ ਸਮੇਂ ਦੀ ਕੀ ਨਿਸ਼ਾਨੀ ਹੋਵੇਗੀ ਜਦੋਂ ਇਹ ਸਭ ਕੁਝ ਹੋਵੇਗਾ?”+ 8 ਉਸ ਨੇ ਕਿਹਾ: “ਖ਼ਬਰਦਾਰ ਰਹੋ ਕਿ ਤੁਹਾਨੂੰ ਕੋਈ ਗੁਮਰਾਹ ਨਾ ਕਰੇ+ ਕਿਉਂਕਿ ਮੇਰੇ ਨਾਂ ʼਤੇ ਬਹੁਤ ਸਾਰੇ ਲੋਕ ਆਉਣਗੇ ਅਤੇ ਕਹਿਣਗੇ, ‘ਮੈਂ ਹੀ ਮਸੀਹ ਹਾਂ’ ਅਤੇ ‘ਮਿਥਿਆ ਸਮਾਂ ਆ ਗਿਆ ਹੈ।’ ਤੁਸੀਂ ਉਨ੍ਹਾਂ ਦੇ ਪਿੱਛੇ ਨਾ ਜਾਇਓ।+ 9 ਇਸ ਤੋਂ ਇਲਾਵਾ, ਜਦੋਂ ਤੁਸੀਂ ਲੜਾਈਆਂ ਅਤੇ ਦੰਗੇ-ਫ਼ਸਾਦਾਂ* ਦੀਆਂ ਖ਼ਬਰਾਂ ਸੁਣੋਗੇ, ਤਾਂ ਡਰਿਓ ਨਾ। ਕਿਉਂਕਿ ਪਹਿਲਾਂ ਇਹ ਸਭ ਹੋਣਾ ਜ਼ਰੂਰੀ ਹੈ, ਪਰ ਅੰਤ ਫ਼ੌਰਨ ਨਹੀਂ ਆਵੇਗਾ।”+
10 ਫਿਰ ਉਸ ਨੇ ਉਨ੍ਹਾਂ ਨੂੰ ਦੱਸਿਆ: “ਕੌਮ ਕੌਮ ਉੱਤੇ+ ਅਤੇ ਦੇਸ਼ ਦੇਸ਼ ਉੱਤੇ ਹਮਲਾ ਕਰੇਗਾ।+ 11 ਵੱਡੇ-ਵੱਡੇ ਭੁਚਾਲ਼ ਆਉਣਗੇ, ਥਾਂ-ਥਾਂ ਕਾਲ਼ ਪੈਣਗੇ ਤੇ ਮਹਾਂਮਾਰੀਆਂ ਫੈਲਣਗੀਆਂ;+ ਅਤੇ ਲੋਕ ਖ਼ੌਫ਼ਨਾਕ ਨਜ਼ਾਰੇ ਅਤੇ ਆਕਾਸ਼ੋਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਦੇਖਣਗੇ।
12 “ਪਰ ਇਹ ਸਾਰੀਆਂ ਗੱਲਾਂ ਹੋਣ ਤੋਂ ਪਹਿਲਾਂ, ਲੋਕ ਤੁਹਾਨੂੰ ਮੇਰੇ ਚੇਲੇ ਹੋਣ ਕਰਕੇ ਫੜਨਗੇ ਅਤੇ ਤੁਹਾਡੇ ਉੱਤੇ ਅਤਿਆਚਾਰ ਕਰਨਗੇ+ ਅਤੇ ਤੁਹਾਨੂੰ ਸਭਾ ਘਰਾਂ ਦੇ ਹਵਾਲੇ ਕਰਨਗੇ ਅਤੇ ਜੇਲ੍ਹਾਂ ਵਿਚ ਸੁੱਟ ਦੇਣਗੇ। ਨਾਲੇ ਤੁਹਾਨੂੰ ਰਾਜਿਆਂ ਅਤੇ ਸਰਕਾਰੀ ਅਧਿਕਾਰੀਆਂ ਦੇ ਸਾਮ੍ਹਣੇ ਪੇਸ਼ ਕਰਨਗੇ।+ 13 ਉੱਥੇ ਤੁਹਾਨੂੰ ਗਵਾਹੀ ਦੇਣ ਦਾ ਮੌਕਾ ਮਿਲੇਗਾ। 14 ਇਸ ਲਈ ਆਪਣੇ ਮਨਾਂ ਵਿਚ ਧਾਰ ਲਓ ਕਿ ਤੁਸੀਂ ਆਪਣੀ ਸਫ਼ਾਈ ਦੇਣ ਦੀ ਪਹਿਲਾਂ ਤੋਂ ਹੀ ਤਿਆਰੀ ਨਹੀਂ ਕਰੋਗੇ+ 15 ਕਿਉਂਕਿ ਮੈਂ ਤੁਹਾਨੂੰ ਅਜਿਹੀ ਬੁੱਧ ਅਤੇ ਕਹਿਣ ਲਈ ਅਜਿਹੇ ਸ਼ਬਦ ਬਖ਼ਸ਼ਾਂਗਾ ਕਿ ਤੁਹਾਡੇ ਸਾਰੇ ਵਿਰੋਧੀ ਇਕੱਠੇ ਹੋ ਕੇ ਵੀ ਤੁਹਾਡਾ ਮੁਕਾਬਲਾ ਨਹੀਂ ਕਰ ਸਕਣਗੇ ਜਾਂ ਤੁਹਾਡੇ ਵਿਰੋਧ ਵਿਚ ਕੁਝ ਨਹੀਂ ਕਹਿ ਸਕਣਗੇ।+ 16 ਇਸ ਤੋਂ ਇਲਾਵਾ, ਤੁਹਾਡੇ ਆਪਣੇ ਹੀ ਮਾਤਾ-ਪਿਤਾ, ਭਰਾ, ਰਿਸ਼ਤੇਦਾਰ ਤੇ ਦੋਸਤ ਤੁਹਾਨੂੰ ਅਦਾਲਤਾਂ ਦੇ ਹਵਾਲੇ ਕਰ ਦੇਣਗੇ* ਅਤੇ ਉਹ ਤੁਹਾਡੇ ਵਿੱਚੋਂ ਕਈਆਂ ਨੂੰ ਜਾਨੋਂ ਮਾਰ ਦੇਣਗੇ।+ 17 ਮੇਰੇ ਚੇਲੇ ਹੋਣ ਕਰਕੇ ਤੁਸੀਂ ਸਾਰੇ ਲੋਕਾਂ ਦੀ ਨਫ਼ਰਤ ਦੇ ਸ਼ਿਕਾਰ ਬਣੋਗੇ।+ 18 ਪਰ ਤੁਹਾਡੇ ਸਿਰ ਦਾ ਇਕ ਵਾਲ਼ ਵੀ ਵਿੰਗਾ ਨਹੀਂ ਹੋਵੇਗਾ।+ 19 ਧੀਰਜ ਰੱਖਣ ਕਰਕੇ ਹੀ ਤੁਸੀਂ ਆਪਣੀਆਂ ਜਾਨਾਂ ਬਚਾਓਗੇ।+
20 “ਪਰ ਜਦ ਤੁਸੀਂ ਯਰੂਸ਼ਲਮ ਨੂੰ ਫ਼ੌਜਾਂ ਨਾਲ ਘਿਰਿਆ ਹੋਇਆ ਦੇਖੋਗੇ,+ ਤਾਂ ਸਮਝ ਜਾਣਾ ਕਿ ਇਸ ਦੀ ਤਬਾਹੀ ਦਾ ਸਮਾਂ ਨੇੜੇ ਆ ਗਿਆ ਹੈ।+ 21 ਉਸ ਸਮੇਂ ਜਿਹੜੇ ਯਹੂਦਿਯਾ ਵਿਚ ਹੋਣ, ਉਹ ਪਹਾੜਾਂ ਨੂੰ ਭੱਜਣਾ ਸ਼ੁਰੂ ਕਰ ਦੇਣ+ ਅਤੇ ਜਿਹੜੇ ਯਰੂਸ਼ਲਮ ਵਿਚ ਹੋਣ, ਉਹ ਉੱਥੋਂ ਨਿਕਲ ਜਾਣ ਅਤੇ ਜਿਹੜੇ ਇਸ ਦੇ ਆਲੇ-ਦੁਆਲੇ ਦੇ ਪੇਂਡੂ ਇਲਾਕਿਆਂ ਵਿਚ ਹੋਣ, ਉਹ ਸ਼ਹਿਰ ਵਿਚ ਨਾ ਆਉਣ 22 ਕਿਉਂਕਿ ਉਹ ਦਿਨ ਨਿਆਂ ਕਰਨ ਦੇ ਦਿਨ ਹੋਣਗੇ ਤਾਂਕਿ ਧਰਮ-ਗ੍ਰੰਥ ਵਿਚ ਲਿਖੀਆਂ ਸਾਰੀਆਂ ਗੱਲਾਂ ਪੂਰੀਆਂ ਹੋਣ। 23 ਇਹ ਸਮਾਂ ਗਰਭਵਤੀ ਔਰਤਾਂ ਅਤੇ ਦੁੱਧ ਚੁੰਘਾਉਂਦੀਆਂ ਔਰਤਾਂ ਲਈ ਬਹੁਤ ਔਖਾ ਹੋਵੇਗਾ!+ ਕਿਉਂਕਿ ਇਸ ਦੇਸ਼ ਉੱਤੇ ਮੁਸੀਬਤਾਂ ਦਾ ਪਹਾੜ ਟੁੱਟੇਗਾ ਅਤੇ ਇਨ੍ਹਾਂ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। 24 ਉਹ ਤਲਵਾਰ ਨਾਲ ਵੱਢੇ ਜਾਣਗੇ ਅਤੇ ਉਨ੍ਹਾਂ ਨੂੰ ਗ਼ੁਲਾਮ ਬਣਾ ਕੇ ਸਾਰੀਆਂ ਕੌਮਾਂ ਵਿਚ ਲਿਜਾਇਆ ਜਾਵੇਗਾ+ ਅਤੇ ਕੌਮਾਂ* ਉਦੋਂ ਤਕ ਯਰੂਸ਼ਲਮ ਨੂੰ ਪੈਰਾਂ ਹੇਠ ਮਿੱਧਣਗੀਆਂ ਜਿੰਨਾ ਚਿਰ ਕੌਮਾਂ* ਦਾ ਮਿਥਿਆ ਸਮਾਂ ਪੂਰਾ ਨਹੀਂ ਹੋ ਜਾਂਦਾ।+
25 “ਨਾਲੇ ਸੂਰਜ, ਚੰਦ ਅਤੇ ਤਾਰਿਆਂ ਵਿਚ ਨਿਸ਼ਾਨੀਆਂ ਦਿਖਾਈ ਦੇਣਗੀਆਂ+ ਅਤੇ ਧਰਤੀ ਉੱਤੇ ਕੌਮਾਂ ਕਸ਼ਟ ਦੇ ਮਾਰੇ ਤੜਫਣਗੀਆਂ ਅਤੇ ਸਮੁੰਦਰ ਦੀਆਂ ਤੂਫ਼ਾਨੀ ਲਹਿਰਾਂ ਦੀ ਗਰਜ ਕਰਕੇ ਉਨ੍ਹਾਂ ਨੂੰ ਬਚਣ ਦਾ ਕੋਈ ਰਾਹ ਨਹੀਂ ਲੱਭੇਗਾ। 26 ਇਸ ਦੁਨੀਆਂ ਉੱਤੇ ਜੋ ਬੀਤੇਗੀ, ਉਸ ਬਾਰੇ ਸੋਚ ਕੇ ਲੋਕ ਡਰ ਤੇ ਚਿੰਤਾ ਨਾਲ ਚਕਰਾ ਜਾਣਗੇ ਕਿਉਂਕਿ ਆਕਾਸ਼ ਦੀਆਂ ਸ਼ਕਤੀਆਂ ਹਿਲਾਈਆਂ ਜਾਣਗੀਆਂ। 27 ਫਿਰ ਉਹ ਮਨੁੱਖ ਦੇ ਪੁੱਤਰ+ ਨੂੰ ਬੱਦਲਾਂ ਵਿਚ ਸ਼ਕਤੀ ਅਤੇ ਵੱਡੀ ਮਹਿਮਾ ਨਾਲ ਆਉਂਦਾ ਦੇਖਣਗੇ।+ 28 ਪਰ ਜਦੋਂ ਇਹ ਗੱਲਾਂ ਹੋਣ ਲੱਗ ਪੈਣ, ਤਾਂ ਸਿਰ ਉੱਪਰ ਚੁੱਕ ਕੇ ਸਿੱਧੇ ਖੜ੍ਹੇ ਹੋ ਜਾਣਾ ਕਿਉਂਕਿ ਤੁਹਾਡਾ ਛੁਟਕਾਰਾ ਹੋਣ ਵਾਲਾ ਹੈ।”
29 ਫਿਰ ਉਸ ਨੇ ਉਨ੍ਹਾਂ ਨੂੰ ਇਹ ਮਿਸਾਲ ਦਿੱਤੀ: “ਅੰਜੀਰ ਦੇ ਦਰਖ਼ਤ ਅਤੇ ਹੋਰ ਦਰਖ਼ਤਾਂ ਵੱਲ ਧਿਆਨ ਦਿਓ।+ 30 ਜਦੋਂ ਇਨ੍ਹਾਂ ਦੇ ਪੱਤੇ ਨਿਕਲਣੇ ਸ਼ੁਰੂ ਹੁੰਦੇ ਹਨ, ਤਾਂ ਇਹ ਦੇਖ ਕੇ ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਗਰਮੀਆਂ ਦਾ ਮੌਸਮ ਆਉਣ ਵਾਲਾ ਹੈ। 31 ਇਸੇ ਤਰ੍ਹਾਂ, ਜਦ ਤੁਸੀਂ ਇਹ ਗੱਲਾਂ ਹੁੰਦੀਆਂ ਦੇਖੋ, ਤਾਂ ਸਮਝ ਜਾਣਾ ਕਿ ਪਰਮੇਸ਼ੁਰ ਦਾ ਰਾਜ ਨੇੜੇ ਆ ਗਿਆ ਹੈ। 32 ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਇਸ ਪੀੜ੍ਹੀ ਦੇ ਖ਼ਤਮ ਹੋਣ ਤੋਂ ਪਹਿਲਾਂ-ਪਹਿਲਾਂ ਇਹ ਸਾਰੀਆਂ ਘਟਨਾਵਾਂ ਜ਼ਰੂਰ ਵਾਪਰਨਗੀਆਂ।+ 33 ਆਸਮਾਨ ਅਤੇ ਧਰਤੀ ਮਿਟ ਜਾਣਗੇ, ਪਰ ਮੇਰੇ ਸ਼ਬਦ ਕਦੇ ਨਹੀਂ ਮਿਟਣਗੇ।+
34 “ਪਰ ਤੁਸੀਂ ਧਿਆਨ ਰੱਖੋ ਕਿ ਹੱਦੋਂ ਵੱਧ ਖਾਣ ਅਤੇ ਬੇਹਿਸਾਬੀ ਸ਼ਰਾਬ ਪੀਣ ਕਰਕੇ+ ਅਤੇ ਜ਼ਿੰਦਗੀ ਦੀਆਂ ਚਿੰਤਾਵਾਂ+ ਕਰਕੇ ਕਿਤੇ ਤੁਹਾਡੇ ਮਨ ਬੋਝ ਹੇਠ ਨਾ ਦੱਬੇ ਜਾਣ ਅਤੇ ਉਹ ਦਿਨ ਅਚਾਨਕ ਤੁਹਾਡੇ ਉੱਤੇ 35 ਫੰਦੇ ਵਾਂਗ ਨਾ ਆ ਪਵੇ।+ ਕਿਉਂਕਿ ਇਹ ਦਿਨ ਧਰਤੀ ਉੱਤੇ ਰਹਿਣ ਵਾਲੇ ਸਾਰੇ ਲੋਕਾਂ ਉੱਤੇ ਆਵੇਗਾ। 36 ਇਸ ਲਈ ਜਾਗਦੇ ਰਹੋ+ ਅਤੇ ਹਰ ਸਮੇਂ ਮਦਦ ਲਈ ਫ਼ਰਿਆਦ ਕਰਦੇ ਰਹੋ+ ਕਿ ਤੁਸੀਂ ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚ ਸਕੋ ਜੋ ਜ਼ਰੂਰ ਵਾਪਰਨਗੀਆਂ ਅਤੇ ਮਨੁੱਖ ਦੇ ਪੁੱਤਰ ਸਾਮ੍ਹਣੇ ਖੜ੍ਹੇ ਹੋ ਸਕੋ।”+
37 ਯਿਸੂ ਦਿਨੇ ਮੰਦਰ ਵਿਚ ਸਿੱਖਿਆ ਦਿੰਦਾ ਹੁੰਦਾ ਸੀ, ਪਰ ਰਾਤ ਨੂੰ ਜ਼ੈਤੂਨ ਪਹਾੜ ਉੱਤੇ ਜਾ ਕੇ ਰਹਿੰਦਾ ਸੀ। 38 ਲੋਕ ਉਸ ਦੀਆਂ ਗੱਲਾਂ ਸੁਣਨ ਲਈ ਸਵੇਰੇ-ਸਵੇਰੇ ਹੀ ਮੰਦਰ ਵਿਚ ਆ ਜਾਂਦੇ ਸਨ।