ਰਸੂਲਾਂ ਦੇ ਕੰਮ
26 ਅਗ੍ਰਿੱਪਾ+ ਨੇ ਪੌਲੁਸ ਨੂੰ ਕਿਹਾ: “ਤੈਨੂੰ ਆਪਣੀ ਸਫ਼ਾਈ ਵਿਚ ਬੋਲਣ ਦੀ ਇਜਾਜ਼ਤ ਹੈ।” ਫਿਰ ਪੌਲੁਸ ਨੇ ਆਪਣਾ ਹੱਥ ਚੁੱਕ ਕੇ ਕਹਿਣਾ ਸ਼ੁਰੂ ਕੀਤਾ:
2 “ਰਾਜਾ ਅਗ੍ਰਿੱਪਾ, ਮੈਂ ਇਸ ਗੱਲੋਂ ਖ਼ੁਸ਼ ਹਾਂ ਕਿ ਜਿਨ੍ਹਾਂ ਸਾਰੀਆਂ ਗੱਲਾਂ ਸੰਬੰਧੀ ਯਹੂਦੀਆਂ ਨੇ ਮੇਰੇ ਉੱਤੇ ਦੋਸ਼ ਲਾਇਆ ਹੈ,+ ਮੈਂ ਉਨ੍ਹਾਂ ਬਾਰੇ ਅੱਜ ਤੇਰੇ ਸਾਮ੍ਹਣੇ ਆਪਣੀ ਸਫ਼ਾਈ ਦੇ ਰਿਹਾ ਹਾਂ, 3 ਖ਼ਾਸ ਕਰਕੇ ਇਸ ਲਈ ਕਿ ਤੂੰ ਯਹੂਦੀਆਂ ਦੇ ਸਾਰੇ ਰੀਤੀ-ਰਿਵਾਜਾਂ ਅਤੇ ਉਨ੍ਹਾਂ ਦੇ ਝਗੜਿਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈਂ। ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੂੰ ਮੇਰੀ ਗੱਲ ਧੀਰਜ ਨਾਲ ਸੁਣੀਂ।
4 “ਸਾਰੇ ਯਹੂਦੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਮੈਂ ਆਪਣੀ ਜਵਾਨੀ ਤੋਂ ਆਪਣੇ ਲੋਕਾਂ ਵਿਚ ਅਤੇ ਯਰੂਸ਼ਲਮ ਵਿਚ ਰਹਿੰਦਿਆਂ ਕਿਹੋ ਜਿਹੀ ਜ਼ਿੰਦਗੀ ਜੀਉਂਦਾ ਸੀ।+ 5 ਇਹ ਯਹੂਦੀ ਮੈਨੂੰ ਪਹਿਲਾਂ ਤੋਂ ਹੀ ਜਾਣਦੇ ਹਨ ਅਤੇ ਜੇ ਇਹ ਚਾਹੁਣ, ਤਾਂ ਇਹ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ ਕਿ ਮੈਂ ਆਪਣੇ ਧਰਮ ਦੇ ਸਭ ਤੋਂ ਕੱਟੜ ਪੰਥ ਅਨੁਸਾਰ ਫ਼ਰੀਸੀ ਦੇ ਤੌਰ ਤੇ+ ਭਗਤੀ ਕਰਦਾ ਸੀ।+ 6 ਪਰ ਹੁਣ ਮੇਰੇ ਉੱਤੇ ਉਸ ਉਮੀਦ ਕਰਕੇ ਮੁਕੱਦਮਾ ਚਲਾਇਆ ਜਾ ਰਿਹਾ ਹੈ ਜਿਸ ਦਾ ਵਾਅਦਾ ਪਰਮੇਸ਼ੁਰ ਨੇ ਸਾਡੇ ਪਿਉ-ਦਾਦਿਆਂ ਨਾਲ ਕੀਤਾ ਸੀ;+ 7 ਸਾਡੇ 12 ਗੋਤ ਵੀ ਇਸੇ ਵਾਅਦੇ ਦੇ ਪੂਰਾ ਹੋਣ ਦੀ ਉਮੀਦ ਰੱਖਦੇ ਹਨ, ਇਸ ਲਈ ਉਹ ਵੱਡੇ ਜਤਨ ਨਾਲ ਦਿਨ-ਰਾਤ ਭਗਤੀ ਕਰਦੇ ਹਨ। ਹੇ ਮਹਾਰਾਜ, ਯਹੂਦੀਆਂ ਨੇ ਮੇਰੇ ਉੱਤੇ ਇਸੇ ਵਾਅਦੇ ਕਰਕੇ ਦੋਸ਼ ਲਾਇਆ ਹੈ।+
8 “ਤੁਹਾਨੂੰ ਇਸ ਗੱਲ ʼਤੇ ਵਿਸ਼ਵਾਸ ਕਰਨਾ ਕਿਉਂ ਮੁਸ਼ਕਲ ਲੱਗਦਾ ਹੈ ਕਿ ਪਰਮੇਸ਼ੁਰ ਮਰੇ ਹੋਇਆਂ ਨੂੰ ਜੀਉਂਦਾ ਕਰਦਾ ਹੈ? 9 ਮੈਂ ਇਹ ਦਿਲੋਂ ਮੰਨਦਾ ਹੁੰਦਾ ਸੀ ਕਿ ਮੈਨੂੰ ਯਿਸੂ ਨਾਸਰੀ ਦੇ ਨਾਂ ਦੇ ਵਿਰੁੱਧ ਬਹੁਤ ਕੁਝ ਕਰਨਾ ਚਾਹੀਦਾ ਸੀ। 10 ਮੈਂ ਯਰੂਸ਼ਲਮ ਵਿਚ ਇਸੇ ਤਰ੍ਹਾਂ ਕੀਤਾ ਅਤੇ ਮੁੱਖ ਪੁਜਾਰੀਆਂ ਵੱਲੋਂ ਦਿੱਤੇ ਅਧਿਕਾਰ ਨੂੰ ਵਰਤ ਕੇ+ ਬਹੁਤ ਸਾਰੇ ਪਵਿੱਤਰ ਸੇਵਕਾਂ ਨੂੰ ਜੇਲ੍ਹ ਵਿਚ ਸੁੱਟ ਦਿੱਤਾ।+ ਜਦੋਂ ਉਨ੍ਹਾਂ ਨੂੰ ਜਾਨੋਂ ਮਾਰਨ ਦਾ ਫ਼ੈਸਲਾ ਕਰਨਾ ਹੁੰਦਾ ਸੀ, ਤਾਂ ਮੈਂ ਵੀ ਸਹਿਮਤ ਹੁੰਦਾ ਸੀ। 11 ਮੈਂ ਸਾਰੇ ਸਭਾ ਘਰਾਂ ਵਿਚ ਉਨ੍ਹਾਂ ਨੂੰ ਕਈ ਵਾਰ ਸਜ਼ਾ ਦੇ ਕੇ ਮਜਬੂਰ ਕਰਨ ਦੀ ਕੋਸ਼ਿਸ਼ ਕੀਤੀ ਕਿ ਉਹ ਮਸੀਹ ਨੂੰ ਤਿਆਗ ਦੇਣ। ਮੈਂ ਉਨ੍ਹਾਂ ਉੱਤੇ ਇੰਨਾ ਕ੍ਰੋਧਵਾਨ ਸੀ ਕਿ ਮੈਂ ਦੂਸਰੇ ਸ਼ਹਿਰਾਂ ਵਿਚ ਵੀ ਜਾ ਕੇ ਉਨ੍ਹਾਂ ਉੱਤੇ ਅਤਿਆਚਾਰ ਕਰਦਾ ਸੀ।
12 “ਇਸੇ ਮਕਸਦ ਨਾਲ ਮੈਂ ਮੁੱਖ ਪੁਜਾਰੀਆਂ ਤੋਂ ਅਧਿਕਾਰ ਅਤੇ ਹੁਕਮ ਲੈ ਕੇ ਦਮਿਸਕ ਨੂੰ ਤੁਰ ਪਿਆ। 13 ਹੇ ਮਹਾਰਾਜ, ਮੈਂ ਰਾਹ ਵਿਚ ਸਿਖਰ ਦੁਪਹਿਰੇ ਆਪਣੇ ਆਲੇ-ਦੁਆਲੇ ਅਤੇ ਮੇਰੇ ਨਾਲ ਸਫ਼ਰ ਕਰ ਰਹੇ ਬੰਦਿਆਂ ਦੇ ਆਲੇ-ਦੁਆਲੇ ਸੂਰਜ ਤੋਂ ਵੀ ਤੇਜ਼ ਰੌਸ਼ਨੀ ਆਕਾਸ਼ੋਂ ਚਮਕਦੀ ਦੇਖੀ।+ 14 ਜਦੋਂ ਅਸੀਂ ਸਾਰੇ ਜ਼ਮੀਨ ਉੱਤੇ ਡਿਗ ਪਏ, ਤਾਂ ਇਕ ਆਵਾਜ਼ ਨੇ ਮੈਨੂੰ ਇਬਰਾਨੀ ਭਾਸ਼ਾ ਵਿਚ ਇਹ ਕਿਹਾ: ‘ਸੌਲੁਸ, ਸੌਲੁਸ, ਤੂੰ ਕਿਉਂ ਮੇਰੇ ਉੱਤੇ ਜ਼ੁਲਮ ਕਰਦਾ ਹੈਂ? ਪਰਮੇਸ਼ੁਰ ਦੇ ਕੰਮ ਦਾ ਵਿਰੋਧ ਕਰ ਕੇ* ਤੂੰ ਆਪਣਾ ਹੀ ਨੁਕਸਾਨ ਕਰ ਰਿਹਾ ਹੈਂ।’ 15 ਪਰ ਮੈਂ ਪੁੱਛਿਆ: ‘ਪ੍ਰਭੂ, ਤੂੰ ਕੌਣ ਹੈਂ?’ ਅਤੇ ਪ੍ਰਭੂ ਨੇ ਕਿਹਾ, ‘ਮੈਂ ਯਿਸੂ ਹਾਂ ਜਿਸ ਉੱਤੇ ਤੂੰ ਜ਼ੁਲਮ ਕਰਦਾ ਹੈਂ। 16 ਹੁਣ ਉੱਠ ਕੇ ਆਪਣੇ ਪੈਰਾਂ ʼਤੇ ਖੜ੍ਹਾ ਹੋ ਜਾਹ। ਮੈਂ ਇਸ ਕਰਕੇ ਤੇਰੇ ਸਾਮ੍ਹਣੇ ਪ੍ਰਗਟ ਹੋਇਆ ਹਾਂ ਕਿ ਮੈਂ ਤੈਨੂੰ ਆਪਣਾ ਸੇਵਕ ਅਤੇ ਗਵਾਹ ਚੁਣਾਂ ਤਾਂਕਿ ਤੂੰ ਉਨ੍ਹਾਂ ਸਾਰੀਆਂ ਗੱਲਾਂ ਦਾ ਐਲਾਨ ਕਰੇਂ ਜੋ ਤੂੰ ਦੇਖੀਆਂ ਹਨ ਅਤੇ ਜਿਹੜੀਆਂ ਮੈਂ ਤੈਨੂੰ ਆਪਣੇ ਬਾਰੇ ਦਿਖਾਵਾਂਗਾ।+ 17 ਮੈਂ ਤੈਨੂੰ ਯਹੂਦੀਆਂ ਤੋਂ ਅਤੇ ਗ਼ੈਰ-ਯਹੂਦੀਆਂ ਤੋਂ ਬਚਾਵਾਂਗਾ ਜਿਨ੍ਹਾਂ ਕੋਲ ਮੈਂ ਤੈਨੂੰ ਘੱਲ ਰਿਹਾ ਹਾਂ+ 18 ਤਾਂਕਿ ਤੂੰ ਉਨ੍ਹਾਂ ਦੀਆਂ ਅੱਖਾਂ ਖੋਲ੍ਹੇਂ+ ਅਤੇ ਉਨ੍ਹਾਂ ਨੂੰ ਹਨੇਰੇ ਵਿੱਚੋਂ ਕੱਢ ਕੇ+ ਚਾਨਣ ਵਿਚ ਲਿਆਵੇਂ+ ਅਤੇ ਸ਼ੈਤਾਨ ਦੇ ਵੱਸ ਵਿੱਚੋਂ ਛੁਡਾ ਕੇ+ ਪਰਮੇਸ਼ੁਰ ਕੋਲ ਲਿਆਵੇਂ। ਫਿਰ ਮੇਰੇ ਉੱਤੇ ਨਿਹਚਾ ਕਰਨ ਕਰਕੇ ਉਨ੍ਹਾਂ ਨੂੰ ਆਪਣੇ ਪਾਪਾਂ ਦੀ ਮਾਫ਼ੀ ਮਿਲੇਗੀ+ ਅਤੇ ਹੋਰ ਪਵਿੱਤਰ ਸੇਵਕਾਂ ਦੇ ਨਾਲ ਉਨ੍ਹਾਂ ਨੂੰ ਵੀ ਵਿਰਾਸਤ ਮਿਲੇਗੀ।’
19 “ਇਸ ਕਰਕੇ ਹੇ ਰਾਜਾ ਅਗ੍ਰਿੱਪਾ, ਮੈਂ ਇਸ ਸਵਰਗੀ ਦਰਸ਼ਣ ਵਿਚ ਮਿਲੀ ਆਗਿਆ ਦੀ ਉਲੰਘਣਾ ਨਹੀਂ ਕੀਤੀ, 20 ਪਰ ਮੈਂ ਜਾ ਕੇ ਪਹਿਲਾਂ ਦਮਿਸਕ+ ਦੇ ਲੋਕਾਂ ਨੂੰ ਤੇ ਫਿਰ ਯਰੂਸ਼ਲਮ+ ਅਤੇ ਯਹੂਦਿਯਾ ਦੇ ਪੂਰੇ ਇਲਾਕੇ ਵਿਚ ਰਹਿਣ ਵਾਲੇ ਲੋਕਾਂ ਨੂੰ ਅਤੇ ਗ਼ੈਰ-ਯਹੂਦੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਤੋਬਾ ਕਰਨ ਅਤੇ ਆਪਣੇ ਕੰਮਾਂ ਰਾਹੀਂ ਤੋਬਾ ਦਾ ਸਬੂਤ ਦੇ ਕੇ ਪਰਮੇਸ਼ੁਰ ਵੱਲ ਮੁੜਨ।+ 21 ਇਸੇ ਕਾਰਨ ਯਹੂਦੀਆਂ ਨੇ ਮੰਦਰ ਵਿਚ ਮੈਨੂੰ ਫੜ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ।+ 22 ਪਰ ਪਰਮੇਸ਼ੁਰ ਦੀ ਮਦਦ ਨਾਲ ਮੈਂ ਹੁਣ ਤਕ ਛੋਟੇ-ਵੱਡੇ ਸਾਰਿਆਂ ਨੂੰ ਗਵਾਹੀ ਦੇ ਰਿਹਾ ਹਾਂ। ਪਰ ਮੈਂ ਉਨ੍ਹਾਂ ਗੱਲਾਂ ਦੀ ਹੀ ਗਵਾਹੀ ਦੇ ਰਿਹਾ ਹਾਂ ਜਿਨ੍ਹਾਂ ਦੇ ਹੋਣ ਬਾਰੇ ਨਬੀਆਂ ਦੀਆਂ ਲਿਖਤਾਂ ਅਤੇ ਮੂਸਾ ਦੇ ਕਾਨੂੰਨ ਵਿਚ ਲਿਖਿਆ ਹੋਇਆ ਹੈ,+ 23 ਯਾਨੀ ਮਸੀਹ ਨੂੰ ਦੁੱਖ ਝੱਲਣਾ ਪਵੇਗਾ,+ ਉਹ ਪਹਿਲਾ ਇਨਸਾਨ ਹੋਵੇਗਾ ਜਿਸ ਨੂੰ ਮਰੇ ਹੋਇਆਂ ਵਿੱਚੋਂ ਜੀਉਂਦਾ ਕੀਤਾ ਜਾਵੇਗਾ+ ਤੇ ਉਹ ਪ੍ਰਚਾਰ ਕਰ ਕੇ ਯਹੂਦੀ ਅਤੇ ਗ਼ੈਰ-ਯਹੂਦੀ ਲੋਕਾਂ ਵਿਚ ਚਾਨਣ ਫੈਲਾਏਗਾ।”+
24 ਜਦੋਂ ਪੌਲੁਸ ਆਪਣੀ ਸਫ਼ਾਈ ਵਿਚ ਇਹ ਗੱਲਾਂ ਕਹਿ ਰਿਹਾ ਸੀ, ਤਾਂ ਫ਼ੇਸਤੁਸ ਨੇ ਉੱਚੀ ਆਵਾਜ਼ ਵਿਚ ਕਿਹਾ: “ਪੌਲੁਸ, ਤੂੰ ਪਾਗਲ ਹੋ ਗਿਆ ਹੈਂ! ਬਹੁਤੇ ਗਿਆਨ ਨੇ ਤੈਨੂੰ ਪਾਗਲ ਕਰ ਦਿੱਤਾ ਹੈ!” 25 ਪਰ ਪੌਲੁਸ ਨੇ ਕਿਹਾ: “ਹਜ਼ੂਰ ਫ਼ੇਸਤੁਸ, ਮੈਂ ਪਾਗਲ ਨਹੀਂ ਹਾਂ, ਸਗੋਂ ਮੈਂ ਸੱਚਾਈ ਦੀਆਂ ਅਤੇ ਸਮਝਦਾਰੀ ਦੀਆਂ ਗੱਲਾਂ ਦੱਸ ਰਿਹਾ ਹਾਂ। 26 ਅਸਲ ਵਿਚ, ਰਾਜਾ ਅਗ੍ਰਿੱਪਾ ਜਿਸ ਨਾਲ ਮੈਂ ਬੇਝਿਜਕ ਹੋ ਕੇ ਗੱਲ ਕਰ ਰਿਹਾ ਹਾਂ, ਇਨ੍ਹਾਂ ਗੱਲਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ; ਮੈਨੂੰ ਪੂਰਾ ਯਕੀਨ ਹੈ ਕਿ ਇਨ੍ਹਾਂ ਵਿੱਚੋਂ ਕੋਈ ਵੀ ਗੱਲ ਉਸ ਤੋਂ ਲੁਕੀ ਹੋਈ ਨਹੀਂ ਹੈ ਕਿਉਂਕਿ ਇਹ ਗੱਲਾਂ ਲੁਕ-ਛਿਪ ਕੇ ਨਹੀਂ ਕੀਤੀਆਂ ਗਈਆਂ।+ 27 ਰਾਜਾ ਅਗ੍ਰਿੱਪਾ, ਕੀ ਤੂੰ ਨਬੀਆਂ ਉੱਤੇ ਵਿਸ਼ਵਾਸ ਕਰਦਾ ਹੈਂ? ਮੈਂ ਜਾਣਦਾ ਹਾਂ ਕਿ ਤੂੰ ਵਿਸ਼ਵਾਸ ਕਰਦਾ ਹੈਂ।” 28 ਪਰ ਅਗ੍ਰਿੱਪਾ ਨੇ ਪੌਲੁਸ ਨੂੰ ਕਿਹਾ: “ਮੈਨੂੰ ਤਾਂ ਲੱਗਦਾ ਕਿ ਥੋੜ੍ਹੇ ਹੀ ਸਮੇਂ ਵਿਚ ਤੂੰ ਆਪਣੀਆਂ ਦਲੀਲਾਂ ਨਾਲ ਮੈਨੂੰ ਵੀ ਕਾਇਲ ਕਰ ਕੇ ਮਸੀਹੀ ਬਣਾ ਦੇਵੇਂਗਾ।” 29 ਇਹ ਸੁਣ ਕੇ ਪੌਲੁਸ ਨੇ ਕਿਹਾ: “ਮੇਰੀ ਤਾਂ ਪਰਮੇਸ਼ੁਰ ਨੂੰ ਇਹੀ ਦੁਆ ਹੈ ਕਿ ਚਾਹੇ ਥੋੜ੍ਹੀ ਦੇਰ ਵਿਚ ਜਾਂ ਜ਼ਿਆਦਾ ਸਮੇਂ ਵਿਚ ਸਿਰਫ਼ ਤੂੰ ਹੀ ਨਹੀਂ, ਸਗੋਂ ਅੱਜ ਇੱਥੇ ਮੇਰੀ ਗੱਲ ਸੁਣ ਰਹੇ ਸਾਰੇ ਲੋਕ ਮੇਰੇ ਵਰਗੇ ਬਣ ਜਾਣ, ਪਰ ਮੇਰੇ ਵਾਂਗ ਬੇੜੀਆਂ ਨਾਲ ਬੱਝੇ ਨਾ ਹੋਣ।”
30 ਫਿਰ ਰਾਜਾ ਉੱਠ ਖੜ੍ਹਾ ਹੋਇਆ ਅਤੇ ਨਾਲ ਹੀ ਰਾਜਪਾਲ ਤੇ ਬਰਨੀਕੇ ਅਤੇ ਉਨ੍ਹਾਂ ਨਾਲ ਬੈਠੇ ਹੋਰ ਆਦਮੀ ਵੀ ਉੱਠ ਖੜ੍ਹੇ ਹੋਏ। 31 ਪਰ ਜਾਂਦੇ ਹੋਏ ਉਹ ਆਪਸ ਵਿਚ ਗੱਲਾਂ ਕਰ ਰਹੇ ਸਨ ਅਤੇ ਕਹਿ ਰਹੇ ਸਨ: “ਇਸ ਆਦਮੀ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਇਸ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ ਜਾਂ ਜੇਲ੍ਹ ਵਿਚ ਸੁੱਟਿਆ ਜਾਵੇ।”+ 32 ਫਿਰ ਅਗ੍ਰਿੱਪਾ ਨੇ ਫ਼ੇਸਤੁਸ ਨੂੰ ਕਿਹਾ: “ਜੇ ਇਸ ਨੇ ਸਮਰਾਟ* ਨੂੰ ਫ਼ਰਿਆਦ ਨਾ ਕੀਤੀ ਹੁੰਦੀ, ਤਾਂ ਇਹ ਛੁੱਟ ਜਾਂਦਾ।”+