ਥੱਸਲੁਨੀਕੀਆਂ ਨੂੰ ਪਹਿਲੀ ਚਿੱਠੀ
5 ਭਰਾਵੋ, ਅਸੀਂ ਤੁਹਾਨੂੰ ਇਸ ਬਾਰੇ ਲਿਖਣਾ ਜ਼ਰੂਰੀ ਨਹੀਂ ਸਮਝਦੇ ਕਿ ਇਨ੍ਹਾਂ ਘਟਨਾਵਾਂ ਦੇ ਵਾਪਰਨ ਦਾ ਮਿਥਿਆ ਸਮਾਂ ਕਿਹੜਾ ਹੈ। 2 ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਯਹੋਵਾਹ* ਦਾ ਦਿਨ+ ਉਸੇ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।+ 3 ਜਦੋਂ ਲੋਕ ਕਹਿ ਰਹੇ ਹੋਣਗੇ: “ਸ਼ਾਂਤੀ ਅਤੇ ਸੁਰੱਖਿਆ ਕਾਇਮ ਹੋ ਗਈ ਹੈ!” ਉਦੋਂ ਇਕਦਮ ਅਚਾਨਕ ਉਨ੍ਹਾਂ ਦਾ ਵਿਨਾਸ਼ ਆ ਜਾਵੇਗਾ,+ ਜਿਵੇਂ ਗਰਭਵਤੀ ਤੀਵੀਂ ਨੂੰ ਅਚਾਨਕ ਜਣਨ-ਪੀੜਾਂ ਲੱਗਦੀਆਂ ਹਨ ਅਤੇ ਉਹ ਕਿਸੇ ਵੀ ਤਰ੍ਹਾਂ ਬਚ ਨਹੀਂ ਸਕਣਗੇ। 4 ਪਰ ਭਰਾਵੋ, ਤੁਸੀਂ ਹਨੇਰੇ ਵਿਚ ਨਹੀਂ ਹੋ, ਇਸ ਲਈ ਤੁਹਾਡੇ ਉੱਤੇ ਉਹ ਦਿਨ ਅਚਾਨਕ ਨਹੀਂ ਆਵੇਗਾ, ਜਿਵੇਂ ਦਿਨ ਦਾ ਚਾਨਣ ਚੋਰਾਂ ਉੱਤੇ ਅਚਾਨਕ ਆ ਪੈਂਦਾ ਹੈ 5 ਕਿਉਂਕਿ ਤੁਸੀਂ ਸਾਰੇ ਚਾਨਣ ਅਤੇ ਦਿਨ ਦੇ ਪੁੱਤਰ ਹੋ।+ ਅਸੀਂ ਰਾਤ ਅਤੇ ਹਨੇਰੇ ਦੇ ਪੁੱਤਰ ਨਹੀਂ ਹਾਂ।+
6 ਇਸ ਲਈ ਆਓ ਆਪਾਂ ਬਾਕੀ ਲੋਕਾਂ ਵਾਂਗ ਸੁੱਤੇ ਨਾ ਰਹੀਏ,+ ਸਗੋਂ ਆਓ ਆਪਾਂ ਜਾਗਦੇ ਰਹੀਏ+ ਅਤੇ ਹੋਸ਼ ਵਿਚ ਰਹੀਏ।+ 7 ਜਿਹੜੇ ਸੌਂਦੇ ਹਨ, ਉਹ ਰਾਤ ਨੂੰ ਸੌਂਦੇ ਹਨ ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਉਹ ਰਾਤ ਨੂੰ ਸ਼ਰਾਬੀ ਹੁੰਦੇ ਹਨ।+ 8 ਪਰ ਅਸੀਂ ਦਿਨ ਦੇ ਪੁੱਤਰ ਹਾਂ, ਇਸ ਲਈ ਆਓ ਆਪਾਂ ਹੋਸ਼ ਵਿਚ ਰਹੀਏ ਅਤੇ ਨਿਹਚਾ ਤੇ ਪਿਆਰ ਦਾ ਸੀਨਾਬੰਦ ਅਤੇ ਮੁਕਤੀ ਦੀ ਉਮੀਦ ਦਾ ਟੋਪ ਪਾਈਏ+ 9 ਕਿਉਂਕਿ ਪਰਮੇਸ਼ੁਰ ਨੇ ਸਾਨੂੰ ਸਜ਼ਾ ਪਾਉਣ ਲਈ ਨਹੀਂ, ਸਗੋਂ ਸਾਡੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ ਹੈ।+ 10 ਉਹ ਸਾਡੀ ਖ਼ਾਤਰ ਮਰਿਆ+ ਤਾਂਕਿ ਅਸੀਂ ਉਸ ਦੇ ਨਾਲ ਜੀਵਨ ਗੁਜ਼ਾਰੀਏ, ਭਾਵੇਂ ਅਸੀਂ ਜਾਗਦੇ ਰਹੀਏ ਜਾਂ ਸੌਂ ਜਾਈਏ।*+ 11 ਇਸ ਲਈ ਇਕ-ਦੂਜੇ ਨੂੰ ਹੌਸਲਾ* ਦਿੰਦੇ ਰਹੋ ਅਤੇ ਇਕ-ਦੂਜੇ ਨੂੰ ਮਜ਼ਬੂਤ ਕਰਦੇ ਰਹੋ,+ ਠੀਕ ਜਿਵੇਂ ਤੁਸੀਂ ਕਰ ਰਹੇ ਹੋ।
12 ਹੁਣ ਭਰਾਵੋ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਉਨ੍ਹਾਂ ਭਰਾਵਾਂ ਦਾ ਆਦਰ ਕਰੋ ਜਿਹੜੇ ਤੁਹਾਡੇ ਵਿਚ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਦੀ ਸੇਵਾ ਵਿਚ ਤੁਹਾਡੀ ਅਗਵਾਈ ਕਰਦੇ ਹਨ ਅਤੇ ਤੁਹਾਨੂੰ ਸਲਾਹਾਂ ਦਿੰਦੇ ਹਨ। 13 ਉਨ੍ਹਾਂ ਦੇ ਕੰਮਾਂ ਕਰਕੇ ਉਨ੍ਹਾਂ ਨਾਲ ਪਿਆਰ ਕਰੋ ਅਤੇ ਉਨ੍ਹਾਂ ਦੀ ਜ਼ਿਆਦਾ ਇੱਜ਼ਤ ਕਰੋ।+ ਇਕ-ਦੂਜੇ ਨਾਲ ਸ਼ਾਂਤੀ ਬਣਾ ਕੇ ਰੱਖੋ।+ 14 ਦੂਜੇ ਪਾਸੇ ਭਰਾਵੋ, ਅਸੀਂ ਤੁਹਾਨੂੰ ਤਾਕੀਦ ਕਰਦੇ ਹਾਂ ਕਿ ਤੁਸੀਂ ਅਣਆਗਿਆਕਾਰ ਮਸੀਹੀਆਂ ਨੂੰ ਚੇਤਾਵਨੀ ਦਿਓ,*+ ਨਿਰਾਸ਼ ਲੋਕਾਂ* ਨੂੰ ਦਿਲਾਸਾ ਦਿਓ, ਕਮਜ਼ੋਰਾਂ ਨੂੰ ਸਹਾਰਾ ਦਿਓ ਅਤੇ ਸਾਰਿਆਂ ਨਾਲ ਧੀਰਜ ਨਾਲ ਪੇਸ਼ ਆਓ।+ 15 ਧਿਆਨ ਰੱਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਵੱਟੇ ਬੁਰਾਈ ਨਾ ਕਰੇ,+ ਸਗੋਂ ਤੁਸੀਂ ਇਕ-ਦੂਜੇ ਦਾ ਅਤੇ ਸਾਰਿਆਂ ਦਾ ਭਲਾ ਕਰਨ ਵਿਚ ਲੱਗੇ ਰਹੋ।+
16 ਹਮੇਸ਼ਾ ਖ਼ੁਸ਼ ਰਹੋ।+ 17 ਲਗਾਤਾਰ ਪ੍ਰਾਰਥਨਾ ਕਰਦੇ ਰਹੋ।+ 18 ਹਰ ਚੀਜ਼ ਲਈ ਪਰਮੇਸ਼ੁਰ ਦਾ ਧੰਨਵਾਦ ਕਰੋ।+ ਮਸੀਹ ਯਿਸੂ ਦੇ ਚੇਲੇ ਹੋਣ ਕਰਕੇ ਪਰਮੇਸ਼ੁਰ ਤੁਹਾਡੇ ਤੋਂ ਇਹੀ ਚਾਹੁੰਦਾ ਹੈ। 19 ਪਵਿੱਤਰ ਸ਼ਕਤੀ* ਦੇ ਕੰਮ ਵਿਚ ਰੁਕਾਵਟ ਨਾ ਬਣੋ।*+ 20 ਭਵਿੱਖਬਾਣੀਆਂ ਨੂੰ ਤੁੱਛ ਨਾ ਸਮਝੋ।+ 21 ਸਾਰੀਆਂ ਗੱਲਾਂ ਨੂੰ ਪਰਖੋ+ ਅਤੇ ਜਿਹੜੀਆਂ ਚੰਗੀਆਂ ਹਨ, ਉਨ੍ਹਾਂ ਉੱਤੇ ਪੱਕੇ ਰਹੋ। 22 ਹਰ ਤਰ੍ਹਾਂ ਦੀ ਦੁਸ਼ਟਤਾ ਤੋਂ ਦੂਰ ਰਹੋ।+
23 ਭਰਾਵੋ, ਮੈਂ ਦੁਆ ਕਰਦਾ ਹਾਂ ਕਿ ਸ਼ਾਂਤੀ ਦਾ ਪਰਮੇਸ਼ੁਰ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਮੌਜੂਦਗੀ ਦੌਰਾਨ ਤੁਹਾਡਾ ਮਨ,* ਜੀਵਨ ਅਤੇ ਸਰੀਰ ਪੂਰੀ ਤਰ੍ਹਾਂ ਨਿਰਦੋਸ਼ ਰਹੇ।+ 24 ਤੁਹਾਨੂੰ ਸੱਦਣ ਵਾਲਾ ਪਰਮੇਸ਼ੁਰ ਵਫ਼ਾਦਾਰ ਹੈ, ਇਸ ਲਈ ਉਹ ਜ਼ਰੂਰ ਇਸ ਤਰ੍ਹਾਂ ਕਰੇਗਾ।
25 ਭਰਾਵੋ, ਸਾਡੇ ਲਈ ਪ੍ਰਾਰਥਨਾ ਕਰਦੇ ਰਹੋ।+
26 ਪਿਆਰ ਨਾਲ ਚੁੰਮ ਕੇ ਸਾਰੇ ਭਰਾਵਾਂ ਦਾ ਸੁਆਗਤ ਕਰੋ।
27 ਮੈਂ ਪ੍ਰਭੂ ਦੇ ਨਾਂ ʼਤੇ ਤੁਹਾਨੂੰ ਇਹ ਗੰਭੀਰ ਜ਼ਿੰਮੇਵਾਰੀ ਸੌਂਪਦਾ ਹਾਂ ਕਿ ਇਹ ਚਿੱਠੀ ਸਾਰੇ ਭਰਾਵਾਂ ਨੂੰ ਪੜ੍ਹ ਕੇ ਸੁਣਾਈ ਜਾਵੇ।+
28 ਸਾਡੇ ਪ੍ਰਭੂ ਯਿਸੂ ਮਸੀਹ ਦੀ ਅਪਾਰ ਕਿਰਪਾ ਤੁਹਾਡੇ ਉੱਤੇ ਹੋਵੇ।