ਪਹਿਲਾ ਰਾਜਿਆਂ
19 ਫਿਰ ਅਹਾਬ+ ਨੇ ਈਜ਼ਬਲ+ ਨੂੰ ਦੱਸਿਆ ਕਿ ਏਲੀਯਾਹ ਨੇ ਕੀ-ਕੀ ਕੀਤਾ ਸੀ ਤੇ ਉਸ ਨੇ ਕਿਵੇਂ ਸਾਰੇ ਨਬੀਆਂ ਨੂੰ ਤਲਵਾਰ ਨਾਲ ਵੱਢ ਸੁੱਟਿਆ।+ 2 ਇਹ ਸੁਣ ਕੇ ਈਜ਼ਬਲ ਨੇ ਇਕ ਆਦਮੀ ਰਾਹੀਂ ਏਲੀਯਾਹ ਨੂੰ ਇਹ ਸੰਦੇਸ਼ ਭੇਜਿਆ: “ਜੇ ਕੱਲ੍ਹ ਇਸੇ ਵਕਤ ਤਕ ਮੈਂ ਤੇਰਾ ਹਸ਼ਰ ਉਨ੍ਹਾਂ ਨਬੀਆਂ ਵਰਗਾ ਨਾ ਕਰ ਦਿੱਤਾ, ਤਾਂ ਦੇਵਤੇ ਮੇਰੇ ਨਾਲ ਵੀ ਉਸੇ ਤਰ੍ਹਾਂ ਕਰਨ, ਸਗੋਂ ਉਸ ਤੋਂ ਵੀ ਬੁਰਾ ਕਰਨ!” 3 ਇਹ ਸੁਣ ਕੇ ਉਹ ਡਰ ਗਿਆ, ਇਸ ਲਈ ਉਹ ਉੱਠਿਆ ਤੇ ਆਪਣੀ ਜਾਨ ਬਚਾਉਣ ਲਈ ਭੱਜਿਆ।+ ਉਹ ਯਹੂਦਾਹ ਦੇ ਬਏਰ-ਸ਼ਬਾ ਆਇਆ+ ਤੇ ਉੱਥੇ ਆਪਣੇ ਸੇਵਾਦਾਰ ਨੂੰ ਛੱਡ ਗਿਆ। 4 ਉਹ ਇਕ ਦਿਨ ਦਾ ਸਫ਼ਰ ਕਰ ਕੇ ਉਜਾੜ ਵਿਚ ਗਿਆ ਤੇ ਇਕ ਝਾੜ ਥੱਲੇ ਆ ਕੇ ਬੈਠ ਗਿਆ ਤੇ ਉਸ ਨੇ ਆਪਣੇ ਲਈ ਮੌਤ ਮੰਗੀ। ਉਸ ਨੇ ਕਿਹਾ: “ਬੱਸ! ਹੇ ਯਹੋਵਾਹ, ਹੁਣ ਮੇਰੀ ਜਾਨ ਕੱਢ ਲੈ+ ਕਿਉਂਕਿ ਮੈਂ ਆਪਣੇ ਪਿਉ-ਦਾਦਿਆਂ ਨਾਲੋਂ ਬਿਹਤਰ ਨਹੀਂ ਹਾਂ।”
5 ਫਿਰ ਉਹ ਇਕ ਝਾੜ ਥੱਲੇ ਲੰਮਾ ਪੈ ਗਿਆ ਤੇ ਸੌਂ ਗਿਆ। ਪਰ ਅਚਾਨਕ ਇਕ ਦੂਤ ਨੇ ਉਸ ਨੂੰ ਛੋਹਿਆ+ ਤੇ ਕਿਹਾ: “ਉੱਠ ਤੇ ਖਾਹ।”+ 6 ਉਸ ਨੇ ਦੇਖਿਆ ਕਿ ਉਸ ਦੇ ਸਰ੍ਹਾਣੇ ਗਰਮ ਪੱਥਰਾਂ ਉੱਤੇ ਇਕ ਰੋਟੀ ਪਈ ਸੀ ਅਤੇ ਪਾਣੀ ਦੀ ਇਕ ਸੁਰਾਹੀ ਪਈ ਸੀ। ਉਸ ਨੇ ਖਾਧਾ-ਪੀਤਾ ਤੇ ਫਿਰ ਤੋਂ ਸੌਂ ਗਿਆ। 7 ਬਾਅਦ ਵਿਚ ਯਹੋਵਾਹ ਦਾ ਦੂਤ ਦੂਜੀ ਵਾਰ ਆਇਆ ਤੇ ਉਸ ਨੂੰ ਛੋਹ ਕੇ ਕਿਹਾ: “ਉੱਠ ਤੇ ਖਾਹ ਕਿਉਂਕਿ ਸਫ਼ਰ ਤੇਰੇ ਲਈ ਬਹੁਤ ਔਖਾ ਹੋਵੇਗਾ।” 8 ਇਸ ਲਈ ਉਹ ਉੱਠਿਆ ਤੇ ਉਸ ਨੇ ਖਾਧਾ-ਪੀਤਾ ਅਤੇ ਉਸ ਖਾਣੇ ਤੋਂ ਮਿਲੀ ਤਾਕਤ ਨਾਲ ਉਹ 40 ਦਿਨ ਤੇ 40 ਰਾਤਾਂ ਤੁਰਦਾ ਰਿਹਾ ਜਦ ਤਕ ਉਹ ਸੱਚੇ ਪਰਮੇਸ਼ੁਰ ਦੇ ਪਹਾੜ ਹੋਰੇਬ ʼਤੇ ਨਾ ਪਹੁੰਚ ਗਿਆ।+
9 ਉੱਥੇ ਉਹ ਇਕ ਗੁਫਾ ਵਿਚ ਗਿਆ+ ਤੇ ਉੱਥੇ ਰਾਤ ਗੁਜ਼ਾਰੀ; ਅਤੇ ਦੇਖੋ! ਯਹੋਵਾਹ ਦਾ ਇਹ ਬਚਨ ਉਸ ਨੂੰ ਆਇਆ: “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?” 10 ਇਹ ਸੁਣ ਕੇ ਉਸ ਨੇ ਕਿਹਾ: “ਮੈਂ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਲਈ ਬਹੁਤ ਜੋਸ਼ ਦਿਖਾਇਆ ਹੈ;+ ਇਜ਼ਰਾਈਲ ਦੇ ਲੋਕਾਂ ਨੇ ਤੇਰੇ ਇਕਰਾਰ ਨੂੰ ਤਿਆਗ ਦਿੱਤਾ ਹੈ,+ ਤੇਰੀਆਂ ਵੇਦੀਆਂ ਨੂੰ ਢਾਹ ਸੁੱਟਿਆ ਹੈ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਮਾਰ ਮੁਕਾਇਆ ਹੈ+ ਤੇ ਬੱਸ ਮੈਂ ਹੀ ਇਕੱਲਾ ਬਚਿਆ ਹਾਂ। ਹੁਣ ਉਹ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”+ 11 ਪਰ ਉਸ ਨੇ ਕਿਹਾ: “ਬਾਹਰ ਜਾਹ ਅਤੇ ਪਹਾੜ ਉੱਤੇ ਯਹੋਵਾਹ ਅੱਗੇ ਖੜ੍ਹ।” ਅਤੇ ਦੇਖੋ! ਯਹੋਵਾਹ ਉੱਥੋਂ ਲੰਘ ਰਿਹਾ ਸੀ+ ਅਤੇ ਇਕ ਭਿਆਨਕ ਤੇ ਜ਼ਬਰਦਸਤ ਹਨੇਰੀ ਨੇ ਯਹੋਵਾਹ ਸਾਮ੍ਹਣੇ ਪਹਾੜਾਂ ਨੂੰ ਪਾੜ ਸੁੱਟਿਆ ਅਤੇ ਚਟਾਨਾਂ ਨੂੰ ਤੋੜ ਦਿੱਤਾ,+ ਪਰ ਯਹੋਵਾਹ ਹਨੇਰੀ ਵਿਚ ਨਹੀਂ ਸੀ। ਹਨੇਰੀ ਤੋਂ ਬਾਅਦ ਇਕ ਭੁਚਾਲ਼ ਆਇਆ,+ ਪਰ ਯਹੋਵਾਹ ਭੁਚਾਲ਼ ਵਿਚ ਵੀ ਨਹੀਂ ਸੀ। 12 ਭੁਚਾਲ਼ ਤੋਂ ਬਾਅਦ ਅੱਗ ਵਰ੍ਹੀ,+ ਪਰ ਯਹੋਵਾਹ ਅੱਗ ਵਿਚ ਵੀ ਨਹੀਂ ਸੀ। ਅੱਗ ਤੋਂ ਬਾਅਦ ਇਕ ਧੀਮੀ ਤੇ ਨਰਮ ਆਵਾਜ਼ ਆਈ।+ 13 ਇਹ ਆਵਾਜ਼ ਸੁਣਦਿਆਂ ਸਾਰ ਏਲੀਯਾਹ ਨੇ ਆਪਣੇ ਚੋਗੇ* ਨਾਲ ਆਪਣਾ ਮੂੰਹ ਢਕ ਲਿਆ+ ਤੇ ਬਾਹਰ ਜਾ ਕੇ ਗੁਫਾ ਦੇ ਮੂੰਹ ਕੋਲ ਖੜ੍ਹ ਗਿਆ। ਫਿਰ ਉਸ ਆਵਾਜ਼ ਨੇ ਉਸ ਨੂੰ ਪੁੱਛਿਆ: “ਏਲੀਯਾਹ, ਤੂੰ ਇੱਥੇ ਕੀ ਕਰ ਰਿਹਾ ਹੈਂ?” 14 ਇਹ ਸੁਣ ਕੇ ਉਸ ਨੇ ਕਿਹਾ: “ਮੈਂ ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਲਈ ਬਹੁਤ ਜੋਸ਼ ਦਿਖਾਇਆ ਹੈ; ਇਜ਼ਰਾਈਲ ਦੇ ਲੋਕਾਂ ਨੇ ਤੇਰੇ ਇਕਰਾਰ ਨੂੰ ਤਿਆਗ ਦਿੱਤਾ ਹੈ,+ ਤੇਰੀਆਂ ਵੇਦੀਆਂ ਨੂੰ ਢਾਹ ਸੁੱਟਿਆ ਹੈ ਅਤੇ ਤੇਰੇ ਨਬੀਆਂ ਨੂੰ ਤਲਵਾਰ ਨਾਲ ਮਾਰ ਮੁਕਾਇਆ ਹੈ ਤੇ ਬੱਸ ਮੈਂ ਹੀ ਇਕੱਲਾ ਬਚਿਆ ਹਾਂ। ਹੁਣ ਉਹ ਮੇਰੀ ਜਾਨ ਦੇ ਪਿੱਛੇ ਪਏ ਹੋਏ ਹਨ।”+
15 ਯਹੋਵਾਹ ਨੇ ਉਸ ਨੂੰ ਕਿਹਾ: “ਜਾਹ, ਦਮਿਸਕ ਦੀ ਉਜਾੜ ਵਿਚ ਵਾਪਸ ਮੁੜ ਜਾ। ਉੱਥੇ ਪਹੁੰਚ ਕੇ ਹਜ਼ਾਏਲ+ ਨੂੰ ਸੀਰੀਆ ਦਾ ਰਾਜਾ ਨਿਯੁਕਤ* ਕਰੀਂ। 16 ਅਤੇ ਤੂੰ ਨਿਮਸ਼ੀ ਦੇ ਪੋਤੇ ਯੇਹੂ+ ਨੂੰ ਇਜ਼ਰਾਈਲ ਦਾ ਰਾਜਾ ਨਿਯੁਕਤ ਕਰੀਂ ਅਤੇ ਆਬੇਲ-ਮਹੋਲਾਹ ਦੇ ਰਹਿਣ ਵਾਲੇ ਸ਼ਾਫਾਟ ਦੇ ਪੁੱਤਰ ਅਲੀਸ਼ਾ* ਨੂੰ ਆਪਣੀ ਜਗ੍ਹਾ ਨਬੀ ਠਹਿਰਾਈਂ।+ 17 ਜਿਹੜਾ ਹਜ਼ਾਏਲ ਦੀ ਤਲਵਾਰ ਤੋਂ ਬਚੇਗਾ,+ ਉਸ ਨੂੰ ਯੇਹੂ ਮਾਰ ਸੁੱਟੇਗਾ;+ ਅਤੇ ਜਿਹੜਾ ਯੇਹੂ ਦੀ ਤਲਵਾਰ ਤੋਂ ਬਚੇਗਾ, ਉਸ ਨੂੰ ਅਲੀਸ਼ਾ ਮੌਤ ਦੇ ਘਾਟ ਉਤਾਰ ਦੇਵੇਗਾ।+ 18 ਹਾਲੇ ਵੀ ਇਜ਼ਰਾਈਲ ਵਿਚ ਮੇਰੇ 7,000 ਜਣੇ ਬਚੇ ਹਨ+ ਜਿਨ੍ਹਾਂ ਨੇ ਬਆਲ ਅੱਗੇ ਗੋਡੇ ਨਹੀਂ ਟੇਕੇ+ ਅਤੇ ਜਿਨ੍ਹਾਂ ਦੇ ਮੂੰਹਾਂ ਨੇ ਉਸ ਨੂੰ ਨਹੀਂ ਚੁੰਮਿਆ।”+
19 ਇਸ ਲਈ ਉਹ ਉੱਥੋਂ ਚਲਾ ਗਿਆ ਤੇ ਉਸ ਨੂੰ ਸ਼ਾਫਾਟ ਦਾ ਪੁੱਤਰ ਅਲੀਸ਼ਾ ਮਿਲ ਪਿਆ ਜੋ ਬਲਦਾਂ ਦੀਆਂ 12 ਜੋੜੀਆਂ ਨਾਲ ਹਲ਼ ਵਾਹ ਰਿਹਾ ਸੀ ਜੋ ਉਸ ਦੇ ਅੱਗੇ-ਅੱਗੇ ਸਨ ਤੇ ਉਹ ਆਪ 12ਵੀਂ ਜੋੜੀ ਨਾਲ ਸੀ। ਏਲੀਯਾਹ ਉਸ ਕੋਲ ਗਿਆ ਤੇ ਉਸ ਉੱਤੇ ਆਪਣਾ ਚੋਗਾ*+ ਪਾ ਦਿੱਤਾ। 20 ਉਸੇ ਵੇਲੇ ਉਹ ਬਲਦ ਛੱਡ ਕੇ ਏਲੀਯਾਹ ਪਿੱਛੇ ਭੱਜਿਆ ਤੇ ਕਿਹਾ: “ਕਿਰਪਾ ਕਰ ਕੇ ਮੈਨੂੰ ਇਜਾਜ਼ਤ ਦੇ ਕਿ ਮੈਂ ਆਪਣੇ ਮਾਤਾ-ਪਿਤਾ ਨੂੰ ਚੁੰਮ ਆਵਾਂ। ਫਿਰ ਮੈਂ ਤੇਰੇ ਮਗਰ ਆਵਾਂਗਾ।” ਉਸ ਨੇ ਉਸ ਨੂੰ ਜਵਾਬ ਦਿੱਤਾ: “ਜਾਹ, ਮੈਂ ਕਿਹੜਾ ਤੈਨੂੰ ਰੋਕਿਆ?” 21 ਇਸ ਲਈ ਉਹ ਵਾਪਸ ਗਿਆ ਤੇ ਉਸ ਨੇ ਬਲਦਾਂ ਦੀ ਜੋੜੀ ਲੈ ਕੇ ਬਲ਼ੀ ਚੜ੍ਹਾਈ। ਉਸ ਨੇ ਹਲ਼ ਤੇ ਜੂਲੇ ਨੂੰ ਜਲ਼ਾ ਕੇ ਬਲਦਾਂ ਦਾ ਮੀਟ ਉਬਾਲਿਆ ਅਤੇ ਮੀਟ ਲੋਕਾਂ ਨੂੰ ਦਿੱਤਾ ਤੇ ਉਨ੍ਹਾਂ ਨੇ ਖਾਧਾ। ਇਸ ਤੋਂ ਬਾਅਦ ਉਹ ਉੱਠਿਆ ਤੇ ਏਲੀਯਾਹ ਮਗਰ ਚਲਾ ਗਿਆ ਤੇ ਉਸ ਦੀ ਸੇਵਾ ਕਰਨ ਲੱਗਾ।+