ਪਹਿਲਾ ਰਾਜਿਆਂ
14 ਉਸ ਸਮੇਂ ਯਾਰਾਬੁਆਮ ਦਾ ਮੁੰਡਾ ਅਬੀਯਾਹ ਬੀਮਾਰ ਪੈ ਗਿਆ। 2 ਇਸ ਲਈ ਯਾਰਾਬੁਆਮ ਨੇ ਆਪਣੀ ਪਤਨੀ ਨੂੰ ਕਿਹਾ: “ਕਿਰਪਾ ਕਰ ਕੇ ਉੱਠ ਤੇ ਆਪਣਾ ਭੇਸ ਬਦਲ ਤਾਂਕਿ ਉਨ੍ਹਾਂ ਨੂੰ ਪਤਾ ਨਾ ਲੱਗੇ ਕਿ ਤੂੰ ਯਾਰਾਬੁਆਮ ਦੀ ਪਤਨੀ ਹੈਂ ਤੇ ਤੂੰ ਸ਼ੀਲੋਹ ਨੂੰ ਜਾਹ। ਦੇਖ! ਉੱਥੇ ਅਹੀਯਾਹ ਨਬੀ ਹੈ। ਉਸੇ ਨੇ ਮੇਰੇ ਬਾਰੇ ਕਿਹਾ ਸੀ ਕਿ ਮੈਂ ਇਨ੍ਹਾਂ ਲੋਕਾਂ ਉੱਤੇ ਰਾਜਾ ਬਣਾਂਗਾ।+ 3 ਆਪਣੇ ਨਾਲ ਦਸ ਰੋਟੀਆਂ, ਟਿੱਕੀਆਂ ਅਤੇ ਸ਼ਹਿਦ ਦੀ ਇਕ ਸੁਰਾਹੀ ਲੈ ਤੇ ਉਸ ਕੋਲ ਜਾਹ। ਫਿਰ ਉਹ ਤੈਨੂੰ ਦੱਸੇਗਾ ਕਿ ਮੁੰਡੇ ਦਾ ਕੀ ਹੋਵੇਗਾ।”
4 ਯਾਰਾਬੁਆਮ ਦੀ ਪਤਨੀ ਨੇ ਉਸੇ ਤਰ੍ਹਾਂ ਕੀਤਾ ਜਿਵੇਂ ਉਸ ਨੇ ਕਿਹਾ ਸੀ। ਉਹ ਉੱਠ ਕੇ ਸ਼ੀਲੋਹ+ ਗਈ ਤੇ ਉੱਥੇ ਅਹੀਯਾਹ ਦੇ ਘਰ ਪਹੁੰਚੀ। ਅਹੀਯਾਹ ਦੀਆਂ ਅੱਖਾਂ ਅੱਗੇ ਵੱਲ ਨੂੰ ਟਿਕੀਆਂ ਹੋਈਆਂ ਸਨ ਅਤੇ ਬੁਢਾਪੇ ਕਰਕੇ ਉਹ ਦੇਖ ਨਹੀਂ ਸੀ ਸਕਦਾ।
5 ਪਰ ਯਹੋਵਾਹ ਨੇ ਅਹੀਯਾਹ ਨੂੰ ਦੱਸ ਦਿੱਤਾ ਸੀ: “ਸੁਣ, ਯਾਰਾਬੁਆਮ ਦੀ ਪਤਨੀ ਤੇਰੇ ਕੋਲ ਆਪਣੇ ਪੁੱਤਰ ਬਾਰੇ ਪੁੱਛਣ ਆ ਰਹੀ ਹੈ ਕਿਉਂਕਿ ਉਹ ਬੀਮਾਰ ਹੈ। ਮੈਂ ਤੈਨੂੰ ਦੱਸਾਂਗਾ ਕਿ ਤੂੰ ਉਸ ਨੂੰ ਕੀ ਕਹਿਣਾ ਹੈ।* ਜਦੋਂ ਉਹ ਆਵੇਗੀ, ਤਾਂ ਉਹ ਆਪਣੀ ਪਛਾਣ ਲੁਕਾਵੇਗੀ।”
6 ਜਦੋਂ ਉਹ ਅੰਦਰ ਆ ਰਹੀ ਸੀ, ਤਾਂ ਅਹੀਯਾਹ ਨੇ ਉਸ ਦੇ ਕਦਮਾਂ ਦੀ ਆਵਾਜ਼ ਸੁਣਦਿਆਂ ਹੀ ਕਿਹਾ: “ਹੇ ਯਾਰਾਬੁਆਮ ਦੀ ਪਤਨੀ, ਅੰਦਰ ਆਜਾ। ਤੂੰ ਆਪਣੀ ਪਛਾਣ ਕਿਉਂ ਲੁਕਾ ਰਹੀ ਹੈਂ? ਮੈਨੂੰ ਜ਼ਿੰਮੇਵਾਰੀ ਮਿਲੀ ਹੈ ਕਿ ਮੈਂ ਤੈਨੂੰ ਇਕ ਬੁਰੀ ਖ਼ਬਰ ਸੁਣਾਵਾਂ। 7 ਤੂੰ ਜਾ ਕੇ ਯਾਰਾਬੁਆਮ ਨੂੰ ਕਹਿ, ‘ਇਜ਼ਰਾਈਲ ਦਾ ਪਰਮੇਸ਼ੁਰ ਯਹੋਵਾਹ ਇਹ ਕਹਿੰਦਾ ਹੈ: “ਮੈਂ ਤੈਨੂੰ ਤੇਰੇ ਲੋਕਾਂ ਵਿੱਚੋਂ ਚੁਣਿਆ ਕਿ ਤੈਨੂੰ ਆਪਣੀ ਪਰਜਾ ਇਜ਼ਰਾਈਲ ਉੱਤੇ ਆਗੂ ਬਣਾਵਾਂ।+ 8 ਫਿਰ ਮੈਂ ਦਾਊਦ ਦੇ ਘਰਾਣੇ ਤੋਂ ਰਾਜ ਖੋਹ ਕੇ ਤੈਨੂੰ ਦੇ ਦਿੱਤਾ।+ ਪਰ ਤੂੰ ਮੇਰੇ ਸੇਵਕ ਦਾਊਦ ਵਰਗਾ ਨਹੀਂ ਬਣਿਆ ਜਿਸ ਨੇ ਮੇਰੇ ਹੁਕਮਾਂ ਦੀ ਪਾਲਣਾ ਕੀਤੀ, ਜੋ ਆਪਣੇ ਪੂਰੇ ਦਿਲ ਨਾਲ ਮੇਰੇ ਪਿੱਛੇ ਚੱਲਦਾ ਰਿਹਾ ਤੇ ਉਹੀ ਕੀਤਾ ਜੋ ਮੇਰੀਆਂ ਨਜ਼ਰਾਂ ਵਿਚ ਸਹੀ ਸੀ।+ 9 ਪਰ ਤੂੰ ਉਨ੍ਹਾਂ ਸਾਰਿਆਂ ਨਾਲੋਂ ਜ਼ਿਆਦਾ ਬੁਰੇ ਕੰਮ ਕੀਤੇ ਜੋ ਤੇਰੇ ਤੋਂ ਪਹਿਲਾਂ ਸਨ ਅਤੇ ਤੂੰ ਮੈਨੂੰ ਗੁੱਸਾ ਚੜ੍ਹਾਉਣ ਲਈ ਆਪਣੇ ਵਾਸਤੇ ਹੋਰ ਦੇਵਤਾ ਅਤੇ ਧਾਤ ਦੀਆਂ ਮੂਰਤਾਂ* ਬਣਾਈਆਂ।+ ਤੂੰ ਤਾਂ ਮੇਰੇ ਵੱਲ ਹੀ ਪਿੱਠ ਕਰ ਲਈ।+ 10 ਇਸੇ ਕਰਕੇ ਮੈਂ ਯਾਰਾਬੁਆਮ ਦੇ ਘਰਾਣੇ ਉੱਤੇ ਬਿਪਤਾ ਲਿਆਵਾਂਗਾ ਅਤੇ ਮੈਂ ਯਾਰਾਬੁਆਮ ਦੇ ਹਰ ਨਰ* ਨੂੰ ਮਿਟਾ ਦਿਆਂਗਾ, ਇੱਥੋਂ ਤਕ ਕਿ ਇਜ਼ਰਾਈਲ ਦੇ ਬੇਸਹਾਰਾ ਅਤੇ ਕਮਜ਼ੋਰ ਲੋਕਾਂ ਨੂੰ ਵੀ। ਅਤੇ ਮੈਂ ਯਾਰਾਬੁਆਮ ਦੇ ਘਰਾਣੇ ਨੂੰ ਹੂੰਝ ਦਿਆਂਗਾ+ ਜਿਵੇਂ ਕੋਈ ਗੋਹੇ ਨੂੰ ਚੁੱਕ ਕੇ ਉਸ ਜਗ੍ਹਾ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਿੰਦਾ ਹੈ! 11 ਯਾਰਾਬੁਆਮ ਦੇ ਘਰਾਣੇ ਦਾ ਜਿਹੜਾ ਵੀ ਸ਼ਹਿਰ ਵਿਚ ਮਰੇਗਾ, ਉਸ ਨੂੰ ਕੁੱਤੇ ਖਾ ਜਾਣਗੇ; ਅਤੇ ਉਸ ਦਾ ਜਿਹੜਾ ਵੀ ਮੈਦਾਨ ਵਿਚ ਮਰੇਗਾ, ਉਸ ਨੂੰ ਆਕਾਸ਼ ਦੇ ਪੰਛੀ ਖਾ ਜਾਣਗੇ ਕਿਉਂਕਿ ਇਹ ਯਹੋਵਾਹ ਨੇ ਕਿਹਾ ਹੈ।”’
12 “ਹੁਣ ਤੂੰ ਉੱਠ; ਆਪਣੇ ਘਰ ਜਾਹ। ਤੇਰੇ ਸ਼ਹਿਰ ਵਿਚ ਕਦਮ ਰੱਖਦਿਆਂ ਹੀ ਬੱਚਾ ਮਰ ਜਾਵੇਗਾ। 13 ਸਾਰਾ ਇਜ਼ਰਾਈਲ ਉਸ ਲਈ ਸੋਗ ਮਨਾਵੇਗਾ ਅਤੇ ਉਸ ਨੂੰ ਦਫ਼ਨਾ ਦੇਵੇਗਾ। ਯਾਰਾਬੁਆਮ ਦੇ ਪਰਿਵਾਰ ਵਿੱਚੋਂ ਸਿਰਫ਼ ਉਸ ਨੂੰ ਹੀ ਕਬਰ ਵਿਚ ਦਫ਼ਨਾਇਆ ਜਾਵੇਗਾ ਕਿਉਂਕਿ ਯਾਰਾਬੁਆਮ ਦੇ ਘਰਾਣੇ ਵਿੱਚੋਂ ਸਿਰਫ਼ ਉਹੀ ਹੈ ਜਿਸ ਵਿਚ ਇਜ਼ਰਾਈਲ ਦੇ ਪਰਮੇਸ਼ੁਰ ਯਹੋਵਾਹ ਨੇ ਕੁਝ ਚੰਗਾ ਦੇਖਿਆ। 14 ਯਹੋਵਾਹ ਇਜ਼ਰਾਈਲ ਉੱਤੇ ਆਪਣੇ ਲਈ ਇਕ ਹੋਰ ਰਾਜਾ ਖੜ੍ਹਾ ਕਰੇਗਾ ਜੋ ਯਾਰਾਬੁਆਮ ਦੇ ਘਰਾਣੇ ਨੂੰ ਉਸੇ ਦਿਨ ਮਿਟਾ ਦੇਵੇਗਾ,+ ਹਾਂ, ਜੇ ਉਹ ਚਾਹੇ, ਤਾਂ ਹੁਣ ਵੀ ਇਸ ਤਰ੍ਹਾਂ ਕਰ ਸਕਦਾ ਹੈ। 15 ਯਹੋਵਾਹ ਇਜ਼ਰਾਈਲ ਨੂੰ ਇਵੇਂ ਮਾਰੇਗਾ ਕਿ ਉਹ ਪਾਣੀ ਵਿਚ ਝੂਲਦੇ ਹੋਏ ਸਰਕੰਡੇ ਵਾਂਗ ਹੋ ਜਾਵੇਗਾ ਅਤੇ ਉਹ ਇਜ਼ਰਾਈਲ ਨੂੰ ਇਸ ਚੰਗੇ ਦੇਸ਼ ਵਿੱਚੋਂ ਜੜ੍ਹੋਂ ਉਖਾੜ ਦੇਵੇਗਾ ਜੋ ਉਸ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨੂੰ ਦਿੱਤਾ ਸੀ।+ ਉਹ ਉਨ੍ਹਾਂ ਨੂੰ ਦਰਿਆ* ਪਾਰ ਖਿੰਡਾ ਦੇਵੇਗਾ+ ਕਿਉਂਕਿ ਉਨ੍ਹਾਂ ਨੇ ਆਪਣੇ ਲਈ ਪੂਜਾ-ਖੰਭੇ*+ ਬਣਾ ਕੇ ਯਹੋਵਾਹ ਦੇ ਕ੍ਰੋਧ ਨੂੰ ਭੜਕਾਇਆ। 16 ਉਹ ਇਜ਼ਰਾਈਲ ਨੂੰ ਤਿਆਗ ਦੇਵੇਗਾ, ਹਾਂ, ਉਨ੍ਹਾਂ ਪਾਪਾਂ ਕਰਕੇ ਜੋ ਯਾਰਾਬੁਆਮ ਨੇ ਕੀਤੇ ਅਤੇ ਜੋ ਪਾਪ ਉਸ ਨੇ ਇਜ਼ਰਾਈਲ ਤੋਂ ਕਰਵਾਏ।”+
17 ਇਹ ਸੁਣ ਕੇ ਯਾਰਾਬੁਆਮ ਦੀ ਪਤਨੀ ਉੱਠੀ ਤੇ ਆਪਣੇ ਰਾਹ ਪੈ ਗਈ ਤੇ ਤਿਰਸਾਹ ਪਹੁੰਚੀ। ਜਿਉਂ ਹੀ ਉਸ ਨੇ ਘਰ ਦੀ ਦਹਿਲੀਜ਼ ʼਤੇ ਕਦਮ ਰੱਖਿਆ, ਮੁੰਡਾ ਮਰ ਗਿਆ। 18 ਫਿਰ ਉਨ੍ਹਾਂ ਨੇ ਉਸ ਨੂੰ ਦਫ਼ਨਾ ਦਿੱਤਾ ਤੇ ਸਾਰੇ ਇਜ਼ਰਾਈਲ ਨੇ ਉਸ ਦਾ ਸੋਗ ਮਨਾਇਆ। ਇਹ ਯਹੋਵਾਹ ਦੇ ਬਚਨ ਅਨੁਸਾਰ ਹੋਇਆ ਜੋ ਉਸ ਨੇ ਆਪਣੇ ਸੇਵਕ ਅਹੀਯਾਹ ਨਬੀ ਰਾਹੀਂ ਦੱਸਿਆ ਸੀ।
19 ਯਾਰਾਬੁਆਮ ਦੀ ਬਾਕੀ ਕਹਾਣੀ, ਉਹ ਕਿਵੇਂ ਯੁੱਧ ਲੜਿਆ+ ਅਤੇ ਉਸ ਨੇ ਕਿਵੇਂ ਰਾਜ ਕੀਤਾ, ਇਹ ਸਭ ਇਜ਼ਰਾਈਲ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ। 20 ਯਾਰਾਬੁਆਮ ਦੇ ਰਾਜ ਕਰਨ ਦਾ ਸਮਾਂ* 22 ਸਾਲ ਸੀ ਜਿਸ ਤੋਂ ਬਾਅਦ ਉਹ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ;+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਨਾਦਾਬ ਰਾਜਾ ਬਣ ਗਿਆ।+
21 ਇਸ ਦੌਰਾਨ, ਸੁਲੇਮਾਨ ਦਾ ਪੁੱਤਰ ਰਹਬੁਆਮ ਯਹੂਦਾਹ ਦਾ ਰਾਜਾ ਬਣ ਗਿਆ ਸੀ। ਰਹਬੁਆਮ 41 ਸਾਲ ਦਾ ਸੀ ਜਦੋਂ ਉਹ ਰਾਜਾ ਬਣਿਆ ਅਤੇ ਉਸ ਨੇ 17 ਸਾਲ ਯਰੂਸ਼ਲਮ ਵਿਚ ਰਾਜ ਕੀਤਾ, ਹਾਂ, ਉਸ ਸ਼ਹਿਰ ਵਿਚ ਜਿਸ ਨੂੰ ਯਹੋਵਾਹ ਨੇ ਇਜ਼ਰਾਈਲ ਦੇ ਸਾਰੇ ਗੋਤਾਂ ਵਿੱਚੋਂ ਚੁਣਿਆ ਸੀ+ ਕਿ ਉਸ ਦਾ ਨਾਂ ਉੱਥੇ ਰਹੇ।+ ਰਹਬੁਆਮ ਦੀ ਮਾਤਾ ਦਾ ਨਾਂ ਨਾਮਾਹ ਸੀ ਜੋ ਇਕ ਅੰਮੋਨਣ ਸੀ।+ 22 ਯਹੂਦਾਹ ਦੇ ਲੋਕ ਉਹੀ ਕੰਮ ਕਰ ਰਹੇ ਸਨ ਜੋ ਯਹੋਵਾਹ ਦੀਆਂ ਨਜ਼ਰਾਂ ਵਿਚ ਬੁਰੇ ਸਨ+ ਅਤੇ ਉਨ੍ਹਾਂ ਨੇ ਅਜਿਹੇ ਪਾਪ ਕੀਤੇ ਜਿਨ੍ਹਾਂ ਕਰਕੇ ਉਨ੍ਹਾਂ ਨੇ ਆਪਣੇ ਪਿਉ-ਦਾਦਿਆਂ ਨਾਲੋਂ ਕਿਤੇ ਜ਼ਿਆਦਾ ਉਸ ਦਾ ਕ੍ਰੋਧ ਭੜਕਾਇਆ।+ 23 ਉਹ ਵੀ ਹਰੇਕ ਉੱਚੀ ਪਹਾੜੀ ਉੱਤੇ+ ਅਤੇ ਹਰੇਕ ਸੰਘਣੇ ਦਰਖ਼ਤ ਹੇਠਾਂ+ ਆਪਣੇ ਲਈ ਉੱਚੀਆਂ ਥਾਵਾਂ, ਪੂਜਾ-ਥੰਮ੍ਹ ਅਤੇ ਪੂਜਾ-ਖੰਭੇ* ਬਣਾਉਂਦੇ ਰਹੇ।+ 24 ਨਾਲੇ ਦੇਸ਼ ਵਿਚ ਆਦਮੀ ਵੀ ਮੰਦਰਾਂ ਵਿਚ ਵੇਸਵਾਗਿਰੀ ਕਰਦੇ ਸਨ।+ ਉਨ੍ਹਾਂ ਨੇ ਉਹ ਸਾਰੇ ਘਿਣਾਉਣੇ ਕੰਮ ਕੀਤੇ ਜੋ ਉਹ ਕੌਮਾਂ ਕਰਦੀਆਂ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਜ਼ਰਾਈਲੀਆਂ ਅੱਗੋਂ ਭਜਾ ਦਿੱਤਾ ਸੀ।
25 ਰਾਜਾ ਰਹਬੁਆਮ ਦੇ ਰਾਜ ਦੇ ਪੰਜਵੇਂ ਸਾਲ ਮਿਸਰ ਦਾ ਰਾਜਾ ਸ਼ੀਸ਼ਕ+ ਯਰੂਸ਼ਲਮ ਵਿਰੁੱਧ ਆਇਆ।+ 26 ਉਸ ਨੇ ਯਹੋਵਾਹ ਦੇ ਭਵਨ ਦੇ ਖ਼ਜ਼ਾਨੇ ਅਤੇ ਰਾਜੇ ਦੇ ਮਹਿਲ ਦੇ ਖ਼ਜ਼ਾਨੇ ਲੁੱਟ ਲਏ।+ ਉਸ ਨੇ ਸਾਰਾ ਕੁਝ ਲੁੱਟ ਲਿਆ, ਸੋਨੇ ਦੀਆਂ ਉਹ ਸਾਰੀਆਂ ਢਾਲਾਂ ਵੀ ਜੋ ਸੁਲੇਮਾਨ ਨੇ ਬਣਾਈਆਂ ਸਨ।+ 27 ਇਸ ਲਈ ਰਾਜਾ ਰਹਬੁਆਮ ਨੇ ਉਨ੍ਹਾਂ ਦੀ ਜਗ੍ਹਾ ਤਾਂਬੇ ਦੀਆਂ ਢਾਲਾਂ ਬਣਾਈਆਂ ਅਤੇ ਪਹਿਰੇਦਾਰਾਂ* ਦੇ ਪ੍ਰਧਾਨਾਂ ਦੇ ਹਵਾਲੇ ਕਰ ਦਿੱਤੀਆਂ ਜੋ ਰਾਜੇ ਦੇ ਮਹਿਲ ਦੇ ਦਰਵਾਜ਼ੇ ʼਤੇ ਪਹਿਰਾ ਦਿੰਦੇ ਸਨ। 28 ਜਦੋਂ ਵੀ ਰਾਜਾ ਯਹੋਵਾਹ ਦੇ ਭਵਨ ਵਿਚ ਆਉਂਦਾ ਸੀ, ਤਾਂ ਪਹਿਰੇਦਾਰ ਢਾਲਾਂ ਲੈ ਲੈਂਦੇ ਸਨ ਤੇ ਬਾਅਦ ਵਿਚ ਇਨ੍ਹਾਂ ਨੂੰ ਵਾਪਸ ਪਹਿਰੇਦਾਰਾਂ ਦੀ ਕੋਠੜੀ ਵਿਚ ਰੱਖ ਦਿੰਦੇ ਸਨ।
29 ਰਹਬੁਆਮ ਦੀ ਬਾਕੀ ਕਹਾਣੀ ਤੇ ਉਸ ਦੇ ਸਾਰੇ ਕੰਮਾਂ ਬਾਰੇ ਯਹੂਦਾਹ ਦੇ ਰਾਜਿਆਂ ਦੇ ਜ਼ਮਾਨੇ ਦੇ ਇਤਿਹਾਸ ਦੀ ਕਿਤਾਬ ਵਿਚ ਲਿਖਿਆ ਹੋਇਆ ਹੈ।+ 30 ਰਹਬੁਆਮ ਅਤੇ ਯਾਰਾਬੁਆਮ ਵਿਚਕਾਰ ਲਗਾਤਾਰ ਯੁੱਧ ਚੱਲਦਾ ਰਿਹਾ।+ 31 ਫਿਰ ਰਹਬੁਆਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਤੇ ਉਸ ਨੂੰ ਉਸ ਦੇ ਪਿਉ-ਦਾਦਿਆਂ ਨਾਲ ਦਾਊਦ ਦੇ ਸ਼ਹਿਰ ਵਿਚ ਦਫ਼ਨਾ ਦਿੱਤਾ ਗਿਆ।+ ਉਸ ਦੀ ਮਾਤਾ ਦਾ ਨਾਂ ਨਾਮਾਹ ਸੀ ਜੋ ਇਕ ਅੰਮੋਨਣ ਸੀ।+ ਅਤੇ ਉਸ ਦੀ ਜਗ੍ਹਾ ਉਸ ਦਾ ਪੁੱਤਰ ਅਬੀਯਾਮ*+ ਰਾਜਾ ਬਣ ਗਿਆ।