ਯੂਹੰਨਾ ਨੂੰ ਗਿਆਨ ਦਾ ਪ੍ਰਕਾਸ਼
21 ਫਿਰ ਮੈਂ ਨਵਾਂ ਆਕਾਸ਼ ਅਤੇ ਨਵੀਂ ਧਰਤੀ ਦੇਖੀ+ ਕਿਉਂਕਿ ਪੁਰਾਣਾ ਆਕਾਸ਼ ਅਤੇ ਪੁਰਾਣੀ ਧਰਤੀ ਖ਼ਤਮ ਹੋ ਚੁੱਕੇ ਸਨ+ ਅਤੇ ਸਮੁੰਦਰ+ ਵੀ ਨਾ ਰਿਹਾ। 2 ਮੈਂ ਪਵਿੱਤਰ ਸ਼ਹਿਰ, ਹਾਂ, ਨਵੇਂ ਯਰੂਸ਼ਲਮ ਨੂੰ ਆਕਾਸ਼ੋਂ ਪਰਮੇਸ਼ੁਰ ਕੋਲੋਂ ਉੱਤਰਦੇ ਦੇਖਿਆ+ ਅਤੇ ਇਸ ਨੂੰ ਲਾੜੀ ਵਾਂਗ ਸਜਾਇਆ ਗਿਆ ਸੀ ਜਿਹੜੀ ਲਾੜੇ ਲਈ ਸ਼ਿੰਗਾਰੀ ਗਈ ਹੋਵੇ।+ 3 ਮੈਂ ਸਿੰਘਾਸਣ ਤੋਂ ਇਕ ਉੱਚੀ ਆਵਾਜ਼ ਨੂੰ ਇਹ ਕਹਿੰਦੇ ਹੋਏ ਸੁਣਿਆ: “ਦੇਖ! ਪਰਮੇਸ਼ੁਰ ਦਾ ਬਸੇਰਾ ਇਨਸਾਨਾਂ ਦੇ ਵਿਚ ਹੋਵੇਗਾ ਅਤੇ ਉਹ ਉਨ੍ਹਾਂ ਦੇ ਨਾਲ ਰਹੇਗਾ ਅਤੇ ਉਹ ਉਸ ਦੇ ਲੋਕ ਹੋਣਗੇ। ਪਰਮੇਸ਼ੁਰ ਆਪ ਉਨ੍ਹਾਂ ਦੇ ਨਾਲ ਹੋਵੇਗਾ।+ 4 ਉਹ ਉਨ੍ਹਾਂ ਦੀਆਂ ਅੱਖਾਂ ਤੋਂ ਹਰ ਹੰਝੂ ਪੂੰਝ ਦੇਵੇਗਾ+ ਅਤੇ ਮੌਤ ਨਹੀਂ ਰਹੇਗੀ,+ ਨਾ ਹੀ ਸੋਗ ਮਨਾਇਆ ਜਾਵੇਗਾ ਅਤੇ ਨਾ ਹੀ ਕੋਈ ਰੋਵੇਗਾ ਅਤੇ ਕਿਸੇ ਨੂੰ ਕੋਈ ਦੁੱਖ-ਦਰਦ ਨਹੀਂ ਹੋਵੇਗਾ।+ ਪੁਰਾਣੀਆਂ ਗੱਲਾਂ ਖ਼ਤਮ ਹੋ ਚੁੱਕੀਆਂ ਹਨ।”
5 ਸਿੰਘਾਸਣ ਉੱਤੇ ਬੈਠੇ ਪਰਮੇਸ਼ੁਰ+ ਨੇ ਕਿਹਾ: “ਦੇਖ! ਮੈਂ ਸਭ ਕੁਝ ਨਵਾਂ ਬਣਾਉਂਦਾ ਹਾਂ।”+ ਉਸ ਨੇ ਇਹ ਵੀ ਕਿਹਾ: “ਲਿਖ, ਕਿਉਂਕਿ ਇਹ ਗੱਲਾਂ ਭਰੋਸੇ ਦੇ ਲਾਇਕ ਅਤੇ ਸੱਚੀਆਂ ਹਨ।” 6 ਉਸ ਨੇ ਮੈਨੂੰ ਕਿਹਾ: “ਇਹ ਗੱਲਾਂ ਪੂਰੀਆਂ ਹੋ ਗਈਆਂ ਹਨ! ਮੈਂ ‘ਐਲਫਾ ਅਤੇ ਓਮੇਗਾ’* ਹਾਂ, ਮੈਂ ਹੀ ਸ਼ੁਰੂਆਤ ਅਤੇ ਅੰਤ ਹਾਂ।+ ਜਿਹੜਾ ਵੀ ਪਿਆਸਾ ਹੈ, ਮੈਂ ਉਸ ਨੂੰ ਅੰਮ੍ਰਿਤ ਜਲ* ਦੇ ਚਸ਼ਮੇ ਦਾ ਪਾਣੀ ਮੁਫ਼ਤ* ਪਿਲਾਵਾਂਗਾ।+ 7 ਜੋ ਵੀ ਜਿੱਤਦਾ ਹੈ, ਉਸ ਨੂੰ ਇਹ ਸਾਰੀਆਂ ਚੀਜ਼ਾਂ ਮਿਲਣਗੀਆਂ ਅਤੇ ਮੈਂ ਉਸ ਦਾ ਪਰਮੇਸ਼ੁਰ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ। 8 ਪਰ ਡਰਪੋਕਾਂ, ਅਵਿਸ਼ਵਾਸੀਆਂ,+ ਗੰਦੇ ਅਤੇ ਨੀਚ ਕੰਮ ਕਰਨ ਵਾਲਿਆਂ, ਖ਼ੂਨੀਆਂ,+ ਹਰਾਮਕਾਰਾਂ,*+ ਜਾਦੂ-ਟੂਣਾ ਕਰਨ ਵਾਲਿਆਂ, ਮੂਰਤੀ-ਪੂਜਕਾਂ ਅਤੇ ਸਾਰੇ ਝੂਠਿਆਂ+ ਦਾ ਹਿੱਸਾ ਗੰਧਕ* ਨਾਲ ਬਲ਼ਦੀ ਅੱਗ ਦੀ ਝੀਲ ਵਿਚ ਹੋਵੇਗਾ।+ ਇਸ ਦਾ ਮਤਲਬ ਹੈ ਦੂਸਰੀ ਮੌਤ।”*+
9 ਜਿਨ੍ਹਾਂ ਸੱਤ ਦੂਤਾਂ ਕੋਲ ਆਖ਼ਰੀ ਸੱਤ ਬਿਪਤਾਵਾਂ ਨਾਲ ਭਰੇ ਹੋਏ ਸੱਤ ਕਟੋਰੇ ਸਨ,+ ਉਨ੍ਹਾਂ ਵਿੱਚੋਂ ਇਕ ਦੂਤ ਨੇ ਆ ਕੇ ਮੈਨੂੰ ਕਿਹਾ: “ਆ, ਮੈਂ ਤੈਨੂੰ ਲੇਲੇ ਦੀ ਲਾੜੀ ਦਿਖਾਵਾਂ।”+ 10 ਇਸ ਲਈ ਉਹ ਮੈਨੂੰ ਪਵਿੱਤਰ ਸ਼ਕਤੀ ਰਾਹੀਂ ਇਕ ਵੱਡੇ ਅਤੇ ਉੱਚੇ ਪਹਾੜ ਉੱਤੇ ਲੈ ਗਿਆ ਅਤੇ ਉਸ ਨੇ ਮੈਨੂੰ ਪਵਿੱਤਰ ਸ਼ਹਿਰ ਯਰੂਸ਼ਲਮ ਦਿਖਾਇਆ ਜਿਹੜਾ ਆਕਾਸ਼ੋਂ ਪਰਮੇਸ਼ੁਰ ਕੋਲੋਂ ਉੱਤਰ ਰਿਹਾ ਸੀ+ 11 ਅਤੇ ਉਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਨਾਲ ਭਰਿਆ ਹੋਇਆ ਸੀ।+ ਉਹ ਸ਼ਹਿਰ ਬਲੌਰ ਵਾਂਗ ਲਿਸ਼ਕਦੇ ਬੇਸ਼ਕੀਮਤੀ ਪੱਥਰ ਯਸ਼ਬ ਵਾਂਗ ਚਮਕ ਰਿਹਾ ਸੀ।+ 12 ਉਸ ਦੀ ਵੱਡੀ ਅਤੇ ਉੱਚੀ ਕੰਧ ਸੀ ਅਤੇ ਉਸ ਦੇ 12 ਦਰਵਾਜ਼ੇ ਸਨ ਅਤੇ ਉਨ੍ਹਾਂ ਦਰਵਾਜ਼ਿਆਂ ਕੋਲ 12 ਦੂਤ ਖੜ੍ਹੇ ਸਨ। ਉਨ੍ਹਾਂ ਦਰਵਾਜ਼ਿਆਂ ਉੱਪਰ ਇਜ਼ਰਾਈਲੀਆਂ ਦੇ 12 ਗੋਤਾਂ ਦੇ ਨਾਂ ਲਿਖੇ ਹੋਏ ਸਨ। 13 ਪੂਰਬ ਵੱਲ ਤਿੰਨ ਦਰਵਾਜ਼ੇ, ਉੱਤਰ ਵੱਲ ਤਿੰਨ ਦਰਵਾਜ਼ੇ, ਦੱਖਣ ਵੱਲ ਤਿੰਨ ਦਰਵਾਜ਼ੇ ਅਤੇ ਪੱਛਮ ਵੱਲ ਤਿੰਨ ਦਰਵਾਜ਼ੇ ਸਨ।+ 14 ਸ਼ਹਿਰ ਦੀ ਕੰਧ ਦੀ ਨੀਂਹ ਵਿਚ 12 ਪੱਥਰ ਲੱਗੇ ਹੋਏ ਸਨ ਜਿਨ੍ਹਾਂ ਉੱਤੇ ਲੇਲੇ ਦੇ 12 ਰਸੂਲਾਂ ਦੇ 12 ਨਾਂ ਲਿਖੇ ਹੋਏ ਸਨ।+
15 ਜਿਹੜਾ ਦੂਤ ਮੇਰੇ ਨਾਲ ਗੱਲ ਕਰ ਰਿਹਾ ਸੀ, ਉਸ ਨੇ ਸ਼ਹਿਰ ਅਤੇ ਉਸ ਦੇ ਦਰਵਾਜ਼ਿਆਂ ਨੂੰ ਅਤੇ ਉਸ ਦੀ ਕੰਧ ਨੂੰ ਮਿਣਨ ਵਾਸਤੇ ਸੋਨੇ ਦਾ ਇਕ ਕਾਨਾ ਫੜਿਆ ਹੋਇਆ ਸੀ।+ 16 ਉਸ ਸ਼ਹਿਰ ਦਾ ਆਕਾਰ ਚੌਰਸ ਸੀ ਅਤੇ ਉਸ ਦੀ ਲੰਬਾਈ ਅਤੇ ਚੁੜਾਈ ਇੱਕੋ ਜਿੰਨੀ ਸੀ। ਉਸ ਨੇ ਕਾਨੇ ਨਾਲ ਸ਼ਹਿਰ ਨੂੰ ਮਿਣਿਆ। ਸ਼ਹਿਰ ਦੀ ਲੰਬਾਈ, ਚੁੜਾਈ ਅਤੇ ਉਚਾਈ ਲਗਭਗ 2,200 ਕਿਲੋਮੀਟਰ* ਸੀ। ਉਸ ਦੀ ਲੰਬਾਈ, ਚੁੜਾਈ ਅਤੇ ਉਚਾਈ ਬਰਾਬਰ ਸੀ। 17 ਉਸ ਨੇ ਇਨਸਾਨਾਂ ਅਤੇ ਦੂਤਾਂ ਦੀ ਮਿਣਤੀ ਅਨੁਸਾਰ ਉਸ ਦੀ ਕੰਧ ਨੂੰ ਵੀ ਮਿਣਿਆ ਅਤੇ ਕੰਧ ਦੀ ਮਿਣਤੀ 144 ਹੱਥ* ਸੀ। 18 ਉਸ ਦੀ ਕੰਧ ਯਸ਼ਬ ਦੀ ਬਣੀ ਹੋਈ ਸੀ+ ਅਤੇ ਸ਼ਹਿਰ ਸਾਫ਼ ਸ਼ੀਸ਼ੇ ਵਰਗੇ ਖਾਲਸ ਸੋਨੇ ਦਾ ਸੀ। 19 ਸ਼ਹਿਰ ਦੀ ਕੰਧ ਦੀਆਂ ਨੀਂਹਾਂ ਹਰ ਤਰ੍ਹਾਂ ਦੇ ਕੀਮਤੀ ਪੱਥਰਾਂ* ਦੀਆਂ ਸਨ: ਨੀਂਹ ਦਾ ਪਹਿਲਾ ਪੱਥਰ ਯਸ਼ਬ ਸੀ, ਦੂਸਰਾ ਨੀਲਮ, ਤੀਸਰਾ ਦੂਧੀਆ ਅਕੀਕ, ਚੌਥਾ ਪੰਨਾ, 20 ਪੰਜਵਾਂ ਸੁਲੇਮਾਨੀ, ਛੇਵਾਂ ਲਾਲ ਅਕੀਕ, ਸੱਤਵਾਂ ਸਬਜ਼ਾ, ਅੱਠਵਾਂ ਫਿਰੋਜ਼ਾ, ਨੌਵਾਂ ਪੁਖਰਾਜ, ਦਸਵਾਂ ਹਰਾ ਅਕੀਕ, ਗਿਆਰਵਾਂ ਜ਼ਰਕੂਨ ਅਤੇ ਬਾਹਰਵਾਂ ਲਾਜਵਰਦ। 21 ਉਸ ਦੇ 12 ਦਰਵਾਜ਼ੇ 12 ਮੋਤੀ ਸਨ; ਹਰ ਦਰਵਾਜ਼ਾ ਇਕ ਮੋਤੀ ਦਾ ਬਣਿਆ ਹੋਇਆ ਸੀ। ਸ਼ਹਿਰ ਦੀ ਵੱਡੀ ਸੜਕ ਸਾਫ਼ ਸ਼ੀਸ਼ੇ ਵਰਗੇ ਖਾਲਸ ਸੋਨੇ ਦੀ ਬਣੀ ਹੋਈ ਸੀ।
22 ਮੈਂ ਸ਼ਹਿਰ ਵਿਚ ਕੋਈ ਮੰਦਰ ਨਹੀਂ ਦੇਖਿਆ ਕਿਉਂਕਿ ਸਰਬਸ਼ਕਤੀਮਾਨ ਯਹੋਵਾਹ* ਪਰਮੇਸ਼ੁਰ+ ਅਤੇ ਲੇਲਾ ਉਸ ਦਾ ਮੰਦਰ ਹਨ। 23 ਸ਼ਹਿਰ ਨੂੰ ਨਾ ਸੂਰਜ ਦੀ ਅਤੇ ਨਾ ਹੀ ਚੰਦ ਦੀ ਰੌਸ਼ਨੀ ਦੀ ਲੋੜ ਹੈ ਕਿਉਂਕਿ ਉਹ ਸ਼ਹਿਰ ਪਰਮੇਸ਼ੁਰ ਦੀ ਮਹਿਮਾ ਦੇ ਚਾਨਣ ਨਾਲ ਭਰਿਆ ਹੋਇਆ ਹੈ+ ਅਤੇ ਲੇਲਾ ਉਸ ਦਾ ਚਿਰਾਗ ਹੈ।+ 24 ਕੌਮਾਂ ਉਸ ਸ਼ਹਿਰ ਦੇ ਚਾਨਣ ਵਿਚ ਚੱਲਣਗੀਆਂ+ ਅਤੇ ਧਰਤੀ ਦੇ ਰਾਜੇ ਆਪਣੀ ਮਹਿਮਾ ਇਸ ਵਿਚ ਲੈ ਕੇ ਆਉਣਗੇ। 25 ਉਸ ਦੇ ਦਰਵਾਜ਼ੇ ਸਾਰਾ ਦਿਨ ਬੰਦ ਨਹੀਂ ਕੀਤੇ ਜਾਣਗੇ ਕਿਉਂਕਿ ਉੱਥੇ ਕਦੇ ਰਾਤ ਨਹੀਂ ਹੋਵੇਗੀ।+ 26 ਉਹ ਸ਼ਹਿਰ ਵਿਚ ਕੌਮਾਂ ਦੀ ਮਹਿਮਾ ਅਤੇ ਆਦਰ ਲੈ ਕੇ ਆਉਣਗੇ।+ 27 ਪਰ ਕਿਸੇ ਵੀ ਭ੍ਰਿਸ਼ਟ ਚੀਜ਼ ਨੂੰ ਅਤੇ ਘਿਣਾਉਣੇ ਕੰਮ ਕਰਨ ਵਾਲੇ ਅਤੇ ਧੋਖਾ ਦੇਣ ਵਾਲੇ ਇਨਸਾਨ ਨੂੰ ਉਸ ਸ਼ਹਿਰ ਵਿਚ ਆਉਣ ਨਹੀਂ ਦਿੱਤਾ ਜਾਵੇਗਾ।+ ਸਿਰਫ਼ ਉਨ੍ਹਾਂ ਨੂੰ ਹੀ ਵੜਨ ਦਿੱਤਾ ਜਾਵੇਗਾ ਜਿਨ੍ਹਾਂ ਦੇ ਨਾਂ ਲੇਲੇ ਦੀ ਜੀਵਨ ਦੀ ਕਿਤਾਬ ਵਿਚ ਲਿਖੇ ਹੋਏ ਹਨ।+