ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
6-12 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 6-7
“ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ”
(ਕੂਚ 6:1) ਯਹੋਵਾਹ ਨੇ ਮੂਸਾ ਨੂੰ ਆਖਿਆ, ਹੁਣ ਤੂੰ ਵੇਖੇਂਗਾ ਕਿ ਮੈਂ ਫ਼ਿਰਊਨ ਨਾਲ ਕੀ ਕਰਾਂਗਾ ਕਿਉਂ ਜੋ ਉਹ ਹੱਥ ਦੇ ਬਲ ਨਾਲ ਉਨ੍ਹਾਂ ਨੂੰ ਜਾਣ ਦੇਵੇਗਾ ਸਗੋਂ ਹੱਥ ਦੇ ਬਲ ਨਾਲ ਉਹ ਉਨ੍ਹਾਂ ਨੂੰ ਆਪਣੇ ਦੇਸ ਵਿੱਚੋਂ ਧੱਕ ਦੇਵੇਗਾ।
(ਕੂਚ 6: 6, 7) ਏਸ ਲਈ ਇਸਰਾਏਲੀਆਂ ਨੂੰ ਆਖ, ਮੈਂ ਯੋਹਵਾਹ ਹਾਂ ਅਤੇ ਮੈਂ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢ ਲਵਾਂਗਾ ਅਰ ਮੈਂ ਤੁਹਾਨੂੰ ਉਨ੍ਹਾਂ ਦੀ ਗੁਲਾਮੀ ਤੋਂ ਛੁਟਕਾਰਾ ਦਿਆਂਗਾ ਅਰ ਮੈਂ ਆਪਣੀ ਬਾਂਹ ਲੰਮੀ ਕਰ ਕੇ ਵੱਡੇ ਨਿਆਵਾਂ ਨਾਲ ਤੁਹਾਨੂੰ ਛੁਡਾਵਾਂਗਾ। 7 ਮੈਂ ਤੁਹਾਨੂੰ ਆਪਣੀ ਪਰਜਾ ਹੋਣ ਲਈ ਲਵਾਂਗਾ ਅਰ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਅਰ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜਿਹੜਾ ਤੁਹਾਨੂੰ ਮਿਸਰੀਆਂ ਦੀ ਬੇਗਾਰ ਹੇਠੋਂ ਕੱਢੀ ਲਈ ਆਉਂਦਾ ਹਾਂ।
it-2 436 ਪੈਰਾ 3
ਮੂਸਾ
ਇਜ਼ਰਾਈਲੀਆਂ ਦੀ ਗੱਲ ਕਰੀਏ, ਤਾਂ ਪਹਿਲਾਂ ਉਨ੍ਹਾਂ ਨੂੰ ਯਕੀਨ ਸੀ ਕਿ ਮੂਸਾ ਪਰਮੇਸ਼ੁਰ ਵੱਲੋਂ ਭੇਜਿਆ ਹੋਇਆ ਸੀ। ਪਰ ਜਦੋਂ ਫ਼ਿਰਊਨ ਨੇ ਉਨ੍ਹਾਂ ਤੋਂ ਹੱਡ-ਤੋੜ ਮਿਹਨਤ ਕਰਵਾਈ, ਤਾਂ ਉਹ ਮੂਸਾ ਨੂੰ ਦੋਸ਼ ਦੇਣ ਲੱਗੇ ਜਿਸ ਕਰਕੇ ਮੂਸਾ ਨਿਰਾਸ਼ ਹੋ ਗਿਆ ਅਤੇ ਉਸ ਨੇ ਯਹੋਵਾਹ ਨੂੰ ਫ਼ਰਿਆਦ ਕੀਤੀ। (ਕੂਚ 4:29-31; 5:19-23) ਉਸ ਵੇਲੇ ਅੱਤ ਮਹਾਨ ਪਰਮੇਸ਼ੁਰ ਨੇ ਮੂਸਾ ਦੀ ਹਿੰਮਤ ਵਧਾਈ ਅਤੇ ਉਸ ਨੂੰ ਦੱਸਿਆ ਕਿ ਹੁਣ ਉਹ ਕੁਝ ਅਜਿਹਾ ਕਰਨ ਜਾ ਰਿਹਾ ਹੈ ਜਿਸ ਦੀ ਆਸ ਅਬਰਾਹਾਮ, ਇਸਹਾਕ ਤੇ ਯਾਕੂਬ ਨੇ ਲਗਾਈ ਸੀ। ਯਹੋਵਾਹ ਆਪਣੇ ਨਾਂ ਦਾ ਮਤਲਬ ਸਾਰਿਆਂ ʼਤੇ ਜ਼ਾਹਰ ਕਰੇਗਾ ਯਾਨੀ ਇਜ਼ਰਾਈਲੀਆਂ ਨੂੰ ਗ਼ੁਲਾਮੀ ਤੋਂ ਛੁਡਾਵੇਗਾ ਅਤੇ ਉਨ੍ਹਾਂ ਨੂੰ ਵਾਅਦਾ ਕੀਤੇ ਹੋਏ ਦੇਸ਼ ਵਿਚ ਇਕ ਵੱਡੀ ਕੌਮ ਬਣਾਵੇਗਾ। (ਕੂਚ 6:1-8) ਇਸ ਵੇਲੇ ਵੀ ਇਜ਼ਰਾਈਲੀਆਂ ਨੇ ਮੂਸਾ ਦਾ ਯਕੀਨ ਨਹੀਂ ਕੀਤਾ। ਪਰ ਨੌਵੀਂ ਬਿਪਤਾ ਤੋਂ ਬਾਅਦ ਉਹ ਮੂਸਾ ਦਾ ਪੂਰਾ ਸਾਥ ਦੇਣ ਲੱਗ ਪਏ। ਜਿਸ ਕਰਕੇ ਦਸਵੀਂ ਬਿਪਤਾ ਤੋਂ ਬਾਅਦ ਮੂਸਾ ਉਨ੍ਹਾਂ ਨੂੰ ਆਸਾਨੀ ਨਾਲ ਸੰਗਠਿਤ ਕਰ ਪਾਇਆ ਅਤੇ ਉਹ “ਫ਼ੌਜੀਆਂ ਦੇ ਦਲਾਂ ਵਾਂਗ ਵਿਵਸਥਿਤ ਢੰਗ ਨਾਲ” ਮਿਸਰ ਤੋਂ ਬਾਹਰ ਨਿਕਲ ਪਾਏ।—ਕੂਚ 13:18, NW.
(ਕੂਚ 7:4, 5) ਪਰ ਫ਼ਿਰਊਨ ਤੁਹਾਡੀ ਨਹੀਂ ਸੁਣੇਗਾ ਅਰ ਮੈਂ ਆਪਣਾ ਹੱਥ ਮਿਸਰ ਉੱਤੇ ਪਾਵਾਂਗਾ ਅਤੇ ਆਪਣੀਆਂ ਸੈਨਾਂ ਅਰਥਾਤ ਆਪਣੀ ਪਰਜਾ ਇਸਰਾਏਲ ਨੂੰ ਵੱਡਿਆਂ ਨਿਆਵਾਂ ਨਾਲ ਮਿਸਰ ਦੇਸ ਤੋਂ ਬਾਹਰ ਲੈ ਆਵਾਂਗਾ। 5 ਤਾਂ ਮਿਸਰੀ ਜਾਣਨਗੇ ਕਿ ਮੈਂ ਯਹੋਵਾਹ ਹਾਂ ਜਦ ਮੈਂ ਮਿਸਰ ਉੱਤੇ ਆਪਣਾ ਹੱਥ ਪਸਾਰਾਂਗਾ ਅਰ ਇਸਰਾਏਲੀਆਂ ਨੂੰ ਉਨ੍ਹਾਂ ਵਿੱਚੋਂ ਕੱਢ ਲਿਆਵਾਂਗਾ।
it-2 436 ਪੈਰੇ 1-2
ਮੂਸਾ
ਮਿਸਰ ਦੇ ਫ਼ਿਰਊਨ ਦੇ ਸਾਮ੍ਹਣੇ। ਇਹ ਲੜਾਈ ਮਿਸਰ ਦੇ ਦੇਵਤਿਆਂ ਅਤੇ ਯਹੋਵਾਹ ਦੇ ਵਿਚਕਾਰ ਸੀ। ਇਕ ਪਾਸੇ ਮੂਸਾ ਤੇ ਹਾਰੂਨ ਯਹੋਵਾਹ ਵੱਲੋਂ ਇਸ ਲੜਾਈ ਵਿਚ ਅਹਿਮ ਭੂਮਿਕਾ ਨਿਭਾ ਰਹੇ ਸਨ ਅਤੇ ਦੂਸਰੇ ਪਾਸਿਓਂ ਜਾਦੂ-ਟੂਣਾ ਕਰਨ ਵਾਲੇ ਪੁਜਾਰੀਆਂ ਦੇ ਪ੍ਰਧਾਨ ਯੰਨੇਸ ਤੇ ਯੰਬਰੇਸ ਵਿਰੋਧ ਕਰ ਰਹੇ ਸਨ। (2 ਤਿਮੋ 3:8) ਫ਼ਿਰਊਨ ਨੇ ਇਨ੍ਹਾਂ ਪ੍ਰਧਾਨਾਂ ਰਾਹੀਂ ਮਿਸਰ ਦੇ ਸਾਰੇ ਦੇਵਤਿਆਂ ਨੂੰ ਪੁਕਾਰਿਆ ਕਿ ਉਹ ਯਹੋਵਾਹ ਖ਼ਿਲਾਫ਼ ਆਪਣੀ ਤਾਕਤ ਦਿਖਾਉਣ। ਮੂਸਾ ਦੇ ਕਹਿਣ ʼਤੇ ਹਾਰੂਨ ਨੇ ਫ਼ਿਰਊਨ ਸਾਮ੍ਹਣੇ ਜੋ ਪਹਿਲਾ ਚਮਤਕਾਰ ਕੀਤਾ ਉਸ ਤੋਂ ਸਾਬਤ ਹੋ ਗਿਆ ਕਿ ਯਹੋਵਾਹ ਮਿਸਰ ਦੇ ਸਾਰੇ ਦੇਵਤਿਆਂ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ। ਫਿਰ ਵੀ ਫ਼ਿਰਊਨ ਬਦਲਿਆ ਨਹੀਂ, ਸਗੋਂ ਉਹ ਹੋਰ ਵੀ ਕਠੋਰ ਹੋ ਗਿਆ ਸੀ। (ਕੂਚ 7:8-13) ਬਾਅਦ ਵਿਚ ਤੀਜੀ ਬਿਪਤਾ ਆਉਣ ਤੇ ਪੁਜਾਰੀਆਂ ਨੂੰ ਵੀ ਮੰਨਣਾ ਹੀ ਪਿਆ ਕਿ “ਏਹ ਤਾਂ ਪਰਮੇਸ਼ੁਰ ਦੀ ਉਂਗਲ ਹੈ।” ਜਦੋਂ ਯਹੋਵਾਹ ਉਨ੍ਹਾਂ ʼਤੇ ਫੋੜਿਆਂ ਦੀ ਬਿਪਤਾ ਲਿਆਇਆ, ਤਾਂ ਉਨ੍ਹਾਂ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਹ ਸਾਰੇ ਜਣੇ ਬਿਪਤਾ ਦੌਰਾਨ ਨਾ ਤਾਂ ਫ਼ਿਰਊਨ ਦੇ ਸਾਮ੍ਹਣੇ ਆ ਪਾਏ ਤੇ ਨਾ ਹੀ ਮੂਸਾ ਦਾ ਵਿਰੋਧ ਕਰ ਪਾਏ।—ਕੂਚ 8:16-19; 9:10-12.
ਬਿਪਤਾਵਾਂ ਆਉਣ ʼਤੇ ਕਈਆਂ ਦੇ ਦਿਲ ਨਰਮ ਹੋਏ ਤੇ ਕਈਆਂ ਦੇ ਕਠੋਰ। ਮੂਸਾ ਤੇ ਹਾਰੂਨ ਨੇ ਹਰ ਬਿਪਤਾ ਆਉਣ ਤੋਂ ਪਹਿਲਾਂ ਇਸ ਦਾ ਐਲਾਨ ਕੀਤਾ ਸੀ। ਜਿਵੇਂ ਉਨ੍ਹਾਂ ਨੇ ਕਿਹਾ ਸੀ, ਉਵੇਂ ਹੀ ਹੋਇਆ। ਇਸ ਤੋਂ ਇਹ ਸਾਬਤ ਹੋ ਗਿਆ ਕਿ ਮੂਸਾ ਨੂੰ ਯਹੋਵਾਹ ਨੇ ਹੀ ਭੇਜਿਆ ਸੀ। ਮਿਸਰ ਵਿਚ ਹਰ ਪਾਸੇ ਯਹੋਵਾਹ ਦੇ ਨਾਂ ਦਾ ਐਲਾਨ ਹੋ ਰਿਹਾ ਸੀ ਅਤੇ ਉਸ ਬਾਰੇ ਚਰਚਾ ਹੋ ਰਹੀ ਸੀ। ਇਸ ਲਈ ਯਹੋਵਾਹ ਦੇ ਨਾਂ ਪ੍ਰਤੀ ਲੋਕਾਂ ਵਿਚ ਦੋ ਅਲੱਗ-ਅਲੱਗ ਰਵੱਈਏ ਦੇਖੇ ਗਏ। ਇਜ਼ਰਾਈਲੀਆਂ ਅਤੇ ਕੁਝ ਮਿਸਰੀਆਂ ਦੇ ਦਿਲ ਨਰਮ ਹੋਏ, ਪਰ ਫ਼ਿਰਊਨ, ਉਸ ਦੇ ਸਲਾਹਕਾਰਾਂ ਅਤੇ ਉਸ ਦਾ ਸਾਥ ਦੇਣ ਵਾਲਿਆਂ ਦਾ ਦਿਲ ਹੋਰ ਕਠੋਰ ਹੋਇਆ। (ਕੂਚ 9:16; 11:10; 12:29-39) ਮਿਸਰੀ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਸਨ ਕਿ ਉਨ੍ਹਾਂ ʼਤੇ ਇਹ ਬਿਪਤਾਵਾਂ ਇਸ ਲਈ ਨਹੀਂ ਆਈਆਂ ਕਿਉਂਕਿ ਉਨ੍ਹਾਂ ਨੇ ਆਪਣੇ ਦੇਵਤਿਆਂ ਨੂੰ ਨਾਰਾਜ਼ ਕੀਤਾ ਸੀ, ਸਗੋਂ ਇਸ ਲਈ ਆਈਆਂ ਕਿਉਂਕਿ ਯਹੋਵਾਹ ਉਨ੍ਹਾਂ ਦੇ ਦੇਵਤਿਆਂ ਨੂੰ ਸਜ਼ਾ ਦੇ ਰਿਹਾ ਸੀ। ਨੌਵੀਂ ਬਿਪਤਾ ਆਉਣ ਤੋਂ ਬਾਅਦ ਮੂਸਾ ਵੀ “ਮਿਸਰ ਦੇਸ ਵਿੱਚ ਫ਼ਿਰਊਨ ਦੇ ਟਹਿਲੂਆਂ ਦੀ ਨਿਗਾਹ ਵਿੱਚ ਅਰ ਲੋਕਾਂ ਦੀ ਨਿਗਾਹ ਵਿੱਚ ਅੱਤ ਮਹਾਨ ਮਨੁੱਖ ਸੀ।”—ਕੂਚ 11:3.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 6:3) ਮੈਂ ਅਬਰਾਹਾਮ, ਇਸਹਾਕ, ਅਰ ਯਾਕੂਬ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਨਾਮ ਉੱਤੇ ਦਰਸ਼ਣ ਦਿੱਤਾ ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ।
it-1 76 ਪੈਰੇ 3-4
ਸਰਬਸ਼ਕਤੀਮਾਨ
ਜਦੋਂ ਯਹੋਵਾਹ ਨੇ ਅਬਰਾਹਾਮ ਨਾਲ ਇਸਹਾਕ ਦੇ ਜਨਮ ਬਾਰੇ ਵਾਅਦਾ ਕੀਤਾ ਸੀ, ਤਾਂ ਉਸ ਨੇ “ਸਰਬ ਸ਼ਕਤੀਮਾਨ ਪਰਮੇਸ਼ੁਰ” (ਐੱਲ ਸ਼ੈਡਾਈ) ਖ਼ਿਤਾਬ ਵਰਤਿਆ ਸੀ। ਅਬਰਾਹਾਮ ਨੂੰ ਪੱਕਾ ਵਿਸ਼ਵਾਸ ਕਰਨ ਦੀ ਲੋੜ ਸੀ ਕਿ ਪਰਮੇਸ਼ੁਰ ਇਹ ਵਾਅਦਾ ਪੂਰਾ ਕਰਨ ਦੀ ਤਾਕਤ ਰੱਖਦਾ ਹੈ। ਬਾਅਦ ਵਿਚ, ਇਹ ਖ਼ਿਤਾਬ ਉਦੋਂ ਵਰਤਿਆ ਗਿਆ ਜਦੋਂ ਪਰਮੇਸ਼ੁਰ ਬਾਰੇ ਕਿਹਾ ਗਿਆ ਕਿ ਉਹ ਇਸਹਾਕ ਅਤੇ ਯਾਕੂਬ ਨੂੰ ਬਰਕਤ ਦੇਵੇਗਾ ਜੋ ਅਬਰਾਹਾਮ ਨਾਲ ਕੀਤੇ ਇਕਰਾਰ ਦੇ ਵਾਰਸ ਸਨ।—ਉਤ 17:1; 28:3; 35:11; 48:3.
ਇਸ ਗੱਲ ਮੁਤਾਬਕ ਯਹੋਵਾਹ ਨੇ ਬਾਅਦ ਵਿਚ ਮੂਸਾ ਨੂੰ ਕਿਹਾ: “ਮੈਂ ਅਬਰਾਹਾਮ, ਇਸਹਾਕ, ਅਰ ਯਾਕੂਬ ਨੂੰ ਸਰਬ ਸ਼ਕਤੀਮਾਨ ਪਰਮੇਸ਼ੁਰ [ਬੀ-ਐੱਲ ਸ਼ੈਡਾਈ] ਦੇ ਨਾਮ ਉੱਤੇ ਦਰਸ਼ਣ ਦਿੱਤਾ। ਪਰ ਮੈਂ ਆਪਣੇ ਯਹੋਵਾਹ ਨਾਮ ਨਾਲ ਉਨ੍ਹਾਂ ਉੱਤੇ ਪਰਗਟ ਨਹੀਂ ਹੋਇਆ।” (ਕੂਚ 6:3) ਇਸ ਦਾ ਇਹ ਮਤਲਬ ਨਹੀਂ ਸੀ ਕਿ ਇਨ੍ਹਾਂ ਪੂਰਵਜਾਂ ਨੂੰ ਯਹੋਵਾਹ ਦਾ ਨਾਂ ਪਤਾ ਨਹੀਂ ਸੀ ਕਿਉਂਕਿ ਉਨ੍ਹਾਂ ਨੇ ਅਤੇ ਉਨ੍ਹਾਂ ਤੋਂ ਪਹਿਲਾਂ ਦੇ ਲੋਕਾਂ ਨੇ ਇਹ ਨਾਂ ਵਾਰ-ਵਾਰ ਵਰਤਿਆ ਸੀ। (ਉਤ 4:1, 26; 14:22; 27:27; 28:16) ਉਤਪਤ ਦੀ ਕਿਤਾਬ ਵਿਚ ਇਨ੍ਹਾਂ ਪੂਰਵਜਾਂ ਦੀ ਜ਼ਿੰਦਗੀ ਬਾਰੇ ਦੱਸਿਆ ਗਿਆ ਹੈ। ਉਤਪਤ ਦੀ ਮੁਢਲੀ ਇਬਰਾਨੀ ਲਿਖਤ ਵਿਚ ਸ਼ਬਦ “ਸਰਬਸ਼ਕਤੀਮਾਨ” ਸਿਰਫ਼ ਛੇ ਵਾਰ ਆਉਂਦਾ ਹੈ ਜਦਕਿ ਯਹੋਵਾਹ ਨਾਂ 172 ਵਾਰ ਆਉਂਦਾ ਹੈ। ਇਹ ਸੱਚ ਹੈ ਕਿ ਇਨ੍ਹਾਂ ਪੂਰਵਜਾਂ ਨੇ ਆਪਣੇ ਤਜਰਬੇ ਤੋਂ ਇਹ ਜਾਣਿਆ ਕਿ ਯਹੋਵਾਹ ਹੀ “ਸਰਬਸ਼ਕਤੀਮਾਨ” ਕਹਾਉਣ ਦਾ ਹੱਕਦਾਰ ਹੈ। ਫਿਰ ਵੀ ਉਹ ਇਹ ਨਹੀਂ ਜਾਣ ਪਾਏ ਕਿ ਯਹੋਵਾਹ ਨਾਂ ਦਾ ਸਹੀ ਮਤਲਬ ਕੀ ਹੈ ਅਤੇ ਉਹ ਆਪਣੇ ਵਾਅਦੇ ਕਿਵੇਂ ਪੂਰਾ ਕਰਦਾ ਹੈ। ਇਸ ਬਾਰੇ 1980 ਵਿਚ ਸੰਪਾਦਕ ਜੇ. ਡੀ. ਡਗਲਸ ਨੇ ਬਾਈਬਲ ਦੇ ਇਕ ਸ਼ਬਦ-ਕੋਸ਼ ਵਿਚ ਇਕ ਦਿਲਚਸਪ ਗੱਲ ਕਹੀ: “ਜਦੋਂ ਯਹੋਵਾਹ ਨੇ ਪੂਰਵਜਾਂ ʼਤੇ ਆਪਣਾ ਨਾਂ ਜ਼ਾਹਰ ਕੀਤਾ, ਤਾਂ ਉਹ ਭਵਿੱਖ ਵਿਚ ਪੂਰੇ ਹੋਣ ਵਾਲੇ ਆਪਣੇ ਵਾਅਦਿਆਂ ਬਾਰੇ ਗੱਲ ਕਰ ਰਿਹਾ ਸੀ। ਇਹ ਜ਼ਰੂਰੀ ਸੀ ਕਿ ਪੂਰਵਜਾਂ ਨੇ ਯਕੀਨ ਕਰਨਾ ਸੀ ਕਿ ਯਾਹਵੇਹ ਇਸ ਤਰ੍ਹਾਂ ਦਾ ਪਰਮੇਸ਼ੁਰ (ਐੱਲ) ਸੀ ਜੋ ਆਪਣੇ ਵਾਅਦੇ ਪੂਰੇ ਕਰਨ ਦੇ ਕਾਬਲ ਸੀ (ਸ਼ੈਡਾਈ ਦਾ ਮਤਲਬ ਹੋ ਸਕਦਾ)। ਜਦੋਂ ਯਹੋਵਾਹ ਬਲ਼ਦੀ ਝਾੜੀ ਰਾਹੀਂ ਪ੍ਰਗਟ ਹੋਇਆ, ਤਾਂ ਉਸ ਨੇ ਆਪਣੇ ਨਾਂ ਦਾ ਸਹੀ ਮਤਲਬ ਹੋਰ ਵੀ ਵਧੀਆ ਤਰੀਕੇ ਨਾਲ ਦੱਸਿਆ ਸੀ। ਹੁਣ ਉਹ ਨਾ ਸਿਰਫ਼ ਯਾਹਵੇਹ ਦਾ ਨਾਂ ਜਾਣਦੇ ਸਨ, ਸਗੋਂ ਉਸ ਦੀ ਤਾਕਤ ਤੇ ਹਜ਼ੂਰੀ ਨੂੰ ਹੋਰ ਚੰਗੀ ਤਰ੍ਹਾਂ ਮਹਿਸੂਸ ਕਰ ਸਕਦੇ ਸਨ।”
(ਕੂਚ 7:1) ਯਹੋਵਾਹ ਨੇ ਮੂਸਾ ਨੂੰ ਆਖਿਆ, ਵੇਖ ਮੈਂ ਤੈਨੂੰ ਫ਼ਿਰਊਨ ਲਈ ਪਰਮੇਸ਼ੁਰ ਜਿਹਾ ਠਹਿਰਾਇਆ ਹੈ ਅਤੇ ਤੇਰਾ ਭਰਾ ਹਾਰੂਨ ਤੇਰੇ ਲਈ ਨਬੀ ਹੋਵੇਗਾ।
it-2 435 ਪੈਰਾ 5
ਮੂਸਾ
ਮੂਸਾ ਝਿਜਕ ਰਿਹਾ ਸੀ ਫਿਰ ਵੀ ਯਹੋਵਾਹ ਨੇ ਉਸ ਨੂੰ ਨਹੀਂ ਠੁਕਰਾਇਆ। 40 ਸਾਲ ਪਹਿਲਾਂ ਮੂਸਾ ਨੇ ਇਹ ਸੋਚ ਕੇ ਕੁਝ ਕਦਮ ਉਠਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਇਜ਼ਰਾਈਲ ਦਾ ਛੁਡਾਉਣ ਵਾਲਾ ਬਣੇਗਾ। ਪਰ ਹੁਣ ਉਹ ਬਹੁਤ ਬਦਲ ਗਿਆ ਸੀ। ਹੁਣ ਮੂਸਾ ਖ਼ੁਦ ਨੂੰ ਇਸ ਜ਼ਿੰਮੇਵਾਰੀ ਦੇ ਕਾਬਲ ਨਹੀਂ ਸਮਝ ਰਿਹਾ ਸੀ। ਉਸ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਉਹ ਸਾਫ਼-ਸਾਫ਼ ਬੋਲ ਨਹੀਂ ਪਾਉਂਦਾ। ਨਾਲੇ ਉਹ ਇਹ ਜ਼ਿੰਮੇਵਾਰੀ ਲੈਣ ਤੋਂ ਨਾ-ਨੁੱਕਰ ਕਰ ਰਿਹਾ ਸੀ ਅਤੇ ਅਖ਼ੀਰ ਉਸ ਨੇ ਯਹੋਵਾਹ ਨੂੰ ਕਿਹਾ ਕਿ ਉਹ ਇਹ ਕੰਮ ਕਿਸੇ ਹੋਰ ਨੂੰ ਦੇ ਦੇਵੇ। ਇਹ ਸੁਣ ਕੇ ਯਹੋਵਾਹ ਦਾ ਗੁੱਸਾ ਭੜਕ ਉੱਠਿਆ। ਫਿਰ ਵੀ ਉਸ ਨੇ ਮੂਸਾ ਨੂੰ ਠੁਕਰਾਇਆ ਨਹੀਂ, ਸਗੋਂ ਉਸ ਦੇ ਭਰਾ ਹਾਰੂਨ ਨੂੰ ਠਹਿਰਾਇਆ ਕਿ ਉਹ ਮੂਸਾ ਵੱਲੋਂ ਬੋਲੇ। ਇਸ ਲਈ ਮੂਸਾ ਪਰਮੇਸ਼ੁਰ ਦਾ ਸੰਦੇਸ਼ ਹਾਰੂਨ ਨੂੰ ਦਿੰਦਾ ਅਤੇ ਹਾਰੂਨ ਉਹ ਸੰਦੇਸ਼ ਲੋਕਾਂ ਨੂੰ ਸੁਣਾਉਂਦਾ ਸੀ। ਇਸ ਤਰ੍ਹਾਂ ਮੂਸਾ ਹਾਰੂਨ ਲਈ “ਪਰਮੇਸ਼ੁਰ” ਜਿਹਾ ਬਣਿਆ। ਜਦੋਂ ਮੂਸਾ ਇਜ਼ਰਾਈਲ ਦੇ ਬਜ਼ੁਰਗਾਂ ਨੂੰ ਮਿਲਿਆ ਅਤੇ ਬਾਅਦ ਵਿਚ ਫ਼ਿਰਊਨ ਅੱਗੇ ਵਾਰ-ਵਾਰ ਗਿਆ, ਤਾਂ ਇੱਦਾਂ ਲੱਗਦਾ ਹੈ ਕਿ ਯਹੋਵਾਹ ਜੋ ਹਿਦਾਇਤਾਂ ਅਤੇ ਹੁਕਮ ਮੂਸਾ ਨੂੰ ਦਿੰਦਾ ਸੀ ਮੂਸਾ ਉਹ ਸਾਰਾ ਕੁਝ ਹਾਰੂਨ ਨੂੰ ਦੱਸਦਾ ਸੀ। ਫਿਰ ਹਾਰੂਨ ਉਹ ਗੱਲਾਂ ਫਿਰਊਨ ਨੂੰ ਦੱਸਦਾ ਸੀ। (ਇਹ ਉਸੇ ਫਿਰਊਨ ਦੀ ਪੀੜ੍ਹੀ ਵਿੱਚੋਂ ਸੀ ਜਿਸ ਤੋਂ ਮੂਸਾ 40 ਸਾਲ ਪਹਿਲਾਂ ਭੱਜਿਆ ਸੀ)। (ਕੂਚ 2:23; 4:10-17) ਬਾਅਦ ਵਿਚ, ਯਹੋਵਾਹ ਨੇ ਹਾਰੂਨ ਨੂੰ ਮੂਸਾ ਦਾ “ਨਬੀ” ਕਿਹਾ ਸੀ ਯਾਨੀ ਜਿਵੇਂ ਮੂਸਾ ਪਰਮੇਸ਼ੁਰ ਦਾ ਨਬੀ ਹੋਣ ਦੇ ਨਾਤੇ ਪਰਮੇਸ਼ੁਰ ਦੀ ਸੇਧ ਮੁਤਾਬਕ ਕੰਮ ਕਰਦਾ ਸੀ ਉਸੇ ਤਰ੍ਹਾਂ ਹਾਰੂਨ ਨੇ ਵੀ ਮੂਸਾ ਦੀ ਸੇਧ ਮੁਤਾਬਕ ਕੰਮ ਕਰਨਾ ਸੀ। ਨਾਲੇ ਪਰਮੇਸ਼ੁਰ ਨੇ ਮੂਸਾ ਨੂੰ “ਫ਼ਿਰਊਨ ਲਈ ਪਰਮੇਸ਼ੁਰ ਜਿਹਾ ਠਹਿਰਾਇਆ” ਯਾਨੀ ਉਸ ਨੂੰ ਪਰਮੇਸ਼ੁਰ ਤੋਂ ਸ਼ਕਤੀ ਅਤੇ ਅਧਿਕਾਰ ਮਿਲਣਾ ਸੀ। ਇਸ ਲਈ ਮੂਸਾ ਨੂੰ ਮਿਸਰ ਦੇ ਰਾਜੇ ਤੋਂ ਡਰਨ ਦੀ ਲੋੜ ਨਹੀਂ ਸੀ।—ਕੂਚ 7:1, 2.
ਬਾਈਬਲ ਪੜ੍ਹਾਈ
13-19 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 8-9
“ਘਮੰਡੀ ਫ਼ਿਰਊਨ ਅਣਜਾਣੇ ਵਿਚ ਪਰਮੇਸ਼ੁਰ ਦਾ ਮਕਸਦ ਪੂਰਾ ਕਰਦਾ ਹੈ”
(ਕੂਚ 8:15) ਪਰ ਜਿਵੇਂ ਯਹੋਵਾਹ ਬੋਲਿਆ ਸੀ, ਜਾਂ ਫ਼ਿਰਊਨ ਡਿੱਠਾ ਭਈ ਸਬਿਹਤਾ ਹੋ ਗਿਆ ਹੈ ਤਾਂ ਆਪਣਾ ਮਨ ਪੱਥਰ ਕਰ ਲਿਆ ਅਰ ਉਨ੍ਹਾਂ ਦੀ ਨਾ ਸੁਣੀ।
it-2 1040-1041
ਢੀਠਪੁਣਾ
ਯਹੋਵਾਹ ਨੇ ਕੁਝ ਲੋਕਾਂ ਅਤੇ ਕੌਮਾਂ ਨਾਲ ਧੀਰਜ ਰੱਖਿਆ। ਭਾਵੇਂ ਉਹ ਮੌਤ ਦੀ ਸਜ਼ਾ ਦੇ ਲਾਇਕ ਸਨ, ਫਿਰ ਵੀ ਉਸ ਨੇ ਉਨ੍ਹਾਂ ਨੂੰ ਜੀਉਂਦਾ ਰੱਖਿਆ। (ਉਤ 15:16; 2 ਪਤ 3:9) ਕੁਝ ਲੋਕਾਂ ਨੇ ਖ਼ੁਦ ਨੂੰ ਬਦਲਿਆ ਤਾਂਕਿ ਉਹ ਯਹੋਵਾਹ ਦੀ ਦਇਆ ਪਾ ਸਕਣ। (ਯਹੋ 2:8-14; 6:22, 23; 9:3-15) ਪਰ ਕੁਝ ਲੋਕਾਂ ਦਾ ਦਿਲ ਹੋਰ ਕਠੋਰ ਹੋ ਗਿਆ ਅਤੇ ਉਹ ਪਰਮੇਸ਼ੁਰ ਅਤੇ ਉਸ ਦੇ ਲੋਕਾਂ ਦਾ ਸਖ਼ਤ ਵਿਰੋਧ ਕਰਨ ਲੱਗ ਪਏ। (ਬਿਵ 2:30-33; ਯਹੋ 11:19, 20) ਯਹੋਵਾਹ ਨੇ ਲੋਕਾਂ ਨੂੰ ਢੀਠ ਹੋਣ ਤੋਂ ਨਹੀਂ ਰੋਕਿਆ। ਇਸ ਲਈ ਕਿਹਾ ਜਾ ਸਕਦਾ ਹੈ ਕਿ ਯਹੋਵਾਹ ਨੇ ਉਨ੍ਹਾਂ ਦਾ “ਮਨ ਸਖ਼ਤ ਹੋਣ ਦਿੱਤਾ” ਜਾਂ ‘ਮਨ ਕਠੋਰ ਹੋਣ ਦਿੱਤਾ।’ ਜਦੋਂ ਉਹ ਅਖ਼ੀਰ ਵਿਚ ਢੀਠ ਲੋਕਾਂ ਦਾ ਨਾਸ਼ ਕਰਦਾ ਹੈ, ਤਾਂ ਉਹ ਜ਼ਾਹਰ ਕਰਦਾ ਹੈ ਕਿ ਉਸ ਕੋਲ ਕਿੰਨੀ ਸ਼ਕਤੀ ਹੈ ਅਤੇ ਇਸ ਤਰ੍ਹਾਂ ਕਰਕੇ ਉਹ ਆਪਣੇ ਨਾਂ ਦਾ ਐਲਾਨ ਕਰਦਾ ਹੈ।—ਕੂਚ 4:21; ਯੂਹੰ 12:40; ਰੋਮੀ 9:14-18 ਨਾਲ ਤੁਲਨਾ ਕਰੋ।
(ਕੂਚ 8:18, 19) ਤਾਂ ਜਾਦੂਗਰਾਂ ਨੇ ਆਪਣੇ ਮੰਤ੍ਰਾਂ ਜੰਤ੍ਰਾਂ ਨਾਲ ਜਤਨ ਕੀਤਾ ਭਈ ਓਹ ਜੂੰਆਂ ਲੈ ਆਉਣ ਪਰ ਓਹ ਲਿਆ ਨਾ ਸੱਕੇ ਅਰ ਆਦਮੀ ਅਤੇ ਡੰਗਰ ਉੱਤੇ ਜੁੰਆਂ ਹੀ ਜੂੰਆਂ ਸਨ। 19 ਤਾਂ ਜਾਦੂਗਰਾਂ ਨੇ ਫ਼ਿਰਊਨ ਨੂੰ ਆਖਿਆ ਭਈ ਏਹ ਤਾਂ ਪਰਮੇਸ਼ੁਰ ਦੀ ਉਂਗਲ ਹੈ ਪਰ ਜਿਵੇਂ ਯਹੋਵਾਹ ਬੋਲਿਆ ਸੀ ਫ਼ਿਰਊਨ ਦਾ ਮਨ ਕਠੋਰ ਹੋ ਗਿਆ ਅਰ ਉਸ ਨੇ ਉਨ੍ਹਾਂ ਦੀ ਨਾ ਸੁਣੀ।
(ਕੂਚ 9:15-17) ਹੁਣ ਤੀਕ ਮੈਂ ਆਪਣਾ ਹੱਥ ਵਧਾਕੇ ਤੈਨੂੰ ਅਰ ਤੇਰੀ ਰਈਅਤ ਨੂੰ ਮਰੀ ਨਾਲ ਮਾਰ ਦਿੱਤਾ ਹੁੰਦਾ ਅਤੇ ਤੂੰ ਧਰਤੀ ਉੱਤੋਂ ਮਿੱਟ ਗਿਆ ਹੁੰਦਾ। 16 ਪਰ ਸੱਚ ਮੁੱਚ ਮੈਂ ਤੈਨੂੰ ਏਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ। 17 ਹੁਣ ਤੀਕ ਤੂੰ ਮੇਰੀ ਪਰਜਾ ਵਿੱਚ ਆਪਣੇ ਆਪ ਨੂੰ ਉੱਚਾ ਕਰਦਾ ਰਿਹਾ ਹੈਂ ਕਿ ਤੈਂ ਉਨ੍ਹਾਂ ਨੂੰ ਜਾਣ ਨਹੀਂ ਦਿੱਤਾ।
it-2 1181 ਪੈਰੇ 3-5
ਦੁਸ਼ਟਤਾ
ਇਸ ਤੋਂ ਇਲਾਵਾ, ਯਹੋਵਾਹ ਪਰਮੇਸ਼ੁਰ ਹਾਲਾਤਾਂ ਨੂੰ ਇਸ ਤਰ੍ਹਾਂ ਬਦਲ ਦਿੰਦਾ ਹੈ ਕਿ ਦੁਸ਼ਟ ਲੋਕ ਅਣਜਾਣੇ ਵਿਚ ਹੀ ਉਸ ਦਾ ਮਕਸਦ ਪੂਰਾ ਕਰਦੇ ਹਨ। ਭਾਵੇਂ ਦੁਸ਼ਟ ਲੋਕ ਪਰਮੇਸ਼ੁਰ ਦਾ ਵਿਰੋਧ ਕਰਦੇ ਹਨ, ਪਰ ਯਹੋਵਾਹ ਆਪਣੇ ਵਫ਼ਾਦਾਰ ਸੇਵਕਾਂ ਦੀ ਜਾਨ ਬਚਾਉਣ ਲਈ ਕਿਸੇ ਵੀ ਹੱਦ ਤਕ ਜਾ ਕੇ ਦੁਸ਼ਟ ਲੋਕਾਂ ਨੂੰ ਰੋਕ ਸਕਦਾ ਹੈ। ਨਾਲੇ ਉਹ ਉਨ੍ਹਾਂ ਦੇ ਦੁਸ਼ਟ ਕੰਮਾਂ ਰਾਹੀਂ ਵੀ ਖ਼ੁਦ ਨੂੰ ਨੇਕ ਸਾਬਤ ਕਰਾ ਸਕਦਾ ਹੈ। (ਰੋਮੀ 3:3-5, 23-26; 8:35-39; ਜ਼ਬੂ 76:10) ਇਹੀ ਗੱਲ ਕਹਾਉਤਾਂ 16:4 ਵਿਚ ਦੱਸੀ ਗਈ ਹੈ: “ਯਹੋਵਾਹ ਨੇ ਸਾਰੀਆਂ ਵਸਤਾਂ ਖਾਸ ਪਰੋਜਨ ਲਈ ਬਣਾਈਆਂ, ਹਾਂ, ਦੁਸ਼ਟ ਨੂੰ ਵੀ ਬਿਪਤਾ ਦੇ ਦਿਨ ਲਈ” ਰੱਖਿਆ ਹੈ।
ਜਿਵੇਂ ਕਿ ਫ਼ਿਰਊਨ ਦੇ ਮਾਮਲੇ ਵਿਚ ਯਹੋਵਾਹ ਨੇ ਮੂਸਾ ਅਤੇ ਹਾਰੂਨ ਦੇ ਜ਼ਰੀਏ ਕਿਹਾ ਕਿ ਉਹ ਇਜ਼ਰਾਈਲੀਆਂ ਨੂੰ ਜਾਣ ਦੇਵੇ ਜੋ ਮਿਸਰ ਵਿਚ ਗ਼ੁਲਾਮ ਸਨ। ਪਰਮੇਸ਼ੁਰ ਨੇ ਮਿਸਰ ਦੇ ਰਾਜੇ ਫ਼ਿਰਊਨ ਨੂੰ ਦੁਸ਼ਟ ਨਹੀਂ ਬਣਾਇਆ ਸੀ, ਪਰ ਉਸ ਨੇ ਫ਼ਿਰਊਨ ਨੂੰ ਜੀਉਂਦਾ ਰਹਿਣ ਦਿੱਤਾ ਅਤੇ ਹਾਲਾਤਾਂ ਨੂੰ ਇਸ ਤਰ੍ਹਾਂ ਬਦਲਿਆ ਜਿਸ ਤੋਂ ਜ਼ਾਹਰ ਹੋ ਗਿਆ ਕਿ ਫ਼ਿਰਊਨ ਦੁਸ਼ਟ ਸੀ ਤੇ ਮੌਤ ਦੀ ਸਜ਼ਾ ਦੇ ਲਾਇਕ ਸੀ। ਕੂਚ 9:16 ਤੋਂ ਪਤਾ ਲੱਗਦਾ ਹੈ ਕਿ ਇੱਦਾਂ ਕਰਨ ਪਿੱਛੇ ਯਹੋਵਾਹ ਦਾ ਮਕਸਦ ਕੀ ਸੀ। ਇਹ ਆਇਤ ਦੱਸਦੀ ਹੈ, “ਪਰ ਸੱਚ ਮੁੱਚ ਮੈਂ ਤੈਨੂੰ ਏਸ ਕਰਕੇ ਘਲਿਆਰਿਆ ਅਤੇ ਏਸ ਕਰਕੇ ਤੈਨੂੰ ਆਪਣਾ ਬਲ ਵਿਖਾਇਆ ਤਾਂ ਜੋ ਮੇਰਾ ਨਾਮ ਸਾਰੀ ਧਰਤੀ ਵਿੱਚ ਪਰਗਟ ਹੋ ਜਾਵੇ।”
ਮਿਸਰ ਵਿਚ 10 ਬਿਪਤਾਵਾਂ ਆਈਆਂ। ਬਾਅਦ ਵਿਚ, ਯਹੋਵਾਹ ਨੇ ਫ਼ਿਰਊਨ ਤੇ ਉਸ ਦੀ ਸੈਨਾਂ ਦਾ ਲਾਲ ਸਮੁੰਦਰ ਵਿਚ ਨਾਸ਼ ਕਰ ਦਿੱਤਾ। ਇਹ ਯਹੋਵਾਹ ਦੀ ਸ਼ਕਤੀ ਦਾ ਜ਼ਬਰਦਸਤ ਸਬੂਤ ਸੀ। (ਕੂਚ 7:14–12:30; ਜ਼ਬੂ 78:43-51; 136:15) ਇਸ ਘਟਨਾ ਦੇ ਕਈ ਸਾਲਾਂ ਬਾਅਦ ਵੀ ਮਿਸਰ ਦੇ ਨੇੜੇ ਦੀਆਂ ਕੌਮਾਂ ਦੇ ਲੋਕ ਇਸ ਬਾਰੇ ਚਰਚਾ ਕਰਦੇ ਸਨ ਕਿ ਯਹੋਵਾਹ ਨੇ ਕਿਸ ਤਰ੍ਹਾਂ ਆਪਣੇ ਲੋਕਾਂ ਨੂੰ ਬਚਾਇਆ ਸੀ। ਇਸ ਤਰ੍ਹਾਂ ਪੂਰੀ ਧਰਤੀ ਉੱਤੇ ਯਹੋਵਾਹ ਦੇ ਨਾਂ ਦਾ ਐਲਾਨ ਹੋਇਆ। (ਯਹੋ 2:10, 11; 1 ਸਮੂ 4:8) ਜੇਕਰ ਯਹੋਵਾਹ ਨੇ ਪਹਿਲਾਂ ਹੀ ਫ਼ਿਰਊਨ ਨੂੰ ਖ਼ਤਮ ਕਰ ਦਿੱਤਾ ਹੁੰਦਾ, ਤਾਂ ਉਸ ਦੀ ਤਾਕਤ ਇੰਨੇ ਸ਼ਾਨਦਾਰ ਤਰੀਕੇ ਨਾਲ ਜ਼ਾਹਰ ਨਹੀਂ ਹੋਣੀ ਸੀ ਅਤੇ ਨਾ ਹੀ ਉਸ ਦੇ ਨਾਂ ਦੀ ਮਹਿਮਾ ਹੋਣੀ ਸੀ। ਨਾਲੇ ਇੰਨੇ ਲਾਜਵਾਬ ਤਰੀਕੇ ਨਾਲ ਉਸ ਦੇ ਲੋਕਾਂ ਨੂੰ ਛੁਡਾਇਆ ਨਹੀਂ ਜਾਣਾ ਸੀ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 8:21) ਅਰ ਜੇ ਤੂੰ ਮੇਰੀ ਪਰਜਾ ਨੂੰ ਜਾਣ ਨਾ ਦੇਵੇਂਗਾ ਤਾਂ ਵੇਖ ਮੈਂ ਤੇਰੇ ਅਰ ਤੇਰੇ ਟਹਿਲੂਆਂ ਅਰ ਤੇਰੀ ਰਈਅਤ ਉੱਤੇ ਤੇਰੇ ਘਰਾਂ ਵਿੱਚ ਮੱਖਾਂ ਦੇ ਝੁੰਡ ਘੱਲ ਰਿਹਾ ਹਾਂ ਅਰ ਮਿਸਰ ਦੇ ਘਰ ਮੱਖਾਂ ਦੇ ਝੁੰਡਾਂ ਨਾਲ ਭਰ ਜਾਣਗੇ ਅਤੇ ਉਹ ਭੋਂ ਭੀ ਜਿੱਥੇ ਓਹ ਹਨ।
it-1 878
ਡੰਗ ਮਾਰਨ ਵਾਲੇ ਮੱਖ
ਮਿਸਰ ਵਿਚ ਚੌਥੀ ਬਿਪਤਾ ਮੱਖਾਂ ਦਾ ਹਮਲਾ ਸੀ। ਚੌਥੀ ਬਿਪਤਾ ਅਤੇ ਇਸ ਤੋਂ ਬਾਅਦ ਆਈਆਂ ਬਿਪਤਾਵਾਂ ਗੋਸ਼ਨ ਵਿਚ ਰਹਿਣ ਵਾਲੇ ਇਜ਼ਰਾਈਲੀਆਂ ʼਤੇ ਨਹੀਂ ਆਈਆਂ ਸਨ। ਇਨ੍ਹਾਂ ਮੱਖਾਂ ਲਈ ਜੋ ਇਬਰਾਨੀ ਸ਼ਬਦ ਵਰਤਿਆ ਗਿਆ ਹੈ ਉਹ ਹੈ ਏਰਵ, ਪਰ ਅਸੀਂ ਪੱਕਾ ਨਹੀਂ ਕਹਿ ਸਕਦੇ ਕਿ ਇਹ ਕਿਹੜੀ ਕਿਸਮ ਦੀਆਂ ਮੱਖਾਂ ਸਨ। (ਕੂਚ 8:21, 22, 24, 29, 31; ਜ਼ਬੂ 78:45; 105:31) ਸ਼ਬਦ ਏਵਰ ਦਾ ਅਨੁਵਾਦ “ਮੱਖਾਂ” (ਪੰਜਾਬੀ ਦੀ ਪਵਿੱਤਰ ਬਾਈਬਲ ), ‘ਡੰਗ ਮਾਰਨ ਵਾਲੇ ਮੱਖ’ (ਨਵੀਂ ਦੁਨੀਆਂ ਅਨੁਵਾਦ, ਅੰਗ੍ਰੇਜ਼ੀ ਫੁਟਨੋਟ), “ਮੱਖੀਆਂ” (ਈਜ਼ੀ ਟੂ ਰੀਡ ਵਰਯਨ) ਅਤੇ “ਖ਼ੂਨ ਚੂਸਣ ਵਾਲੀਆਂ ਮੱਖੀਆਂ” (ਨਵੀਂ ਦੁਨੀਆਂ ਅਨੁਵਾਦ, ਹਿੰਦੀ) ਬਾਈਬਲ ਵਿਚ ਕੀਤਾ ਗਿਆ ਹੈ।
‘ਡੰਗ ਮਾਰਨ ਵਾਲੇ ਮੱਖ’ ਦੀਆਂ ਕਈ ਕਿਸਮਾਂ ਹੋ ਸਕਦੀਆਂ ਹਨ। ਮਾਦਾ ਮੱਖੀਆਂ ਜਾਨਵਰਾਂ ਅਤੇ ਇਨਸਾਨਾਂ ਨੂੰ ਡੰਗ ਮਾਰ ਕੇ ਖ਼ੂਨ ਚੂਸਦੀਆਂ ਹਨ। ਮੱਖਾਂ ਦੀ ਇਕ ਹੋਰ ਕਿਸਮ ਵੀ ਹੈ ਜੋ ਲਾਰਵੇ ਦੇ ਰੂਪ ਵਿਚ ਜਾਨਵਰਾਂ ਅਤੇ ਇਨਸਾਨਾਂ ਦੇ ਸਰੀਰ ਵਿਚ ਪਰਜੀਵੀਆਂ ਵਾਂਗ ਰਹਿੰਦੇ ਹਨ। ਗਰਮ ਇਲਾਕੇ ਵਿਚ ਪਾਏ ਜਾਂਦੇ ਇਹ ਮੱਖ ਅਕਸਰ ਇਨਸਾਨਾਂ ਨੂੰ ਪਰੇਸ਼ਾਨ ਕਰਦੇ ਹਨ। ਜਦੋਂ ਇਨ੍ਹਾਂ ਮੱਖਾਂ ਨੇ ਮਿਸਰੀਆਂ ਅਤੇ ਉਨ੍ਹਾਂ ਦੇ ਜਾਨਵਰਾਂ ʼਤੇ ਹਮਲਾ ਕੀਤਾ ਹੋਣਾ, ਤਾਂ ਉਨ੍ਹਾਂ ਨੂੰ ਬਹੁਤ ਤਕਲੀਫ਼ ਹੋਈ ਹੋਣੀ ਅਤੇ ਸ਼ਾਇਦ ਕਈਆਂ ਦੀ ਮੌਤ ਵੀ ਹੋ ਗਈ ਹੋਵੇ।
(ਕੂਚ 8:25-27) ਫ਼ਿਰਊਨ ਨੇ ਮੂਸਾ ਅਤੇ ਹਾਰੂਨ ਨੂੰ ਬੁਲਵਾਕੇ ਆਖਿਆ, ਤੁਸੀਂ ਜਾਓ ਅਰ ਆਪਣੇ ਪਰਮੇਸ਼ੁਰ ਲਈ ਏਸੇ ਦੇਸ ਵਿੱਚ ਬਲੀ ਚੜ੍ਹਾਓ। 26 ਤਾਂ ਮੂਸਾ ਨੇ ਆਖਿਆ, ਐਉਂ ਕਰਨਾ ਜੋਗ ਨਹੀਂ ਕਿਉਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਮਿਸਰੀਆਂ ਦੀਆਂ ਘਿਣਾਉਣੀਆਂ ਬਲੀਆਂ ਚੜ੍ਹਾਵਾਂਗੇ। ਵੇਖੋ ਜੇ ਅਸੀਂ ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਘਿਣਾਉਣੀਆਂ ਬਲੀਆਂ ਚੜ੍ਹਾਈਏ ਤਾਂ ਕੀ ਓਹ ਸਾਨੂੰ ਪਥਰਾਓ ਨਾ ਕਰਨਗੇ? 27 ਜਿਵੇਂ ਸਾਡਾ ਪਰਮੇਸ਼ੁਰ ਆਖੇਗਾ ਅਸੀਂ ਤਿੰਨਾਂ ਦਿਨਾਂ ਦਾ ਪੈਂਡਾ ਉਜਾੜ ਵਿੱਚ ਜਾਵਾਂਗੇ ਅਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਵਾਂਗੇ।
ਕੂਚ ਦੀ ਪੋਥੀ ਦੇ ਕੁਝ ਖ਼ਾਸ ਨੁਕਤੇ
8:26, 27—ਮੂਸਾ ਨੇ ਕਿਉਂ ਕਿਹਾ ਸੀ ਕਿ ਇਸਰਾਏਲੀਆਂ ਦੀਆਂ ਬਲੀਆਂ ‘ਮਿਸਰੀਆਂ ਦੀਆਂ ਅੱਖਾਂ ਦੇ ਅੱਗੇ ਘਿਣਾਉਣੀਆਂ’ ਲੱਗਣੀਆਂ ਸਨ? ਮਿਸਰ ਵਿਚ ਕਈ ਵੱਖਰੇ-ਵੱਖਰੇ ਜਾਨਵਰਾਂ ਦੀ ਪੂਜਾ ਕੀਤੀ ਜਾਂਦੀ ਸੀ। ਇਸ ਤਰ੍ਹਾਂ ਮੂਸਾ ਜਾਨਵਰਾਂ ਦੀਆਂ ਬਲੀਆਂ ਚੜ੍ਹਾਉਣ ਦੀ ਗੱਲ ਕਰ ਕੇ ਫ਼ਿਰਊਨ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਉਨ੍ਹਾਂ ਨੂੰ ਉਜਾੜ ਵਿਚ ਘੱਲਿਆ ਜਾਣਾ ਚਾਹੀਦਾ ਸੀ।
ਬਾਈਬਲ ਪੜ੍ਹਾਈ
20-26 ਜੁਲਾਈ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 10-11
“ਮੂਸਾ ਅਤੇ ਹਾਰੂਨ ਨੇ ਦਲੇਰੀ ਦਿਖਾਈ”
(ਕੂਚ 10:3-6) ਸੋ ਮੂਸਾ ਅਤੇ ਹਾਰੂਨ ਨੇ ਫ਼ਿਰਊਨ ਦੇ ਕੋਲ ਜਾਕੇ ਉਸ ਨੂੰ ਆਖਿਆ, ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਭਈ ਕਦ ਤੀਕ ਤੂੰ ਮੇਰੇ ਅੱਗੇ ਆਪਣੇ ਆਪ ਨੂੰ ਨੀਵਾਂ ਕਰਨ ਤੋਂ ਇਨਕਾਰ ਕਰਦਾ ਰਹੇਂਗਾ? ਮੇਰੀ ਪਰਜਾ ਨੂੰ ਜਾਣ ਦੇਹ ਤਾਂ ਜੋ ਉਹ ਮੇਰੀ ਉਪਾਸਨਾ ਕਰੇ। 4 ਨਹੀਂ ਤਾਂ, ਜੇ ਤੂੰ ਮੇਰੀ ਪਰਜਾ ਨੂੰ ਘੱਲਣ ਤੋਂ ਮੁੱਕਰ ਜਾਵੇਂਗਾ ਤਾਂ ਵੇਖ ਮੈਂ ਭਲਕੇ ਤੇਰੀਆਂ ਹੱਦਾਂ ਵਿੱਚ ਸਲਾ ਲਿਆ ਰਿਹਾ ਹਾਂ। 5 ਉਹ ਧਰਤੀ ਦੀ ਪਰਤ ਨੂੰ ਐਉਂ ਢੱਕ ਦੇਵੇਗੀ ਕਿ ਧਰਤੀ ਨੂੰ ਕੋਈ ਵੇਖ ਨਾ ਸੱਕੇਗਾ ਅਰ ਉਹ ਉਸ ਬਕੀਏ ਨੂੰ ਜਿਹੜਾ ਤੁਹਾਡੇ ਲਈ ਗੜਿਆਂ ਤੋਂ ਬਚ ਰਿਹਾ ਹੈ ਖਾ ਜਾਵੇਗੀ ਅਰ ਉਹ ਸਾਰਿਆਂ ਬਿਰਛਾਂ ਨੂੰ ਜਿਹੜੇ ਤੁਹਾਡੇ ਲਈ ਜੂਹ ਵਿੱਚ ਉੱਗੇ ਹਨ ਖਾ ਜਾਵੇਗੀ। 6 ਅਤੇ ਤੇਰੇ ਘਰ ਤੇਰੇ ਸਾਰੇ ਟਹਿਲੂਆਂ ਦੇ ਘਰ ਅਤੇ ਸਾਰੇ ਮਿਸਰੀਆਂ ਦੇ ਘਰ ਭਰ ਦੇਵੇਗੀ ਇੱਥੋਂ ਤਾਈਂ ਭਈ ਨਾ ਤੇਰੇ ਪਿਤ੍ਰਾਂ ਨੇ ਨਾ ਤੇਰੇ ਦਾਦਿਆਂ ਨੇ ਜਿਸ ਦਿਨ ਤੋਂ ਓਹ ਜ਼ਮੀਨ ਉੱਤੇ ਹੋਏ ਅੱਜ ਦੇ ਦਿਨ ਤੀਕ ਵੇਖਿਆ। ਤਾਂ ਉਹ ਮੁੜ ਕੇ ਫਿਰਊਨ ਕੋਲੋਂ ਬਾਹਰ ਨਿੱਕਲ ਗਿਆ।
ਯਿਸੂ ਦੀ ਰੀਸ ਕਰ ਕੇ ਦਲੇਰੀ ਨਾਲ ਪ੍ਰਚਾਰ ਕਰੋ
6 ਮੂਸਾ ਦੀ ਮਿਸਾਲ ʼਤੇ ਵੀ ਗੌਰ ਕਰੋ ਜਿਸ ਨੇ ਦਲੇਰੀ ਨਾਲ ਫ਼ਿਰਊਨ ਨਾਲ ਗੱਲ ਕੀਤੀ! ਫ਼ਿਰਊਨ ਇਹੋ ਜਿਹਾ ਹਾਕਮ ਸੀ ਜਿਸ ਨੂੰ ਨਾ ਸਿਰਫ਼ ਰੱਬ ਦਾ ਰੂਪ ਮੰਨਿਆ ਜਾਂਦਾ ਸੀ, ਸਗੋਂ ਸੂਰਜ ਦੇਵਤੇ ਰਾ ਦਾ ਪੁੱਤਰ ਵੀ ਮੰਨਿਆ ਜਾਂਦਾ ਸੀ। ਉਹ ਸ਼ਾਇਦ ਹੋਰਨਾਂ ਫ਼ਿਰਊਨਾਂ ਦੀ ਤਰ੍ਹਾਂ ਆਪਣੀ ਹੀ ਮੂਰਤ ਦੀ ਪੂਜਾ ਕਰਦਾ ਸੀ। ਉਸ ਦੇ ਮੂੰਹੋਂ ਨਿਕਲੀ ਗੱਲ ਹੀ ਕਾਨੂੰਨ ਹੁੰਦੀ ਸੀ ਜਿਸ ਦੇ ਆਧਾਰ ʼਤੇ ਉਹ ਹਕੂਮਤ ਕਰਦਾ ਸੀ। ਸ਼ਕਤੀਸ਼ਾਲੀ, ਘਮੰਡੀ ਤੇ ਜ਼ਿੱਦੀ ਫ਼ਿਰਊਨ ਦੂਜਿਆਂ ਦੀਆਂ ਸਲਾਹਾਂ ਸੁਣਨ ਦਾ ਆਦੀ ਨਹੀਂ ਸੀ। ਇਸ ਹਾਕਮ ਦੇ ਸਾਮ੍ਹਣੇ ਨਿਮਰ ਚਰਵਾਹੇ ਮੂਸਾ ਨੂੰ ਬਿਨ-ਬੁਲਾਏ ਵਾਰ-ਵਾਰ ਜਾਣਾ ਪਿਆ। ਪਰ ਮੂਸਾ ਨੇ ਉਸ ਅੱਗੇ ਜਾ ਕੇ ਕਿਹੜੀ ਭਵਿੱਖਬਾਣੀ ਕੀਤੀ? ਉਸ ਨੇ ਤਬਾਹਕੁਨ ਮਹਾਂਮਾਰੀਆਂ ਦੀ ਭਵਿੱਖਬਾਣੀ ਕੀਤੀ। ਉਹ ਫ਼ਿਰਊਨ ਤੋਂ ਕੀ ਚਾਹੁੰਦਾ ਸੀ? ਇਹੀ ਕਿ ਫ਼ਿਰਊਨ ਆਪਣੇ ਲੱਖਾਂ ਗ਼ੁਲਾਮਾਂ ਨੂੰ ਮਿਸਰ ਤੋਂ ਜਾਣ ਦੀ ਇਜਾਜ਼ਤ ਦੇ ਦੇਵੇ! ਕੀ ਇਸ ਤਰ੍ਹਾਂ ਕਰਨ ਲਈ ਮੂਸਾ ਨੂੰ ਦਲੇਰ ਹੋਣ ਦੀ ਲੋੜ ਸੀ? ਬਿਲਕੁਲ ਸੀ!—ਗਿਣ. 12:3; ਇਬ. 11:27.
(ਕੂਚ 10:24-26) ਤਦ ਫ਼ਿਰਊਨ ਨੇ ਮੂਸਾ ਨੂੰ ਸੱਦ ਕੇ ਆਖਿਆ, ਤੁਸੀਂ ਜਾਓ ਅਰ ਯਹੋਵਾਹ ਦੀ ਉਪਾਸਨਾ ਕਰੋ। ਕੇਵਲ ਤੁਹਾਡੇ ਇੱਜੜ ਅਰ ਤੁਹਾਡੇ ਵੱਗ ਰਹਿ ਜਾਣ ਅਰ ਤੁਹਾਡੇ ਨਿਆਣੇ ਵੀ ਨਾਲ ਜਾਣ। 25 ਤਾਂ ਮੂਸਾ ਨੇ ਆਖਿਆ, ਤੁਸੀਂ ਆਪ ਸਾਡੇ ਹੱਥ ਵਿੱਚ ਬਲੀਆਂ ਅਤੇ ਹੋਮ ਦੀਆਂ ਭੇਟਾਂ ਦਿਓ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਚੜ੍ਹਾਈਏ। 26 ਸਾਡੇ ਪਸੂ ਵੀ ਸਾਡੇ ਨਾਲ ਜਾਣਗੇ, ਇੱਕ ਖੁਰ ਵੀ ਪਿੱਛੇ ਨਾ ਰਹੇਗਾ ਕਿਉਂ ਜੋ ਉਨ੍ਹਾਂ ਦੇ ਵਿੱਚੋਂ ਹੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਉਪਾਸਨਾ ਲਈ ਲਵਾਂਗੇ ਅਤੇ ਜਦ ਤੀਕ ਉੱਥੇ ਨਾ ਜਾਈਏ ਅਸੀਂ ਨਹੀਂ ਜਾਣਦੇ ਕਾਹਦੇ ਨਾਲ ਯਹੋਵਾਹ ਦੀ ਉਪਾਸਨਾ ਕਰਨੀ ਹੈ।
(ਕੂਚ 10:28) ਤਾਂ ਫ਼ਿਰਊਨ ਨੇ ਉਸ ਨੂੰ ਆਖਿਆ, ਮੇਰੇ ਕੋਲੋਂ ਨਿੱਕਲ ਜਾਹ ਅਰ ਧਿਆਨ ਰੱਖ ਤੂੰ ਫੇਰ ਕਦੀ ਮੇਰਾ ਮੂੰਹ ਨਾ ਵੇਖੀਂ ਕਿਉਂ ਕਿ ਜਿਸ ਦਿਨ ਤੂੰ ਮੇਰਾ ਮੂੰਹ ਵੇਖੇਂਗਾ ਤੂੰ ਮਰੇਂਗਾ।
(ਕੂਚ 11:4-8) ਮੂਸਾ ਨੇ ਆਖਿਆ, ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਮੈਂ ਅੱਧੀਕੁ ਰਾਤ ਨੂੰ ਮਿਸਰ ਦੇ ਵਿੱਚੋਂ ਦੀ ਲੰਘਣ ਵਾਲਾ ਹਾਂ। 5 ਅਰ ਮਿਸਰ ਦੇਸ ਵਿੱਚ ਹਰ ਇੱਕ ਪਲੋਠਾ ਫ਼ਿਰਊਨ ਦੇ ਪਲੋਠੇ ਤੋਂ ਲੈਕੇ ਜਿਹੜਾ ਆਪਣੇ ਸਿੰਘਾਸਣ ਉੱਤੇ ਬੈਠਾ ਹੈ ਉਸ ਗੋੱਲੀ ਦੇ ਪਲੋਠੇ ਤੀਕ ਜਿਹੜੀ ਚੱਕੀ ਪਿੱਛੇ ਹੈ ਨਾਲੇ ਹਰ ਇੱਕ ਡੰਗਰ ਦਾ ਪਲੋਠਾ ਮਰ ਜਾਵੇਗਾ। 6 ਅਰ ਸਾਰੇ ਮਿਸਰ ਦੇਸ ਵਿੱਚ ਅਜੇਹਾ ਵੱਡਾ ਸਿਆਪਾ ਹੋਵੇਗਾ ਜੋ ਨਾ ਪਿੱਛੇ ਹੋਇਆ ਅਰ ਨਾ ਅੱਗੇ ਨੂੰ ਫੇਰ ਹੋਵੇਗਾ। 7 ਪਰ ਕਿਸੇ ਇਸਰਾਏਲੀ ਦੇ ਵਿਰੁੱਧ ਮਨੁੱਖ ਤੋਂ ਲੈਕੇ ਡੰਗਰ ਤੀਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ ਤਾਂ ਜੋ ਤੁਸੀਂ ਜਾਣੋ ਕਿ ਯਹੋਵਾਹ ਮਿਸਰੀਆਂ ਅਤੇ ਇਸਰਾਏਲੀਆਂ ਵਿੱਚ ਕਿਵੇਂ ਭਿੰਨ ਭੇਦ ਰੱਖਦਾ ਹੈ। 8 ਅਰ ਏਹ ਤੇਰੇ ਸਭ ਟਹਿਲੂਏ ਮੇਰੀ ਵੱਲ ਉਤਰਨਗੇ ਅਤੇ ਮੇਰੇ ਅੱਗੇ ਮੱਥੇ ਰਗੜਨਗੇ ਏਹ ਆਖ ਕੇ ਕਿ ਤੂੰ ਜਾਹ ਅਤੇ ਤੇਰੇ ਸਾਰੇ ਲੋਕ ਜਿਹੜੇ ਤੇਰੀ ਪੈਰਵੀ ਕਰਦੇ ਹਨ ਅਰ ਉਸ ਦੇ ਪਿੱਛੋਂ ਮੈਂ ਨਿੱਕਲ ਜਾਵਾਂਗਾ। ਫੇਰ ਉਹ ਫ਼ਿਰਊਨ ਦੇ ਕੋਲੋਂ ਕਰੋਧ ਦੀ ਅੱਗ ਵਿੱਚ ਨਿੱਕਲ ਗਿਆ।
it-2 436 ਪੈਰਾ 4
ਮੂਸਾ
ਫ਼ਿਰਊਨ ਦੇ ਸਾਮਹਣੇ ਜਾਣ ਲਈ ਹਿੰਮਤ ਅਤੇ ਵਿਸ਼ਵਾਸ ਦੀ ਲੋੜ ਸੀ। ਮੂਸਾ ਅਤੇ ਹਾਰੂਨ ਯਹੋਵਾਹ ਦੀ ਤਾਕਤ ਕਰਕੇ ਹੀ ਫ਼ਿਰਊਨ ਦੇ ਸਾਮ੍ਹਣੇ ਜਾ ਸਕੇ। ਉਨ੍ਹਾਂ ʼਤੇ ਯਹੋਵਾਹ ਦੀ ਪਵਿੱਤਰ ਸ਼ਕਤੀ ਕੰਮ ਕਰ ਰਹੀ ਸੀ। ਜ਼ਰਾ ਕਲਪਨਾ ਕਰੋ ਮਿਸਰ ਦਾ ਰਾਜਾ ਫ਼ਿਰਊਨ ਆਪਣੇ ਦਰਬਾਰ ਵਿਚ ਬੈਠਾ ਹੋਇਆ ਹੈ। ਮਿਸਰ ਉਸ ਵੇਲੇ ਦੀ ਸਭ ਤੋਂ ਤਾਕਤਵਰ ਵਿਸ਼ਵ ਸ਼ਕਤੀ ਹੈ ਅਤੇ ਉਸ ਦੀ ਸ਼ਾਨੋ-ਸ਼ੌਕਤ ਦੇਖਣ ਵਾਲੀ ਹੈ। ਘਮੰਡੀ ਫ਼ਿਰਊਨ ਖ਼ੁਦ ਨੂੰ ਦੇਵਤਾ ਸਮਝਦਾ ਹੈ। ਉਸ ਦੇ ਆਲੇ-ਦੁਆਲੇ ਸਲਾਹਕਾਰ, ਸੈਨਾਪਤੀ, ਪਹਿਰੇਦਾਰ ਅਤੇ ਗ਼ੁਲਾਮ ਖੜ੍ਹੇ ਹਨ। ਇਸ ਤੋਂ ਇਲਾਵਾ, ਉੱਥੇ ਜਾਦੂ-ਟੂਣਾ ਕਰਨ ਵਾਲੇ ਪੁਜਾਰੀ ਵੀ ਹਨ ਜੋ ਮੂਸਾ ਦੇ ਵਿਰੁੱਧ ਹਨ। ਇਨ੍ਹਾਂ ਸਾਰਿਆਂ ਦਾ ਮਿਸਰ ਵਿਚ ਬਹੁਤ ਦਬਦਬਾ ਹੈ ਅਤੇ ਉਹ ਮੰਨਦੇ ਹਨ ਕਿ ਫ਼ਿਰਊਨ ਦਾ ਸਾਥ ਦੇ ਕੇ ਉਹ ਮਿਸਰ ਦੇ ਦੇਵੀ-ਦੇਵਤਿਆਂ ਦਾ ਸਾਥ ਦੇ ਰਹੇ ਹਨ। ਮੂਸਾ ਤੇ ਹਾਰੂਨ ਫ਼ਿਰਊਨ ਦੇ ਅੱਗੇ ਕਈ ਵਾਰ ਆ ਚੁੱਕੇ ਹਨ। ਪਰ ਫ਼ਿਰਊਨ ਜ਼ਰਾ ਵੀ ਨਹੀਂ ਬਦਲਦਾ, ਉਹ ਹਰ ਵਾਰ ਆਪਣੇ ਦਿਲ ਨੂੰ ਹੋਰ ਵੀ ਕਠੋਰ ਕਰ ਲੈਂਦਾ ਹੈ। ਉਹ ਚਾਹੁੰਦਾ ਹੈ ਕਿ ਇਜ਼ਰਾਈਲੀ ਉਸ ਦੇ ਗ਼ੁਲਾਮ ਬਣੇ ਰਹਿਣ। ਜਦੋਂ ਮੂਸਾ ਅਤੇ ਹਾਰੂਨ ਫ਼ਿਰਊਨ ਨੂੰ ਅੱਠਵੀਂ ਬਿਪਤਾ ਬਾਰੇ ਦੱਸਦੇ ਹਨ, ਤਾਂ ਉਨ੍ਹਾਂ ਨੂੰ ਦਰਬਾਰ ਵਿੱਚੋਂ ਭਜਾ ਦਿੱਤਾ ਜਾਂਦਾ ਹੈ। ਨੌਵੀਂ ਬਿਪਤਾ ਦੇ ਬਾਅਦ ਫ਼ਿਰਊਨ ਉਨ੍ਹਾਂ ਨੂੰ ਖ਼ਬਰਦਾਰ ਕਰਦਾ ਹੈ ਕਿ ਉਹ ਫਿਰ ਦੁਬਾਰਾ ਕਦੇ ਉਹ ਦੇ ਅੱਗੇ ਆਉਣ ਦੀ ਹਿੰਮਤ ਨਾ ਕਰਨ, ਨਹੀਂ ਤਾਂ ਉਹ ਆਪਣੀ ਜਾਨ ਤੋਂ ਹੱਥ ਧੋ ਬੈਠਣਗੇ।—ਕੂਚ 10:11, 28.
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 10:1, 2) ਯਹੋਵਾਹ ਨੇ ਮੂਸਾ ਨੂੰ ਆਖਿਆ, ਫ਼ਿਰਊਨ ਕੋਲ ਜਾਹ ਕਿਉਂ ਜੋ ਮੈਂ ਉਸ ਦੇ ਮਨ ਨੂੰ ਅਰ ਉਸ ਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ ਤਾਂ ਜੋ ਮੈਂ ਆਪਣੇ ਏਹ ਨਿਸ਼ਾਨ ਉਨ੍ਹਾਂ ਦੇ ਵਿੱਚ ਵਿਖਾਵਾਂ। 2 ਏਸ ਲਈ ਜੋ ਤੂੰ ਆਪਣੇ ਪੁੱਤ੍ਰ ਅਰ ਆਪਣੇ ਪੋਤ੍ਰੇ ਦੇ ਕੰਨਾਂ ਵਿੱਚ ਪਾਇਆ ਕਰੇਂ ਜੋ ਸਖ਼ਤੀ ਮੈਂ ਮਿਸਰ ਉੱਤੇ ਕੀਤੀ ਅਰ ਮੇਰੇ ਨਿਸ਼ਾਨ ਜਿਹੜੇ ਮੈਂ ਉਨ੍ਹਾਂ ਵਿੱਚ ਵਿਖਾਏ ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ।
ਝੂਠੇ ਈਸ਼ਵਰਾਂ ਦੇ ਵਿਰੁੱਧ ਗਵਾਹ
11 ਜਦੋਂ ਕਿ ਇਜ਼ਰਾਈਲੀ ਅਜੇ ਮਿਸਰ ਵਿਚ ਹੀ ਸਨ, ਯਹੋਵਾਹ ਨੇ ਮੂਸਾ ਨੂੰ ਫ਼ਿਰਊਨ ਕੋਲ ਘੱਲਿਆ ਅਤੇ ਕਿਹਾ: “ਫ਼ਿਰਊਨ ਕੋਲ ਜਾਹ ਕਿਉਂ ਜੋ ਮੈਂ ਉਸ ਦੇ ਮਨ ਨੂੰ ਅਰ ਉਸ ਦੇ ਟਹਿਲੂਆਂ ਦੇ ਮਨਾਂ ਨੂੰ ਭਾਰੀ ਹੋਣ ਦਿੱਤਾ ਹੈ ਤਾਂ ਜੋ ਮੈਂ ਆਪਣੇ ਏਹ ਨਿਸ਼ਾਨ ਉਨ੍ਹਾਂ ਦੇ ਵਿੱਚ ਵਿਖਾਵਾਂ। ਏਸ ਲਈ ਜੋ ਤੂੰ ਆਪਣੇ ਪੁੱਤ੍ਰ ਅਰ ਆਪਣੇ ਪੋਤ੍ਰੇ ਦੇ ਕੰਨਾਂ ਵਿੱਚ ਪਾਇਆ ਕਰੇਂ ਜੋ ਸਖ਼ਤੀ ਮੈਂ ਮਿਸਰ ਉੱਤੇ ਕੀਤੀ ਅਰ ਮੇਰੇ ਨਿਸ਼ਾਨ ਜਿਹੜੇ ਮੈਂ ਉਨ੍ਹਾਂ ਵਿੱਚ ਵਿਖਾਏ ਤਾਂ ਜੋ ਤੁਸੀਂ ਜਾਣੋ ਕਿ ਮੈਂ ਯਹੋਵਾਹ ਹਾਂ।” (ਕੂਚ 10:1, 2) ਆਗਿਆਕਾਰ ਇਸਰਾਏਲੀ ਆਪਣੇ ਬੱਚਿਆਂ ਨੂੰ ਯਹੋਵਾਹ ਦੇ ਸਮਰੱਥੀ ਕੰਮਾਂ ਬਾਰੇ ਦੱਸਣਗੇ। ਫਿਰ ਉਨ੍ਹਾਂ ਦੇ ਬੱਚੇ ਕ੍ਰਮਵਾਰ, ਇਹ ਆਪਣਿਆਂ ਬੱਚਿਆਂ ਨੂੰ ਦੱਸਣਗੇ, ਅਤੇ ਇੰਜ ਪੀੜ੍ਹੀ ਤੋਂ ਪੀੜ੍ਹੀ ਕੀਤਾ ਜਾਵੇਗਾ। ਇਸ ਤਰ੍ਹਾਂ, ਯਹੋਵਾਹ ਦੇ ਸ਼ਕਤੀਸ਼ਾਲੀ ਕਾਰਜ ਯਾਦ ਕੀਤੇ ਜਾਣਗੇ। ਇਸੇ ਤਰ੍ਹਾਂ ਅੱਜ, ਮਾਪੇ ਆਪਣੇ ਬੱਚਿਆਂ ਨੂੰ ਗਵਾਹੀ ਦੇਣ ਦੇ ਜ਼ਿੰਮੇਵਾਰ ਹਨ।—ਬਿਵਸਥਾ ਸਾਰ 6:4-7; ਕਹਾਉਤਾਂ 22:6.
(ਕੂਚ 11:7) ਪਰ ਕਿਸੇ ਇਸਰਾਏਲੀ ਦੇ ਵਿਰੁੱਧ ਮਨੁੱਖ ਤੋਂ ਲੈਕੇ ਡੰਗਰ ਤੀਕ ਇੱਕ ਕੁੱਤਾ ਵੀ ਨਹੀਂ ਭੌਂਕੇਗਾ ਤਾਂ ਜੋ ਤੁਸੀਂ ਜਾਣੋ ਕਿ ਯਹੋਵਾਹ ਮਿਸਰੀਆਂ ਅਤੇ ਇਸਰਾਏਲੀਆਂ ਵਿੱਚ ਕਿਵੇਂ ਭਿੰਨ ਭੇਦ ਰੱਖਦਾ ਹੈ।
it-1 783 ਪੈਰਾ 5
ਕੂਚ
ਯਹੋਵਾਹ ਨੇ ਸ਼ਾਨਦਾਰ ਤਰੀਕੇ ਨਾਲ ਆਪਣੀ ਤਾਕਤ ਦਿਖਾ ਕੇ ਇਜ਼ਰਾਈਲੀਆਂ ਨੂੰ ਛੁਡਾਇਆ ਅਤੇ ਆਪਣੇ ਨਾਂ ਦੀ ਮਹਿਮਾ ਕੀਤੀ। ਜਦੋਂ ਇਜ਼ਰਾਈਲੀ ਸਹੀ-ਸਲਾਮਤ ਲਾਲ ਸਮੁੰਦਰ ਪਾਰ ਕਰ ਗਏ, ਤਾਂ ਮੂਸਾ ਨੇ ਇਜ਼ਰਾਈਲੀ ਆਦਮੀਆਂ ਨਾਲ ਮਿਲ ਕੇ ਗੀਤ ਗਾਇਆ। ਉਦੋਂ ਉਸ ਦੀ ਭੈਣ ਮਰੀਅਮ ਜੋ ਇਕ ਨਬੀਆ ਸੀ ਆਦਮੀਆਂ ਦੇ ਗੀਤ ਦਾ ਜਵਾਬ ਦਿੰਦੇ ਹੋਏ ਗੀਤ ਗਾਉਣ ਲੱਗੀ ਅਤੇ ਬਾਕੀ ਔਰਤਾਂ ਦੇ ਨਾਲ ਮਿਲ ਕੇ ਡਫਲੀ ਵਜਾਉਣ ਤੇ ਨੱਚਣ ਲੱਗੀ। (ਕੂਚ 15:1, 20, 21) ਇਜ਼ਰਾਈਲੀਆਂ ਨੂੰ ਹੁਣ ਆਪਣੇ ਦੁਸ਼ਮਣਾਂ ਤੋਂ ਆਜ਼ਾਦੀ ਮਿਲ ਗਈ ਸੀ। ਜਦੋਂ ਇਜ਼ਰਾਈਲੀ ਮਿਸਰ ਤੋਂ ਬਾਹਰ ਨਿਕਲ ਰਹੇ ਸਨ ਉਦੋਂ ਇਕ ਕੁੱਤਾ ਵੀ ਨਹੀਂ ਭੌਂਕਿਆ। ਨਾ ਹੀ ਕੋਈ ਆਦਮੀ ਤੇ ਨਾ ਹੀ ਕਿਸੇ ਜਾਨਵਰ ਨੇ ਉਨ੍ਹਾਂ ਨੂੰ ਕੋਈ ਨੁਕਸਾਨ ਪਹੁੰਚਾਇਆ। (ਕੂਚ 11:7) ਕੂਚ ਦੀ ਕਿਤਾਬ ਵਿਚ ਇਸ ਗੱਲ ਦਾ ਕਿਤੇ ਵੀ ਜ਼ਿਕਰ ਨਹੀਂ ਕੀਤਾ ਗਿਆ ਕਿ ਫ਼ਿਰਊਨ ਆਪਣੀ ਸੈਨਾ ਦੇ ਨਾਲ ਲਾਲ ਸਮੁੰਦਰ ਵਿਚ ਮਾਰਿਆ ਗਿਆ ਸੀ। ਪਰ ਜ਼ਬੂਰ 136:15 ਵਿਚ ਸਾਫ਼-ਸਾਫ਼ ਲਿਖਿਆ ਹੈ ਕਿ “ਫਿਰਊਨ ਤੇ ਉਹ ਦੀ ਫੌਜ ਨੂੰ ਲਾਲ ਸਮੁੰਦਰ ਵਿੱਚ ਝਾੜ ਸੁੱਟਿਆ” ਗਿਆ।
ਬਾਈਬਲ ਪੜ੍ਹਾਈ
27 ਜੁਲਾਈ–2 ਅਗਸਤ
ਰੱਬ ਦਾ ਬਚਨ ਖ਼ਜ਼ਾਨਾ ਹੈ | ਕੂਚ 12
“ਪਸਾਹ ਦਾ ਤਿਉਹਾਰ—ਮਸੀਹੀਆਂ ਲਈ ਇਸ ਦੀ ਅਹਿਮੀਅਤ”
(ਕੂਚ 12:5-7) ਤੁਹਾਡਾ ਲੇਲਾ ਬੱਜ ਤੋਂ ਰਹਿਤ ਅਰ ਇੱਕ ਵਰਹੇ ਦਾ ਨਰ ਹੋਵੇ। ਤੁਸੀਂ ਭੇਡਾਂ ਯਾ ਬੱਕਰੀਆਂ ਤੋਂ ਲਿਓ। 6 ਅਤੇ ਤੁਸੀਂ ਉਸ ਨੂੰ ਏਸ ਮਹੀਨੇ ਦੀ ਚੌਧਵੀਂ ਤੀਕ ਰੱਖ ਛੱਡਣਾ ਅਰ ਇਸਰਾਏਲ ਦੀ ਮੰਡਲੀ ਦੀ ਸਾਰੀ ਸਭਾ ਸ਼ਾਮ ਨੂੰ ਉਸ ਨੂੰ ਕੱਟੇ। 7 ਅਰ ਓਹ ਉਸ ਦੇ ਲਹੂ ਵਿੱਚੋਂ ਲੈਕੇ ਉਨ੍ਹਾਂ ਘਰਾਂ ਦੇ ਜਿੱਥੇ ਓਹ ਖਾਣਗੇ ਦੋਹੀਂ ਬਾਹੀਂ ਅਤੇ ਸੇਰੂ ਉੱਤੇ ਲਾਉਣ।
“ਤੁਸੀਂ ਪੂਰਾ ਪੂਰਾ ਅਨੰਦ ਕਰੋ”
4 ਯਿਸੂ 14 ਨੀਸਾਨ 33 ਈ. ਨੂੰ ਮਰਿਆ ਸੀ। ਇਜ਼ਰਾਈਲੀਆਂ ਹਰ ਸਾਲ 14 ਨੀਸਾਨ ਨੂੰ ਪਸਾਹ ਦਾ ਖ਼ੁਸ਼ੀਆਂ-ਭਰਿਆ ਤਿਉਹਾਰ ਮਨਾਉਂਦੇ ਸਨ। ਇਸ ਦਿਨ ਤੇ ਪੂਰਾ ਪਰਿਵਾਰ ਇਕੱਠਾ ਭੋਜਨ ਕਰਦਾ ਸੀ ਜਿਸ ਵਿਚ ਇਕ ਤੰਦਰੁਸਤ ਲੇਲੇ ਦਾ ਭੁੰਨਿਆ ਮਾਸ ਤੇ ਹੋਰ ਕਈ ਚੀਜ਼ਾਂ ਹੁੰਦੀਆਂ ਸਨ। ਪਸਾਹ ਦਾ ਭੋਜਨ ਕਰ ਕੇ ਇਜ਼ਰਾਈਲੀ ਉਸ ਦਿਨ ਨੂੰ ਚੇਤੇ ਕਰਦੇ ਸਨ ਜਦੋਂ 1513 ਈ. ਪੂ. ਵਿਚ 14 ਨੀਸਾਨ ਨੂੰ ਲੇਲੇ ਦੇ ਲਹੂ ਸਦਕਾ ਉਨ੍ਹਾਂ ਦੇ ਪਲੋਠੇ ਬਚ ਗਏ ਸਨ ਜਦ ਕਿ ਮੌਤ ਦੇ ਦੂਤ ਨੇ ਮਿਸਰੀਆਂ ਦੇ ਪਲੋਠਿਆਂ ਨੂੰ ਮਾਰ ਮੁਕਾਇਆ ਸੀ। (ਕੂਚ 12:1-14) ਪਸਾਹ ਦਾ ਇਹ ਲੇਲਾ ਯਿਸੂ ਨੂੰ ਦਰਸਾਉਂਦਾ ਸੀ ਜਿਸ ਬਾਰੇ ਪੌਲੁਸ ਰਸੂਲ ਨੇ ਕਿਹਾ ਕਿ “ਸਾਡਾ ਪਸਾਹ ਦਾ ਲੇਲਾ ਅਰਥਾਤ ਮਸੀਹ ਬਲੀਦਾਨ ਹੋਇਆ।” (1 ਕੁਰਿੰਥੀਆਂ 5:7) ਪਸਾਹ ਦੇ ਲੇਲੇ ਦੇ ਲਹੂ ਦੀ ਤਰ੍ਹਾਂ ਯਿਸੂ ਦੇ ਲਹੂ ਸਦਕਾ ਬਹੁਤ ਸਾਰਿਆਂ ਨੂੰ ਮੌਤ ਤੋਂ ਛੁਟਕਾਰਾ ਮਿਲੇਗਾ।—ਯੂਹੰਨਾ 3:16, 36.
(ਕੂਚ 12:12, 13) ਮੈਂ ਉਸ ਰਾਤ ਮਿਸਰ ਦੇਸ ਦੇ ਵਿੱਚ ਦੀ ਲੰਘਾਂਗਾ ਅਰ ਮਿਸਰ ਦੇਸ ਦੇ ਪਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਅਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਉਂ ਕਰਾਂਗਾ। ਮੈਂ ਯਹੋਵਾਹ ਹਾਂ। 13 ਅਰ ਉਹ ਲਹੂ ਤੁਹਾਡੇ ਲਈ ਘਰਾਂ ਉੱਤੇ ਜਿੱਥੇ ਤੁਸੀਂ ਹੋਵੋਗੇ ਨਿਸ਼ਾਨ ਹੋਵੇਗਾ ਅਤੇ ਜਦ ਮੈਂ ਲਹੂ ਨੂੰ ਵੇਖਾਂਗਾ ਮੈਂ ਤੁਹਾਡੇ ਉੱਤੋਂ ਦੀ ਲੰਘ ਜਾਵਾਂਗਾ ਅਰ ਤੁਹਾਡੇ ਉੱਤੇ ਕੋਈ ਬਵਾ ਜਦ ਮੈਂ ਮਿਸਰ ਦੇਸ ਨੂੰ ਮਾਰਾਂਗਾ ਨਾ ਪਵੇਗੀ ਜਿਹੜੀ ਤੁਹਾਡਾ ਨਾਸ ਕਰੇ।
it-2 583 ਪੈਰਾ 6
ਪਸਾਹ
ਪਸਾਹ ਦੇ ਤਿਉਹਾਰ ਦੀਆਂ ਕੁਝ ਗੱਲਾਂ ਯਿਸੂ ਰਾਹੀਂ ਪੂਰੀਆਂ ਹੋਈਆਂ। ਮਿਸਾਲ ਲਈ, ਮਿਸਰ ਵਿਚ ਘਰਾਂ ਦੇ ਦਰਵਾਜ਼ਿਆਂ ʼਤੇ ਛਿੜਕੇ ਹੋਏ ਖ਼ੂਨ ਕਰਕੇ ਜੇਠਿਆਂ ਦੀ ਜਾਨ ਬਚ ਗਈ ਜਦੋਂ ਸਵਰਗੀ ਦੂਤ ਉੱਥੋਂ ਗੁਜ਼ਰਿਆ। ਪੌਲੁਸ ਨੇ ਵੀ ਚੁਣੇ ਹੋਏ ਮਸੀਹੀਆਂ ਨੂੰ ਜੇਠੇ ਪੁੱਤਰਾਂ ਦੀ ਮੰਡਲੀ ਕਿਹਾ ਸੀ। (ਇਬ 12:23) ਨਾਲੇ ਇਨ੍ਹਾਂ ਨੂੰ ਮਸੀਹ ਦੇ ਖ਼ੂਨ ਦੇ ਜ਼ਰੀਏ ਬਚਾਇਆ ਗਿਆ ਹੈ। (1 ਥੱਸ 1:10; ਅਫ਼ 1:7) ਇਸ ਤੋਂ ਇਲਾਵਾ, ਪਸਾਹ ਦੇ ਲੇਲੇ ਦੀ ਇਕ ਵੀ ਹੱਡੀ ਤੋੜੀ ਨਹੀਂ ਜਾਂਦੀ ਸੀ ਅਤੇ ਯਿਸੂ ਬਾਰੇ ਵੀ ਭਵਿੱਖਬਾਣੀ ਕੀਤੀ ਗਈ ਸੀ ਕਿ ਉਸ ਦੀ ਇਕ ਵੀ ਹੱਡੀ ਤੋੜੀ ਨਹੀਂ ਜਾਵੇਗੀ। ਇਹ ਭਵਿੱਖਬਾਣੀ ਉਸ ਦੀ ਮੌਤ ʼਤੇ ਪੂਰੀ ਹੋਈ। (ਜ਼ਬੂ 34:20; ਯੂਹੰ 19:36) ਪਸਾਹ ਦਾ ਤਿਉਹਾਰ ਯਹੂਦੀ ਸਦੀਆਂ ਤੋਂ ਮਨਾਉਂਦੇ ਆ ਰਹੇ ਸਨ। ਇਹ ਕਾਨੂੰਨ ਦੀਆਂ ਉਨ੍ਹਾਂ ਗੱਲਾਂ ਵਿੱਚੋਂ ਇਕ ਸੀ ਜੋ ਆਉਣ ਵਾਲੀਆਂ ਗੱਲਾਂ ਦਾ ਪਰਛਾਵਾਂ ਸੀ ਅਤੇ ਇਹ ‘ਪਰਮੇਸ਼ੁਰ ਦੇ ਲੇਲੇ’ ਯਾਨੀ ਯਿਸੂ ਮਸੀਹ ʼਤੇ ਪੂਰੀ ਹੋਣੀ ਸੀ।—ਇਬ 10:1; ਯੂਹੰ 1:29.
(ਕੂਚ 12:24-27) ਤੁਸੀਂ ਆਪਣੇ ਅਰ ਆਪਣੇ ਪੁੱਤ੍ਰਾਂ ਲਈ ਏਸ ਗੱਲ ਨੂੰ ਸਦਾ ਦੀ ਬਿਧੀ ਮਨਾਇਆ ਕਰੋ। 25 ਅਰ ਐਉਂ ਹੋਵੇ ਕਿ ਜਦ ਤੁਸੀਂ ਉਸ ਦੇਸ ਵਿੱਚ ਵੜੋ ਜਿਹੜਾ ਯਹੋਵਾਹ ਆਪਣੇ ਕੀਤੇ ਹੋਏ ਬਚਨ ਦੇ ਅਨੁਸਾਰ ਤੁਹਾਨੂੰ ਦੇਵੇਗਾ ਤਾਂ ਤੁਸੀਂ ਏਸ ਰੀਤੀ ਨੂੰ ਮਨਾਇਆ ਕਰਿਓ। 26 ਅਰ ਅਜੇਹਾ ਹੋਵੇਗਾ ਕਿ ਜਾਂ ਤੁਹਾਡੇ ਪੁੱਤ੍ਰ ਤੁਹਾਨੂੰ ਪੁੱਛਣ ਕਿ ਤੁਹਾਡਾ ਏਸ ਰੀਤੀ ਤੋਂ ਕੀ ਮਤਲਬ ਹੈ? 27 ਤਾਂ ਤੁਸੀਂ ਆਖਿਓ ਕਿ ਏਹ ਯਹੋਵਾਹ ਦੀ ਪਸਾਹ ਦਾ ਬਲੀਦਾਨ ਹੈ ਜੋ ਮਿਸਰ ਵਿੱਚ ਇਸਰਾਏਲੀਆਂ ਦੇ ਘਰਾਂ ਦੇ ਉੱਤੋਂ ਦੀ ਲੰਘਿਆ ਜਦ ਉਸ ਨੇ ਮਿਸਰੀਆਂ ਨੂੰ ਮਾਰਿਆ ਪਰ ਸਾਡੇ ਘਰਾਂ ਨੂੰ ਬਚਾਇਆ। ਤਾਂ ਪਰਜਾ ਨੇ ਸੀਸ ਨਿਵਾ ਕੇ ਮੱਥਾ ਟੇਕਿਆ।
‘ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇ’
13 ਪੀੜ੍ਹੀਓ-ਪੀੜ੍ਹੀ ਇਜ਼ਰਾਈਲੀਆਂ ਨੇ ਆਪਣੇ ਬੱਚਿਆਂ ਨੂੰ ਪਸਾਹ ਬਾਰੇ ਅਹਿਮ ਸਬਕ ਸਿਖਾਏ। ਇਕ ਸਬਕ ਇਹ ਸੀ: ਯਹੋਵਾਹ ਵਿਚ ਆਪਣੇ ਭਗਤਾਂ ਦੀ ਰਾਖੀ ਕਰਨ ਦੀ ਤਾਕਤ ਸੀ। ਨਾਲੇ ਯਹੋਵਾਹ ਜੀਉਂਦਾ ਪਰਮੇਸ਼ੁਰ ਹੈ, ਆਪਣੇ ਲੋਕਾਂ ਦੀ ਪਰਵਾਹ ਕਰਦਾ ਹੈ ਅਤੇ ਉਨ੍ਹਾਂ ਦੀ ਮਦਦ ਕਰਦਾ ਹੈ। ਉਸ ਨੇ ਇਸ ਦਾ ਸਬੂਤ ਉਦੋਂ ਦਿੱਤਾ ਜਦੋਂ “ਉਸ ਨੇ ਮਿਸਰੀਆਂ ਨੂੰ ਮਾਰਿਆ” ਤੇ ਇਜ਼ਰਾਈਲੀਆਂ ਦੇ ਜੇਠੇ ਪੁੱਤਰਾਂ ਨੂੰ ਬਚਾਇਆ ਸੀ।
14 ਮਸੀਹੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਹਰ ਸਾਲ ਪਸਾਹ ਦੀ ਕਹਾਣੀ ਸੁਣਾਉਣ ਦਾ ਹੁਕਮ ਨਹੀਂ ਦਿੱਤਾ ਗਿਆ ਹੈ। ਪਰ ਕੀ ਤੁਸੀਂ ਆਪਣੇ ਬੱਚਿਆਂ ਨੂੰ ਪਸਾਹ ਬਾਰੇ ਇਹ ਸਬਕ ਸਿਖਾਉਂਦੇ ਹੋ ਕਿ ਯਹੋਵਾਹ ਵਿਚ ਆਪਣੇ ਲੋਕਾਂ ਦੀ ਰਾਖੀ ਕਰਨ ਦੀ ਤਾਕਤ ਹੈ? ਕੀ ਬੱਚਿਆਂ ਨੂੰ ਦਿਖਾਈ ਦਿੰਦਾ ਹੈ ਕਿ ਤੁਹਾਨੂੰ ਪੂਰਾ ਵਿਸ਼ਵਾਸ ਹੈ ਕਿ ਯਹੋਵਾਹ ਅੱਜ ਵੀ ਆਪਣੇ ਲੋਕਾਂ ਦੀ ਰਾਖੀ ਕਰਦਾ ਹੈ? (ਜ਼ਬੂ. 27:11; ਯਸਾ. 12:2) ਕੀ ਤੁਸੀਂ ਇਹ ਗੱਲ ਭਾਸ਼ਣ ਦੇ ਕੇ ਸਿਖਾਉਂਦੇ ਹੋ ਜਾਂ ਫਿਰ ਉਨ੍ਹਾਂ ਨਾਲ ਪਿਆਰ ਨਾਲ ਗੱਲਬਾਤ ਕਰ ਕੇ? ਇਹ ਸਬਕ ਯਹੋਵਾਹ ਨਾਲ ਰਿਸ਼ਤਾ ਪੱਕਾ ਕਰਨ ਵਿਚ ਤੁਹਾਡੇ ਪਰਿਵਾਰ ਦੀ ਮਦਦ ਕਰੇਗਾ।
ਹੀਰੇ-ਮੋਤੀਆਂ ਦੀ ਖੋਜ ਕਰੋ
(ਕੂਚ 12:12) ਮੈਂ ਉਸ ਰਾਤ ਮਿਸਰ ਦੇਸ ਦੇ ਵਿੱਚ ਦੀ ਲੰਘਾਂਗਾ ਅਰ ਮਿਸਰ ਦੇਸ ਦੇ ਪਲੋਠੇ ਭਾਵੇਂ ਮਨੁੱਖ ਦਾ ਭਾਵੇਂ ਡੰਗਰ ਦਾ ਮਾਰ ਸੁੱਟਾਂਗਾ ਅਰ ਮਿਸਰ ਦੇ ਸਾਰੇ ਦੇਵਤਿਆਂ ਦਾ ਨਿਆਉਂ ਕਰਾਂਗਾ। ਮੈਂ ਯਹੋਵਾਹ ਹਾਂ।
it-2 582 ਪੈਰਾ 2
ਪਸਾਹ
ਮਿਸਰ ʼਤੇ 10 ਬਿਪਤਾਵਾਂ ਉੱਥੋਂ ਦੇ ਦੇਵੀ-ਦੇਵਤਿਆਂ ਦੇ ਮੂੰਹ ʼਤੇ ਇਕ ਜ਼ੋਰਦਾਰ ਚਪੇੜ ਸੀ, ਖ਼ਾਸਕਰ ਦਸਵੀਂ ਬਿਪਤਾ ਜਿਸ ਵਿਚ ਸਾਰੇ ਜੇਠੇ ਮਾਰੇ ਗਏ ਸਨ। (ਕੂਚ 12:12) ਇਹ ਇਸ ਲਈ ਕਿਹਾ ਜਾ ਸਕਦਾ ਹੈ ਕਿਉਂਕਿ ਲੇਲਾ ਮਿਸਰੀ ਦੇਵਤੇ ਰਾ ਦੇ ਭਗਤਾਂ ਦੀ ਨਜ਼ਰ ਵਿਚ ਪਵਿੱਤਰ ਜਾਨਵਰ ਸੀ। ਜਦੋਂ ਪਸਾਹ ਦੇ ਲੇਲੇ ਦਾ ਖ਼ੂਨ ਦਰਵਾਜ਼ਿਆਂ ʼਤੇ ਛਿੜਕਿਆ ਗਿਆ ਹੋਣਾ, ਤਾਂ ਇਹ ਮਿਸਰੀਆਂ ਦੀਆਂ ਨਜ਼ਰਾਂ ਵਿਚ ਉਨ੍ਹਾਂ ਦੇ ਦੇਵਤਾ ਰਾ ਦਾ ਅਪਮਾਨ ਸੀ। ਮਿਸਰੀ ਲੋਕ ਬਲਦ ਨੂੰ ਵੀ ਪਵਿੱਤਰ ਮੰਨਦੇ ਸਨ, ਇਸ ਲਈ ਜਦੋਂ ਬਲਦਾਂ ਦੇ ਜੇਠੇ ਮਾਰ ਗਏ, ਤਾਂ ਮਿਸਰੀ ਦੇਵਤੇ ਓਸਾਈਰਸ ਦੀ ਬੇਇੱਜ਼ਤੀ ਹੋਈ ਹੋਣੀ। ਕਿਹਾ ਜਾਂਦਾ ਹੈ ਕਿ ਖ਼ੁਦ ਫ਼ਿਰਊਨ ਵੀ ਰਾ ਦੇਵਤਾ ਦਾ ਪੁੱਤਰ ਹੈ ਅਤੇ ਉਸ ਨੂੰ ਪੂਜਿਆ ਜਾਂਦਾ ਸੀ। ਇਸ ਲਈ ਜਦੋਂ ਫ਼ਿਰਊਨ ਦੇ ਜੇਠੇ ਪੁੱਤਰ ਦੀ ਮੌਤ ਹੋਈ, ਤਾਂ ਇਹ ਸਾਫ਼ ਹੋ ਗਿਆ ਕਿ ਫ਼ਿਰਊਨ ਅਤੇ ਰਾ ਕਿੰਨੇ ਹੀ ਲਾਚਾਰ ਸਨ।
(ਕੂਚ 12:14-16) ਅਰ ਏਹ ਦਿਨ ਤੁਹਾਡੇ ਲਈ ਇੱਕ ਯਾਦਗਾਰ ਹੋਵੇਗਾ ਅਰ ਤੁਸੀਂ ਏਹ ਦਿਨ ਯਹੋਵਾਹ ਲਈ ਪਰਬ ਕਰਕੇ ਮਨਾਇਓ ਅਤੇ ਆਪਣੀਆਂ ਪੀੜ੍ਹੀਆਂ ਵਿੱਚ ਏਸ ਨੂੰ ਸਦੀਪਕ ਬਿਧੀ ਦਾ ਪਰਬ ਮਨਾਇਓ। 15 ਤੁਸੀਂ ਸੱਤ ਦਿਨ ਤੀਕ ਪਤੀਰੀ ਰੋਟੀ ਖਾਓ। ਪਹਿਲੇ ਹੀ ਦਿਨ ਖ਼ਮੀਰ ਆਪਣਿਆਂ ਘਰਾਂ ਤੋਂ ਬਾਹਰ ਕੱਢ ਦੇਣਾ ਕਿਉਂ ਕਿ ਜਿਹੜਾ ਪਹਿਲੇ ਦਿਨ ਤੋਂ ਸੱਤਵੇਂ ਦਿਨ ਤੀਕ ਕਦੀ ਖ਼ਮੀਰੀ ਰੋਟੀ ਖਾਵੇਗਾ ਉਹ ਪਰਾਣੀ ਇਸਰਾਏਲ ਵਿੱਚੋਂ ਛੇਕਿਆ ਜਾਵੇਗਾ। 16 ਅਰ ਪਹਿਲੇ ਦਿਨ ਤੁਹਾਡੀ ਪਵਿੱਤ੍ਰ ਸਭਾ ਹੋਵੇਗੀ ਅਤੇ ਸੱਤਵੇਂ ਦਿਨ ਵੀ ਤੁਹਾਡੀ ਪਵਿੱਤ੍ਰ ਸਭਾ ਹੋਵੇਗੀ ਇਨ੍ਹਾਂ ਵਿੱਚ ਕੋਈ ਕੰਮ ਨਾ ਕੀਤਾ ਜਾਵੇ ਨਿਰਾ ਉਹੋ ਜਿਹੜਾ ਹਰ ਇੱਕ ਪਰਾਣੀ ਦੇ ਖਾਣ ਲਈ ਹੋਵੇ, ਤੁਸੀਂ ਉੱਨਾ ਹੀ ਕਰਿਓ।
it-1 504 ਪੈਰਾ 1
ਪਵਿੱਤ੍ਰ ਸਭਾ
“ਪਵਿੱਤ੍ਰ ਸਭਾ” ਦੀ ਖ਼ਾਸੀਅਤ ਸੀ ਕਿ ਉਸ ਦੌਰਾਨ ਲੋਕਾਂ ਨੂੰ ਕੋਈ ਮਿਹਨਤ ਵਾਲਾ ਕੰਮ ਨਹੀਂ ਕਰਨਾ ਹੁੰਦਾ ਸੀ। ਮਿਸਾਲ ਲਈ, ਬੇਖ਼ਮੀਰੀ ਰੋਟੀ ਦੇ ਤਿਉਹਾਰ ਦੇ ਪਹਿਲੇ ਅਤੇ ਸੱਤਵੇਂ ਦਿਨ “ਪਵਿੱਤ੍ਰ ਸਭਾ” ਰੱਖੀ ਜਾਂਦੀ ਸੀ। ਯਹੋਵਾਹ ਨੇ ਇਸ ਬਾਰੇ ਕਿਹਾ ਸੀ, “ਇਨ੍ਹਾਂ ਵਿੱਚ ਕੋਈ ਕੰਮ ਨਾ ਕੀਤਾ ਜਾਵੇ ਨਿਰਾ ਉਹੋ ਜਿਹੜਾ ਹਰ ਇੱਕ ਪਰਾਣੀ ਦੇ ਖਾਣ ਲਈ ਹੋਵੇ, ਤੁਸੀਂ ਉੱਨਾ ਹੀ ਕਰਿਓ।” (ਕੂਚ 12:15, 16) “ਪਵਿੱਤ੍ਰ ਸਭਾ” ਦੇ ਦੌਰਾਨ ਜਾਜਕ ਯਹੋਵਾਹ ਨੂੰ ਬਲੀਦਾਨ ਚੜ੍ਹਾਉਣ ਵਿਚ ਰੁੱਝੇ ਰਹਿੰਦੇ ਸਨ। (ਲੇਵੀ 23:37, 38) ਪਰ ਇਸ ਦਾ ਇਹ ਮਤਲਬ ਬਿਲਕੁਲ ਨਹੀਂ ਸੀ ਕਿ ਉਹ ਯਹੋਵਾਹ ਦੇ ਹੁਕਮ ਖ਼ਿਲਾਫ਼ ਜਾ ਰਹੇ ਸੀ ਜੋ ਉਨ੍ਹਾਂ ਨੂੰ ਕੰਮ ਨਾ ਕਰਨ ਬਾਰੇ ਦਿੱਤਾ ਗਿਆ ਸੀ। ਇਸ ਹੁਕਮ ਦਾ ਇਹ ਮਤਲਬ ਵੀ ਨਹੀਂ ਸੀ ਕਿ ਇਨ੍ਹਾਂ ਮੌਕਿਆਂ ਉੱਤੇ ਲੋਕ ਹੱਥ ʼਤੇ ਹੱਥ ਧਰ ਕੇ ਬੈਠੇ ਰਹਿਣ ਬਲਕਿ ਉਨ੍ਹਾਂ ਨੇ ਇਹ ਸਮਾਂ ਯਹੋਵਾਹ ਦੇ ਕੰਮਾਂ ਵਿਚ ਲਾਉਣਾ ਸੀ। ਹਰ ਹਫ਼ਤੇ ਸਬਤ ਦੇ ਦਿਨ ਲੋਕ ਇਕੱਠੇ ਮਿਲ ਕੇ ਸਿੱਖਦੇ ਅਤੇ ਭਗਤੀ ਕਰਦੇ ਸਨ। ਉਨ੍ਹਾਂ ਨੂੰ ਪਰਮੇਸ਼ੁਰ ਦਾ ਬਚਨ ਪੜ੍ਹ ਕੇ ਸੁਣਾਇਆ ਜਾਂਦਾ ਸੀ ਅਤੇ ਉਸ ਦਾ ਮਤਲਬ ਸਮਝਾਇਆ ਜਾਂਦਾ ਸੀ। ਫਿਰ ਸਭਾ ਘਰਾਂ ਵਿਚ ਵੀ ਇਸੇ ਤਰ੍ਹਾਂ ਸਿਖਾਇਆ ਜਾਣ ਲੱਗਾ। (ਰਸੂ 15:21) ਇਨ੍ਹਾਂ ਗੱਲਾਂ ਤੋਂ ਸਾਫ਼ ਪਤਾ ਲੱਗਦਾ ਹੈ ਕਿ ਸਬਤ ਦੇ ਦਿਨ ਜਾਂ “ਪਵਿੱਤ੍ਰ ਸਭਾ” ਦੇ ਦੌਰਾਨ ਲੋਕਾਂ ਨੇ ਆਪਣੇ ਕੰਮਾਂ ʼਤੇ ਧਿਆਨ ਜ਼ਿਆਦਾ ਨਹੀਂ ਲਗਾਉਣ ਹੁੰਦਾ ਸੀ। ਇਸ ਦੀ ਬਜਾਇ, ਉਨ੍ਹਾਂ ਨੇ ਆਪਣਾ ਸਮਾਂ ਪ੍ਰਾਰਥਨਾ ਕਰਨ ਵਿਚ, ਪਰਮੇਸ਼ੁਰ ਨੂੰ ਚੰਗੀ ਤਰ੍ਹਾਂ ਜਾਣਨ ਅਤੇ ਉਸ ਦੇ ਮਕਸਦਾਂ ਦੇ ਬਾਰੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਵਿਚ ਲਗਾਉਣਾ ਹੁੰਦਾ ਸੀ।
ਬਾਈਬਲ ਪੜ੍ਹਾਈ