ਮਸੀਹੀ ਜ਼ਿੰਦਗੀ ਅਤੇ ਸੇਵਾ ਸਭਾ ਪੁਸਤਿਕਾ ਲਈ ਪ੍ਰਕਾਸ਼ਨ
© 2024 Watch Tower Bible and Tract Society of Pennsylvania
6-12 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 36-37
“ਦੁਸ਼ਟ ਲੋਕਾਂ ਕਰਕੇ ਪਰੇਸ਼ਾਨ ਨਾ ਹੋਵੋ”
ਪਰਮੇਸ਼ੁਰ ਦਾ ਰਾਜ ਆਉਣ ਤੇ ਕੀ ਨਹੀਂ ਰਹੇਗਾ?
4 ਅੱਜ ਦੁਸ਼ਟ ਲੋਕ ਸਾਡੇ ʼਤੇ ਕਿਵੇਂ ਅਸਰ ਪਾਉਂਦੇ ਹਨ? ਸਾਡੇ ਸਮੇਂ ਬਾਰੇ ਗੱਲ ਕਰਦੇ ਹੋਏ ਪੌਲੁਸ ਨੇ ਕਿਹਾ: “ਆਖ਼ਰੀ ਦਿਨ ਖ਼ਾਸ ਤੌਰ ਤੇ ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਇਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।” ਉਸ ਨੇ ਪ੍ਰੇਰਿਤ ਹੋ ਕਿ ਇਹ ਵੀ ਲਿਖਿਆ: “ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ।” (2 ਤਿਮੋ. 3:1-5, 13) ਕੀ ਤੁਸੀਂ ਇਹ ਭਵਿੱਖਬਾਣੀ ਪੂਰੀ ਹੁੰਦੀ ਨਹੀਂ ਦੇਖਦੇ? ਗੁੰਡੇ-ਬਦਮਾਸ਼, ਨਫ਼ਰਤ ਨਾਲ ਭਰੇ ਲੋਕਾਂ ਅਤੇ ਖ਼ਤਰਨਾਕ ਮੁਜਰਮਾਂ ਨੇ ਕਈਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਕੁਝ ਲੋਕ ਸ਼ਰੇਆਮ ਬੁਰੇ ਕੰਮ ਕਰਦੇ ਹਨ। ਫ਼ਰੇਬੀ ਲੋਕ ਧਾਰਮਿਕਤਾ ਦਾ ਮਖੌਟਾ ਪਾਈ ਘੁੰਮਦੇ ਹਨ। ਚਾਹੇ ਅਸੀਂ ਕਿਸੇ ਅਪਰਾਧ ਦੇ ਸ਼ਿਕਾਰ ਨਾ ਵੀ ਹੋਈਏ, ਫਿਰ ਵੀ ਇਨ੍ਹਾਂ ਬੁਰੇ ਕੰਮਾਂ ਦਾ ਅਸਰ ਸਾਡੇ ਉੱਤੇ ਪੈਂਦਾ ਹੀ ਹੈ। ਬੁਰੀਆਂ ਖ਼ਬਰਾਂ ਪੜ੍ਹ ਕੇ ਸਾਡਾ ਦਿਲ ਦੁਖੀ ਹੁੰਦਾ ਹੈ। ਬੱਚਿਆ, ਬਜ਼ੁਰਗਾਂ ਅਤੇ ਮਾਸੂਮ ਲੋਕਾਂ ਨਾਲ ਬਹੁਤ ਭੈੜਾ ਸਲੂਕ ਕੀਤਾ ਜਾਂਦਾ ਹੈ। ਇੱਦਾਂ ਦੀਆਂ ਖ਼ਬਰਾਂ ਸੁਣ ਕੇ ਅਸੀਂ ਸਹਿਮ ਜਾਂਦੇ ਹਾਂ। ਦੁਸ਼ਟ ਲੋਕਾਂ ਦੇ ਸ਼ੈਤਾਨੀ ਕੰਮ ਜਾਨਵਰਾਂ ਤੋਂ ਵੀ ਗਏ-ਗੁਜ਼ਰੇ ਹਨ। (ਯਾਕੂ. 3:15) ਪਰ ਖ਼ੁਸ਼ੀ ਦੀ ਗੱਲ ਹੈ ਕਿ ਯਹੋਵਾਹ ਦੇ ਬਚਨ ਤੋਂ ਸਾਨੂੰ ਉਮੀਦ ਮਿਲਦੀ ਹੈ।
ਯਹੋਵਾਹ ਮਾਫ਼ ਕਰਨ ਵਾਲਿਆਂ ਨੂੰ ਬਰਕਤਾਂ ਦਿੰਦਾ ਹੈ
10 ਨਾਰਾਜ਼ਗੀ ਪਾਲ਼ੀ ਰੱਖਣ ਨਾਲ ਸਾਡਾ ਹੀ ਨੁਕਸਾਨ ਹੁੰਦਾ ਹੈ। ਕਿਸੇ ਖ਼ਿਲਾਫ਼ ਆਪਣੇ ਦਿਲ ਵਿਚ ਨਾਰਾਜ਼ਗੀ ਪਾਲ਼ਣੀ ਆਪਣੇ ਦਿਲ ਉੱਤੇ ਇਕ ਭਾਰੀ ਬੋਝ ਰੱਖਣ ਵਾਂਗ ਹੈ। ਯਹੋਵਾਹ ਚਾਹੁੰਦਾ ਹੈ ਕਿ ਅਸੀਂ ਇਸ ਬੋਝ ਨੂੰ ਲਾਹ ਕੇ ਸੁੱਟ ਦੇਈਏ। (ਅਫ਼ਸੀਆਂ 4:31, 32 ਪੜ੍ਹੋ।) ਇਸ ਲਈ ਉਹ ਸਾਨੂੰ ਗੁਜ਼ਾਰਸ਼ ਕਰਦਾ ਹੈ ਕਿ ਅਸੀਂ ‘ਗੁੱਸਾ ਕਰਨੋਂ ਹਟ ਜਾਈਏ ਅਤੇ ਕ੍ਰੋਧ ਨੂੰ ਛੱਡ ਦੇਈਏ।’ (ਜ਼ਬੂ. 37:8) ਇਸ ਸਲਾਹ ਨੂੰ ਮੰਨਣਾ ਕਿੰਨੀ ਹੀ ਸਮਝਦਾਰੀ ਦੀ ਗੱਲ ਹੈ! ਪਰ ਜੇ ਅਸੀਂ ਅੰਦਰੋਂ-ਅੰਦਰ ਖਿੱਝਦੇ ਰਹਿੰਦੇ ਹਾਂ, ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਅਸੀਂ ਜ਼ਹਿਰ ਪੀ ਰਹੇ ਹੋਈਏ। ਇਸ ਨਾਲ ਸਾਡਾ ਹੀ ਨੁਕਸਾਨ ਹੋਵੇਗਾ ਤੇ ਅਸੀਂ ਪਰੇਸ਼ਾਨ ਰਹਿਣ ਲੱਗ ਪਵਾਂਗੇ ਅਤੇ ਸਾਡੀ ਸਿਹਤ ਵੀ ਖ਼ਰਾਬ ਰਹਿਣ ਲੱਗ ਜਾਵੇਗੀ। (ਕਹਾ. 14:30) ਪਰ ਜੇ ਅਸੀਂ ਦੂਜਿਆਂ ਨੂੰ ਮਾਫ਼ ਕਰ ਦਿੰਦੇ ਹਾਂ, ਤਾਂ ਇਸ ਨਾਲ ਸਾਡਾ ਹੀ ਭਲਾ ਹੋਵੇਗਾ। (ਕਹਾ. 11:17) ਨਾਲੇ ਸਾਡੇ ਮਨ ਤੇ ਦਿਲ ਨੂੰ ਸ਼ਾਂਤੀ ਮਿਲੇਗੀ ਅਤੇ ਅਸੀਂ ਯਹੋਵਾਹ ਦੀ ਸੇਵਾ ਖ਼ੁਸ਼ੀ-ਖ਼ੁਸ਼ੀ ਕਰ ਸਕਾਂਗੇ।
“ਯਹੋਵਾਹ ਉੱਤੇ ਨਿਹਾਲ ਰਹੁ”
20 ਪਰਮੇਸ਼ੁਰ ਦੇ ਰਾਜ ਵਿਚ, “ਅਧੀਨ ਧਰਤੀ ਦੇ ਵਾਰਸ ਹੋਣਗੇ।” (ਜ਼ਬੂਰਾਂ ਦੀ ਪੋਥੀ 37:11ੳ) ਪਰ ਇਹ “ਅਧੀਨ” ਕੌਣ ਹਨ? “ਅਧੀਨ” ਅਨੁਵਾਦ ਕੀਤਾ ਗਿਆ ਇਬਰਾਨੀ ਸ਼ਬਦ ਉਸ ਮੂਲ ਸ਼ਬਦ ਤੋਂ ਬਣਿਆ ਹੈ ਜਿਸ ਦਾ ਮਤਲਬ ਹੈ “ਦੁੱਖ ਦੇਣਾ, ਨੀਵਾਂ ਦਿਖਾਉਣਾ, ਅਪਮਾਨ ਕਰਨਾ।” ਜੀ ਹਾਂ, “ਅਧੀਨ” ਉਹ ਲੋਕ ਹਨ ਜੋ ਹਲੀਮੀ ਨਾਲ ਯਹੋਵਾਹ ਤੇ ਇਤਬਾਰ ਕਰਦੇ ਹਨ ਕਿ ਉਹੀ ਉਨ੍ਹਾਂ ਉੱਤੇ ਢਾਹੇ ਗਏ ਜ਼ੁਲਮਾਂ ਨੂੰ ਖ਼ਤਮ ਕਰੇਗਾ। ਫਿਰ ਇਹ ਲੋਕ “ਬਹੁਤੇ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ।” (ਜ਼ਬੂਰਾਂ ਦੀ ਪੋਥੀ 37:11ਅ) ਪਰ ਸੱਚੀ ਮਸੀਹੀ ਕਲੀਸਿਯਾ ਵਿਚ ਅਸੀਂ ਹੁਣ ਵੀ ਰੂਹਾਨੀ ਫਿਰਦੌਸ ਦਾ ਆਨੰਦ ਮਾਣਦੇ ਹਾਂ ਜਿੱਥੇ ਸਾਨੂੰ ਸੁਖ-ਸ਼ਾਂਤੀ ਮਿਲਦੀ ਹੈ।
ਹੀਰੇ-ਮੋਤੀ
it-2 445
ਪਹਾੜ
ਹਮੇਸ਼ਾ ਟਿਕਿਆ ਰਹਿਣਾ ਜਾਂ ਉਚਾਈ: ਦੇਖਿਆ ਜਾਵੇ ਤਾਂ ਇਕ ਪਹਾੜ ਇਕ ਹੀ ਜਗ੍ਹਾ ʼਤੇ ਹਮੇਸ਼ਾ ਟਿਕਿਆ ਰਹਿੰਦਾ ਹੈ, ਉਸ ਨੂੰ ਕਦੇ ਵੀ ਹਿਲਾਇਆ ਨਹੀਂ ਜਾ ਸਕਦਾ। (ਯਸਾ 54:10; ਹੱਬ 3:6; ਜ਼ਬੂ 46:2 ਵਿਚ ਨੁਕਤਾ ਦੇਖੋ।) ਇਸ ਲਈ ਜਦੋਂ ਜ਼ਬੂਰਾਂ ਦੇ ਇਕ ਲਿਖਾਰੀ ਨੇ ਕਿਹਾ ਕਿ ਯਹੋਵਾਹ ਦਾ ਨਿਆਂ “ਪਰਮੇਸ਼ੁਰ ਦੇ ਪਹਾੜਾਂ” ਵਰਗਾ ਹੈ, ਤਾਂ ਸ਼ਾਇਦ ਉਸ ਦੇ ਕਹਿਣ ਦਾ ਮਤਲਬ ਸੀ ਕਿ ਯਹੋਵਾਹ ਦੇ ਉੱਚੇ-ਸੁੱਚੇ ਮਿਆਰ ਕਦੇ ਨਹੀਂ ਬਦਲਦੇ। (ਜ਼ਬੂ 36:6, ਫੁਟਨੋਟ) ਜਾਂ ਫਿਰ ਇਸ ਦਾ ਮਤਲਬ ਇਹ ਹੋ ਸਕਦਾ ਹੈ ਕਿ ਪਰਮੇਸ਼ੁਰ ਦੇ ਉੱਚੇ-ਸੁੱਚੇ ਮਿਆਰ ਇਨਸਾਨਾਂ ਦੇ ਮਿਆਰਾਂ ਨਾਲੋਂ ਕਿਤੇ ਜ਼ਿਆਦਾ ਉੱਚੇ ਹਨ। (ਯਸਾ 55:8, 9 ਵਿਚ ਨੁਕਤਾ ਦੇਖੋ।) ਪ੍ਰਕਾਸ਼ ਦੀ ਕਿਤਾਬ 16:20 ਵਿਚ ਦੱਸਿਆ ਗਿਆ ਹੈ ਕਿ ਜਦੋਂ ਪਰਮੇਸ਼ੁਰ ਦੇ ਕ੍ਰੋਧ ਦਾ ਸੱਤਵਾਂ ਕਟੋਰਾ ਡੋਲ੍ਹਿਆ ਜਾਵੇਗਾ, ਤਾਂ ਉੱਚੇ-ਉੱਚੇ ਪਹਾੜ ਵੀ ਨਹੀਂ ਬਚ ਸਕਣਗੇ।—ਯਿਰ 4:23-26 ਵਿਚ ਨੁਕਤਾ ਦੇਖੋ।
13-19 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 38-39
ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨਾ ਛੱਡ ਦਿਓ
“ਨੱਕ ਦੀ ਸੇਧੇ” ਭਵਿੱਖ ਵੱਲ ਦੇਖਦੇ ਰਹੋ
12 ਪਹਿਲਾ ਯੂਹੰਨਾ 3:19, 20 ਪੜ੍ਹੋ। ਅਸੀਂ ਸਾਰੇ ਕਦੇ-ਨਾ-ਕਦੇ ਦੋਸ਼ੀ ਮਹਿਸੂਸ ਕਰਦੇ ਹਾਂ। ਮਿਸਾਲ ਲਈ, ਕੁਝ ਭੈਣ-ਭਰਾ ਸੱਚਾਈ ਸਿੱਖਣ ਤੋਂ ਪਹਿਲਾਂ ਕੀਤੀਆਂ ਗ਼ਲਤੀਆਂ ਕਾਰਨ ਅਤੇ ਕਈ ਬਪਤਿਸਮੇ ਤੋਂ ਬਾਅਦ ਕੀਤੀਆਂ ਗ਼ਲਤੀਆਂ ਕਾਰਨ ਦੋਸ਼ੀ ਮਹਿਸੂਸ ਕਰਦੇ ਹਨ। ਇੱਦਾਂ ਦੀਆਂ ਭਾਵਨਾਵਾਂ ਆਮ ਹਨ। (ਰੋਮੀ. 3:23) ਬਿਨਾਂ ਸ਼ੱਕ, ਅਸੀਂ ਸਾਰੇ ਸਹੀ ਕੰਮ ਕਰਨਾ ਚਾਹੁੰਦੇ ਹਾਂ। ਪਰ “ਅਸੀਂ ਸਾਰੇ ਜਣੇ ਕਈ ਵਾਰ ਗ਼ਲਤੀਆਂ ਕਰਦੇ ਹਾਂ।” (ਯਾਕੂ. 3:2; ਰੋਮੀ. 7:21-23) ਭਾਵੇਂ ਕਿ ਦੋਸ਼ੀ ਮਹਿਸੂਸ ਕਰਨ ਨਾਲ ਸਾਨੂੰ ਖ਼ੁਸ਼ੀ ਨਹੀਂ ਹੁੰਦੀ, ਪਰ ਸਾਨੂੰ ਇਸ ਦਾ ਫ਼ਾਇਦਾ ਹੋ ਸਕਦਾ ਹੈ। ਕਿਉਂ? ਕਿਉਂਕਿ ਇਸ ਤੋਂ ਅਸੀਂ ਸਹੀ ਰਾਹ ʼਤੇ ਵਾਪਸ ਆਉਣ ਅਤੇ ਉਹੀ ਗ਼ਲਤੀਆਂ ਨਾ ਦੁਹਰਾਉਣ ਲਈ ਪ੍ਰੇਰਿਤ ਹੋ ਸਕਦੇ ਹਾਂ।—ਇਬ. 12:12, 13.
13 ਦੂਜੇ ਪਾਸੇ, ਕਈ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਦੇ ਹਨ ਯਾਨੀ ਤੋਬਾ ਕਰਨ ਅਤੇ ਯਹੋਵਾਹ ਤੋਂ ਮਾਫ਼ੀ ਮਿਲਣ ਤੋਂ ਬਾਅਦ ਵੀ ਉਹ ਦੋਸ਼ੀ ਮਹਿਸੂਸ ਕਰਦੇ ਰਹਿੰਦੇ ਹਨ। ਇਸ ਤਰ੍ਹਾਂ ਦੀ ਦੋਸ਼ੀ ਭਾਵਨਾ ਤੋਂ ਸਾਨੂੰ ਨੁਕਸਾਨ ਪਹੁੰਚ ਸਕਦਾ ਹੈ। (ਜ਼ਬੂ. 31:10; 38:3, 4) ਉਹ ਕਿਵੇਂ? ਜ਼ਰਾ ਇਕ ਭੈਣ ਦੀ ਮਿਸਾਲ ʼਤੇ ਗੌਰ ਕਰੋ ਜਿਸ ਨੂੰ ਪਿਛਲੀਆਂ ਗ਼ਲਤੀਆਂ ਕਰਕੇ ਦੋਸ਼ੀ ਭਾਵਨਾਵਾਂ ਨਾਲ ਲੜਨਾ ਪਿਆ। ਉਸ ਨੇ ਕਿਹਾ: “ਮੈਨੂੰ ਲੱਗਾ ਕਿ ਹੁਣ ਪੂਰੀ ਵਾਹ ਲਾ ਕੇ ਯਹੋਵਾਹ ਦੀ ਸੇਵਾ ਕਰਨ ਦਾ ਕੋਈ ਫ਼ਾਇਦਾ ਨਹੀਂ ਕਿਉਂਕਿ ਮੈਂ ਕਿਹੜਾ ਬਚਣਾ।” ਅਸੀਂ ਇਸ ਭੈਣ ਦੀਆਂ ਭਾਵਨਾਵਾਂ ਸਮਝ ਸਕਦੇ ਹਾਂ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਹੱਦੋਂ ਵੱਧ ਦੋਸ਼ੀ ਮਹਿਸੂਸ ਕਰਨ ਦੇ ਫੰਦੇ ਤੋਂ ਬਚੀਏ। ਜ਼ਰਾ ਸੋਚੋ ਕਿ ਸ਼ੈਤਾਨ ਕਿੰਨਾ ਖ਼ੁਸ਼ ਹੋਵੇਗਾ ਜੇ ਅਸੀਂ ਹਾਰ ਮੰਨ ਕੇ ਬੈਠ ਜਾਈਏ ਜਦ ਕਿ ਯਹੋਵਾਹ ਹਾਲੇ ਵੀ ਸਾਨੂੰ ਪਿਆਰ ਕਰਦਾ ਹੈ!—2 ਕੁਰਿੰਥੀਆਂ 2:5-7, 11 ਵਿਚ ਨੁਕਤਾ ਦੇਖੋ।
ਅਸੀਂ ਯਹੋਵਾਹ ਅੱਗੇ ਆਪਣੇ ਦਿਨ ਕਿਵੇਂ ਗਿਣ ਸਕਦੇ ਹਾਂ?
ਸਾਡੀ ਜ਼ਿੰਦਗੀ ਦੇ ਦਿਨ ਚੰਦ ਘੜੀਆਂ ਵਾਂਗ ਲੰਘ ਜਾਂਦੇ ਹਨ। ਆਪਣੀ ਛੋਟੀ ਜਿਹੀ ਜ਼ਿੰਦਗੀ ਉੱਤੇ ਗੌਰ ਕਰਨ ਤੋਂ ਬਾਅਦ ਦਾਊਦ ਨੇ ਇਕ ਪ੍ਰਾਰਥਨਾ ਵਿਚ ਇਵੇਂ ਕਿਹਾ: “ਹੇ ਯਹੋਵਾਹ, ਮੈਨੂੰ ਮੇਰਾ ਓੜਕ ਦੱਸ, ਅਤੇ ਇਹ ਵੀ ਕਿ ਮੇਰੇ ਦਿਨਾਂ ਦੀ ਲੰਬਾਈ ਕਿੰਨੀ ਹੈ, ਤਾਂ ਕਿ ਮੈਂ ਜਾਣਾਂ ਕਿ ਮੈਂ ਕੇਡਾ ਅਨਿੱਤ ਹਾਂ। ਵੇਖ, ਤੈਂ ਮੇਰੇ ਦਿਨ ਚੱਪਾ ਭਰ ਠਹਿਰਾਏ ਹਨ, ਅਤੇ ਮੇਰੀ ਉਮਰ ਤੇਰੇ ਅੱਗੇ ਕੁਝ ਹੈ ਹੀ ਨਹੀਂ।” ਦਾਊਦ ਆਪਣੀ ਜ਼ਿੰਦਗੀ ਦੌਰਾਨ ਆਪਣੀ ਬੋਲ-ਬਾਣੀ ਦੁਆਰਾ ਹੀ ਨਹੀਂ, ਸਗੋਂ ਆਪਣੇ ਚਾਲ-ਚੱਲਣ ਦੁਆਰਾ ਵੀ ਪਰਮੇਸ਼ੁਰ ਨੂੰ ਖ਼ੁਸ਼ ਕਰਨਾ ਚਾਹੁੰਦਾ ਸੀ। ਪਰਮੇਸ਼ੁਰ ਉੱਤੇ ਆਪਣੀ ਨਿਰਭਰਤਾ ਦਿਖਾਉਂਦੇ ਹੋਏ ਉਸ ਨੇ ਕਿਹਾ: “ਮੈਨੂੰ ਤੇਰੀ ਹੀ ਆਸ ਹੈ।” (ਜ਼ਬੂਰਾਂ ਦੀ ਪੋਥੀ 39:4, 5, 7) ਯਹੋਵਾਹ ਨੇ ਉਸ ਦੀ ਪ੍ਰਾਰਥਨਾ ਸੁਣੀ। ਅਸਲ ਵਿਚ ਉਸ ਨੇ ਦਾਊਦ ਦੇ ਕੰਮਾਂ-ਕਾਰਾਂ ਨੂੰ ਜਾਂਚ ਕੇ ਉਸ ਉੱਤੇ ਬਰਕਤਾਂ ਵਰਸਾਈਆਂ।
ਸਾਡੇ ਕੋਲ ਹਰ ਪਲ ਕੋਈ-ਨ-ਕੋਈ ਕੰਮ-ਧੰਦਾ ਕਰਨ ਲਈ ਰਹਿੰਦਾ ਹੈ ਤੇ ਅਸੀਂ ਜ਼ਿੰਦਗੀ ਦੀ ਹਫ਼ੜਾ-ਦਫ਼ੜੀ ਵਿਚ ਹਮੇਸ਼ਾ ਰੁੱਝੇ ਰਹਿੰਦੇ ਹਾਂ। ਇਸ ਲਈ ਅਸੀਂ ਚਿੰਤਾ ਵਿਚ ਪੈ ਸਕਦੇ ਹਾਂ ਕਿ ਇੰਨੇ ਢੇਰ ਸਾਰੇ ਕੰਮ ਇੰਨੇ ਥੋੜ੍ਹੇ ਸਮੇਂ ਵਿਚ ਕਿਵੇਂ ਪੂਰੇ ਕੀਤੇ ਜਾ ਸਕਦੇ ਹਨ। ਪਰ ਕੀ ਸਾਡੀ ਚਿੰਤਾ ਦਾਊਦ ਦੀ ਚਿੰਤਾ ਵਰਗੀ ਹੈ? ਕੀ ਅਸੀਂ ਆਪਣੀ ਜ਼ਿੰਦਗੀ ਇਵੇਂ ਬਤੀਤ ਕਰਨੀ ਚਾਹੁੰਦੇ ਹਾਂ ਜਿਸ ਨੂੰ ਜਾਂਚ ਕੇ ਪਰਮੇਸ਼ੁਰ ਖ਼ੁਸ਼ ਹੋਵੇਗਾ? ਇਸ ਗੱਲ ਦਾ ਯਕੀਨ ਕਰੋ ਕਿ ਯਹੋਵਾਹ ਸਭ ਕੁਝ ਦੇਖਦਾ ਤੇ ਧਿਆਨ ਨਾਲ ਜਾਂਚਦਾ ਹੈ। ਪਰਮੇਸ਼ੁਰ ਤੋਂ ਡਰਨ ਵਾਲੇ ਇਕ ਮਨੁੱਖ ਅੱਯੂਬ ਉੱਤੇ ਗੌਰ ਕਰੋ। ਕੁਝ 3,600 ਸਾਲ ਪਹਿਲਾਂ ਉਸ ਨੇ ਇਹ ਕਬੂਲ ਕੀਤਾ ਕਿ ਯਹੋਵਾਹ ਉਸ ਦੀ ਸਾਰੀ ਆਉਣੀ-ਜਾਣੀ ਬਾਰੇ ਜਾਣਦਾ ਸੀ ਤੇ ਉਸ ਦੇ ਸਾਰੇ ਕਦਮ ਗਿਣਦਾ ਸੀ। ਅੱਯੂਬ ਨੇ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ ਕਿ “ਜਦ ਉਹ [ਯਹੋਵਾਹ] ਖ਼ਬਰ ਲਵੇ ਤਾਂ ਮੈਂ ਕੀ ਉੱਤਰ ਦਿਆਂ?” (ਅੱਯੂਬ 31:4-6, 14) ਅਸੀਂ ਵੀ ਆਪਣੇ ਜੀਵਨ ਵਿਚ ਪਰਮੇਸ਼ੁਰ ਦੀਆਂ ਗੱਲਾਂ ਨੂੰ ਪਹਿਲੀ ਥਾਂ ਦੇ ਕੇ, ਉਸ ਦੇ ਹੁਕਮਾਂ ਦੀ ਪਾਲਨਾ ਕਰ ਕੇ ਅਤੇ ਅਕਲਮੰਦੀ ਨਾਲ ਆਪਣਾ ਸਮਾਂ ਗੁਜ਼ਾਰ ਕੇ ਪਰਮੇਸ਼ੁਰ ਅੱਗੇ ਆਪਣੇ ਦਿਨ ਗਿਣ ਸਕਦੇ ਹਾਂ। ਆਓ ਆਪਾਂ ਇਨ੍ਹਾਂ ਗੱਲਾਂ ਉੱਤੇ ਹੋਰ ਗੌਰ ਕਰੀਏ।
ਯਹੋਵਾਹ ਨਾਲ ਆਪਣਾ ਰਿਸ਼ਤਾ ਦੁਬਾਰਾ ਬਣਾਓ
ਯਹੋਵਾਹ ਨੂੰ ਵਾਰ-ਵਾਰ ਪ੍ਰਾਰਥਨਾ ਕਰਦੇ ਰਹੋ। ਤੁਹਾਡਾ ਪਿਤਾ ਯਹੋਵਾਹ ਜਾਣਦਾ ਹੈ ਕਿ ਦੋਸ਼ ਦੀ ਭਾਵਨਾ ਆਸਾਨੀ ਨਾਲ ਨਹੀਂ ਜਾਂਦੀ ਅਤੇ ਇਸ ਕਰਕੇ ਪ੍ਰਾਰਥਨਾ ਕਰਨੀ ਮੁਸ਼ਕਲ ਹੋ ਸਕਦੀ ਹੈ। (ਰੋਮੀ. 8:26) ਫਿਰ ਵੀ “ਪ੍ਰਾਰਥਨਾ ਕਰਨ ਵਿਚ ਲੱਗੇ ਰਹੋ” ਅਤੇ ਯਹੋਵਾਹ ਨੂੰ ਦੱਸੋ ਕਿ ਤੁਸੀਂ ਉਸ ਨਾਲ ਦੁਬਾਰਾ ਦੋਸਤੀ ਕਰਨੀ ਚਾਹੁੰਦੇ ਹੋ। (ਰੋਮੀ. 12:12) ਜਦੋਂ ਭਰਾ ਐਂਡਰੇ ਨੇ ਇੱਦਾਂ ਕੀਤਾ, ਤਾਂ ਉਸ ਨੂੰ ਬਹੁਤ ਫ਼ਾਇਦਾ ਹੋਇਆ। ਉਸ ਨੇ ਕਿਹਾ: “ਮੈਂ ਖ਼ੁਦ ਨੂੰ ਬਹੁਤ ਕੋਸਦਾ ਸੀ ਅਤੇ ਸ਼ਰਮਿੰਦਾ ਮਹਿਸੂਸ ਕਰਦਾ ਸੀ। ਪਰ ਪ੍ਰਾਰਥਨਾ ਕਰਨ ਤੋਂ ਤੁਰੰਤ ਬਾਅਦ ਮੇਰਾ ਮਨ ਸ਼ਾਂਤ ਹੋ ਜਾਂਦਾ ਸੀ।” ਜੇ ਤੁਹਾਨੂੰ ਸਮਝ ਨਹੀਂ ਆਉਂਦਾ ਕਿ ਤੁਸੀਂ ਪ੍ਰਾਰਥਨਾ ਵਿਚ ਕੀ ਕਹੋ, ਤਾਂ ਤੁਸੀਂ ਰਾਜਾ ਦਾਊਦ ਦੀਆਂ ਪ੍ਰਾਰਥਨਾਵਾਂ ʼਤੇ ਗੌਰ ਕਰ ਸਕਦੇ ਹੋ ਜੋ ਉਸ ਨੇ ਤੋਬਾ ਕਰਨ ਤੋਂ ਬਾਅਦ ਲਿਖੀਆਂ ਸਨ। ਇਹ ਪ੍ਰਾਰਥਨਾਵਾਂ ਜ਼ਬੂਰ 51 ਅਤੇ 65 ਵਿਚ ਦਰਜ ਹਨ।
ਹੀਰੇ-ਮੋਤੀ
ਆਪਣੇ ਆਪ ਨੂੰ ਭਰੋਸੇਯੋਗ ਸਾਬਤ ਕਰੋ
16 ਸੰਜਮ। ਭਰੋਸੇਯੋਗ ਇਨਸਾਨ ਬਣਨ ਲਈ ਸੰਜਮ ਰੱਖਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਸੰਜਮ ਰੱਖਦੇ ਹੋਏ ਆਪਣੀ ਜ਼ਬਾਨ ʼਤੇ ਕਾਬੂ ਰੱਖਾਂਗੇ, ਤਾਂ ਦੂਜੇ ਸਾਡੇ ʼਤੇ ਭਰੋਸਾ ਕਰ ਸਕਣਗੇ। ਕਈ ਵਾਰੀ ਸਾਡਾ ਦਿਲ ਕਰਦਾ ਹੈ ਕਿ ਅਸੀਂ ਕਿਸੇ ਦੀ ਗੱਲ ਦੂਜਿਆਂ ਨੂੰ ਦੱਸੀਏ, ਪਰ ਸੰਜਮ ਰੱਖਣ ਕਰਕੇ ਅਸੀਂ ਆਪਣੇ ਆਪ ਨੂੰ ਰੋਕ ਪਾਉਂਦੇ ਹਾਂ। (ਕਹਾਉਤਾਂ 10:19 ਪੜ੍ਹੋ।) ਖ਼ਾਸ ਕਰਕੇ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਦੇ ਹੋਏ ਸਾਡੇ ਲਈ ਸੰਜਮ ਰੱਖਣਾ ਔਖਾ ਹੋ ਸਕਦਾ ਹੈ। ਜੇ ਅਸੀਂ ਧਿਆਨ ਨਹੀਂ ਰੱਖਦੇ, ਤਾਂ ਅਸੀਂ ਅਣਜਾਣੇ ਵਿਚ ਕੋਈ ਗੱਲ ਬਹੁਤ ਸਾਰੇ ਲੋਕਾਂ ਤਕ ਫੈਲਾ ਸਕਦੇ ਹਾਂ ਜੋ ਸਾਨੂੰ ਸਿਰਫ਼ ਆਪਣੇ ਤਕ ਰੱਖਣੀ ਚਾਹੀਦੀ ਹੈ। ਜਦੋਂ ਅਸੀਂ ਕੋਈ ਜਾਣਕਾਰੀ ਇੰਟਰਨੈੱਟ ʼਤੇ ਪਾ ਦਿੰਦੇ ਹਾਂ, ਤਾਂ ਇਹ ਸਾਡੇ ਵੱਸ ਵਿਚ ਨਹੀਂ ਰਹਿੰਦਾ ਕਿ ਲੋਕ ਉਸ ਜਾਣਕਾਰੀ ਨੂੰ ਕਿੱਦਾਂ ਇਸਤੇਮਾਲ ਕਰਨਗੇ ਜਾਂ ਸਾਨੂੰ ਪਤਾ ਨਹੀਂ ਹੁੰਦਾ ਕਿ ਉਸ ਕਰਕੇ ਕਿਹੜੀਆਂ ਮੁਸ਼ਕਲਾਂ ਖੜ੍ਹੀਆਂ ਹੋਣਗੀਆਂ। ਸਾਨੂੰ ਉਦੋਂ ਵੀ ਸੰਜਮ ਰੱਖਦੇ ਹੋਏ ਚੁੱਪ ਰਹਿਣਾ ਚਾਹੀਦਾ ਹੈ ਜਦੋਂ ਸਾਡੇ ਵਿਰੋਧੀ ਚਲਾਕੀ ਨਾਲ ਸਾਡੇ ਕੋਲੋਂ ਜਾਣਕਾਰੀ ਕਢਾਉਣੀ ਚਾਹੁੰਦੇ ਹਨ ਜਿਸ ਨਾਲ ਸਾਡੇ ਭੈਣਾਂ-ਭਰਾਵਾਂ ਨੂੰ ਖ਼ਤਰਾ ਹੋ ਸਕਦਾ ਹੈ। ਸ਼ਾਇਦ ਅਜਿਹੇ ਦੇਸ਼ ਵਿਚ ਪੁਲਿਸ ਸਾਡੇ ਤੋਂ ਪੁੱਛ-ਗਿੱਛ ਕਰੇ ਜਿੱਥੇ ਸਾਡੇ ਕੰਮ ʼਤੇ ਪਾਬੰਦੀ ਲੱਗੀ ਹੋਵੇ। ਅਜਿਹੇ ਹਾਲਾਤਾਂ ਅਤੇ ਹੋਰ ਹਾਲਾਤਾਂ ਵਿਚ ਸਾਨੂੰ “ਆਪਣੇ ਮੂੰਹ ʼਤੇ ਛਿੱਕਲੀ” ਪਾਉਣੀ ਚਾਹੀਦੀ ਹੈ। (ਜ਼ਬੂ. 39:1) ਸਾਨੂੰ ਆਪਣੇ ਆਪ ਨੂੰ ਆਪਣੇ ਪਰਿਵਾਰ, ਦੋਸਤਾਂ, ਮਸੀਹੀ ਭੈਣਾਂ-ਭਰਾਵਾਂ ਅਤੇ ਹੋਰ ਲੋਕਾਂ ਦੀਆਂ ਨਜ਼ਰਾਂ ਵਿਚ ਭਰੋਸੇ ਦੇ ਲਾਇਕ ਸਾਬਤ ਕਰਨਾ ਚਾਹੀਦਾ ਹੈ। ਅਸੀਂ ਤਾਂ ਹੀ ਭਰੋਸੇਯੋਗ ਸਾਬਤ ਹੋਵਾਂਗੇ ਜੇ ਅਸੀਂ ਸੰਜਮ ਰੱਖਾਂਗੇ ਯਾਨੀ ਆਪਣੇ ਆਪ ʼਤੇ ਕਾਬੂ ਰੱਖਾਂਗੇ।
20-26 ਮਈ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 40-41
ਦੂਜਿਆਂ ਦੀ ਮਦਦ ਕਿਉਂ ਕਰੀਏ?
ਖ਼ੁਸ਼ ਹਨ ਖੁੱਲ੍ਹ-ਦਿਲੇ ਲੋਕ
16 ਖੁੱਲ੍ਹ-ਦਿਲੀ ਦਿਖਾਉਣ ਵਾਲੇ ਲੋਕ ਇਸ ਕਰਕੇ ਨਹੀਂ ਦਿੰਦੇ ਕਿਉਂਕਿ ਉਹ ਬਦਲੇ ਵਿਚ ਕਿਸੇ ਚੀਜ਼ ਦੀ ਉਮੀਦ ਰੱਖਦੇ ਹਨ। ਯਿਸੂ ਨੇ ਕਿਹਾ: “ਜਦੋਂ ਤੂੰ ਦਾਅਵਤ ਦਿੰਦਾ ਹੈਂ, ਤਾਂ ਗ਼ਰੀਬਾਂ, ਲੰਗੜਿਆਂ, ਅੰਨ੍ਹਿਆਂ ਤੇ ਹੋਰ ਅਪਾਹਜਾਂ ਨੂੰ ਸੱਦ, ਅਤੇ ਤੈਨੂੰ ਖ਼ੁਸ਼ੀ ਮਿਲੇਗੀ ਕਿਉਂਕਿ ਬਦਲੇ ਵਿਚ ਤੈਨੂੰ ਦੇਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ।” (ਲੂਕਾ 14:13, 14) ਬਾਈਬਲ ਦੱਸਦੀ ਹੈ: “ਜਿਹੜਾ ਭਲਿਆਈ ਦੀ ਨਿਗਾਹ ਕਰਦਾ ਹੈ ਉਹ ਮੁਬਾਰਕ ਹੈ।” ਬਾਈਬਲ ਇਹ ਵੀ ਦੱਸਦੀ ਹੈ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ।” (ਕਹਾ. 22:9; ਜ਼ਬੂ. 41:1) ਦੂਜਿਆਂ ਦੀ ਮਦਦ ਕਰ ਕੇ ਸਾਨੂੰ ਸੱਚੀ ਖ਼ੁਸ਼ੀ ਮਿਲੇਗੀ।
17 ਜਦੋਂ ਪੌਲੁਸ ਨੇ ਯਿਸੂ ਦੇ ਸ਼ਬਦ ਕਹੇ ਕਿ “ਲੈਣ ਨਾਲੋਂ ਦੇਣ ਵਿਚ ਜ਼ਿਆਦਾ ਖ਼ੁਸ਼ੀ ਮਿਲਦੀ ਹੈ,” ਤਾਂ ਉਹ ਸਿਰਫ਼ ਚੀਜ਼ਾਂ ਦੀ ਹੀ ਗੱਲ ਨਹੀਂ ਕਰ ਰਿਹਾ ਸੀ। ਅਸੀਂ ਲੋਕਾਂ ਨੂੰ ਹੱਲਾਸ਼ੇਰੀ, ਬਾਈਬਲ ਵਿੱਚੋਂ ਸਲਾਹ ਅਤੇ ਹੋਰ ਮਦਦ ਦੇ ਸਕਦੇ ਹਾਂ। (ਰਸੂ. 20:31-35) ਪੌਲੁਸ ਨੇ ਆਪਣੀ ਕਹਿਣੀ ਤੇ ਕਰਨੀ ਰਾਹੀਂ ਸਿਖਾਇਆ ਕਿ ਅਸੀਂ ਆਪਣੇ ਸਮੇਂ ਤੇ ਤਾਕਤ ਨਾਲ ਦੂਜਿਆਂ ਦੀ ਮਦਦ ਕਰੀਏ ਅਤੇ ਉਨ੍ਹਾਂ ਨੂੰ ਪਿਆਰ ਦਿਖਾਈਏ।
18 ਮਨੁੱਖੀ ਸੁਭਾਅ ਦਾ ਅਧਿਐਨ ਕਰਨ ਵਾਲੇ ਖੋਜਕਾਰਾਂ ਨੇ ਦੇਖਿਆ ਹੈ ਕਿ ਦੂਜਿਆਂ ਨੂੰ ਦੇਣ ਨਾਲ ਲੋਕਾਂ ਨੂੰ ਖ਼ੁਸ਼ੀ ਮਿਲਦੀ ਹੈ। ਇਕ ਲੇਖ ਮੁਤਾਬਕ ਲੋਕ ਕਹਿੰਦੇ ਹਨ ਕਿ ਦੂਜਿਆਂ ਦਾ ਭਲਾ ਕਰ ਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਖ਼ੁਸ਼ੀ ਮਿਲਦੀ ਹੈ। ਖੋਜਕਾਰ ਕਹਿੰਦੇ ਹਨ ਕਿ ਦੂਜਿਆਂ ਦੀ ਮਦਦ ਕਰ ਕੇ ਸਾਡੀ ਜ਼ਿੰਦਗੀ ਨੂੰ ਇਕ ਮਕਸਦ ਮਿਲਦਾ ਹੈ। ਇਸ ਲਈ ਕੁਝ ਮਾਹਰ ਸਲਾਹ ਦਿੰਦੇ ਹਨ ਕਿ ਲੋਕਾਂ ਨੂੰ ਹੋਰ ਵਧੀਆ ਸਿਹਤ ਪਾਉਣ ਅਤੇ ਹੋਰ ਖ਼ੁਸ਼ੀ ਪਾਉਣ ਲਈ ਦੂਜਿਆਂ ਦੇ ਭਲੇ ਲਈ ਕੰਮ ਕਰਨੇ ਚਾਹੀਦੇ ਹਨ। ਖੋਜਕਾਰਾਂ ਦੀ ਗੱਲ ਤੋਂ ਸਾਨੂੰ ਕੋਈ ਹੈਰਾਨੀ ਨਹੀਂ ਹੁੰਦੀ ਕਿਉਂਕਿ ਸਾਡਾ ਪਿਆਰਾ ਸਿਰਜਣਹਾਰ, ਯਹੋਵਾਹ, ਹਮੇਸ਼ਾ ਸਾਨੂੰ ਕਹਿੰਦਾ ਹੈ ਕਿ ਦੇਣ ਨਾਲ ਸਾਨੂੰ ਖ਼ੁਸ਼ੀ ਮਿਲਦੀ ਹੈ।—2 ਤਿਮੋ. 3:16, 17.
ਯਹੋਵਾਹ ਤੁਹਾਨੂੰ ਸੰਭਾਲੇਗਾ
7 ਪਰ ਜੇ ਤੁਸੀਂ ਬੀਮਾਰ ਹੋ, ਤਾਂ ਤੁਸੀਂ ਪੱਕਾ ਭਰੋਸਾ ਰੱਖ ਸਕਦੇ ਹੋ ਕਿ ਯਹੋਵਾਹ ਤੁਹਾਨੂੰ ਦਿਲਾਸਾ ਦੇਵੇਗਾ ਅਤੇ ਤੁਹਾਡੀ ਸਹਾਇਤਾ ਕਰੇਗਾ, ਜਿੱਦਾਂ ਉਸ ਨੇ ਪੁਰਾਣੇ ਸਮੇਂ ਵਿਚ ਆਪਣੇ ਸੇਵਕਾਂ ਨਾਲ ਕੀਤਾ ਸੀ। ਰਾਜਾ ਦਾਊਦ ਨੇ ਲਿਖਿਆ: “ਧੰਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾਹ ਉਹ ਨੂੰ ਬੁਰਿਆਈ ਦੇ ਵੇਲੇ ਛੁਡਾਵੇਗਾ। ਯਹੋਵਾਹ ਉਹ ਦੀ ਪਾਲਨਾ ਕਰੇਗਾ ਅਤੇ ਉਹ ਨੂੰ ਜੀਉਂਦਿਆਂ ਰੱਖੇਗਾ।” (ਜ਼ਬੂ. 41:1, 2) ਪਰ ਦਾਊਦ ਦੇ ਕਹਿਣ ਦਾ ਇਹ ਮਤਲਬ ਨਹੀਂ ਸੀ ਕਿ ਜਿਹੜਾ ਗ਼ਰੀਬ ਦੀ ਸੁੱਧ ਲੈਂਦਾ ਹੈ ਉਹ ਕਦੀ ਨਹੀਂ ਮਰੇਗਾ। ਸੋ ਯਹੋਵਾਹ ਗ਼ਰੀਬ ਦੀ ਸੁੱਧ ਲੈਣ ਵਾਲੇ ਵਿਅਕਤੀ ਦੀ ਕਿਵੇਂ ਮਦਦ ਕਰੇਗਾ? ਦਾਊਦ ਨੇ ਸਮਝਾਇਆ: “ਯਹੋਵਾਹ ਉਹ ਦੀ ਮਾਂਦਗੀ ਦੇ ਮੰਜੇ ਉੱਤੇ ਉਹ ਨੂੰ ਸੰਭਾਲੇਗਾ। ਤੂੰ ਉਹ ਦੀ ਬਿਮਾਰੀ ਦੇ ਵੇਲੇ ਉਹ ਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਂਗਾ।” (ਜ਼ਬੂ. 41:3) ਯਹੋਵਾਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਉਸ ਦੇ ਸੇਵਕ ਕਿਹੜੇ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਉਹ ਉਨ੍ਹਾਂ ਨੂੰ ਕਦੀ ਨਹੀਂ ਭੁੱਲਦਾ। ਉਹ ਉਨ੍ਹਾਂ ਨੂੰ ਹਿੰਮਤ ਅਤੇ ਬੁੱਧ ਦੇ ਸਕਦਾ ਹੈ। ਨਾਲੇ ਯਹੋਵਾਹ ਨੇ ਇਨਸਾਨ ਦਾ ਸਰੀਰ ਇੱਦਾਂ ਦਾ ਬਣਾਇਆ ਹੈ ਕਿ ਉਹ ਆਪਣੇ ਆਪ ਹੀ ਠੀਕ ਹੋ ਸਕਦਾ ਹੈ।
ਯਹੋਵਾਹ ਵਾਂਗ ਹਮਦਰਦ ਬਣੋ
17 ਹਮਦਰਦੀ ਦਿਖਾਉਣ ਨਾਲ ਸਾਡਾ ਭਲਾ ਹੁੰਦਾ ਹੈ। ਪਰ ਹਮਦਰਦੀ ਦਿਖਾਉਣ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਸੀਂ ਯਹੋਵਾਹ ਦੀ ਰੀਸ ਅਤੇ ਮਹਿਮਾ ਕਰਨੀ ਚਾਹੁੰਦੇ ਹਾਂ। ਉਹ ਹੀ ਪਿਆਰ ਅਤੇ ਹਮਦਰਦੀ ਦਾ ਸੋਮਾ ਹੈ। (ਕਹਾ. 14:31) ਉਹ ਸਾਡੇ ਲਈ ਸਭ ਤੋਂ ਉੱਤਮ ਮਿਸਾਲ ਹੈ। ਆਓ ਆਪਾਂ ਹਮਦਰਦੀ ਦਿਖਾ ਕੇ ਉਸ ਦੀ ਰੀਸ ਕਰਨ ਦੀ ਪੂਰੀ ਕੋਸ਼ਿਸ਼ ਕਰੀਏ। ਇਸ ਤਰ੍ਹਾਂ ਕਰਨ ਨਾਲ ਅਸੀਂ ਆਪਣੇ ਭੈਣਾਂ-ਭਰਾਵਾਂ ਦੇ ਹੋਰ ਨੇੜੇ ਜਾਵਾਂਗੇ ਅਤੇ ਆਪਣੇ ਗੁਆਂਢੀਆਂ ਨਾਲ ਵੀ ਵਧੀਆ ਰਿਸ਼ਤਾ ਬਣਾਈ ਰੱਖ ਸਕਾਂਗੇ।—ਗਲਾ. 6:10; 1 ਯੂਹੰ. 4:16.
ਹੀਰੇ-ਮੋਤੀ
it-2 16
ਯਹੋਵਾਹ
ਬਾਈਬਲ ਦਾ ਮੁੱਖ ਸੰਦੇਸ਼ ਹੈ ਕਿ ਯਹੋਵਾਹ ਦਾ ਰਾਜ ਕਰਨ ਦਾ ਹੱਕ ਹੀ ਸਹੀ ਹੈ ਅਤੇ ਆਪਣੇ ਨਾਂ ਨੂੰ ਪਵਿੱਤਰ ਕਰਨਾ ਉਸ ਦਾ ਖ਼ਾਸ ਮਕਸਦ ਹੈ। ਇਸ ਤਰ੍ਹਾਂ ਕਰਨ ਲਈ ਜ਼ਰੂਰੀ ਹੈ ਕਿ ਪਰਮੇਸ਼ੁਰ ਦੇ ਨਾਂ ʼਤੇ ਲੱਗੇ ਸਾਰੇ ਦੋਸ਼ ਮਿਟਾਏ ਜਾਣ। ਨਾਲੇ ਇਹ ਵੀ ਬਹੁਤ ਜ਼ਰੂਰੀ ਹੈ ਕਿ ਸਾਰੇ ਦੂਤ ਅਤੇ ਇਨਸਾਨ ਯਹੋਵਾਹ ਦਾ ਆਦਰ ਕਰਨ ਅਤੇ ਉਸ ਨੂੰ ਪੂਰੇ ਜਹਾਨ ਦਾ ਮਾਲਕ ਮੰਨਣ। ਯਹੋਵਾਹ ਨੂੰ ਪਿਆਰ ਕਰਨ ਕਰਕੇ ਉਨ੍ਹਾਂ ਨੂੰ ਖ਼ੁਸ਼ੀ-ਖ਼ੁਸ਼ੀ ਉਸ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਦਿਲੋਂ ਉਸ ਦੀ ਇੱਛਾ ਪੂਰੀ ਕਰਨੀ ਚਾਹੀਦੀ ਹੈ। ਇਹੀ ਗੱਲ ਦਾਊਦ ਨੇ ਜ਼ਬੂਰ 40:5-10 ਵਿਚ ਦਰਜ ਆਪਣੀ ਪ੍ਰਾਰਥਨਾ ਵਿਚ ਬਹੁਤ ਹੀ ਸੋਹਣੇ ਤਰੀਕੇ ਨਾਲ ਦੱਸੀ। ਉਸ ਨੇ ਇਹ ਵੀ ਦੱਸਿਆ ਕਿ ਅਸੀਂ ਯਹੋਵਾਹ ਦਾ ਨਾਂ ਕਿਵੇਂ ਪਵਿੱਤਰ ਕਰ ਸਕਦੇ ਹਾਂ। (ਧਿਆਨ ਦਿਓ ਕਿ ਇਬਰਾਨੀਆਂ 10:5-10 ਮੁਤਾਬਕ ਇਸ ਜ਼ਬੂਰ ਵਿਚ ਲਿਖੀਆਂ ਕੁਝ ਗੱਲਾਂ ਮਸੀਹ ਯਿਸੂ ʼਤੇ ਕਿੱਦਾਂ ਲਾਗੂ ਹੁੰਦੀਆਂ ਹਨ।)
27 ਮਈ–2 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 42-44
ਯਹੋਵਾਹ ਵੱਲੋਂ ਮਿਲਦੀ ਸਿਖਲਾਈ ਦਾ ਫ਼ਾਇਦਾ ਲਓ
ਜ਼ਬੂਰਾਂ ਦੀ ਪੋਥੀ ਦੇ ਦੂਜੇ ਭਾਗ ਦੇ ਕੁਝ ਖ਼ਾਸ ਨੁਕਤੇ
42:4, 5, 11; 43:3-5. ਜੇਕਰ ਕਿਸੇ ਜਾਇਜ਼ ਕਾਰਨ ਕਰਕੇ ਅਸੀਂ ਮਸੀਹੀ ਮੀਟਿੰਗਾਂ ਵਿਚ ਨਹੀਂ ਜਾ ਪਾ ਰਹੇ ਹਾਂ, ਤਾਂ ਅਸੀਂ ਉਨ੍ਹਾਂ ਸਮਿਆਂ ਨੂੰ ਯਾਦ ਕਰ ਕੇ ਹੌਸਲਾ ਪਾ ਸਕਦੇ ਹਾਂ ਜਦੋਂ ਅਸੀਂ ਸਭਾਵਾਂ ਵਿਚ ਜਾ ਕੇ ਭੈਣਾਂ-ਭਰਾਵਾਂ ਦੀ ਸੰਗਤ ਦਾ ਆਨੰਦ ਮਾਣਦੇ ਸੀ। ਭਾਵੇਂ ਪਹਿਲਾਂ-ਪਹਿਲ ਇਹ ਯਾਦਾਂ ਸਾਡੇ ਦਿਲ ਨੂੰ ਦੁਖਾਉਣ, ਪਰ ਫਿਰ ਸਾਨੂੰ ਚੇਤੇ ਰਹੇਗਾ ਕਿ ਯਹੋਵਾਹ ਸਾਡੀ ਪਨਾਹ ਹੈ ਤੇ ਸਾਨੂੰ ਉਸ ਤੇ ਆਸ ਰੱਖਣ ਦੀ ਲੋੜ ਹੈ।
ਸਟੱਡੀ ਨੂੰ ਹੋਰ ਮਜ਼ੇਦਾਰ ਤੇ ਲਾਹੇਵੰਦ ਬਣਾਓ
1 ਪ੍ਰਾਰਥਨਾ ਕਰੋ: ਪਹਿਲੀ ਗੱਲ ਹੈ ਪ੍ਰਾਰਥਨਾ ਕਰਨੀ। (ਜ਼ਬੂ. 42:8) ਇਹ ਕਿਉਂ ਜ਼ਰੂਰੀ ਹੈ? ਪਰਮੇਸ਼ੁਰ ਦੇ ਬਚਨ ਦੀ ਸਟੱਡੀ ਭਗਤੀ ਦਾ ਹਿੱਸਾ ਹੈ। ਇਸ ਲਈ ਸਾਨੂੰ ਸਟੱਡੀ ਕਰਨ ਲਈ ਆਪਣਾ ਮਨ ਤਿਆਰ ਕਰਨ ਦੀ ਲੋੜ ਹੈ ਜਿਸ ਕਰਕੇ ਸਾਨੂੰ ਯਹੋਵਾਹ ਕੋਲੋਂ ਮਦਦ ਤੇ ਪਵਿੱਤਰ ਸ਼ਕਤੀ ਮੰਗਣੀ ਚਾਹੀਦੀ ਹੈ। (ਲੂਕਾ 11:13) ਲੰਬੇ ਸਮੇਂ ਤੋਂ ਮਿਸ਼ਨਰੀ ਸੇਵਾ ਕਰ ਰਹੀ ਭੈਣ ਬਾਰਬਰਾ ਦੱਸਦੀ ਹੈ: “ਬਾਈਬਲ ਪੜ੍ਹਨ ਜਾਂ ਇਸ ਦੀ ਸਟੱਡੀ ਕਰਨ ਤੋਂ ਪਹਿਲਾਂ ਮੈਂ ਹਮੇਸ਼ਾ ਪ੍ਰਾਰਥਨਾ ਕਰਦੀ ਹਾਂ। ਪ੍ਰਾਰਥਨਾ ਕਰਨ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਯਹੋਵਾਹ ਮੇਰੇ ਨਾਲ ਹੈ ਤੇ ਮੈਂ ਜੋ ਵੀ ਸਟੱਡੀ ਕਰਦੀ ਹਾਂ ਯਹੋਵਾਹ ਉਸ ਤੋਂ ਖ਼ੁਸ਼ ਹੈ।” ਸਟੱਡੀ ਤੋਂ ਪਹਿਲਾਂ ਪ੍ਰਾਰਥਨਾ ਕਰਨ ਨਾਲ ਸਾਡਾ ਮਨ ਤੇ ਦਿਲ ਸੱਚਾਈ ਦੀਆਂ ਗੱਲਾਂ ਨੂੰ ਸਵੀਕਾਰ ਕਰਨ ਲਈ ਤਿਆਰ ਹੋ ਜਾਂਦਾ ਹੈ।
“ਤੇਰੇ ਹੱਥ ਢਿੱਲੇ ਨਾ ਪੈ ਜਾਣ”
11 ਯਹੋਵਾਹ ਸਾਨੂੰ ਮਸੀਹੀ ਸਭਾਵਾਂ, ਸੰਮੇਲਨਾਂ ਅਤੇ ਸੰਗਠਨ ਵੱਲੋਂ ਚਲਾਏ ਜਾਂਦੇ ਵੱਖੋ-ਵੱਖਰੇ ਸਕੂਲਾਂ ਰਾਹੀਂ ਸਿੱਖਿਆ ਦੇ ਕੇ ਤਕੜਾ ਕਰਦਾ ਹੈ। ਉਸ ਸਿੱਖਿਆ ਦੀ ਮਦਦ ਨਾਲ ਅਸੀਂ ਪਰਮੇਸ਼ੁਰ ਦੀ ਸੇਵਾ ਪੂਰੇ ਦਿਲ ਨਾਲ ਕਰ ਸਕਦੇ ਹਾਂ ਅਤੇ ਉਸ ਦੀ ਸੇਵਾ ਵਿਚ ਟੀਚੇ ਰੱਖ ਸਕਦੇ ਹਾਂ। ਨਾਲੇ ਉਸ ਦੀ ਸੇਵਾ ਵਿਚ ਮਿਲਦੀਆਂ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਸਕਦੇ ਹਾਂ। (ਜ਼ਬੂ. 119:33) ਕੀ ਤੁਸੀਂ ਇਹ ਸਿੱਖਿਆ ਲੈਣੀ ਚਾਹੁੰਦੇ ਹੋ ਜਿਸ ਤੋਂ ਤੁਹਾਨੂੰ ਹਿੰਮਤ ਮਿਲ ਸਕਦੀ ਹੈ?
12 ਅਮਾਲੇਕੀਆਂ ਅਤੇ ਕੂਸ਼ੀਆਂ ਨੂੰ ਹਰਾਉਣ ਵਿਚ ਯਹੋਵਾਹ ਨੇ ਇਜ਼ਰਾਈਲੀਆਂ ਦੀ ਮਦਦ ਕੀਤੀ। ਨਾਲੇ ਉਸ ਨੇ ਨਹਮਯਾਹ ਅਤੇ ਉਸ ਦੇ ਭਰਾਵਾਂ ਨੂੰ ਸ਼ਹਿਰ ਦੀਆਂ ਕੰਧਾਂ ਅਤੇ ਮੰਦਰ ਬਣਾਉਣ ਵਿਚ ਵੀ ਮਦਦ ਕੀਤੀ। ਉਸੇ ਤਰ੍ਹਾਂ ਪਰਮੇਸ਼ੁਰ ਸਾਨੂੰ ਹਿੰਮਤ ਦੇਵੇਗਾ ਤਾਂਕਿ ਵਿਰੋਧਤਾ, ਚਿੰਤਾਵਾਂ ਅਤੇ ਲੋਕਾਂ ਦੇ ਰੁਚੀ ਨਾ ਲੈਣ ਦੇ ਬਾਵਜੂਦ ਵੀ ਅਸੀਂ ਪ੍ਰਚਾਰ ਕਰਦੇ ਰਹੀਏ। (1 ਪਤ. 5:10) ਅਸੀਂ ਯਹੋਵਾਹ ਤੋਂ ਚਮਤਕਾਰ ਦੀ ਉਮੀਦ ਨਹੀਂ ਰੱਖਦੇ। ਇਸ ਦੀ ਬਜਾਇ, ਸਾਨੂੰ ਆਪਣੇ ਵੱਲੋਂ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਇਸ ਵਿਚ ਰੋਜ਼ ਬਾਈਬਲ ਪੜ੍ਹਨੀ, ਹਰ ਹਫ਼ਤੇ ਮੀਟਿੰਗਾਂ ਦੀ ਤਿਆਰੀ ਕਰਨੀ ਤੇ ਇਨ੍ਹਾਂ ਵਿਚ ਹਾਜ਼ਰ ਹੋਣਾ, ਆਪਣੀ ਤੇ ਪਰਿਵਾਰਕ ਸਟੱਡੀ ਕਰਨੀ ਅਤੇ ਪ੍ਰਾਰਥਨਾ ਰਾਹੀਂ ਹਮੇਸ਼ਾ ਯਹੋਵਾਹ ʼਤੇ ਭਰੋਸਾ ਰੱਖਣਾ ਸ਼ਾਮਲ ਹੈ। ਆਓ ਆਪਾਂ ਕਦੇ ਵੀ ਕਿਸੇ ਚੀਜ਼ ਨੂੰ ਉਨ੍ਹਾਂ ਗੱਲਾਂ ਤੋਂ ਆਪਣਾ ਧਿਆਨ ਨਾ ਭਟਕਾਉਣ ਦੇਈਏ ਜਿਨ੍ਹਾਂ ਰਾਹੀਂ ਯਹੋਵਾਹ ਸਾਨੂੰ ਤਾਕਤ ਅਤੇ ਹੱਲਾਸ਼ੇਰੀ ਦਿੰਦਾ ਹੈ। ਜੇ ਤੁਹਾਨੂੰ ਲੱਗਦਾ ਹੈ ਕਿ ਇਨ੍ਹਾਂ ਵਿੱਚੋਂ ਕਿਸੇ ਇਕ ਮਾਮਲੇ ਵਿਚ ਤੁਹਾਡੇ ਹੱਥ ਢਿੱਲੇ ਪੈ ਚੁੱਕੇ ਹਨ, ਤਾਂ ਪਰਮੇਸ਼ੁਰ ਤੋਂ ਮਦਦ ਮੰਗੋ। ਫਿਰ ਤੁਸੀਂ ਦੇਖੋਗੇ ਕਿ ਉਸ ਦੀ ਪਵਿੱਤਰ ਸ਼ਕਤੀ ਕਿੱਦਾਂ ‘ਤੁਹਾਨੂੰ ਤਕੜਾ ਕਰਦੀ ਹੈ ਅਤੇ ਤੁਹਾਡੇ ਵਿਚ ਕੰਮ ਕਰਨ ਦੀ ਇੱਛਾ ਪੈਦਾ ਕਰਦੀ ਹੈ ਅਤੇ ਤੁਹਾਨੂੰ ਕੰਮ ਕਰਨ ਦੀ ਤਾਕਤ ਬਖ਼ਸ਼ਦੀ ਹੈ।’ (ਫ਼ਿਲਿ. 2:13) ਪਰ ਤੁਸੀਂ ਦੂਜਿਆਂ ਦੇ ਹੱਥ ਤਕੜੇ ਕਰਨ ਲਈ ਕੀ ਕਰ ਸਕਦੇ ਹੋ?
ਹੀਰੇ-ਮੋਤੀ
it-1 1242
ਗਿੱਦੜ
ਬਾਈਬਲ ਵਿਚ ਕਈ ਵਾਰ ਕਿਸੇ ਦੀ ਤੁਲਨਾ ਗਿੱਦੜ ਨਾਲ ਕੀਤੀ ਗਈ ਹੈ ਜਾਂ ਕੁਝ ਸਮਝਾਉਣ ਲਈ ਉਸ ਦੀ ਉਦਾਹਰਣ ਦਿੱਤੀ ਗਈ ਹੈ। ਆਪਣੀ ਦੁਖਦਾਈ ਹਾਲਤ ਬਾਰੇ ਦੱਸਦਿਆਂ ਅੱਯੂਬ ਨੇ ਕਿਹਾ ਕਿ ਉਹ “ਗਿੱਦੜਾਂ ਦਾ ਭਰਾ” ਬਣ ਗਿਆ ਹੈ। (ਅੱਯੂ 30:29) ਇਕ ਵਾਰ ਜਦੋਂ ਯੁੱਧ ਵਿਚ ਪਰਮੇਸ਼ੁਰ ਦੇ ਲੋਕ ਬੁਰੀ ਤਰ੍ਹਾਂ ਹਾਰ ਗਏ, ਤਾਂ ਜ਼ਬੂਰ ਦੇ ਇਕ ਲਿਖਾਰੀ ਨੇ ਸੋਗ ਮਨਾਉਂਦਿਆਂ ਕਿਹਾ ਕਿ “ਤੂੰ ਸਾਨੂੰ ਛੱਡ ਦਿੱਤਾ ਹੈ ਤਾਂਕਿ ਅਸੀਂ ਹਾਰ ਜਾਈਏ ਅਤੇ ਗਿੱਦੜਾਂ ਦਾ ਭੋਜਨ ਬਣ ਜਾਈਏ।” (ਜ਼ਬੂ 44:19) ਇਹ ਲਿਖਾਰੀ ਸ਼ਾਇਦ ਜੰਗ ਦੇ ਮੈਦਾਨ ਦੀ ਗੱਲ ਕਰ ਰਿਹਾ ਸੀ ਜਿੱਥੇ ਅਕਸਰ ਗਿੱਦੜ ਲਾਸ਼ਾਂ ਖਾਣ ਆਉਂਦੇ ਸਨ। (ਜ਼ਬੂ 68:23 ਵਿਚ ਨੁਕਤਾ ਦੇਖੋ।) 607 ਈਸਵੀ ਪੂਰਬ ਵਿਚ ਜਦੋਂ ਬਾਬਲੀਆਂ ਨੇ ਯਰੂਸ਼ਲਮ ਦੀ ਘੇਰਾਬੰਦੀ ਕੀਤੀ, ਤਾਂ ਪੂਰੇ ਸ਼ਹਿਰ ਵਿਚ ਕਾਲ਼ ਪੈ ਗਿਆ। ਭੁੱਖੀਆਂ ਹੋਣ ਕਰਕੇ ਮਾਵਾਂ ਇੰਨੀਆਂ ਬੇਰਹਿਮ ਹੋ ਗਈਆਂ ਸਨ ਕਿ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਹੀ ਖਾਹ ਲਿਆ। ਇਹ ਦੇਖ ਕੇ ਯਿਰਮਿਯਾਹ ਨੇ ਕਿਹਾ ਕਿ ‘ਉਸ ਦੇ ਲੋਕਾਂ’ ਨਾਲੋਂ ਤਾਂ ਚੰਗੀਆਂ ਗਿਦੜੀਆਂ ਹਨ ਜੋ ਆਪਣੇ ਬੱਚਿਆਂ ਦੀ ਦੇਖ-ਭਾਲ ਕਰਦੀਆਂ ਹਨ।—ਵਿਰ 4:3, 10.
3-9 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 45-47
ਰਾਜੇ ਦੇ ਵਿਆਹ ਬਾਰੇ ਇਕ ਗੀਤ
ਲੇਲੇ ਦੇ ਵਿਆਹ ਦੀਆਂ ਖ਼ੁਸ਼ੀਆਂ ਮਨਾਓ!
8 ਜ਼ਬੂਰਾਂ ਦੀ ਪੋਥੀ 45:13, 14ੳ ਪੜ੍ਹੋ। ਲਾੜੀ ਆਪਣੇ ਸ਼ਾਹੀ ਵਿਆਹ ਵਿਚ ‘ਲਾੜੇ ਲਈ ਸ਼ਿੰਗਾਰੀ ਹੋਈ ਹੈ’ ਅਤੇ “ਸੁੰਦਰਤਾ ਦੀ ਮੂਰਤ” ਲੱਗਦੀ ਹੈ। (ਭਜਨ 45:13, CL) ਪ੍ਰਕਾਸ਼ ਦੀ ਕਿਤਾਬ 21:2 ਵਿਚ ਲਾੜੀ ਦੀ ਤੁਲਨਾ ਨਵੇਂ ਯਰੂਸ਼ਲਮ ਨਾਲ ਕੀਤੀ ਗਈ ਹੈ। ਇਹ ਸ਼ਹਿਰ ਸਵਰਗ ਵਿਚ “ਪਰਮੇਸ਼ੁਰ ਦੀ ਮਹਿਮਾ ਨਾਲ ਭਰਿਆ ਹੋਇਆ” ਹੈ ਅਤੇ “ਬਲੌਰ ਵਾਂਗ ਲਿਸ਼ਕਦੇ ਬੇਸ਼ਕੀਮਤੀ ਪੱਥਰ ਯਸ਼ਬ ਵਾਂਗ ਚਮਕ ਰਿਹਾ” ਹੈ। (ਪ੍ਰਕਾ. 21:10, 11) ਪ੍ਰਕਾਸ਼ ਦੀ ਕਿਤਾਬ ਵਿਚ ਨਵੇਂ ਯਰੂਸ਼ਲਮ ਦੀ ਸ਼ਾਨੋ-ਸ਼ੌਕਤ ਬਾਰੇ ਬਹੁਤ ਸੋਹਣੀ ਤਰ੍ਹਾਂ ਸਮਝਾਇਆ ਗਿਆ ਹੈ। (ਪ੍ਰਕਾ. 21:18-21) ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਜ਼ਬੂਰਾਂ ਦੇ ਲਿਖਾਰੀ ਨੇ ਲਾੜੀ ਨੂੰ “ਸੁੰਦਰਤਾ ਦੀ ਮੂਰਤ” ਕਿਹਾ! ਆਖ਼ਰਕਾਰ ਇਹ ਸ਼ਾਹੀ ਵਿਆਹ ਸਵਰਗ ਵਿਚ ਹੋ ਰਿਹਾ ਹੈ।
9 ਲਾੜੀ ਨੂੰ ਆਪਣੇ ਲਾੜੇ ਯਾਨੀ ਚੁਣੇ ਹੋਏ ਪਾਤਸ਼ਾਹ ਯਿਸੂ ਮਸੀਹ ਕੋਲ ਲਿਆਇਆ ਜਾਂਦਾ ਹੈ। ਇਹ ਰਾਜਾ ਉਸ ਨੂੰ ਕਿਵੇਂ ਤਿਆਰ ਕਰਦਾ ਆਇਆ ਹੈ? ਉਹ ਲਾੜੀ ਨੂੰ ‘ਪਰਮੇਸ਼ੁਰ ਦੇ ਬਚਨ ਦੇ ਪਾਣੀ ਨਾਲ ਧੋ ਕੇ ਪਵਿੱਤਰ ਕਰਦਾ ਆਇਆ ਹੈ ਤਾਂਕਿ ਉਹ ਪਵਿੱਤਰ ਅਤੇ ਬੇਦਾਗ਼ ਹੋਵੇ।’ (ਅਫ਼. 5:26, 27) ਨਾਲੇ ਜ਼ਰੂਰੀ ਹੈ ਕਿ ਉਸ ਦੀ ਲਾੜੀ ਨੇ ਵਿਆਹ ਵਿਚ ਸੋਹਣਾ ਲਿਬਾਸ ਪਾਇਆ ਹੋਵੇ। ਜੀ ਹਾਂ, ਬਾਈਬਲ ਦੱਸਦੀ ਹੈ ਕਿ ਲਾੜੀ ਦਾ “ਲਿਬਾਸ ਸੁਨਹਿਰੀ ਕਸੀਦੇ ਦਾ ਹੈ” ਅਤੇ ‘ਉਹ ਬੂਟੇ ਕੱਢੇ ਹੋਏ ਪਹਿਰਾਵੇ ਪਹਿਨੀ ਪਾਤਸ਼ਾਹ ਕੋਲ ਪਹੁੰਚਾਈ ਜਾਂਦੀ ਹੈ।’ ਲੇਲੇ ਦੇ ਵਿਆਹ ਲਈ “ਲਾੜੀ ਨੂੰ ਚਮਕਦੇ ਤੇ ਸਾਫ਼ ਮਲਮਲ ਦੇ ਕੱਪੜੇ ਪਾਉਣ ਦਾ ਮਾਣ ਬਖ਼ਸ਼ਿਆ ਗਿਆ ਹੈ। ਵਧੀਆ ਮਲਮਲ ਪਵਿੱਤਰ ਸੇਵਕਾਂ ਦੇ ਸਹੀ ਕੰਮਾਂ ਨੂੰ ਦਰਸਾਉਂਦੀ ਹੈ।”—ਪ੍ਰਕਾ. 19:8.
ਪ੍ਰਕਾਸ਼ ਦੀ ਕਿਤਾਬ—ਇਹ ਤੁਹਾਡੇ ਭਵਿੱਖ ਬਾਰੇ ਕੀ ਦੱਸਦੀ ਹੈ?
10 ਆਪਣੇ ਲੋਕਾਂ ਉੱਤੇ ਹਮਲਾ ਹੋਣ ਤੇ ਯਹੋਵਾਹ ਕੀ ਕਰੇਗਾ? ਉਹ ਕਹਿੰਦਾ ਹੈ: “ਮੇਰੇ ਡਾਢੇ ਗੁੱਸੇ ਦੀ ਅੱਗ ਭੜਕ ਉੱਠੇਗੀ।” (ਹਿਜ਼. 38:18, 21-23) ਪ੍ਰਕਾਸ਼ ਦੀ ਕਿਤਾਬ ਦੇ ਅਧਿਆਇ 19 ਵਿਚ ਦੱਸਿਆ ਗਿਆ ਹੈ ਕਿ ਉਹ ਆਪਣੇ ਲੋਕਾਂ ਨੂੰ ਬਚਾਉਣ ਅਤੇ ਦੁਸ਼ਮਣਾਂ ਦਾ ਨਾਸ਼ ਕਰਨ ਲਈ ਆਪਣੇ ਪੁੱਤਰ ਯਿਸੂ ਨੂੰ ਭੇਜੇਗਾ। ਉਸ ਨਾਲ “ਸਵਰਗ ਦੀਆਂ ਫ਼ੌਜਾਂ” ਯਾਨੀ ਵਫ਼ਾਦਾਰ ਦੂਤ ਅਤੇ 1,44,000 ਜਣੇ ਵੀ ਹੋਣਗੇ। (ਪ੍ਰਕਾ. 17:14; 19:11-15) ਇਸ ਯੁੱਧ ਦਾ ਕੀ ਨਤੀਜਾ ਨਿਕਲੇਗਾ? ਯਹੋਵਾਹ ਦੇ ਵਿਰੁੱਧ ਖੜ੍ਹਨ ਵਾਲੇ ਸਾਰੇ ਲੋਕਾਂ ਅਤੇ ਸੰਗਠਨਾਂ ਦਾ ਨਾਸ਼ ਕਰ ਦਿੱਤਾ ਜਾਵੇਗਾ।—ਪ੍ਰਕਾਸ਼ ਦੀ ਕਿਤਾਬ 19:19-21 ਪੜ੍ਹੋ।
11 ਜ਼ਰਾ ਸੋਚੋ ਕਿ ਪਰਮੇਸ਼ੁਰ ਦੇ ਦੁਸ਼ਮਣਾਂ ਦਾ ਪੂਰੀ ਤਰ੍ਹਾਂ ਨਾਸ਼ ਹੋਣ ਤੋਂ ਬਾਅਦ ਧਰਤੀ ਉੱਤੇ ਵਫ਼ਾਦਾਰ ਲੋਕਾਂ ਨੂੰ ਕਿੰਨੀ ਰਾਹਤ ਮਿਲੇਗੀ! ਉਸ ਵੇਲੇ ਪੂਰੀ ਧਰਤੀ ਖ਼ੁਸ਼ੀ ਨਾਲ ਝੂਮ ਉੱਠੇਗੀ! ਮਹਾਂ ਬਾਬਲ ਦਾ ਨਾਸ਼ ਹੋਣ ਕਰਕੇ ਸਵਰਗ ਵਿਚ ਖ਼ੁਸ਼ੀਆਂ ਮਨਾਈਆਂ ਜਾਣਗੀਆਂ, ਫਿਰ ਇਸ ਤੋਂ ਵੀ ਜ਼ਿਆਦਾ ਖ਼ੁਸ਼ੀ ਦਾ ਮੌਕਾ ਆਵੇਗਾ। (ਪ੍ਰਕਾ. 19:1-3) ਪ੍ਰਕਾਸ਼ ਦੀ ਕਿਤਾਬ ਦੇ ਅਖ਼ੀਰ ਵਿਚ ਦੱਸਿਆ ਗਿਆ ਹੈ ਕਿ “ਲੇਲੇ ਦਾ ਵਿਆਹ” ਹੋਵੇਗਾ।—ਪ੍ਰਕਾ. 19:6-9.
12 ਲੇਲੇ ਦਾ ਵਿਆਹ ਕਦੋਂ ਹੋਵੇਗਾ? ਆਰਮਾਗੇਡਨ ਦਾ ਯੁੱਧ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਸਾਰੇ 1,44,000 ਜਣੇ ਸਵਰਗ ਵਿਚ ਇਕੱਠੇ ਹੋ ਜਾਣਗੇ। ਪਰ ਵਿਆਹ ਉਦੋਂ ਨਹੀਂ ਹੋਵੇਗਾ। (ਪ੍ਰਕਾਸ਼ ਦੀ ਕਿਤਾਬ 21:1, 2 ਪੜ੍ਹੋ।) ਆਰਮਾਗੇਡਨ ਦੇ ਯੁੱਧ ਵਿਚ ਸਾਰੇ ਦੁਸ਼ਮਣਾਂ ਦੇ ਨਾਸ਼ ਤੋਂ ਬਾਅਦ ਲੇਲੇ ਦਾ ਵਿਆਹ ਹੋਵੇਗਾ।—ਜ਼ਬੂ. 45:3, 4, 13-17
it-2 1169
ਯੁੱਧ
ਇਸ ਯੁੱਧ ਤੋਂ ਬਾਅਦ ਧਰਤੀ ʼਤੇ ਹਜ਼ਾਰ ਸਾਲ ਲਈ ਸ਼ਾਂਤੀ ਰਹੇਗੀ। ਜ਼ਬੂਰ ਦੇ ਇਕ ਲਿਖਾਰੀ ਨੇ ਕਿਹਾ: “[ਯਹੋਵਾਹ] ਪੂਰੀ ਧਰਤੀ ਤੋਂ ਲੜਾਈਆਂ ਨੂੰ ਖ਼ਤਮ ਕਰ ਦਿੰਦਾ ਹੈ। ਉਹ ਧਣੁਖ ਨੂੰ ਭੰਨ ਸੁੱਟਦਾ ਅਤੇ ਬਰਛੇ ਦੇ ਟੋਟੇ-ਟੋਟੇ ਕਰ ਦਿੰਦਾ ਹੈ; ਉਹ ਯੁੱਧ ਦੇ ਰਥਾਂ ਨੂੰ ਅੱਗ ਨਾਲ ਸਾੜ ਸੁੱਟਦਾ ਹੈ।” (ਜ਼ਬੂ 46:8-10) ਇਹ ਭਵਿੱਖਬਾਣੀ ਇਕ ਵਾਰ ਉਦੋਂ ਪੂਰੀ ਹੋਈ ਜਦੋਂ ਪਰਮੇਸ਼ੁਰ ਇਜ਼ਰਾਈਲ ਦੇਸ਼ ਵਿਚ ਸ਼ਾਂਤੀ ਲਿਆਇਆ। ਉਦੋਂ ਉਸ ਨੇ ਇਸ ਤਰ੍ਹਾਂ ਕਰਨ ਲਈ ਇਜ਼ਰਾਈਲੀਆਂ ਦੇ ਦੁਸ਼ਮਣਾਂ ਦੇ ਯੁੱਧ ਦੇ ਸਾਰੇ ਹਥਿਆਰ ਨਾਸ਼ ਕਰ ਦਿੱਤੇ। ਇਹ ਭਵਿੱਖਬਾਣੀ ਇਕ ਵਾਰ ਹੋਰ ਪੂਰੀ ਹੋਵੇਗੀ। ਆਰਮਾਗੇਡਨ ਵਿਚ ਯਿਸੂ ਮਸੀਹ ਯੁੱਧ ਛੇੜਨ ਵਾਲਿਆਂ ਨੂੰ ਹਰਾ ਦੇਵੇਗਾ। ਇਸ ਤੋਂ ਬਾਅਦ ਪੂਰੀ ਧਰਤੀ ʼਤੇ ਹਮੇਸ਼ਾ ਲਈ ਸ਼ਾਂਤੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇਗੀ ਜੋ “ਆਪਣੀਆਂ ਤਲਵਾਰਾਂ ਨੂੰ ਕੁੱਟ ਕੇ ਹਲ਼ ਦੇ ਫਾਲੇ ਬਣਾਉਣਗੇ ਅਤੇ ਆਪਣੇ ਬਰਛਿਆਂ ਨੂੰ ਦਾਤ” ਤੇ ਉਹ “ਕਦੀ ਵੀ ਲੜਾਈ ਕਰਨੀ ਨਹੀਂ ਸਿੱਖਣਗੇ।” ਅਸੀਂ ਕਿਉਂ ਯਕੀਨ ਰੱਖ ਸਕਦੇ ਹਾਂ ਕਿ ਇਹ ਭਵਿੱਖਬਾਣੀ ਪੂਰੀ ਹੋਵੇਗੀ? “ਕਿਉਂਕਿ ਸੈਨਾਵਾਂ ਦੇ ਯਹੋਵਾਹ ਨੇ ਆਪਣੇ ਮੂੰਹੋਂ ਇਹ ਗੱਲ ਕਹੀ ਹੈ।”—ਯਸਾ 2:4; ਮੀਕਾ 4:3, 4.
ਹੀਰੇ-ਮੋਤੀ
ਪਰਮੇਸ਼ੁਰ ਦਾ ਰਾਜ ਆਉਣ ਤੇ ਕੀ ਨਹੀਂ ਰਹੇਗਾ?
9 ਭ੍ਰਿਸ਼ਟ ਸੰਗਠਨਾਂ ਦੀ ਜਗ੍ਹਾ ਕੀ ਹੋਵੇਗਾ? ਆਰਮਾਗੇਡਨ ਤੋਂ ਬਾਅਦ ਕੀ ਧਰਤੀ ʼਤੇ ਕੋਈ ਸੰਗਠਨ ਹੋਵੇਗਾ? ਬਾਈਬਲ ਕਹਿੰਦੀ ਹੈ: “ਪਰਮੇਸ਼ੁਰ ਦੇ ਵਾਅਦੇ ਮੁਤਾਬਕ ਅਸੀਂ ਨਵੇਂ ਆਕਾਸ਼ ਤੇ ਨਵੀਂ ਧਰਤੀ ਦੀ ਉਡੀਕ ਕਰ ਰਹੇ ਹਾਂ ਅਤੇ ਇਨ੍ਹਾਂ ਵਿਚ ਹਮੇਸ਼ਾ ਧਾਰਮਿਕਤਾ ਰਹੇਗੀ।” (2 ਪਤ. 3:13) ਪੁਰਾਣੇ ਆਕਾਸ਼ ਅਤੇ ਪੁਰਾਣੀ ਧਰਤੀ ਯਾਨੀ ਭ੍ਰਿਸ਼ਟ ਸਰਕਾਰਾਂ ਅਤੇ ਉਨ੍ਹਾਂ ਦੇ ਅਧੀਨ ਲੋਕ, ਨਾਸ਼ ਕੀਤੇ ਜਾਣਗੇ। ਉਨ੍ਹਾਂ ਦੀ ਜਗ੍ਹਾ ਕੌਣ ਹੋਣਗੇ? “ਨਵੇਂ ਆਕਾਸ਼ ਤੇ ਨਵੀਂ ਧਰਤੀ।” ਨਵੇਂ ਆਕਾਸ਼ ਨਵੀਂ ਸਰਕਾਰ ਨੂੰ ਦਰਸਾਉਂਦੇ ਹਨ ਜਿਸ ਵਿਚ ਯਿਸੂ ਮਸੀਹ ਨਾਲ 1,44,000 ਰਾਜ ਕਰਨਗੇ। ਨਵੀਂ ਧਰਤੀ ਪਰਮੇਸ਼ੁਰ ਦੇ ਅਧੀਨ ਲੋਕਾਂ ਨੂੰ ਦਰਸਾਉਂਦੀ ਹੈ। ਰਾਜ ਕਰਦਿਆਂ ਯਿਸੂ ਆਪਣੇ ਪਿਤਾ ਵਾਂਗ ਸਾਰੇ ਕੰਮ ਢੰਗ ਨਾਲ ਕਰੇਗਾ ਕਿਉਂਕਿ ਯਹੋਵਾਹ ਗੜਬੜੀ ਦਾ ਪਰਮੇਸ਼ੁਰ ਨਹੀਂ। (1 ਕੁਰਿੰ. 14:33) ਧਰਤੀ ਉੱਤੇ ਕੁਝ ਸਮਝਦਾਰ ਆਦਮੀ ਸਾਰੇ ਕੰਮ ਸੰਭਾਲਣਗੇ। (ਜ਼ਬੂ. 45:16) ਇਹ ਆਦਮੀ ਯਿਸੂ ਅਤੇ 1,44,000 ਦੀ ਅਗਵਾਈ ਅਧੀਨ ਕੰਮ ਕਰਨਗੇ। ਉਸ ਸਮੇਂ ਦੀ ਕਲਪਨਾ ਕਰੋ ਜਦੋਂ ਭ੍ਰਿਸ਼ਟ ਸੰਗਠਨਾਂ ਦੀ ਜਗ੍ਹਾ ਇੱਕੋ-ਇਕ ਸੰਗਠਨ ਹੋਵੇਗਾ, ਜਿਸ ਵਿਚ ਏਕਤਾ ਹੋਵੇਗੀ ਅਤੇ ਜਿਸ ਨੂੰ ਭ੍ਰਿਸ਼ਟ ਨਹੀਂ ਕੀਤਾ ਜਾ ਸਕੇਗਾ।
10-16 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 48-50
ਮਾਪਿਓ, ਆਪਣੇ ਬੱਚਿਆਂ ਨੂੰ ਯਹੋਵਾਹ ਦੇ ਸੰਗਠਨ ʼਤੇ ਭਰੋਸਾ ਕਰਨਾ ਸਿਖਾਓ
ਸੱਚੀ ਭਗਤੀ ਕਰ ਕੇ ਸਾਡੀ ਖ਼ੁਸ਼ੀ ਵਧਦੀ ਹੈ
11 ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰ ਕੇ ਅਤੇ ਆਪਣੇ ਬੱਚਿਆਂ ਨੂੰ ਯਹੋਵਾਹ ਬਾਰੇ ਸਿਖਾ ਕੇ ਅਸੀਂ ਉਸ ਦੀ ਭਗਤੀ ਕਰਦੇ ਹਾਂ। ਸਬਤ ਦੇ ਦਿਨ ਇਜ਼ਰਾਈਲੀ ਆਪਣੇ ਰੋਜ਼ਮੱਰਾ ਦੇ ਕੰਮ-ਧੰਦੇ ਨਹੀਂ ਕਰਦੇ ਸਨ, ਸਗੋਂ ਉਹ ਯਹੋਵਾਹ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰਦੇ ਸਨ। (ਕੂਚ 31:16, 17) ਵਫ਼ਾਦਾਰ ਇਜ਼ਰਾਈਲੀ ਆਪਣੇ ਬੱਚਿਆਂ ਨੂੰ ਯਹੋਵਾਹ ਅਤੇ ਉਸ ਦੇ ਭਲੇ ਕੰਮਾਂ ਬਾਰੇ ਸਿਖਾਉਂਦੇ ਸਨ। ਸਾਨੂੰ ਵੀ ਸਮਾਂ ਕੱਢ ਕੇ ਪਰਮੇਸ਼ੁਰ ਦੇ ਬਚਨ ਨੂੰ ਪੜ੍ਹਨਾ ਅਤੇ ਉਸ ਦਾ ਅਧਿਐਨ ਕਰਨਾ ਚਾਹੀਦਾ ਹੈ। ਇਸ ਨਾਲ ਅਸੀਂ ਉਸ ਦੇ ਹੋਰ ਨੇੜੇ ਜਾਂਦੇ ਹਾਂ। (ਜ਼ਬੂ. 73:28) ਜਦੋਂ ਅਸੀਂ ਆਪਣੇ ਪਰਿਵਾਰ ਨਾਲ ਮਿਲ ਕੇ ਪਰਮੇਸ਼ੁਰ ਦੇ ਬਚਨ ਦਾ ਅਧਿਐਨ ਕਰਦੇ ਹਾਂ, ਤਾਂ ਅਸੀਂ ਆਪਣੇ ਬੱਚਿਆ ਦੀ ਪਰਮੇਸ਼ੁਰ ਨਾਲ ਗੂੜ੍ਹਾ ਰਿਸ਼ਤਾ ਬਣਾਉਣ ਵਿਚ ਮਦਦ ਕਰਦੇ ਹਾਂ।—ਜ਼ਬੂਰ 48:13 ਪੜ੍ਹੋ।
ਤੁਹਾਡੇ ਕੋਲ ਖ਼ੁਸ਼ ਹੋਣ ਦਾ ਕਾਰਨ ਹੈ
“ਸੀਯੋਨ ਦੇ ਚੁਫੇਰੇ ਫਿਰੋ ਅਤੇ ਉਹ ਦੀ ਪਰਦੱਖਣਾ ਕਰੋ, ਉਹ ਦੇ ਬੁਰਜਾਂ ਨੂੰ ਗਿਣੋ। ਉਹ ਦੇ ਧੂੜਕੋਟ ਨੂੰ ਦਿਲ ਲਾ ਕੇ ਵੇਖੋ, ਉਹ ਦੇ ਮਹਿਲਾਂ ਦੇ ਵਿੱਚ ਦੀ ਲੰਘੋ ਭਈ ਤੁਸੀਂ ਆਉਣ ਵਾਲੀ ਪੀੜ੍ਹੀ ਨੂੰ ਦੱਸ ਸੱਕੋ।” (ਜ਼ਬੂ. 48:12, 13) ਜ਼ਬੂਰਾਂ ਦੇ ਲਿਖਾਰੀ ਨੇ ਇਸਰਾਏਲੀਆਂ ਨੂੰ ਯਰੂਸ਼ਲਮ ਨੂੰ ਨੇੜਿਓਂ ਦੇਖਣ ਦੀ ਤਾਕੀਦ ਕੀਤੀ। ਕੀ ਤੁਸੀਂ ਇਸਰਾਏਲੀ ਪਰਿਵਾਰਾਂ ਵੱਲੋਂ ਸਾਂਝੀਆਂ ਕੀਤੀਆਂ ਅਨਮੋਲ ਯਾਦਾਂ ਦੀ ਕਲਪਨਾ ਕਰ ਸਕਦੇ ਹੋ ਜੋ ਹਰ ਸਾਲ ਤਿਉਹਾਰ ਮਨਾਉਣ ਲਈ ਪਵਿੱਤਰ ਸ਼ਹਿਰ ਜਾਂਦੇ ਸਨ ਅਤੇ ਜਿਨ੍ਹਾਂ ਨੇ ਇਸ ਦਾ ਸ਼ਾਨਦਾਰ ਮੰਦਰ ਦੇਖਿਆ ਸੀ? ਉਹ ਇਸ ਬਾਰੇ ‘ਆਉਣ ਵਾਲੀ ਪੀੜ੍ਹੀ ਨੂੰ ਦੱਸਣ’ ਲਈ ਪ੍ਰੇਰਿਤ ਜ਼ਰੂਰ ਹੋਏ ਹੋਣੇ।
ਜ਼ਰਾ ਸ਼ਬਾ ਦੀ ਰਾਣੀ ਬਾਰੇ ਸੋਚੋ ਜਿਸ ਨੇ ਪਹਿਲਾਂ-ਪਹਿਲਾਂ ਸੁਲੇਮਾਨ ਦੇ ਸ਼ਾਨਦਾਰ ਸ਼ਾਸਨ ਅਤੇ ਕਮਾਲ ਦੀ ਬੁੱਧ ਬਾਰੇ ਰਿਪੋਰਟਾਂ ਉੱਤੇ ਵਿਸ਼ਵਾਸ ਨਹੀਂ ਕੀਤਾ। ਕਿਹੜੀ ਗੱਲ ਨੇ ਉਸ ਨੂੰ ਯਕੀਨ ਦਿਵਾਇਆ ਕਿ ਜੋ ਗੱਲਾਂ ਉਸ ਨੇ ਸੁਣੀਆਂ ਸਨ ਉਹ ਸੱਚੀਆਂ ਸਨ? ਉਸ ਨੇ ਕਿਹਾ: “ਮੈਂ ਜਦ ਤੀਕ ਆ ਕੇ ਆਪਣੀਆਂ ਅੱਖਾਂ ਨਾਲ ਨਾ ਵੇਖਿਆ ਉਨ੍ਹਾਂ ਦੀਆਂ ਗੱਲਾਂ ਉੱਤੇ ਪਰਤੀਤ ਨਾ ਕੀਤੀ।” (2 ਇਤ. 9:6) ਹਾਂ, ਅਸੀਂ “ਆਪਣੀਆਂ ਅੱਖਾਂ” ਨਾਲ ਜੋ ਦੇਖਦੇ ਹਾਂ, ਉਹ ਸਾਨੂੰ ਧੁਰ ਅੰਦਰ ਤਕ ਪ੍ਰਭਾਵਿਤ ਕਰ ਸਕਦਾ ਹੈ।
ਤੁਸੀਂ ਆਪਣੇ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹੋ ਤਾਂਕਿ ਉਹ “ਆਪਣੀਆਂ ਅੱਖਾਂ” ਨਾਲ ਯਹੋਵਾਹ ਦੇ ਸੰਗਠਨ ਦੇ ਅਜੂਬਿਆਂ ਨੂੰ ਦੇਖ ਸਕਣ? ਜੇ ਤੁਹਾਡੇ ਘਰ ਦੇ ਨੇੜੇ ਯਹੋਵਾਹ ਦੇ ਗਵਾਹਾਂ ਦਾ ਬ੍ਰਾਂਚ ਆਫ਼ਿਸ ਹੈ, ਤਾਂ ਇਸ ਨੂੰ ਦੇਖਣ ਜਾਓ। ਮਿਸਾਲ ਲਈ, ਮੈਂਡੀ ਅਤੇ ਬੇਥਨੀ ਆਪਣੇ ਦੇਸ਼ ਦੇ ਬੈਥਲ ਤੋਂ ਕੁਝ 1500 ਕਿਲੋਮੀਟਰ ਦੂਰ ਜੰਮੀਆਂ-ਪਲੀਆਂ ਸਨ। ਫਿਰ ਵੀ ਉਨ੍ਹਾਂ ਦੇ ਮਾਪੇ ਅਕਸਰ ਬੈਥਲ ਦੇਖਣ ਜਾਂਦੇ ਸਨ, ਖ਼ਾਸਕਰ ਜਦੋਂ ਉਨ੍ਹਾਂ ਦੀਆਂ ਧੀਆਂ ਛੋਟੀਆਂ-ਛੋਟੀਆਂ ਸਨ। ਉਹ ਕਹਿੰਦੀਆਂ ਹਨ, “ਬੈਥਲ ਦੇਖਣ ਜਾਣ ਤੋਂ ਪਹਿਲਾਂ ਅਸੀਂ ਸੋਚਦੀਆਂ ਸੀ ਕਿ ਇੱਥੇ ਸਖ਼ਤ ਅਨੁਸ਼ਾਸਨ ਦੀ ਪਾਲਣਾ ਕੀਤੀ ਜਾਂਦੀ ਸੀ ਅਤੇ ਇਹ ਜਗ੍ਹਾ ਸਿਰਫ਼ ਬਿਰਧ ਲੋਕਾਂ ਲਈ ਸੀ। ਪਰ ਅਸੀਂ ਉੱਥੇ ਨੌਜਵਾਨਾਂ ਨੂੰ ਮਿਲੀਆਂ ਜੋ ਯਹੋਵਾਹ ਲਈ ਸਖ਼ਤ ਮਿਹਨਤ ਕਰ ਰਹੇ ਸਨ ਅਤੇ ਉਹ ਆਪਣੇ ਕੰਮ ਤੋਂ ਬਹੁਤ ਖ਼ੁਸ਼ ਸਨ! ਅਸੀਂ ਦੇਖਿਆ ਕਿ ਯਹੋਵਾਹ ਦਾ ਸੰਗਠਨ ਕੋਈ ਛੋਟੀ ਮੋਟੀ ਜਗ੍ਹਾ ਨਹੀਂ ਸੀ ਜਿੱਥੇ ਅਸੀਂ ਰਹਿੰਦੇ ਸਾਂ, ਸਗੋਂ ਇਸ ਨਾਲੋਂ ਕਿਤੇ ਵੱਡਾ ਸੀ। ਜਿੰਨੀ ਵੀ ਵਾਰ ਅਸੀਂ ਬੈਥਲ ਦੇਖਣ ਗਏ, ਸਾਨੂੰ ਹਰ ਵਾਰ ਹੋਰ ਵੀ ਵਧ-ਚੜ੍ਹ ਕੇ ਯਹੋਵਾਹ ਦੀ ਸੇਵਾ ਕਰਨ ਦੀ ਪ੍ਰੇਰਣਾ ਮਿਲੀ।” ਪਰਮੇਸ਼ੁਰ ਦੇ ਸੰਗਠਨ ਨੂੰ ਨੇੜਿਓਂ ਦੇਖਣ ਨਾਲ ਮੈਂਡੀ ਅਤੇ ਬੇਥਨੀ ਨੂੰ ਪਾਇਨੀਅਰਿੰਗ ਸ਼ੁਰੂ ਕਰਨ ਦੀ ਹੱਲਾਸ਼ੇਰੀ ਮਿਲੀ ਅਤੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਬੈਥਲ ਵਿਚ ਸੇਵਾ ਕਰਨ ਦਾ ਸੱਦਾ ਵੀ ਮਿਲਿਆ।
ਰਾਜ ਦੇ ਨਾਗਰਿਕਾਂ ਵਾਂਗ ਪੇਸ਼ ਆਓ!
5 ਇਤਿਹਾਸ ਦੀ ਜਾਣਕਾਰੀ ਲਓ। ਜਿਹੜੇ ਲੋਕ ਕਿਸੇ ਦੇਸ਼ ਦੇ ਨਾਗਰਿਕ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਾਇਦ ਉਸ ਦੇਸ਼ ਦੇ ਇਤਿਹਾਸ ਦੀ ਜਾਣਕਾਰੀ ਲੈਣੀ ਪਵੇ। ਇਸੇ ਤਰ੍ਹਾਂ ਜਿਹੜੇ ਪਰਮੇਸ਼ੁਰ ਦੇ ਰਾਜ ਦੇ ਨਾਗਰਿਕ ਬਣਨਾ ਚਾਹੁੰਦੇ ਹਨ, ਉਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਬਾਰੇ ਸਿੱਖਣਾ ਚਾਹੀਦਾ ਹੈ। ਕੋਰਹ ਦੇ ਪੁੱਤਰਾਂ ਦੀ ਮਿਸਾਲ ʼਤੇ ਗੌਰ ਕਰੋ ਜੋ ਪ੍ਰਾਚੀਨ ਇਜ਼ਰਾਈਲ ਵਿਚ ਯਹੋਵਾਹ ਦੀ ਸੇਵਾ ਕਰਦੇ ਸਨ। ਉਨ੍ਹਾਂ ਨੂੰ ਯਰੂਸ਼ਲਮ ਸ਼ਹਿਰ ਅਤੇ ਉਸ ਦੇ ਧਾਰਮਿਕ ਸਥਾਨ ਦੇ ਇਤਿਹਾਸ ਦੀ ਜਾਣਕਾਰੀ ਲੈਣ ਤੇ ਇਸ ਬਾਰੇ ਦੂਸਰਿਆਂ ਨੂੰ ਦੱਸਣ ਵਿਚ ਦਿਲਚਸਪੀ ਸੀ। ਉਹ ਸਿਰਫ਼ ਸ਼ਹਿਰ ਦੀ ਸੁੰਦਰਤਾ ਕਰਕੇ ਹੀ ਜਾਣਕਾਰੀ ਨਹੀਂ ਲੈਂਦੇ ਸਨ, ਪਰ ਉਹ ਜਾਣਦੇ ਸਨ ਕਿ ਇਹ “ਮਹਾਰਾਜਾ [ਯਹੋਵਾਹ] ਦਾ ਸ਼ਹਿਰ” ਸੀ। ਇੱਥੇ ਧਾਰਮਿਕ ਸਥਾਨ ਵਿਚ ਆ ਕੇ ਲੋਕ ਯਹੋਵਾਹ ਦੇ ਕਾਨੂੰਨਾਂ ਬਾਰੇ ਸਿੱਖਦੇ ਸਨ ਤੇ ਉਸ ਦੀ ਭਗਤੀ ਕਰਦੇ ਸਨ। ਯਰੂਸ਼ਲਮ ਤੋਂ ਰਾਜਾ ਜਿਨ੍ਹਾਂ ਲੋਕਾਂ ʼਤੇ ਰਾਜ ਕਰਦਾ ਸੀ, ਉਨ੍ਹਾਂ ʼਤੇ ਪਰਮੇਸ਼ੁਰ ਦੀ ਮਿਹਰ ਸੀ। (ਜ਼ਬੂਰਾਂ ਦੀ ਪੋਥੀ 48:1, 2, 9, 12, 13 ਪੜ੍ਹੋ।) ਉਨ੍ਹਾਂ ਵਾਂਗ ਕੀ ਅਸੀਂ ਵੀ ਪਰਮੇਸ਼ੁਰ ਦੀ ਸੰਸਥਾ ਦੇ ਇਤਿਹਾਸ ਬਾਰੇ ਜਾਣਨ ਤੇ ਦੂਸਰਿਆਂ ਨੂੰ ਦੱਸਣ ਵਿਚ ਦਿਲਚਸਪੀ ਲੈਂਦੇ ਹਾਂ? ਅਸੀਂ ਪਰਮੇਸ਼ੁਰ ਦੀ ਸੰਸਥਾ ਬਾਰੇ ਜਿੰਨਾ ਜ਼ਿਆਦਾ ਸਿੱਖਾਂਗੇ ਅਤੇ ਦੇਖਾਂਗੇ ਕਿ ਯਹੋਵਾਹ ਆਪਣੇ ਲੋਕਾਂ ਦੀ ਕਿਵੇਂ ਮਦਦ ਕਰਦਾ ਹੈ, ਪਰਮੇਸ਼ੁਰ ਦੇ ਰਾਜ ʼਤੇ ਸਾਡਾ ਭਰੋਸਾ ਉੱਨਾ ਹੀ ਵਧੇਗਾ। ਇਸ ਦੇ ਨਾਲ-ਨਾਲ ਪਰਮੇਸ਼ੁਰ ਦੇ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਦੀ ਸਾਡੀ ਇੱਛਾ ਵੀ ਵਧੇਗੀ।—ਯਿਰ. 9:24; ਲੂਕਾ 4:43.
ਹੀਰੇ-ਮੋਤੀ
it-2 805
ਧਨ-ਦੌਲਤ
ਇਜ਼ਰਾਈਲ ਖ਼ੁਸ਼ਹਾਲ ਦੇਸ਼ ਸੀ ਜਿਸ ਕਰਕੇ ਇਜ਼ਰਾਈਲੀ ਖਾਣ-ਪੀਣ ਦੀਆਂ ਚੀਜ਼ਾਂ ਦਾ ਮਜ਼ਾ ਲੈਂਦੇ ਸਨ। (1 ਰਾਜ 4:20; ਉਪ 5:18, 19) ਨਾਲੇ ਉਹ ਆਪਣੀ ਧਨ-ਦੌਲਤ ਵਰਤ ਕੇ ਗ਼ਰੀਬੀ ਦੀ ਮਾਰ ਤੋਂ ਬਚੇ ਰਹਿੰਦੇ ਸਨ। (ਕਹਾ 10:15; ਉਪ 7:12) ਯਹੋਵਾਹ ਚਾਹੁੰਦਾ ਸੀ ਕਿ ਇਜ਼ਰਾਈਲੀ ਸਖ਼ਤ ਮਿਹਨਤ ਕਰ ਕੇ ਧਨ-ਦੌਲਤ ਕਮਾਉਣ। (ਕਹਾ 6:6-11; 20:13; 24:33, 34 ਵਿਚ ਨੁਕਤਾ ਦੇਖੋ।) ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਇਸ ਗੱਲੋਂ ਖ਼ਬਰਦਾਰ ਵੀ ਕੀਤਾ ਕਿ ਉਹ ਇਹ ਨਾ ਭੁੱਲਣ ਕਿ ਉਨ੍ਹਾਂ ਕੋਲ ਜੋ ਕੁਝ ਵੀ ਸੀ, ਉਹ ਉਸ ਵੱਲੋਂ ਹੀ ਸੀ। ਨਾਲੇ ਉਨ੍ਹਾਂ ਨੇ ਸਿਰਫ਼ ਆਪਣੀ ਧਨ-ਦੌਲਤ ʼਤੇ ਹੀ ਭਰੋਸਾ ਨਹੀਂ ਕਰਨਾ ਸੀ। (ਬਿਵ 8:7-17; ਜ਼ਬੂ 49:6-9; ਕਹਾ 11:4; 18:10, 11; ਯਿਰ 9:23, 24) ਉਨ੍ਹਾਂ ਨੂੰ ਯਾਦ ਕਰਾਇਆ ਗਿਆ ਕਿ ਧਨ-ਦੌਲਤ ਸਿਰਫ਼ ਥੋੜ੍ਹੇ ਹੀ ਸਮੇਂ ਲਈ ਰਹਿੰਦੀ ਹੈ (ਕਹਾ 23:4, 5), ਨਾਲੇ ਪਰਮੇਸ਼ੁਰ ਨੂੰ ਰਿਹਾਈ ਵਜੋਂ ਧਨ-ਦੌਲਤ ਦੇ ਕੇ ਮੌਤ ਤੋਂ ਛੁਟਕਾਰਾ ਨਹੀਂ ਪਾਇਆ ਜਾ ਸਕਦਾ (ਜ਼ਬੂ 49:6, 7) ਅਤੇ ਧਨ-ਦੌਲਤ ਤੋਂ ਮਰੇ ਹੋਏ ਲੋਕਾਂ ਨੂੰ ਕੋਈ ਫ਼ਾਇਦਾ ਨਹੀਂ ਹੁੰਦਾ। (ਜ਼ਬੂ 49:16, 17; ਉਪ 5:15) ਇਸ ਤੋਂ ਇਲਾਵਾ, ਇਜ਼ਰਾਈਲੀਆਂ ਨੂੰ ਇਸ ਗੱਲੋਂ ਵੀ ਖ਼ਬਰਦਾਰ ਕੀਤਾ ਗਿਆ ਕਿ ਜੇ ਉਹ ਪੈਸੇ ਪਿੱਛੇ ਭੱਜਣਗੇ, ਤਾਂ ਉਹ ਬੇਈਮਾਨ ਬਣ ਸਕਦੇ ਹਨ ਅਤੇ ਯਹੋਵਾਹ ਦੀ ਮਿਹਰ ਗੁਆ ਸਕਦੇ ਹਨ। (ਕਹਾ 28:20; ਯਿਰ 5:26-28; 17:9-11 ਵਿਚ ਨੁਕਤਾ ਦੇਖੋ।) ਨਾਲੇ ਉਨ੍ਹਾਂ ਨੂੰ ਹੱਲਾਸ਼ੇਰੀ ਵੀ ਦਿੱਤੀ ਗਈ ਕਿ ਉਹ ‘ਆਪਣੀਆਂ ਕੀਮਤੀ ਚੀਜ਼ਾਂ ਨਾਲ ਯਹੋਵਾਹ ਦਾ ਆਦਰ ਕਰਨ।’—ਕਹਾ 3:9.
17-23 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 51-53
ਗੰਭੀਰ ਪਾਪ ਕਰਨ ਤੋਂ ਬਚਣ ਲਈ ਕਦਮ ਚੁੱਕੋ
ਤੁਸੀਂ ਆਪਣੇ ਦਿਲ ਦੀ ਰਾਖੀ ਕਿਵੇਂ ਕਰ ਸਕਦੇ ਹੋ?
4 ਕਹਾਉਤਾਂ 4:23 ਵਿਚ “ਮਨ” ਦਾ ਮਤਲਬ ਹੈ, ਅੰਦਰਲਾ ਇਨਸਾਨ। ਹੋਰ ਸ਼ਬਦਾਂ ਵਿਚ ਕਹੀਏ ਤਾਂ ਮਨ ਜਾਂ ਦਿਲ ਦਾ ਮਤਲਬ ਹੈ, ਸਾਡੀਆਂ ਸੋਚਾਂ, ਭਾਵਨਾਵਾਂ, ਇਰਾਦੇ ਅਤੇ ਇੱਛਾਵਾਂ। ਇਸ ਤੋਂ ਸਿਰਫ਼ ਸਾਡੇ ਬਾਹਰਲੇ ਸੁਭਾਅ ਬਾਰੇ ਹੀ ਪਤਾ ਨਹੀਂ ਲੱਗਦਾ, ਸਗੋਂ ਇਹ ਵੀ ਪਤਾ ਲੱਗਦਾ ਹੈ ਕਿ ਅਸੀਂ ਅੰਦਰੋਂ ਕਿਹੋ ਜਿਹੇ ਇਨਸਾਨ ਹਾਂ।
5 ਅਸੀਂ ਅੰਦਰੋਂ ਕਿਹੋ ਜਿਹੇ ਹਾਂ, ਇਸ ਗੱਲ ਦੀ ਅਹਿਮੀਅਤ ਨੂੰ ਸਮਝਣ ਲਈ ਅਸੀਂ ਚੰਗੀ ਸਿਹਤ ਦੀ ਮਿਸਾਲ ʼਤੇ ਗੌਰ ਕਰਦੇ ਹਾਂ। ਪਹਿਲਾ, ਆਪਣੇ ਆਪ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਪੌਸ਼ਟਿਕ ਖਾਣਾ ਖਾਈਏ ਅਤੇ ਬਾਕਾਇਦਾ ਕਸਰਤ ਕਰੀਏ। ਇਸੇ ਤਰ੍ਹਾਂ ਆਪਣੇ ਮਨ ਨੂੰ ਸਹੀ ਹਾਲਤ ਵਿਚ ਰੱਖਣ ਲਈ ਸਾਨੂੰ ਬਾਈਬਲ ਅਤੇ ਬਾਈਬਲ-ਆਧਾਰਿਤ ਪ੍ਰਕਾਸ਼ਨ ਪੜ੍ਹਨੇ ਚਾਹੀਦੇ ਹਨ ਅਤੇ ਬਾਕਾਇਦਾ ਯਹੋਵਾਹ ʼਤੇ ਆਪਣੀ ਨਿਹਚਾ ਜ਼ਾਹਰ ਕਰਨੀ ਚਾਹੀਦੀ ਹੈ। ਸਿੱਖੀਆਂ ਗੱਲਾਂ ਨੂੰ ਲਾਗੂ ਕਰ ਕੇ ਅਤੇ ਦੂਜਿਆਂ ਨੂੰ ਆਪਣੇ ਵਿਸ਼ਵਾਸਾਂ ਬਾਰੇ ਦੱਸ ਕੇ ਅਸੀਂ ਯਹੋਵਾਹ ʼਤੇ ਆਪਣੀ ਨਿਹਚਾ ਜ਼ਾਹਰ ਕਰਦੇ ਹਾਂ। (ਰੋਮੀ. 10:8-10; ਯਾਕੂ. 2:26) ਦੂਜਾ, ਬਾਹਰੋਂ ਦੇਖਣ ʼਤੇ ਸ਼ਾਇਦ ਸਾਨੂੰ ਲੱਗੇ ਕਿ ਅਸੀਂ ਤੰਦਰੁਸਤ ਹਾਂ, ਪਰ ਹੋ ਸਕਦਾ ਹੈ ਕਿ ਸਾਨੂੰ ਅੰਦਰੋਂ ਕੋਈ ਬੀਮਾਰੀ ਲੱਗੀ ਹੋਵੇ। ਇਸੇ ਤਰ੍ਹਾਂ ਪਰਮੇਸ਼ੁਰੀ ਕੰਮਾਂ ਵਿਚ ਲੱਗੇ ਰਹਿਣ ਕਰਕੇ ਅਸੀਂ ਸ਼ਾਇਦ ਸੋਚੀਏ ਕਿ ਸਾਡੀ ਨਿਹਚਾ ਮਜ਼ਬੂਤ ਹੈ। ਪਰ ਸ਼ਾਇਦ ਸਾਡੇ ਅੰਦਰ ਬੁਰੀਆਂ ਇੱਛਾਵਾਂ ਪਲ਼ ਰਹੀਆਂ ਹੋਣ। (1 ਕੁਰਿੰ. 10:12; ਯਾਕੂ. 1:14, 15) ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼ੈਤਾਨ ਆਪਣੀ ਸੋਚ ਰਾਹੀਂ ਸਾਨੂੰ ਭ੍ਰਿਸ਼ਟ ਕਰਨਾ ਚਾਹੁੰਦਾ ਹੈ। ਉਹ ਖ਼ਾਸ ਤੌਰ ʼਤੇ ਇਸ ਤਰ੍ਹਾਂ ਕਰਨ ਦੀ ਕਿਵੇਂ ਕੋਸ਼ਿਸ਼ ਕਰਦਾ ਹੈ? ਅਸੀਂ ਆਪਣੀ ਰਾਖੀ ਕਿਵੇਂ ਕਰ ਸਕਦੇ ਹਾਂ?
ਅਸੀਂ ਪਵਿੱਤਰ ਰਹਿ ਸਕਦੇ ਹਾਂ
5 ਜਦੋਂ ਅਸੀਂ ਯਹੋਵਾਹ ਨੂੰ ਮਦਦ ਲਈ ਪ੍ਰਾਰਥਨਾ ਕਰਦੇ ਰਹਿੰਦੇ ਹਾਂ, ਤਾਂ ਯਹੋਵਾਹ ਗੰਦੇ ਖ਼ਿਆਲਾਂ ਨਾਲ ਲੜਨ ਵਿਚ ਸਾਡੀ ਮਦਦ ਕਰਦਾ ਹੈ। ਉਹ ਸਾਨੂੰ ਆਪਣੀ ਪਵਿੱਤਰ ਸ਼ਕਤੀ ਦਿੰਦਾ ਹੈ ਤਾਂਕਿ ਪਵਿੱਤਰ ਰਹਿਣ ਦਾ ਸਾਡਾ ਇਰਾਦਾ ਪੱਕਾ ਹੋਵੇ। ਆਪਣੀਆਂ ਪ੍ਰਾਰਥਨਾਵਾਂ ਵਿਚ ਅਸੀਂ ਯਹੋਵਾਹ ਨੂੰ ਕਹਿ ਸਕਦੇ ਹਾਂ ਕਿ ਅਸੀਂ ਆਪਣੇ ਮਨ ਦੇ ਵਿਚਾਰਾਂ ਨਾਲ ਉਸ ਨੂੰ ਖ਼ੁਸ਼ ਕਰਨਾ ਚਾਹੁੰਦੇ ਹਾਂ। (ਜ਼ਬੂ. 19:14) ਅਸੀਂ ਨਿਮਰਤਾ ਨਾਲ ਉਸ ਨੂੰ ਕਹਿ ਸਕਦੇ ਹਾਂ ਕਿ ਉਹ ਸਾਡੇ ਦਿਲ ਦੀ ਜਾਂਚ ਕਰ ਕੇ ਦੇਖੇ ਕਿ ਇਸ ਵਿਚ ਕੋਈ ਬੁਰੀ ਇੱਛਾ ਤਾਂ ਨਹੀਂ ਪਲ਼ ਰਹੀ ਜਿਸ ਕਾਰਨ ਸਾਡੇ ਤੋਂ ਪਾਪ ਹੋ ਸਕਦਾ ਹੈ। (ਜ਼ਬੂ. 139:23, 24) ਸਾਨੂੰ ਯਹੋਵਾਹ ਨੂੰ ਪ੍ਰਾਰਥਨਾ ਵਿਚ ਕਹਿੰਦੇ ਰਹਿਣਾ ਚਾਹੀਦਾ ਹੈ ਕਿ ਉਹ ਸਾਡੀ ਅਨੈਤਿਕਤਾ ਤੋਂ ਦੂਰ ਰਹਿਣ ਅਤੇ ਸਹੀ ਕੰਮ ਕਰਨ ਵਿਚ ਮਦਦ ਕਰੇ, ਉਦੋਂ ਵੀ ਜਦੋਂ ਸਾਡੇ ਲਈ ਇੱਦਾਂ ਕਰਨਾ ਔਖਾ ਹੁੰਦਾ ਹੈ।—ਮੱਤੀ 6:13.
6 ਸਾਡੇ ਪਾਲਣ-ਪੋਸ਼ਣ ਜਾਂ ਸੱਚਾਈ ਵਿਚ ਆਉਣ ਤੋਂ ਪਹਿਲਾਂ ਦੀ ਜ਼ਿੰਦਗੀ ਕਰਕੇ ਅਸੀਂ ਸ਼ਾਇਦ ਅਜਿਹੇ ਕੰਮ ਕਰਨੇ ਪਸੰਦ ਕਰਦੇ ਸੀ ਜਿਨ੍ਹਾਂ ਨੂੰ ਯਹੋਵਾਹ ਪਸੰਦ ਨਹੀਂ ਕਰਦਾ। ਹੋ ਸਕਦਾ ਹੈ ਕਿ ਅਸੀਂ ਅਜੇ ਵੀ ਇਹ ਕੰਮ ਕਰਨ ਦੇ ਝੁਕਾਅ ਨਾਲ ਲੜ ਰਹੇ ਹਾਂ। ਪਰ ਯਹੋਵਾਹ ਜ਼ਰੂਰੀ ਤਬਦੀਲੀਆਂ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ ਤਾਂਕਿ ਅਸੀਂ ਸਹੀ ਤਰੀਕੇ ਨਾਲ ਉਸ ਦੀ ਸੇਵਾ ਕਰ ਕੇ ਉਸ ਨੂੰ ਖ਼ੁਸ਼ ਕਰ ਸਕੀਏ। ਮਿਸਾਲ ਲਈ, ਰਾਜਾ ਦਾਊਦ ਨੇ ਬਥ-ਸ਼ਬਾ ਨਾਲ ਨਾਜਾਇਜ਼ ਸਰੀਰਕ ਸੰਬੰਧ ਕਾਇਮ ਕਰਨ ਤੋਂ ਬਾਅਦ ਤੋਬਾ ਕੀਤੀ ਅਤੇ ਤਰਲੇ ਕੀਤੇ ਕਿ ਉਹ ਉਸ ਨੂੰ “ਇੱਕ ਪਾਕ ਮਨ” ਦੇਵੇ ਅਤੇ ਆਗਿਆਕਾਰ ਰਹਿਣ ਵਿਚ ਮਦਦ ਕਰੇ। (ਜ਼ਬੂ. 51:10, 12) ਭਾਵੇਂ ਅਤੀਤ ਵਿਚ ਗ਼ਲਤ ਇੱਛਾਵਾਂ ਨੇ ਸਾਡੇ ਦਿਲ ਵਿਚ ਜੜ੍ਹ ਫੜੀ ਹੋਈ ਸੀ ਅਤੇ ਜੇ ਅਸੀਂ ਹਾਲੇ ਵੀ ਇਨ੍ਹਾਂ ਇੱਛਾਵਾਂ ਨਾਲ ਲੜ ਰਹੇ ਹਾਂ, ਤਾਂ ਯਹੋਵਾਹ ਸਾਡੇ ਵਿਚ ਇਨ੍ਹਾਂ ਤੋਂ ਵੀ ਗਹਿਰੀ ਇੱਛਾ ਪੈਦਾ ਕਰ ਸਕਦਾ ਹੈ ਤਾਂਕਿ ਅਸੀਂ ਉਸ ਦਾ ਕਹਿਣਾ ਮੰਨੀਏ ਅਤੇ ਸਹੀ ਕੰਮ ਕਰੀਏ। ਜੀ ਹਾਂ, ਉਹ ਨੁਕਸਾਨਦੇਹ ਖ਼ਿਆਲਾਂ ਨੂੰ ਕਾਬੂ ਕਰਨ ਵਿਚ ਸਾਡੀ ਮਦਦ ਕਰ ਸਕਦਾ ਹੈ।—ਜ਼ਬੂ. 119:133
ਹੀਰੇ-ਮੋਤੀ
it-1 644
ਦੋਏਗ
ਦੋਏਗ ਇਕ ਅਦੋਮੀ ਸੀ। ਉਹ ਰਾਜਾ ਸ਼ਾਊਲ ਦੇ ਚਰਵਾਹਿਆਂ ਦਾ ਮੁਖੀ ਸੀ। (1 ਸਮੂ 21:7; 22:9) ਲੱਗਦਾ ਹੈ ਕਿ ਉਹ ਵੀ ਯਹੋਵਾਹ ਦੀ ਭਗਤੀ ਕਰਨ ਲੱਗ ਪਿਆ ਸੀ। ਹੋ ਸਕਦਾ ਹੈ ਕਿ ਕਿਸੇ ਸੌਂਹ, ਅਸ਼ੁੱਧਤਾ ਜਾਂ ਕੋੜ੍ਹ ਹੋਣ ਦੀ ਸੰਭਾਵਨਾ ਹੋਣ ਕਰਕੇ ਉਸ ਨੂੰ ਨੋਬ ਸ਼ਹਿਰ ਵਿਚ “ਯਹੋਵਾਹ ਅੱਗੇ ਰੋਕ ਕੇ ਰੱਖਿਆ ਗਿਆ ਸੀ।” ਉਸ ਦੌਰਾਨ ਉਸ ਨੇ ਮਹਾਂ ਪੁਜਾਰੀ ਅਹੀਮਲਕ ਨੂੰ ਦਾਊਦ ਨੂੰ ਚੜ੍ਹਾਵੇ ਦੀਆਂ ਰੋਟੀਆਂ ਅਤੇ ਗੋਲਿਅਥ ਦੀ ਤਲਵਾਰ ਦਿੰਦਿਆਂ ਦੇਖ ਲਿਆ ਸੀ। ਬਾਅਦ ਵਿਚ ਜਦੋਂ ਸ਼ਾਊਲ ਨੂੰ ਸ਼ੱਕ ਹੋਇਆ ਕਿ ਉਸ ਖ਼ਿਲਾਫ਼ ਸਾਜ਼ਸ਼ ਘੜੀ ਗਈ ਹੈ, ਤਾਂ ਦੋਏਗ ਨੇ ਜੋ ਕੁਝ ਦੇਖਿਆ ਸੀ, ਉਸ ਬਾਰੇ ਸਾਰਾ ਕੁਝ ਸ਼ਾਊਲ ਨੂੰ ਦੱਸ ਦਿੱਤਾ। ਸ਼ਾਊਲ ਨੇ ਆਪਣੇ ਅੰਗ-ਰੱਖਿਅਕਾਂ ਨੂੰ ਹੁਕਮ ਦਿੱਤਾ ਕਿ ਉਹ ਸਾਰੇ ਪੁਜਾਰੀਆਂ ਨੂੰ ਮਾਰ ਸੁੱਟਣ। ਪਰ ਅੰਗ-ਰੱਖਿਅਕ ਇੱਦਾਂ ਕਰਨ ਤੋਂ ਝਿਜਕ ਰਹੇ ਸਨ। ਫਿਰ ਸ਼ਾਊਲ ਨੇ ਦੋਏਗ ਨੂੰ ਹੁਕਮ ਦਿੱਤਾ ਅਤੇ ਉਸ ਨੇ ਫ਼ੌਰਨ ਬਿਨਾਂ ਕਿਸੇ ਝਿਜਕ ਦੇ 85 ਪੁਜਾਰੀਆਂ ਨੂੰ ਜਾਨੋਂ ਮਾਰ ਦਿੱਤਾ। ਇਹ ਦੁਸ਼ਟ ਕੰਮ ਕਰਨ ਤੋਂ ਬਾਅਦ ਦੋਏਗ ਨੋਬ ਗਿਆ ਅਤੇ ਉਸ ਨੇ ਬੱਚਿਆਂ, ਸਿਆਣੀ ਉਮਰ ਵਾਲਿਆਂ ਸਾਰੇ ਲੋਕਾਂ ਤੇ ਜਾਨਵਰਾਂ ਨੂੰ ਮਾਰ ਸੁੱਟਿਆ।—1 ਸਮੂ 22:6-20.
ਜ਼ਬੂਰ 52 ਦੇ ਸਿਰਲੇਖ ਤੋਂ ਪਤਾ ਲੱਗਦਾ ਹੈ ਕਿ ਦਾਊਦ ਨੇ ਦੋਏਗ ਬਾਰੇ ਇਹ ਲਿਖਿਆ, “ਤੇਰੀ ਜ਼ਬਾਨ ਉਸਤਰੇ ਵਾਂਗ ਤਿੱਖੀ ਹੈ, ਇਹ ਚਾਲਾਂ ਚੱਲਦੀ ਅਤੇ ਧੋਖੇ ਭਰੀਆਂ ਗੱਲਾਂ ਕਰਦੀ ਹੈ। ਤੈਨੂੰ ਚੰਗੇ ਕੰਮਾਂ ਨਾਲੋਂ ਬੁਰੇ ਕੰਮ ਜ਼ਿਆਦਾ ਪਸੰਦ ਹਨ, ਤੈਨੂੰ ਸੱਚ ਬੋਲਣ ਨਾਲੋਂ ਝੂਠ ਬੋਲਣਾ ਜ਼ਿਆਦਾ ਚੰਗਾ ਲੱਗਦਾ ਹੈ। ਤੇਰੀ ਜ਼ਬਾਨ ʼਤੇ ਕਿੰਨਾ ਫ਼ਰੇਬ ਹੈ! ਤੈਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਗੱਲਾਂ ਕਰਨ ਵਿਚ ਕਿੰਨਾ ਮਜ਼ਾ ਆਉਂਦਾ ਹੈ!”—ਜ਼ਬੂ 52:2-4.
24-30 ਜੂਨ
ਰੱਬ ਦਾ ਬਚਨ ਖ਼ਜ਼ਾਨਾ ਹੈ ਜ਼ਬੂਰ 54-56
ਪਰਮੇਸ਼ੁਰ ਤੁਹਾਡੇ ਵੱਲ ਹੈ
ਬੁੱਧੀਮਾਨ ਬਣੋ—ਪਰਮੇਸ਼ੁਰ ਦਾ ਭੈ ਰੱਖੋ!
10 ਇਕ ਵਾਰ ਦਾਊਦ ਗਥ ਨਾਂ ਦੇ ਫਲਿਸਤੀ ਸ਼ਹਿਰ ਵਿਚ ਰਾਜਾ ਆਕੀਸ਼ ਕੋਲ ਪਨਾਹ ਲੈਣ ਗਿਆ। ਇਹ ਉਹ ਸ਼ਹਿਰ ਸੀ ਜਿੱਥੇ ਪਹਿਲਾਂ ਗੋਲਿਅਥ ਰਹਿੰਦਾ ਹੁੰਦਾ ਸੀ। (1 ਸਮੂਏਲ 21:10-15) ਰਾਜੇ ਦੇ ਸੇਵਕਾਂ ਨੇ ਉਸ ਨੂੰ ਦੱਸਿਆ ਕਿ ਦਾਊਦ ਉਨ੍ਹਾਂ ਦੇ ਦੇਸ਼ ਦਾ ਵੈਰੀ ਸੀ। ਦਾਊਦ ਨੇ ਇਸ ਖ਼ਤਰਨਾਕ ਸਥਿਤੀ ਵਿਚ ਕੀ ਕੀਤਾ? ਉਸ ਨੇ ਮਦਦ ਲਈ ਯਹੋਵਾਹ ਅੱਗੇ ਤਰਲੇ ਕੀਤੇ। (ਜ਼ਬੂਰਾਂ ਦੀ ਪੋਥੀ 56:1-4, 11-13) ਭਾਵੇਂ ਦਾਊਦ ਨੂੰ ਆਪਣੀ ਜਾਨ ਬਚਾਉਣ ਲਈ ਪਾਗਲਪਣ ਦਾ ਨਾਟਕ ਕਰਨਾ ਪਿਆ, ਪਰ ਉਹ ਜਾਣਦਾ ਸੀ ਕਿ ਅਸਲ ਵਿਚ ਯਹੋਵਾਹ ਨੇ ਉਸ ਦੇ ਜਤਨਾਂ ਤੇ ਬਰਕਤ ਪਾ ਕੇ ਉਸ ਦੀ ਜਾਨ ਬਚਾਈ ਸੀ। ਦਾਊਦ ਨੇ ਯਹੋਵਾਹ ਉੱਤੇ ਪੱਕਾ ਭਰੋਸਾ ਰੱਖਿਆ ਤੇ ਇਸ ਤੋਂ ਅਸੀਂ ਦੇਖ ਸਕਦੇ ਹਾਂ ਕਿ ਉਹ ਰੱਬ ਦਾ ਭੈ ਰੱਖਣ ਵਾਲਾ ਇਨਸਾਨ ਸੀ।—ਜ਼ਬੂਰਾਂ ਦੀ ਪੋਥੀ 34:4-6, 9-11.
11 ਦਾਊਦ ਵਾਂਗ ਅਸੀਂ ਰੱਬ ਦਾ ਭੈ ਕਿਵੇਂ ਰੱਖ ਸਕਦੇ ਹਾਂ? ਯਹੋਵਾਹ ਦੇ ਵਾਅਦੇ ਉੱਤੇ ਭਰੋਸਾ ਰੱਖ ਕੇ ਕਿ ਮੁਸ਼ਕਲਾਂ ਨਾਲ ਸਿੱਝਣ ਵਿਚ ਉਹ ਸਾਡੀ ਮਦਦ ਕਰੇਗਾ। ਦਾਊਦ ਨੇ ਕਿਹਾ: “ਆਪਣਾ ਰਾਹ ਯਹੋਵਾਹ ਦੇ ਗੋਚਰਾ ਕਰ, ਅਤੇ ਉਸ ਉੱਤੇ ਭਰੋਸਾ ਰੱਖ ਅਤੇ ਉਹ ਪੂਰਿਆਂ ਕਰੇਗਾ।” (ਜ਼ਬੂਰਾਂ ਦੀ ਪੋਥੀ 37:5) ਇਸ ਦਾ ਇਹ ਮਤਲਬ ਨਹੀਂ ਕਿ ਅਸੀਂ ਆਪਣੀਆਂ ਸਮੱਸਿਆਵਾਂ ਯਹੋਵਾਹ ਉੱਤੇ ਛੱਡ ਦੇਈਏ ਤੇ ਹੱਥ ਤੇ ਹੱਥ ਧਰ ਕੇ ਬੈਠ ਜਾਈਏ ਕਿ ਉਹੋ ਹੁਣ ਸਾਡੇ ਮਸਲੇ ਹੱਲ ਕਰੂ। ਦਾਊਦ ਨੇ ਇੱਦਾਂ ਨਹੀਂ ਕੀਤਾ ਸੀ। ਉਸ ਨੇ ਆਪਣੀ ਤਾਕਤ ਅਤੇ ਬੁੱਧੀ ਵਰਤਦੇ ਹੋਏ ਆਪਣੇ ਵੱਲੋਂ ਸਮੱਸਿਆ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਫਿਰ ਵੀ ਦਾਊਦ ਜਾਣਦਾ ਸੀ ਕਿ ਇਨਸਾਨ ਸਿਰਫ਼ ਆਪਣੀਆਂ ਕੋਸ਼ਿਸ਼ਾਂ ਕਰਕੇ ਸਫ਼ਲ ਨਹੀਂ ਹੋ ਸਕਦਾ। ਸਾਨੂੰ ਵੀ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ। ਮਸਲੇ ਨੂੰ ਹੱਲ ਕਰਨ ਲਈ ਆਪਣੇ ਵੱਲੋਂ ਪੂਰਾ ਜਤਨ ਕਰਨ ਤੋਂ ਬਾਅਦ ਸਾਨੂੰ ਬਾਕੀ ਯਹੋਵਾਹ ਦੇ ਹੱਥਾਂ ਵਿਚ ਛੱਡ ਦੇਣਾ ਚਾਹੀਦਾ ਹੈ। ਦਰਅਸਲ ਕਈ ਵਾਰ ਯਹੋਵਾਹ ਉੱਤੇ ਭਰੋਸਾ ਰੱਖਣ ਤੋਂ ਇਲਾਵਾ ਅਸੀਂ ਹੋਰ ਕੁਝ ਕਰ ਵੀ ਨਹੀਂ ਸਕਦੇ। ਇਨ੍ਹਾਂ ਮੌਕਿਆਂ ਤੇ ਯਹੋਵਾਹ ਦਾ ਭੈ ਰੱਖਣਾ ਅਕਲਮੰਦੀ ਹੈ। ਦਾਊਦ ਵਾਂਗ ਅਸੀਂ ਵੀ ਮੁਸ਼ਕਲਾਂ ਵਿਚ ਯਹੋਵਾਹ ਦੇ ਨਜ਼ਦੀਕ ਰਹਿ ਸਕਦੇ ਹਾਂ।
ਕੋਈ ਵੀ ਚੀਜ਼ ‘ਸਾਨੂੰ ਪਰਮੇਸ਼ੁਰ ਦੇ ਪ੍ਰੇਮ ਤੋਂ ਅੱਡ’ ਨਹੀਂ ਕਰ ਸਕਦੀ
9 ਯਹੋਵਾਹ ਨੂੰ ਸਾਡੀ ਸਹਿਣ-ਸ਼ਕਤੀ ਦੀ ਵੀ ਬਹੁਤ ਕਦਰ ਹੈ। (ਮੱਤੀ 24:13) ਯਾਦ ਰੱਖੋ ਕਿ ਸ਼ਤਾਨ ਚਾਹੁੰਦਾ ਹੈ ਕਿ ਅਸੀਂ ਯਹੋਵਾਹ ਤੋਂ ਆਪਣਾ ਮੂੰਹ ਮੋੜ ਲਈਏ। ਹਰ ਦਿਨ ਸਾਡੇ ਵਫ਼ਾਦਾਰ ਰਹਿਣ ਨਾਲ ਯਹੋਵਾਹ ਨੂੰ ਸ਼ਤਾਨ ਦੇ ਮੇਹਣਿਆਂ ਦਾ ਜਵਾਬ ਦੇਣ ਦਾ ਮੌਕਾ ਮਿਲਦਾ ਹੈ। (ਕਹਾਉਤਾਂ 27:11) ਕਦੇ-ਕਦੇ ਸਹਿੰਦੇ ਰਹਿਣਾ ਆਸਾਨ ਨਹੀਂ ਹੁੰਦਾ। ਪੈਸੇ ਪੱਖੋਂ ਤੰਗ ਹੱਥ, ਮਾੜੀ ਸਿਹਤ ਜਾਂ ਕੋਈ ਹੋਰ ਪਰੇਸ਼ਾਨੀ ਕਰਕੇ ਹਰ ਨਵਾਂ ਦਿਨ ਮੁਸ਼ਕਲ-ਭਰਿਆ ਬਣ ਜਾਂਦਾ ਹੈ। ਅਧੂਰੀਆਂ ਉਮੀਦਾਂ ਕਰਕੇ ਵੀ ਸਾਡੇ ਦਿਲ ਢਹਿ ਜਾਂਦੇ ਹਨ। (ਕਹਾਉਤਾਂ 13:12) ਜਦ ਅਸੀਂ ਅਜਿਹੀਆਂ ਮੁਸ਼ਕਲਾਂ ਵਿਚ ਧੀਰਜ ਰੱਖਦੇ ਹਾਂ, ਤਾਂ ਯਹੋਵਾਹ ਇਸ ਤੋਂ ਖ਼ੁਸ਼ ਹੁੰਦਾ ਹੈ। ਇਸੇ ਕਰਕੇ ਰਾਜਾ ਦਾਊਦ ਨੇ ਯਹੋਵਾਹ ਨੂੰ ਕਿਹਾ ਸੀ ਕਿ ਉਹ ਉਸ ਦੇ “ਅੰਝੂਆਂ ਨੂੰ ਆਪਣੀ ਕੁੱਪੀ ਵਿੱਚ ਰੱਖ” ਛੱਡੇ। ਉਸ ਨੇ ਭਰੋਸੇ ਨਾਲ ਇਹ ਵੀ ਕਿਹਾ ਕਿ “ਭਲਾ, ਓਹ ਤੇਰੀ ਵਹੀ [ਜਾਂ ਪੁਸਤਕ] ਵਿੱਚ ਨਹੀਂ ਹਨ?” (ਜ਼ਬੂਰਾਂ ਦੀ ਪੋਥੀ 56:8) ਜੀ ਹਾਂ, ਜਦ ਅਸੀਂ ਯਹੋਵਾਹ ਪ੍ਰਤੀ ਵਫ਼ਾਦਾਰ ਰਹਿਣ ਲਈ ਦੁੱਖ ਸਹਿੰਦੇ ਹਾਂ, ਤਾਂ ਯਹੋਵਾਹ ਸਾਡੇ ਸਾਰੇ ਅੱਥਰੂ ਅਤੇ ਦੁੱਖ ਯਾਦ ਰੱਖਦਾ ਹੈ, ਜਿਵੇਂ ਕਿਤੇ ਉਸ ਨੇ ਉਨ੍ਹਾਂ ਨੂੰ ਸਾਂਭ ਕੇ ਇਕ ਪੁਸਤਕ ਵਿਚ ਲਿਖ ਲਿਆ ਹੋਵੇ। ਜੀ ਹਾਂ, ਉਸ ਨੂੰ ਸਾਡੇ ਅੱਥਰੂਆਂ ਦੀ ਵੀ ਕਦਰ ਹੈ।
ਪਰਮੇਸ਼ੁਰ ਦੇ ਪਿਆਰ ਦੀ ਮਦਦ ਨਾਲ ਆਪਣੇ ਡਰ ʼਤੇ ਕਾਬੂ ਪਾਓ
16 ਸ਼ੈਤਾਨ ਜਾਣਦਾ ਹੈ ਕਿ ਅਸੀਂ ਜੀਉਣਾ ਚਾਹੁੰਦੇ ਹਾਂ। ਉਹ ਦਾਅਵਾ ਕਰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਬਚਾਉਣ ਲਈ ਕੋਈ ਵੀ ਚੀਜ਼ ਦਾਅ ʼਤੇ ਲਾਉਣ ਲਈ ਤਿਆਰ ਹੋ ਜਾਵਾਂਗੇ, ਇੱਥੋਂ ਤਕ ਕਿ ਯਹੋਵਾਹ ਨਾਲ ਆਪਣੇ ਰਿਸ਼ਤਾ ਵੀ। (ਅੱਯੂ. 2:4, 5) ਸ਼ੈਤਾਨ ਦਾ ਇਹ ਦਾਅਵਾ ਸਰਾਸਰ ਗ਼ਲਤ ਹੈ! “ਸ਼ੈਤਾਨ ਕੋਲ ਮੌਤ ਦੇ ਹਥਿਆਰ ਹਨ,” ਇਸ ਕਰਕੇ ਉਹ ਮੌਤ ਦਾ ਡਰਾਵਾ ਦੇ ਕੇ ਸਾਨੂੰ ਯਹੋਵਾਹ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ ਹੈ। (ਇਬ. 2:14, 15) ਜਿਨ੍ਹਾਂ ਲੋਕਾਂ ʼਤੇ ਸ਼ੈਤਾਨ ਦਾ ਪ੍ਰਭਾਵ ਹੁੰਦਾ ਹੈ, ਕਈ ਵਾਰ ਉਹ ਸਾਨੂੰ ਧਮਕਾਉਂਦੇ ਹਨ ਕਿ ਜੇ ਅਸੀਂ ਨਿਹਚਾ ਕਰਨੀ ਨਾ ਛੱਡੀ, ਤਾਂ ਉਹ ਸਾਨੂੰ ਜਾਨੋਂ ਮਾਰ ਦੇਣਗੇ। ਕਈ ਵਾਰ ਜਦੋਂ ਅਸੀਂ ਅਚਾਨਕ ਬਹੁਤ ਜ਼ਿਆਦਾ ਬੀਮਾਰ ਹੋ ਜਾਂਦੇ ਹਾਂ, ਤਾਂ ਸ਼ੈਤਾਨ ਉਸ ਮੌਕੇ ਦਾ ਵੀ ਫ਼ਾਇਦਾ ਉਠਾਉਂਦਾ ਹੈ। ਉਹ ਡਾਕਟਰਾਂ ਅਤੇ ਅਵਿਸ਼ਵਾਸੀ ਰਿਸ਼ਤੇਦਾਰਾਂ ਰਾਹੀਂ ਸਾਡੇ ʼਤੇ ਖ਼ੂਨ ਲੈਣ ਦਾ ਦਬਾਅ ਪਾਉਂਦਾ ਹੈ ਤਾਂਕਿ ਅਸੀਂ ਪਰਮੇਸ਼ੁਰ ਦਾ ਹੁਕਮ ਤੋੜ ਦੇਈਏ। ਜਾਂ ਕਈ ਜਣੇ ਸਾਡੇ ʼਤੇ ਅਜਿਹੇ ਤਰੀਕੇ ਨਾਲ ਇਲਾਜ ਕਰਾਉਣ ਦਾ ਜੋਰ ਪਾਉਣ ਜੋ ਪਰਮੇਸ਼ੁਰ ਦੇ ਅਸੂਲਾਂ ਦੇ ਖ਼ਿਲਾਫ਼ ਹੋਵੇ।
17 ਚਾਹੇ ਅਸੀਂ ਮਰਨਾ ਨਹੀਂ ਚਾਹੁੰਦੇ, ਪਰ ਸਾਨੂੰ ਪਤਾ ਹੈ ਕਿ ਜੇ ਅਸੀਂ ਮਰ ਵੀ ਗਏ, ਤਾਂ ਵੀ ਯਹੋਵਾਹ ਸਾਨੂੰ ਪਿਆਰ ਕਰਨਾ ਨਹੀਂ ਛੱਡੇਗਾ। (ਰੋਮੀਆਂ 8:37-39 ਪੜ੍ਹੋ।) ਜੇ ਯਹੋਵਾਹ ਦਾ ਕੋਈ ਦੋਸਤ ਮਰ ਜਾਂਦਾ ਹੈ, ਤਾਂ ਵੀ ਉਹ ਉਸ ਨੂੰ ਭੁੱਲਦਾ ਨਹੀਂ। ਉਹ ਉਸ ਦੀ ਯਾਦ ਵਿਚ ਹਮੇਸ਼ਾ ਮਹਿਫੂਜ਼ ਰਹਿੰਦਾ ਹੈ। (ਲੂਕਾ 20:37, 38) ਉਹ ਉਸ ਨੂੰ ਜੀਉਂਦਾ ਕਰਨ ਲਈ ਤਰਸਦਾ ਹੈ। (ਅੱਯੂ. 14:15) ਯਹੋਵਾਹ ਨੇ ਬਹੁਤ ਵੱਡੀ ਕੀਮਤ ਚੁਕਾਈ ਹੈ ਤਾਂਕਿ ਅਸੀਂ “ਹਮੇਸ਼ਾ ਦੀ ਜ਼ਿੰਦਗੀ ਪਾ” ਸਕੀਏ। (ਯੂਹੰ. 3:16) ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਸ ਨੂੰ ਸਾਡੀ ਬਹੁਤ ਪਰਵਾਹ ਹੈ। ਇਸ ਲਈ ਜਦੋਂ ਅਸੀਂ ਬੀਮਾਰ ਪੈਂਦੇ ਹਾਂ ਜਾਂ ਸਾਨੂੰ ਮੌਤ ਦਾ ਡਰ ਹੁੰਦਾ ਹੈ, ਤਾਂ ਯਹੋਵਾਹ ਨੂੰ ਛੱਡਣ ਦੀ ਬਜਾਇ ਸਾਨੂੰ ਦਿਲਾਸੇ, ਬੁੱਧ ਅਤੇ ਤਾਕਤ ਲਈ ਉਸ ʼਤੇ ਭਰੋਸਾ ਰੱਖਣਾ ਚਾਹੀਦਾ ਹੈ। ਵੈਲੇਰੀ ਤੇ ਉਸ ਦੇ ਪਤੀ ਨੇ ਵੀ ਬਿਲਕੁਲ ਇਸੇ ਤਰ੍ਹਾਂ ਕੀਤਾ।—ਜ਼ਬੂ. 41:3.
ਹੀਰੇ-ਮੋਤੀ
it-1 857-858
ਪਹਿਲਾਂ ਤੋਂ ਹੀ ਕਿਸੇ ਗੱਲ ਬਾਰੇ ਪਤਾ ਹੋਣਾ, ਪਹਿਲਾਂ ਤੋਂ ਹੀ ਕਿਸੇ ਗੱਲ ਦਾ ਤੈਅ ਹੋਣਾ
ਯਹੂਦਾ ਇਸਕਰਿਓਤੀ ਨੇ ਧੋਖੇ ਨਾਲ ਯਿਸੂ ਨੂੰ ਫੜਵਾ ਦਿੱਤਾ। ਇਸ ਤੋਂ ਬਾਈਬਲ ਦੀ ਭਵਿੱਖਬਾਣੀ ਪੂਰੀ ਹੋਈ। ਨਾਲੇ ਇਸ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਅਤੇ ਉਸ ਦੇ ਪੁੱਤਰ ਨੂੰ ਪਹਿਲਾਂ ਤੋਂ ਹੀ ਕਿਸੇ ਗੱਲ ਬਾਰੇ ਪਤਾ ਹੁੰਦਾ ਹੈ। (ਜ਼ਬੂ 41:9; 55:12, 13; 109:8; ਰਸੂ 1:16-20) ਪਰ ਇਹ ਗੱਲ ਧਿਆਨ ਦੇਣ ਵਾਲੀ ਹੈ ਕਿ ਪਰਮੇਸ਼ੁਰ ਨੇ ਇਹ ਤੈਅ ਨਹੀ ਕੀਤਾ ਸੀ ਕਿ ਯਹੂਦਾ ਇੱਦਾਂ ਕਰੇਗਾ। ਭਵਿੱਖਬਾਣੀਆਂ ਤੋਂ ਪਤਾ ਲੱਗਦਾ ਹੈ ਕਿ ਯਿਸੂ ਦਾ ਕੋਈ ਕਰੀਬੀ ਦੋਸਤ ਉਸ ਨਾਲ ਧੋਖਾ ਕਰੇਗਾ, ਪਰ ਇਨ੍ਹਾਂ ਵਿਚ ਇਹ ਨਹੀਂ ਦੱਸਿਆ ਗਿਆ ਕਿ ਉਹ ਦੋਸਤ ਕੌਣ ਹੋਵੇਗਾ। ਇਸ ਤੋਂ ਇਲਾਵਾ, ਬਾਈਬਲ ਦੇ ਅਸੂਲ ਵੀ ਇਸ ਗੱਲ ਨਾਲ ਮੇਲ ਨਹੀਂ ਖਾਂਦੇ ਕਿ ਪਰਮੇਸ਼ੁਰ ਨੇ ਪਹਿਲਾਂ ਤੋਂ ਹੀ ਯਹੂਦਾ ਨੂੰ ਚੁਣਿਆ ਸੀ ਕਿ ਉਹ ਇਹ ਕੰਮ ਕਰੇ। ਪਵਿੱਤਰ ਸ਼ਕਤੀ ਦੀ ਸੇਧ ਅਧੀਨ ਪੌਲੁਸ ਰਸੂਲ ਨੇ ਲਿਖਿਆ: “ਕਦੀ ਵੀ ਜਲਦਬਾਜ਼ੀ ਵਿਚ ਕਿਸੇ ਨੂੰ ਜ਼ਿੰਮੇਵਾਰੀਆਂ ਨਾ ਸੌਂਪੀਂ; ਨਾ ਹੀ ਦੂਸਰਿਆਂ ਦੇ ਪਾਪਾਂ ਵਿਚ ਭਾਗੀਦਾਰ ਬਣੀਂ; ਆਪਣੇ ਆਪ ਨੂੰ ਬੇਦਾਗ਼ ਰੱਖੀਂ।” (1 ਤਿਮੋ 5:22) 12 ਰਸੂਲਾਂ ਨੂੰ ਚੁਣਦੇ ਵੇਲੇ ਯਿਸੂ ਨੇ ਪੂਰੀ ਰਾਤ ਪਰਮੇਸ਼ੁਰ ਨੂੰ ਬੁੱਧ ਅਤੇ ਸੇਧ ਲਈ ਪ੍ਰਾਰਥਨਾ ਕੀਤੀ। (ਲੂਕਾ 6:12-16) ਜੇ ਪਰਮੇਸ਼ੁਰ ਨੇ ਯਹੂਦਾ ਨੂੰ ਪਹਿਲਾਂ ਤੋਂ ਹੀ ਧੋਖਾ ਦੇਣ ਲਈ ਚੁਣ ਲਿਆ ਸੀ, ਤਾਂ ਯਿਸੂ ਨੂੰ ਚੇਲੇ ਚੁਣਨ ਲਈ ਸੇਧ ਦੇਣ ਦੀ ਕੋਈ ਤੁਕ ਹੀ ਨਹੀਂ ਬਣਦੀ। ਇਸ ਤੋਂ ਇਲਾਵਾ, ਇੱਦਾਂ ਕਰ ਕੇ ਤਾਂ ਉੱਪਰ ਦੱਸੇ ਕਾਨੂੰਨ ਮੁਤਾਬਕ ਯਿਸੂ ਯਹੂਦਾ ਦੇ ਪਾਪਾਂ ਵਿਚ ਭਾਗੀਦਾਰ ਬਣਦਾ।
ਇਸ ਤੋਂ ਸਾਫ਼ ਪਤਾ ਲੱਗਦਾ ਹੈ ਕਿ ਜਦੋਂ ਯਹੂਦਾ ਨੂੰ ਰਸੂਲ ਵਜੋਂ ਚੁਣਿਆ ਗਿਆ, ਤਾਂ ਉਦੋਂ ਉਸ ਦੇ ਦਿਲ ਵਿਚ ਕੋਈ ਖੋਟ ਨਹੀਂ ਸੀ ਜਾਂ ਉਸ ਦਾ ਦਿਲ ਇੱਦਾਂ ਦਾ ਨਹੀਂ ਸੀ ਕਿ ਉਹ ਧੋਖਾ ਦੇਵੇ। ਉਸ ਨੇ ਆਪਣੇ ਦਿਲ ਵਿਚ ‘ਜ਼ਹਿਰੀਲੀ ਬੂਟੀ ਨੂੰ ਜੜ੍ਹ ਫੜਨ’ ਦਿੱਤੀ। ਨਾਲੇ ਆਪਣੇ ਆਪ ਨੂੰ ਭ੍ਰਿਸ਼ਟ ਹੋਣ ਦਿੱਤਾ। ਇਸ ਕਰਕੇ ਉਸ ਨੇ ਪਰਮੇਸ਼ੁਰ ਦੀਆਂ ਹਿਦਾਇਤਾਂ ਮੰਨਣੀਆਂ ਛੱਡ ਦਿੱਤੀਆਂ ਅਤੇ ਉਹ ਪਰਮੇਸ਼ੁਰ ਦੀ ਸੇਧ ਮੁਤਾਬਕ ਨਹੀਂ ਚੱਲਿਆ। ਇਸ ਦੀ ਬਜਾਇ, ਉਹ ਸ਼ੈਤਾਨ ਦੇ ਰਾਹ ʼਤੇ ਚੱਲਿਆ ਯਾਨੀ ਉਸ ਨੇ ਚੋਰੀ ਕੀਤੀ ਅਤੇ ਧੋਖਾ ਦਿੱਤਾ। (ਇਬ 12:14, 15; ਯੂਹੰ 13:2; ਰਸੂ 1:24, 25; ਯਾਕੂ 1:14, 15; it-2 ਵਿਚ ਯਹੂਦਾ ਨੰਬਰ 4 ਦੇਖੋ।) ਜਿੱਦਾਂ-ਜਿੱਦਾਂ ਯਹੂਦਾ ਦਾ ਰਵੱਈਆ ਬੁਰੇ ਤੋਂ ਬੁਰਾ ਹੁੰਦਾ ਗਿਆ, ਯਿਸੂ ਉੱਦਾਂ-ਉੱਦਾਂ ਉਸ ਦਾ ਦਿਲ ਪੜ੍ਹ ਸਕਿਆ ਅਤੇ ਇਹ ਪਹਿਲਾਂ ਤੋਂ ਹੀ ਜਾਣ ਸਕਿਆ ਕਿ ਯਹੂਦਾ ਉਸ ਨੂੰ ਧੋਖਾ ਦੇਵੇਗਾ।—ਯੂਹੰ 13:10, 11.