ਯਹੋਵਾਹ ਦਾ ਬਚਨ ਜੀਉਂਦਾ ਹੈ
ਸਰੇਸ਼ਟ ਗੀਤ ਦੇ ਕੁਝ ਖ਼ਾਸ ਨੁਕਤੇ
“ਜਿਵੇਂ ਸੋਸਨ ਝਾੜੀਆਂ ਦੇ ਵਿੱਚ ਤਿਵੇਂ ਮੇਰੀ ਪ੍ਰੀਤਮਾ ਧੀਆਂ ਦੇ ਵਿੱਚ ਹੈ।” “ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ।” “ਇਹ ਅੰਮ੍ਰਿਤ ਵੇਲੇ ਦੀ ਲੋ ਵਾਂਗ ਕੌਣ ਦਿਸ ਰਹੀ ਹੈ, ਇਹ ਅਤਿ ਸੁੰਦਰ ਤੇ ਸਜੀਲੀ ਹੈ।” (ਸਰੇਸ਼ਟ ਗੀਤ 2:2, 3; 6:10, ਪਵਿੱਤਰ ਬਾਈਬਲ ਨਵਾਂ ਅਨੁਵਾਦ) ਬਾਈਬਲ ਦੀ ਸਰੇਸ਼ਟ ਗੀਤ ਦੀ ਪੋਥੀ ਵਿਚ ਦਰਜ ਇਹ ਆਇਤਾਂ ਕਿੰਨੀਆਂ ਸੋਹਣੀਆਂ ਹਨ! ਇਸ ਗੀਤ ਦੇ ਸ਼ਾਇਰਾਨਾ ਲਫ਼ਜ਼ਾਂ ਅਤੇ ਗਹਿਰੇ ਅਰਥ ਕਾਰਨ ਇਸ ਨੂੰ ਸਰੇਸ਼ਟ ਗੀਤ ਕਿਹਾ ਗਿਆ ਹੈ।—ਸਰੇਸ਼ਟ ਗੀਤ 1:1.
ਰਾਜਾ ਸੁਲੇਮਾਨ ਨੇ 1020 ਈ. ਪੂ. ਵਿਚ ਆਪਣੇ 40 ਸਾਲਾਂ ਦੇ ਰਾਜ ਦੀ ਸ਼ੁਰੂਆਤ ਵਿਚ ਇਸ ਗੀਤ ਨੂੰ ਲਿਖਿਆ ਸੀ। ਇਹ ਗੀਤ ਇਕ ਚਰਵਾਹੇ ਅਤੇ ਇਕ ਸ਼ੂਲੰਮੀਥ ਕੁੜੀ ਦੀ ਪ੍ਰੇਮ ਕਹਾਣੀ ਹੈ। ਇਸ ਗੀਤ ਵਿਚ ਇਨ੍ਹਾਂ ਦੋਹਾਂ ਤੋਂ ਇਲਾਵਾ ਕੁੜੀ ਦੀ ਮਾਂ ਅਤੇ ਭਰਾਵਾਂ, ‘ਯਰੂਸ਼ਲਮ ਦੀਆਂ ਧੀਆਂ’ ਯਾਨੀ ਸ਼ਾਹੀ ਦਰਬਾਰ ਦੀਆਂ ਔਰਤਾਂ ਅਤੇ ‘ਸੀਯੋਨ ਦੀਆਂ ਧੀਆਂ’ ਯਾਨੀ ਯਰੂਸ਼ਲਮ ਦੀਆਂ ਔਰਤਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। (ਸਰੇਸ਼ਟ ਗੀਤ 1:5; 3:11) ਕਿਉਂਕਿ ਸੁਲੇਮਾਨ ਦੇ ਇਸ ਗੀਤ ਵਿਚ ਕਈ ਜਣੇ ਸ਼ਾਮਲ ਹਨ ਕਦੇ-ਕਦੇ ਪਤਾ ਨਹੀਂ ਚੱਲਦਾ ਕਿ ਕੌਣ ਬੋਲ ਰਿਹਾ ਹੈ। ਪਰ ਕਹੀਆਂ ਜਾਂਦੀਆਂ ਗੱਲਾਂ ਤੋਂ ਬੋਲਣ ਵਾਲੇ ਦੀ ਪਛਾਣ ਕੀਤੀ ਜਾ ਸਕਦੀ ਹੈ।
ਇਹ ਗੀਤ ਪਰਮੇਸ਼ੁਰ ਦੇ ਬਚਨ ਦਾ ਹਿੱਸਾ ਹੈ, ਇਸ ਲਈ ਇਹ ਦੋ ਕਾਰਨਾਂ ਕਰਕੇ ਸਾਡੇ ਲਈ ਮਹੱਤਤਾ ਰੱਖਦਾ ਹੈ। (ਇਬਰਾਨੀਆਂ 4:12) ਪਹਿਲਾ, ਇਹ ਇਕ ਆਦਮੀ ਤੇ ਔਰਤ ਵਿਚ ਸੱਚੇ ਪਿਆਰ ਬਾਰੇ ਸਿਖਾਉਂਦਾ ਹੈ। ਦੂਸਰਾ, ਇਹ ਯਿਸੂ ਮਸੀਹ ਅਤੇ ਮਸਹ ਕੀਤੇ ਹੋਏ ਮਸੀਹੀਆਂ ਦੇ ਵਿਚ ਗਹਿਰੇ ਪਿਆਰ ਨੂੰ ਦਰਸਾਉਂਦਾ ਹੈ।—2 ਕੁਰਿੰਥੀਆਂ 11:2; ਅਫ਼ਸੀਆਂ 5:25-31.
‘ਮੇਰੇ ਵਿਚ ਪ੍ਰੀਤ ਜਗਾਉਣ’ ਦੀ ਕੋਸ਼ਿਸ਼ ਨਾ ਕਰੋ
“ਉਹ ਮੈਨੂੰ ਆਪਣੇ ਮੂੰਹ ਦੀਆਂ ਚੁੰਮੀਆਂ ਨਾਲ ਚੁੰਮੇ, ਕਿਉਂ ਜੋ ਤੇਰਾ ਪ੍ਰੇਮ ਮਧ ਨਾਲੋਂ ਚੰਗਾ ਹੈ।” (ਸਰੇਸ਼ਟ ਗੀਤ 1:2) ਸਰੇਸ਼ਟ ਗੀਤ ਰਾਜਾ ਸੁਲੇਮਾਨ ਦੇ ਸ਼ਾਹੀ ਦਰਬਾਰ ਵਿਚ ਲਿਆਂਦੀ ਗਈ ਪੇਂਡੂ ਕੁੜੀ ਦੇ ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। ਪਰ ਉਹ ਉੱਥੇ ਕਿੱਦਾਂ ਪਹੁੰਚੀ?
ਉਹ ਕਹਿੰਦੀ ਹੈ: “ਮੇਰੀ ਅੰਮਾਂ ਦੇ ਪੁੱਤ੍ਰ ਮੈਥੋਂ ਗੁੱਸੇ ਸਨ, ਉਨ੍ਹਾਂ ਨੇ ਮੈਨੂੰ ਅੰਗੂਰੀ ਬਾਗ਼ਾਂ ਦੀ ਰਾਖੀ ਉੱਤੇ ਲਾਇਆ।” ਬਸੰਤ ਦੀ ਰੁੱਤ ਸੀ ਅਤੇ ਦਿਨ ਸੋਹਣਾ ਸੀ। ਕੁੜੀ ਦੇ ਪ੍ਰੇਮੀ ਨੇ ਉਸ ਨੂੰ ਆਪਣੇ ਨਾਲ ਸੈਰ ਤੇ ਜਾਣ ਲਈ ਕਿਹਾ। ਪਰ ਇਹ ਗੱਲ ਸੁਣ ਕੇ ਕੁੜੀ ਦੇ ਭਰਾ ਆਪਣੀ ਭੈਣ ਤੇ ਖਿੱਝ ਗਏ ਤੇ ਉਨ੍ਹਾਂ ਨੇ ਉਸ ਨੂੰ ਜਾਣ ਤੋਂ ਮਨ੍ਹਾ ਕੀਤਾ। ਉਸ ਨੂੰ ਰੋਕਣ ਲਈ ਉਨ੍ਹਾਂ ਨੇ ਉਸ ਨੂੰ “ਛੋਟੀਆਂ ਲੂੰਬੜੀਆਂ” ਤੋਂ ਬਾਗ਼ ਦੀ ਰਾਖੀ ਕਰਨ ਦਾ ਕੰਮ ਦਿੱਤਾ “ਜੋ ਅੰਗੂਰੀ ਬਾਗ਼ ਨੂੰ ਖ਼ਰਾਬ ਕਰਦੀਆਂ” ਸਨ। (ਸਰੇਸ਼ਟ ਗੀਤ 1:6; 2:10-15) ਇਹ ਅੰਗੂਰੀ ਬਾਗ਼ ਸੁਲੇਮਾਨ ਦੇ ਡੇਰੇ ਲਾਗੇ ਸਨ। ਜਦ ਉਹ “ਗਿਰੀ ਮੇਵੇ ਦੇ ਰੁੱਖਾਂ ਦਾ ਬਾਗ਼” ਦੇਖਣ ਗਈ, ਤਾਂ ਸੁਲੇਮਾਨ ਦੀ ਨਜ਼ਰ ਉਸ ਦੀ ਸੁੰਦਰਤਾ ਤੇ ਪਈ ਤੇ ਉਸ ਨੂੰ ਡੇਰੇ ਵਿਚ ਬੁਲਾਇਆ ਗਿਆ।—ਸੁਲੇਮਾਨ ਦਾ ਗੀਤ 6:11, ਈਜ਼ੀ ਟੂ ਰੀਡ ਵਰਯਨ।
ਜਦੋਂ ਵੀ ਕੁੜੀ ਨੇ ਆਪਣੇ ਪਿਆਰੇ ਚਰਵਾਹੇ ਲਈ ਆਪਣੀ ਚਾਹਤ ਜ਼ਾਹਰ ਕੀਤੀ, ਦਰਬਾਰ ਦੀਆਂ ਔਰਤਾਂ ਉਸ ਨੂੰ ਕਹਿਣ ਲੱਗਦੀਆਂ ਕਿ ‘ਤੂੰ ਇੱਜੜ ਦੇ ਖੁਰੇ ਉੱਤੇ ਜਾ ਕੇ’ ਉਸ ਨੂੰ ਲੱਭ ਲੈ। ਪਰ ਸੁਲੇਮਾਨ ਨੇ ਉਸ ਨੂੰ ਨਹੀਂ ਜਾਣ ਦਿੱਤਾ। ਇਸ ਦੀ ਬਜਾਇ, ਉਸ ਦੀ ਸੁੰਦਰਤਾ ਦੀ ਤਾਰੀਫ਼ ਕਰਦੇ ਹੋਏ ਸੁਲੇਮਾਨ ਨੇ ਵਾਅਦਾ ਕੀਤਾ ਹੈ ਕਿ ਉਹ ਉਸ ‘ਲਈ ਸੋਨੇ ਦੇ ਹਾਰ ਚਾਂਦੀ ਦੇ ਫੁੱਲਾਂ ਨਾਲ ਬਣਾਵੇਗਾ।’ ਪਰ ਕੁੜੀ ਉੱਤੇ ਰਾਜੇ ਦੀਆਂ ਗੱਲਾਂ ਦਾ ਕੋਈ ਅਸਰ ਨਾ ਪਿਆ। ਚਰਵਾਹਾ ਸੁਲੇਮਾਨ ਦੇ ਡੇਰੇ ਵਿਚ ਆ ਗਿਆ ਅਤੇ ਉਸ ਨੇ ਆਪਣੀ ਪ੍ਰੀਤਮਾ ਨੂੰ ਲੱਭ ਕੇ ਕਿਹਾ: “ਵੇਖ, ਮੇਰੀ ਪ੍ਰੀਤਮਾ, ਤੂੰ ਰੂਪਵੰਤ ਹੈਂ, ਵੇਖ, ਤੂੰ ਰੂਪਵੰਤ ਹੈਂ।” ਦਰਬਾਰ ਦੀਆਂ ਔਰਤਾਂ ਨੂੰ ਸ਼ੂਲੰਮੀਥ ਕੁੜੀ ਨੇ ਸਹੁੰ ਖਵਾਈ ਕਿ ਉਹ ਉਸ ਵਿਚ ‘ਪ੍ਰੀਤ ਨੂੰ ਨਾ ਉਕਸਾਉਣ, ਨਾ ਜਗਾਉਣ, ਜਦ ਤੀਕ ਉਸ ਨੂੰ ਨਾ ਭਾਵੇ!’—ਸਰੇਸ਼ਟ ਗੀਤ 1:8-11, 15; 2:7; 3:5.
ਕੁਝ ਸਵਾਲਾਂ ਦੇ ਜਵਾਬ:
1:2, 3—ਚਰਵਾਹੇ ਦੇ ਪ੍ਰੇਮ ਦੀ ਯਾਦ ਮਧ ਵਰਗੀ ਤੇ ਉਸ ਦਾ ਨਾਂ ਤੇਲ ਵਰਗਾ ਕਿਉਂ ਹੈ? ਜਿਵੇਂ ਮਧ ਆਦਮੀ ਦੇ ਦਿਲ ਨੂੰ ਖ਼ੁਸ਼ ਕਰਦੀ ਹੈ ਅਤੇ ਸਿਰ ਤੇ ਤੇਲ ਲਾਉਣ ਨਾਲ ਆਰਾਮ ਮਿਲਦਾ ਹੈ, ਉਸੇ ਤਰ੍ਹਾਂ ਆਪਣੇ ਪ੍ਰੇਮੀ ਦੇ ਪਿਆਰ ਅਤੇ ਉਸ ਦੇ ਨਾਂ ਨੂੰ ਯਾਦ ਕਰ ਕੇ ਇਸ ਕੁੜੀ ਨੂੰ ਹਿੰਮਤ ਤੇ ਤਸੱਲੀ ਮਿਲਦੀ ਹੈ। (ਜ਼ਬੂਰਾਂ ਦੀ ਪੋਥੀ 23:5; 104:15) ਸੱਚੇ ਮਸੀਹੀ, ਖ਼ਾਸ ਕਰਕੇ ਮਸਹ ਕੀਤੇ ਹੋਏ ਮਸੀਹੀ ਇਸੇ ਤਰ੍ਹਾਂ ਹਿੰਮਤ ਤੇ ਤਸੱਲੀ ਪਾਉਂਦੇ ਹਨ ਜਦ ਉਹ ਉਨ੍ਹਾਂ ਨਾਲ ਕੀਤੇ ਯਿਸੂ ਮਸੀਹ ਦੇ ਪਿਆਰ ਬਾਰੇ ਸੋਚਦੇ ਹਨ।
1:5—ਸ਼ੂਲੰਮੀਥ ਕੁੜੀ ਨੇ ਆਪਣੇ ਸਾਂਵਲੇ ਰੰਗ ਦੀ ਤੁਲਨਾ “ਕੇਦਾਰ ਦੇ ਤੰਬੂਆਂ” ਨਾਲ ਕਿਉਂ ਕੀਤੀ ਸੀ? ਬੱਕਰੀ ਦੇ ਵਾਲਾਂ ਤੋਂ ਬਣਾਏ ਗਏ ਪਸ਼ਮੀਨੇ ਨੂੰ ਕਈ ਚੀਜ਼ਾਂ ਬਣਾਉਣ ਲਈ ਵਰਤਿਆ ਜਾਂਦਾ ਸੀ। (ਗਿਣਤੀ 31:20) ਮਿਸਾਲ ਲਈ, “ਪਸ਼ਮ [ਪਸ਼ਮੀਨੇ] ਦੇ ਪੜਦੇ ਡੇਹਰੇ ਦੇ ਤੰਬੂ” ਲਈ ਬਣਾਏ ਗਏ ਸੀ। (ਕੂਚ 26:7) ਉਜਾੜ ਵਿਚ ਰਹਿਣ ਵਾਲੇ ਅੱਜ ਦੇ ਲੋਕਾਂ ਦੇ ਤੰਬੂਆਂ ਵਾਂਗ ਸ਼ਾਇਦ ਕੇਦਾਰ ਦੇ ਤੰਬੂ ਵੀ ਕਾਲੀ ਬੱਕਰੀ ਦੇ ਵਾਲਾਂ ਤੋਂ ਬਣਾਏ ਗਏ ਸਨ।
1:15—ਚਰਵਾਹੇ ਦੇ ਇਹ ਕਹਿਣ ਦਾ ਕੀ ਮਤਲਬ ਸੀ ਕਿ “ਤੇਰੀਆਂ ਅੱਖਾਂ ਕਬੂਤਰੀਆਂ ਹਨ?” ਚਰਵਾਹੇ ਦੇ ਕਹਿਣ ਦਾ ਮਤਲਬ ਸੀ ਕਿ ਕਬੂਤਰਾਂ ਦੀਆਂ ਅੱਖਾਂ ਵਾਂਗ ਉਸ ਦੀ ਪ੍ਰੇਮਿਕਾ ਦੀਆਂ ਅੱਖੀਆਂ ਵੀ ਸੋਹਣੀਆਂ ਤੇ ਕੋਮਲ ਸਨ।
2:7; 3:5—ਦਰਬਾਰ ਦੀਆਂ ਔਰਤਾਂ ਨੂੰ “ਚਕਾਰਿਆਂ, ਅਤੇ ਖੇਤ ਦੀਆਂ ਹਰਨੀਆਂ” ਦਾ ਵਾਸਤਾ ਕਿਉਂ ਦਿੱਤਾ ਗਿਆ? ਹਿਰਨੀਆਂ ਆਪਣੀ ਸੁੰਦਰਤਾ ਲਈ ਜਾਣੀਆਂ ਜਾਂਦੀਆਂ ਹਨ। ਇਸ ਲਈ ਸ਼ੂਲੰਮੀਥ ਕੁੜੀ ਨੇ ਇਨ੍ਹਾਂ ਦਾ ਵਾਸਤਾ ਦੇ ਕੇ ਦਰਬਾਰ ਦੀਆਂ ਔਰਤਾਂ ਨੂੰ ਕਿਹਾ ਹੈ ਕਿ ਉਹ ਉਸ ਵਿਚ ਪ੍ਰੇਮ ਜਗਾਉਣ ਦੀ ਕੋਸ਼ਿਸ਼ ਨਾ ਕਰਨ।
ਸਾਡੇ ਲਈ ਸਬਕ:
1:2; 2:6. ਵਿਆਹ ਤੋਂ ਪਹਿਲਾਂ ਮੁੰਡਾ-ਕੁੜੀ ਆਪਣੇ ਪਿਆਰ ਦਾ ਇਜ਼ਹਾਰ ਕਰ ਸਕਦੇ ਹਨ, ਪਰ ਉਨ੍ਹਾਂ ਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਉਹ ਹੱਦ ਵਿਚ ਰਹਿ ਕੇ ਇਸ ਤਰ੍ਹਾਂ ਕਰਨ। ਇਹ ਨਾ ਹੋਵੇ ਕਿ ਪਿਆਰ ਜ਼ਾਹਰ ਕਰਦੇ ਹੋਏ ਉਹ ਹੋਸ਼ ਗਵਾ ਕੇ ਗ਼ਲਤ ਕੰਮ ਕਰ ਬੈਠਣ।—ਗਲਾਤੀਆਂ 5:19.
1:6; 2:10-15. ਸ਼ੂਲੰਮੀਥ ਕੁੜੀ ਦੇ ਭਰਾਵਾਂ ਨੇ ਉਸ ਨੂੰ ਆਪਣੇ ਪ੍ਰੇਮੀ ਨਾਲ ਪਹਾੜੀਆਂ ਵਿਚ ਇਕੱਲੇ ਜਾਣ ਤੋਂ ਮਨ੍ਹਾ ਕੀਤਾ ਸੀ। ਕਿਉਂ? ਇਸ ਲਈ ਨਹੀਂ ਕਿ ਉਨ੍ਹਾਂ ਨੂੰ ਉਸ ਦੀ ਨੀਅਤ ਤੇ ਸ਼ੱਕ ਸੀ। ਉਨ੍ਹਾਂ ਨੇ ਸਾਵਧਾਨੀ ਵਰਤੀ ਕਿਉਂਕਿ ਉਹ ਨਹੀਂ ਸੀ ਚਾਹੁੰਦੇ ਕਿ ਉਨ੍ਹਾਂ ਦੀ ਭੈਣ ਆਪਣੇ ਆਪ ਨੂੰ ਅਜਿਹੀ ਸਥਿਤੀ ਵਿਚ ਪਾਵੇ ਜਿੱਥੇ ਉਸ ਦੇ ਕਦਮ ਬਹਿਕ ਜਾਣ। ਤਾਂ ਫਿਰ, ਵਿਆਹ ਦੇ ਇਰਾਦੇ ਨਾਲ ਇਕ ਦੂਸਰੇ ਨੂੰ ਜਾਣਨ ਦੀ ਕੋਸ਼ਿਸ਼ ਕਰ ਰਹੇ ਮੁੰਡੇ-ਕੁੜੀ ਲਈ ਇਹ ਇਕ ਚੰਗਾ ਸਬਕ ਹੈ ਕਿ ਉਨ੍ਹਾਂ ਨੂੰ ਅਜਿਹੀ ਜਗ੍ਹਾ ਨਹੀਂ ਜਾਣਾ ਚਾਹੀਦਾ ਜਿੱਥੇ ਉਹ ਬਿਲਕੁਲ ਇਕੱਲੇ ਹੋਣ।
2:1-3, 8, 9. ਭਾਵੇਂ ਕਿ ਸ਼ੂਲੰਮੀਥ ਕੁੜੀ ਬਹੁਤ ਹੀ ਸੁੰਦਰ ਸੀ, ਪਰ ਉਸ ਨੇ ਆਪਣੇ ਆਪ ਬਾਰੇ ਕਿਹਾ: ‘ਮੈਂ ਸ਼ਾਰੋਨ ਦੀ ਨਰਗਸ ਹੀ ਹਾਂ।’ ਨਰਗਸ ਉਸ ਜਗ੍ਹਾ ਵਿਚ ਇਕ ਆਮ ਫੁੱਲ ਸੀ। ਉਸ ਦੀ ਸੁੰਦਰਤਾ ਅਤੇ ਯਹੋਵਾਹ ਪ੍ਰਤੀ ਉਸ ਦੀ ਵਫ਼ਾਦਾਰੀ ਕਾਰਨ ਚਰਵਾਹੇ ਨੇ ਉਸ ਨੂੰ: “ਸੋਸਨ” ਸਮਝਿਆ ਜੋ “ਝਾੜੀਆਂ ਦੇ ਵਿੱਚ” ਹੈ। ਚਰਵਾਹੇ ਬਾਰੇ ਕੀ ਕਿਹਾ ਜਾ ਸਕਦਾ ਹੈ? ਉਹ ਬਹੁਤ ਸੋਹਣਾ-ਸੁਨੱਖਾ ਸੀ, ਇਸ ਲਈ ਸ਼ੂਲੰਮੀਥ ਕੁੜੀ ਨੇ ਕਿਹਾ ਕਿ ਉਹ ਹਿਰਨ ਵਰਗਾ ਸੀ। ਉਹ ਵੀ ਯਹੋਵਾਹ ਦਾ ਭੈ ਰੱਖਦਾ ਸੀ ਅਤੇ ਯਹੋਵਾਹ ਦਾ ਵਫ਼ਾਦਾਰ ਸੇਵਕ ਸੀ। ਉਸ ਦੀ ਪ੍ਰੇਮਿਕਾ ਨੇ ਕਿਹਾ: “ਜਿਵੇਂ ਬਣ ਦੇ ਬਿਰਛਾਂ ਵਿੱਚ ਸੇਉ ਤਿਵੇਂ ਮੇਰਾ ਬਾਲਮ ਪੁੱਤ੍ਰਾਂ ਵਿੱਚ ਹੈ।” ਇਸ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਉਸ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਬਣਾਓ ਜੋ ਯਹੋਵਾਹ ਉੱਤੇ ਨਿਹਚਾ ਕਰਦਾ ਹੋਵੇ ਤੇ ਉਸ ਪ੍ਰਤੀ ਵਫ਼ਾਦਾਰ ਹੈ।
2:7; 3:5. ਇਹ ਕੁੜੀ ਸੁਲੇਮਾਨ ਨਾਲ ਪਿਆਰ ਨਹੀਂ ਕਰਦੀ ਸੀ। ਉਸ ਨੇ ਦਰਬਾਰ ਦੀਆਂ ਔਰਤਾਂ ਨੂੰ ਕਿਹਾ ਕਿ ਉਸ ਦੇ ਦਿਲ ਵਿਚ ਸਿਰਫ਼ ਆਪਣੇ ਪ੍ਰੇਮੀ ਚਰਵਾਹੇ ਲਈ ਪਿਆਰ ਸੀ। ਉਹ ਉਸ ਅੰਦਰ ਕਿਸੇ ਹੋਰ ਲਈ ਪਿਆਰ ਜਗਾਉਣ ਦੀ ਕੋਸ਼ਿਸ਼ ਨਾ ਕਰਨ। ਹਰ ਕਿਸੇ ਵਿਚ ਰੋਮਾਂਟਿਕ ਦਿਲਚਸਪੀ ਲੈਣੀ ਮੁਮਕਿਨ ਨਹੀਂ ਹੈ ਅਤੇ ਨਾ ਹੀ ਇਸ ਤਰ੍ਹਾਂ ਕਰਨਾ ਠੀਕ ਹੈ। ਜੇ ਕੋਈ ਮਸੀਹੀ ਵਿਆਹ ਕਰਵਾਉਣਾ ਚਾਹੁੰਦਾ ਹੈ, ਤਾਂ ਉਸ ਨੂੰ ਯਹੋਵਾਹ ਦੀ ਸੇਵਾ ਕਰਨ ਵਾਲੇ ਨਾਲ ਹੀ ਵਿਆਹ ਕਰਾਉਣਾ ਚਾਹੀਦੀ ਹੈ।—1 ਕੁਰਿੰਥੀਆਂ 7:39.
“ਤੁਸੀਂ ਕਿਉਂ ਸ਼ੂਲੰਮੀਥ ਦੇ ਉੱਤੇ ਨਿਗਾਹ” ਕਰ ਰਹੇ ਹੋ?
ਕੁਝ “ਉਜਾੜ ਵੱਲੋਂ ਚੜ੍ਹਿਆ ਆਉਂਦਾ ਹੈ, ਧੂੰਏਂ ਦੇ ਥੰਮ੍ਹਾਂ ਵਾਂਙੁ।” (ਸਰੇਸ਼ਟ ਗੀਤ 3:6) ਯਰੂਸ਼ਲਮ ਦੀਆਂ ਔਰਤਾਂ ਨੇ ਬਾਹਰ ਨਿਕਲ ਕੇ ਕੀ ਦੇਖਿਆ? ਸੁਲੇਮਾਨ ਤੇ ਉਸ ਦੇ ਸੂਰਮੇ ਸ਼ਹਿਰ ਨੂੰ ਵਾਪਸ ਆ ਰਹੇ ਸਨ! ਅਤੇ ਰਾਜੇ ਨੇ ਸ਼ੂਲੰਮੀਥ ਕੁੜੀ ਨੂੰ ਆਪਣੇ ਨਾਲ ਲਿਆਂਦਾ ਸੀ।
ਚਰਵਾਹਾ ਵੀ ਕੁੜੀ ਦੇ ਪਿੱਛੇ-ਪਿੱਛੇ ਆ ਗਿਆ ਅਤੇ ਉਸ ਨੂੰ ਮਿਲਣ ਦਾ ਤਰੀਕਾ ਲੱਭਿਆ। ਚਰਵਾਹੇ ਨੇ ਦੱਸਿਆ ਕਿ ਉਹ ਉਸ ਨਾਲ ਕਿੰਨਾ ਪਿਆਰ ਕਰਦਾ ਹੈ। ਅਤੇ ਸ਼ੂਲੰਮੀਥ ਕੁੜੀ ਨੇ ਵੀ ਕਿਹਾ ਕਿ ਉਹ ਸ਼ਹਿਰੋਂ ਕਿਤੇ ਦੂਰ ਚਲੇ ਜਾਣਾ ਚਾਹੁੰਦੀ ਸੀ। ਉਸ ਨੇ ਕਿਹਾ: “ਜਦ ਤੀਕ ਦਿਨ ਸਾਹ ਨਾ ਲਵੇ ਅਤੇ ਸਾਯੇ ਹਟ ਨਾ ਜਾਣ, ਮੈਂ ਗੰਧਰਸ ਦੇ ਪਹਾੜ ਤੇ ਲੁਬਾਨ ਦੇ ਟਿੱਲੇ ਉੱਤੇ” ਚਲੀ ਜਾਵਾਂਗੀ। ਉਸ ਨੇ ਚਰਵਾਹੇ ਨੂੰ ਸੱਦਾ ਦਿੱਤਾ ਕਿ ਉਹ ‘ਬਾਗ਼ ਵਿੱਚ ਆ ਕੇ ਮਿੱਠੇ ਫਲ ਖਾਵੇ।’ ਉਸ ਨੇ ਜਵਾਬ ਦਿੱਤਾ: “ਹੇ ਮੇਰੀ ਪਿਆਰੀ, ਮੇਰੀ ਬਨਰੀ, ਮੈਂ ਆਪਣੇ ਬਾਗ਼ ਵਿੱਚ ਆਇਆ ਹਾਂ।” ਫਿਰ ਯਰੂਸ਼ਲਮ ਦੀਆਂ ਔਰਤਾਂ ਨੇ ਉਨ੍ਹਾਂ ਨੂੰ ਕਿਹਾ: “ਸਾਥੀਓ, ਖਾਓ! ਪਿਆਰਿਓ, ਪੀਓ, ਰੱਜ ਕੇ ਪੀਓ!”—ਸਰੇਸ਼ਟ ਗੀਤ 4:6, 16; 5:1.
ਦਰਬਾਰ ਦੀਆਂ ਔਰਤਾਂ ਨੂੰ ਆਪਣੇ ਸੁਪਨੇ ਬਾਰੇ ਦੱਸਦੇ ਹੋਏ ਸ਼ੂਲੰਮੀਥ ਕੁੜੀ ਨੇ ਕਿਹਾ: “ਮੈਂ ਪ੍ਰੀਤ ਦੀ ਰੋਗਣ ਹਾਂ।” ਉਨ੍ਹਾਂ ਨੇ ਉਸ ਨੂੰ ਪੁੱਛਿਆ: “ਤੇਰਾ ਬਾਲਮ ਦੂਜੇ ਬਾਲਮਾਂ ਨਾਲੋਂ ਕਿਵੇਂ ਵੱਧ ਹੈ?” ਉਸ ਨੇ ਜਵਾਬ ਦਿੱਤਾ: “ਮੇਰਾ ਬਾਲਮ ਗੋਰਾ ਤੇ ਲਾਲ ਹੈ, ਉਹ ਤਾਂ ਹਜ਼ਾਰਾਂ ਵਿੱਚ ਮੰਨਿਆ ਦੰਨਿਆ ਹੈ!” (ਸਰੇਸ਼ਟ ਗੀਤ 5:2-10) ਸੁਲੇਮਾਨ ਦੀਆਂ ਤਾਰੀਫ਼ਾਂ ਸੁਣ ਕੇ ਸ਼ੂਲੰਮੀਥ ਕੁੜੀ ਨੇ ਬੜੀ ਨਿਮਰਤਾ ਨਾਲ ਸਵਾਲ ਪੁੱਛਿਆ: “ਤੁਸੀਂ ਕਿਉਂ ਸ਼ੂਲੰਮੀਥ ਦੇ ਉੱਤੇ ਨਿਗਾਹ” ਕੀਤੀ? (ਸਰੇਸ਼ਟ ਗੀਤ 6:4-13) ਉਸ ਦਾ ਦਿਲ ਜਿੱਤਣ ਦੀ ਕੋਸ਼ਿਸ਼ ਵਿਚ ਰਾਜਾ ਉਸ ਦੀ ਹੋਰ ਤਾਰੀਫ਼ ਕਰਨ ਲੱਗਦਾ ਹੈ। ਇਸ ਦੇ ਬਾਵਜੂਦ ਸ਼ੂਲੰਮੀਥ ਕੁੜੀ ਚਰਵਾਹੇ ਦੇ ਪ੍ਰੇਮ ਨੂੰ ਨਹੀਂ ਭੁਲਾਉਂਦੀ। ਅਖ਼ੀਰ ਵਿਚ ਸੁਲੇਮਾਨ ਨੇ ਉਸ ਨੂੰ ਘਰ ਭੇਜ ਦਿੱਤਾ।
ਕੁਝ ਸਵਾਲਾਂ ਦੇ ਜਵਾਬ:
4:1; 6:5—ਸ਼ੂਲੰਮੀਥ ਕੁੜੀ ਦੇ ਵਾਲਾਂ ਨੂੰ “ਬੱਕਰੀਆਂ ਦੇ ਇੱਜੜ ਵਾਂਙੁ” ਕਿਉਂ ਕਿਹਾ ਗਿਆ ਹੈ? ਕਿਉਂਕਿ ਬੱਕਰੀ ਦੇ ਕਾਲੇ ਵਾਲਾਂ ਵਾਂਗ ਉਸ ਦੇ ਵਾਲ ਸੋਹਣੇ ਤੇ ਸੰਘਣੇ ਸਨ।
4:11—ਇਸ ਦਾ ਕੀ ਮਤਲਬ ਹੈ ਕਿ ਸ਼ੂਲੰਮੀਥ ਕੁੜੀ ਦੀ “ਜੀਭ ਦੇ ਹੇਠ ਸ਼ਹਿਤ ਤੇ ਦੁੱਧ ਹੈ?” ਉਸ ਦੀ ਜੀਭ ਹੇਠ ਸ਼ਹਿਤ ਤੇ ਦੁੱਧ ਹੋਣ ਦਾ ਮਤਲਬ ਹੈ ਕਿ ਉਸ ਦੇ ਬੋਲ ਮਨਭਾਉਂਦੇ, ਚੰਗੇ ਤੇ ਮਿੱਠੇ ਸਨ।
5:12—ਇਨ੍ਹਾਂ ਸ਼ਬਦਾਂ ਦਾ ਕੀ ਮਤਲਬ ਹੈ ਕਿ “ਉਸ ਦੀਆਂ ਅੱਖਾਂ ਪਾਣੀ ਦੀਆਂ ਨਦੀਆਂ ਉੱਤੇ ਦੇ ਕਬੂਤਰਾਂ ਵਾਂਙੁ ਹਨ, ਜਿਹੜੀਆਂ ਦੁੱਧ ਨਾਲ ਨਹਾ” ਰਹੀਆਂ ਹਨ? ਸ਼ੂਲੰਮੀਥ ਕੁੜੀ ਆਪਣੇ ਪ੍ਰੇਮੀ ਦੀਆਂ ਸੁੰਦਰ ਅੱਖਾਂ ਬਾਰੇ ਗੱਲ ਕਰ ਰਹੀ ਸੀ। ਉਸ ਨੇ ਸ਼ਾਇਰਾਨਾ ਅੰਦਾਜ਼ ਵਿਚ ਉਸ ਦੀਆਂ ਅੱਖਾਂ ਦੀ ਤੁਲਨਾ ਫਿੱਕੇ ਨੀਲੇ ਰੰਗ ਦੇ ਕਬੂਤਰਾਂ ਨਾਲ ਕੀਤੀ ਜੋ ਦੁੱਧ ਵਿਚ ਨਹਾ ਰਹੇ ਸਨ।
5:14, 15—ਚਰਵਾਹੇ ਦੇ ਹੱਥਾਂ ਅਤੇ ਉਸ ਦੀਆਂ ਲੱਤਾਂ ਬਾਰੇ ਇਸ ਤਰ੍ਹਾਂ ਕਿਉਂ ਲਿਖਿਆ ਗਿਆ ਹੈ? ਸ਼ੂਲੰਮੀਥ ਕੁੜੀ ਨੇ ਕਿਹਾ ਕਿ ਚਰਵਾਹੇ ਦੇ ਹੱਥ ਸੋਨੇ ਦੇ ਕੁੰਡਲ ਸਨ ਜਿਨ੍ਹਾਂ ਵਿਚ ਜ਼ਬਰ ਜੜੇ ਹੋਏ ਸਨ। ਅਤੇ ਉਸ ਦੀਆਂ ਲੱਤਾਂ ਨੂੰ “ਸੰਗ ਮਰਮਰ ਦੇ ਪੀਲ ਪਾਏ” ਕਿਹਾ ਗਿਆ ਹੈ ਕਿਉਂਕਿ ਉਹ ਮਜ਼ਬੂਤ ਅਤੇ ਸੁੰਦਰ ਸਨ।
6:4—ਸ਼ੂਲੰਮੀਥ ਕੁੜੀ ਦੀ ਤੁਲਨਾ ਤਿਰਸਾਹ ਨਾਲ ਕਿਉਂ ਕੀਤੀ ਗਈ ਹੈ? ਇਸ ਕਨਾਨੀ ਸ਼ਹਿਰ ਉੱਤੇ ਯਹੋਸ਼ੁਆ ਨੇ ਕਬਜ਼ਾ ਕੀਤਾ ਸੀ। ਸੁਲੇਮਾਨ ਦੇ ਸਮੇਂ ਤੋਂ ਬਾਅਦ ਇਹ ਸ਼ਹਿਰ ਉੱਤਰੀ ਇਸਰਾਏਲ ਦੇ ਦਸ ਗੋਤਾਂ ਦੇ ਰਾਜ ਦੀ ਪਹਿਲੀ ਰਾਜਧਾਨੀ ਬਣਿਆ। (ਯਹੋਸ਼ੁਆ 12:7, 24; 1 ਰਾਜਿਆਂ 16:5, 6, 8, 15) ਇਕ ਕਿਤਾਬ ਕਹਿੰਦੀ ਹੈ ਕਿ “ਇਵੇਂ ਲੱਗਦਾ ਹੈ ਕਿ ਇਹ ਸ਼ਹਿਰ ਬਹੁਤ ਹੀ ਸੁੰਦਰ ਸੀ, ਇਸੇ ਲਈ ਇਸ ਦਾ ਜ਼ਿਕਰ ਇੱਥੇ ਕੀਤਾ ਗਿਆ ਹੈ।”
6:13—“ਮਹਨਇਮ ਦੇ ਨਾਚ” ਕੀ ਹੈ? ਮਹਨਇਮ ਨਾਂ ਦਾ ਸ਼ਹਿਰ ਯੱਬੋਕ ਵਾਦੀ ਦੇ ਨੇੜੇ ਯਰਦਨ ਨਦੀ ਦੇ ਪੂਰਬ ਵੱਲ ਸੀ। (ਉਤਪਤ 32:2, 22; 2 ਸਮੂਏਲ 2:29) ਇਹ “ਨਾਚ” ਸ਼ਾਇਦ ਉਸ ਸ਼ਹਿਰ ਵਿਚ ਕਿਸੇ ਤਿਉਹਾਰ ਤੇ ਕੀਤੇ ਗਏ ਨਾਚ ਨੂੰ ਸੰਕੇਤ ਕਰਦਾ ਹੈ।
7:4—ਸੁਲੇਮਾਨ ਨੇ ਕਿਉਂ ਕਿਹਾ ਸੀ ਕਿ ਸ਼ੂਲੰਮੀਥ ਕੁੜੀ ਦੀ “ਗਰਦਨ ਹਾਥੀ ਦੰਦ ਦੇ ਬੁਰਜ ਵਾਂਙੁ ਹੈ?” ਪਹਿਲਾਂ, ਕੁੜੀ ਦੀ ਸਿਫ਼ਤ ਇਸ ਤਰ੍ਹਾਂ ਕੀਤੀ ਗਈ ਸੀ: “ਤੇਰੀ ਗਰਦਨ ਦਾਊਦ ਦੇ ਬੁਰਜ ਵਾਂਙੁ ਹੈ।” (ਸਰੇਸ਼ਟ ਗੀਤ 4:4) ਬੁਰਜ ਲੰਬਾ ਤੇ ਪਤਲਾ ਹੁੰਦਾ ਹੈ ਅਤੇ ਹਾਥੀ-ਦੰਦ ਬਹੁਤ ਮੁਲਾਇਮ ਹੁੰਦਾ ਹੈ। ਸੁਲੇਮਾਨ ਇਸ ਕੁੜੀ ਦੀ ਪਤਲੀ ਤੇ ਮੁਲਾਇਮ ਗਰਦਨ ਦੇਖ ਕੇ ਪ੍ਰਭਾਵਿਤ ਹੋਇਆ ਸੀ।
ਸਾਡੇ ਲਈ ਸਬਕ:
4:1-7. ਇਸ ਕੁੜੀ ਨੂੰ ਲੁਭਾਉਣ ਦੀਆਂ ਸੁਲੇਮਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਰਹੀਆਂ। ਭਾਵੇਂ ਸ਼ੂਲੰਮੀਥ ਨਾਮੁਕੰਮਲ ਸੀ ਫਿਰ ਵੀ ਉਸ ਨੇ ਸਾਬਤ ਕੀਤਾ ਕਿ ਉਹ ਨੈਤਿਕ ਤੌਰ ਤੇ ਪਾਕ ਸੀ। ਸ਼ੁੱਧ ਰਹਿ ਕੇ ਉਸ ਨੇ ਆਪਣੀ ਸੁੰਦਰਤਾ ਨੂੰ ਹੋਰ ਵੀ ਵਧਾਇਆ। ਮਸੀਹੀ ਔਰਤਾਂ ਵੀ ਉਸ ਵਾਂਗ ਕਰ ਸਕਦੀਆਂ ਹਨ।
4:12. ਸ਼ੂਲੰਮੀਥ ਕੁੜੀ ਇਕ ਸੁੰਦਰ ਬਾਗ਼ ਵਾਂਗ ਸੀ ਜਿਸ ਦੇ ਆਲੇ-ਦੁਆਲੇ ਵਾੜ ਲਗਾਈ ਗਈ ਸੀ ਜਾਂ ਕੰਧ ਪਾਈ ਗਈ ਸੀ। ਇਸ ਬਾਗ਼ ਵਿਚ ਵੜਨ ਲਈ ਇੱਕੋ ਦਰਵਾਜ਼ਾ ਸੀ ਜਿਸ ਤੇ ਤਾਲਾ ਲੱਗਾ ਹੋਇਆ ਸੀ। ਉਸ ਨੇ ਆਪਣੇ ਪਿਆਰ ਨੂੰ ਸਿਰਫ਼ ਆਪਣੇ ਹੋਣ ਵਾਲੇ ਪਤੀ ਲਈ ਦਿਲ ਵਿਚ ਸੁਰੱਖਿਅਤ ਰੱਖਿਆ ਸੀ। ਇਹ ਕੁਆਰੇ ਮਸੀਹੀ ਆਦਮੀ-ਔਰਤਾਂ ਲਈ ਕਿੰਨੀ ਵਧੀਆ ਮਿਸਾਲ ਹੈ!
ਯਹੋਵਾਹ ਦੀ ‘ਲਾਟ’
ਸ਼ੂਲੰਮੀਥ ਕੁੜੀ ਦੇ ਭਰਾਵਾਂ ਨੇ ਉਸ ਨੂੰ ਘਰ ਆਉਂਦੇ ਦੇਖ ਕੇ ਪੁੱਛਿਆ: “ਏਹ ਕੌਣ ਹੈ ਜਿਹੜੀ ਉਜਾੜ ਤੋਂ ਉਤਾਹਾਂ ਆਉਂਦੀ, ਜਿਹੜੀ ਆਪਣੇ ਬਾਲਮ ਤੇ ਸਹਾਰਾ ਲੈਂਦੀ ਹੈ?” ਕੁਝ ਸਮਾਂ ਪਹਿਲਾਂ ਉਨ੍ਹਾਂ ਵਿੱਚੋਂ ਇਕ ਨੇ ਕਿਹਾ ਸੀ: “ਜੇ ਉਹ ਕੰਧ ਹੋਵੇ, ਅਸੀਂ ਉਹ ਦੇ ਉੱਤੇ ਚਾਂਦੀ ਦਾ ਧੂੜਕੋਟ ਬਣਾਵਾਂਗੇ, ਅਤੇ ਜੇ ਉਹ ਦਰਵੱਜਾ ਹੋਵੇ, ਅਸੀਂ ਉਹ ਨੂੰ ਦਿਆਰ ਦਿਆਂ ਫੱਟਿਆਂ ਨਾਲ ਘੇਰਾਂਗੇ।” ਪਰ ਹੁਣ ਜਦ ਸ਼ੂਲੰਮੀਥ ਕੁੜੀ ਨੇ ਆਪਣੇ ਪਿਆਰ ਨੂੰ ਸੱਚਾ ਸਾਬਤ ਕਰ ਦਿੱਤਾ ਸੀ, ਤਾਂ ਉਸ ਨੇ ਕਿਹਾ: “ਮੈਂ ਕੰਧ ਸਾਂ ਅਤੇ ਮੇਰੀਆਂ ਛਾਤੀਆਂ ਬੁਰਜਾਂ ਵਾਂਙੁ ਸਨ, ਤਦ ਮੈਂ ਉਹ ਦੀਆਂ ਅੱਖਾਂ ਵਿੱਚ ਸ਼ਾਂਤੀ ਪਾਉਣ ਵਾਲੀ ਵਾਂਙੁ ਸਾਂ।”—ਸਰੇਸ਼ਟ ਗੀਤ 8:5, 9, 10.
ਸੱਚਾ ਪਿਆਰ ਯਹੋਵਾਹ ਦੀ ‘ਲਾਟ’ ਹੈ। ਇਸ ਤਰ੍ਹਾਂ ਕਿਉਂ ਕਿਹਾ ਜਾ ਸਕਦਾ ਹੈ? ਕਿਉਂਕਿ ਯਹੋਵਾਹ ਹੀ ਪਿਆਰ ਦਾ ਸ੍ਰੋਤ ਹੈ। ਉਸ ਨੇ ਹੀ ਪਿਆਰ ਕਰਨ ਦੀ ਯੋਗਤਾ ਨਾਲ ਸਾਨੂੰ ਬਣਾਇਆ ਹੈ। ਪਿਆਰ ਦੀ ਅੱਗ ਬੁਝਾਈ ਨਹੀਂ ਜਾ ਸਕਦੀ। ਸਰੇਸ਼ਟ ਗੀਤ ਵਿਚ ਸੋਹਣੀ ਤਰ੍ਹਾਂ ਦਿਖਾਇਆ ਗਿਆ ਹੈ ਕਿ ਆਦਮੀ-ਔਰਤ ਦਾ ਪਿਆਰ “ਮੌਤ ਵਰਗਾ ਬਲਵਾਨ [ਅਟੁੱਟ]” ਹੋ ਸਕਦਾ ਹੈ।—ਸਰੇਸ਼ਟ ਗੀਤ 8:6.
ਸੁਲੇਮਾਨ ਦਾ ਇਹ ਗੀਤ ਉਸ ਬੰਧਨ ਬਾਰੇ ਵੀ ਸਾਨੂੰ ਸਮਝਾਉਂਦਾ ਹੈ ਜੋ ਯਿਸੂ ਮਸੀਹ ਅਤੇ ਉਸ ਦੀ ਸਵਰਗੀ “ਲਾੜੀ” ਯਾਨੀ ਮਸਹ ਕੀਤੇ ਹੋਏ ਮਸੀਹੀਆਂ ਵਿਚ ਹੈ। (ਪਰਕਾਸ਼ ਦੀ ਪੋਥੀ 21:2, 9) ਯਿਸੂ ਅਤੇ ਇਨ੍ਹਾਂ ਮਸੀਹੀਆਂ ਦਾ ਆਪਸੀ ਪਿਆਰ ਬਹੁਤ ਗਹਿਰਾ ਹੈ। ਇਹ ਆਦਮੀ-ਤੀਵੀਂ ਦੇ ਆਪਸੀ ਪਿਆਰ ਨਾਲੋਂ ਕਿਤੇ ਗਹਿਰਾ ਹੈ। ਇਹ ਮਸਹ ਕੀਤੇ ਹੋਏ ਮਸੀਹੀ ਯਿਸੂ ਪ੍ਰਤੀ ਪੂਰੀ ਤਰ੍ਹਾਂ ਵਫ਼ਾਦਾਰ ਰਹਿੰਦੇ ਹਨ। ਯਿਸੂ ਨੇ ਪਿਆਰ ਦੀ ਖ਼ਾਤਰ ‘ਹੋਰ ਭੇਡਾਂ’ ਲਈ ਵੀ ਆਪਣੀ ਜਾਨ ਕੁਰਬਾਨ ਕੀਤੀ ਸੀ। (ਯੂਹੰਨਾ 10:16) ਤਾਂ ਫਿਰ ਯਹੋਵਾਹ ਦੇ ਸਾਰੇ ਸੱਚੇ ਭਗਤ ਸ਼ੂਲੰਮੀਥ ਕੁੜੀ ਦੇ ਸੱਚੇ ਪਿਆਰ ਅਤੇ ਸ਼ਰਧਾ ਦੀ ਰੀਸ ਕਰ ਸਕਦੇ ਹਨ।
[ਸਫ਼ੇ 18, 19 ਉੱਤੇ ਤਸਵੀਰ]
ਸਰੇਸ਼ਟ ਗੀਤ ਸਾਨੂੰ ਜੀਵਨ ਸਾਥੀ ਲੱਭਣ ਬਾਰੇ ਕੀ ਸਿਖਾਉਂਦਾ ਹੈ?