ਪੰਦ੍ਹਰਵਾਂ ਅਧਿਆਇ
ਕੌਮਾਂ ਦੇ ਵਿਰੁੱਧ ਯਹੋਵਾਹ ਦਾ ਮਤਾ
1. ਯਸਾਯਾਹ ਨੇ ਅੱਸ਼ੂਰ ਦੇ ਵਿਰੁੱਧ ਕਿਹੜੀ ਭਵਿੱਖਬਾਣੀ ਲਿਖੀ ਸੀ?
ਯਹੋਵਾਹ ਆਪਣੇ ਲੋਕਾਂ ਨੂੰ ਬੁਰਿਆਈ ਦੀ ਸਜ਼ਾ ਦੇਣ ਲਈ ਕੌਮਾਂ ਨੂੰ ਇਸਤੇਮਾਲ ਕਰ ਸਕਦਾ ਹੈ। ਤਾਂ ਵੀ ਉਹ ਕੌਮਾਂ ਦੀ ਕਰੂਰਤਾ, ਹੰਕਾਰ, ਅਤੇ ਵੈਰ ਮਾਫ਼ ਨਹੀਂ ਕਰਦਾ ਜੋ ਉਹ ਸੱਚੀ ਉਪਾਸਨਾ ਪ੍ਰਤੀ ਰੱਖਦੀਆਂ ਹਨ। ਇਸ ਲਈ, ਬਹੁਤ ਚਿਰ ਪਹਿਲਾਂ ਉਸ ਨੇ ਯਸਾਯਾਹ ਨੂੰ “ਬਾਬਲ ਦਾ ਅਗੰਮ ਵਾਕ” ਲਿਖਣ ਲਈ ਪ੍ਰੇਰਿਤ ਕੀਤਾ ਸੀ। (ਯਸਾਯਾਹ 13:1) ਪਰ, ਬਾਬਲ ਦਾ ਖ਼ਤਰਾ ਤਾਂ ਭਵਿੱਖ ਵਿਚ ਹੋਣਾ ਸੀ। ਯਸਾਯਾਹ ਦੇ ਜ਼ਮਾਨੇ ਵਿਚ, ਅੱਸ਼ੂਰ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਉੱਤੇ ਜ਼ੁਲਮ ਕਰ ਰਿਹਾ ਸੀ। ਅੱਸ਼ੂਰ ਨੇ ਉੱਤਰੀ ਰਾਜ ਇਸਰਾਏਲ ਦਾ ਨਾਸ਼ ਕੀਤਾ ਸੀ ਅਤੇ ਯਹੂਦਾਹ ਦਾ ਵੱਡਾ ਹਿੱਸਾ ਤਬਾਹ ਕੀਤਾ ਸੀ। ਪਰ ਅੱਸ਼ੂਰ ਦੀ ਕਾਮਯਾਬੀ ਦੀ ਹੱਦ ਸੀ। ਯਸਾਯਾਹ ਨੇ ਲਿਖਿਆ: “ਸੈਨਾਂ ਦੇ ਯਹੋਵਾਹ ਨੇ ਸੌਂਹ ਖਾਧੀ, ਕਿ ਨਿਸੰਗ ਜਿਵੇਂ ਮੈਂ ਠਾਣਿਆ, ਤਿਵੇਂ ਹੋ ਜਾਵੇਗਾ . . . ਭਈ ਮੈਂ ਅੱਸ਼ੂਰ ਨੂੰ ਆਪਣੇ ਦੇਸ ਵਿੱਚ ਫੰਡ ਸੁੱਟਾਂਗਾ, ਅਤੇ ਆਪਣੇ ਪਹਾੜ ਉੱਤੇ ਉਹ ਨੂੰ ਲਤਾੜਾਂਗਾ, ਉਹ ਦਾ ਜੂਲਾ ਓਹਨਾਂ ਉੱਤੋਂ ਲਹਿ ਜਾਵੇਗਾ, ਅਤੇ ਉਹ ਦਾ ਭਾਰ ਓਹਨਾਂ ਦੇ ਮੋਢਿਆਂ ਤੋਂ ਹਟ ਜਾਵੇਗਾ।” (ਯਸਾਯਾਹ 14:24, 25) ਯਸਾਯਾਹ ਦੇ ਇਸ ਭਵਿੱਖਬਾਣੀ ਕਰਨ ਤੋਂ ਥੋੜ੍ਹੀ ਦੇਰ ਬਾਅਦ, ਯਹੂਦਾਹ ਤੋਂ ਅੱਸ਼ੂਰ ਦਾ ਖ਼ਤਰਾ ਦੂਰ ਕੀਤਾ ਗਿਆ ਸੀ।—2 ਰਾਜਿਆਂ 19:35-37.
2, 3. (ੳ) ਪੁਰਾਣੇ ਜ਼ਮਾਨੇ ਵਿਚ ਯਹੋਵਾਹ ਨੇ ਆਪਣਾ ਹੱਥ ਕਿਨ੍ਹਾਂ ਉੱਤੇ ਚੁੱਕਿਆ ਸੀ? (ਅ) ਇਸ ਦਾ ਕੀ ਮਤਲਬ ਹੈ ਕਿ ਯਹੋਵਾਹ ਆਪਣਾ ਹੱਥ “ਸਾਰੀਆਂ ਕੌਮਾਂ” ਉੱਤੇ ਚੁੱਕਦਾ ਹੈ?
2 ਪਰ, ਹੋਰਨਾਂ ਕੌਮਾਂ ਬਾਰੇ ਕੀ ਜੋ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦੇ ਦੁਸ਼ਮਣ ਸਨ? ਉਨ੍ਹਾਂ ਨੂੰ ਵੀ ਸਜ਼ਾ ਮਿਲੀ। ਯਸਾਯਾਹ ਨੇ ਕਿਹਾ: “ਏਹ ਉਹ ਮਤਾ ਹੈ ਜਿਹੜਾ ਸਾਰੀ ਧਰਤੀ ਉੱਤੇ ਮਿਥਿਆ ਹੋਇਆ ਹੈ, ਅਤੇ ਏਹ ਉਹ ਹੱਥ ਹੈ ਜਿਹੜਾ ਸਾਰੀਆਂ ਕੌਮਾਂ ਉੱਤੇ ਚੁੱਕਿਆ ਹੋਇਆ ਹੈ। ਸੈਨਾਂ ਦੇ ਯਹੋਵਾਹ ਨੇ ਤਾਂ ਠਾਣ ਲਿਆ ਹੈ, ਸੋ ਕੌਣ ਰੱਦ ਕਰੇਗਾ? ਉਹ ਦਾ ਹੱਥ ਚੁੱਕਿਆ ਹੋਇਆ ਹੈ, ਸੋ ਕੌਣ ਉਹ ਨੂੰ ਰੋਕੇਗਾ?” (ਯਸਾਯਾਹ 14:26, 27) ਯਹੋਵਾਹ ਦਾ “ਮਤਾ” ਸਿਰਫ਼ ਉਸ ਦੀ ਸਲਾਹ ਹੀ ਨਹੀਂ ਹੈ। ਇਹ ਉਸ ਦਾ ਪੱਕਾ ਇਰਾਦਾ ਯਾਨੀ ਉਸ ਦਾ ਫ਼ੈਸਲਾ ਹੈ। (ਯਿਰਮਿਯਾਹ 49:20, 30) ਪਰਮੇਸ਼ੁਰ ਦਾ “ਹੱਥ” ਉਸ ਦੀ ਤਾਕਤ ਹੈ। ਯਸਾਯਾਹ ਦੇ 14ਵੇਂ ਅਧਿਆਇ ਦੀਆਂ ਆਖ਼ਰੀ ਆਇਤਾਂ ਵਿਚ ਅਤੇ 15ਵੇਂ ਤੋਂ 19ਵੇਂ ਅਧਿਆਵਾਂ ਵਿਚ ਯਹੋਵਾਹ ਦਾ ਮਤਾ ਫਲਿਸਤ, ਮੋਆਬ, ਦੰਮਿਸਕ, ਕੂਸ਼ ਯਾਨੀ ਈਥੀਓਪੀਆ, ਅਤੇ ਮਿਸਰ ਦੇ ਵਿਰੁੱਧ ਸੀ।
3 ਲੇਕਿਨ, ਯਸਾਯਾਹ ਨੇ ਕਿਹਾ ਕਿ ਯਹੋਵਾਹ ਦਾ ਹੱਥ “ਸਾਰੀਆਂ ਕੌਮਾਂ” ਉੱਤੇ ਚੁੱਕਿਆ ਹੋਇਆ ਹੈ। ਇਸ ਲਈ, ਭਾਵੇਂ ਯਸਾਯਾਹ ਦੀਆਂ ਇਹ ਭਵਿੱਖਬਾਣੀਆਂ ਪਹਿਲੀ ਵਾਰ ਪੁਰਾਣੇ ਜ਼ਮਾਨੇ ਵਿਚ ਪੂਰੀਆਂ ਹੋਈਆਂ ਸਨ, ਪਰ ਇਹ “ਓੜਕ ਦੇ ਵੇਲੇ” ਵਿਚ ਵੀ ਲਾਗੂ ਹੁੰਦੀਆਂ ਹਨ ਜਦੋਂ ਯਹੋਵਾਹ ਧਰਤੀ ਦੀਆਂ ਸਾਰੀਆਂ ਕੌਮਾਂ ਵਿਰੁੱਧ ਆਪਣਾ ਹੱਥ ਚੁੱਕੇਗਾ। (ਦਾਨੀਏਲ 2:44; 12:9; ਰੋਮੀਆਂ 15:4; ਪਰਕਾਸ਼ ਦੀ ਪੋਥੀ 19:11, 19-21) ਸਰਬਸ਼ਕਤੀਮਾਨ ਪਰਮੇਸ਼ੁਰ ਯਹੋਵਾਹ ਘਟਨਾਵਾਂ ਹੋਣ ਤੋਂ ਕਾਫ਼ੀ ਚਿਰ ਪਹਿਲਾਂ ਭਰੋਸੇ ਨਾਲ ਆਪਣਾ ਮਤਾ ਦੱਸਦਾ ਹੈ। ਕੋਈ ਵੀ ਉਸ ਦਾ ਚੁੱਕਿਆ ਹੋਇਆ ਹੱਥ ਨਹੀਂ ਰੋਕ ਸਕਦਾ।—ਜ਼ਬੂਰ 33:11; ਯਸਾਯਾਹ 46:10.
ਫਲਿਸਤ ਵਿਰੁੱਧ “ਇੱਕ ਉੱਡਣ ਵਾਲਾ ਸਰਪ”
4. ਯਹੋਵਾਹ ਦੀ ਭਵਿੱਖਬਾਣੀ ਵਿਚ ਫਲਿਸਤ ਵਿਰੁੱਧ ਕੀ-ਕੀ ਦੱਸਿਆ ਗਿਆ ਸੀ?
4 ਸਭ ਤੋਂ ਪਹਿਲਾਂ ਫਲਿਸਤੀਆਂ ਵਿਰੁੱਧ ਭਵਿੱਖਬਾਣੀ ਕੀਤੀ ਗਈ ਸੀ। “ਆਹਾਜ਼ ਪਾਤਸ਼ਾਹ ਦੀ ਮੌਤ ਦੇ ਵਰ੍ਹੇ ਇਹ ਅਗੰਮ ਵਾਕ ਹੋਇਆ,—ਹੇ ਫਲਿਸਤੀਓ, ਤੁਸੀਂ ਸਾਰੇ ਅਨੰਦ ਨਾ ਹੋਵੋ, ਕਿ ਤੁਹਾਡਾ ਮਾਰਨ ਵਾਲਾ ਡੰਡਾ ਭੰਨਿਆ ਗਿਆ ਹੈ, ਕਿਉਂ ਜੋ ਨਾਗ ਦੀ ਜੜ੍ਹੋਂ ਫਣੀਅਰ ਸੱਪ ਨਿੱਕਲੇਗਾ, ਅਤੇ ਉਹ ਦਾ ਫਲ ਇੱਕ ਉੱਡਣ ਵਾਲਾ ਸਰਪ ਹੋਵੇਗਾ।”—ਯਸਾਯਾਹ 14:28, 29.
5, 6. (ੳ) ਫਲਿਸਤੀਆਂ ਲਈ ਉੱਜ਼ੀਯਾਹ ਇਕ ਸੱਪ ਵਰਗਾ ਕਿਸ ਤਰ੍ਹਾਂ ਸੀ? (ਅ) ਫਲਿਸਤ ਦੇ ਵਿਰੁੱਧ ਹਿਜ਼ਕੀਯਾਹ ਕੀ ਸਾਬਤ ਹੋਇਆ?
5 ਰਾਜਾ ਉੱਜ਼ੀਯਾਹ ਕੋਲ ਤਾਕਤ ਸੀ ਕਿ ਉਹ ਫਲਿਸਤ ਦੇ ਖ਼ਤਰੇ ਬਾਰੇ ਕੁਝ ਕਰ ਸਕੇ। (2 ਇਤਹਾਸ 26:6-8) ਫਲਿਸਤੀਆਂ ਲਈ ਉਹ ਇਕ ਸੱਪ ਵਰਗਾ ਸੀ ਅਤੇ ਉਸ ਦਾ ਡੰਡਾ ਇਸ ਵੈਰੀ ਗੁਆਂਢੀ ਨੂੰ ਮਾਰਦਾ ਰਿਹਾ। ਉੱਜ਼ੀਯਾਹ ਦੀ ਮੌਤ ਤੋਂ ਬਾਅਦ, ‘ਉਸ ਦਾ ਡੰਡਾ ਭੰਨਿਆ ਗਿਆ’ ਅਤੇ ਵਫ਼ਾਦਾਰ ਯੋਥਾਮ ਨੇ ਰਾਜ ਕੀਤਾ, ਪਰ “ਅਜੇ ਤੀਕ ਲੋਕੀ ਵਿਗੜੀ ਚਾਲ ਚੱਲਦੇ ਸਨ।” ਫਿਰ, ਆਹਾਜ਼ ਰਾਜਾ ਬਣਿਆ ਅਤੇ ਹਾਲਾਤ ਬਦਲ ਗਏ। ਉਸ ਸਮੇਂ ਫਲਿਸਤੀ ਯਹੂਦਾਹ ਉੱਤੇ ਕਾਮਯਾਬੀ ਨਾਲ ਸੈਨਿਕ ਹਮਲੇ ਕਰ ਸਕਦੇ ਸਨ। (2 ਇਤਹਾਸ 27:2; 28:17, 18) ਸੰਨ 746 ਸਾ.ਯੁ.ਪੂ. ਵਿਚ, ਰਾਜਾ ਆਹਾਜ਼ ਦੀ ਮੌਤ ਹੋ ਗਈ ਅਤੇ ਹਾਲਾਤ ਫਿਰ ਬਦਲ ਗਏ। ਉਸ ਸਮੇਂ ਜਵਾਨ ਹਿਜ਼ਕੀਯਾਹ ਰਾਜ-ਗੱਦੀ ਉੱਤੇ ਬੈਠਾ। ਜੇ ਫਲਿਸਤੀਆਂ ਨੇ ਸੋਚਿਆ ਸੀ ਕਿ ਹਾਲਾਤ ਚੰਗੇ ਰਹਿਣਗੇ, ਤਾਂ ਉਹ ਬਹੁਤ ਵੱਡਾ ਧੋਖਾ ਖਾ ਰਹੇ ਸਨ। ਹਿਜ਼ਕੀਯਾਹ ਇਕ ਜਾਨੀ ਦੁਸ਼ਮਣ ਸਾਬਤ ਹੋਇਆ। ਹਿਜ਼ਕੀਯਾਹ ਉੱਜ਼ੀਯਾਹ ਦੀ ਸੰਤਾਨ ਵਿੱਚੋਂ ਸੀ—ਉਸ ਦੀ ‘ਜੜ੍ਹੋਂ ਇਕ ਫਲ।’ ਉਹ ‘ਇੱਕ ਉੱਡਣ ਵਾਲੇ ਸਰਪ’ ਵਰਗਾ ਸੀ ਜੋ ਤੇਜ਼ੀ ਨਾਲ ਡੰਗ ਮਾਰ ਕੇ ਹਮਲਾ ਕਰਦਾ ਸੀ, ਮਾਨੋ ਆਪਣੇ ਸ਼ਿਕਾਰੀਆਂ ਵਿਚ ਜ਼ਹਿਰ ਭਰ ਦਿੰਦਾ ਸੀ।
6 ਨਵੇਂ ਰਾਜੇ ਬਾਰੇ ਇਹ ਬਿਆਨ ਐਨ ਠੀਕ ਸੀ। “[ਹਿਜ਼ਕੀਯਾਹ] ਨੇ ਹੀ ਫਲਿਸਤੀਆਂ ਨੂੰ ਅੱਜ਼ਾਹ ਅਰ ਉਹ ਦੀਆਂ ਹੱਦਾਂ ਤਾਈਂ . . . ਮਾਰਿਆ।” (2 ਰਾਜਿਆਂ 18:8) ਅੱਸ਼ੂਰੀ ਰਾਜਾ ਸਨਹੇਰੀਬ ਦੇ ਬਿਰਤਾਂਤ ਅਨੁਸਾਰ ਫਲਿਸਤੀ ਹਿਜ਼ਕੀਯਾਹ ਦੇ ਰਾਜ ਅਧੀਨ ਆਏ। ‘ਗਰੀਬ,’ ਯਾਨੀ ਯਹੂਦਾਹ ਦੇ ਕਮਜ਼ੋਰ ਰਾਜ ਦੇ ਲੋਕ, ਸਲਾਮਤ ਰਹੇ ਅਤੇ ਉਨ੍ਹਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਈ ਜਦ ਕਿ ਫਲਿਸਤ ਉੱਤੇ ਕਾਲ ਆ ਪਿਆ ਸੀ।—ਯਸਾਯਾਹ 14:30, 31 ਪੜ੍ਹੋ।
7. ਯਰੂਸ਼ਲਮ ਨੂੰ ਆਏ ਰਾਜਦੂਤਾਂ ਦੇ ਸਾਮ੍ਹਣੇ ਹਿਜ਼ਕੀਯਾਹ ਨੂੰ ਆਪਣੀ ਨਿਹਚਾ ਦਿਖਾਉਣ ਲਈ ਕੀ ਕਹਿਣਾ ਚਾਹੀਦਾ ਸੀ?
7 ਲੱਗਦਾ ਸੀ ਕਿ ਯਹੂਦਾਹ ਵਿਚ ਰਾਜਦੂਤ ਆਏ ਸਨ—ਸ਼ਾਇਦ ਅੱਸ਼ੂਰ ਦੇ ਵਿਰੁੱਧ ਮਿੱਤਰਤਾ ਭਾਲਣ ਲਈ। ਉਨ੍ਹਾਂ ਨੂੰ ਕੀ ਕਿਹਾ ਜਾਣਾ ਚਾਹੀਦਾ ਸੀ? “ਉਹ ਕੌਮ ਦੇ ਦੂਤਾਂ ਨੂੰ ਕੀ ਉੱਤਰ ਦੇਵੇਗਾ?” ਕੀ ਹਿਜ਼ਕੀਯਾਹ ਨੂੰ ਵਿਦੇਸ਼ੀਆਂ ਨਾਲ ਮਿੱਤਰਤਾ ਕਰ ਕੇ ਸੁਰੱਖਿਆ ਭਾਲਣੀ ਚਾਹੀਦੀ ਸੀ? ਨਹੀਂ! ਉਸ ਨੂੰ ਉਨ੍ਹਾਂ ਸੰਦੇਸ਼ਵਾਹਕਾਂ ਨੂੰ ਕਹਿਣਾ ਚਾਹੀਦਾ ਸੀ ਕਿ “ਯਹੋਵਾਹ ਨੇ ਸੀਯੋਨ ਦੀ ਨੀਂਹ ਰੱਖੀ ਹੈ, ਅਤੇ ਉਹ ਦੇ ਵਿੱਚ ਲੋਕਾਂ ਦੇ ਦੁਖਿਆਰੇ ਪਨਾਹ ਲੈਣਗੇ।” (ਯਸਾਯਾਹ 14:32) ਰਾਜੇ ਨੂੰ ਯਹੋਵਾਹ ਉੱਤੇ ਪੂਰਾ ਭਰੋਸਾ ਰੱਖਣਾ ਚਾਹੀਦਾ ਸੀ। ਸੀਯੋਨ ਦੀ ਨੀਂਹ ਪੱਕੀ ਸੀ। ਪਨਾਹ ਦੀ ਜਗ੍ਹਾ ਵਜੋਂ ਇਹ ਸ਼ਹਿਰ ਅੱਸ਼ੂਰ ਦੇ ਖ਼ਤਰੇ ਤੋਂ ਸਹੀ-ਸਲਾਮਤ ਬਚਿਆ ਰਿਹਾ ਸੀ।—ਜ਼ਬੂਰ 46:1-7.
8. (ੳ) ਅੱਜ ਕੁਝ ਕੌਮਾਂ ਫਲਿਸਤ ਵਰਗੀਆਂ ਕਿਵੇਂ ਬਣੀਆਂ ਹਨ? (ਅ) ਪੁਰਾਣੇ ਜ਼ਮਾਨੇ ਵਾਂਗ ਯਹੋਵਾਹ ਨੇ ਅੱਜ ਆਪਣੇ ਲੋਕਾਂ ਨੂੰ ਸਹਾਰਾ ਦੇਣ ਲਈ ਕੀ ਕੀਤਾ ਹੈ?
8 ਫਲਿਸਤ ਦੀ ਤਰ੍ਹਾਂ, ਅੱਜ ਕੁਝ ਕੌਮਾਂ ਪਰਮੇਸ਼ੁਰ ਦੇ ਉਪਾਸਕਾਂ ਦਾ ਡਾਢਾ ਵਿਰੋਧ ਕਰਦੀਆਂ ਹਨ। ਯਹੋਵਾਹ ਦੇ ਮਸੀਹੀ ਗਵਾਹ ਕੈਦਖ਼ਾਨਿਆਂ ਅਤੇ ਨਜ਼ਰਬੰਦੀ-ਕੈਂਪਾਂ ਵਿਚ ਬੰਦ ਰੱਖੇ ਗਏ ਹਨ। ਉਨ੍ਹਾਂ ਉੱਤੇ ਬੰਦਸ਼ਾਂ ਲਾਈਆਂ ਗਈਆਂ ਹਨ। ਕੁਝ ਜਾਨੋਂ ਮਾਰੇ ਗਏ ਹਨ। ਵਿਰੋਧੀ ‘ਧਰਮੀ ਦੀ ਜਾਨ ਦੇ ਵਿਰੁੱਧ ਚੜ੍ਹੀ ਆਉਂਦੇ ਹਨ।’ (ਜ਼ਬੂਰ 94:21) ਉਨ੍ਹਾਂ ਵੈਰੀਆਂ ਦੀ ਨਜ਼ਰ ਵਿਚ, ਇਹ ਮਸੀਹੀ ਸਮੂਹ ਸ਼ਾਇਦ ‘ਗਰੀਬ’ ਅਤੇ “ਕੰਗਾਲ” ਲੱਗੇ। ਪਰ, ਯਹੋਵਾਹ ਦੇ ਸਹਾਰੇ ਨਾਲ, ਉਹ ਬਹੁਤ ਸਾਰੀਆਂ ਰੂਹਾਨੀ ਚੀਜ਼ਾਂ ਦਾ ਮਜ਼ਾ ਲੈਂਦੇ ਹਨ, ਜਦ ਕਿ ਉਨ੍ਹਾਂ ਦੇ ਦੁਸ਼ਮਣ ਕਾਲ਼ ਭੋਗ ਰਹੇ ਹਨ। (ਯਸਾਯਾਹ 65:13, 14; ਆਮੋਸ 8:11) ਜਦੋਂ ਯਹੋਵਾਹ ਅੱਜ ਦੇ ਜ਼ਮਾਨੇ ਦੇ ਫਲਿਸਤੀਆਂ ਉੱਤੇ ਹੱਥ ਚੁੱਕੇਗਾ, ਤਾਂ ਇਹ ‘ਗਰੀਬ’ ਸਹੀ-ਸਲਾਮਤ ਹੋਣਗੇ। ਕਿਵੇਂ? “ਪਰਮੇਸ਼ੁਰ ਦੇ ਘਰਾਣੇ” ਨਾਲ ਸੰਬੰਧ ਰੱਖ ਕੇ ਜਿਸ ਘਰਾਣੇ ਦੀ ਪੱਕੀ ਨੀਂਹ ਦੇ ਖੂੰਜੇ ਦਾ ਪੱਥਰ ਯਿਸੂ ਹੈ। (ਅਫ਼ਸੀਆਂ 2:19, 20) ਉਹ “ਸੁਰਗੀ ਯਰੂਸ਼ਲਮ,” ਯਾਨੀ ਯਹੋਵਾਹ ਦੇ ਆਸਮਾਨੀ ਰਾਜ ਦੀ ਸੁਰੱਖਿਆ ਦੇ ਅਧੀਨ ਵੀ ਹੋਣਗੇ, ਜਿਸ ਦਾ ਰਾਜਾ ਯਿਸੂ ਮਸੀਹ ਹੈ।—ਇਬਰਾਨੀਆਂ 12:22; ਪਰਕਾਸ਼ ਦੀ ਪੋਥੀ 14:1.
ਮੋਆਬ ਦਾ ਨਾਸ਼ ਕੀਤਾ ਗਿਆ
9. ਅਗਲਾ ਅਗੰਮ ਵਾਕ ਕਿਨ੍ਹਾਂ ਬਾਰੇ ਕੀਤਾ ਗਿਆ, ਅਤੇ ਇਹ ਲੋਕ ਪਰਮੇਸ਼ੁਰ ਦੇ ਲੋਕਾਂ ਦੇ ਵੈਰੀ ਕਿਵੇਂ ਸਾਬਤ ਹੋਏ ਸਨ?
9 ਮ੍ਰਿਤ ਸਾਗਰ ਦੇ ਪੂਰਬ ਵੱਲ ਇਸਰਾਏਲ ਦਾ ਇਕ ਹੋਰ ਗੁਆਂਢੀ ਮੋਆਬ ਸੀ। ਫਲਿਸਤੀਆਂ ਤੋਂ ਉਲਟ, ਮੋਆਬੀ ਅਬਰਾਹਾਮ ਦੇ ਭਤੀਜੇ ਲੂਤ ਦੀ ਸੰਤਾਨ ਸਨ ਅਤੇ ਇਸ ਕਰਕੇ ਉਹ ਇਸਰਾਏਲ ਦੇ ਰਿਸ਼ਤੇਦਾਰ ਸਨ। (ਉਤਪਤ 19:37) ਇਸ ਰਿਸ਼ਤੇਦਾਰੀ ਦੇ ਬਾਵਜੂਦ, ਬਹੁਤ ਚਿਰ ਤੋਂ ਮੋਆਬ ਦਾ ਇਸਰਾਏਲ ਨਾਲ ਵੈਰ ਰਿਹਾ ਸੀ। ਉਦਾਹਰਣ ਲਈ, ਮੂਸਾ ਦੇ ਜ਼ਮਾਨੇ ਵਿਚ, ਮੋਆਬ ਦੇ ਰਾਜੇ ਨੇ ਇਸ ਉਮੀਦ ਨਾਲ ਬਿਲਆਮ ਨਬੀ ਨੂੰ ਪੈਸੇ ਦਿੱਤੇ ਸਨ ਕਿ ਉਹ ਇਸਰਾਏਲੀਆਂ ਉੱਤੇ ਸਰਾਪ ਪਾਵੇ। ਜਦੋਂ ਇਹ ਨਾ ਹੋ ਸਕਿਆ, ਤਾਂ ਮੋਆਬ ਨੇ ਇਸਰਾਏਲ ਨੂੰ ਬੁਰੇ ਚਾਲ-ਚਲਣ ਅਤੇ ਬਆਲ ਦੀ ਪੂਜਾ ਵਿਚ ਫਸਾਇਆ। (ਗਿਣਤੀ 22:4-6; 25:1-5) ਤਾਂ ਫਿਰ, ਕੋਈ ਹੈਰਾਨੀ ਦੀ ਗੱਲ ਨਹੀਂ ਕਿ ਯਹੋਵਾਹ ਨੇ ਯਸਾਯਾਹ ਨੂੰ “ਮੋਆਬ ਲਈ ਅਗੰਮ ਵਾਕ” ਲਿਖਣ ਲਈ ਪ੍ਰੇਰਿਤ ਕੀਤਾ।—ਯਸਾਯਾਹ 15:1ੳ.
10, 11. ਭਵਿੱਖਬਾਣੀ ਅਨੁਸਾਰ ਮੋਆਬ ਨਾਲ ਕੀ ਹੋਵੇਗਾ?
10 ਯਸਾਯਾਹ ਦੀ ਭਵਿੱਖਬਾਣੀ ਮੋਆਬ ਦੇ ਕਈ ਸ਼ਹਿਰਾਂ ਅਤੇ ਥਾਂਵਾਂ ਬਾਰੇ ਕੀਤੀ ਗਈ ਸੀ, ਜਿਨ੍ਹਾਂ ਵਿਚ ਆਰ, ਕੀਰ (ਜਾਂ ਕੀਰ-ਹਰਸਥ), ਅਤੇ ਦੀਬੋਨ ਵੀ ਸ਼ਾਮਲ ਸਨ। (ਯਸਾਯਾਹ 15:1ਅ, 2ੳ) ਭਵਿੱਖਬਾਣੀ ਵਿਚ ਕਿਹਾ ਗਿਆ ਸੀ ਕਿ ਮੋਆਬੀ ਕੀਰ-ਹਰਸਥ ਸ਼ਹਿਰ ਦੀਆਂ ਸੌਗੀ ਦੀਆਂ ਮਸ਼ਹੂਰ ਪਿੰਨੀਆਂ ਲਈ ਰੋਣਗੇ। (ਯਸਾਯਾਹ 16:6, 7) ਸਿਬਮਾਹ ਅਤੇ ਯਾਜ਼ੇਰ ਉੱਤੇ ਵਾਰ ਕੀਤਾ ਜਾਵੇਗਾ, ਜੋ ਅੰਗੂਰਾਂ ਦੀਆਂ ਵੇਲਾਂ ਲਾਉਣ ਲਈ ਮਸ਼ਹੂਰ ਸਨ। (ਯਸਾਯਾਹ 16:8-10) ਅਗਲਥ-ਸ਼ਲੀਸ਼ੀਯਾਹ, ਜਿਸ ਦੇ ਨਾਂ ਦਾ ਅਰਥ ਸ਼ਾਇਦ “ਤਿੰਨ ਸਾਲਾਂ ਦੀ ਗਾਂ” ਹੋਵੇ, ਇਕ ਮੋਟੀ ਤਾਜ਼ੀ ਪੀੜ ਵਿਚ ਚਿੱਲਾਉਂਦੀ ਗਾਂ ਵਰਗਾ ਹੋਵੇਗਾ। (ਯਸਾਯਾਹ 15:5) ਦੇਸ਼ ਦਾ ਘਾਹ ਸੁੱਕ ਜਾਵੇਗਾ ਜਦ ਕਿ ਮੋਆਬੀਆਂ ਦੇ ਕਤਲਾਮ ਕਰਕੇ “ਦੀਮੋਨ ਦੇ ਪਾਣੀ” ਲਹੂ-ਲੁਹਾਨ ਹੋ ਜਾਣਗੇ। “ਨਿਮਰੀਮ ਦੇ ਪਾਣੀ ਤਾਂ ਵਿਰਾਨ” ਹੋ ਜਾਣਗੇ, ਸ਼ਾਇਦ ਲਾਖਣਿਕ ਤੌਰ ਤੇ ਜਾਂ ਅਸਲੀ ਤੌਰ ਤੇ, ਇਸ ਲਈ ਕਿ ਦੁਸ਼ਮਣ ਫ਼ੌਜਾਂ ਉਨ੍ਹਾਂ ਦੀਆਂ ਨਦੀਆਂ ਨੂੰ ਬੰਨ੍ਹ ਲਾ ਕੇ ਰੋਕ ਦੇਣਗੀਆਂ।—ਯਸਾਯਾਹ 15:6-9.
11 ਮੋਆਬੀ ਲੋਕ ਤੱਪੜ ਪਹਿਨਣਗੇ, ਯਾਨੀ ਸੋਗ ਦੇ ਕੱਪੜੇ ਪਹਿਨਣਗੇ। ਸ਼ਰਮ ਦੇ ਮਾਰੇ ਅਤੇ ਸੋਗ ਮਨਾਉਣ ਲਈ ਉਹ ਹਜਾਮਤ ਕਰ ਕੇ ਆਪਣੇ ਸਿਰ ਰੋਡੇ ਕਰਨਗੇ। ਆਪਣੀ ਬੇਇੱਜ਼ਤੀ ਦਾ ਦੁੱਖ ਦਿਖਾਉਣ ਲਈ ਉਨ੍ਹਾਂ ਦੀਆਂ ਦਾੜ੍ਹੀਆਂ ‘ਮੁੰਨੀਆਂ ਹੋਈਆਂ’ ਹੋਣਗੀਆਂ। (ਯਸਾਯਾਹ 15:2ਅ-4) ਯਸਾਯਾਹ ਜਾਣਦਾ ਸੀ ਕਿ ਇਹ ਨਿਆਉਂ ਜ਼ਰੂਰ ਪੂਰਾ ਹੋ ਕੇ ਰਹੇਗਾ ਅਤੇ ਇਸ ਲਈ ਉਹ ਖ਼ੁਦ ਅੰਦਰੋ-ਅੰਦਰੀਂ ਦੁਖੀ ਹੋਇਆ। ਮੋਆਬ ਵਿਰੁੱਧ ਇਸ ਦਰਦ-ਭਰੇ ਸੁਨੇਹੇ ਕਰਕੇ ਉਸ ਦੇ ਦਿਲ ਨੇ ਤਰਸ ਖਾਧਾ।—ਯਸਾਯਾਹ 16:11, 12.
12. ਮੋਆਬ ਦੇ ਵਿਰੁੱਧ ਯਸਾਯਾਹ ਦੇ ਸ਼ਬਦ ਕਿਵੇਂ ਪੂਰੇ ਹੋਏ?
12 ਇਹ ਭਵਿੱਖਬਾਣੀ ਕਦੋਂ ਪੂਰੀ ਹੋਈ? ਥੋੜ੍ਹੀ ਹੀ ਦੇਰ ਵਿਚ। “ਏਹ ਬਚਨ ਉਹ ਹੈ ਜਿਹੜਾ ਯਹੋਵਾਹ ਮੋਆਬ ਦੇ ਵਿਖੇ ਭੂਤ ਕਾਲ ਵਿੱਚ ਬੋਲਿਆ। ਪਰ ਹੁਣ ਯਹੋਵਾਹ ਐਉਂ ਬੋਲਦਾ ਹੈ ਕਿ ਤਿੰਨਾਂ ਵਰਿਹਾਂ ਦੇ ਵਿੱਚ ਮਜਦੂਰ ਦਿਆਂ ਵਰਿਹਾਂ ਵਾਂਙੁ ਮੋਆਬ ਦਾ ਪਰਤਾਪ ਉਹ ਦੀ ਸਾਰੀ ਵੱਡੀ ਭੀੜ ਸਣੇ ਤੁੱਛ ਕੀਤਾ ਜਾਵੇਗਾ ਅਤੇ ਬਕੀਆ ਬਹੁਤ ਥੋੜਾ ਅਤੇ ਨਿਕੰਮਾ ਹੋਵੇਗਾ।” (ਯਸਾਯਾਹ 16:13, 14) ਇਸ ਦੇ ਅਨੁਸਾਰ, ਪੁਰਾਣੀਆਂ ਲੱਭਤਾਂ ਤੋਂ ਸਬੂਤ ਮਿਲਦਾ ਹੈ ਕਿ ਅੱਠਵੀਂ ਸਦੀ ਸਾ.ਯੁ.ਪੂ. ਵਿਚ ਮੋਆਬ ਨੇ ਬਹੁਤ ਕਸ਼ਟ ਝੱਲੇ ਅਤੇ ਉਸ ਦੇ ਕਈ ਸਥਾਨ ਵਿਰਾਨ ਕੀਤੇ ਗਏ। ਤਿਗਲਥ ਪਿਲਸਰ ਤੀਜੇ ਨੂੰ ਕਈਆਂ ਹਾਕਮਾਂ ਨੇ ਕਰ ਭਰਿਆ ਸੀ ਜਿਨ੍ਹਾਂ ਵਿਚ ਮੋਆਬ ਦੇ ਸਲਮਾਨੂ ਦਾ ਨਾਂ ਵੀ ਲਿਆ ਗਿਆ ਸੀ। ਸਨਹੇਰੀਬ ਨੂੰ ਮੋਆਬ ਦੇ ਰਾਜੇ, ਕਮੂਸੁਨਾਦਬੀ ਤੋਂ ਕਰ ਮਿਲਿਆ ਸੀ। ਅੱਸ਼ੂਰ ਦੇ ਸ਼ਹਿਨਸ਼ਾਹਾਂ ਏਸਰ-ਹੱਦੋਨ ਅਤੇ ਐਸ਼ਰਬਾਨਿਪਾਲ ਨੇ ਮੋਆਬੀ ਰਾਜੇ ਮਸੂਰੀ ਅਤੇ ਕਮਾਸ਼ਲਟੁ ਨੂੰ ਆਪਣੇ ਸੇਵਕ ਕਿਹਾ। ਅੱਜ ਤੋਂ ਕਈ ਸਦੀਆਂ ਪਹਿਲਾਂ, ਮੋਆਬੀ ਇਕ ਕੌਮ ਵਜੋਂ ਖ਼ਤਮ ਹੋ ਗਏ ਸਨ। ਉਨ੍ਹਾਂ ਸ਼ਹਿਰਾਂ ਦੇ ਖੰਡਰਾਤ ਲੱਭੇ ਗਏ ਹਨ ਜਿਨ੍ਹਾਂ ਨੂੰ ਮੋਆਬੀ ਸ਼ਹਿਰ ਸਮਝਿਆ ਜਾਂਦਾ ਹੈ, ਪਰ ਹੁਣ ਤਕ ਇਸਰਾਏਲ ਦੇ ਇਸ ਸ਼ਕਤੀਸ਼ਾਲੀ ਦੁਸ਼ਮਣ ਦੀ ਹੋਂਦ ਦਾ ਬਹੁਤ ਘੱਟ ਸਬੂਤ ਲੱਭਿਆ ਗਿਆ ਹੈ।
ਸਾਡੇ ਜ਼ਮਾਨੇ ਦਾ “ਮੋਆਬ” ਨਸ਼ਟ ਕੀਤਾ ਜਾਂਦਾ ਹੈ
13. ਅੱਜ ਮੋਆਬ ਨਾਲ ਕਿਸ ਸੰਗਠਨ ਦੀ ਤੁਲਨਾ ਕੀਤੀ ਜਾ ਸਕਦੀ ਹੈ?
13 ਅੱਜ ਪ੍ਰਾਚੀਨ ਮੋਆਬ ਵਰਗਾ ਇਕ ਵਿਸ਼ਵ-ਵਿਆਪੀ ਸੰਗਠਨ ਹੈ। ਇਹ ਈਸਾਈ-ਜਗਤ ਹੈ ਜੋ ‘ਵੱਡੀ ਬਾਬੁਲ’ ਦਾ ਮੁੱਖ ਹਿੱਸਾ ਹੈ। (ਪਰਕਾਸ਼ ਦੀ ਪੋਥੀ 17:5) ਮੋਆਬ ਅਤੇ ਇਸਰਾਏਲ ਦੋਵੇਂ ਅਬਰਾਹਾਮ ਦੇ ਪਿਤਾ, ਤਾਰਹ ਤੋਂ ਸਨ। ਇਸੇ ਤਰ੍ਹਾਂ, ਈਸਾਈ-ਜਗਤ, ਮਸਹ ਕੀਤੇ ਹੋਏ ਮਸੀਹੀਆਂ ਦੀ ਕਲੀਸਿਯਾ ਵਾਂਗ, ਪਹਿਲੀ ਸਦੀ ਦੀ ਮਸੀਹੀ ਕਲੀਸਿਯਾ ਵਿੱਚੋਂ ਹੋਣ ਦਾ ਦਾਅਵਾ ਕਰਦਾ ਹੈ। (ਗਲਾਤੀਆਂ 6:16) ਲੇਕਿਨ, ਮੋਆਬ ਵਾਂਗ ਈਸਾਈ-ਜਗਤ ਭ੍ਰਿਸ਼ਟ ਹੈ। ਇੱਕੋ ਸੱਚੇ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਕਰਨ ਦੀ ਬਜਾਇ, ਉਹ ਹੋਰ ਦੇਵਤਿਆਂ ਦੀ ਪੂਜਾ ਕਰ ਕੇ ਰੂਹਾਨੀ ਵਿਭਚਾਰ ਨੂੰ ਅੱਗੇ ਵਧਾਉਂਦਾ ਹੈ। (ਯਾਕੂਬ 4:4; 1 ਯੂਹੰਨਾ 5:21) ਇਕ ਵਰਗ ਵਜੋਂ, ਈਸਾਈ-ਜਗਤ ਦੇ ਆਗੂ ਰਾਜ ਦੀ ਖ਼ੁਸ਼ ਖ਼ਬਰੀ ਦਾ ਪ੍ਰਚਾਰ ਕਰਨ ਵਾਲਿਆਂ ਦੀ ਵਿਰੋਧਤਾ ਕਰਦੇ ਹਨ।—ਮੱਤੀ 24:9, 14.
14. ਸਾਡੇ ਜ਼ਮਾਨੇ ਦੇ “ਮੋਆਬ” ਵਿਰੁੱਧ ਯਹੋਵਾਹ ਦੇ ਮਤੇ ਦੇ ਬਾਵਜੂਦ, ਉਸ ਸੰਗਠਨ ਦੇ ਹਰੇਕ ਮੈਂਬਰ ਲਈ ਕੀ ਉਮੀਦ ਹੈ?
14 ਅੰਤ ਵਿਚ ਮੋਆਬ ਦਾ ਨਾਸ਼ ਕੀਤਾ ਗਿਆ ਸੀ। ਈਸਾਈ-ਜਗਤ ਨਾਲ ਵੀ ਇਹੋ ਕੀਤਾ ਜਾਵੇਗਾ। ਅੱਜ ਦੇ ਅੱਸ਼ੂਰ ਨੂੰ ਵਰਤ ਕੇ ਯਹੋਵਾਹ ਉਸ ਦੀ ਤਬਾਹੀ ਕਰੇਗਾ। (ਪਰਕਾਸ਼ ਦੀ ਪੋਥੀ 17:16, 17) ਪਰ, ਅੱਜ ਦੇ ਜ਼ਮਾਨੇ ਦੇ “ਮੋਆਬ” ਵਿਚ ਲੋਕਾਂ ਲਈ ਉਮੀਦ ਹੈ। ਮੋਆਬ ਦੇ ਵਿਰੁੱਧ ਭਵਿੱਖਬਾਣੀ ਕਰਦੇ ਹੋਏ ਯਸਾਯਾਹ ਨੇ ਕਿਹਾ: “ਇੱਕ ਸਿੰਘਾਸਣ ਦਯਾ ਨਾਲ ਕਾਇਮ ਹੋ ਜਾਵੇਗਾ, ਅਤੇ ਉਹ ਦੇ ਉੱਤੇ ਦਾਊਦ ਦੇ ਤੰਬੂ ਵਿੱਚ ਸਚਿਆਈ ਨਾਲ ਉਹ ਬੈਠੇਗਾ, ਜਿਹੜਾ ਨਿਆਉਂ ਕਰ ਕੇ ਇਨਸਾਫ਼ ਚਾਹੇਗਾ, ਅਤੇ ਧਰਮ ਵਿੱਚ ਕਾਹਲਾ ਹੋਵੇਗਾ।” (ਯਸਾਯਾਹ 16:5) ਸੰਨ 1914 ਵਿਚ, ਯਹੋਵਾਹ ਨੇ ਰਾਜਾ ਦਾਊਦ ਦੇ ਘਰਾਣੇ ਵਿੱਚੋਂ ਯਿਸੂ ਨੂੰ ਹਾਕਮ ਵਜੋਂ ਸਿੰਘਾਸਣ ਉੱਤੇ ਬਿਠਾਇਆ। ਯਿਸੂ ਨੂੰ ਰਾਜਾ ਬਣਾ ਕੇ ਯਹੋਵਾਹ ਨੇ ਆਪਣੀ ਪ੍ਰੇਮਪੂਰਣ-ਦਿਆਲਗੀ ਦਿਖਾਈ। ਰਾਜਾ ਦਾਊਦ ਨਾਲ ਪਰਮੇਸ਼ੁਰ ਦੇ ਨੇਮ ਦੀ ਪੂਰਤੀ ਵਿਚ ਯਿਸੂ ਦਾ ਰਾਜ ਸਦਾ ਲਈ ਕਾਇਮ ਰਹੇਗਾ। (ਜ਼ਬੂਰ 72:2; 85:10, 11; 89:3, 4; ਲੂਕਾ 1:32) ਸਾਡੇ ਜ਼ਮਾਨੇ ਦੇ “ਮੋਆਬ” ਨੂੰ ਛੱਡ ਕੇ ਕਈ ਮਸਕੀਨ ਲੋਕ ਯਿਸੂ ਦੇ ਅਧੀਨ ਆਏ ਹਨ ਤਾਂਕਿ ਉਹ ਜੀਵਨ ਹਾਸਲ ਕਰ ਸਕਣ। (ਪਰਕਾਸ਼ ਦੀ ਪੋਥੀ 18:4) ਇਨ੍ਹਾਂ ਨੂੰ ਇਹ ਜਾਣ ਕੇ ਕਿੰਨਾ ਦਿਲਾਸਾ ਮਿਲਦਾ ਹੈ ਕਿ ਯਿਸੂ “ਪਰਾਈਆਂ ਕੌਮਾਂ ਨੂੰ ਨਿਆਉਂ ਦੀ ਖ਼ਬਰ ਕਰੇਗਾ”!—ਮੱਤੀ 12:18; ਯਿਰਮਿਯਾਹ 33:15.
ਦੰਮਿਸਕ ਉੱਜੜ ਜਾਵੇਗਾ
15, 16. (ੳ) ਯਹੂਦਾਹ ਵਿਰੁੱਧ ਦੰਮਿਸਕ ਅਤੇ ਇਸਰਾਏਲ ਨੇ ਕਿਹੜਾ ਕਦਮ ਚੁੱਕਿਆ, ਅਤੇ ਦੰਮਿਸਕ ਲਈ ਇਸ ਦਾ ਕੀ ਨਤੀਜਾ ਨਿਕਲਿਆ ਸੀ? (ਅ) ਦੰਮਿਸਕ ਲਈ ਅਗੰਮ ਵਾਕ ਵਿਚ ਕੌਣ ਸ਼ਾਮਲ ਸੀ? (ੲ) ਇਸਰਾਏਲ ਦੀ ਮਿਸਾਲ ਤੋਂ ਮਸੀਹੀ ਅੱਜ ਕੀ ਸਿੱਖ ਸਕਦੇ ਹਨ?
15 ਯਸਾਯਾਹ ਨੇ “ਦੰਮਿਸਕ ਲਈ ਅਗੰਮ ਵਾਕ” ਲਿਖਿਆ ਸੀ। (ਯਸਾਯਾਹ 17:1-6 ਪੜ੍ਹੋ।) ਇਸਰਾਏਲ ਦੇ ਉੱਤਰ ਵੱਲ, ਦੰਮਿਸਕ ਸ਼ਹਿਰ “ਅਰਾਮ ਦਾ ਸਿਰ” ਸੀ। (ਯਸਾਯਾਹ 7:8) ਯਹੂਦਾਹ ਦੇ ਰਾਜਾ ਆਹਾਜ਼ ਦੇ ਰਾਜ ਦੌਰਾਨ, ਦੰਮਿਸਕ ਦੇ ਰਾਜਾ ਰਸੀਨ ਨੇ ਇਸਰਾਏਲ ਦੇ ਰਾਜਾ ਪਕਹ ਨਾਲ ਮਿਲ ਕੇ ਯਹੂਦਾਹ ਉੱਤੇ ਹਮਲਾ ਕੀਤਾ ਸੀ। ਪਰ, ਆਹਾਜ਼ ਦੀ ਅਰਜ਼ ਤੇ ਅੱਸ਼ੂਰ ਦੇ ਤਿਗਲਥ ਪਿਲਸਰ ਤੀਜੇ ਨੇ ਦੰਮਿਸਕ ਉੱਤੇ ਹਮਲਾ ਕੀਤਾ ਸੀ ਅਤੇ ਉਸ ਦੇ ਕਈਆਂ ਵਾਸੀਆਂ ਨੂੰ ਬੰਦਸ਼ ਵਿਚ ਲੈ ਗਿਆ ਸੀ। ਇਸ ਤੋਂ ਬਾਅਦ, ਯਹੂਦਾਹ ਲਈ ਦੰਮਿਸਕ ਦਾ ਖ਼ਤਰਾ ਖ਼ਤਮ ਹੋ ਗਿਆ ਸੀ।—2 ਰਾਜਿਆਂ 16:5-9; 2 ਇਤਹਾਸ 28:5, 16.
16 ਸੰਭਵ ਹੈ ਕਿ ਦੰਮਿਸਕ ਨਾਲ ਇਸਰਾਏਲ ਦੀ ਮਿੱਤਰਤਾ ਕਰਕੇ ਦੰਮਿਸਕ ਵਿਰੁੱਧ ਯਹੋਵਾਹ ਦੇ ਅਗੰਮ ਵਾਕ ਵਿਚ ਬੇਵਫ਼ਾ ਉੱਤਰੀ ਰਾਜ ਇਸਰਾਏਲ ਲਈ ਵੀ ਸਜ਼ਾ ਸ਼ਾਮਲ ਸੀ। (ਯਸਾਯਾਹ 17:3-6) ਇਸਰਾਏਲ ਅਜਿਹੇ ਖੇਤ ਵਰਗਾ ਬਣਿਆ ਜਿਸ ਤੋਂ ਵਾਢੀ ਦੇ ਵੇਲੇ ਬਹੁਤ ਥੋੜ੍ਹੀ ਫ਼ਸਲ ਮਿਲਦੀ ਹੈ ਜਾਂ ਅਜਿਹੇ ਜ਼ੈਤੂਨ ਦੇ ਦਰਖ਼ਤ ਵਰਗਾ ਜਿੱਥੇ ਜ਼ੈਤੂਨ ਟਹਿਣੀਆਂ ਤੋਂ ਝਾੜੇ ਗਏ ਹੋਣ। (ਯਸਾਯਾਹ 17:4-6) ਯਹੋਵਾਹ ਦੇ ਸਮਰਪਿਤ ਲੋਕਾਂ ਲਈ ਇਹ ਕਿੰਨੀ ਵੱਡੀ ਚੇਤਾਵਨੀ ਹੈ! ਯਹੋਵਾਹ ਅਣਵੰਡੀ ਭਗਤੀ ਦੀ ਉਮੀਦ ਰੱਖਦਾ ਹੈ ਅਤੇ ਸਿਰਫ਼ ਦਿਲੋਂ ਕੀਤੀ ਗਈ ਪਵਿੱਤਰ ਸੇਵਾ ਮਨਜ਼ੂਰ ਕਰਦਾ ਹੈ। ਨਾਲੇ ਉਹ ਉਨ੍ਹਾਂ ਨਾਲ ਨਫ਼ਰਤ ਕਰਦਾ ਹੈ ਜੋ ਆਪਣੇ ਭਰਾਵਾਂ ਦੇ ਵਿਰੋਧੀ ਬਣ ਜਾਂਦੇ ਹਨ।—ਕੂਚ 20:5; ਯਸਾਯਾਹ 17:10, 11; ਮੱਤੀ 24:48-50.
ਯਹੋਵਾਹ ਉੱਤੇ ਪੂਰਾ ਭਰੋਸਾ
17, 18. (ੳ) ਯਹੋਵਾਹ ਦੇ ਅਗੰਮ ਵਾਕ ਬਾਰੇ ਕੁਝ ਲੋਕਾਂ ਨੇ ਕੀ ਕੀਤਾ, ਪਰ ਜ਼ਿਆਦਾਤਰ ਲੋਕਾਂ ਦਾ ਉਸ ਬਾਰੇ ਕੀ ਰਵੱਈਆ ਸੀ? (ਅ) ਅੱਜ ਦੀਆਂ ਘਟਨਾਵਾਂ ਹਿਜ਼ਕੀਯਾਹ ਦੇ ਜ਼ਮਾਨੇ ਵਰਗੀਆਂ ਕਿਵੇਂ ਹਨ?
17 ਯਸਾਯਾਹ ਨੇ ਅੱਗੇ ਕਿਹਾ: “ਓਸ ਦਿਨ ਆਦਮੀ ਆਪਣੇ ਕਰਤਾਰ ਵੱਲ ਗੌਹ ਕਰਨਗੇ, ਅਤੇ ਉਨ੍ਹਾਂ ਦੀਆਂ ਅੱਖਾਂ ਇਸਰਾਏਲ ਦੇ ਪਵਿੱਤਰ ਪੁਰਖ ਵੱਲ ਵੇਖਣਗੀਆਂ। ਓਹ ਜਗਵੇਦੀਆਂ ਵੱਲ ਆਪਣੀ ਦਸਤਕਾਰੀ ਉੱਤੇ ਗੌਹ ਨਾ ਕਰਨਗੇ, ਨਾ ਆਪਣੀਆਂ ਉਂਗਲੀਆਂ ਦੀ ਕਿਰਤ ਵੱਲ, ਨਾ ਅਸ਼ੇਰ ਟੁੰਡਾਂ ਵੱਲ ਨਾ ਸੂਰਜ ਥੰਮ੍ਹਾਂ ਵੱਲ ਵੇਖਣਗੇ।” (ਯਸਾਯਾਹ 17:7, 8) ਜੀ ਹਾਂ, ਕੁਝ ਇਸਰਾਏਲੀਆਂ ਨੇ ਯਹੋਵਾਹ ਦੀ ਚੇਤਾਵਨੀ ਵੱਲ ਧਿਆਨ ਦਿੱਤਾ ਸੀ। ਮਿਸਾਲ ਲਈ, ਜਦੋਂ ਹਿਜ਼ਕੀਯਾਹ ਨੇ ਇਸਰਾਏਲ ਦੇ ਵਾਸੀਆਂ ਨੂੰ ਸੱਦਾ ਭੇਜਿਆ ਕਿ ਉਹ ਯਹੂਦਾਹ ਨਾਲ ਪਸਾਹ ਮਨਾਉਣ ਲਈ ਆਉਣ, ਤਾਂ ਕੁਝ ਇਸਰਾਏਲੀ ਦੱਖਣ ਵੱਲ ਸਫ਼ਰ ਕਰ ਕੇ ਆਪਣੇ ਭਰਾਵਾਂ ਨਾਲ ਸ਼ੁੱਧ ਉਪਾਸਨਾ ਵਿਚ ਹਿੱਸਾ ਲੈਣ ਆਏ ਸਨ। (2 ਇਤਹਾਸ 30:1-12) ਫਿਰ ਵੀ, ਇਸਰਾਏਲ ਦੇ ਜ਼ਿਆਦਾਤਰ ਵਾਸੀਆਂ ਨੇ ਸੱਦਾ ਲਿਆਉਣ ਵਾਲਿਆਂ ਦਾ ਮਖੌਲ ਉਡਾਇਆ। ਦੇਸ਼ ਧਰਮ ਨੂੰ ਪੂਰੀ ਤਰ੍ਹਾਂ ਤਿਆਗ ਚੁੱਕਾ ਸੀ। ਇਸ ਲਈ, ਉਸ ਦੇ ਵਿਰੁੱਧ ਯਹੋਵਾਹ ਦਾ ਮਤਾ ਪੂਰਾ ਹੋਇਆ। ਅੱਸ਼ੂਰ ਨੇ ਇਸਰਾਏਲ ਦੇ ਸ਼ਹਿਰਾਂ ਨੂੰ ਤਬਾਹ ਕੀਤਾ, ਦੇਸ਼ ਵਿਰਾਨ ਹੋ ਗਿਆ, ਅਤੇ ਕੋਈ ਫ਼ਸਲ ਨਹੀਂ ਰਹੀ।—ਯਸਾਯਾਹ 17:9-11 ਪੜ੍ਹੋ।
18 ਅੱਜ ਬਾਰੇ ਕੀ? ਇਸਰਾਏਲ ਇਕ ਧਰਮ-ਤਿਆਗੀ ਕੌਮ ਸੀ। ਇਸ ਲਈ, ਜਿਸ ਤਰ੍ਹਾਂ ਹਿਜ਼ਕੀਯਾਹ ਨੇ ਉਸ ਕੌਮ ਦੇ ਲੋਕਾਂ ਨੂੰ ਸੱਚੀ ਉਪਾਸਨਾ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਸੀ, ਉਸੇ ਤਰ੍ਹਾਂ ਅੱਜ ਸੱਚੇ ਮਸੀਹੀ ਈਸਾਈ-ਜਗਤ ਦੇ ਧਰਮ-ਤਿਆਗੀ ਲੋਕਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕਰਦੇ ਹਨ। ਸੰਨ 1919 ਤੋਂ, “ਪਰਮੇਸ਼ੁਰ ਦੇ ਇਸਰਾਏਲ” ਦੇ ਪ੍ਰਚਾਰਕ ਈਸਾਈ-ਜਗਤ ਦੇ ਲੋਕਾਂ ਕੋਲ ਗਏ ਹਨ ਅਤੇ ਉਨ੍ਹਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਸ਼ੁੱਧ ਉਪਾਸਨਾ ਕਰਨ। (ਗਲਾਤੀਆਂ 6:16) ਜ਼ਿਆਦਾਤਰ ਲੋਕਾਂ ਨੇ ਸੱਦਾ ਸਵੀਕਾਰ ਨਹੀਂ ਕੀਤਾ ਹੈ। ਕਈਆਂ ਨੇ ਤਾਂ ਸੰਦੇਸ਼ ਲਿਆਉਣ ਵਾਲਿਆਂ ਦਾ ਮਖੌਲ ਉਡਾਇਆ ਹੈ। ਲੇਕਿਨ ਹੋਰਨਾਂ ਨੇ ਉਨ੍ਹਾਂ ਦੀ ਗੱਲ ਸੁਣੀ ਹੈ। ਉਨ੍ਹਾਂ ਦੀ ਗਿਣਤੀ ਹੁਣ ਲੱਖਾਂ ਵਿਚ ਹੈ ਅਤੇ ਉਹ ‘ਇਸਰਾਏਲ ਦੇ ਪਵਿੱਤਰ ਪੁਰਖ ਵੱਲ ਵੇਖ ਕੇ,’ ਯਾਨੀ ਉਸ ਵੱਲੋਂ ਸਿਖਾਏ ਜਾਣ ਕਰਕੇ ਬਹੁਤ ਖ਼ੁਸ਼ ਹਨ। (ਯਸਾਯਾਹ 54:13) ਉਹ ਅਪਵਿੱਤਰ ਜਗਵੇਦੀਆਂ ਤੇ ਪੂਜਾ ਕਰਨੀ ਛੱਡ ਦਿੰਦੇ ਹਨ, ਮਤਲਬ ਕਿ ਉਹ ਇਨਸਾਨਾਂ ਦੇ ਬਣਾਏ ਦੇਵਤਿਆਂ ਦੀ ਪੂਜਾ ਅਤੇ ਉਨ੍ਹਾਂ ਉੱਤੇ ਭਰੋਸਾ ਕਰਨਾ ਛੱਡ ਦਿੰਦੇ ਹਨ ਅਤੇ ਯਹੋਵਾਹ ਵੱਲ ਜੋਸ਼ ਨਾਲ ਮੁੜਦੇ ਹਨ। (ਜ਼ਬੂਰ 146:3, 4) ਯਸਾਯਾਹ ਦੇ ਜ਼ਮਾਨੇ ਵਿਚ ਰਹਿਣ ਵਾਲੇ ਮੀਕਾਹ ਦੀ ਤਰ੍ਹਾਂ, ਹਰੇਕ ਕਹਿੰਦਾ ਹੈ ਕਿ “ਮੈਂ ਯਹੋਵਾਹ ਨੂੰ ਤੱਕਾਂਗਾ, ਮੈਂ ਆਪਣੇ ਮੁਕਤੀ ਦਾਤੇ ਪਰਮੇਸ਼ੁਰ ਦੀ ਉਡੀਕ ਕਰਾਂਗਾ, ਮੇਰਾ ਪਰਮੇਸ਼ੁਰ ਮੇਰੀ ਸੁਣੇਗਾ।”—ਮੀਕਾਹ 7:7.
19. ਯਹੋਵਾਹ ਕਿਨ੍ਹਾਂ ਨੂੰ ਝਿੜਕੇਗਾ, ਅਤੇ ਉਨ੍ਹਾਂ ਲਈ ਇਸ ਦਾ ਕੀ ਅਰਥ ਹੋਵੇਗਾ?
19 ਇਹ ਉਨ੍ਹਾਂ ਤੋਂ ਕਿੰਨਾ ਉਲਟ ਹੈ ਜੋ ਆਪਣਾ ਭਰੋਸਾ ਮਨੁੱਖਾਂ ਉੱਤੇ ਰੱਖਦੇ ਹਨ! ਇਨ੍ਹਾਂ ਆਖ਼ਰੀ ਦਿਨਾਂ ਵਿਚ ਹਿੰਸਾ ਅਤੇ ਹੰਗਾਮੇ ਦੀਆਂ ਤੂਫ਼ਾਨੀ ਲਹਿਰਾਂ ਮਨੁੱਖਜਾਤੀ ਉੱਤੇ ਲਹਿਰਾਉਂਦੀਆਂ ਹਨ। ਅਸ਼ਾਂਤ ਅਤੇ ਬਾਗ਼ੀ ਮਨੁੱਖਜਾਤੀ ਦੇ “ਸਮੁੰਦਰ” ਵਿੱਚੋਂ ਬੇਚੈਨੀ ਅਤੇ ਇਨਕਲਾਬ ਉੱਛਲਦੇ ਹਨ। (ਯਸਾਯਾਹ 57:20; ਪਰਕਾਸ਼ ਦੀ ਪੋਥੀ 8:8, 9; 13:1) ਯਹੋਵਾਹ ਇਸ ਸ਼ੋਰ ਮਚਾਉਣ ਵਾਲੀ ਭੀੜ ਨੂੰ “ਝਿੜਕੇਗਾ।” ਉਸ ਦਾ ਸਵਰਗੀ ਰਾਜ ਫ਼ਸਾਦ ਪਾਉਣ ਵਾਲੇ ਹਰੇਕ ਸੰਗਠਨ ਅਤੇ ਵਿਅਕਤੀ ਦਾ ਨਾਸ਼ ਕਰੇਗਾ, ਅਤੇ ਇਹ ‘ਦੂਰ ਦੂਰ ਨੱਠ ਜਾਣਗੇ ਜਿਵੇਂ ਵਾਵਰੋਲੇ ਦੀ ਧੂੜ ਝੱਖੜ ਝੋਲੇ ਅੱਗੋਂ।’—ਯਸਾਯਾਹ 17:12, 13; ਪਰਕਾਸ਼ ਦੀ ਪੋਥੀ 16:14, 16.
20. ਭਾਵੇਂ ਕੌਮਾਂ ਸੱਚੇ ਮਸੀਹੀਆਂ ਨੂੰ ‘ਲੁੱਟਦੀਆਂ’ ਹਨ, ਮਸੀਹੀ ਕਿਸ ਗੱਲ ਵਿਚ ਪੂਰਾ ਵਿਸ਼ਵਾਸ ਕਰਦੇ ਹਨ?
20 ਯਸਾਯਾਹ ਨੇ ਇਸ ਦਾ ਨਤੀਜਾ ਦੱਸਦੇ ਹੋਏ ਅੱਗੇ ਕਿਹਾ: “ਸ਼ਾਮਾਂ ਦੇ ਵੇਲੇ, ਵੇਖੋ ਭੈਜਲ! ਸਵੇਰ ਤੋਂ ਪਹਿਲਾਂ ਓਹ ਹਨ ਹੀ ਨਹੀਂ,—ਏਹ ਸਾਡੇ ਮੁੱਠਣ ਵਾਲਿਆਂ ਦਾ ਹਿੱਸਾ, ਅਤੇ ਸਾਡੇ ਲੁੱਟਣ ਵਾਲਿਆਂ ਦਾ ਭਾਗ ਹੈ।” (ਯਸਾਯਾਹ 17:14) ਕਈ ਲੋਕ ਯਹੋਵਾਹ ਦੇ ਲੋਕਾਂ ਨੂੰ ਲੁੱਟ ਰਹੇ ਹਨ, ਉਨ੍ਹਾਂ ਦਾ ਅਪਮਾਨ ਕਰ ਕੇ ਉਨ੍ਹਾਂ ਨਾਲ ਬੁਰਾ ਸਲੂਕ ਕਰ ਰਹੇ ਹਨ। ਸੱਚੇ ਮਸੀਹੀ ਦੁਨੀਆਂ ਦੇ ਆਮ ਧਰਮਾਂ ਦਾ ਹਿੱਸਾ ਨਹੀਂ ਹਨ ਅਤੇ ਨਾ ਹੀ ਉਹ ਬਣਨਾ ਚਾਹੁੰਦੇ ਹਨ, ਇਸ ਲਈ ਉਹ ਪੱਖਪਾਤੀ ਆਲੋਚਕਾਂ ਅਤੇ ਕੱਟੜ ਵਿਰੋਧੀਆਂ ਦੇ ਸ਼ਿਕਾਰ ਬਣਦੇ ਹਨ। ਪਰ ਪਰਮੇਸ਼ੁਰ ਦੇ ਲੋਕਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਦੁੱਖ ਦੂਰ ਕਰਨ ਵਾਲੀ “ਸਵੇਰ” ਬਹੁਤ ਜਲਦੀ ਆਉਣ ਵਾਲੀ ਹੈ।—2 ਥੱਸਲੁਨੀਕੀਆਂ 1:6-9; 1 ਪਤਰਸ 5:6-11.
ਈਥੀਓਪੀਆ ਯਹੋਵਾਹ ਲਈ ਨਜ਼ਰਾਨਾ ਲਿਆਉਂਦਾ ਹੈ
21, 22. ਹੋਰ ਕਿਹੜੀ ਕੌਮ ਵਿਰੁੱਧ ਭਵਿੱਖਬਾਣੀ ਕੀਤੀ ਗਈ ਸੀ, ਅਤੇ ਯਹੋਵਾਹ ਵੱਲੋਂ ਯਸਾਯਾਹ ਨੂੰ ਦਿੱਤੇ ਗਏ ਸ਼ਬਦ ਕਿਵੇਂ ਪੂਰੇ ਹੋਏ ਸਨ?
21 ਕੂਸ਼ ਜਾਂ ਈਥੀਓਪੀਆ, ਮਿਸਰ ਦੇ ਦੱਖਣੀ ਪਾਸੇ ਸੀ। ਉਸ ਦੀਆਂ ਫ਼ੌਜਾਂ ਨੇ ਘੱਟੋ-ਘੱਟ ਦੋ ਮੌਕਿਆਂ ਤੇ ਯਹੂਦਾਹ ਉੱਤੇ ਹਮਲਾ ਕਰਨ ਵਿਚ ਹਿੱਸਾ ਲਿਆ ਸੀ। (2 ਇਤਹਾਸ 12:2, 3; 14:1, 9-15; 16:8) ਯਸਾਯਾਹ ਨੇ ਇਸ ਕੌਮ ਵਿਰੁੱਧ ਅੱਗੇ ਭਵਿੱਖਬਾਣੀ ਕੀਤੀ: “ਅਹਾ! ਭੀਂ ਭੀਂ ਕਰਨ ਵਾਲੇ ਪਰਾਂ ਦਾ ਦੇਸ, ਜਿਹੜਾ ਕੂਸ਼ ਦੀਆਂ ਨਦੀਆਂ ਦੇ ਪਾਰ ਹੈ!” (ਯਸਾਯਾਹ 18:1-6 ਪੜ੍ਹੋ।)a ਯਹੋਵਾਹ ਨੇ ਹੁਕਮ ਦਿੱਤਾ ਸੀ ਕਿ ਈਥੀਓਪੀਆ ‘ਕੱਟਿਆ ਜਾਵੇਗਾ, ਅਤੇ ਵੱਢ ਕੇ ਇੱਕ ਪਾਸੇ ਕੀਤਾ ਜਾਵੇਗਾ।’
22 ਇਤਿਹਾਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਅੱਠਵੀਂ ਸਦੀ ਸਾ.ਯੁ.ਪੂ. ਦੇ ਆਖ਼ਰੀ ਭਾਗ ਵਿਚ, ਈਥੀਓਪੀਆ ਨੇ ਮਿਸਰ ਉੱਤੇ ਜਿੱਤ ਪ੍ਰਾਪਤ ਕਰ ਕੇ 60 ਸਾਲਾਂ ਲਈ ਉਸ ਉੱਤੇ ਰਾਜ ਕੀਤਾ ਸੀ। ਅੱਸ਼ੂਰ ਦੇ ਸ਼ਹਿਨਸ਼ਾਹਾਂ, ਏਸਰ-ਹੱਦੋਨ ਅਤੇ ਐਸ਼ਰਬਾਨਿਪਾਲ ਨੇ ਵਾਰੀ-ਵਾਰੀ ਹਮਲੇ ਕੀਤੇ ਸਨ। ਐਸ਼ਰਬਾਨਿਪਾਲ ਨੇ ਥੀਬਜ਼ ਸ਼ਹਿਰ ਨੂੰ ਤਬਾਹ ਕੀਤਾ ਸੀ ਅਤੇ ਇਸ ਤਰ੍ਹਾਂ ਅੱਸ਼ੂਰ ਮਿਸਰ ਉੱਤੇ ਕਬਜ਼ਾ ਕਰ ਸਕਿਆ। ਇਸ ਤੋਂ ਬਾਅਦ ਨੀਲ ਵਾਦੀ ਉੱਤੇ ਈਥੀਓਪੀਆ ਦਾ ਰਾਜ ਖ਼ਤਮ ਹੋਇਆ ਸੀ। (ਯਸਾਯਾਹ 20:3-6 ਵੀ ਦੇਖੋ।) ਸਾਡੇ ਜ਼ਮਾਨੇ ਬਾਰੇ ਕੀ?
23. ਸਾਡੇ ਜ਼ਮਾਨੇ ਦਾ “ਈਥੀਓਪੀਆ” ਕੀ ਕੰਮ ਕਰਦਾ ਹੈ, ਅਤੇ ਉਸ ਦਾ ਅੰਤ ਕਿਉਂ ਹੁੰਦਾ ਹੈ?
23 “ਓੜਕ ਦੇ ਸਮੇਂ” ਬਾਰੇ ਦਾਨੀਏਲ ਦੀ ਭਵਿੱਖਬਾਣੀ ਵਿਚ, ‘ਉੱਤਰ ਦੇ ਲੜਾਕੇ ਰਾਜੇ’ ਬਾਰੇ ਕਿਹਾ ਗਿਆ ਸੀ ਕਿ ਲਿਬੀਆ ਅਤੇ ਈਥੀਓਪੀਆ “ਉਸ ਦੇ ਮਗਰ ਲੱਗਣਗੇ।” (ਦਾਨੀਏਲ 11:40-43) ‘ਮਾਗੋਗ ਦੀ ਧਰਤੀ ਦੇ ਗੋਗ’ ਦੀਆਂ ਫ਼ੌਜਾਂ ਵਿਚ ਈਥੀਓਪੀਆ ਵੀ ਗਿਣਿਆ ਜਾਂਦਾ ਹੈ। (ਹਿਜ਼ਕੀਏਲ 38:2-5, 8) ਉੱਤਰ ਦੇ ਰਾਜੇ ਸਮੇਤ, ਗੋਗ ਦੀਆਂ ਫ਼ੌਜਾਂ ਉਦੋਂ ਖ਼ਤਮ ਕੀਤੀਆਂ ਜਾਣਗੀਆਂ ਜਦੋਂ ਉਹ ਯਹੋਵਾਹ ਦੀ ਪਵਿੱਤਰ ਕੌਮ ਉੱਤੇ ਹਮਲਾ ਕਰਨਗੀਆਂ। ਇਸ ਤਰ੍ਹਾਂ, ਯਹੋਵਾਹ ਦਾ ਹੱਥ ਸਾਡੇ ਜ਼ਮਾਨੇ ਦੇ “ਈਥੀਓਪੀਆ” ਵਿਰੁੱਧ ਵੀ ਚੁੱਕਿਆ ਜਾਵੇਗਾ, ਕਿਉਂਕਿ ਉਹ ਯਹੋਵਾਹ ਦੀ ਸਰਬਸੱਤਾ ਦਾ ਵਿਰੋਧ ਕਰਦਾ ਹੈ।—ਹਿਜ਼ਕੀਏਲ 38:21-23; ਦਾਨੀਏਲ 11:45.
24. ਕੌਮਾਂ ਕਿਸ ਤਰੀਕੇ ਨਾਲ ਯਹੋਵਾਹ ਲਈ “ਭੇਟਾਂ” ਲਿਆਉਂਦੀਆਂ ਹਨ?
24 ਲੇਕਿਨ ਭਵਿੱਖਬਾਣੀ ਨੇ ਇਹ ਵੀ ਕਿਹਾ ਕਿ “ਓਸ ਵੇਲੇ ਸੈਨਾਂ ਦੇ ਯਹੋਵਾਹ ਲਈ ਇੱਕ ਨਜ਼ਰਾਨਾ, ਉਨ੍ਹਾਂ ਲੋਕਾਂ ਵੱਲੋਂ ਜਿਹੜੇ ਲੰਮੇ ਅਰ ਚਮਕੀਲੇ ਹਨ, ਉਨ੍ਹਾਂ ਲੋਕਾਂ ਵੱਲੋਂ ਜਿਹੜੇ ਦੂਰ ਨੇੜੇ ਭਿਆਣਕ ਹਨ, . . . ਸੈਨਾਂ ਦੇ ਯਹੋਵਾਹ ਦੇ ਨਾਮ ਦੇ ਅਸਥਾਨ ਨੂੰ, ਸੀਯੋਨ ਦੇ ਪਰਬਤ ਨੂੰ ਲਿਆਂਦਾ ਜਾਵੇਗਾ।” (ਯਸਾਯਾਹ 18:7) ਭਾਵੇਂ ਕਿ ਕੌਮਾਂ ਯਹੋਵਾਹ ਦੇ ਰਾਜ ਕਰਨ ਦੇ ਹੱਕ ਨੂੰ ਪਛਾਣਦੀਆਂ ਨਹੀਂ, ਸਮੇਂ-ਸਮੇਂ ਤੇ ਉਨ੍ਹਾਂ ਨੇ ਅਜਿਹੀ ਕਾਰਵਾਈ ਕੀਤੀ ਹੈ ਜਿਸ ਦਾ ਯਹੋਵਾਹ ਦੇ ਲੋਕਾਂ ਨੂੰ ਫ਼ਾਇਦਾ ਹੋਇਆ ਹੈ। ਕੁਝ ਦੇਸ਼ਾਂ ਵਿਚ ਸਰਕਾਰਾਂ ਨੇ ਅਜਿਹੇ ਕਾਨੂੰਨ ਪਾਸ ਕੀਤੇ ਹਨ ਅਤੇ ਅਦਾਲਤ ਵਿਚ ਅਜਿਹੇ ਫ਼ੈਸਲੇ ਕੀਤੇ ਹਨ ਜਿਨ੍ਹਾਂ ਕਰਕੇ ਯਹੋਵਾਹ ਦੇ ਵਫ਼ਾਦਾਰ ਸੇਵਕਾਂ ਨੂੰ ਕਾਨੂੰਨੀ ਹੱਕ ਮਿਲੇ ਹਨ। (ਰਸੂਲਾਂ ਦੇ ਕਰਤੱਬ 5:29; ਪਰਕਾਸ਼ ਦੀ ਪੋਥੀ 12:15, 16) ਅਤੇ ਹੋਰ ਭੇਟਾਂ ਵੀ ਹਨ। “ਰਾਜਾ ਲੋਕ ਭੇਟਾਂ ਲੈ ਕੇ ਆਉਂਦੇ ਹਨ। . . . ਮਿਸਰ ਤੋਂ ਰਾਜ ਦੂਤ ਆਉਣਗੇ, ਅਤੇ ਇਥੋਪੀਆਂ ਨਿਵਾਸੀ ਵੀ ਪਰਮੇਸ਼ੁਰ ਵੱਲ ਆਪਣੇ ਹੱਥ ਪਸਾਰਨਗੇ।” (ਭਜਨ 68:29-31, ਪਵਿੱਤਰ ਬਾਈਬਲ ਨਵਾਂ ਅਨੁਵਾਦ) ਅੱਜ, ਸਾਡੇ ਜ਼ਮਾਨੇ ਦੇ “ਈਥੀਓਪੀਆ” ਦੇ ਲੱਖਾਂ ਹੀ ਲੋਕ ਜੋ ਯਹੋਵਾਹ ਦਾ ਭੈ ਰੱਖਦੇ ਹਨ, ਉਸ ਦੀ ਉਪਾਸਨਾ ਕਰ ਕੇ ਉਸ ਲਈ “ਇੱਕ ਨਜ਼ਰਾਨਾ” ਲਿਆਉਂਦੇ ਹਨ। (ਮਲਾਕੀ 1:11) ਉਹ ਸਾਰੀ ਦੁਨੀਆਂ ਵਿਚ ਰਾਜ ਦੀ ਖ਼ੁਸ਼ ਖ਼ਬਰੀ ਦੇ ਪ੍ਰਚਾਰ ਦੇ ਵੱਡੇ ਕੰਮ ਵਿਚ ਹਿੱਸਾ ਲੈ ਰਹੇ ਹਨ। (ਮੱਤੀ 24:14; ਪਰਕਾਸ਼ ਦੀ ਪੋਥੀ 14:6, 7) ਯਹੋਵਾਹ ਲਈ ਇਹ ਕਿੰਨੀ ਵਧੀਆ ਭੇਟ ਹੈ!—ਇਬਰਾਨੀਆਂ 13:15.
ਮਿਸਰ ਦਾ ਦਿਲ ਢਲ਼ ਜਾਂਦਾ ਹੈ
25. ਯਸਾਯਾਹ 19:1-11 ਦੀ ਪੂਰਤੀ ਵਿਚ ਪ੍ਰਾਚੀਨ ਮਿਸਰ ਨਾਲ ਕੀ ਹੋਇਆ ਸੀ?
25 ਦੱਖਣ ਵੱਲ ਯਹੂਦਾਹ ਦਾ ਸਭ ਤੋਂ ਨੇੜਲਾ ਗੁਆਂਢੀ ਮਿਸਰ ਸੀ, ਜੋ ਕਾਫ਼ੀ ਚਿਰ ਤੋਂ ਪਰਮੇਸ਼ੁਰ ਦੇ ਨੇਮ-ਬੱਧ ਲੋਕਾਂ ਦਾ ਦੁਸ਼ਮਣ ਰਿਹਾ ਸੀ। ਯਸਾਯਾਹ ਦੇ 19ਵੇਂ ਅਧਿਆਇ ਨੇ ਯਸਾਯਾਹ ਦੇ ਜੀਵਨ ਦੌਰਾਨ ਮਿਸਰ ਦੀ ਵਿਗੜੀ ਹਾਲਤ ਬਾਰੇ ਦੱਸਿਆ। ਮਿਸਰ ਵਿਚ ਘਰੇਲੂ ਲੜਾਈ ਲੱਗੀ ਹੋਈ ਸੀ ਅਤੇ “ਸ਼ਹਿਰ ਸ਼ਹਿਰ ਨਾਲ, ਪਾਤਸ਼ਾਹੀ ਪਾਤਸ਼ਾਹੀ ਨਾਲ” ਲੜ ਰਹੇ ਸਨ। (ਯਸਾਯਾਹ 19:2, 13, 14) ਇਤਿਹਾਸਕਾਰ ਕਈ ਵਿਰੋਧੀ ਸ਼ਾਹੀ ਖ਼ਾਨਦਾਨਾਂ ਦਾ ਸਬੂਤ ਦਿੰਦੇ ਹਨ ਜੋ ਇੱਕੋ ਸਮੇਂ ਦੇਸ਼ ਦੇ ਵੱਖੋ-ਵੱਖਰੇ ਹਿੱਸਿਆਂ ਵਿਚ ਰਾਜ ਕਰ ਰਹੇ ਸਨ। ਨਾ ਤਾਂ ਮਿਸਰ ਦੇ ‘ਬੁੱਤਾਂ ਨਾਲੇ ਮੰਤ੍ਰੀਆਂ’ ਨੇ ਅਤੇ ਨਾ ਹੀ ਉਸ ਦੀ ਬੁੱਧ ਨੇ ਜਿਸ ਦਾ ਉਸ ਨੂੰ ਘਮੰਡ ਸੀ, ਉਸ ਨੂੰ “ਕਰੜੇ ਮਾਲਕਾਂ ਦੇ ਵੱਸ” ਤੋਂ ਬਚਾਇਆ। (ਯਸਾਯਾਹ 19:3, 4) ਵਾਰੀ ਸਿਰ ਅੱਸ਼ੂਰ, ਬਾਬਲ, ਫ਼ਾਰਸ, ਯੂਨਾਨ, ਅਤੇ ਰੋਮ ਨੇ ਮਿਸਰ ਉੱਤੇ ਜਿੱਤ ਪ੍ਰਾਪਤ ਕੀਤੀ। ਇਨ੍ਹਾਂ ਸਾਰੀਆਂ ਘਟਨਾਵਾਂ ਨੇ ਯਸਾਯਾਹ 19:1-11 ਦੀਆਂ ਭਵਿੱਖਬਾਣੀਆਂ ਪੂਰੀਆਂ ਕੀਤੀਆਂ।
26. ਭਵਿੱਖਬਾਣੀ ਦੀ ਵੱਡੀ ਪੂਰਤੀ ਵਿਚ, ਜਦੋਂ ਅੱਜ ਦੇ “ਮਿਸਰ” ਦੇ ਵਾਸੀਆਂ ਨੂੰ ਯਹੋਵਾਹ ਦੀ ਸਜ਼ਾ ਮਿਲੇਗੀ, ਤਾਂ ਉਹ ਕੀ ਕਰਨਗੇ?
26 ਪਰ ਬਾਈਬਲ ਵਿਚ, ਮਿਸਰ ਅਕਸਰ ਸ਼ਤਾਨ ਦੀ ਦੁਨੀਆਂ ਨੂੰ ਦਰਸਾਉਂਦਾ ਹੈ। (ਹਿਜ਼ਕੀਏਲ 29:3; ਯੋਏਲ 3:19; ਪਰਕਾਸ਼ ਦੀ ਪੋਥੀ 11:8) ਤਾਂ ਫਿਰ, ਕੀ “ਮਿਸਰ ਲਈ ਅਗੰਮ ਵਾਕ” ਦੀ ਹੋਰ ਵੀ ਪੂਰਤੀ ਹੁੰਦੀ ਹੈ? ਜੀ ਹਾਂ! ਭਵਿੱਖਬਾਣੀ ਦੇ ਮੁਢਲੇ ਸ਼ਬਦਾਂ ਵੱਲ ਸਾਰਿਆਂ ਦਾ ਧਿਆਨ ਖਿੱਚਿਆ ਜਾਣਾ ਚਾਹੀਦਾ ਹੈ: “ਵੇਖੋ, ਯਹੋਵਾਹ ਉੱਡਦੇ ਬੱਦਲ ਉੱਤੇ ਸਵਾਰ ਹੋਕੇ ਮਿਸਰ ਨੂੰ ਲਗਾ ਆਉਂਦਾ ਹੈ, ਮਿਸਰ ਦੇ ਬੁੱਤ ਉਹ ਦੇ ਹਜ਼ੂਰ ਕੰਬ ਉੱਠਣਗੇ, ਅਤੇ ਮਿਸਰੀਆਂ ਦਾ ਦਿਲ ਉਨ੍ਹਾਂ ਦੇ ਵਿੱਚੇ ਵਿੱਚ ਢਲ ਜਾਵੇਗਾ।” (ਯਸਾਯਾਹ 19:1) ਬਹੁਤ ਜਲਦੀ ਯਹੋਵਾਹ ਸ਼ਤਾਨ ਦੇ ਸੰਗਠਨ ਵਿਰੁੱਧ ਕੁਝ ਕਰੇਗਾ। ਉਸ ਸਮੇਂ, ਇਹ ਪਤਾ ਲੱਗੇਗਾ ਕਿ ਇਸ ਦੁਨੀਆਂ ਦੇ ਦੇਵਤੇ ਤਾਂ ਬੁੱਤ ਹੀ ਹਨ। (ਜ਼ਬੂਰ 96:5; 97:7) ਡਰ ਦੇ ਮਾਰੇ ‘ਮਿਸਰ ਦਾ ਦਿਲ ਢਲ ਜਾਵੇਗਾ।’ ਯਿਸੂ ਨੇ ਉਸ ਸਮੇਂ ਬਾਰੇ ਭਵਿੱਖਬਾਣੀ ਕੀਤੀ ਸੀ ਕਿ “ਸਮੁੰਦਰ ਅਰ ਉਹ ਦੀਆਂ ਲਹਿਰਾਂ ਦੇ ਗਰਜਨੇ ਦੇ ਕਾਰਨ ਕੌਮਾਂ ਨੂੰ ਕਸ਼ਟ ਅਤੇ ਘਬਰਾਹਟ ਹੋਵੇਗੀ। ਅਰ ਡਰ ਦੇ ਮਾਰੇ ਅਤੇ ਉਨ੍ਹਾਂ ਗੱਲਾਂ ਦੀ ਉਡੀਕ ਤੋਂ ਜੋ ਦੁਨੀਆ ਉੱਤੇ ਆਉਣ ਵਾਲੀਆਂ ਹਨ ਲੋਕਾਂ ਦੇ ਜੀ ਡੁੱਬ ਜਾਣਗੇ।”—ਲੂਕਾ 21:25, 26.
27. “ਮਿਸਰ” ਵਿਚ ਕਿਹੜੀਆਂ ਫੁੱਟਾਂ ਹੋਣੀਆਂ ਸਨ, ਅਤੇ ਇਹ ਭਵਿੱਖਬਾਣੀ ਅੱਜ ਕਿਵੇਂ ਪੂਰੀ ਹੋ ਰਹੀ ਹੈ?
27 ਸਜ਼ਾ ਤੋਂ ਪਹਿਲਾਂ ਦੇ ਸਮੇਂ ਬਾਰੇ ਯਹੋਵਾਹ ਨੇ ਭਵਿੱਖਬਾਣੀ ਵਿਚ ਕਿਹਾ ਸੀ: “ਮੈਂ ਮਿਸਰੀਆਂ ਨੂੰ ਮਿਸਰੀਆਂ ਦੇ ਵਿਰੁੱਧ ਪਰੇਰਾਂਗਾ, ਓਹ ਲੜਨਗੇ, ਹਰ ਮਨੁੱਖ ਆਪਣੇ ਭਰਾ ਨਾਲ, ਅਤੇ ਹਰ ਮਨੁੱਖ ਆਪਣੇ ਗੁਆਂਢੀ ਨਾਲ, ਸ਼ਹਿਰ ਸ਼ਹਿਰ ਨਾਲ, ਪਾਤਸ਼ਾਹੀ ਪਾਤਸ਼ਾਹੀ ਨਾਲ।” (ਯਸਾਯਾਹ 19:2) ਸੰਨ 1914 ਵਿਚ ਪਰਮੇਸ਼ੁਰ ਦੇ ਰਾਜ ਦੀ ਸਥਾਪਨਾ ਤੋਂ ਲੈ ਕੇ ਯਿਸੂ ਦੀ ਮੌਜੂਦਗੀ ਦੇ ਲੱਛਣ ਅਨੁਸਾਰ ਕੌਮ ਕੌਮ ਉੱਤੇ ਅਤੇ ਪਾਤਸ਼ਾਹੀ ਪਾਤਸ਼ਾਹੀ ਉੱਤੇ ਚੜ੍ਹਾਈ ਕਰਦੀ ਦੇਖੀ ਗਈ ਹੈ। ਇਨ੍ਹਾਂ ਆਖ਼ਰੀ ਦਿਨਾਂ ਦੌਰਾਨ ਕੁਲ-ਨਾਸ਼ ਅਤੇ ਨਸਲੀ ਕਤਲਾਮ ਨੇ ਲੱਖਾਂ ਹੀ ਜਾਨਾਂ ਲਈਆਂ ਹਨ। ਅੰਤ ਦੇ ਨੇੜੇ ਆਉਣ ਨਾਲ ਅਜਿਹੀਆਂ “ਪੀੜਾਂ” ਵਧਦੀਆਂ ਜਾਣਗੀਆਂ।—ਮੱਤੀ 24:3, 7, 8.
28. ਨਿਆਉਂ ਦੇ ਦਿਨ ਵਿਚ, ਇਸ ਦੁਨੀਆਂ ਨੂੰ ਬਚਾਉਣ ਲਈ ਝੂਠੇ ਧਰਮ ਕੀ ਕਰ ਸਕਣਗੇ?
28 “ਮਿਸਰੀਆਂ ਦੀ ਰੂਹ ਉਨ੍ਹਾਂ ਦੇ ਵਿੱਚੋਂ ਖਾਲੀ ਕੀਤੀ ਜਾਵੇਗੀ, ਮੈਂ ਉਨ੍ਹਾਂ ਦੀ ਜੁਗਤੀ ਨੂੰ ਝੱਫ ਲਵਾਂਗਾ, ਅਤੇ ਓਹ ਬੁੱਤਾਂ ਤੋਂ ਪੁੱਛ ਗਿੱਛ ਕਰਨਗੇ, ਨਾਲੇ ਮੰਤ੍ਰੀਆਂ ਅਤੇ ਭੂਤ-ਮਿੱਤ੍ਰਾਂ ਅਤੇ ਦਿਓ-ਯਾਰਾਂ ਤੋਂ ਵੀ।” (ਯਸਾਯਾਹ 19:3) ਜਦੋਂ ਮੂਸਾ ਫ਼ਿਰਊਨ ਅੱਗੇ ਆਇਆ ਸੀ, ਮਿਸਰ ਦੇ ਪੁਜਾਰੀਆਂ ਦੀ ਬੇਇੱਜ਼ਤੀ ਕੀਤੀ ਗਈ ਕਿਉਂਕਿ ਉਨ੍ਹਾਂ ਕੋਲ ਯਹੋਵਾਹ ਜਿੰਨੀ ਸ਼ਕਤੀ ਨਹੀਂ ਸੀ। (ਕੂਚ 8:18, 19; ਰਸੂਲਾਂ ਦੇ ਕਰਤੱਬ 13:8; 2 ਤਿਮੋਥਿਉਸ 3:8) ਇਸੇ ਤਰ੍ਹਾਂ, ਨਿਆਉਂ ਦੇ ਦਿਨ ਵਿਚ, ਝੂਠੇ ਧਰਮ ਇਸ ਭ੍ਰਿਸ਼ਟ ਦੁਨੀਆਂ ਨੂੰ ਨਹੀਂ ਬਚਾ ਸਕਣਗੇ। (ਯਸਾਯਾਹ 47:1, 11-13 ਦੀ ਤੁਲਨਾ ਕਰੋ।) ਅੰਤ ਵਿਚ, ਮਿਸਰ ਇਕ ‘ਕਰੜੇ ਮਾਲਕ,’ ਯਾਨੀ ਅੱਸ਼ੂਰ ਦੇ ਅਧੀਨ ਆਇਆ। (ਯਸਾਯਾਹ 19:4) ਇਹ ਇਸ ਦੁਨੀਆਂ ਦੇ ਨਿਰਾਸ਼ ਭਵਿੱਖ ਨੂੰ ਦਰਸਾਉਂਦਾ ਹੈ।
29. ਜਦੋਂ ਯਹੋਵਾਹ ਦਾ ਦਿਨ ਆਵੇਗਾ, ਤਾਂ ਕੀ ਰਾਜਨੀਤਿਕ ਆਗੂਆਂ ਦਾ ਕੋਈ ਫ਼ਾਇਦਾ ਹੋਵੇਗਾ?
29 ਪਰ, ਕੀ ਰਾਜਨੀਤਿਕ ਆਗੂ ਇਸ ਦੁਨੀਆਂ ਦੀ ਮਦਦ ਕਰ ਸਕਦੇ ਹਨ? “ਸੋਆਨ ਦੇ ਸਰਦਾਰ ਉੱਕੇ ਹੀ ਮੂਰਖ ਹਨ, ਫ਼ਿਰਊਨ ਦੇ ਸਿਆਣੇ ਸਲਾਹਕਾਰਾਂ ਦੀ ਸਲਾਹ ਖਚਰਪੁਣਾ ਹੀ ਹੈ।” (ਯਸਾਯਾਹ 19:5-11 ਪੜ੍ਹੋ।) ਇਹ ਉਮੀਦ ਰੱਖਣੀ ਕਿ ਨਿਆਉਂ ਦੇ ਦਿਨ ਵਿਚ ਮਾਨਵੀ ਸਲਾਹਕਾਰਾਂ ਦਾ ਕੋਈ ਫ਼ਾਇਦਾ ਹੋਵੇਗਾ ਕਿੰਨੀ ਮੂਰਖਤਾ ਦੀ ਗੱਲ ਹੈ! ਭਾਵੇਂ ਕਿ ਉਨ੍ਹਾਂ ਨੂੰ ਦੁਨੀਆਂ ਦਾ ਸਾਰਾ ਗਿਆਨ ਮਿਲ ਸਕਦਾ ਹੈ, ਉਨ੍ਹਾਂ ਨੂੰ ਪਰਮੇਸ਼ੁਰ ਦੀ ਬੁੱਧ ਦੀ ਕਮੀ ਹੈ। (1 ਕੁਰਿੰਥੀਆਂ 3:19) ਯਹੋਵਾਹ ਨੂੰ ਰੱਦ ਕਰ ਕੇ ਉਹ ਨਕਲੀ ਵਿਗਿਆਨ, ਫ਼ਲਸਫ਼ੇ, ਪੈਸੇ, ਐਸ਼, ਅਤੇ ਹੋਰ ਦੇਵਤਿਆਂ ਵੱਲ ਮੁੜੇ ਹਨ। ਨਤੀਜੇ ਵਜੋਂ, ਉਨ੍ਹਾਂ ਕੋਲ ਯਹੋਵਾਹ ਦੇ ਮਕਸਦਾਂ ਬਾਰੇ ਕੋਈ ਗਿਆਨ ਨਹੀਂ ਹੈ। ਉਹ ਭਰਮਾਏ ਗਏ ਅਤੇ ਉਲਝਣ ਵਿਚ ਹਨ। ਉਨ੍ਹਾਂ ਦੇ ਕੰਮ ਵਿਅਰਥ ਹਨ। (ਯਸਾਯਾਹ 19:12-15 ਪੜ੍ਹੋ।) “ਬੁੱਧਵਾਨ ਲੱਜਿਆਵਾਨ ਹੋਣਗੇ, ਓਹ ਘਾਬਰ ਜਾਣਗੇ ਅਤੇ ਫੜੇ ਜਾਣਗੇ। ਵੇਖੋ, ਓਹਨਾਂ ਨੇ ਯਹੋਵਾਹ ਦੇ ਬਚਨ ਨੂੰ ਰੱਦ ਦਿੱਤਾ,—ਓਹਨਾਂ ਦੀ ਏਹ ਕੀ ਬੁੱਧ ਹੋਈ?”—ਯਿਰਮਿਯਾਹ 8:9.
ਯਹੋਵਾਹ ਲਈ ਇਕ ਨਿਸ਼ਾਨ ਅਤੇ ਇਕ ਗਵਾਹ
30. ਮਿਸਰੀਆਂ ਲਈ ਯਹੂਦਾਹ ਦਾ ਦੇਸ਼ ਕਿਸ ਭਾਵ ਵਿਚ ਇਕ ਡਰਾਵਾ ਹੈ?
30 “ਮਿਸਰ” ਦੇ ਆਗੂ “ਤੀਵੀਆਂ ਵਾਂਙੁ” ਕਮਜ਼ੋਰ ਹਨ, ਪਰ ਫਿਰ ਵੀ ਕੁਝ ਲੋਕ ਪਰਮੇਸ਼ੁਰੀ ਬੁੱਧ ਭਾਲਦੇ ਹਨ। ਯਹੋਵਾਹ ਦੇ ਮਸਹ ਕੀਤੇ ਹੋਏ ਲੋਕ ਅਤੇ ਉਨ੍ਹਾਂ ਦੇ ਸਾਥੀ ‘ਪਰਮੇਸ਼ੁਰ ਦਿਆਂ ਗੁਣਾਂ ਦਾ ਪਰਚਾਰ ਕਰਦੇ ਹਨ।’ (ਯਸਾਯਾਹ 19:16; 1 ਪਤਰਸ 2:9) ਉਹ ਸ਼ਤਾਨ ਦੇ ਸੰਗਠਨ ਦੇ ਆ ਰਹੇ ਅੰਤ ਬਾਰੇ ਲੋਕਾਂ ਨੂੰ ਚੇਤਾਵਨੀ ਦੇਣ ਵਿਚ ਆਪਣੀ ਪੂਰੀ ਵਾਹ ਲਾ ਰਹੇ ਹਨ। ਇਸ ਹਾਲਤ ਬਾਰੇ ਪਹਿਲਾਂ ਹੀ ਦੱਸਦੇ ਹੋਏ ਯਸਾਯਾਹ ਨੇ ਕਿਹਾ: “ਯਹੂਦਾਹ ਦਾ ਦੇਸ ਮਿਸਰੀਆਂ ਲਈ ਇੱਕ ਡਰਾਵਾ ਹੋਵੇਗਾ। ਹਰੇਕ ਜਿਹ ਨੂੰ ਏਹ ਦੀ ਗੱਲ ਆਖੀ ਜਾਵੇ ਸੈਨਾਂ ਦੇ ਯਹੋਵਾਹ ਦੇ ਪਰੋਜਨ ਦੇ ਕਾਰਨ ਜਿਹੜਾ ਉਹ ਨੇ ਉਨ੍ਹਾਂ ਦੇ ਵਿਰੁੱਧ ਠਾਣਿਆ ਹੈ ਡਰੇਗਾ।” (ਯਸਾਯਾਹ 19:17) ਯਹੋਵਾਹ ਦੇ ਵਫ਼ਾਦਾਰ ਗਵਾਹ ਲੋਕਾਂ ਕੋਲ ਜਾ ਕੇ ਸੱਚਾਈ ਦੱਸ ਰਹੇ ਹਨ, ਜਿਸ ਵਿਚ ਬਿਪਤਾਵਾਂ ਬਾਰੇ ਯਹੋਵਾਹ ਦੀ ਭਵਿੱਖਬਾਣੀ ਵੀ ਸ਼ਾਮਲ ਹੈ। (ਪਰਕਾਸ਼ ਦੀ ਪੋਥੀ 8:7-12; 16:2-12) ਇਹ ਭਵਿੱਖਬਾਣੀ ਦੁਨੀਆਂ ਦੇ ਧਾਰਮਿਕ ਆਗੂਆਂ ਨੂੰ ਸਤਾਉਂਦੀ ਹੈ।
31. ਇਹ ਕਿਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਪੁਰਾਣੇ ਜ਼ਮਾਨੇ ਵਿਚ ਅਤੇ ਸਾਡੇ ਜ਼ਮਾਨੇ ਵਿਚ “ਕਨਾਨ ਦੀ ਬੋਲੀ” ਮਿਸਰ ਦੇ ਸ਼ਹਿਰਾਂ ਵਿਚ ਬੋਲੀ ਜਾਂਦੀ ਹੈ?
31 ਪ੍ਰਚਾਰ ਦੇ ਇਸ ਕੰਮ ਦਾ ਨਤੀਜਾ ਕੀ ਹੁੰਦਾ ਹੈ? “ਓਸ ਦਿਨ ਮਿਸਰ ਦੇਸ ਵਿੱਚ ਪੰਜ ਸ਼ਹਿਰ ਹੋਣਗੇ ਜਿਹੜੇ ਕਨਾਨ ਦੀ ਬੋਲੀ ਬੋਲਣਗੇ ਅਤੇ ਜਿਹੜੇ ਸੈਨਾਂ ਦੇ ਯਹੋਵਾਹ ਦੀ ਸੌਂਹ ਖਾਣਗੇ। ਇੱਕ ‘ਨਾਸ਼ ਨਗਰ’ ਅਖਵਾਏਗਾ।” (ਯਸਾਯਾਹ 19:18) ਜ਼ਾਹਰਾ ਤੌਰ ਤੇ ਪੁਰਾਣੇ ਜ਼ਮਾਨੇ ਵਿਚ ਇਹ ਭਵਿੱਖਬਾਣੀ ਉਦੋਂ ਪੂਰੀ ਹੋਈ ਜਦੋਂ ਮਿਸਰ ਨੂੰ ਭੱਜੇ ਯਹੂਦੀ ਮਿਸਰੀ ਸ਼ਹਿਰਾਂ ਵਿਚ ਇਬਰਾਨੀ ਭਾਸ਼ਾ ਬੋਲਦੇ ਸਨ। (ਯਿਰਮਿਯਾਹ 24:1, 8-10; 41:1-3; 42:9–43:7; 44:1) ਅੱਜ, “ਮਿਸਰ,” ਯਾਨੀ ਸ਼ਤਾਨ ਦੀ ਦੁਨੀਆਂ ਵਿਚ ਅਜਿਹੇ ਲੋਕ ਹਨ ਜਿਨ੍ਹਾਂ ਨੇ ਬਾਈਬਲ ਦੀ ਸੱਚਾਈ ਦੇ “ਪਵਿੱਤਰ ਬੋਲ” ਬੋਲਣੇ ਸਿੱਖੇ ਹਨ। (ਸਫ਼ਨਯਾਹ 3:9, ਨਵਾਂ ਅਨੁਵਾਦ) ਇਹ ਪੰਜ ਸ਼ਹਿਰ ਅਸਲੀ ਨਹੀਂ ਸਨ। ਇਨ੍ਹਾਂ ਵਿੱਚੋਂ ਇਕ ਸ਼ਹਿਰ ਨੂੰ “ਨਾਸ਼ ਨਗਰ” ਕਿਹਾ ਜਾਂਦਾ ਹੈ। ਇਹ ਸੰਕੇਤ ਕਰਦਾ ਹੈ ਕਿ “ਪਵਿੱਤਰ ਬੋਲ” ਬੋਲਣ ਵਿਚ ਸ਼ਤਾਨ ਦੇ ਸੰਗਠਨ ਦੇ ਭੇਤ ਖੋਲ੍ਹ ਕੇ ਉਸ ਦਾ “ਨਾਸ਼” ਕਰਨਾ ਸ਼ਾਮਲ ਹੈ।
32. (ੳ) ਮਿਸਰ ਦੇਸ਼ ਦੇ ਵਿਚਕਾਰ ਕਿਹੜੀ “ਜਗਵੇਦੀ” ਹੈ? (ਅ) ਮਿਸਰ ਦੀ ਹੱਦ ਕੋਲ ਮਸਹ ਕੀਤੇ ਹੋਏ ਮਸੀਹੀ “ਇੱਕ ਥੰਮ੍ਹ” ਵਰਗੇ ਕਿਵੇਂ ਹਨ?
32 ਯਹੋਵਾਹ ਦੇ ਲੋਕਾਂ ਦੇ ਪ੍ਰਚਾਰ ਨਾਲ, ਯਹੋਵਾਹ ਦਾ ਮਹਾਨ ਨਾਂ ਇਸ ਦੁਨੀਆਂ ਵਿਚ ਜ਼ਰੂਰ ਜਾਣਿਆ ਜਾਵੇਗਾ। “ਓਸ ਦਿਨ ਮਿਸਰ ਦੇਸ ਦੇ ਵਿੱਚਕਾਰ ਯਹੋਵਾਹ ਲਈ ਇੱਕ ਜਗਵੇਦੀ ਹੋਵੇਗੀ ਅਤੇ ਉਹ ਦੀ ਹੱਦ ਕੋਲ ਯਹੋਵਾਹ ਲਈ ਇੱਕ ਥੰਮ੍ਹ ਹੋਵੇਗਾ।” (ਯਸਾਯਾਹ 19:19) ਇਹ ਸ਼ਬਦ ਉਨ੍ਹਾਂ ਮਸਹ ਕੀਤੇ ਹੋਇਆਂ ਦੀ ਪਦਵੀ ਨੂੰ ਸੰਕੇਤ ਕਰਦੇ ਹਨ, ਜਿਨ੍ਹਾਂ ਦਾ ਪਰਮੇਸ਼ੁਰ ਨਾਲ ਇਕ ਨੇਮ-ਬੱਧ ਰਿਸ਼ਤਾ ਹੈ। (ਜ਼ਬੂਰ 50:5) ਇਕ “ਜਗਵੇਦੀ” ਵਜੋਂ ਉਹ ਆਪਣੇ ਚੜ੍ਹਾਵੇ ਚੜ੍ਹਾ ਰਹੇ ਹਨ; ‘ਸਚਿਆਈ ਦੇ ਥੰਮ੍ਹ ਅਤੇ ਨੀਂਹ’ ਵਜੋਂ ਉਹ ਯਹੋਵਾਹ ਬਾਰੇ ਗਵਾਹੀ ਦੇ ਰਹੇ ਹਨ। (1 ਤਿਮੋਥਿਉਸ 3:15; ਰੋਮੀਆਂ 12:1; ਇਬਰਾਨੀਆਂ 13:15, 16) ਉਹ “ਦੇਸ ਦੇ ਵਿੱਚਕਾਰ” ਹਨ, ਮਤਲਬ ‘ਹੋਰ ਭੇਡਾਂ’ ਨਾਲ ਮਿਲ ਕੇ ਉਹ 230 ਤੋਂ ਵੱਧ ਦੇਸ਼ਾਂ ਅਤੇ ਸਮੁੰਦਰ ਦੇ ਟਾਪੂਆਂ ਵਿਚ ਪਾਏ ਜਾਂਦੇ ਹਨ। ਪਰ ਉਹ “ਜਗਤ ਦੇ ਨਹੀਂ ਹਨ।” (ਯੂਹੰਨਾ 10:16; 17:15, 16) ਕਿਹਾ ਜਾ ਸਕਦਾ ਹੈ ਕਿ ਉਹ ਇਸ ਸੰਸਾਰ ਅਤੇ ਪਰਮੇਸ਼ੁਰ ਦੇ ਰਾਜ ਦੀ ਸਰਹੱਦ ਤੇ ਖੜ੍ਹੇ ਹਨ ਅਤੇ ਉਹ ਉਸ ਸਰਹੱਦ ਨੂੰ ਪਾਰ ਕਰ ਕੇ ਆਪਣਾ ਸਵਰਗੀ ਇਨਾਮ ਪ੍ਰਾਪਤ ਕਰਨ ਲਈ ਤਿਆਰ ਹਨ।
33. “ਮਿਸਰ” ਵਿਚ ਮਸਹ ਕੀਤੇ ਹੋਏ “ਇੱਕ ਨਿਸ਼ਾਨ ਅਤੇ ਇੱਕ ਗਵਾਹ” ਕਿਵੇਂ ਹਨ?
33 ਯਸਾਯਾਹ ਨੇ ਅੱਗੇ ਕਿਹਾ: “ਉਹ ਮਿਸਰ ਦੇਸ ਵਿੱਚ ਸੈਨਾਂ ਦੇ ਯਹੋਵਾਹ ਲਈ ਇੱਕ ਨਿਸ਼ਾਨ ਅਤੇ ਇੱਕ ਗਵਾਹ ਹੋਵੇਗਾ। ਜਦ ਓਹ ਜ਼ਾਲਮਾਂ ਦੇ ਕਾਰਨ ਯਹੋਵਾਹ ਦੀ ਦੁਹਾਈ ਦੇਣਗੇ, ਤਦ ਉਹ ਉਨ੍ਹਾਂ ਦੇ ਲਈ ਇੱਕ ਬਚਾਊ, ਇੱਕ ਮਹਾ ਪੁਰਸ਼ ਘੱਲੇਗਾ ਅਤੇ ਉਹ ਉਨ੍ਹਾਂ ਨੂੰ ਛੁਡਾਵੇਗਾ।” (ਯਸਾਯਾਹ 19:20) “ਇੱਕ ਨਿਸ਼ਾਨ ਅਤੇ ਇੱਕ ਗਵਾਹ” ਵਜੋਂ, ਮਸਹ ਕੀਤੇ ਹੋਏ ਮਸੀਹੀ ਪ੍ਰਚਾਰ ਦੇ ਕੰਮ ਵਿਚ ਅਗਵਾਈ ਕਰਦੇ ਹਨ ਅਤੇ ਇਸ ਦੁਨੀਆਂ ਵਿਚ ਯਹੋਵਾਹ ਦੇ ਨਾਂ ਨੂੰ ਉੱਚਾ ਕਰਦੇ ਹਨ। (ਯਸਾਯਾਹ 8:18; ਇਬਰਾਨੀਆਂ 2:13) ਸਾਰੀ ਦੁਨੀਆਂ ਵਿਚ ਕੁਚਲੇ ਹੋਏ ਲੋਕਾਂ ਦੀ ਦੁਹਾਈ ਸੁਣੀ ਜਾ ਸਕਦੀ ਹੈ, ਪਰ ਆਮ ਤੌਰ ਤੇ, ਮਾਨਵੀ ਸਰਕਾਰਾਂ ਉਨ੍ਹਾਂ ਦੀ ਮਦਦ ਨਹੀਂ ਕਰ ਸਕਦੀਆਂ। ਪਰ, ਯਹੋਵਾਹ ਇਕ ਮਹਾਂ ਮੁਕਤੀਦਾਤਾ, ਮਤਲਬ ਕਿ ਆਪਣੇ ਰਾਜਾ ਯਿਸੂ ਮਸੀਹ ਨੂੰ ਭੇਜੇਗਾ ਜੋ ਸਾਰਿਆਂ ਮਸਕੀਨਾਂ ਨੂੰ ਛੁਡਾਵੇਗਾ। ਜਦੋਂ ਇਹ ਆਖ਼ਰੀ ਦਿਨ ਆਰਮਾਗੇਡਨ ਦੀ ਲੜਾਈ ਵਿਚ ਆਪਣੀ ਸਿਖਰ ਤੇ ਪਹੁੰਚਣਗੇ, ਤਾਂ ਉਹ ਪਰਮੇਸ਼ੁਰ ਦਾ ਭੈ ਰੱਖਣ ਵਾਲਿਆਂ ਲਈ ਰਾਹਤ ਅਤੇ ਸਦੀਪਕ ਬਰਕਤਾਂ ਲਿਆਵੇਗਾ।—ਜ਼ਬੂਰ 72:2, 4, 7, 12-14.
34. (ੳ) “ਮਿਸਰੀ” ਯਹੋਵਾਹ ਨੂੰ ਕਿਵੇਂ ਜਾਣਨਗੇ, ਅਤੇ ਉਹ ਉਸ ਨੂੰ ਕਿਹੜੀਆਂ ਬਲੀਆਂ ਅਤੇ ਭੇਟਾਂ ਦੇਣਗੇ? (ਅ) ਯਹੋਵਾਹ “ਮਿਸਰ” ਨੂੰ ਕਦੋਂ ਮਾਰੇਗਾ, ਅਤੇ ਇਸ ਤੋਂ ਬਾਅਦ ਉਹ ਲੋਕਾਂ ਨੂੰ ਕਿਸ ਤਰ੍ਹਾਂ ਚੰਗਾ ਕਰੇਗਾ?
34 ਉਸ ਸਮੇਂ ਤੋਂ ਪਹਿਲਾਂ, ਪਰਮੇਸ਼ੁਰ ਦੀ ਇੱਛਾ ਇਹ ਹੈ ਕਿ ਸਾਰੇ ਇਨਸਾਨ ਸਹੀ ਗਿਆਨ ਹਾਸਲ ਕਰਨ ਅਤੇ ਬਚਾਏ ਜਾਣ। (1 ਤਿਮੋਥਿਉਸ 2:4) ਇਸ ਲਈ ਯਸਾਯਾਹ ਨੇ ਲਿਖਿਆ: “ਯਹੋਵਾਹ ਮਿਸਰੀਆਂ ਲਈ ਆਪ ਨੂੰ ਪਰਗਟ ਕਰੇਗਾ ਸੋ ਓਸ ਦਿਨ ਮਿਸਰੀ ਯਹੋਵਾਹ ਨੂੰ ਜਾਣਨਗੇ ਅਤੇ ਓਹ ਬਲੀਆਂ ਅਰ ਭੇਟਾਂ ਨਾਲ ਉਪਾਸਨਾ ਕਰਨਗੇ ਅਤੇ ਯਹੋਵਾਹ ਲਈ ਓਹ ਸੁੱਖਣਾਂ ਸੁੱਖਣਗੇ ਅਤੇ ਪੂਰੀਆਂ ਵੀ ਕਰਨਗੇ। ਅਤੇ ਯਹੋਵਾਹ ਮਿਸਰ ਨੂੰ ਮਾਰੇਗਾ, ਨਾਲੇ ਮਾਰੇਗਾ ਨਾਲੇ ਚੰਗਾ ਕਰੇਗਾ ਅਤੇ ਓਹ ਯਹੋਵਾਹ ਵੱਲ ਮੁੜਨਗੇ ਅਤੇ ਉਹ ਓਹਨਾਂ ਦੀ ਦੁਹਾਈ ਮੰਨੇਗਾ ਅਤੇ ਓਹਨਾਂ ਨੂੰ ਚੰਗਾ ਕਰੇਗਾ।” (ਯਸਾਯਾਹ 19:21, 22) ਸ਼ਤਾਨ ਦੇ ਸੰਸਾਰ ਦੀਆਂ ਸਾਰੀਆਂ ਕੌਮਾਂ ਵਿੱਚੋਂ ਕੁਝ “ਮਿਸਰੀ” ਯਹੋਵਾਹ ਨੂੰ ਜਾਣ ਕੇ ਉਸ ਨੂੰ ਬਲੀਦਾਨ ਦਿੰਦੇ ਹਨ, ਯਾਨੀ “ਉਹ ਮਹਿਮਾ ਜੋ ਮੂੰਹ ਦੇ ਦੁਆਰਾ ਉਸ ਦੇ ਨਾਂ ਦਾ ਇਕਰਾਰ ਕਰਨ ਤੋਂ ਪੈਦਾ ਹੁੰਦੀ ਹੈ।” (ਇਬਰਾਨੀਆਂ 13:15, ਨਵਾਂ ਅਨੁਵਾਦ) ਉਹ ਯਹੋਵਾਹ ਨੂੰ ਸਮਰਪਿਤ ਹੋ ਕੇ ਸੁੱਖਣਾ ਸੁੱਖਦੇ ਹਨ ਅਤੇ ਆਪਣਾ ਜੀਵਨ ਵਫ਼ਾਦਾਰ ਸੇਵਾ ਵਿਚ ਬਤੀਤ ਕਰ ਕੇ ਇਸ ਸੁੱਖਣਾ ਨੂੰ ਪੂਰੀ ਕਰਦੇ ਹਨ। ਆਰਮਾਗੇਡਨ ਵਿਚ ਇਸ ਦੁਨੀਆਂ ਨੂੰ ‘ਮਾਰਨ’ ਤੋਂ ਬਾਅਦ, ਯਹੋਵਾਹ ਆਪਣੇ ਰਾਜ ਰਾਹੀਂ ਮਨੁੱਖਜਾਤੀ ਨੂੰ ਚੰਗਾ ਕਰੇਗਾ। ਯਿਸੂ ਦੇ ਹਜ਼ਾਰ ਵਰ੍ਹਿਆਂ ਦੇ ਰਾਜ ਦੌਰਾਨ, ਮਨੁੱਖਜਾਤੀ ਰੂਹਾਨੀ, ਮਾਨਸਿਕ, ਨੈਤਿਕ ਅਤੇ ਸਰੀਰਕ ਸੰਪੂਰਣਤਾ ਹਾਸਲ ਕਰੇਗੀ। ਵਾਕਈ ਉਹ ਚੰਗੇ ਕੀਤੇ ਜਾਣਗੇ!—ਪਰਕਾਸ਼ ਦੀ ਪੋਥੀ 22:1, 2.
‘ਮੇਰੀ ਪਰਜਾ ਮੁਬਾਰਕ ਹੋਵੇ’
35, 36. ਯਸਾਯਾਹ 19:23-25 ਦੀ ਪੂਰਤੀ ਅਨੁਸਾਰ ਪੁਰਾਣੇ ਜ਼ਮਾਨੇ ਵਿਚ ਮਿਸਰ, ਅੱਸ਼ੂਰ, ਅਤੇ ਇਸਰਾਏਲ ਵਿਚਕਾਰ ਕਿਹੜੇ ਸੰਬੰਧ ਬਣੇ ਸਨ?
35 ਫਿਰ ਨਬੀ ਨੇ ਭਵਿੱਖ ਵਿਚ ਹੋਣ ਵਾਲੀ ਮਾਅਰਕੇ ਦੀ ਚੀਜ਼ ਦੇਖੀ: “ਓਸ ਦਿਨ ਇੱਕ ਸੜਕ ਮਿਸਰ ਤੋਂ ਅੱਸ਼ੂਰ ਤੀਕ ਹੋਵੇਗੀ ਅਤੇ ਅੱਸ਼ੂਰੀ ਮਿਸਰ ਵਿੱਚ ਅਤੇ ਮਿਸਰੀ ਅੱਸ਼ੂਰ ਵਿੱਚ ਜਾਣਗੇ ਅਤੇ ਮਿਸਰੀ ਅੱਸ਼ੂਰੀਆਂ ਨਾਲ ਭਗਤੀ ਕਰਨਗੇ। ਓਸ ਦਿਨ ਇਸਰਾਏਲ ਮਿਸਰ ਨਾਲ ਅਰ ਅੱਸ਼ੂਰ ਨਾਲ ਤੀਜਾ ਹੋਵੇਗਾ, ਅਰਥਾਤ ਧਰਤੀ ਦੇ ਵਿੱਚ ਇੱਕ ਬਰਕਤ। ਜਿਨ੍ਹਾਂ ਨੂੰ ਸੈਨਾਂ ਦੇ ਯਹੋਵਾਹ ਨੇ ਏਹ ਆਖ ਕੇ ਬਰਕਤ ਦਿੱਤੀ ਕਿ ਮਿਸਰ ਮੇਰੀ ਪਰਜਾ ਅਤੇ ਅੱਸ਼ੂਰ ਮੇਰੀ ਦਸਤਕਾਰੀ ਅਤੇ ਇਸਰਾਏਲ ਮੇਰੀ ਮੀਰਾਸ ਮੁਬਾਰਕ ਹੋਵੇ।” (ਯਸਾਯਾਹ 19:23-25) ਜੀ ਹਾਂ, ਇਕ ਦਿਨ ਮਿਸਰ ਅਤੇ ਅੱਸ਼ੂਰ ਵਿਚ ਦੋਸਤੀ ਹੋਵੇਗੀ। ਇਹ ਕਿਵੇਂ?
36 ਪੁਰਾਣੇ ਜ਼ਮਾਨੇ ਵਿਚ ਜਦੋਂ ਯਹੋਵਾਹ ਨੇ ਆਪਣੇ ਲੋਕਾਂ ਨੂੰ ਕੌਮਾਂ ਤੋਂ ਛੁਡਾਇਆ ਸੀ, ਤਾਂ ਇਸ ਤਰ੍ਹਾਂ ਸੀ ਜਿਵੇਂ ਕਿ ਉਸ ਨੇ ਉਨ੍ਹਾਂ ਦੀ ਆਜ਼ਾਦੀ ਲਈ ਸੜਕਾਂ ਤਿਆਰ ਕੀਤੀਆਂ ਸਨ। (ਯਸਾਯਾਹ 11:16; 35:8-10; 49:11-13; ਯਿਰਮਿਯਾਹ 31:21) ਇਸ ਭਵਿੱਖਬਾਣੀ ਦੀ ਛੋਟੀ ਪੂਰਤੀ ਬਾਬਲ ਦੀ ਹਾਰ ਤੋਂ ਬਾਅਦ ਹੋਈ ਸੀ ਜਦੋਂ ਗ਼ੁਲਾਮ ਲੋਕ ਬਾਬਲ, ਅੱਸ਼ੂਰ, ਅਤੇ ਮਿਸਰ ਤੋਂ ਵਾਅਦਾ ਕੀਤੇ ਹੋਏ ਦੇਸ਼ ਨੂੰ ਵਾਪਸ ਆਏ ਸਨ। (ਯਸਾਯਾਹ 11:11) ਪਰ ਸਾਡੇ ਜ਼ਮਾਨੇ ਬਾਰੇ ਕੀ?
37. ਅੱਜ ਲੱਖਾਂ ਹੀ ਲੋਕ ਇਸ ਤਰ੍ਹਾਂ ਕਿਵੇਂ ਰਹਿੰਦੇ ਹਨ ਜਿਵੇਂ ਕਿ ‘ਅੱਸ਼ੂਰ’ ਅਤੇ ‘ਮਿਸਰ’ ਵਿਚਕਾਰ ਇਕ ਸੜਕ ਹੋਵੇ?
37 ਅੱਜ, ਮਸਹ ਕੀਤੇ ਹੋਏ ਰੂਹਾਨੀ ਇਸਰਾਏਲੀਆਂ ਦਾ ਬਕੀਆ “ਧਰਤੀ ਦੇ ਵਿੱਚ ਇੱਕ ਬਰਕਤ” ਹੈ। ਇਹ ਮਸੀਹੀ ਸੱਚੀ ਉਪਾਸਨਾ ਨੂੰ ਅੱਗੇ ਵਧਾਉਂਦੇ ਹਨ ਅਤੇ ਰਾਜ ਦਾ ਸੰਦੇਸ਼ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸੁਣਾ ਰਹੇ ਹਨ। ਇਨ੍ਹਾਂ ਵਿੱਚੋਂ ਕੁਝ ਕੌਮਾਂ ਅੱਸ਼ੂਰ ਵਰਗੀਆਂ ਹਨ, ਯਾਨੀ ਉਹ ਆਪਣੀ ਸੈਨਿਕ ਤਾਕਤ ਦੁਆਰਾ ਜ਼ੁਲਮੀ ਹਨ। ਦੂਸਰੀਆਂ ਕੌਮਾਂ ਲੋਕਾਂ ਨੂੰ ਜ਼ਿਆਦਾ ਆਜ਼ਾਦੀ ਦਿੰਦੀਆਂ ਹਨ, ਸ਼ਾਇਦ ਉਸ ਮਿਸਰ ਵਾਂਗ, ਜੋ ਇਕ ਸਮੇਂ ਤੇ ਦਾਨੀਏਲ ਦੀ ਭਵਿੱਖਬਾਣੀ ਦਾ “ਦੱਖਣ ਦਾ ਰਾਜਾ” ਸੀ। (ਦਾਨੀਏਲ 11:5, 8) ਜ਼ੁਲਮੀ ਕੌਮਾਂ ਅਤੇ ਜ਼ਿਆਦਾ ਆਜ਼ਾਦ ਕੌਮਾਂ ਵਿੱਚੋਂ ਲੱਖਾਂ ਹੀ ਲੋਕਾਂ ਨੇ ਸੱਚੀ ਉਪਾਸਨਾ ਅਪਣਾਈ ਹੈ। ਇਸ ਤਰ੍ਹਾਂ, ਸਾਰੀਆਂ ਕੌਮਾਂ ਦੇ ਲੋਕ ਇਕਮੁੱਠ ਹੋ ਕੇ ‘ਭਗਤੀ ਕਰ ਰਹੇ ਹਨ।’ ਇਨ੍ਹਾਂ ਵਿਚਕਾਰ ਕੌਮੀ ਫੁੱਟਾਂ ਨਹੀਂ ਹਨ। ਉਹ ਇਕ ਦੂਜੇ ਨਾਲ ਪ੍ਰੇਮ ਕਰਦੇ ਹਨ, ਅਤੇ ਇਹ ਸੱਚ-ਮੁੱਚ ਕਿਹਾ ਜਾ ਸਕਦਾ ਹੈ ਕਿ ‘ਅੱਸ਼ੂਰੀ ਮਿਸਰ ਵਿੱਚ ਅਤੇ ਮਿਸਰੀ ਅੱਸ਼ੂਰ ਵਿੱਚ ਆਉਂਦੇ ਹਨ।’ ਇਹ ਇਸ ਤਰ੍ਹਾਂ ਹੈ ਜਿਵੇਂ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਤਕ ਇਕ ਸੜਕ ਹੋਵੇ।—1 ਪਤਰਸ 2:17.
38. (ੳ) “ਇਸਰਾਏਲ ਮਿਸਰ ਨਾਲ ਅਰ ਅੱਸ਼ੂਰ ਨਾਲ ਤੀਜਾ” ਕਿਵੇਂ ਹੋਵੇਗਾ? (ਅ) ਯਹੋਵਾਹ ਕਿਉਂ ਕਹਿੰਦਾ ਹੈ ਕਿ ‘ਮੇਰੀ ਪਰਜਾ ਮੁਬਾਰਕ ਹੋਵੇ’?
38 ਪਰ, ਇਸਰਾਏਲ “ਮਿਸਰ ਨਾਲ ਅਰ ਅੱਸ਼ੂਰ ਨਾਲ ਤੀਜਾ” ਕਿਵੇਂ ਹੁੰਦਾ ਹੈ? “ਓੜਕ ਦੇ ਵੇਲੇ” ਦੇ ਮੁੱਢ ਵਿਚ, ਧਰਤੀ ਉੱਤੇ ਯਹੋਵਾਹ ਦੀ ਸੇਵਾ ਕਰਨ ਵਾਲੇ ਜ਼ਿਆਦਾਤਰ ਲੋਕ “ਪਰਮੇਸ਼ੁਰ ਦੇ ਇਸਰਾਏਲ” ਦੇ ਮੈਂਬਰ ਸਨ। (ਦਾਨੀਏਲ 12:9; ਗਲਾਤੀਆਂ 6:16) ਪਰ, 1930 ਦੇ ਦਹਾਕੇ ਤੋਂ, ਜ਼ਮੀਨੀ ਉਮੀਦ ਰੱਖਣ ਵਾਲੀਆਂ ‘ਹੋਰ ਭੇਡਾਂ’ ਦੀ ਵੱਡੀ ਭੀੜ ਪ੍ਰਗਟ ਹੁੰਦੀ ਆਈ ਹੈ। (ਯੂਹੰਨਾ 10:16ੳ; ਪਰਕਾਸ਼ ਦੀ ਪੋਥੀ 7:9) ਇਹ ਭੀੜ ਸਾਰੀਆਂ ਕੌਮਾਂ ਵਿੱਚੋਂ ਨਿਕਲਦੀ ਹੈ, ਯਾਨੀ ਮਿਸਰ ਅਤੇ ਅੱਸ਼ੂਰ ਵਿੱਚੋਂ। ਇਹ ਲੋਕ ਯਹੋਵਾਹ ਦੀ ਉਪਾਸਨਾ ਦੇ ਭਵਨ ਵੱਲ ਆਉਂਦੇ ਹਨ ਅਤੇ ਹੋਰਨਾਂ ਨੂੰ ਵੀ ਆਪਣੇ ਨਾਲ ਮਿਲਣ ਦਾ ਸੱਦਾ ਦਿੰਦੇ ਹਨ। (ਯਸਾਯਾਹ 2:2-4) ਉਹ ਉਹੀ ਪ੍ਰਚਾਰ ਦਾ ਕੰਮ ਕਰਦੇ ਹਨ ਜੋ ਉਨ੍ਹਾਂ ਦੇ ਮਸਹ ਕੀਤੇ ਹੋਏ ਭਰਾ ਕਰਦੇ ਹਨ, ਉਹ ਇੱਕੋ ਜਿਹੇ ਪਰਤਾਵੇ ਸਹਿੰਦੇ ਹਨ, ਇੱਕੋ ਜਿਹੀ ਵਫ਼ਾਦਾਰੀ ਅਤੇ ਖਰਿਆਈ ਦਿਖਾਉਂਦੇ ਹਨ, ਅਤੇ ਇੱਕੋ ਰੂਹਾਨੀ ਮੇਜ਼ ਤੋਂ ਖਾਂਦੇ ਹਨ। ਸੱਚ-ਮੁੱਚ, ਮਸਹ ਕੀਤੇ ਹੋਏ ਅਤੇ ‘ਹੋਰ ਭੇਡਾਂ’ “ਇੱਕੋ ਇੱਜੜ” ਹਨ ਅਤੇ ਉਨ੍ਹਾਂ ਦਾ “ਇੱਕੋ ਅਯਾਲੀ” ਹੈ। (ਯੂਹੰਨਾ 10:16ਅ) ਕੀ ਕੋਈ ਕਹਿ ਸਕਦਾ ਹੈ ਕਿ ਉਨ੍ਹਾਂ ਦਾ ਜੋਸ਼ ਅਤੇ ਧੀਰਜ ਦੇਖ ਕੇ ਯਹੋਵਾਹ ਉਨ੍ਹਾਂ ਦੇ ਕੰਮਾਂ ਤੋਂ ਖ਼ੁਸ਼ ਨਹੀਂ ਹੈ? ਇਸ ਵਿਚ ਕੋਈ ਹੈਰਾਨੀ ਨਹੀਂ ਹੈ ਕਿ ਯਹੋਵਾਹ ਉਨ੍ਹਾਂ ਨੂੰ ਅਸੀਸ ਦੇ ਕੇ ਕਹਿੰਦਾ ਹੈ: ‘ਮੇਰੀ ਪਰਜਾ ਮੁਬਾਰਕ ਹੋਵੇ!’
[ਫੁਟਨੋਟ]
a ਕੁਝ ਵਿਦਵਾਨ ਕਹਿੰਦੇ ਹਨ ਕਿ “ਭੀਂ ਭੀਂ ਕਰਨ ਵਾਲੇ ਪਰਾਂ ਦਾ ਦੇਸ” ਟਿੱਡੀਆਂ ਦਾ ਜ਼ਿਕਰ ਹੈ ਜਿਨ੍ਹਾਂ ਦੇ ਝੁੰਡ ਈਥੀਓਪੀਆ ਵਿਚ ਕਦੀ-ਕਦਾਈਂ ਦੇਖੇ ਜਾਂਦੇ ਹਨ। ਦੂਸਰੇ ਵਿਦਵਾਨ ਕਹਿੰਦੇ ਹਨ ਕਿ ਅੱਜ ਈਥੀਓਪੀਆ ਵਿਚ ਰਹਿੰਦੇ ਗਾਲਾ ਜਾਂ ਹੈਮਵੰਸ਼ੀ ਲੋਕਾਂ ਦੀ ਬੋਲੀ ਵਿਚ “ਭੀਂ ਭੀਂ” ਲਈ ਇਬਰਾਨੀ ਸ਼ਬਦ ਸੇਲਾਸੱਲ, ਸੇਤਸੇ ਮੱਖੀ ਲਈ ਵਰਤੇ ਗਏ ਨਾਂ ਦੀ ਆਵਾਜ਼ ਨਾਲ ਮਿਲਦਾ-ਜੁਲਦਾ ਹੈ, ਯਾਨੀ ਸੋਲਟਸਾਲੀਯਾ।
[ਸਫ਼ਾ 191 ਉੱਤੇ ਤਸਵੀਰ]
ਆਪਣੇ ਦੁਸ਼ਮਣਾਂ ਉੱਤੇ ਹਮਲਾ ਕਰ ਰਹੇ ਫਲਿਸਤੀ ਫ਼ੌਜੀ (12ਵੀਂ ਸਦੀ ਸਾ.ਯੁ.ਪੂ. ਤੋਂ ਮਿਸਰੀ ਘੜਤ)
[ਸਫ਼ਾ 192 ਉੱਤੇ ਤਸਵੀਰ]
ਪੱਥਰ ਉੱਤੇ ਘੜਿਆ ਹੋਇਆ ਮੋਆਬੀ ਫ਼ੌਜੀ ਜਾਂ ਦੇਵਤਾ (ਅੱਠਵੀਂ ਤੋਂ ਗਿਆਰ੍ਹਵੀਂ ਸਦੀ ਸਾ.ਯੁ.ਪੂ. ਵਿਚਕਾਰ)
[ਸਫ਼ਾ 196 ਉੱਤੇ ਤਸਵੀਰ]
ਊਠ ਤੇ ਸਵਾਰ ਸੀਰੀਆ ਦਾ ਸੂਰਬੀਰ (ਨੌਵੀਂ ਸਦੀ ਸਾ.ਯੁ.ਪੂ.)
[ਸਫ਼ਾ 198 ਉੱਤੇ ਤਸਵੀਰ]
ਬਾਗ਼ੀ ਮਨੁੱਖਜਾਤੀ ਦੇ “ਸਮੁੰਦਰ” ਵਿੱਚੋਂ ਬੇਚੈਨੀ ਅਤੇ ਇਨਕਲਾਬ ਉੱਛਲਦੇ ਹਨ
[ਸਫ਼ਾ 203 ਉੱਤੇ ਤਸਵੀਰ]
ਮਿਸਰ ਦੇ ਪੁਜਾਰੀਆਂ ਕੋਲ ਯਹੋਵਾਹ ਜਿੰਨੀ ਸ਼ਕਤੀ ਨਹੀਂ ਸੀ