ਅਧਿਆਇ 14
“ਇਹੀ ਮੰਦਰ ਦਾ ਕਾਨੂੰਨ ਹੈ”
ਮੁੱਖ ਗੱਲ: ਮੰਦਰ ਦੇ ਦਰਸ਼ਣ ਤੋਂ ਹਿਜ਼ਕੀਏਲ ਦੇ ਜ਼ਮਾਨੇ ਦੇ ਲੋਕਾਂ ਲਈ ਅਤੇ ਸਾਡੇ ਲਈ ਸਬਕ
1, 2. (ੳ) ਪਿਛਲੇ ਅਧਿਆਇ ਵਿਚ ਅਸੀਂ ਦਰਸ਼ਣ ਵਿਚਲੇ ਮੰਦਰ ਬਾਰੇ ਕੀ ਸਿੱਖਿਆ ਸੀ? (ਅ) ਇਸ ਅਧਿਆਇ ਵਿਚ ਅਸੀਂ ਕਿਨ੍ਹਾਂ ਸਵਾਲਾਂ ʼਤੇ ਗੌਰ ਕਰਾਂਗੇ?
ਹਿਜ਼ਕੀਏਲ ਨੇ ਦਰਸ਼ਣ ਵਿਚ ਮਹਾਨ ਮੰਦਰ ਨਹੀਂ ਸੀ ਦੇਖਿਆ ਜਿਸ ਬਾਰੇ ਸਦੀਆਂ ਬਾਅਦ ਪੌਲੁਸ ਨੇ ਗੱਲ ਕੀਤੀ ਸੀ। ਇਹ ਗੱਲ ਅਸੀਂ ਪਿਛਲੇ ਅਧਿਆਇ ਵਿਚ ਸਿੱਖੀ ਸੀ। ਅਸੀਂ ਇਹ ਵੀ ਸਿੱਖਿਆ ਸੀ ਕਿ ਯਹੋਵਾਹ ਨੇ ਇਹ ਦਰਸ਼ਣ ਇਸ ਲਈ ਦਿਖਾਇਆ ਤਾਂਕਿ ਉਸ ਦੇ ਲੋਕ ਸ਼ੁੱਧ ਭਗਤੀ ਲਈ ਉਸ ਦੇ ਉੱਚੇ ਮਿਆਰਾਂ ਨੂੰ ਸਮਝ ਸਕਣ। ਇਨ੍ਹਾਂ ਮਿਆਰਾਂ ʼਤੇ ਚੱਲਣ ਵਾਲੇ ਲੋਕ ਹੀ ਫਿਰ ਤੋਂ ਯਹੋਵਾਹ ਨਾਲ ਆਪਣਾ ਰਿਸ਼ਤਾ ਜੋੜ ਸਕਦੇ ਸਨ। ਇਸੇ ਕਰਕੇ ਯਹੋਵਾਹ ਨੇ ਇੱਕੋ ਆਇਤ ਵਿਚ ਇੱਕੋ ਗੱਲ ਦੋ ਵਾਰ ਦੁਹਰਾਈ: “ਇਹੀ ਮੰਦਰ ਦਾ ਕਾਨੂੰਨ ਹੈ।”—ਹਿਜ਼ਕੀਏਲ 43:12 ਪੜ੍ਹੋ।
2 ਆਓ ਆਪਾਂ ਹੁਣ ਦੋ ਸਵਾਲਾਂ ʼਤੇ ਗੌਰ ਕਰੀਏ। ਪਹਿਲਾ: ਹਿਜ਼ਕੀਏਲ ਦੇ ਜ਼ਮਾਨੇ ਦੇ ਯਹੂਦੀਆਂ ਨੇ ਮੰਦਰ ਦੇ ਦਰਸ਼ਣ ਤੋਂ ਸ਼ੁੱਧ ਭਗਤੀ ਲਈ ਯਹੋਵਾਹ ਦੇ ਮਿਆਰਾਂ ਬਾਰੇ ਕੀ ਸਿੱਖਿਆ ਹੋਣਾ? ਇਸ ਸਵਾਲ ਦਾ ਜਵਾਬ ਜਾਣ ਕੇ ਦੂਸਰੇ ਸਵਾਲ ਦਾ ਜਵਾਬ ਜਾਣਨ ਵਿਚ ਮਦਦ ਮਿਲੇਗੀ: ਮੁਸੀਬਤਾਂ ਨਾਲ ਭਰੇ ਇਨ੍ਹਾਂ ਆਖ਼ਰੀ ਦਿਨਾਂ ਵਿਚ ਅਸੀਂ ਇਸ ਦਰਸ਼ਣ ਤੋਂ ਕੀ ਸਿੱਖ ਸਕਦੇ ਹਾਂ?
ਇਸ ਦਰਸ਼ਣ ਤੋਂ ਪੁਰਾਣੇ ਜ਼ਮਾਨੇ ਦੇ ਲੋਕਾਂ ਨੇ ਕੀ ਸਿੱਖਿਆ?
3. ਨੇਕਦਿਲ ਲੋਕ ਇਹ ਜਾਣ ਕੇ ਕਿਉਂ ਸ਼ਰਮਿੰਦੇ ਹੋਏ ਹੋਣੇ ਕਿ ਦਰਸ਼ਣ ਵਿਚਲਾ ਮੰਦਰ ਬਹੁਤ ਉੱਚੇ ਪਹਾੜ ʼਤੇ ਹੈ?
3 ਪਹਿਲੇ ਸਵਾਲ ਦਾ ਜਵਾਬ ਜਾਣਨ ਲਈ ਆਓ ਆਪਾਂ ਦਰਸ਼ਣ ਵਿਚਲੇ ਮੰਦਰ ਦੀਆਂ ਕੁਝ ਦਿਲ-ਖਿੱਚਵੀਆਂ ਗੱਲਾਂ ʼਤੇ ਗੌਰ ਕਰੀਏ। ਉੱਚਾ ਪਹਾੜ। ਹਿਜ਼ਕੀਏਲ ਨੇ ਦੇਖਿਆ ਕਿ ਮੰਦਰ ਇਕ ਉੱਚੇ ਪਹਾੜ ਉੱਤੇ ਹੈ। ਇਸ ਤੋਂ ਲੋਕਾਂ ਨੂੰ ਬਹਾਲੀ ਬਾਰੇ ਯਸਾਯਾਹ ਦੀ ਭਵਿੱਖਬਾਣੀ ਯਾਦ ਆਈ ਹੋਣੀ। (ਯਸਾ. 2:2) ਤਾਂ ਫਿਰ ਲੋਕਾਂ ਨੇ ਇਸ ਗੱਲ ਤੋਂ ਕੀ ਸਿੱਖਿਆ ਕਿ ਯਹੋਵਾਹ ਦਾ ਭਵਨ ਇਕ ਉੱਚੇ ਪਹਾੜ ਉੱਤੇ ਹੈ? ਉਨ੍ਹਾਂ ਨੇ ਸਿੱਖਿਆ ਕਿ ਸ਼ੁੱਧ ਭਗਤੀ ਨੂੰ ਬੁਲੰਦ ਕੀਤਾ ਜਾਣਾ ਚਾਹੀਦਾ ਹੈ। ਇਹ ਗੱਲ ਸੱਚ ਹੈ ਕਿ ਸ਼ੁੱਧ ਭਗਤੀ ਤਾਂ ਪਹਿਲਾਂ ਹੀ ਬੁਲੰਦ ਹੈ ਕਿਉਂਕਿ ਸ਼ੁੱਧ ਭਗਤੀ ਦਾ ਇੰਤਜ਼ਾਮ ਕਰਨ ਵਾਲਾ ਯਹੋਵਾਹ ਹੈ ਜੋ ‘ਸਾਰੇ ਦੇਵਤਿਆਂ ਨਾਲੋਂ ਕਿਤੇ ਜ਼ਿਆਦਾ ਉੱਚਾ ਹੈ।’ (ਜ਼ਬੂ. 97:9) ਪਰ ਲੋਕਾਂ ਨੇ ਇਸ ਨੂੰ ਬੁਲੰਦ ਕਰਨ ਵਿਚ ਯੋਗਦਾਨ ਨਹੀਂ ਪਾਇਆ। ਸਦੀਆਂ ਤਕ ਉਹ ਸ਼ੁੱਧ ਭਗਤੀ ਦੇ ਨਾਂ ʼਤੇ ਵਾਰ-ਵਾਰ ਘਿਣਾਉਣੇ ਕੰਮ ਕਰ ਕੇ ਇਸ ਨੂੰ ਭ੍ਰਿਸ਼ਟ ਤੇ ਨਜ਼ਰਅੰਦਾਜ਼ ਕਰਦੇ ਰਹੇ। ਪਰ ਨੇਕਦਿਲ ਲੋਕਾਂ ਨੂੰ ਪਤਾ ਲੱਗਾ ਕਿ ਦਰਸ਼ਣ ਵਿਚ ਯਹੋਵਾਹ ਦਾ ਭਵਨ ਸਭ ਤੋਂ ਉੱਚੇ ਪਹਾੜ ਉੱਤੇ ਹੈ ਯਾਨੀ ਸ਼ੁੱਧ ਭਗਤੀ ਨੂੰ ਉੱਨੀ ਅਹਿਮੀਅਤ ਦਿੱਤੀ ਜਾ ਰਹੀ ਹੈ ਜਿੰਨੀ ਦਿੱਤੀ ਜਾਣੀ ਚਾਹੀਦੀ ਹੈ। ਇਹ ਜਾਣ ਕੇ ਨੇਕਦਿਲ ਲੋਕ ਸ਼ਰਮਿੰਦੇ ਹੋਏ ਕਿ ਉਨ੍ਹਾਂ ਨੇ ਸ਼ੁੱਧ ਭਗਤੀ ਲਈ ਆਪਣੀ ਜ਼ਿੰਮੇਵਾਰੀ ਪੂਰੀ ਨਹੀਂ ਕੀਤੀ।
4, 5. ਉੱਚੇ ਦਰਵਾਜ਼ਿਆਂ ʼਤੇ ਸੋਚ-ਵਿਚਾਰ ਕਰ ਕੇ ਲੋਕਾਂ ਨੇ ਕਿਹੜਾ ਸਬਕ ਸਿੱਖਿਆ?
4 ਉੱਚੇ ਦਰਵਾਜ਼ੇ। ਦਰਸ਼ਣ ਦੇ ਸ਼ੁਰੂ ਵਿਚ ਹਿਜ਼ਕੀਏਲ ਨੇ ਦੇਖਿਆ ਕਿ ਦੂਤ ਦਰਵਾਜ਼ਿਆਂ ਦੀ ਮਿਣਤੀ ਕਰ ਰਿਹਾ ਸੀ। ਹਰ ਦਰਵਾਜ਼ਾ ਤਕਰੀਬਨ 100 ਫੁੱਟ ਉੱਚਾ ਸੀ। (ਹਿਜ਼. 40:14) ਇਨ੍ਹਾਂ ਦਰਵਾਜ਼ਿਆਂ ਅੰਦਰ ਪਹਿਰੇਦਾਰਾਂ ਦੀਆਂ ਕੋਠੜੀਆਂ ਸਨ। ਦਰਸ਼ਣ ਦੇ ਇਸ ਹਿੱਸੇ ʼਤੇ ਗਹਿਰਾਈ ਨਾਲ ਸੋਚ-ਵਿਚਾਰ ਕਰਨ ਵਾਲਿਆਂ ਨੇ ਕਿਹੜਾ ਸਬਕ ਸਿੱਖਿਆ ਹੋਣਾ? ਯਹੋਵਾਹ ਨੇ ਹਿਜ਼ਕੀਏਲ ਨੂੰ ਕਿਹਾ: ‘ਮੰਦਰ ਦੇ ਦਰਵਾਜ਼ੇ ਨੂੰ ਧਿਆਨ ਨਾਲ ਦੇਖ।’ ਕਿਉਂ? ਕਿਉਂਕਿ ਲੋਕ ਪਰਮੇਸ਼ੁਰ ਦੇ ਪਵਿੱਤਰ ਭਵਨ ਵਿਚ ਉਨ੍ਹਾਂ ਲੋਕਾਂ ਨੂੰ ਲਿਆਉਂਦੇ ਸਨ “ਜਿਨ੍ਹਾਂ ਦੇ ਦਿਲ ਤੇ ਸਰੀਰ ਬੇਸੁੰਨਤੇ” ਸਨ। ਇਸ ਲਈ ਯਹੋਵਾਹ ਨੇ ਕਿਹਾ: “ਉਹ ਮੇਰੇ ਮੰਦਰ ਨੂੰ ਪਲੀਤ ਕਰਦੇ ਹਨ।”—ਹਿਜ਼. 44:5, 7.
5 ਜਿਨ੍ਹਾਂ ਦੇ “ਸਰੀਰ ਬੇਸੁੰਨਤੇ” ਸਨ, ਉਨ੍ਹਾਂ ਨੇ ਅਬਰਾਹਾਮ ਦੇ ਦਿਨਾਂ ਵਿਚ ਦਿੱਤਾ ਪਰਮੇਸ਼ੁਰ ਦਾ ਹੁਕਮ ਨਹੀਂ ਮੰਨਿਆ। (ਉਤ. 17:9, 10; ਲੇਵੀ. 12:1-3) ਪਰ ਜਿਨ੍ਹਾਂ ਦੇ ‘ਦਿਲ ਬੇਸੁੰਨਤੇ’ ਸਨ, ਉਨ੍ਹਾਂ ਦਾ ਹਾਲ ਤਾਂ ਹੋਰ ਵੀ ਜ਼ਿਆਦਾ ਮਾੜਾ ਸੀ। ਉਹ ਇੰਨੇ ਢੀਠ ਤੇ ਬਾਗ਼ੀ ਸਨ ਕਿ ਉਨ੍ਹਾਂ ਨੇ ਜਿਵੇਂ ਸਹੁੰ ਹੀ ਖਾ ਲਈ ਹੋਵੇ ਕਿ ਉਹ ਯਹੋਵਾਹ ਦੀ ਅਗਵਾਈ ਅਤੇ ਸੇਧ ਮੁਤਾਬਕ ਨਹੀਂ ਚੱਲਣਗੇ। ਇੱਦਾਂ ਦੇ ਲੋਕਾਂ ਨੂੰ ਤਾਂ ਯਹੋਵਾਹ ਦੇ ਪਵਿੱਤਰ ਭਵਨ ਵਿਚ ਪੈਰ ਵੀ ਨਹੀਂ ਰੱਖਣ ਦੇਣਾ ਚਾਹੀਦਾ ਸੀ! ਯਹੋਵਾਹ ਦਿਖਾਵੇ ਦੀ ਭਗਤੀ ਤੋਂ ਨਫ਼ਰਤ ਕਰਦਾ ਹੈ। ਪਰ ਉਸ ਦੇ ਆਪਣੇ ਹੀ ਲੋਕ ਉਸ ਦੇ ਭਵਨ ਵਿਚ ਖੁੱਲ੍ਹੇ-ਆਮ ਭਗਤੀ ਦਾ ਦਿਖਾਵਾ ਕਰਦੇ ਸਨ। ਮੰਦਰ ਦੇ ਦਰਵਾਜ਼ਿਆਂ ਤੇ ਪਹਿਰੇਦਾਰਾਂ ਦੀਆਂ ਕੋਠੜੀਆਂ ਤੋਂ ਉਨ੍ਹਾਂ ਨੇ ਸਿੱਖਿਆ ਕਿ ਹੁਣ ਯਹੋਵਾਹ ਆਪਣੇ ਭਵਨ ਵਿਚ ਇਸ ਤਰ੍ਹਾਂ ਨਹੀਂ ਹੋਣ ਦੇਵੇਗਾ। ਪਰਮੇਸ਼ੁਰ ਦੇ ਭਵਨ ਵਿਚ ਦਾਖ਼ਲ ਹੋਣ ਲਈ ਉਨ੍ਹਾਂ ਨੂੰ ਉਸ ਦੇ ਉੱਚੇ ਮਿਆਰਾਂ ʼਤੇ ਚੱਲਣਾ ਹੀ ਪਵੇਗਾ। ਯਹੋਵਾਹ ਅਜਿਹੇ ਲੋਕਾਂ ਦੀ ਹੀ ਭਗਤੀ ਸਵੀਕਾਰ ਕਰੇਗਾ।
6, 7. (ੳ) ਮੰਦਰ ਦੇ ਆਲੇ-ਦੁਆਲੇ ਦੀ ਕੰਧ ਦਿਖਾ ਕੇ ਯਹੋਵਾਹ ਉਨ੍ਹਾਂ ਨੂੰ ਕੀ ਸਿਖਾ ਰਿਹਾ ਸੀ? (ਅ) ਪਹਿਲਾਂ ਪਰਮੇਸ਼ੁਰ ਦੇ ਲੋਕਾਂ ਨੇ ਮੰਦਰ ਨੂੰ ਕਿਵੇਂ ਭ੍ਰਿਸ਼ਟ ਕੀਤਾ ਸੀ? (ਫੁਟਨੋਟ ਦੇਖੋ।)
6 ਆਲੇ-ਦੁਆਲੇ ਦੀ ਕੰਧ। ਹਿਜ਼ਕੀਏਲ ਦੇ ਦਰਸ਼ਣ ਵਿਚ ਇਕ ਹੋਰ ਦਿਲ-ਖਿੱਚਵੀਂ ਚੀਜ਼ ਸੀ, ਮੰਦਰ ਦੀ ਪੂਰੀ ਜਗ੍ਹਾ ਦੇ ਆਲੇ-ਦੁਆਲੇ ਦੀ ਕੰਧ। ਹਿਜ਼ਕੀਏਲ ਨੇ ਦੱਸਿਆ ਕਿ ਮੰਦਰ ਦੇ ਹਰ ਪਾਸੇ ਕੰਧ ਦੀ ਲੰਬਾਈ 500 ਕਾਨੇ ਯਾਨੀ ਲਗਭਗ 51,00 ਫੁੱਟ ਸੀ। (ਹਿਜ਼. 42:15-20) ਪਰ ਮੰਦਰ ਅਤੇ ਵਿਹੜਿਆਂ ਦੀ ਜਗ੍ਹਾ ਚੌਰਸ ਸੀ ਅਤੇ ਇਸ ਦੇ ਹਰ ਪਾਸੇ ਦੀ ਲੰਬਾਈ ਸਿਰਫ਼ 500 ਹੱਥ ਯਾਨੀ 850 ਫੁੱਟ ਸੀ। (ਹਿਜ਼. 45:2) ਮੰਦਰ ਦੇ ਆਲੇ-ਦੁਆਲੇ ਬਹੁਤ ਖੁੱਲ੍ਹੀ ਜਗ੍ਹਾ ਸੀ ਅਤੇ ਇਸ ਜਗ੍ਹਾ ਦੁਆਲੇ ਇਕ ਕੰਧ ਸੀ।a ਇਹ ਕੰਧ ਕਿਸ ਮਕਸਦ ਨਾਲ ਬਣਾਈ ਗਈ ਸੀ?
7 ਯਹੋਵਾਹ ਨੇ ਕਿਹਾ: “ਹੁਣ ਉਹ ਆਪਣੇ ਹਰਾਮਕਾਰੀ ਦੇ ਕੰਮਾਂ ਅਤੇ ਆਪਣੇ ਮਰੇ ਹੋਏ ਰਾਜਿਆਂ ਦੀਆਂ ਲਾਸ਼ਾਂ ਨੂੰ ਮੇਰੇ ਤੋਂ ਦੂਰ ਕਰਨ। ਫਿਰ ਮੈਂ ਹਮੇਸ਼ਾ ਉਨ੍ਹਾਂ ਵਿਚ ਵੱਸਾਂਗਾ।” (ਹਿਜ਼. 43:9) “ਰਾਜਿਆਂ ਦੀਆਂ ਲਾਸ਼ਾਂ” ਸ਼ਾਇਦ ਮੂਰਤੀਆਂ ਸਨ। ਯਹੋਵਾਹ ਮੰਦਰ ਦੇ ਆਲੇ-ਦੁਆਲੇ ਦੀ ਖੁੱਲ੍ਹੀ ਜਗ੍ਹਾ ਅਤੇ ਕੰਧ ਦਿਖਾ ਕੇ ਕਹਿ ਰਿਹਾ ਸੀ: “ਹਰ ਤਰ੍ਹਾਂ ਦੀ ਗੰਦਗੀ ਮੇਰੇ ਤੋਂ ਦੂਰ ਰੱਖੋ। ਉਨ੍ਹਾਂ ਨੂੰ ਮੇਰੇ ਕੋਲ ਬਿਲਕੁਲ ਵੀ ਨਾ ਲਿਆਓ।” ਜੇ ਉਹ ਯਹੋਵਾਹ ਦੀ ਭਗਤੀ ਨੂੰ ਸ਼ੁੱਧ ਰੱਖਦੇ, ਤਾਂ ਉਸ ਨੇ ਉਨ੍ਹਾਂ ਵਿਚ ਵੱਸਣਾ ਸੀ।
8, 9. ਜ਼ਿੰਮੇਵਾਰ ਆਦਮੀਆਂ ਨੂੰ ਦਿੱਤੀ ਸਖ਼ਤ ਤਾੜਨਾ ਤੋਂ ਲੋਕਾਂ ਨੇ ਕੀ ਸਿੱਖਿਆ ਹੋਣਾ?
8 ਜ਼ਿੰਮੇਵਾਰ ਆਦਮੀਆਂ ਨੂੰ ਸਖ਼ਤ ਤਾੜਨਾ। ਯਹੋਵਾਹ ਨੇ ਪਿਆਰ ਨਾਲ ਉਨ੍ਹਾਂ ਆਦਮੀਆਂ ਨੂੰ ਸਖ਼ਤ ਤਾੜਨਾ ਦਿੱਤੀ ਜਿਨ੍ਹਾਂ ਨੂੰ ਲੋਕਾਂ ਦੀ ਦੇਖ-ਭਾਲ ਕਰਨ ਦੀ ਭਾਰੀ ਜ਼ਿੰਮੇਵਾਰੀ ਦਿੱਤੀ ਗਈ ਸੀ। ਜਦੋਂ ਲੋਕ ਮੂਰਤੀ-ਪੂਜਾ ਕਰਨ ਲੱਗ ਪਏ ਸਨ, ਉਦੋਂ ਉਸ ਨੇ ਉਨ੍ਹਾਂ ਲੇਵੀਆਂ ਨੂੰ ਸਖ਼ਤੀ ਨਾਲ ਸੁਧਾਰਿਆ ਜਿਹੜੇ ਉਸ ਤੋਂ ਦੂਰ ਚਲੇ ਗਏ ਸਨ। ਪਰ ਪਰਮੇਸ਼ੁਰ ਨੇ ਸਾਦੋਕ ਦੇ ਪੁੱਤਰਾਂ ਨੂੰ ਸ਼ਾਬਾਸ਼ ਦਿੱਤੀ ਕਿਉਂਕਿ ‘ਜਦੋਂ ਇਜ਼ਰਾਈਲੀ ਉਸ ਤੋਂ ਦੂਰ ਹੋ ਗਏ ਸਨ, ਤਾਂ ਸਾਦੋਕ ਦੇ ਪੁੱਤਰਾਂ ਨੇ ਉਸ ਦੇ ਪਵਿੱਤਰ ਸਥਾਨ ਵਿਚ ਜ਼ਿੰਮੇਵਾਰੀਆਂ ਸੰਭਾਲੀਆਂ ਸਨ।’ ਯਹੋਵਾਹ ਨੇ ਲੇਵੀਆਂ ਅਤੇ ਸਾਦੋਕ ਦੇ ਘਰਾਣਿਆਂ ਦੇ ਕੰਮਾਂ ਅਨੁਸਾਰ ਉਨ੍ਹਾਂ ਦਾ ਨਿਆਂ ਕੀਤਾ ਅਤੇ ਉਨ੍ਹਾਂ ਨਾਲ ਦਇਆ ਨਾਲ ਪੇਸ਼ ਆਇਆ। (ਹਿਜ਼. 44:10, 12-16) ਇਸੇ ਤਰ੍ਹਾਂ ਯਹੋਵਾਹ ਨੇ ਇਜ਼ਰਾਈਲ ਦੇ ਮੁਖੀਆਂ ਨੂੰ ਵੀ ਸਖ਼ਤੀ ਨਾਲ ਸੁਧਾਰਿਆ।—ਹਿਜ਼. 45:9.
9 ਇਸ ਤਰ੍ਹਾਂ ਯਹੋਵਾਹ ਨੇ ਸਾਫ਼ ਜ਼ਾਹਰ ਕੀਤਾ ਕਿ ਜਿਨ੍ਹਾਂ ਆਦਮੀਆਂ ਨੂੰ ਅਧਿਕਾਰ ਅਤੇ ਨਿਗਰਾਨੀ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਨ੍ਹਾਂ ਨੂੰ ਯਹੋਵਾਹ ਨੂੰ ਲੇਖਾ ਦੇਣਾ ਪਿਆ ਕਿ ਉਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਕਿਵੇਂ ਨਿਭਾਈ ਸੀ। ਉਨ੍ਹਾਂ ਆਦਮੀਆਂ ਨੂੰ ਇਹ ਨਹੀਂ ਸੋਚਣਾ ਚਾਹੀਦਾ ਸੀ ਕਿ ਉਨ੍ਹਾਂ ਨੂੰ ਸਲਾਹ ਤੇ ਤਾੜਨਾ ਦੀ ਲੋੜ ਨਹੀਂ ਸੀ। ਇਸ ਦੀ ਬਜਾਇ, ਉਨ੍ਹਾਂ ਨੂੰ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲ ਕੇ ਚੰਗੀ ਮਿਸਾਲ ਬਣਨਾ ਚਾਹੀਦਾ ਸੀ।
10, 11. ਕਿਹੜੀਆਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਗ਼ੁਲਾਮੀ ਵਿੱਚੋਂ ਵਾਪਸ ਆਏ ਕੁਝ ਲੋਕਾਂ ਨੇ ਇਸ ਦਰਸ਼ਣ ਤੋਂ ਸਬਕ ਸਿੱਖਿਆ ਸੀ?
10 ਕੀ ਗ਼ੁਲਾਮੀ ਵਿੱਚੋਂ ਵਾਪਸ ਆਏ ਲੋਕਾਂ ਨੇ ਇਸ ਦਰਸ਼ਣ ਤੋਂ ਸਬਕ ਸਿੱਖਿਆ ਸੀ? ਸਾਨੂੰ ਪੱਕਾ ਨਹੀਂ ਪਤਾ ਕਿ ਉਸ ਸਮੇਂ ਦੇ ਵਫ਼ਾਦਾਰ ਆਦਮੀਆਂ ਤੇ ਔਰਤਾਂ ਨੇ ਇਸ ਅਨੋਖੇ ਦਰਸ਼ਣ ਬਾਰੇ ਕੀ ਸੋਚਿਆ ਹੋਣਾ। ਪਰ ਪਰਮੇਸ਼ੁਰ ਦਾ ਬਚਨ ਇਹ ਜ਼ਰੂਰ ਦੱਸਦਾ ਹੈ ਕਿ ਵਾਪਸ ਆਉਣ ਤੋਂ ਬਾਅਦ ਉਨ੍ਹਾਂ ਨੇ ਕੀ-ਕੀ ਕੀਤਾ ਅਤੇ ਸ਼ੁੱਧ ਭਗਤੀ ਬਾਰੇ ਉਨ੍ਹਾਂ ਨੇ ਕਿਹੋ ਜਿਹਾ ਨਜ਼ਰੀਆ ਅਪਣਾਇਆ। ਦਰਸ਼ਣ ਤੋਂ ਉਨ੍ਹਾਂ ਨੇ ਜੋ ਸਬਕ ਸਿੱਖਿਆ, ਕੀ ਉਸ ʼਤੇ ਉਨ੍ਹਾਂ ਨੇ ਅਮਲ ਕੀਤਾ? ਕੁਝ ਹੱਦ ਤਕ ਜ਼ਰੂਰ ਕੀਤਾ। ਗ਼ੁਲਾਮੀ ਤੋਂ ਪਹਿਲਾਂ ਉਨ੍ਹਾਂ ਦੇ ਪੂਰਵਜਾਂ ਨੇ ਜੋ ਬਗਾਵਤ ਕੀਤੀ ਸੀ, ਉਸ ਦੇ ਮੁਕਾਬਲੇ ਇਨ੍ਹਾਂ ਲੋਕਾਂ ਨੇ ਕਾਫ਼ੀ ਚੰਗਾ ਰਵੱਈਆ ਦਿਖਾਇਆ ਸੀ।
11 ਕੁਝ ਵਫ਼ਾਦਾਰ ਆਦਮੀਆਂ ਨੇ ਲੋਕਾਂ ਨੂੰ ਉਹ ਸਾਰੇ ਅਸੂਲ ਸਿਖਾਏ ਜੋ ਹਿਜ਼ਕੀਏਲ ਦੇ ਦਰਸ਼ਣ ਵਿਚ ਸਾਫ਼ ਜ਼ਾਹਰ ਹੋਏ, ਜਿਵੇਂ ਨਬੀ ਹੱਜਈ ਤੇ ਜ਼ਕਰਯਾਹ, ਜਾਜਕ ਤੇ ਨਕਲਨਵੀਸ ਅਜ਼ਰਾ ਅਤੇ ਰਾਜਪਾਲ ਨਹਮਯਾਹ। (ਅਜ਼. 5:1, 2) ਉਨ੍ਹਾਂ ਨੇ ਸਖ਼ਤ ਮਿਹਨਤ ਕਰ ਕੇ ਲੋਕਾਂ ਨੂੰ ਸਿਖਾਇਆ ਕਿ ਉਹ ਸ਼ੁੱਧ ਭਗਤੀ ਨੂੰ ਬੁਲੰਦ ਕਰਨ ਅਤੇ ਧਨ-ਦੌਲਤ ਕਮਾਉਣ ਅਤੇ ਸੁਆਰਥੀ ਕੰਮਾਂ ਵਿਚ ਲੱਗੇ ਰਹਿਣ ਦੀ ਬਜਾਇ ਸ਼ੁੱਧ ਭਗਤੀ ਨੂੰ ਪਹਿਲ ਦੇਣ। ਉਨ੍ਹਾਂ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਸ਼ੁੱਧ ਭਗਤੀ ਲਈ ਯਹੋਵਾਹ ਦੇ ਮਿਆਰਾਂ ʼਤੇ ਚੱਲਣਾ ਜ਼ਰੂਰੀ ਹੈ। (ਹੱਜ. 1:3, 4) ਮਿਸਾਲ ਲਈ, ਅਜ਼ਰਾ ਤੇ ਨਹਮਯਾਹ ਨੇ ਲੋਕਾਂ ਨੂੰ ਸਖ਼ਤੀ ਨਾਲ ਦੱਸਿਆ ਕਿ ਉਹ ਆਪਣੀਆਂ ਪਰਦੇਸੀ ਪਤਨੀਆਂ ਨੂੰ ਵਾਪਸ ਭੇਜ ਦੇਣ ਜਿਨ੍ਹਾਂ ਕਰਕੇ ਉਹ ਪਰਮੇਸ਼ੁਰ ਦਾ ਕਹਿਣਾ ਮੰਨਣ ਵਿਚ ਢਿੱਲ-ਮੱਠ ਕਰ ਰਹੇ ਸਨ। ਮੂਰਤੀ-ਪੂਜਾ ਬਾਰੇ ਕੀ? ਲੱਗਦਾ ਹੈ ਕਿ ਗ਼ੁਲਾਮੀ ਤੋਂ ਬਾਅਦ ਇਹ ਕੌਮ ਮੂਰਤੀ-ਪੂਜਾ ਨਾਲ ਨਫ਼ਰਤ ਕਰਨ ਲੱਗ ਪਈ। ਇਸ ਤੋਂ ਪਹਿਲਾਂ ਇਹ ਕੌਮ ਮੂਰਤੀ-ਪੂਜਾ ਦੇ ਫੰਦੇ ਵਿਚ ਫਸਦੀ ਰਹੀ। (ਅਜ਼ਰਾ 10:10, 11 ਪੜ੍ਹੋ; ਨਹ. 13:23-27, 30) ਪੁਜਾਰੀਆਂ, ਮੁਖੀਆਂ ਅਤੇ ਹਾਕਮਾਂ ਬਾਰੇ ਕੀ? ਹਿਜ਼ਕੀਏਲ ਦੇ ਦਰਸ਼ਣ ਤੋਂ ਪਤਾ ਲੱਗਦਾ ਹੈ ਕਿ ਯਹੋਵਾਹ ਨੇ ਇਨ੍ਹਾਂ ਨੂੰ ਸਖ਼ਤੀ ਨਾਲ ਤਾੜਿਆ ਤੇ ਸੁਧਾਰਿਆ। (ਨਹ. 13:22, 28) ਕਈਆਂ ਨੇ ਨਿਮਰਤਾ ਨਾਲ ਯਹੋਵਾਹ ਦੀ ਤਾੜਨਾ ਨੂੰ ਮੰਨਿਆ।—ਅਜ਼. 10:7-9, 12-14; ਨਹ. 9:1-3, 38.
12. ਯਹੋਵਾਹ ਨੇ ਗ਼ੁਲਾਮੀ ਵਿੱਚੋਂ ਵਾਪਸ ਆਏ ਯਹੂਦੀਆਂ ਨੂੰ ਕਿਹੜੀਆਂ ਬਰਕਤਾਂ ਦਿੱਤੀਆਂ?
12 ਯਹੋਵਾਹ ਨੇ ਆਪਣੇ ਲੋਕਾਂ ਵਿਚ ਬਦਲਾਅ ਦੇਖ ਕੇ ਉਨ੍ਹਾਂ ਨੂੰ ਬਰਕਤਾਂ ਦਿੱਤੀਆਂ। ਯਹੋਵਾਹ ਨਾਲ ਉਨ੍ਹਾਂ ਦਾ ਰਿਸ਼ਤਾ ਵਧੀਆ ਬਣ ਗਿਆ, ਉਹ ਸਰੀਰਕ ਤੌਰ ਤੇ ਤੰਦਰੁਸਤ ਹੋ ਗਏ, ਸਮਾਜ ਵਿਚ ਸਾਰਾ ਕੁਝ ਕਾਇਦੇ ਨਾਲ ਹੋਣ ਲੱਗਾ ਜੋ ਕਾਫ਼ੀ ਸਾਲਾਂ ਤੋਂ ਉਨ੍ਹਾਂ ਦੇ ਦੇਸ਼ ਵਿਚ ਨਹੀਂ ਹੋ ਰਿਹਾ ਸੀ। (ਅਜ਼. 6:19-22; ਨਹ. 8:9-12; 12:27-30, 43) ਉਨ੍ਹਾਂ ਨੂੰ ਇਹ ਸਾਰੀਆਂ ਬਰਕਤਾਂ ਕਿਉਂ ਮਿਲੀਆਂ? ਕਿਉਂਕਿ ਲੋਕਾਂ ਨੇ ਸ਼ੁੱਧ ਭਗਤੀ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਚੱਲਣਾ ਸ਼ੁਰੂ ਕਰ ਦਿੱਤਾ ਸੀ। ਬਹੁਤ ਸਾਰੇ ਲੋਕਾਂ ਨੇ ਦਰਸ਼ਣ ਤੋਂ ਮਿਲੀ ਸਿੱਖਿਆ ਨੂੰ ਆਪਣੇ ਦਿਲਾਂ ਵਿਚ ਬਿਠਾ ਲਿਆ। ਥੋੜ੍ਹੇ ਸ਼ਬਦਾਂ ਵਿਚ ਕਹੀਏ, ਤਾਂ ਦਰਸ਼ਣ ਤੋਂ ਗ਼ੁਲਾਮ ਯਹੂਦੀਆਂ ਨੂੰ ਦੋ ਅਹਿਮ ਸਬਕ ਸਿੱਖਣ ਨੂੰ ਮਿਲੇ। (1) ਉਨ੍ਹਾਂ ਨੇ ਸਿੱਖਿਆ ਕਿ ਸ਼ੁੱਧ ਭਗਤੀ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਕਿਵੇਂ ਚੱਲਣਾ ਚਾਹੀਦਾ ਹੈ। (2) ਉਨ੍ਹਾਂ ਨੂੰ ਇਸ ਦਰਸ਼ਣ ਤੋਂ ਯਕੀਨ ਹੋਇਆ ਕਿ ਭਵਿੱਖ ਵਿਚ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ। ਯਹੋਵਾਹ ਉਦੋਂ ਤਕ ਉਨ੍ਹਾਂ ਨੂੰ ਬਰਕਤਾਂ ਦਿੰਦਾ ਰਹੇਗਾ ਜਦੋਂ ਤਕ ਉਹ ਸ਼ੁੱਧ ਭਗਤੀ ਕਰਦੇ ਰਹਿਣਗੇ। ਪਰ ਅਸੀਂ ਇਸ ਸਵਾਲ ਦਾ ਜਵਾਬ ਜਾਣਨਾ ਚਾਹੁੰਦੇ ਹਾਂ: ਕੀ ਦਰਸ਼ਣ ਵਿਚ ਦੱਸੀ ਭਵਿੱਖਬਾਣੀ ਸਾਡੇ ਸਮੇਂ ਵਿਚ ਵੀ ਪੂਰੀ ਹੋ ਰਹੀ ਹੈ?
ਹਿਜ਼ਕੀਏਲ ਦੇ ਦਰਸ਼ਣ ਤੋਂ ਅੱਜ ਅਸੀਂ ਕੀ ਸਿੱਖਦੇ ਹਾਂ?
13, 14. (ੳ) ਅਸੀਂ ਕਿਵੇਂ ਜਾਣਦੇ ਹਾਂ ਕਿ ਦਰਸ਼ਣ ਵਿਚ ਦੱਸੀ ਭਵਿੱਖਬਾਣੀ ਅੱਜ ਵੀ ਪੂਰੀ ਹੋ ਰਹੀ ਹੈ? (ਅ) ਇਸ ਦਰਸ਼ਣ ਤੋਂ ਅਸੀਂ ਕਿਹੜੇ ਦੋ ਸਬਕ ਸਿੱਖਦੇ ਹਾਂ? (13ੳ, “ਦੋ ਵੱਖੋ-ਵੱਖਰੇ ਮੰਦਰ, ਵੱਖੋ-ਵੱਖਰੇ ਸਬਕ” ਨਾਂ ਦੀ ਡੱਬੀ ਵੀ ਦੇਖੋ।)
13 ਕੀ ਅਸੀਂ ਪੱਕੇ ਤੌਰ ਤੇ ਕਹਿ ਸਕਦੇ ਹਾਂ ਕਿ ਮੰਦਰ ਬਾਰੇ ਹਿਜ਼ਕੀਏਲ ਦਾ ਦਰਸ਼ਣ ਅੱਜ ਸਾਡੇ ʼਤੇ ਵੀ ਲਾਗੂ ਹੁੰਦਾ ਹੈ? ਜੀ ਹਾਂ। ਯਾਦ ਕਰੋ ਕਿ ਹਿਜ਼ਕੀਏਲ ਨੇ ਦਰਸ਼ਣ ਵਿਚ ਜੋ ਦੇਖਿਆ, ਅਜਿਹਾ ਹੀ ਕੁਝ ਯਸਾਯਾਹ ਨੇ ਆਪਣੀ ਭਵਿੱਖਬਾਣੀ ਵਿਚ ਦੱਸਿਆ ਸੀ। ਹਿਜ਼ਕੀਏਲ ਨੇ ਦੇਖਿਆ ਕਿ ਪਰਮੇਸ਼ੁਰ ਦਾ ਘਰ “ਇਕ ਬਹੁਤ ਉੱਚੇ ਪਹਾੜ” ਉੱਤੇ ਹੈ। ਯਸਾਯਾਹ ਨੇ ਵੀ ਭਵਿੱਖਬਾਣੀ ਕੀਤੀ ਸੀ: “ਉਹ ਪਹਾੜ ਜਿਸ ਉੱਤੇ ਯਹੋਵਾਹ ਦਾ ਘਰ ਹੈ ਸਾਰੇ ਪਹਾੜਾਂ ਤੋਂ ਉੱਪਰ ਪੱਕੇ ਤੌਰ ਤੇ ਕਾਇਮ ਹੋਵੇਗਾ।” ਯਸਾਯਾਹ ਨੇ ਖ਼ਾਸ ਤੌਰ ਤੇ ਦੱਸਿਆ ਕਿ ਉਸ ਦੀ ਭਵਿੱਖਬਾਣੀ “ਆਖ਼ਰੀ ਦਿਨਾਂ” ਵਿਚ ਪੂਰੀ ਹੋਵੇਗੀ। (ਹਿਜ਼. 40:2; ਯਸਾ. 2:2-4; ਮੀਕਾ. 4:1-4 ਵੀ ਦੇਖੋ।) ਇਹ ਭਵਿੱਖਬਾਣੀ ਆਖ਼ਰੀ ਦਿਨਾਂ ਵਿਚ 1919 ਤੋਂ ਪੂਰੀ ਹੋਣ ਲੱਗੀ। ਉਦੋਂ ਤੋਂ ਸ਼ੁੱਧ ਭਗਤੀ ਬਹਾਲ ਕੀਤੀ ਜਾ ਰਹੀ ਹੈ ਜਿਵੇਂ ਇਸ ਨੂੰ ਇਕ ਉੱਚੇ ਪਹਾੜ ʼਤੇ ਬੁਲੰਦ ਕੀਤਾ ਜਾ ਰਿਹਾ ਹੋਵੇ।b
14 ਤਾਂ ਫਿਰ, ਅਸੀਂ ਪੱਕੇ ਤੌਰ ਤੇ ਕਹਿ ਸਕਦੇ ਹਾਂ ਕਿ ਮੰਦਰ ਦਾ ਦਰਸ਼ਣ ਅੱਜ ਵੀ ਸ਼ੁੱਧ ਭਗਤੀ ʼਤੇ ਲਾਗੂ ਹੁੰਦਾ ਹੈ। ਪੁਰਾਣੇ ਜ਼ਮਾਨੇ ਦੇ ਗ਼ੁਲਾਮ ਯਹੂਦੀਆਂ ਵਾਂਗ ਸਾਨੂੰ ਵੀ ਇਸ ਦਰਸ਼ਣ ਤੋਂ ਦੋ ਖ਼ਾਸ ਗੱਲਾਂ ਪਤਾ ਲੱਗਦੀਆਂ ਹਨ। (1) ਇਸ ਤੋਂ ਅਸੀਂ ਸਿੱਖਦੇ ਹਾਂ ਕਿ ਸ਼ੁੱਧ ਭਗਤੀ ਬਾਰੇ ਯਹੋਵਾਹ ਦੇ ਮਿਆਰਾਂ ʼਤੇ ਸਾਨੂੰ ਕਿਵੇਂ ਚੱਲਣਾ ਚਾਹੀਦਾ ਹੈ। (2) ਇਸ ਤੋਂ ਸਾਨੂੰ ਯਕੀਨ ਹੁੰਦਾ ਹੈ ਕਿ ਭਵਿੱਖ ਵਿਚ ਸ਼ੁੱਧ ਭਗਤੀ ਬਹਾਲ ਕੀਤੀ ਜਾਵੇਗੀ ਅਤੇ ਯਹੋਵਾਹ ਸਾਨੂੰ ਬਰਕਤਾਂ ਦੇਵੇਗਾ।
ਅੱਜ ਸ਼ੁੱਧ ਭਗਤੀ ਲਈ ਯਹੋਵਾਹ ਦੇ ਮਿਆਰ
15. ਹਿਜ਼ਕੀਏਲ ਦੇ ਦਰਸ਼ਣ ਵਿਚਲੇ ਮੰਦਰ ʼਤੇ ਗੌਰ ਕਰਦਿਆਂ ਸਾਨੂੰ ਕੀ ਯਾਦ ਰੱਖਣਾ ਚਾਹੀਦਾ ਹੈ?
15 ਆਓ ਆਪਾਂ ਹੁਣ ਹਿਜ਼ਕੀਏਲ ਦੇ ਦਰਸ਼ਣ ਦੀਆਂ ਕੁਝ ਖ਼ਾਸ ਗੱਲਾਂ ʼਤੇ ਗੌਰ ਕਰੀਏ। ਕਲਪਨਾ ਕਰੋ ਕਿ ਅਸੀਂ ਹਿਜ਼ਕੀਏਲ ਨਾਲ ਉਸ ਵਿਸ਼ਾਲ ਮੰਦਰ ਵਿਚ ਘੁੰਮ ਰਹੇ ਹਾਂ। ਪਰ ਯਾਦ ਰੱਖੋ ਕਿ ਅਸੀਂ ਮਹਾਨ ਮੰਦਰ ਵਿਚ ਨਹੀਂ ਘੁੰਮ ਰਹੇ। ਅਸੀਂ ਸਿਰਫ਼ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਮੰਦਰ ਦੇ ਦਰਸ਼ਣ ਤੋਂ ਅਸੀਂ ਭਗਤੀ ਬਾਰੇ ਕੀ ਸਿੱਖਦੇ ਹਾਂ। ਆਓ ਦੇਖੀਏ ਕਿ ਇਸ ਦਰਸ਼ਣ ਤੋਂ ਅਸੀਂ ਕਿਹੜੀਆਂ ਕੁਝ ਗੱਲਾਂ ਸਿੱਖ ਸਕਦੇ ਹਾਂ।
16. ਹਿਜ਼ਕੀਏਲ ਦੇ ਦਰਸ਼ਣ ਵਿਚਲੇ ਮੰਦਰ ਵਿਚ ਜੋ ਮਿਣਤੀ ਕੀਤੀ ਗਈ, ਉਸ ਤੋਂ ਅਸੀਂ ਕੀ ਸਿੱਖ ਸਕਦੇ ਹਾਂ? (ਪਹਿਲੀ ਤਸਵੀਰ ਦੇਖੋ।)
16 ਇੰਨਾ ਕੁਝ ਕਿਉਂ ਮਿਣਿਆ ਗਿਆ? ਜਦੋਂ ਹਿਜ਼ਕੀਏਲ ਮੰਦਰ ਨੂੰ ਦੇਖ ਰਿਹਾ ਹੁੰਦਾ ਹੈ, ਤਾਂ ਇਕ ਦੂਤ, ਜਿਸ ਦਾ ਰੂਪ ਤਾਂਬੇ ਵਰਗਾ ਸੀ, ਮੰਦਰ ਦੀਆਂ ਕਈ ਚੀਜ਼ਾਂ ਦੀ ਮਿਣਤੀ ਕਰਨ ਲੱਗਦਾ ਹੈ। ਉਸ ਨੇ ਕੰਧਾਂ, ਦਰਵਾਜ਼ਿਆਂ, ਪਹਿਰੇਦਾਰਾਂ ਦੀਆਂ ਕੋਠੜੀਆਂ, ਵਿਹੜੇ ਅਤੇ ਵੇਦੀ ਦੀ ਮਿਣਤੀ ਕੀਤੀ। ਇਨ੍ਹਾਂ ਚੀਜ਼ਾਂ ਬਾਰੇ ਇੰਨੀ ਜ਼ਿਆਦਾ ਜਾਣਕਾਰੀ ਦਿੱਤੀ ਗਈ ਹੈ ਕਿ ਅਸੀਂ ਉਲਝਣ ਵਿਚ ਪੈ ਸਕਦੇ ਹਾਂ। (ਹਿਜ਼. 40:1–42:20; 43:13, 14) ਪਰ ਇਸ ਜਾਣਕਾਰੀ ʼਤੇ ਗੌਰ ਕਰਨ ਨਾਲ ਅਸੀਂ ਕੁਝ ਖ਼ਾਸ ਗੱਲਾਂ ਸਿੱਖ ਸਕਦੇ ਹਾਂ। ਇਸ ਰਾਹੀਂ ਯਹੋਵਾਹ ਨੇ ਇਸ ਗੱਲ ʼਤੇ ਜ਼ੋਰ ਦਿੱਤਾ ਕਿ ਉਸ ਦੇ ਮਿਆਰਾਂ ਅਨੁਸਾਰ ਚੱਲਣਾ ਕਿੰਨਾ ਜ਼ਰੂਰੀ ਹੈ। ਕੁਝ ਲੋਕ ਦਾਅਵਾ ਕਰਦੇ ਹਨ ਕਿ ਉਹ ਪਰਮੇਸ਼ੁਰ ਦੀ ਭਗਤੀ ਜਿਵੇਂ ਮਰਜ਼ੀ ਕਰ ਸਕਦੇ ਹਨ। ਪਰ ਉਨ੍ਹਾਂ ਦੀ ਇਹ ਸੋਚ ਗ਼ਲਤ ਹੈ। ਭਗਤੀ ਲਈ ਮਿਆਰ ਠਹਿਰਾਉਣ ਦਾ ਹੱਕ ਸਿਰਫ਼ ਯਹੋਵਾਹ ਦਾ ਹੈ, ਨਾ ਕਿ ਕਿਸੇ ਇਨਸਾਨ ਦਾ। ਮੰਦਰ ਦੀ ਸਹੀ-ਸਹੀ ਮਿਣਤੀ ਕਰਾ ਕੇ ਯਹੋਵਾਹ ਨੇ ਇਸ ਗੱਲ ਦਾ ਭਰੋਸਾ ਦਿਵਾਇਆ ਕਿ ਸ਼ੁੱਧ ਭਗਤੀ ਜ਼ਰੂਰ ਬਹਾਲ ਹੋਵੇਗੀ। ਮੰਦਰ ਦਾ ਸਹੀ-ਸਹੀ ਨਾਪ ਇਸ ਗੱਲ ਦੀ ਗਾਰੰਟੀ ਸੀ ਕਿ ਯਹੋਵਾਹ ਦਾ ਇਹ ਵਾਅਦਾ ਜ਼ਰੂਰ ਪੂਰਾ ਹੋਵੇਗਾ। ਇਸ ਤਰ੍ਹਾਂ ਯਹੋਵਾਹ ਨੇ ਹਿਜ਼ਕੀਏਲ ਰਾਹੀਂ ਇਹ ਗੱਲ ਪੱਕੀ ਕੀਤੀ ਕਿ ਆਖ਼ਰੀ ਦਿਨਾਂ ਵਿਚ ਸ਼ੁੱਧ ਭਗਤੀ ਬਹਾਲ ਹੋ ਕੇ ਹੀ ਰਹੇਗੀ।
17. ਮੰਦਰ ਦੇ ਆਲੇ-ਦੁਆਲੇ ਦੀ ਕੰਧ ਤੋਂ ਸਾਨੂੰ ਕਿਸ ਗੱਲ ਦੀ ਯਾਦ ਆਉਂਦੀ ਹੈ?
17 ਆਲੇ-ਦੁਆਲੇ ਦੀ ਕੰਧ। ਜਿਵੇਂ ਅਸੀਂ ਪਹਿਲਾਂ ਵੀ ਚਰਚਾ ਕੀਤੀ ਸੀ, ਹਿਜ਼ਕੀਏਲ ਨੇ ਮੰਦਰ ਦੀ ਪੂਰੀ ਜਗ੍ਹਾ ਦੇ ਆਲੇ-ਦੁਆਲੇ ਕੰਧ ਦੇਖੀ ਸੀ। ਇਹ ਕੰਧ ਪਰਮੇਸ਼ੁਰ ਦੇ ਲੋਕਾਂ ਲਈ ਸਖ਼ਤ ਚੇਤਾਵਨੀ ਸੀ ਕਿ ਉਹ ਸ਼ੁੱਧ ਭਗਤੀ ਨੂੰ ਝੂਠੇ ਧਰਮਾਂ ਦੇ ਅਸ਼ੁੱਧ ਕੰਮਾਂ ਤੋਂ ਦੂਰ ਰੱਖਣ ਅਤੇ ਪਰਮੇਸ਼ੁਰ ਦੇ ਭਵਨ ਨੂੰ ਭ੍ਰਿਸ਼ਟ ਨਾ ਕਰਨ। (ਹਿਜ਼ਕੀਏਲ 43:7-9 ਪੜ੍ਹੋ।) ਅੱਜ ਸਾਨੂੰ ਵੀ ਇਹ ਸਲਾਹ ਮੰਨਣੀ ਚਾਹੀਦੀ ਹੈ। ਪਰਮੇਸ਼ੁਰ ਦੇ ਲੋਕ ਸਦੀਆਂ ਤਕ ਮਹਾਂ-ਬਾਬਲ ਦੀ ਗ਼ੁਲਾਮੀ ਵਿਚ ਸਨ, ਪਰ 1919 ਵਿਚ ਉਹ ਆਜ਼ਾਦ ਹੋ ਗਏ ਅਤੇ ਉਸੇ ਸਾਲ ਮਸੀਹ ਨੇ ਵਫ਼ਾਦਾਰ ਅਤੇ ਸਮਝਦਾਰ ਨੌਕਰ ਨੂੰ ਨਿਯੁਕਤ ਕੀਤਾ। ਖ਼ਾਸ ਤੌਰ ਤੇ ਉਦੋਂ ਤੋਂ ਪਰਮੇਸ਼ੁਰ ਦੇ ਲੋਕ ਝੂਠੀਆਂ ਸਿੱਖਿਆਵਾਂ ਅਤੇ ਅਜਿਹੇ ਕੰਮਾਂ ਤੋਂ ਨਾਤਾ ਤੋੜਨ ਲੱਗੇ ਜਿਨ੍ਹਾਂ ਦਾ ਸੰਬੰਧ ਮੂਰਤੀ-ਪੂਜਾ ਅਤੇ ਝੂਠੇ ਧਰਮਾਂ ਦੇ ਰੀਤੀ-ਰਿਵਾਜਾਂ ਨਾਲ ਹੈ। ਅਸੀਂ ਇਸ ਗੱਲ ਦਾ ਪੂਰਾ ਧਿਆਨ ਰੱਖਦੇ ਹਾਂ ਕਿ ਸ਼ੁੱਧ ਭਗਤੀ ਵਿਚ ਝੂਠੀਆਂ ਸਿੱਖਿਆਵਾਂ ਦੀ ਮਿਲਾਵਟ ਨਾ ਹੋਵੇ। ਇੰਨਾ ਹੀ ਨਹੀਂ, ਅਸੀਂ ਕਿੰਗਡਮ ਹਾਲਾਂ ਵਿਚ ਕਾਰੋਬਾਰ ਨਾਲ ਜੁੜਿਆ ਕੋਈ ਕੰਮ ਨਹੀਂ ਕਰਦੇ ਕਿਉਂਕਿ ਅਸੀਂ ਜਾਣਦੇ ਹਾਂ ਕਿ ਰੋਜ਼ਮੱਰਾ ਦੇ ਕੰਮਾਂ ਨੂੰ ਸ਼ੁੱਧ ਭਗਤੀ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ।—ਮਰ. 11:15, 16.
18, 19. (ੳ) ਮੰਦਰ ਦੇ ਉੱਚੇ-ਉੱਚੇ ਦਰਵਾਜ਼ਿਆਂ ਤੋਂ ਅਸੀਂ ਕੀ ਸਿੱਖਦੇ ਹਾਂ? (ਅ) ਜੇ ਕੋਈ ਸਾਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇ, ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ? ਇਕ ਮਿਸਾਲ ਦਿਓ।
18 ਉੱਚੇ-ਉੱਚੇ ਦਰਵਾਜ਼ੇ। ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੇ ਉੱਚੇ-ਉੱਚੇ ਦਰਵਾਜ਼ਿਆਂ ʼਤੇ ਸੋਚ-ਵਿਚਾਰ ਕਰ ਕੇ ਅਸੀਂ ਕੀ ਸਿੱਖ ਸਕਦੇ ਹਾਂ? ਇਨ੍ਹਾਂ ʼਤੇ ਸੋਚ-ਵਿਚਾਰ ਕਰ ਕੇ ਗ਼ੁਲਾਮ ਯਹੂਦੀਆਂ ਨੇ ਸਿੱਖਿਆ ਕਿ ਯਹੋਵਾਹ ਦੇ ਨੈਤਿਕ ਮਿਆਰ ਬਹੁਤ ਉੱਚੇ ਹਨ। ਅੱਜ ਸਾਡੇ ਬਾਰੇ ਕੀ? ਅਸੀਂ ਯਹੋਵਾਹ ਦੇ ਮਹਾਨ ਮੰਦਰ ਵਿਚ ਉਸ ਦੀ ਭਗਤੀ ਕਰਦੇ ਹਾਂ। (ਰੋਮੀ. 12:9; 1 ਪਤ. 1:14, 15) ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿ ਸਾਡਾ ਚਾਲ-ਚਲਣ ਸਹੀ ਹੋਵੇ ਅਤੇ ਅਸੀਂ ਪਖੰਡੀ ਨਾ ਹੋਈਏ। ਇਨ੍ਹਾਂ ਆਖ਼ਰੀ ਦਿਨਾਂ ਵਿਚ ਯਹੋਵਾਹ ਆਪਣੇ ਲੋਕਾਂ ਨੂੰ ਉਸ ਦੇ ਨੈਤਿਕ ਮਿਆਰਾਂ ʼਤੇ ਪੂਰੀ ਤਰ੍ਹਾਂ ਚੱਲਣ ਲਈ ਸੇਧ ਦੇ ਰਿਹਾ ਹੈ।c ਮਿਸਾਲ ਲਈ, ਜੋ ਕੋਈ ਮਸੀਹੀ ਪਾਪ ਕਰਨ ਤੋਂ ਬਾਅਦ ਤੋਬਾ ਨਹੀਂ ਕਰਦਾ, ਉਸ ਨੂੰ ਮੰਡਲੀ ਵਿੱਚੋਂ ਕੱਢ ਦਿੱਤਾ ਜਾਂਦਾ ਹੈ। (1 ਕੁਰਿੰ. 5:11-13) ਦਰਵਾਜ਼ਿਆਂ ਅੰਦਰ ਪਹਿਰੇਦਾਰਾਂ ਦੀਆਂ ਕੋਠੜੀਆਂ ਤੋਂ ਸਾਨੂੰ ਯਾਦ ਕਰਾਇਆ ਜਾਂਦਾ ਹੈ ਕਿ ਯਹੋਵਾਹ ਦੇ ਮਹਾਨ ਮੰਦਰ ਵਿਚ ਅਜਿਹਾ ਕੋਈ ਇਨਸਾਨ ਦਾਖ਼ਲ ਨਹੀਂ ਹੋ ਸਕਦਾ ਜਿਸ ਨੂੰ ਪਰਮੇਸ਼ੁਰ ਨੇ ਮਨਜ਼ੂਰ ਨਾ ਕੀਤਾ ਹੋਵੇ। ਮਿਸਾਲ ਲਈ, ਦੋਹਰੀ ਜ਼ਿੰਦਗੀ ਜੀਉਣ ਵਾਲਾ ਵਿਅਕਤੀ ਕਿੰਗਡਮ ਹਾਲ ਵਿਚ ਤਾਂ ਦਾਖ਼ਲ ਹੋ ਸਕਦਾ ਹੈ, ਪਰ ਉਸ ਨੂੰ ਯਹੋਵਾਹ ਦੀ ਮਨਜ਼ੂਰੀ ਉਦੋਂ ਤਕ ਨਹੀਂ ਮਿਲ ਸਕਦੀ ਜਦੋਂ ਤਕ ਉਹ ਪਰਮੇਸ਼ੁਰ ਦੇ ਮਿਆਰਾਂ ਮੁਤਾਬਕ ਨਹੀਂ ਚੱਲਦਾ। (ਯਾਕੂ. 4:8) ਵਾਕਈ, ਅੱਜ ਬਦਚਲਣ ਅਤੇ ਨੀਚ ਕੰਮਾਂ ਨਾਲ ਭਰੀ ਦੁਨੀਆਂ ਵਿਚ ਯਹੋਵਾਹ ਸ਼ੁੱਧ ਭਗਤੀ ਨੂੰ ਭ੍ਰਿਸ਼ਟ ਹੋਣ ਤੋਂ ਬਚਾ ਰਿਹਾ ਹੈ।
19 ਬਾਈਬਲ ਵਿਚ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਆਖ਼ਰੀ ਦਿਨਾਂ ਵਿਚ ਨੀਚ ਕੰਮ ਵਧਦੇ ਜਾਣਗੇ। ਬਾਈਬਲ ਵਿਚ ਲਿਖਿਆ ਹੈ: “ਦੁਸ਼ਟ ਅਤੇ ਫਰੇਬੀ ਇਨਸਾਨ ਬੁਰੇ ਤੋਂ ਬੁਰੇ ਹੁੰਦੇ ਜਾਣਗੇ ਅਤੇ ਉਹ ਦੂਸਰਿਆਂ ਨੂੰ ਗੁਮਰਾਹ ਕਰਨਗੇ ਅਤੇ ਆਪ ਵੀ ਗੁਮਰਾਹ ਹੋਣਗੇ।” (2 ਤਿਮੋ. 3:13) ਬਹੁਤ ਸਾਰੇ ਲੋਕਾਂ ਨੂੰ ਗੁਮਰਾਹ ਕਰ ਕੇ ਇਹ ਯਕੀਨ ਦਿਵਾਇਆ ਜਾ ਰਿਹਾ ਹੈ ਕਿ ਯਹੋਵਾਹ ਦੇ ਮਿਆਰ ਬਹੁਤ ਜ਼ਿਆਦਾ ਸਖ਼ਤ ਹਨ, ਪੁਰਾਣੇ ਅਤੇ ਗ਼ਲਤ ਹਨ। ਕੀ ਤੁਸੀਂ ਵੀ ਗੁਮਰਾਹ ਹੋ ਜਾਓਗੇ? ਮਿਸਾਲ ਲਈ, ਜੇ ਤੁਹਾਨੂੰ ਕੋਈ ਯਕੀਨ ਦਿਵਾਉਣ ਦੀ ਕੋਸ਼ਿਸ਼ ਕਰਦਾ ਹੈ ਕਿ ਸਮਲਿੰਗੀ ਸੰਬੰਧਾਂ ਬਾਰੇ ਪਰਮੇਸ਼ੁਰ ਦੇ ਮਿਆਰ ਗ਼ਲਤ ਹਨ, ਤਾਂ ਕੀ ਤੁਸੀਂ ਉਸ ਨਾਲ ਸਹਿਮਤ ਹੋ ਜਾਓਗੇ? ਜਾਂ ਫਿਰ ਕੀ ਤੁਸੀਂ ਯਹੋਵਾਹ ਨਾਲ ਸਹਿਮਤ ਹੋਵੋਗੇ ਜਿਸ ਨੇ ਆਪਣੇ ਬਚਨ ਵਿਚ ਸਾਫ਼-ਸਾਫ਼ ਦੱਸਿਆ ਹੈ ਕਿ ਅਜਿਹੇ ਸੰਬੰਧ “ਅਸ਼ਲੀਲ ਕੰਮ” ਹਨ? (ਰੋਮੀ. 1:24-27, 32) ਪਰਮੇਸ਼ੁਰ ਸਾਨੂੰ ਚੇਤਾਵਨੀ ਦਿੰਦਾ ਹੈ ਕਿ ਅਨੈਤਿਕ ਚਾਲ-ਚਲਣ ਨੂੰ ਸਹੀ ਠਹਿਰਾਉਣਾ ਗ਼ਲਤ ਹੈ। ਜੇ ਕੋਈ ਸਾਨੂੰ ਯਹੋਵਾਹ ਦੇ ਮਿਆਰਾਂ ਤੋਂ ਗੁਮਰਾਹ ਕਰਨ ਦੀ ਕੋਸ਼ਿਸ਼ ਕਰੇ, ਤਾਂ ਸਾਨੂੰ ਮੰਦਰ ਦੇ ਉੱਚੇ-ਉੱਚੇ ਦਰਵਾਜ਼ਿਆਂ ਨੂੰ ਯਾਦ ਕਰਨਾ ਚਾਹੀਦਾ ਹੈ। ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਯਹੋਵਾਹ ਆਪਣੇ ਉੱਚੇ ਮਿਆਰਾਂ ਨਾਲ ਕਦੇ ਵੀ ਸਮਝੌਤਾ ਨਹੀਂ ਕਰਦਾ, ਫਿਰ ਚਾਹੇ ਇਹ ਦੁਸ਼ਟ ਦੁਨੀਆਂ ਗ਼ਲਤ ਕੰਮਾਂ ਨੂੰ ਸਹੀ ਕਿਉਂ ਨਾ ਠਹਿਰਾਵੇ। ਕੀ ਅਸੀਂ ਆਪਣੇ ਸਵਰਗੀ ਪਿਤਾ ਨਾਲ ਸਹਿਮਤ ਹਾਂ ਅਤੇ ਉਹੀ ਕਰਦੇ ਹਾਂ ਜੋ ਸਹੀ ਹੈ?
ਸ਼ੁੱਧ ਭਗਤੀ ਕਰਦਿਆਂ ਅਸੀਂ “ਉਸਤਤ ਦਾ ਬਲੀਦਾਨ” ਚੜ੍ਹਾਉਂਦੇ ਹਾਂ
20. ਦਰਸ਼ਣ ਦੀ ਕਿਹੜੀ ਗੱਲ ਤੋਂ “ਵੱਡੀ ਭੀੜ” ਨੂੰ ਹੌਸਲਾ ਮਿਲਦਾ ਹੈ?
20 ਵਿਹੜਾ। ਜਦੋਂ ਹਿਜ਼ਕੀਏਲ ਨੇ ਮੰਦਰ ਦਾ ਬਾਹਰਲਾ ਵਿਹੜਾ ਦੇਖਿਆ, ਤਾਂ ਉਹ ਇਹ ਸੋਚ ਕੇ ਖ਼ੁਸ਼ੀ ਦੇ ਮਾਰੇ ਫੁੱਲਿਆ ਨਹੀਂ ਸਮਾਇਆ ਕਿ ਇਸ ਵਿਹੜੇ ਵਿਚ ਬਹੁਤ ਸਾਰੇ ਲੋਕ ਇਕੱਠੇ ਹੋ ਕੇ ਪਰਮੇਸ਼ੁਰ ਦੀ ਭਗਤੀ ਕਰ ਸਕਦੇ ਹਨ। ਸੱਚੇ ਮਸੀਹੀ ਮਹਾਨ ਮੰਦਰ ਵਿਚ ਸੇਵਾ ਕਰਦੇ ਹਨ। ਯਹੋਵਾਹ ਦੇ ਮਹਾਨ ਮੰਦਰ ਦੇ ਬਾਹਰਲੇ ਵਿਹੜੇ ਵਿਚ ਸੇਵਾ ਕਰਦੀ “ਵੱਡੀ ਭੀੜ” ਨੂੰ ਹਿਜ਼ਕੀਏਲ ਦੇ ਦਰਸ਼ਣ ਤੋਂ ਬਹੁਤ ਹੌਸਲਾ ਮਿਲਦਾ ਹੈ। (ਪ੍ਰਕਾ. 7:9, 10, 14, 15) ਹਿਜ਼ਕੀਏਲ ਨੇ ਦੇਖਿਆ ਕਿ ਵਿਹੜੇ ਵਿਚ ਰੋਟੀ ਖਾਣ ਵਾਲੇ ਕਈ ਕਮਰੇ ਸਨ। ਜੋ ਲੋਕ ਸ਼ਾਂਤੀ-ਬਲ਼ੀਆਂ ਚੜ੍ਹਾਉਂਦੇ ਸਨ, ਉਹ ਇਹ ਬਲ਼ੀਆਂ ਮੰਦਰ ਦੇ ਰੋਟੀ ਖਾਣ ਵਾਲੇ ਕਮਰਿਆਂ ਵਿਚ ਮਿਲ ਕੇ ਖਾਂਦੇ ਸਨ। (ਹਿਜ਼. 40:17) ਇਸ ਤਰ੍ਹਾਂ ਉਹ ਯਹੋਵਾਹ ਨਾਲ ਮਿਲ ਕੇ ਖਾਣਾ ਖਾਂਦੇ ਸਨ। ਇਹ ਇਸ ਗੱਲ ਦੀ ਨਿਸ਼ਾਨੀ ਸੀ ਕਿ ਉਨ੍ਹਾਂ ਦਾ ਯਹੋਵਾਹ ਨਾਲ ਵਧੀਆ ਰਿਸ਼ਤਾ ਸੀ। ਅੱਜ ਅਸੀਂ ਉਸ ਤਰ੍ਹਾਂ ਦੇ ਬਲੀਦਾਨ ਨਹੀਂ ਚੜ੍ਹਾਉਂਦੇ ਜਿਸ ਤਰ੍ਹਾਂ ਦੇ ਮੂਸਾ ਦੇ ਕਾਨੂੰਨ ਅਨੁਸਾਰ ਯਹੂਦੀ ਚੜ੍ਹਾਉਂਦੇ ਸਨ। ਇਸ ਦੀ ਬਜਾਇ, ਅਸੀਂ ਸ਼ੁੱਧ ਭਗਤੀ ਕਰਦਿਆਂ “ਉਸਤਤ ਦਾ ਬਲੀਦਾਨ” ਚੜ੍ਹਾਉਂਦੇ ਹਾਂ ਜਦੋਂ ਅਸੀਂ ਮੰਡਲੀਆਂ ਵਿਚ ਟਿੱਪਣੀਆਂ ਦੇ ਕੇ ਅਤੇ ਪ੍ਰਚਾਰ ਵਿਚ ਗਵਾਹੀ ਦੇ ਕੇ ਆਪਣੀ ਨਿਹਚਾ ਦਾ ਐਲਾਨ ਕਰਦੇ ਹਾਂ। (ਇਬ. 13:15) ਇਸ ਤੋਂ ਇਲਾਵਾ, ਯਹੋਵਾਹ ਸਾਨੂੰ ਆਪਣਾ ਗਿਆਨ ਦਿੰਦਾ ਹੈ ਜੋ ਭੋਜਨ ਵਾਂਗ ਹੈ ਤੇ ਇਸ ਤੋਂ ਸਾਨੂੰ ਤਾਕਤ ਮਿਲਦੀ ਹੈ। ਅਸੀਂ ਵੀ ਕੋਰਹ ਦੇ ਪੁੱਤਰਾਂ ਵਾਂਗ ਮਹਿਸੂਸ ਕਰਦੇ ਹਾਂ ਜਿਨ੍ਹਾਂ ਨੇ ਯਹੋਵਾਹ ਲਈ ਇਹ ਗੀਤ ਗਾਇਆ: “ਕਿਸੇ ਹੋਰ ਥਾਂ ਹਜ਼ਾਰ ਦਿਨ ਰਹਿਣ ਨਾਲੋਂ ਤੇਰੇ ਘਰ ਦੇ ਵਿਹੜਿਆਂ ਵਿਚ ਇਕ ਦਿਨ ਰਹਿਣਾ ਕਿਤੇ ਚੰਗਾ ਹੈ!”—ਜ਼ਬੂ. 84:10.
21. ਹਿਜ਼ਕੀਏਲ ਦੇ ਦਰਸ਼ਣ ਵਿਚ ਦੇਖੀ ਪੁਜਾਰੀਆਂ ਦੀ ਮੰਡਲੀ ਤੋਂ ਚੁਣੇ ਹੋਏ ਮਸੀਹੀ ਕੀ ਸਿੱਖ ਸਕਦੇ ਹਨ?
21 ਪੁਜਾਰੀਆਂ ਦੀ ਮੰਡਲੀ। ਹਿਜ਼ਕੀਏਲ ਨੇ ਦੇਖਿਆ ਕਿ ਪੁਜਾਰੀ ਅਤੇ ਲੇਵੀ ਜਿਨ੍ਹਾਂ ਦਰਵਾਜ਼ਿਆਂ ਰਾਹੀਂ ਮੰਦਰ ਦੇ ਅੰਦਰਲੇ ਵਿਹੜੇ ਵਿਚ ਜਾ ਸਕਦੇ ਸਨ, ਉਹ ਦਰਵਾਜ਼ੇ ਉਨ੍ਹਾਂ ਦਰਵਾਜ਼ਿਆਂ ਵਰਗੇ ਹੀ ਸਨ ਜਿਨ੍ਹਾਂ ਰਾਹੀਂ ਦੂਸਰੇ ਗੋਤਾਂ ਦੇ ਲੋਕ ਬਾਹਰਲੇ ਵਿਹੜੇ ਵਿਚ ਜਾ ਸਕਦੇ ਸਨ। ਇਹ ਦਰਵਾਜ਼ੇ ਪੁਜਾਰੀਆਂ ਨੂੰ ਯਾਦ ਕਰਾਉਂਦੇ ਸਨ ਕਿ ਉਨ੍ਹਾਂ ਲਈ ਸ਼ੁੱਧ ਭਗਤੀ ਲਈ ਬਣਾਏ ਯਹੋਵਾਹ ਦੇ ਮਿਆਰਾਂ ਅਨੁਸਾਰ ਚੱਲਣਾ ਜ਼ਰੂਰੀ ਸੀ। ਅੱਜ ਬਾਰੇ ਕੀ? ਅੱਜ ਯਹੋਵਾਹ ਦੇ ਲੋਕਾਂ ਵਿਚ ਕੋਈ ਖ਼ਾਨਦਾਨੀ ਪੁਜਾਰੀ ਨਹੀਂ ਹੈ, ਪਰ ਚੁਣੇ ਹੋਏ ਮਸੀਹੀਆਂ ਨੂੰ ਕਿਹਾ ਗਿਆ ਹੈ: ‘ਤੁਸੀਂ ਚੁਣਿਆ ਹੋਇਆ ਵੰਸ਼, ਰਾਜ ਕਰਨ ਵਾਲੇ ਪੁਜਾਰੀਆਂ ਦੀ ਮੰਡਲੀ ਹੋ।’ (1 ਪਤ. 2:9) ਪੁਰਾਣੇ ਸਮੇਂ ਵਿਚ ਇਜ਼ਰਾਈਲ ਦੇ ਪੁਜਾਰੀ ਇਕ ਵੱਖਰੇ ਵਿਹੜੇ ਵਿਚ ਪਰਮੇਸ਼ੁਰ ਦੀ ਭਗਤੀ ਕਰਦੇ ਸਨ। ਅੱਜ ਚੁਣੇ ਹੋਏ ਮਸੀਹੀ ਕਿਸੇ ਵੱਖਰੀ ਜਗ੍ਹਾ ʼਤੇ ਯਹੋਵਾਹ ਦੀ ਭਗਤੀ ਨਹੀਂ ਕਰਦੇ, ਸਗੋਂ ਉਹ ਯਹੋਵਾਹ ਦੇ ਬਾਕੀ ਲੋਕਾਂ ਨਾਲ ਮਿਲ ਕੇ ਭਗਤੀ ਕਰਦੇ ਹਨ। ਪਰ ਉਹ ਯਹੋਵਾਹ ਦੇ ਗੋਦ ਲਏ ਹੋਏ ਬੱਚੇ ਹਨ ਜਿਸ ਕਰਕੇ ਉਨ੍ਹਾਂ ਦਾ ਯਹੋਵਾਹ ਨਾਲ ਖ਼ਾਸ ਰਿਸ਼ਤਾ ਹੈ। (ਗਲਾ. 4:4-6) ਚੁਣੇ ਹੋਏ ਮਸੀਹੀ ਵੀ ਹਿਜ਼ਕੀਏਲ ਦੇ ਦਰਸ਼ਣ ਵਿੱਚੋਂ ਮਿਲਣ ਵਾਲੀ ਨਸੀਹਤ ਨੂੰ ਮੰਨਦੇ ਹਨ। ਉਹ ਯਾਦ ਰੱਖਦੇ ਹਨ ਕਿ ਪੁਰਾਣੇ ਜ਼ਮਾਨੇ ਦੇ ਪੁਜਾਰੀਆਂ ਵਾਂਗ ਉਨ੍ਹਾਂ ਨੂੰ ਵੀ ਸਲਾਹ ਤੇ ਅਨੁਸ਼ਾਸਨ ਦੀ ਲੋੜ ਪੈ ਸਕਦੀ ਹੈ। ਚਾਹੇ ਅਸੀਂ ਚੁਣੇ ਹੋਏ ਮਸੀਹੀਆਂ ਵਿੱਚੋਂ ਹੋਈਏ ਜਾਂ ਹੋਰ ਭੇਡਾਂ ਵਿੱਚੋਂ ਹੋਈਏ, ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ “ਇੱਕੋ ਝੁੰਡ” ਦੇ ਲੋਕ ਹਾਂ ਅਤੇ ਸਾਡਾ “ਇੱਕੋ ਚਰਵਾਹਾ” ਹੈ ਜਿਸ ਦੇ ਅਧੀਨ ਰਹਿ ਕੇ ਅਸੀਂ ਸੇਵਾ ਕਰਦੇ ਹਾਂ।—ਯੂਹੰਨਾ 10:16 ਪੜ੍ਹੋ।
22, 23. (ੳ) ਦਰਸ਼ਣ ਵਿਚ ਦੇਖੇ ਮੁਖੀਆਂ ਤੋਂ ਅੱਜ ਮਸੀਹੀ ਬਜ਼ੁਰਗ ਕੀ ਸਿੱਖ ਸਕਦੇ ਹਨ? (ਅ) ਭਵਿੱਖ ਵਿਚ ਕੀ ਹੋ ਸਕਦਾ ਹੈ?
22 ਮੁਖੀ। ਹਿਜ਼ਕੀਏਲ ਦੇ ਦਰਸ਼ਣ ਵਿਚਲਾ ਮੁਖੀ ਇਕ ਖ਼ਾਸ ਭੂਮਿਕਾ ਨਿਭਾਉਂਦਾ ਸੀ। ਉਹ ਪੁਜਾਰੀਆਂ ਦੇ ਗੋਤ ਵਿੱਚੋਂ ਨਹੀਂ ਸੀ ਅਤੇ ਮੰਦਰ ਵਿਚ ਸ਼ਾਇਦ ਉਹ ਪੁਜਾਰੀਆਂ ਦੇ ਅਧੀਨ ਰਹਿ ਕੇ ਕੰਮ ਕਰਦਾ ਸੀ। ਪਰ ਮੁਖੀ ਪਰਮੇਸ਼ੁਰ ਦੇ ਲੋਕਾਂ ਦਾ ਨਿਗਰਾਨ ਹੁੰਦਾ ਸੀ ਅਤੇ ਬਲ਼ੀਆਂ ਦਾ ਇੰਤਜ਼ਾਮ ਕਰਨ ਵਿਚ ਉਨ੍ਹਾਂ ਦੀ ਮਦਦ ਕਰਦਾ ਸੀ। (ਹਿਜ਼. 44:2, 3; 45:16, 17; 46:2) ਉਹ ਮੰਡਲੀਆਂ ਵਿਚ ਜ਼ਿੰਮੇਵਾਰੀਆਂ ਨਿਭਾਉਣ ਵਾਲੇ ਮਸੀਹੀ ਭਰਾਵਾਂ ਲਈ ਮਿਸਾਲ ਹੈ। ਅੱਜ ਸਾਰੇ ਮਸੀਹੀ ਬਜ਼ੁਰਗ, ਜਿਨ੍ਹਾਂ ਵਿਚ ਸਫ਼ਰੀ ਨਿਗਾਹਬਾਨ ਵੀ ਸ਼ਾਮਲ ਹਨ, ਵਫ਼ਾਦਾਰ ਨੌਕਰ ਦੇ ਅਧੀਨ ਰਹਿ ਕੇ ਕੰਮ ਕਰਦੇ ਹਨ। (ਇਬ. 13:17) ਅੱਜ ਇਹ ਬਜ਼ੁਰਗ ਪਰਮੇਸ਼ੁਰ ਦੇ ਲੋਕਾਂ ਦੀ ਮਦਦ ਕਰਨ ਵਿਚ ਸਖ਼ਤ ਮਿਹਨਤ ਕਰਦੇ ਹਨ ਤਾਂਕਿ ਲੋਕ ਪ੍ਰਚਾਰ ਤੇ ਸਭਾਵਾਂ ਵਿਚ ਉਸਤਤ ਦੇ ਬਲੀਦਾਨ ਚੜ੍ਹਾ ਸਕਣ। (ਅਫ਼. 4:11, 12) ਬਜ਼ੁਰਗ ਇਹ ਗੱਲ ਵੀ ਯਾਦ ਰੱਖਦੇ ਹਨ ਕਿ ਯਹੋਵਾਹ ਨੇ ਕਿਵੇਂ ਇਜ਼ਰਾਈਲ ਦੇ ਉਨ੍ਹਾਂ ਮੁਖੀਆ ਨੂੰ ਝਿੜਕਿਆ ਸੀ ਜਿਨ੍ਹਾਂ ਨੇ ਆਪਣੇ ਅਧਿਕਾਰ ਦਾ ਗ਼ਲਤ ਇਸਤੇਮਾਲ ਕੀਤਾ ਸੀ। (ਹਿਜ਼. 45:9) ਇਸ ਲਈ ਬਜ਼ੁਰਗ ਕਦੇ ਵੀ ਇਹ ਨਹੀਂ ਸੋਚਦੇ ਕਿ ਉਨ੍ਹਾਂ ਨੂੰ ਕਦੇ ਸਲਾਹ ਤੇ ਤਾੜਨਾ ਦੀ ਲੋੜ ਨਹੀਂ ਪਵੇਗੀ। ਇਸ ਦੀ ਬਜਾਇ, ਉਹ ਯਹੋਵਾਹ ਵੱਲੋਂ ਸੁਧਾਰੇ ਜਾਣ ਤੇ ਖ਼ੁਸ਼ ਹੁੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਯਹੋਵਾਹ ਉਨ੍ਹਾਂ ਨੂੰ ਹੋਰ ਵਧੀਆ ਚਰਵਾਹੇ ਤੇ ਨਿਗਰਾਨ ਬਣਨਾ ਸਿਖਾ ਰਿਹਾ ਹੈ।—1 ਪਤਰਸ 5:1-3 ਪੜ੍ਹੋ।
23 ਯਹੋਵਾਹ ਨਵੀਂ ਦੁਨੀਆਂ ਵਿਚ ਵੀ ਪਿਆਰ ਕਰਨ ਵਾਲੇ ਕਾਬਲ ਚਰਵਾਹਿਆਂ ਦਾ ਇੰਤਜ਼ਾਮ ਕਰਦਾ ਰਹੇਗਾ। ਅਸਲ ਵਿਚ ਬਜ਼ੁਰਗਾਂ ਨੂੰ ਹੁਣ ਤੋਂ ਹੀ ਇਹ ਸਿਖਲਾਈ ਦਿੱਤੀ ਜਾ ਰਹੀ ਹੈ ਤਾਂਕਿ ਉਹ ਕਾਬਲ ਚਰਵਾਹੇ ਬਣ ਸਕਣ ਅਤੇ ਨਵੀਂ ਦੁਨੀਆਂ ਵਿਚ ਵੀ ਪਰਮੇਸ਼ੁਰ ਦੇ ਲੋਕਾਂ ਦੀ ਚੰਗੀ ਤਰ੍ਹਾਂ ਦੇਖ-ਭਾਲ ਕਰ ਸਕਣ। (ਜ਼ਬੂ. 45:16) ਅੱਜ ਸਾਨੂੰ ਇਹ ਸੋਚ ਕੇ ਕਿੰਨੀ ਖ਼ੁਸ਼ੀ ਹੁੰਦੀ ਹੈ ਕਿ ਨਵੀਂ ਦੁਨੀਆਂ ਵਿਚ ਵੀ ਇਹ ਕਾਬਲ ਭਰਾ ਸਾਡੇ ਲਈ ਬਰਕਤ ਸਾਬਤ ਹੋਣਗੇ। ਬਹਾਲੀ ਦੀਆਂ ਦੂਸਰੀਆਂ ਭਵਿੱਖਬਾਣੀਆਂ ਵਾਂਗ ਸ਼ਾਇਦ ਹਿਜ਼ਕੀਏਲ ਦੇ ਦਰਸ਼ਣ ਬਾਰੇ ਵੀ ਯਹੋਵਾਹ ਸਾਨੂੰ ਭਵਿੱਖ ਵਿਚ ਹੋਰ ਸਮਝ ਦੇਵੇਗਾ। ਹੋ ਸਕਦਾ ਹੈ ਕਿ ਸਾਨੂੰ ਇਸ ਦਰਸ਼ਣ ਤੋਂ ਹੋਰ ਵੀ ਗੱਲਾਂ ਸਿੱਖਣ ਨੂੰ ਮਿਲਣ ਅਤੇ ਇਹ ਭਵਿੱਖਬਾਣੀ ਕਿਸੇ ਹੋਰ ਮਾਅਨੇ ਵਿਚ ਵੀ ਪੂਰੀ ਹੋਵੇ ਜਿਸ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ। ਸਾਨੂੰ ਯਹੋਵਾਹ ਦੇ ਸਹੀ ਸਮੇਂ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ।
ਸ਼ੁੱਧ ਭਗਤੀ ʼਤੇ ਯਹੋਵਾਹ ਦੀ ਬਰਕਤ
24, 25. ਹਿਜ਼ਕੀਏਲ ਦੇ ਦਰਸ਼ਣ ਵਿਚ ਕਿਵੇਂ ਦਿਖਾਇਆ ਗਿਆ ਹੈ ਕਿ ਸ਼ੁੱਧ ਭਗਤੀ ਕਰਨ ਕਰਕੇ ਯਹੋਵਾਹ ਦੇ ਲੋਕਾਂ ਨੂੰ ਬਰਕਤਾਂ ਮਿਲੀਆਂ?
24 ਅਖ਼ੀਰ ਵਿਚ ਆਓ ਆਪਾਂ ਹਿਜ਼ਕੀਏਲ ਦੇ ਦਰਸ਼ਣ ਵਿਚਲੀ ਇਕ ਖ਼ਾਸ ਘਟਨਾ ਉੱਤੇ ਦੁਬਾਰਾ ਧਿਆਨ ਦੇਈਏ। ਯਹੋਵਾਹ ਆਪਣੇ ਮੰਦਰ ਵਿਚ ਆਉਂਦਾ ਹੈ ਅਤੇ ਆਪਣੇ ਲੋਕਾਂ ਨਾਲ ਵਾਅਦਾ ਕਰਦਾ ਹੈ ਕਿ ਉਹ ਮੰਦਰ ਵਿਚ ਉਦੋਂ ਤਕ ਵੱਸੇਗਾ ਜਦ ਤਕ ਲੋਕ ਸ਼ੁੱਧ ਭਗਤੀ ਲਈ ਉਸ ਦੇ ਮਿਆਰਾਂ ਮੁਤਾਬਕ ਚੱਲਦੇ ਰਹਿਣਗੇ। (ਹਿਜ਼. 43:4-9) ਯਹੋਵਾਹ ਦੀ ਮੌਜੂਦਗੀ ਦਾ ਉਸ ਦੇ ਲੋਕਾਂ ਅਤੇ ਉਨ੍ਹਾਂ ਦੇ ਦੇਸ਼ ʼਤੇ ਕੀ ਅਸਰ ਪਿਆ ਸੀ?
25 ਦਰਸ਼ਣ ਦੀ ਇਸ ਭਵਿੱਖਬਾਣੀ ਵਿਚ ਯਹੋਵਾਹ ਦੀਆਂ ਬਰਕਤਾਂ ਦੀ ਝਲਕ ਦੇਣ ਲਈ ਦੋ ਖ਼ਾਸ ਚੀਜ਼ਾਂ ਦਿਖਾਈਆਂ ਗਈਆਂ: (1) ਮੰਦਰ ਦੇ ਪਵਿੱਤਰ ਸਥਾਨ ਤੋਂ ਇਕ ਨਦੀ ਵਹਿੰਦੀ ਹੈ ਜੋ ਪੂਰੇ ਦੇਸ਼ ਵਿਚ ਜ਼ਿੰਦਗੀ ਬਖ਼ਸ਼ਦੀ ਹੈ ਅਤੇ ਜ਼ਮੀਨ ਨੂੰ ਉਪਜਾਊ ਬਣਾਉਂਦੀ ਹੈ। (2) ਜ਼ਮੀਨ ਨੂੰ ਸਹੀ-ਸਹੀ ਅਤੇ ਬਰਾਬਰ ਵੰਡਿਆ ਗਿਆ ਅਤੇ ਮੰਦਰ ਤੇ ਉਸ ਦੇ ਆਲੇ-ਦੁਆਲੇ ਦੀ ਖੁੱਲ੍ਹੀ ਜਗ੍ਹਾ ਦੇਸ਼ ਦੇ ਵਿਚਕਾਰ ਹੈ। ਅੱਜ ਇਨ੍ਹਾਂ ਦੋ ਗੱਲਾਂ ਦਾ ਸਾਡੇ ਲਈ ਕੀ ਮਤਲਬ ਹੈ? ਅੱਜ ਅਸੀਂ ਅਜਿਹੇ ਸਮੇਂ ਵਿਚ ਜੀ ਰਹੇ ਹਾਂ ਜਦੋਂ ਯਹੋਵਾਹ ਆਪਣੇ ਮਹਾਨ ਮੰਦਰ ਵਿਚ ਦਾਖ਼ਲ ਹੋ ਚੁੱਕਾ ਹੈ, ਉਸ ਨੂੰ ਸ਼ੁੱਧ ਅਤੇ ਮਨਜ਼ੂਰ ਕਰ ਚੁੱਕਾ ਹੈ। (ਮਲਾ. 3:1-4) ਭਵਿੱਖਬਾਣੀ ਦੀਆਂ ਇਨ੍ਹਾਂ ਦੋ ਗੱਲਾਂ ਦਾ ਕੀ ਮਤਲਬ ਹੈ, ਇਸ ਬਾਰੇ ਅਸੀਂ ਇਸ ਕਿਤਾਬ ਦੇ ਅਧਿਆਇ 19 ਤੋਂ 21 ਤਕ ਦੇਖਾਂਗੇ।
a ਇਸ ਤਰ੍ਹਾਂ ਯਹੋਵਾਹ ਦੱਸ ਰਿਹਾ ਸੀ ਕਿ ਜਿਸ ਤਰ੍ਹਾਂ ਪਹਿਲਾਂ ਲੋਕਾਂ ਨੇ ਉਸ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕੀਤਾ ਸੀ, ਉਸ ਤਰ੍ਹਾਂ ਫਿਰ ਨਹੀਂ ਹੋਵੇਗਾ। ਯਹੋਵਾਹ ਦੱਸਦਾ ਹੈ ਕਿ ਪਹਿਲਾਂ ਕੀ ਹੁੰਦਾ ਸੀ, “ਉਨ੍ਹਾਂ ਨੇ ਮੇਰੀ ਦਹਿਲੀਜ਼ ਦੇ ਨਾਲ ਆਪਣੀਆਂ [ਯਾਨੀ ਝੂਠੇ ਦੇਵਤਿਆਂ ਦੀਆਂ] ਦਹਿਲੀਜ਼ਾਂ ਅਤੇ ਮੇਰੀ ਚੁਗਾਠ ਦੇ ਨਾਲ ਆਪਣੀਆਂ ਚੁਗਾਠਾਂ ਖੜ੍ਹੀਆਂ ਕੀਤੀਆਂ। ਮੇਰੇ ਅਤੇ ਉਨ੍ਹਾਂ ਦੇ ਵਿਚਕਾਰ ਸਿਰਫ਼ ਇਕ ਕੰਧ ਸੀ। ਉਨ੍ਹਾਂ ਨੇ ਘਿਣਾਉਣੇ ਕੰਮ ਕਰ ਕੇ ਮੇਰੇ ਪਵਿੱਤਰ ਨਾਂ ਨੂੰ ਪਲੀਤ ਕੀਤਾ।” (ਹਿਜ਼. 43:8) ਪੁਰਾਣੇ ਸਮੇਂ ਦੇ ਯਰੂਸ਼ਲਮ ਦੇ ਮੰਦਰ ਅਤੇ ਲੋਕਾਂ ਦੇ ਘਰਾਂ ਵਿਚ ਇਕ ਕੰਧ ਹੁੰਦੀ ਸੀ। ਜਦੋਂ ਲੋਕ ਯਹੋਵਾਹ ਦੇ ਮਿਆਰਾਂ ਤੋਂ ਉਲਟ ਕੰਮ ਕਰਦੇ ਸੀ, ਤਾਂ ਦਰਅਸਲ ਯਹੋਵਾਹ ਦੇ ਮੰਦਰ ਦੇ ਨੇੜੇ ਹੀ ਅਸ਼ੁੱਧ ਕੰਮ ਅਤੇ ਮੂਰਤੀ-ਪੂਜਾ ਕਰਦੇ ਸਨ ਕਿਉਂਕਿ ਉਨ੍ਹਾਂ ਦੇ ਘਰ ਨੇੜੇ ਹੀ ਸਨ। ਇਹ ਗੱਲ ਯਹੋਵਾਹ ਦੀ ਬਰਦਾਸ਼ਤ ਤੋਂ ਬਾਹਰ ਸੀ।
b ਹਿਜ਼ਕੀਏਲ ਨੇ ਮੰਦਰ ਦਾ ਜੋ ਦਰਸ਼ਣ ਦੇਖਿਆ, ਉਹ ਬਹਾਲੀ ਦੀਆਂ ਦੂਸਰੀਆਂ ਭਵਿੱਖਬਾਣੀਆਂ ਨਾਲ ਮੇਲ ਖਾਂਦਾ ਹੈ ਜੋ ਆਖ਼ਰੀ ਦਿਨਾਂ ਵਿਚ ਪੂਰੀਆਂ ਹੋ ਰਹੀਆਂ ਹਨ। ਮਿਸਾਲ ਲਈ ਗੌਰ ਕਰੋ ਕਿ ਹਿਜ਼ਕੀਏਲ 43:1-9 ਤੇ ਮਲਾਕੀ 3:1-5 ਵਿਚ ਅਤੇ ਹਿਜ਼ਕੀਏਲ 47:1-12 ਤੇ ਯੋਏਲ 3:18 ਵਿਚ ਕਿਹੜੀਆਂ ਗੱਲਾਂ ਮਿਲਦੀਆਂ-ਜੁਲਦੀਆਂ ਹਨ।
c ਪਰਮੇਸ਼ੁਰ ਦਾ ਮਹਾਨ ਮੰਦਰ 29 ਈਸਵੀ ਵਿਚ ਵਜੂਦ ਵਿਚ ਆਇਆ ਜਦੋਂ ਯਿਸੂ ਨੇ ਬਪਤਿਸਮਾ ਲਿਆ ਅਤੇ ਉਸ ਨੇ ਮਹਾਂ ਪੁਜਾਰੀ ਦੇ ਤੌਰ ਤੇ ਸੇਵਾ ਕਰਨੀ ਸ਼ੁਰੂ ਕੀਤੀ ਸੀ। ਯਿਸੂ ਦੇ ਰਸੂਲਾਂ ਦੀ ਮੌਤ ਤੋਂ ਬਾਅਦ ਸਦੀਆਂ ਤਕ ਸ਼ੁੱਧ ਭਗਤੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਫਿਰ ਖ਼ਾਸ ਕਰਕੇ 1919 ਵਿਚ ਸ਼ੁੱਧ ਭਗਤੀ ਬੁਲੰਦ ਕੀਤੀ ਜਾਣ ਲੱਗੀ।